ਮੈਨੂੰ ਬੁੱਧੂ ਹੋਣਾ ਚਾਹੀਦਾ (2024)
ਉਸ ਕਿਹਾ
ਉਸ ਕਿਹਾ-
ਤੂੰ ਦੇਰ ਨਾਲ ਮਿਲਿਆ
ਬਹੁਤ ਪਹਿਲਾਂ ਮਿਲਣਾ ਚਾਹੀਦਾ ਸੀ
ਬਹੁਤ ਪਹਿਲਾਂ ਤਾਂ
ਮੈਂ ਹੁਣ ਵਾਲਾ ਹੁੰਦਾ ਨਹੀਂ ਸੀ
ਜੋ ਤੈਨੂੰ ਮਿਲਿਆ ਉਹ ਤਾਂ ਮੈਂ ਹੁਣੇ ਜੰਮਿਆ
ਤੇ ਕਈਆਂ ਲਈ
ਅਜੇ ਹੋਰ ਦੇਰ ਬਾਅਦ
ਜੰਮਣਾ ਹੈ ਮੈਂ
ਬੁੱਧੂ
ਮੈਂ ਤਾਂ ਬੁੱਧੂ ਹੁੰਦਾ ਸੀ
ਇੱਕ ਤਰ੍ਹਾਂ ਨਾਲ
ਹਾਂ ਤਾਂ ਹੁਣ ਵੀ ਬੁੱਧੂ
ਪਰ ਦੂਸਰੀ ਤਰ੍ਹਾਂ ਨਾਲ
ਸੋਚਦਾ ਹਾਂ
ਮੈਨੂੰ ਬੁੱਧੂ ਹੀ ਹੋਣਾ ਚਾਹੀਦਾ
ਕਿਸੇ ਹੋਰ ਤਰ੍ਹਾਂ ਨਾਲ
ਨਿਰਵਾਣ
ਬਾਬੇ ਬੇਣੀ ਨੇ ਕਿਹਾ-
ਜੰਮਣੋਂ ਪਹਿਲਾਂ ਸਮਾਧੀ 'ਚ ਹੁੰਦੇ ਹਾਂ
ਯਾਨੀ
ਕਾਮ ਕ੍ਰੋਧ ਲੋਭ ਵਗ਼ੈਰਾ ਤੋਂ ਰਹਿਤ
ਪੂਰੇ ਨੰਗੇ ਜੰਮੇ ਸਾਂ
ਹੌਲੀ ਹੌਲੀ ਪਹਿਨਦੇ ਗਏ
ਲਾਲਚ ਲਾਲਸਾ ਵਾਸਨਾ ਵਗ਼ੈਰਾ ਦੇ ਲੀੜੇ
ਉਮਰ ਦੇ ਵੱਧਣ ਨਾਲ
ਵੱਧਦੀਆਂ ਗਈਆਂ ਇਹਨਾਂ ਦੀਆਂ ਤਹਿਆਂ
ਤੇ ਵੱਧਦਾ ਗਿਆ ਇਹਨਾਂ ਦਾ ਆਕਾਰ
ਇੱਕ ਦਿਨ ਬੁੱਧ ਨੂੰ ਪੁੱਛਿਆ -
ਇਹ ਨਿਰਵਾਣ ਕੀ ਹੁੰਦਾ ਏ, ਬਾਬਾ ਜੀ?
ਫ਼ੁਰਮਾਇਆ -
ਮਰਨੋਂ ਪਹਿਲਾਂ ਸਮਾਧੀ ਲੀਨ ਹੋਣਾ
ਜਿਵੇਂ ਜੰਮਣੋਂ ਪਹਿਲਾਂ ਸੀ
ਮਰਣ ਵੇਲੇ ਤੱਕ ਨੰਗੇ ਹੋ ਸਕਣਾ
ਜਿਵੇਂ ਜੰਮਣ ਵੇਲ਼ੇ ਸੀ
ਆਵਾਗਵਣ ਤੋਂ ਜਾਣੀ
ਜਨਮ ਮਰਣ ਤੋਂ ਮੁਕਤ ਹੋਣਾ
ਜਨਮ ਤੇ ਮਰਨ ਦੀ ਭਿੰਨਤਾ ਤੋਂ ਮੁਕਤ ਹੋਣਾ
ਹੁੰਦਾ ਏ ਨਿਰਵਾਣ
ਨਦੀ ਕਿ ਝੀਲ
ਦੇਰ ਤੋਂ ਗਹਿਰੇ ਧਿਆਨ ਵਿੱਚ ਬੈਠੇ
ਬਾਬੇ ਬੁੱਧ ਕੋਲ਼ੋਂ
ਲੰਮੀ ਯਾਤਰਾ 'ਤੇ ਨਿਕਲੇ
ਹੁਣੇ ਹੁਣੇ ਬਾਬਾ ਨਾਨਕ
ਤੇ ਬਾਬਾ ਮਰਦਾਨਾ
ਗਾਉਂਦੇ-ਵਜਾਉਂਦੇ ਲੰਘੇ ਹਨ
ਮੈਂ
ਠਹਿਰੋ ਅਤੇ ਚਲੋ ਵਿਚਾਲ਼ੇ ਫਸਿਆ ਹਾਂ
ਜੋ ਮੈਂ ਜਾਣਦਾ ਨਹੀਂ ਉਹ ਵੰਗਾਰਦਾ-
ਮੈਨੂੰ ਜਾਣ ਲੈ
ਜਾਣੇ ਬਿਨ ਗੁਜ਼ਾਰਾ ਨਹੀਂ ਹੋਣਾ
ਜੋ ਜਾਣ ਲਿਆ ਉਹ ਪੁਕਾਰਦਾ-
ਭੁੱਲ ਜਾ ਮੈਨੂੰ
ਮੇਰਾ ਕੋਈ ਸਹਾਰਾ ਨਹੀਂ ਹੋਣਾ
ਅਸਮਾਨ ਕਹਿੰਦਾ -
ਆਪਣੀ ਚੀਕ ਨਾਲ਼
ਮੈਨੂੰ ਚੀਰ ਕੇ ਪਾਰ ਨਿਕਲ ਜਾ
ਧਰਤੀ ਕਹੇ -
ਖ਼ਾਮੋਸ਼ੀ ਨਾਲ ਮੇਰੇ ਵਿਚ ਸਮਾਅ ਜਾ
ਮੇਰੇ ਕੀ ਅਖਤਿਆਰ
ਜਿਵੇਂ ਪਾਣੀ ਸੋਚੇ- ਮੈਂ ਨਦੀ ਬਣਾਂ ਕਿ ਝੀਲ?
ਸੁਰਗ ਨਰਕ
ਜੱਫੀ ਤੇ ਜੱਫਾ
ਦੋਵੇਂ ਕਿਸੇ ਨੂੰ
ਬਾਹਵਾਂ ਵਿੱਚ ਲਪੇਟਣ ਦਾ ਨਾਂ
ਜੱਫੀ-ਜੱਫਾ ਭੈਣ-ਭਰਾ
ਕਹਿਣ ਸੁਣਨ ਨੂੰ ਮਿਲਦੇ ਜੁਲਦੇ
ਬਿਲਕੁਲ ਉਲਟ ਸੁਭਾਅ
ਜੱਫੀ ਕਦਰ, ਜੱਫਾ ਜਬਰ
ਜੱਫੀ ਸਰੂਰ, ਜੱਫਾ ਗ਼ਰੂਰ
ਜੱਫੀ ਮੇਲ ਜੋੜ
ਜੱਫਾ ਨੂੜ, ਤੋੜ-ਮਰੋੜ
ਜੱਫੀ ਨਿੱਘ, ਦੇਣਾ ਤੇ ਇੱਕ ਹੋਣਾ
ਜੱਫਾ ਹਿੰਸਾ,
ਕਬਜ਼ਾ, ਜਬਰੀ ਖੋਹਣਾ
ਜੱਫੀ ਵਾਅਦਾ ਤੇ ਇਕਰਾਰ,
ਜੱਫਾ ਦਾਅਵੇ ਦਾ ਇਜ਼ਹਾਰ
ਜੱਫੀ ਕੋਮਲਤਾ, ਦੋ-ਤਰਫ਼ਾ ਮੇਲ
ਆਦਾਨ-ਪ੍ਰਦਾਨ ਪਾ ਦਿੰਦਾ ਜਾਨ
ਜੱਫਾ ਦੂਜੇ ਦਾ ਘੁੱਟ ਦਿੰਦਾ ਸਾਹ
ਤੇ ਲੈਂਦਾ ਸੂਤ ਪਰਾਣ
ਜੱਫੀ ਸਬਰ, ਸੰਤੋਖ, ਪਿਆਰ
ਜੱਫਾ ਲੋਭ, ਮੋਹ, ਹੰਕਾਰ
ਜੱਫੀ ਉੱਡਣੇ ਦਾ ਉਤਸ਼ਾਹ
ਜੱਫਾ ਰੋਕ ਖੜੇਵੇ ਰਾਹ
ਜੱਫੀ ਹਲੀਮੀ ਤੇ ਨਰਮਾਈ
ਜੱਫਾ ਹੈਂਕੜ ਤੇ ਕਰੜਾਈ
ਜੱਫੀ ਧਰਵਾਸ ਤੇ ਵਿਸ਼ਵਾਸ
ਜੱਫੀ ਸੁਲਾਹ, ਸਿਆਣਪ, ਸਹਿਮਤੀ
ਜੱਫੀ ਮਮਤਾ, ਸਮਰਪਣ, ਦੋਸਤੀ
ਜੱਫੇ ਬਾਰੇ ਕੁਛ ਹੋਰ ਨਹੀਂ ਕਹਿਣਾ
ਜੱਫੀ-ਜੱਫਾ ਮਿਲਦੇ ਜੁਲਦੇ ਨਾਂ
ਲਗਦੇ ਭੈਣ-ਭਰਾ ਪਰ ਦੋਹਾਂ ਵਿਚ ਫ਼ਰਕ ਬਹੁਤ ਹੈ।
ਬਿਲਕੁਲ ਉਲਟ ਸੁਭਾਅ
ਪੂਰਬੀਆਂ ਦਾ ਮੇਲਾ
ਲੁਧਿਆਣੇ ਪੱਖੋਵਾਲ ਰੋਡ 'ਤੇ
ਨਹਿਰ ਦੇ ਆਰ ਪਾਰ
ਪੂਰਬੀਆਂ ਦਾ ਭਰਿਆ ਮੇਲਾ
ਬੈਠੇ ਲਾਈ ਬਾਜ਼ਾਰ
ਕਾਲੀਆਂ ਐਨਕਾਂ ਲਾਈ ਮੁੰਡੀਰ
ਮੱਛਰੀ ਮੱਛਰੀ ਲੱਗੇ
ਭੋਜਪੁਰੀ ਗੀਤਾਂ ਦੀ 'ਵਾਜ਼
ਅੱਥਰੀ ਅੱਥਰੀ ਲੱਗੇ
ਫਲੈਕਸਾਂ ਉੱਤੇ ਛਾਪ ਕੇ ਫੋਟੋ
ਲੱਗਣ ਕਈ ਔਕਾਤੋਂ ਬਾਹਰ
ਫਿਰੋਜ਼ੀ ਸੰਤਰੀ ਲਾਲ ਜਾਮਨੀ
ਸਾੜ੍ਹੀਆਂ ਦੀ ਭਰਮਾਰ
ਅੱਧੋਂ ਵੱਧ ਸੜਕ ਸੀ ਰੋਕੀ
ਟ੍ਰੈਫਿਕ ਦੀ ਕੋਈ ਸੁੱਧ ਨਾ ਸਾਰ
ਆਪਣੇ ਲੋਕੀ ਨੱਕ ਬੁੱਲ੍ਹ ਕੱਢਣ
ਤਿਉੜੀ ਪਾ ਨਿਕਲੇ ਹਰ ਕਾਰ
ਰੁਕਦਾ ਰੁਕਾਉਂਦਾ ਖਿਝਦਾ ਹੋਇਆ
ਜਦ ਪੁਲ ਤੋਂ ਹੋਇਆ ਪਾਰ
ਫ਼ੋਨ ਆਇਆ ਇਕ ਸਰੀ ਤੋਂ
ਬੋਲ ਰਿਹਾ ਸੀ ਪੁਰਾਣਾ ਯਾਰ
ਅੱਧੀ ਰਾਤ ਹੋਵੇਗੀ ਉੱਥੇ
ਤਰਾਰੇ ਵਿੱਚ ਸੀ ਮੁਖਤਿਆਰ
ਕਹਿੰਦਾ ਵਿਸਾਖੀ ਨੂੰ ਕੈਨੇਡਾ ਦਾ
ਪ੍ਰੋਗਰਾਮ ਬਣਾ ਕੇ ਆ ਬਾਈ
ਤੈਨੂੰ ਨਗਰ ਕੀਰਤਨ ਦਿਖਾਉਣਾ
ਦੇਖੀਂ ਆਪਣੀ ਕੌਮ ਦੀ ਚੜ੍ਹਾਈ
ਫ਼ਰਕ
ਨਿੱਕੇ ਹੁੰਦੇ ਸੀ ਤਾਂ
ਖੱਬੇ ਹੱਥ ਨਾਲ
ਗੇਂਦ ਜਾਂ ਬੰਟਾ ਸੁੱਟਣ ਵਾਲੇ ਨੂੰ
ਜਾਂ ਖੱਬੇ ਹੱਥ ਨਾਲ ਲਿਖਣ ਵਾਲੇ ਨੂੰ
ਖਬਚੂ ਕਹਿ ਕੇ ਛੇੜਦੇ
ਖੱਬੀ ਪੱਗ ਬੰਨ੍ਹਣ ਵਾਲੇ ਨੂੰ
ਨਿਰਾ ਝੁੱਡੂ ਸਮਝਦੇ
ਜੇ ਕੋਈ ਖੱਬੇ ਹੱਥ ਨਾਲ ਖਾਂਦਾ
ਤਾਂ ਘਰ ਦੇ ਸੱਜੇ ਨਾਲ
ਖਾਣਾ ਸਿਖਾਉਂਦੇ ਅਤੇ ਗਿਝਾਉਂਦੇ
ਯਾਨੀ ਖੱਬਾ ਗਲਤ ਸੱਜਾ ਠੀਕ
ਵੱਡੇ ਹੋਏ ਤਾਂ ਕਦੀ ਨਾ ਸੋਚਿਆ
ਕਿ ਸਾਈਕਲ ਜਾਂ ਸਕੂਟਰ 'ਤੇ
ਖੱਬੇ ਪਾਸਿਓਂ ਸਵਾਰ ਹੁੰਦੇ
ਖੱਬੇ ਪਾਸਿਓਂ ਹੀ ਉੱਤਰਦੇ
ਸਾਈਕਲ ਦਾ ਬਰੇਕ ਲਾਉਂਦੇ
ਸਕੂਟਰ ਦਾ ਕਲੱਚ ਦਬਾਉਂਦੇ
ਕਾਰ ਦਾ ਗੇਅਰ ਬਦਲਦੇ
ਹਮੇਸ਼ਾ ਖੱਬੇ ਹੱਥ ਨਾਲ
ਪਰ ਖੁਦ ਨੂੰ ਕਦੀ
ਖਬਚੂ ਮਹਿਸੂਸ ਨਾ ਕੀਤਾ
ਹੋਰ ਤਾਂ ਹੋਰ
ਕਾਪੀ ਕਿਤਾਬ ਖੋਲ੍ਹਦੇ
ਖੱਬੇ ਪਾਸਿਓਂ
ਲਿਖਤ ਪੜ੍ਹਤ ਸ਼ੁਰੂ ਹੁੰਦੀ
ਖੱਬੇ ਪਾਸਿਓਂ ਯਾਨੀ ਖੱਬੇ ਤੋਂ ਸੱਜੇ ਵੱਲ
ਕਿੰਨਾ ਫ਼ਰਕ ਹੁੰਦਾ
ਸਮਝਣ ਅਤੇ ਕਰਨ ਵਿੱਚ