ਤਿਰੰਗਾ
ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾ
ਰੁਮਕੀ ਪੌਣ, ਉਛਲੀਆਂ ਨਦੀਆਂ, ਕੀ ਜਮਨਾ ਕੀ ਗੰਗਾ
ਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇ
ਅੱਲਾ ਹੂ ਅਕਬਰ ਤੇ ਹਰ ਹਰ ਮਹਾਂਦੇਵ ਦੇ ਨਾਅਰੇ
ਬੋਲੇ ਸੋ ਨਿਹਾਲ ਦਾ ਬੋਲਾ ਵੀ ਸਭਨਾਂ ਵਿਚ ਰਲਿਆ
ਧਰਮ ਦਇਆ ਨੂੰ ਭੁਲ ਕੇ ਹਰ ਕੋਈ ਕਾਮ ਕ੍ਰੋਧ ਵਿਚ ਜਲਿਆ
ਰੁਦਨ ਹਜ਼ਾਰਾਂ ਨਾਰਾਂ ਦੇ, ਤੇ ਮਰਦਾਂ ਦੇ ਲਲਕਾਰੇ
ਕੁੱਖਾਂ ਵਿਚ ਡੁਬੋ ਕੇ ਜਿਹਨਾਂ ਤਪਦੇ ਖ਼ੰਜਰ ਠਾਰੇ
ਸਤਲੁਜ ਨੂੰ ਕੁਝ ਸਮਝ ਨ ਆਵੇ, ਜਸ਼ਨਾਂ ਵਿਚ ਕਿੰਜ ਰੋਵੇ
ਨਾ ਵੀ ਰੋਵੇ ਤਾਂ ਲਹਿਰਾਂ ਵਿਚ ਲਾਸ਼ਾਂ ਕਿਵੇਂ ਲੁਕੋਵੇ
ਸੁਣਿਆਂ ਸੀ ਪਾਣੀ ਨੂੰ ਕੋਈ ਖ਼ੰਜਰ ਚੀਰ ਨ ਸਕਿਆ
ਪਰ ਰਾਵੀ ਦੋ ਟੁਕੜੇ ਹੋਈ, ਅਸੀਂ ਤਾਂ ਅੱਖੀਂ ਤੱਕਿਆ
ਨਾਲ ਨਮੋਸ਼ੀ ਪਾਣੀ ਪਾਣੀ ਹੋਏ ਝਨਾਂ ਦੇ ਪਾਣੀ
ਨਫ਼ਰਤ ਦੇ ਵਿਚ ਡੁਬ ਕੇ ਮਰ ਗਈ ਹਰ ਇਕ ਪ੍ਰੀਤਖ਼ਕਹਾਣੀ
ਕਹੇ ਬਿਆਸਾ ਮੈਂ ਬੇਆਸਾ, ਮੈਂ ਕੀ ਧੀਰ ਧਰਾਵਾਂ
ਇਹ ਰੱਤ ਰੰਗੇ ਆਪਣੇ ਪਾਣੀ, ਕਿੱਥੇ ਧੋਵਣ ਜਾਵਾਂ
ਜਿਹਲਮ ਆਖੇ ਚੁੱਪ ਡਰਾਵੋ, ਪਾਣੀ ਦਾ ਕੀ ਰੋਣਾ
ਕਿਸ ਤੱਕਣਾ ਪਾਣੀ ਦਾ ਹੰਝੂ, ਪਾਣੀ ਵਿਚ ਸਮੋਣਾ
ਲਾਸ਼ਾਂ ਭਰੀਆਂ ਗੱਡੀਆਂ ਘੱਲੀਆਂ ਤੁਹਫ਼ਿਆਂ ਵਾਂਗ ਭਰਾਵਾਂ
ਮੈਂ ਤਾਂ ਖ਼ੁਦ ਦਰਿਆ ਹਾਂ ਡੁਬ ਕੇ ਕਿਸ ਦਰਿਆ ਮਰ ਜਾਵਾਂ
ਲਾਸ਼ਾ ਭਰੀਆਂ ਗੱਡੀਆਂ ਜਿਸ ਦਮ ਲੰਘ ਪੁਲ਼ਾਂ ਤੋਂ ਗਈਆਂ
ਦਿਨ ਲੱਥਾ ਜਿਉਂ ਇਸ ਧਰਤੀ ਤੇ ਅੰਤਿਮ ਸ਼ਾਮਾਂ ਪਈਆਂ
ਫਿਰ ਮੁੜ ਕੇ ਸੂਰਜ ਨਹੀਂ ਚੜ੍ਹਿਆ ਹੋਇਆ ਇੰਜ ਹਨ੍ਹੇਰਾ
ਕਦੀ ਕਦੀ ਕਿਸੇ ਅੱਖ ਚੋਂ ਸਿੰਮਦਾ ਇਕ ਅੱਧ ਬੂੰਦ ਸਵੇਰਾ
ਤੁਸੀਂ ਤਾਂ ਕਹਿੰਦੇ ਹੋ ਕਹਿੰਦੇ ਸਾਂ ਆਪਾਂ ਵਾਂਗ ਭਰਾਵਾਂ
ਕੌਣ ਸੀ ਉਹ ਫਿਰ ਜਿਸ ਨੇ ਲਈਆਂ ਧੀਆਂ ਦੇ ਸੰਗ ਲਾਵਾਂ
ਕੌਣ ਸੀ ਉਹ ਜਿਸ ਅੱਗ ਵਿਚ ਸੁੱਟੀਆਂ ਕੇਸੋਂ ਫੜ ਫੜ ਮਾਂਵਾਂ
ਕੌਣ ਸੀ ਉਹ ਜੋ ਮਿੱਧ ਕੇ ਲੰਘਿਆ ਕੱਚ ਕੁਆਰੀਆਂ ਥਾਂਵਾਂ
ਕੌਣ ਸੀ ਉਹ ਜੋ ਅਜੇ ਕਿਤੇ ਹੈ ਅੰਦਰੀਂ ਛੁਪਿਆ ਹੋਇਆ
ਕੌਣ ਸੀ ਉਹ ਜਿਸ ਲੱਖਾਂ ਕੋਹੇ, ਉਹ ਸਾਥੋਂ ਨਾ ਮੋਇਆ
ਮਾਵਾਂ ਭੈਣਾਂ ਧੀਆ ਨਾਰਾਂ ਬਾਜ਼ਾਰਾਂ ਚੋਂ ਲੰਘੀਆਂ
ਉਹ ਤਾਂ ਦਰਦ ਹਯਾ ਵਿਚ ਕੱਜੀਆਂ ਉਹ ਤਾਂ ਕਦ ਸਨ ਨੰਗੀਆਂ
ਨੰਗੀ ਸੀ ਮਰਦਾਂ ਦੀ ਵਹਿਸ਼ਤ, ਮਜ਼੍ਹਬ ਉਨ੍ਹਾਂ ਦੇ ਨੰਗੇ
ਕੌਣ ਢਕੇ ਨੰਗੇਜ ਕਿ ਜਦ ਖ਼ੁਦ ਕੱਝਣ ਹੋ ਗਏ ਨੰਗੇ
ਕਿਸੇ ਬਾਪ ਨੇ ਲਾਡਾਂ ਪਾਲੀ ਧੀ ਦਾ ਗਲ਼ਾ ਦਬਾ ਕੇ
ਮੋਤ ਦੀ ਗੋਦ ਸੁਲਾਇਆ ਉਸ ਨੂੰ ਆਪਣੀ ਗੋਦੋਂ ਲਾਹ ਕੇ
ਸ਼ੁਕਰ ਓ ਰੱਬਾ ਲੱਖ ਲੱਖ ਤੇਰਾ ਤੂੰ ਜੋ ਮੌਤ ਬਣਾਈ
ਇਕ ਮਹਿਫ਼ੂਜ਼ ਜਗ੍ਹਾਂ, ਨਾ ਛੋਹੇ ਜਿੱਥੇ ਪੌਣ ਪਰਾਈ
ਜੇ ਸਭ ਤੋਂ ਮਹਿਫ਼ੂਜ਼ ਜਗ੍ਹਾ ਹੈ ਮੌਤ ਹੀ ਅੱਲਾ ਮੀਆਂ
ਤਾਂ ਛੱਡ ਫ਼ਰਾਕਾਂ ਝੱਗੇ ਸਿੱਧੇ ਖੱਫ਼ਣ ਕਿਉਂ ਨਾ ਸੀਆਂ