11 C
Los Angeles
Saturday, December 21, 2024

ਸੋਹਣੀ-ਮਹੀਵਾਲ : ਹਾਸ਼ਿਮ ਸ਼ਾਹ

ਅੱਵਲ ਨਾਮ ਧਿਆਵਉ ਉਸ ਦਾ, ਜਿਨ ਇਹੁ ਜਗਤ ਉਪਾਇਆ ।
ਥੰਮਾਂ ਮੇਖ਼ ਜ਼ੰਜੀਰਾਂ ਬਾਝੋਂ, ਧਰਤਿ ਅਕਾਸ਼ ਟਿਕਾਇਆ ।
ਬਿਨ ਤਤਬੀਰ ਮਸਾਲੇ ਮੇਹਨਤ, ਬਿਨ ਹਥੀਆਰ ਬਣਾਇਆ ।
ਹਾਸ਼ਮ ਦੇਖ ਅਜੇਹਾ ਖ਼ਾਲਕ, ਤੈਂ ਕੀ ਹੋਸ਼ ਭੁਲਾਇਆ ।1।

ਇਕ ਥੋਂ ਚਾਰ ਹੋਏ ਚਹੁੰ ਕੋਲੋਂ, ਜੋ ਹੈ ਖ਼ਲਕਤ ਸਾਰੀ ।
ਬੇਰੰਗੀ ਲੱਖ ਰੰਗ ਸਵਾਰੀ, ਕਰਿ ਗੁਲਜ਼ਾਰ ਪਸਾਰੀ ।
ਇਕ ਨ ਦੂਜੇ ਜੇਹਾ ਹਰਗਿਜ਼, ਸੂਰਤ ਸ਼ਕਲ ਨਿਆਰੀ ।
ਹਾਸ਼ਮ ਜਲਵਾ ਜਾਤ ਉਸੇ ਦਾ, ਖ਼ਾਕੀ ਨੂਰੀ ਨਾਰੀ ।2।

ਹੈ ਰੱਬ ਜਾਤ ਮਕਾਨੋਂ ਜਿਸਮੋਂ, ਹਿਰਸ ਹਵਾਓਂ ਖਾਲੀ ।
ਪਰ ਤੂੰ ਸਮਝਿ ਹਿਜਾਰੂੰ ਆਕਲ, ਇਹ ਗੱਲ ਸਮਝਣ ਵਾਲੀ ।
ਓਹੁ ਭੀ ਦੇਖ ਨਾ ਸਿਦਕੋਂ ਖਾਲੀ, ਜੋ ਹਰ ਸ਼ੈ ਦਾ ਵਾਲੀ ।
ਹਾਸ਼ਮ ਬੂਦ ਕੀਤਾ ਨਾਬੂਦੋਂ, ਹਿਕਮਤਿ ਇਸ਼ਕ ਸਿਖਾਲੀ ।3।

ਜਦ ਏਹ ਸਾਰੀ ਮੁਰਾਦ ਇਸ਼ਕ ਦੀ, ਮੈਂ ਕਰ ਖ਼ਿਆਲ ਪਛਾਤੀ ।
ਦਰਦਵੰਦਾਂ ਦੀ ਸਿਫਤਿ ਮੁਹਬਤਿ, ਐਨ ਸਹੀ ਕਰ ਜਾਤੀ ।
ਤਾਂ ਇਹ ਸ਼ੌਕ ਪਿਆ ਵਿਚ ਦਿਲ ਦੇ, ਕਰਿ ਮਿਹਨਤ ਦਿਨ ਰਾਤੀਂ ।
ਹਾਸ਼ਮ ਦਰਦਵੰਦਾਂ ਦੀ ਹਾਲਤ, ਕਹੀ ਸਦਾ ਰੰਗ ਰਾਤੀ ।4।

ਇਕ ਦਿਨ ਸ਼ੌਕ ਸਮੇਂ ‘ਜਗਦੇਈ’, ਬੈਠਿਆਂ ਵਿਚ ਮਸੀਤੀਂ ।
ਯਾਰਾਂ ਦਰਦਵੰਦਾਂ ਫ਼ਰਮਾਇਸ਼, ਨਾਲ ਮੁਹਬਤਿ ਕੀਤੀ-
‘ਸੋਹਣੀ ਮੇਹੀਂਵਾਲ ਬਣਾਵਉ, ਨਾਲ ਉਨ੍ਹਾਂ ਜੋ ਬੀਤੀ ।
ਹਾਸ਼ਮ, ਕੌਣ, ਕਿਥਾਈਓਂ ਆਹੇ ? ਕਿਨ੍ਹੇ ਨਾ ਜ਼ਾਹਰ ਕੀਤੀ ।5।

ਤਾਂ ਮੈਂ ਸੁਣੀ ਸੁਣਾਈ ਹਾਲਤ, ਯਾਦ ਦਲੀਲੋਂ ਕਰਕੇ ।
ਆਖੀ ਨਾਲ ਉਨ੍ਹਾਂ ਜੋ ਵਰਤੀ, ਸ਼ੌਕ ਦਿਲੇ ਵਿਚ ਧਰਕੇ ।
ਮੁਸ਼ਕਲ ਪਹੁੰਚ ਉਨ੍ਹਾਂ ਦੀ ਹੋਈ, ਵਹਿਮ ਨਦੀ ਵਿਚ ਤਰਕੇ ।
ਹਾਸ਼ਮ ਮਿਲਣ ਮੁਹਾਲ ਸੋਹਣੀ ਦਾ, ਜੋ ਮਿਲਿਆ ਸੋ ਮਰ ਕੇ ।6।

ਤੁੱਲਾ ਨਾਮ ਨਿਮਾਜ਼ੀ ਆਹਾ, ਬੁਜ਼ਰਕ ਨੇਕ ਸਤਾਰੇ ।
ਸੀ ਗੁਜਰਾਤ ਸ਼ਹਿਰ ਵਿਚ ਵਸਦਾ, ਚੰਦਲ ਨਦੀ ਕਿਨਾਰੇ ।
ਉਸਤਾਕਾਰ ਕਰੇ ਗਿਲਗੋਈ, ਕਰ ਤਸਵੀਰ ਉਤਾਰੇ ।
ਹਾਸ਼ਮ ਨੇਕ ਜ਼ਮਾਨੇ ਅੰਦਰ, ਸ਼ਾਹਜਹਾਂ ਦੇ ਵਾਰੇ ।7।

ਸ਼ਰਬਤ ਸੇਰ ਪਵੇ ਜਿਸ ਪਿਆਲੇ, ਤੋਲਾ ਵਜ਼ਨ ਬਣਾਵੈ ।
ਚੀਨੀ ਯਸਮ ਬਲੌਰੀ ਕੋਲੋਂ, ਮੁੱਲ ਵਧੇਰੇ ਪਾਵੈ ।
ਹਰ ਹਰ ਤਰਫ਼ ਬਿਦੇਸੋਂ ਮੁਲਖੋਂ, ਲੈਣ ਸੁਦਾਗਰ ਆਵੈ ।
ਹਾਸ਼ਮ ਆਪਣੀ ਕਾਰੀਗਰੀ ਵਿਚ, ਅਫਲਾਤੂਨ ਕਹਾਵੈ ।8।

ਆਪਣੇ ਜਾਤ ਕਬੀਲੇ ਅੰਦਰ, ਹੈ ਉਸ ਦੀ ਸਰਦਾਰੀ ।
ਸਿਰਕਾਰਾਂ ਵਿਚ ਸ਼ਾਹੂਕਾਰੀ, ਮਰਦ ਵਡਾ ਇਤਬਾਰੀ ।
ਤੁੱਲਾ ਨਾਮ ਚੁਫੇਰੇ ਰੌਸ਼ਨ, ਦਾਨਸ਼ਵੰਦ ਵਿਹਾਰੀ ।
ਹਾਸ਼ਮ ਜਾਤ ਨ ਗੋਤ ਕਿਸੇ ਦੀ, ਹੁਰਮਤਿ ਚੀਜ਼ਿ ਨਿਆਰੀ ।9।

ਦੌਲਤਵੰਦੁ ਮਰਾਤਬ ਵਾਲਾ, ਖੂਹੈ ਬਾਗ਼ ਮਵਾਤੀ ।
ਇਕ ਉਲਾਦ ਨ ਜੀਵਸ ਮੂਲੇ, ਰਹਸੁ ਗ਼ਮੀ ਦਿਨ ਰਾਤੀ ।
ਸੋਹਣੀ ਨਾਮ ਹੋਈ ਇਕ ਬੇਟੀ, ਪਾਈ ਓਸ ਹਯਾਤੀ ।
ਹਾਸ਼ਮ ਕੋਈ ਨ ਦਰਦੋਂ ਖਾਲੀ, ਬਾਤ ਸਹੀ ਕਰ ਜਾਤੀ ।10।

ਬਾਰਾਂ ਬਰਸ ਹੋਏ ਜਦ ਸੋਹਣੀ, ਸਮਝੀ ਹੋਸ਼ ਜਹਾਨੀ ।
ਚੱਜ ਅਚਾਰ ਕਸੀਦਾ ਚਰਖਾ, ਜ਼ੀਨਤ ਜ਼ੇਬ ਜ਼ਨਾਨੀ ।
ਰੌਸ਼ਨ ਰੰਗ ਜਵਾਹਰ ਕੋਲੋਂ, ਚੰਦ ਜਿਵੇਂ ਅਸਮਾਨੀ ।
ਹਾਸ਼ਮ ਜਾਣ ਕੋਈ ਦਮ ਲਾਹਾ, ਮਾਂ ਪਿਉ ਹੁਸਨ ਜੁਆਨੀ ।11।

ਆਖੀਂ ਫੇਰ ਹਕੀਕਤਿ ਅਗਲੀ, ਮੰਗੀ ਜਿਵੇਂ ਵਿਵਾਹੀ ।
ਪਰ ਹੁਣ ਮੇਹੀਂਵਾਲ ਹਵਾਲਤ, ਕਹੁ ਤੂੰ ਦੱਸ ਗਵਾਹੀ ।
ਆਹਾ ਕੌਣ, ਕਿਥਾਈਂਓਂ ਕਿਕੁਰ, ਪਇਆ ਇਸ਼ਕ ਦੀ ਫਾਹੀ ?
ਹਾਸ਼ਮ ਪਹਿਲਾਂ ਉਠਦੀ ਜਿਉਂ ਕਰ, ਓੜਕ ਜਿਵੇਂ ਨਿਬਾਹੀ ।12।

ਆਹਾ ਮਰਦ ਸੁਦਾਗਰਜ਼ਾਦਾ, ਜਾਤੋਂ ਮੁਗ਼ਲ ਵਿਚਾਰਾ ।
ਦਿੱਲੀ ਤਖ਼ਤ ਸ਼ਹਿਰ ਨੂੰ ਤੁਰਿਆ, ਤਜਿਆ ਬਲਖ਼ ਬੁਖ਼ਾਰਾ ।
ਕਾਬਲ ਝੰਗ ਸਿਆਲਾਂ ਵਿਚ ਵਿਚ, ਫਿਰਦਾ ਤਖ਼ਤ ਹਜ਼ਾਰਾ ।
ਹਾਸ਼ਮ ਆਣ ਲੱਥਾ ਗੁਜਰਾਤੇ, ਚੰਦਲ ਨਦੀ ਕਿਨਾਰਾ ।13।

ਨਾ ਸੀ ਐਡ ਕੋਈ ਕਰਿ ਖ਼ੁਆਰੀ, ਮਰਦ ਵੱਡਾ ਇਤਮਾਮੀ ।
ਇਕ ਅਸਵਾਰ ਆਹਾ ਦੋ ਦੂਜੇ, ਖ਼ਿਜਮਤਦਾਰ ਮੁਦਾਮੀ ।
ਸਾਹਿਬ ਹੁਸਨ ਰਸੀਲਾ ਆਕਲ, ਕਿਸੀ ਨ ਤਰਫ਼ੋਂ ਖ਼ਾਮੀ ।
ਹਾਸ਼ਮ ਰੋਜ਼ ਰਹਿਆ ਬਹੁਤੇਰੇ, ਕਰ ਕੇ ਤਲਬ ਅਰਾਮੀ ।14।

ਆਹਾ ਨਾਮ ਸਦੇਂਦੇ ਮਿਰਜ਼ਾ, ਇਜ਼ਤ ਬੇਗ ਕਦੀਮੀ ।
‘ਮੇਹੀਂਵਾਲ’ ਬਣਾਇਆ ਲੋਕਾਂ, ਅੰਦਰ ਵਖ਼ਤ ਯਤੀਮੀ ।
ਡਿਗਿਆਂ ਕੌਣ ਬੁਲਾਵੇ ਕਰਕੇ, ਹੁਰਮਤਿ ਨਾਲ ਹਲੀਮੀ ।
ਹਾਸ਼ਮ ਜ਼ਾਤ ਰੱਬੇ ਦੀ ਅੰਦਰ, ਹੈ ਹਰ ਵਖ਼ਤ ਰਹੀਮੀ ।15।

ਇਕ ਦਿਨ ਖ਼ਿਜਮਤਦਾਰ ਪਿਆਲਾ, ਮੁਲ ਖ਼ਰੀਦ ਬਜ਼ਾਰੋਂ ।
ਖ਼ਾਵੰਦ ਪਾਸ ਗਿਆ ਲੈ ਤੋਹਫ਼ਾ, ਦਿਲ ਦੇ ਸ਼ੌਂਕ ਪਿਆਰੋਂ ।
ਦੇਖ ਹੈਰਾਨ ਹੋਇਆ ਸੌਦਾਗਰ, ਬਾਹਰਿ ਸਿਫ਼ਤ ਸ਼ੁਮਾਰੋਂ ।
ਹਾਸ਼ਮ ਖ਼ੂਬ ਹੋਈ ਉਸਤਾਦੀ, ਉਸਤਾਕਾਰ ਘੁਮਾਰੋਂ ।16।

ਦਿਲ ਵਿਚ ਸ਼ੌਕ ਹੋਇਆ ਉਠ ਤੁਰਿਆ, ਥਾਉਂ ਮਕਾਨ ਨ ਜਾਣੇ ।
ਤੁੱਲਾ ਨਾਮ ਸਹੀ ਕਰ ਸ਼ਹਿਰੋਂ, ਪਹੁਤਾ ਓਸ ਟਿਕਾਣੇ ।
ਸੋਹਣੀ ਨਜ਼ਰ ਪਈ ਉਸ ਥਾਉਂ, ਮਾਰਨਹਾਰ ਧਿਙਾਣੇ ।
ਹਾਸ਼ਮ ਖਾਇ ਕੇ ਇਸ਼ਕ ਤਮਾਚਾ, ਮੁੜਿਆ ਵਾਂਗੁ ਨਿਮਾਣੇ ।17।

ਆਇਆ ਫੇਰ ਟਿਕਾਣੇ ਉਸੇ, ਹੋ ਚਿਤ ਰੋਸੁ ਵਿਚਾਰਾ ।
ਭੁੱਲੀ ਹੋਸ਼ ਪਿਆ ਵਿਚ ਹੈਰਤ, ਕੀਤਾ ਇਸ਼ਕ ਪਸਾਰਾ ।
ਦਿੱਲੀ ਵਾਰ ਸੁਟਾਂ ਗੁਜਰਾਤੋਂ, ਨਾਲੇ ਬਲਖ਼ ਬੁਖਾਰਾ ।
ਹਾਸ਼ਮ ਬੇਦ ਕਿਤੇਬੋਂ ਅਕਲੋਂ, ਬ੍ਰਿਹੋਂ ਪੰਥ ਨਿਆਰਾ ।18।

ਨੀਂਦਰ ਭੁੱਖ ਗਈ ਹੋਰ ਦੂਜੀ, ਵਿਸਰੇ ਖੇਸ਼ ਕਬੀਲੇ ।
ਲੱਖ ਲੱਖ ਫ਼ਿਕਰ ਦਲੀਲ ਉਠਾਵੇ, ਯਾਰ ਮਿਲੇ ਜਿਸ ਹੀਲੇ ।
ਬ੍ਰਿਹੋਂ ਆਣ ਵਟਾਈ ਸੂਰਤ, ਨੈਣ ਲੋਹੂ ਮੁਖ ਪੀਲੇ ।
ਹਾਸ਼ਮ ਰਾਸ ਨ ਆਵਣ ਹੀਲੇ, ਮੁਸ਼ਕਲ ਬਾਝ ਵਸੀਲੇ ।19।

ਕਰੇ ਖ਼ਿਆਲ ਬਣੇ ਜਿਸ ਮਤਲਬ, ਹੀਲਾ ਫ਼ਿਕਰ ਉਠਾਇਆ ।
ਘੋੜਾ ਵੇਚ ਲਿਆ ਕੁਝ ਪੈਸੀਂ, ਸ਼ੌਕਤੁ ਸ਼ਾਨੁ ਗਵਾਇਆ ।
ਖ਼ਿਜਮਤਦਾਰ ਗਏ ਉਠ ਪਾਸੋਂ, ਆਜਿਜ਼ ਇਸ਼ਕ ਬਣਾਇਆ ।
ਹਾਸ਼ਮ ਜਾਮ-ਫ਼ਰੋਸ਼ੀ ਪਕੜੀ, ਲਾਹਾ ਇਸ਼ਕ ਦਿਖਾਇਆ ।20।

ਵੇਚੇ ਆਣ ਬਜ਼ਾਰ ਪਿਆਲਾ, ਜਾਏ ਲੈਣ ਦੁਕਾਨੇ ।
ਬਾਤਾਂ ਨਾਲ ਕਰੇ ਘੁਮਿਆਰਾਂ, ਰਖਦਾ ਨਜ਼ਰ ਨਿਸ਼ਾਨੇ ।
ਜਾਮ ਫਰੋਸ਼ ਵਪਾਰੀ ਬਣਿਆ, ਦੇਖੋ ਏਸ ਬਹਾਨੇ ।
ਹਾਸ਼ਮ ਇਸ਼ਕ ਸਿਖਾਲੇ ਆਪੇ, ਮਰਦਾਂ ਮਕਰ ਜ਼ਨਾਨੇ ।21।

ਸਬਰ ਅਰਾਮ ਨ ਆਵਸਿ ਹਰਗਿਜ਼, ਬਾਝੋਂ ਓਸ ਟਿਕਾਣੇ ।
ਮੁੜ ਮੁੜ ਫੇਰ ਵਟਾਵਣ ਜਾਵੇ, ਰਖਿ ਰਖਿ ਐਬ ਧਿਙਾਣੇ ।
ਚਹੁੰ ਦੀ ਚੀਜ਼ ਦੇਵੇ ਦੁਹੁੰ ਪੈਸੀਂ, ਸਸਤੁ ਨ ਮਹਿੰਗੁ ਪਛਾਣੇ ।
ਹਾਸ਼ਮ ਆਪ ਬਿਨਾ ਮੁਲ ਵਿਕਿਆ, ਹੋਰ ਕੀ ਵੇਚਣ ਜਾਣੇ ।22।

ਪਹਿਲੀ ਗਈ ਗਵਾਤੀ ਉਸ ਥੋਂ, ਖ਼ੂਬੀ ਤੇ ਵਡਿਆਈ ।
ਦੇਖ ਵਿਹਾਰੁ ਕਹੇ ਜਗ ਸਾਰਾ, ਬਣਿਆ ਭੇਖ ਸ਼ੌਦਾਈ ।
ਦੁਨੀਆਂ ਯਾਰ ਕਿਸੇ ਦੀ ਨਾਹੀ, ਮਤਲਬਦਾਰ ਲੁਕਾਈ ।
ਹਾਸ਼ਮ ਨਾਲ ਤੇਰੇ ਕੀ ਵਰਤੀ, ਨਾ ਕਰਿ ਬਾਤ ਪਰਾਈ ।23।

ਚਾਮੋਂ ਦਾਮ ਚਲਾਏ ਕਿਚਰਕੁ, ਦਾਮ ਨ ਰਹਿਓਸੁ ਪੱਲੇ ।
ਜਦ ਉਸ ਖਰਚ ਲਈ ਸਭ ਪੂੰਜੀ, ਕੁਝ ਤਤਬੀਰ ਨ ਚੱਲੇ ।
ਕੀਕੁਰ ਜਾਇ ਵੜੇ ਉਸ ਵੇਹੜੇ, ਰਾਹ ਬਖ਼ੀਲਾਂ ਮੱਲੇ ।
ਹਾਸ਼ਮ ਪੇਸ਼ ਨ ਜਾਵਸ ਹਰਗਿਜ਼, ਕਜ਼ੀਏ ਪਏ ਅਵੱਲੇ ।24।

ਆਜਿਜ਼ ਆਣਿ ਹੋਇਆ ਦੁਖਿਆਰਾ, ਸਬਰ ਅਰਾਮ ਨ ਆਵੇ ।
ਦਿਲ ਨੂੰ ਰੋਗ ਲਗਾ ਉਠਿ ਡਾਢਾ, ਹਿਕਮਤਿ ਪੇਸ਼ ਨ ਜਾਵੇ ।
ਚਾਕਰ ਨਾਲ ਰਿਹਾ ਘੁਮਿਆਰਾਂ, ਮੇਹੀਂ ਚਾਰ ਲਿਆਵੇ ।
ਹਾਸ਼ਮ ਸ਼ੌਕ ਗ਼ਰੂਰ ਨ ਛਡਦਾ, ਖ਼ਾਕ ਹੋਇਆਂ ਰਹਿ ਆਵੇ ।25।

ਮੇਹੀਂ ਰੋਜ਼ ਚੁਗਾਵੇ ਚਾਰੇ, ਵੱਢਿ ਲਿਆਵੇ ਕਾਹੀਂ ।
‘ਮੇਹੀਂਵਾਲ’ ਕਹੇ ਜਗ ਸਾਰਾ, ‘ਘੁਮਿਆਰਾਂ ਦਾ ਮਾਹੀ’ ।
ਰਾਤੀਂ ਨੀਂਦ ਅਰਾਮ ਨ ਆਵੇ, ਦਿਨੇ ਰਹੇ ਨਿਤ ਰਾਹੀ ।
ਹਾਸ਼ਮ ਜਾਨ ਛੁਡਾਵਣ ਔਖੀ, ਬੁਰੀ ਇਸ਼ਕ ਦੀ ਫਾਹੀ ।26।

ਆਹੀਂ ਮਾਰੇ ਤੇ ਗ਼ਮ ਖਾਵੇ, ਪੀਵੇ ਖ਼ੂਨ ਜਿਗਰ ਦਾ ।
ਰੋਵੇ ਪੀੜ ਕਰੇ ਦਿਲ ਘਾਇਲ, ਜ਼ਖ਼ਮੀ ਵਸਲੁ ਹਿਜਰ ਦਾ ।
ਆਜਿਜ਼ ਆਣ ਮੁਸੀਬਤਿ ਫਸਿਆ, ਪੰਛੀ ਦੂਰ ਸ਼ਹਿਰ ਦਾ ।
ਹਾਸ਼ਮ ਸ਼ੌਕ ਦੀਵਾਨਾ ਕੀਤਾ, ਮਗਰ ਮੇਹੀਂ ਦੇ ਫਿਰਦਾ ।27।

ਨਾਜ਼ਕ ਨਾਜ਼-ਪਵਰਦਾ ਸੁਖੀਆ, ਮੇਹੀਂ ਚਾਰ ਨ ਜਾਣੇ ।
ਕੀਤਾ ਇਸ਼ਕ ਨਿਮਾਣਾ ਕਮਲਾ, ਪਾਲੀ ਜ਼ੋਰ ਧਿਙਾਣੇ ।
ਰੋ ਰੋ ਯਾਦ ਕਰੇ ਦਿਨ ਰਾਤੀਂ, ਪਿਛਲੇ ਵਖਤ ਵਿਹਾਣੇ ।
ਹਾਸ਼ਮ ਰਾਹ ਇਸ਼ਕ ਦਾ ਡਾਢਾ, ਲਗ ਲਗ ਚੋਟ ਪਛਾਣੇ ।28।

ਮੇਹੀਂਵਾਲ ਰਹੇ ਦਿਨ ਫਿਰਦਾ, ਰਾਤਿ ਪਈ ਘਰਿ ਆਵੇ ।
ਵੇਖੈ ਆਣ ਸੋਹਣੀ ਨੂੰ ਜੀਵੈ, ਸਵੇਂ ਨ ਪੀਵੇ ਖਾਵੇ ।
ਸਾਰੀ ਰਾਤਿ ਗਿਣੇਂਦਿਆਂ ਤਾਰੇ, ਰੋਵਣ ਨਾਲ ਵਿਹਾਵੇ ।
ਹਾਸ਼ਮ ਸੇਜ ਵਿਛਾਇ ਸੂਲਾਂ ਦੀ, ਕੌਣ ਕੋਈ ਸੁਖ ਪਾਵੇ ।29।

ਅੱਠੇ ਪਹਿਰ ਅੰਦੇਸ਼ਾ ਮਿਹਨਤ, ਖ਼ੁਸ਼ੀ ਅਰਾਮ ਨ ਭੋਰਾ ।
ਕਿਚਰਕੁ ਏਸ ਤਰ੍ਹਾਂ ਬਣ ਆਵੇ, ਰਹਸੁ ਦੇਹੀ ਵਿਚ ਝੋਰਾ ।
ਤੋਰੀ ਰੰਗ ਹੋਇਆ ਤਨ ਪਿੰਜਰ, ਗਇਆ ਗੁਮਾਨ ਨਹੋਰਾ ।
ਹਾਸ਼ਮ ਇਸ਼ਕ ਕਦੀਮ ਕਸਾਈ, ਜ਼ਾਲਮ ਆਦਮ ਖ਼ੋਰਾ ।30।

ਹੋਵਨ ਚਾਕ ਚੁਗਾਵਨ ਮਂੇਹੀ, ਦੇਹੀ ਜ਼ੋਰ ਜੁਆਨਾ ।
ਦਹਿ ਦਹਿ ਸੇਰ ਖ਼ੁਰਾਕ ਜਿਨ੍ਹਾਂ ਦੀ, ਕਰੜੀ ਕਾਰ ਹੈਵਾਨਾ ।
ਨਾਜ਼ਕ ਬਦਨ ਬ੍ਰਿਹੋਂ ਦੁਖ ਯਾਰਾਂ, ਦੂਜਾ ਦੇਸ ਬਿਗਾਨਾ ।
ਹਾਸ਼ਮ ਕਾਰ ਬੁਰੀ ਉਹ ਆਜਿਜ਼, ਰੋਵੈ ਬਹੁਤੁ ਦਿਵਾਨਾ ।31।

ਬਾਹਰ ਕਰਨ ਮਜ਼ਾਖਾਂ ਪਾਲੀ, ਰਹੇ ਚੁਪਾਤਾ ਫਿਰਦਾ ।
ਘਰਿ ਆਵੇ ਤਾਂ ਘਰ ਦਾ ਕੋਈ, ਆਦਰਿ ਭਾਉ ਨ ਕਰਦਾ ।
ਆਜਿਜ਼ ਦੇਖ ਸਭੀ ਜਗ ਉਸ ਥੋਂ, ਪੈਰ ਪਿਛਾਹਾਂ ਧਰਦਾ ।
ਹਾਸ਼ਮ ਜਾਣ ਜਗਤ ਵਿਚ ਆਦਰ, ਜ਼ੋਰ, ਜੁਆਨੀ, ਜ਼ਰ ਦਾ ।32।

ਮੇਂਹੀ ਬਹੁਤ ਚੁਗਾਵਣਿ ਮੁਸ਼ਕਲਿ, ਆਜਿਜ਼ ਹੋਇ ਨਿਮਾਣਾ ।
ਹਟਿਆਂ ਫੇਰ ਮੁਹਾਲ ਦਸੀਵੇ, ਯਾਰ ਸਜਨ ਵਲਿ ਜਾਣਾ ।
ਮੇਂਹੀ ਬਾਝ ਵਸੀਲਾ ਉਸ ਦਾ, ਕੋਈ ਨ ਹੋਰ ਟਿਕਾਣਾ ।
ਹਾਸ਼ਮ ਹੋਰ ਨਹੀਂ ਵਿਚ ਦੁਨੀਆਂ, ਆਸ਼ਕ ਜੇਡ ਨਿਮਾਣਾ ।33।

ਜਿਸ ਨੂੰ ਹੋਰ ਕਿਸੇ ਨੂੰ ਬਣਦਾ, ਆਣ ਕੋਈ ਦੁਖ ਭਾਰਾ ।
ਘਰ ਦੇ ਦਰਦ ਵੰਡਾਵਣ ਉਸ ਦਾ, ਤਰਸ ਕਰੇ ਜਗ ਸਾਰਾ ।
ਆਸ਼ਕ ਲੋਕ ਜਿਵੇਂ ਜਿਉਂ ਡਿਗਦਾ, ਕਰਦਾ ਇਸ਼ਕ ਪਸਾਰਾ ।
ਹਾਸ਼ਮ ਲੋਕ ਤਿਵੇਂ ਤਿਉਂ ਦੁਸ਼ਮਣਿ, ਇਹੁ ਰੋਗ ਕੇਹਾ ਹਤਿਆਰਾ ।34।

ਐਸੇ ਹਾਲ ਅਜ਼ਾਰੀ ਦਿਲ ਨੂੰ, ਫਿਰਦਾ ਰਹਿਆ ਉਠਾਈਂ ।
ਡਰਦਾ ਏਸ ਜਹਾਨੋਂ ਆਪਣਾ, ਫਿਰਦਾ ਰੋਗੁ ਲੁਕਾਈਂ ।
ਕੱਖਾਂ ਦੇ ਵਿਚ ਅੱਗ ਬ੍ਰਿਹੋਂ ਦੀ, ਰੱਖੀ ਓਸੁ ਛੁਪਾਈ ।
ਹਾਸ਼ਮ ਕੌਣ ਲੁਕਾਵਗੁ ਜਿਸ ਦਿਨ, ਨੌਬਤ ਇਸ਼ਕ ਬਜਾਈ ।35।

ਆਸ਼ਕ ਲੋਕ ਅਜ਼ਾਰੀ ਹਰ ਦਮ, ਹੋਣ ਮਸ਼ੂਕ ਇਆਣੇ ।
ਕਾਮਲ ਵੈਦ ਮਿਲੇ ਜਿਸ ਤਾਈਂ, ਵੇਦਨ ਖ਼ੂਬ ਪਛਾਣੇ ।
ਸੋਹਣੀ ਇਸ਼ਕ ਮਸ਼ੂਕਾਂ ਵਾਲੀ, ਰੀਤ ਪ੍ਰੀਤਿ ਨ ਜਾਣੇ ।
ਹਾਸ਼ਮ ਬਹੁਤ ਲਚਾਰੀ ਥੀਵੈ, ਮੇਂਹੀਵਾਲ ਨਿਮਾਣੇ ।36।

ਲੂੰ ਲੂੰ ਨਾਲ ਦੁਖਾਂ ਦੇ ਭਰਿਆ, ਛੇੜ ਮੇਹੀਂ ਜਦ ਤੁਰਦਾ ।
ਰੋ ਰੋ ਨਾਲ ਦੁਖਾਂ ਦਿਹੁੰ ਸਾਰਾ, ਧੋਵੇ ਦਾਗ਼ ਹਿਜਰ ਦਾ ।
ਚੌਥੇ ਪਹਿਰ ਮੇਹੀਂ ਚਰ ਆਪੇ, ਰੱਖਣ ਸ਼ੌਕ ਸ਼ਹਿਰ ਦਾ ।
ਹਾਸ਼ਮ ਓਸ ਸਮੇਂ ਖ਼ੁਸ਼ ਹੋ ਕਰ, ਸ਼ੁਕਰ ਹਜ਼ਾਰਾਂ ਕਰਦਾ ।37।

ਮੇਹੀਂ ਨਾਲ ਸ਼ਹਿਰ ਨੂੰ ਤੁਰਦਾ, ਖ਼ੁਸ਼ ਹੋ ਨਾਲ ਪਿਆਰਾ ।
ਜਿਉਂ ਕਰ ਬਾਦ ਖਿਜ਼ਾਂ ਮੁੜ ਆਵੇ, ਫਾਗਣ ਚੇਤ ਬਹਾਰਾ ।
ਨੇੜੇ ਸ਼ਹਿਰ ਜਿਵੇਂ ਜਿਵ ਆਵੇ, ਚੜ੍ਹਦੇ ਚੰਦ ਹਜ਼ਾਰਾਂ ।
ਹਾਸ਼ਮ ਲੇਖ ਸਦਾ ਉਸ ਖਾਰਾਂ, ਹੋਸੁ ਕਦੀ ਗੁਲਜ਼ਾਰਾਂ ।38।

ਦੇਖੇ ਆਣਿ ਦੀਦਾਰ ਸੱਜਨ ਦਾ, ਲਖ ਲਾਹੇ ਕਰਿ ਜਾਣੇ ।
ਨਫ਼ਰਾਂ ਵਾਂਗ ਫਿਰੇ ਵਿਚ ਖਿਜਮਤਿ, ਆਖੇ ਬਾਝ ਧਿਙਾਣੇ ।
ਜਿਤ ਕਿਤ ਹਾਲ ਖੁਸ਼ਾਮਤਿ ਕਰ ਕਰ, ਰਹਿੰਦਾ ਓਸ ਟਿਕਾਣੇ ।
ਹਾਸ਼ਮ ਮਿਲਣ ਮੁਹਾਲ ਜਿਨ੍ਹਾਂ ਦੇ, ਹੋਵਣ ਰੂਹ ਵਿਕਾਣੇ ।39।

ਹਿਕਮਤਿ ਨਾਲ ਜਹਾਨੋਂ ਬਚਦਾ, ਕਰਿ ਕਰਿ ਲਖ ਬਹਾਨੇ ।
ਨੀਵੀਂ ਧੌਣ ਚੁਰਾਵੇ ਨਜ਼ਰੇ, ਰਖਦਾ ਨੀਝ ਨਿਸ਼ਾਨੇ ।
ਦੇਖਣ ਨੈਣ ਬਚਾਵਣ ਨਾਲੇ, ਲੱਖਾਂ ਨੈਣ ਬਿਗ਼ਾਨੇ ।
ਹਾਸ਼ਮ ਆਸ਼ਕ ਹੋਣ ਨਿਆਰੇ, ਦਿਸਣ ਨਾਲ ਦਿਵਾਨੇ ।40।

ਜਿਉਂ ਜਿਉਂ ਹੋਸ਼ ਸੋਹਣੀ ਵਿਚ ਆਈ, ਜ਼ੁਲਫ਼ਾਂ ਫੜੀ ਸਿਆਹੀ ।
ਹਰ ਹਰ ਵਾਲ ਬਣੇ ਲਖ ਆਫ਼ਤ, ਦਰਦਵੰਦਾਂ ਗਲਿ ਫਾਹੀ ।
ਖ਼ੂਨੀ ਨੈਣ ਵਧੇਰੇ ਹੋਵਣ, ਤੀਰੰਦਾਜ਼ ਸਿਪਾਹੀ ।
ਹਾਸ਼ਮ ਮੇਹੀਂਵਾਲ ਤਿਵੇਂ ਤਿਉਂ, ਆਵੇ ਪੇਸ਼ ਤਬਾਹੀ ।41।

ਪਾਇਆ ਆਣ ਜੁਆਨੀ ਜੋਬਨ, ਹੋਰ ਦਿਹੇਂ ਦਿਹੁੰ ਜ਼ੋਰਾ ।
ਸਮਝੀ ਹੋਸ਼ ਮਹਿਬੂਬਾਂ ਵਾਲੀ, ਲਾਡੁ ਗੁਮਾਨ ਨਹੋਰਾ ।
ਮੇਹੀਂਵਾਲ ਤਿਵੇਂ ਤਿਵ ਆਜਿਜ਼, ਰੋਜ਼ ਵਧੇ ਗ਼ਮ ਝੋਰਾ ।
ਹਾਸ਼ਮ ਚੰਦ ਪਇਆ ਨਿਤ ਵਾਧੇ, ਘਟਦਾ ਨਿਤ ਚਕੋਰਾ ।42।

ਸਮਝਣ ਖ਼ੂਬ ਲਗੀ ਜਦ ਸੋਹਣੀ, ਜੋ ਕੁਝ ਨੇਹੁੰ ਪੁਰਾਣਾ ।
ਬਾਂਕੀ ਚਾਲ ਚਲੇ ਅਲਬੇਲੀ, ਹਾਥੀ ਮਸਤ ਦੀਵਾਨਾ ।
ਲਖਿਆ ਭੇਤ ਸਜਨ ਦਾ ਉਸ ਨੇ, ਜੋ ਕੁਝ ਮਕਰ ਬਹਾਨਾ ।
ਹਾਸ਼ਮ ਦੇਖੁ ਕੇਹਾ ਹੁਣ ਹੋਵਗੁ, ਮੇਹੀਂਵਾਲ ਨਿਸ਼ਾਨਾ ।43।

ਦਿਲ ਨੂੰ ਰਾਹੁ ਕਰੇ ਦਿਲ ਓੜਕ, ਝੂਠ ਕਿਵੇਂ ਗੱਲ ਨਾਹੀਂ ।
ਕੀਤਾ ਅਸਰ ਸੋਹਣੀ ਵਿਚ ਉਸ ਦੇ, ਦਰਦ ਸੀਆਪੇ ਆਹੀਂ ।
ਹੋਵਣਹਾਰ ਹਟੇ ਨਹੀਂ ਹਰਗਿਜ਼, ਆਣ ਹੋਈ ਪਰ ਰਾਹੀਂ ।
ਹਾਸ਼ਮ ਨਾਲ ਰਲੇ ਕੁਝ ਹੀਲਾ, ਹੋਗੁ ਕੋਈ ਗੱਲ ਤਾਹੀਂ ।44।

ਪਿਛਲੇ ਲੇਖ ਲਿਖੇ ਜਿਸ ਕਿਸ ਨੂੰ, ਬਾਹੋਂ ਪਕੜ ਮਿਲਾਇਆ ।
ਆਸ਼ਕ ਹੋਵਣ ਤੇ ਦੁਖ ਪਾਵਣ, ਹੀਲਾ ਰੱਬ ਬਣਾਇਆ ।
ਜੋ ਕੁਛੁ ਲੇਖ ਲਿਖਿਆ ਸੋਈ ਜ਼ਾਹਰ, ਹੋਵਣਿ ਉਤੇ ਆਇਆ ।
ਹਾਸ਼ਮ ਨੀਵ ਧਰੀ ਹੁਣ ਕਰ ਕੇ, ਚਾਹਗੁ ਮਹਲ ਬਣਾਇਆ ।45।

ਪੈਰੋ ਪੈਰੁ ਇਸ਼ਕ ਨੇ ਜਿਉਂ ਜਿਉਂ, ਚਾਲ ਸੋਹਣੀ ਵਲ ਪਾਈ ।
ਸਮਝੀ ਸਾਕ ਇਸ਼ਕ ਦਾ ਬ੍ਰਿਹੋਂ, ਰਹਿਆ ਬਹੁ ਸਮਝਾਈ ।
ਗ਼ਲਬਾ ਸ਼ੌਕ ਹੋਇਆ ਵਿਚ ਹਡਿ ਹਡਿ, ਲੂੰ ਲੂੰ ਪ੍ਰੀਤਿ ਰਚਾਈ ।
ਹਾਸ਼ਮ ਆਪ ਹੋਈ ਜਦ ਘਾਇਲ, ਸਮਝੀ ਪੀੜ ਪਰਾਈ ।46।

ਮੇਹੀਂਵਾਲ ਦਿਸੇ ਜਦ ਉਸ ਨੂੰ, ਆਜਿਜ਼ ਬਹੁਤ ਅਜ਼ਾਰੀ ।
ਦਿਲ ਦੇ ਨਾਲ ਪਵੇ ਵਿਚ ਸੋਚੀਂ, ਬਣਦੀ ਆਣਿ ਲਚਾਰੀ ।
ਦਰਦੋਂ ਦਰਦ ਵਧੇ ਜਦ ਉਸ ਨੂੰ, ਬਹੁਤ ਕਰੇ ਗ਼ਮ ਖ਼ੁਆਰੀ ।
ਹਾਸ਼ਮ ਦਰਦਵੰਦਾਂ ਦੇ ਦਿਲਬਰ, ਵਖ਼ਤ ਵਲੋਗਣਿ ਯਾਰੀ ।47।

ਮੇਹੀਂਵਾਲ ਡਿਠੀ ਜਦ ਉਲਫ਼ਤਿ, ਹਸਿ ਹਸਿ ਯਾਰ ਬੁਲਾਵੇ ।
ਇਕ ਦੂੰ ਚਾਰ ਹੋਇਆ ਵਿਚ ਦਿਲ ਦੇ, ਸ਼ੁਕਰ ਬਜਾਇ ਲਿਆਵੇ ।
ਚੋਰੀ ਦਾਉ ਲਗੇ ਜਦ ਉਸ ਨੂੰ, ਆਪਣਾ ਹਾਲ ਸੁਣਾਵੇ ।
ਹਾਸ਼ਮੁ ਦੇਸੁ ਜਵਾਬ ਨ ਕੋਈ, ਹਾਲ ਸੁਣੇ ਮੁਸਕਾਵੇ ।48।

ਚਖਮਖ ਨਾਲ ਕਰੇ ਨਿਤ ਝਾੜੂ, ਆਦਤ ਰੋਜ਼ ਟਿਕਾਈ ।
ਆਸ਼ਕ ਪਾਸ ਰਹੇ ਨਿਤ ਦਿਲਬਰ, ਧੂੰਆਂ ਦਰਦ ਧੁਖਾਈ ।
ਓੜਕ ਫੂਕ ਮਚਾਵਗੁ ਭਾਂਬੜ, ਕਿਚਰਕੁ ਰਹਗੁ ਛੁਪਾਈ ।
ਹਾਸ਼ਮ ਜਾਣ ਉਸੇ ਦੀ ਰਚਨਾ, ਹਰ ਹਰ ਰੂਪ ਰਚਾਈ ।49।

ਭੁਲ ਗਇਆ ਤੌਰ ਸੋਹਣੀ ਨੂੰ ਅਗਲਾ, ਹਸਿ ਹਸਿ ਦੂਰ ਰਹਿਣ ਦਾ ।
ਫੜਿਆ ਜ਼ੋਰ ਇਸ਼ਕ ਨੇ ਅਪਣਾ, ਵਧਿਆ ਚਾਉ ਮਿਲਣ ਦਾ ।
ਪੋਸਤ ਵਾਂਗ ਰਚਿਆ ਵਿਚ ਦੇਹੀ, ਕੁਫੀਆ ਸ਼ੌਕ ਸਜਨ ਦਾ ।
ਹਾਸ਼ਮ ਬਹੁਤ ਬੁਰੀ ਰਸ ਫਾਹੀ, ਚੇਟਕ ਯਾਰ ਮਿਲਣ ਦਾ ।50।

ਮੇਹੀਂਵਾਲ ਮੇਹੀਂ ਦਿਨ ਚਾਰੇ, ਹਾਲ ਬੁਰੇ ਬਣਿ ਵਾਸੀ ।
ਡਾਵਾਂਡੋਲ ਸੋਹਣੀ ਵਿਚ ਘਰ ਦੇ, ਰਹਿੰਦੀ ਸਦਾ ਉਦਾਸੀ ।
ਔਖੀ ਚਾਲ ਬਣੀ ਦਿਲ ਦੋਹਾਂ, ਘਾਇਲ ਜਾਨ ਪਿਆਸੀ ।
ਹਾਸ਼ਮ ਰਾਤ ਪਵੇ ਜਿਸ ਵੇਲੇ, ਦੇਖ ਦੁਹਾਂ ਦੁਖੁ ਜਾਸੀ ।51।

ਮੇਹੀਂ ਚਾਰ ਮੇਹੀਂ ਸਣ ਮਾਹੀ, ਰਾਤ ਪਈ ਘਰਿ ਵੜਦਾ ।
ਚਕਵੇ ਵਾਂਗ ਦੋਹਾਂ ਦੇ ਦਿਲ ਨੂੰ, ਰਾਤ ਪਈ ਦਿਹੁੰ ਚੜ੍ਹਦਾ ।
ਦੇਖਣ ਨੈਣ ਨੈਣਾਂ ਨੂੰ ਜਿਸ ਦਿਨ(ਦਮ), ਸਰਦ ਹੋਵੇ ਦਿਲ ਸੜਦਾ ।
ਹਾਸ਼ਮ ਚਾਲ ਇਹੋ ਜਿਸ ਤਾਈਂ, ਨਾਗ਼ ਬ੍ਰਿਹੋਂ ਦਾ ਲੜਦਾ ।52।

ਦੂਰੋਂ ਦੂਰ ਜੁਦੇ ਵਿਚ ਲੋਕਾਂ, ਰਹਿਣ ਦੁਵੇਂ ਚੁਪ ਕੀਤੇ ।
ਵੇਲੇ ਨਾਲ ਦੋਵੇਂ ਦੁਖ ਫੋਲਣ, ਰੋਜ਼ ਜਿਮੇਂ ਦਮ ਬੀਤੇ ।
ਉਸਤਾਕਾਰ ਬ੍ਰਿਹੋਂ ਬਿਨੁ ਸੂਈ, ਬੈਠ ਦੋਵੇਂ ਦਮ ਸੀਤੇ ।
ਹਾਸ਼ਮ ਜਾਣ ਜਹਾਨੋਂ ਚੋਰੀ, ਰਹਿਣ ਸਦਾ ਮਦ ਪੀਤੇ ।53।

ਰੱਖਣ ਭੇਤ ਲੁਕਾ ਕੇ ਅਪਣਾ, ਰਾਤ ਦਿਨੇ ਇਹ ਚਾਲਾ ।
ਇਕ ਇਕ ਰੋਜ਼ ਨਿਭਾਵਣ ਕਰਕੇ, ਹੀਲਾ ਲਾਖ ਹਵਾਲਾ ।
ਖ਼ਾਲੀ ਦਸਤ ਦਿਲਾਂ ਵਿਚ ਜਪਦੇ, ਨਾਮ ਪੜ੍ਹਨ ਜਪਮਾਲਾ ।
ਹਾਸ਼ਮ ਇਸ਼ਕ ਮਹਾਂ ਗਜ ਖ਼ੂਨੀ, ਲਗਾ ਨੈਣ ਨਿਵਾਲਾ ।54।

ਚਰਚਾ ਆਣ ਹੋਈ ਸਭ ਥਾਈਂ, ਹਰ ਕੋਈ ਬਾਤ ਚਲਾਵੈ ।
ਜਿਸ ਥਾਂ ਬਾਤ ਕਰਨ ਦੋ ਰਲ ਕੇ, ਬਾਤ ਸੋਹਣੀ ਵਲ ਆਵੈ ।
ਬਾਤਾਂ ਜਗਤ ਪਰਾਈਆਂ ਕਰਿ ਕਰਿ, ਜੀਉ ਸਦਾ ਪਰਚਾਵੈ ।
ਹਾਸ਼ਮ ਤਾਪ ਨ ਰਹਿੰਦਾ ਲੁਕਿਆ, ਆਫ਼ਤ ਕੌਣ ਮਿਟਾਵੈ ।55।

ਖੁਲ੍ਹੀ ਆਣ ਜਹਾਨ ਜ਼ਬਾਨੀਂ, ਚਰਚਾ ਰੋਜ਼ ਸਵਾਈ ।
‘ਮੇਹੀਂਵਾਲ ਸੋਹਣੀ ਦਾ ਆਸ਼ਕ’, ਲੱਗੀ ਕਹਿਣ ਲੁਕਾਈ ।
ਰਲਕੇ ਬਹੁਤ ਬਖ਼ੀਲਾਂ ਚੁਗਲਾਂ, ਆਤਸ਼ ਫੂਕ ਮਚਾਈ ।
ਹਾਸ਼ਮ ਬਾਪ ਸੋਹਣੀ ਦੇ ਸੁਣਿਆ, ਖੇਸ਼ ਕਬੀਲੇ ਭਾਈ ।56।

ਸੁਣ ਕੇ ਬਹੁਤ ਹੋਇਆ ਸ਼ਰਮਿੰਦਾ, ਤੁੱਲਾ ਬਾਪ ਵਿਚਾਰਾ ।
ਕਰੜਾ ਸ਼ਰਮ ਹਯਾਉ ਜਹਾਨੀਂ, ਸਭ ਤੋਂ ਬਹੁਤ ਪਿਆਰਾ ।
ਖ਼ੂਬੀ ਸ਼ਰਮ ਸਭੋ ਜਗ ਢੂੰਡੇ, ਕਿਸਮਤਿ ਨਾਲ ਨ ਚਾਰਾ ।
ਹਾਸ਼ਮ ਸ਼ਰਮ ਕੇਹੀ ਘਰਿ ਜਿਸਦੇ, ਕਰਦਾ ਇਸ਼ਕ ਉਤਾਰਾ ।57।

ਰਲਿ ਘੁਮਿਆਰ ਪਏ ਤਤਬੀਰੀਂ, ‘ਦੂਰਿ ਕਰੋ ਇਹੁ ਪਾਲੀ ।
ਆਖਣ ਲੋਕ ਜੇਹੜੀ ਗੱਲ ਸਾਨੂੰ, ਹੋਗੁ ਕਿਵੇਂ ਨਹੀਂ ਖਾਲੀ ।
ਆਫ਼ਤ ਆਣ ਵੜੀ ਇਸ ਵੇਹੜੇ, ਕੌਣ ਜ਼ਮਾਨੇ ਵਾਲੀ’ ।
ਹਾਸ਼ਮ ਲੱਖ ਕਰਨ ਤਤਬੀਰਾਂ, ਕਿਸਮਤਿ ਟਲੇ ਨ ਟਾਲੀ ।58।

ਮੇਹੀਂਵਾਲ ਤਾਈਂ ਘੁਮਿਆਰਾਂ, ਸਾਫ਼ ਜਵਾਬ ਸੁਣਾਇਆ
‘ਤੇਰਾ ਥਾਉਂ ਨਹੀਂ ਘਰਿ ਸਾਡੇ, ਜਾਹ ਮੀਆਂ ! ਜਿਥੋਂ ਆਇਆ ।
ਰੌਸ਼ਨ ਚਾਇ ਕੀਤੋ ਜਗ ਸਾਰੇ, ਤਾਰ ਬੰਨੇ ਤੁਧ ਲਾਇਆ ।
ਹਾਸ਼ਮ ਨਿਮਕ ਹਲਾਲ ਕੀਤੋਈ, ਬਹੁਤ ਅਸਾਂ ਸੁਖ ਪਾਇਆ’ !59।

ਢੋਰਾਂ ਵਾਂਗ ਘਰੋਂ ਚੁਕ ਤ੍ਰਾਹਿਆ , ਜਾਹ ਮੀਆਂ ! ਹੋ ਤੁਰਦਾ ।
ਮਿਲਿਆ ਦੇਸ ਨਿਕਾਲਾ ਆਜਿਜ਼, ਤੁਰਿਆ ਹੋਇ ਅਜ਼ੁਰਦਾ ।
ਲੋਹੂ ਮਾਸ ਲਇਆ ਚਰ ਬ੍ਰਿਹੋਂ, ਹਾਲ ਬੁਰੇ ਜਿਉਂ ਮੁਰਦਾ ।
ਹਾਸ਼ਮ ਕੌਣ ਮਿਟਾਵੈ ਉਸਨੂੰ, ਲੇਖ ਲਿਖਿਆ ਜੋ ਧੁਰ ਦਾ ।60।

ਸੁਇਨਾ ਸਾਫ਼ ਪਇਆ ਕੁਠਿਆਲੀ, ਤਾਉ ਲਗੇ ਤਿਉਂ ਦਮਕੇ ।
ਜਿਉਂ ਤਲਵਾਰ ਅਸੀਲ ਫੁਲਾਦੀ, ਸਿਕਲ ਚੜ੍ਹਾਈ ਚਮਕੇ ।
ਆਤਸ਼ ਤੇਜ਼ ਤਿਵੇਂ ਤਿਉਂ ਹੁੰਦੀ, ਵਾਉ ਲਗੀ ਉਹ ਰਮਕੇ ।
ਹਾਸ਼ਮ ਜਾਣ ਇਸ਼ਕ ਦਾ ਜੌਹਰ, ਖੁਆਰ ਹੋਇ ਤਿਉਂ ਝਮਕੇ ।61।

ਮੇਹੀਂਵਾਲ ਨਿਥਾਵਾਂ ਦੁਖੀਆ, ਆਜਿਜ਼, ਭੈਣ ਨ ਭਾਈ ।
ਕੀਤਾ ਇਸ਼ਕ ਨਿਸ਼ਾਨਾ ਉਸਨੂੰ, ਤੀਰੰਦਾਜ਼ ਲੁਕਾਈ ।
ਆਹਾ ਜ਼ੋਰੁ ਪਇਆ ਵਿਚ ਬਿਪਤਾ, ਮਗਰੋਂ ਹੋਰੁ ਬਣਾਈ ।
ਹਾਸ਼ਮ ਆਣੁ ਇਸ਼ਕ ਦੀ ਇਸ ਵਿਚ, ਦੇਖ ਜ਼ਰਾ ਹੁਣ ਆਈ ।62।

ਅੱਖੀਂ ਯਾਰ ਨ ਆਵਸੁ ਉਸਨੂੰ, ਕਹਿਰ ਨਜ਼ੂਲ ਵਿਛੋੜਾ ।
ਕਰਕੇ ਆਣ ਬਿਦਰਦ ਮਜ਼ਾਖਾਂ, ਹੋਰੁ ਦੁਖਾਵਣ ਫੋੜਾ ।
ਤਾਜ਼ਾ ਇਸ਼ਕ ਪੈਨ੍ਹਾਇਆ ਉਸਨੂੰ, ਹੋਰ ਸੁਨੈਹਰੀ ਜੋੜਾ ।
ਹਾਸ਼ਮ ਨਾਮ ਧਰਾਵਣ ਆਸ਼ਕ, ਸੂਲ ਸਹਿਣ ਕਿਉਂ ਥੋੜਾ ।63।

ਸਬਰ ਅਰਾਮ ਨ ਆਵਸਿ ਹਰਗਿਜ਼, ਰਹੇ ਹਮੇਸ਼ਾਂ ਫਿਰਦਾ ।
ਜਿਸ ਘਰਿ ਜਾਇ ਧੱਕੇ ਖਾਏ, ਕੋਈ ਨ ਆਦਰ ਕਰਦਾ ।
‘ਖਪਤੀ ਆਸ਼ਕ’ ਕਹਿਣ ਸੁਹਣੀ ਦਾ, ਤੀਵੀਂ ਮਰਦ ਸ਼ਹਿਰ ਦਾ ।
ਹਾਸ਼ਮ ਇਸ਼ਕ ਖਿਲਾਵੇ ਉਸਨੂੰ, ਖ਼ਤਰਾ ਖ਼ੌਫ਼ ਨ ਸਿਰ ਦਾ ।64।

ਹੋਇਆ ਵਾਂਗ ਨਥੂਰ ਪੁਰਾਣੇ, ਜ਼ਖਮ ਗਇਆ ਧਸਿ ਦਿਲ ਦਾ ।
ਤਾਹਨੇ ਮਾਰ ਗਲੀ ਵਿਚ ਜਾਵੈ, ਜਗਤ ਵਧੇਰੇ ਛਿਲਦਾ ।
ਛਿੜੀਆਂ ਲਖ ਬਲਾਈਂ ਉਸਨੂੰ, ਕਿਵੇਂ ਅਰਾਮ ਨ ਮਿਲਦਾ ।
ਹਾਸ਼ਮ ਘਾਉ ਇਸ਼ਕ ਦਾ ਜ਼ਾਲਮ, ਮਿਲਿਆਂ ਬਾਝ ਨ ਮਿਲਦਾ ।65।

ਜੀਵੇ, ਬਾਝ ਲਇਆਂ ਜਲ ਭੋਜਨ, ਯਾਦ ਸੱਜਣ ਨੂੰ ਕਰਕੇ ।
ਜਿਉਂ ਕਰਿ ਭੌਰ ਖਿਜ਼ਾਂ ਦਿਨ ਜਾਲੇ, ਆਸ ਗੁਲਾਂ ਦੀ ਧਰ ਕੇ ।
ਮਾਰਸੁ ਹਿਜਰ ਜੀਆਇਸੁ ਆਸ, ਫਿਰ ਜੀਵੇ ਮਰ ਮਰ ਕੇ ।
ਹਾਸ਼ਮ ਸਬਰ ਪਵੇ ਨਹੀਂ ਖਾਲੀ, ਦੇਖ ਲਹੋ ਦੁਖ ਜਰ ਕੇ ।66।

ਫੜਦਾ ਜ਼ੋਰ ਜੁਆਨੀ ਜਿਉਂ ਜਿਉਂ, ਬਣਦਾ ਇਸ਼ਕ ਪੁਰਾਣਾ ।
ਆਸ਼ਕ ਲੋਕ ਬਹਾਦਰ ਤਿਉਂ ਤਿਉਂ, ਜਿਤਨਾ ਬਹੁਤ ਨਿਤਾਣਾ ।
ਮੇਹੀਂਵਾਲ ਦੁਖਾਂ ਦਾ ਬਣਿਆਂ, ਅਸਲੀ ਖ਼ਾਸ ਟਿਕਾਣਾ ।
ਹਾਸ਼ਮ ਲੱਖ ਸਹੇ ਦੁਖ ਆਸ਼ਕ, ਫੇਰ ਉਤੇ ਵਲਿ ਜਾਣਾ ।67।

ਮੇਹੀਂਵਾਲ ਮਿਲੇ ਬਿਨ ਮੁਰਦਾ, ਕੌਣ ਮਿਲੇ ਉਸ ਮੇਲੇ ।
ਪਾਸੇ ਹਾਰ ਦਿਤੀ ਕਹੁ ਕਿਚਰਕੁ, ਚਾਲ ਅਕਲ ਦੀ ਖੇਲੇ ।
ਲੂੰ ਲੂੰ ਦਰਦ ਵਿਛੋੜੇ ਵਾਲੀ, ਲਾਟ ਬਲੇ ਬਿਨੁ ਤੇਲੇ ।
ਹਾਸ਼ਮ ਏਸ ਦਿਲੇ ਦੀ ਸਾਹਿਬ, ਕੂਕ ਸੁਣੇ ਇਕ ਵੇਲੇ ।68।

ਅੱਖੀਂ ਯਾਰ ਦਿਸੇ ਜਿਸ ਹੀਲੇ, ਹਿਕਮਤਿ ਹੋਰ ਬਣਾਈ ।
ਲਾਵੇ ਅੰਗ ਬਿਭੂਤ ਅਨ੍ਹੇਰੇ, ਜਾਵੇ ਕਰਨ ਗਦਾਈ ।
ਪਹੁੰਚੇ ਓਸ ਗਲੀ ਹਰ ਹੀਲੇ, ਅਪਣਾ ਆਪ ਬਚਾਈ ।
ਹਾਸ਼ਮ ਰਾਤ ਨਹੀਂ ਦਿਨ ਉਸਨੂੰ, ਦੇਵੇ ਯਾਰ ਦਿਖਾਈ ।69।

ਆਸ਼ਕ ਯਾਰ ਸੱਜਣ ਦੇ ਕਾਰਨ, ਜਾਨ ਤਲੀ ਪੁਰ ਧਰਦਾ ।
ਘਾਇਲ ਸਾਂਗ ਸਤੀ ਦਾ ਕਰਕੇ, ਓਸ ਗਲੀ ਨਿਤ ਫਿਰਦਾ ।
ਇਕ ਇਕ ਸ਼ੇਰ ਬੱਚਾ ਘੁਮਰੇਟਾ, ਜ਼ਾਲਮ ਦੁਸ਼ਮਨ ਸਿਰ ਦਾ ।
ਹਾਸ਼ਮ ਦੁਖ ਵੀ ਔਖਾ ਲੱਗਾ, ਸ਼ਰਮ ਲੱਜਾ ਵਸ ਘਿਰਦਾ ।70।

ਮੇਹੀਂਵਾਲ ਤਾਈਂ ਦਮ ਗਿਣਦਿਆਂ, ਰੋਜ਼ ਗਇਆ ਸ਼ਬ ਆਈ ।
ਮੰਗਣ ਖ਼ੈਰ ਫ਼ਕੀਰਾਂ ਵਾਂਗੂੰ, ਸੂਰਤ ਜਾਇ ਦਿਖਾਈ ।
ਕੁਦਰਤਿ ਨਾਲ ਸੋਹਣੀ ਉਸ ਵੇਲੇ, ਪਾਵਣ ਖ਼ੈਰ ਲਿਆਈ ।
ਹਾਸ਼ਮ ਦਰਦਵੰਦਾਂ ਦੇ ਦਿਲ ਦੀ, ਸਾਹਿਬ ਆਸ ਪੁਜਾਈ ।71।

ਸੋਹਣੀ ਆਣਿ ਕਹਿਆ, ‘ਲੈ ਭਿਛਿਆ’, ਨਾਜ਼ਕ ਤੌਰ ਜ਼ਬਾਨੋਂ ।
ਸੁਣ ਕੇ ਜ਼ਖਮ ਲਗਾ ਤਨ ਆਸ਼ਕ, ਤਾਜ਼ਾ ਤੀਰ ਕਮਾਨੋਂ ।
ਮੇਹੀਂਵਾਲ ਜ਼ਿਮੀ ਪਰ ਡਿਗਿਆ, ਗੁਜ਼ਰੇ ਹੋਸ਼ ਜਹਾਨੋਂ ।
ਹਾਸ਼ਮ ਦੇਖ ਰਹੇ ਕਦ ਸਾਬਤ, ਚਮਕੀ ਤੇਗ ਮਿਆਨੋਂ ।72।

ਜਾਵੇ ਕਰਨ ਗਦਾਈ ਆਸ਼ਕ, ਖ਼ੈਰ ਮਸ਼ੂਕ ਲਿਆਵੈ ।
ਜਾਣੇ ਹਾਲ ਸੋਈ ਇਸ ਗੱਲ ਦਾ, ਨੇਹੁੰ ਕਿਤੀ ਵਲ ਆਵੈ ।
ਬੁੱਝੀਏ ਸਾਰ ਪਤੰਗੋਂ ਇਸ ਦੀ, ਦੇਖ ਸ਼ਮਾਂ ਜਲਿ ਜਾਵੈ ।
ਹਾਸ਼ਮ ਜਾਣ ਸੋਈ ਸੁਖ ਪਾਵਗੁ, ਆਪਣਾ ਆਪ ਗਵਾਵੈ ।73।

ਡਿਗਿਆ ਦੇਖ ਸੋਹਣੀ ਨੇ ਉਸ ਦੀ, ਅਕਲੋਂ ਡੌਲ ਪਛਾਤੀ ।
ਬਾਹੋਂ ਪਕੜ ਉਠਾਇਓ ਉਸ ਨੂੰ, ਹਿਕਮਤਿ ਨਾਲ ਚੁਪਾਤੀ ।
ਜੋੜੇ ਦਸਤ ਕਹਿਆ ਭਰ ਚਸ਼ਮਾਂ, ‘ਫੇਰ ਨ ਆਵੀਂ ਰਾਤੀਂ’ ।
ਹਾਸ਼ਮ ਬਹੁਤ ਬੁਰੀ ਜਿਸ ਵੇਲੇ, ਦੂਤ ਕਿਨ੍ਹੇ ਗੱਲ ਜਾਤੀ ।74।

‘ਰਾਤੀਂ ਫੇਰ ਨ ਗਲੀ ਇਸ ਆਵੀਂ, ਭਿਛਿਆ ਕਰਨ ਗਦਾਈ ।
ਜਾਨੋਂ ਮਾਰ ਗਵਾਇਨ ਤੈਨੂੰ, ਬਾਤ ਕਿਨ੍ਹੇ ਸੁਣ ਪਾਈ ।
ਕੂੰਜਾਂ ਵਾਂਗ ਭੁਲਾਉ ਨ ਦਿਲ ਥੋਂ, ਚਾਲ ਬਣੀ ਸਿਰ ਆਈ ।
ਹਾਸ਼ਮ ਕੂਕ ਸੁਣਗੁ ਰੱਬ ਸਾਡੀ, ਜਿਨ ਏਹ ਚਾਲ ਬਣਾਈ’ ।75।

ਇਹ ਗੱਲ ਕਹੀ ਸੁਣਾਈ ਉਸ ਨੂੰ, ਕਰਿ ਕੇ ਨਾਲ ਸ਼ਿਤਾਬੀ ।
ਡਰਦੀ ਫੇਰ ਮੁੜੀ ਕਰਿ ਜਲਦੀ, ਕਰਿ ਕੇ ਨੈਣ ਗੁਲਾਬੀ ।
ਮੇਹੀਂਵਾਲ ਪਿਛਾਂਹਾਂ ਮੁੜਿਆ, ਰੋਂਦਾ ਜਿਗਰ ਕਬਾਬੀ ।
ਹਾਸ਼ਮ ਰਾਹੁ ਇਸ਼ਕ ਦਾ ਅਉਖਾ, ਦਿਹੁੰ ਦਿਹੁੰ ਬਹੁਤ ਖ਼ਰਾਬੀ ।76।

ਮੇਹੀਂਵਾਲ ਬਹੇ ਕਹੁ ਕੀਕੁਰ, ਸਬਰ ਨ ਇਸ਼ਕੁ ਟਿਕਾਣੇ ।
ਦਿਲ ਦੀ ਵਾਗ ਨਹੀਂ ਹਥਿ ਆਪਣੇ, ਪਕੜੀ ਇਸ਼ਕ ਸਤਾਣੇ ।
ਜਾਏ ਓਸ ਤਰ੍ਹਾਂ ਨਿਤ ਓਥੇ, ਜੀਵਣੁ ਮਰਣੁ ਨਾ ਜਾਣੇ ।
ਹਾਸ਼ਮ ਮਗਰੇ ਹੌਲ ਇਸ਼ਕ ਦਾ, ਖੜਦਾ ਜ਼ੋਰ ਧਿਙਾਣੇ ।77।

ਮੇਹੀਂਵਾਲ ਅਸੀਰ ਇਸ਼ਕ ਦਾ ਘੇਰ ਲਿਆ ਦੁਖ ਦਰਦਾਂ ।
ਨਜ਼ਰੇ ਯਾਰ ਪਵੇ ਜਿਸ ਵੇਲੇ, ਰਾਤ ਦਿਨੇ ਸਿਰਗਰਦਾਂ ।
ਚੋਰੀ ਰਾਤ ਸਮੇਂ ਮਿਲ ਆਵੇ, ਲਖਿਆ ਫੇਰ ਬਿਦਰਦਾਂ ।
ਹਾਸ਼ਮ ਦੇਖ ਬਖ਼ੀਲ ਇਸ਼ਕ ਦੇ, ਹੈ ਸਦ ਹੈਫ਼ ਨਮਰਦਾਂ ।78।

ਚੋਰੀ ਰਾਤ ਸਮੇਂ ਜਬ ਆਵੈ, ਉਸ ਨੂੰ ਮਾਰ ਗਵਾਵੋ ।
ਦੇ ਕੇ ਅਕਦੁ ਨਿਕਾਹ ਸੋਹਣੀ ਦਾ, ਤੋਰ ਬਿਲੇ ਝੱਬ ਲਾਵੋ ।
ਬਦਔਲਾਦ ਬੁਰੀ ਇਸ ਕੋਲੋਂ, ਆਪਣਾ ਆਪ ਬਚਾਵੋ ।
ਹਾਸ਼ਮ ਸ਼ਰਮ ਰਹੇ ਜਿਸ ਵੇਲੇ, ਸ਼ੁਕਰ ਕਰੋ ਲਖ ਪਾਵੋ ।79।

ਸੀ ਇਕ ਹੋਰ ਕਦੀਮ ਸੋਹਣੀ ਦੀ, ਮਹਿਰਮੁ ਰਾਜ਼ ਸਹੇਲੀ ।
ਜਾਤੋਂ ਭੈਣ ਸ਼ਰੀਕ ਗੁਆਂਢਣ, ਵਸਦੀ ਇਕਸੁ ਹਵੇਲੀ ।
ਜਿਤਨੀ ਚਾਲ ਕੀਤੀ ਘੁਮਿਆਰਾਂ, ਸੁਣਿ ਕੈ ਓਸ ਇਕੇਲੀ ।
ਹਾਸ਼ਮ ਆਣ ਕਹਿਆ ਰੱਬ ਸਾਹਿਬ, ਆਪ ਤੁਸਾਡਾ ਬੇਲੀ ।80।

ਸੁਣਿ ਕੇ ਬਾਤ ਸੋਹਣੀ ਨੇ ਉਸ ਦੀ, ਫੇਰ ਕਹਿਆ ਸੁਣਿ ਆਲੀ !
ਜਿਨ੍ਹਾਂ ਥਾਉਂ ਨ ਤਕੀਆ ਕੋਈ, ਰੱਬ ਤਿਨ੍ਹਾਂ ਦਾ ਵਾਲੀ ।
ਪਰ ਤੂੰ ਢੂੰਢ ਕਿਤੇ ਵਲ ਫਿਰਦਾ, ਮੇਹੀਂਵਾਲ ਖ਼ਿਆਲੀਂ ।
ਹਾਸ਼ਮ ਆਖ ਕਿਵੈਂ ਰੱਬ ਉਸ ਨੂੰ, ਛੋਡੁ ਬੁਰੀ ਇਹੁ ਚਾਲੀ ।81।

ਜੇ ਤੂੰ ਫੇਰ ਗਲੀ ਇਸ ਆਵੇਂ, ਜਾਨ ਕਿਵੇਂ ਨ ਰਹਿਸੀ ।
ਜਬ ਲਗ ਜਾਨ ਉਮੈਦ ਮਿਲਣ ਦੀ, ਕੌਣ ਮੁਇਆਂ ਮਿਲ ਬਹਿਸੀ ।
ਬਣ ਕੇ ਬੈਠ ਫ਼ਕੀਰ ਕਿਨਾਰੇ, ਪਾਰ ਨਦੀ ਵਿਚ ਵਹਿਸੀ ।
ਹਾਸ਼ਮ ਯਾਦ ਇਲਾਹੀ ਕਰਿ ਤੂੰ, ਸਾਰ ਕਦੇ ਰੱਬ ਲਹਿਸੀ ।82।

ਕਾਬਲ ਕਾਰ ਸਹੇਲੀ ਸੁਣ ਕੇ, ਸੁਖ਼ਨ ਸ਼ਿਤਾਬ ਸਿਧਾਈ ।
ਮੇਹੀਂਵਾਲ ਤਾਈਂ ਗੱਲ ਸਾਰੀ, ਕਰਕੇ ਸਾਫ਼ ਸੁਣਾਈ ।
ਆਸ਼ਕ ਪਾਸ ਮਸ਼ੂਕ ਸਨੇਹਾ, ਚਿਣਗੁ ਕੱਖਾਂ ਵਿਚ ਪਾਈ ।
ਹਾਸ਼ਮ ਦੇਖ ਸ਼ਹਿਰ ਥੋਂ ਉਸ ਦੀ, ਵਾਗ ਨਸੀਬ ਉਠਾਈ ।83।

ਮੇਹੀਂਵਾਲ ਨ ਕੀਤਾ ਹਰਗਿਜ਼, ਹੀਲਾ ਸੁਖ਼ਨ ਵਿਚਾਰੇ ।
ਤੁਰਿਆ ਫੇਰ ਹਿਜਰ ਕਰਿ ਆਹੀਂ, ਨਾਲ ਗਏ ਦੁਖ ਸਾਰੇ ।
ਡਿਗਿਆ ਜਾਇ ਸ਼ਹੀਦ ਇਸ਼ਕ ਦਾ, ਨਦੀਓਂ ਪਾਰ ਕਿਨਾਰੇ ।
ਹਾਸ਼ਮ ਖ਼ਿਦਰ ਧਿਆਵੇ ਹਰ ਦਮ, ਆਪਣਾ ਹਾਲ ਪੁਕਾਰੇ ।84।

ਆਜਿਜ਼ ਲੋਕ ਫ਼ਕੀਰ ਨਦੀ ਪਰ, ਫਿਰਦਾ ਦੇਖ ਮਲਾਹਾਂ ।
ਜੋੜੇ ਦਸਤ ਕਹਿਆ ਰਹੁ ਸਾਥੇ, ਸਾਨੂੰ ਲੱਖ ਪਨਾਹਾਂ ।
ਦਿਤੀ ਘਾਟ ਉਤੇ ਕਰ ਕੁਟੀਆ, ਉਲਫ਼ਤ ਨਾਲ ਤਦਾਹਾਂ ।
ਹਾਸ਼ਮ ਕਾਜ ਗਰੀਬਾਂ ਵਾਲੇ, ਹੋਵਣ ਬਾਝ ਸਲਾਹਾਂ ।85।

ਘਾਇਲ ਹਾਲ ਖ਼ਰਾਬ ਸੋਹਣੀ ਦਾ, ਸਬਰੁ ਅਰਾਮੁ ਨ ਆਵੈ ।
ਨ੍ਹਾਵਣ ਘਾਟ ਉਤੇ ਹਰ ਹੀਲੇ, ਨਾਲ ਸਹੀਆਂ ਰਲ ਜਾਵੈ ।
ਪਾਰੋਂ ਯਾਰ ਸੱਜਣ ਦੀ ਕੁਟੀਆ, ਵਾਂਗ ਸ਼ਮ੍ਹਾਂ ਦਿਸ ਆਵੈ ।
ਹਾਸ਼ਮ ਨਾਲ ਦਲੀਲ ਅਕਲ ਦੇ, ਰੋਜ਼ ਸੋਹਣੀ ਮਿਲ ਆਵੈ ।86।

ਸਭ ਥੀਂ ਬਹੁਤ ਬੁਰਾ ਦੁਖ ਦਿਲ ਦਾ, ਮੁਸ਼ਕਲ ਸਹਿਣ ਜੁਦਾਈ ।
ਵਹਿਸ਼ੀ ਤੌਰ ਉਦਾਸ ਸੋਹਣੀ ਦਾ, ਜਿਉਂ ਕਰਿ ਫਿਰਨ ਸ਼ੋਦਾਈ ।
ਲਾਵਨ ਜ਼ੋਰ ਨਸੀਹਤ ਦੇਵਣ, ਮਾਇ ਪਿਉ ਹੋਰ ਲੁਕਾਈ ।
ਹਾਸ਼ਮ ਦੇਖ ਬਣੀ ਘੁਮਿਆਰਾਂ, ਬਿਪਤਾ ਇਸ਼ਕ ਬਣਾਈ ।87।

ਡਿਠੀ ਚਾਲ ਬੁਰੀ ਘੁਮਿਆਰਾਂ, ਮਗਰੋਂ ਕਹਿਆ ਲੁਕਾਈ ।
ਦੂਜੀ ਤਰਫ਼ ਸ਼ਹਿਰ ਵਿਚ ਉਸ ਦੀ, ਤੁਰਤੁ ਕੀਤੀ ਕੁੜਮਾਈ ।
ਕਰਕੇ ਦਾਜ ਦਹੇਜ ਚਲਾਵਾਂ, ਢੋਲਕ ਚਾਇ ਬਜਾਈ ।
ਹਾਸ਼ਮ ਦੇਖ, ਬਲਾਓਂ ਮਾਪਿਆਂ, ਆਪਣੀ ਜਾਨ ਛੁਡਾਈ ।88।

ਦਿਲ ਵਿਚ ਸੋਗ ਕੂੜਾਵੀ ਜ਼ਾਹਰ, ਸ਼ਾਦੀ ਚਾਇ ਜਗਾਈ ।
ਜੋੜਾ-ਜਾਮ ਨਹੀਂ ਉਹ ਉਸ ਨੂੰ, ਖਫਣੀ ਚਾਇ ਪੈਨ੍ਹਾਈ ।
ਲੱਗੀ ਸਖਤ ਦਿਲਾਂ ਵਿਚ ਦੂਜੀ, ਮੁਰਦਾ ਤੋਰ ਚਲਾਈ ।
ਹਾਸ਼ਮ ਜਾਣ ਦਿਲੋਂ ਉਹ ਡੋਲੀ, ਅਜ਼ਰਾਈਲ ਉਠਾਈ ।89।

ਦਿਤੀ ਨਾਲ ਜਨੇਤ ਸੋਹਣੀ ਕਰਿ, ਵਿਦਿਆ ਲੋਕ ਬਿਗਾਨੇ ।
ਜਿਉਂ ਕਰ ਚਾਲ ਕਦੀਮ ਜਗਤ ਦੀ, ਬੈਠੀ ਆਇ ਟਿਕਾਣੇ ।
ਸਾਰਤ ਸ਼ਗਨ ਕੀਤੇ ਰਲਿ ਤਿਸ ਦਿਨ, ਸਾਸੁ ਜਿਵੇਂ ਮਨ ਭਾਣੇ ।
ਹਾਸ਼ਮ ਦਰਦਵੰਦਾਂ ਦੇ ਦਿਲ ਦੀ, ਕੌਣ ਬਿਨਾਂ ਰੱਬ ਜਾਣੇ ।90।

ਫਿਰ ਫਿਰ ਬੈਠ ਸੋਹਣੀ ਘਰ ਮਾਪਿਆਂ, ਰਖਦੀ ਜਾਨ ਬਚਾਈ ।
ਸਾਹੁਰੇ ਲੋਕ ਬੇਦਰਦ ਬਿਗਾਨੇ, ਕੁਟਣ ਕਠੋਰ ਕਸਾਈ ।
ਸਾਹਿਬ ਦਰਦ ਨਿਮਾਣੀ ਆਜਿਜ਼, ਕੈਦ ਬੁਰੀ ਵਿਚ ਆਈ ।
ਹਾਸ਼ਮ ਦੇਖ ਨਸੀਬ ਸੋਹਣੀ ਦੇ, ਬਾਲ ਚਿਖਾ ਚੁਕ ਪਾਈ ।91।

ਮੇਹੀਂਵਾਲ ਤਾਈਂ ਇਹ ਬਿਪਤਾ, ਖਲਕਤ ਜਾਇ ਸੁਣਾਈ ।
ਜਿਉਂ ਕਰ ਤੋਰ ਦਿਤੀ ਉਹ ਉਸਨੂੰ, ਜਾਨ ਦੁਖਾਂ ਵਿਚ ਆਈ ।
ਹਰ ਇਕ ਸੁਖ਼ਨ ਲਗਾ ਤਨ ਆਸ਼ਕ, ਬਰਛੀ ਸਾਣ ਚੜ੍ਹਾਈ ।
ਹਾਸ਼ਮ ਚਿਣਗ ਕੱਖਾਂ ਵਿਚ ਆਹੀ, ਮਗਰੋਂ ਫੂਕ ਮਚਾਈ ।92।

ਸੁਣਕੇ ਗੱਲ ਜਿਵੇਂ ਜਿਉਂ ਵਰਤੀ, ਹਾਲਤ ਨਾਲ ਪਿਆਰੇ ।
ਮੇਹੀਂਵਾਲ ਹੋਇਆ ਅੰਗਿਆਰਾ, ਭੜਕ ਲਗੀ ਵਲਿ ਸਾਰੇ ।
ਵੜਿਆ ਜਨੂੰਨ ਇਸ਼ਕ ਦਾ ਉਥੇ, ਖ਼ੌਫ਼ ਗਏ ਉਠ ਭਾਰੇ ।
ਹਾਸ਼ਮ ਇਸ਼ਕ ਘਣੇ ਘਰ ਵਸਦੇ, ਡੋਬ ਦਿਤੇ ਮੁੜ ਸਾਰੇ ।93।

ਆਸ਼ਕ ਜਾਨ ਵਲੋਂ ਹੱਥ ਧੋਤੇ, ਫੇਰ ਫਿਰੀ ਸਿਰ ਬਾਜ਼ੀ ।
ਢੂੰਡੀ ਹੋਰ ਦਿਲੋਂ ਇਕ ਹਿਕਮਤਿ, ਹੀਲਾ ਦੂਰ ਦਰਾਜ਼ੀ ।
ਨਾਲ ਕਬਾਬ ਲਏ ਕਰ ਮਛਲੀ, ਖ਼ੂਬ ਤਰ੍ਹਾਂ ਫਿਰ ਤਾਜ਼ੀ ।
ਹਾਸ਼ਮ ਯਾਰ ਸੱਜਣ ਦੇ ਕਾਰਨ, ਹੋਸੁ ਕਿਵੇਂ ਦਿਲ ਰਾਜ਼ੀ ।94।

ਨਿਸਬੋਂ ਰਾਤ ਗਈ ਜਿਸ ਵੇਲੇ, ਸਬਰ ਖੁਦਾਈ ਕਰਕੇ ।
ਮੇਹੀਂਵਾਲ ਨਦੀ ਵਿਚ ਵੜਿਆ, ਆਸ ਰੱਬੇ ਦੀ ਧਰ ਕੇ ।
ਆਸ਼ਕ ਜ਼ੋਰ ਜਨੂੰਨ ਇਸ਼ਕ ਦੇ, ਪਾਰ ਹੋਇਆ ਨੈਂ ਤਰ ਕੇ ।
ਹਾਸ਼ਮ ਮਿਲਣ ਮੁਹਾਲ ਸੱਜਣ ਨੂੰ, ਜੋ ਮਿਲਿਆ ਸੋ ਮਰ ਕੇ ।95।

ਵੜਿਆ ਸ਼ਹਿਰ ਘਣੇ ਕਰ ਹੀਲੇ, ਮਰਦ ਵਡਾ ਬਲਕਾਰੀ ।
ਘਾਤੋਂ ਚੋਰ ਹੋਵਣ ਸ਼ਰਮਿੰਦੇ, ਉਸ ਦੀ ਦੇਖ ਅੱਯਾਰੀ ।
ਪਹੁਤਾ ਜਾਇ ਸੋਹਣੀ ਜਿਸ ਜਾਗ੍ਹਾ, ਆਜਿਜ਼ ਪਈ ਅਜ਼ਾਰੀ ।
ਹਾਸ਼ਮ ਜਾਨ ਘੁਮਾਵਣ ਆਸ਼ਕ, ਯਾਰ ਉਤੋਂ ਲਖ ਵਾਰੀ ।96।

ਯਾਰ ਬੀਮਾਰ ਡਿਠਾ ਜਦ ਉਸ ਨੇ, ਜਾਣੁ ਗਈ ਫਿਰ ਕਾਤੀ ।
ਮੁਈ ਜਾਗ ਉਠੀ ਜਦ ਉਸ ਨੇ, ਸੂਰਤ ਯਾਰ ਪਛਾਤੀ ।
ਸੂਰਜ ਦਰਦਵੰਦਾਂ ਦੇ ਦਿਲ ਨੂੰ, ਲਾਖ ਚੜ੍ਹੇ ਉਸ ਰਾਤੀ ।
ਹਾਸ਼ਮ ਕੂਕ ਸੁਣੀ ਰੱਬ ਸਾਹਿਬ, ਯਾਰ ਮਿਲੇ ਲਗ ਛਾਤੀ ।97।

ਖਾਣਾ ਖ਼ੂਬ ਪਕਾ ਭੁਖ ਚੜ੍ਹਦੀ, ਦਸਤੀਂ ਯਾਰ ਲਿਆਇਆ ।
ਜਾਣੋਂ ਤਾਮ ਬਹਿਸ਼ਤੀ ਉਸਨੂੰ, ਸਿਦਕ ਪਿਛੇ ਰੱਬ ਲਿਆਇਆ ।
ਯਾ ਹਕਸੀਰ ਮਿਲੇ ਦੁਖ ਭੁਲੇ, ਸਭ ਦੁਖ ਮਾਰ ਗਵਾਇਆ ।
ਹਾਸ਼ਮ ਜਾਣ ਗ਼ਨੀਮਤ ਮਿਲਣਾ, ਬਹੁਤ ਅਸਾਂ ਸੁਖ ਪਾਇਆ ।98।

ਨਿਬੜੀ ਰਾਤ ਪਿਆ ਵਿਚ ਦਿਲ ਦੇ, ਖ਼ਤਰਾ ਖ਼ੌਫ਼ ਫਜ਼ਰ ਦਾ ।
ਮੇਹੀਂਵਾਲ ਹੋਇਆ ਮੁੜਿ ਰਾਹੀ, ਸਹਿੰਦਾ ਸੂਲ ਫ਼ਿਕਰ ਦਾ ।
ਫਿਰਿਆ ਤੌਰ ਸੋਹਣੀ ਨੂੰ ਮਿਲਕੇ, ਮਿਲਿਆ ਘਾਉ ਜਿਗਰ ਦਾ ।
ਹਾਸ਼ਮ ਐਸ਼ ਇਸ਼ਕ ਵਿਚ ਏਹੋ, ਵੇਖਣ ਵਸਲ ਹਿਜਰ ਦਾ ।99।

ਰੋਂਦਾ ਹਾਲ ਬੁਰੇ ਉਠ ਤੁਰਿਆ, ਮੰਗਦਾ ਮੌਤ ਖ਼ੁਦਾਵੋਂ ।
ਗੁੱਡੀ ਵਾਂਗੁ ਹੋਇਆ ਤਨ ਉਸਦਾ, ਉਡਿਆ ਬਾਝ ਹਵਾਵੋਂ ।
ਡਰਦਾ ਕੂਕ ਸਕੇ ਨਹੀਂ ਬੇਲੇ, ਇੱਜ਼ਤ ਦਰਦ ਹਯਾਵੋਂ ।
ਹਾਸ਼ਮ ਸ਼ੌਕ ਸਵਾਇਆ ਹੋਇਆ, ਘੁੱਥਾ ਯਾਰ ਨ ਦਾਵੋਂ ।100।

ਫੜਿਆ ਰਾਤ ਸਮੇਂ ਇਹ ਪੇਸ਼ਾ, ਚੀਰ ਨਦੀ ਨਿਤ ਆਵੈ ।
ਖ਼ਾਤਰ ਯਾਰ ਕਬਾਬ ਹਮੇਸ਼ਾ, ਕਰਕੇ ਖ਼ੂਬ ਲਿਆਵੈ ।
ਧਰ ਕੇ ਜਾਨ ਤਲੀ ਪਰ ਅਪਣੀ, ਇਤਨੀ ਕਾਰ ਪੁਜਾਵੈ ।
ਹਾਸ਼ਮ ਆਣੁ ਇਸ਼ਕ ਦੀ ਇਸ ਵਿਚ, ਯਾਰ ਵਲੋਂ ਰਹਿ ਆਵੈ ।101।

ਲਾਂਘਾ ਆਣ ਨਦੀ ਵਿਚ ਪਾਇਆ, ਇਕ ਦਿਨ ਸਾਥ ਲਬਾਣੇ ।
ਮਛਲੀ ਪਕੜ ਨ ਹੋਈ ਉਸ ਥੋਂ, ਵਹਿੰਦੇ ਲੱਖ ਮੁਹਾਣੇ ।
ਮੇਹੀਂਵਾਲ ਰਹਿਆ ਕਰ ਹੀਲਾ, ਮਛਲੀ ਪਕੜਿ ਨ ਜਾਣੇ ।
ਹਾਸ਼ਮ ਆਣ ਬਣੀ ਉਸ ਮੁਸ਼ਕਲ, ਆਜਿਜ਼ ਮਰਦ ਨਿਮਾਣੇ ।102।

ਆਦਤ ਰੋਜ਼ ਕਬਾਬਾਂ ਵਾਲੀ, ਮੁਸ਼ਕਲ ਬਣੀ ਹਕੀਰੋਂ ।
ਔਖੀ ਕਾਰ ਬਣੇ ਕਿਸ ਹੀਲੇ, ਆਜਿਜ਼ ਲੋਕ ਫ਼ਕੀਰੋਂ ।
ਕੀਤੇ ਓਨ ਕਬਾਬ ਨਿਹਾਇਤ, ਆਪਣੇ ਕਾਟਿ ਸਰੀਰੋਂ ।
ਹਾਸ਼ਮ ਇਸ਼ਕ ਹੋਵੇ ਝਬ ਸਾਬਤ, ਕਾਮਲ ਸਾਫ਼ ਜ਼ਮੀਰੋਂ ।103।

ਤੁਰਿਆ ਫੇਰ ਸੱਜਨ ਵਲ ਸਾਦਕ, ਰਾਤ ਸਮੇਂ ਨੈਂ ਤਰ ਕੇ ।
ਘਾਇਲ ਜਾਨ, ਦੂਜਾ ਤਨ ਘਾਇਲ, ਪਾਰ ਹੋਇਆ ਮਰ ਮਰ ਕੇ ।
ਇਕ ਇਕ ਪੈਰ ਧਰੇ ਚੁੱਕ ਦੁਖੀਆ, ਲਾਖ ਮਣਾਂ ਹਠ ਕਰ ਕੇ ।
ਹਾਸ਼ਮ ਆਸ਼ਕ ਮਿਲਣ ਮਸ਼ੂਕਾਂ, ਜਾਨ ਤਲੀ ਪੁਰ ਧਰ ਕੇ ।104।

ਮਿਲਿਆ ਜਾਇ ਸ਼ਮ੍ਹਾਂ ਪਰਵਾਨਾ, ਨਾਲ ਦੁਖਾਂ ਦਿਲ ਘਿਰਦੇ ।
ਖੋਲ੍ਹ ਕਬਾਬ ਧਰਿਓਨੇ ਆਸ਼ਕ, ਫੇਰ ਅਗੇ ਦਿਲਬਰ ਦੇ ।
ਦੋਵੇਂ ਚੋਰ ਦੁਖੀ ਉਹ ਜਾਗਣ, ਸੁੱਤੇ ਲੋਕ ਸ਼ਹਿਰ ਦੇ ।
ਹਾਸ਼ਮ ਨਾਲਿ ਦੁਖਾਂ ਦਮ ਜਾਲਨ, ਆਜਿਜ਼ ਘਾਟ ਨ ਘਰ ਦੇ ।105।

ਉਲਫਤਿ ਨਾਲ ਕਬਾਬ ਸੋਹਣੀ ਨੇ, ਤੋੜ ਜ਼ਰਾ ਮੁਖ ਪਾਇਆ ।
ਕਾਤਲ ਸ਼ੋਰ ਮਜ਼ਾ ਉਸ ਕੋਲੋਂ, ਤੇਜ਼ ਜੇਹਾ ਕੁਝ ਆਇਆ ।
ਮੇਹੀਂਵਾਲ ਕੋਲੋਂ ਫਿਰ ਪੁਛਿਆ, ਦੂਰ ਕਬਾਬ ਹਟਾਇਆ ।
ਹਾਸ਼ਮ ਕੌਣ ਬੁਰੀ ਅੱਜ ਆਫ਼ਤ, ਮਾਰ ਕਬਾਬੁ ਲਿਆਇਆ ।106।

ਸੋਹਣੀ ਖ਼ਿਆਲ ਪਈ ਉਸ ਕੋਲੋਂ, ਚਾਹੇ ਬਾਤ ਪੁਛਾਈ ।
ਆਸ਼ਕ ਲੋਕ ਮਸ਼ੂਕੋਂ ਕਿਕੁਰ, ਰਖਦੇ ਭੇਤ ਲੁਕਾਈ ।
ਸੂਰਤ ਹਾਲ ਲਬਾਣੇ ਵਾਲੀ, ਕਹਿ ਕੇ ਸਾਫ਼ ਸੁਣਾਈ ।
ਹਾਸ਼ਮ ਹੋਰ ਹਕੀਕਤ ਤਨ ਦੀ, ਜ਼ਾਹਰ ਖੋਲ੍ਹ ਦਿਖਾਈ ।107।

ਸੋਹਣੀ ਵੇਖ ਕਬਾਬ ਸੱਜਣ ਦਾ, ਫੇਰ ਕਹਿਆ ਕਰਿ ਜ਼ਾਰੀ-
‘ਸ਼ਾਬਸ਼ ਯਾਰ ! ਮੁਰਾਦ ਇਸ਼ਕ ਦੀ, ਤੈਂ ਕਰਿ ਖ਼ੂਬ ਉਤਾਰੀ ।
ਮੇਰੀ ਜਾਨ ਹੋਈ ਸਿਰ ਸਦਕੇ, ਵਾਰ ਸੁਟੀ ਲਖ ਵਾਰੀ ।
ਹਾਸ਼ਮ ਸ਼ੌਕ ਤੇਰੇ ਵਿਚ ਤਪਦੀ, ਇਸ਼ਕ ਉਤੋਂ ਬਲਹਾਰੀ ।108।

ਹੁਣ ਤੂੰ ਫੇਰ ਨ ਆਵੀਂ ਹਰਗਿਜ਼, ਬੈਠ ਟਿਕਾਣਾ ਕਰਕੇ ।
ਪੂਰਾ ਨੇਹੁੰ ਹੋਇਆ ਤੁਧ ਕੋਲੋਂ, ਜਾਨ ਉਤੇ ਦੁਖ ਜਰ ਕੇ ।
ਉਥੇ ਬੈਠ ਉਡੀਕ ਸੋਹਣੀ ਨੂੰ, ਆਸ ਰੱਬੇ ਦੀ ਧਰ ਕੇ ।
ਹਾਸ਼ਮ ਆਣਿ ਉਥਾਈਂ ਮਿਲਸਾਂ, ਪਾਰ ਝਨਾਓਂ ਤਰ ਕੇ ।109।

ਮੇਹੀਂਵਾਲ ਸੋਹਣੀ ਨੂੰ ਮਿਲ ਕੇ, ਫੇਰ ਹੋਇਆ ਮੁੜ ਰਾਹੀ ।
ਅਗਲੀ ਰਾਤ ਸੋਹਣੀ ਨੂੰ ਸ਼ਹਿਰੋਂ, ਵਾਗ ਨਸੀਬ ਉਠਾਈ ।
ਨਿਸਬੋਂ ਰਾਤ ਗਈ ਜਿਸ ਵੇਲੇ, ਦੌੜ ਸੱਜਣ ਵਲ ਧਾਈ ।
ਹਾਸ਼ਮ ਕਰਿ ਅਸਬਾਬ ਨਦੀ ਦਾ, ਨਾਲਿ ਘੜਾ ਲੈ ਆਈ ।110।

ਧਰ ਕੇ ਜਾਨ ਤਲੀ ਪੁਰ ਦਿਲ ਥੋਂ, ਖ਼ਤਰਾ ਖ਼ੌਫ਼ ਉਠਾਇਆ ।
ਅੰਚਲ ਛੋਡ ਘੜਾ ਧਰਿ ਛਾਤੀ, ਸਾਹਿਬੁ ਨਾਮੁ ਧਿਆਇਆ ।
ਪੀਰ ਸ਼ਹੀਦ ਵਲੀ ਹੋਰ ਜਿਤਨੇ, ਖ਼ੁਆਜਾ ਪੀਰ ਮਨਾਇਆ ।
ਹਾਸ਼ਮ ਸਿਦਕ ਪਿਛੇ ਰੱਬ ਉਸ ਨੂੰ, ਨਦੀਓਂ ਪਾਰ ਲੰਘਾਇਆ ।111।

ਜਾਨੀ ਯਾਰ ਦੋਵੇਂ ਮਿਲ ਬੈਠੇ, ਸਾਹਿਬ ਫੇਰ ਮਿਲਾਏ ।
ਵਾਰੋ ਵਾਰ ਦੋਹਾਂ ਦੁਖ ਆਪਣੇ, ਹਾਲ ਹਵਾਲ ਸੁਣਾਏ ।
ਮਿਲਿਆਂ ਬੀਤ ਗਏ ਦਮ ਜਿਤਨੇ, ਜਾਣੁ ਸੋਈ ਦਮ ਆਏ ।
ਹਾਸ਼ਮ ਜਾਣ ਸੋਈ ਸੁਖ ਪਾਵਗੁ, ਬਹੁਤ ਜਿਨ੍ਹਾਂ ਦੁਖ ਪਾਏ ।112।

ਪਿਛਲੀ ਰਾਤ ਸੋਹਣੀ ਮੁੜ ਆਵੈ, ਕਰਕੇ ਫ਼ਿਕਰ ਅੰਦੇਸ਼ਾ ।
ਓਸੇ ਤੌਰ ਤਰ੍ਹਾਂ ਉਸ ਵੇਲੇ, ਪਹੁੰਚੇ ਪਾਰ ਹਮੇਸ਼ਾ ।
ਆਵੇ ਛੋਡ ਘੜਾ ਵਿਚ ਬੇਲੇ, ਰੋਜ਼ ਸਬਾਹੀ ਪੇਸ਼ਾ ।
ਹਾਸ਼ਮ ਇਸ਼ਕ ਅਜੇਹੀ ਆਫ਼ਤ, ਸਮਝ ਮੀਆਂ ਰਗ ਰੇਸ਼ਾ ।113।

ਘਰ ਦੇ ਲੋਕ ਮਹਾਂ ਹਤਿਆਰੇ, ਗਿਰਦ ਰਖਣ ਨਿਤ ਘੇਰਾ ।
ਬੇਲੇ ਸ਼ੇਰ ਬਘੇਲੇ ਬੁੱਕਣ, ਸ਼ਹੁ ਦਰਿਆਉ ਔਖੇਰਾ ।
ਸੋਹਣੀ ਫੇਰ ਮਿਲੇ ਤਰ ਨਦੀਓਂ, ਪਹੁੰਚੇ ਸੰਝ ਸਵੇਰਾ ।
ਹਾਸ਼ਮ ਇਸ਼ਕ ਦੇ ਜਾਮਿਨ ਮੁਸ਼ਕਲ, ਸਭ ਤੇ ਖਰਾ ਅਉਖੇਰਾ ।114।

ਰਾਤੀਂ ਪਾਰ ਨਦੀ ਤਰ ਜਾਵੇ, ਲਖਿਆ ਭੇਉ ਹਸੂਦਾਂ ।
ਖ਼ਾਸੁਲਖ਼ਾਸ ਹੋਏ ਸਿਰ ਵੈਰੀ, ਫਿਕਰ ਕੀਤਾ ਮਰਦੂਦਾਂ ।
ਸੁਹਬਤ ਨਾਲ ਖਰਾਂ ਦਿਨ ਰਾਤੀ, ਸੋ ਘੁਮਿਆਰ ਗਦੂਦਾਂ ।
ਹਾਸ਼ਮ ਦਰਦਵੰਦਾਂ ਦੇ ਦੁਸ਼ਮਣ, ਮਰਸਣ ਨਾਲ ਅਮੂਦਾਂ ।115।

ਰਲਿ ਘੁਮਿਆਰ ਪਏ ਤਤਬੀਰੀਂ, ‘ਇਸਨੋ ਮਾਰ ਗਵਾਵੋ ।
ਮੁਇਆਂ ਬਾਝ ਨਹੀਂ ਇਹ ਹਟਦੀ, ਸੌ ਦੁਖ ਸੂਲ ਸੁਹਾਵੋ ।
ਜੁੰਮੇ ਖ਼ੂਨ ਲਹੋ ਨਹੀਂ ਆਪਣੇ, ਆਪਣਾ ਆਪ ਬਚਾਵੋ ।
ਹਾਸ਼ਮ ਹਿਕਮਤਿ ਨਾਲ ਸੋਹਣੀ ਨੂੰ, ਰੋੜ੍ਹ ਨਦੀ ਸੁਖ ਪਾਵੋ’ ।116।

ਕਰ ਮਲੂਮ ਓਨ੍ਹਾਂ ਜਿਸ ਜਾਗ੍ਹਾ, ਰਖਦੀ ਘੜਾ ਲੁਕਾਇਆ ।
ਪੁਖ਼ਤਾ ਪਕੜ ਲਇਆ ਉਸ ਥਾਉਂ, ਖ਼ਾਮੀ ਚਾਇ ਟਿਕਾਇਆ ।
ਦਰਦਵੰਦਾਂ ਦੇ ਨਾਲ ਬਿਦਰਦਾਂ, ਰਲ ਕੇ ਦਗ਼ਾ ਕਮਾਇਆ ।
ਹਾਸ਼ਮ ਦੋਸ਼ ਕਿਸੇ ਵਿਚ ਨਾਹੀਂ, ਲੇਖ ਲਿਖੇ ਸੋਈ ਪਾਇਆ ।117।

ਓਸੇ ਵਖ਼ਤ ਹਮੇਸ਼ਾਂ ਵਾਲੇ, ਫੇਰ ਸੋਹਣੀ ਉਠਿ ਧਾਈ ।
ਆਈ ਰਾਤ ਸ਼ਹਾਦਤ ਵਾਲੀ, ਜੋ ਵਿਚ ਲੇਖ ਲਿਖਾਈ ।
ਤਾਂ ਤਕਦੀਰ ਗਈ ਲਗ ਆਫ਼ਤ, ਸੁਤੀ ਜਾਇ ਜਗਾਈ ।
ਹਾਸ਼ਮ ਰੋਜ਼ ਸੱਸੀ ਦੇ ਥਲ ਦੀ, ਰਾਤ ਸੋਹਣੀ ਸਿਰ ਆਈ ।118।

ਵਾਹਦ-ਜਾਨ ਸੋਹਣੀ ਵਿਚ ਬੇਲੇ, ਆਣ ਬਲਾਈਂ ਘੇਰੀ ।
ਜ਼ੋਰੋ ਜ਼ੋਰ ਦੁਹਾਂ ਲੜਿ ਜੋੜੇ, ਆਫ਼ਤ ਮੀਂਹ ਅਨ੍ਹੇਰੀ ।
ਚਾਵਨ ਸ਼ੇਰ ਦਲਾਂ ਗਜ ਮਸਤਾਂ, ਇਕ ਔਲਾਂਘ ਔਖੇਰੀ ।
ਹਾਸ਼ਮ ਮੇਹੀਂਵਾਲ ਮਿਲਾਵੇ, ਕੂਕ ਸੁਣੇ ਰੱਬ ਮੇਰੀ ।119।

ਦੁਖਾਂ ਦੇਖ ਸੋਹਣੀ ਨੂੰ ਫੜਿਆ, ਢੂੰਢ ਤਮਾਮ ਜਹਾਨੋਂ ।
ਅਚਨਚੇਤ ਗੁਝੀ ਲਖ ਆਫ਼ਤ, ਆਣ ਜੁੜੀ ਅਸਮਾਨੋਂ ।
ਵਰਸਨ ਮੇਂਹੁ ਲਗੇ ਅਜ਼ਗੈਬੀ, ਜਿਤਨੇ ਤੀਰ ਕਮਾਨੋਂ ।
ਹਾਸ਼ਮ ਸ਼ਿਆਮ ਘਟਾ ਵਿਚ ਬਿਜਲੀ, ਚਮਕੇ ਤੇਗ ਮਿਆਨੋਂ ।120।

ਖ਼ੂਨੀ ਸ਼ਾਮ ਘਟਾਂ ਵਿਚ ਬਿਜਲੀ, ਚਮਕੇ ਨਾਲ ਮਰੋੜਾਂ ।
ਗੋਯਾ ਤੋਪ ਤੁਫੰਗ ਜੰਬੂਰੇ, ਰਖੇ ਆਣ ਕਰੋੜਾਂ ।
ਕੰਬੇ ਤਖ਼ਤ ਜ਼ਿਮੀ ਦਾ ਥਰਹਰ, ਸਹਣ ਪਹਾੜਨ ਤੋੜਾਂ ।
ਹਾਸ਼ਮ ਫੇਰ ਨ ਮੁੜਦੀ ਹਰਗਿਜ਼, ਮੋੜੇ ਕੌਣ ਅਮੋੜਾਂ ।121।

ਪਾਰ ਉਰਾਰ ਅੰਧੇਰੀ ਜ਼ਾਲਮ, ਹੋਣ ਜਹਾਜ਼ ਅਪੁੱਠੇ ।
ਪੁਟ ਪੁਟ ਰੁੱਖ ਬਣੇ ਸਣ ਮੂਲੀਂ, ਜਾਇ ਕਿਤੇ ਵਲ ਸੁੱਟੇ ।
ਆਦਮ ਕੌਣ ਪਹਾੜੋਂ ਉਡਿ ਉਡਿ, ਜਾਣ ਵਲਾਏ ਵੱਟੇ ।
ਹਾਸ਼ਮ ਸਾਹਿਬ ਸਿਦਕ ਨ ਹੋਵਣ, ਕਿਉਂ ਕਰ ਫੇਰ ਇਕੱਠੇ ।122।

ਬਾਰਸ਼ ਨਾਲ ਹੋਏ ਪੁਰ ਖ਼ਾਨੇ, ਕੁਲ ਜੀਅ ਆਣ ਉਛੱਲੇ ।
ਕੀੜੇ ਸੱਪ ਅਠੂੰਹੇ ਨੇਵਲ, ਆਣ ਜ਼ਿਮੀ ਪੁਰ ਮੱਲੇ ।
ਦਾਨੋਂ ਦੇਵ ਸਭੇ ਉਸ ਵੇਲੇ, ਹਰਗਿਜ਼ ਪੈਰ ਨ ਚੱਲੇ ।
ਹਾਸ਼ਮ ਨਾਲ ਯਕੀਨ ਸੋਹਣੀ ਨੇ, ਦੇਖ ਅਹੇ ਦਿਨ ਝੱਲੇ ।123।

ਬੋਲੇ ਨਾਲ ਅਨ੍ਹੇਰੀ ਬੇਲਾ, ਗਿਰਦੇ ਹਾਲ ਭਲੇਰੇ ।
ਜ਼ਹਿਰੀ ਨਾਗ ਅਠੂੰਹੇ ਸ਼ੂਕਣ, ਭਖਦਾ ਸਾਰੁ ਚੁਫੇਰੇ ।
ਨੇਤ੍ਰੀਂ ਡੰਗ ਜਿਨ੍ਹਾਂ ਦੇ ਲਸ਼ਕਣ, ਲਾਟਾਂ ਬਲਣ ਅਨ੍ਹੇਰੇ ।
ਚਾਂਦਨ ਓਸ ਧਰਾਵੇ ਹਾਸ਼ਮ, ਚੁਕ ਚੁਕ ਪੈਰ ਅਗੇਰੇ ।124।

ਬਾਸਕ ਪੂਤ ਫਣਾਂ ਉਛਲਾਵਣ, ਖੜਦੇ ਚੁੱਕ ਅਨ੍ਹੇਰਾ ।
ਬਿਜਲੀ ਤਾਉ ਕਰੇ ਮੁੜ ਚਾਂਦਨ, ਹੋਂਦਾ ਆਣ ਵਧੇਰਾ ।
ਰਲ ਕੇ ਆਣਿ ਦੁਹਾਂ ਦੇ ਚਾਂਦਨ, ਕੀਤਾ ਰਾਹ ਸੁਖੇਰਾ ।
ਹਾਸ਼ਮ ਐਸ਼ ਅਰਾਮ ਸੋਹਣੀ ਨੂੰ, ਇਤਨੋ ਜਾਣ ਬਤੇਰਾ ।125।

ਪਹੁਤੀ ਜਾਇ ਨਦੀ ਤਕ ਸੋਹਣੀ, ਕਾਮਲ ਸਿਦਕ ਪਹੁੰਚਾਈ ।
ਫੜਿਆ ਜਾਇ ਘੜਾ ਹਥ ਡੋਬੂ, ਤਾਰ ਬੰਨੇ ਜਿਨ ਲਾਈ ।
ਦਿਲ ਥੋਂ ਐਸ਼ ਹਯਾਤੀ ਵਾਲੀ, ਤੋੜ ਉਮੀਦ ਸਿਧਾਈ ।
ਹਾਸ਼ਮ ਦੇਖ ਨਸੀਬ ਸੋਹਣੀ ਦੇ, ਜੋ ਦੁਖ ਪਵਣ ਸਵਾਈ ।126।

ਹੋ ਸਿਰਬਾਜ਼ ਸ਼ਹੀਦ ਇਸ਼ਕ ਦੀ, ਛੋਡ ਗੁਮਾਨ ਨਿਹੋਰਾ ।
ਦੂਰੋਂ ਦੌੜ ਪਈ ਜਲ ਡੂੰਘੇ, ਤੋੜ ਸਭੀ ਗ਼ਮ ਝੋਰਾ ।
ਜਿਉਂ ਕਰ ਸੈਦ ਉਤੇ ਕਰ ਕਾਹਲ, ਬਾਜ਼ ਜਾਇ ਤਜਿ ਡੋਰਾ ।
ਹਾਸ਼ਮ ਸਖ਼ਤ ਬੁਰਾ ਸਭ ਜ਼ੋਰੋਂ, ਇਸ਼ਕ-ਬ੍ਰਿਹੋਂ ਦਾ ਜ਼ੋਰਾ ।127।

ਨੈਂ ਵਿਚ ਜਾਇ ਵੜੀ ਜਿਸ ਵੇਲੇ, ਭਾਰ ਘੜੇ ਪਰ ਪਾਇਆ ।
ਤਾਰੀ ਪਕੜ ਹਮੇਸ਼ਾਂ ਵਾਲੀ, ਸਾਬਤੁ ਜ਼ੋਰ ਲਗਾਇਆ ।
ਗਹਿਰੀ ਰਾਤ ਅਕਲ ਦੀ ਨਜ਼ਰੇ, ਖ਼ਾਮ ਘੜਾ ਦਿਸ ਆਇਆ ।
ਹਾਸ਼ਮ ਇਸ਼ਕ ਬਣੀ ਪਰ ਬਣਦਾ, ਪਲ ਪਲ ਸੂਲ ਸਵਾਇਆ ।128।

ਖ਼ਾਮੀ ਜਾਣ ਘੜਾ ਮੁੜ ਅਟਕੀ, ਢਿਲ ਕੀਤੀ ਦਰਿਆਵੋਂ ।
ਪਹੁੰਚਣ ਪਾਰ ਮੁਹਾਲ ਘੜੇ ਬਿਨ, ਜ਼ਾਲਮ ਨਦੀ ਚਨਾਵੋਂ ।
ਹਟਿਆਂ ਲਾਜ ਇਸ਼ਕ ਨੂੰ ਲਗਦੀ, ਡਰਦੀ ਏਸ ਬਲਾਵੋਂ ।
ਹਾਸ਼ਮ ਆਣਿ ਦਲੀਲਾਂ ਪਕੜੀ, ਮੁਸ਼ਕਲਿ ਬਣੀ ਰਜਾਵੋਂ ।129।

ਕੱਚੀ ਪੈਰ ਸੰਭਾਲ ਨ ਧਰਿਆ, ਸ਼ੀਰ ਪੀਤਾ ਸੀ ਕੱਚਾ ।
ਕੱਚੇ ਵਹਿਣ ਪਈ ਜਾਇ ਕੱਚੀ, ਤੁਲਾ ਵਿਹਾਝਿਆ ਕੱਚਾ ।
ਡੁਬਦੀ ਜਾਇ ਜਿਧਰ ਹਥ ਘੱਤਦੀ, ਸੋ ਹਥੁ ਪਾਵੈ ਕੱਚਾ ।
ਹਾਸ਼ਮ ਜਾਨ ਗਵਾਵੈ ਸੋਹਣੀ, ਪ੍ਰੇਮ ਨ ਕਰਸੀ ਕੱਚਾ ।130।

ਅਟਕੀ ਪਲਕੁ ਰਹੀ ਅਟਕਾਈ, ਅਕਲ ਦਿਤੀ ਬਦਰਾਹੀ ।
‘ਭਲਕੇ ਆਇ ਮਿਲੇਸਾਂ ਕਿਉਂ ਅਜ ਕਰੀਏ ਜਾਨ ਕੁਤਾਹੀ’ ।
ਪਰ ਉਹ ਇਸ਼ਕ ਨ ਮੁੜਨੇ ਦੇਂਦਾ, ਜੋ ਸਿਰਬਾਜ਼ ਸਿਪਾਹੀ ।
ਹਾਸ਼ਮ ਇਸ਼ਕ ਅਕਲ ਦਾ ਦੁਸ਼ਮਣ, ਕਹਿਣ ਕਦੀਮ ਗਵਾਹੀ ।131।

ਇਕ ਧਿਰ ਸ਼ੌਕ ਸੋਹਣੀ ਨੂੰ ਆਖੇ, ਹਾਰ ਨ ਸਿਦਕੋਂ ਮੂਲੇ ।
ਜਿਨ ਕਿਨ ਜਾਨ ਬਚਾਈ ਮਰਨੋਂ, ਮਤਲਬ ਲਇਆ ਨ ਮੂਲੇ ।
ਸਾਹਿਬ ਸਿਦਕ ਸੋਹਣੀ ਦਾ ਰਖਸੀ, ਖੁਸ਼ ਹੋ ਮੌਤ ਕਬੂਲੇ ।
ਹਾਸ਼ਮ ਹਾਰ ਨ ਸਿਦਕੋਂ ਮੂਲੇ, ਹੋਗੁ ਭਲਾ ਇਤ ਸੂਲੇ ।132।

ਸੋਹਣੀ ਸਮਝ ਡਿਠਾ ਵਿਚ ਦਿਲ ਦੇ, ਖ਼ੂਬ ਨਹੀਂ ਹੁਣ ਡਰਨਾ ।
ਆਫ਼ਤ ਮੌਤ ਨ ਮੁੜਦੀ ਸਿਰ ਥੋਂ, ਜਦ ਕਦ ਓੜਕ ਮਰਨਾ ।
ਤਾਰੂ ਅੰਤ ਡੁਬੇਂਦੇ ਆਹੇ, ਕਿਚਰਕੁ ਨੈਂ ਵਿਚ ਤਰਨਾ ।
ਹਾਸ਼ਮ ਕਾਰ ਸਿਦਕ ਦੀ ਨਾਹੀਂ, ਪੈਰ ਪਿਛਾਹਾਂ ਧਰਨਾ ।133।

ਸਾਬਤ ਸਿਦਕ ਸੋਹਣੀ ਕਰ ਧਾਈ, ਹਟੀ ਨ ਹਟਕੀ ਹੋੜੀ ।
ਖੂਨੀ ਵਹਿਣ ਕਹਿਰ ਦੀਆਂ ਲਹਿਰਾਂ, ਵਾਗ ਪਿਛ੍ਹਾਂ ਨ ਮੋੜੀ ।
ਐਸੀ ਪ੍ਰੀਤ ਸੱਜਣ ਵਲ ਜੋੜੀ, ਆਸ ਜੀਵਣ ਦੀ ਤੋੜੀ ।
ਹਾਸ਼ਮ ਸਿਦਕ ਸੋਹਣੀ ਦੇ ਉਪਰੋਂ, ਵਾਰੇ ਮਰਦ ਕਰੋੜੀਂ ।134।

ਧਾਈ ਜਾਨ ਤਲੀ ਪੁਰ ਧਰ ਕੇ, ਜਾਇ ਪਈ ਜਲ ਤਾਰੂ ।
ਸੂਲਾਂ ਦੁਖ ਪਏ ਰਲ ਫੌਜਾਂ, ਮੌਤ ਵਜਾਇਆ ਮਾਰੂ ।
ਆਹਾਕਾਰ ਪਇਆ ਵਿਚ ਜਲ ਦੇ, ਆਣਿ ਜੁੜੇ ਠਠ ਭਾਰੂ ।
ਹਾਸ਼ਮ ਫ਼ਤ੍ਹੇ ਨਸੀਬ ਇਸ਼ਕ ਦੇ, ਅਕਲ ਹਮੇਸ਼ਾ ਹਾਰੂ ।135।

ਗਹਿਰੀ ਰਾਤ ਹਾਥ ਛਪ ਜਾਵੈ, ਪੌਣ ਰੂਪ ਜਮ ਸਰਕੇ ।
ਖ਼ੂਨੀ ਤੇਜ਼ ਬਿੰਬ ਜਲ ਤਾਰੂ, ਸ਼ੀਂਹ ਮਰਨ ਡਰ ਡਰਕੇ ।
ਬਿਜਲੀ ਚਮਕ ਚਮਕ ਡਰ ਪਾਵੈ, ਬਰਫ਼ ਸਾਰ ਮੁੰਹ ਕਰਕੇ ।
ਪ੍ਰੀਤਿ ਰੀਤਿ ਐਸੀ ਕਰਿ ਹਾਸ਼ਮ, ‘ਸੋਹਣੀ’ ਫੇਰ ਚਲੀ ਨੈਂ ਤਰਕੇ ।136।

ਡੋਬੂ ਵਹਿਣ ਨਦੀ ਦਾ ਆਹਾ, ਪਾਰ ਉਰਾਰ ਨ ਦਿਸਦਾ ।
ਬੋਲੇ ਜ਼ੋਰ ਭਰੀ ਨੈਂ ਚੰਦਲ, ਬਰਫ਼ ਤੇਜ਼ ਜਲ ਦਿਸਦਾ ।
ਨਾਉਂ ਲਿਆਂ ਲੂੰ ਲੂੰ ਕੰਡਿਆਵੈ, ਤੇਜ਼ ਬੁਰਾ ਤਪ ਤਿਸਦਾ ।
ਹਾਸ਼ਮ ਓਸ ਨਦੀ ਵਿਚ ਤਰਨਾ, ਬਾਝ ਸੋਹਣੀ ਕੰਮ ਕਿਸਦਾ ?137।

ਕੱਪਰ ਨਾਲ ਖਹੇ ਕਰਿ ਜ਼ੋਰਾ, ਬਰਫ਼ ਨਦੀ ਵਿਚ ਕਰਕੇ ।
ਜਿਉਂ ਤਲਵਾਰ ਅਸੀਲ ਫੁਲਾਦੀ, ਸਾਣ ਚੜ੍ਹਾਈ ਸਰਕੇ ।
ਤਿਸ ਨੂੰ ਚੀਰ ਸੋਹਣੀ ਨੈਂ ਤਰਦੀ, ਜ਼ੋਰ ਇਸ਼ਕ ਦਾ ਕਰਕੇ ।
ਹਾਸ਼ਮ ਆਸ਼ਕ ਮਿਲਣ ਮਸ਼ੂਕਾਂ, ਜਾਨ ਤਲੀ ਪੁਰ ਧਰਕੇ ।138।

ਆਫ਼ਤ ਰੁੜ੍ਹੀ ਪਹਾੜੋਂ ਆਵੈ, ਪਰਲੀ ਪਰੇ ਪਰੇਰੀ ।
ਬਾਂਦਰ ਰਿਛ ਲੰਗੂਰ ਅਸਰਾਲਾ, ਮਾਰੇ ਮੀਂਹ ਅੰਧੇਰੀ ।
ਸੋਹਣੀ ਫੇਰ ਨ ਡਰਦੀ ਹਰਗਿਜ਼, ਰਖਦੀ ਤਾਂਘ ਅਗੇਰੀ ।
ਹਾਸ਼ਮ ਮੇਹੀਂਵਾਲ ਮਿਲਾਵੇ, ਕੂਕ ਸੁਣੇ ਰੱਬ ਮੇਰੀ ।139।

ਕਹਰੀਂ ਜ਼ੋਰ ਭਰੀ ਨੈਂ ਚੰਦਲ, ਫੜਿਆ ਜ਼ੋਰ ਜੁਆਨੀ ।
ਪੱਤਣ ਵਹਿਣ ਵਗਣ ਲੱਖ ਤਾਰੂ, ਇਕ ਇਕ ਲਹਿਰ ਤੁਫਾਨੀ ।
ਚੱਪੇ ਵੰਝ ਗਏ ਸਣ ਬੇੜੀ, ਰੁੜ੍ਹਦੇ ਕਿਨੀਂ ਮਕਾਨੀ ।
ਹਾਸ਼ਮ ਓਸ ਨਦੀ ਵਿਚ ਸੋਹਣੀ, ਨਾਮ ਜਪੇ ਮਿਲਿ ਜਾਨੀ ।140।

ਕੱਛ ਮੱਛ ਬੁਲ੍ਹਣ ਸਭ ਰਲਿ ਕੇ, ਹੋਈਆਂ ਗਿਰਦ ਕਤਾਰਾਂ ।
ਰੋਕਣ ਰਾਹ ਪਏ ਵਿਚ ਤੰਦੁਵੇ, ਪਾਇਆ ਜ਼ੋਰ ਸੰਸਾਰਾਂ ।
ਭੁਖੇ ਲੱਖ ਜੁੜੇ ਜਲਹੋੜੇ, ਦੁਸ਼ਮਣਿ ਹੋਰ ਹਜ਼ਾਰਾਂ ।
ਹਾਸ਼ਮ ਅੱਜ ਸੋਹਣੀ ਦੇ ਸਿਰ ਪਰ, ਫਿਰੀਆਂ ਹੋਰ ਬਹਾਰਾਂ ।141।

ਘੁੰਮਣਘੇਰਿ ਡੁਬਾਇਆ ਲੋੜਨ, ਭਰ ਭਰ ਲੈਣ ਕਲਾਵੇ ।
ਠਾਠਾਂ ਚੁਕ ਚੁਕ ਕਰਨ ਉਪੁੱਠਾ, ਲਹਿਰੀਂ ਵਾਰੁ ਨ ਆਵੇ ।
ਦੁਸ਼ਮਣਿ ਗਿਰਦ ਸੋਹਣੀ ਵਿਚ ਘੇਰੀ, ਲੱਖ ਲੱਖ ਚੋਟ ਬਚਾਵੇ ।
ਹਾਸ਼ਮ ਜੋ ਦਮ ਨਾਲ ਕਿਸੀ ਦੇ, ਇਕ ਪਲ ਕੌਣ ਮਿਟਾਵੇ ।142।

‘ਰੱਬਾ ! ਕੂਕ ਪੁਕਾਰ ਸੋਹਣੀ ਦੀ ਨਦੀਓਂ ਪਾਰ ਸੁਣਾਵੀਂ ।
ਮੇਹੀਂਵਾਲ ਉਡੀਕੇ ਮੈਨੂੰ, ਉਸ ਦੀ ਆਸ ਪੁਜਾਵੀਂ ।
ਜਿਤ ਵਲ ਯਾਰ ਸੋਹਣੀ ਦੀ ਮੱਯਤ, ਤਾਂਘ ਉਤੇ ਵਲਿ ਲਾਵੀਂ ।
ਹਾਸ਼ਮ ਖ਼ਾਕ ਰਹੇ ਕੇਹੀ ਤਪਦੀ, ਮੁਇਆਂ ਨੂੰ ਫੇਰ ਮਿਲਾਵੀਂ’ ।143।

ਨਾ ਕੁਛੁ ਦੋਸ਼ ਘੜੇ ਘੁਮਿਆਰਾਂ, ਖਲਕ ਭਲੀ ਸਭ ਸੱਚੀ ।
ਕੱਚੇ ਹੋਏ ਨਸੀਬ ਸੋਹਣੀ ਦੇ, ਚਾਲ ਬਣੀ ਸਭ ਕੱਚੀ ।
ਧੁਖਦੀ ਚਿਣਗ ਚਰੋਕੀ ਆਹੀ, ਆਣਿ ਨਿਹਾਇਤ ਮੱਚੀ ।
ਹਾਸ਼ਮ ਦੋਸ਼ ਕਿਸੇ ਵਿਚ ਨਾਹੀ, ਆਪ ਬੁਰੀ ਗਲਿ ਰਚੀ ।144।

‘ਕੱਛ ਮੱਛ ਜਲ-ਹੋੜਾ! ਸੁਣਿਓ, ਸੁਣਿਓ ਬਰਾ ਖ਼ੁਦਾਈ ।
ਮੇਹੀਂਵਾਲ ਫ਼ਕੀਰ ਨਿਮਾਣੇ, ਦੇਹੁ ਸਨੇਹਾ ਜਾਈ –
‘ਸੋਹਣੀ ਡੱਬ ਮੁਈ ਅੱਜ ਤੇਰੀ, ਕਰੀਂ ਉਮੈਦ ਨ ਕਾਈ’ ।
ਹਾਸ਼ਮ ਲੇਖ ਜਿਵੇਂ ਕੁਝ ਲਿਖਿਆ, ਚਾਲ ਬਣੀ ਸਿਰ ਆਈ ।145।

ਤਬ ਲਗ ਰਹੀ ਤਰੰਦੀ ਸੋਹਣੀ, ਰਹੀ ਹਮਾਇਤ ਬਖ਼ਤੋਂ ।
ਮੇਵਾ ਤੋੜਿ ਜਨਾਵਰ ਖੜਿਆ, ਤੁਟਿਆ ਸ਼ਾਖ ਦਰਖ਼ਤੋਂ ।
ਉਲਟੇ ਵਖਤਿ ਪਏ ਜਦਿ ਵੈਰੀ, ਚਾਇ ਸੁਟਾਈ ਤਖ਼ਤੋਂ ।
ਹਾਸ਼ਮ ਆਖ, ਕਿਨ੍ਹੇ ਸੁਖ ਪਾਇਆ, ਜ਼ਾਲਮ ਨੇਹੁੰ ਕੰਬਖ਼ਤੋਂ ।146।

ਲੰਮੇ ਵਹਿਣ ਰੁੜ੍ਹੀ ਕਰ ਵਿਦਿਆ, ਸੱਜਣ ਸਾਥ ਪਿਆਰੇ ।
ਲੂੰ ਲੂੰ ਫੇਰ ਮੁਈ ਭੀ ਜਾਣਹੁ, ‘ਮੇਹੀਂਵਾਲ’ ਪੁਕਾਰੇ ।
ਸੁਇਨਾ ਚਾਇ ਕਰੇ ਰੱਬ ਖ਼ਾਕੋਂ, ਉਸ ਦੇ ਰਾਹ ਨਿਆਰੇ ।
ਹਾਸ਼ਮ ਹਉਂ ਕੁਰਬਾਨ ਤਿਨਾਂ ਦੇ, ਜਿਨ੍ਹਾਂ ਸਾਬਰ ਸਾਂਗ ਉਤਾਰੇ ।147।

ਸੋਹਣੀ ਮੂਲ ਨ ਤਰਦੀ ਤਰ ਕੇ, ਖ਼ੂਬ ਤਰੀ ਡੁੱਬ ਮਰ ਕੇ ।
ਹੋਈ ਸ਼ਹੀਦ ਸੱਸੀ ਜਿਉਂ ਜਾਣੋਂ, ਖੋਜ ਉਤੇ ਸਿਰ ਧਰਕੇ ।
ਤਾਂ ਮਸ਼ਹੂਰ ਹੋਇਆ ਪਰਵਾਨਾ, ਜਾਇ ਮੁਯਾ ਹਠ ਕਰਕੇ ।
ਹਾਸ਼ਮ ਕੋਈ ਨ ਪਹੁਤਾ ਮੰਜ਼ਲ, ਜਾਨ ਵਲੋਂ ਡਰ ਡਰ ਕੇ ।148।

ਕੂਕ ਪੁਕਾਰ ਸੋਹਣੀ ਦੀ ਸੁਣਕੇ, ਮੇਹੀਂਵਾਲ ਪਛਾਤੀ ।
ਦਿਸਦਾ ਬੁਰਾ ਆਹਾ ਸੋਹਣੀ ਦਾ, ਰੋੜ੍ਹ ਖੜੀ ਅਜੁ ਰਾਤੀ ।
ਹੋਈ ਸ਼ਹੀਦ ਇਸ਼ਕ ਵਿਚ ਆਪਣੇ, ਆਪ ਲੋਹੂ ਵਿਚ ਨ੍ਹਾਤੀ ।
ਹਾਸ਼ਮ ਸਾਥ ਸੱਜਣ ਦਾ ਕਰੀਏ, ਖ਼ੂਬ ਇਹੋ ਗੱਲ ਜਾਤੀ ।149।

ਕੁਟੀਆ ਛੋਡ ਨਦੀ ਵਲ ਤੁਰਿਆ, ਕਰਿ ਵਿਦਿਆ ਜ਼ਿੰਦਗਾਨੀ ।
ਕਰਿ ਕੁਰਬਾਨ ਸੋਹਣੀ ਦੇ ਸਿਰ ਥੋਂ, ਲੱਜ਼ਤ, ਐਸ਼, ਜਵਾਨੀ ।
ਡਰਦਾ ਦੌੜ ਹਿਜਰ ਥੋਂ ਤੁਰਿਆ, ਵਗਦੇ ਵਹਿਣ ਤੁਫ਼ਾਨੀ ।
ਹਾਸ਼ਮ ਇਸ਼ਕ ਮੁਇਆਂ ਖੜਿ ਮੇਲੇ, ਫੇਰ ਮਿਲੇ ਦਿਲ ਜਾਨੀ ।

ਮਿਲਿਆ ਜਾਇ ਰੂਹਾਂ ਰਲ ਮੇਲਾ, ਵਿਚ ਦਰਗਾਹ ਰੱਬਾਨੀ ।
ਇਕਤੇ ਜਾਇ ਸਮਾਣੇ ਨੈਂ ਵਿਚ, ਫੇਰ ਮਿਲੇ ਦਿਲ ਜਾਨੀ ।
ਖੜਿ ਕੇ ਖ਼ਿਦਰ ਹਯਾਤ ਜਨਾਜ਼ਾ, ਦਫ਼ਨ ਕੀਤੇ ਵਿਚ ਪਾਣੀ ।
ਹਾਸ਼ਮ ਇਸ਼ਕ ਸੋਹਣੀ ਦਾ ਜਗ ਵਿਚਿ, ਜੁਗ ਜੁਗ ਰਹਗੁ ਕਹਾਣੀ ।151।

ਹੀਰ-ਰਾਂਝਾ : ਹਾਸ਼ਿਮ ਸ਼ਾਹ

ਹੀਰ ਰਾਂਝੇ ਕੀ ਬਿਰਤੀਤੀਹ ਬੈਂਤਾਂ ਵਿਚ ਸਰਬ ਲਿਖਯਤੇਅਲਫ਼ ਓਸ ਦਾ ਕੁਲ ਜ਼ਹੂਰ ਹੈ ਜੀ,ਖ਼ਲਕ ਆਪੋ ਆਪਣੇ ਰਾਹ ਪਾਈ ।ਕੋਈ ਹੱਸਦਾ ਹੈ ਕੋਈ ਰੋਂਵਦਾ ਹੈ,ਸਭ ਇਸ਼ਕ ਨੇ ਧੂਮਾਧਾਮ ਚਾਈ ।ਕਿੱਸਾ ਆਖਣਾ ਆਸ਼ਕਾਂ ਕਾਮਲਾਂ ਦਾ,ਇਹ ਵੀ ਬੰਦਗੀ ਹੈ ਧੁਰੋਂ ਨਾਲ ਆਈ ।ਹਾਸ਼ਮਸ਼ਾਹ ਨੂੰ ਆਖਿਆ ਦੋਸਤਾਂ ਨੇ,ਰਾਂਝੇ ਹੀਰ ਦੀ ਸ਼ਾਇਰੀ ਆਖ ਕਾਈ ।੧।ਬੇ ਬਹੁਤ ਹਿਕਾਇਤਾਂ ਛੋੜ ਕੇ ਮੈਂ,ਰੰਗ ਰਸ ਦੀ ਹੈ ਥੋੜੀ ਬਾਤ ਜੋੜੀ ।ਕਿੱਸਾ ਬਹੁਤ ਬੇਦਰਦ ਦਾ ਕੁਝ ਨਾਹੀਂ,ਦਰਦਮੰਦ ਦੀ ਮਾਰਦੀ ਬਾਤ ਥੋੜੀ ।ਲਿਖੇ ਲੇਖ ਦੀ ਡੋਰ ਨੂੰ ਜ਼ੋਰ ਡਾਢਾ,ਕਿਸੇ ਪਾਸੁ...

ਦੋਹੜੇ: ਹਾਸ਼ਿਮ ਸ਼ਾਹ

ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ ਨਿਸ਼ਾਨਾ ।ਸੋਈ ਸ਼ਖ਼ਸ ਬੋਲੇ ਵਿਚ ਮੇਰੇ, ਇਵੇਂ ਹਾਸ਼ਮ ਨਾਮ ਬਹਾਨਾ ।ਆਦਰ ਭਾਉ ਜਗਤ ਦਾ ਕਰੀਏ, ਅਤੇ ਕਸਬੀ ਕਹਿਣ ਰਸੀਲਾ ।ਜੇ ਕਰ ਦੂਰ ਹਟਾਏ ਲੋਕਾਂ, ਅਤੇ ਕਹਿਣ ਸਵਾਨ ਕੁਤੀਲਾ ।ਦੇਸ ਤਿਆਗ ਫ਼ਕੀਰੀ ਫੜੀਏ, ਨਹੀਂ ਛੁਟਦਾ ਖੇਸ਼ ਕਬੀਲਾ ।ਹਾਸ਼ਮ ਖ਼ਿਆਲ ਛੁਟੇ ਨਹੀਂ ਰਾਹੀਂ, ਕੋਈ ਸੌ ਤਦਬੀਰ ਨ ਹੀਲਾ ।ਆਸ਼ਕ ਆਖ ਦੇਖਾਂ ਕਿਸ ਖ਼ਾਤਰ, ਨਿਤ ਚਰਬੀ ਮਾਸ ਸੁਕਾਵਣ...

ਸ਼ੀਰੀਂ ਫ਼ਰਹਾਦ : ਹਾਸ਼ਿਮ ਸ਼ਾਹ

ਪ੍ਰਿਥਮੇ ਉਸਤਤਿ ਸਾਹਿਬ ਦੀ-ਸਾਹਿਬ ਰੱਬੁ ਕਾਰੀਗਰ ਅਜ਼ਲੀ, ਕੁਦਰਤਿ ਅਪਰ ਅਪਾਰਾ ।ਹਰ ਹਰ ਦਿਲ ਵਿਚ ਨੂਰ ਉਸੇ ਦਾ, ਪਰ ਉਹ ਆਪ ਨਿਆਰਾ ।੧।ਇਕ ਦਾਤਾ ਸਭ ਜਗਤ ਭਿਖਾਰੀ, ਕੁਲ ਖ਼ਲਕਾਂ ਦਾ ਵਾਲੀ ।ਗਿਣ ਗਿਣ ਰਿਜ਼ਕ ਪੁਚਾਵੇ ਸਭਨਾਂ, ਕੋਇ ਨ ਰਹਿੰਦਾ ਖਾਲੀ ।੨।ਨਾਗਰ ਮੱਛ ਕੁੰਮੇ ਜਲਹੋੜੇ, ਜਲ ਵਿਚਿ ਰਹਿਣ ਹਮੇਸ਼ਾ ।ਤਾਜ਼ਾ ਰਿਜ਼ਕ ਪੁਚਾਵੇ ਓਨ੍ਹਾਂ, ਨਾ ਉਹ ਕਰਨ ਅੰਦੇਸ਼ਾ ।੩।ਹਾਥੀ ਸ਼ੇਰ ਪਰਿੰਦੇ ਪੰਛੀ, ਸੱਪ ਅਠੂੰਹੇ ਕੀੜੇ ।ਨ ਉਹ ਵਾਹੁਣ ਨ ਉਹ ਬੀਜਣ, ਹੋਣ ਨ ਰਿਜ਼ਕੋਂ ਭੀੜੇ ।੪।ਕਿਤਨੇ ਹੋਰ ਨ ਗਿਣਤੀ ਆਵਣ, ਸੁਣੇ ਨ...