12.8 C
Los Angeles
Monday, January 27, 2025

ਸਿਹਰਫ਼ੀ – ਕਿੱਸਾ ਪੂਰਨ ਭਗਤ

Intro – Puran was born to Queen Ichhira, the first wife of king Raja Salvan. Upon the suggestion of the astrologers, Puran was sent away from the King for the first 12 years of his life. It was said that King could not see the face of his son. While Puran was away, the King married a young girl named Luna, who came from a low caste family. After 12 years of isolation, Puran returned to the royal palace. There, Luna became romantically attracted toward Puran, who was of the same age. Being the step-son of Luna, Puran disapproved of her advances. A hurt Luna accused Puran of violating her honor.

Puran was ordered to be amputated and killed. The soldiers cutoff his hands and legs and threw him in a well in the forest. One day Guru Gorakhnath were passing by with his followers and heard voice from the well. He took him out using a single thread and unbaked earthen pot. He was later adopted by Baba Gorkhnath. Puran himself became a yogi.

ਪਹਿਲੀ ਸੀਹਰਫ਼ੀ – ਪੂਰਨ ਦਾ ਜਨਮ

(ਅਲਫ਼)

ਆਖ ਸਖੀ ਸਿਆਲਕੋਟ ਅੰਦਰ,
ਪੂਰਨ ਪੁੱਤ ਸਲਵਾਹਨ ਨੇ ਜਾਇਆ ਈ।
ਜਦੋਂ ਜੰਮਿਆਂ ਰਾਜੇ ਨੂੰ ਖਬਰ ਹੋਈ,
ਸੱਦ ਪੰਡਤਾਂ ਵੇਦ ਪੜ੍ਹਾਇਆ ਈ।
ਬਾਰਾਂ ਬਰਸ ਨਾ ਰਾਜਿਆ ਮੂੰਹ ਲੱਗੀਂ,
ਦੇਖ ਪੰਡਤਾਂ ਏਵ ਫ਼ਰਮਾਇਆ ਈ।
ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਹੀ ਭੋਰੇ ਪਾਇਆ ਈ।


(ਬੇ)

ਬੇਦ ਉੱਤੇ ਜਿਵੇਂ ਲਿਖਿਆ ਸੀ,
ਤਿਵੇਂ ਪੰਡਤਾਂ ਆਖ ਸੁਣਾਇ ਦਿਤਾ।
ਪੂਰਨ ਇਕ ਹਨੇਰਿਓਂ ਨਿਕਲਿਆ ਸੀ,
ਦੂਜੀ ਕੋਠੜੀ ਦੇ ਵਿਚ ਪਾਇ ਦਿਤਾ।
ਸਭੋ ਗੋਲੀਆਂ ਬਾਂਦੀਆਂ ਦਾਈਆਂ ਨੂੰ,
ਬਾਰ੍ਹਾਂ ਬਰਸ ਦਾ ਖਰਚ ਪਵਾਇ ਦਿਤਾ।
ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਕੈਦ ਕਰਵਾਇ ਦਿਤਾ।


(ਤੇ)

ਤਾਬਿਆ ਨਾਲ ਉਸਤਾਦ ਹੋਏ,
ਲਗੇ ਵਿਦਿਆ ਅਕਲ ਸਿਖਾਵਣੇ ਨੂੰ।
ਛਿਆਂ ਬਰਸਾਂ ਦਾ ਪੂਰਨ ਭਗਤ ਹੋਇਆ,
ਪਾਂਧੇ ਪੋਥੀਆਂ ਦੇਣ ਪੜ੍ਹਾਵਣੇ ਨੂੰ।
ਤੀਰ-ਅੰਦਾਜ਼ੀਆਂ ਹੱਥ ਕਮਾਨ ਦਿੰਦੇ,
ਦਸਨ ਤਰਕਸਾਂ ਤੀਰ ਚਲਾਵਣੇ ਨੂੰ।
ਕਾਦਰਯਾਰ ਜੁਆਨ ਜਾਂ ਹੋਇਆ ਪੂਰਨ,
ਦੰਮ ਦੰਮ ਲੋਚੇ ਬਾਹਰ ਆਵਣੇ ਨੂੰ।


ਪੂਰਨ ਦਾ ਪਿਓ ਦੇ ਦਰਬਾਰ ਆਉਣਾ


(ਸੇ)

ਸਾਬਤੀ ਵਿਦਿਆ ਸਿੱਖ ਕੇ ਜੀ,
ਬਾਰਾਂ ਬਰਸ ਗੁਜ਼ਰੇ ਖ਼ਬਰਦਾਰ ਹੋਇਆ।
ਪੂਰਨ ਪੁਤ੍ਰ ਰਾਜੇ ਸਲਵਾਹਨ ਤਾਈਂ,
ਪਾਨ ਲੈ ਕੇ ਮਿਲਣ ਤਿਯਾਰ ਹੋਇਆ।
ਚੜ੍ਹੀ ਹਿਰਸ ਰਾਜੇ ਸਲਵਾਹਨ ਤਾਈਂ,
ਚੁਕ ਅੱਡੀਆਂ ਪੱਬਾਂ ਦੇ ਭਾਰ ਹੋਇਆ।
ਕਾਦਰਯਾਰ ਸੂਰਤ ਰਾਜੇ ਜਦੋਂ ਡਿਠੀ,
ਚੜ੍ਹੀ ਹਿਰਸ ਤੇ ਮਸਤ ਸੰਸਾਰ ਹੋਇਆ।


(ਜੀਮ)

ਜਾਇ ਰਾਜੇ ਸਲਵਾਹਨ ਆਂਦੀ,
ਇਕ ਇਸਤ੍ਰੀ ਹੋਰ ਵਿਆਹਿ ਕੇ ਜੀ।
ਉਸ ਦੀ ਜਾਤ ਚਮਿਆਰੀ ਤੇ ਨਾਮ ਲੂਣਾ,
ਘਰ ਆਂਦੀ ਸੀ ਈਨ ਮਨਾਇ ਕੇ ਜੀ।
ਸੂਰਤ ਉਸਦੀ ਚੰਦ ਮਹਿਤਾਬ ਵਾਂਗੂੰ,
ਜਦੋਂ ਬੈਠੀ ਸੀ ਜੇਵਰ ਪਾਇ ਕੇ ਜੀ।
ਕਾਦਰਯਾਰ ਕੀ ਆਖ ਸੁਣਾਵਸਾਂ ਮੈਂ,
ਪੰਛੀ ਡਿਗਦੇ ਦਰਸ਼ਨ ਪਾਇ ਕੇ ਜੀ।


(ਹੇ)

ਹਾਰ ਸ਼ਿੰਗਾਰ ਸਭ ਪਹਿਰ ਕੇ ਜੀ,
ਪੂਰਨ ਨਾਲ ਮਹੂਰਤਾਂ ਬਾਹਰ ਆਇਆ।
ਕੱਢ ਭੋਰਿਓਂ ਬਾਪ ਦਾ ਭੌਰ ਤਾਜ਼ੀ,
ਨਿਗ੍ਹਾ ਰਖ ਕੇ ਵਿਚ ਬਾਜ਼ਾਰ ਆਇਆ।
ਖ਼ੁਸ਼ੀ ਬਹੁਤ ਹੋਈ ਰਾਣੀ ਇਛਰਾਂ ਨੂੰ,
ਦਰਿ ਘਰ ਦੇਣ ਵਧਾਈਆਂ ਸੰਸਾਰ ਆਇਆ।
ਕਾਦਰਯਾਰ ਮੀਆਂ ਬਾਰਾਂ ਬਰਸ ਪਿਛੋਂ,
ਪੂਰਨ ਰਾਜਿਆਂ ਦੇ ਦਰਬਾਰ ਆਇਆ।


(ਖ਼ੇ)

ਖ਼ੁਸ਼ੀ ਹੋਈ ਸਲਵਾਹਨ ਰਾਜੇ,
ਪੂਰਨ ਆਇ ਕੇ ਜਦੋਂ ਸਲਾਮ ਕੀਤਾ।
ਖ਼ੁਸ਼ੀ ਨਾਲ ਨਾ ਮੇਉਂਦਾ ਵਿਚ ਜਾਮੇ,
ਗਊਆਂ ਮਣਸੀਆਂ ਤੇ ਪੁੰਨ ਦਾਨ ਕੀਤਾ।
ਪੂਰਨ ਵਿਚ ਕਚਹਿਰੀ ਦੇ ਆਣ ਬੈਠਾ,
ਲੋਕਾਂ ਸਭਨਾਂ ਵਲ ਧਿਆਨ ਕੀਤਾ।
ਕਾਦਰਯਾਰ ਮੀਆਂ ਸਲਵਾਹਨ ਰਾਜੇ,
ਹੱਥੋਂ ਸਾਈਂ ਦੇ ਨਾਮ ਕੁਝ ਦਾਨ ਕੀਤਾ।


(ਦਾਲ)

ਦਸਦਾ ਪੁਛਦਾ ਲਾਗੀਆਂ ਨੂੰ,
ਸਲਵਾਹਨ ਰਾਜਾ ਤਦੋਂ ਗਜ ਕੇ ਜੀ।
ਪੂਰਨ ਭਗਤ ਦਾ ਢੂੰਡਸਾਂ ਸਾਕ ਯਾਰੋ,
ਜਿਥੇ ਚਲ ਢੁਕੀਏ ਦਿਨ ਅਜ ਕੇ ਜੀ।
ਮੈਨੂੰ ਸਿਕਦਿਆਂ ਰਬ ਨੇ ਲਾਲ ਦਿੱਤਾ,
ਅੱਖੀਂ ਵੇਖ ਲੀਤਾ ਹੁਣ ਰੱਜ ਕੇ ਜੀ।
ਕਾਦਰਯਾਰ ਮੀਆਂ ਪੂਰਨ ਭਗਤ ਅਗੋਂ,
ਕਹਿੰਦਾ ਸੁਖਨ ਸੱਚਾ ਇਕ ਵਜ ਕੇ ਜੀ।


(ਜ਼ਾਲ)

ਜ਼ਰਾ ਨਾ ਬਾਪ ਤੋਂ ਸੰਗ ਕਰਦਾ,
ਕਹਿੰਦਾ ਬਾਬਲਾ ਪੁੱਤ ਵਿਆਹੁ ਨਾਹੀ।
ਜਿਸ ਵਾਸਤੇ ਲੋਕ ਵਿਆਹ ਕਰਦੇ,
ਮੇਰੇ ਮਨ ਅਜੇ ਕੋਈ ਚਾਹੁ ਨਾਹੀ।
ਮੇਰਾ ਭੌਰ ਸਲਾਮਤੀ ਰਹੂ ਏਵੇਂ,
ਬੰਨ ਬੇੜੀਆਂ ਬਾਬਲਾ ਪਾਉ ਨਾਹੀ।
ਕਾਦਰਯਾਰ ਨਾ ਸੰਗਦਾ ਕਹੇ ਪੂਰਨ,
ਮੈਥੋਂ ਰਬ ਦਾ ਨਾਉਂ ਭੁਲਾਉ ਨਾਹੀ।


(ਰੇ)

ਰੰਗ ਤਗੀਰ ਹੋ ਗਿਆ ਸੁਣ ਕੇ,
ਪੂਰਨ ਭਗਤ ਵਲੋਂ ਸਲਵਾਹਨ ਦਾ ਈ।
ਕੋਲੋਂ ਉਠਿ ਵਜ਼ੀਰ ਨੇ ਮਤਿ ਦਿਤੀ,
ਅਜੇ ਇਹ ਕੀ ਰਾਜਿਆ ਜਾਣਦਾ ਈ।
ਜਦੋਂ ਹੋਗੁ ਜੁਆਨ ਕਰ ਲੈਗੁ ਆਪੇ,
ਤੈਥੋਂ ਬਾਹਰਾ ਫ਼ਿਕਰ ਵਿਆਹਨ ਦਾ ਈ।
ਕਾਦਰਯਾਰ ਵਜ਼ੀਰ ਦੇ ਲਗ ਆਖੇ,
ਰਾਜਾ ਫੇਰ ਖ਼ੁਸ਼ੀ ਅੰਦਰ ਆਂਵਦਾ ਈ।


(ਜ਼ੇ)

ਜ਼ੁਬਾਨ ਥੀਂ ਰਾਜੇ ਨੇ ਹੁਕਮ ਕੀਤਾ,
ਘਰ ਜਾਹੁ ਸਲਾਮ ਕਰ ਮਾਈਆਂ ਨੂੰ।
ਜਿਸ ਵਾਸਤੇ ਭੋਰੇ ਦੇ ਵਿਚ ਪਾਇਆ,
ਹੁਣ ਮੋੜ ਨਾ ਖ਼ੁਸ਼ੀਆਂ ਆਈਆਂ ਨੂੰ।
ਹੁਕਮ ਬਾਪ ਦਾ ਉਠ ਕੇ ਮੰਨ ਤੁਰਦਾ,
ਅਗੇ ਲਾਇ ਲੈਂਦਾ ਨਫ਼ਰਾਂ ਨਾਈਆਂ ਨੂੰ।
ਕਾਦਰਯਾਰ ਮੈਂ ਸਿਫ਼ਤਿ ਕੀ ਕਰਾਂ ਉਸ ਦੀ,
ਰੰਨਾਂ ਦੇਖ ਭੁਲਾਇਆ ਸਾਈਆਂ ਨੂੰ।


ਪੂਰਨ ਦਾ ਲੂਣਾ ਨੂੰ ਮਿਲਣ ਜਾਣਾ


(ਸੀਨ)

ਸਹਿਰ ਆਇਆ ਘਰ ਮਾਈਆਂ ਦੇ,
ਪੂਰਨ ਪੁਛਦਾ ਨੌਕਰਾਂ ਚਾਕਰਾਂ ਨੂੰ।
ਜਿਸ ਜਾਇਆ ਓਸ ਨੂੰ ਮਾਨ ਵੱਡਾ,
ਮਥਾ ਟੇਕਣਾ ਅਬਲਾ ਮਾਤਰਾਂ ਨੂੰ।
ਰਾਣੀ ਲੂਣਾਂ ਦੇ ਮਹਿਲ ਨੂੰ ਰਵਾਂ ਹੋਇਆ,
ਅੰਦਰ ਜਾਇ ਵੜਿਆ ਪੁਤਰ ਖਾਤਰਾਂ ਨੂੰ।
ਕਾਦਰਯਾਰ ਬਹਾਲ ਕੇ ਨਫ਼ਰ ਪਿਛੇ,
ਪੌੜੀ ਚੜ੍ਹਿਆ ਮੱਥਾ ਟੇਕਨ ਮਾਤਰਾਂ ਨੂੰ।


(ਸ਼ੀਨ)

ਸ਼ੌਕ ਦੇ ਨਾਲ ਜੋ ਭਗਤ ਪੂਰਨ,
ਮੱਥਾ ਟੇਕਣ ਮਤਰੇਈ ਨੂੰ ਜਾਉਂਦਾ ਜੀ।
ਅਗੇ ਲੰਘ ਕੇ ਸਾਹਮਣੇ ਖੜਾ ਹੁੰਦਾ,
ਹੱਥ ਬੰਨ੍ਹ ਕੇ ਸੀਸ ਨਿਵਾਉਂਦਾ ਜੀ।
ਸੂਰਤ ਵੇਖ ਕੇ ਹੋਇ ਬੇਤਾਬ ਗਈ,
ਹੋਰ ਕੁਝ ਨਾਹੀ ਨਜ਼ਰ ਆਉਂਦਾ ਜੀ।
ਕਾਦਰਯਾਰ ਜੋ ਲੂਣਾ ਦੇ ਦਿਲ ਅੰਦਰ,
ਆਣ ਪਾਪ ਜੋ ਘੇਰੜਾ ਪਾਉਂਦਾ ਜੀ।


(ਸੁਵਾਦ)

ਸਿਫ਼ਤ ਨਾ ਹੁਸਨ ਦੀ ਜਾਇ ਝੱਲੀ,
ਰਾਣੀ ਦੇਖ ਕੇ ਪੂਰਨ ਨੂੰ ਤੁਰਤ ਮੁਠੀ।
ਸੂਰਤ ਨਜ਼ਰ ਆਈ ਰਾਜਾ ਭੁਲ ਗਿਆ,
ਸਿਰ ਪੈਰ ਤਾਈਂ ਅੱਗ ਭੜਕ ਉਠੀ।
ਦਿਲੋਂ ਪੁਤਰ ਨੂੰ ਯਾਰ ਬਣਾਇਆ ਸੂ,
ਉਸ ਦੀ ਸਾਬਤੀ ਦੀ ਵਿਚੋਂ ਲਜ ਟੁਟੀ।
ਕਾਦਰਯਾਰ ਤਰੀਮਤ ਹੈਂਸਿਆਰੀ,
ਲਗੀ ਵੇਖ ਵਗਾਵਣੇ ਨਦੀ ਪੁਠੀ।


(ਜ਼ੁਆਦ)

ਜ਼ਰਬ ਤੇ ਜ਼ੋਰ ਦੇ ਨਾਲ ਰਾਜਾ,
ਅੰਦਰ ਲੰਘ ਕੇ ਰਾਜ ਮਹਲ ਜਾਇ।
ਹੱਥ ਬੰਨ੍ਹ ਕੇ ਸਾਹਮਣੇ ਖੜਾ ਹੁੰਦਾ,
ਮੱਥਾ ਟੇਕਣਾ ਹਾਂ ਮੇਰੀ ਧਰਮ ਮਾਇ।
ਅਗੋਂ ਦੇਵਣਾ ਉਸ ਪਿਆਰ ਸਾਈ,
ਸਗੋਂ ਦੇਖ ਰਾਣੀ ਮੱਥੇ ਵਟ ਪਾਇ।
ਕਾਦਰਯਾਰ ਖਲੋਇ ਕੇ ਦੇਖ ਅਖੀਂ,
ਚੜ੍ਹਿਆ ਕਹਿਰ ਚਰਿਤ੍ਰ ਜੋ ਵਰਤ ਜਾਇ।


(ਤੋਇ)

ਤਾਲਿਆ ਮੇਰਿਆ ਘੇਰ ਆਂਦਾ,
ਲੂਣਾ ਆਪ ਦਲੀਲਾਂ ਦੇ ਫ਼ਿਕਰ ਬੰਨ੍ਹੇ।
ਮੈਂ ਵੀ ਸੁਰਗ ਪਰਾਪਤੀ ਥੀਵਨੀ ਹਾਂ,
ਪੂਰਨ ਭਗਤ ਜੇ ਆਖਿਆ ਇਕ ਮੰਨੇ।
ਲਗੀ ਦੇਣ ਲੰਗਾਰ ਅਸਮਾਨ ਤਾਈਂ,
ਉਹਦੀ ਸਾਬਤੀ ਦੇ ਵਿਚੋਂ ਥੰਮ੍ਹ ਭੰਨੇ।
ਕਾਦਰਯਾਰ ਤਰੀਮਤ ਹੈਂਸਿਆਰੀ,
ਭੰਨਣ ਲੂਣ ਲਗੀ ਵਿਚ ਥਾਲ ਛੰਨੇ।


ਪੂਰਨ ਤੇ ਲੂਣਾ ਦੀ ਗੱਲ ਬਾਤ


(ਜ਼ੋਇ)

ਜ਼ਾਹਰਾ ਆਖਦੀ ਸ਼ਰਮ ਕੇਹੀ,
ਮਾਈ ਮਾਈ ਨਾ ਰਾਜਿਆ ਆਖ ਮੈਨੂੰ।
ਕੁਖੇ ਰਖ ਨਾ ਜੰਮਿਓ ਜਾਇਓ ਵੇ,
ਮਾਤਾ ਆਖਨਾ ਹੈਂ ਕਿਹੜੇ ਸਾਕ ਮੈਨੂੰ।
ਹੋਗੁ ਉਮਰ ਤੇਰੀ ਮੇਰੀ ਇਕ ਰਾਜਾ,
ਗੁਝਾ ਲਾਇਆ ਈ ਦਰਦ ਫ਼ਿਰਾਕ ਮੈਨੂੰ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਕਰ ਚਲਿਓਂ ਮਾਰ ਹਲਾਕ ਮੈਨੂੰ।


(ਐਨ)

ਅਰਜ਼ ਕਰਦਾ ਸ਼ਰਮਾਇ ਰਾਜਾ,
ਮਾਇ ਸੁਖਨ ਅਵਲੜੇ ਬੋਲ ਨਾਹੀ।
ਮਾਵਾਂ ਪੁਤਰਾਂ ਨੇਹੁੰ ਨਾ ਕਦੇ ਲਗਾ,
ਜਗ ਵਿਚ ਮੁਕਾਲਖਾ ਘੋਲ ਨਾਹੀ।
ਸੀਨੇ ਨਾਲ ਲਗਾਇ ਕੇ ਰੱਖ ਮੈਨੂੰ,
ਪੁਤਰ ਜਾਣ ਮਾਏ ਦਿਲੋਂ ਡੋਲ ਨਾਹੀ।
ਕਾਦਰਯਾਰ ਮੀਆਂ ਦੋਵੇਂ ਝਗੜਦੇ ਨੀ,
ਸਾਈਂ ਬਾਝ ਦੂਜਾ ਕੋਈ ਕੋਲ ਨਾਹੀ।


(ਗ਼ੈਨ)

ਗ਼ਮ ਨਾ ਜਾਣਦੀ ਖ਼ੌਫ਼ ਖ਼ਤਰਾ,
ਲੂਣਾ ਉਠ ਕੇ ਪਕੜਦੀ ਆਨ ਚੋਲਾ।
ਇਕ ਵਾਰ ਤੂੰ ਬੈਠ ਪਲੰਘ ਉਤੇ,
ਕਰਾਂ ਮਿਨਤ ਤੇਰੀ ਸੁਣ ਅਰਜ਼ ਗੋਲਾ।
ਪਰੀ ਜੇਹੀ ਮੈਂ ਇਸਤ੍ਰੀ ਅਰਜ਼ ਕਰਾਂ,
ਜਾ ਤੂੰ ਮਰਦ ਨਾਹੀ ਕੋਈ ਹੈ ਭੋਲਾ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਸੇਜ ਮਾਨ ਮੇਰੀ ਜਿੰਦ ਜਾਨ ਢੋਲਾ।


(ਫੇ)

ਫੇਰ ਕਹਿਆ ਗੁਸੇ ਹੋਇ ਪੂਰਨ,
ਤੈਨੂੰ ਵਗ ਕੀ ਗਈ ਹੈ ਬਾਣ ਮਾਏ।
ਜਿਹਦੀ ਇਸਤ੍ਰੀ ਓਹੀ ਹੈ ਬਾਪ ਮੇਰਾ,
ਤਿਸ ਦੀ ਤੁਖਮ ਥੀਂ ਜੰਮਿਆ ਜਾਨ ਮਾਏ।
ਗਲਾਂ ਇਹੋ ਜਹੀਆਂ ਜਦੋਂ ਹੋਣ ਗੀਆਂ,
ਪੁਠੀ ਹੋਗੁ ਜ਼ਿਮੀਂ ਅਸਮਾਨ ਮਾਏ।
ਕਾਦਰਯਾਰ ਮੀਆਂ ਪੂਰਨ ਦੇ ਮਤੀਂ,
ਕਿਧਰ ਗਿਆ ਈ ਅਜੁ ਧਿਆਨ ਮਾਏ।


(ਕਾਫ਼)

ਕਹਿਰ ਕਰਾ ਨਾ ਪੂਰਨਾ ਵੇ,
ਆਖੇ ਲਗ ਜਾ ਜੇ ਭਲਾ ਚਾਹਨਾ ਏਂ।
ਝੋਲੀ ਅਡ ਮੈਂ ਖਲੀ ਹਾਂ ਪਾਸ ਤੇਰੇ,
ਹੈਂਸਿਆਰਿਆ ਖ਼ੈਰ ਨਹੀਂ ਪਾਉਨਾ ਏਂ।
ਕੁਛੜ ਬੈਠ ਮੰਮਾ ਕਦੋਂ ਚੁੰਘਿਆ ਏ,
ਐਵੇਂ ਕੂੜ ਦੀ ਮਾਉਂ ਬਣਾਵਣਾ ਏਂ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਕਿਉਂ ਗਰਦਨੀ ਖੂਨ ਰਖਾਵਨਾ ਏਂ।


(ਕਾਫ਼)

ਕਹੇ ਪੂਰਨ ਸੁਣੀ ਸਚੁ ਮਾਤਾ,
ਤੇਰੇ ਪਲੰਘ ਤੇ ਪੈਰ ਨਾ ਮੂਲ ਧਰਸਾਂ।
ਅਖੀਂ ਫੇਰ ਕੇ ਮੂਲ ਨਾ ਨਜ਼ਰ ਕਰਾਂ,
ਮੈਂ ਤਾਂ ਸੂਲੀ ਤੇ ਚੜ੍ਹਨ ਕਬੂਲ ਕਰਸਾਂ।
ਕੰਨੀ ਖਿਚ ਕੇ ਅੰਦਰੋਂ ਬਾਹਰ ਆਇਆ,
ਕਹਿੰਦਾ ਧਰਮ ਗਵਾਇ ਕੇ ਕੀ ਮਰਸਾਂ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਤੇਰੇ ਲਹੂ ਦਾ ਪੂਰਨਾ ਘੁਟ ਭਰਸਾਂ।
ਰਾਜੇ ਦਾ ਮਹਲੀਂ ਆਉਣਾ


(ਲਾਮ)

ਲਾਹ ਕੇ ਹਾਰ ਸ਼ਿੰਗਾਰ ਰਾਣੀ,
ਰਾਜੇ ਆਂਵਦੇ ਨੂੰ ਬੁਰੇ ਹਾਲ ਹੋਈ।
ਰਾਜਾ ਦੇਖ ਹੈਰਾਨ ਅਸਚਰਜ ਹੋਇਆ,
ਮਹਲੀਂ ਜਗਿਆ ਨਾ ਸ਼ਮਾਦਾਨ ਕੋਈ।
ਬੈਠ ਪੁਛਦਾ ਰਾਣੀਏਂ ਦਸ ਮੈਨੂੰ,
ਵਕਤ ਸੰਧਿਆ ਦੇ ਚੜ੍ਹ ਪਲੰਘ ਸੋਈ।
ਕਾਦਰਯਾਰ ਸਲਵਾਹਨ ਦੀ ਗਲ ਸੁਣ ਕੇ,
ਰਾਣੀ ਉਠ ਕੇ ਧ੍ਰੋਹ ਦੇ ਨਾਲ ਰੋਈ।


(ਮੀਮ)

ਮੈਨੂੰ ਕੀ ਪੁਛਨਾ ਏਂ ਰਾਜਿਆ ਵੇ,
ਮੇਰਾ ਦੁਖ ਕਲੇਜੜਾ ਜਾਲਿਓ ਈ।
ਜਾਇ ਪੁਛ ਖਾਂ ਪੁਤਰ ਆਪਣੇ ਨੂੰ,
ਜਿਹੜਾ ਭੋਹਰੇ ਕੋਤਲ ਪਾਲਿਓ ਈ।
ਉਹਨੂੰ ਰੱਖ ਤੇ ਦੇਹ ਜਵਾਬ ਸਾਨੂੰ,
ਸਾਡਾ ਸ਼ੌਕ ਜੇ ਤਾਂ ਦਿਲੋਂ ਟਾਲਿਓ ਈ।
ਕਾਦਰਯਾਰ ਜਦ ਝੂਠ ਪਹਾੜ ਜੇਡਾ,
ਰਾਣੀ ਰਾਜੇ ਨੂੰ ਤੁਰਤ ਸਿਖਾਲਿਓ ਈ।


(ਨੂੰਨ)

ਨਾਉਂ ਲੈ ਖਾਂ ਓਸ ਗਲ ਦਾ ਤੂੰ,
ਜਿਹੜੀ ਗਲ ਪੂਰਨ ਤੈਨੂੰ ਆਖ ਗਿਆ।
ਜੇਹੜਾ ਨਾਲ ਤੇਰੇ ਮੰਦਾ ਬੋਲਿਆ ਸੂ,
ਉਸ ਨੂੰ ਦੇਵਾਂ ਫਾਹੇ ਮੇਰਾ ਪੁਤ ਕੇਹਾ।
ਅਜ ਨਾਲ ਮਾਵਾਂ ਕਰੇ ਸੁਖਨ ਐਸੇ,
ਭਲਕੇ ਦੇਗ ਖਟੀ ਮੈਨੂੰ ਖਟ ਏਹਾ।
ਕਾਦਰਯਾਰ ਫਿਰ ਹੋਈ ਬੇਦਾਦ ਨਗਰੀ,
ਅੰਨ੍ਹੇ ਰਾਜੇ ਦੇ ਪੂਰਨ ਵਸ ਪਿਆ।


(ਵਾਉ)

ਵੇਖ ਰਾਜਾ ਮੰਦਾ ਹਾਲ ਮੇਰਾ,
ਰਾਣੀ ਆਪ ਦਿਲੋਂ ਦਰਦ ਦਸਿਆ ਈ।
ਪੁੱਤਰ ਪੁੱਤਰ ਮੈਂ ਆਖਦੀ ਰਹੀ ਮੂੰਹੋਂ,
ਪੂਰਨ ਭਰਤਿਆਂ ਵਾਂਗਰਾਂ ਹਸਿਆ ਈ।
ਵੀਣੀ ਕੱਢ ਕੇ ਦਸਦੀ ਵੇਖ ਚੂੜਾ,
ਭੰਨੀ ਵੰਗ ਤੇ ਹੱਥ ਵਲਸਿਆ ਈ।
ਕਾਦਰਯਾਰ ਮੈਂ ਜ਼ੋਰ ਦਿਖਾਲਿਆ ਈ,
ਪੂਰਨ ਤਦੋਂ ਮਹਿਲਾਂ ਥੋਂ ਨਸਿਆ ਈ।


(ਹੇ)

ਹੋਇ ਖੜਾ ਦਲਗੀਰ ਰਾਜਾ,
ਰਤੋ ਰਤੇ ਅਖੀਂ ਮਥੇ ਵੱਟ ਪਾਏ।
ਪਥਰ ਦਿਲ ਹੋਇਆ ਸਕੇ ਪੁਤਰ ਵਲੋਂ,
ਦਿਲੋਂ ਗ਼ਜ਼ਬ ਦਾ ਭਾਂਬੜ ਮਚ ਜਾਏ।
ਮਛੀ ਵਾਂਗ ਤੜਫ਼ਦਾ ਰਾਤ ਰਿਹਾ,
ਕਦੀ ਪਏ ਲੰਬਾ ਕਦੀ ਉਠ ਬਹੇ।
ਕਾਦਰਯਾਰ ਮੰਦਾ ਦੁੱਖ ਇਸਤ੍ਰੀ ਦਾ,
ਪੂਰਨ ਜੀਂਵਦਾ ਕਿਸੇ ਸਬਬ ਰਹੇ।


(ਲਾਮ)

ਲੂਤੀਆਂ ਰਹਿਣ ਨਾ ਦੇਂਦੀਆਂ ਨੇ,
ਨਾਲ ਨਾਲਸ਼ਾਂ ਸ਼ਹਿਰ ਵੈਰਾਨ ਕੀਤਾ।
ਮੁੱਢੋਂ ਗੱਲਾਂ ਵੀ ਹੁੰਦੀਆਂ ਆਈਆਂ ਨੀ,
ਅਗੇ ਕਈਆਂ ਦਾ ਅਲਖ ਜਹਾਨ ਕੀਤਾ।
ਪੂਰਨ ਨਾਲ ਅਵਲੀ ਵੀ ਹੋਣ ਲਗੀ,
ਜਿਸ ਦੀ ਮਾਉਂ ਐਸਾ ਫਰਮਾਨ ਕੀਤਾ।
ਕਾਦਰਯਾਰ ਚੜ੍ਹਿਆ ਦਿਨ ਸੁਖ ਦਾ ਜੀ,
ਰਾਜੇ ਬੈਠ ਚੌਕੀ ਇਸ਼ਨਾਨ ਕੀਤਾ।


ਰਾਜੇ ਦਾ ਪੂਰਨ ਨੂੰ ਬੁਲਾ ਭੇਜਣਾ


(ਅਲਫ਼)

ਆਖਦੀ ਸਦ ਕੇ ਚੋਬਦਾਰਾਂ,
ਜ਼ਰਾ ਸਦ ਕੇ ਪੂਰਨ ਲਿਆਵਨਾ ਜੇ।
ਝਬ ਜਾਓ ਸ਼ਿਤਾਬ ਨਾ ਢਿਲ ਲਾਵੋ,
ਨਾਲ ਸਦ ਵਜ਼ੀਰ ਲਿਆਵਨਾ ਜੇ।
ਕੱਢੇ ਗਾਲੀਆਂ ਦੁਹਾਂ ਨੂੰ ਕਰੋ ਹਾਜ਼ਰ,
ਝਬਦੇ ਜਾਓ ਨਾ ਛਡ ਕੇ ਆਵਨਾ ਜੇ।
ਕਾਦਰਯਾਰ ਜੇ ਪੁਛਸੀ ਕੰਮ ਅਗੋਂ,
ਰਾਜੇ ਸਦਿਆ ਜਾਇ ਫੁਰਮਾਵਨਾ ਜੇ।


(ਯੇ) ਯਾਦ ਕੀਤਾ ਰਾਜੇ ਬਾਪ ਤੈਨੂੰ,
ਹੱਥ ਬੰਨ੍ਹ ਕੇ ਆਖਿਆ ਚੋਬਦਾਰਾਂ।
ਸੁਣੀ ਗਲ ਤੇ ਦਿਲ ਨੂੰ ਸੁਝ ਗਈ ਸੂ,
ਜਿਹੜੀ ਗਾਂਵਦੀ ਸੀ ਕਲ ਮਾਉਂ ਵਾਰਾਂ।
ਜਿਸ ਕੰਮ ਨੂੰ ਰਾਜੇ ਯਾਦ ਕੀਤਾ,
ਰਾਗ ਵਜਿਆ ਤੇ ਬੁੱਝ ਗਈਆਂ ਤਾਰਾਂ।
ਕਾਦਰਯਾਰ ਮੀਆਂ ਤੁਰ ਪਿਆ ਪੂਰਨ,
ਆਣ ਕਰਦਾ ਹੈ ਬਾਪ ਨੂੰ ਨਮਸ਼ਕਾਰਾਂ।


ਦੂਜੀ ਸੀਹਰਫ਼ੀ: ਰਾਜੇ ਦੀ ਪੂਰਨ ਨਾਲ ਗੱਲ ਬਾਤ ਤੇ ਕਤਲ ਦਾ ਹੁਕਮ


(ਅਲਫ਼)

ਆਓ ਖਾਂ ਪੂਰਨਾ ਕਹੇ ਰਾਜਾ,
ਬੱਚਾ ਨਿਜ ਤੂੰ ਜਮਿਉਂ ਜਾਇਉਂ ਵੇ।
ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ,
ਜਦੋਂ ਭੋਹਰੇ ਪਾਲਣਾ ਪਾਇਉਂ ਵੇ।
ਸੀਨੇ ਲਾਇਓ ਈ ਪੂਰਨਾ ਦਾਗ ਮੇਰੇ,
ਰਖੇ ਪੈਰ ਪੁਠੇ ਘਨੇ ਚਾਇਉਂ ਵੇ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਘਰ ਕੀ ਕਰਤੂਤ ਕਰ ਆਇਉਂ ਵੇ।


(ਬੇ)

ਬਹੁਤ ਹੋਇਆ ਕਹਿਵਾਨ ਰਾਜਾ,
ਰਤੋ ਰਤ ਮਥਾ ਚਮਕੇ ਵਾਂਗ ਖੂਨੀ।
ਕਹਿੰਦਾ ਦੂਰ ਹੋ ਪੂਰਨਾ ਅਖੀਆਂ ਥੀਂ,
ਟੰਗੂੰ ਲਿੰਗ ਚਿਰਾਇ ਕੇ ਚਵੀਂ ਕੰਨੀ।
ਜਦੋਂ ਮੈਂ ਵਿਆਹ ਦੀ ਗਲ ਕੀਤੀ,
ਤਦੋਂ ਰੋਣ ਲਗੋਂ ਧਰ ਹਥ ਕੰਨੀ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਹੁਣ ਕੀਤੀ ਆ ਮਾਓਂ ਪਸੰਦ ਵੰਨੀ।


(ਤੇ)

ਤੁਹਮਤ ਅਜ਼ਗੈਬ ਦੀ ਬੁਰੀ ਹੁੰਦੀ,
ਪੂਰਨ ਘਤ ਊਂਧੀ ਰੁੰਨਾ ਜ਼ਾਰ ਜ਼ਾਰੀ।
ਕਹਿੰਦਾ ਵਸ ਨਾ ਬਾਬਲਾ ਕੁਝ ਮੇਰੇ,
ਤੁਹਾਡੀ ਮਾਪਿਆਂ ਦੀ ਗਈ ਮਤ ਮਾਰੀ।
ਹੋਰ ਕਿਸੇ ਦਾ ਕੁਝ ਨਾ ਜਾਵਣਾ ਈ,
ਮੈਨੂੰ ਮਾਰ ਰਾਜਾ ਤੇਰੀ ਬੁੱਧ ਮਾਰੀ।
ਕਾਦਰਯਾਰ ਜੇ ਕੋਲ ਉਗਾਹ ਹੁੰਦੇ,
ਕਹਿੰਦੇ ਖੋਲ੍ਹ ਹਕੀਕਤਾਂ ਤੁਰਤ ਸਾਰੀ।


(ਸੇ)

ਸਾਬਤੀ ਮੇਰੀ ਤੂੰ ਵੇਖ ਰਾਜਾ,
ਇਕ ਤੇਲ ਦਾ ਪੂਰਾ ਕੜਾਹ ਤਾਵੋ।
ਤਪੇ ਤੇਲ ਜਾਂ ਅੱਗ ਦੇ ਵਾਂਗ ਹੋਵੇ,
ਇਕ ਦਸਤ ਮੇਰਾ ਪਕੜ ਵਿਚ ਪਾਵੋ।
ਸਚ ਨਿਤਰੇ ਸਚਿਆਂ ਝੂਠਿਆਂ ਦਾ,
ਅਖੀਂ ਵੇਖ ਕੇ ਕੁਝ ਕਲੰਕ ਲਾਵੋ।
ਕਾਦਰਯਾਰ ਜੇ ਉਂਗਲੀ ਦਾਗ਼ ਲਗੇ,
ਫੇਰ ਕਰੋ ਮੈਨੂੰ ਜਿਹੜੀ ਤਬਾਹ ਚਾਵੋ।


(ਜੀਮ)

ਜੋਸ਼ ਆਇਆ ਸਲਵਾਹਨ ਰਾਜੇ,
ਅਗੋਂ ਉਠ ਕੇ ਇਕ ਚਪੇੜ ਮਾਰੀ।
ਕਹਿੰਦਾ ਫੇਰ ਬਰੋਬਰੀ ਬੋਲਣਾ ਹੈਂ,
ਕਰੇਂ ਗ਼ਜ਼ਬ ਹਰਾਮੀਆਂ ਐਡ ਕਾਰੀ।
ਅਖੀਂ ਦੇਖ ਨਿਸ਼ਾਨੀਆਂ ਆਇਆ ਮੈਂ,
ਤੇਰੇ ਦਿਲ ਦੀ ਪੂਰਨਾ ਗੱਲ ਸਾਰੀ।
ਕਾਦਰਯਾਰ ਗੁਨਾਹ ਨਾ ਦੋਸ਼ ਕੋਈ,
ਪੂਰਨ ਘਤ ਰੋਂਦਾ ਊਂਧੀ ਜ਼ਾਰ ਜ਼ਾਰੀ।


(ਹੇ)

ਹੁਕਮ ਨਾ ਫੇਰਦਾ ਕੋਈ ਅਗੋਂ,
ਪਰੇਸ਼ਾਨ ਸਾਰਾ ਪਰਵਾਰ ਹੋਇਆ।
ਥਰ ਥਰ ਕੰਬਦੇ ਮਹਿਲ ਤੇ ਮਾੜੀਆਂ ਨੇ,
ਕਹਿਰਵਾਨ ਜਦੋਂ ਸਰਦਾਰ ਹੋਇਆ।
ਕਰੇ ਸਦ ਕੇ ਹੁਕਮ ਜਲਾਦੀਆਂ ਨੂੰ,
ਧੁੰਮੀ ਖ਼ਬਰ ਨਗਰੀ ਹਾਹਾਕਾਰ ਹੋਇਆ।
ਕਾਦਰਯਾਰ ਵਜ਼ੀਰ ਨੂੰ ਦੇਇ ਗਾਲੀਂ,
ਤੇਰੀ ਅਕਲ ਕਿਹੜੀ ਦਰਕਾਰ ਹੋਇਆ।


ਇਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲਗਣਾ


(ਖ਼ੇ)

ਖ਼ਬਰ ਹੋਈ ਰਾਣੀ ਇਛਰਾਂ ਨੂੰ,
ਜਿਸ ਜਾਇਆ ਪੂਰਨ ਪੁਤ ਸਾਈ।
ਚੂੜਾ ਭੰਨ ਤੇ ਤੋੜ ਹਮੇਲ ਬੀੜੇ,
ਵਾਲ ਪੁਟ ਰਾਣੀ ਸਿਰ ਖ਼ਾਕ ਪਾਈ।
ਮੰਦਾ ਘਾਓ ਪਿਆਰਿਆਂ ਪੁਤਰਾਂ ਦਾ,
ਰਾਣੀ ਭਜ ਕੇ ਰਾਜੇ ਦੇ ਪਾਸ ਆਈ।
ਕਾਦਰਯਾਰ ਖੜੋਇ ਪੁਕਾਰ ਕਰਦੀ,
ਇਹਦੇ ਨਾਲ ਕੀ ਰਾਜਿਆ ਵੈਰ ਸਾਈ।


(ਦਾਲ)

ਦੇਖ ਰਾਣੀ ਕਹੇ ਆਪ ਰਾਜਾ,
ਇਹਦੇ ਨਾਲ ਗਵਾਊਂਗਾ ਮਾਰ ਤੈਨੂੰ,
ਕਹੇ ਵਾਰ ਬਦਕਾਰ ਨੇ ਜੰਮਿਆਂ ਸੀ,
ਜਿਸ ਜੰਮਦਿਆਂ ਲਾਇਆ ਈ ਦਾਗ਼ ਮੈਨੂੰ।
ਜਿਨ੍ਹਾਂ ਵਿਚ ਹਿਆਉ ਨਾ ਸ਼ਰਮ ਹੋਵੇ,
ਐਸੇ ਪੁਤਰ ਨਾ ਜੰਮਦੇ ਨਿਜ ਕੈਨੂੰ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਤਦ ਵਸਦਾ ਜੇ ਤੁਸੀਂ ਵਰੋ ਏਨੂੰ।


(ਜ਼ਾਲ)

ਜ਼ਰਾ ਨਾ ਰਾਜਿਆ ਗੱਲ ਸਚੀ,
ਜਿਸ ਗੱਲ ਦਾ ਭਰਮ ਵਿਚਾਰਿਆ ਈ।
ਕਹਿੰਦੀ ਇਛਰਾਂ ਰਾਜਿਆ ਹੋਸ਼ ਕੀਚੇ,
ਕੂੜੀ ਤੁਹਮਤੋਂ ਪੁਤਰ ਨੂੰ ਮਾਰਿਆ ਈ।
ਆਖੇ ਲੱਗ ਰੰਨਾਂ ਪੁਟਿਆਰੀਆਂ ਦੇ,
ਕਰਮ ਮਥਿਉਂ ਆਪਣਿਉਂ ਹਾਰਿਆ ਈ।
ਕਾਦਰਯਾਰ ਰਾਜੇ ਸਲਵਾਹਨ ਅਗੇ,
ਰਾਣੀ ਇਛਰਾਂ ਜਾਇ ਪੁਕਾਰਿਆ ਈ।


(ਰੇ)

ਰਹੇ ਨਾ ਵਰਜਿਆ ਮੂਲ ਰਾਜਾ,
ਉਸੀ ਵਕਤ ਜਲਾਦ ਸਦਾਂਵਦਾ ਈ।
ਲਗੇ ਰੋਣ ਦਿਵਾਨ ਵਜ਼ੀਰ ਖਲੇ,
ਦਿਲ ਰਾਜੇ ਦੇ ਤਰਸ ਨਾ ਆਂਵਦਾ ਈ।
ਇਹਦੇ ਹੱਥ ਤੇ ਪੈਰ ਅਜ਼ਾਦ ਕਰੋ,
ਰਾਜਾ ਮੁਖ ਥੀਂ ਇਹ ਫੁਰਮਾਂਵਦਾ ਈ।
ਕਾਦਰਯਾਰ ਖਲੋਇ ਕੇ ਮਾਉਂ ਤਾਈਂ,
ਪੂਰਨ ਭਗਤ ਸਲਾਮ ਬੁਲਾਂਵਦਾ ਈ।


(ਜ਼ੇ)

ਜ਼ੋਰ ਨਾ ਡਾਢੇ ਦੇ ਨਾਲ ਕੋਈ,
ਪਕੜ ਬੇਗੁਨਾਹ ਮੰਗਾਇਆ ਮੈਂ।
ਕੈਹਨੂੰ ਖੋਲ੍ਹ ਕੇ ਦਿਲ ਦਾ ਹਾਲ ਦੱਸਾਂ,
ਜਿਹੜਾ ਘਾਤ ਗੁਨਾਹ ਕਰਾਇਆ ਮੈਂ।
ਮੈਂ ਤਾਂ ਝੂਰਨਾ ਆਪਣੇ ਤਾਲਿਆ ਨੂੰ,
ਇਹੋ ਕਰਮ ਨਸੀਬ ਲਿਖਾਇਆ ਮੈਂ।
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ,
ਹੁਣ ਰਾਜੇ ਨੇ ਚੋਰ ਬਣਾਇਆ ਮੈਂ।


(ਸੀਨ)

ਸਮਝਿ ਰਾਜਾ ਬੁਧ ਹਾਰ ਨਾਹੀਂ,
ਕਹਿੰਦੀ ਇਛਰਾਂ ਵਾਸਤਾ ਪਾਏ ਕੇ ਜੀ।
ਅੰਬ ਵੱਢ ਕੇ ਅੱਕ ਨੂੰ ਵਾੜ ਦੇਵੇਂ,
ਪਛੋਤਾਵੇਂਗਾ ਵਕਤ ਵਿਹਾਏ ਕੇ ਜੀ।
ਬੂਟਾ ਆਪਣਾ ਆਪ ਪੁਟਾਣ ਲਗੋਂ,
ਜੜ੍ਹਾਂ ਮੁੱਢ ਤਾਈਂ ਉਕਰਾਏ ਕੇ ਜੀ।
ਕਾਦਰਯਾਰ ਜੇ ਪੂਰਨ ਨੂੰ ਮਾਰਿਓ ਈ,
ਬਾਪ ਕੌਣ ਬੁਲਾਊਗਾ ਆਏ ਕੇ ਜੀ।


(ਸ਼ੀਨ)

ਸ਼ਕਲ ਨਾ ਰਾਜੇ ਦੀ ਨਰਮ ਹੋਈ,
ਕਹਿਰਵਾਨ ਹੋ ਕੇ ਕਹਿੰਦਾ ਨਾਲ ਗੁੱਸੇ।
ਬਾਹਰ ਜਾਇ ਕੇ ਚੀਰੋ ਹਲਾਲ ਖੋਰ,
ਛੰਨੇ ਰਤੁ ਪਾਵੋ ਜਿਹੜੀ ਵਿਚ ਜੁੱਸੇ।
ਇਹਦੇ ਹੱਥ ਸਹਕਾਇ ਕੇ ਵਢਿਓ ਜੇ,
ਵਾਂਗ ਬੱਕਰੇ ਦੇ ਇਹਦੀ ਜਾਨ ਕੁੱਸੇ।
ਕਾਦਰਯਾਰ ਜਾਂ ਰਾਜੇ ਦਾ ਹੁਕਮ ਹੋਇਆ,
ਪਕੜ ਲਿਆ ਜਲਾਦਾਂ ਨੇ ਵਕਤ ਉਸੇ।


(ਸਵਾਦ)

ਸਾਹਿਬ ਤੋਂ ਲਿਖਿਆ ਲੇਖ ਏਵੇਂ,
ਪੂਰਨ ਭਗਤ ਨੂੰ ਲੈ ਜਲਾਦ ਚਲੇ।
ਗਲੀ ਕੂਚਿਆਂ ਸ਼ਹਿਰ ਹੜਤਾਲ ਹੋਈ,
ਪਾਸ ਰੋਣ ਵਜ਼ੀਰ ਦੀਵਾਨ ਖਲੇ।
ਤਦੋਂ ਗਸ਼ਿ ਆਈ ਰਾਣੀ ਇਛਰਾਂ ਨੂੰ,
ਜਾਨ ਨਿਕਲ ਨਾ ਜਾਂਦੀ ਹੈ ਕਿਸੇ ਗਲੇ।
ਕਾਦਰਯਾਰ ਮੀਆਂ ਮਾਵਾਂ ਪੁਤਰਾਂ ਨੂੰ,
ਲੂਣਾ ਮਾਰਿਆ ਕੁਫ਼ਰ ਦੇ ਝਾੜ ਪਲੇ।


(ਜ਼ੁਆਦ)

ਜ਼ਾਮਨੀ ਦੇ ਛੁਡਾਵਣੀ ਹਾਂ,
ਲੂਣਾ ਲਿਖ ਕੇ ਭੇਜਿਆ ਖ਼ਤ ਚੋਰੀ।
ਪੁਤਰ ਬਣਨ ਲਗੋਂ ਮੇਰਾ ਪੂਰਨਾ ਵੇ,
ਦੇਖ ਕਹੀ ਮੈਂ ਦਿਤੀ ਆ ਮਾਉਂ ਲੋਰੀ।
ਆਖੇ ਲਗ ਮੇਰੇ ਅਜੇ ਹਈ ਵੇਲਾ,
ਇਸੀ ਵਕਤ ਛੁਡਾਵਸਾਂ ਨਾਲ ਜੋਰੀ।
ਕਾਦਰਯਾਰ ਕਿਉਂ ਜਾਨ ਗੁਆਵਨਾ ਹੈਂ,
ਲਾਇ ਦਿਨੀਆਂ ਤੁਹਮਤਾਂ ਵਲ ਹੋਰੀ।


(ਤੋਇ)

ਤਰਫ਼ ਖੁਦਾਇ ਦੇ ਜਿੰਦ ਦੇਣੀ,
ਪੂਰਨ ਆਖਦਾ ਵਤ ਨਾ ਆਵਣਾ ਈ।
ਆਖ਼ਰ ਜੀਵਣਾ ਲਖ ਹਜ਼ਾਰ ਬਰਸਾਂ,
ਅੰਤ ਫੇਰ ਮਾਇ ਮਰ ਜਾਵਨਾ ਈ।
ਖ਼ਤ ਵਾਚ ਕੇ ਪੂਰਨ ਨੇ ਲਬ ਸੁਟੀ,
ਕਿਹੜੀ ਗਲ ਤੋਂ ਧਰਮ ਗਵਾਵਨਾ ਈ।
ਕਾਦਰਯਾਰ ਅਣਹੁੰਦੀਆਂ ਕਰਨ ਜਿਹੜੇ,
ਆਖ਼ਰ ਫੇਰ ਉਨ੍ਹਾਂ ਪਛੋਤਾਵਨਾ ਈ।


(ਜ਼ੁਇ)

ਜ਼ੁਲਮ ਕੀਤਾ ਮਾਇ ਮਾਤਰੇ ਨੀ,
ਪੂਰਨ ਆਖਦਾ ਪੂਰੀ ਨਾ ਪਵੇ ਤੇਰੀ।
ਮੰਦਾ ਘਾਤ ਕਮਾਇਆ ਈ ਨਾਲ ਮੇਰੇ,
ਧਰਮ ਹਾਰ ਕੇ ਤੁਧ ਦਲੀਲ ਫੇਰੀ।
ਜਿਹੜੀ ਬਣੀ ਮੈਨੂੰ ਹੁਣ ਝਲਸਾਂ ਮੈਂ,
ਮਰ ਜਾਇਗੀ ਰੋਂਦੜੀ ਮਾਇ ਮੇਰੀ।
ਕਾਦਰਯਾਰ ਜਲਾਦਾਂ ਨੂੰ ਕਹੇ ਪੂਰਨ,
ਮਿਲ ਲੈਣ ਦੇਵੋ ਮੈਨੂੰ ਇਕ ਵੇਰੀ।


(ਐਨ)

ਅਰਜ਼ ਕੀਤੀ ਸਲਵਾਹਨ ਅਗੇ,
ਖ਼ਾਤਰ ਮਾਉਂ ਜਲਾਦ ਖਲੋਂਵਦੇ ਨੀ।
ਰਾਣੀ ਇਛਰਾਂ ਤੇ ਪੂਰਨ ਭਗਤ ਉਥੇ,
ਜਾਂਦੀ ਵਾਰ ਦੋਵੇਂ ਮਿਲ ਰੋਂਵਦੇ ਨੀ।
ਪਾਣੀ ਡੋਲ੍ਹ ਕੇ ਰਤ ਦਾ ਨੀਰ ਉਥੇ,
ਦਿਲੋਂ ਹਿਰਸ ਜਹਾਨ ਦੀ ਧੋਂਵਦੇ ਨੀ।
ਕਾਦਰਯਾਰ ਜਲਾਦ ਫਿਰ ਪਏ ਕਾਹਲੇ,
ਪੁਤਰ ਮਾਇ ਥੋਂ ਵਿਦਿਆ ਹੋਂਵਦੇ ਨੀ।


(ਗ਼ੈਨ)

ਗ਼ਮ ਖਾਧਾ ਰਾਣੀ ਹੋਈ ਅੰਨ੍ਹੀਂ,
ਆਹੀਂ ਮਾਰਦੀ ਰਬ ਦੇ ਦੇਖ ਬੂਹੇ,
ਪੁਤਰ ਪਕੜ ਬਿਗਾਨਿਆਂ ਮਾਪਿਆਂ ਦੇ,
ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ।
ਉਹਦੇ ਦਸਤ ਸਹਕਾਇ ਕੇ ਵਢਿਓ ਨੇ,
ਉਹਦੀ ਲੋਥ ਵਹਾਂਵਦੇ ਵਿਚ ਖੁਹੇ।
ਕਾਦਰਯਾਰ ਆ ਲੂਣਾ ਨੂੰ ਦੇਣ ਰਤੂ,
ਵੇਖ ਲਾਂਵਦੀ ਹਾਰ ਸ਼ਿੰਗਾਰ ਸੂਹੇ।


ਕਵੀਓਵਾਚ


(ਫ਼ੇ)

ਫੇਰ ਖਲੋਇ ਕੇ ਸਿਫ਼ਤ ਕੀਤੀ,
ਏਹਨਾ ਤ੍ਰੀਮਤਾਂ ਖ਼ਾਨ ਨਿਵਾਇ ਦਿਤੇ।
ਰਾਜੇ ਭੋਜ ਉਤੇ ਅਸਵਾਰ ਹੋਈਆਂ,
ਮਾਰ ਅਡੀਆਂ ਅਕਲ ਭੁਲਾਇ ਦਿਤੇ।
ਪੂਰਨ ਭਗਤ ਵਿਚਾਰਾ ਸੀ ਕੌਣ ਕੋਈ,
ਯੂਸਫ਼ ਜੇਹੇ ਤਾਂ ਖੂਹ ਪੁਵਾਇ ਦਿਤੇ।
ਕਾਦਰਯਾਰ ਤ੍ਰੀਮਤਾਂ ਡਾਢੀਆਂ ਨੀ,
ਦਹਿਸਰ ਜੇਹੇ ਤਾਂ ਥਾਇ ਮਰਵਾਇ ਦਿਤੇ।


(ਕਾਫ਼)

ਕਰਮ ਜਾਂ ਬੰਦੇ ਦੇ ਜਾਗਦੇ ਨੀ,
ਰਬ ਆਣ ਸਬਬ ਬਣਾਂਵਦਾ ਈ।
ਸਿਰੇ ਪਾਉ ਬਨਾਉਂਦਾ ਕੈਦੀਆਂ ਨੂੰ,
ਦੁਖ ਦੇਇ ਕੇ ਸੁਖ ਦਿਖਾਉਂਦਾ ਈ।
ਰਬ ਬੇ-ਪ੍ਰਵਾਹ ਬੇਅੰਤ ਹੈ ਜੀ,
ਉਹਦਾ ਅੰਤ ਹਿਸਾਬ ਨਾ ਆਉਂਦਾ ਈ।
ਕਾਦਰਯਾਰ ਫਿਰ ਸਾਬਤੀ ਦੇਖ ਉਸ ਦੀ,
ਰਬ ਹੱਕ ਨੂੰ ਚਾਇ ਪੁਚਾਉਂਦਾ ਈ।


ਗੋਰਖ ਨਾਥ ਦਾ ਬਹੁੜਨਾ


(ਕਾਫ਼)

ਕਈ ਜੋ ਮੁਦਤਾਂ ਗੁਜ਼ਰ ਗਈਆਂ,
ਬਾਰਾਂ ਬਰਸ ਗੁਜ਼ਰੇ ਪੂਰਨ ਖੂਹ ਪਾਇਆਂ।
ਸਾਈਂ ਕਰਮ ਕੀਤਾ ਬਖਸ਼ਨਹਾਰ ਹੋਇਆ,
ਕੋਈ ਹੁਕਮ ਸਬਬ ਦਾ ਆਣ ਲਾਇਆ।
ਗੁਰੂ ਗੋਰਖ ਨਾਥ ਨੂੰ ਖੁਸ਼ੀ ਹੋਈ,
ਸਿਆਲਕੋਟ ਦੀ ਤਰਫ਼ ਨੂੰ ਸੈਲ ਆਇਆ।
ਕਾਦਰਯਾਰ ਜਾ ਖੂਹੇ ਤੇ ਕਰਨ ਡੇਰਾ,
ਇਕ ਸਾਧ ਜੋ ਪਾਣੀ ਨੂੰ ਲੈਣ ਧਾਇਆ।


(ਲਾਮ)

ਲਜ ਤਾਂ ਖੂਹੇ ਵਹਾਇ ਦਿਤੀ,
ਤਲੇ ਪਾਣੀ ਦੇ ਵਲ ਧਿਆਨ ਕਰਕੇ।
ਵਿਚੋਂ ਆਦਮੀ ਦਾ ਬੁੱਤ ਨਜ਼ਰ ਆਇਆ,
ਸਾਧ ਵੇਖਦਾ ਬੁੱਤ ਨਜ਼ੀਰ ਧਰ ਕੇ।
ਖਾਧਾ ਖ਼ੌਫ਼ ਤੇ ਹੋਸ਼ ਨਾ ਰਹੀ ਕਾਈ,
ਦੌੜ ਆਇਆ ਗੁਰੂ ਦੇ ਪਾਸ ਡਰ ਕੇ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਆਇਆ ਜੀਂਵਦਾ ਮੈਂ ਕਿਵੇਂ ਮਰ ਮਰ ਕੇ।


(ਮੀਮ)

ਮੈਂ ਜਾ ਗੁਰੂ ਜੀ ਖੂਹੇ ਚੜ੍ਹਿਆ,
ਤਲੇ ਪਾਣੀ ਦੇ ਵਲ ਧਿਆਨ ਪਾਇਆ।
ਖਾਧਾ ਖ਼ੌਫ਼ ਤੇ ਹੋਸ਼ ਨਾ ਰਹੀ ਕਾਈ,
ਵਿਚੋਂ ਆਦਮੀ ਦਾ ਬੁੱਤ ਨਜ਼ਰ ਆਇਆ।
ਕਰਮ ਕਰੋ ਤੇ ਚਲ ਕੇ ਆਪ ਦੇਖੋ,
ਕੋਈ ਆਦਮੀ, ਜਿੰਨ ਕਿ ਭੂਤ ਸਾਇਆ।
ਕਾਦਰਯਾਰ ਅਚਰਜ ਦੀ ਗਲ ਸੁਣ ਕੇ,
ਸਾਰਾ ਝੁੰਡ ਗੁਰੂ ਸੇਤੀ ਉਠਿ ਧਾਇਆ।


ਗੁਰੂ ਗੋਰਖ ਦਾ ਪੂਰਨ ਨੂੰ ਖੂਹੋਂ ਕਢਾਣਾ


(ਨੂਨ)

ਨਾਲ ਦੇ ਸਾਧ ਖਮੋਸ਼ ਹੋਇ,
ਗੁਰੂ ਪੁਛਦਾ ਆਪ ਖਲੋਇ ਕੇ ਜੀ।
ਸਚ ਦਸੁ ਖਾਂ ਤੂੰ ਹੈਂ ਕੌਣ ਕੋਈ,
ਗੁਰੂ ਪੁਛਦਾ ਕਾਹਲਿਆਂ ਹੋਇ ਕੇ ਜੀ।
ਬਾਰਾਂ ਬਰਸ ਨਾ ਆਦਮੀ ਮੂੰਹ ਲਗਾ,
ਪੂਰਨ ਬੋਲਿਆ ਸੀ ਵਿਚੋਂ ਰੋਇ ਕੇ ਜੀ।
ਕਾਦਰਯਾਰ ਮੈਂ ਰੂਪ ਹਾਂ ਆਦਮੀ ਦਾ,
ਭਾਵੇਂ ਦੇਖ ਲਵੋ ਅਜ਼ਮਾਇ ਕੇ ਜੀ।


(ਵਾਉ)

ਵਾਸਤਾ ਪਾਇ ਕੇ ਕਹੇ ਪੂਰਨ,
ਮੰਨੋ ਰਬ ਦੇ ਨਾਉਂ ਸਵਾਲ ਮੇਰਾ।
ਜਿਹੜੀ ਬਣੀ ਸੀ ਆਖਿ ਸੁਣਾਵਸਾਂ ਮੈਂ,
ਜਿਸ ਕਾਰਨ ਹੋਇਆ ਇਹ ਹਾਲ ਮੇਰਾ।
ਅਹਿਲ ਤਰਸ ਹੋ ਸਾਈਂ ਦੇ ਰੂਪ ਤੁਸੀਂ,
ਬਾਹਰ ਕੱਢ ਕੇ ਪੁਛੋ ਹਵਾਲ ਮੇਰਾ।
ਕਾਦਰਯਾਰ ਤੁਸੀਂ ਕੱਢੋ ਬਾਹਰ ਮੈਨੂੰ,
ਫੇਰ ਪੁਛਣਾ ਹਾਲ ਅਹਿਵਾਲ ਮੇਰਾ।


(ਹੇ)

ਹੁਕਮ ਜ਼ੁਬਾਨ ਥੀਂ ਨਾਥ ਕੀਤਾ,
ਲਜ ਤੁਰਤ ਵਹਾਂਵਦੇ ਵਿਚ ਚੇਲੇ।
ਪੂਰਨ ਬਾਹਰ ਆਇਆ ਗੁਰੂ ਲੋਥ ਡਿਠੀ,
ਜਿਵੇਂ ਘਾਇਲ ਕੀਤਾ ਸ਼ੇਰ ਵਿਚ ਬੇਲੇ।
ਸੋਹਣੀ ਸੂਰਤਿ ਵਿਚ ਨਾ ਫਰਕ ਕੋਈ,
ਹੱਥ ਪੈਰ ਮੇਲੇ ਗੁਰੂ ਓਸ ਵੇਲੇ।
ਕਾਦਰਯਾਰ ਜਾ ਰਬ ਨੂੰ ਯਾਦ ਕੀਤਾ,
ਸਚਾ ਰਬ ਜੇ ਇਸ ਦੇ ਜ਼ਖ਼ਮ ਮੇਲੇ।


(ਲਾਮ)

ਲੋਥ ਚੁਕਾਇ ਕੇ ਗੁਰੂ ਹੋਰਾਂ,
ਪੂਰਨ ਭਗਤ ਨੂੰ ਆਂਦਾ ਹੈ ਚੁਕ ਡੇਰੇ।
ਬੈਠ ਨਾਲ ਤਾਗੀਦ ਦੇ ਪੁਛਿਓ ਨੇ,
ਕਿਹੜੇ ਸ਼ਹਿਰ ਨੀ ਲੜਕਿਆ ਘਰ ਤੇਰੇ।
ਕਿਸ ਦਾ ਪੁਤ ਤੇ ਕੀ ਹੈ ਨਾਉਂ ਤੇਰਾ,
ਕਿੰਨ ਖੁਹ ਪਾਇਆ ਵੱਢੇ ਹੱਥ ਤੇਰੇ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਰਬ ਜਾਣਦਾ ਜੋ ਬਣੀ ਨਾਲ ਮੇਰੇ।


(ਅਲਫ਼)

ਆਖਦਾ ਮੁਲਕ ਉਜੈਨ ਸਾਡਾ,
ਰਾਜਾ ਬਿਕ੍ਰਮਜੀਤ ਦੀ ਵਲ ਹੈ ਜੀ।
ਉਸ ਮੁਲਕੋਂ ਆਇਆ ਸਾਡਾ ਬਾਪ ਦਾਦਾ,
ਸਿਆਲਕੋਟ ਬੈਠੇ ਹੁਣ ਮਲ ਹੈ ਜੀ।
ਪੂਰਨ ਨਾਉਂ ਤੇ ਪੁਤਰ ਸਲਵਾਹਨ ਦਾ ਹਾਂ,
ਜਿਸ ਵੱਢ ਸੁਟਾਇਆ ਵਿਚ ਡਲ ਹੈ ਜੀ।
ਕਾਦਰਯਾਰ ਹੁਣ ਆਪਣਾ ਆਪ ਦਸੋ,
ਤਦੇ ਖੋਲ੍ਹ ਦਸਾਂ ਅਗੋਂ ਗੱਲ ਹੈ ਜੀ।


(ਯੇ)

ਯਾਦ ਕਰ ਚੇਲਿਆਂ ਕਹਿਆ ਕੋਲੋਂ,
ਗੁਰੂ ਨਾਥ ਜਾਂ ਹੋਇਆ ਬਖਸ਼ਨ ਹਾਰਾ।
ਕੁਝ ਮੰਗ ਲੈ ਬੇਪਰਵਾਹੀਆਂ ਥੋਂ,
ਟਿੱਲੇ ਬਾਲ ਗੁੰਦਾਈ ਦਾ ਸੰਤੁ ਭਾਰਾ।
ਇਹਦਾ ਜੋਗ ਦਰਗਾਹ ਮੰਨਜ਼ੂਰ ਹੋਇਆ,
ਮਥਾ ਟੇਕਦਾ ਕੁਲ ਜਹਾਨ ਸਾਰਾ।
ਕਾਦਰਯਾਰ ਫ਼ਕੀਰਾਂ ਦੀ ਗੱਲ ਸੁਣ ਕੇ,
ਪੂਰਨ ਪਿਆ ਪੈਰੀਂ ਹੋਇਆ ਮਿਨਤਦਾਰਾ।


ਤੀਜੀ ਸੀਹਰਫ਼ੀ: ਪੂਰਨ ਦਾ ਗੁਰੂ ਗੋਰਖ ਨੂੰ ਆਪਣਾ ਹਾਲ ਦਸਣਾ


(ਅਲਫ਼)

ਆਖ ਸੁਣਾਂਵਦਾ ਗੁਰੂ ਤਾਈਂ,
ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ।
ਨੇਕੀ ਮਾਇ ਤੇ ਬਾਪ ਦੀ ਯਾਦ ਕਰ ਕੇ,
ਸਭੋ ਦਸਦਾ ਓਸ ਨੂੰ ਫੋਲ ਕੇ ਜੀ।
ਗੁਰੂ ਨਾਥ ਜਾ ਓਸ ਦੇ ਦਰਦ ਰੁੰਨਾ,
ਹੰਝੂ ਰਤ ਦੀਆਂ ਅਖੀਂ ਡੋਲ੍ਹ ਕੇ ਜੀ।
ਕਾਦਰਯਾਰ ਸੁਣਾਂਵਦਾ ਗੱਲ ਸਭੋ,
ਸੁਖਨ ਦਰਦ ਫ਼ਿਰਾਕ ਦੇ ਬੋਲ ਕੇ ਜੀ।


(ਬੇ)

ਬਹੁਤ ਸਾਂ ਲਾਡਲਾ ਜੰਮਿਆ ਮੈਂ,
ਘਤ ਧੌਲਰੀਂ ਪਾਲਿਆ ਬਾਪ ਮੈਨੂੰ।
ਬਾਰ੍ਹੀਂ ਵਰ੍ਹੀਂ ਮੈਂ ਗੁਰੂ ਜੀ ਬਾਹਰ ਆਇਆ,
ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ।
ਲਾਗੀ ਸਦ ਕੇ ਕਰਨ ਵਿਆਹ ਲਗੇ,
ਚੜ੍ਹ ਗਿਆ ਸੀ ਗ਼ਮ ਦਾ ਤਾਪ ਮੈਨੂੰ।
ਕਾਦਰਯਾਰ ਮੈਂ ਆਖਿਆ ਬਾਪ ਨੂੰ ਜੀ,
ਨਹੀਂ ਭਾਂਵਦੀ ਏ ਗਲ ਆਪ ਮੈਨੂੰ।


(ਤੇ)

ਤਕ ਡਿਠਾ ਬਾਬਲ ਵਲ ਮੇਰੇ,
ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ।
ਕਿਵੇਂ ਰਬ ਕਰਾਇਆ ਤੇ ਆਖਿਓ ਸੂ,
ਕਰ ਹੁਕਮ ਜ਼ੁਬਾਨ ਥੀਂ ਮਿਹਰਵਾਨੀ।
ਜਾਇ ਪੂਰਨਾ ਮਾਇ ਨੂੰ ਟੇਕ ਮੱਥਾ,
ਗਲ ਸਮਝੀਏ ਗੁਰੂ ਜੀ ਹੋਇ ਦਾਨੀ।
ਕਾਦਰਯਾਰ ਮੈਂ ਜਾਇ ਜਾਂ ਮਹਲ ਵੜਿਆ,
ਦੇਖ ਹੋਇਆ ਸੀ ਲੂਣਾ ਦਾ ਸਿਦਕ ਫ਼ਾਨੀ।


(ਸੇ)

ਸਾਬਤੀ ਰਹੀ ਨਾ ਵਿਚ ਉਸ ਦੇ,
ਮੈਨੂੰ ਪਕੜ ਕੇ ਪਾਸ ਬਹਾਨ ਲਗੀ।
ਗੁਰੂ ਨਾਥ ਜੀ ਗਲ ਨੂੰ ਸਮਝਿਆ ਜੇ,
ਕੜਾ ਜ਼ਿਮੀਂ ਅਸਮਾਨ ਦਾ ਢਾਹਨ ਲਗੀ।
ਕੰਨੀਂ ਖਿਚ ਮੈਂ ਅੰਦਰੋਂ ਬਾਹਰ ਆਇਆ,
ਜਦੋਂ ਧਰਮ ਡਿਠਾ ਜਿੰਦ ਜਾਨ ਲਗੀ।
ਕਾਦਰਯਾਰ ਜਾਂ ਰਾਤ ਨੂੰ ਆਇਆ ਰਾਜਾ,
ਉਹਨੂੰ ਨਾਲਸ਼ਾਂ ਨਾਲ ਸਿਖਾਨ ਲਗੀ।


(ਜੀਮ)

ਜਦੋਂ ਸੁਣੀ ਰਾਜੇ ਗਲ ਉਹਦੀ,
ਉਸੇ ਵਕਤ ਮੈਨੂੰ ਸਦਵਾਇ ਕੇ ਜੀ।
ਕਹਿਰਵਾਨ ਹੋਏ ਬਾਪ ਦੇ ਨੈਣ ਖ਼ੂਨੀ,
ਧਪਾ ਮਾਰਿਆ ਪਾਸ ਬਠਲਾਇ ਕੇ ਜੀ।
ਉਸੇ ਵਕਤ ਜਲਾਦਾਂ ਨੂੰ ਆਖਿਆ ਸੂ,
ਖੂਹੇ ਵਿਚ ਪਾਓ ਇਹਨੂੰ ਜਾਇ ਕੇ ਜੀ।
ਕਾਦਰਯਾਰ ਮੀਆਂ ਏਸ ਖੂਹੇ ਅੰਦਰ,
ਕਰ ਗਏ ਦਾਖ਼ਲ ਮੈਨੂੰ ਆਇ ਕੇ ਜੀ।


(ਹੇ)

ਹਾਲ ਸੁਣਾਂਵਦਾ ਗੁਰੂ ਤਾਈਂ,
ਕੇਹਾ ਵਰਤਿਆ ਇਹ ਨਜੂਲ ਮੈਨੂੰ।
ਮੇਰੇ ਮਾਇ ਤੇ ਬਾਪ ਦੇ ਵਸ ਨਾਹੀਂ,
ਸਭੇ ਰਬ ਦਿਖਾਂਵਦਾ ਸੂਲ ਮੈਨੂੰ।
ਕਰੋ ਕਰਮ ਜੀ ਰਬ ਦਾ ਵਾਸਤਾ ਜੇ,
ਹੋਵਨ ਨੈਨ ਪਰਾਨ ਵਸੂਲ ਮੈਨੂੰ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਪਿਛਾ ਦੇਇ ਨਾ ਜਾਇਓ ਸੂ ਮੂਲ ਮੈਨੂੰ।


(ਖ਼ੇ) ਖ਼ੁਸ਼ੀ ਹੋਈ ਗੁਰੂ ਨਾਥ ਤਾਈਂ,
ਜਲ ਪਾਇ ਕੇ ਪੂਰਿਆ ਤੁਰਤ ਮੀਤਾ।
ਹਥੀਂ ਆਪਣੀ ਓਸ ਦੇ ਮੂੰਹ ਲਾਇਆ,
ਪੜਦੇ ਖੁਲ੍ਹ ਗਏ ਜਦੋਂ ਘੁਟ ਪੀਤਾ।
ਫੇਰ ਬੇਪਰਵਾਹ ਗੁਰੂ ਨਾਥ ਹੋਰਾਂ,
ਪੂਰਨ ਭਗਤ ਤਾਈਂ ਸਾਵਧਾਨ ਕੀਤਾ।
ਕਾਦਰਯਾਰ ਗੁਜ਼ਾਰ ਕੇ ਬਰਸ ਬਾਰਾਂ,
ਖ਼ਸਤਾਹਾਲ ਤਾਈਂ ਖ਼ੁਸ਼ਹਾਲ ਕੀਤਾ।


ਪੂਰਨ ਦੀ ਯੋਗ ਦੀ ਮੰਗ ਤੇ ਗੋਰਖ ਦੀ ਪ੍ਰਵਾਨਗੀ


(ਦਾਲ)

ਦੇਣ ਲਗਾ ਰੁਖ਼ਸਤ ਓਸ ਵੇਲੇ,
ਗੁਰੂ ਆਖਦਾ ਬਚਾ ਜੀ ਮੁਲਖ ਜਾਵੋ।
ਦੇਖ ਬਾਪ ਤੇ ਮਾਇ ਨੂੰ ਠੰਢ ਪਾਵੋ,
ਦੁਖ ਕਟਿਆ ਜਾਇ ਤੇ ਸੁਖ ਪਾਵੋ।
ਪੂਰਨ ਆਖਦਾ ਬੇਹਿਸਾਬ ਹੈ ਜੀ,
ਕੰਨ ਪਾੜ ਮੇਰੇ ਅੰਗ ਖ਼ਾਕ ਲਾਵੋ।
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ,
ਮਿਹਰਬਾਨਗੀ ਦੇ ਘਰ ਵਿਚ ਆਵੋ।


(ਜ਼ਾਲ)

ਜ਼ਰਾ ਨਾ ਪਓ ਖ਼ਿਆਲ ਮੇਰੇ,
ਗੁਰੂ ਆਖਦਾ ਜੋਗ ਕਮਾਨ ਔਖਾ।
ਫ਼ਾਕਾ ਫ਼ਿਕਰ ਤੇ ਸਫ਼ਰ ਕਬੂਲ ਕਰਨਾ,
ਦੁਨੀਆਂ ਛਡ ਦੇਣੀ ਮਰ ਜਾਣ ਔਖਾ।
ਕਾਮ ਮਾਰ ਕੇ ਕ੍ਰੋਧ ਨੂੰ ਦੂਰ ਕਰਨਾ,
ਮੰਦੀ ਹਿਰਸ ਦਾ ਤੋੜਨਾ ਮਾਨ ਔਖਾ।
ਕਾਦਰਯਾਰ ਕਹਿੰਦਾ ਗੁਰੂ ਪੂਰਨ ਤਾਈਂ,
ਏਸ ਰਾਹ ਦਾ ਮਸਲਾ ਪਾਨ ਔਖਾ।


(ਰੇ)

ਰੋਇ ਕੇ ਪੂਰਨ ਹੱਥ ਬੰਨ੍ਹੇ,
ਲੜ ਛਡ ਤੇਰਾ ਕਿਥੇ ਜਾਵਸਾਂ ਮੈਂ।
ਫ਼ਾਕਾ ਫ਼ਿਕਰ ਤੇ ਸਫ਼ਰ ਕਬੂਲ ਸਿਰ ਤੇ,
ਤੇਰਾ ਹੁਕਮ ਬਜਾਇ ਲਿਆਵਸਾਂ ਮੈਂ।
ਕਰੋ ਕਰਮ ਤੇ ਸੀਸ ਪਰ ਹੱਥ ਰਖੋ,
ਖਿਜ਼ਮਤਗਾਰ ਗ਼ੁਲਾਮ ਸਦਾਵਸਾਂ ਮੈਂ।
ਕਾਦਰਯਾਰ ਤਵਾਜ਼ਿਆ ਹੋਗੁ ਜਿਹੜੀ,
ਟਹਿਲ ਸਾਬਤੀ ਨਾਲ ਕਰਾਵਸਾਂ ਮੈਂ।


(ਜ਼ੇ)

ਜ਼ੋਰ ਬੇਜ਼ੋਰ ਹੋ ਗੁਰੂ ਅਗੇ,
ਪੂਰਨ ਆਇ ਕੇ ਸੀਸ ਨਿਵਾਂਵਦਾ ਏ।
ਗੁਰੂ ਪਕੜ ਕੇ ਸੀਸ ਤੋਂ ਲਿੱਟ ਕਤਰੀ,
ਕੰਨ ਪਾੜ ਕੇ ਮੁੰਦਰਾਂ ਪਾਂਵਦਾ ਏ।
ਗੇਰੀ ਰੰਗ ਪੁਸ਼ਾਕੀਆਂ ਖੋਲ੍ਹ ਬੁਚਕੇ,
ਹਥੀਂ ਆਪਣੀ ਨਾਥ ਪਹਿਨਾਂਵਦਾ ਏ।
ਕਾਦਰਯਾਰ ਗੁਰੂ ਸਵਾ ਲਖ ਵਿਚੋਂ,
ਪੂਰਨ ਭਗਤ ਮਹੰਤ ਬਣਾਂਵਦਾ ਏ।


ਕਵੀਓਵਾਚ


(ਸੀਨ)

ਸੁਣੋ ਲੋਕੋ ਕਿੱਸਾ ਆਸ਼ਕਾਂ ਦਾ,
ਜਿਨ੍ਹਾਂ ਰਬ ਦੇ ਨਾਮ ਤੋਂ ਜਾਨ ਵਾਰੀ।
ਓਨ੍ਹਾਂ ਜਾਨ ਤੋਂ ਮੌਤ ਕਬੂਲ ਕੀਤੀ,
ਪਰ ਸਾਬਤੀ ਨਾ ਦਿਲੋਂ ਮੂਲ ਹਾਰੀ।
ਰਬ ਜਦ ਕਦ ਓਨ੍ਹਾਂ ਨੂੰ ਬਖ਼ਸ਼ਦਾ ਹੈ,
ਦੁਖ ਦੇਇ ਕੇ ਸੁਖ ਦੀ ਕਰੇ ਕਾਰੀ।
ਕਾਦਰਯਾਰ ਜੇ ਓਸ ਦੇ ਹੋਇ ਰਹੀਏ,
ਓਹਨੂੰ ਪਉਂਦੀ ਹੈ ਸ਼ਰਮ ਦੀ ਲਜ ਸਾਰੀ।


ਪੂਰਨ ਦਾ ਸੁੰਦਰਾਂ ਤੋਂ ਖ਼ੈਰ ਲਿਆਉਣਾ


(ਸ਼ੀਨ)

ਸ਼ਹਿਰ ਭਲਾ ਰਾਣੀ ਸੁੰਦਰਾਂ ਦਾ,
ਪੂਰਨ ਚਲਿਆ ਖ਼ਾਕ ਰਮਾਇ ਕੇ ਜੀ।
ਜੋਗੀ ਆਖਦੇ ਪੂਰਨਾ ਅਜ ਜੇ ਤੂੰ,
ਆਵੇਂ ਸੁੰਦਰਾਂ ਤੋਂ ਫਤੇ ਪਾਏ ਕੇ ਜੀ।
ਅਗੇ ਕਈ ਜੋਗੀ ਉਥੇ ਹੋਇ ਆਏ,
ਮਹਿਲੀਂ ਬੈਠ ਆਵਾਜ਼ ਬੁਲਾਇ ਕੇ ਜੀ।
ਕਾਦਰਯਾਰ ਤੇਰੀ ਸਾਨੂੰ ਖ਼ਬਰ ਨਾਹੀਂ,
ਜ਼ੋਰ ਕਰੇ ਜੇ ਪੂਰਨਾ ਜਾਇ ਕੇ ਜੀ।


(ਸਵਾਦ)

ਸਾਹਿਬ ਦਾ ਨਾਮ ਧਿਆਏ ਕੇ ਜੀ,
ਪੂਰਨ ਆਖਦਾ ਹੁਕਮ ਦੀ ਟਹਿਲ ਕਾਈ।
ਗੁਰੂ ਨਾਥ ਫੜਾਇ ਕੇ ਹੱਥ ਲੋਟਾ,
ਥਾਪੀ ਪੁਸ਼ਤ ਪਨਾਹ ਦੀ ਮਗਰ ਲਾਈ।
ਗੁਰੂ ਆਖਦਾ ਬੱਚਾ ਜੀ ਮਤ ਸਾਡੀ,
ਹਰ ਕਿਸੇ ਨੂੰ ਸਮਝਨਾ ਭੈਣ ਮਾਈ।
ਕਾਦਰਯਾਰ ਸੰਮਾਲ ਕੇ ਮੁਲਖ ਫਿਰਨਾ,
ਮਤਿ ਦਾਗ਼ ਨਾ ਸੂਰਤਿ ਨੂੰ ਲਗ ਜਾਈ।


(ਜ਼ੁਆਦ)

ਜ਼ਰੂਰਤ ਜੇ ਕਿਸੇ ਦੀ ਹੁੰਦੀ ਮੈਨੂੰ,
ਕਿਉਂ, ਆਪਣਾ ਆਪ ਗੁਵਾਉਂਦਾ ਮੈਂ।
ਪਹਿਲਾ ਲੂਣਾ ਦਾ ਆਖਿਆ ਮੰਨ ਲੈਂਦਾ,
ਖੂਹੇ ਪੈਂਦਾ ਕਿਉਂ ਦਸਤ ਵਢਾਉਂਦਾ ਮੈਂ।
ਹੁਣ ਫੇਰ ਰਹੇ ਤੁਸੀਂ ਆਖ ਮੈਨੂੰ,
ਹਿਰਸ ਹੁੰਦੀ ਜੇ ਮੁਲਖ ਨੂੰ ਜਾਉਂਦਾ ਮੈਂ।
ਕਾਦਰਯਾਰ ਜੇ ਖ਼ੁਸ਼ੀ ਦੀ ਗਲ ਹੁੰਦੀ,
ਘਰ ਸੌ ਵਿਆਹ ਕਰਾਉਂਦਾ ਮੈਂ।


(ਤੋਇ)

ਤਾਲਿਆ ਵੰਦ ਫ਼ਕੀਰ ਪੂਰਨ,
ਪਹਿਲੇ ਰੋਜ਼ ਗਦਾਈ ਨੂੰ ਚਲਿਆ ਈ।
ਰਾਣੀ ਸੁੰਦਰਾਂ ਦੇ ਮਹਲ ਜਾਇ ਵੜਿਆ,
ਬੂਹਾ ਰੰਗ ਮਹਿਲ ਦਾ ਮਲਿਆ ਈ।
ਮਹਲਾਂ ਹੇਠ ਜਾਂ ਪੂਰਨ ਆਵਾਜ਼ ਕੀਤੀ,
ਰਾਣੀ ਖ਼ੈਰ ਗੋਲੀ ਹੱਥ ਘਲਿਆ ਈ।
ਕਾਦਰਯਾਰ ਗ਼ੁਲਾਮ ਬਿਹੋਸ਼ ਹੋਈ,
ਸੂਰਤ ਵੇਖ ਸੀਨਾ ਥਰਥਲਿਆ ਈ।


(ਜ਼ੋਇ)

ਜ਼ਾਹਰਾ ਗੋਲੀ ਨੂੰ ਕਹੇ ਪੂਰਨ,
ਘਲ ਰਾਣੀ ਨੂੰ ਆਇ ਕੇ ਖ਼ੈਰ ਪਾਏ।
ਅਸੀਂ ਖ਼ੈਰ ਲੈਣਾ ਰਾਣੀ ਸੁੰਦਰਾਂ ਤੋਂ,
ਤੁਸਾਂ ਗੋਲੀਆਂ ਥੋਂ ਨਹੀਂ ਲੈਣ ਆਏ।
ਪੂਰਨ ਕਿਹਾ ਤਾਂ ਗੋਲੀ ਨਾ ਉਜ਼ਰ ਕੀਤਾ,
ਪਿਛਾਂ ਪਰਤ ਕੇ ਰਾਣੀ ਦੇ ਕੋਲ ਜਾਏ।
ਕਾਦਰਯਾਰ ਮੀਆਂ ਰਾਣੀ ਸੁੰਦਰਾਂ ਨੂੰ,
ਗੋਲੀ ਜਾਇ ਤਾਹਨਾ ਤਨ ਬੀਚ ਲਾਏ।


(ਐਨ)

ਅਰਜ਼ ਮੰਨ ਰਾਣੀਏਂ ਕਹੇ ਗੋਲੀ,
ਤੈਨੂੰ ਸੂਰਤ ਦਾ ਵੱਡਾ ਮਾਨ ਮੋਈਏ।
ਜਿਹੜਾ ਆਇਆ ਅਜ ਫ਼ਕੀਰ ਸਾਈਂ,
ਮੈਂ ਵੀ ਵੇਖ ਕੇ ਹੋਈ ਹੈਰਾਨ ਮੋਈਏ।
ਤੇਰੇ ਕੋਲੋਂ ਹੈ ਸੋਹਣਾ ਦਸ ਹਿੱਸੇ,
ਭਾਵੇਂ ਗ਼ੈਰਤਾਂ ਦਿਲ ਵਿਚ ਜਾਨ ਮੋਈਏ।
ਕਾਦਰਯਾਰ ਮੈਥੋਂ ਨਹੀਂ ਖ਼ੈਰ ਲੈਂਦਾ,
ਤੇਰੇ ਦੇਖਣੇ ਨੂੰ ਖੜਾ ਆਨ ਮੋਈਏ।
ਪੂਰਨ ਨੂੰ ਵੇਖਦਿਆਂ ਹੀ ਸੁੰਦਰਾਂ ਦਾ ਵਿੱਕ ਜਾਣਾ


(ਗੈਨ)

ਗੁੱਸਾ ਆਇਆ ਰਾਣੀ ਸੁੰਦਰਾਂ ਨੂੰ,
ਬਾਰੀ ਖੋਲ੍ਹ ਝਰੋਖੇ ਦੇ ਵਿਚ ਰਾਣੀ।
ਕਰ ਨਜ਼ਰ ਫ਼ਕੀਰ ਦੀ ਤਰਫ਼ ਡਿੱਠਾ,
ਸੂਰਤ ਦੇਖ ਕੇ ਓਸ ਦੀ ਸਿੱਕ ਧਾਣੀ।
ਆਖੇ ਗੋਲੀਏ ਨੀ ਇਹਨੂੰ ਸਦ ਅੰਦਰ,
ਇਹਦੀ ਸੂਰਤ ਹੀ ਮੇਰੇ ਮਨ ਭਾਣੀ।
ਕਾਦਰਯਾਰ ਗੋਲੀ ਕਹਿੰਦੀ ਆਉ ਅੰਦਰ,
ਰਾਣੀ ਸੁੰਦਰਾਂ ਦੇ ਦਿਲ ਮਿਹਰਬਾਣੀ।


(ਫ਼ੇ)

ਫ਼ੇਰ ਕਿਹਾ ਪੂਰਨ ਭਗਤ ਅਗੋਂ,
ਅੰਦਰ ਜਾਣ ਫ਼ਕੀਰਾਂ ਦਾ ਕਰਮ ਨਾਹੀ।
ਬਾਹਰ ਆਇ ਕੇ ਰਾਣੀ ਤੂੰ ਖ਼ੈਰ ਪਾਈਂ,
ਅਸੀਂ ਫ਼ਕਰ ਹਾਂ ਤੇ ਦਿਲੋਂ ਨਰਮੁ ਨਾਹੀ।
ਅਸੀਂ ਆਏ ਹਾਂ ਤਲਬ ਦੀਦਾਰ ਦੀ ਨੂੰ,
ਕੋਈ ਹੋਰ ਸਾਡੇ ਦਿਲ ਭਰਮ ਨਾਹੀ।
ਕਾਦਰਯਾਰ ਅਸੀਲਾਂ ਦੇ ਅਸੀਂ ਜਾਏ,
ਕੋਈ ਜਾਤਿ ਕੁਜਾਤਿ ਬੇਧਰਮੁ ਨਾਹੀ।


(ਕਾਫ਼)

ਕੁਫ਼ਲ ਸੰਦੂਕ ਦਾ ਖੋਲ੍ਹ ਰਾਣੀ,
ਭਰੀ ਬੋਰੀ ਉਲੱਟ ਕੇ ਢੇਰ ਕਰਦੀ।
ਹੀਰੇ ਲਾਲ ਜਵਾਹਰ ਹੋਰ ਪਾਏ,
ਭਰ ਥਾਲ ਲਿਆਂਵਦੀ ਪੂਰ ਜ਼ਰਦੀ।
ਰਾਣੀ ਸੁੰਦਰਾਂ ਮੁਖ ਤੋਂ ਲਾਹਿ ਪੜਦਾ,
ਚਰਨ ਚੁੰਮ ਕੇ ਪੈਰ ਤੇ ਸੀਸ ਧਰਦੀ।
ਕਾਦਰਯਾਰ ਕਹੇ ਖੜੇ ਹੋ ਰਹੋ ਇਥੇ,
ਰੋਜ਼ ਰਹਾਂਗੀ ਹੋਇ ਗ਼ੁਲਾਮ ਬਰਦੀ।


(ਕਾਫ਼) ਕਰਮ ਕਰੋ ਵਸੋ ਪਾਸ ਮੇਰੇ,
ਖਲੀ ਇਕ ਮੈਂ ਅਰਜ਼ ਗੁਜ਼ਾਰਨੀ ਹਾਂ।
ਅੰਦਰ ਚਲੋ ਤਾਂ ਰੰਗ ਮਹਿਲ ਤਾਈਂ,
ਤੋਸਕ ਫ਼ਰਸ਼ ਵਿਛਾਇ ਬਹਾਵਨੀ ਹਾਂ।
ਕਰਾਂ ਟਹਿਲ ਜੋ ਤੁਸਾਂ ਦੀ ਖ਼ੁਸ਼ੀ ਹੋਵੇ,
ਭੋਜਨ ਖਾਓ ਤਾਂ ਤੁਰਤ ਪਕਾਵਨੀ ਹਾਂ।
ਕਾਦਰਯਾਰ ਖੜੀ ਰਾਣੀ ਅਰਜ਼ ਕਰਦੀ,
ਘੜੀ ਰਹੋ ਤਾਂ ਜੀਓਕਾ ਪਾਵਨੀ ਹਾਂ।


(ਲਾਮ)

ਲਿਆਈਏ ਭਿਛਿਆ ਕਹੇ ਪੂਰਨ,
ਅੰਦਰ ਵਾੜ ਬਣਾਓ ਨਾ ਚੋਰ ਸਾਨੂੰ।
ਅਗੇ ਇਕ ਫਾਹੀ ਵਿਚੋਂ ਲੰਘ ਆਏ,
ਹੁਣ ਕਜੀਏ ਪਾਓ ਨਾ ਹੋਰ ਸਾਨੂੰ।
ਮਹਲਾਂ ਵਿਚ ਸੁਹਾਂਵਦੇ ਤੁਸੀਂ ਰਾਜੇ,
ਅਸੀਂ ਜਾਂਦੜੇ ਭਲੇ ਹਾਂ ਟੋਰ ਸਾਨੂੰ।
ਕਾਦਰਯਾਰ ਫਿਰ ਭੋਜਨ ਦੀ ਭੁਖ ਨਾਹੀ,
ਸਵਾ ਪਹਿਰ ਦੀ ਵਾਟ ਨਾ ਮੋੜ ਸਾਨੂੰ।


(ਮੀਮ)

ਮਿਨਤਾਂ ਕਰੇ ਨਾ ਰਹੇ ਪੂਰਨ,
ਲੈ ਕੇ ਭਿਛਿਆ ਗੁਰੂ ਦੇ ਕੋਲ ਆਇਆ।
ਹੱਥ ਜੋੜ ਕਹਿੰਦਾ ਗੁਰੂ ਨਾਥ ਅਗੇ,
ਮੈਂ ਤਾਂ ਰੋਬਰੋ ਜਾਇ ਕੇ ਖ਼ੈਰ ਲਿਆਇਆ।
ਗੁਰੂ ਨਾਥ ਤੇ ਦੇਖ ਹੈਰਾਨ ਹੋਇਆ,
ਹੀਰੇ ਲਾਲ ਜਵਾਹਰਾਂ ਕਿਸ ਪਾਇਆ।
ਕਾਦਰਯਾਰ ਕਹਿੰਦਾ ਰਾਣੀ ਸੁੰਦਰਾਂ ਨੇ,
ਇਹ ਖ਼ੈਰ ਤੁਸਾਂ ਵਲ ਏ ਘਲਾਇਆ।


ਪੂਰਨ ਦਾ ਹੀਰੇ ਜਵਾਹਰ ਮੋੜਨ ਆਉਣਾ


(ਨੂਨ)

ਨਹੀਂ ਇਹ ਦੌਲਤਾਂ ਕੰਮ ਸਾਡੇ,
ਗੁਰੂ ਆਖਦਾ ਮੋੜ ਲੈ ਜਾਓ ਪੂਤਾ।
ਮਾਇਆ ਲੋਭ ਫ਼ਕੀਰਾਂ ਦਾ ਕੰਮ ਨਾਹੀਂ,
ਭਿਖਿਆ ਭੋਜਨ ਮੰਗ ਲੈ ਆਓ ਪੂਤਾ।
ਫ਼ਕਰ ਜਹੀ ਨਾ ਦੌਲਤ ਹੋਰ ਕੋਈ,
ਸਾਨੂੰ ਦਿਤੀ ਹੈ ਆਪ ਅਲਾਹੁ ਪੂਤਾ।
ਕਾਦਰਯਾਰ ਜਵਾਹਰਾਂ ਨੂੰ ਰੋੜ ਜਾਣੋ,
ਇਹ ਦੌਲਤ ਦੁਨੀਆਂ ਹਵਾਓ ਪੂਤਾ।


(ਵਾਓ)

ਵੰਝਣ ਲਗਾ ਅਗਲੇ ਭਲਕ ਪੂਰਨ,
ਮੋਤੀ ਮੋੜਨੇ ਨੂੰ ਸ਼ਹਿਰ ਵਲ ਉਤੇ।
ਰਾਣੀ ਸੁੰਦਰਾਂ ਓਸ ਦਾ ਰਾਹ ਤਕੇ,
ਖੜੀ ਦੇਖਦੀ ਰੰਗ ਮਹਲ ਉਤੇ।
ਜਾਣੀ ਜਾਣ ਫ਼ਕੀਰਾਂ ਦਾ ਰਬ ਵਾਲੀ,
ਪੂਰਨ ਜਾਇ ਵੜਿਆ ਘੜੀ ਵਖਤ ਉਤੇ,
ਕਾਦਰਯਾਰ ਪੂਰਨ ਉਸ ਦਾ ਗਾਹਕ ਨਾਹੀਂ,
ਰਾਣੀ ਲੋੜਦੀ ਸੀ ਜਿਹੜੀ ਗਲ ਉਤੇ।


(ਹੇ)

ਹਸ ਕੇ ਆਇ ਸਲਾਮ ਕਰਦੀ,
ਰਾਣੀ ਸੁੰਦਰਾਂ ਪੂਰਨ ਭਗਤ ਤਾਈਂ।
ਪੂਰਨ ਭਗਤ ਉਲਟ ਕੇ ਆਖਿਆ ਸੂ,
ਮੋਤੀ ਸਾਂਭ ਰਾਣੀ ਸਾਡੇ ਕੰਮ ਨਾਹੀਂ।
ਪੱਕੇ ਭੋਜਨ ਦੀ ਦਿਲ ਨੂੰ ਚਾਹ ਹੈਗੀ,
ਇਛਿਆ ਹਈ ਤਾਂ ਤੁਰਤ ਪਕਾਇ ਲਿਆਈਂ।
ਕਾਦਰਯਾਰ ਮੇਰਾ ਗੁਰੂ ਖਫ਼ੇ ਹੁੰਦਾ,
ਲਾਲ ਮੋਤੀਆਂ ਹੀਰੇ ਨਾ ਚਿੱਤ ਲਾਈਂ।


(ਲਾਮ)

ਲਿਆਇ ਕੇ ਹੀਰੇ ਜਵਾਹਰਾਂ ਨੂੰ,
ਪੂਰਨ ਸੁੰਦਰਾਂ ਦੇ ਪੱਲੇ ਪਾਂਵਦਾ ਈ।
ਰਾਣੀ ਸੁੰਦਰਾਂ ਦੇਖ ਬੇਤਾਬ ਹੋਈ,
ਪੂਰਨ ਦੇ ਮੋਤੀ ਤੁਰਤ ਜਾਂਵਦਾ ਈ।
ਰਾਣੀ ਸੁੰਦਰਾਂ ਭੋਜਨ ਪਕਾਨ ਲਗੀ,
ਪੂਰਨ ਗੁਰੂ ਜੀ ਦੇ ਪਾਸ ਆਂਵਦਾ ਈ।
ਕਾਦਰਯਾਰ ਪੂਰਨ ਜਾਇ ਗੁਰੂ ਅਗੇ,
ਹੱਥ ਬੰਨ੍ਹ ਕੇ ਸੀਸ ਨਿਵਾਂਵਦਾ ਈ।


ਕਵੀਓਵਾਚ


(ਅਲਫ਼)

ਆਖਦੇ ਸੂਰਤਿ ਹੈ ਰਿਜ਼ਕ ਅੱਧਾ,
ਜੇਕਰ ਆਪ ਕਿਸੇ ਨੂੰ ਰਬ ਦੇਵੇ।
ਸੂਰਤਵੰਦ ਜੇ ਕਿਸੇ ਦੇ ਵਲ ਵੇਖੇ,
ਸਭ ਕੋਈ ਬੁਲਾਂਵਦਾ ਹੱਸ ਕੇ ਵੇ।
ਮਾਰੇ ਸੂਰਤਾਂ ਦੇ ਮਰ ਗਏ ਆਸ਼ਕ,
ਨਹੀਂ ਹੁਸਨ ਦਾ ਦਰਦ ਫ਼ਿਰਾਕ ਏਵੇਂ।
ਕਾਦਰਯਾਰ ਪ੍ਰਵਾਹ ਕੀ ਸੋਹਣਿਆਂ ਨੂੰ,
ਜਿਨ੍ਹਾਂ ਹੁਸਨ ਦੀ ਮੰਗੀ ਮੁਰਾਦ ਲੇਵੇ।


ਰਾਣੀ ਸੁੰਦਰਾਂ ਦਾ ਗੁਰੂ ਗੋਰਖ ਕੋਲ ਜਾਣਾ


(ਯੇ)

ਯਾਦ ਕੀਤੀ ਖੋਲ੍ਹ ਚੀਜ਼ ਸਾਰੀ,
ਪੂਰਨ ਆਖਦਾ ਗੁਰੂ ਜੀ ਆਂਵਦੀ ਏ।
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ,
ਹੱਥ ਬੰਨ੍ਹ ਕੇ ਸੀਸ ਨਿਵਾਂਵਦੀ ਏ।
ਛਤੀ ਭੋਜਨ ਗੁਰੂ ਦੇ ਰਖ ਅਗੇ,
ਆਜਿਜ਼ ਹੋਇ ਕੇ ਅਰਜ਼ ਫ਼ਰਮਾਂਵਦੀ ਏ।
ਕਾਦਰਯਾਰ ਅਸੀਂ ਖੜੇ ਦੇਖਣੇ ਨੂੰ,
ਰਾਣੀ ਕੀ ਇਨਾਮ ਲੈ ਆਂਵਦੀ ਏ।


ਚੌਥੀ ਸੀਹਰਫ਼ੀ


(ਅਲਫ਼)

ਆਦਿ ਜੋਗੀ ਸਭੇ ਦੇਖ ਉਹਨੂੰ,
ਚਾਰੋਂ ਤਰਫ ਚੁਫੇਰਿਓਂ ਘਤ ਘੇਰਾ।
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ,
ਸਭਨਾਂ ਵਲ ਦਿਦਾਰ ਦੇ ਫੇਰਾ।
ਗੁਰੂ ਨਾਥ ਤੇ ਪੂਰਨ ਰਹੇ ਸਾਬਤ,
ਹੋਰ ਡੋਲਿਆ ਸਿੱਧਾਂ ਦਾ ਸਭ ਡੇਰਾ।
ਕਾਦਰਯਾਰ ਗੁਰੂ ਤਰਸਵਾਨ ਹੋਇਆ,
ਮੂੰਹੋਂ ਮੰਗ ਰਾਣੀ ਜੋ ਕੁਝ ਜੀਓ ਤੇਰਾ।


(ਬੇ)

ਬਹੁਤ ਹੈ ਗੁਰੂ ਜੀ ਦਇਆ ਤੇਰੀ,
ਰਾਣੀ ਆਖਦੀ ਕੁਝ ਅਟਕਾ ਨਾਹੀ।
ਹੀਰੇ ਲਾਲ ਜਵਾਹਰ ਸਵਰਨ ਮੋਤੀ,
ਘਰ ਮੇਂਵਦੇ ਮਾਲ ਮਤਾਹ ਨਾਹੀ,
ਅਗੇ ਗੋਲੀਆਂ ਬਾਂਦੀਆਂ ਦਾਈਆਂ ਨੇ,
ਹੋਰ ਕਾਸੇ ਦੀ ਕੁਝ ਪਰਵਾਹ ਨਾਹੀ।
ਕਾਦਰਯਾਰ ਦੀਦਾਰ ਨੂੰ ਅਸੀਂ ਆਏ,
ਹਰੋ ਮੰਗਣੇ ਦੀ ਦਿਲ ਚਾਹ ਨਾਹੀ।


(ਤੇ)

ਤੁਠਾ ਹਾਂ ਰਾਣੀਏ ਮੰਗ ਮੈਥੋਂ,
ਦੂਜੀ ਵਾਰ ਕਹਿੰਦਾ ਗੁਰੂ ਇਹੋ ਵੇਲਾ।
ਰੰਗ ਰੰਗ ਦੇ ਬਾਗ਼ ਬਹਾਰ ਹੋਏ,
ਸਭ ਆਇਆ ਹੈ ਗੁਰੂ ਦੇ ਦੇਖ ਮੇਲਾ।
ਰਾਣੀ ਸੁੰਦਰਾਂ ਫੇਰ ਕੇ ਨਜ਼ਰ ਕੀਤੀ,
ਪੂਰਨ ਭਗਤ ਹੈ ਅੰਮ੍ਰਿਤ ਫਲ ਕੇਲਾ।
ਕਾਦਰਯਾਰ ਜੇ ਤੁਠਾ ਹੈਂ ਬਖ਼ਸ਼ ਮੈਨੂੰ,
ਰਾਣੀ ਆਖਦੀ ਪੂਰਨ ਭਗਤ ਚੇਲਾ।
ਪੂਰਨ ਚਲਿਆ ਰਾਣੀ ਦੀ ਢੱਕ ਹੋ ਕੇ


(ਸੇ)

ਸਾਬਤੀ ਨਾਲ ਕਰ ਬਚਨ ਬੈਠਾ,
ਦਿਲ ਖੁਸਦੇ ਗੁਰੂ ਨੇ ਟੋਰਿਆ ਈ।
ਪੂਰਨ ਚਲਿਆ ਰਾਣੀ ਦੀ ਢੱਕ ਹੋ ਕੇ,
ਹੁਕਮ ਗੁਰੂ ਦਾ ਓਸ ਨਾ ਮੋੜਿਆ ਈ।
ਰਾਣੀ ਸੁੰਦਰਾਂ ਕਰੇ ਦਲੀਲ ਦਿਲ ਦੀ,
ਸੋਈ ਕਰਮ ਪਾਇਆ ਜੋ ਮੈਂ ਲੋੜਿਆ ਈ।
ਕਾਦਰਯਾਰ ਮੀਆਂ ਵਾਟੇ ਜਾਇ ਪੂਰਨ,
ਰਾਣੀ ਗੁਰੂ ਦਾ ਸੰਗ ਵਿਛੋੜਿਆ ਈ।


(ਜੀਮ)

ਜਦੋਂ ਲੈ ਸੁੰਦਰਾਂ ਤੁਰੀ ਪੂਰਨ,
ਕਹਿੰਦੀ ਅਜ ਚੜ੍ਹੀ ਚਿੱਲੇ ਰਾਜ ਦੇ ਜੀ।
ਖ਼ੁਸ਼ੀ ਵਿਚ ਨਾ ਮੇਂਵਦੀ ਚੋਲੜੇ ਦੇ,
ਬੰਦ ਟੁਟ ਗਏ ਪਿਸ਼ਵਾਜ਼ ਦੇ ਜੀ।
ਜੈਸਾ ਲਾਲ ਮੈਂ ਅਜ ਖਰੀਦ ਆਂਦਾ,
ਐਸਾ ਹੋਰ ਨਾ ਕੋਈ ਵਿਹਾਜਦੇ ਜੀ।
ਕਾਦਰਯਾਰ ਜਾਂ ਆਪਣੇ ਸ਼ਹਿਰ ਵੜੀ,
ਕੰਮ ਵੇਖ ਗ਼ਰੀਬ ਨਿਵਾਜ ਦੇ ਜੀ।


ਪੂਰਨ ਦਾ ਬਹਾਨੇ ਨਾਲ ਨੱਸ ਜਾਣਾ


(ਹੇ)

ਹੋਸ਼ ਕੀਤੀ ਪੂਰਨ ਭਗਤ ਉਥੇ,
ਬੈਠ ਹਾਲ ਹਵਾਲ ਪੜ੍ਹਾਇਆ ਈ।
ਜਿਨ੍ਹਾਂ ਗੱਲਾਂ ਥੋਂ ਰੱਬ ਜੀ ਸੰਗਦਾ ਸਾਂ,
ਕੇਹਾ ਰਾਣੀ ਨੇ ਮੈਨੂੰ ਰੰਜਾਣਿਆ ਈ।
ਉਥੇ ਆਖਦਾ ਮੈਂ ਦਿਸ਼ਾ ਬੈਠ ਆਵਾਂ,
ਦਿਲੋਂ ਸਮਝ ਕੇ ਬੋਲ ਵਖਾਣਿਆ ਈ।
ਕਾਦਰਯਾਰ ਖੜੋਇ ਕੇ ਸੁੰਦਰਾਂ ਨੂੰ,
ਪੂਰਨ ਆਖਦਾ ਵਾਂਗ ਅੰਞਾਣਿਆ ਈ।


(ਖ਼ੇ)

ਖ਼ਬਰ ਨਾ ਸੀ ਰਾਣੀ ਸੁੰਦਰਾਂ ਨੂੰ,
ਪੂਰਨ ਦੇਇ ਦਗ਼ਾ ਤੁਰ ਜਾਂਵਦਾ ਈ।
ਮੈਂ ਤਾਂ ਜਾਣਦੀ ਸੀ ਮੇਰੇ ਹੁਸਨ ਮੱਤਾ,
ਜਿਹੜਾ ਇਹ ਅਰਜ਼ਾਂ ਫ਼ੁਰਮਾਂਵਦਾ ਈ।
ਉਹਨੂੰ ਗੋਲੀਆਂ ਬਾਂਦੀਆਂ ਨਾਲ ਦਿਤੀਆਂ,
ਆਖੇ ਫਿਰ ਦਿਸ਼ਾ ਪਾਰ ਆਂਵਦਾ ਈ।
ਕਾਦਰਯਾਰ ਮੀਆਂ ਵਾਟੇ ਜਾਇ ਪੂਰਨ,
ਟਿੱਲੇ ਬਾਲ ਦਾ ਰਾਹ ਪਛਾਣਦਾ ਈ।


(ਦਾਲ)

ਦਸਿਆ ਆਇ ਕੇ ਗੋਲੀਆਂ ਨੇ,
ਪੂਰਨ ਰਾਣੀਏ ਧ੍ਰੋਹ ਕਮਾਇ ਗਇਆ।
ਅਸੀਂ ਗੁਰੂ ਦੇ ਵਾਸਤੇ ਪਾਇ ਰਹੀਆਂ,
ਹਥੀਂ ਪੈ ਕੰਨੀ ਛੁਡਵਾਇ ਗਇਆ।
ਰਾਣੀ ਸੁੰਦਰਾਂ ਸੁਣ ਬਿਤਾਬ ਹੋਈ,
ਸੱਸੀ ਵਾਗ ਮੈਨੂੰ ਬਿਰਹੋਂ ਲਾਇ ਗਇਆ।
ਕਾਦਰਯਾਰ ਖਲੋਇ ਕੇ ਪੁਛਿਆ ਸੂ,
ਦਸੋ ਗੋਲੀਓ ਨੀ ਕਿਹੜੇ ਰਾਹ ਗਇਆ।


(ਜ਼ਾਲ)

ਜ਼ਰਾ ਨਾ ਤਾਕਤ ਰਹੀ ਤਨ ਵਿਚ,
ਕੀਲੀ ਸੁੰਦਰਾਂ ਗ਼ਮਾਂ ਦੇ ਗੀਤ ਲੋਕੋ।
ਮੈਂ ਤਾਂ ਭੁਲੀ ਤੁਸੀਂ ਨਾ ਭੁਲੋ ਕੋਈ,
ਲਾਵੋ ਜੋਗੀਆਂ ਨਾਲ ਨਾ ਪ੍ਰੀਤ ਲੋਕੋ।
ਜੰਗਲ ਗਏ ਨਾ ਬਹੁੜੇ ਸੁੰਦਰਾਂ ਨੂੰ,
ਜੋਗੀ ਹੈਨ ਅਗੇ ਕੀਹਦੇ ਮੀਤ ਲੋਕੋ।
ਕਾਦਰਯਾਰ ਪਿਛਾ ਖੜੀ ਦੇਖਦੀ ਸਾਂ,
ਖ਼ੁਸ਼ ਵਕਤ ਵੀ ਹੋਇਆ ਬਤੀਤ ਲੋਕੋ।


(ਰੇ)

ਰੰਗ ਮਹਲ ਤੇ ਚੜ੍ਹੀ ਰਾਣੀ,
ਰੋਇ ਆਖਦੀ ਪੂਰਨਾ ਲੁਟ ਗਇਉਂ।
ਬਾਗ਼ ਹਿਰਸ ਦਾ ਪੱਕ ਤਿਆਰ ਹੋਇਆ,
ਹਥੀਂ ਲਾਇ ਕੇ ਬੁਟਿਆਂ ਪੁਟ ਗਇਉਂ।
ਘੜੀ ਬੈਠ ਨਾ ਕੀਤੀਆਂ ਰਜ ਗੱਲਾਂ,
ਝੂਠੀ ਪ੍ਰੀਤ ਲਗਾਇ ਕੇ ਉਠ ਗਇਉਂ।
ਕਾਦਰਯਾਰ ਮੀਆਂ ਸੱਸੀ ਵਾਂਗ ਮੈਨੂੰ,
ਥਲਾਂ ਵਿਚ ਕੂਕੇਂਦੀ ਨੂੰ ਸੁਟ ਗਇਉਂ।


(ਜ਼ੇ)

ਜ਼ੋਰ ਨਾ ਸੀ ਸੋਹਣੇ ਨਾਲ ਤੇਰੇ,
ਖੜੀ ਦਸਤ ਪੁਕਾਰਦੀ ਵਲ ਸੂਹੀ।
ਪੂਰਨ ਨਜ਼ਰ ਨਾ ਆਂਵਦਾ ਸੁੰਦਰਾਂ ਨੂੰ,
ਰਾਣੀ ਰੰਗ ਮਹਲ ਤੋਂ ਟੁੱਟ ਮੂਈ।
ਧਪੇ ਇਸ਼ਕ ਦੇ ਮਾਰ ਹੈਰਾਨ ਕੀਤੀ,
ਪਾਟੇ ਨੈਣ ਨਕੋਂ ਚਲੀ ਰਤ ਸੂਹੀ।
ਕਾਦਰਯਾਰ ਜਾ ਲੋਕ ਹੈਰਾਨ ਹੋਏ,
ਅਜ ਬਾਜ਼ ਤੇ ਚਿੜੀ ਅਸਵਾਰ ਹੋਈ।


(ਸੀਨ)

ਸੁੰਦਰਾਂ ਦੇ ਸਵਾਸ ਮੁਕਤ ਹੋਏ,
ਪੂਰਨ ਨਸ ਕੇ ਗੁਰੂ ਦੇ ਪਾਸ ਪੁੰਨਾ।
ਗੁਰੂ ਆਖਿਆ ਸੀ ਕਰ ਕਹਿਰ ਆਇਉਂ,
ਤੇਰੇ ਕਾਰਨ ਹੋਇਆ ਹੈ ਅਜ ਖੂੰਨਾ।
ਪੂਰਨ ਪਰਤ ਡਿਠਾ ਗੁਰੂ ਖਫ਼ਾ ਦਿਸੇ,
ਭਰ ਨੈਨ ਗਿੜਾਵਨੇ ਤਦੇ ਰੁੰਨਾ।
ਕਾਦਰਯਾਰ ਗੁਰੂ ਕਹਿਆ ਜਾਇ ਗੋਲਾ,
ਮਿਲ ਮਾਪਿਆਂ ਨੂੰ ਪਵੀ ਠੰਢ ਉਨ੍ਹਾਂ।


ਪੂਰਨ ਦਾ ਮੁੜ ਸਿਆਲਕੋਟ ਜਾਣਾ


(ਸ਼ੀਨ)

ਸ਼ਹਿਰ ਸਲਕੋਟ ਦੀ ਤਰਫ਼ ਬੰਨੇ,
ਗੁਰੂ ਵਿਦਾ ਕੀਤਾ ਮਿਹਰਬਾਨ ਹੋ ਕੇ।
ਬਾਗ਼ ਆਪਣੇ ਆਸਣ ਆਨ ਲਾਇਆ,
ਬਾਰ੍ਹੀਂ ਵਰ੍ਹੀਂ ਰਾਜੇ ਨਿਗਾਹਵਾਨ ਹੋ ਕੇ।
ਲੋਕ ਆਖਦੇ ਮੋਇਆ ਹੈ ਖਸਮ ਇਹਦਾ,
ਤਖਤ ਉਜੜੇ ਤਦੋਂ ਵੈਰਾਨ ਹੋ ਕੇ।
ਕਾਦਰਯਾਰ ਤਰੌਂਕਿਆ ਜਾਇ ਪਾਣੀ,
ਦਾਖਾਂ ਪਕੀਆਂ ਨੀ ਸਾਵਧਾਨ ਹੋ ਕੇ।


(ਸਵਾਦ)

ਸਿਫ਼ਤਿ ਸੁਣ ਕੇ ਕਰਾਮਾਤ ਜ਼ਾਹਰਾ,
ਸਾਰਾ ਸ਼ਹਿਰ ਹੁਮਾਇ ਕੇ ਆਂਵਦਾ ਈ।
ਬਾਰਾਂ ਬਰਸ ਗੁਜ਼ਰੇ ਲਖੇ ਕੌਣ ਕੋਈ,
ਪੜਦਾ ਪਾਇ ਕੇ ਮੁੱਖ ਛੁਪਾਂਵਦਾ ਈ।
ਜੇ ਕੋਈ ਪਾਸ ਆਵੇ ਓਹ ਮੁਰਾਦ ਪਾਵੇ,
ਨਾਮ ਰੱਬ ਦੇ ਆਸ ਪੁਜਾਂਵਦਾ ਈ।
ਕਾਦਰਯਾਰ ਜਾਂਦੇ ਦੁਖ ਦੁਖੀਆਂ ਦੇ,
ਪੂਰਨ ਅੰਨ੍ਹਿਆਂ ਨੈਨ ਦਿਵਾਂਵਦਾ ਈ।


(ਜ਼ੁਆਦ)

ਜ਼ਰਬ ਜਲਾਂਵਦਾ ਜੋਤਿ ਐਸੀ,
ਰਾਜਾ ਸਣੇ ਰਾਣੀ ਚਲ ਆਇਆ ਈ।
ਅਗੇ ਅਗੇ ਸਲਵਾਹਨ ਤੇ ਪਿਛੇ ਲੂਣਾ,
ਰਬ ਦੁਹਾਂ ਨੂੰ ਬਾਗ਼ ਲਿਆਇਆ ਈ।
ਪੂਰਨ ਜਾਣਿਆਂ ਮਾਤਾ ਤੇ ਪਿਤਾ ਆਏ,
ਜਿਨ੍ਹਾਂ ਮਾਰ ਖੂਹੇ ਘਤਵਾਇਆ ਈ।
ਕਾਦਰਯਾਰ ਮੀਆਂ ਅਗੋਂ ਉਠ ਪੂਰਨ,
ਚੁੰਮ ਚਰਣ ਤੇ ਸੀਸ ਨਿਵਾਇਆ ਈ।


(ਤੋਇ)

ਤਰਫ਼ ਤੇਰੀ ਮਥਾ ਟੇਕਣੇ ਨੂੰ,
ਰਾਜਾ ਕਹੇ ਅਸੀਂ ਸੇਵਾਦਾਰ ਆਏ।
ਅਗੋਂ ਉਠ ਕੇ ਤੁਧ ਫ਼ਕੀਰ ਸਾਈਂ,
ਵੱਡਾ ਭਾਰ ਸਾਡੇ ਸਿਰੇ ਚਾੜ੍ਹਿਆ ਏ।
ਮੇਰੇ ਭਾਣੇ ਤੇ ਰਾਜਿਆ ਰਬ ਤੈਨੂੰ,
ਕਰ ਗੁਰਾਂ ਦੇ ਰੂਪ ਉਤਾਰਿਆ ਏ।
ਕਾਦਰਯਾਰ ਤੂੰ ਦੇਸ਼ ਦਾ ਮਾਲ ਖਾਵੰਦ,
ਤਾਂ ਮੈਂ ਏਤਨਾ ਬਚਨ ਪੁਕਾਰਿਆ ਏ।


(ਜ਼ੋਇ)

ਜ਼ਾਹਰਾ ਦਸ ਤੂੰ ਮੂੰਹੋਂ ਰਾਜਾ,
ਕਿਉਂ ਕਰ ਚਲ ਕੇ ਆਇਉਂ ਅਸਥਾਨ ਮੇਰੇ।
ਰਾਜਾ ਆਖਦਾ ਸਚ ਫ਼ਕੀਰ ਸਾਈਂ,
ਘਰ ਨਹੀਂ ਹੁੰਦੀ ਸੰਤਾਨ ਮੇਰੇ।
ਆਂਙਣ ਦਿਸੇ ਨਾ ਖੇਡਦਾ ਬਾਲ ਮੈਨੂੰ,
ਸੁੰਞੇ ਪਏ ਨੀ ਮਹਿਲ ਵੈਰਾਨ ਮੇਰੇ।
ਕਾਦਰਯਾਰ ਮੀਆਂ ਚਵੀ ਬਰਸ ਗੁਜ਼ਰੇ,
ਘਰ ਵਸਦੀ ਏ ਨਾ ਨਿਸ਼ਾਨ ਮੇਰੇ।


(ਐਨ)

ਅਕਲ ਸਾਡੀ ਅੰਦਰ ਆਂਵਦਾ ਏ,
ਇਕ ਪੁਤਰ ਤੇਰੇ ਘਰ ਹੋਇਆ ਹੈ।
ਉਹਨੂਂ ਜਾਇ ਕੇ ਵਿਚ ਉਜਾੜ ਦੇ ਜੀ,
ਵਾਂਗ ਬਕਰੇ ਦੇ ਕਿਸੇ ਕੋਹਿਆ ਹੈ।
ਉਹਦੀ ਵਾਰਤਾ ਰਾਜਿਆ ਦੱਸ ਮੈਨੂੰ,
ਕਿਸ ਦੁਖ ਅਜ਼ਾਬ ਨਾਲ ਮੋਇਆ ਹੈ।
ਕਾਦਰਯਾਰ ਸਲਵਾਹਨ ਨੂੰ ਯਾਦ ਆਇਆ,
ਦੁਖ ਪੁਤ੍ਰ ਦੇ ਨੈਣ ਭਰ ਰੋਇਆ ਹੈ।


(ਗ਼ੈਨ)

ਗੁਜ਼ਰ ਗਏ ਜਦੋਂ ਬਰਸ ਚਵੀ,
ਰਾਜਾ ਆਖਦਾ ਸਚ ਫ਼ਕੀਰ ਸਾਈਂ।
ਬੇਟਾ ਇਕ ਮੇਰੇ ਘਰ ਜੰਮਿਆਂ ਸੀ,
ਰਾਣੀ ਇਛਰਾਂ ਦੇ ਸੀ ਸ਼ਿਕਮ(ਜਿਸਮ) ਤਾਈਂ।
ਮਾਤ੍ਰ ਮਾਇ ਨੂੰ ਦੇਖ ਕੁਧਰਮ ਹੋਇਆ,
ਸੁਣ ਮਾਰਿਆ ਉਸ ਦੀ ਦਾਦ ਖਾਹੀਂ।
ਕਾਦਰਯਾਰ ਕਹਿੰਦਾ ਪੂਰਨ ਭਗਤ ਅਗੋਂ,
ਰਾਜਾ ਮਾਇ ਝੂਠੀ ਪੁਤਰ ਦੋਸ਼ ਨਾਹੀਂ।


(ਫੇ)

ਫੋਲ ਕੇ ਵਾਰਤਾ ਦਸ ਮੈਨੂੰ,
ਪੂਰਨ ਆਖਦਾ ਪੁਤ੍ਰ ਦੀ ਗਲ ਸਾਰੀ।
ਘਰ ਹੋਗੁ ਅਉਲਾਦ ਜੁ ਤਦ ਤੇਰੇ,
ਜੋ ਕੁਝ ਵਰਤੀ ਜ਼ੁਬਾਨ ਥੀਂ ਦਸ ਸਾਰੀ।
ਸਚੋ ਸਚ ਨਿਤਾਰ ਕੇ ਦਸ ਮੈਨੂੰ,
ਝੂਠੀ ਗਲ ਨਾ ਕਰੀਂ ਤੂੰ ਜ਼ਰਾ ਕਾਈ।
ਕਾਦਰਯਾਰ ਔਲਾਦ ਦੀ ਸਿਕ ਮੰਦੀ,
ਲੂਣਾ ਖੋਲ੍ਹ ਕੇ ਦਰਦ ਸਭ ਦਸਿਆ ਈ।


(ਕਾਫ਼)

ਕਹਿਰ ਹੋਈ ਤਕਸੀਰ ਮੈਥੋਂ,
ਰਾਣੀ ਖੋਲ੍ਹ ਕੇ ਸਚ ਸੁਣਾਇਆ ਈ।
ਭੁਲਾ ਪੂਰਨ ਨਾਹੀਂ, ਭੁੱਲੀ ਮੈਂ ਭੈੜੀ,
ਜਦੋਂ ਮਿਲਣ ਮਹਿਲੀਂ ਮੈਨੂੰ ਆਇਆ ਈ।
ਗਲਾਂ ਕੀਤੀਆਂ ਮੈਂ ਆਪ ਹੁਦਰੀਆਂ ਨੀ,
ਤੁਹਮਤਿ ਲਾਇ ਕੇ ਲਾਲ ਕੁਹਾਇਆ ਈ।
ਕਾਦਰਯਾਰ ਸਲਵਾਹਨ ਜਾਂ ਗਲ ਸੁਣੀ,
ਲਹੂ ਫੁਟ ਨੈਨਾਂ ਵਿਚੋਂ ਆਇਆ ਈ।


(ਕਾਫ਼)

ਕਰਮ ਕੀਤੇ ਤੁਧ ਹੀਨ ਮੇਰੇ,
ਰਾਜਾ ਕਹੇ ਲੂਣਾ ਹੈਂਸਿਆਰੀਏ ਨੀ।
ਅਜੇਹਾ ਪੁਤ੍ਰ ਨਾ ਆਂਵਦਾ ਹੱਥ ਮੈਨੂੰ,
ਤੁਧ ਮਾਰ ਗੁਵਾਇਆ ਈ ਡਾਰੀਏ ਨੀ।
ਸ਼ਕਲ ਵੇਖ ਕੇ ਸਿਦਕੋਂ ਬਿਸਿਦਕ ਹੋਈਏ,
ਤੁਹਮਤ ਦੇ ਕੇ ਪੁਤ੍ਰ ਕਿਉਂ ਮਾਰੀਏ ਨੀ।
ਕਾਦਰਯਾਰ ਤੇਰੀ ਮੈਨੂੰ ਖ਼ਬਰ ਹੁੰਦੀ,
ਤੀਰੀ ਲੇਖ ਕਰਦਾ ਚੰਚਲ ਹਾਰੀਏ ਨੀ।


(ਲਾਮ)

ਲਿਖੀਆਂ ਵਰਤੀਆਂ ਨਾਲ ਉਹਦੇ,
ਪੂਰਨ ਆਖਦਾ ਜਾਣ ਕੇ ਭੋਗ ਰਾਜਾ।
ਇਹਦੇ ਵਸ ਨਾਹੀ ਹੋਈ ਰੱਬ ਵਲੋਂ,
ਤੂੰ ਤਾਂ ਹੋਈ ਨੂੰ ਬਖ਼ਸ਼ਣ ਯੋਗ ਰਾਜਾ।
ਦਿੱਤਾ ਇਕ ਚਾਵਲ ਇਹ ਚਖ ਮਾਤਾ,
ਜੋਧਾ ਪੁਤਰ ਤੁਸਾਂ ਘਰ ਹੋਗੁ ਰਾਜਾ।
ਕਾਦਰਯਾਰ ਪਰ ਉਸ ਦੀ ਮਾਉਂ ਵਾਂਗੂੰ,
ਸਾਰੀ ਉਮਰ ਦਾ ਹੋਸੀ ਵਿਯੋਗ ਰਾਜਾ।


ਮਾਂ ਪੁਤਰ ਦਾ ਮੇਲ


(ਮੀਮ)

ਮਿਲਣ ਆਈ ਮਾਤਾ ਇਛਰਾਂ ਏ,
ਦੱਸੋ ਮੈਨੂੰ ਲੋਕੋ ਆਇਆ ਸਾਧ ਕੋਈ।
ਮੇਰੇ ਪੁਤਰ ਦਾ ਬਾਗ਼ ਵੈਰਾਨ ਪਇਆ,
ਫੇਰ ਲਗਾ ਹੈ ਕਰਨ ਆਬਾਦ ਕੋਈ।
ਮੈਂ ਭੀ ਲੈ ਆਵਾਂ ਦਾਰੂ ਅਖੀਆਂ ਦਾ,
ਪੂਰਨ ਛਡ ਨਾ ਗਿਆ ਸੁਆਦ ਕੋਈ।
ਕਾਦਰਯਾਰ ਮੈਂ ਤਾਂ ਲਖ ਵਟਨੀ ਹਾਂ,
ਦਾਰੂ ਦੇਇ ਫ਼ਕੀਰ ਮੁਰਾਦ ਕੋਈ।


(ਨੂਨ)

ਨਜ਼ਰ ਕੀਤੀ ਪੂਰਨ ਪਰਤ ਡਿਠਾ,
ਮਾਤਾ ਆਂਵਦੀ ਏ ਕਿਸੇ ਹਾਲ ਮੰਦੇ।
ਅਡੀ ਖੋੜਿਆਂ ਨਾਲ ਬਿਹੋਸ਼ ਹੋਈ,
ਉਹਨੂੰ ਨਜ਼ਰ ਨਾ ਆਂਵਦੇ ਖਾਰ ਕੰਡੇ।
ਪੂਰਨ ਵੇਖ ਕੇ ਸਹਿ ਨਾ ਸਕਿਆ ਈ,
ਰੋਏ ਉਠਿਆ ਹੋਏ ਹੈਰਾਨ ਬੰਦੇ।
ਕਾਦਰਯਾਰ ਮੀਆਂ ਅਗੋਂ ਉਠ ਪੂਰਨ,
ਦੇਖਾਂ ਕਿਸ ਤਰ੍ਹਾਂ ਮਾਉਂ ਦੇ ਦਰਦ ਵੰਡੇ।


(ਵਾਉ)

ਵਰਤਿਆ ਕੀ ਤੇਰੇ ਨਾਲ ਮਾਤਾ,
ਪੂਰਨ ਆਖਦਾ ਦਸ ਖਾਂ ਸਾਰ ਮੈਨੂੰ।
ਤੇਰੇ ਰੋਂਦੀ ਦੇ ਨੈਨ ਬਿਸੀਰ ਹੋਏ,
ਨਜ਼ਰ ਆਂਵਦਾ ਏ ਅਜ਼ਾਰ ਮੈਨੂੰ।
ਮਾਤਾ ਆਖਦੀ ਦੁਖ ਨਾ ਫੋਲ ਬੇਟਾ,
ਪਿਆ ਪੁਤਰ ਬੈਰਾਗ ਗੁਬਾਰ ਮੈਨੂੰ।
ਕਾਦਰਯਾਰ ਬੁਰੇ ਦੁਖ ਪੁਤਰਾਂ ਦੇ,
ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ।


(ਹੇ)

ਹਥ ਨਹੀਂ ਆਂਵਦੇ ਮੋਏ ਮਾਤਾ,
ਪੂਰਨ ਆਖਦਾ ਮਾਤਾ ਤੂੰ ਰੋਇ ਨਾਹੀ।
ਅਰਜਨ ਦਾਸ ਜਹੇ ਢਾਹੀਂ ਮਾਰ ਗਏ,
ਬਣਿਆ ਇਕ ਅਭਿਮਨੋ ਕੋਇ ਨਾਹੀ।
ਕੈਨੂੰ ਨਹੀਂ ਲਗੇ ਸਲ ਪੁਤਰਾਂ ਦੇ,
ਮਾਤਾ ਤੂੰ ਦਲਗੀਰ ਭੀ ਹੋਇ ਨਾਹੀ।
ਕਾਦਰਯਾਰ ਦਿਲੇਰੀਆਂ ਦੇਇ ਪੂਰਨ,
ਗ਼ਮ ਖਾਹ ਮਾਏ ਖਫਤਨ ਹੋਇ ਨਾਹੀ।


(ਲਾਮ)

ਲਈ ਅਵਾਜ਼ ਪਛਾਣ ਮਾਤਾ,
ਸਚ ਆਖ ਬੇਟਾ ਕਿਥੋਂ ਆਇਆ ਹੈਂ।
ਕਿਹੜਾ ਮੁਲਖ ਤੇਰਾ ਕੈਂਧਾ ਪੁਤਰ ਹੈਂ ਤੂੰ,
ਕਿਹੜੀ ਮਾਇ ਕਰਮਾਂ ਵਾਲੀ ਜਾਇਆ ਹੈਂ।
ਅਖੀਂ ਦਿਸੇ ਤਾਂ ਸੂਰਤੋਂ ਲਭ ਲਵਾਂ,
ਬੋਲੀ ਵਲੋਂ ਤਾਂ ਪੁਤਰ ਪਰਤਾਇਆ ਹੈਂ।
ਕਾਦਰਯਾਰ ਆਖੇ ਦਸ ਭੇਤ ਮੈਨੂੰ,
ਜਾਂ ਮੈਂ ਭੁਲੀ ਜਾਂ ਰੱਬ ਮਿਲਾਇਆ ਹੈਂ।


(ਅਲਫ਼)

ਆਖਦਾ ਪੂਰਨ ਭੁਲ ਨਾਹੀਂ,
ਤੂੰ ਤਾਂ ਬੈਠ ਕੇ ਸਮਝ ਕਰ ਸਾਰ ਮੇਰੀ।
ਟਿਲਾ ਮੁਲਖ ਤੇ ਪੁਤ੍ਰ ਨਾਥ ਦਾ ਹਾਂ,
ਏਹ ਯੋਗ ਕਮਾਵਨੀ ਕਾਰ ਮੇਰੀ।
ਮੁੱਢੋਂ ਸ਼ਹਿਰ ਉਜੈਨ ਬਰਾਦਰੀ ਦੇ,
ਰਾਜਬੰਸੀਆਂ ਦੀ ਦੁਨੀਆਂਦਾਰ ਮੇਰੀ।
ਕਾਦਰਯਾਰ ਸਲਵਾਹਨ ਦਾ ਪੁਤ੍ਰ ਹਾਂ ਮੈਂ,
ਪੂਰਨ ਨਾਮ ਤੇ ਜ਼ਾਤ ਪਰਿਆਰ ਮੇਰੀ।


(ਯੇ)

ਯਾਦ ਨਾ ਮਾਤਾ ਨੂੰ ਗ਼ਮ ਰਿਹਾ,
ਪੜਦੇ ਬੇ ਦੀਦੇ ਸੜ ਕੇ ਖੁਲ੍ਹ ਗਏ।
ਪੂਰਨ ਵੇਖਦੀ ਨੂੰ ਥਣੀਂ ਦੁੱਧ ਪਿਆ,
ਧਾਰ ਮੁਖ ਪਰਨਾਲੜੇ ਚਲ ਗਏ।
ਉਹਨੂੰ ਉਠ ਕੇ ਸੀਨੇ ਦੇ ਨਾਲ ਲਾਇਆ,
ਰਬ ਸੁਖ ਦਿਤੇ ਦੁਖ ਭੁਲ ਗਏ।
ਕਾਦਰਯਾਰ ਮੀਆਂ ਮਾਈ ਇਛਰਾਂ ਦੇ,
ਸ਼ਾਨ ਸ਼ੌਕਤ ਸਭੇ ਹੋਰ ਭੁਲ ਗਏ।


ਪੰਜਵੀਂ ਸੀਹਰਫ਼ੀ


(ਅਲਫ਼)

ਆਪ ਖੁਦਾਇ ਮਿਲਾਇਆ ਹੈ,
ਪੂਰਨ ਬਾਰ੍ਹੀਂ ਵਰ੍ਹੀਂ ਫੇਰ ਮਾਪਿਆਂ ਨੂੰ।
ਨਾਲੇ ਮਾਤਾ ਨੂੰ ਅਖੀਆਂ ਦਿਤੀਆਂ ਸੂ,
ਨਾਲੇ ਲਾਲ ਦਿਤਾ ਇਕਲਾਪਿਆਂ ਨੂੰ।
ਰਾਜਾ ਰੋਇ ਕੇ ਜੀ ਉਨ ਗਲ ਮਿਲਿਆ,
ਪਛੋਤਾਂਵਦਾ ਬਚਨ ਅਲਾਪਿਆਂ ਨੂੰ।
ਕਾਦਰਯਾਰ ਕਹਿੰਦਾ ਪੂਰਨ ਭਗਤ ਉਹਨਾਂ,
ਪਛੋਤਾਵੋ ਨਾ ਵਕਤ ਵਿਹਾਪਿਆਂ ਨੂੰ।


(ਬੇ)

ਬਹੁਤ ਹੋਈ ਪਰੇਸ਼ਾਨ ਲੂਣਾ,
ਪੂਰਨ ਵੇਖਦੀ ਨੂੰ ਚੜ੍ਹ ਤਾਪ ਜਾਇ।
ਰੂਹ ਸਿਆਹ ਹੋਈ ਪੜਦੇ ਜੋਤਿ ਚਲੀ,
ਜ਼ਿਮੀਂ ਵਿਹਲ ਨਾ ਦੇਇ ਸੂ ਛਪ ਜਾਇ।
ਪੂਰਨ ਨਜ਼ਰ ਕੀਤੀ ਲੂਣਾ ਖਲੀ ਪਿਛੇ,
ਲੋਕ ਪਾਸ ਆਵਨ ਚੜ੍ਹ ਧੁਪ ਜਾਇ।
ਕਾਦਰਯਾਰ ਜੋ ਜੋ ਮਥਾ ਟੇਕਦਾ ਹੈ,
ਲੂਣਾ ਨਾਲ ਹੈਰਾਨਗੀ ਖਪਿ ਜਾਇ।


(ਤੇ)

ਤੂੰ ਨਾ ਹੋ ਗ਼ਮਨਾਕ ਮਾਇ,
ਪੂਰਨ ਆਖਦਾ ਲੁਣਾ ਨੂੰ ਬਾਲ ਹੋਈ।
ਤੇਰੇ ਵਸ ਨਹੀਂ ਸੁਣਦਾ ਕੋਲ ਰਾਜਾ,
ਪਿਛਲਾ ਰਖੀਂ ਨਾ ਖਾਬ ਖਿਆਲ ਕੋਈ।
ਦਾਵਨਗੀਰ ਮੈਂ ਆਪਣੇ ਬਾਪ ਦਾ ਹਾਂ,
ਜਿਸ ਪੁਛਿਆ ਨਹੀਂ ਹਵਾਲ ਕੋਈ,
ਕਾਦਰਯਾਰ ਜੇਹੀ ਮੇਰੇ ਬਾਪ ਕੀਤੀ,
ਐਸੀ ਕੌਣ ਕਰਦਾ ਪੁਤਰ ਨਾਲ ਕੋਈ।


(ਸੇ)

ਸਾਬਤੀ ਇਕ ਨਾ ਗਲ ਚਲੇ,
ਰਾਜਾ ਘਟ ਲਥਾ ਸ਼ਰਮਿੰਦਗ਼ੀ ਥੋਂ।
ਦਿਲੋਂ ਜਾਣਦਾ ਮੈਥੋਂ ਕੀ ਵਰਤਿਆ ਸੀ,
ਸਾਹਿਬ ਵਲ ਹੋਇਆ ਇਹਦੀ ਜ਼ਿੰਦਗੀ ਥੋਂ।
ਦਰਗਾਹ ਵਿਚ ਜੁਆਬ ਕੀ ਕਰਾਂਗਾ ਮੈਂ,
ਕੰਮ ਮੂਲ ਨਾ ਹੋਇਆ ਪਸਿੰਦਗੀ ਥੋਂ।
ਕਾਦਰਯਾਰ ਸਲਵਾਹਨ ਦਾ ਉਸ ਵੇਲੇ,
ਰੰਗ ਜ਼ਰਦ ਹੋਇਆ ਸ਼ਰਮਿੰਦਗ਼ੀ ਥੋਂ।


ਸਲਵਾਨ ਦਾ ਪੂਰਨ ਨੂੰ ਰਾਜ ਭਾਗ ਸੰਭਾਲਣ ਲਈ ਕਹਿਣਾ


(ਜੀਮ)

ਜਾਓ ਵਸੋ ਤੁਸੀਂ ਘਰ ਬਾਰੀਂ,
ਪੂਰਨ ਆਖਦਾ ਬਾਪ ਨੂੰ ਸੁਣੀ ਰਾਜਾ।
ਕਰੇ ਮਾਂ ਦੀ ਸੌਂਪਣਾ ਉਸ ਵੇਲੇ,
ਬਾਹੋਂ ਪਕੜ ਲੈ ਜਾਇ ਤੂੰ ਹੁਣੀ ਰਾਜਾ।
ਨਾਲੇ ਲੂਣਾ ਨੂੰ ਜਾਣਨਾ ਉਸੇ ਤਰ੍ਹਾਂ,
ਸਚੋ ਸਚ ਨਿਤਾਰ ਕੇ ਪੁਣੀ ਰਾਜਾ।
ਕਾਦਰਯਾਰ ਉਸ ਰੋਜ ਦਾ ਫ਼ਿਕਰ ਕਰਕੇ,
ਕਿੱਸਾ ਜੋੜ ਬਣਾਇਆ ਸੀ ਗੁਣੀ ਰਾਜਾ।


(ਹੇ)

ਹੁਕਮ ਕੀਤਾ ਰਾਜੇ ਓਸ ਵੇਲੇ,
ਘਰ ਚਲ ਮੇਰੇ ਆਖੇ ਲਗ ਪੁਤਾ।
ਕੁੰਜੀ ਫੜ ਤੂੰ ਦਸਤ ਖਜ਼ਾਨਿਆਂ ਦੀ,
ਪਹਿਨ ਬੈਠ ਤੂੰ ਹੁਕਮ ਦੀ ਪੱਗ ਪੂਤਾ।
ਤੈਨੂੰ ਦੇਖ ਮੇਰਾ ਮਨ ਸਾਧ ਹੋਇਆ,
ਦਿਲੋਂ ਬੁਝੀ ਹੈ ਹਿਰਸ ਦੀ ਅਗ ਪੂਤਾ।
ਕਾਦਰਯਾਰ ਕਰਦਾ ਸਲਵਾਹਨ ਤਰਲੇ,
ਮੈਂ ਤਾਂ ਸੌਂਤਰਾ ਸਦਿਆ ਜਗ ਪੂਤਾ।


(ਖ਼ੇ)

ਖ਼ਾਹਸ ਜੰਜਾਲ ਦੀ ਨਾਹੀਂ ਮੈਨੂੰ,
ਪੂਰਨ ਆਖਦਾ ਬੰਨ੍ਹ ਕੇ ਰਖਦੇ ਹੋ।
ਮੇਰੇ ਵਲੋਂ ਤਾਂ ਰਾਜ ਲੁਟਾਇ ਦੇਵੋ,
ਜੇ ਕਰ ਆਪ ਕਮਾਇ ਨਾ ਸਕਦੇ ਹੋ।
ਜੈਨੂੰ ਦਰਦ ਮੇਰਾ ਮੈਂ ਤਾਂ ਸਮਝ ਲਿਆ,
ਤੁਸੀਂ ਤਰਲੇ ਕਰਦੇ ਮਾਰੇ ਨਕ ਦੇ ਹੋ।
ਕਾਦਰਯਾਰ ਮੈਂ ਸਰਪਰ ਜਾਵਨਾ ਜੇ,
ਨਹੀਂ ਪਾਸ ਰਹਿਣਾ ਜਿਹੜੀ ਤਕਦੇ ਹੋ।


(ਦਾਲ)

ਦੇ ਕੇ ਫੇਰ ਦੁਆ ਮੂੰਹੋਂ,
ਫੇਰ ਮਾਪਿਆਂ ਨੂੰ ਇਕ ਬਚਨ ਕਹਿਸੀ।
ਤਖਤ ਬਹੇਗਾ ਹੋਰ ਭਿਰਾਉ ਮੇਰਾ,
ਜਿਹੜਾ ਹੋਗੁ ਤੁਸਾਂ ਘਰ ਰਾਜ ਬਹਿਸੀ।
ਮਰਦ ਹੋਗੁ ਰਾਜਾ ਵਡੇ ਹੌਂਸਲੇ ਦਾ,
ਜਿਥੇ ਪਵੇ ਮੁਕਦਮਾ ਫਤਹਿ ਲੈਸੀ।
ਕਾਦਰਯਾਰ ਰਸਾਲੂ ਨੂੰ ਬੇਟਾ ਆਖੀਂ,
ਫੇਰ ਰਾਜ ਰਾਜਾ ਤੇਰਾ ਸੁਖੀ ਰਹਿਸੀ।


(ਜ਼ਾਲ)

ਜ਼ਰਾ ਨਾ ਪਵੋ ਖ਼ਿਆਲ ਮੇਰੇ,
ਫੇਰ ਮਾਇ ਅਗੇ ਹੱਥ ਬੰਦਿਉ ਸੂ।
ਆਖੇ ਮਾਉਂ ਨੂੰ ਨਗਰ ਨਾ ਥਾਵਿ ਮੇਰਾ,
ਕਹਿਆ ਬਾਪ ਦਾ ਸਭ ਚਾ ਰਦਿਓ ਸੂ।
ਆਖੇ ਜੋਗੀਆਂ ਨੂੰ ਕਰੋ ਕੂਚ ਡੇਰਾ,
ਪਲਾ ਹਿਰਸ ਦਾ ਚਾਇ ਉਲਦਿਓ ਸੂ।
ਕਾਦਰਯਾਰ ਲਗਾ ਉਥੋਂ ਤੁਰਨ ਪੂਰਨ,
ਮਾਈ ਇਛਰਾਂ ਨੂੰ ਫੇਰ ਸਦਿਓ ਸੂ।


(ਰੇ)

ਰੋਇ ਕੇ ਆਖਦਾ ਮਾਂ ਤਾਈਂ,
ਜਿਹੜਾ ਕਰਮ ਲਿਖਿਆ ਸੋਈ ਪਾ ਲਿਆ ਮੈਂ।
ਇਸ ਸ਼ਹਰ ਥੀਂ ਬਾਪ ਤਗੀਰ ਕਰ ਕੇ,
ਕੇਹੜੀ ਪਤਿ ਦੇ ਨਾਲ ਨਿਕਾਲਿਆ ਮੈਂ।
ਕਿਹਨੂੰ ਖੋਲ੍ਹ ਕੇ ਦਿਲੇ ਦਾ ਹਾਲ ਦਸਾਂ,
ਜਿਹੜਾ ਜਫਰ ਸਰੀਰ ਤੇ ਜਾਲਿਆ ਮੈਂ।
ਕਾਦਰਯਾਰ ਮੀਆਂ ਪੂਰਨ ਭਗਤ ਆਖੇ,
ਵੰਡ ਲਏ ਨੇ ਆਪਣੇ ਤਾਲਿਆ ਮੈਂ।


(ਜ਼ੇ)

ਜ਼ਿੰਦਗਾਨੀ ਤਦ ਹੋਗ ਮੇਰੀ,
ਆਖੇ ਲਗ ਮੇਰੇ ਘਰ ਚਲ ਪੂਤਾ।
ਚਵ੍ਹੀ ਬਰਸ ਗੁਜ਼ਰੇ ਆਹੀਂ ਮਾਰਦੀ ਨੂੰ,
ਤੇਰੇ ਨਾਲ ਨਾ ਕੀਤੀ ਹੈ ਗੱਲ ਪੂਤਾ।
ਦੂਰ ਗਿਆਂ ਦੇ ਦਰਦ ਫ਼ਿਰਾਕ ਬੁਰੇ,
ਸੀਨੇ ਰਹਿੰਦੇ ਨੇ ਸਜਰੇ ਸਲ ਪੂਤਾ।
ਕਾਦਰਯਾਰ ਕਰਕੇ ਹਥੀਂ ਕਾਲ ਮੇਰਾ,
ਏਥੋਂ ਫੇਰ ਜਾਈਂ ਕਿਤੇ ਵਲ ਪੂਤਾ।


ਪੂਰਨ ਦਾ ਵਿਦਿਆ ਹੋਣਾ


(ਸੀਨ)

ਸਮਝ ਮਾਤਾ ਤੂੰ ਤਾਂ ਭੋਲੀਏ ਨੀ,
ਪੂਰਨ ਭਗਤ ਖਲੋਇ ਕੇ ਦੇ ਮਤੀਂ।
ਗੋਪੀ ਚੰਦ ਦੀ ਮਾਂ ਸਾਲਾਰੀਏ ਨੀ,
ਜਿਸ ਤੋਰਿਆ ਪੁਤਰ ਫ਼ਕੀਰ ਹਥੀਂ।
ਤੂੰ ਭੀ ਟੋਰ ਮਾਤਾ ਰਾਜੀ ਹੋਏ ਕੇ ਨੀ,
ਮੈਨੂੰ ਜਾਣ ਦੇ ਫਾਹੀ ਨਾ ਮੂਲ ਘਤੀਂ।
ਕਾਦਰਯਾਰ ਫ਼ਕੀਰ ਦਾ ਰਹਿਣ ਨਾਹੀਂ,
ਰੋਇ ਰੋਇ ਕੇ ਮੇਰੇ ਨਾ ਮਗਰ ਵਤੀਂ।


(ਸ਼ੀਨ)

ਸ਼ੀਰ ਖੋਰਾ ਮੈਥੋਂ ਜੁਦਾ ਹੋਇਉਂ,
ਮਸਾਂ ਮਸਾਂ ਮੈਂ ਡਿੱਠਾ ਹੈ ਮੁਖ ਤੇਰਾ।
ਚਵੀ ਬਰਸ ਗੁਜ਼ਰੇ ਨਾਹਰੇ ਮਾਰਦੀ ਨੂੰ,
ਅਜੇ ਫੋਲ ਨਾ ਪੁਛਿਆ ਦੁਖ ਤੇਰਾ।
ਦਸੀਂ ਪੂਰਨਾ ਵੇ ਹੋਈ ਫੇਰ ਕੀਕਰ,
ਲਗਿਓ ਮਰ ਹਯਾਤੀ ਦਾ ਰੁਖ ਤੇਰਾ।
ਕਾਦਰਯਾਰ ਮੈਂ ਨਿਤ ਚਿਤਾਰਦੀ ਸਾਂ,
ਖਾਬ ਵਿਚ ਸੁਨੇਹੜਾ ਸੁਖ ਤੇਰਾ।


(ਸਵਾਦ)

ਸਾਹਿਬ ਦਿਤੀ ਜਿੰਦ ਜਾਨ ਮੇਰੀ,
ਕੀ ਤੂੰ ਲਗੀ ਹੈਂ ਸਚ ਪੁਛਾਣ ਮਾਏ।
ਗੁਰੂ ਨਾਥ ਜੀ ਕਢਿਆ ਖੂਹ ਵਿਚੋਂ,
ਰਬ ਦਿੱਤੇ ਨੀ ਨੈਨ ਪਰਾਣ ਮਾਏ।
ਮਤ ਖਫ਼ਾ ਹੋਵੇ ਕਰੇ ਕਾਲ ਮੇਰਾ,
ਉਹਦੇ ਕੋਲ ਦੇਵੋ ਮੈਨੂੰ ਜਾਣ ਮਾਏ।
ਕਾਦਰਯਾਰ ਜ਼ਬਾਨ ਥੀਂ ਕੌਲ ਕੀਤਾ,
ਫੇਰ ਮਿਲਾਂਗਾ ਤੈਨੂੰ ਮੈਂ ਆਣ ਮਾਏ।


(ਜ਼ੁਆਦ)

ਜ਼ਾਮਨੀ ਗੁਰਾਂ ਦੀ ਵਿਚ ਲੈ ਕੇ,
ਮਾਤਾ ਟੋਰਿਆ ਏਤ ਕਰਾਰ ਲੋਕੋ।
ਦਿਲੋਂ ਸਮਝਿਆ ਰਬ ਦਾ ਭਲਾ ਹੋਵੇ,
ਸਾਂਝ ਰਖੀ ਸੂ ਵਿਚ ਸੰਸਾਰ ਲੋਕੋ।
ਡਿਗੇ ਲਾਲ ਹੱਥਾਂ ਵਿਚੋਂ ਲਭਦੇ ਨੇ,
ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ।
ਪੂਰਨ ਹੋ ਟੁਰਿਆ ਵਿਦਾ ਇਛਰਾਂ ਤੋਂ,
ਕਿੱਸਾ ਜੋੜਿਆ ਸੀ ਕਾਦਰਯਾਰ ਲੋਕੋ।


(ਤੁਇ)

ਤਰਫ ਤੁਰਿਆ ਗੁਰੂ ਆਪਣੇ ਦੀ,
ਜਾ ਕੇ ਚਰਨਾਂ ਤੇ ਸੀਸ ਨਿਵਾਂਵਦਾ ਈ।
ਪਹਿਲਾਂ ਜਾਇ ਪਰਦਖਨਾ ਤਿੰਨ ਕਰਦਾ,
ਮੁਖੋਂ ਆਦਿ ਅਲੱਖ ਜਗਾਂਵਦਾ ਈ।
ਸਾਰੇ ਸੰਤਾਂ ਨੂੰ ਫੇਰ ਡੰਡੌਤ ਕਰ ਕੇ,
ਆਸਣ ਲਾਇ ਧੂਆਂ ਫੇਰ ਪਾਂਵਦਾ ਈ।
ਕਾਦਰਯਾਰ ਫਿਰ ਪੁਛਿਆ ਗੁਰੂ ਪੂਰੇ,
ਮਾਈ ਬਾਪ ਦਾ ਹਾਲ ਸੁਣਾਂਵਦਾ ਈ।


ਗੋਰਖ ਨੂੰ ਸਿਆਲਕੋਟ ਦਾ ਹਾਲ ਦੱਸਣਾ


(ਜ਼ੋਇ)

ਜਦੋਂ ਪਹਿਲੋਂ ਓਥੇ ਜਾਇ ਵੜਿਆ,
ਡਿੱਠਾ ਬਾਗ਼ ਵੈਰਾਨ ਉਜਾੜ ਹੋਇਆ।
ਇਕ ਬ੍ਰਿਛ ਦੇ ਹੇਠ ਮੈਂ ਜਾਇ ਬੈਠਾ,
ਪਰ ਉਹ ਭੀ ਸੀ ਨਾਥ ਜੀ ਸੁਕਾ ਹੋਇਆ।
ਨਾਮ ਸਿਮਰ ਕੇ ਆਪ ਦਾ ਛਿੱਟਾ ਦਿਤਾ,
ਜੜ੍ਹਾਂ ਸੇਤੀ ਉਹ ਗੁਰੂ ਜੀ ਹਰਾ ਹੋਇਆ।
ਕਾਦਰਯਾਰ ਸਭ ਬਾਗ਼ ਗੁਲਜ਼ਾਰ ਹੋਇਆ,
ਧੁੰਮੀਂ ਖ਼ਲਕ ਤੇ ਸ਼ਹਰ ਵਹੀਰ ਹੋਇਆ।


(ਐਨ)

ਆਇ ਉਥੇ ਲੋਕ ਅਰਜ਼ ਕਰਦੇ,
ਲਗੇ ਆਪਣੇ ਅਰਥ ਸੁਣਾਵਣੇ ਨੂੰ।
ਮਿਹਰਬਾਨਗੀ ਆਪ ਦੀ ਨਾਲ ਸਾਈਆਂ,
ਅਰਥੀ ਅਰਥ ਲਗੇ ਤਦੋਂ ਪਾਵਣੇ ਨੂੰ।
ਸੁਣਿਆ ਰਾਜੇ ਤੇ ਰਾਣੀ ਦੇ ਸਹਿਤ ਆਇਆ,
ਦਿਲੋਂ ਲੋਚੇ ਮੁਰਾਦ ਦੇ ਪਾਵਣੇ ਨੂੰ।
ਕਾਦਰਯਾਰ ਮੈਂ ਅਦਬ ਤਾਂ ਬਹੁਤ ਕੀਤਾ,
ਪਿਤਾ ਜਾਣ ਕੇ ਜੀਉ ਡਰਾਵਣੇ ਨੂੰ।


(ਗ਼ੈਨ)

ਗ਼ਮ ਦੇ ਨਾਲ ਮੂੰਹੋਂ ਬੋਲਿਆ ਈ,
ਸਲਵਾਹਨ ਰਾਜਾ ਸ਼ਰਮਾਇ ਕੇ ਜੀ।
ਅਸੀਂ ਲੋਕ ਸੰਸਾਰੀ ਹਾਂ ਦੁਖਾਂ ਭਰੇ,
ਤੁਸੀਂ ਸਾਧ ਤਪੱਸੀ ਪ੍ਰੀਤ ਭਾਇ ਕੇ ਜੀ।
ਅਸਾਂ ਆਖਿਆ ਅਰਥ ਕਹੁ ਆਪਣਾ ਤੂੰ,
ਰਾਜਾ ਰੋਇਆ ਦਰਦ ਸੁਣਾਇ ਕੇ ਜੀ।
ਕਾਦਰਯਾਰ ਬੁਲਾਏ ਕੇ ਆਖਿਆ ਮੈਂ,
ਇਕ ਪੁਤਰ ਹੋਸੀ ਘਰ ਆਇਕੇ ਜੀ।


(ਫੇ)

ਫੇਰ ਰਾਣੀ ਮੂੰਹੋਂ ਸਚ ਕਹਿਆ,
ਪੂਰਨ ਪੁਤਰ ਇਹਦੇ ਘਰ ਜੰਮਿਆ ਸੀ।
ਨਾਲ ਤੁਹਮਤਾਂ ਮੈਂ ਮਰਵਾਇ ਦਿਤਾ,
ਰਾਜਾ ਸੁਣ ਕੇ ਗਲ ਨੂੰ ਕੰਬਿਆ ਸੀ।
ਫੇਰ ਕਿਹਾ ਮੈਂ ਰਾਜਿਆ ਬਖ਼ਸ਼ ਏਨੂੰ,
ਘਰ ਪੁਤਰ ਹੋਗੁ ਰਾਜਾ ਥੰਮਿਆ ਸੀ।
ਕਾਦਰਯਾਰ ਤਦੋਂ ਰਾਣੀ ਇਛਰਾਂ ਦਾ,
ਦਰਸ ਕੀਤਾ ਜਿਹਦਾ ਜੀਓ ਗੰਮਿਆ ਸੀ।


(ਕਾਫ਼)

ਕਰਮ ਹੋਏ ਤਦੋਂ ਇਛਰਾਂ ਦੇ,
ਰਬ ਓਸ ਨੂੰ ਨਾਥ ਜੀ ਨੈਨ ਦਿਤੇ।
ਦੇਖ ਸੂਰਤ ਮੇਰੀ ਤਦੋਂ ਰੋਣ ਲਗੀ,
ਬਚਾ ਛਡ ਕੇ ਜਾਈਂ ਨਾ ਵਲ ਕਿਤੇ।
ਮੈਨੂੰ ਤਰਸਦੀ ਨੂੰ ਰੱਬ ਮੇਲਿਆ ਹੈ,
ਰਬ ਲਿਖੇ ਸੇ ਪੂਰਨਾ ਭਾਗ ਮਥੇ।
ਕਾਦਰਯਾਰ ਕਹਿਆ ਮੈਂ ਫੇਰ ਮਿਲਸਾਂ,
ਤਦੋਂ ਤੁਰ ਕੇ ਆਇਆ ਹਾਂ ਵਲ ਇਥੇ।


(ਕਾਫ਼)

ਕੁਫ਼ਰ ਥੀਂ ਗੁਰੂ ਜੀ ਖ਼ੌਫ਼ ਆਵੇ,
ਜਿਹੜਾ ਹੁਕਮ ਕਰੋ ਸੋਈ ਕਰੇ ਚੇਲਾ।
ਜੇ ਕਰ ਕਹੋ ਤਾਂ ਧੂਣੀਆਂ ਤਾਪਾਂ ਇਥੇ,
ਜੇ ਕਰ ਕਹੋ ਕਰਾਂ ਤਪ ਵਿਚ ਬੇਲਾ।
ਮੇਰਾ ਬਚਨ ਹੈ ਨਾਥ ਜੀ ਨਾਲ ਮਾਤਾ,
ਤੇਰੀ ਕਿਰਪਾ ਜੋ ਹੋਇ ਤਾਂ ਹੋਇ ਮੇਲਾ।
ਕਾਦਰਯਾਰ ਦਿਆਲ ਹੋ ਗੁਰੂ ਕਹਿੰਦਾ,
ਬਚਾ ਚਲਾਂਗੇ ਨਾਲ ਲੈ ਸਭ ਡੇਰਾ।


(ਲਾਮ)

ਲਦ ਅਸਬਾਬ ਸਭ ਸਾਧ ਚਲੇ,
ਚੜ੍ਹੇ ਪਰਬਤਾਂ ਦੇ ਉਪਰ ਜਾਇ ਭਾਈ।
ਕੋਈ ਜੰਗਲਾਂ ਦੇ ਵਿਚ ਨਾਮ ਜਪਦਾ,
ਕੋਈ ਕਰੇ ਤਪੱਸਿਆ ਕਠਨ ਭਾਈ।
ਨਾਮ ਸਾਈਂ ਦਾ ਜਾਪਦੇ ਦਿਨੇ ਰਾਤੀਂ,
ਇਕ ਸਾਸ ਨਾ ਦਣੇ ਭੁਲਾਇ ਭਾਈ।
ਕਾਦਰਯਾਰ ਸਾਧ ਖੁਦਾਇ ਦੇ ਜੀ,
ਕਰ ਕੇ ਕਰਮ ਦਿੰਦੇ ਬੰਨੇ ਲਾਇ ਭਾਈ।


(ਮੀਮ)

ਮਲ ਬੈਠੇ ਨੀ ਸਾਧ ਡੇਰੇ,
ਚਰਚਾ ਕਰਨ ਜੋ ਜੋਗ ਧਿਆਨ ਦੀ ਜੀ।
ਸੁੱਧ ਰੂਪ ਦਾ ਕਰਦੇ ਜਾਪ ਸਾਰੇ,
ਮਾਇਆ ਤਜੀ ਹੈ ਦੇਸ਼ ਜਹਾਨ ਦੀ ਜੀ,
ਪੂਰਨ ਦੇਖ ਕੇ ਗੁਰਾਂ ਦੀ ਚਾਲ ਸਾਰੀ,
ਰੁਚ ਰਹੀ ਹੈ ਵਿਚ ਜਹਾਨ ਦੀ ਜੀ।
ਕਾਦਰਯਾਰ ਤਦੋਂ ਫੇਰ ਆਖਦਾ ਈ,
ਗੁਰੂ ਸੁਣੀਏ ਬਾਤ ਨਿਦਾਨ ਦੀ ਜੀ।


ਪੂਰਨ ਦਾ ਮੁੜ ਮਾਂ ਨੂੰ ਮਿਲਣ ਆਉਣਾ


(ਨੂਨ)

ਨਾਲ ਦੇ ਸਿੱਧਾਂ ਨੇ ਕਹਿਆ ਉਥੇ,
ਜੀ ਅਸੀਂ ਚਲੀਏ ਸੈਲ ਵਲਾਇਤਾਂ ਦੇ।
ਦਖਨ ਪੂਰਬ ਤੇ ਪਸਚਮ ਦੇਖ ਸਾਰੇ,
ਲਥੇ ਆਇ ਕੇ ਵਿਚ ਗੁਜਰਾਇਤਾਂ ਦੇ।
ਟਿੱਲੇ ਆਪਣੇ ਤੇ ਸਿੱਧ ਆਇ ਬੈਠੇ,
ਵਡੇ ਸੂਰਮੇ ਨੀ ਕਰਾਮਾਇਤਾਂ ਦੇ।
ਕਾਦਰਯਾਰ ਕੀ ਸਿੱਧਾਂ ਦੀ ਸਿਫ਼ਤ ਕਰੀਏ,
ਬਨ ਬੈਠੇ ਨੀ ਕਈ ਜਮਾਇਤਾਂ ਦੇ।


(ਵਾਓ)

ਵਤਨ ਸਿਆਲਕੋਟ ਅੰਦਰ,
ਮੇਰੀ ਮਾਇ ਤੇ ਬਾਪ ਅਨਾਥ ਸਾਧੋ।
ਮੈਂ ਤਾਂ ਮਾਇ ਦੇ ਨਾਲ ਕਰਾਰ ਕੀਤਾ,
ਫਿਰ ਆਵਾਂਗਾ ਦੂਜੜੀ ਵਾਰ ਸਾਧੋ।
ਪੁਤਰ ਭਇਆ ਰਸਾਲੂ ਸਲਵਾਹਨ ਦੇ ਜੀ,
ਰਾਜ ਦਿਤਾ ਹੈ ਉਸ ਨੂੰ ਨਾਥ ਸਾਧੋ।
ਕਾਦਰਯਾਰ ਪ੍ਰਤਿਗਿਆ ਪੂਰੀ ਕਰੀਏ,
ਨਾਲ ਧਰਮ ਦੇ ਕਰਨਾ ਹੈ ਸਾਥ ਸਾਧੋ।


(ਹੇ)

ਹੁਕਮ ਕੀਤਾ ਗੁਰੂ ਨਾਥ ਜੀ ਨੇ,
ਸਿੱਧ ਮੰਡਲੀ ਉਠ ਤਿਆਰ ਹੋਈ।
ਧੂੜ ਅੰਗ ਬਿਭੂਤ ਤੇ ਪਹਿਨ ਖਿਲਤੇ,
ਨਾਦ ਸਿੰਗੀਆਂ ਧੁਨਕ ਅਧਾਰ ਹੋਈ।
ਮੁਖੋਂ ਤੁਰਨ ਅਲਖ ਜਗਾਇ ਕਰ ਕੇ,
ਖ਼ਬਰ ਤੁਰਤ ਹੀ ਵਿਚ ਸੰਸਾਰ ਹੋਈ।
ਕਾਦਰਯਾਰ ਮੀਆਂ ਰਾਣੀ ਇਛਰਾਂ ਦੇ,
ਭਾਗ ਜਾਗ ਆਏ ਖ਼ਬਰਦਾਰ ਹੋਈ।


(ਲਾਮ)

ਲਾਇ ਦਿੱਤਾ ਵਿਚ ਬਾਗ਼ ਡੇਰਾ ,
ਰਾਜਾ ਸਣੇ ਪਰਵਾਰ ਚਲ ਆਇਆ ਈ।
ਰਾਣੀ ਇਛਰਾਂ ਤੇ ਸਲਵਾਹਨ ਰਾਜਾ,
ਲੂਣਾ ਪੁਤਰ ਰਸਾਲੂ ਜੋ ਜਾਇਆ ਈ।
ਹੋਰ ਨੌਕਰਾਂ ਚਾਕਰਾਂ ਟਹਿਲਣਾਂ ਨੇ,
ਹੱਥ ਜੋੜ ਕੇ ਸੀਸ ਨਿਵਾਇਆ ਈ।
ਕਾਦਰਯਾਰ ਜਾਂ ਗੁਰਾਂ ਦਾ ਦਰਸ ਕੀਤਾ,
ਰਾਜੇ ਰਾਣੀਆਂ ਨੇ ਸੁਖ ਪਾਇਆ ਈ।


(ਅਲਫ਼)

ਅਲਖ ਜਗਾਇ ਕੇ ਆਖਿਆ ਸੂ,
ਰਾਜਾ ਮੰਗ ਲੈ ਜੋ ਕੁਝ ਮੰਗਨਾ ਈ।
ਅਗੋਂ ਉਠ ਰਸਾਲੂ ਨੇ ਬਚਨ ਕੀਤਾ,
ਕਰਾਮਾਤ ਦਸੋ ਕਿਆ ਸੰਗਨਾ ਈ।
ਪੂਰਨ ਆਪਣੇ ਗੁਰੂ ਨੂੰ ਯਾਦ ਕਰਕੇ,
ਝੋਲੀ ਵਿਚੋਂ ਦਿੱਤਾ ਕੱਢ ਕੰਗਨਾ ਈ।
ਕਾਦਰਯਾਰ ਜਾਂ ਡਿੱਠੀ ਆ ਜੋਗ ਸਕਤਾ,
ਹੱਥ ਜੋੜ ਕੇ ਦਾਨ ਸੁਖ ਮੰਗਨਾ ਈ।


(ਯੇ)

ਯਾਦ ਕੀਤਾ ਪੂਰਨ ਮਾਉਂ ਤਾਈਂ,
ਬੱਚਾ ਕੀਤਾ ਈ ਕੌਲ ਕਰਾਰ ਪੂਰਾ।
ਸਿਧ ਮੰਡਲੀ ਦੇ ਵਿਚ ਜੋਗੀ ਵਡਾ,
ਹੁਣ ਮਿਲਿਆ ਹੈ ਨਾਥ ਜੀ ਗੁਰੂ ਪੂਰਾ।
ਭਰਮ ਭੇਦ ਜਾਗੇ ਮੇਰੇ ਜਨਮ ਦੇ ਜੀ,
ਮੁਕਤ ਹੋਇ ਬੈਕੁੰਠ ਜਾ ਪੈਨੁ ਚੂੜਾ।
ਕਾਦਰਯਾਰ ਕਿੱਸਾ ਪੂਰਨ ਭਗਤ ਵਾਲਾ,
ਤੁਸੀਂ ਸੁਣੋ ਲੋਕੋ ਇਥੇ ਹੋਇਆ ਪੂਰਾ।

ਹਰੀ ਸਿੰਘ ਨਲੂਏ ਦੀ ਵਾਰ

ਨੋਟ: ਇਹ ਰਚਨਾ ਪ੍ਰੋਫ਼ੈਸਰ ਗੁਰਚਰਨ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈਅਲਫ਼ ਆਫ਼ਰੀਂ ਜੰਮਣਾ ਕਹਿਣ ਸਾਰੇ,ਹਰੀ ਸਿੰਘ ਦੂਲੇ ਸਰਦਾਰ ਤਾਈਂ ।ਜਮਾਦਾਰ ਬੇਲੀ ਰਾਜੇ ਸਾਹਿਬ ਕੋਲੋਂ,ਕੱਦ ਉਚਾ ਬੁਲੰਦ ਸਰਦਾਰ ਤਾਈਂ ।ਧਨੀ ਤੇਗ਼ ਦਾ ਮਰਦ ਨਸੀਬ ਵਾਲਾ,ਸਾਇਆ ਉਸ ਦਾ ਕੁਲ ਸੰਸਾਰ ਤਾਈਂ ।ਕਾਦਰਯਾਰ ਪਹਾੜਾਂ ਨੂੰ ਸੋਧਿਓ ਸੂ,ਕਾਬਲ ਕੰਬਿਆ ਖ਼ੌਫ਼ ਕੰਧਾਰ ਤਾਈਂ ।1।ਬੇ ਬਹੁਤ ਹੋਇਆ ਹਰੀ ਸਿੰਘ ਦੂਲੋ,ਜਿਹਦਾ ਨਾਮ ਰੌਸ਼ਨ ਦੂਰ ਦੂਰ ਸਾਰੇ ।ਦਿਲੀ ਦਖਣ ਤੇ ਚੀਨ ਮਾਚੀਨ ਤਾਈਂ,ਬਾਦਸ਼ਾਹਾਂ ਨੂੰ ਖ਼ੌਫ਼ ਜ਼ਰੂਰ ਸਾਰੇ ।ਰਾਜਾ ਕਰਣ ਤੇ ਬਿੱਕ੍ਰਮਾਜੀਤ ਵਾਂਗੂੰਹਾਤਮ ਤਾਈ ਵਾਂਗੂੰ ਮਸ਼ਹੂਰ ਸਾਰੇ...

ਕਿੱਸਾ ਸੋਹਣੀ ਮਹੀਂਵਾਲ

ਅਵਲ ਆਖ਼ਰ ਰਬ ਨੂੰ ਲਾਇਕ ਸਿਫ਼ਤ ਕਰੀਮ ॥ਨੂਰੋਂ ਪਾਕੀ ਇਸ਼ਕ ਦੀ ਪਾਲੀ ਰੋਜ਼ ਰਹੀਮ ॥ਸਰਵਰ ਕੀਤਾ ਇਸ਼ਕ ਤੋਂ ਹੱਦ ਪਈ ਵਿਚ ਮੀਮ ॥ਕੁਲ ਖਜ਼ਾਨੇ ਓਸਨੂੰ ਬਕਸ਼ੇ ਰੱਬ ਰਹੀਮ ॥ਇਸ਼ਕ ਅਜਿਹਾ ਪਾਲਨਾ ਲਾਇਕ ਓੁਸਨੂੰ ਜੋ ॥ਰੱਬ ਚਲਾਈ ਹੱਕਦੀ ਇਸ਼ਕ ਕਹਾਣੀ ਸੋ ॥ਲੱਜ਼ਤ ਏਹੋ ਇਸ਼ਕਦੀ ਜਾਣੇ ਨਾਲ ਦਿਲੇ ॥ਇਸ਼ਕ ਬੈਹ੍ਰ ਦੇ ਰਾਹ ਥੀਂ ਝਬਦੇ ਰੱਬ ਮਿਲੇ ॥ਜਿਸਨੂੰ ਲਾਗ ਨ ਇਸ਼ਕ ਦੀ ਸੋ ਖ਼ਰ ਭਾਰ ਭਲੇ ॥ਪਰ ਸਾਹਿਬ ਮਿਲਦਾ ਕਾਦਰਾ ਅੰਦਰ ਇਸ਼ਕ ਦਿਲੇ ॥ਜਿਸ ਦਿਨ ਯੂਸਫ਼ ਜੰਮਿਆ ਹੋਯਾ ਇਸ਼ਕ ਤਦੋਂ ॥ਪਰ ਜ਼ਾਹਿਰ...

ਸਿਹਰਫ਼ੀ – ਹਰੀ ਸਿੰਘ ਨਲੂਆ

ਨੋਟ: ਇਹ ਰਚਨਾ ਸਰਦਾਰ ਗੰਡਾ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈਜੰਗ ਪਸ਼ੌਰ ਸਿੰਘਾਂ ਤੇ ਪਠਾਣਾਂ ਦੀਸੀ-ਹਰਫ਼ੀ ਅੱਵਲਅਲਫ਼ ਓਸ ਅਲੱਖ ਨੂੰ ਯਾਦ ਰਖੀਏਜੇਹੜਾ ਕੱਖ ਤੋ' ਲੱਖ ਬਣਾਂਵਦਾ ਜੀ ।ਮੁਰਦੇ ਦਿਲਾਂ ਨੂੰ ਪਲਾਂ ਵਿਚ ਸ਼ੇਰ ਕਰਦਾਜਦੋਂ ਮੇਹਰ ਦੀ ਬੂੰਦ ਵਸਾਂਵਦਾ ਜੀ ।ਤਖ਼ਤੋਂ ਵਖ਼ਤ ਤੇ ਸਖ਼ਤੀਓਂ ਨੇਕ-ਬਖ਼ਤੀਓਹਦਾ ਅੰਤ ਹਿਸਾਬ ਨਾਂ ਆਂਵਦਾ ਜੀ ।ਕਾਦਰ ਯਾਦ ਹੈ ਸੁੱਖ ਵਿਚਾਰ ਦੇ ਵਿਚਜਿਵੇਂ ਆਪ ਹੈ ਨਾਨਕ ਫ਼ਰਮਾਂਵਦਾ ਜੀ ।੧।ਅਲਫ਼ ਓਸ ਜੇਹਾ ਨਹੀਂ ਹੋਰ ਕੋਈਯਾਰੋ ਓਸ ਦਾ ਕਰਨਾ ਧਿਆਨ ਚੰਗਾ ।ਜੀਂਦੇ ਜੀ ਜ਼ਬਾਨ ਥੀਂ ਓਹੋ ਨਿਕਲੇਧਿਆਨ...