ਅਸੀਂ ਚੱਲੇ ਸੀ ਮੰਗਲ ਤੇ
ਅੱਜ ਮਸੀਤਾਂ ਰਾਜਧਾਨੀਆਂ ਤੇ ਹੀ ਚੜ ਗਏ
ਕਦੇ ਸੋਚਿਆ… ?
ਬਈ ਇਹ ਮਾਰੂ ਖਿਆਲ
ਸਾਡੇ ਦਿਮਾਗ਼ ਕਿਵੇਂ ਚੜ੍ਹ ਗਏ?
ਜਹਾਨ ਬਦਲਾਂਗੇ, ਤਰੱਕੀ ਹੋਊ
ਪਰ ਲਗਦੈ ਸਭ ਵਿਚਾਰ ਕਿਤੇ ਹੜ ਗਏ
ਹੈਰਾਨ ਹਾਂ!
ਐਨੇ ਭੁੱਖੇ ਬੇਰੁਜ਼ਗਾਰ ਬੇਘਰ ਬਿਮਾਰ
ਸਾਡੇ ਦੇਸ਼ ਕਿੱਥੋਂ ਵੜ੍ਹ ਗਏ?
ਧੜਾ ਧੜ ਜੁੜੇ ਨੰਬਰਾਂ ‘ਚ ਯਾਰ
ਪਰ ਸਭ ਯਾਰੀਆਂ ਮਨਫ਼ੀ ਕਰ ਗਏ
ਕਿਵੇਂ ਹੱਟੇ ਕੱਟੇ, ਰਿਸ਼ਟ ਪੁਸ਼ਟ ਸ਼ਰੀਰ
ਕਠਪੁਤਲੀਆਂ ਜਹੇ ਬਣ ਗਏ…
ਮਹਿੰਗੀ ਪੜਾਈ, ਕਿਸੇ ਕੰਮ ਨਾ ਆਈ
ਬੱਸ ਜੀ ਲਾਲਚ ‘ਚ ਵੜ੍ਹ ਗਏ
ਕਦੇ ਸੋਚਿਆ, ਕਿ ਨਵੀਆਂ ਤਕਨੀਕਾਂ
ਸਾਡੇ ਮਨ ਕਾਬੂ ਕਿਵੇਂ ਕਰ ਲਏ?
ਕਦੋਂ ਸੁੱਤੇ, ਕਦੋਂ ਉੱਠੇ, ਕੀ ਸੁਣਿਆ, ਕੀ ਖਾਧਾ
ਕੀਹਨੂੰ ਮਿਲੇ, ਕੀ ਕੀ ਜਰ ਗਏ
ਕੀ ਲੱਗੇ ਰੋਗ, ਕਿਓਂ ਹਿੱਸੇ, ਕਿਓਂ ਰੋਏ
ਕਿੰਨਾ ਭੱਜੇ ਜਾਂ ਕਿਵੇਂ ਕੰਮ ਤੋਂ ਘਰ ਗਏ?
ਸਾਨੂੰ ਪੜ, ਉਂਗਲੀ ਫੜ, ਬਾਂਹ ਫੜ, ਛਾਤੀ ਚੜ
ਅੱਜ ਧੌਣ ਕੋਲੋਂ ਫੜ ਗਏ
ਪਿਆਰ ਨੇੜਤਾ ਵਧਾਉਂਦੇ, ਫਾਸਲੇ ਮਿਟਾਉਂਦੇ
ਸਾਨੂੰ ਦੂਰ ਖ਼ੁਦ ਤੋਂ ਕਰ ਗਏ
ਸ਼ਾਂਤ ਸਹਿਜੇ, ਰਫ਼ਤਾ ਰਫ਼ਤਾ ਚਲਦੀ ਜ਼ਿੰਦਗੀ
ਤੇਜ਼ ਰਫ਼ਤਾਰ ਕਿਵੇਂ ਫੜ ਗਈ
ਅਸੀਂ ਬਣਾ ਕੇ ਮਸ਼ੀਨਾਂ ਖ਼ੁਦ ਬਣੇ ਹਾਂ ਮਸ਼ੀਨਾਂ
ਮਸ਼ੀਨਾਂ ਦੀ ਨਬਜ਼ ਖੜ ਗਈ
ਵੋਟਾਂ ਦਾ ਸ਼ੋਰ, ਸੰਗੀਤ ਦੀਆਂ ਚੀਕਾਂ
ਖ਼ਬਰਾਂ ਦੀ ਸਨਸਨੀ
ਬੇਬੱਸ ਸਾਨੂੰ ਕਰ ਰਹੀ
ਸੋਚੋ ਭਲਾ! ਨਫ਼ਾ ਕਰਦੇ ਕਰਦੇ
ਤਕਨਾਲੋਜੀ ਕਿਤੇ ਨੁਕਸਾਨ ਤਾਂ ਨੀ ਕਰ ਰਹੀ?
ਸ਼ੌਕ ਤਰਜੀਹਾਂ ਪਸੰਦ ਨਾ-ਪਸੰਦ
ਘਰ ਪਤਾ ਟਿਕਾਣੇ ਜਗੀਰਾਂ ਨੇ ਸਾਡੀਆਂ
ਬੱਸ ਕਰੋ, ਰਹਿਣ ਦਿਓ
ਇਸ਼ਤਿਹਾਰਾਂ ਲਈ ਨਾ ਵੇਚੋ, ਜਗੀਰਾਂ ਇਹ ਸਾਡੀਆਂ
ਰੁਕੋ! ਮੁਨਾਫ਼ੇ ਤੋਂ ਪਹਿਲਾਂ ਮੁਨੱਖਤਾ ਲਈ ਸੋਚੋ
ਨਾ ਵਾਧੂ ਰੱਖੋ ਨਿਗਰਾਨੀਆਂ
‘ਗਿੱਲਾ’ ਜੇ ਚਿੜੀਆਂ ਚੁੱਗ ਗਈਆਂ ਖੇਤ
ਫ਼ਿਰ ਕੀ ਕਰਨੀਆਂ ਕੁਰਬਾਨੀਆਂ?
ਜੇ ਚਿੜੀਆਂ ਚੁੱਗ ਗਈਆਂ ਖੇਤ
ਫ਼ਿਰ ਕੀ ਕਰਨੀਆਂ ਕੁਰਬਾਨੀਆਂ?