ਸ਼ੀਰੀਂ ਫ਼ਰਹਾਦ : ਹਾਸ਼ਿਮ ਸ਼ਾਹ
ਪ੍ਰਿਥਮੇ ਉਸਤਤਿ ਸਾਹਿਬ ਦੀ-
ਸਾਹਿਬ ਰੱਬੁ ਕਾਰੀਗਰ ਅਜ਼ਲੀ, ਕੁਦਰਤਿ ਅਪਰ ਅਪਾਰਾ ।
ਹਰ ਹਰ ਦਿਲ ਵਿਚ ਨੂਰ ਉਸੇ ਦਾ, ਪਰ ਉਹ ਆਪ ਨਿਆਰਾ ।੧।
ਇਕ ਦਾਤਾ ਸਭ ਜਗਤ ਭਿਖਾਰੀ, ਕੁਲ ਖ਼ਲਕਾਂ ਦਾ ਵਾਲੀ ।
ਗਿਣ ਗਿਣ ਰਿਜ਼ਕ ਪੁਚਾਵੇ ਸਭਨਾਂ, ਕੋਇ ਨ ਰਹਿੰਦਾ ਖਾਲੀ ।੨।
ਨਾਗਰ ਮੱਛ ਕੁੰਮੇ ਜਲਹੋੜੇ, ਜਲ ਵਿਚਿ ਰਹਿਣ ਹਮੇਸ਼ਾ ।
ਤਾਜ਼ਾ ਰਿਜ਼ਕ ਪੁਚਾਵੇ ਓਨ੍ਹਾਂ, ਨਾ ਉਹ ਕਰਨ ਅੰਦੇਸ਼ਾ ।੩।
ਹਾਥੀ ਸ਼ੇਰ ਪਰਿੰਦੇ ਪੰਛੀ, ਸੱਪ ਅਠੂੰਹੇ ਕੀੜੇ ।
ਨ ਉਹ ਵਾਹੁਣ ਨ ਉਹ ਬੀਜਣ, ਹੋਣ ਨ ਰਿਜ਼ਕੋਂ ਭੀੜੇ ।੪।
ਕਿਤਨੇ ਹੋਰ ਨ ਗਿਣਤੀ ਆਵਣ, ਸੁਣੇ ਨ ਡਿਠੇ ਭਾਲੇ ।
ਰੱਬ ਤਿਨ੍ਹਾਂ ਦੀ ਗੌਰ ਕਰੇਂਦਾ, ਨਾਲ ਮੁਹੱਬਤਿ ਪਾਲੇ ।੫।
ਇਕ ਦਿਨ ਰਾਤ ਜਪੇਂਦੇ ਉਸ ਨੂੰ, ਜ਼ੁਹਦ ਇਬਾਦਤ ਵਾਲੇ ।
ਓਹੋ ਲੁਤਫ਼ ਉਨ੍ਹਾਂ ਤੇ ਕਰਦਾ, ਪਾਸਿ ਲੈ ਸੱਦ ਬਹਾਲੇ ।੬।
ਇਕਨਾ ਬੁਖ਼ਲ ਬਖ਼ੀਲੀ ਪੇਸ਼ਾ, ਦੰਦਾਗੀਰ ਜ਼ਿਨਾਹੀ ।
ਪਾਲੇ ਰੱਬ ਢਕੇਂਦਾ ਪੜਦੇ, ਧੱਕਿ ਸੁਟੇਂਦਾ ਨਾਹੀ ।੭।
ਲਖ ਲਖ ਰੰਗ ਰੰਗਾਂ ਵਿਚ ਕਰਕੇ, ਭਰਿਆ ਬਾਗ਼ ਜਹਾਨੀ ।
ਰੋਜ਼ ਬਿਅੰਤ ਕਈ ਗੁਲਜ਼ਾਰਾਂ, ਖਿੜ ਖਿੜ ਹੋਵਣ ਫ਼ਾਨੀ ।੮।
ਅਫ਼ਲਾਤੂੰਨ ਸਿਕੰਦਰ ਜੇਹੇ, ਕਰਿ ਕਰਿ ਜ਼ੋਰ ਸਿਧਾਰੇ ।
ਐਵੇਂ ਹਰ ਇਕ ਅਪਣੋ ਅਪਣੀ, ਖਿੜਿਆ ਚੇਤ ਬਹਾਰੇ ।੯।
ਹੁਣ ਇਕ ਬਾਗ਼ ਬਹਾਰ ਅਸਾਡੀ, ਗੁਲਹਾ ਕਿ ਕੰਡਿਆਰੀ ?
ਭਲਕੇ ਹੋਰ ਨਵੇਂ ਲਖ ਹੋਸਣ, ਮੈਂ ਤੂੰ ਕੌਣ ਵਿਚਾਰੀ ।੧੦।
ਐਡ ਪਸਾਰੇ ਕਰਦਾ ਇਹ ਕੁਛ, ਕੁੱਵਤ ਉਸ ਦੇ ਤਾਈਂ ।
ਜੋ ਕਿਛੁ ਕਰੇ ਸੁ ਲਾਇਕ ਉਸ ਨੂੰ, ਉਹ ਸਿਫ਼ਤਾਂ ਦਾ ਸਾਈਂ ।੧੧।
ਲੱਖ ਕਰੋੜ ਡਿਗੇ ਦਰ ਉਸ ਦੇ, ਪਲ ਪਲ ਸਾਰ ਲਹੇਹੇ ।
ਆਵਾਵਰਦ ਨਿਮਾਣੇ ਆਜਿਜ਼, ਹੋਰ ਅਸਾਡੇ ਜੇਹੇ ।੧੨।
ਪਿਛਲੇ ਔਰ ਇਸ ਸਮੇਂ ਕੀ ਬਾਰਤਾ-
ਪਿਛਲਾ ਨੇਕ ਜ਼ਮਾਨਾ ਆਹਾ, ਲੋਕ ਸਫ਼ਾਈ ਵਾਲੇ ।
ਅਸੀਂ ਖ਼ਰਾਬ ਨਫ਼ਸ ਦੇ ਹਿਰਸੀ, ਜੀਭ ਮਿਠੀ ਦਿਲ ਕਾਲੇ ।੧੩।
ਸ਼ਾਇਰ ਸ਼ੇਅਰ ਕਰੇਂਦੇ ਆਹੇ, ਨਫ਼ਸ ਛੁਰੀ ਮੂੰਹ ਧਰ ਕੇ ।
ਹਰ ਇਕ ਸੁਖਨ ਲਿਆਵਣ ਬਾਹਰ, ਖ਼ੂਨ ਅਲੂਦਾ ਕਰਕੇ ।੧੪।
ਫਿਰਿ ਓਹ ਦਸਤ ਸਰਾਫ਼ਾਂ ਪੈਂਦੇ, ਹੀਰੇ ਸੁਖ਼ਨ ਪਰੋਤੇ ।
ਓਹੁ ਸਰਾਫ਼ ਜਿਨ੍ਹਾਂ ਹਥ ਅਪਣੇ, ਜਾਨ ਜਹਾਨੋਂ ਧੋਤੇ ।੧੫।
ਫਿਰਿ ਉਹ ਐਬ ਸਬਾਬ ਸੁਖ਼ਨ ਦਾ, ਲੱਭਦੇ ਨਾਲ ਫ਼ਿਕਰ ਦੇ ।
ਨਾਕਸ ਰੱਦ ਸੁਟੇਂਦੇ ਕਾਮਲ, ਲਿਖਦੇ ਵਿਚ ਜਿਗਰ ਦੇ ।੧੬।
ਏਸ ਸਮੇਂ ਵਿਚ ਹਾਸ਼ਮ ਜੇਹੇ, ਨਾਕਸ ਸ਼ਾਇਰ ਸਦਾਉਣ ।
ਮੁਨਸੁਬ ਚਾਰ ਇਯਾਲੀ ਰਲ ਕੇ, ਸ਼ੇਅਰ ਸੁਣਨ ਨੂੰ ਆਉਣ ।੧੭।
ਓਸ ਸਮੇਂ ਦੇ ਫ਼ਕਰ ਫ਼ਕੀਰੀ, ਕਰਦੇ ਸਾਫ਼ ਰਿਆਓਂ ।
ਸਾਬਰ ਸ਼ਾਕਰ ਕਾਮਲ ਹੁੰਦੇ, ਡਰਦੇ ਖ਼ੌਫ਼ ਰਜ਼ਾਓਂ ।੧੮।
ਸਿਰ ਦੇਂਦੇ ਦੁਖ ਸਹਿੰਦੇ ਆਜਿਜ਼, ਪਰ ਉਹ ਸਿਰਰ ਨ ਦੇਂਦੇ ।
ਸੂਲੀ ਪਕੜ ਚੜ੍ਹਾਏ ਲੋਕਾਂ, ਮੌਤ ਕਬੂਲ ਕਰੇਂਦੇ ।੧੯।
ਕੰਚਨੀਆਂ ਦੇ ਸਹਿਣ ਟਹੋਲੇ, ਭੇਤ ਲੁਕਾਉਣ ਕਾਰਣ ।
ਤਰਕ ਲਿਬਾਸ ਖ਼ੁਸ਼ੀ ਦੇ ਕਰਦੇ, ਨਫਸ ਕੁੱਤੇ ਨੂੰ ਮਾਰਨ ।੨੦।
ਇਕ ਹੁਣ ਅਸੀਂ ਫ਼ਕੀਰ ਕਹਾਈਏ, ਸਬਰ ਹਿਦਾਇਤ ਵਾਲੇ ।
ਹੋਸਣ ਰੱਬ ਹਜ਼ੂਰ ਅਸਾਡੇ, ਖੂਬ ਭਯਾ ! ਮੂੰਹ ਕਾਲੇ ।੨੧।
ਕਿਆ ਨਾਚੀਜ਼ ਜ਼ਨਾਂ ਦੀ ਉਲਫ਼ਤ, ਨਾਕਸ ਯਾਰ ਜ਼ਨਾਂ ਦੇ ।
ਓਹ ਭੀ ਓਸੁ ਸਮੇਂ ਦੇ ਅੰਦਰ, ਸਾਬਤ ਸਿਦਕ ਉਨ੍ਹਾਂ ਦੇ ।੨੨।
ਇਕਸੇ ਵਾਰ ਅਫ਼ੀਮ ਜਨੂੰਨੀ, ਖਾਧੀ ਸ਼ੋਖ ਨਜ਼ਰ ਦੀ ।
ਮਸਤ ਹੋਏ ਫਿਰ ਖ਼ਬਰ ਨ ਰਹੀਆ, ਮਜ਼ਹਬ ਦੀਨ ਕੁਫ਼ਰ ਦੀ ।੨੩।
ਜਾਨ ਜਹਾਨੁ ਈਮਾਨੁ ਭੁਲਾਯਾ, ਹੋਸ਼ ਨਾ ਰਹੀਆ ਕੋਈ ।
ਜਿਤ ਵਲਿ ਜਾਣ ਸੋਈ ਦੁਰਕਾਰੇ, ਕਿਤ ਵਲਿ ਮਿਲੇ ਨ ਢੋਈ ।੨੪।
ਜੋ ਦਮ ਰਹੇ ਹਯਾਤ ਸੋਈ ਦਮ, ਰਹੇ ਜਿਗਰ ਨੂੰ ਖਾਂਦੇ ।
ਓਹੋ ਦਰਦ ਵੜੇ ਲੈ ਕਬਰੀਂ, ਸਾਬਤ ਸਿਦਕ ਉਨ੍ਹਾਂ ਦੇ ।੨੫।
ਜਬ ਲਗ ਸੂਰਜ ਚੰਦ ਟਿਕਾਣੇ, ਧਰਤਿ ਅਕਾਸ਼ ਖੜੋਸੀ ।
ਤਬਿ ਲਗ ਸੋਜ਼ ਉਨ੍ਹਾਂ ਦੇ ਦਿਲ ਦਾ, ਫੁਟ ਫੁਟ ਜ਼ਾਹਿਰ ਹੋਸੀ ।੨੬।
ਹੁਣ ਦੇ ਯਾਰ ਲਗਾਉਣ ਯਾਰੀ, ਖਰੀ ਨਿਹਾਯਤ ਗੂੜ੍ਹੀ ।
ਸਾਰੀ ਰਾਤ ਰਹੇ ਦਮ ਓਸੇ, ਬਣੇ ਦੁਪਹਿਰੀਂ ਕੂੜੀ ।੨੭।
ਸੋ ਭੀ ਕੋਈ ਯਕੀਨਾਂ ਵਾਲੇ, ਸਾਬਤਿ ਰਾਤ ਲੰਘਾਉਣ ।
ਹੋਰ ਹਮਾਤੜ ਚਾਰ ਪਹਿਰ ਵਿਚ, ਸੌ ਸੌ ਯਾਰ ਬਣਾਉਣ ।੨੮।
ਪਿਛਲੇ ਸਾਹਿਬ ਤਖ਼ਤ ਸੁਣੀਂਦੇ, ਜ਼ੋਰ ਹਕੂਮਤਿ ਵਾਲੇ ।
ਮੱਲ੍ਹਮ ਦਰਦਵੰਦਾਂ ਦੀ ਹੁੰਦੇ, ਖ਼ੌਫ਼ ਅਦਾਲਤਿ ਵਾਲੇ ।੨੯।
ਪੁਤ ਭਧੀਜਾ ਖ਼ਾਸ ਉਨ੍ਹਾਂ ਦਾ, ਜੇ ਕਿਸੇ ਸੰਤਾਵੇ ।
ਜ਼ੋਰੇ ਨਾਲ ਗਰੀਬ ਕਿਸੇ ਦਾ, ਚੁਗਦਾ ਮੁਰਗ਼ ਹਟਾਵੇ ।੩੦।
ਇਤਨਾ ਜ਼ੁਲਮ ਨ ਹੋਣੇ ਦੇਂਦੇ, ਸ਼ਹਿਰੋਂ ਬਦਰ ਕਰੇਂਦੇ ।
ਇਕ ਪਲ ਮੌਤ ਵਿਸਾਰਨ ਨਾਹੀਂ, ਰੱਬ ਦੇ ਖ਼ੌਫ਼ ਡਰੇਂਦੇ ।੩੧।
ਜਿਸ ਵਿਚ ਨੀਂਦ ਨ ਸ਼ਹਵਤਿ ਆਵੇ, ਖ਼ੁਰਸ ਅਜੇਹੀ ਖਾਂਦੇ ।
ਜ਼ਾਹਿਰ ਤਖ਼ਤ ਹਕੂਮਤ ਵਾਲੇ, ਦਿਲ ਵਿਚ ਫ਼ਕਰ ਕਮਾਂਦੇ ।੩੨।
ਦਿਨੇ ਵਜ਼ੀਰ ਅੰਬੀਰਾਂ ਵਾਲੇ, ਬਖਸ਼ਣ ਮੁਲਖ ਜਗੀਰਾਂ ।
ਰਾਤੀਂ ਸੈਲ ਸ਼ਹਿਰ ਦਾ ਕਰਦੇ, ਵਾਂਗ ਯਤੀਮ ਫ਼ਕੀਰਾਂ ।੩੩।
ਦਰ ਦਰ ਗਲੀ ਸ਼ਹਿਰ ਦੀ ਫਿਰਦੇ, ਵੇਖਣ ਹਾਲ ਗ਼ਰੀਬਾਂ ।
ਦੁਖੀਆ ਨਜ਼ਰ ਪਵੇ ਤਿਸ ਦਾਰੂ, ਕਰਦੇ ਵਾਂਗੁ ਤਬੀਬਾਂ ।੩੪।
ਦੋ ਦਿਨ ਬੀਜ ਗਏ ਭਲਿਆਈ, ਦੁਨੀਆਂ ਰਹੀ ਨ ਦਾਇਮੁ ।
ਨੇਕੀ ਨਾਮ ਹਜ਼ਾਰਾਂ ਸਦੀਆਂ, ਰਹੁਗੁ ਉਨ੍ਹਾਂ ਦਾ ਕਾਇਮੁ ।੩੫।
ਦੁਨੀਆਂ ਵਿਚ ਮੁਤ੍ਹਾਜ ਨ ਹੋਏ, ਮੁਇਆਂ ਬਹਿਸ਼ਤ ਸਮਾਲੇ ।
ਏਥੇ ਓਥੇ ਦੋਹੀਂ ਜਹਾਨੀਂ, ਭਾਗ ਨਸੀਬਾਂ ਵਾਲੇ ।੩੬।
ਕਹੁ ਹੁਣ ਹਾਲ ਹਕੀਕਤਿ ਹਾਸ਼ਮ, ਹੁਣ ਦਿਆਂ ਬਾਦਸ਼ਾਹਾਂ ਦੀ ।
ਜ਼ੁਲਮੋਂ ਕੂਕ ਗਈ ਅਸਮਾਨੀਂ, ਦੁਖੀਆ ਰੇਸ਼ ਦਿਲਾਂ ਦੀ ।੩੭।
ਆਦਮੀਆਂ ਦੀ ਸੂਰਤਿ ਦਿਸਦੇ, ਰਾਕਸ਼ ਆਦਮਖੋਰੇ ।
ਜ਼ਾਲਮ ਚੋਰ ਪਲੀਤ ਜ਼ਿਨਾਹੀ, ਖ਼ੌਫ਼ ਖ਼ੁਦਾਓਂ ਕੋਰੇ ।੩੮।
ਬਸ ਹੁਣ ਹੋਰੁ ਨਹੀਂ ਮੈਂ ਕਹਿੰਦਾ, ਖ਼ੂਬ ਇਹੋ ਚੁਪ ਰਹਿਣਾ ।
ਇਹ ਗੱਲ ਨਹੀਂ ਫ਼ਕੀਰਾਂ ਲਾਇਕ, ਬੁਰਾ ਕਿਸੇ ਨੂੰ ਕਹਿਣਾ ।੩੯।
ਜੇਹਾ ਵਖਤ ਤੇਹਾ ਸਭ ਕੋਈ, ਦੋਸ਼ੁ ਨ ਕਿਸੈ ਧਰੀਏ ।
ਜੋ ਦਮ ਖ਼ੌਫ਼ ਰਜ਼ਾਓਂ ਗੁਜ਼ਰੇ, ਸ਼ੁਕਰ ਹਜ਼ਾਰਾਂ ਕਰੀਏ ।੪੦।
ਜੇਕਰ ਕਰੇਂ ਉਨ੍ਹਾਂ ਦੀਆਂ ਰੀਸਾਂ, ਹਾਸ਼ਮ ਬਣਂੇ ਦੀਵਾਨਾ ।
ਸੁਖ਼ਨ ਉਨ੍ਹਾਂ ਦੇ ਲਾਲ ਜਵਾਹਰ, ਸਾਹਿਬ ਯੁਮਨ ਜ਼ਬਾਨਾਂ ।੪੧।
ਜੇਹਾ ਹੋਸ਼ ਤੇਹਾ ਕੁਛ ਕਹਿਸਾਂ, ਸ਼ੌਕ ਦਿਲੇ ਵਿਚ ਧਰ ਕੇ ।
ਸਾਹਿਬ ਦਰਦ ਸਨਾਸ਼ਾਂ ਵਾਲੇ, ਪੜ੍ਹਨ ਮੁਹੱਬਤਿ ਕਰਕੇ ।੪੨।
ਸੋਹਣੀ ਮੇਹੀਂਵਾਲ, ਜ਼ੁਲੈਖਾਂ, ਮਿਰਜ਼ਾ, ਹੀਰ ਸਲੇਟੀ ।
ਸੱਸੀ ਹੋਤ, ਜਲਾਲੀ, ਮਜਨੂੰ, ਮਲਕੀ ਇਸ਼ਕ ਜਟੇਟੀ ।੪੩।
ਹਿੰਦ ਜ਼ੁਬਾਨ ਕਹੇ ਸ਼ੁਅਰਾਵਾਂ, ਸਭੇ ਇਸ਼ਕ ਇਨ੍ਹਾਂ ਦੇ ।
ਸ਼ੀਰੀਂ ਤੇ ਫ਼ਰਹਾਦ ਨ ਆਖੇ, ਰਹੇ ਅਸਾਡੇ ਛਾਦੇ ।੪੪।
ਅਥ ਕਥਾ ਸ਼ੀਰੀਂ ਫ਼ਰਹਾਦ ਕੀ-
ਇਸਤੰਬੋਲ ਸ਼ਹਿਰ ਸਿਰ ਸ਼ਹਿਰਾਂ, ਸੁਣਿਆਂ ਤਰਫ ਗ਼ਰਬ ਦੀ ।
ਸ਼ਾਮ ਵਿਲਾਇਤ ਤਖ਼ਤ ਨਿਆਰਾ, ਸਾਂਝੋ ਸਾਂਝ ਅਰਬ ਦੀ ।੪੫।
ਨਾਮ ਅਜੀਜ਼ ਸ਼ਹਿਨਸ਼ਾਹ ਸ਼ਾਹਾਂ, ਸਾਹਿਬ ਤਖ਼ਤ ਸ਼ਹਿਰ ਦਾ ।
ਤਖ਼ਤ ਬੁਲੰਦ ਸਖ਼ਾਉਤ ਆਦਲ, ਗ਼ਾਲਬ ਤੇਗ ਜ਼ਫਰ ਦਾ ।੪੬।
ਜਿਤਨੇ ਹੋਰ ਜ਼ਿਮੀਂ ਪਰ ਆਹੇ, ਤਖ਼ਤ ਹਕੂਮਤਿ ਸੰਦੇ ।
ਤਾਬਯਾਦਾਰੀ ਰੱਯਤ ਉਸ ਦੀ, ਨਫ਼ਰ ਕਹਾਉਣ ਬੰਦੇ ।੪੭।
ਸੋਲਾਂ ਲਾਖ ਸਵਾਰ ਸਿਪਾਹੀ, ਇਕ ਦੂੰ ਇਕ ਵਧੇਰੇ ।
ਰਹੇ ਹਮੇਸ਼ ਤਿਆਰ ਖੜੋਤਾ, ਇਸਤੰਬੋਲ ਚੁਫੇਰੇ ।੪੮।
ਅਸਪਾਂ ਦੇ ਵਿਚ ਅਸਪੁ ਨ ਲਾਇਕ, ਆਹਾ ਡੇਢ ਹਜ਼ਾਰਾ ।
ਚੁਣ ਚੁਣ ਚੀਨ ਮਚੀਨੋਂ ਆਂਦੇ, ਗ਼ਜ਼ਨੀ ਬਲਖ਼ ਬੁਖਾਰਾ ।੪੯।
ਸੋਨੇ ਸੀਮ ਭਰੇ ਸਿਰ ਪੈਰੀਂ, ਅਸਪ ਜਿਮੇਂ ਤਸਵੀਰਾਂ ।
ਸਾਰੋਂ ਸਾਖਤ ਨਾਲਿ ਸੁਨਹਿਰੀ, ਹੀਰੇ ਜੜਤ ਜੰਜ਼ੀਰਾਂ ।੫੦।
ਜਦ ਉਹ ਚਾਲ ਪਵਣ ਮਿਲ ਲਸ਼ਕਰ, ਚੁਕ ਚੁਕ ਪੈਰ ਨਿਆਰੇ ।
ਬਣੇ ਜ਼ਮੀਨ ਮਿਸਾਲ ਫ਼ਲਕ ਦੀ, ਚਮਕਣ ਲਾਖ ਸਤਾਰੇ ।੫੧।
ਚਾਕਰ ਮਰਦ ਸਿਪਾਹੀ ਆਹੇ, ਜ਼ੰਗੀ ਤੂਰ ਈਰਾਨੀ ।
ਹਿੰਦ ਹਿਰਾਤੀ ਸਿੰਧੀ ਹੋਰੁ, ਦੁਰਾਨੀ ਤਬਰੁਸਤਾਨੀ ।੫੨।
ਜੇ ਸੌ ਕਰਾਂ ਤਰੀਫ ਨ ਹੋਵੇ, ਕੋ ਕਿਛੁ ਸ਼ਾਨ ਉਨ੍ਹਾਂ ਦਾ ।
ਇਸਤੰਬੋਲ ਸ਼ਹਿਰ ਦਾ ਵਾਲੀ, ਸਾਹਿਬ ਬਾਦਸ਼ਾਹਾਂ ਦਾ ।੫੩।
ਇਹ ਗੱਲ ਆਮ ਖ਼ੁਦਾਈ ਜਾਣੇ, ਇਸਫਾ ਨਿਸਫ ਜਹਾਨੀਂ ।
ਉਸ ਦੀ ਹਾਲ ਹਕੀਕਤਿ ਜ਼ਾਹਰ, ਮੈਂ ਕੀ ਕਹਾਂ ਜ਼ੁਬਾਨੀ ।੫੪।
ਸਭ ਥੋਂ ਕਹਿਣ ਬਹਿਸ਼ਤ ਨਿਹਾਯਤ, ਜ਼ੀਨਤ ਜ਼ੇਬ ਅਸਰ ਨੂੰ ।
ਉਹ ਭੀ ਵੇਖ ਹੋਵਣ ਸ਼ਰਮਿੰਦੇ, ਇਸਤੰਬੋਲ ਸ਼ਹਿਰ ਨੂੰ ।੫੫।
ਆਦਲ ਸ਼ਾਹ ਅਜ਼ੀਜ਼ ਅਜੇਹਾ, ਗ਼ਮੀ ਨ ਦਿਲ ਪੁਰ ਕਿਸੇ ।
ਚੋਟਾ ਚੁਗਲ ਬਖ਼ੀਲ ਜ਼ਿਨਾਹੀ, ਸੁਫ਼ਨੇ ਕਿਸੇ ਨ ਦਿਸੇ ।੫੬।
ਆਦਲ ਸ਼ਾਹ ਦਲੀਲਾਂ ਕਰਿ ਕਰਿ, ਲਾਖ ਰਹਿਆ ਕਰ ਹੀਲੇ ।
ਸੇ ਇਕ ਚੋਰ ਦਿਲਾਂ ਦੀ ਚੋਰੀ, ਕਰਦੇ ਨੈਣ ਰਸੀਲੇ ।੫੭।
ਜ਼ਾਲਮੁ ਹੋਰ ਨ ਆਹਾ ਕੋਈ, ਗਿਰਦੇ ਓਸ ਸ਼ਹਿਰ ਦੇ ।
ਦੀਪਕ ਨਾਲ ਪਤੰਗਾਂ ਜ਼ਾਲਮ, ਜ਼ੁਲਮ ਹਮੇਸ਼ਾ ਕਰਦੇ ।੫੮।
ਦਰਦਵੰਦਾਂ ਦੇ ਨੈਣ ਸ਼ਹਿਰ ਵਿਚ, ਆਹੇ ਚੁਗਲ ਵਸੇਂਦੇ ।
ਲੁਕਿਆ ਦਰਦ ਦਿਲਾਂ ਦਾ ਰੋ ਰੋ, ਜ਼ਾਹਿਰ ਚਾਇ ਕਰੇਂਦੇ ।੫੯।
ਅੱਖੀਂ ਲੋਕ ਸ਼ਰਾਬ ਨ ਵੇਖਣ, ਮਿਲੇ ਤੰਬੀਹ ਅਜ਼ਾਬੋਂ ।
ਸੇ ਇਕ ਚਾਲ ਦਿਵਾਨੀ ਚਲਦੇ, ਹਾਥੀ ਮਸਤ ਸ਼ਰਾਬੋਂ ।੬੦।
ਐਸਾ ਅਮਨੁ ਅਦਾਲਤਿ ਉਸ ਦੀ , ਕੀ ਕਛੁ ਆਖ ਸੁਣਾਈ ।
ਹਿੰਦੂ ਤੁਰਕ ਨਜੀਬ ਕਮੀਨਾ, ਹਰ ਇਕ ਦੇਸੁ ਦੁਆਈ ।੬੧।
ਬੇਟੇ ਬੇਟੀ ਖੇਸ਼ ਕਬੀਲਾ, ਦੌਲਤ ਕਮੀ ਨ ਕਾਈ ।
ਨੀਅਤ ਸਾਫ਼ ਪਿਛੇ ਰੱਬ ਉਸ ਦੀ, ਸਭ ਕਿਛੁ ਆਸ ਪੁਜਾਈ ।੬੨।
ਬੇਟੀ ਇਕ ਅਜੀਜ਼ ਅਜੀਜ਼ੇ, ਆਹੀ ਬਹੁਤ ਨਿਹਾਯਤ ।
ਸਭ ਕੁਰਬਾਨ ਕਰੇਂਦਾ ਉਸ ਦੇ, ਸਿਰ ਤੋਂ ਸ਼ਹਿਰ ਵਿਲਾਯਤ ।੬੩।
ਸ਼ੀਰੀਂ ਨਾਮ ਫਰਿਸ਼ਤੇ ਕੋਲੋਂ, ਸਾਫ਼ ਤਬੀਅਤ ਨੂਰੋਂ ।
ਪਰੀਆਂ ਵੇਖ ਲਜਾਉਣ ਉਸ ਨੂੰ, ਹੁਸਨ ਜ਼ਿਆਦਾ ਹੂਰੋਂ ।੬੪।
ਇਕ ਉਹੁ ਚੰਦ ਸਮਾਂ ਪੁਰ ਨੂਰੀ, ਸਾਹਿਬ ਰੱਬ ਟਿਕਾਯਾ ।
ਦੂਜਾ ਸ਼ਾਮ ਸ਼ਹਿਰ ਵਿਚ ਸ਼ੀਰੀਂ, ਖ਼ਾਕੀ ਚੰਦ ਬਣਾਇਆ ।੬੫।
ਉਸ ਨੂੰ ਵੇਖ ਫਰਿਸ਼ਤੇ ਜੀਵਣ, ਆਸ਼ਕ ਹੋਣ ਸਤਾਰੇ ।
ਪੰਛੀ ਵੇਖ ਡਿਗਣ ਅਸਮਾਨੋਂ, ਆਦਮ ਕੌਣ ਵਿਚਾਰੇ ।੬੬।
ਘਾਇਲ ਹੋਣ ਲਿਬਾਸਾਂ ਵਾਲੇ, ਉਸ ਦੇ ਨਕਸ਼ ਨਿਗਾਰੋਂ ।
ਖ਼ੂਨੀ ਤੇਗ਼ ਸਿਹਰ ਦੀ ਸੂਰਤਿ, ਸਾਦੀ ਹਾਰ ਸ਼ਿੰਗਾਰੋਂ ।੬੭।
ਜਿਤ ਵਲ ਧਯਾਨ ਕਰੇਂਦੀ ਆਕਲ,ਵਹਿਸ਼ੀ ਹੋਣ ਦੀਵਾਨੇ ।
ਸ਼ੀਰੀਂ ਸੁਖ਼ਨ ਕਰੇ ਜਦ ਸ਼ੀਰੀਂ, ਲਗਦੇ ਤੀਰ ਨਿਸ਼ਾਨੇ ।੬੮।
ਸਦਕੇ ਲਾਲ ਲਬਾਂ ਪਰ ਹੋਵਣ, ਜਾਂ ਕਰਿ ਲਾਡ ਹਸੇਂਦੀ ।
ਦਰਦਵੰਦਾਂ ਦੇ ਦਿਲ ਦੀਆਂ ਚੁਲੀਆਂ, ਭਰ ਭਰ ਰੱਤ ਪੀਵੇਂਦੀ ।੬੯।
ਨਾਜ਼ਕ ਪੈਰ ਭਰੇ ਨਗ ਹੀਰੀਂ, ਨਾਜ਼ ਨਿਆਜ਼ਾਂ ਵਾਲੇ ।
ਜੇ ਉਹੁ ਪੈਰ ਜ਼ਿਮੀਂ ਪੁਰ ਧਰਦੀ, ਪੁਰ ਪੁਰ ਪੈਂਦੇ ਛਾਲੇ ।੭੦।
ਮਿਲ ਮਿਲ ਕਰਨ ਤਰੀਫ਼ ਹੁਸਨ ਦੀ, ਮਿਰਗ ਮੁਰਗ ਵਿਚ ਝੱਲਾਂ ।
ਸ਼ੀਰੀਂ ਹੁਸਨ ਜਗਤ ਵਿਚ ਰੌਸ਼ਨ, ਦੇਸ ਬਿਦੇਸੀਂ ਗੱਲਾਂ ।੭੧।
ਕਹੁ ਫ਼ਰਹਾਦ ਵਲੋਂ ਗੱਲ ਕੀਕੁਰ, ਬਣਿਆ ਇਸ਼ਕ ਮੁਜੇਰਾ ।
ਹੁਣ ਉਹ ਵੇਖ, ਗਲੀ ਇਸ ਹਾਸ਼ਮ, ਫੇਰ ਕਰੇਸਾਂ ਫੇਰਾ ।੭੨।
ਹਕੀਕਤ ਫ਼ਰਹਾਦ ਕੀ-
ਵਸਦਾ ਇਕ ਤਰਖਾਣ ਵਿਚਾਰਾ, ਓਸੇ ਸ਼ਾਮ ਸ਼ਹਿਰ ਵਿਚ ।
ਉਸਤਾਕਾਰ ਇਮਾਰਤ ਕਰਦਾ, ਬਾਦਸ਼ਾਹਾਂ ਦੇ ਘਰ ਵਿਚ ।੭੩।
ਬੇਟਾ ਉਸ ਦਾ ਅਕਲ ਹੁਨਰ ਵਿਚ, ਉਸ ਥੀਂ ਵਡਾ ਅਲਾਮਾ ।
ਅਫਲਾਤੂੰਨ ਜੇਹੇ ਵਿਚ ਹਿਕਮਤਿ, ਹੋਣ ਗ਼ੁਲਾਮ ਗ਼ੁਲਾਮਾਂ ।੭੪।
ਕਹਿੰਦੇ ਲੋਕ ਫ਼ਰਿਸ਼ਤਾ ਉਸ ਨੂੰ, ਆਕਲ ਓਸ ਸਮੇਂ ਦੇ ।
ਉਸ ਦਾ ਨਾਮ ਸ਼ਹਿਰ ਵਿਚ ਘਰ ਵਿਚ, ਸੇ ਫ਼ਰਹਾਦ ਸਦੇਂਦੇ ।੭੫।
ਸਾਹਿਬ ਹੁਸਨ ਅਵਾਇਲ ਉਮਰੇ, ਨਾਜ਼ਕ ਸੁਖ਼ਨ ਰਸੀਲੇ ।
ਜੀਕੁਰ ਸਰੂ ਚਮਨ ਵਿਚ ਹੋਵੇ, ਤਿਉਂ ਵਿਚ ਖੇਸ਼ ਕਬੀਲੇ ।੭੬।
ਸਾਹਿਬ ਦਰਦ ਤਬੀਅਤ ਜੌਲਾਂ, ਹਰਫ਼ ਸਿੰਞਾਣਨ ਵਾਲਾ ।
ਚਮਕ ਮਰੋੜ ਮਹਿਬੂਬਾਂ ਵਾਲੀ, ਖ਼ੂਬ ਪਛਾਣਨ ਵਾਲਾ ।੭੭।
ਆਹਾ ਮਰਦ ਗ਼ਰੀਬ ਵਿਚਾਰਾ, ਵਸਦਾ ਵਿਚ ਸ਼ਹਿਰ ਦੇ ।
ਖ਼ਾਤਰ ਵਿਚ ਅੰਬੀਰ ਨਾ ਰਖਦਾ, ਆਪਣੇ ਜ਼ੋਰ ਹੁਨਰ ਦੇ ।੭੮।
ਲਸ਼ਕਰ ਫ਼ੌਜ ਵਲੋਂ ਮਗ਼ਰੂਰੀ, ਦਿਲ ਵਿਚ ਤਾਜਵਰਾਂ ਦੇ ।
ਸਾਹਿਬ ਹੁਨਰ ਜ਼ਿਆਦਾ ਰਖਦੇ, ਗਾਹਕ ਲਾਖ ਜਿਨ੍ਹਾਂ ਦੇ ।੭੯।
ਹਰਦਮ ਨਾਲ ਅੰਦੇਸ਼ੇ ਰਹਿੰਦੇ, ਜ਼ੋਰ ਹਕੂਮਤਿ ਵਾਲੇ ।
ਆਜਿਜ਼ ਬੇਪਰਵਾਹ ਹਮੇਸ਼ਾ, ਸਬਰ ਕਿਨਾਇਤ ਵਾਲੇ ।੮੦।
ਸਾਹਿਬ ਜ਼ੋਰ ਵਿਲਾਇਤ ਖਾਵਣ, ਮਾਰਿ ਕਿਸੇ ਯਾ ਮਰਿ ਕੇ ।
ਆਜਿਜ਼ ਐਸ਼ ਕਰਨ ਵਿਚ ਘਰ ਦੇ, ਜ਼ੁਹਦ ਮਜੂਰੀ ਕਰਕੇ ।੮੧।
ਦੋ ਦਮ ਮਾਣ ਜੁਦਾਈ ਝੂਠੀ, ਵਿਚ ਅੰਬੀਰ ਫ਼ਕੀਰਾਂ ।
ਓੜਕ ਹੋਣ ਸਭੀ ਇਕ ਜੇਹੇ, ਪੈ ਕੇ ਮੌਤ ਜੰਜ਼ੀਰਾਂ ।੮੨।
ਨਾਲ ਪਿਊ ਫ਼ਰਹਾਦ ਹਮੇਸ਼ਾਂ, ਕਰਦਾ ਉਸਤਾਕਾਰੀ ।
ਅੰਦਰ ਸ਼ੀਸ਼ ਮਹਿਲ ਜ਼ਨਾਨੇ, ਕਰਦੇ ਸੇ ਗੁਲਕਾਰੀ ।੮੩।
ਦੌਲਤਿਵੰਦ ਹਕੂਮਤਿ ਵਾਲੇ, ਹਰਗਿਜ਼ ਪਹੁੰਚ ਨ ਹੋਵੇ ।
ਸਾਹਿਬ ਹੋਸ਼ ਅਕਲ ਦੇ ਜ਼ੋਰੇ, ਜਿਸ ਥਾਂ ਜਾਇ ਖੜੋਵੇ ।੮੪।
ਓਹੁ ਮਹੱਲ ਅਜੇਹਾ ਆਹਾ, ਸ਼ੀਰੀਂ ਨਾਮ ਪਰੀ ਦਾ ।
ਜੇ ਕੋ ਨਜ਼ਰ ਕਰੇਂਦਾ ਉਸ ਵਲ, ਤੀਰੀਂ ਲੇਖੁ ਕਰੀਂਦਾ ।੮੫।
ਪੰਖੀ ਪੰਖ ਨ ਫੜਕੇ ਉਤ ਵਲਿ, ਜਾਨ ਦਿਲੋਂ ਸਭ ਡਰਦੇ ।
ਤਿਸ ਦੇ ਵਿਚ ਪਿਊ ਪੁਤ ਦੋਵੇਂ, ਕਾਰ ਹਮੇਸ਼ਾਂ ਕਰਦੇ ।੮੬।
ਹੋਵਣਹਾਰੁ ਇਹੋ ਕੁਛ ਆਹੀ, ਰੱਬ ਸੱਚੇ ਦੀ ਕਰਨੀ ।
ਲਿਖਿਆ ਕੌਣ ਮਿਟਾਵੇ ਹਾਸ਼ਮ, ਗਯਾਨ ਕਥਾ ਜਗ ਤੁਰਨੀ ।੮੭।
ਇਕ ਦਿਨ ਨਜ਼ਰ ਪਈ ਫ਼ਰਹਾਦੇ, ਮਹਿਲ ਸਰਾਂ ਵਿਚ ਫਿਰਦੀ ।
ਸ਼ੀਰੀਂ ਮਿਸਲ ਪਰੀ ਸ਼ਹਿਜ਼ਾਦੀ, ਇਸਤੰਬੋਲ ਸ਼ਹਿਰ ਦੀ ।੮੮।
ਲੱਗਾ ਤੀਰ ਝਰੋਖੇ ਵਿਚਿ ਵਿਚਿ, ਚਾਨਕ ਵਿਚ ਜਿਗਰ ਦੇ ।
ਉਡੀ ਅਕਲ ਦਿਮਾਗੋਂ ਵਿਸਰੇ, ਰਸਤੇ ਅਕਲ ਫ਼ਿਕਰ ਦੇ ।੮੯।
ਪਰੀਆਂ ਵੇਖ ਲਜਾਉਨੁ ਸੂਰਤ, ਸ਼ੀਰੀਂ ਜਿਸਮ ਬਣਾਯਾ ।
ਕਹੁ ਕੀ ਅਕਲ ਰਹੇ ਉਸ ਜਿਸੁ ਪੁਰ, ਪਵੈ ਪਰੀ ਦਾ ਸਾਯਾ ।੯੦।
ਲੜਿਆ ਨਾਗ ਬਿਰਹੁੰ ਦਾ ਦਿਲ ਨੂੰ, ਜ਼ਾਲਮ ਜ਼ਹਿਰ ਅਲੂਦਾ ।
ਔਖਧਿ ਵੈਦੁ ਨ ਜਿਸ ਦਾ ਕੋਈ, ਮੰਤਰ ਪਵੇ ਬਿਹੂਦਾ ।੯੧।
ਛੁਟਾ ਤੀਰ ਸਿਹਰ ਦਾ ਮਹਿਲੋਂ, ਸਿਹਰੀ ਹੁਸਨ ਚਲਾਯਾ ।
ਬੇਤਕਸੀਰ ਮਜੂਰਾਂ ਆਜਿਜ਼ ਨਾਹੱਕ ਮਾਰ ਗਵਾਯਾ ।੯੨।
ਪਰ ਸਰਕਾਰ ਮਹਬੂਬਾਂ ਵਾਲੀ, ਏਸ ਬਬਰਚੀਖ਼ਾਨੇ ।
ਸੋਈ ਪਕੜਿ ਕੁਹਾਯਨ ਖਾਯਨ, ਤਾਜ਼ੇ ਹੋਣ ਤਵਾਨੇ ।੯੩।
ਲਿਖਣਾ ਭੁਲ ਗਯਾ ਫ਼ਰਹਾਦੋਂ, ਉਟਕੀ ਨਜ਼ਰ ਦਿਵਾਰੋਂ ।
ਚਮਕੀ ਤਾਂਘ ਝਰੋਖੇ ਵਲ ਦੀ, ਮੁੜ ਕੇ ਨਕਸ਼ ਨਿਗਾਰੋਂ ।੯੪।
ਅਚਰਜ ਸਾਕ ਇਸ਼ਕ ਦਾ ਬਣਿਆ, ਖੁਸ਼ ਹੋ ਜਾਨ ਗਵਾਵੇ ।
ਢੂੰਢਣ ਮਿਰਗ਼ ਸ਼ਿਕਾਰੀ ਤਾਈਂ, ਫੇਰ ਕਿਤੇ ਮੁੜਿ ਆਵੇ ।੯੫।
ਡਰਦਾ ਖ਼ੌਫ਼ ਪਿਊ ਦੇ ਮੁੜਿ ਮੁੜਿ, ਪਕੜੇ ਕਲਮ ਲਚਾਰੀ ।
ਡੋਲਣ ਦਸਤ ਨ ਚਾਹੁਣ ਚਸ਼ਮਾਂ, ਕੌਣ ਕਰੇ ਗੁਲਕਾਰੀ ।੯੬।
ਹਠ ਦੇ ਪਾਇ ਜੰਜ਼ੀਰ ਜਿਗਰ ਨੂੰ, ਦਸਤੀਂ ਕਾਰ ਕਰੇਂਦਾ ।
ਚੋਰੀ ਨਜ਼ਰ ਝਰੋਖੇ ਦੀ ਵਲ, ਸ਼ੀਰੀਂ ਰਾਹੇ ਤਕੇਂਦਾ ।੯੭।
ਸਾਧੂ ਮਕਰ ਫ਼ਰੇਬ ਨ ਜਾਣਨ, ਹੋਣ ਸਫ਼ਾਈ ਵਾਲੇ ।
ਪਰ ਜਦ ਇਸ਼ਕ ਉਨ੍ਹਾਂ ਵਲ ਆਵੇ, ਸੌ ਸੌ ਮਕਰ ਸਿਖਾਲੇ ।੯੮।
ਮੁੜਿ ਮੁੜਿ ਕਲਮ ਦਵਾਤੁ ਬਣਾਵੇ, ਕਰ ਕਰ ਲਾਖ ਬਹਾਨੇ ।
ਚੋਰੀ ਚਸ਼ਮ ਚੁਰਾਵੇ ਪਿਉ ਥੀਂ, ਰੱਖਦਾ ਨਜ਼ਰ ਨਿਸ਼ਾਨੇ ।੯੯।
ਦਿਨੇ ਹਮੇਸ਼ ਤਰੀਕਾ ਏਹੋ, ਮਿਹਨਤ ਉਮਰ ਗੁਜ਼ਾਰੀ ।
ਰਾਤੀ ਨਾਲ ਰੱਬੇ ਦੇ ਝਗੜਾ, ਕਰਦਾ ਗਿਰੀਆ ਜ਼ਾਰੀ ।੧੦੦।
ਰੱਬਾ ! ਬੂਦ ਕੀਤਾ ਨਬੂਦੋਂ, ਆਦਮ ਜਿਨਸ ਉਪਾਯੋ ।
ਪਰ ਵਸ ਫੇਰ ਕੀਤੋਨੇ ਮਾਂ ਪਿਉ, ਖਿਜਮਤਗਾਰ ਬਣਾਯੋ ।੧੦੧
ਸੂਰਤਿ ਸ਼ਕਲ ਬਣਾਈ ਖ਼ਾਕੋਂ, ਬਣਦਾ ਕਿਸੇ ਨ ਦਿੱਸੇ ।
ਹਰ ਹਰ ਵਾਲ ਜੁੱਸੇ ਦੇ ਅੰਦਰ, ਹੋਰ ਹਜ਼ਾਰਾਂ ਜੁੱਸੇ ।੧੦੨।
ਜੁਦਾ ਜੁਦਾ ਹਰ ਜੁੱਸੇ ਅੰਦਰ, ਖ਼ੂਬੀ ਸਿਫ਼ਤਿ ਬਣਾਈ ।
ਖ਼ੂਬੀ ਬਾਝ ਨ ਲਾਇਕ ਜਾਗ੍ਹਾ, ਹਰਗਿਜ਼ ਰਹੀ ਨ ਕਾਈ ।੧੦੩।
ਜੇ ਕਰ ਪੈਰ ਗ਼ਰੂਰਤਿ ਕੀਤੀ ਚਾਹੁਣ ਪੇਸ਼ ਨ ਜਾਵੇ ।
ਜੋ ਕੁਛ ਕਾਰ ਹੱਥਾਂ ਦੀ ਹੋਵੇ, ਪੈਰੀਂ ਰਾਸ ਨ ਆਵੇ ।੧੦੪।
ਫਿਰ ਤੁਧ ਅਕਲ ਹਯਾਉ ਮੁਹਬਤਿ ਏਸ ਜਿਸਮ ਵਿਚ ਪਾਯਾ ।
ਸ਼ਹਿਵਤ ਹਿਰਸ ਗ਼ਰੂਰਤਿ ਕੀਨਾ, ਕਰਿ ਕੈ ਸ਼ਹਿਰ ਵਸਾਯਾ ।੧੦੫।
ਪਾਣੀ ਸਰਦ ਹਵਾਉ ਰਸੀਲੀ, ਇਸ਼ਰਤ ਐਸ਼ ਜਵਾਨੀ ।
ਇਤਨੇ ਸਾਜ਼ ਜਹਾਨੀ ਕਰਿ ਕੈ, ਫੇਰ ਦਿਤੀ ਜ਼ਿੰਦਗਾਨੀ ।੧੦੬।
ਇਤਨੇ ਥੋਕ ਦਿਤੇ ਰੱਬ ਸਾਈਆਂ ! ਮੰਗੇ ਬਾਝੁ ਗ਼ਰੀਬਾਂ ।
ਮੱਲ੍ਹਮ ਏਸ ਜ਼ਖਮ ਦੀ ਹੁਣ ਮੈਂ, ਢੂੰਢਾਂ ਕਿਨ੍ਹਾਂ ਤਬੀਬਾਂ ।੧੦੭।
ਤੂੰ ਹੈਂ ਸ਼ਾਹੁ ਸ਼ਾਹਾਂ ਦਾ ਦੁਖੀਆ, ਦਾਦ ਇਤੇ ਦਰ ਪਾਵੇ ।
ਤੂੰ ਹੈਂ ਚਾਇ ਭੁਲਾਵੇਂ ਜਿਸ ਨੂੰ, ਕੈਂ ਦਰ ਕੂਕ ਸੁਣਾਵੇ ।੧੦੮।
ਕੀਟ ਪਤੰਗ ਦਿਵਾਨੇ ਹਾਸ਼ਮ, ਆਵਾਵਰਦ ਨਿਮਾਣੇ ।
ਰੱਬ ਤਿਨ੍ਹਾਂ ਦੀ ਪਰਵ੍ਰਸ਼ ਕਰਦਾ, ਹਾਲ ਦਿਲਾਂ ਦਾ ਜਾਣੇ ।੧੦੯।
ਭੀ ਫ਼ਰਹਾਦ ਰੱਬੇ ਦੀ ਤਰਫ਼ੋਂ, ਕਰਿ ਕੇ ਅਰਜ਼ ਨਿਮਾਣੀ ।
ਝਗੜਾ ਨਾਲ ਨਸੀਬਾਂ ਕਰਦਾ, ਛਿੜਦੀ ਹੋਰੁ ਕਹਾਣੀ ।੧੧੦।
ਹੁਣ ਮੈਂ ਆਣਿ ਬਣੀ ਸਿਰ ਜਾਲੁਗੁ, ਸਦਾ ਹਯਾਤੀ ਨਾਹੀਂ ।
ਬਖ਼ਤੋਂ ਸਖ਼ਤ ਤੁਸਾਡੇ ਜੇਹੇ, ਮਿਲਣ ਨ ਦੁਸ਼ਮਣ ਤਾਈਂ ।੧੧੧।
ਜਿਸ ਨੂੰ ਹੋਸ਼ ਦਿਤੀ ਰੱਬ ਸਾਹਿਬੁ, ਬਣੇ ਮਰਾਤਬ ਭਾਰੀ ।
ਜੀਵਣ ਜ਼ਹਿਰ ਹੋਯਾ ਫ਼ਰਹਾਦੇ, ਨਾਲ ਤੁਸਾਡੇ ਯਾਰੀ ।੧੧੨।
ਏਸੇ ਹਾਲ ਤਪੇਂਦੇ ਸਿਕਦੇ, ਨਿਬੜੇ ਰਾਤ ਹਿਜਰ ਦੀ ।
ਬੋਲਣ ਕਾਗ ਕਹਿਣ ਦਿਨ ਚੜ੍ਹਿਆ, ਚਮਕੇ ਸ਼ਕਲ ਫ਼ਜ਼ਰ ਦੀ ।੧੧੩।
ਸੁਣ ਕੇ ਕਾਗ ਬੁਲੇਂਦੇ ਕਹਿੰਦਾ, ਰੋ ਰੋ ਤਰਫ਼ ਉਨ੍ਹਾਂ ਦੀ-
'ਤੁਸੀਂ ਤਬੀਬ ਤੁਸਾਡੀ ਬੋਲੀ, ਮਹਿਰਮ ਰੇਸ਼ ਦਿਲਾਂ ਦੀ' ।੧੧੪।
ਭੀ ਫ਼ਰਹਾਦ ਸਮਾਲੇ ਅਪਣੀ, ਕਲਮ ਦਵਾਤ ਕਦੀਮੀ ।
ਉਠਦੋ ਮਹਿਲ ਸਰਾਂ ਵਲਿ ਦੌੜੇ, ਢੂੰਢੇ ਅਮਲ ਅਫ਼ੀਮੀ ।੧੧੫।
ਓਹੋ ਹਾਲ ਹਮੇਸ਼ਾਂ ਵਾਲਾ, ਨਜ਼ਰ ਝਰੋਖ਼ੇ ਤਾਈਂ ।
ਬਿਜੁਲੀ ਵਾਂਗ ਬੱਦਲ ਵਿਚ ਦਿਸਦੀ, ਸ਼ੀਰੀਂ ਕਦੇ ਕਦਾਈਂ ।੧੧੬।
ਜਿਸ ਦਿਨ ਨਜ਼ਰ ਪਵੇ ਫ਼ਰਹਾਦੇ, ਸ਼ੀਰੀਂ ਸ਼ੁਕਰ ਕਰੇਂਦਾ ।
ਭਾਂਬੜ ਸ਼ੌਕ ਤਿਵੇਂ ਤਿਉਂ ਭੜਕੇ, ਵਸਲੋਂ ਤੇਲ ਪਵੇਂਦਾ ।੧੧੭।
ਸਾਇਤ ਨਜ਼ਰ ਪਵੇ ਨਹੀਂ ਜਿਸ ਦਿਨ, ਬਲਦੀ ਚਿਖਾ ਸਵਾਈ ।
ਭੁਜਦੀ ਜਾਨ ਕਬਾਬਾਂ ਵਾਂਗੂੰ, ਆਤਸ਼ ਤੇਜ਼ ਜੁਦਾਈ ।੧੧੮।
ਏਹੋ ਚਾਲ ਹਮੇਸ਼ ਇਸ਼ਕ ਦੀ, ਕਿਵੇਂ ਅਰਾਮੁ ਨ ਆਵੇ ।
ਮਿਲਿਆਂ ਚੋਟ ਸਵਾਈ ਲਗਦੀ, ਵਿਛੁੜੇ ਪ੍ਰੇਮ ਸੰਤਾਵੇ ।੧੧੯।
ਖਾਵਣ ਪੀਣ ਗਯਾ ਫ਼ਰਹਾਦੋਂ, ਨੀਂਦ ਅਰਾਮ ਨ ਆਵੇ ।
ਬਿਰਹੋਂ ਸ਼ੇਰ ਪਯਾ ਵਿਚ ਦਿਲ ਦੇ, ਖ਼ੂੰਨ ਹਮੇਸ਼ਾਂ ਖਾਵੇ ।੧੨੦।
ਜਬ ਲਗ ਇਸ਼ਕ ਇਆਣਾ ਆਹਾ, ਰਹੀਆ ਹੋਸ਼ ਟਿਕਾਣੇ ।
ਪਰ ਜਦ ਜ਼ੋਰ ਇਸ਼ਕ ਨੇ ਫੜਿਆ, ਕੌਣ ਅਕਲ ਨੂੰ ਜਾਣੇ ।੧੨੧।
ਲੋਹੂ ਖੁਸ਼ਕ ਹੋਯਾ ਗ਼ਮ ਚਰਿਆ, ਚਰਬੀ ਮਾਸ ਸੁਕਾਯਾ ।
ਜ਼ਾਹਿਰ ਹੋਣ ਉਤੇ ਹੁਣ ਆਯਾ, ਲੁਕਿਆ ਭੇਤ ਲੁਕਾਯਾ ।੧੨੨।
ਜੇ ਫੜਿ ਕਲਮ ਲਿਖਣ ਵਲਿ ਆਵੇ, ਨੀਰ ਅੱਖੀਂ ਛੁਟਿ ਜਾਵੇ ।
ਬੂਟਾ ਵੇਲ ਨ ਆਉਸੁ ਕੋਈ, ਸ਼ੀਰੀਂ ਸ਼ਕਲ ਬਣਾਵੇ ।੧੨੩।
ਸੀ ਫ਼ਰਹਾਦ ਲਿਖੇਂਦਾ ਸੂਰਤਿ, ਨਜ਼ਰ ਪਿਊ ਦੀ ਆਯਾ ।
ਨਾ ਉਹ ਵੇਲ ਨਹੀਂ ਗੁਲ ਬੂਟਾ, ਨਵਾਂ ਤਰੀਕ ਉਠਾਯਾ ।੧੨੪।
ਪੀਨਕੁ ਵਿਚ ਅਫ਼ੀਮੀ ਧਸਿਆ, ਹੋਸ਼ ਨਹੀਂ ਤਨ ਮਨ ਦੀ ।
ਬੇਖ਼ੁਦ ਕਾਰ ਕਰੇਂਦਾ ਲਿਖਦਾ, ਸੂਰਤਿ ਯਾਰ ਸੱਜਣ ਦੀ ।੧੨੫।
ਗ਼ਮ ਦੇ ਨਾਲ ਗਯਾ ਵਿਚ ਗੋਤੇ, ਤੀਰ ਲਗਾ ਵਿਚ ਛਾਤੀ ।੧੨੬।
ਜਾਂ ਪਲੁ ਬੀਤ ਗਯਾ ਮੁੜ ਆਈ, ਪਿਊ ਨੂੰ ਹੋਸ਼ ਜਹਾਨੀਂ ।
ਲਗਾ ਬਾਪ ਨਸੀਹਤ ਕਰਨੇ, 'ਸੁਣ ਮੇਰੀ ਜ਼ਿੰਦਗਾਨੀ !੧੨੭।
ਕਿਤਨੇ ਰੋਜ਼ ਹੁਏ ਵਲ ਤੇਰੀ, ਮੈਂ ਨਿਤ ਨਜ਼ਰ ਕਰੇਂਦਾ ।
ਨ ਉਹੁ ਹੋਸ਼ ਨ ਸੂਰਤਿ ਤੇਰੀ, ਘਟਦੇ ਰੋਜ਼ ਦਿਸੇਂਦਾ ।੧੨੮।
ਇਸਤੰਬੋਲ ਸ਼ਹਿਰ ਵਿਚ ਨਹਿੰਸੀ, ਕਾਬਲ ਕਾਰ ਇਜੇਹਾ ।
ਕੀ ਤਕਸੀਰ ਹੁਈ ਸਚੁ ਆਖੀਂ, ਰਹਯੋਂ ਨ ਕਿਸੇ ਜੇਹਾ ।੧੨੯।
ਮੈਂ ਖ਼ੁਸ਼ਬਾਸ਼ ਫਿਰੇਂਦਾ ਆਹਾ, ਮਾਣ ਮੇਰੀ ਜਿੰਦ ਤੇਰੇ ।
ਭੰਨੀ ਡਾਂਗ ਜ਼ਹੀਫ਼ੀ ਵੇਲੇ, ਬਖ਼ਤ ਬੁਰੇ ਦਿਨ ਮੇਰੇ ।੧੩੦।
ਬੂਟਾ ਸੇਬ ਲਯਾ ਦਰਗਾਹੋਂ, ਜ਼ੁਹਦ ਦੁਆਈਂ ਕਰਕੇ ।
ਮੁਦਤਿ ਟਹਿਲ ਕਰੇਂਦਿਆਂ ਗੁਜ਼ਰੀ, ਆਸ ਰੱਬੇ ਦੀ ਧਰਕੇ ।੧੩੧।
ਜਾਂ ਗੁਲਜ਼ਾਰ ਹੋਯਾ ਫਲੁ ਭਰਿਆ, ਬਣਿਆ ਬਿਰਛੁ ਮੁਰਾਦੀ ।
ਵੱਗੀ ਵਾਉ ਜ਼ਮਾਨੇ ਵਾਲੀ, ਕਿਸਮਤਿ ਵੇਖ ਅਸਾਡੀ ।੧੩੨।
ਵੇਦਨ ਦੱਸ ਕੋਈ ਫ਼ਰਹਾਦਾ ! ਲਾaੁਂਗੁ ਜ਼ੋਰੁ ਬਤੇਰਾ ।
ਔਖਧਿ ਵੈਦ ਗਰੀਬਾਂ ਵਾਲਾ, ਜ਼ੋਰ ਜੇਹਾ ਕੁਛ ਮੇਰਾ' ।੧੩੩।
ਸੁਣ ਕੇ ਹਾਲ ਹਕੀਕਤਿ ਸਾਰੀ, ਪਿਉ ਦੇ ਹਾਲ ਹਵਾਲੋਂ ।
ਭੀ ਫ਼ਰਹਾਦ ਜ਼ਬਾਨੋਂ ਹਾਸ਼ਮ, ਕਹਯਾ ਜਬਾਬੁ ਸੁਆਲੋਂ ।੧੩੪।
'ਔਖਧਿ ਵੈਦ ਨ ਮੇਰਾ ਕੋਈ, ਵਾਹ ਨ ਲਗਦੀ ਤੇਰੀ ।
ਜ਼ਹਿਮਤ ਤਾਪ ਸਿਰਾਉ ਨ ਮੈਨੂੰ, ਜਾਤ ਸਫ਼ਾਤ ਨ ਮੇਰੀ ।੧੩੫।
ਮਜ਼ਹਬ ਦੀਨ ਕੁਫ਼ਰ ਸਭ ਧੋਤੇ, ਭਾਈ ਬਾਪੁ ਨ ਮਾਈ ।
ਜਾਨੁ ਜਹਾਨੁ ਮਕਾਨੁ ਨ ਮੇਰਾ, ਮੈਂ ਹੁਣ ਬਰਾ ਖ਼ੁਦਾਈ ।੧੩੬।
ਰਲਿ ਮਿਲਿ ਨਾਲ ਤੁਸਾਡੇ ਬੈਠਾ, ਜਿਚਰਕੁ ਰੱਬ ਮਿਲਾਇਆ ।
ਹੁਣ ਮੈਂ ਯਾਰ ਦੁਖਾਂ ਦਾ ਦੁਖੀਆ, ਏਹੋ ਲੇਖੁ ਲਿਖਾਇਆ ।੧੩੭।
ਸੁਫ਼ਨੇ ਪੂਤ ਤੁਸਾਡਾ ਬਣਿਆ, ਨਾਲ ਤੁਸਾਡੇ ਰਲਿਆ ।
ਮੈਂ ਦੁਖੀਆ ਦੁਖ ਮਾਂ ਪਿਉ ਮੇਰੇ, ਦਰਦ ਦੁਖਾਂ ਵਿਚ ਪਲਿਆ' ।੧੩੮।
ਸੁਣਿ ਕੇ ਸੁਪਨ(ਸੁਖ਼ਨ) ਪਿਊ ਦੇ ਦਿਲ ਦੀ, ਛੁਟੀ ਵਾਗ ਹਥਾਓਂ ।
ਜੀਵਣ ਜ਼ਹਿਰ ਹੋਯਾ ਪਲ ਉਸ ਨੂੰ, ਮੰਗੀ ਮਉਤ ਖ਼ੁਦਾਓਂ ।੧੩੯।
ਦੁਖਾਂ ਨਾਲ ਪਿਊ ਦੁਖ ਭਰਿਆ, ਨੈਣ ਲੋਹੂ ਭਰ ਆਏ ।
ਲਈਆਂ ਸਾਂਭ ਦਵਾਤਾਂ ਕਲਮਾਂ, ਕਸਬੋਂ ਦਸਤ ਉਠਾਏ ।੧੪੦।
ਬਾਹੋਂ ਪਕੜਿ ਲਿਆ ਉਸ ਬੇਟਾ, ਚਲੁ ਫਰਜ਼ੰਦ ਪਿਆਰੇ ।
ਘੁੰਮਣਘੇਰਿ ਪਇਆ ਹੁਣ ਬੇੜਾ, ਜੇ ਰੱਬ ਪਾਰ ਉਤਾਰੇ ।੧੪੧।
ਮੁੜਦੇ ਬਾਪ ਡਿਠਾ ਵਲ ਧੌਲਰ, ਦਰਦ ਦਰੇਗ਼ੋਂ ਭਰ ਕੇ ।
ਸ਼ੀਰੀਂ ਮਹਲ ਬੰਨੇ ਹੱਥ ਜੋੜੇ, ਕਹਿਆ ਸਲਾਮਾਂ ਕਰਕੇ ।੧੪੨।
'ਮੈਂ ਹੁਣ ਤੋੜਿ ਮੁਰਾਦਾਂ ਤੁਰਿਆ, ਛੋਡਿ ਸਿਧਾਯਾ ਤੈਨੂੰ ।
ਜੇ ਕਿਛੁ ਯਾਰ ਤੇਰੇ ਵਿਚ ਬਰਕਤ, ਫੇਰਿ ਲਿਆਵੀਂ ਮੈਨੂੰ' ।੧੪੩।
ਲੈ ਕੇ ਬਾਪ ਗਯਾ ਫ਼ਰਹਾਦੇ, ਪਾਸ ਹਕੀਮ ਤਬੀਬਾਂ ।
ਰੋ ਰੋ ਅਰਜ਼ ਕਰੇ ਦਿਲ ਘਾਇਲ, 'ਦਾਰੂ ਕਰੋ ਗ਼ਰੀਬਾਂ' ।੧੪੪।
ਵੇਖਣ ਨਜ਼ਰ ਕਰੂਰਾ ਢੂੰਡਣ, ਹਿੰਦੀ ਵੈਦ ਯੁਨਾਨੀ ।
ਜ਼ਹਿਮਤ ਰੋਗ ਨ ਸਮਝਣ ਕੋਈ, ਆਫ਼ਤ ਉਹ ਅਸਮਾਨੀ ।੧੪੫।
ਕਰਿਕੇ ਖ਼ਿਆਲ ਤਬੀਬਾਂ ਅਕਲੋਂ, ਵੇਦਨ ਇਹ ਠਹਿਰਾਈ ।
ਜ਼ਹਿਮਤ ਰੋਗ ਨਹੀਂ ਕਛੁ ਇਸਨੂੰ, ਹੈ ਤਹਿਕੀਕ ਸ਼ੁਦਾਈ ।੧੪੬।
ਦਾਰੂ ਕਰਨ ਸ਼ੁਦਾਈਆਂ ਵਾਲੇ, ਹੀਲੇ ਫ਼ਸਤ ਜੁਲਾਬੋਂ ।
ਚੰਦਨ ਲੇਪ ਕਰਨ ਹੋਰੁ ਸ਼ਰਬਤ, ਦੇਣ ਅਨਾਰ ਗੁਲਾਬੋਂ ।੧੪੭।
ਕਰਿ ਤਦਬੀਰ ਰਹੇ ਪਰ ਹਿਕਮਤਿ, ਕਾਰ ਨ ਕੋਈ ਆਵੇ ।
ਮੁਦਤਿ ਹੋਈ ਅਨਾਜੁ ਨ ਖਾਧਾ, ਦਸਤ ਕਿਥਾਊਂ ਆਵੇ ।੧੪੮।
ਨਸ਼ਤਰ ਮਾਰ ਰਹੇ ਇਕ ਜ਼ਰਰਾ, ਖ਼ੂੰਨ ਨ ਬਾਹਰ ਆਵੇ ।
ਓਥੇ ਇਸ਼ਕ ਬਘੇਲਾ ਵਸਦਾ, ਖ਼ੂੰਨ ਹਮੇਸ਼ਾ ਖਾਵੇ ।੧੪੯।
ਜਿਉਂ ਜਿਉਂ ਸਰਦ ਦਵਾਈ ਦੇਵਣ, ਸ਼ਰਬਤ ਸ਼ੀਰੇ ਕਰਕੇ ।
ਤਿਉਂ ਤਿਉਂ ਇਸ਼ਕ ਸ਼ੀਰੀਂ ਦੀ ਆਤਸ਼, ਹੋਰੁ ਸਵਾਈ ਭੜਕੇ ।੧੫੦।
ਓੜਕ ਹੋਇ ਲਾਚਾਰ ਤਬੀਬਾਂ, ਦਸਤ ਦਵਾਓਂ ਧੋਤੇ ।
ਕੌਣ ਗ਼ਰੀਬਾਂ ਦੇ ਦੁਖ ਦੁਖਦਾ, ਹੋਇ ਲਾਚਾਰ ਖੜੋਤੇ ।੧੫੧।
ਭੀ ਫ਼ਰਹਾਦ ਲਇਆ ਫੜਿ ਬਾਹੋਂ, ਆਜਿਜ਼ ਬਾਪ ਨਿਮਾਣੇ ।
ਲੈ ਕੇ ਪਾਸ ਗਯਾ ਉਲਮਾਵਾਂ, ਦੁਖੀਆ ਦਰਦ ਰੰਞਾਣੇ ।੧੫੨।
ਜਾ ਫ਼ਰਯਾਦ ਕੀਤੀ ਦਿਲ ਘਾਇਲ, ਪਾਸ ਉਨ੍ਹਾਂ ਉਲਮਾਵਾਂ ।
ਆਖੀਂ ਹਾਲ ਹਕੀਕਤਿ ਆਪਣੀ, ਸੋਜ਼ੁ ਜਿਵੇਂ ਫੁਕਰਾਵਾਂ ।੧੫੩।
'ਤੋੜੀ ਆਸ ਤਬੀਬਾਂ ਕੋਲੋਂ, ਪਾਸ ਤੁਸਾਡੇ ਆਯਾ ।
ਵੇਖੋ ਹਾਲ ਜਿ ਹੋਵੇ ਉਸ ਨੂੰ, ਦੇਉ ਪਰੀ ਦਾ ਸਾਯਾ' ।੧੫੪ ।
ਜ਼ਾਹਦ ਲੋਕ ਪੁਰਾਣੇ ਬੁਜ਼ਰਕ, ਬੈਠੇ ਵਿਚ ਮਸੀਤੀਂ ।
ਦਹ ਦਹ ਸੇਰ ਜਿਨ੍ਹਾਂ ਦੇ ਤਸਬੇ, ਭਰੇ ਸੰਦੂਕ ਤਵੀਤੀਂ ।੧੫੫।
ਇਕ ਇਕ ਮਰਦ ਅਜੇਹੇ ਆਹੇ, ਸਾਦਕ ਵਿਚ ਉਨ੍ਹਾਂ ਦੇ ।
ਸਾਰੀ ਉਮਰ ਮਸੀਤੋਂ ਬਾਹਰ, ਪਏ ਨ ਪੈਰ ਜਿਨ੍ਹਾਂ ਦੇ ।੧੫੬ ।
ਮੂਹਰੇਦਾਰ ਸਿਰੀਂ ਦਸਤਾਰਾਂ, ਸਬਜ਼ ਪੇਰਾਹਨ ਖ਼ਾਸੇ ।
ਸੂਰਤਿ ਖਿਦਰ ਕਿਤਾਬਾਂ ਬਗਲੀਂ, ਦਸਤਿ ਸੁਨਹਿਰੀ ਆਸੇ ੧੫੭।
ਇਕ ਥੋਂ ਇਕ ਜ਼ਿਆਦਾ ਸਾਹਿਬ, ਅਕਲ ਇਲਮ ਵਿਚ ਆਹੇ ।
ਪਰ ਫ਼ਰਹਾਦ ਵਲੋਂ ਹੁਣ ਹਾਸ਼ਮ, ਵੇਖ ਜਿਵੇਂ ਰੱਬ ਚਾਹੇ ।੧੫੮।
ਕੀਤੀ ਨਜ਼ਰ ਬਜ਼ੁਰਗਾਂ ਉਸ ਵਲ, ਸਖ਼ਤ ਹਵਾਲ ਡਿਠੋਨੇ ।
ਚੌਂਕਾ ਡਾਰ ਉਜੂ ਕਰ ਤਾਜ਼ੇ, ਬੈਠ ਤਵੀਤ ਲਿਖਿਓਨੇ ।੧੫੯।
ਝਾੜੀਂ ਜ਼ੋਰ ਪਇਆ ਚੌਤਰਫੋਂ, ਕਾਮਲ ਧੂਪ ਧੁਖਾਏ ।
ਗਿਰਦੇ ਲੋਕ ਤਮਾਸ਼ੇ ਕਾਰਣ, ਕਾਗ ਸਰਾਧੀਂ ਆਏ ।੧੬੦।
ਇਕ ਫ਼ਰਹਾਦ ਬਿਰਹੁੰ ਦਾ ਜ਼ਖਮੀ, ਤੀਰ ਜਿਗਰ ਵਿਚ ਰੜਕੇ ।
ਦੂਜਾ ਪਏ ਬਲਾਇ ਮੁਲਾਣੇ, ਕਲਮ ਦਵਾਤਾਂ ਫੜ ਕੇ ।੧੬੧।
ਕਰ ਤਦਬੀਰ ਰਹੇ ਸਭ ਇਲਮੀ, ਪੜਿ ਪੜਿ ਇਲਮ ਕਿਤਾਬਾਂ ।
ਸਾਬਤ ਕੌਣ ਕਰੇ ਫਿਰ ਮੁੜਿ ਕੇ, ਜਲਿਆਂ ਸਖ਼ਤ ਕਬਾਬਾਂ ।੧੬੨।
ਅਗੇ ਹੋਸ਼ੁ ਆਹੀ ਫ਼ਰਹਾਦੇ, ਇਸ਼ਕ ਜੂਏ ਵਿਚ ਹਾਰੀ ।
ਮਗਰੋਂ ਹੋਰ ਜਹਾਨੀ ਗੌਗੇ, ਅਕਲ ਵਧੇਰੇ ਮਾਰੀ ।੧੬੩।
ਸੀ ਫ਼ਰਹਾਦ ਜਨੂੰਨੀ ਵਹਿਸ਼ੀ, ਮਗਰੋਂ ਢੋਲ ਵਜਾਯਾ ।
ਅਗੇ ਯਾਰ ਦੀਵਾਨਾ ਆਹਾ, ਭੂਤ ਪਿਛੋਂ ਚੰਬੜਾਯਾ ।੧੬੪।
ਪਗੜੀ ਲਾਹਿ ਸੁਟੀ ਕਰ ਲੀਰਾਂ, ਨਾਲ ਜ਼ਿਮੀਂ ਪਟਕਾਈ ।
ਟੁਟਾ ਨੰਗ ਨਮੂਸ ਜਹਾਨੀਂ, ਛਾਰ ਲਈ ਸਿਰ ਪਾਈ ।੧੬੫।
ਜਾਂ ਇਹ ਹਾਲ ਡਿਠਾ ਉਲਮਾਵਾਂ, ਖਿਸਕੇ ਨਾਲ ਬਹਾਨੇ ।
ਇਕ ਉਡ ਕਰਨ ਗਏ ਇਸਤੰਜਾਂ, ਇਕਨਾ ਪੜ੍ਹੇ ਦੁਗਾਨੇ ।੧੬੬।
ਜਾਂ ਫ਼ਰਹਾਦ ਵਲੋਂ ਪਿਉ ਤਾਈਂ, ਰਹੀ ਉਮੈਦ ਨ ਕਾਈ ।
ਓਸੇ ਦਾਹੁ ਮੁਇਆ ਦਿਨ ਦੂਜੇ, ਬੀਤ ਗਈ ਸਿਰ ਆਈ ।੧੬੭।
ਬਾਪ ਜੰਜ਼ੀਰ ਆਹਾ ਫ਼ਰਹਾਦੇ, ਨਹਿੰ ਸੀ ਖ਼ਿਆਲ ਛਡੇਂਦਾ ।
ਬੈਠੇ ਪਾਸ ਰਹੇ ਨਿਤ ਬੈਠਾ, ਫਿਰਦੇ ਨਾਲ ਫਿਰੇਂਦਾ ।੧੬੮।
ਭੀ ਬੇਕੈਦੁ ਨਿਖਸਮਾ ਹੋਯਾ, ਵਾਰਸੁ ਕੋਈ ਨ ਵਾਲੀ ।
ਦਰਦਵੰਦਾਂ ਦੀ ਚਾਲ ਕਦੀਮੀ, ਸੋ ਫ਼ਰਹਾਦ ਸਮਾਲੀ ।੧੬੯।
ਦੋਸਤੁ ਯਾਰ ਕਦੀਮੀਂ ਆਹੇ, ਕਰਨ ਮਜ਼ਾਖ਼ਾਂ ਸੋਈ ।
ਜਿਥੇ ਰਾਤ ਪਈ ਡਿਗ ਰਹਿੰਦਾ, ਥਾਉਂ ਮਕਾਨੁ ਨ ਕੋਈ ।੧੭੦।
ਡੁਲ੍ਹੇ ਨੈਣ ਗੁਬਾਰ ਜਨੂੰਨੀ, ਖੁਲ੍ਹੜੇ ਵਾਲ ਵਿਯੋਗੀ ।
ਤੋਰੀ ਰੰਗ ਕੁਰੰਗੋਂ ਆਹੀ, ਤਾਰ ਵਜੇ ਜਯੋਂ ਜੋਗੀ ।੧੭੧।
ਸ਼ੀਰੀਂ ਆਬਹਯਾਤ ਢੂੰਡੇਂਦਾ, ਘਾਇਲ ਜਾਨ ਪਿਆਸੀ ।
ਜ਼ਰਰਾ ਹੋਸ਼ ਅਰਾਮੁ ਨ ਉਸ ਨੂੰ, ਬਿਰਹੋਂ ਪੰਥ ਉਦਾਸੀ ।੧੭੨।
ਪਿਛਲੀ ਗਈ ਗਵਾਤੀ ਉਸ ਥੋਂ, ਖ਼ੂਬੀ ਤੇ ਵਡਿਆਈ ।
ਭੀ ਫ਼ਰਹਾਦ ਨਿਸ਼ਾਨਾ ਹੋਇਆ, ਤੀਰੰਦਾਜ਼ ਲੁਕਾਈ ।੧੭੩।
ਦਿਲ ਦੇ ਬਾਝ ਕਿਤੇ ਵਲ ਹਰਗਿਜ਼, ਵੈਰ ਪ੍ਰੀਤਿ ਨ ਰਾਖੈ ।
ਅਪਣੀ ਪੀੜ ਪਿਆ ਜਿਸ ਕਿਸ ਦਾ, ਸ਼ੌਕ ਹੋਵੇ ਸੋਈ ਆਖੈ ।੧੭੪।
ਛੇੜਨ ਕਰਨ ਮਜ਼ਾਖਾਂ ਲੜਕੇ, ਆਵਾਵਰਦ ਬਣਾਯਾ ।
ਔਰਤ ਮਰਦ ਵੜੇ ਜਿਸ ਵੇਹੜੇ, ਕਹਿਣ 'ਦੀਵਾਨਾ ਆਯਾ' ।੧੭੫।
ਦਿਲ ਵਿਚ ਸੋਜ਼ ਕਬਾਬ ਕਲੇਜਾ, ਰਹੇ ਦੁਖੀ ਮਨੁ ਮਾਰੀ ।
ਸੂਲੀ ਜਾਨ ਅਤੀਤ ਇਸ਼ਕ ਦਾ, ਫਿਰੇ ਸਦਾ ਤਪੁ ਧਾਰੀ ।੧੭੬।
ਜੋ ਕੁਛੁ ਲੋਕ ਕਰੇਨ ਮਲ੍ਹਾਮਤ, ਜ਼ਰਾ ਨ ਉਸ ਨੂੰ ਜਾਣੇ ।
ਗ਼ੈਰਤ ਮਾਣ ਨ ਰਖਦੇ ਹਰਗਿਜ਼, ਦੁਖੀਏ ਦਰਦ ਰੰਞਾਣੇ ।੧੭੭।
ਗ਼ੈਰਤ ਤਮਕ ਗ਼ਰੂਰਤ ਮਸਤੀ, ਬਖਸ਼ੀ ਰੱਬ ਤਿਨ੍ਹਾਂ ਨੂੰ ।
ਦੌਲਤ ਦਰਦ ਨਸੀਬ ਨ ਕੀਤਾ, ਗਫ਼ਲਤਿ ਮਿਲੀ ਜਿਨ੍ਹਾਂ ਨੂੰ ।੧੭੮।
ਲਾਹਾ ਮੂਲ ਜਗਤ ਦਾ ਏਨਾ, ਸਹੀ ਇਹਾ ਗੱਲ ਕੀਤੀ ।
ਸ਼ਹਿਵਤ ਨੀਂਦ ਨਿਆਮਤ ਖਾਵਣ, ਖਾ ਖਾ ਕਰਨ ਪਲੀਤੀ ।੧੭੯।
ਹੱਸਣ ਖੇਡਣ ਕਰਨ ਮਜ਼ਾਖਾਂ, ਸ਼ੌਕ ਤਿਨ੍ਹਾਂ ਨੂੰ ਭਾਵੇ ।
ਭਰੀਏ ਪੇਟ ਅਨਾਜੋਂ ਦਿਲ ਪੁਰ, ਚਰਬੀ ਗ਼ੈਰ ਜਮਾਵੇ ।੧੮੦।
ਦੋ ਦਿਨ ਪੇਟ ਅਨਾਜੋਂ ਜੇ ਕਰ, ਰਹੇ ਕਿਸੇ ਦਾ ਊਣਾ ।
ਸ਼ਹਿਵਤ ਨੀਂਦ ਨ ਆਵੇ ਉਸ ਨੂੰ, ਜ਼ਰਾ ਨ ਭਾਉਸੁ ਕੂਣਾ ।੧੮੧।
ਨਾਕਸ ਨੀਚ ਨਫ਼ਸ ਦੇ ਤਾਲਿਬ, ਬਣਨ ਮਸਾਇਕ ਬਾਤੀਂ ।
ਕੌਡੀ ਦਾਮ ਕਿਤੋਂ ਹੱਥ ਆਵੇ, ਢੂੰਡ ਇਹੋ ਦਿਨ ਰਾਤੀਂ ।੧੮੨।
ਛੁਟੇ ਲਾਟ ਗ਼ਰੂਰਤ ਮਗ਼ਜ਼ੋਂ, ਰਾਹੋਂ ਚਾਇ ਭੁਲਾਵੇ ।
ਆਜਿਜ਼ ਹੋਰ ਪੈਦਾਇਸ਼ ਰੱਬ ਦੀ, ਨਜ਼ਰ ਨ ਕੋਈ ਆਵੇ ।੧੮੩।
ਚਾਮੋ ਦਾਮ ਚਲਾਵੇ ਕਿਚਰਕੁ, ਗ਼ਾਫ਼ਲ ਉਮਰ ਵੰਞਾਵੇ ।
ਹੈਸੀ ਹੋਗੁ ਹਮੇਸ਼ਾਂ ਕਾਇਮ, ਸੋ ਰੱਬੁ ਚਾਇ ਭੁਲਾਵੇ ।੧੮੪।
ਪੂੰਜੀ ਉਮਰ ਮਿਲੀ ਹੱਥ ਸਿਫ਼ਲੇ, ਕਦਰ ਨ ਇਸ ਦੀ ਜਾਣੇ ।
ਦੇਵਣਦਾਰ ਬਣੇ ਜਿਸ ਗੱਲ ਵਿਚ, ਸੋ ਗੱਲ ਕਰੇ ਧਿਙਾਣੇ ।੧੮੫।
ਓੜਕ ਪੇਸ਼ ਨ ਜਾਉਸੁ ਕੋਈ, ਡੁਬਦਾ ਦੂਹੀਂ ਸਰਾਈਂ ।
ਜਾਂ ਫਿਰ ਬਾਂਹ ਨ ਪਕੜਸੁ ਕੋਈ, ਆਉਸੁ ਕਦਰ ਤਿਦਾਈਂ ।੧੮੬।
ਭੁੱਲਾ ਰੱਬ ਜਿਨ੍ਹਾਂ ਦੀ ਖ਼ਾਤਰ, ਯਾਰ ਨ ਹੋਵਸੁ ਕੋਈ ।
ਢੂੰਢੇ ਨਾਉਂ ਜਹਾਨੀਂ ਅਕਲੋਂ, ਨਾਉਂ ਨ ਰਹਿੰਦਾ ਕੋਈ ।੧੮੭।
ਅੱਵਲ ਆਖ਼ਰ ਜ਼ਾਹਰ ਬਾਤਨ, ਖੇਡ ਇਸ਼ਕ ਦੀ ਤਾਜ਼ੀ ।
ਭਾਵੇਂ ਇਸ਼ਕ ਹਕੀਕੀ ਹੋਵੇ, ਭਾਵੇਂ ਇਸ਼ਕ ਮਜਾਜ਼ੀ ।੧੮੮।
ਬਾਦਸ਼ਾਹਾਂ ਦੀ ਮਜਲਸ ਅੰਦਰ, ਵਿੱਚ ਅਮੀਰ ਫ਼ਕੀਰਾਂ ।
ਹਰ ਥਾਂ ਜ਼ਿਕਰ ਉਨ੍ਹਾਂ ਦਾ ਸੁਣੀਏ, ਲਿਖਿਆ ਸਾਫ਼ ਜ਼ਮੀਰਾਂ ।੧੮੯।
ਕਉਣ ਪਤੰਗ ਚਕੋਰ ਨਿਮਾਣੇ, ਬੁਲਬੁਲ ਕਉਣ ਵਿਚਾਰੀ ।
ਜਾਂ ਉਹ ਯਾਰ ਇਸ਼ਕ ਦੇ ਹੋਏ, ਜਾਨ ਇਸ਼ਕ ਵਿਚ ਹਾਰੀ ।੧੯੦।
ਸੀ ਫ਼ਰਹਾਦ ਅਸੀਰ ਇਸ਼ਕ ਦਾ, ਘਾਇਲ ਨੈਣ ਗੁਲਾਬੀ ।
ਭਰ ਭਰ ਜਾਮ ਪੀਵੇਂਦਾ ਗ਼ਮ ਦੇ, ਅੱਠੇ ਪਹਿਰ ਸ਼ਰਾਬੀ ।੧੯੧।
ਢੱਠੀ ਰੂਹ ਉਜਾੜੀਂ ਵੱਸਦੀ, ਕਿਤੇ ਅਰਾਮ ਨ ਆਵੇ ।
ਉਠੇ ਸ਼ੌਕ ਦਿਲੋਂ ਜਿਸ ਵਲ ਦਾ, ਜਾਵੇ ਭੀ ਮੁੜ ਆਵੇ ।੧੯੨।
ਫਿਰਦੇ ਸ਼ਹਿਰ ਪਵੇ ਸਿਰ ਪੈਰੀਂ, ਰਾਹੋਂ ਗ਼ਰਦ ਗੁਬਾਰੀ ।
ਧੋਂਦਾ ਨਾਲ ਅੱਖੀਂ ਦੇ ਤਨ ਤੋਂ, (ਚਸ਼ਮਾਂ) ਬਰਸਨ ਅਬਰ ਬਹਾਰੀ ।੧੯੩।
ਜਾਂ ਉਹੁ ਜ਼ੋਰ ਕਰੇਂਦੀ ਆਤਸ਼, ਕਹਿੰਦਾ ਨਾਲਿ ਜ਼ਹੀਰੀ ।
'ਕੇਹੀ ਤਲਖ਼ ਹੋਈ ਜ਼ਿੰਦਗਾਨੀ, ਸ਼ੌਕ ਤੇਰੇ ਵਿਚ ਸ਼ੀਰੀਂ ।੧੯੪।
ਤੇਰੇ ਸ਼ੌਕ ਪਿਛੇ ਜਿੰਦ ਹਾਰੀ, ਛੁਟਾ ਖੇਸ਼ ਕਬੀਲਾ ।
ਭੀ ਤੂੰ ਹਾਲ ਨ ਵੇਖੇਂ ਮੇਰਾ, ਕੌਣ ਉਠਾਵਾਂ ਹੀਲਾ ।੧੯੫।
ਸੁਣੀਏ ਕੂਕ ਅਸਾਡੀ ਜੇ ਪਲੁ, ਵੇਖੈਂ ਹਾਲ ਅਸਾਡਾ ।
ਸ਼ੀਰੀਂ ਆਬਹਯਾਤ ਉੇਡੀਕੇ, ਪਯਾ ਸ਼ਹੀਦ ਤੁਸਾਡਾ ।੧੯੬।
ਓਹਾ ਨਜ਼ਰ ਝਰੋਖੇ ਵਾਲੀ, ਭੋਰਾ ਦੇਹੁ ਅਸਾਂਹੀ ।
ਮਿਲਸੀ ਆਬਹਯਾਤ ਮੁਏ ਨੂੰ, ਦੇਉਗੁ ਦੁਆਉ ਤੁਸਾਂਹੀ' ।੧੯੭।
ਫੇਰਿ ਖ਼ਿਆਲ ਉਠੇ ਇਸ ਤਰਫ਼ੋਂ, ਹੋਰਿ ਕਿਸੇ ਵਲ ਜਾਏ ।
'ਕਿਉਂ ਫ਼ਰਹਾਦ ਪਵਰਦਾ ਕੀਤੋ, ਨਿਜ ਜਣੇਂਦੀ ਮਾਏ ।੧੯੮।
ਏਹੋ ਚਾਲ ਹਮੇਸ਼ਾ ਉਸ ਦੀ, ਖ਼ੂੰਨ ਜਿਗਰ ਦਾ ਪੀਵੇ ।
ਐਵੇਂ ਨਾਲ ਦਲੀਲਾਂ ਮਰਦਾ, ਨਾਲ ਦਲੀਲਾਂ ਜੀਵੇ ।੧੯੯।
ਘਾਇਲ ਲੋਕ ਖ਼ਿਆਲੀ ਆਸ਼ਕ, ਕਿਆ ਇਹ ਆਣ ਰਸੀਲੀ ।
ਨਾਲ ਦਲੀਲਾਂ ਖੇਡ ਹਮੇਸ਼ਾ, ਕਰਦੇ ਕਸਬੁ ਦਲੀਲੀ ।੨੦੦।
ਮਤਲਬੁ ਗਰਜ਼ ਨ ਆਹੀ ਉਸ ਨੂੰ, ਨਾਲ ਜਗਤ ਦੇ ਕੋਈ ।
ਆਹੀ ਤਲਬ ਦਿਲੋਂ ਜਿਸ ਵਲਿ ਦੀ, ਫਿਰੇ ਢੂੰਡੇਂਦਾ ਸੋਈ ।੨੦੧।
ਕੋਈ ਬਾਤ ਸ਼ੀਰੀਂ ਦੀ ਕਰਦਾ, ਉਸ ਵਲਿ ਧਿਆਨ ਧਰੇਂਦਾ ।
ਓਥੇ ਮੂੰਹੋਂ ਬੁਲੇਂਦਾ ਉਸ ਨੂੰ, ਫੇਰਿ ਸਵਾਲ ਕਰੇਂਦਾ-।੨੦੨।
'ਕੀਕੁਰ ਕਹੀ ਸੁਣੀ ਕਿਸ ਤਰਫ਼ੋਂ, ਆਖ ਸੁਣਾਉ ਅਸਾਂਹੀ ।
ਤਾਂ ਰੱਬ ਸੁਣਗੁ ਦੁਆਉ ਅਸਾਡੀ, ਦੇਸੀ ਅਜੁਰੁ ਤੁਸਾਂਹੀ' ।੨੦੩।
ਜਿਚਰਕੁ ਬਾਤ ਸੁਣੇਂਦਾ ਉਸ ਥੋਂ, ਬਹੁਤ ਖ਼ੁਸ਼ੀ ਖ਼ੁਸ਼ ਹੋਂਦਾ ।
ਕਰਿ ਕਰਿ ਯਾਦ ਪਿੱਛੋਂ ਉਸ ਗੱਲ ਨੂੰ, ਨਾਲ ਦੁਖਾਂ ਬਹਿ ਰੋਂਦਾ ।੨੦੪।
ਉਸ ਨੂੰ ਸ਼ੌਕ ਜੋ ਕੋਈ ਹਰਦਮ, ਕਰ ਕਰ ਬਾਤ ਸੁਣਾਵੇ ।
ਹਾਸ਼ਮ ਸਮਝ ਗ਼ਰੀਬਾਂ ਇਤਨੀ, ਖ਼ਾਤਰ ਕੌਣ ਉਠਾਵੇ ।੨੦੫।
ਦੂਜਾ ਬਾਦਸ਼ਾਹਾਂ ਦਾ ਦਿਲ ਵਿਚ, ਖ਼ੌਫ਼ ਸਭੀ ਜਗੁ ਡਰਦਾ ।
ਆਜਿਜ਼ ਜ਼ੋਰਾਵਰ ਦੀ ਕਹੁ ਤੂੰ, ਬਾਤ ਕੋਈ ਕਦ ਕਰਦਾ ।੨੦੬।
ਪਰ ਇਹ ਇਸ਼ਕ ਕੁਹਾੜਾ ਖ਼ੂੰਨੀ, ਪੈਰ ਜਿਦ੍ਹਾਂਵੇ ਧਰਦਾ ।
ਓਲਾ ਪੱਤ ਦਰਖ਼ਤ ਨ ਛੱਡਦਾ, ਰਹਿਣ ਨਾ ਦੇਂਦਾ ਪੜਦਾ ।੨੦੭।
ਚੋਰੀ ਬਾਤ ਲਗੀ ਇਹ ਤੁਰਨੇ, ਇਸਤੰਬੋਲ ਸ਼ਹਿਰ ਵਿਚ ।
ਤੀਵੀਂ ਮਰਦ ਗ਼ਰੀਬ ਤਵੰਗਰੁ, ਕਰਨ ਕਹਾਣੀ ਘਰ ਵਿਚ ।੨੦੮।
ਤੁਰਦੀ ਤੁਰਦੀ ਬਾਤ ਹਮੇਸ਼ਾਂ, ਚਮਕੀ ਜ਼ਰਾ ਵਧੇਰੇ ।
ਇਕ ਥੋਂ ਬਾਤ ਦੂਏ ਤਕ ਪਹੁਤੀ, ਉਸ ਥੋਂ ਗਈ ਅਗੇਰੇ ।੨੦੯।
ਦਉਲਤਵੰਦ ਅੰਬੀਰਾਂ ਸੁਣਿਆ, ਪਹੁਤੀ ਪਾਸ ਵਜ਼ੀਰਾਂ ।
ਰਲ ਕੇ ਚਾਰ ਬਹਨਿ ਜਿਸ ਥਾਈਂ, ਕਰਨ ਇਹੋ ਤਤਬੀਰਾਂ ।੨੧੦।
ਜਿਉਂ ਜਿਉਂ ਬਹੁਤ ਦਿਹਾੜੇ ਗੁਜ਼ਰਨ, ਤਿਉਂ ਤਿਉਂ ਚਰਚ ਸਵਾਈ ।
ਕਿਸਮਤ ਖੇਡ ਮਚਾਈ ਹਾਸ਼ਮੁ, ਕਿਸ ਬਿਧਿ ਰਹੇ ਮਿਟਾਈ ।੨੧੧।
ਓੜਕ ਬਾਪ ਅਜ਼ੀਜ਼ ਸ਼ੀਰੀਂ ਦੇ, ਸੁਣੀ ਹਕੀਕਤਿ ਵਰਤੀ ।
ਸੁਣ ਕੇ ਬਹੁਤ ਪਿਆ ਵਿਚ ਹੈਰਤ, ਵੇਹਲ ਨ ਦੇਉਸੁ ਧਰਤੀ ।੨੧੨।
ਆਹਾ ਸ਼ਾਹ ਅਦਾਲਤ ਵਾਲਾ, ਖ਼ੌਫ਼ ਖ਼ੁਦਾਓਂ ਡਰਦਾ ।
ਦੁਨੀਆਂ ਖ਼ਾਬ ਖ਼ਿਆਲੀ ਬਦਲੇ, ਜ਼ੁਲਮ ਨ ਆਹਾ ਕਰਦਾ ।੨੧੩।
ਪੁਛਿਆ ਬੈਠ ਵਜ਼ੀਰਾਂ ਕੋਲੋਂ, 'ਕੀ ਤਤਬੀਰ ਕਰਾਹੀਂ ।
ਅਚਣਚੇਤ ਜਹਾਨੀ ਸ਼ੁਹਰਤ, ਇਹ ਕੀ ਬਣੀ ਅਸਾਂਹੀ ?੨੧੪।
ਕਰੋ ਦਲੀਲ ਅਕਲ ਦੀ ਕੋਈ, ਦਿਲ ਦੀ ਗਰਮ ਦੁਕਾਨੋਂ ।
ਜਿਸ ਵਿਚ ਜ਼ੁਲਮ ਨ ਹੋਵੇ ਦੂਜਾ, ਰਹੈ ਹਯਾਉ ਜਹਾਨੋਂ ।੨੧੫।
ਜੇ ਮੈਂ ਖੇਸ਼ ਕਬੀਲੇ ਵਲ ਦੀ, ਉਲਫ਼ਤਿ ਬਹੁਤ ਵਧਾਵਾਂ ।
ਕਹਿਸੀ ਕੌਣ ਸਿਆਣਾ ਮੈਨੂੰ, ਸਾਹਿਬ ਰੱਬ ਭੁਲਾਵਾਂ ।੨੧੬।
ਸੋਨਾ ਵੇਚ ਸੁਆਹ ਖ਼ਰੀਦੇ, ਬਣੇ ਦੀਵਾਨਾ ਸੋਈ ।
ਵਖਤ ਵਿਹਾਵੇ ਤਾਂ ਪਛੁਤਾਵੇ, ਕਾਜੁ ਨ ਸਰਦਾ ਕੋਈ ।੨੧੭।
ਦੋਸਤੁ ਯਾਰ ਜਹਾਨੀਂ ਝੂਠੇ, ਨੰਗ ਨਮੂਸ ਕੂੜਾਵਾ ।
ਕਰਕੇ ਜ਼ੁਲਮ ਕੁਹਾੜਾ ਆਪਣੀ, ਪੈਰੀਂ ਆਪ ਵਗਾਵਾਂ ।੨੧੮।
ਬੇਟੀ ਬਾਲ ਕੁਆਰੀ ਹੁੰਦੀ, ਕਿਤੇ ਨ ਨਾਉਂ ਧਰੇਂਦਾ ।
ਜ਼ਰਾ ਵਿਚਾਰ ਨ ਕਰਨੀ ਪੈਂਦੀ, ਚਾਇ ਕਿਸੇ ਨੂੰ ਦੇਂਦਾ ।੨੧੯।
ਕਰੋ ਦਲੀਲ ਅਜੇਹੀ ਕੋਈ, ਕਰਿ ਕੇ ਫ਼ਿਕਰੁ ਜ਼ਰੂਰੀ ।
ਦੁਨੀਆਂ ਦੀਨ ਨ ਵਿਗੜੇ ਕੋਈ, ਪਵੇ ਦੁਤਰਫ਼ੋਂ ਪੂਰੀ' ।੨੨੦।
ਰਲਿ ਕੇ ਫ਼ਿਕਰ ਦੁੜਾਵਣ ਲੱਗੇ, ਦਾਨਸ਼ਮੰਦ ਪੁਰਾਣੇ ।
ਪੰਖਾਂ ਬਾਝ ਉਡਾਉਣ ਪੰਛੀ, ਅਫ਼ਲਾਤੂੰਨ ਸਿਆਣੇ ।੨੨੧।
ਇਕਨਾ ਕਹਿਆ ਇਲਾਜ ਇਜੇਹਾ, ਕਰਿ ਕੇ ਜ਼ੋਰ ਫ਼ਿਕਰ ਦਾ ।
ਦੌਲਤ ਜੇਡ ਜੰਜ਼ੀਰ ਨ ਕੋਈ, ਲੋਭ ਦਿਖਾਈਏ ਜ਼ਰ ਦਾ ।੨੨੨।
ਇਕਨਾਂ ਹੋਰ ਦਨਾਵਾਂ ਕਹਿਆ, ਕਰਿ ਕੇ ਜ਼ੋਰ ਡਰਾਈਏ ।
ਸੂਲੀ ਸਾਜ ਤਯਾਰੀ ਕਰਿ ਕੈ, ਉਸ ਨੂੰ ਪਾਸ ਲੈ ਜਾਈਏ ।੨੨੩।
ਝੂਠਾ ਸ਼ੋਰ ਸ਼ਰਾਬਾ ਕਰਿ ਕੈ, ਖ਼ੌਫ਼ ਦਿਲੇ ਵਿਚ ਪਾਈਏ ।
ਓਥੈ ਫੇਰਿ ਨਸੀਹਤ ਕਰੀਏ, ਖ਼ੂੰਨੀ ਸ਼ਕਲ ਬਣਾਈਏ ।੨੨੪।
'ਤੋਬਾ ਕਰੇਂ ਮੁੜੇਂ ਇਸ ਰਾਹੋਂ, ਮਨਸਬਦਾਰ ਕਰੇਸਾਂ ।
ਜੇ ਤੂੰ ਬਾਜ਼ ਨ ਆਵੈਂ ਇਸ ਥੋਂ, ਸੂਲੀ ਚਾਇ ਦਿਵੇਸਾਂ' ।੨੨੫।
ਕਰਿ ਕੇ ਫ਼ਿਕਰ ਅੰਬੀਰ ਵਜ਼ੀਰਾਂ, ਇਹੋ ਇਲਾਜੁ ਬਣਾਇਆ ।
ਇਸਤੰਬੋਲ ਸ਼ਹਿਰ ਦੇ ਵਾਲੀ, ਤਾਈਂ ਜਾਇ ਸੁਣਾਇਆ ।੨੨੬।
ਕਹਿਆ ਅਜ਼ੀਜ਼ ਇਹੋ ਗੱਲ ਬਿਹਤਰ, ਕਰੋ ਕਮਾਓ ਜਲਦੀ ।
ਜਿਸ ਬਿਧਿ ਬੁਝੇ ਬਝਾਈ ਸ਼ੁਹਰਤ, ਚਿਖਾ ਬੁਝਾਓ ਜਲਦੀ ।੨੨੭।
ਏਹੋ ਡੌਲ ਵਜ਼ੀਰਾਂ ਮਿਲ ਕੇ, ਗੋਸ਼ੇ ਇਕਤੁ ਬਣਾਈ ।
ਪੜਦੇ ਵਿਚ ਜ਼ਾਹਰ ਨ ਹੋਵੇ, ਸੁਣੇ ਨ ਆਮ ਖ਼ੁਦਾਈ ।੨੨੮।
ਸੂਲੀ ਤਾਣ ਧਰੀ ਉਮਰਾਵਾਂ, ਪਾਸ ਜਲਾਦ ਬਹਾਏ ।
ਦੂਜਾ ਲਾਲ ਜਵਾਹਰ ਮਾਣਕ, ਮੋਤੀ ਕੋਲ ਵਿਛਾਏ ।੨੨੯।
ਦੋਜ਼ਕ ਪਾਸ ਬਹਿਸ਼ਤ ਦਨਾਵਾਂ, ਕਰਿ ਸਮਿਯਾਨ ਬਣਾਯਾ ।
ਤਾਂ ਫ਼ਰਹਾਦ ਨਿਮਾਣਾ ਆਜਿਜ਼, ਸ਼ਹਿਰੋਂ ਪਕੜਿ ਮੰਗਾਯਾ ।੨੩੦।
ਮਿਲਿਆ ਦਸਤ ਜਲਾਦਾਂ ਆਜਿਜ਼, ਹਾਜ਼ਰ ਆਣ ਖੜੋਤਾ ।
ਸੂਲੀ ਬਾਝ ਜ਼ੁਬਾਨੋਂ ਸੁਖ਼ਨੀਂ, ਸੂਲੀ ਨਾਲ ਪਰੋਤਾ ।੨੩੧।
ਸੂਬੇਦਾਰ ਅੰਬੀਰ ਚੁਫੇਰੇ, ਹਾਕਮ ਹਫ਼ਤ-ਹਜ਼ਾਰੀ ।
ਨੇਜੇ ਤੀਰ ਤੁਫ਼ੰਗ ਦਿਖਾਉਣ, ਖਿਚ ਖਿਚ ਪੈਨਿ ਕਟਾਰੀ ।੨੩੨।
ਆਖਣ ਇਕ ਗਡਾਓ ਧਰਤੀ, ਤੀਰੀਂ ਲੇਖੁ ਕਰਾਓ ।
ਦੂਜੇ ਕਹਿਣ ਜਲਾਦਾਂ ਆਖੋ, ਸੂਲੀ ਚਾਇ ਚੜ੍ਹਾਓ ।੨੩੩।
ਨਿਮਕੁ ਹਰਾਮੁ ਬੇਅਦਬੁ ਅਜੇਹਾ, ਉਲਟੀ ਖੱਲ ਲਹਾਓ ।
ਇਕ ਇਕ ਕਹਿਣ ਕਮੀਨੇ ਤਾਈਂ, ਆਤਸ਼ ਵਿਚ ਜਲਾਓ ।੨੩੪।
ਵਿਚ ਵਿਚ ਹੋਰ ਕਹਿਣ ਸਸਤਾਓ, ਡਰੋ ਖ਼ੁਦਾ ਦੇ ਗਜ਼ਬੋਂ ।
ਬਖ਼ਸ਼ੋ ਜਾਨ ਕਰਾਓ ਤੋਬਾ, ਨਾਮਾਕੂਲ ਬਿਅਦਬੋਂ ।੨੩੫।
ਆਜਿਜ਼ ਲੋਕ ਦਿਵਾਨਾ ਆਹਾ, ਮੁੜ ਕੇ ਨਾਉਂ ਨ ਲੈਸੀ ।
ਦੌਲਤ ਚਾਇ ਦਿਹੋ ਸਭ ਇਸ ਨੂੰ, ਜਾਇ ਕਿਤੇ ਵਲ ਰਹਿਸੀ ।੨੩੬।
ਏਹੋ ਕਰਨ ਵਿਚਾਰਾਂ ਹਾਸ਼ਮ, ਦਬਕੇ ਦੇਣ ਡਰਾਉਣ ।
ਖ਼ਾਤਰ ਓਸ ਕੱਢਣ ਦੇ ਤਾਈਂ, ਬਹੁਤ ਦਲੀਲ ਉਠਾਉਣ ।੨੩੭।
ਜਾਂ ਫ਼ਰਹਾਦ ਸੁਣੇ ਸਭ ਝੇੜੇ, ਹਾਜ਼ਰ ਆਣਿ ਖੜੋਇਆ ।
ਡਿਠਾ ਤਰਫ਼ ਸੂਲੀ ਦੀ ਹੱਸਿਆ, ਫਿਰ ਹੰਝੂ ਭਰ ਰੋਇਆ ।੨੩੮।
ਹੋਰ ਸਵਾਲ ਜਵਾਬ ਜ਼ਬਾਨੋਂ, ਸੁਖ਼ਨ ਨ ਕੀਤਾ ਜ਼ਰਰਾ ।
ਸ਼ਾਹ ਮਨਸੂਰ ਹੋਯਾ ਉਸ ਵੇਲੇ, ਸਾਬਤ ਸਿਦਕੁ ਮੁਕਰਰਾ ।੨੩੯।
ਵੇਖਿ ਵਜ਼ੀਰ ਅੰਬੀਰ ਤਮਾਸ਼ਾ, ਉਸ ਦਾ ਬਹੁਤ ਹੈਰਾਨੇ ।
'ਹੱਸਣ ਰੋਣ ਕਿਹਾ ਇਸ ਵੇਲੇ, ਸਚੁ ਕਹੁ ਆਖ ਦਿਵਾਨੇ !੨੪੦।
ਮੌਤੋਂ ਰੋਣ ਮੁਕਰਰਾ ਆਵੇ, ਖ਼ੁਸ਼ੀ ਨ ਆਵੇ ਮਾਸਾ ।
ਸੂਲੀ ਪਾਸ ਹਸੇਂਨਾ ਖਫ਼ਤੀ, ਇਹ ਕਿਵੇਹਾ ਹਾਸਾ' ?੨੪੧।
ਭੀ ਫ਼ਰਹਾਦ ਜਵਾਬ ਸੁਖ਼ਨ ਦਾ, ਕਹਿਆ ਅੰਬੀਰ ਵਜ਼ੀਰਾਂ ।
'ਜੀਉਣ ਮਰਣ ਅਸਾਂ ਇਕ ਜੇਹਾ, ਘਾਇਲ ਦਿਲਾਂ ਫ਼ਕੀਰਾਂ ।੨੪੨।
ਪਰ ਮੈਂ ਵੇਖ ਸੂਲੀ ਨੂੰ ਹੱਸਿਆ, ਖ਼ੁਸ਼ ਹੋ ਬਹੁਤ ਹਿਸਾਬੋਂ ।
ਖ਼ੂੰਨੀ ਇਸ਼ਕ ਕਸਾਈ ਕੋਲੋਂ, ਛੁਟਸੀ ਜਾਨ ਅਜ਼ਾਬੋਂ ।੨੪੩।
ਰੁੰਨਾ ਕਰਿ ਅਫ਼ਸੋਸ ਅਜਾਈਂ, ਮੁਇਆਂ ਘਾਟ ਨ ਘਰ ਦਾ ।
ਸ਼ੀਰੀਂ ਪਾਸ ਖੜੋਵੇ ਤਾਂ ਉਹੁ, ਵੇਖੇ ਆਸ਼ਕ ਮਰਦਾ ।੨੪੪।
ਦੇਉਗੁ ਰੂਹ ਦੁਆਇ ਤੁਸਾਹੀਂ, ਮੈਂ ਇਹ ਮੌਤ ਕਬੂਲੀ ।
ਧੌਲਰ ਪਾਸ ਸ਼ੀਰੀਂ ਦੇ ਖੜ ਕੇ, ਚਾਇ ਚੜ੍ਹਾਓ ਸੂਲੀ' ।੨੪੫।
ਜਦ ਇਹ ਲਿਆ ਜਵਾਬ ਵਜ਼ੀਰਾਂ, ਮੁੜਕੇ ਬਾਤ ਨ ਕੀਤੀ ।
ਪਾਸ ਅਜ਼ੀਜ਼ ਸ਼ਹਿਨਸ਼ਾਹ ਆਖੀ, ਜਾਇ ਜਿਵੇਂ ਜਿਉਂ ਬੀਤੀ ।੨੪੬।
ਸੁਣਿ ਕੇ ਹੋਸ਼ੁ ਗਈ ਸ਼ਹਿ ਆਦਲ, ਗਏ ਜ਼ਬਾਨੀ ਕਿੱਸੇ ।
ਔਖਾ ਰੋਗ ਲਗਾ ਇਹ ਦਿਲ ਨੂੰ, ਦਾਰੂ ਕੋਈ ਨ ਦਿਸੇ ।੨੪੭।
ਕਹਿਆ ਅਜ਼ੀਜ਼ 'ਨ ਆਖੋ ਉਸ ਨੂੰ, ਹਰਗਿਜ਼ ਸਖ਼ਤ ਜ਼ੁਬਾਨੋਂ ।
ਹੈ ਇਹ ਇਸ਼ਕ ਮੁਕਰਰਾ ਸਾਦਕ, ਬਾਹਰ ਹਿਰਸ ਜਹਾਨੋਂ' ।੨੪੮।
ਸਾਹਿਬ ਤਖ਼ਤ ਹਕੂਮਤ ਆਪਣੀ, ਇਕਸੇ ਮੁਲਖੁ ਚਲਾਵੇ ।
ਛੁਟੇ ਆਹ ਅਜੇਹੇ ਦਿਲ ਦੀ, ਚੌਦਾਂ ਤਬਕ ਹਿਲਾਵੇ ।੨੪੯।
ਹੋਰੁ ਇਲਾਜੁ ਨਹੀਂ ਕਛੁ ਉਸ ਦਾ, ਅੰਦਰ ਏਸ ਜ਼ਮਾਨੇ ।
ਬਾਹਰ ਸ਼ਹਿਰ ਕੋਈ ਕਛੁ ਹਰਗਿਜ਼, ਕਹੋ ਨ ਓਸ ਦੀਵਾਨੇ ।੨੫੦।
ਦੁਨੀਆਂ ਖ਼ਾਬ ਮੁਸਾਫ਼ਰਖ਼ਾਨਾ, ਕਿਚਰਕੁ ਹੁਕਮ ਚਲਾਈਏ ।
ਕਿਉਂ ਇਹ ਖ਼ਲਕ ਪੈਦਾਇਸ਼ ਰੱਬ ਦੀ, ਕਰਿਕੇ ਜ਼ੁਲਮ ਦੁਖਾਈਏ ।੨੫੧।
ਜ਼ਾਲਮ ਜ਼ੁਲਮ ਕਰੇਂਦਾ ਦੋ ਦਿਨ, ਖ਼ਲਕ ਖ਼ੁਦਾਈ ਲੁਟਦਾ ।
ਮਾਲਕ ਏਸ ਮੁਲਕ ਨ ਵੇਖੇ, ਬਦਲਾ ਕਿਵੇਂ ਨ ਛੁਟਦਾ' ।੨੫੨।
ਕਹਿਆ ਅਜ਼ੀਜ਼ ਅੰਬੀਰਾਂ ਤਾਈਂ, ਏਹੋ ਸੁਖ਼ਨ ਜ਼ਬਾਨੋਂ ।
ਕਿਸ ਨੇ ਨਾਲਿ ਖੜੀ ਇਹ ਦੁਨੀਆਂ, ਚਲਦੀ ਵਾਰ ਜਹਾਨੋਂ ।੨੫੩।
ਹਾਸ਼ਮੁ ਸ਼ੌਂਕ ਸ਼ੀਰੀਂ ਵਿਚ ਉਸ ਦਾ, ਕਹੁ ਕਛੁ ਹੈਸੀ ਜ਼ਰਰਾ ।
ਦਿਲ ਨੂੰ ਰਾਹ ਦਿਲਾਂ ਵਿਚ ਆਖਣ, ਕਾਮਲ ਲੋਕ ਮੁਕਰਰਾ ।੨੫੪।
ਅਥ ਸ਼ੀਰੀਂ ਕੀ ਬਾਰਤਾ-
ਸ਼ੀਰੀਂ ਗਿਰਦ ਹਜ਼ਾਰਾਂ ਆਹੀਆਂ, ਖਿਜ਼ਮਤਦਾਰ ਕਨੀਜ਼ਾਂ ।
ਇਕ ਦੋ ਵਿਚ ਉਨ੍ਹਾਂ ਦੇ ਹੈਸਨ, ਮਹਰਮੁ ਰਾਜ਼ ਅਜ਼ੀਜ਼ਾਂ ।੨੫੫।
ਖਿਜਮਤ ਹੋਰੁ ਉਨ੍ਹਾਂ ਦੇ ਤਾਈਂ, ਜ਼ਰਾ ਨ ਆਹੀ ਕਾਈ ।
ਉਪਰ ਸੀਸ ਮਹੱਲ ਚੁਫ਼ੇਰੇ, ਰੱਖਣ ਨਜ਼ਰ ਦੁੜਾਈ ।੨੫੬।
ਹਰ ਹਰ ਗਲੀ ਮਹੱਲੇ ਕੂਚੇ, ਰੱਖਣ ਨਜ਼ਰ ਮਹੱਲੋਂ ।
ਵੇਖਣ ਜੋ ਫ਼ਰਹਾਦ ਦਿਵਾਨਾ, ਨਜ਼ਰ ਪਵੇ ਕਿਸਿ ਵਲੋਂ ।੨੫੭।
ਸੀ ਫ਼ਰਹਾਦ ਤਰੀਕ ਹਮੇਸ਼ਾ, ਸ਼ਹਿਰ ਬਜ਼ਾਰੋਂ ਫਿਰਦੇ ।
ਦੋ ਦਸ ਵਾਰ ਮੁਕਰਰਾ ਆਵੇ, ਮਹਿਲ ਸ਼ੀਰੀਂ ਦੇ ਗਿਰਦੇ ।੨੫੮।
ਜਾਂ ਉਹ ਨਜ਼ਰ ਗੁਲਾਮਾਂ ਪੌਂਦਾ, ਫਿਰਦਾ ਜਿਗਰ ਕਬਾਬੀ ।
ਓਸੇ ਵਖਤ ਸ਼ੀਰੀਂ ਸ਼ਹਿਜ਼ਾਦੀ , ਦੇਵਣ ਖਬਰ ਸ਼ਿਤਾਬੀ ।੨੫੯।
ਜਾਂ ਫ਼ਰਹਾਦ ਸ਼ੀਰੀਂ ਨੂੰ ਦਿਸਦਾ, ਉਠਦਾ ਦਾਹੁ ਕਲੇਜੇ ।
ਰੋਂਦੀ ਵੇਖ ਹਵਾਲ ਸੱਜਣ ਦਾ, ਚੈਨ ਨ ਆਉਸੁ ਸੇਜੇ ।੨੬੦।
ਜਾਂ ਮਿਲਿ ਨਾਲ ਸਹੀਆਂ ਦੇ ਬਹਿੰਦੀ, ਨਾਲ ਅਕਲ ਦੇ ਜ਼ੋਰੇ ।
ਹਿਕਮਤਿ ਨਾਲ ਬਿਗਾਨੇ ਮੂੰਹੋਂ, ਬਾਤ ਸੱਜਣ ਦੀ ਤੋਰੇ ।੨੬੧।
ਜਾਂ ਫ਼ਰਹਾਦ ਵਲੋਂ ਗੱਲ ਤੁਰਦੀ, ਵਿਚ ਹੁਸਨ ਦੇ ਡੇਰੇ ।
ਆਪੋ ਧਾਪ ਅਵਾਇਲ ਉਮਰੇ, ਹਸਿ ਹਸਿ ਕਰਨ ਵਧੇਰੇ ।੨੬੨।
ਲਾਉਨੁ ਸਾਂਗ ਬਣੇ ਇਕ ਸ਼ੀਰੀਂ, ਇਕ ਫ਼ਰਹਾਦ ਬਣਾਉਣ ।
ਗਲ ਵਿਚ ਵਾਲ ਦਿਵਾਨੀ ਸੂਰਤ, ਅੰਗ ਬਿਭੂਤ ਲਗਾਉਣ ।੨੬੩।
ਦੇਵਣ ਫੇਰ ਨਸੀਹਤ ਉਸ ਨੂੰ, ਗਿਰਦ-ਬਗਿਰਦੀ ਬਹਿਕੇ ।
'ਤੁਧ ਕਿਉਂ ਮੌਤ ਵਿਹਾਝੀ ਆਪਣੀ, ਭੇਤੁ ਜ਼ੁਬਾਨੋਂ ਕਹਿਕੇ ।੨੬੪।
ਅੱਵਲ ਹੋਸ਼ੁ ਕਰੇ ਸਭ ਕੋਈ, ਅਪਣਾ ਕਦਰ ਪਛਾਣੇ ।
ਅੱਖੀਂ ਮੀਟ ਅਨ੍ਹੇਰਾ ਕੀਤੋ, ਖਾਧੀ ਜ਼ਹਿਰ ਧਿਙਾਣੇ ।੨੬੫।
ਕੌਣ ਮਜੂਬ ਅਨਾਥ ਵਿਚਾਰਾ, ਗਿਣਤੀ ਕਿਸੇ ਨ ਲੇਖੇ ।
ਰੱਖੀ ਨਜ਼ਰ ਉਥਾਈਏਂ ਜਿਸਨੂੰ, ਸੂਰਜ ਚੰਦ ਨ ਦੇਖੇ' ।੨੬੬।
ਜਾਂ ਇਹ ਸੁਖ਼ਨ ਸੁਣੇ ਤਦ ਸ਼ੀਰੀਂ, ਕਰਕ ਕਲੇਜੇ ਕਰਕੇ ।
ਗ਼ੈਰਤ ਨਾਲ ਸਹੀਆਂ ਨੂੰ ਕਹਿੰਦੀ, ਸਖ਼ਤ ਤਬੀਅਤ ਕਰਕੇ ।੨੬੭।
'ਇਹ ਗੱਲ ਕਹੋ ਨ ਹਰਗਿਜ਼ ਉਸ ਨੂੰ, ਆਜਿਜ਼ ਨੀਚ ਕਮੀਨਾ ।
ਹੈ ਉਹ ਦੀਨ ਦੁਨੀ ਵਿਚ ਮੇਰਾ, ਕਾਬਾ ਮੁਲਕ ਮਦੀਨਾ' ।੨੬੮।
ਹਰਦਮ ਕੋਲ ਜਿਨ੍ਹਾਂ ਦੇ ਵਜਦਾ ਫ਼ਾਨੀ ਕੂਚ ਨਗਾਰਾ ।
ਘੱਤਣ ਖੂਹ ਜਹਾਨੀਂ ਝੂਠਾ, ਸ਼ੌਕਤ ਸ਼ਾਨ ਨਿਕਾਰਾ ।੨੬੯।
ਖ਼ਾਬ ਖ਼ਿਆਲ ਹਕੂਮਤਿ ਸਾਡੀ, ਜਿਤਨਾ ਸ਼ੋਰ ਸੁਣੀਂਦਾ ।
ਉਸਦਾ ਨਾਮ ਹਮੇਸ਼ਾ ਕਾਯਮ, ਜਬ ਲਗ ਤਖਤ ਜ਼ਿਮੀਂ ਦਾ ।੨੭੦।
ਲਿਖਿਆ ਵਿਚ ਕਿਤਾਬ ਇਸ਼ਕ ਦੀ, ਮਜ਼ਹਬ ਸਾਫ ਦਿਲਾਂ ਦੇ ।
ਖੇਲਣੁ ਇਸ਼ਕ ਹਰਾਮ ਤਿਨ੍ਹਾਂ ਨੂੰ, ਮੈਂ ਤੂੰ ਵਿਚ ਜਿਨ੍ਹਾਂ ਦੇ ।੨੭੧।
ਮਿਲਿਆ ਯਾਰ ਮੁਰੱਬੀ ਜਿਸਨੂੰ, ਗਏ ਦੁਰੰਗੀ ਕਿੱਸੇ ।
ਸ਼ਾਹੁ ਗਦਾਉ ਨਜੀਬ ਕਮੀਨਾ, ਕੋਈ ਨ ਉਸ ਨੂੰ ਦਿਸੇ ।੨੭੨।
ਏਹੋ ਰੋਜ਼ ਸਹੀਆਂ ਨੂੰ ਸ਼ੀਰੀਂ, ਕਰਕੇ ਸੁਖ਼ਨ ਸੁਣਾਵੇ ।
ਗੋਇਆ ਕਰੇ ਹਿਦਾਇਤ, ਬਣਕੇ ਰਹਿਬਰੁ ਰਾਹੁ ਸਿਖਾਵੇ ।੨੭੩।
ਆਹਾ ਸ਼ੁਗਲ ਏਹੋ ਦਿਨ ਰਾਤੀ, ਨਰਦ ਇਸ਼ਕ ਦੀ ਖੇਲੇ ।
ਗਿਣਦੀ ਚਾਲ ਮਿਲਣ ਦੀ ਕਾਈ, ਜੇ ਰੱਬ ਉਸ ਨੂੰ ਮੇਲੇ ।੨੭੪।
ਵਸਦੀ ਸੀਸ-ਮਹੱਲੀਂ ਆਹੀ, ਹਾਰ ਸ਼ਿੰਗਾਰ ਚੁਫ਼ੇਰੇ ।
ਪਰ ਉਹ ਸੋਜ਼ ਦੀਵਾਨੇ ਕੋਲੋਂ, ਰਖਦੀ ਜ਼ਰਾ ਵਧੇਰੇ ।੨੭੫।
ਮੁੱਦਤ ਰਹਯਾ ਤਰੀਕਾ ਏਹੋ, ਖੇਡ ਇਸ਼ਕ ਦੀ ਤਾਜ਼ੀ ।
ਦਿਲ ਦਾ ਖ਼ੂਨ ਖੁਰਾਕ ਦੁਹਾਂ ਦੀ, ਬਣੀ ਸਿਰੇ ਸਿਰ ਬਾਜ਼ੀ ।੨੭੬।
ਪਰੁ ਏਹੁ ਲੋਕ ਜਹਾਨੀ ਹਾਸ਼ਮ, ਕਿਵੇਂ ਨ ਖ਼ਯਾਲ ਛਡੇਂਦੇ ।
ਮਾਰਨ ਮਾਰ ਸੁਟਣ ਮੁੜਿ ਵੇਖਣ, ਮੁਇਆਂ ਫੇਰਿ ਮਰੇਂਦੇ ।੨੭੭।
ਰਲਿ ਕੇ ਫੇਰ ਬਖ਼ੀਲਾਂ ਕਹਿਆ ਬਾਪ ਸ਼ੀਰੀਂ ਦੇ ਤਾਈਂ-
'ਕੀਤਾ ਬਹੁਤ ਖਰਾਬ ਦੀਵਾਨੇ, ਖ਼ਿਆਲ ਛੁਡੇਂਦਾ ਨਾਹੀਂ ।੨੭੮।
ਹੋਇਆ ਬਲਕਿ ਮਲੂਮ ਅਸਾਨੂੰ, ਏਨ ਫ਼ਸਾਦ ਵਧਾਇਆ ।
ਇਸਦੇ ਇਸ਼ਕ ਜ਼ਨਾਨੀ ਮਹਲੀਂ, ਸ਼ੋਰ ਖਰੂਦ ਮਚਾਇਆ ।੨੭੯।
ਸ਼ੀਰੀਂ ਆਪ ਝਰੋਖੇ ਦੇ ਵਿਚ, ਰਹੇ ਇਸੇ ਵਲ ਤੱਕਦੀ ।
ਕਰੇ ਕਲਾਮ ਹਮੇਸ਼ਾਂ ਇਸਦੀ, ਕਰਦੀ ਕਦੇ ਨ ਥਕਦੀ' ।੨੮੦।
ਸ਼ਾਹਦ ਹੋਰ ਉਠੇ ਦਸ ਪਾਸੋਂ, ਏਹੋ ਸੁਖ਼ਨ ਪਕਾਇਆ ।
ਕਰਿਕੇ ਬਹੁਤ ਬਖ਼ੀਲੀ ਚੁਗਲੀ, ਫੇਰ ਅਜ਼ੀਜ਼ ਤਪਾਇਆ ੨੮੧।
ਤਪਿਆ ਬਹੁਤ ਅਜ਼ੀਜ਼ ਸ਼ਿਤਾਬੀ, ਫੇਰ ਵਜ਼ੀਰ ਬੁਲਾਏ ।
ਦਾਨਸ਼ਵੰਦ ਹੋਏ ਸਭ ਹਾਜ਼ਰ, ਪਾਸੋ ਪਾਸ ਬਹਾਏ ।੨੮੨।
ਕਹਿਆ ਅਜ਼ੀਜ਼ ਕਰੋ ਕੁਛੁ ਹੀਲਾ, ਰਲਿਕੇ ਤੁਸੀਂ ਸਿਆਣੇ ।
ਕੀਤਾ ਬਹੁਤ ਖ਼ਰਾਬ ਦਿਵਾਨੇ, ਖਪਤੀ ਏਸ ਨਿਮਾਣੇ ।੨੮੩।
ਸਖ਼ਤੀ ਕਰੋ ਨ ਹਰਗਿਜ਼ ਕੋਈ, ਖ਼ੂਨ ਨ ਗਰਦਨ ਆਵੇ ।
ਸ਼ਹਿਰੋਂ ਕਿਵੇਂ ਨਿਕਾਲੋ ਉਸਨੂੰ, ਉਠਿ ਕਿਤੇ ਵਲ ਜਾਵੇ ।੨੮੪।
ਕੀਤੀ ਅਰਜ਼ ਵਜ਼ੀਰਾਂ ਸੁਣ ਕੇ, ਕਹਿਆ ਸ਼ਹਿਨਸ਼ਾਹ ਤਾਈਂ ।
ਕਿਸ ਬਿਧਿ ਸ਼ਹਿਰ ਛੁਡਾਈਏ ਉਸ ਥੋਂ, ਕਿਵੇਂ ਛੁਡੇਂਦਾ ਨਾਹੀਂ ।੨੮੫।
ਗ਼ੈਰਤ ਨਾਲ ਜੇ ਇਸ ਦੇ ਤਾਈਂ, ਜਾਨੋਂ ਮਾਰ ਗਵਾਈਏ ।
ਸ਼ੁਹਰਤ ਮੁਲਖ ਵਧੇਰੇ ਹੋਸੀ, ਗਰਦਨ ਖ਼ੂਨ ਲਿਖਾਈਏ ।੨੮੬।
ਦੌਲਤ ਖ਼ਾਕ ਬਰਾਬਰ ਜਾਣੇ, ਮਰਣੁ ਨ ਜਾਣੇ ਕੇਹਾ ।
ਸੁਣਿਆਂ ਕਦੇ ਨ ਡਿਠਾ ਕੋਈ, ਆਦਮੁ ਹੋਰ ਇਜੇਹਾ ।੨੮੭।
ਸ਼ੀਰੀਂ ਬਾਝ ਬਿਜ਼ਾਰ ਫਿਰੇਂਦਾ, ਖ਼ਲਕੋਂ ਖ਼ਲਕ ਖ਼ੁਦਾਓਂ ।
ਜਿਸ ਦਿਨ ਰਹਿਗੁ ਹਯਾਉ ਤਿਸੇ ਦਿਨ, ਜਾਪਗੁ ਏਸ ਬਲਾਓਂ ।੨੮੮।
ਕਹੀ ਕਲਾਮ ਨ ਸੁਣਦਾ ਹਰਗਿਜ਼, ਕਰੇ ਨ ਆਪੁ ਜ਼ਬਾਨੋਂ ।
ਕਿਥੋਂ ਏਨ ਅਸਾਨੂੰ ਆਫ਼ਤ, ਲੱਧਾ ਢੂੰਢ ਜਹਾਨੋਂ ।੨੮੯।
ਫੇਰ ਅਜ਼ੀਜ਼ ਕਹਿਆ ਕਰ ਗ਼ੈਰਤ, ਡੁਬੀ ਅਕਲ ਤੁਸਾਡੀ ।
ਭਲਕੇ ਖ਼ਾਕ ਕਹਾਓਂ ਆਕਲ, ਕਰੋਂ ਵਿਜ਼ਾਰਤੁ ਸਾਡੀ ।੨੯੦।
ਡੁਬਾ ਤਖ਼ਤ ਤਸੱਲਤੁ ਸਾਡਾ, ਨਾਲੇ ਸ਼ਾਹ ਅਜੇਹੇ ।
ਦਾਨਸ਼ਮੰਦ ਵਜ਼ੀਰ ਜਿਨ੍ਹਾਂ ਦੇ, ਬਣੇ ਤੁਸਾਡੇ ਜੇਹੇ ।੨੯੧।
ਡਿੱਠਾ ਬਹੁਤ ਵਜ਼ੀਰਾਂ ਤਪਿਆ, ਵਾਲੀ ਸ਼ਾਮ ਸ਼ਹਿਰ ਦਾ ।
ਉਠੇ ਕੰਬ ਪਇਆ ਦਿਲ ਖ਼ਤਰਾ, ਬਣਿਆ ਰੋਜ਼ ਹਸ਼ਰ ਦਾ ।੨੯੨।
ਕਹਿਆ ਅਜ਼ੀਜ਼ ਸ਼ਹਿਨਸ਼ਾਹ ਤਾਈਂ, ਫੇਰ ਵਜ਼ੀਰਾਂ ਰਲ ਕੇ ।
ਕਰਕੇ ਕੋਈ ਦਲੀਲ ਅਕਲ ਦੀ, ਅਰਜ਼ ਕਰੇਸਾਂ ਭਲਕੇ ।੨੯੩।
ਰੁਖਸਤੁ ਲਈ ਗਏ ਇਕ ਗੋਸ਼ੇ, ਪਏ ਦਲੀਲੀਂ ਸਾਰੇ ।
ਖਾਵਣ ਪੀਣ ਗਇਆ ਸੁਖ ਸੋਵਣ, ਫੜੇ ਅਜ਼ਾਬ ਵਿਚਾਰੇ ।੨੯੪।
ਆਪੋ ਆਪ ਵਿਚਾਰਨ ਖੋਜਣ, ਢੂੰਢਣ ਢੂੰਡ ਸਵਾਈ ।
ਢਾਹੁਣ ਹੋਰ ਸਲਾਹ ਉਸਾਰਨ, ਸਾਬਤ ਪਵੇ ਨ ਕਾਈ ।੨੯੫।
ਸੀ ਇਕ ਵਿਚ ਵਜ਼ੀਰ ਉਨ੍ਹਾਂ ਦੇ, ਸਭ ਥੋਂ ਵਡਾ ਸਿਆਣਾ ।
ਡਿਠੇ ਕਈ ਜ਼ਮਾਨੇ ਵਰਤੇ, ਪਾਪੀ ਵਡਾ ਪੁਰਾਣਾ ।੨੯੬।
ਹੁੱਜਤ ਓਨ ਉਠਾਈ ਗਿਣਕੇ, ਬੁਰਾ ਕਮਾਉਣ ਵਾਲੇ ।
ਕਹਿਆ ਅੰਬੀਰ ਵਜ਼ੀਰਾਂ ਤਾਈਂ, ਸੱਦ ਨਜ਼ੀਕ ਬਹਾਲੇ ।੨੯੭।
ਅੱਵਲਿ ਨਾਲ ਉਨ੍ਹਾਂ ਦੇ ਕੀਤੀ, ਸਖ਼ਤ ਜ਼ੁਬਾਨ ਨਸੀਹਤ ।
ਬਣੇ ਵਜ਼ੀਰ ਤੁਸਾਡੇ ਜੇਹੇ, ਲੜਕੇ ਖ਼ਾਮ-ਤਬੀਅਤ ।੨੯੮।
ਹੋਸ਼ੁ ਦਲੀਲ ਵਜ਼ੀਰਤ ਲਾਇਕ, ਜ਼ਰਾ ਤੁਸਾਂ ਵਿਚ ਨਾਹੀਂ ।
ਮੈਨੂੰ ਏਹੋ ਹੌਲ ਤੁਸਾਡਾ, ਮਰਸੋਂ ਕਿਤੇ ਅਜਾਈਂ ।੨੯੯।
ਕਰਕੇ ਹੋਰ ਮਲ੍ਹਾਮਤ ਗੁੱਸਾ, ਮਗਰੋਂ ਕਹਿਆ ਉਨ੍ਹਾਂ ਨੂੰ ।
ਕਰੋ ਇਲਾਜ ਦਿਵਾਨੇ ਵਾਲਾ, ਜੋ ਕੁਛ ਕਹਾਂ ਤੁਸਾਨੂੰ ।੩੦੦।
ਪਾਸ ਅਜ਼ੀਜ਼ ਸ਼ਹਿਨਸ਼ਾਹ ਰਲ ਕੇ, ਉਠ ਸਵੇਰੇ ਜਾਈਏ ।
ਓਥੇ ਉਹੁ ਦੀਵਾਨਾ ਵਹਿਸ਼ੀ, ਪਕੜਿ ਹਜੂਰ ਮੰਗਾਈਏ ।੩੦੧।
ਕਹੀਏ ਓਸ ਫ਼ਸਾਦੀ ਤਾਈਂ, ਸੁਕਦਾ ਬਾਗ਼ ਸ਼ੀਰੀਂ ਦਾ ।
ਹੈ ਉਹੁ ਗਰਮੁ ਕਰੇਂਦਾ ਗਰਮੀ, ਤਖ਼ਤਾ ਸ਼ੋਰ ਜ਼ਿਮੀਂ ਦਾ ।੩੦੨।
ਖੂਹੇ ਚਰਸ ਰਹੇ ਕਰ ਹੀਲੇ, ਕਿਵੇਂ ਨ ਥੀਵੇ ਹਰਿਆ ।
ਤਾਂ ਉਹ ਫੜੇ ਸ਼ਗੂਫਾ ਸ਼ਬਜ਼ੀ, ਰਹੇ ਹਮੇਸ਼ਾ ਹਰਿਆ ।੩੦੩।
ਨੇੜੇ ਪਾਸ ਪਰੇਡੇ ਉਸ ਦੇ, ਨਦੀ ਹਮੇਸ਼ਾ ਜਾਰੀ ।
ਉਸ ਦੀ ਆਬ ਦ੍ਰਖ਼ਤਾਂ ਤਾਈਂ, ਖਰੀ ਨਿਹਾਇਤ ਕਾਰੀ ।੩੦੪।
ਬਾਗੋਂ ਹੋਗੁ ਨਦੀ ਕੋਹ ਦੋ ਇਕ, ਬੂਟਾ ਝਾੜ ਉਜਾੜੀ ।
ਕੋਹਕੁ ਨਰਮ ਜ਼ਿਮੀਨ ਵਰਾਨੀ, ਕੋਹਕੁ ਸਖ਼ਤ ਪਹਾੜੀ ।੩੦੫।
ਜੇ ਤੂੰ ਨਹਰ ਕਦੀ ਉਸ ਨਦੀਓਂ, ਚੀਰ ਪਹਾੜ ਲਿਆਵੇਂ ।
ਜਾਪੇ ਇਸ਼ਕ ਤਿਸੇ ਦਿਨ ਕਾਮਲ, ਆਣ ਅਨਾਇਤ ਪਾਵੇਂ ।੩੦੬।
ਜਿਉਂ ਕਰ ਹੋਰ ਗ਼ੁਲਾਮ ਸ਼ੀਰੀਂ ਦੇ, ਮੁਢ ਕਦੀਮੀਂ ਖ਼ਾਸੇ ।
ਦਿਤੀ ਫੇਰ ਇਜਾਜ਼ਤ ਤੈਨੂੰ, ਰਹੀਂ ਹਮੇਸ਼ਾ ਪਾਸੇ ।੩੦੭।
ਜਾਂ ਇਹ ਬਾਤ ਦਿਵਾਨੇ ਕਹਿਸਾਂ, ਕਹਿਆ ਵਜ਼ੀਰ ਪੁਰਾਣੇ ।
ਕਰਨੋਂ ਕਦੇ ਨ ਰਹਿਸੀ ਖਪਤੀ, ਸਮਝੋ ਤੁਸੀਂ ਸਿਆਣੇ ।੩੦੮।
ਐਵੇਂ ਮਾਣ ਨਹੀਂ ਉਹ ਆਫ਼ਤ, ਬਿਨਾ ਉਮੈਦੋਂ ਆਸੋਂ ।
ਲਾਉਗੁ ਜ਼ੋਰ ਅਜੇਹੀ ਸੁਣ ਕੇ, ਗੱਲ ਅਸਾਡੇ ਪਾਸੋਂ ।੩੦੯।
ਹਿਕਮਤਿ ਨਾਲ ਨਿਕਾਲੋ ਸ਼ਹਿਰੋਂ, ਡਾਲੋ ਵਿਚ ਪਹਾੜੀ ।
ਚੀਤੇ ਸ਼ੇਰ ਹਜ਼ਾਰਾਂ ਵਸਦੇ, ਗਹਿਰ ਗੰਭੀਰ ਉਜਾੜੀਂ ।੩੧੦।
ਭੁੱਖਾ ਰਹਿਸੁ ਮਰੇਸੀ ਪਾਲੇ, ਹੋਰ ਬਲਾਈਂ ਜੂਹੀਂ ।
ਰਾਕਸ਼ ਭੂਤ ਚੁੜੇਲਾਂ ਪਰਬਤ, ਭਰਿਆ ਸੱਪ ਅਠੂਹੀਂ ।੩੧੧।
ਸ਼ਰਮ ਹਯਾਉ ਗਵਾਯਾ ਜਗ ਵਿਚ, ਆਫ਼ਤ ਏਨ ਅਸਾਡਾ ।
ਮੁੜ ਕੇ ਵਾਜ ਕਲਾਮ ਨ ਸੁਣਸਾਂ, ਮਗਰੋਂ ਲਹੁਗੁ ਤਗਾਦਾ ।੩੧੨।
ਜਾਂ ਇਹੁ ਸੁਣੀ ਅੰਬੀਰ ਵਜ਼ੀਰਾਂ, ਹਿਕਮਤਿ ਓਸ ਬਜ਼ੁਰਗੋਂ ।
ਹੋਏ ਸ਼ਾਦ ਏਹਾ ਗੱਲ ਮੁੜਿ ਮੁੜਿ, ਸੁਣਨ ਪੁਰਾਣੇ ਗ਼ੁਰਗ਼ੋਂ ।੩੧੩।
ਨਿਉਂ ਨਿਉਂ ਕਰਨ ਸਲਾਮਾਂ ਉਸ ਨੂੰ, ਚੁੰਮਣ ਪੈਰ ਚੁਫ਼ੇਰੇ ।
ਐਸੀ ਅਕਲ ਵਜ਼ੀਰਾਂ ਵਾਲੀ, ਕੌਣ ਗਿਣੇ ਬਿਨ ਤੇਰੇ ।੩੧੪
ਕੀਤੀ ਬਾਤ ਪਸਿੰਦੁ ਨਿਹਾਇਤ, ਸ਼ਾਦ ਹੋਇ ਸੁਣ ਸਾਰੇ ।
ਚੱਲੋ ਜਾਇ ਅਜ਼ੀਜ਼ ਸੁਣਾਈਏ, ਓਸੇ ਵਖ਼ਤ ਸਿਧਾਰੇ ।੩੧੫।
ਕੀਤੀ ਅਰਜ਼ ਅੰਬੀਰ ਵਜ਼ੀਰਾਂ, ਜਾਇ ਹਜ਼ੂਰ ਖੜੋਤੇ ।
ਸੁਣ ਕੇ ਸ਼ਾਹ ਹੋਇਆ ਖ਼ੁਸ਼ ਦਿਲ ਵਿਚ, ਮੋਤੀ ਸੁਖ਼ਨ ਪਰੋਤੇ ।੩੧੬।
ਕਹਿਆ ਅਜ਼ੀਜ਼ ਵਜ਼ੀਰਾਂ ਤਾਈਂ, ਇਹ ਗੱਲ ਖ਼ੂਬ ਵਿਚਾਰੀ ।
ਆਖੋ ਓਸ ਦਿਵਾਨੇ ਤਾਈਂ, ਗੋਸ਼ੇ ਇਕਸ ਨਿਆਰੀ ।੩੧੭।
ਭੇਜੇ ਨਫ਼ਰ ਗ਼ੁਲਾਮ ਵਜ਼ੀਰਾਂ, ਪਾਸ ਦਿਵਾਨੇ ਜਾਓ ।
ਬਾਹਰ ਸ਼ਹਿਰ ਮਹੱਲਾ ਕੂਚਾ, ਢੂੰਡ ਸ਼ਿਤਾਬ ਲਿਆਓ ।੩੧੮।
ਜਾਂ ਮੁੜ ਰਾਤ ਗ਼ੁਲਾਮਾਂ ਆਈ, ਫਿਰਦਿਆਂ ਵਿਚ ਸ਼ਹਿਰ ਦੇ ।
ਲੱਧਾ ਇਕਸੁ ਕਿਨਾਰੇ ਬੈਠਾ, ਪਾਸ ਫਲੂਦਾਗਰ ਦੇ ।੩੧੯।
ਆਹਾ ਖ਼ੂਬ ਫਲੂਦਾ ਉਸ ਦਾ, ਲਾਇਕ ਸਿਫ਼ਤ ਅੰਬੀਰੀ ।
ਹੋਕਾ ਨਾਲ ਅਵਾਜ਼ਾਂ ਦੇਂਦਾ, "ਲਓ ਫਲੂਦਾ ਸ਼ੀਰੀਂ' ।੩੨੦।
ਖਾਤਰ ਏਸ ਦਿਵਾਨਾ ਡਿਗਿਆ, ਓਸ ਦੁਕਾਨ ਚਰੋਕਾ ।
ਲਗਦਾ ਉਸ ਨੂੰ ਬਹੁਤ ਪਿਆਰਾ, ਸੁਣੇ ਉਸੇ ਦਾ ਹੋਕਾ ।੩੨੧।
ਆਂਦਾ ਪਕੜ ਗ਼ੁਲਾਮਾਂ ਓਥੋਂ, ਆਜ਼ਿਜ਼ ਸਾਥ ਸਥੋਈ ।
ਤੁਰਿਆ ਉਠ ਚੁਪਾਇਆਂ ਵਾਂਗੂੰ, ਸੁਖ਼ਨ ਨ ਕੀਤਾ ਕੋਈ ।੩੨੨।
ਖੜਿਆ ਪਾਸ ਅੰਬੀਰ ਵਜ਼ੀਰਾਂ, ਬੰਦੀਵਾਨ ਨਿਮਾਣਾ ।
ਘਾਇਲ ਜਾਨ ਕਬਾਬ ਨਿਖਸਮਾ, ਆਜਿਜ਼ ਲੋਕ ਨਿਤਾਣਾ ।੩੨੩।
ਕਹਿਆ ਅੰਬੀਰ ਵਜ਼ੀਰਾਂ ਉਸ ਨੂੰ, ਕਰਕੇ ਲੁਤਫ਼ ਘਨੇਰਾ ।
ਸੁਣ ਤੂੰ ਯਾਰ ਦਿਵਾਨੇ ! ਸਿਰ ਪਰ, ਤੁਹਿੰ ਦੁਖ ਸਹਿਆ ਬਤੇਰਾ ।੩੨੪।
ਪਿਛਲੇ ਬਖਸ਼ ਗ਼ੁਨਾਹ ਅਸਾਨੂੰ, ਅਸੀਂ ਬਿਅਦਬ ਗ਼ੁਨਾਹੀਂ ।
ਕੰਬੇ ਵੇਖ ਹਵਾਲ ਤੇਰੇ ਨੂੰ, ਸਖ਼ਤ ਮਰੇਨੇਂ ਆਹੀਂ ।੩੨੫।
ਹੁਣ ਇਹ ਚਾਲ ਸ਼ੁਦਾਈਆਂ ਵਾਲੀ, ਛੋਡ ਤਰੀਕ ਬਿਹੋਸ਼ੀ ।
ਜ਼ਾਹਰ ਭੇਤ ਨ ਕਰ ਤੂੰ ਹਰਗਿਜ਼, ਪਕੜ ਹਯਾਉ ਖਮੋਸ਼ੀ ।੩੨੬।
ਕੀਤਾ ਹੁਕਮ ਅਸਾਂ ਹੁਣ ਤੈਨੂੰ, ਸ਼ਾਹ ਇਹੋ ਫ਼ਰਮਾਇਆ ।
ਰਹੁ ਖਾਂ ਪਾਸ ਸ਼ੀਰੀਂ ਦੇ ਹੁਣ ਤੂੰ, ਖਿਜਮਤਦਾਰ ਬਣਾਇਆ ।੩੨੭।
ਪਰ ਉਹ ਬਾਗ਼ ਸ਼ੀਰੀਂ ਦਾ ਸੁਕਦਾ, ਉਸ ਦੀ ਵਡੀ ਖ਼ਰਾਬੀ ।
ਤੈਨੂੰ ਦਰਦ ਤੂੰਹੇ ਕੁਛ ਕਰਸੇਂ, ਢੂੰਢ ਇਲਾਜ ਸ਼ਿਤਾਬੀ ।੩੨੮।
ਉਸ ਨੂੰ ਨਹਿਰ ਕਿਵੇਂ ਦਰਿਆਓਂ, ਚੀਰ ਪਹਾੜ ਲਿਆਵੇਂ ।
ਆਪਣਾ ਕੰਮ ਕਰੇਸੇਂ ਘਰ ਦਾ, ਜਗ ਵਿਚ ਮਰਦ ਕਹਾਵੇਂ ।੩੨੯।
ਆਖਣ ਦੇਣ ਪਿਆਰ ਦਿਲਾਸਾ, ਦਿਲੋਂ ਦਲੀਲੋਂ ਖੋਟੇ ।
ਧੋਹੀ ਲੋਕ ਜ਼ਬਾਨੋਂ ਉਲਫ਼ਤ, ਬੁਰੇ ਅਨੀਤੇ ਚੋਟੇ ।੩੩੦।
ਅਸਲੋਂ ਜ਼ੋਰਾਵਰ ਨੂੰ ਲਗਦੇ, ਕੌਣ ਵਧੀਕ ਪਿਆਰੇ ।
ਧੋਹੀ ਚੁਗਲ ਬਖ਼ੀਲ ਬਿਦਰਦੀ, ਝੂਠ ਕਮਾਵਣਹਾਰੇ ।੩੩੧।
ਤੱਕਣ ਬੁਰਾ ਬਿਗ਼ਾਨਾ ਹਰਦਮ, ਖ਼ੂਨ ਪਰਾਏ ਨ੍ਹਾਉਣ ।
ਬੋਲਣ ਝੂਠ ਕੁਸ਼ਾਮਦ ਕਾਰਣ, ਜ਼ੋਰਾਵਰਾਂ ਰੀਝਾਉਣ ।੩੩੨।
ਹਿਰਫ਼ਤ ਦਗ਼ਾ ਬਖ਼ੀਲੀ ਜਿਸ ਵਿਚ, ਗਿਣਤੀ ਰਹੇ ਬਿਗ਼ਾਨੀ ।
ਸੋਈ ਬਣੇ ਮਰਾਤਬ ਵਾਲਾ, ਕਾਬਲ ਕਾਰ ਜਹਾਨੀਂ ।੩੩੩।
ਗ਼aੁਗਾ ਹਿਰਸ ਗ਼ਰੂਰਤ ਮਸਤੀ, ਦੁਨੀਆਂ ਨਾਉਂ ਇਸੇ ਦਾ ।
ਅੱਖੀਂ ਨੱਕ ਨਹੀਂ ਕਛੁ ਹੋਰੂੰ, ਬਣਿਆ ਜਿਸਮ ਕਿਸੇ ਦਾ ।੩੩੪ ਹਿਰ ।
ਭੁੱਲਾ ਆਪਣਾ ਆਪ ਜਿਨ੍ਹਾਂ ਥੋਂ, ਹੋਸ਼ ਹੋਈ ਗੁੰਮ ਸਾਰੀ ।
ਕੀਕੁਰ ਹੋਣ ਜਹਾਨੀਂ ਕਾਬਲ, ਬਣਨ ਮਰਾਤਬ ਭਾਰੀ ।੩੩੫।
ਜਾਂ ਫ਼ਰਹਾਦ ਵਜ਼ੀਰਾਂ ਕੋਲੋਂ, ਸੁਣੀ ਹਕਾਇਤ ਸਾਰੀ ।
ਲਗੀ ਚਮਕ ਪਤੰਗ ਵਧੇਰੇ, ਕੀਤੀ ਮਉਤ ਤਿਆਰੀ ।੩੩੬।
ਭੀ ਫ਼ਰਹਾਦ ਨਿਮਾਣਾ ਹੋ ਕੇ, ਕਹਿਆ ਵਜ਼ੀਰਾਂ ਤਾਈਂ ।
'ਸਖਤ ਪਹਾੜ ਕਟੇਸਾਂ ਕੀਕੁਰ, ਪਾਸ ਮੇਰੇ ਕਛੁ ਨਾਹੀਂ' ।੩੩੭।
ਤੇਸਾ ਮੁੱਲ ਖ਼ਰੀਦ ਬਜ਼ਾਰੋਂ, ਓਸੇ ਵਖਤ ਮੰਗਾਇਆ ।
ਰਲ ਕੇ ਉਨ੍ਹਾਂ ਬਿਦਰਦਾਂ, ਦਸਤੋ ਦਸਤਿ ਗ਼੍ਰੀਬ ਫੜਾਇਆ ।੩੩੮।
ਬੱਧੀ ਕਮਰ ਲਇਆ ਹਥ ਤੇਸਾ, ਗਇਆ ਪਹਾੜ ਕਿਨਾਰੇ ।
ਕੀਤਾ ਸ਼ੁਕਰ ਅੰਬੀਰ ਵਜ਼ੀਰਾਂ, ਖ਼ੁਸ਼ੀ ਹੋਏ ਸੁਣ ਸਾਰੇ ।੩੩੯।
ਬੇੜੀ ਬਾਝ ਕੁਪੱਤਣ ਵੜਿਆ, ਮਨਤਾਰੂ ਬਿਨੁ ਸਾਥੀ ।
ਕੀੜੀ ਨਾਲ ਪਹਾੜ ਭਿੜਾਏ, ਬ੍ਰਿਹੁੰ ਕਸਾਈ ਹਾਥੀ ।੩੪੦।
ਡਿਠਾ ਗਿਰਦ ਚੁਫ਼ੇਰੇ ਫਿਰ ਕੇ, ਕੋਹ ਦਿਵਾਨੇ ਸਾਰਾ ।
ਖਾਰਾ ਸੈਲ ਸਿਆਹ ਚੁਤਰਫ਼ੋਂ, ਸਖ਼ਤ ਨਿਹਾਯਤ ਭਾਰਾ ।੩੪੧।
ਪਰਬਤ ਵੇਖ ਰਿਹਾ ਫਿਰ ਘਿਰ ਕੇ, ਨਰਮ ਕਿਤੇ ਵਲ ਆਵੇ ।
ਉਡਣ ਅੱਗ ਅਵਾੜੇ ਸਿਰ ਤੋਂ, ਤੇਸਾ ਜ਼ਰਾ ਛੁਹਾਵੇ ।੩੪੨।
ਸੁਟੇ ਸਾੜ ਪਹਾੜੀਂ ਆਤਸ਼, ਉਠੇ ਸ਼ੋਖ ਪਲੀਤਾ ।
ਤਾਂ ਫ਼ਰਹਾਦ ਪਛਾਤਾ ਦਿਲ ਵਿਚ, ਦਗ਼ਾ ਵਜ਼ੀਰਾਂ ਕੀਤਾ ।੩੪੩।
ਉਹ ਫ਼ਰਹਾਦ ਅਲਾਮਾ ਆਹਾ, ਜਿਸ ਵਿਚ ਅਕਲ ਖਜ਼ਾਨਾ ।
ਕੀਕੁਰ ਦਗ਼ਾ ਪਛਾਣੇ ਨਾਹੀਂ, ਜੇ ਸੌ ਭਇਆ ਦਿਵਾਨਾ ।੩੪੪।
ਆਸ਼ਕ ਹੋਣ ਮਜੂਬ ਨ ਐਸੇ, ਜੇ ਕਰ ਹੋਣ ਦਿਵਾਨੇ ।
ਦੂਣੀ ਅਕਲ ਜਹਾਨੋਂ ਹੋਵੇ, ਪਰ ਉਹੁ ਕੈਦ ਬਿਗ਼ਾਨੇ ।੩੪੫।
ਹੈ ਇਹ ਇਸ਼ਕ ਜ਼ਿਆਦਾ ਅਕਲੋਂ, ਘਾਇਲ ਅਕਲ ਬਣਾਵੇ ।
ਝੋਕਾਂ ਯਾਰ ਵਸੇਰਾ ਆਜਿਜ਼, ਸ਼ੌਕੀ ਇਸ਼ਕ ਕਮਾਵੇ ।੩੪੬।
ਆਸ਼ਕ ਕੋਟ ਅਕਲ ਦੇ ਹੋਵਣ, ਪਰ ਉਹ ਅਕਲ ਕਿਵੇਹੀ ।
ਤਪਕੇ ਨਾਲ ਇਸ਼ਕ ਦੀ ਆਤਸ਼, ਬਣੇ ਜਲਾਵੇ ਦੇਹੀ ।੩੪੭।
ਜਿਉਂ ਜਿਉਂ ਆਣ ਬਣਨ ਦੁਖ ਡਾਢੇ, ਸ਼ੁਹਰਤੁ ਵਧੇ ਜਹਾਨੀਂ ।
ਤਿਉਂ ਤਿਉਂ ਅਕਲ ਉਤੇ ਵਲ ਢੋਵੇ, ਯਾਰ ਜਿਤੇ ਵਲ ਜਾਨੀ ।੩੪੮।
ਭੀ ਫ਼ਰਹਾਦ ਵਿਚਾਰੀ ਮਨ ਵਿਚ, ਜੇ ਮੈਂ ਪੈਰ ਹਟਾਵਾਂ ।
ਤਾਂ ਹੁਣ ਲਾਜ ਇਸ਼ਕ ਨੂੰ ਲਗਦੀ, ਨਾਕਸ ਸਿਦਕੁ ਸਦਾਵਾਂ ।੩੪੯।
ਜੇ ਕਰ ਪਵੇ ਪਤੰਗ ਦਲੀਲੀਂ, ਘਾਟਾ ਨਫ਼ਾ ਵਿਚਾਰੇ ।
ਤਾਂ ਉਹ ਫੇਰ ਦਿਵਾਨਾ ਕੀਕੁਰ, ਜਾਨ ਜੂਏ ਵਿਚ ਹਾਰੇ ।੩੫੦।
ਏਹੋ ਇਸ਼ਕ ਚਿਖਾ ਵਿਚ ਬਲਦੀ, ਮੀਟ ਅੱਖੀਂ ਜਲ ਮਰਨਾ ।
ਥੋੜੋ ਹੋਰ ਖ਼ੁਦਾਈ ਰਲ ਕੇ, ਢੋਲ ਨਗਾਰਾ ਧਰਨਾ ।੩੫੧।
ਜੇ ਕਰ ਲੇਖ ਮੇਰੇ ਵਿਚ ਲਿਖਦਾ, ਸਾਹਿਬ ਤਲਬ ਅਰਾਮੀ ।
ਰੱਜਣ ਖਾਣ ਇਹੋ ਕੁਝ ਸਿਖਦਾ, ਕਰਦਾ ਕਿਤੇ ਗ਼ੁਲਾਮੀ ।੩੫੨।
ਬੈਲਾਂ ਵਾਂਗੁ ਬਿਅਕਲ ਬਿਚਾਰੇ, ਨੀਂਦ ਸੁਖਾਲੀ ਸਉਂਦੇ ।
ਜਿਤਨੇ ਤੇਜ਼ ਤਬੀਅਤ ਵਾਲੇ, ਫਿਰਣ ਸ਼ੁਦਾਈ ਭੌਂਦੇ ।੩੫੩।
ਹੇ ਦਿਲ ! ਆਖ ਪਹਾੜੋਂ ਹਟ ਕੇ, ਕਾਰ ਕਰੇਸਾਂ ਕੇਹੜੀ ।
ਰੋਵਗੁ ਫੇਰ ਫਿਰਗੁ ਵਿਚ ਗਲੀਆਂ, ਚਾਲ ਕਦੀਮੀਂ ਜੇਹੜੀ ।੩੫੪।
ਤਾਂ ਤੂੰ ਸਮਝ ਨਿਹਾਇਤ ਉਸ ਥੋਂ, ਕੰਮ ਏਹੋ ਹੁਣ ਚੋਖਾ ।
ਟੱਕਰ ਨਾਲ ਪਹਾੜਾਂ ਕਰਕੇ, ਫੇਰ ਕਿਵੇਹਾ ਧੋਖਾ ?੩੫੫।
ਜਬ ਲਗ ਜਾਨ ਟਿਕਾਣੇ ਆਹੀ, ਕਾਰ ਇਹੋ ਹੁਣ ਕਰਸਾਂ ।
ਜੇ ਰੱਬ ਯਾਰ ਮਿਲਾਵੇ ਮਿਲਸਾਂ, ਨਹੀਂ ਇਥਾਵੇਂ ਮਰਸਾਂ ।੩੫੬।
ਭੀ ਫ਼ਰਹਾਦ ਦਲੀਲਾਂ ਕਰਕੇ, ਸਾਬਤੁ ਪੈਰ ਟਿਕਾਇਆ ।
ਭਾਰੀ ਬੋਝ ਫੁਲਾਦੀ ਤੇਸਾ, ਕਰਕੇ ਜ਼ੋਰ ਚਲਾਇਆ ।੩੫੭।
ਤੇਸੇ ਨਾਲ ਪਹਾੜੋਂ ਚਮਕਣ, ਚਮਕਾਂ ਅੱਗ ਅਵਾੜੇ ।
ਗੋਇਆ ਆਤਸ਼ਬਾਜ਼ ਬਣਾਇਆ, ਆਣ ਦੁਕਾਨ ਪਹਾੜੇ ।੩੫੮।
ਅੱਗੇ ਅੱਗ ਬ੍ਰਿਹੁੰ ਦੀ ਆਹੀ, ਦੂਜੀ ਹੋਰੁ ਮਚਾਈ ।
ਨੱਠੇ ਸ਼ੇਰ ਬਘੇਲੇ ਡਰਦੇ, ਛਡਿ ਛਡਿ ਜਾਣ ਖ਼ੁਦਾਈ ।੩੫੯।
ਜਿਸ ਦਿਨ ਧਾਰ ਕੋਈ ਨਰਮੇਰੀ, ਜ਼ਰਾ ਸੁਖਾਲੀ ਆਵੇ ।
ਤੇਸਾ ਨਾਲ ਖ਼ੁਸ਼ੀ ਦੇ ਖ਼ੁਸ਼ ਹੋ, ਕਰਿ ਕਰਿ ਜ਼ੋਰ ਚਲਾਵੇ ।੩੬੦।
ਜਾਂ ਉਹ ਫੇਰ ਕਿਦਾਹੋਂ ਆਵੇ, ਸੈਲ ਨਿਖਸਮਾ ਕੋਰਾ ।
ਭੋਰਾ ਕਾਟ ਨ ਕਰਦਾ ਤੇਸਾ, ਪੇਸ਼ ਨ ਜਾਉਸੁ ਜ਼ੋਰਾ ।੩੬੧।
ਲੋਹੂ ਲਾਲ ਹੋਵਣ ਹੱਥ ਛਾਲੀਂ, ਨੈਣ ਭਰਨ ਰਸ ਖ਼ੂਨੋਂ ।
ਤੇਸਾ ਸੁਟ ਘੱਤੇ ਹੱਥ ਮਾਰੇ, ਸਿਰ ਦੇ ਨਾਲ ਜਨੂੰਨੋਂ ।੩੬੨।
ਖਾਲੀ ਪੇਟ ਮੁਹਿੰਮੁ ਪਰਾਈ, ਇਕ-ਜਣਾ ਇਕਲਾਪਾ ।
ਏਹੋ ਜ਼ੋਰ ਵਧੇਰੇ ਉਸ ਦਾ, ਕਰਦਾ ਰੋਜ਼ੁ ਸਿਆਪਾ ।੩੬੩।
ਜਾਂ ਮੁੜ ਫੇਰ ਹੱਥਾਂ ਵਲ ਵੇਖੇ, ਚਮਕੇ ਚਮਕ ਸਵਾਈ ।
ਲੋਹੂ ਨਾਲ ਹੋਏ ਗੁਲ ਲਾਲਾ, ਮਹਿੰਦੀ ਇਸ਼ਕ ਲਗਾਈ ।੩੬੪।
ਰੋ ਰੋ ਹਾਲ ਵੰਞਾਏ ਮਾਰੇ, ਦਰਦ ਦਰੇਗੋਂ ਆਹੀਂ ।
ਆਖੇ ਐਬ ਤੁਸਾਂ ਵਿਚ ਜਿਤਨਾ, ਦੋਸ਼ ਮੇਰੇ ਵਿਚ ਨਾਹੀਂ ।੩੬੫।
ਸਿਖੇ ਕਰਨ ਤੁਸੀਂ ਗੁਲਕਾਰੀ, ਪਹੁਤੇ ਸੀਸ ਮਹੱਲੀਂ ।
ਕਿਉਂ ਨ ਪੇਸ਼ ਤੁਹਾਡੇ ਆਵੇ, ਰਾਹੀਂ ਪਏ ਅਵੱਲੀਂ ।੩੬੬।
ਜਾਂ ਭਰਿ ਨੀਰ ਅੱਖੀਂ ਵਿਚਿ ਆਵੇ, ਲਾਲ ਹੋਈਆਂ ਦੁਖ ਦੇਵਣ ।
ਚੋਵਣ ਵਾਂਗੁ ਕਬਾਬਾਂ ਤਪੀਆਂ, ਗਿਰਦ ਚੁਫ਼ੇਰਾ ਭੇਵਣ ।੩੬੭।
ਭੀ ਫ਼ਰਹਾਦ ਉਨ੍ਹਾਂ ਦੇ ਤਾਈਂ, ਹੀਲਾ ਹਾਲ ਸੁਣਾਵੇ ।
ਵੇਲਾ ਐਸ਼ ਖ਼ੁਮਾਰੀ ਵਾਲਾ, ਪਿਛਲਾ ਯਾਦ ਕਰਾਵੇ ।੩੬੮।
ਹੈ ਹੈ ! ਆਖ ਰਹਿਆ ਮੈਂ ਚਸ਼ਮੋਂ ! ਇਤ ਵਲ ਤੁਸੀਂ ਨ ਜਾਵੋ ।
ਆਪਣੇ ਆਪ ਪਰਿੰਦਾਂ ਵਾਂਗੂੰ, ਗਲ ਵਿਚ ਜਾਲ ਨ ਪਾਵੋ ।੩੬੯।
ਹੈ ਇਹ ਚੋਗ ਪਿਆਰੀ ਲਗਦੀ, ਪਰ ਇਹ ਜ਼ਹਿਰ-ਅਲੂਦਾ ।
ਲੋਹਾ ਹੋਗੁ ਚੁਗਣ ਦੇ ਵੇਲੇ, ਦਿਸਦਾ ਨਰਮ ਫਲੂਦਾ ।੩੭੦।
ਜਿਉਂ ਜਿਉਂ ਰੋਜ਼ ਨਸੀਹਤ ਕਰਦਾ, ਚਾਮਲ ਚੜ੍ਹੇ ਵਧੇਰੇ ।
ਸੋ ਹੁਣ ਓਸ ਸਮੇਂ ਦਾ ਪਾਉਗੁ, ਪਲ ਪਲ ਸੁਆਦ ਅਗੇਰੇ ।੩੭੧।
ਏਹੋ ਸੁਖ਼ਨ ਕਰੇਂਦਾ ਜਾਂ ਮੁੜ, ਮਗਰੋਂ ਦਾਉ ਕਰੇਂਦੀ ।
ਕਾਫ਼ਰ ਸੋਜ਼ ਅੰਨ੍ਹੇਰੀ ਬ੍ਰਿਹੋਂ, ਸੁਧ ਬੁਧ ਰਹਿਣ ਨ ਦੇਂਦੀ ।੩੭੨।
ਬੇਖ਼ੁਦ ਹੋਇ ਜ਼ਿਮੀਂ ਪੁਰ ਡਿਗਦਾ, ਹੋਸ਼ ਹਵਾਸ਼ੋਂ ਕਾਰੋਂ ।
ਮੁੜ ਕੇ ਜਾਨ ਭਵੇ ਪਲ ਬੀਤੇ, ਆਪਣੇ ਯਾਰ ਪਵਾਰੋਂ ।੩੭੩।
ਤੇਸਾ ਫੇਰ ਸਮਾਲੇ ਆਜਿਜ਼, ਦਰਦ ਦੁਖਾਂ ਦਾ ਪਲਿਆ ।
ਘਾਇਲ ਜੁਮਲ ਜਹਾਨੋਂ ਬਾਹਰ, ਲੇਖ ਨਸੀਬੋਂ ਜਲਿਆ ।੩੭੪।
ਏਹੋ ਤੌਰ ਰਿਹਾ ਚਿਰ ਉਸ ਦਾ, ਗੁਜ਼ਰੇ ਕਈ ਦਿਹਾੜੇ ।
ਜਾਲੇ ਬਹੁਤ ਜ਼ਮਾਨੇ ਵਾਲੇ, ਸਿਰ ਪਰ ਸਖ਼ਤ ਪਵਾੜੇ ।੩੭੫।
ਤਾਂ ਉਹ ਕੂਕ ਨਿਮਾਣੇ ਦਿਲ ਦੀ, ਸੁਣੀ ਜਨਾਬ ਇਲਾਹੀ ।
ਬੀਤੀ ਬੀਤ ਗਈ ਉਹ ਜਿਤਨੀ, ਉਮਰ ਦੁਖਾਂ ਦੀ ਆਹੀ ।੩੭੬।
ਹੋਇਆ ਹੁਕਮ ਫ਼ਰਿਸ਼ਤਿਆਂ ਤਾਈਂ, ਤੋੜ ਸ਼ਿਤਾਬੀ ਜਾਓ ।
ਚੋਰੀ ਨਹਿਰ ਪੁਜਾਓ ਮਜ਼ਲੇ, ਉਲਫ਼ਤੁ ਨਾਲ ਬਣਾਓ ।੩੭੭।
ਮੱਦਤ ਰੇਸ਼ ਦਿਲਾਂ ਦੀ ਉਤਰੀ, ਅਮਰੋਂ ਮਲਕ ਹਜ਼ੂਰੀ ।
ਲਗੇ ਨਹਿਰ ਬਣਾਉਣ ਸਿਦਕੋਂ, ਆਸ਼ਕ ਕਾਰ ਜ਼ਰੂਰੀ ।੩੭੮।
ਤੇਸਾ ਨਾਉਂ ਰਹਿਆ ਫਿਰ ਉਸ ਦਾ, ਚਾਲ ਜਹਾਨੀ ਕਰਕੇ ।
ਵਗਣ ਲਾਖ ਕੁਹਾੜੇ ਗ਼ੈਬੋਂ, ਪਰਬਤ ਥਰਹਰ ਥਰਕੇ ।੩੭੯।
ਲੱਗਾ ਢਹਿ ਢਹਿ ਪਉਣ ਧਿਙਾਣੇ, ਉਡ ਉਡ ਜਾਣ ਤੁੰਬਾਲੇ ।
ਚੌਦਾਂ ਤਬਕ ਨ ਅਟਕਣ ਜਿਤ ਵਲ, ਡਹਿਣ ਯਕੀਨਾਂ ਵਾਲੇ ।੩੮੦।
ਥੋੜੇ ਰੋਜ਼ ਦਿਹਾਂ ਵਿਚ ਪਰਬਤ, ਸੁਟ ਕਿਤੇ ਵਲ ਪਾਇਆ ।
ਢੁੱਕਾ ਆਣ ਨਜ਼ੀਕ ਸ਼ਿਤਾਬੀ, ਸਾਦਕੁ ਯਾਰੁ ਲਿਆਇਆ ।੩੮੧।
ਲਗੇ ਲੋਕ ਤਮਾਸ਼ੇ ਆਉਣ, ਖ਼ਲਕਤ ਆਮ ਖ਼ੁਦਾਈ ।
ਐਸੀ ਚੀਜ਼ ਅਚਰਜ ਸ਼ਕੂਫ਼ਾ, ਆਸ਼ਕ ਮਰਦ ਬਣਾਈ ।੩੮੨।
ਧੁੰਮੀ ਧੁੰਮ ਬਿਦੇਸੀਂ ਮੁਲਖੀ, ਸ਼ਹਿਰ ਨ ਕੋਈ ਖਾਲੀ ।
ਢੁਕੀ ਆਣ ਚੌਤਰਫ਼ੋਂ ਖ਼ਲਕਤ, ਸੰਗ ਨਿਗਾਹੇ ਵਾਲੀ ।੩੮੩।
ਆਤਸ਼ ਵਿਚ ਕੱਖਾਂ ਦੇ ਆਹੀ, ਮੁੱਦਤ ਰਹੀ ਲੁਕਾਈ ।
ਭਾਂਬੜ ਆਣ ਨਿਹਾਯਤ ਕੀਤਾ, ਆਸ਼ਕ ਫੂਕ ਮਚਾਈ ।੩੮੪।
ਫੇਰ ਅਜ਼ੀਜ਼ ਸ਼ਹਿਨਸ਼ਾਹ ਆਦਲ, ਸੁਣਿਆ ਨਹਿਰ ਤਮਾਸ਼ਾ ।
ਟੁੱਟਾ ਤਖ਼ਤ ਹਕੂਮਤਿ ਵਾਲਾ, ਮਾਣ ਨ ਰਹਿਓਸੁ ਮਾਸਾ ।੩੮੫।
ਫੇਰ ਅੰਬੀਰ ਵਜ਼ੀਰ ਪੁਰਾਣੇ, ਯਾਦ ਸਲਾਹੀ ਕੀਤੇ ।
ਹਾਜ਼ਰ ਆਣ ਹੋਏ ਸ਼ਰਮਿੰਦੇ, ਢੱਠੇ ਰੂਹ ਅਨੀਤੇ ।੩੮੬।
ਕਹਿਆ ਵਜ਼ੀਰ ਅੰਬੀਰਾਂ ਤਾਈਂ, ਸ਼ਾਬਸ਼ ! ਅਕਲ ਤੁਸਾਡੀ ।
ਰੱਖੀ ਤੁਸਾਂ ਦਨਾਵਾਂ ਰਲਿ ਕੇ, ਹੁਰਮਤਿ ਖ਼ੂਬ ਅਸਾਡੀ !੩੮੭।
ਅਗੇ ਬਾਤ ਸ਼ਹਿਰ ਵਿਚ ਆਹੀ, ਜਾਣੀ ਕਿਨੇ ਨ ਜਾਣੀ ।
ਜ਼ਾਹਰ ਅਕਲ ਤੁਸਾਡੀ ਕੀਤਾ, ਹਰ ਹਰ ਮੁਲਖ਼ ਟਿਕਾਣੀਂ ।੩੮੮।
ਜੇ ਕਰ ਖ਼ੌਫ਼ ਖ਼ੁਦਾਇ ਨ ਹੋਵੇ, ਲਾਇਕ ਏਹ ਅਸਾਨੂੰ ।
ਤੀਰੀਂ ਲੇਖ ਕਰਾਈਏ ਇਕ ਇਕ, ਮਿਲੇ ਇਨਾਮ ਤੁਸਾਨੂੰ ।੩੮੯।
ਜੋੜੇ ਦਸਤ ਵਜ਼ੀਰਾਂ ਕੀਤੀ, ਅਰਜ਼ ਸਲਾਮਾਂ ਕਰਕੇ ।
ਆਦਲੁ ਹੋਇ ਅਦਾਲਤ ਕਰੀਏ, ਧਿਆਨੁ ਰੱਬੇ ਵਲੁ ਧਰਕੇ ।੩੯੦।
ਹੈਸੀ ਸਖ਼ਤ ਪਹਾੜ ਇਜੇਹਾ, ਮੇਖ਼ ਖ਼ੁਦਾਵੰਦ ਲਾਈ ।
ਰੋਜ਼ ਕਿਆਮਤ ਤਾਕ ਨ ਤੋੜੇ, ਉਸ ਨੂੰ ਆਮ ਖ਼ੁਦਾਈ ।੩੯੧।
ਸੋ ਉਨ ਖ਼ਬਰ ਨ ਕੀਤੀ ਹਰਗਿਜ਼, ਨਹਿਰ ਇਜੇਹੀ ਪੁੱਟੀ ।
ਫੂੜੀ ਵਾਂਗੁ ਲਪੇਟ ਪਹਾੜੀ, ਚਾਇ ਕਿਤੇ ਵਲ ਸੁੱਟੀ ।੩੯੨।
ਹੋਰ ਹਜ਼ਾਰ ਉਥਾਈਂ ਆਹੀ, ਵਸਦੀ ਭੂਤ ਜਨਾਇਤ ।
ਉਹ ਭੀ ਵੇਖ ਗਏ ਉਸ ਤਾਈਂ, ਡਰਦੇ ਛੋਡ ਵਲਾਇਤ ।੩੯੩।
ਚੀਤੇ ਸ਼ੇਰ ਕਰੋੜਾਂ ਆਹੇ, ਵਸਦੇ ਓਸ ਉਜਾੜੀਂ ।
ਵੇਖੋ ਤੁਖ਼ਮ ਨਹੀਂ ਹੁਣ ਦਿਸਦਾ, ਖਾਲੀ ਪਈ ਪਹਾੜੀ ।੩੯੪।
ਮੌਤੇ ਮਰੇ ਨ ਆਫ਼ਤ ਉਸ ਨੂੰ, ਹੈ ਉਹ ਮਰਦ ਅਜੇਹਾ ।
ਦਿਲ ਨੂੰ ਢੂੰਢ ਅਦਾਲਤ ਕਰੀਏ, ਦੋਸ਼ ਅਸਾਂ ਵਿਚ ਕੇਹਾ ।੩੯੫।
ਸ਼ਾਇਤ ਅਜਰਾਈਲ ਜੇਹੇ ਨੂੰ, ਜੇ ਉਹ ਸ਼ਕਲ ਦਿਖਾਵੇ ।
ਉਹ ਭੀ ਏਸ ਜ਼ਿਮੀ ਪਰ ਡਰਦਾ, ਹਰਗਿਜ਼ ਪੈਰ ਨ ਪਾਵੇ ।੩੯੬।
ਆਦਮੀਆਂ ਦੀ ਸੂਰਤ ਦਿਸਦਾ, ਸਵੇ ਨ ਪੀਵੇ ਖਾਵੇ ।
ਹੈ ਉਹ ਕੌਣ ਕਿਵੇਹੀ ਆਫ਼ਤ, ਲਖਿਆ ਭੇਤੁ ਨ ਜਾਵੇ ।੩੯੭।
ਸੁਣ ਕੇ ਅਰਜ਼ ਵਜ਼ੀਰਾਂ ਵਾਲੀ, ਨਰਮੁ ਹੋਇਆ ਦਿਲ ਕਹਿਰੋਂ ।
ਗੁੱਸਾ ਦੂਰ ਹੋਇਆ ਗੱਲ ਸਮਝੀ, ਮੁੜੀ ਤਬੀਅਤ ਲਹਿਰੋਂ ।੩੯੮।
ਕਹਿਆ ਅਜ਼ੀਜ਼ ਵਜ਼ੀਰਾਂ ਤਾਈਂ, ਕਰੋ ਕੋਈ ਹੁਣ ਕਾਰੀ ।
ਪਹੁਤਾ ਆਣ ਦਿਵਾਨਾ ਮਜ਼ਲੇ, ਬਣੀ ਅਸਾਨੂੰ ਭਾਰੀ ।੩੯੯।
ਡਰਦੇ ਨੰਗ ਨਮੂਸੋਂ ਆਹੇ, ਸੋ ਤਾਂ ਗਇਆ ਗਵਾਤਾ ।
ਸ਼ੀਰੀਂ ਇਸ਼ਕ ਪਹਾੜ ਚਿਰਾਯਾ, ਆਮ ਖ਼ੁਦਾਈ ਜਾਤਾ ।੪੦੦।
ਦੂਜਾ ਹੋਰ ਤਗਾਦਾ ਬਣਿਆ, ਆਪਣੀ ਅਕਲ ਬਣਾਇਆ ।
ਕਰਕੇ ਕੌਲ ਕਰਾਰ ਜ਼ਬਾਨੋਂ, ਆਪ ਪਹਾੜ ਚਿਰਾਇਆ ।੪੦੧।
ਜੇ ਹੁਣ ਅਮਲੁ ਨ ਕਰੀਏ ਉਸ ਤੇ, ਮੁੜੀਏ ਕੌਲ ਕਰਾਰੋਂ ।
ਕਾਫ਼ਰ ਹੋਣ ਕਰਾਰੋਂ ਝੂਠੇ, ਸੁਣਿਆ ਲਾਖ ਹਜ਼ਾਰੋਂ ।੪੦੨।
ਝੂਠੋਂ ਪਰੇ ਗ਼ੁਨਾਹ ਨ ਕੋਈ, ਝੂਠ ਬੁਰਾ ਸਭ ਐਬੋਂ ।
ਦੁਹੀਂ ਜਹਾਨੀਂ ਲਾਨ੍ਹਤ ਉਸ ਨੂੰ, ਕਰਨ ਫਰਸ਼ ਤੇ ਗ਼ੈਬੋਂ ।੪੦੩।
ਝੂਠਾ ਸੁਖ਼ਨ ਕਰਾਰ ਜ਼ੁਬਾਨੋਂ, ਕਰੇ ਨ ਕਰਦਾ ਸੋਈ ।
ਦੋਸਤੁ ਯਾਰ ਬਿਗਾਨਾ ਉਸ ਦੀ, ਕਰੇ ਉਮੈਦ ਨ ਕੋਈ ।੪੦੪।
ਸੁਣਿ ਕੇ ਸੁਖ਼ਨ ਸ਼ਹਿਨਸ਼ਾਹ ਕੋਲੋਂ, ਫੇਰਿ ਵਜ਼ੀਰ ਪੁਕਾਰੇ ।
ਕੀਤੀ ਅਰਜ਼ ਗ਼ਰੀਬਾਂ ਵਾਂਗੂ, ਬਣੇ ਲਚਾਰ ਵਿਚਾਰੇ ।੪੦੫।
ਸੂਲੀ ਚਾਇ ਚੜ੍ਹਾਵੋ ਸਾਨੂੰ, ਹੋਰ ਜਿਵੇਂ ਮਨ ਭਾਵੇ ।
ਪਰ ਹੁਣ ਹੋਰ ਇਲਾਜ ਅਸਾਨੂੰ, ਇਸ ਦਾ ਸਮਝਿ ਨ ਆਵੇ ।੪੦੬।
ਜਿਤਨਾ ਹੋਸ਼ ਅਸਾਡਾ ਆਹਾ, ਕੀਤਾ ਖ਼ਰਚ ਬਤੇਰਾ ।
ਦਾਰੂ ਰੋਗ ਘਟਣ ਦਾ ਕਰੀਏ, ਤਿਉਂ ਤਿਉਂ ਵਧੇ ਵਧੇਰਾ ।੪੦੭।
ਗ਼ੈਰਤ ਨਾਲ ਅਜ਼ੀਜ਼ ਸ਼ਹਿਨਸ਼ਹਿ, ਕੈਦ ਵਜ਼ੀਰ ਕਰਾਏ ।
ਕੀਤੇ ਸਖ਼ਤ ਅਸੀਰ ਜੰਜ਼ੀਰਾਂ, ਗਲ ਵਿਚ ਤਬਕ ਪਵਾਏ ।੪੦੮।
ਇਸਤੰਬੋਲ ਸ਼ਹਿਰ ਵਿਚ ਹੋਈ, ਇਹ ਗੱਲ ਜ਼ਾਹਿਰ ਸਾਰੇ ।
ਦਿਤਾ ਸਾਫ਼ ਜਵਾਬੁ ਵਜ਼ੀਰਾਂ, ਕਰ ਤਤਬੀਰਾਂ ਹਾਰੇ ।੪੦੯।
ਤਾਂ ਇਕ ਵਿਚ ਸ਼ਹਿਰ ਦੇ ਆਹੀ, ਵਸਦੀ ਨੇਕ ਮਕਾਰਾਂ ।
ਕਾਬਲ ਏਸ ਇਲਮੁ ਵਿਚ ਆਹੀ, ਹੋਰ ਸ਼ਗਿਰਦ ਹਜ਼ਾਰਾਂ ।੪੧੦।
ਸੀ ਉਸਤਾਦ ਅਜੇਹੀ ਕਾਮਲ, ਅੰਦਰ ਕਸਬ ਜ਼ਨਾਨੇ ।
ਸ਼ੈਤਾਂ ਅਦਬ ਕਰੇਂਦਾ ਉਸ ਤੋਂ, ਸਿਖਦਾ ਮਕਰ ਬਹਾਨੇ ।੪੧੧।
ਆਹੀ ਅਹਿਲ ਹਯਾਉ ਨ ਵੇਖੇ, ਮਰਦੁ ਬਿਗਾਨੇ ਤਾਈਂ ।
ਚੋਰੀ ਨਾਲ ਖਰਾਂ ਦੇ ਕਰਦੀ, ਸ਼ਹਿਵਤ ਕਦੀ ਕਦਾਈਂ ।੪੧੨।
ਚੁਗਲੀ ਨਾਲ ਜ਼ੁਬਾਨ ਨ ਕਰਦੀ, ਰੱਬ ਦਾ ਖ਼ੌਫ਼ ਕਰੇਂਦੀ ।
ਸੁੱਤਾ ਨਾਲ ਕਿਸੇ ਦੇ ਕੋਈ, ਸੈਨਤ ਨਾਲ ਦਸੇਂਦੀ ।੪੧੩।
ਕਰਕੇ ਸ਼ਰਮੁ ਦਲੀਜੋਂ ਬਾਹਰ, ਹਰਗਿਜ਼ ਪੈਰ ਨ ਪਾਵੈ ।
ਬੈਠੀ ਸਤਰ ਚੁਪਾਤੀ ਪਰਬਤ, ਪਰਬਤ ਨਾਲ ਭਿੜਾਵੈ ।੪੧੪।
ਸੁਣਿਆ ਓਨੁ ਵਿਚਾਰੀ ਆਜਿਜ਼, ਸ਼ੋਰ ਦੀਵਾਨੇ ਸੰਦਾ ।
ਥੱਕੇ ਜ਼ੋਰ ਲਗਾਇ ਅਕਲ ਦਾ, ਹਾਲ ਵਜ਼ੀਰਾਂ ਮੰਦਾ ।੪੧੫।
ਹੱਸੀ ਬਹੁਤ ਖ਼ੁਸ਼ ਹੋਈ ਸੁਣ ਕੇ, ਕਹਿਆ ਸ਼ਗਿਰਦਾਂ ਤਾਈਂ ।
ਹੈ ਕਿਆ ਚੀਜ਼ ਫੜੇ ਜਿਸ ਬਦਲੇ, ਅਕਲ ਵਜ਼ੀਰਾਂ ਨਾਹੀਂ ।੪੧੬।
ਆਤਸ਼ ਬਾਲ ਸਮੁੰਦ ਜਲਾਈਏ, ਤਾਰੇ ਤੋੜ ਲਿਆਈਏ ।
ਐਸੇ ਲਾਖ ਬਿਅਕਲ ਦਿਵਾਨੇ, ਪਲ ਵਿਚ ਮਾਰਿ ਗਵਾਈਏ ।੪੧੭।
ਪਰ ਹੁਣ ਇਹ ਭੀ ਕਾਰ ਅਸਾਨੂੰ, ਕਰਨੀ ਪਈ ਜ਼ਰੂਰੀ ।
ਚੱਲੋ ਪਾਸ ਸ਼ਹਿਨਸ਼ਾਹ ਜਾਈਏ, ਕਰੀਏ ਅਰਜ਼ ਹਜ਼ੂਰੀ ।੪੧੮।
ਲਈਆਂ ਨਾਲ ਸ਼ਗਿਰਦਾਂ ਇਕ ਦੋ, ਵਾਕਫ਼ ਏਸ ਕਿਤਾਬੋਂ ।
ਆਸਾ ਪਕੜਿ ਤੁਰੀ ਸਿਰ ਹਿਲਦੇ, ਬਖ਼ਰਾ ਲੈਣ ਸਵਾਬੋਂ ।੪੧੯।
ਜਾਇ ਹਜ਼ੂਰ ਖੜੋਤੀ ਆਜਿਜ਼, ਕੀਤੇ ਸੁਖ਼ਨ ਮੁਲਾਇਮੁ ।
ਸੁਣੀਏ ਅਰਜ਼ ਗ਼ੁਲਾਮੋਂ ਸ਼ਾਲਾ ! ਰਹੇ ਤਸੱਲਦ ਕਾਇਮੁ ।੪੨੦।
ਮੁੱਦਤ ਸ਼ਹਿਰ ਤੁਸਾਡੇ ਅੰਦਰ, ਜਾਲ ਗ਼ਰੀਬਾਂ ਕੀਤੀ ।
ਇਸ਼ਰਤ ਐਸ਼ ਤਮਾਸ਼ੇ ਅੰਦਰ, ਉਮਰੁ ਅਸਾਡੀ ਬੀਤੀ ।੪੨੧।
ਏਸੇ ਸ਼ਹਿਰ ਜੁਆਨੀ ਗੁਜ਼ਰੀ, ਨਿਮਕ ਪ੍ਰਵਰਦਾ ਹੋਏ ।
ਪਰ ਦਰਬਾਰ ਤੁਸਾਡੇ ਗ਼ਾਫਲ, ਹਾਜ਼ਰ ਕਦੀ ਨ ਹੋਏ ।੪੨੨।
ਜੇ ਕਰ ਹੁਕਮ ਅਸਾਨੂੰ ਹੋਵੇ, ਹੈ ਇਹ ਮਿਹਰ ਤੁਸਾਡੀ ।
ਕਰੀਏ ਫ਼ਿਕਰ ਦਿਵਾਨੇ ਵਾਲਾ, ਜੋ ਕਿਛੁ ਅਕਲ ਅਸਾਡੀ ।੪੨੩।
ਬਹੁਤ ਅਜ਼ੀਜ਼ ਹੋਇਆ ਖ਼ੁਸ਼ ਸੁਣ ਕੇ, ਉਸਦਾ ਸੁਖ਼ਨੁ ਜ਼ੁਬਾਨੋਂ ।
ਗੋਇਆ ਜਾਨ ਗਈ ਮੁੜ ਆਈ, ਅਗਲੇ ਹੋਸ਼ੁ ਜਹਾਨੋਂ ।੪੨੪।
ਕਹਿਆ ਅਜ਼ੀਜ਼ ਜ਼ਿਆਰਤ ਤੇਰੀ, ਕਰਿ ਕੇ ਅਸਾਂ ਪਛਾਤਾ ।
ਕਰਸੇਂ ਕੋਈ ਖ਼ਿਆਲ ਮੁਕਰਰਾ, ਦੀਨ ਦੁਨੀ ਦੀ ਮਾਤਾ ।੪੨੫।
ਪਰ ਹੁਣ ਕਰੋ ਇਲਾਜ ਸ਼ਿਤਾਬੀ, ਏਹੋ ਵਖ਼ਤ ਤੁਸਾਡਾ ।
ਹੁਣ ਭੀ ਕਿਵੇਂ ਜਗਤ ਵਿਚ ਰਹਿੰਦਾ, ਰਹੇ ਹਯਾਉ ਅਸਾਡਾ ।੪੨੬।
ਲੈ ਕੇ ਹੁਕਮ ਸ਼ਹਿਨਸ਼ਾਹ ਕੋਲੋਂ, ਸਾਜੁ ਸਮਾਜੁ ਬਣਾਇਆ ।
ਕੀਤਾ ਹੋਰ ਤਿਆਰ ਕ੍ਰਿਸ਼ਮਾ, ਅਗਲਾ ਭੇਸ ਵਟਾਇਆ ।੪੨੭।
ਭਗਵੇ ਭੇਸ ਬਣਾਈ ਚਾਦਰੁ, ਨੀਲੇ ਅਲਫ਼ ਵਗਾਏ ।
ਖਿਲਕਾ ਸਬਜ਼ ਪਿਆ ਵਿਚ ਗਲ ਦੇ, ਤਕਮੇ ਖ਼ੂਬ ਲਗਾਏ ।੪੨੮।
ਸੇਲੀ ਕਮਰ ਗਲੇ ਵਿਚ ਤਸਬੀ, ਪਕੜੀ ਦਸਤ ਬੈਰਾਗਣ ।
ਗੋਯਾ ਸੈਲ ਮਦੀਨਿਓਂ ਕਰਕੇ, ਮੁੜੀ ਘਰਾਂ ਨੂੰ ਹਾਜਣ ।੪੨੯।
ਹਲਵਾ ਨਾਨ ਖ਼ਰੀਦ ਬਜ਼ਾਰੋਂ, ਧਰਿ ਕੇ ਆਪ ਹਥਾਲੀ ।
ਚਲੀ ਵੇਖ ਤਲੀ ਪੁਰ ਧਰਿ ਕੇ, ਮੌਤ ਦਿਵਾਨੇ ਵਾਲੀ ।੪੩੦।
ਬਣ ਕੇ ਬਹੁਤ ਖਿਜ਼ੁਰ ਦੀ ਸੂਰਤ, ਆਜਿਜ਼ ਦਰਦ-ਰੰਞਾਣੀ ।
ਪਹੁਤੀ ਜਾਇ ਦਿਵਾਨੇ ਤੋੜੀਂ, ਕੁਟਣੀ ਸ਼ਕਲ ਨਿਮਾਣੀ ।੪੩੧।
ਸੀ ਫ਼ਰਹਾਦ ਕਰੇਂਦਾ ਅਪਣੀ, ਕਾਰ ਫੜੀਂ ਹੱਥ ਤੇਸਾ ।
ਸਤੀਆਂ ਵਾਂਗੁ ਚਿਖਾ ਪਰ ਚੜ੍ਹਿਆ, ਸੋਜ਼ ਜਨੂੰਨੀ ਪੇਸ਼ਾ ।੪੩੨।
ਜਾਇ ਨਜ਼ੀਕ ਖੜੋਤੀ ਉਸ ਦੇ, ਕੁਟਣੀ ਮਕਰ ਪਸਾਰੇ ।
ਹਲਵਾ ਨਾਨ ਜ਼ਿਮੀ ਪੁਰ ਧਰਿ ਕੇ, ਬੈਠੀ ਨਹਿਰ ਕਿਨਾਰੇ ।੪੩੩।
ਆਹੀਂ ਮਾਰ ਉਠੀ ਭਰਿ ਚਸ਼ਮਾਂ, ਲਗੀ ਬਕਣ ਫ਼ਰੇਬੋਂ ।
ਜਿਉਂ ਕਰ ਦਰਦ ਸਫ਼ਾਈ ਵਾਲੇ, ਕਰਨ ਕਲਾਮ ਦਰੇਗ਼ੋਂ ।੪੩੪।
ਲੱਗੀ ਕਹਿਣ 'ਨਿਕਾਰੀ ਦੁਨੀਆਂ, ਝੂਠਾ ਮਾਣ ਤੱਤੀ ਦਾ ।
ਭਲਕੇ ਵਖ਼ਤੁ ਕਿਵੇਹਾ ਹੋਸੀ, ਨਹੀਂ ਵਿਸਾਹੁ ਰੱਤੀ ਦਾ' ।੪੩੫।
ਐਸੇ ਸੁਖ਼ਨ ਕਰੇਂਦੀ ਆਹੀ, ਰੋਂਦੀ ਨਾਲ ਅਵਾਜ਼ੇ ।
ਸੁਣ ਕੇ ਠਹਿਰ ਗਿਆ ਉਸ ਕਾਰੋਂ, ਦਰਦ ਹੋਇਆ ਫ਼ਰਹਾਦੇ ।੪੩੬।
ਤਾਂ ਫ਼ਰਹਾਦ ਗਇਆ ਉਠ ਨੇੜੇ, ਬੈਠ ਕਹਿਆ, 'ਹੇ ਮਾਈ !
ਹੈਂ ਤੂੰ ਕੌਣ ਤੇਰੀ ਇਸ ਗਿਰੀਆ, ਮੈਂ ਬੀ ਕਾਰ ਭੁਲਾਈ' ।੪੩੭।
ਕੁਟਣੀ ਦੇਖ ਕਿਹਾ, 'ਰੇ ਬਾਬੂ ! ਕਾਰ ਕਰੋ ਮਤ ਬੋਲੋ ।
ਹੈਂ ਹਮ ਲੋਕ ਫ਼ਕੀਰ ਹਮਾਰੀ, ਜਾਤ ਕਛੂ ਮਤ ਟੋਲੋ' ।੪੩੮।
ਭੀ ਫ਼ਰਹਾਦ ਕਹਿਆ ਡਿਗ ਪੈਰੀਂ, 'ਕਿਉਂ ਤੂੰ ਦੂਰ ਹਟਾਵੇਂ ।
ਮੈਨੂੰ ਦਰਦ ਹਿਦਾਇਤ ਵਾਲੀ, ਮੁਨਸਬ ਨਜ਼ਰੀਂ ਆਵੇਂ ।੪੩੯।
ਮੈਂ ਭੀ ਖ਼ਾਕ ਘਣੀ ਸਿਰ ਪਾਈ, ਕੂਚੇ ਗਲੀ ਸ਼ਹਿਰ ਦੀ ।
ਬਣ ਕੇ ਵੈਦ ਸੁਣੇਂ ਦੁਖ ਮੇਰਾ, ਕੋਈ ਨ ਮਿਲਿਆ ਦਰਦੀ' ।੪੪੦।
ਅਸਲੋਂ ਜਾਣੁ ਇਹੋ ਗੱਲ ਹਾਸ਼ਮ, ਹਰ ਇਕ ਸਾਥ ਢੂੰਡੇਂਦਾ ।
ਦਿਲ ਨੂੰ ਸ਼ੌਕ ਹੋਵੇ ਜਿਸ ਵਲ ਦਾ, ਓਹੋ ਸੁਖ਼ਨ ਕਰੇਂਦਾ ।੪੪੧।
ਵਹਿਸ਼ੀ ਓਸ ਪਿਆਰੇ ਲਗਦੇ, ਜੋ ਦਿਲੁ ਆਪ ਦੀਵਾਨਾ ।
ਸ਼ਹਿਵਤ ਜ਼ੋਰ ਕਰੇ ਜਿਸ ਤਾਈਂ, ਢੂੰਡੇ ਸਾਥ ਜ਼ਨਾਨਾ ।੪੪੨।
ਸੁਘੜਾਂ ਨਾਲ ਮਿਲੇ ਸੁਖ ਪਾਵੇ, ਜੋ ਦਿਲ ਸੁਘੜ ਸਿਆਣਾ ।
ਖ਼ੁਸ਼ ਹੋ ਨਾਲ ਨਿਮਾਣੇ ਮਿਲਦਾ, ਆਜਿਜ਼ ਲੋਕ ਨਿਤਾਣਾ ।੪੪੩।
ਕਿਬਰੀ ਪਾਸ ਤਕੱਬਰ ਵਾਲੇ, ਬਣਿ ਕੇ ਯਾਰ ਖੜੋਂਦਾ ।
ਘਾਇਲ ਚਸ਼ਮ ਅਲੂਦਾ ਅਪਣਾ, ਸਾਥ ਉਡੀਕੇ ਰੋਂਦਾ ।੪੪੪।
ਕੁਟਣੀ ਫੇਰ ਕਹਿਆ, 'ਰੇ ਬਾਬੂ ! ਹਮਰੀ ਬਿਰਤ ਅਕਾਸ਼ੀ ।
ਪੰਛੀ ਲੋਕ ਫ਼ਕੀਰ ਜਗਤ ਮੈਂ, ਨਿਸ ਦਿਨ ਫਿਰੈਂ ਉਦਾਸੀ ।੪੪੫।
ਕੇਤਕ ਬਰਸ ਹੋਏ ਹਮ ਫਿਰਕੈ, ਸੈਰੁ ਜਗਤ ਮੈਂ ਕੀਨਾ ।
ਪਸ਼ਚਮ ਔਰ ਉਦੈ ਤਕ ਦੇਖਾ, ਕਾਬਾ ਔਰ ਮਦੀਨਾ ।੪੪੬।
ਉਪਮਾ ਏਸ ਨਗਰ ਕੀ ਸੁਣਿ ਕੈ, ਮਨੂਆ ਭਇਆ ਵੈਰਾਗੀ ।
ਹਿਤ ਕਰ ਏਸ ਦਿਸ਼ਾ ਮਗ ਦੌੜੇ, ਭ੍ਰਮਤਾ ਸਭੀ ਤਿਆਗੀ ।੪੪੭।
ਜਬ ਹਮ ਆਣ ਇਹਾਂ ਤਕ ਪਹੁਤੇ, ਦੇਖੀ ਚਾਲ ਨਗਰ ਕੀ ।
ਦੁਖ ਮੈਂ ਬਹੁਤ ਦੁਖੀ ਅਰ ਰੋਵੈਂ, ਜੋ ਜੀਅ ਜੰਤ ਸ਼ਹਿਰ ਕੀ ।੪੪੮।
ਐਸੋ ਨਗਰ ਦੁਖੀ ਜਬ ਦੇਖਾ, ਤਜਿ ਹਮ ਚਲੇ ਅਗੇਰਾ ।
ਅਬ ਹਮ ਔਰ ਨਗਰ ਮੈਂ ਜਾ ਕਰ, ਦੋ ਦਿਨ ਕਰੈਂ ਬਸੇਰਾ' ।੪੪੯।
ਭੀ ਫ਼ਰਹਾਦ ਕਹਿਆ, 'ਹੇ ਮਾਈ ! ਕਿਆ ਤੈਂ ਸੁਖ਼ਨ ਸੁਣਾਇਆ ।
ਐਸੇ ਨਗਰ ਸੁਹਾਵੇ ਤਾਈਂ, ਦੁਖੀਆ ਚਾਇ ਬਣਾਇਆ ।੪੫੦।
ਸ਼ਾਹ ਅਜ਼ੀਜ਼ ਸ਼ਹਿਰ ਦਾ ਵਾਲੀ, ਆਦਲੁ ਸਖੀ ਰਸੀਲਾ ।
ਸੁਟਦਾ ਵਾਰ ਮੁਸਾਫ਼ਰ ਉਤੋਂ, ਅਪਣਾ ਖੇਸ਼ ਕਬੀਲਾ ।੪੫੧।
ਅਪਣਾ ਆਪ ਸਹੀ ਕਰ ਜਾਣੇ, ਅਪਣਾ ਔਰ ਬਿਗ਼ਾਨਾ ।
ਉਸ ਦੇ ਰਾਜ ਕਹੇਂ ਜਗ ਦੁਖੀਆ, ਮੈਂ ਇਹ ਬਾਤ ਨ ਮਾਨਾਂ' ।੪੫੨।
ਕੁਟਣੀ ਫੇਰ ਕਹਿਆ, 'ਰੇ ਬਾਬੂ ! ਤੁਮਰੀ ਸਮਝਿ ਨ ਆਈ ।
ਤੁਮਨੇ ਔਰ ਕੋਊ ਕੁਛ ਸਮਝਾ, ਹਮ ਨੇ ਔਰ ਬਤਾਈ ।੪੫੩।
ਵਹ ਜੋ ਕਹੇ ਅਜ਼ੀਜ਼ ਸ਼ਹਿਨਸ਼ਾਹ, ਬੇਟੀ ਉਸੇ ਜੋ ਆਹੀ ।
ਸ਼ੀਰੀਂ ਨਾਮ ਉਸੇ ਅਬ ਤਲਖੀ, ਮਲਕੁਲ ਮੌਤ ਚਖਾਈ ।੪੫੪।
ਉਸ ਕੇ ਸੋਗੁ ਨਗਰ ਮੈਂ ਅਤ ਹੀ, ਲੋਕ ਭਰੇ ਦੁਖ ਸੋਗੀ ।
ਹਸ ਕਰ ਬਾਤ ਕਰੇ ਨਹੀਂ ਕੋਈ, ਕਿਆ ਜੋਗੀ ਕਿਆ ਭੋਗੀ ।੪੫੫।
ਥਾ ਕਛੁ ਆਜ ਉਨ੍ਹੋਂ ਨੇ ਉਸ ਕਾ, ਖ਼ਤਮ ਦਰੂਦੁ ਦਿਲਾਇਆ ।
ਹਲਵਾ ਨਾਨ ਊਹਾਂ ਸੇ ਇਤਨਾ, ਹਾਥ ਹਮਾਰੇ ਆਇਆ' ।੪੫੬।
ਜਾਂ ਫ਼ਰਹਾਦੁ ਸੁਣੀ ਇਹ ਹਾਸ਼ਮ, ਤਰ੍ਹਾ ਹਕੀਕਤਿ ਸਾਰੀ ।
ਤੇਸਾ ਮਾਰ ਮੁਆ ਮੁੜ ਕੀਤਾ, ਸੁਖ਼ਨ ਨ ਦੂਜੀ ਵਾਰੀ ।੪੫੭।
ਜੋ ਜੀ ਜੰਤ ਪੈਦਾਇਸ਼ ਰੱਬ ਦੀ, ਅਰਦ ਸਮਾਂ ਵਿਚ ਹੋਈ ।
ਸਾਹਿਬ ਹੁਨਰ ਬਿਹੁਨਰੇ ਮਨਇਮ, ਮੁਫਲਸੁ ਰਹਿਆ ਨ ਕੋਈ ।੪੫੮।
ਪਰ ਤੂੰ ਸਮਝ ਪਿਆਰੇ ਹਾਸ਼ਮ, ਓੜਕ ਤੁਧ ਭੀ ਮਰਨਾ ।
ਏਹੋ ਖ਼ੂਬ ਇਸ਼ਕ ਵਿਚ ਮਰ ਤੂੰ, ਮਰਨ ਨਹੀਂ ਇਹ ਤਰਨਾ ।੪੫੯।
ਆਸ਼ਕ ਅੰਗ ਨ ਸਾਕ ਕਿਸੇ ਦੇ, ਲੋਕ ਉਨ੍ਹਾਂ ਨਿਤ ਗਾਉਣ ।
ਸਿਦਕ ਉਨ੍ਹਾਂ ਦੇ ਜ਼ੋਰੋ ਜ਼ੋਰੀ, ਅਪਣਾ ਨਾਮ ਜਪਾਉਣ ।੪੬੦।
ਪਰ ਇਹ ਇਸ਼ਕ ਸੁਖਾਲਾ ਨਾਹੀਂ, ਖਰਾ ਔਖੇਰਾ ਮਰਨਾ ।
ਇਕ ਵਾਰੀ ਮਰ ਜਾਵੇ ਹਰ ਇਕ, ਆਸ਼ਕ ਪਲ ਪਲ ਮਰਨਾ ।੪੬੧।
ਸਾਬਤ ਮੁਇਆ ਸੁ ਕਾਮਲ ਹੋਇਆ, ਮੁਕਤ ਮੁਇਆਂ ਬਿਨ ਨਾਹੀਂ ।
ਹਾਸ਼ਮ ਜਾਨ ਬਚਾਏਂ ਮਰਨੋਂ, ਰਹਿਆ ਖ਼ਰਾਬ ਤਦਾਹੀਂ ।੪੬੨।
ਛਡ ਹੁਣ ਹੋਰ ਕਜ਼ੀਆ ਅਪਣਾ, ਜੋ ਤੁਧ ਕਹੀ ਸੁ ਜਾਣੀ ।
ਅਗਲੀ ਆਖਿ ਹਕੀਕਤਿ ਹਾਸ਼ਮ, ਕਿਤ ਬਿਧਿ ਹੋਈ ਵਿਹਾਣੀ ?੪੬੩।
ਇਹ ਗੱਲ ਹੋਈ ਜਗਤ ਵਿਚ ਜ਼ਾਹਰ, ਕੁਟਣੀ ਧੋਹੁ ਕਮਾਇਆ ।
ਕਰਕੇ ਮਕਰ ਜ਼ਨਾਨਾ ਆਸ਼ਕ, ਸਾਦਕੁ ਮਾਰ ਵੰਞਾਇਆ ।੪੬੪।
ਸੁਣੀ ਅਜ਼ੀਜ਼ ਅੰਬੀਰਾਂ ਸੁਣਿਆ, ਪਹੁਤੀ ਖ਼ਬਰ ਜ਼ਨਾਨੀ ।
ਲੱਗੀ ਹੋਰੁ ਵਧੇਰੇ ਓੜਕ, ਸ਼ੁਹਰਤਿ ਮਗਰ ਜਹਾਨੀਂ ।੪੬੫।
ਸੁਣ ਕੇ ਹਾਲ ਸ਼ਹੀਦ ਸੱਜਣ ਦਾ ਸ਼ੀਰੀਂ ਦਰਦ-ਰੰਞਾਣੀ ।
ਰੁਖ਼ਸਤ ਜਾਨ ਉਸੇ ਦਮ ਕੀਤੀ, ਇਕਸੇ ਆਹ ਨਿਮਾਣੀ ।੪੬੬।
ਤੂੰ ਭੀ ਲਾਫ਼ ਮਰੇਂਨਾ ਹਾਸ਼ਮ, ਪੈਰ ਇਸ਼ਕ ਵਿਚ ਧਰਕੇ ।
ਹੈ ਸਦ ਹੈਫ਼, ਨ ਕਿਧਰੇ ਪਹੁਤੋਂ, ਮਜ਼ਾ ਨ ਪਾਇਓ ਮਰਕੇ ।੪੬੭।
ਗ਼ੌਗਾ ਸ਼ੋਰ ਸ਼ਹਿਰ ਵਿਚ ਹੋਇਆ, ਰੋਂਦਾ ਹਰ ਇਕ ਦਿਸੇ ।
ਸੁਣਿਆ ਕਦੀ ਨ ਡਿਠੀ ਆਹੀ, ਮੌਤ ਅਜੇਹੀ ਕਿਸੇ ।੪੬੮।
ਸ਼ੀਰੀਂ ਤੇ ਫ਼ਰਹਾਦੇ ਕਜ਼ੀਆ, ਖ਼ੂੰਨੀ ਇਸ਼ਕੁ ਵਧਾਇਆ ।
ਜੋ ਰੱਬ ਆਪੁ ਉਘਾੜੇ ਪੜਦਾ, ਕਿਤ ਬਿਧਿ ਰਹੇ ਲੁਕਾਇਆ ।੪੬੯।
ਟੁਟਾ ਨੰਗ ਨਮੂਸ ਅਜ਼ੀਜ਼ੋਂ, ਰੋਵੇ ਖਲਕ ਚੁਫ਼ੇਰੇ ।
ਸੀ ਉਹ ਸ਼ਾਹ ਫ਼ਕੀਰ ਨਿਹਾਇਤ, ਆਜ਼ਿਜ਼ ਹੋਇਆ ਵਧੇਰੇ ।੪੭੦।
ਕੀਤਾ ਹੁਕਮ ਅੰਬੀਰਾਂ ਤਾਈਂ, ਤਰਫ਼ ਨਹਿਰ ਦੀ ਜਾਓ ।
ਦੇ ਕੇ ਗੁਸਲ ਦਿਵਾਨੇ ਤਾਈਂ, ਮੰਜ਼ਲ ਗੋਰ ਪੁਜਾਓ ।੪੭੧।
ਸੀ ਉਹੁ ਸਾਹਿਬ ਸਿਦਕ ਨਿਹਾਇਤ, ਆਸ਼ਕ ਪਾਕ ਫ਼ਰਿਸ਼ਤਾ ।
ਕਰਕੇ ਅਦਬ ਅਦਾਬ ਯਕੀਨੋਂ, ਕਰਿਓ ਖ਼ੂਬ ਸ਼ਰਿਸ਼ਤਾ ।੪੭੨।
ਢੱਠੇ ਰੂਹ ਹੋਇ ਦਿਲ ਘਾਇਲ, ਆਪ ਗਇਆ ਵਲ ਸ਼ੀਰੀਂ ।
ਮੱਯਤ ਵੇਖ ਪਿਊ ਦਾ ਹਿਜਰੋਂ, ਜਿਗਰ ਹੋਇਆ ਪੁਰ ਤੀਰੀਂ ।੪੭੩।
ਕੀਤੀ ਦੂਰ ਹਜੂਮ ਜਹਾਨੀਂ, ਗ਼ੌਗਾ ਦੂਰ ਹਟਾਇਆ ।
ਮੂੰਹ ਥੀਂ ਫੇਰ ਅਜ਼ੀਜ਼ ਨ ਕੂਇਆ, ਰੱਬ ਦਾ ਸ਼ੁਕਰ ਵਜਾਇਆ ।੪੭੪।
ਉਹ ਦਿਨ ਸ਼ਾਮ ਸ਼ਹਿਰ ਵਿਚ ਕਹੁ ਤੂੰ, ਸੀ ਕਿਸ ਰੂਪ ਕਿਵੇਹਾ ।
ਸਾਇਤ ਹੋਗੁ ਕਿਆਮਤ ਵਾਲਾ, ਜ਼ਾਲਮੁ ਸਖਤ ਅਜੇਹਾ ।੪੭੫।
ਕਿਆ ਕੁਛ ਸ਼ਕਤਿ ਮੁਹੱਬਤਿ ਸਾਹਿਬੁ, ਆਪ ਦਿਲਾਂ ਵਿਚ ਪਾਈ ।
ਮਾਂ ਪਿਉ ਭੈਣ ਭਿਰਾਉ ਬਣਾਏ, ਉਲਫ਼ਤਿ ਬਹੁਤ ਵਧਾਈ ।੪੭੬।
ਖਾਹਸ਼ ਏਸ ਉਲਾਦ ਜਨਾਉਰ, ਕਿਆ ਕੁਛ ਜ਼ੁਹਦ ਉਠਾਉਣ ।
ਆਦਮੀਆਂ ਨੂੰ ਲਾਜ਼ਮ ਏਹੋ, ਨਾਲ ਮੁਇਆਂ ਮਰ ਜਾਉਣ ।੪੭੭।
ਸੀ ਇਕ ਬਾਗ਼ ਸ਼ਜ਼ਾਈ ਵਾਲਾ, ਅੰਦਰ ਚੌਂਕ ਜ਼ਨਾਨੇ ।
ਜੀਕੁਰ ਚੰਦ ਚੁਫੇਰ ਸਤਾਰੇ, ਗਿਰਦੇ ਮਹਿਲ ਸ਼ਹਾਨੇ ।੪੭੮।
ਹਰ ਹਰ ਮੁਲਖ ਵਲਾਇਤ ਵਾਲੇ, ਮੇਵੇ ਫੁਲ ਬਹਾਰੀ ।
ਸਭ ਉਸ ਬਾਗ ਜੜੇ ਉਸਤਾਦਾਂ, ਕਰ ਕਰ ਉਸਤਾਕਾਰੀ ।੪੭੯।
ਹਰ ਹਰ ਸ਼ਾਖ ਸ਼ਗੂਫ਼ਾ ਸਬਜ਼ੀ, ਰੰਗਾਮੇਜ਼ ਬਹਾਰੇ ।
ਜ਼ੀਨਤ ਜ਼ੇਬ ਨਿਹਾਇਤ ਵਾਲੇ, ਹਰ ਹਰ ਚੌਂਕ ਨਿਆਰੇ ।੪੮੦।
ਉਚੇ ਖੂਹ ਵਗਣ ਅਸਮਾਨੀ, ਨੀਵੇਂ ਹੋਰ ਵਧੇਰੇ ।
ਨਹਿਰਾਂ ਫਿਰਨ ਦੀਵਾਰਾਂ ਉਪਰ, ਜਾਰੀ ਬਾਗ ਚੁਫੇਰੇ ।੪੮੧।
ਰੱਖੇ ਖ਼ੂਬ ਅਰਾਕਾਂ ਵਿਚ ਵਿਚ, ਉਸਤਾਕਾਰ ਫੁਹਾਰੇ ।
ਕਰਿ ਕਰਿ ਲਾਖ ਦਲੀਲਾਂ ਤਖ਼ਤੇ, ਮਿਹਨਤ ਨਾਲ ਸਵਾਰੇ ।੪੮੨।
ਸੰਗੀ ਫਰਸ਼ ਹੋਇਆ ਗੁਲਕਾਰੀ, ਸਾਰੀ ਓਸ ਜ਼ਮੀਨੇ ।
ਲਾਏ ਲਾਖ ਕਰੋੜ ਨਕਾਸ਼ਾਂ, ਹੀਰੇ ਲਾਲ ਨਗੀਨੇ ।੪੮੩।
ਗਿਰਦੇ ਆਬ ਰਵਾਂ ਹਰ ਤਖਤੇ, ਜੁਜ਼ ਵਲ ਜਿਵੇਂ ਕਿਤਾਬੀ ।
ਗੁਲ ਲਾਲਾ ਗੁਲ ਨਰਗਸ ਸੋਸਨੁ, ਸਤਰਾਂ ਗਿਰਦ ਗੁਲਾਬੀ ।੪੮੪।
ਆਤਸ਼ਬਾਜ਼ੀ ਵਾਂਗੁ ਫੁਹਾਰੇ, ਬਣਿ ਬਣਿ ਪੈਣ ਫੁਹਾਰਾਂ ।
ਪਾਸੋਂ ਅਕਸ ਗੁਲਾਂ ਦੇ ਪੈ ਪੈ, ਫਿਰਦੇ ਰੰਗ ਹਜ਼ਾਰਾਂ ।੪੮੫।
ਫਿਰਕੇ ਫੇਰ ਬੁਲੰਦ ਦ੍ਰਖ਼ਤੋਂ, ਬਰਗ ਗੁਲਾਂ ਪਰ ਪੌਂਦੇ ।
ਗਰਦ ਗ਼ੁਬਾਰ ਜ਼ਮਾਨੇ ਵਾਲੀ, ਰਹਿਣ ਹਮੇਸ਼ਾਂ ਧੋਂਦੇ ।੪੮੬।
ਗੂੜ੍ਹੀ ਛਾਉਂ ਸੁਹਾਣੀ ਉਸ ਵਿਚ, ਜ਼ੋਰੁ ਦਰਖ਼ਤਾਂ ਫੜਿਆ ।
ਸੂਰਜੁ ਨਜ਼ਰ ਨ ਆਵੇ ਹਰਗਿਜ਼, ਚੰਦੁ ਨ ਜਾਪੇ ਚੜ੍ਹਿਆ ।੪੮੭।
ਇਕ ਉਹੁ ਸੁਰਖ ਜਵਾਹਰ ਦਮਕਣ, ਲਾਲੀ ਹੋਰ ਗੁਲਾਂ ਦੀ ।
ਸੇ ਉਹ ਸੂਰਜ ਆਪ ਹਜ਼ਾਰਾਂ, ਖ਼ਾਤਰ ਅਹਿਲ ਦਿਲਾਂ ਦੀ ।੪੮੮।
ਉਸਤਾਕਾਰ ਫ਼ਰਾਸ਼ ਚਮਨ ਦਾ, ਬਾਦਿ ਸਬ੍ਹਾ ਜਦ ਆਵੇ ।
ਹਰ ਹਰ ਕਿਸਮ ਵਲੋਂ ਖ਼ੁਸ਼ਬੋਈ, ਖੋਲ੍ਹ ਫਰੂਸ਼ ਵਿਛਾਵੇ ।੪੮੯।
ਸੰਦਲ ਦੀਪ ਹੋਵੇ ਸ਼ਰਮਿੰਦਾ, ਉਸ ਦੀ ਮੁਸ਼ਕ ਬਹਾਰੋਂ ।
ਨਾਫਾ ਨਾਮੁ ਛਪਾਵੇ ਅਪਣਾ, ਜਾਵੇ ਆਬ ਤਤਾਰੋਂ ।੪੯੦।
ਹੋਵਣ ਮਸਤ ਬਿਹੋਸ਼ ਜਨਾਉਰ, ਮੋਰ ਚਕੋਰ ਪਰਿੰਦੇ ।
ਆਸ਼ਕ ਹੋਣ ਅਵਾਜ਼ਾਂ ਸੁਣ ਸੁਣ, ਬਾਸ਼ੇ, ਬਾਜ਼, ਦਰਿੰਦੇ ।੪੯੧।
ਹਰ ਹਰ ਸ਼ਾਖ ਜਨਾਉਰ ਲੋਟਨ, ਮਸਤ ਬਿਹੋਸ਼ੀ ਕਰਕੇ ।
ਬਾਂਸਾਂ ਨਾਲ ਜਿਵੇਂ ਨਟ ਖੇਲਣ, ਜਾਨ ਤਲੀ ਪਰ ਧਰ ਕੇ ।੪੯੨।
ਬਾਂਕੀ ਚਾਲ ਝਿੰਗਾਰਨ ਹਾਰਟ, ਪਾਵਣ ਸ਼ੋਰ ਝੁਲਾਰਾਂ ।
ਬੋਲਣ ਮੋਰ ਪਪੀਹੇ ਕੋਕਲ, ਪੰਛੀ ਹੋਰ ਹਜ਼ਾਰਾਂ ।੪੯੩।
ਹਰ ਹਰ ਚੌਂਕ ਪੰਘੂੜੇ ਪੀਂਘਾਂ, ਰੇਸ਼ਮ ਸਾਜ ਸਿੰਗਾਰੀ ।
ਧੌਲਰ ਮਹਿਲ ਚੁਫੇਰੇ ਚਮਕਣ, ਤਾਕ ਝਰੋਖੇ ਬਾਰੀ ।੪੯੪।
ਸੀ ਉਹ ਮਹਿਲ ਕਬੂਤਰਖਾਨਾ, ਅੰਤ ਸ਼ੁਮਾਰ ਨ ਆਵੇ ।
ਬੀਬੀ ਬਹੂ ਸਹੇਲੀ ਬਾਂਦੀ, ਹਰ ਹਰ ਮਹਿਲ ਸੁਹਾਵੇ ।੪੯੫।
ਇਕਨਾ ਹਾਰ ਸ਼ਿੰਗਾਰ ਜਵਾਹਰ, ਜ਼ੇਵਰ ਜ਼ਰੀ ਪੁਸ਼ਾਕਾਂ ।
ਤੀਰੰਦਾਜ਼ ਸਿਪਾਹੀ ਬੈਠੇ, ਸਾਂਭ ਝਰੋਖਿਆਂ ਤਾਕਾਂ ।੪੯੬।
ਇਕ ਇਕ ਸਾਦ ਮੁਰਾਦੀ ਸੂਰਤ, ਦਰਦਵੰਦਾਂ ਹੱਕ ਫਾਹੀ ।
ਨਾਜ਼ ਨਿਆਜ਼ ਉਨ੍ਹਾਂ ਦੀ ਹਾਸ਼ਮ, ਜਲਵਾ ਜਾਤ ਇਲਾਹੀ ।੪੯੭।
ਯਾ ਉਹੁ ਮਾਨ ਸਰੋਵਰ ਕਹੀਏ, ਹੰਸਾਂ ਵਾਸੁ ਚੁਫੇਰੇ ।
ਯਾ ਉਹੁ ਸੁਰਖ਼ ਜਹਾਨੋਂ ਸਾਰੇ, ਆਣਿ ਉਥਾਈਏਂ ਘੇਰੇ ।੪੯੮।
ਬਾਹਰ ਸਿਫ਼ਤ ਉਨ੍ਹਾਂ ਦੀ ਅਕਲੋਂ, ਨਾਕਸ ਇਹ ਤਤਬੀਰਾਂ ।
ਉਲਫ਼ਤ ਨਾਲ ਮੁਸੱਵਰ ਅਜ਼ਲੀ, ਲਿਖੀਆਂ ਉਹ ਤਸਵੀਰਾਂ ।੪੯੯।
ਪਰ ਉਹ ਨਾਲ ਸ਼ਹਿਜ਼ਾਦੀ ਆਹੀਆਂ, ਹਾਰ ਸ਼ਿੰਗ੍ਹਾਰ ਹਵਾਈਂ ।
ਲੱਦੇ ਭਾਰ ਗਇਆ ਵਣਜਾਰਾ, ਖਾਲੀ ਛੱਡ ਸਰਾਈਂ ।੫੦੦।
ਬਣਿਆ ਬਾਗ ਡਰਾਉਣ ਵਾਲਾ, ਸੋਗੀ ਮਹਿਲ ਮੁਨਾਰੇ ।
ਆਹੀਂ ਬਾਝੁ ਅਵਾਜ਼ ਨ ਸੁਣੀਏ, ਬਾਗ਼ ਬਜ਼ਾਰੀਂ ਸਾਰੇ ।੫੦੧।
ਕੀਤੀ ਓਸ ਚਮਨ ਵਿਚ ਤੁਰਬਤ, ਸ਼ੀਰੀਂ ਸੀਮ-ਬਦਨ ਦੀ ।
ਰੱਖੀ ਨਹਿਰ ਕਿਨਾਰੇ ਮੱਯਤ, ਆਜ਼ਿਜ਼ ਕੋਹ-ਸ਼ਿਕਨ ਦੀ ।੫੦੨।
ਜਾਂ ਵਿਚ ਲਹਦ ਰੱਖੀ ਸ਼ਹਿਜ਼ਾਦੀ, ਫਰਸ਼ ਬਣਾਇਆ ਖ਼ਾਕੋਂ ।
ਖੋਲ੍ਹੇ ਬੰਦ ਪਿਊ ਮੁਖ ਵੇਖਣ, ਕਾਰਣ ਦਰਦ ਫ਼ਿਰਾਕੋਂ ।੫੦੩।
ਖਾਲੀ ਕਫਨੁ ਪਿਆ ਵਿਚ ਕਬਰੇ, ਮੱਯਤ ਨਜ਼ਰ ਨ ਆਈ ।
ਵੇਖ ਅਜ਼ੀਜ਼ ਤਅੱਜਬ ਹੋਇਆ, ਹੈਰਤ ਵਿਚ ਲੁਕਾਈ ।੫੦੪।
ਦਾਨਸ਼ਵੰਦ ਹਜ਼ਾਰਾਂ ਆਹੇ, ਹਾਜ਼ਰ ਓਸ ਟਿਕਾਣੇ ।
ਢੂੰਡਣ ਕਰਨ ਦਲੀਲਾਂ ਹਿਕਮਤ, ਕੌਣ ਰੱਬਾਨੀ ਜਾਣੇ ।੫੦੫।
ਸੀ ਇਕ ਦੂਰੰਦੇਸ਼ ਉਨ੍ਹਾਂ ਵਿਚ, ਆਖਿਆ ਓਨ ਤਦਾਹੀਂ ।
'ਚਾਹੀਏ ਕਬਰ ਦਿਵਾਨੇ ਦੇਖੀ, ਹੈ ਵਿਚ ਓਹੁ ਕਿ ਨਾਹੀਂ' ?੫੦੬।
ਸੁਣ ਕੇ ਸੁਖ਼ਨ ਕਹਿਆ ਸ਼ਾਹ ਆਦਲ, 'ਜਾਂ ਰਬੁ ਖੇਡ ਮਚਾਵੇ ।
ਵੇਖੋ ਹਾਲ ਬੇਉਜ਼ਰੇ ਹੋ ਕੇ, ਜੋ ਰੱਬੁ ਹੋਰ ਵਿਖਾਵੇ' ।੫੦੭।
ਓਹੋ ਮੁਲਖੁ ਸ਼ਹਿਰ ਦਾ ਮੇਲਾ, ਤੁਰਿਆ ਤਰਫ਼ ਦੀਵਾਨੇ ।
ਮੁਇਆਂ ਖਲਕ ਖ਼ਿਆਲ ਨ ਛਡਦੀ, ਸਾਹਿਬ ਦਰਦ ਨਿਸ਼ਾਨੇ ।੫੦੮।
ਅਗੇ ਦਫ਼ਨ ਦਿਵਾਨਾ ਆਹਾ, ਸਾਬਤ ਕਬਰ ਬਣਾਈ ।
ਮਗਰੋਂ ਜਾਇ ਹਜੂਮੀ ਮੇਲੇ, ਓਵੇਂ ਫੇਰ ਖੁਲ੍ਹਾਈ ।੫੦੯।
ਕੀਤਾ ਕਬਰ ਚੁਫੇਰੇ ਪੜਦਾ, ਖ਼ਲਕਤ ਦੂਰ ਹਟਾਈ ।
ਖ਼ਾਸੇ ਲੋਕ ਕਹਿਣ ਉਸ ਅੰਦਰ, ਨਜ਼ਰ ਹਕੀਕਤ ਆਈ ।੫੧੦।
ਆਵੇ ਮੁਸ਼ਕ ਬਹਿਸ਼ਤੀ ਬਾਹਰ, ਜਲਵਾ ਜਾਤ ਦਸੀਵੇ ।
ਰੌਸ਼ਨ ਲਹਦ ਅਜੇਹੀ ਜੀਕੁਰ, ਬਲਣ ਹਜ਼ਾਰਾਂ ਦੀਵੇ ।੫੧੧।
ਆਸ਼ਕ ਤੇ ਮਾਸ਼ੂਕ ਉਨ੍ਹਾਂ ਨੂੰ, ਨਜ਼ਰਿ ਉਥਾਵੇਂ ਆਏ ।
ਕਾਮਲ ਸਿਦਕ ਪਿਛੇ ਰੱਬ ਸਾਹਿਬ, ਯਾਰਾਂ ਯਾਰ ਮਿਲਾਏ ।੫੧੨।
ਕਿੱਸੇ ਛੱਡ ਦਲੀਲੀ ਹਾਸ਼ਮ, ਨਾ ਕਰ ਐਡ ਪਸਾਰੇ ।
ਤੂੰ ਕੀ ਸਿਫਤ ਉਨ੍ਹਾਂ ਦੀ ਕਰਸੇਂ, ਜੋ ਰੱਬ ਆਪ ਸਵਾਰੇ ।੫੧੩।