A Literary Voyage Through Time

ਹਿਕਮਤ ਓਸ ਖ਼ੁਦਾਵੰਦ ਵਾਲੀ, ਮਾਲਕ ਮੁਲਕ ਮਲਕ ਦਾ ।
ਲੱਖ ਕਰੋੜ ਕਰਨ ਚਤਰਾਈਆਂ, ਕੋਈ ਪਛਾਣ ਨਾ ਸਕਦਾ ।
ਕੁਦਰਤ ਨਾਲ ਰਹੇ ਸਰਗਰਦਾਂ, ਦਾਇਮ ਚਰਖ਼ ਫ਼ਲਕ ਦਾ ।
ਹਾਸ਼ਮ ਖ਼ੂਬ ਹੋਈ ਗੁਲਕਾਰੀ, ਫ਼ਰਸ਼ ਫ਼ਨਾਹ ਖ਼ਲਕ ਦਾ ।1।

(ਹਿਕਮਤ=ਸਿਆਣਪ, ਸਰਗਰਦਾਂ=ਘੁਕਦਾ, ਦਾਇਮ=ਸਥਾਈ,
ਚਰਖ਼=ਪਹੀਆ, ਫ਼ਲਕ=ਆਕਾਸ਼, ਫ਼ਰਸ਼=ਧਰਤੀ)

ਹਿਕਮਤ ਨਾਲ ਹਕੀਮ ਅਜ਼ਲ ਦੇ, ਨਕਸ਼ ਨਿਗਾਰ ਬਣਾਇਆ ।
ਹਰ ਅਰਵਾਹ ਅਸੀਰ ਇਸ਼ਕ ਦਾ, ਕੈਦ ਜਿਸਮ ਵਿਚ ਪਾਇਆ ।
ਜੋ ਮਖ਼ਲੂਕ ਨਾ ਬਾਹਰ ਉਸ ਥੀਂ, ਅਰਜ਼ ਸਮਾਂ ਵਿਚ ਆਇਆ ।
ਹਾਸ਼ਮ ਜੋਸ਼ ਬਹਾਰ ਇਸ਼ਕ ਦੀ, ਹਰ ਇਕ ਸ਼ਾਨ ਸੁਹਾਇਆ ।2।

(ਹਕੀਮ-ਏ-ਅਜ਼ਲ=ਰੱਬ, ਨਕਸ਼ ਨਿਗਾਰ=ਵੰਨਸੁਵੰਨਤਾ, ਅਰਵਾਹ=
ਰੂਹ, ਅਸੀਰ=ਕੈਦੀ, ਅਰਜ਼-ਓ-ਸਮਾਂ=ਧਰਤ-ਆਕਾਸ਼)

ਹੁਸਨ ਕਲਾਮ ਜੋ ਸ਼ਾਇਰ ਕਰਦੇ, ਸੁਖ਼ਨ ਨਾ ਸਾਥੀਂ ਆਇਆ ।
ਜਿਹਾ ਕੁ ਅਕਲ ਸ਼ਊਰ ਅਸਾਡਾ, ਅਸਾਂ ਭੀ ਆਖ ਸੁਣਾਇਆ ।
ਸੁਣ ਸੁਣ ਹੋਤ ਸੱਸੀ ਦੀਆਂ ਬਾਤਾਂ, ਕਾਮਲ ਇਸ਼ਕ ਕਮਾਇਆ ।
ਹਾਸ਼ਮ ਜੋਸ਼ ਤਬੀਅਤ ਕੀਤਾ, ਵਹਿਮ ਇਤੇ ਵਲ ਆਇਆ ।3।

(ਕਾਮਲ ਇਸ਼ਕ=ਸੱਚਾ ਪਿਆਰ, ਵਹਿਮ=ਖ਼ਿਆਲ)

ਆਦਮ ਜਾਮ ਭੰਬੋਰ ਸ਼ਹਿਰ ਦਾ, ਸਾਹਿਬ ਤਖ਼ਤ ਕਹਾਵੇ ।
ਵਹਿਸ਼ ਤੱਯੂਰ ਜਨਾਇਤ ਆਦਮ, ਹਰ ਇਕ ਸੀਸ ਨਿਵਾਵੇ ।
ਜਾਹ ਜਲਾਲ ਸਿਕੰਦਰ ਵਾਲਾ, ਖਾਤਰ ਮੂਲ ਨਾ ਲਿਆਵੇ ।
ਹਾਸ਼ਮ ਆਖ ਜ਼ਬਾਨ ਨਾ ਸਕਦੀ, ਕੌਣ ਤਰੀਫ਼ ਸੁਣਾਵੇ ।4।

(ਵਹਿਸ਼=ਪਸ਼ੂ, ਤੱਯੂਰ=ਪੰਛੀ, ਜਨਾਇਤ=ਜਿੰਨ, ਜਾਹ ਜਲਾਲ=
ਸ਼ੋਭਾ)

ਸ਼ਹਿਰ ਭੰਬੋਰ ਮਕਾਨ ਇਲਾਹੀ, ਬਾਗ਼ ਬਹਿਸ਼ਤ ਬਣਾਇਆ ।
ਫ਼ਰਸ਼ ਫ਼ਰੂਸ਼ ਚਮਨ ਗੁਲ ਬੂਟਾ, ਹਰ ਇਕ ਜ਼ਾਤ ਲਗਾਇਆ ।
ਨਦੀਆਂ ਹੌਜ਼ ਤਲਾਉ ਚੁਤਰਫ਼ੋਂ, ਰਲ ਮਿਲ ਖ਼ੂਬ ਸੁਹਾਇਆ ।
ਹਾਸ਼ਮ ਰੂਹ ਰਹੇ ਵਿਚ ਫਸਿਆ, ਦਾਮ ਫ਼ਰੇਬ ਵਿਛਾਇਆ ।5।

(ਬਹਿਸ਼ਤ=ਸੁਰਗ, ਦਾਮ=ਜਾਲ)

ਅਮੀਰ ਵਜ਼ੀਰ ਗ਼ੁਲਾਮ ਕਰੋੜਾਂ, ਲਸ਼ਕਰ ਫ਼ੌਜ਼ ਖ਼ਜ਼ਾਨੇ ।
ਬਾਰਕ ਸੁਰਖ਼ ਨਿਸ਼ਾਨ ਹਜ਼ਾਰਾਂ, ਸ਼ਾਮ ਘਟਾਂ ਸ਼ਮਿਆਨੇ ।
ਖਾਵਣ ਖ਼ੈਰ ਫ਼ਕੀਰ ਮੁਸਾਫ਼ਰ, ਸਾਹਿਬ ਹੋਸ਼ ਦਿਵਾਨੇ ।
ਹਾਸ਼ਮ ਏਸ ਗ਼ਮੀ ਵਿਚ ਆਜਿਜ਼, ਹੋਸ਼ ਉਲਾਦ ਨਾ ਖ਼ਾਨੇ ।6।

ਖ਼ਾਹਿਸ਼ ਇਕਸੁ ਔਲਾਦ ਹਮੇਸ਼ਾ, ਪੀਰ ਸ਼ਹੀਦ ਮਨਾਵੇ ।
ਦੇਇ ਲਿਬਾਸ ਪੁਸ਼ਾਕ ਬਰਹਿਨਿਆਂ, ਭੁੱਖਿਆਂ ਤਾਮ ਖੁਵਾਵੇ ।
ਦੇਖ ਉਜਾੜ ਮੁਸਾਫ਼ਰ ਕਾਰਨ, ਤਾਲ ਸਰਾਏ ਬਣਾਵੇ ।
ਹਾਸ਼ਮ ਕਰਸੁ ਜਹਾਨ ਦੁਆਈਂ, ਆਸ ਸਾਈਂ ਵਰ ਲਿਆਵੇ ।7।

(ਬਰਹਿਨਿਆਂ=ਨੰਗਿਆਂ, ਤਾਮ=ਰੋਟੀ)

ਦੁੱਰੇ ਯਤੀਮ ਸਦਫ਼ ਵਿਚ ਆਇਆ, ਸੁਣੀ ਪੁਕਾਰ ਦਿਲਾਂ ਦੀ ।
ਫਿਰੀ ਬਹਾਰ ਸ਼ਗੂਫ਼ੇ ਵਾਲੀ, ਹੋਈ ਉਮੈਦ ਗੁਲਾਂ ਦੀ ।
ਸੇਜ ਮਲੂਕ ਹੋਈ ਅਬਰੇਸ਼ਮ, ਆਹੀ ਸਖ਼ਤ ਸੂਲਾਂ ਦੀ ।
ਹਾਸ਼ਮ ਦੇਖ ਹੋਈ ਗੁਲ ਲਾਲਾ, ਹੋਗੁ ਬਹਾਰ ਫੁਲਾਂ ਦੀ ।8।

(ਦੁੱਰੇ ਯਤੀਮ=ਦੁਰਲੱਭ ਮੋਤੀ, ਸਦਫ਼=ਸਿੱਪੀ, ਗੁਲ ਲਾਲਾ=
ਪੋਸਤ ਦਾ ਲਾਲ ਫੁੱਲ)

ਸੱਸੀ ਜਨਮ ਲਿਆ ਸ਼ਬ-ਕਦਰੇ, ਮਿਸਲ ਹਿਲਾਲ ਦਰਖ਼ਸ਼ਾਂ ।
ਵੇਖ ਬੇਆਬ ਹੋਣ ਨਗ ਮੋਤੀ, ਮਾਣਕ ਲਾਲ ਬਦਖ਼ਸ਼ਾਂ ।
ਅਕਲ ਖ਼ਿਆਲ ਕਿਆਸੋਂ ਬਾਹਰ, ਨਜ਼ਰ ਕਰ ਵਲ ਨਕਸ਼ਾਂ ।
ਹਾਸ਼ਮ ਆਖ ਤਰੀਫ਼ ਹੁਸਨ ਦੀ, ਸ਼ਮਸ ਮਿਸਾਲ ਜ਼ਰਅਫ਼ਸ਼ਾਂ ।9।

(ਸ਼ਬ-ਕਦਰੇ=ਸੁਭਾਗੀ ਰਾਤ, ਮਿਸਲ ਹਿਲਾਲ ਦਰਖ਼ਸ਼ਾਂ=
ਏਕਮ ਦੇ ਚੰਨ ਵਾਂਗ, ਸ਼ਮਸ=ਸੂਰਜ, ਜ਼ਰਅਫ਼ਸ਼ਾਂ=ਸੋਨ-ਕਿਰਨਾਂ)

ਜੁਮਲ ਜਹਾਨ ਹੋਈ ਖੁਸ਼ਹਾਲੀ, ਫਿਰਿਆ ਨੇਕ ਜ਼ਮਾਨਾ ।
ਨੌਬਤ ਨਾਚ ਸ਼ੁਮਾਰ ਨਾ ਕੋਈ, ਧੁਰਪਦ ਤਾਲ ਤਰਾਨਾ ।
ਕਰ ਸਿਰ ਵਾਰ ਸੁੱਟਣ ਜ਼ਰ ਮੋਤੀ ਲਾਲ ਜਵਾਹਰ ਖ਼ਾਨਾ ।
ਹਾਸ਼ਮ ਖ਼ੈਰ ਕੀਤਾ ਫ਼ੁਕਰਾਵਾਂ, ਮਿਲਕ ਮੁਆਸ਼ ਖ਼ਜ਼ਾਨਾ ।10।

(ਜੁਮਲ=ਸਾਰੇ, ਨੌਬਤ=ਢੋਲ ਨਗਾਰੇ, ਮੁਆਸ਼=ਰੋਜ਼ੀ)

ਅਹਿਲ ਨਜੂਮ ਸੱਦੇ ਉਸ ਵੇਲੇ, ਹਿਫ਼ਜ਼ ਤੁਰੇਤ ਜ਼ਬਾਨੀ ।
ਸਾਹਿਬ ਯੁਮਨ ਕਰਾਮਤ ਵਾਲੇ, ਖ਼ਬਰ ਦੇਣ ਅਸਮਾਨੀ ।
ਵੇਖਣ ਉਮਰ ਨਸੀਬ ਸੱਸੀ ਦੇ, ਖੋਲ੍ਹ ਕਲਾਮ ਰੱਬਾਨੀ ।
ਹਾਸ਼ਮ ਭਾਰ ਸੱਸੀ ਸਿਰ ਡਾਢਾ, ਦੱਸਦੇ ਭੇਤ ਨਿਹਾਨੀ ।11।

(ਹਿਫ਼ਜ਼=ਯਾਦ, ਤੁਰੇਤ=ਤੌਰੇਤ,ਯਹੂਦੀਆਂ ਦਾ ਧਾਰਮਿਕ
ਗ੍ਰੰਥ, ਸਾਹਿਬ ਯੁਮਨ=ਬਖਸ਼ਿਸ਼ ਵਾਲੇ, ਨਿਹਾਨੀ=ਲੁਕਾਇਆ)

ਦੇਖ ਕਿਤਾਬ ਨਜੂਮ ਨਜੂਮੀ, ਹੋਇ ਰਹੇ ਚੁਪ ਸਾਰੇ ।
ਜ਼ਾਲਮ ਹੁਕਮ ਸਹਿਮ ਸੁਲਤਾਨਾਂ, ਕੌਣ ਕੋਈ ਦਮ ਮਾਰੇ ।
ਬਾਦਸ਼ਾਹਾਂ ਸੱਚ ਆਖਣ ਔਖਾ, ਹੋਏ ਲਚਾਰ ਵਿਚਾਰੇ ।
ਹਾਸ਼ਮ ਬਖ਼ਤ ਬਖ਼ੀਲ ਸੱਸੀ ਦੇ, ਕੌਣ ਜਿੱਤੇ ਕੌਣ ਹਾਰੇ ।12।

(ਬਖ਼ੀਲ਼=ਚੁਗ਼ਲਖ਼ੋਰ)

ਸ਼ਾਹ ਦਰਬਾਰ ਕਹਿਆ, "ਚੁਪ ਕੇਹੀ ? ਕਹੋ ਜਵਾਬ ਕੀ ਆਵੇ ?"
ਅਰਜ਼ ਕੀਤੀ, "ਦਰਬਾਰ ਅਸਾਥੀਂ ਸੁਖ਼ਨ ਕਲਾਮ ਨਾ ਆਵੇ ।"
ਰਾਸ ਜ਼ਬਾਨ ਨਾ ਆਖਣ ਜੋਗੀ, ਝੂਠ ਇਮਾਨ ਜਲਾਵੇ ।"
ਹਾਸ਼ਮ ਕਰਨ ਲੁਕਾ ਬਥੇਰਾ, ਕਿਸਮਤ ਕੌਣ ਮਿਟਾਵੇ ।13।

ਓੜਕ ਖ਼ੌਫ਼ ਉਤਾਰ ਨਜੂਮੀ, ਬਾਤ ਕਹੀ ਮਨ ਭਾਣੀ ।
"ਆਸ਼ਿਕ ਹੋਗੁ ਕਮਾਲ ਸੱਸੀ, ਜਦ ਹੋਗੁ ਜਵਾਨ ਸਿਆਣੀ ।
ਮਸਤ ਬੇਹੋਸ਼ ਥਲਾਂ ਵਿਚ ਮਰਸੀ, ਦਰਦ ਫ਼ਿਰਾਕ-ਰੰਞਾਣੀ ।
ਹਾਸ਼ਮ ਦਾਗ਼ ਲਗਾਉਗੁ ਕੁਲ ਨੂੰ, ਰਹੁਗੁ ਜਹਾਨ ਕਹਾਣੀ" ।14।

ਸੁਣ ਤਕਦੀਰ ਹੋਏ ਦਿਲ ਬਿਰੀਆਂ, ਮਾਂ ਪਿਉ ਖ਼ੇਸ਼ ਕਬੀਲਾ ।
ਆਤਸ਼ ਚਮਕ ਉਠੀ ਹਰ ਦਿਲ ਨੂੰ, ਜਿਉਂਕਰ ਤੇਲ ਫ਼ਤੀਲਾ ।
ਖ਼ੁਸ਼ੀ ਖ਼ਰਾਬ ਹੋਈ ਵਿਚ ਗ਼ਮ ਦੇ, ਜ਼ਰਦ ਹੋਇਆ ਰੰਗ ਪੀਲਾ ।
ਹਾਸ਼ਮ ਬੈਠ ਦਨਾਉ ਸਿਆਣੇ, ਹੋਰ ਵਿਚਾਰਨ ਹੀਲਾ ।15।

(ਦਿਲ ਬਿਰੀਆਂ=ਦਿਲ ਸੜਿਆ, ਖ਼ੇਸ਼ ਕਬੀਲਾ=ਅੰਗ ਸਾਕ)

ਬੇ ਇਤਬਾਰ ਹੋਇਆ, ਹੱਥ ਧੋਤੇ, ਬਾਪ ਉਮੈਦ ਮੁਰਾਦੋਂ ।
ਜ਼ਾਲਮ ਰੂਪ ਹੋਇਆ ਦਿਲ ਉਸਦਾ, ਸਖ਼ਤ ਸਿਆਹ ਜੱਲਾਦੋਂ ।
"ਨੰਗ ਨਮੂਸ ਕੀ ਹਾਸਲ ਹੋਵੇ, ਏਸ ਪਲੀਤ ਉਲਾਦੋਂ ?"
ਹਾਸ਼ਮ, "ਖ਼ਰਚ ਕਰੋ" ਫ਼ਰਮਾਇਆ, "ਫ਼ਾਰਗ਼ ਹੋਹੁ ਫਸਾਦੋਂ"।16।

(ਨੰਗ ਨਮੂਸ=ਅਣਖ, ਪਲੀਤ=ਪਤਿਤ, "ਖ਼ਰਚ ਕਰੋ=ਮਾਰੋ)

ਕਹਿਆ ਵਜ਼ੀਰ, "ਕੀ ਦੋਸ਼ ਸੱਸੀ ਨੂੰ, ਲਿਖਿਆ ਲੇਖ ਲਿਖਾਰੀ ।
ਬੇਤਕਸੀਰ ਕਹਾਉਣ ਕੰਨਿਆਂ, ਨਸ਼ਟ ਹੋਵੇ ਕੁਲ ਸਾਰੀ ।
ਇਸ ਥੀਂ ਪਾਪ ਨਾ ਹੋਰ ਪਰੇਰੇ, ਕੌਮ ਹੋਵੇ ਹਤਿਆਰੀ ।
ਹਾਸ਼ਮ ਪਾਇ ਸੰਦੂਕ ਰੁੜ੍ਹਾਉ, ਦੂਰ ਹੋਵੇ ਜਗ ਖਵਾਰੀ" ।17।

(ਬੇਤਕਸੀਰ=ਬੇਗੁਨਾਹ, ਕਹਾਉਣ=ਮਰਵਾਉਣ)

ਫ਼ਰਸ਼ ਜ਼ਿਮੀਂ ਪਰ ਹਰ ਇਕ ਤਾਈਂ, ਮਾਂ ਪਿਉ ਬਹੁਤ ਪਿਆਰਾ ।
ਸੋ ਫਿਰ ਆਪ ਰੁੜ੍ਹਾਵਨ ਤਿਸ ਨੂੰ, ਵੇਖ ਗੁਨਾਹ ਨਿਕਾਰਾ ।
ਧੰਨ ਉਹ ਸਾਹਿਬ ਸਿਰਜਨਹਾਰਾ, ਐਬ ਛੁਪਾਵਣ ਹਾਰਾ ।
ਹਾਸ਼ਮ ਜੇ ਉਹ ਕਰੇ ਅਦਾਲਤ, ਕੌਣ ਕਰੇ ਨਿਸਤਾਰਾ ।18।

ਵਾਹ ਕਲਾਮ ! ਨਸੀਬ ਸੱਸੀ ਦਾ, ਨਾਉਂ ਲਿਆਂ ਦਿਲ ਡਰਦਾ ।
ਤਖ਼ਤੋਂ ਚਾਇ ਸੁਟੇ ਸੁਲਤਾਨਾਂ, ਖ਼ੈਰ ਮੰਗਣ ਦਰ ਦਰ ਦਾ ।
ਬੈਲ ਗ਼ਰੀਬ ਨਾਕਾਬਲ ਜੇਹਾ, ਚਾਇ ਜ਼ਿਮੀਂ ਸਿਰ ਧਰਦਾ ।
ਹਾਸ਼ਮ ਜਾਹ ਨਾ ਬੋਲਣ ਵਾਲੀ, ਜੋ ਚਾਹੇ ਸੋ ਕਰਦਾ ।19।

ਜਿਸ ਉਸਤਾਦ ਸੰਦੂਕ ਸੱਸੀ ਦਾ, ਘੜਿਆ ਨਾਲ ਮਿਹਰ ਦੇ ।
ਅਫਲਾਤੂਨ ਅਰਸਤੂ ਜੇਹੇ, ਹੋਣ ਸ਼ਗਿਰਦ ਹੁਨਰ ਦੇ ।
ਜ਼ੀਨਤ ਜ਼ੇਬ ਸਿਖਣ ਸਭ ਉਸ ਥੀਂ, ਦਿਲਬਰ ਚੀਨ ਮਿਸਰ ਦੇ ।
ਹਾਸ਼ਮ ਵੇਖ ਆਰਾਇਸ਼ ਕਰਦਾ, ਸ਼ਾਬਾਸ਼ ਅਕਲ ਫ਼ਿਕਰ ਦੇ ।20।

(ਜ਼ੀਨਤ ਜ਼ੇਬ=ਸਜਾਵਟ, ਆਰਾਇਸ਼=ਸ਼ਿੰਗਾਰ)

ਚੰਨਣ ਸ਼ਾਖ ਮੰਗਾਇ ਕਿਦਾਹੋਂ, ਬੈਠ ਕਾਰੀਗਰ ਘੜਿਆ ।
ਬੂਟੇ ਵੇਲ ਸੁਨਹਿਰੀ ਕਰਕੇ, ਲਾਲ ਜਵਾਹਰ ਜੜਿਆ ।
ਪਾਇ ਜ਼ੰਜੀਰ ਚੌਫੇਰ ਪਿੰਜਰ ਨੂੰ, ਬੈਠ ਬੇਦਰਦਾਂ ਕੜਿਆ ।
ਹਾਸ਼ਮ ਵੇਖ ਤਵਲਦ ਹੁੰਦੀ, ਆਣ ਦੁਖਾਂ ਲੜ ਫੜਿਆ ।21।

(ਤਵਲਦ ਹੁੰਦੀ=ਜੰਮਣ ਸਾਰ)

ਕਰ ਤਦਬੀਰ ਕੀਤੇ ਤ੍ਰੈ ਛਾਂਦੇ, ਖ਼ਰਚ ਦਿੱਤਾ ਕਰ ਨਾਲੇ ।
ਤਿਸ ਦੀ ਮਿਲਕ ਹੋਇਆ ਇਕ ਛਾਂਦਾ, ਸ਼ੀਰ ਪਿਲਾਵਣ ਵਾਲੇ ।
ਦੂਜਾ ਦਾਜ ਦਹੇਜ ਸੱਸੀ ਨੂੰ, ਹੋਰ ਪੜ੍ਹਾਵਣ ਵਾਲੇ ।
ਹਾਸ਼ਮ ਲਿਖ ਤਾਵੀਜ਼ ਹਕੀਕਤ, ਹਰਫ਼ ਸੱਸੀ ਗਲ ਡਾਲੇ ।22।

(ਛਾਂਦੇ=ਹਿੱਸੇ, ਮਿਲਕ=ਮਾਲਕੀ, ਸ਼ੀਰ=ਦੁੱਧ)

ਪਾਇ ਸੰਦੂਕ ਰੁੜ੍ਹਾਈ ਸੱਸੀ, ਨੂਹ ਤੂਫ਼ਾਨ ਵਗੇਂਦਾ ।
ਬਾਸ਼ਕ ਨਾਗ ਨਾ ਹਾਥ ਲਿਆਵੇ, ਧੌਲ ਪਨਾਹ ਮੰਗੇਂਦਾ ।
ਪਾਰ ਉਰਾਰ ਬਲਾਈਂ ਭਰਿਆ, ਦਾਨੋ ਦੇਉ ਡਰੇਂਦਾ ।
ਹਾਸ਼ਮ ਵੇਖ ਨਸੀਬ ਸੱਸੀ ਦਾ, ਕੀ ਕੁਝ ਹੋਰ ਕਰੇਂਦਾ ।23।

ਮਿੱਠੀ ਜਿੰਦ ਸੱਸੀ ਦੀ ਸੋਹਣੀ, ਜੰਮਣ ਰਾਤ ਸੁਹਾਈ ।
ਮਾਂ ਦੀ ਸੇਜ ਨਸੀਬ ਨਾ ਹੋਈ, ਕੁਛੜ ਮਿਲੀ ਨਾ ਦਾਈ ।
ਬੂਹੇ ਉਤੇ ਸੱਦ ਨਾ ਕੀਤੀ, ਡੂਮ ਬਰਹਿਮਣ ਨਾਈ ।
ਹਾਸ਼ਮ ਖ਼ੌਫ਼ ਨਾ ਦਿਲ ਵਿਚ ਆਇਉ, ਜੀਉਂਦੀ ਜਾਨ ਰੁੜ੍ਹਾਈ ।24।

ਟੁਰਿਆ ਤੋੜ ਜ਼ੰਜੀਰ ਸਬਰ ਦਾ, ਚਾਈਆਂ ਰਿਜ਼ਕ ਮੁਹਾਰਾਂ ।
ਗਰਦਸ਼ ਫ਼ਲਕ ਹੋਇਆ ਸਰਗਰਦਾਂ, ਬਾਝ ਮਲਾਹ ਕਹਾਰਾਂ ।
ਸੂਰਜ ਤੇਜ਼ ਹੋਇਆ ਜਲ ਖ਼ੂਨੀ, ਪੈਣ ਲਸਾਂ ਚਮਕਾਰਾਂ ।
ਹਾਸ਼ਮ ਵੇਖ ਸੱਸੀ ਵਿਚ ਘੇਰੀ, ਦੁਸ਼ਮਣ ਲੱਖ ਹਜ਼ਾਰਾਂ ।25।

ਆਦਮ ਖ਼ੋਰ ਜਨਾਵਰ ਜਲ ਦੇ, ਰਾਖ਼ਸ਼ ਰੂਪ ਸੁਭਾਈਂ ।
ਮਗਰਮੱਛ ਕੁੰਮੇ ਜਲਹੋੜੇ, ਨਾਗ ਸੈਂਸਾਰ ਬਲਾਈਂ ।
ਤੰਦੂਏ ਕਹਿਰ ਜੰਬੂਰ ਬੁਲ੍ਹੇਣੀ, ਲਾਵਣ ਜ਼ੋਰ ਤਦਾਈਂ ।
ਹਾਸ਼ਮ ਮੌਤ ਹੋਵਸੁ ਵਿਚ ਥਲ ਦੇ, ਮਾਰਸੁ ਕੌਣ ਇਥਾਈਂ ।26।

ਘੁੰਮਣ-ਘੇਰ ਚੁਫ਼ੇਰਿਉਂ ਘੇਰਨ, ਠਾਠਾਂ ਲੈਣ ਕਲਾਵੇ ।
ਲਹਿਰਾਂ ਜ਼ੋਰ ਕਰਨ ਹਰ ਤਰਫੋਂ, ਇਕ ਆਵੇ ਇਕ ਜਾਵੇ ।
ਸੂਰਤ ਸਿਹਰ ਸੰਦੂਕ ਜੜਾਊ, ਬਿਜਲੀ ਚਮਕ ਡਰਾਵੇ ।
ਹਾਸ਼ਮ ਚਾਹ ਜਿਵੇਂ ਕਨਿਆਨੀ, ਵੇਖ ਸੰਦੂਕ ਛੁਪਾਵੇ ।27।

(ਸਿਹਰ=ਜਾਦੂ, ਚਾਹ=ਖੂਹ)

ਸ਼ਹਿਰੋਂ ਦੂਰ ਕੁ ਪੱਤਣ ਧੋਬੀ, ਧੋਂਦਾ ਨਦੀ ਕਿਨਾਰੇ ।
ਅੱਤਾ ਨਾਮ ਮਿਸਾਲ ਫਰਿਸ਼ਤਾ, ਨੇਕ ਬਜ਼ੁਰਗ ਸਿਤਾਰੇ ।
ਡਿੱਠਾ ਓਸ ਸੰਦੂਕ ਦੁਰਾਡਾ, ਦਿਲ ਵਿਚ ਖ਼ੌਫ਼ ਚਿਤਾਰੇ ।
ਹਾਸ਼ਮ ਗਇਓਸੁ ਹੋਸ਼ ਦਿਮਾਗੋਂ, ਵੇਖ ਸੰਦੂਕ ਵਿਚਾਰੇ ।28।

ਕਰੇ ਖ਼ਿਆਲ ਜਵਾਹਰਖ਼ਾਨਾ, ਪਾਇਆ ਆਣ ਤਬਾਹੀ ।
ਯਾ ਕੋਈ ਆਫ਼ਤ ਰੁੜ੍ਹੀ ਪਹਾੜੋਂ, ਯਾ ਅਸਰਾਰ ਇਲਾਹੀ ।
ਬਖ਼ਤ ਬੇਦਾਰ ਹੋਏ ਅੱਤੇ ਦੇ, ਭਰੀ ਨਸੀਬ ਉਗਾਹੀ ।
ਹਾਸ਼ਮ ਜਾਇ ਪਿਆ ਜਲ ਡੂੰਘੇ, ਹੋ ਦਿਲ ਸ਼ੇਰ ਸਿਪਾਹੀ ।29।

(ਅਸਰਾਰ=ਭੇਦ, ਇਲਾਹੀ=ਰੱਬੀ, ਬਖ਼ਤ ਬੇਦਾਰ ਹੋਏ=
ਕਿਸਮਤ ਜਾਗ ਪਈ)

ਅੱਤੇ ਖ਼ੂਬ ਕੀਤੀ ਜਿੰਦ ਬਾਜ਼ੀ, ਲਿਆ ਸੰਦੂਕ ਕਿਨਾਰੇ ।
ਸ਼ਾਦ ਹੋਇਆ ਦਿਲ ਜ਼ਾਤ ਖ਼ੁਦਾ ਵਲ, ਨਿਅਮਤ ਸ਼ੁਕਰ ਗੁਜ਼ਾਰੇ ।
ਵੜਿਆ ਸ਼ਹਿਰ ਮੁਬਾਰਕ ਦੇਵਣ, ਰਲ ਮਿਲ ਯਾਰ ਪਿਆਰੇ ।
ਹਾਸ਼ਮ ਮਾਲ ਲਿਆ ਫਿਰ ਦੂਜਾ, ਹੋਇਆ ਸੁਆਬ ਵਿਚਾਰੇ ।30।
(ਜਿੰਦ ਬਾਜ਼ੀ=ਦਲੇਰੀ, ਸ਼ਾਦ=ਖ਼ੁਸ਼, ਸੁਆਬ=ਪੁੰਨ)

ਖੁਲ੍ਹਾ ਆਣ ਨਸੀਬ ਅੱਤੇ ਦਾ, ਕਰਮ ਭਲੇ ਦਿਨ ਆਏ ।
ਜੜਤ ਜੜਾਊਂ ਮਹਿਲ ਬਣਾਏ, ਸ਼ੌਕਤ ਸ਼ਾਨ ਵਧਾਏ ।
ਖ਼ਿਦਮਤਗਾਰ ਗ਼ੁਲਾਮ ਸੱਸੀ ਦੇ, ਨੌਕਰ ਚਾਇ ਰਖਾਏ ।
ਹਾਸ਼ਮ ਬਾਗ਼ ਸੁੱਕੇ ਰੱਬ ਚਾਹੇ, ਪਲ ਵਿਚ ਹਰੇ ਕਰਾਏ ।31।

ਸੱਸੀ ਹੋਈ ਜਵਾਨ ਸਿਆਣੀ, ਸੂਰਜ ਜੋਤ ਸਵਾਈ ।
ਸਾਹਿਬ ਇਲਮ ਹਯਾਓ ਹਲੀਮੀਂ, ਅਕਲ ਹੁਨਰ ਚਤਰਾਈ ।
ਮਾਂ ਪਿਉ ਦੇਖ ਕਾਰੀਗ਼ਰ ਕੋਈ, ਚਾਹੁਣ ਕੀਤੀ ਕੁੜਮਾਈ ।
ਹਾਸ਼ਮ ਸੁਣੀ ਸੱਸੀ ਮਸਲਾਹਿਤ, ਗ਼ੈਰਤ ਉਸ ਨੂੰ ਆਈ ।32।

(ਸਾਹਿਬ ਇਲਮ=ਵਿਦਵਾਨ, ਮਸਲਾਹਿਤ=ਸਲਾਹ-ਮਸ਼ਵਰਾ)

ਬਣ ਬਣ ਪੈਂਚ ਪੰਚਾਇਤ ਧੋਬੀ, ਪਾਸ ਅੱਤੇ ਦੇ ਆਵਣ ।
ਕਰ ਤਮਸੀਲ ਵਿਆਹ (ਵਿਹਾਰ) ਜਗਤ ਦਾ, ਬਾਤ ਹਮੇਸ਼ ਚਲਾਵਣ ।
"ਧੀਆਂ ਸੋਹਣ ਨਹੀਂ ਘਰ ਮਾਪਿਆਂ, ਜੇ ਲੱਖ ਰਾਜ ਕਮਾਵਣ ।"
ਹਾਸ਼ਮ ਵਾਂਗ ਬੁਝਾਰਤ ਧੋਬੀ, ਬਾਤ ਸੱਸੀ ਵਲ ਲਿਆਵਣ ।33।
(ਤਮਸੀਲ=ਮਿਸਾਲ)

ਇਕ ਦਿਨ ਮਾਂ ਪਿਉ ਨਾਲ ਸੱਸੀ ਦੇ, ਬੈਠ ਕੀਤੇ ਕੁਲ ਝੇੜੇ ।
ਆਖ,"ਬੱਚੀ ਤੂੰ ਬਾਲਗ਼ ਹੋਈਓਂ, ਵਾਗ ਤੇਰੀ ਹੱਥ ਤੇਰੇ ।
ਧੋਬੀ ਜ਼ਾਤ ਉੱਚੀ ਘਰ ਆਵਣ, ਫਿਰ ਫਿਰ ਜਾਣ ਬਤੇਰੇ ।
ਹਾਸ਼ਮ ਕੌਣ ਤੇਰੇ ਮਨ ਭਾਵੇ, ਆਖ ਸੁਣਾਇ ਸਵੇਰੇ" ।34।

ਸੱਸੀ ਮੂਲ ਜਵਾਬ ਨਾ ਕੀਤਾ, ਮਾਂ ਪਿਓ ਤੋਂ ਸ਼ਰਮਾਂਦੀ ।
ਦਿਲ ਵਿਚ ਸੋਜ਼ ਹੋਈ ਪੁਰ ਆਂਸੂ, ਦੇਖ ਲਿਖੀ ਕਰਮਾਂ ਦੀ ।
ਢੂੰਢਣ ਸਾਕ ਨਿਮਾਣੇ ਧੋਬੀ, ਮੈਂ ਧੀ ਬਾਦਸ਼ਾਹਾਂ ਦੀ ।
ਹਾਸ਼ਮ ਫਿਰ ਉਹ ਨਾਮ ਨਾ ਲੇਵਣ, ਵੇਖ ਸੱਸੀ ਦਰਮਾਂਦੀ ।35।

ਸ਼ਿਕਰਤ ਨਾਲ ਸ਼ਰੀਕ ਅੱਤੇ ਦੇ, ਮਰਦ ਬਖ਼ੀਲ ਫ਼ਸਾਦੀ ।
ਪਾਸ ਭੰਬੋਰ ਸ਼ਹਿਰ ਦੇ ਵਾਲੀ, ਜਾ ਹੋਏ ਫ਼ਰਿਆਦੀ ।
"ਹੋਈ ਜਵਾਨ ਅੱਤੇ ਘਰ ਬੇਟੀ, ਸੂਰਤ ਸ਼ਕਲ ਸ਼ਹਿਜ਼ਾਦੀ ।
ਹਾਸ਼ਮ ਕਹਿਆ ਪੁਕਾਰ ਬਖ਼ੀਲਾਂ, ਲਾਇਕ ਉਹ ਤੁਸਾਡੀ" ।36।
(ਸ਼ਿਕਰਤ=ਈਰਖਾ, ਬਖ਼ੀਲ=ਚੁਗ਼ਲਖ਼ੋਰ)

ਭੇਜਿਆ ਨਫ਼ਰ ਗੁਲਾਮ ਅੱਤੇ ਨੂੰ, ਆਦਮ ਜਾਮ ਬੁਲਾਇਆ ।
ਸੱਸੀ ਖੋਲ੍ਹ ਤਾਵੀਜ਼ ਗਲੇ ਦਾ, ਸ਼ਾਹ ਹਜ਼ੂਰ ਪੁਚਾਇਆ ।
ਕਾਗਜ਼ ਵਾਚ ਪਛਾਤਾ ਜਿਹੜਾ, ਪਾਇ ਸੰਦੂਕ ਰੁੜ੍ਹਾਇਆ ।
ਹਾਸ਼ਮ ਵੇਖ ਹੋਇਆ ਸ਼ਰਮਿੰਦਾ, ਆਦਮ ਜਾਮ ਸਵਾਇਆ ।37।

ਲੋਹੂ ਗਰਮ ਹੋਇਆ ਦਿਲ ਬਿਰੀਆਂ, ਫੇਰ ਉਲਾਦ ਪਿਆਰੀ ।
ਮਾਂ ਪਿਓ ਨਾਲ ਸੱਸੀ ਦੇ ਚਾਹੁਣ ਬਾਤ ਕੀਤੀ ਇਕ ਵਾਰੀ ।
ਸੱਸੀ ਸਾਫ ਜਵਾਬ ਦਿੱਤੋ ਨੇ, ਖੋਲ੍ਹ ਹਕੀਕਤ ਸਾਰੀ ।
ਹਾਸ਼ਮ "ਮਿਲਣ ਹਰਾਮ ਤੁਸਾਨੂੰ, ਰੋੜ੍ਹ ਦਿੱਤੀ ਇਕ ਵਾਰੀ" ।38।

ਮਾਉਂ ਫ਼ਿਰਾਕ ਸੱਸੀ ਦੇ ਮਾਰੀ, ਨੀਂਦ ਅਰਾਮ ਨਾ ਆਵੇ ।
ਹਰਦਮ ਵਾਂਗ ਯਾਕੂਬ ਪਗੰਬਰ, ਰੋ ਰੋ ਹਾਲ ਵੰਞਾਵੇ ।
ਕਰੇ ਸਵਾਲ ਲੋੜੇ ਘਰ ਖੜਿਆ, ਰੋਜ਼ ਸੱਸੀ ਥੇ ਆਵੇ ।
ਹਾਸ਼ਮ ਯਾਦ ਸੰਦੂਕ ਸੱਸੀ ਨੂੰ, ਖ਼ਾਤਰ ਮੂਲ ਨਾ ਲਿਆਵੇ ।39।

ਜਲ ਥਲ ਮਸ਼ਰਕ ਮਗ਼ਰਬ ਹਰ ਸ਼ੈ, ਜਿਸ ਦਾ ਨਾਮ ਧਿਆਵੇ ।
ਸਾਹਿਬ ਕੁਦਰਤ ਅਪਰ ਅਪਾਰਾ, ਕਿਤ ਮੁਖ ਨਾਲ ਸਲਾਹਵੇ ।
ਅੰਤ ਨਾ ਪਾਰ ਉਰਾਰ ਤਿਸੇ ਦਾ, ਕੀ ਕੁਝ ਆਖ ਸੁਣਾਵੇ ।
ਹਾਸ਼ਮ ਫੇਰ ਸੱਸੀ ਨੂੰ ਮਿਲਸਾਂ, ਬਾਤ ਪੁਨੂੰ ਵਲ ਆਵੇ ।40।
(ਮਸ਼ਰਕ ਮਗ਼ਰਬ=ਪੂਰਬ ਪੱਛਮ)

ਸ਼ਹਿਰ ਭੰਬੋਰ ਸੁਦਾਗਰਜ਼ਾਦਾ, ਗਜ਼ਨੀ ਨਾਮ ਸਦਾਵੇ ।
ਸਾਹਿਬ ਸ਼ੌਕ ਇਮਾਰਤ ਤਾਜੀ, ਬਾਗ਼ ਹਮੇਸ਼ ਲਵਾਵੇ ।
ਤਿਸ ਵਿਚ ਹਰ ਹਰ ਸ਼ਹਿਰ ਮੁਲਕ ਦੀ, ਕਰ ਤਸਵੀਰ ਲਗਾਵੇ ।
ਹਾਸ਼ਮ ਹਰ ਇਕ ਆਪ ਮੁਸੱਵਰ, ਜ਼ਬਰਾਈਲ ਕਹਾਵੇ ।41।
(ਮੁਸੱਵਰ=ਚਿਤ੍ਰਕਾਰ)

ਸੱਸੀ ਸੁਣੇ ਤਰੀਫ਼ ਹਮੇਸ਼ਾ ਲਾਇਕ ਮੁਸ਼ਕ ਖ਼ੁਤਨ ਦੀ ।
ਇਕ ਦਿਨ ਨਾਲ ਸਈਆਂ ਉਠ ਦੌੜੀ, ਖ਼ਾਤਰ ਸੈਲ ਚਮਨ ਦੀ ।
ਦੇਖਿਆ ਨਕਸ਼ ਨਗਾਰ ਖਲੋਤਾ ਸੂਰਤ ਸੀਮ ਬਦਨ ਦੀ ।
ਹਾਸ਼ਮ ਵੇਖ ਹੋਈ ਦਿਲ ਘਾਇਲ, ਵਾਂਗੂੰ ਕੋਹ-ਸ਼ਿਕਨ ਦੀ ।42।
(ਮੁਸ਼ਕ=ਕਸਤੂਰੀ, ਖ਼ੁਤਨ=ਈਰਾਨ ਵਿਚ ਇਕ ਥਾਂ, ਸੀਮ=
ਚਾਂਦੀ, ਕੋਹ-ਸ਼ਿਕਨ=ਫ਼ਰਿਹਾਦ)

ਸੱਸੀ ਕਹਿਆ ਬੁਲਾਇ ਮੁਸੱਵਰ, "ਸ਼ਾਬਾਸ਼, ਵੀਰ ਭਰਾਓ ।
ਜਿਸ ਸੂਰਤ ਦੀ ਮੂਰਤ ਕੀਤੀ, ਮੈਨੂੰ ਆਖ ਸੁਣਾਓ ।
ਕਿਹੜਾ ਸ਼ਹਿਰ ? ਕੌਣ ਸ਼ਹਿਜ਼ਾਦਾ ? ਥਾਉਂ ਮਕਾਨ ਬਤਾਓ ।"
ਹਾਸ਼ਮ ਫੇਰ ਸੱਸੀ ਹੱਥ ਜੋੜੇ, "ਭੇਤ ਪਤਾ ਦਸ ਜਾਓ" ।43।

"ਕੇਚਮ ਸ਼ਹਿਰ ਵਲਾਇਤ ਥਲ ਦੀ, ਹੋਤ ਅਲੀ ਤਿਸ ਵਾਲੀ ।
ਤਿਸ ਦਾ ਪੁੱਤ ਪੁੰਨੂੰ ਸ਼ਹਿਜ਼ਾਦਾ, ਐਬ ਸਵਾਬੋਂ ਖ਼ਾਲੀ ।
ਸੂਰਤ ਓਸ ਹਿਸਾਬੋਂ ਬਾਹਰ, ਸਿਫ਼ਤ ਖ਼ੁਦਾਵੰਦ ਵਾਲੀ ।"
ਹਾਸ਼ਮ ਅਰਜ਼ ਕੀਤੀ ਉਸਤਾਦਾਂ, ਚਿਣਗ ਕੱਖਾਂ ਵਿਚ ਡਾਲੀ ।44।

ਹੋ ਦਿਲ-ਘਾਇਲ ਨਾਲ ਸਈਆਂ ਦੇ, ਫੇਰ ਸੱਸੀ ਘਰ ਆਈ ।
ਨੀਂਦਰ ਭੁੱਖ ਜ਼ੁਲੈਖਾਂ ਵਾਂਗੂੰ, ਪਹਿਲੀ ਰਮਜ਼ ਵੰਞਾਈ ।
ਵੇਖ ਅਹਿਵਾਲ ਹੋਈ ਦਰਮਾਂਦੀ, ਭੇਦ ਪੁਛਾਉਸੁ ਮਾਈ ।
ਹਾਸ਼ਮ ਬਾਝ ਕੁੱਠੀ ਤਲਵਾਰੋਂ, ਜ਼ਾਲਮ ਇਸ਼ਕ ਕਸਾਈ ।45।

ਦਿਲ ਵਿਚ ਸੋਜ਼ ਫ਼ਿਰਾਕ ਪੁੰਨੂੰ ਦਾ, ਰੋਜ਼ ਅਲੰਬਾ ਬਾਲੇ ।
ਬਿਰਹੋਂ ਮੂਲ ਆਰਾਮ ਨਾ ਦੇਂਦਾ, ਵਾਂਗ ਚਿਖਾ ਨਿੱਤ ਜਾਲੇ ।
ਆਤਸ਼ ਆਪ ਆਪੇ ਭਟਿਆਰਾ, ਆਪ ਜਲੇ ਨਿੱਤ ਜਾਲੇ ।
ਹਾਸ਼ਮ ਫੇਰ ਕਿਹਾ ਸੁਖ ਸੋਵਣ, ਜਦ ਪੀਤੇ ਪ੍ਰੇਮ-ਪਿਆਲੇ ।46।

ਦੋ ਦਿਨ ਡਾਢ ਸੱਸੀ ਕਰ ਦਾਨਸ਼ ਇਕ ਤਦਬੀਰ ਬਣਾਈ ।
ਪੱਤਣ ਘਾਟ ਲਏ ਸਭ ਪਿਓ ਥੋਂ, ਚੌਕੀ ਚਾਇ ਬਿਠਾਈ ।
ਪਾਂਧੀ ਰਾਹ ਮੁਸਾਫ਼ਰ ਜੇ ਕੋਈ, ਆਵੇ ਏਸ ਨਿਵਾਹੀ ।
ਹਾਸ਼ਮ ਪਾਰ ਉਰਾਰ ਨਾ ਜਾਵੇ, ਮੈਂ ਬਿਨ ਖ਼ਬਰ ਪੁਚਾਈ ।47।
(ਦਾਨਸ਼=ਸਿਆਣਪ)

ਬਰਸ ਹੋਇਆ ਜਦ ਫੇਰ ਸੱਸੀ ਨੂੰ, ਮਿਹਨਤ ਜ਼ੁਹਦ ਉਠਾਏ ।
ਕੇਚ ਵਲੋਂ ਰਲ ਮਾਲ ਵਿਹਾਜਣ, ਊਠ ਸੁਦਾਗਰ ਆਏ ।
ਸੂਰਤ ਨਾਜ਼ ਨਿਆਜ਼ ਬਲੋਚਾਂ, ਵੇਖ ਪਰੀ ਭੁੱਲ ਜਾਏ ।
ਹਾਸ਼ਮ ਵੇਖ ਬਲੋਚ ਜ਼ੁਲੈਖਾਂ, ਯੂਸਫ਼ ਚਾਇ ਭੁਲਾਏ ।48।
(ਜ਼ੁਹਦ=ਤਪੱਸਿਆ, ਵਿਹਾਜਣ=ਵਪਾਰ ਕਰਨ, ਨਿਆਜ਼=
ਭੇਟਾ)

ਆਖਿਆ ਆਣ ਗ਼ੁਲਾਮ ਸੱਸੀ ਨੂੰ, ਨਾਲ ਜ਼ਬਾਨ ਪਿਆਰੀ ।
"ਘਾਟ ਉਤੇ ਇਕ ਰਾਹ-ਮੁਸਾਫ਼ਰ, ਉਤਰੇ ਆਣ ਵਪਾਰੀ ।
ਕੇਚ ਕੰਨੋਂ ਸੌਦਾਗਰ ਆਏ, ਊਠ ਬੇਅੰਤ ਸ਼ੁਮਾਰੀ ।
ਹਾਸ਼ਮ ਡੌਲ ਲਿਬਾਸ ਪਹਿਰਾਵਾ, ਹਰ ਹਰ ਚਾਲ ਨਿਆਰੀ" ।49।

ਸੱਸੀ ਸਖ਼ਤ ਗ਼ਮੀ ਵਿਚ ਆਈ, ਦਰਦ ਫ਼ਿਰਾਕ ਰੰਞਾਣੀ ।
ਨਾ ਕੁਝ ਸੁਰਤ ਆਵਾਜ਼ ਨਾ ਦੇਂਦੀ, ਨਾ ਕੁਝ ਹੋਸ਼ ਟਿਕਾਣੀ ।
ਰੂਹ ਰੂਹਾਂ ਵਿਚ ਫਿਰੇ ਸੱਸੀ ਦਾ, ਮਲਕੁਲ ਮੌਤ ਨਿਸ਼ਾਨੀ ।
ਹਾਸ਼ਮ ਬਲੋਚ ਭੇਜ ਸੱਚੇ ਰੱਬ, ਫੇਰ ਦਿੱਤੀ ਜ਼ਿੰਦਗਾਨੀ ।50।

ਸੁਣੀ ਆਵਾਜ਼ ਸੱਸੀ ਉਠ ਬੈਠੀ, ਸੁਰਤ ਸਰੀਰ ਸੰਭਾਲੀ ।
ਹਾਰ ਸ਼ਿੰਗਾਰ ਲਗੇ ਮਨ ਭਾਵਣ, ਖ਼ੂਬ ਹੋਈ ਖ਼ੁਸ਼ਹਾਲੀ ।
ਮਿਸਲ ਅਨਾਰ ਹੋਏ ਰੁਖ਼ਸਾਰੇ, ਫੇਰ ਫਿਰੀ ਲਬ ਲਾਲੀ ।
ਹਾਸ਼ਮ ਆਖ ਤਰੀਫ਼ ਬਲੋਚਾਂ, ਆਬਿ-ਹਯਾਤ ਪਿਆਲੀ ।51।
(ਮਿਸਲ ਅਨਾਰ=ਅਨਾਰ ਵਾਂਗ, ਰੁਖ਼ਸਾਰੇ=ਗੱਲ੍ਹਾਂ, ਆਬਿ-
ਹਯਾਤ=ਅੰਮ੍ਰਿਤ)

ਸ਼ਹਿਰ ਉਤਾਰ ਬਲੋਚ ਸੱਸੀ ਨੇ, ਖ਼ਿਦਮਤ ਖ਼ੂਬ ਕਰਾਈ ।
ਹਾਲ ਹਕੀਕਤ ਹੋਤ ਪੁੰਨੂੰ ਦੀ, ਪਾਸ ਬਹਾਲ ਪੁਛਾਈ ।
ਖ਼ਾਤਰ ਲੋਭ ਕਹਿਓ ਨੇ, "ਸਾਡਾ ਹੋਤ ਪੁਨੂੰ ਹੈ ਭਾਈ ।"
ਹਾਸ਼ਮ ਵੇਖ ਬਲੋਚਾਂ ਦਿਤੀਆ, ਸ਼ਾਮਤ ਆਣ ਦਿਖਾਈ ।52।

ਸੱਸੀ ਸਮਝ ਭਰਾ ਪੁਨੂੰ ਦੇ, ਕੈਦ ਬਲੋਚ ਕਰਾਏ ।
ਹੋਣ ਖ਼ਲਾਸ ਮੁਹਾਲ ਹੋਇਓ ਨੇ, ਹੋਤ ਪੁਨੂੰ ਬਿਨ ਆਏ ।
ਬੋਲ ਵਿਗਾੜ ਪਿਛੋਂ ਪਛਤਾਵਣ, ਸ਼ਾਮਤ ਆਣ ਫਹਾਏ ।
ਹਾਸ਼ਮ ਬਾਝ ਵਕੀਲੋਂ ਕਾਮਲ, ਫਸਿਆਂ ਕੌਣ ਛੁਡਾਏ ।53।

ਦੋ ਸਰਦਾਰ ਆਹੇ ਕਰਵਾਨੀ, ਹਫ਼ਤ ਹਜ਼ਾਰ ਸ਼ੁਤਰ ਦੇ ।
ਬੱਬਣ ਨਾਮ ਬਬੀਹਾ ਦੋਵੇਂ ਬੈਠ ਅੰਦੇਸ਼ਾ ਕਰਦੇ ।
ਪੁਨੂੰ ਬਾਝ ਨਹੀਂ ਛੁਟਕਾਰਾ, ਹੌਜ਼ ਦੇਈਏ ਭਰ ਜ਼ਰ ਦੇ ।
ਹਾਸ਼ਮ ਜ਼ੋਰ ਕਿਹਾ ਪਰ ਮੁਲਕੀਂ, ਮਾਣ ਹੋਵੇ ਵਿਚ ਘਰ ਦੇ ।54।
(ਕਰਵਾਨੀ=ਕਾਫ਼ਲੇ ਵਾਲੇ, ਹਫ਼ਤ=ਸੱਤ, ਸ਼ੁਤਰ=ਉੱਠ,
ਜ਼ਰ=ਸੋਨਾ)

ਉਡਣ ਖਟੋਲਾ ਨਾਮ ਕਰਹੇਂ ਦਾ, ਨਾਲ ਕੀਤਾ ਹਮਰਾਹੀ ।
ਬੱਬਣ ਹੋ ਅਸਵਾਰ ਸਿਧਾਇਆ, ਕੇਚ ਬੰਨੇ ਬਣ ਰਾਹੀ ।
ਜਿਉਂ ਜਿਉਂ ਸ਼ੁਤਰ ਪਵੇ ਵਿਚ ਮਜ਼ਲੀਂ, ਤਿਉਂ ਤਿਉਂ ਚਾਲ ਸਵਾਈ ।
ਆਸ਼ਕ ਉਹ ਪੁਨੂੰ ਪਰ ਆਹਾ, ਹਾਸ਼ਮ ਸ਼ੌਕ ਇਲਾਹੀ ।55।
(ਕਰਹੇਂ=ਉੱਠ)

ਕੇਚਮ ਸ਼ਹਿਰ ਗਏ ਕਰਵਾਨੀ ਹੋਤ ਅਲੀ ਦਰਬਾਰੇ ।
ਰੋ ਰੋ ਕੂਕ ਸੁਨਾਵਣ ਹਾਲਤ, ਜਾਇ ਬਲੋਚ ਪੁਕਾਰੇ ।
"ਸ਼ਹਿਰ ਭੰਬੋਰ ਬਲੋਚ ਸੱਸੀ ਨੇ, ਕੈਦ ਕੀਤੇ ਵਲਿ ਸਾਰੇ ।
ਹਾਸ਼ਮ ਬਾਝ ਪੁਨੂੰ ਨਹੀਂ ਛੁੱਟਦੇ, ਕੈਦ ਰਹਿਣ ਜੁਗ ਚਾਰੇ" ।56।

ਹੋਤ ਅਲੀ ਸੁਣ ਹਾਲ ਹਕੀਕਤ ਪੁਛਿਆ ਬੈਠ ਦੀਵਾਨਾਂ ।
ਨਾ ਕੁਝ ਪੇਸ਼ ਹਕੂਮਤ ਜਾਵੇ, ਨਾ ਕੁਝ ਕਾਰ ਖ਼ਜ਼ਾਨਾਂ ।
ਪਹੁੰਚਣ ਬਹੁਤ ਮਹਾਲ ਪੁੰਨੂੰ ਨੂੰ, ਮੁਲਕ ਬਿਦੇਸ਼ ਬਿਗਾਨਾਂ ।
ਹਾਸ਼ਮ ਕੌਣ ਸ਼ਹਿਜ਼ਾਦਾ ਤੋਰੇ, ਆਖ ਪਿਛੇ ਕਰਵਾਨਾਂ ।57।

ਬਹੁਤ ਬੇਜ਼ਾਰ ਹੋਈ ਗੱਲ ਸੁਣਕੇ, ਹੋਤ ਪੁੰਨੂੰ ਦੀ ਮਾਈ ।
ਕੌਣ ਕੋਈ ਤਨ ਲਾਇ ਬੁਝਾਵੇ, ਆਤਸ਼ ਚਾਇ ਪਰਾਈ ।
ਕੌਣ ਬਲੋਚ ਪੁੰਨੂੰ ਦੇ ਸਿਰ ਤੋਂ, ਵਾਰ ਸੁਟਾਂ ਬਾਦਸ਼ਾਹੀ ?
ਹਾਸ਼ਮ ਬਾਝ ਪੁੰਨੂੰ ਵਿਚ ਦੁਨੀਆਂ, ਹੋਰ ਮੁਰਾਦ ਨਾ ਕਾਈ ।58।

ਸਾਫ਼ ਜਵਾਬ ਲਿਆ ਕਰਵਾਨਾਂ, ਫੇਰ ਪੁੰਨੂੰ ਵੱਲ ਆਏ ।
ਸੂਰਤ ਨਕਸ਼ ਨਿਗਾਰ ਸੱਸੀ ਦੇ, ਕਰ ਤਾਰੀਫ਼ ਸੁਣਾਏ ।
ਘਾਇਲ ਇਸ਼ਕ ਤੁਸਾਡੇ ਹਰਦਮ, ਨੀਂਦਰ ਚਸ਼ਮ ਨਾ ਲਾਏ ।
ਹਾਸ਼ਮ ਖ਼ਾਤਰ ਮਿਲਣ ਤੁਸਾਡੇ, ਕੈਦ ਬਲੋਚ ਕਰਾਏ ।59।

ਸੁਣ ਤਾਰੀਫ਼ ਹੋਇਆ ਦਿਲ ਘਾਇਲ, ਰੁਮਕੀ ਵਾਉ ਪਿਰਮ ਦੀ ।
ਕੌਣ ਕੋਈ ਦਿਲ ਰਹਿਸ ਟਿਕਾਣੇ, ਦਹਿਸ਼ਤ ਤੇਗ਼ ਅਲਮ ਦੀ ।
ਸ਼ਹਿਰ ਭੰਬੋਰ ਪੁੰਨੂੰ ਦਿਲ ਵਸਿਆ, ਵਿਸਰੀ ਸੁਰਤ ਕੇਚਮ ਦੀ ।
ਹਾਸ਼ਮ ਵਾਉ ਵਗੀ ਉਠ ਚਮਕੀ, ਆਤਸ਼ ਜਨਮ ਕਰਮ ਦੀ ।60।

ਸ਼ੁਤਰ ਸਵਾਰ ਪੁੰਨੂੰ ਉਠ ਤੁਰਿਆ, ਪ੍ਰੇਮ ਜੜੀ ਸਿਰ ਪਾਈ ।
ਰਾਤ ਗ਼ੁਬਾਰ ਚੁਰਾਇ ਪੁੰਨੂੰ ਨੂੰ, ਚੋਰ ਚਲੇ ਕਰ ਧਾਈ ।
ਪਲਕ ਆਰਾਮ ਨਾ ਵਾਂਗ ਬੇਸਬਰਾਂ, ਰਿਜ਼ਕ ਮੁਹਾਰ ਉਠਾਈ ।
ਹਾਸ਼ਮ ਵੇਖ ਨਸੀਬ ਬਲੋਚਾਂ, ਨਾਇ ਪਈ ਬੁਰਿਆਈ ।61।

ਰਾਤ ਦਿਨੇ ਫੜ ਰਾਹ ਲਿਉ ਨੇ, ਪਲਕੁ ਨਾ ਥੀਵਣ ਮਾਂਦੇ ।
ਸਖ਼ਤ ਮਿਜ਼ਾਜ ਬਲੋਚ ਹਮੇਸ਼ਾਂ, ਬੁਰੇ ਨਸੀਬ ਜਿਨ੍ਹਾਂ ਦੇ ।
ਯਸੂਫ਼ ਮਿਸਲ ਬਣੇ ਕਰਵਾਨੀ, ਸ਼ਹਿਰੋਂ ਬਾਹਰ ਲਿਜਾਂਦੇ ।
ਹਾਸ਼ਮ ਬਾਦਸ਼ਾਹਾਂ ਦੁਖ ਪਾਵਣ, ਸਖ਼ਤ ਜ਼ੰਜੀਰ ਦਿਲਾਂ ਦੇ ।62।

ਸ਼ਹਿਰ ਭੰਬੋਰ ਪਇਓ ਨੇ ਨਜ਼ਰੀਂ,ਆਹਾ ਵਕਤ ਸਵੇਰਾ ।
ਨਾਲ ਪਿਆਰ ਕੀਤੋ ਨੇ ਕਰਹਾਂ, ਚੁਸਤ ਚਲਾਕ ਬਥੇਰਾ ।
ਨਾਲ ਹਕਾਰਤ ਬਾਗ਼ ਸੱਸੀ ਦੇ, ਆਣ ਕੀਤੋ ਨੇ ਡੇਰਾ ।
ਹਾਸ਼ਮ ਛੱਡ ਦਿਤੋ ਨੇ ਸ਼ੁਤਰਾਂ, ਚਰਨ ਅਰਾਕ ਚੁਫੇਰਾ ।63।
(ਹਕਾਰਤ=ਨਫ਼ਰਤ, ਅਰਾਕ=ਬਿਰਛ)

ਕਹਿ ਕਹਿ ਵਾਂਗ ਤਲਿਸਮੀਂ ਆਹੀਆਂ, ਬਾਗ਼ ਚੁਫੇਰ ਦੀਵਾਰਾਂ ।
ਫਰਸ਼ ਜ਼ਮੀਨ ਜ਼ਮੁਰਦੀ ਆਹਾ, ਸਾਬਤ ਨਕਸ਼ ਨਿਗਾਰਾਂ ।
ਨਹਿਰਾਂ ਹੌਜ਼, ਫ਼ੱਵਾਰੇ ਬਰਸਣ, ਹਰ ਹਰ ਚੌਕ ਬਹਾਰਾਂ ।
ਹਾਸ਼ਮ ਸ਼ੋਰ ਜਨਾਵਰ ਕਰਦੇ, ਮੋਰ ਚਕੋਰ ਹਜ਼ਾਰਾਂ ।64।

ਘਾਇਲ ਇਸ਼ਕ ਖੜੇ ਗੁਲ ਲਾਲਾ, ਨਾਲ ਲਹੂ ਮੁਖ ਧੋਤੇ ।
ਸੇਬ, ਅਨਾਰ, ਅੰਗੂਰ ਭਰੇ ਰਸ, ਚੁੰਜ ਨਾ ਲਾਵਣ ਤੋਤੇ ।
ਕੁਮਰੀ ਕੁਝ ਕਰੇ ਫ਼ਰਿਆਦਾਂ, ਸਰੂ ਅਜ਼ਾਦ ਖਲੋਤੇ ।
ਹਾਸ਼ਮ ਵੇਖ ਬਹਾਰ ਚਮਨ ਦੀ, ਰੂਹ ਰਹੇ ਵਿਚ ਗੋਤੇ ।65।
(ਗੁਲ ਲਾਲਾ=ਪੋਸਤ ਦੇ ਲਾਲ ਸੂਹੇ ਫੁੱਲ,ਕੁਮਰੀ=ਘੁੱਗੀ)

ਕੁਝ ਬਲਖ਼ੀ, ਬਗ਼ਦਾਦੀ ਉਸ਼ਤਰ, ਕੁਝ ਬੁਖ਼ਤੀ ਕਨਿਆਨੀ ।
ਦੋਜ਼ਖ ਪੇਟ, ਲੰਮੇਰੀ ਗਰਦਨ, ਅਜ਼ਰਾਈਲ ਨਿਸ਼ਾਨੀ ।
ਚਾਰਨ ਬਾਗ਼ ਤੁੜਾਵਣ ਸ਼ਾਖਾਂ, ਕਰਨ ਬਲੋਚ ਹੈਵਾਨੀ ।
ਹਾਸ਼ਮ ਨਾਲ ਗ਼ੁਮਾਨ ਪੁੰਨੂੰ ਦੇ, ਚੇਹ ਚੜ੍ਹੇ ਕਰਵਾਨੀ ।66।

ਜਾਇ ਖੜੇ ਦਰਬਾਰ ਸੱਸੀ ਦੇ, ਸ਼ੋਰ ਕੀਤਾ ਬਗ਼ਬਾਨਾਂ ।
"ਬਾਗ਼ ਵੀਰਾਨ ਹੋਇਆ ਕੁਲ ਸਾਰਾ, ਚਾਰ ਲਿਆ ਕਰਵਾਨਾਂ ।
ਖ਼ੌਫ਼ ਖ਼ੁਦਾਇ ਨਾ ਮਰਨੋਂ ਡਰਦੇ, ਖਾਵਣ ਮਾਲ ਬਿਗਾਨਾਂ ।
ਹਾਸ਼ਮ ਸ਼ਹਿਰ ਭੰਬੋਰ ਬੇਰਾਜਾ, ਖ਼ੌਫ਼ ਨਹੀਂ ਸੁਲਤਾਨਾਂ" ।67।

ਸੁਣ ਫ਼ਰਿਆਦ ਸੱਸੀ ਵਿਚ ਦਿਲ ਦੇ, ਅਕਲ ਖ਼ਿਆਲ ਵਿਚਾਰੇ ।
ਕੌਣ ਕਮੀਨੇ ਐਡ ਦਲੇਰੀ, ਕਰਨ ਬਲੋਚ ਨਿਕਾਰੇ ।
ਸ਼ਾਇਦ ਹੋਤ ਪੁੰਨੂੰ ਵਿਚ ਹੋਸੀ, ਤਾਹੀਂ ਕਰਨ ਪਸਾਰੇ ।
ਹਾਸ਼ਮ ਚਾਵਣ ਐਡ ਫਜ਼ੂਲੀ, ਕੌਣ ਗਰੀਬ ਵਿਚਾਰੇ ।68।

ਸੱਸੀ ਨਾਲ ਸਈਆਂ ਕਰ ਮਸਲ੍ਹਤ, ਬਾਗ਼ ਬੰਨੇ ਚਲ ਆਈ ।
ਹਰ ਹਰ ਦੇ ਹੱਥ ਸ਼ਾਖ਼ ਚਿਨਾਰੀ, ਤੇਗ਼ ਮਿਸਾਲ ਸਿਪਾਈ ।
ਉਮਰ ਅਵਾਇਲ ਮਾਣ ਹੁਸਨ ਦਾ, ਜਾਇ ਪਈਆਂ ਕਰ ਧਾਈ ।
ਹਾਸ਼ਮ ਮਾਰ ਪਈ ਕਰਵਾਨਾਂ, ਦੇਣ ਬਲੋਚ ਦੁਹਾਈ ।69।
(ਅਵਾਇਲ=ਛੋਟੀ)

ਰਹੇ ਤਯਾਰ ਹਮੇਸ਼ ਚਮਨ ਵਿਚ, ਸੇਜ ਸੱਸੀ ਦੀ ਆਹੀ ।
ਕੰਚਨ ਪਲੰਘ ਰਵੇਲ ਚੰਬੇਲੀ, ਮਾਲਣ ਗੁੰਦ ਵਿਛਾਈ ।
ਤਿਸ ਪੁਰ ਹੋਤ ਪੁੰਨੂੰ ਵਿਚ ਨੀਂਦਰ, ਆਹੀ ਸੇਜ ਸੁਖਾਈ ।
ਹਾਸ਼ਮ ਆਸ ਮੁਰਾਦ ਸੱਸੀ ਦੀ, ਸਿਦਕ ਪਿਛੇ ਵਰ ਆਈ ।70।

ਸੱਸੀ ਆਣ ਡਿੱਠਾ ਵਿਚ ਨੀਂਦਰ, ਹੋਤ ਬੇਹੋਸ਼ ਜੋ ਖ਼ਾਬੋਂ ।
ਸੂਰਜ ਵਾਂਗ ਸ਼ੁਆ ਹੁਸਨ ਦੀ, ਬਾਹਰ ਪਵਸੁ ਨਿਕਾਬੋਂ ।
ਜੇ ਲੱਖ ਪਾ ਸੰਦੂਕ ਛੁਪਾਈਏ, ਆਵੇ ਮੁਸ਼ਕ ਗੁਲਾਬੋਂ ।
ਹਾਸ਼ਮ ਹੁਸਨ ਪ੍ਰੀਤ ਨਾ ਪੁਛਦੇ, ਫ਼ਾਰਗ ਹੋਣ ਹਿਸਾਬੋਂ ।71।
(ਸ਼ੁਆ=ਕਿਰਨ)

ਸੁਣ ਫ਼ਰਿਆਦ ਬਲੋਚਾਂ ਵਾਲੀ, ਤਾਂ ਸੁਧ ਹੋਤ ਸੰਭਾਲੀ ।
ਵੇਖ ਹੈਰਾਨ ਹੋਇਆ ਸ਼ਹਿਜ਼ਾਦਾ, ਫ਼ੌਜ ਮਹਿਬੂਬਾਂ ਵਾਲੀ ।
ਰੌਸ਼ਨ ਸ਼ਮਾਂ ਜਮਾਲ ਸੱਸੀ ਦਾ, ਚਮਕ ਪਵੇ ਹਰ ਡਾਲੀ ।
ਹਾਸ਼ਮ ਦਾਗ਼ ਪਿਆ ਗੁਲ ਲਾਲੇ, ਦੇਖ ਸੱਸੀ ਲਬ ਲਾਲੀ ।72।
(ਜਮਾਲ=ਸੁਹੱਪਣ)

ਦੇਖ ਦੀਦਾਰ ਹੋਏ ਤਨ ਦੋਵੇਂ, ਆਸ਼ਕ ਦਰਦ ਰੰਞਾਣੇ ।
ਡਿੱਠਿਆਂ ਬਾਝ ਨਾ ਰੱਜਣ ਮੂਲੇ, ਨੈਣ ਉਦਾਸ ਇਆਣੇ ।
ਸਿਕਦਿਆਂ ਯਾਰ ਮਿਲੇ ਜਿਸ ਦਿਲ ਨੂੰ, ਕੀਮਤ ਕਦਰ ਪਛਾਣੇ ।
ਹਾਸ਼ਮ ਨੇਹੁੰ ਅਸੀਲ ਕਮਾਵਣ, ਹੋਰ ਗਵਾਰ ਕੀ ਜਾਣੇ ।73।

ਭਾਰ ਲਦਾਇ ਚਲੇ ਕਰਵਾਨੀ, ਕੇਚਮ ਰਾਹ ਸਵੇਰੇ ।
ਆਖ ਰਹੇ, ਚਲ ਹੋਤ ਪੁੰਨੂੰ ਨੂੰ, ਜੋੜਨ ਦਸਤ ਬਥੇਰੇ ।
ਹੋ ਲਾਚਾਰ ਚਲੇ ਕਰਵਾਨੀ, ਤੋਰ ਦਿੱਤਿਓ ਨੇ ਡੇਰੇ ।
ਹਾਸ਼ਮ ਇਸ਼ਕ ਜਿਨ੍ਹਾਂ ਤਨ ਰਚਿਆ, ਕੌਣ ਤਿਨ੍ਹਾਂ ਦਿਲ ਫੇਰੇ ।74।

ਕੇਚਮ ਆਇ ਕਿਹਾ ਕਰਵਾਨਾਂ, ਬਾਤ ਜਿਵੇਂ ਕੁਝ ਆਹੀ ।
ਹੋਤ ਅਸੀਰ ਸੱਸੀ ਦਿਲ ਕੀਤਾ, ਜ਼ੁਲਫ਼ ਕੁੰਡਲ ਘੱਤ ਫਾਹੀ ।
ਆਵਣ ਜਾਣ ਨਾ ਯਾਦ ਪੁੰਨੂੰ ਨੂੰ, ਇਸ਼ਕ ਦਿੱਤੀ ਬਦਰਾਹੀ ।
ਹਾਸ਼ਮ ਹਾਲ ਸੁਣਾਇ ਬਲੋਚਾਂ, ਤੇਗ਼ ਪਿਉ ਤਨ ਵਾਹੀ ।75।

ਹੋਤ ਅਲੀ ਦਿਨ ਰੈਣ ਵਿਹਾਵੇ, ਹੋਸ਼ ਅਰਾਮ ਨਾ ਤਿਸ ਨੂੰ ।
ਮੌਤ ਭਲੀ ਮਰ ਜਾਣ ਚੰਗੇਰਾ, ਆ ਬਣੇ ਦੁਖ ਜਿਸ ਨੂੰ ।
ਕੇਚਮ ਨਾਰ ਜਹੱਨਮ ਕੋਲੋਂ, ਤੇਜ਼ ਹੋਇਆ ਤਪ ਤਿਸ ਨੂੰ ।
ਹਾਸ਼ਮ ਵਾਂਗ ਯਕੂਬ ਪੈਗ਼ੰਬਰ, ਹਾਲ ਸੁਣਾਵੇ ਕਿਸ ਨੂੰ ।76।
(ਨਾਰ=ਅੱਗ, ਜਹੱਨਮ=ਨਰਕ)

ਕੇਚਮ ਲੋਕ ਫ਼ਿਰਾਕ ਪੁੰਨੂੰ ਦੇ, ਰੋ ਰੋ ਹੋਣ ਦੀਵਾਨੇ ।
ਯੂਸਫ਼ ਵੇਚ ਆਏ ਕਰਵਾਨੀ, ਹਰ ਇਕ ਵਿਰਦ ਜ਼ਬਾਨੇ ।
ਪੁਟ ਪੁਟ ਵਾਲ ਸੁਟਣ ਵਿਚ ਗਲੀਆਂ, ਮਹਿਲੀਂ ਸ਼ੋਰ ਜ਼ਨਾਨੇ ।
ਹਾਸ਼ਮ ਫੇਰ ਪੁੰਨੂੰ ਰੱਬ ਲਿਆਵੇ, ਸਹੀ ਸਲਾਮਤ ਖ਼ਾਨੇ ।77।

ਸੁਣ ਕੇ ਹੋਤ ਪੁੰਨੂੰ ਦੀ ਮਾਈ, ਡਾਢੀਆਂ ਮਾਰੇ ਆਹੀਂ ।
ਪੁੱਤ ਪੁੰਨੂੰ ਦੀ ਖ਼ਬਰ ਨਾ ਆਏ, ਇਕ ਪਲ ਜੀਵਨ ਨਾਹੀਂ ।
ਹਰਦਮ ਪੁੰਨੂੰ ਯਾਦ ਕਰੇਂਦੀ, ਕਰ ਕਰ ਖਲੀਆਂ ਬਾਹੀਂ ।
ਹਾਸ਼ਮ ਜੇ ਤੂੰ ਸਾਹਿਬ ਸੱਚਾ, ਪੁੰਨੂੰ ਮੇਲ ਕਿਦਾਹੀਂ ।78।

ਸ਼ੁਤਰ ਸਵਾਰ ਭਰਾ ਪੁੰਨੂੰ ਦੇ, ਫੇਰ ਪੁੰਨੂੰ ਵੱਲ ਧਾਏ ।
ਤੇਜ਼ ਬਲਾਇ ਸ਼ਰਾਬ ਸੁਰਾਹੀ, ਨਾਲ ਲੁਕਾਇ ਲਿਆਏ ।
ਡਿੱਠੀ ਪੇਸ਼ ਨਾ ਜਾਂਦੀ ਹਰਗਿਜ਼, ਓੜਕ ਧਰੋਹ ਕਮਾਏ ।
ਹਾਸ਼ਮ ਆਖ ਕਿਨੇ ਸੁਖ ਪਾਇਆ, ਬੇਇਨਸਾਫ਼ ਦੁਖਾਏ ।79।

ਸ਼ਹਿਰ ਭੰਬੋਰ ਪੁਛਾਇ ਪੁੰਨੂੰ, ਨਾਲ ਗਏ ਰੰਗ ਰੱਸ ਦੇ ।
ਦਿਲ ਵਿਚ ਖੋਟ ਜ਼ਬਾਂ ਵਿਚ ਸ਼ੀਰੀਂ, ਆਣ ਮਿਲੇ ਗਲ ਹੱਸਦੇ ।
ਬਤਣੀ ਲੋਕ ਬਤਾਵਣ ਮਹਿਰਮ, ਹਰਗਿਜ਼ ਭੇਤ ਨਾ ਦੱਸਦੇ ।
ਹਾਸ਼ਮ ਕਰਨ ਲੁਕਾਉ ਨਾ ਹੇੜੀ, ਮਿਰਗ ਭਲਾ ਕਦ ਫੱਸਦੇ ।80।
(ਸ਼ੀਰੀਂ=ਮਿਠਾਸ, ਮਹਿਰਮ=ਭੇਤੀ, ਹੇੜੀ=ਸ਼ਿਕਾਰੀ)

ਸੁਣ ਕੇਚਮ ਕਰਵਾਨ ਸੱਸੀ ਨੂੰ, ਚੜ੍ਹਿਆ ਚੰਦ ਵਧੇਰੇ ।
ਰਲ ਮਿਲ ਨਾਲ ਸਈਆਂ ਦੇ ਆਖੇ,"ਭਾਗ ਭਲੇ ਦਿਨ ਮੇਰੇ ।"
ਇਕ ਦੂੰ ਚਾਰ ਹੋਏ ਵਿਚ ਖ਼ਿਦਮਤ, ਨਫ਼ਰ ਗੁਲਾਮ ਬਥੇਰੇ ।
ਹਾਸ਼ਮ ਫੇਰ ਨਾ ਸਮਝਣ ਪਾਪੀ, ਪਾਪ ਕਰੇਂਦੇ ਜਿਹੜੇ ।81।

ਰਾਤ ਪਈ ਬਹਿ ਪਾਸ ਪੁੰਨੂੰ ਦੇ, ਜੀਭ ਮਿੱਠੀ ਦਿਲ ਕਾਲੇ ।
ਹੋਤ ਪੁੰਨੂੰ ਨੂੰ ਮੌਤ ਸੱਸੀ ਦੇ, ਭਰ ਭਰ ਦੇਣ ਪਿਆਲੇ ।
ਉਹ ਕੀ ਦਰਦ ਦਿਲਾਂ ਦਾ ਜਾਨਣ, ਊਠ ਚਰਾਵਣ ਵਾਲੇ ।
ਹਾਸ਼ਮ ਦੋਸ਼ ਨਹੀਂ ਕਰਵਾਨਾਂ, ਇਸ਼ਕ ਕਈ ਘਰ ਗਾਲੇ ।82।

ਮਸਤ ਬੇਹੋਸ਼ ਹੋਇਆ ਸ਼ਹਿਜ਼ਾਦਾ, ਰਿਹਾ ਸੁਆਲ ਜਵਾਬੋਂ ।
ਇਕ ਨੀਂਦਰ ਗਲ ਬਾਂਹ ਸੱਸੀ ਦੀ, ਦੂਜਾ ਮਸਤ ਸ਼ਰਾਬੋਂ ।
ਆਸ਼ਕ ਹੋਵਣ ਤੇ ਸੁਖ ਸੋਵਣ, ਇਹ ਗੱਲ ਦੂਰ ਹਿਸਾਬੋਂ ।
ਹਾਸ਼ਮ ਜਿਨ ਕਿਨ ਰਾਹੁ ਇਸ਼ਕ ਦਾ, ਕਾਜ਼ ਗਵਾਇਆ ਖ਼ਾਬੋਂ ।83।

ਨਿਸਫ਼ੋਂ ਰਾਤ ਗਈ ਕਰਵਾਨਾਂ, ਕਰਹਾਂ ਤੰਗ ਕਸਾਏ ।
ਮਹਿਮਲ ਪਾਇ ਬੇਹੋਸ਼ ਪੁੰਨੂੰ ਨੂੰ, ਸ਼ਹਿਰ ਭੰਬੋਰੋਂ ਧਾਏ ।
ਘੰਡ ਬਲੋਚ ਬੇਤਰਸ ਕੁਕਰਮੀ, ਯਾਰ ਵਿਛੋੜ ਲਿਆਏ ।
ਹਾਸ਼ਮ ਰੋਣ ਕੁਰਲਾਵਣ ਵਾਲੇ, ਫੇਰ ਸੱਸੀ ਦਿਨ ਆਏ ।84।
(ਨਿਸਫ਼ੋਂ=ਅੱਧੀ, ਮਹਿਮਲ=ਉੱਠ ਦਾ ਹੌਦਾ, ਘੰਡ=ਫ਼ਰੇਬੀ)

ਨਿਬੜੀ ਰਾਤ ਹੋਇਆ ਦਿਨ ਰੌਸ਼ਨ, ਆਣ ਚਿੜੀ ਚਿਚਲਾਣੀ ।
ਸੂਰਜ ਆਖ ਨਹੀਂ ਇਹ ਜਲਦੀ, ਦੇਖ ਚਿਤਾ ਅਸਮਾਨੀ ।
ਖਾਤਰ ਕਰਨ ਕਬਾਬ ਸੱਸੀ ਦੇ, ਮਾਰ ਹਿਜਰ ਦੀ ਕਾਨੀ ।
ਹਾਸ਼ਮ ਆਣ ਬਣੇ ਜਿਸ ਜਾਣੇ, ਕੀ ਗੱਲ ਕਰਨ ਜ਼ਬਾਨੀ ।85।

ਨੈਣ ਉਘਾੜ ਸੱਸੀ ਜਦ ਦੇਖੇ, ਜਾਗ ਪਈ ਸੁਧ ਆਈ ।
ਵਾਹਦ ਜਾਨ ਪਈ ਉਹ ਨਾਹੀਂ, ਨਾਲ ਸੁੱਤੀ ਜਿਸ ਆਹੀ ।
ਨਾ ਉਹ ਊਠ ਨਾ ਊੂਠਾਂ ਵਾਲੇ, ਨਾ ਉਹ ਜਾਮ ਸੁਰਾਹੀ ।
ਹਾਸ਼ਮ ਤੋੜ ਸ਼ਿੰਗਾਰ ਸੱਸੀ ਨੇ, ਖ਼ਾਕ ਲਈ ਸਿਰ ਪਾਈ ।86।

ਜਿਸ ਦਿਨ ਹੋਤ ਸੱਸੀ ਛੱਡ ਟੁਰਿਆ, ਆਖ ਵੇਖਾਂ ਦਿਨ ਕੇਹਾ ।
ਦੋਜਖ਼ ਇਕ ਪਲ ਮੂਲ ਨਾ ਹੋਸੀ, ਤਪਿਆ ਤਿਸ ਦਿਨ ਜੇਹਾ ।
ਦਿਲ ਦਾ ਖ਼ੂਨ ਅੱਖੀਂ ਫੁਟ ਆਇਆ, ਜ਼ਾਲਮ ਇਸ਼ਕ ਇਵੇਹਾ ।
ਹਾਸ਼ਮ ਮਾਰ ਰੁਲਾਵੇ ਗਲੀਆਂ, ਬਾਣ ਇਸ਼ਕ ਦੀ ਏਹਾ ।87।

ਤੋੜ ਸ਼ਿੰਗਾਰ ਸੱਸੀ ਉਠ ਦੌੜੀ, ਖੋਲ੍ਹ ਲਿਟਾਂ ਘਰ ਬਾਰੋਂ ।
ਘਿਰਿਆ ਆਣ ਗਿਰਹੁ ਸ਼ਿਤਾਬੀ, ਚੰਦ ਛੁਟਾ ਪਰਵਾਰੋਂ ।
ਦੌੜੀ ਸਾਥ ਪੁੰਨੂੰ ਦਾ ਤਕਦੀ, ਤੇਗ਼ ਹਿਜਰ ਦੀ ਮਾਰੋਂ ।
ਹਾਸ਼ਮ ਸਹਿਣ ਮੁਹਾਲ ਜੁਦਾਈ, ਸਖ਼ਤ ਬੁਰੀ ਤਲਵਾਰੋਂ ।88।

ਧੋਬਣ ਮਾਉਂ ਨਸੀਹਤ ਕਰਦੀ, 'ਆ ਧੀਆ ਪਉ ਰਾਹੀਂ ।
ਧੋਬਣ ਜ਼ਾਤ ਕਮੀਨੀ ਕਰਕੇ, ਛੱਡ ਗਏ ਤੁਧ ਤਾਈਂ ।
ਭੱਜ ਭੱਜ ਫੇਰ ਪਿਛੇ ਉਠ ਦੌੜੇਂ, ਲਾਜ ਅਜੇ ਤੁਧ ਨਾਹੀਂ' ।
ਹਾਸ਼ਮ ਵੇਖ ਕਹੇ ਤਿਨ ਪਾਏ, ਘੰਡ ਬਲੋਚ ਬਲਾਈਂ ।89।

ਸੱਸੀ ਮੋੜ ਜਵਾਬ ਮਾਉਂ ਨੂੰ, ਕਰ ਦੁਖ ਵੈਣ ਸੁਣਾਏ ।
'ਮਸਤ ਬੇਹੋਸ਼ ਪੁੰਨੂੰ ਵਿਚ ਮਹਿਮਲ, ਪਾਇ ਬਲੋਚ ਸਿਧਾਏ ।
ਜੇ ਕੁਝ ਹੋਸ਼ ਹੁੰਦੀ ਸ਼ਹਿਜ਼ਾਦੇ, ਬਾਝ ਸੱਸੀ ਕਦ ਜਾਏ ।
ਹਾਸ਼ਮ ਲੇਖ ਲਿਖੇ ਸੋ ਵਾਚੇ, ਛੋੜ ਮੇਰਾ ਲੜ ਮਾਏ' ।90।

"ਆ ਮੁੜ ਜਾ ਨਹੀਂ ਜੇ ਤੁਧ ਵਲ ਪ੍ਰੀਤ ਪੁੰਨੂੰ ਦੀ ਐਸੀ ।
ਮਸਤ ਬੇਹੋਸ਼ ਨਾ ਰਹਿਸੀ ਮੂਲੇ, ਅੰਤ ਸਮੇਂ ਸੁੱਧ ਲੈਸੀ ।
ਆਪੇ ਵੇਖ ਲਈਂ ਵੱਲ ਤੇਰੇ ਜਾਗ ਪਇਆ ਮੁੜ ਪੈਸੀ ।
ਹਾਸ਼ਮ ਬਾਝ ਦੋਵੇਂ ਤਨ ਮਿਲਿਆਂ, ਚਾਟ ਲਗੀ ਮਨ ਕੈਸੀ" ।91।

"ਮਾਏ ਸਖ਼ਤ ਜ਼ੰਜੀਰ ਬਲੋਚਾਂ ਹੋਤ ਪੁੰਨੂੰ ਨੂੰ ਪਾਏ ।
ਕਦ ਉਹ ਮੁੜਨ ਪਿਛਾਹਾਂ ਦੇਂਦੇ, ਐਡ ਕੁਕਰਮੀ ਆਏ ।
ਸ਼ਾਲਾ ਰਹਿਣ ਖ਼ਰਾਬ ਹਮੇਸ਼ਾਂ ਦੁਖੀਏ ਆਣ ਦੁਖਾਏ ।
ਹਾਸ਼ਮ ਕੇਤਕ ਬਾਤ ਸੱਸੀ ਨੂੰ ਜੇ ਰੱਬ ਯਾਰ ਮਿਲਾਏ" ।92।

"ਦਿਲ ਦੀ ਬਾਤ ਸਮਝ ਹੁਣ ਧੀਏ, ਕਰ ਕੁਝ ਹੋਸ਼ ਟਿਕਾਣੇ ।
ਜ਼ੋਰੀ ਕਰਨ ਮੁਹਾਲ ਬਦੇਸ਼ੀਂ, ਕੀ ਜਾਨਣ ਬਾਲ ਇਆਣੇ ।
ਬਾਝ ਪਿਆਰ ਚੁਰਾਇ ਖੜੇ ਕਿਨ੍ਹ ਆਦਮ ਰੂਪ ਸਿਆਣੇ ।
ਹਾਸ਼ਮ ਸਮਝ ਵਿਚਾਰ ਬਲੋਚਾਂ, ਕੀ ਸਿਰ ਦੋਸ਼ ਧਿੰਙਾਣੇ" ।93।

"ਸੁਣ ਮਾਏ ਜੇ ਦਿਲ ਵਿਚ ਹੋਸੀ, ਹਵਸ ਮੇਰੇ ਦਿਲਬਰ ਦੇ ।
ਦਿਲਬਰ ਬੇਪਰਵਾਹ ਹਮੇਸ਼ਾਂ, ਕੁਝ ਪਰਵਾਹ ਨਾ ਕਰਦੇ ।
ਵੇਖ ਚਕੋਰ ਪਤੰਗ ਵਿਚਾਰੇ, ਮੁਫ਼ਤ ਬਿਰਹਾ ਵਿਚ ਮਰਦੇ ।"
ਹਾਸ਼ਮ ਮੋੜ ਰਹੇ ਨਹੀਂ ਮੁੜਦੀ, ਘਰ ਦੇ ਲੋਕ ਸ਼ਹਿਰ ਦੇ ।94।

ਮਾਉਂ ਫੇਰ ਸੱਸੀ ਨੂੰ ਆਖੇ, "ਨਾ ਚੜ੍ਹ ਚਿਖਾ ਦੀਵਾਨੀ ।
ਕਦ ਤੂੰ ਜਾਇ ਬਲੋਚਾਂ ਮਿਲਸੇਂ, ਪੈਰੀਂ ਟੁਰਨ ਬਿਗਾਨੀ ।
ਸੂਲੀ ਸਾਰ ਅੱਗੇ ਥਲ ਮਾਰੂ, ਤਰਸ ਮਰੇਂ ਬਿਨ ਪਾਣੀ ।
ਹਾਸ਼ਮ ਜਾਣ ਮੁਹਾਲ ਇਕੱਲੀ, ਬਰਬਰ ਗਾਹ ਬਿਆਬਾਨੀ" ।95।
(ਸਾਰ=ਲੋਹਾ, ਬਰਬਰ=ਉਜਾੜ)

"ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂ ।
ਜਬ ਲਗ ਸਾਸ ਨਿਰਾਸ ਨਾ ਹੋਵਾਂ, ਮਰਨੋਂ ਮੂਲ ਨਾ ਡਰਸਾਂ ।
ਜੇ ਰੱਬ ਕੁਝ ਸੱਸੀ ਦੀ ਸੁਣਸੀ, ਜਾ ਪਲਾ ਉਸ ਫੜਸਾਂ ।
ਹਾਸ਼ਮ ਨਹੀਂ ਸ਼ਹੀਦ ਹੋ ਵੈਸਾਂ, ਥਲ ਮਾਰੂ ਵਿਚ ਮਰਸਾਂ" ।96।

ਫੜਿਆ ਪੰਧ ਹੋਈ ਪਰਦੇਸੀ ਟੁੱਟ ਗਈ ਡੋਰ ਪਤੰਗੋਂ ।
ਸੱਸੀ ਜੋ ਨਾ ਧਰਦੀ ਆਹੀ, ਭੋਇੰ ਪੈਰ ਪਲੰਘੋਂ ।
ਦਿਲ ਤੋਂ ਖ਼ੌਫ਼ ਉਤਾਰ ਸਿਧਾਈ, ਵਾਂਗੂੰ ਸ਼ੇਰ ਪਲੰਗੋਂ ।
ਹਾਸ਼ਮ ਜੋ ਦਮ ਜਾਸ ਖਲਾਸੀ, ਹੋਵਸੁ ਕੈਦ ਫ਼ਰੰਗੋਂ ।97।
(ਪਲੰਗ=ਚੀਤਾ)

ਕਰ ਅਸਬਾਬ ਲਿਆ ਸ਼ਹਿਜ਼ਾਦੀ, ਕਿਉਂ ਜੋ ਰਾਹ ਖ਼ਤਰ ਦਾ ।
ਪਾਣੀ ਖ਼ੂਨ ਖ਼ੁਰਾਕ ਕਲੇਜਾ ਰਹਿਬਰ ਦਰਦ ਜਿਗਰ ਦਾ ।
ਗਲ ਵਿਚ ਬਾਲ ਅੱਖਾਂ ਵਿਚ ਸੁਰਖੀ, ਸੋਜ਼ ਜਨੂਨ ਕਹਿਰ ਦਾ ।
ਹਾਸ਼ਮ ਵੇਖ ਅਹਿਵਾਲ ਕਲੇਜਾ ਘਾਇਲ ਸ਼ਮਸ ਕਮਰ ਦਾ ।98।
(ਸ਼ਮਸ ਕਮਰ=ਸੂਰਜ ਚੰਨ)

ਚਮਕੀ ਆਣ ਦੁਪਹਿਰਾਂ ਵੇਲੇ, ਗਰਮੀ ਗਰਮ ਬਹਾਰੇ ।
ਤਪਦੀ ਵਾਉ ਵਗੇ ਅਸਮਾਨੋਂ, ਪੰਛੀ ਮਾਰ ਉਤਾਰੇ ।
ਆਤਸ਼ ਦਾ ਦਰਿਆ ਖਲੋਤਾ, ਥਲ ਮਾਰੂ ਵਿਚ ਸਾਰੇ ।
ਹਾਸ਼ਮ ਫੇਰ ਪਿਛਾਂਹ ਨਾ ਮੁੜਦੀ, ਲੂੰ ਲੂੰ ਹੋਤ ਪੁਕਾਰੇ ।99।

ਨਾਜ਼ੁਕ ਪੈਰ ਮਲੂਕ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ ।
ਬਾਲੂ ਰੇਤ ਤਪੇ ਵਿਚ ਥਲ ਦੇ, ਜਿਉਂ ਜੌਂ ਭੁੰਨਣ ਭਠਿਆਰੇ ।
ਸੂਰਜ ਭੱਜ ਵੜਿਆ ਵਿਚ ਬਦਲੀ, ਡਰਦਾ ਲਿਸ਼ਕ ਨਾ ਮਾਰੇ ।
ਹਾਸ਼ਮ ਵੇਖ ਯਕੀਨ ਸੱਸੀ ਦਾ, ਸਿਦਕੋਂ ਮੂਲ ਨਾ ਹਾਰੇ ।100।

ਦਿਲ ਵਿਚ ਤਪਸ਼ ਥਲਾਂ ਦੀ ਗਰਮੀ, ਆਣ ਫ਼ਿਰਾਕ ਰੰਞਾਣੀ ।
ਕਿਚਰ ਕੁ ਨੈਣ ਕਰਨ ਦਿਲਬਰੀਆਂ, ਚੋਣ ਲਬਾਂ ਵਿਚ ਪਾਣੀ ।
ਫਿਰ ਫਿਰ ਡਾਢ ਕਰੇ ਹਠ ਦਿਲ ਦਾ, ਪਰ ਜਦ ਬਹੁਤ ਵਿਹਾਣੀ ।
ਹਾਸ਼ਮ ਯਾਦ ਭੰਬੋਰ ਪਿਆ ਉਸ ਟੁਟ ਗਿਆ ਮਾਣ ਨਿਮਾਣੀ ।101।

ਜੇ ਜਾਣਾ ਛੱਡ ਜਾਣ ਸੁੱਤੀ ਨੂੰ ਇਕ ਪਲ ਅੱਖ ਨਾ ਝਮਕਾਂ ।
ਗਰਦ ਹੋਵਾਂ ਵਿਚ ਗਰਦ ਥਲਾਂ ਦੀ, ਵਾਂਗ ਜਵਾਹਰ ਚਮਕਾਂ ।
ਜਲ ਵਾਂਗੂੰ ਰਲ ਦੇਣ ਦਿਖਾਲੀ, ਥਲ ਮਾਰੂ ਦੀਆਂ ਚਮਕਾਂ ।
ਹਾਸ਼ਮ ਕੌਣ ਸੱਸੀ ਬਿਨ ਦੇਖੇ, ਏਸ ਇਸ਼ਕ ਦੀਆਂ ਧਮਕਾਂ ।102।

ਥਲ ਮਾਰੂ ਤਪ ਦੋਜਖ਼ ਹੋਇਆ, ਆਤਸ਼ ਸੋਜ਼ ਹਿਜਰ ਦੀ ।
ਮੁੜਨ ਮੁਹਾਲ ਤੇ ਵੇਖਣ ਔਖੀ, ਸੂਰਤ ਕੇਚ ਸ਼ਹਿਰ ਦੀ ।
ਜਬ ਲਗ ਸਾਸ ਨਿਰਾਸ ਨਾ ਥੀਂਵਾਂ, ਜਿਉਂ ਯੂਸਫ਼ ਤਾਂਘ ਮਿਸਰ ਦੀ ।
ਹਾਸ਼ਮ ਸਖ਼ਤ ਬਲੋਚ ਕਮੀਨੇ, ਬੇਇਨਸਾਫ਼ ਬੇਦਰਦੀ ।103।

ਕੁਝ ਡਿਗਦੀ ਕੁਝ ਢਹਿੰਦੀ ਉਠਦੀ, ਬਹਿੰਦੀ ਤੇ ਦਮ ਲੈਂਦੀ ।
ਜਿਉਂ ਕਰ ਤੋਟ ਸ਼ਰਾਬੋਂ ਆਵੇ, ਫੇਰ ਉਤੇ ਵਲ ਵੈਂਦੀ ।
ਢੂੰਡੇ ਖੋਜ ਸ਼ੁਤਰ ਦਾ ਕਿਤ ਵਲ, ਹਰਗਿਜ਼ ਭਾਲ ਨਾ ਪੈਂਦੀ ।
ਹਾਸ਼ਮ ਜਗਤ ਨਾ ਕਿਉਂਕਰ ਗਾਵੇ, ਪ੍ਰੀਤ ਸੰਪੂਰਨ ਜੈਂਦੀ ।104।

ਕੁਦਰਤ ਨਾਲ ਸੱਸੀ ਹੱਥ ਆਇਆ, ਫਿਰਦਿਆਂ ਖੋਜ ਸ਼ੁਤਰ ਦਾ ।
ਜਾਣ ਨਹੀਂ ਉਹ ਖੋਜ ਸੱਸੀ ਨੂੰ ਮਿਲਿਆ ਜਾਮ ਖਿਜ਼ਰ ਦਾ ।
ਜਾਂ ਉਹ ਨੂਰ ਨਜ਼ਰ ਦਾ ਕਹੀਏ, ਦਾਰੂ ਦਰਦ ਜਿਗਰ ਦਾ ।
ਹਾਸ਼ਮ ਬਲਕਿ ਸੱਸੀ ਨੂੰ ਮਿਲਿਆ, ਕਾਸਦ ਕੇਚ ਸ਼ਹਿਰ ਦਾ ।105।

ਦਾਰੂ ਦਰਦ ਜਿਗਰ ਦਾ ਕਰਕੇ, ਖੋਜ ਲਏ ਗਲ ਲਾਵੇ ।
ਫਿਰ ਫਿਰ ਲਾ ਨਾ ਸਕਦੀ ਡਰਦੀ, ਮਤ ਇਹ ਭੀ ਮਿਟ ਜਾਵੇ ।
ਫਿਰ ਕਰ ਵੇਖ ਰਹੀ ਹੋਰ ਦੂਜਾ, ਖੋਜ ਨਾ ਨਜ਼ਰੀਂ ਆਵੇ ।
ਹਾਸ਼ਮ ਫੇਰ ਵਿਸਾਹ ਨਾ ਕਰਦੀ, ਵਾਂਗ ਪੁੰਨੂੰ ਛਲ ਜਾਵੇ ।106।

ਕਾਕਾ ਨਾਮ ਅਯਾਲੀ ਆਹਾ, ਉਸ ਗਿਰਦੇ ਵਿਚ ਚਿਰਦਾ ।
ਡਿਠਾ ਉਹ ਸੱਸੀ ਨੇ ਦੂਰੋਂ, ਥਲ ਮਾਰੂ ਵਿਚ ਫਿਰਦਾ ।
ਅੰਚਲ ਛੋਡ ਨਿਸ਼ਾਨੀ ਕਰਕੇ, ਫੜਿਆ ਰਾਹ ਉਧਰ ਦਾ ।
ਹਾਸ਼ਮ ਕੂਕ ਕਰੇ ਤਿਸ ਵਲ ਨੂੰ, ਪਰ ਜਾਵਸ ਦਿਲ ਘਿਰਦਾ ।107।

ਸੂਰਤ ਵੇਖ ਅਯਾਲੀ ਡਰਿਆ, ਆਫ਼ਤ ਮਾਰ ਨਾ ਜਾਵੇ ।
ਆਦਮ ਰੂਪ ਜ਼ਨਾਨੀ ਸੂਰਤ, ਥਲ ਮਾਰੂ ਕਦ ਆਵੇ ।
ਜਿਉਂ ਜਿਉਂ ਸੁਣੇ ਆਵਾਜ਼ ਸੱਸੀ ਦੀ, ਲੁਕ ਛਿਪ ਜਾਨ ਬਚਾਵੇ ।
ਹਾਸ਼ਮ ਜਾਂ ਦਿਨ ਉਲਟੇ ਆਵਣ, ਸਭ ਉਲਟਾ ਹੋ ਜਾਵੇ ।108।

ਕੂਕ ਪੁਕਾਰ ਨਿਰਾਸ ਸੱਸੀ ਹੋ, ਖੋਜ ਵੰਨੇ ਉਠ ਦੌੜੀ ।
ਦਿਲ ਵਿਚ ਸਾੜ ਥਲਾਂ ਦੀ ਆਤਸ਼, ਰੂਹ ਰੰਞਾਣੀ ਧੌੜੀ ।
ਪਿਛਾ ਦੇ ਚੱਲੀ ਸ਼ਹਿਜ਼ਾਦੀ, ਜਾਨ ਲਗੀ ਸੂ ਕੌੜੀ ।
ਹਾਸ਼ਮ ਕੌਣ ਫ਼ਲਕ ਨੂੰ ਪਕੜੇ, ਜਾਇ ਚੜ੍ਹੇ ਧਰ ਪੌੜੀ ।109।

ਤਰਲੇ ਲੱਖ ਜਤਨ ਕਰ ਪਹੁੰਚੀ, ਖੋਜ ਤੋੜੀ ਹਠ ਕਰਕੇ ।
ਟੁਟਦੀ ਜਾਨ ਗਈਆਂ ਛੁਟ ਆਹੀਂ, ਯਾਦ ਬਲੋਚਾਂ ਕਰਕੇ ।
ਸ਼ਾਲਾ ! ਰਹਿਣ ਕਿਆਮਤ ਤਾਈਂ, ਨਾਲ ਸੂਲਾਂ ਦੇ ਲਟਕੇ ।
ਹਾਸ਼ਮ ਮਰਨ ਕੁਮੌਤ ਬਿਦੇਸੀਂ, ਲੂਨ ਵਾਂਗ ਖੁਰ ਖੁਰ ਕੇ ।110।

ਓੜਕ ਵਕਤ ਕਹਿਰ ਦੀਆਂ ਕੂਕਾਂ, ਸੁਣ ਪੱਥਰ ਢਲ ਜਾਵੇ ।
'ਜਿਸ ਡਾਚੀ ਮੇਰਾ ਪੁੰਨੂੰ ਖੜਿਆ, ਮਰ ਦੋਜ਼ਖ਼ ਵੱਲ ਜਾਵੇ ।
ਜਾਂ ਉਸ ਨਿਹੁੰ ਲਗੇ ਵਿਚ ਬਿਰਹੋਂ, ਵਾਂਗ ਸੱਸੀ ਜਲ ਜਾਵੇ ।
ਹਾਸ਼ਮ ਮੌਤ ਪਵੇ ਕਰਵਾਨਾਂ, ਤੁਖ਼ਮ ਜ਼ਮੀਨੋਂ ਜਾਵੇ' ।111।
(ਤੁਖ਼ਮ=ਬੀਜ)

ਫਿਰ ਦਿਲ ਸਮਝ ਕਰੇ ਲੱਖ ਤੌਬਾ, ਬਹੁਤ ਬੇਅਦਬੀ ਹੋਈ ।
ਜਿਸ ਪੁਰ ਯਾਰ ਕਰੇ ਅਸਵਾਰੀ ਤਿਸ ਦੇ ਜੇਡ ਨਾ ਕੋਈ ।
ਕੋ ਮੈਂ ਵਾਂਗ ਨਿਕਰਮਣ ਨਾਹੀਂ, ਕਿਤ ਵੱਲ ਮਿਲੇ ਨਾ ਢੋਈ ।
ਹਾਸ਼ਮ ਕੌਂਤ ਮਿਲੇ ਹੱਸ ਜਿਸ ਨੂੰ, ਜਾਣ ਸੁਹਾਗਣ ਸੋਈ' ।112।

ਸਿਰ ਧਰ ਖੋਜ ਉੱਤੇ ਗਸ਼ ਆਈ, ਮੌਤ ਸੱਸੀ ਦੀ ਆਈ ।
'ਖ਼ੁਸ਼ ਹੋ ਯਾਰ ! ਅਸਾਂ ਤੁਧ ਕਾਰਨ, ਥਲ ਵਿਚ ਜਾਨ ਗਵਾਈ ।'
ਡਿਗਦੇ ਸਾਰ ਗਿਆ ਦਮ ਨਿਕਲ, ਤਨ ਥੀਂ ਜਾਨ ਸਿਧਾਈ ।
ਹਾਸ਼ਮ ਕਹੁ ਲੱਖ ਲੱਖ ਸ਼ੁਕਰਾਨਾ, ਇਸ਼ਕ ਵਲੋਂ ਰਹਿ ਆਈ ।113।

ਕਰ ਕਰ ਧਿਆਨ ਅਯਾਲੀ ਡਰਿਆ, ਸੋਚ ਕਰੇ ਇਸ ਗਲ ਦੀ ।
"ਕੀ ਅਸਰਾਰ ਰਹੀ ਡਿਗ ਏਵੈਂ, ਫੇਰ ਨਹੀਂ ਮੁੜ ਹਲਦੀ ।
ਮਤ ਕੋਈ ਨਾਰ ਰਹੇ ਮਰ ਪਿਆਸੀ, ਰਾਹ ਪੰਧਾਣੂ ਚਲਦੀ ।
ਹਾਸ਼ਮ ਚਲ ਵੇਖਾਂ ਕੀ ਡਰਨਾ, ਹੋਣਹਾਰ ਨਹੀਂ ਟਲਦੀ" ।114।

ਅੱਯੜ ਛੋੜ ਅਯਾਲੀ ਤੁਰਿਆ, ਦਿਲ ਡਰਦੇ ਪਗ ਧਰਦਾ ।
ਸੂਰਤ ਦੇਖ ਅਹਿਵਾਲ ਸੱਸੀ ਦਾ, ਚੜ੍ਹਿਆ ਸੋਜ਼ ਕਹਰ ਦਾ ।
ਦਿਲ ਥੀਂ ਸ਼ੌਕ ਗਿਆ ਉਠ ਸਾਰਾ, ਮਾਲ ਧੀਆਂ ਪੁੱਤ ਘਰ ਦਾ ।
ਹਾਸ਼ਮ ਜਾਣ ਦਿਲੋਂ ਜਗ ਫ਼ਾਨੀ, ਵੇਖ ਫ਼ਕੀਰੀ ਫੜਦਾ ।115।

ਥਲ ਵਿਚ ਗੋਰ ਸੱਸੀ ਦੀ ਕਰਕੇ, ਵਾਂਗ ਯਤੀਮ ਨਿਮਾਣੇ ।
ਗਲ ਖਫ਼ਨੀ, ਸਿਰ ਪਾਇ ਬਰਹਿਨਾ, ਬੈਸਾ ਗੋਰ ਸਿਰ੍ਹਾਣੇ ।
ਇਕ ਗਲ ਜਾਣ ਲਈ ਜਗ ਫ਼ਾਨੀ, ਹੋਰ ਕਲਾਮ ਨਾ ਜਾਣੇ ।
ਹਾਸ਼ਮ ਖਾਸ ਫ਼ਕੀਰੀ ਏਹੋ, ਪਰ ਇਹ ਕੌਣ ਪਛਾਣੇ ।116।

ਮੁਨਕਰ ਅਤੇ ਨਕੀਰ ਸੱਸੀ ਨੂੰ ਕਬਰੀਂ ਪੁੱਛਣ ਆਏ ।
"ਸੱਚ ਕਹੁ ਸੱਸੀਏ ! ਦੁਨੀਆਂ ਦੇ ਵਿਚ, ਕੀ ਕੀ ਅਮਲ ਕਮਾਏ ?"
"ਜੰਮਦੀ ਪਾਇ ਸੰਦੂਕ ਰੁੜ੍ਹਾਈ, ਸੁੱਤੀ ਹੋਤ ਵੰਞਾਏ ।"
ਹਾਸ਼ਮ ਕਹਿ ਪੁੰਨੂੰ ਦੀਆਂ ਖ਼ਬਰਾਂ, ਕਦ ਕੇਚਮ ਤੋਂ ਆਏ ?117।

ਉਡਿਆ ਰੂਹ ਸੱਸੀ ਦਾ ਤਨ ਥੀਂ, ਫੇਰ ਪੁੰਨੂੰ ਵਲ ਧਾਇਆ ।
ਮਹਿਮਲ ਮਸਤ ਬੇਹੋਸ਼ ਪੁੰਨੂੰ ਨੂੰ, ਸੁਫਨੇ ਆਣ ਜਗਾਇਆ ।
'ਲੈ ਹੁਣ ਯਾਰ ਅਸਾਂ ਸੰਗ ਤੇਰੇ, ਕੌਲ ਕਰਾਰ ਨਿਭਾਇਆ ।
ਹਾਸ਼ਮ ਰਹੀ ਸੱਸੀ ਵਿਚ ਥਲ ਦੇ, ਮੈਂ ਰੁਖ਼ਸਤ ਲੈ ਆਇਆ' ।118।

ਉਟਕੀ ਨੀਂਦ ਪੁੰਨੂੰ ਉਠ ਬੈਠਾ, ਜਲਦੀ ਵਿਚ ਕਚਾਵੇ ।
ਨਾ ਉਹ ਸ਼ਹਿਰ ਭੰਬੋਰ ਪਿਆਰਾ, ਨਾ ਉਹ ਮਹਿਲ ਸੁਹਾਵੇ ।
ਅਚਾਨਕ ਚਮਕ ਲਗੀ ਸ਼ਹਿਜ਼ਾਦੇ, ਕੁਝ ਸਿਰ ਪੈਰ ਨਾ ਆਵੇ ।
ਹਾਸ਼ਮ ਜਾਗ ਲਧੀ ਫਿਰ ਕੇਹਾ ਆਸ਼ਕ ਚੈਨ ਵਿਹਾਵੇ ।119।
(ਕਚਾਵੇ=ਕਾਠੀ)

ਤਿਸ ਦਮ ਮੋੜ ਕਰਹੇ ਨੂੰ ਤੁਰਿਆ, ਫੇਰ ਸੱਸੀ ਵੱਲ ਮੁੜਿਆ ।
ਅਗੋਂ ਮੁੜਣ ਭਰਾਉ ਨਾ ਦੇਂਦੇ, ਉਠ ਮੁਹਾਰੋਂ ਫੜਿਆ ।
ਤੁਧ ਬਿਨ ਬਾਪ ਹੋਇਆ ਨਾਬੀਨਾ, ਕੂਕੇ ਸੜਿਆ ਸੜਿਆ ।
ਹਾਸ਼ਮ ਵੇਖ ਮਹੱਲ ਕੇਚਮ ਦੇ, ਫਿਰ ਮੁੜ ਆਵੀਂ ਚੜ੍ਹਿਆ ।120।
(ਨਾਬੀਨਾ=ਅੰਨ੍ਹਾਂ)

ਹਿਜਰੋਂ ਅੱਗ ਪੁੰਨੂੰ ਨੂੰ ਭੜਕੀ, ਤੋੜ ਜਵਾਬ ਸੁਨਾਵੇ ।
"ਕੈਂਦੇ ਮਾਉਂ ਪਿਤਾ ਪੁਤ ਕੈਂਦੇ, ਨਾਲ ਮੁਇਆਂ ਮਰ ਜਾਵੇ ।
ਜੇਹੀ ਨਾਲ ਅਸਾਡੇ ਕੀਤੀ, ਪੇਸ਼ ਤੁਸਾਡੇ ਆਵੇ ।
ਹਾਸ਼ਮ ਬਾਝ ਸੱਸੀ ਨਹੀਂ ਦੂਜਾ, ਜੇ ਰੱਬ ਫੇਰ ਮਿਲਾਵੇ" ।121।

ਘੰਡ ਬਲੋਚ ਖਿਆਲ ਨਾ ਛੱਡਦੇ, ਵਲ ਵਲ ਘੇਰ ਖਲੋਂਦੇ ।
ਨਾਲੇ ਜ਼ੋਰ ਵਿਖਾਲਣ ਨਾਲੇ, ਊਠ ਗਲੇ ਲਗ ਰੋਂਦੇ ।
ਜਬ ਲਗ ਸਾਸ ਨਾ ਮੁੜਨੇ ਦੇਸਾਂ, ਆਇ ਪੁੰਨੂੰ ਵੱਸ ਹੋਂਦੇ ।
ਹਾਸ਼ਮ ਆਸ਼ਕ ਬਾਝ ਇਸ਼ਕ ਦੇ, ਕਹੁ ਕਿਤ ਵਲ ਦਿਲ ਢੋਂਦੇ ।122।

ਬਹੁਤ ਲਾਚਾਰ ਹੋਇਆ ਸ਼ਹਿਜ਼ਾਦਾ, ਖਿਚੀ ਪਕੜ ਕਟਾਰੀ ।
ਜਿਸ ਦੀ ਚਮਕ ਲਗੀ ਜਿੰਦ ਜਾਵੇ, ਜੋ ਜਮ ਰੂਪ ਦੁਧਾਰੀ ।
ਛੋੜ ਮੁਹਾਰ ਦਿਤੀ ਤਦ ਭਾਈਆਂ, ਡਰਦਿਆਂ ਜਾਨ ਪਿਆਰੀ ।
ਹਾਸ਼ਮ ਕੌਣ ਫੜੇ ਜਿੰਦਬਾਜ਼ਾਂ, ਜਾਨ ਇਸ਼ਕ ਵਿਚ ਹਾਰੀ ।123।

ਸੁੱਟੀ ਹੋਤ ਮੁਹਾਰ ਸੱਸੀ ਵਲ, ਛੱਡ ਭਾਈ ਦੁਖਦਾਈ ।
"ਮਿਲਸਾਂ ਜਾ ਇਕ ਵਾਰ ਸੱਸੀ ਨੂੰ, ਜੇ ਰੱਬ ਆਸ ਪੁਜਾਈ ।
ਝਬ ਸੁਟ ਪੈਰ ਸੱਸੀ ਵਲ ਕਰਹਾ, ਵਕਤ ਇਹੋ ਹੁਣ ਭਾਈ ।
ਹਾਸ਼ਮ ਦੁੱਧ ਮਲੀਦਾ ਦੇਸਾਂ, ਕਰਸਾਂ ਟਹਿਲ ਸਵਾਈ" ।124।

ਸ਼ਾਬਾਸ਼ ! ਉਸ ਕਰਹੇ ਦੇ ਤੁਰਨੇ, ਤੇਜ਼ ਧਰੇ ਪਗ ਤੀਰੋਂ ।
ਪਹੁਤਾ ਆਇ ਸੱਸੀ ਦੀ ਕਬਰੇ, ਆਕਲ ਸ਼ੁਤਰ ਵਜ਼ੀਰੋਂ ।
ਤਾਜ਼ੀ ਗੋਰ ਡਿਠੀ ਸ਼ਹਿਜ਼ਾਦੇ, ਪੁਛਿਆ ਓਸ ਫ਼ਕੀਰੋਂ,
"ਹਾਸ਼ਮ ਕੌਣ ਬਜ਼ੁਰਗ ਸਮਾਣਾ ? ਵਾਕਿਫ਼ ਕਰ ਇਸ ਪੀਰੋਂ" ।125।

ਆਖੀ ਓਸ ਫ਼ਕੀਰ ਪੁੰਨੂੰ ਨੂੰ, ਖੋਲ੍ਹ ਹਕੀਕਤ ਸਾਰੀ ।
"ਆਹੀ ਨਾਰ ਪਰੀ ਦੀ ਸੂਰਤ, ਗਰਮੀਂ ਮਾਰ ਉਤਾਰੀ ।
ਜਪਦੀ ਨਾਮ ਪੁੰਨੂੰ ਦਾ ਆਹੀ, ਦਰਦ ਇਸ਼ਕ ਦੀ ਮਾਰੀ ।
ਹਾਸ਼ਮ ਨਾਮ ਮੁਕਾਮ ਨਾ ਜਾਣਾ, ਆਹੀ ਕੌਣ ਵਿਚਾਰੀ" ।126।

ਸੁਣ ਕੇ ਹੋਤ ਜ਼ਿਮੀਂ ਪੁਰ ਡਿਗਿਆ, ਖਾਇ ਕਲੇਜੇ ਕਾਨੀ ।
ਖੁਲ੍ਹ ਗਈ ਗੋਰ ਪਿਆ ਵਿਚ ਕਬਰੇ, ਫੇਰ ਮਿਲੇ ਦਿਲ ਜਾਨੀ ।
ਖਾਤਰ ਇਸ਼ਕ ਗਏ ਰਲ ਮਿੱਟੀ, ਸੂਰਤ ਹੁਸਨ ਜਵਾਨੀ ।
ਹਾਸ਼ਮ ਇਸ਼ਕ ਬਲੋਚ ਸੱਸੀ ਦਾ, ਜਗ ਵਿਚ ਰਹੀ ਕਹਾਣੀ ।127।

(ਨੋਟ=ਕਈ ਉਤਾਰਿਆਂ ਵਿਚ ਬੰਦ ਨੰ: 24 ਅਤੇ 117 ਨਹੀਂ ਹਨ)

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.