ਨੂਰ
ਡੰਗਾਂ ਦਾ ਸੀ ਭਰਿਆ ਛੱਤਾ
ਇਕ ਦਿਹਾੜੇ ਕੱਤਕ ਆਇਆ
ਆਣ ਮਾਖਿਓਂ ਚੋਇਆ ।
ਚੰਨੋਂ ਚਿੱਟੇ ਅੰਗ ਜ਼ਿਮੀ ਦੇ
ਸਭਣਾਂ, ਕਿਰਣਾਂ ਸੂਰਜ ਵਿਚੋਂ
ਰੰਗ ਕਿਰਮਚੀ ਢੋਇਆ ।
ਸਭਣਾਂ ਰੋਗਾਂ ਕਾਮਣ ਪਾਇਆ
ਪੈਰਾਂ ਦੇ ਵਿਚ ਝੁੰਮਰ ਬੱਧਾ
ਵਣ ੜ੍ਰਿਣ ਆ ਕੇ ਮੋਹਿਆ ।
ਵੇਲ ਰੁੱਖ ਦੇ ਗਲ ਨੂੰ ਲੱਗੀ
ਫੁੱਲਾਂ ਵਿਚੋਂ ਉੱਠ ਸੁਗੰਧੀ
ਹੱਥ ਪੌਣ ਦਾ ਛੋਹਿਆ ।
ਦੋਵੇਂ ਲੋਕ ਮੇਰੇ ਰੁਸ਼ਨਾਏ
ਦੋ ਅੱਖਾਂ ਨੂੰ ਲੱਭਾ ਆ ਕੇ
ਨੂਰ ਗੁਆਚਾ ਹੋਇਆ ।
ਵੇ ਪਰਦੇਸੀਆ
ਪੂਰਬ ਨੇ ਕੁਝ ਲੱਭਿਆ
ਕਿਹੜੇ ਅੰਬਰ ਫੋਲ!
ਜਿਉਂ ਹੱਥ ਕਟੋਰਾ ਦੁੱਧ ਦਾ
ਵਿਚ ਕੇਸਰ ਦਿੱਤਾ ਘੋਲ।
ਚਾਨਣ ਲਿੱਪੀ ਰਾਤ ਨੇ
ਸੱਤ ਸਗੰਧਾਂ ਡੋਹਲ
ਅੰਬਰ ਫ਼ਸਲਾਂ ਪੱਕੀਆਂ
ਤਾਰਿਆਂ ਲਾ ਲਏ ਬੋਹਲ
ਆਸਾਂ ਕੱਤਣ ਬੈਠੀਆਂ
ਤੰਦ ਸੁਬਕ ਤੇ ਸੋਹਲ
ਭਰ ਭਰ ਲੱਛੇ ਪੈਣ ਵੇ
ਰੇਸ਼ਮੀ ਅੱਟੀ ਝੋਲ
ਅਰਪੀ ਕਿਸ ਨੇ ਜਿੰਦੜੀ
ਚਾਰੇ ਕੰਨੀਆਂ ਖੋਹਲ
ਬੱਦਲਾਂ ਭਰ ਲਈ ਅੱਖ ਵੇ
ਪੌਣਾਂ ਭਰ ਲਈ ਝੋਲ
ਪੰਛੀ ਤੋਲੇ ਪਰਾਂ ਨੂੰ
ਟਾਹਣਾ ਗਾਈਆਂ ਡੋਲ
ਲੈ ਦੇ ਖੰਭ ਵਿਕੰਦੜੇ
ਜਾਂ ਰਹਿ ਪਉ ਸਾਡੇ ਕੋਲ
ਵੇ ਪਰਦੇਸੀਆ !
ਸੱਤ ਵਰ੍ਹੇ
ਦੋਵੇਂ ਨੈਣ ਵੈਰਾਗੇ ਮੇਰੇ ਭਰ ਭਰ ਕੇ ਅੱਜ ਰੁੰਨੇ ।
ਸੱਤ ਸਮੁੰਦਰ ਪੈਰਾਂ ਅੱਗੇ ਕਾਬਾ ਪਰਲੇ ਬੰਨੇ ।
ਅਖੀਆਂ ਦੇ ਵਿਚ ਦੀਵੇ ਭਰ ਕੇ ਲੰਮੀ ਨੀਝ ਉਮਰ ਨੇ ਲਾਈ
ਡੀਕਾਂ ਨਾਲ ਹਨੇਰੇ ਪੀਤੇ ਛਾਣੇ ਅੰਬਰ ਜਿੰਨੇ ।
ਵਰ੍ਹਿਆਂ ਬੱਧੀ ਸੂਰਜ ਬਾਲੇ ਵਰ੍ਹਿਆਂ ਬੱਧੀ ਚੰਨ ਜਗਾਏ
ਅੰਬਰਾਂ ਕੋਲੋਂ ਮੰਗੇ ਜਾ ਕੇ ਤਾਰੇ ਚਾਂਦੀ ਵੰਨੇ ।
ਕਿਸੇ ਨਾ ਆ ਕੇ ਸ਼ਮ੍ਹਾ ਜਗਾਈ ਘੋਰ ਕਾਲਖ਼ਾਂ ਜਿੰਦ ਵਲ੍ਹੇਟੀ
ਵਰ੍ਹਿਆਂ ਦੀ ਇਸ ਬੱਤੀ ਨਾਲੋਂ ਚਾਨਣ ਰਹੇ ਵਿਛੁੰਨੇ ।
ਸੌ ਸੌ ਵਾਰ ਮਨਾਈਆਂ ਜਾ ਕੇ ਪਰ ਤਕਦੀਰਾਂ ਮੁੜ ਨਾ ਮੰਨੀਆਂ
ਪੌਣਾਂ ਦੀ ਇਸ ਕੰਨੀ ਅੰਦਰ ਕਈ ਕਈ ਧਾਗੇ ਬੰਨ੍ਹੇ ।
ਹਾਰੇ ਹੋਏ ਮੇਰੇ ਹੱਥਾਂ ਵਿਚੋਂ ਸ਼ਮ੍ਹਾਦਾਨ ਜਦ ਡਿੱਗਣ ਲੱਗਾ
ਸੱਤੇ ਸਾਗਰ ਤਰ ਕੇ ਕੋਈ ਆਇਆ ਮੇਰੀ ਵੰਨੇ ।
ਹੋਠਾਂ ਵਿਚ ਜਗਾ ਕੇ ਜਾਦੂ ਹੱਥ ਮੇਰੇ ਉਸ ਛੋਹੇ
“ਕਹੁ ਕਲਮ ਨੂੰ ਏਸ ਪੀੜ ਦਾ ਦਾਰੂ ਬਣ ਕੇ ਪੁੰਨੇ !”
ਤੇਰੀਆਂ ਪੀੜਾਂ ਮੇਰੀਆਂ ਪੀੜਾਂ ਹੋਰ ਅਜੇਹੀਆਂ ਲੱਖਾਂ ਪੀੜਾਂ
ਤੇਰੇ ਅੱਥਰੂ ਮੇਰੇ ਅੱਥਰੂ ਹੋਰ ਅੱਥਰੂ ਕਿੰਨੇ ।
ਸੱਤਾਂ ਵਰ੍ਹਿਆਂ ਦਾ ਇਹ ਪੈਂਡਾ ਨਿਰੇ ਅਸੀਂ ਨਾ ਪਾਂਧੀ ਇਸ ਦੇ
ਲੱਖਾਂ ਪੁੰਨੂੰ ਲੱਖਾਂ ਸੱਸੀਆਂ ਪੈਰ ਥਲਾਂ ਵਿਚ ਭੁੰਨੇ ।
ਦੋਵੇਂ ਹੋਠ ਉੜਾ ਕੇ ਉਸ ਨੇ ਕਲਮ ਮੇਰੀ ਫਿਰ ਛੋਹੀ
ਦੋਵੇਂ ਨੈਣ ਵੈਰਾਗੇ ਉਸ ਦੇ ਭਰ ਭਰ ਕੇ ਫਿਰ ਰੁੰਨੇ ।
ਦੋ ਘੜੀਆਂ
ਸੱਤ ਅੰਬਰਾਂ ਨੂੰ ਲੰਘ ਕੇ ਆਈਆਂ
ਸੱਤੀਂ ਸੁਰੀਂ ਜਗਾ ਲਏ ਜਾਦੂ
ਸੱਤੇ ਰੰਗ ਪਹਿਨ ਲਏ ਓਹਨਾਂ
ਰੂਪ ਕਿਤੋਂ ਨਾ ਊਣਾ ।
ਪੇਸ਼ਵਾਈ ਨਾ ਸਰੀ ਅਸਾਥੋਂ
ਦੋਵੇਂ ਹੱਥ ਹੋਏ ਬਉਰਾਨੇ
ਜਿੰਦ ਸਾਡੀ ਨੂੰ ਬਾਂਹ ਵਲਾ ਕੇ
ਕਰ ਗਈਆਂ ਕੋਈ ਟੂਣਾ ।
ਸੱਤੇ ਅੰਬਰ ਲੰਘ ਕੇ ਆਈਆਂ
ਸੱਤੇ ਅੰਬਰ ਲੰਘ ਕੇ ਗਈਆਂ
ਹੱਥ ਵਿਚ ਲੋਹਾ, ਹੱਥ ਵਿਚ ਪਾਰਸ
ਭੁੱਲ ਗਿਆ ਸਾਨੂੰ ਛੂਹਣਾ ।
ਕਿਸ ਡਾਚੀ ਮੇਰਾ ਪੁੰਨੂੰ ਖੜਿਆ
ਨੌਂ ਸੌ ਮੀਲ ਬਰੇਤਾ ਵਿਛਿਆ
ਜਿਉਂ ਜਿਉਂ ਸੱਸੀ ਜਾਏ ਅਗੇਰੇ
ਤਿਉਂ ਤਿਉਂ ਪੈਂਡਾ ਦੂਣਾ ।
ਅੰਦਰੇ ਅੰਦਰ ਬੱਦਲ ਘਿਰਦੇ
ਕਦੇ ਕਦੇ ਕੋਈ ਵਾਫੜ ਆਵੇ
ਦੋ ਅੱਖਾਂ ਵਿਚ ਆ ਕੇ ਲੱਥੇ
ਮੂੰਹ ਨੂੰ ਕਰ ਜਾਏ ਲੂਣਾ ।
ਜੁੱਗਾਂ ਜੇਡੇ ਦਿਹੁੰ ਬੀਤ ਗਏ
ਯਾਦਾਂ ਦੀ ਇਕ ਤਾਣੀ ਬੱਝੀ
ਬਹੀਏ, ਬਹਿ ਕੇ ਅੱਖਰ ਉਣੀਏ
ਹੋਰ ਅਸਾਂ ਕੀ ਕੂਣਾ !
ਆਈਆਂ, ਦੋ ਘੜੀਆਂ ਕੋਈ ਆਈਆਂ
ਸੱਤੀਂ ਸੁਰੀਂ ਜਗਾ ਲਏ ਜਾਦੂ
ਸੱਤੇ ਰੰਗ ਪਹਿਨ ਲਏ ਓਹਨਾਂ
ਰੂਪ ਕਿਤੋਂ ਨਾ ਊਣਾ ।
ਸੁਪਨੇ
ਜਿਉਂ ਕੋਈ ਨਿੱਕਾ ਪੰਛੀ ਜਾ ਕੇ
ਡੂੰਘੀ ਸੰਘਣੀ ਰੱਖ ਦੇ ਅੰਦਰ
ਇਕ ਆਲ੍ਹਣਾ ਪਾਏ
ਸੱਜਾ ਹੱਥ ਮੇਰਾ ਨਸ਼ਿਆਇਆ
ਉਹਦੀਆਂ ਦੋ ਤਲੀਆਂ ਵਿਚ ਬੈਠਾ
ਸੁਪਨੇ ਕਈ ਬਣਾਏ
ਇਕ ਦਿਨ ਰੱਜ ਖੇਡੀਆਂ ਉਂਗਲਾਂ
ਤਲੀਆਂ ਦੀ ਉਸ ਧਰਤੀ ਉੱਤੇ
ਕਿਤਨੇ ਘਰ ਘਰ ਪਾਏ
ਫੇਰ ਜਿਵੇ ਕੋਈ ਅਲਤਾ ਖੇਡੇ,
ਮੁੱਠਾਂ ਦੇ ਵਿੱਚ ਭਰ ਕੇ ਸੁਪਨੇ
ਅੱਖਾਂ ਨੂੰ ਉਸ ਲਾਏ
ਵਰ੍ਹਿਆਂ ਉੱਤੇ ਵਰ੍ਹੇ ਬੀਤ ਗਏ,
ਰੰਗ ਕੋਈ ਨਾ ਖੁਰੇ ਇਨ੍ਹਾਂ ਦਾ
ਲੱਖਾਂ ਅੱਥਰੂ ਆਏ
ਚਿੱਟਾ ਚਾਨਣ ਢੋਈ ਨਾ ਦੇਵੇ ,
ਅੱਖਾਂ ਵਿਚ ਖਲੋਤੇ ਸੁਪਨੇ
ਰਾਤ ਬੀਤਦੀ ਜਾਏ
ਅੱਜ
ਮਾਨ ਸਰੋਵਰ ਰਿਸ਼ਮਾਂ ਲੱਥੀਆਂ
ਮੋਤੀ ਰਹੀਆਂ ਚੁੱਗ ਵੇ ।
ਫੇਰ ਹਨੇਰੇ ਚਉਸਰ ਖੇਡੇ
ਫ਼ਜ਼ਰ ਗਈ ਊ ਪੁੱਗ ਵੇ ।
ਪੂਰਬ ਦੀ ਇਕ ਟਾਹਣੀ ਉੱਤੇ
ਕਿਰਣਾਂ ਪਈਆਂ ਉੱਗ ਵੇ ।
ਸੱਭੇ ਯਾਦਾਂ ਉੱਮਲ੍ਹ ਆਈਆਂ
ਭਰੀ ਕਲੇਜੇ ਰੁੱਗ ਵੇ ।
ਅੱਲ੍ਹੜ ਧੁੱਪਾਂ ਖੇਡਣ ਪਈਆਂ
ਖੇਡਣ ਰੰਗ ਕਸੁੰਭ ਵੇ ।
ਲਗਰਾਂ ਜਹੀਆਂ ਸਿਖ਼ਰ ਦੁਪਹਿਰਾਂ
ਹੋਈਆਂ ਚਿੱਟੀਆਂ ਖੁੰਬ ਵੇ ।
ਵੇਖ ਸਮੇਂ ਨੇ ਚਾੜ੍ਹ ਧੁਣਖਣੀ
ਚਾਨਣ ਦਿੱਤਾ ਤੁੰਬ ਵੇ ।
ਦੋਵੇਂ ਪੈਰ ਦਿਹੁੰ ਦੇ ਠਰ ਗਏ
ਕਿਰਣਾਂ ਮਾਰੀ ਝੁੰਬ ਵੇ ।
ਕਿਰਣਾਂ ਜਿਵੇ ਜਲੂਟੀ ਹੋਈਆਂ
ਅੰਬਰ ਗਏ ਨੇ ਅੰਬ ਵੇ ।
ਕਿਸੇ ਰਾਹੀ ਨੇ ਅੱਡੀ ਝਾੜੀ
ਪੰਛੀ ਝਾੜੇ ਖੰਭ ਵੇ ।
ਆ ਗਏ ਝੁੰਡ, ਵੱਗ ਤੇ ਡਾਰਾਂ
ਭਰ ਗਏ ਸਰਵਰ ਛੰਭ ਵੇ ।
ਏਸ ਹਿਜਰ ਦੇ ਪੈਂਡੇ ਉੱਤੇ
ਜਿੰਦ ਗਈ ਮੇਰੀ ਹੰਭ ਵੇ ।
ਡੋਲ ਗਈ ਸੂਰਜ ਦੀ ਬੇੜੀ
ਪੱਛਮ ਉੱਠੀ ਛੱਲ ਵੇ ।
ਗੰਢ ਪੋਟਲੀ ਚੁੱਕ ਤਰਕਾਲਾਂ
ਆਈਆਂ ਸਾਡੀ ਵੱਲ ਵੇ ।
ਕਿਹੜੇ ਬੱਦਲੋਂ ਕਣੀਆਂ ਲੱਥੀਆਂ
ਅੱਖੀਆਂ ਭਰ ਲਈ ਡੱਲ ਵੇ ।
ਹਰ ਇਕ ਮੇਰੀ “ਅੱਜ” ਢੂੰਡਦੀ
ਕਿੱਥੇ ਕੁ ਤੇਰੀ “ਕੱਲ੍ਹ” ਵੇ ?
ਸਫ਼ਰ
ਗਹਿਰਾਂ ਚੜ੍ਹੀਆਂ ਪੂਰਬੋਂ
ਅੰਬਰ ਲੱਦੇ ਇੰਜ
ਚੜ੍ਹਦਾ ਸੂਰਜ ਤੁੰਬਿਆ
ਚਾਨਣ ਦਿੱਤਾ ਪਿੰਜ
ਸੁੱਕੇ ਸਰਵਰ ਰਹਮ ਦੇ
ਹੰਸ ਨਾ ਬੋੜੀ ਚਿੰਝ
ਕਰਮ ਕਿਸੇ ਦੇ ਹੋ ਗਏ
ਮੱਥੇ ਨਾਲੋਂ ਰਿੰਜ
ਗਹਿਰਾਂ ਪੈਂਡੇ ਚੱਲੀਆਂ
ਚਾਰੇ ਕੰਨੀਆਂ ਕੁੰਜ
ਲੀਕਾਂ ਫੜੀਆਂ ਘੁੱਟ ਕੇ
ਖੁਰਾ ਨਾ ਜਾਵੇ ਖੁੰਝ
ਕਾਲੇ ਕੋਹ ਮੁਕਾਂਦਿਆਂ
ਧੁੱਪਾਂ ਲੱਥੀਆਂ ਉਂਜ
ਸੂਰਜ ਹੋਇਆ ਸਰਕੜਾ
ਕਿਰਣਾਂ ਹੋਈਆਂ ਮੁੰਜ
ਗਹਿਰਾਂ ਪੱਛਮ ਮੱਲਿਆ
ਲਾਹੀ ਹਿਜਰ ਦੀ ਡੰਝ
ਪਕੜਾਂ ਪੈਰ ਲਪੇਟੀਆਂ
ਹੱਥੋਂ ਛਟਕੇ ਵੰਝ
ਹੋਠ ਨਾ ਹਾੜੇ ਮੁਕਦੇ
ਅੱਖ ਨਾ ਸੁਕਦੀ ਹੰਝ
ਲਹਿ ਲਹਿ ਜਾਣ ਦਿਹਾੜੀਆਂ
ਹੋਈ ਉਮਰ ਦੀ ਸੰਝ ।
ਕਲਪਨਾ
ਤਾਰੇ ਪੰਕਤੀ ਬੰਨ੍ਹ ਖਲੋਤੇ
ਉੱਛਲੀ ਅੰਬਰ-ਗੰਗਾ
ਘੜਿਆਂ ਨੂੰ ਪਈ ਮੂੰਹ ਮੂੰਹ ਭਰਦੀ
ਬਣੀ ਕਲਪਨਾ ਮਹਿਰੀ ।
ਕਈ ਉਰਵਸ਼ੀਆਂ ਚਾਕਰ ਹੋਈਆਂ
ਇਸ ਮਹਿਰੀ ਦੇ ਅੱਗੇ
ਇੰਦਰ ਸਭਾ ਲਗਾ ਕੇ ਬੈਠੀ
ਹੁਸਨ ਹੋਰ ਵੀ ਕਹਿਰੀ ।
ਪਿਆਰ ਮੇਰੇ ਦਾ ਭੇਤ ਏਸ ਨੇ
ਛਮਕਾਂ ਮਾਰ ਜਗਾਇਆ
ਸੁੱਤਾ ਨਾਗ ਇਸ਼ਕ ਦਾ ਜਾਗੇ
ਹੋਰ ਵੀ ਹੋ ਜਾਏ ਜ਼ਹਿਰੀ ।
ਭੁੱਖੇ ਅੰਬਰ ਭਰਨ ਕਲਾਵਾ
ਹੱਥਾਂ ਵਿਚ ਨਾ ਆਵੇ
ਸੋਹਣੀ ਹਰ ਚੰਦਉਰੀ, ਆਖ਼ਰ
ਹਰ ਚੰਦਉਰੀ ਠਹਿਰੀ ।
ਖਿੜਦੀ ਜਿਵੇਂ ਕਪਾਹ ਦੀ ਫੁੱਟੀ
ਸੁਪਨੇ ਤੇਰੇ ਹਸਦੇ
ਜੀ ਕਲਪਨਾਂ! ਜੁੱਗਾਂ ਤੋੜੀ
ਸੁਪਨੇ ਕੱਤ ਸੁਨਹਿਰੀ ।
ਲੱਖ ਤੇਰੇ ਅੰਬਾਰਾਂ ਵਿੰਚੋ
ਦੱਸ ਕੀ ਲੱਭਾ ਸਾਨੂੰ ?
ਇੱਕੋ ਤੰਦ ਪਿਆਰ ਦੀ ਲੱਭੀ
ਉਹ ਵੀ ਤੰਦ ਇਕਹਿਰੀ ।
ਦੋ ਟੇਪੇ
ਚੰਨ ਅੰਬਰਾਂ ਵਿਚ ਨਿੱਸਲ ਸੁੱਤਾ
ਨਿੱਸਲ ਸੁੱਤੇ ਤਾਰੇ ।
ਮਾਘ ਦੇ ਜੰਮੇ ਕੱਕਰ ਨੂੰ
ਅਜ ਫੱਗਣ ਪਿਆ ਪੰਘਾਰੇ ।
ਜਿੰਦ ਮੇਰੀ ਦੇ ਕੱਖਾਂ ਓਹਲੇ
ਇਕ ਚਿਣਗ ਪਈ ਊਂਘੇ,
ਟਿੱਲੇ ਤੋਂ ਅਜ ਪੌਣ ਜੁ ਉੱਠੀ
ਭਰਦੀ ਪਈ ਹੁੰਗਾਰੇ ।
ਜਿੰਦ ਮੇਰੀ ਦੇ ਪੱਤਰੇ ਉੱਤੇ
ਦੋ ਅੱਖਰ ਉਸ ਵਾਹੇ,
ਦੋ ਅੱਖਰਾਂ ਨੂੰ ਪੂੰਝ ਨਾ ਸੱਕੇ
ਹੱਥ ਉਮਰ ਦੇ ਹਾਰੇ ।
ਸੌ ਜੰਗਲਾਂ ਦੀਆਂ ਭੀੜਾਂ ਵਿੱਚੋਂ
ਖਹਿਬੜ ਕੇ ਕੋਈ ਲੰਘੇ,
ਮੱਥੇ ਵਿੱਚੋਂ ਮਣੀ ਨਾ ਉਤਰੇ
ਕੂੰਜਾਂ ਲਾਹ ਲਾਹ ਮਾਰੇ ।
ਦੋਂ ਪਲਕਾਂ ਅਜ ਕੱਜ ਨਾ ਸੱਕਣ
ਅੱਖੀਆਂ ਦਾ ਉਦਰੇਵਾਂ,
ਮੂੰਹ ਉੱਤੇ ਦੋ ਲੀਕਾਂ ਪਾ ਗਏ
ਦੋ ਟੇਪੇ ਅਜ ਖਾਰੇ ।
ਚੰਨ ਅੰਬਰਾਂ ਵਿਚ ਨਿੱਸਲ ਸੁੱਤਾ… …
ਸੰਜੋਗ-ਵਿਯੋਗ
ਚਾਰੇ ਚਸ਼ਮੇ ਵੱਗੇ ।
ਇਹ ਕੱਲਰਾਂ ਦੀ ਵਾਦੀ ਮਾਹੀਆ
ਇਸ ਵਾਦੀ ਵਿਚ ਕੁਝ ਨਾ ਉੱਗੇ ।
ਸਾਰੇ ਇਸ਼ਕ ਸਰਾਪੇ ਜਾਂਦੇ
ਏਥੇ ਕੋਈ ਹੁਸਨ ਨਾ ਪੁੱਗੇ ।
ਸੱਭੋ ਰਾਤਾਂ ਸਾਖੀ ਹੋਈਆਂ
ਅੱਖੀਆਂ ਬਹਿ ਬਹਿ ਤਾਰੇ ਚੁੱਗੇ ।
ਏਸ ਰਾਸ ਦੇ ਪਾਤਰ ਵੱਟੇ
ਨਾਟ ਸਮੇ ਦਾ ਖੇਡਣ ਲੱਗੇ ।
ਐਪਰ ਅਜੇ ਵਾਰਤਾ ਓਹੋ
ਓਹੀ ਦੁਖਾਂਤ, ਜਿਹਾ ਸੀ ਅੱਗੇ ।
ਇਹ ਮੈਂ ਜਾਣਾਂ – ਫਿਰ ਵੀ ਚਾਹਵਾਂ
ਤੇਰਾ ਇਸ਼ਕ ਹਯਾਤੀ ਤੱਗੇ ।
ਭੁੱਲਿਆ ਚੁੱਕਿਆ ਵਰ ਕੋਈ ਲੱਗੇ
ਤੇਰਾ ਬੋਲ ਭੋਏਂ ਨਾ ਡਿੱਗੇ ।
ਇੰਜ ਕਿਸੇ ਨਾ ਵਿੱਛੜ ਡਿੱਠਾ
ਇੰਜ ਕੋਈ ਨਾ ਮਿਲਿਆ ਅੱਗੇ ।
ਹੋਏ ਸੰਜੋਗ ਵਿਯੋਗ ਇਕੱਠੇ
ਹੰਝੂਆਂ ਦੇ ਗਲ ਹੰਝੂ ਲੱਗੇ ।
ਪੁਰੇ ਦੀ ਵਾ
ਅਜ ਵਗਦੀ ਪੂਰੇ ਦੀ ਵਾ ।
ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅਜ ਵਗਦੀ ਪੂਰੇ ਦੀ ਵਾ ।
ਹੁਣੇ ਮੈਂ ਖ਼ੁਸ਼ੀਆਂ ਦਾ ਮੂੰਹ ਤਕਿਆ
ਹੁਣੇ ਤਾਂ ਪਈਆਂ ਦਲੀਲੇ,
ਹੁਣੇ ਤਾਂ ਚੰਨ ਅਸਮਾਨੇ ਚੜ੍ਹਿਆ
ਹੁਣੇ ਤਾਂ ਬੱਦਲ ਨੀਲੇ,
ਹੁਣੇ ਜ਼ਿਕਰ ਸੀ ਤੇਰੇ ਮਿਲਣ ਦਾ
ਹੁਣੇ ਵਿਛੋੜੇ ਦਾ ।
ਅਜੇ ਵਗਦੀ ਪੁਰੇ ਦੀ ਵਾ ।
ਕਦਮਾਂ ਨੂੰ ਦੋ ਕਦਮ ਮਿਲੇ ਸਨ
ਜ਼ਿਮੀ ਨੇ ਸੁਣ ਲਈ ਸੋਅ,
ਪਾਣੀ ਦੇ ਵਿਚ ਘੁਲ ਗਈ ਠੰਢਕ
ਪੌਣਾਂ ਵਿਚ ਖੁਸ਼ਬੋ,
ਦਿਨ ਦਾ ਚਾਨਣ ਭੇਤ ਨਾ ਸਾਂਭੇ
ਰਾਤ ਨਾ ਦੇਂਦੀ ਰਾਹ ।
ਅਜ ਵਗਦੀ ਪੂਰੇ ਦੀ ਵਾ ।
ਅਜੇ ਮੇਰੇ ਦੋ ਕਦਮਾਂ ਨਾਲੋਂ
ਕਦਮ ਛੁਟਕ ਗਏ ਤੇਰੇ,
ਹੱਥ ਮੇਰੇ ਅਜ ਵਿੱਥਾਂ ਨਾਪਣ
ਅੱਖੀਆਂ ਟੋਹਣ ਹਨੇਰੇ,
ਜ਼ਿਮੀ ਤੋਂ ਲੈ ਕੇ ਅੰਬਰਾਂ ਤੀਕਣ
ਘਟਾਂ ਕਾਲੀਆਂ ਸ਼ਾਹ ।
ਅਜ ਵਗਦੀ ਪੁਰੇ ਦੀ ਵਾ ।
ਅੱਜ ਪਿਆ ਮੇਰੀ ਜਿੰਦ ਨੂੰ ਖੋਰੇ
ਦੋ ਅੱਖੀਆਂ ਦਾ ਪਾਣੀ,
ਮੀਟੇ ਹੋਏ ਮੇਰੇ ਦੋ ਹੋਠਾਂ ਦੀ
ਇਕ ਮਜਬੂਰ ਕਹਾਣੀ,
ਸਮੇਂ ਦੀਆਂ ਕਬਰਾਂ ਨੇ ਸਾਂਭੀ
ਸਮਾਂ ਜਗਾਵੇਗਾ ।
ਅਜ ਵਗਦੀ ਪੁਰੇ ਦੀ ਵਾ ।
ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅੱਜ ਵਗਦੀ ਪੂਰੇ ਦੀ ਵਾ ।
ਇਕ ਗੀਤ
ਪਿਆਰ ਮੇਰਾ ਹੋ ਗਿਆ ਯਾਦਾਂ ਦੇ ਹਵਾਲੇ !
ਕੰਢਿਆਂ ਨਾਲੋਂ ਟੁਟ ਗਏ ਨਾਤੇ
ਚੱਪੂਆਂ ਨਾਲੋਂ ਰਿਸ਼ਤੇ ਮੁੱਕ ਗਏ
ਦਿਲ ਦਰਿਆ ਵਿਚ ਕਾਂਗਾਂ ਆਈਆਂ
ਅੱਥਰੂ ਖਾਣ ਉਛਾਲੇ
ਹਰ ਸੋਹਣੀ ਦਿਆਂ ਕਦਮਾਂ ਅੱਗੇ
ਅਜੇ ਵੀ ਇਕ ਝਨਾਂ ਪਈ ਵੱਗੇ
ਹਰ ਸੱਸੀ ਦਿਆਂ ਪੈਰਾਂ ਹੇਠਾਂ
ਅਜੇ ਵੀ ਤੜਪਨ ਛਾਲੇ
ਇਹ ਦੁਨੀਆਂ ਵੀ ਤੇਰੇ ਲੇਖੇ
ਓਹ ਦੁਨੀਆਂ ਵੀ ਤੇਰੇ ਲੇਖੇ
ਦੋਵੇਂ ਦੁਨੀਆਂ ਵਾਰ ਛੱਡਦੇ
ਪਿਆਰ ਕਰਨ ਵਾਲੇ
ਇਹ ਬਿਰਹਾ ਅਸਾਂ ਮੰਗ ਕੇ ਲੀਤਾ
ਇਹ ਬਿਰਹਾ ਸਾਨੂੰ ਸੱਜਣਾਂ ਨੇ ਦਿੱਤਾ
ਇਸ ਬਿਰਹਾ ਦੇ ਘੁੱਪ ਹਨੇਰੇ
ਕਿਉਂ ਕੋਈ ਦੀਵਾ ਬਾਲੇ
ਪਿਆਰ ਮੇਰਾ ਹੋ ਗਿਆ ਯਾਦਾਂ ਦੇ ਹਵਾਲੇ !
ਕੱਚੀਆਂ ਗੰਢਾਂ
ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ !
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈਂ ਨਾ ਸੱਕੀਆਂ ਖੋਹਲ !
ਇਕ ਦਿਹਾੜੇ ਤੰਦ ਵਲੀ ਇਕ
ਵਲੀ ਗਈ ਅਣਭੋਲ
ਅੱਖੀਆਂ ਨੇ ਇਕ ਚਾਨਣ ਦਿੱਤਾ
ਅੱਖੀਆਂ ਦੇ ਵਿਚ ਘੋਲ ।
ਹੰਢਦਾ ਹੰਢਦਾ ਹੁਸਨ ਹੰਢਿਆ
ਖੋਹਲ ਨਾ ਸੱਕਿਆ ਗੰਢ
ਕੀ ਹੋਇਆ ਜੇ ਅੰਦੇ ਪੈ ਗਈ
ਤੰਦ ਸੁਬਕ ਤੇ ਸੋਹਲ ।
ਦੋ ਜਿੰਦਾਂ ਦੋ ਤੰਦਾਂ ਵਲੀਆਂ
ਵਲ ਵਲ ਬੱਝੀ ਜਾਨ
ਕੀ ਹੋਇਆ ਜੇ ਕਦੀ ਕਿਸੇ ਦੇ
ਬੁੱਤ ਨਾ ਵਸਦੇ ਕੋਲ ।
ਚੜ੍ਹ ਚੜ੍ਹ ਲਹਿ ਲਹਿ ਸੂਰਜ ਹਫ਼ਿਆ
ਵਧ ਵਧ ਘਟ ਘਟ ਚੰਦਾ
ਸਾਰੀ ਉਮਰਾ ਕੀਲ ਗਏ
ਤੇਰੇ ਜਾਦੂ ਵਰਗੇ ਬੋਲ ।
ਖੋਹਲ ਖੋਹਲ ਕੇ ਲੋਕ ਹਾਰਿਆ
ਖੋਹਲ ਖੋਹਲ ਪਰਲੋਕ
ਕੇਹੜੇ ਰੱਬ ਦਾ ਜ਼ੋਰ ਵੱਸਦਾ
ਦੋ ਤੰਦਾਂ ਦੇ ਕੋਲ ।
ਇਸ ਮੰਜ਼ਲ ਦੇ ਕੰਡੇ ਵੇਖੇ
ਇਸ ਮੰਜ਼ਲ ਦੀਆਂ ਸੂਲਾਂ
ਇਸ ਮੰਜ਼ਲ ਦੇ ਯੋਜਨ ਤੱਕੇ
ਕਦਮ ਨਾ ਸੱਕੇ ਡੋਲ ।
ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ ।
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈ ਨਾ ਸੱਕੀਆਂ ਖੋਹਲ ।
ਰਾਹ
ਕਹੇ ਟੂਣਿਆਂ ਹਾਰੇ ਰਾਹ !
ਅਗਮ ਅਗੋਚਰ ਖਿੱਚ ਇਨ੍ਹਾਂ ਦੀ,
ਜਾਦੂ ਨੇ ਅਸਗਾਹ !
ਕਹੇ ਟੂਣਿਆਂ ਹਾਰੇ ਰਾਹ !
ਨਾ ਜਾਣਾ ਇਹ ਕਿੱਧਰੋਂ ਔਂਦੇ
ਤੇ ਕਿੱਧਰ ਨੂੰ ਜਾਂਦੇ
ਸੌ ਸੌ ਟੂਣੇ, ਸੌ ਸੌ ਜਾਦੂ
ਪੈਰਾਂ ਹੇਠ ਵਿਛਾਂਦੇ
ਮੋੜਾਂ ਦੇ ਨਾਲ ਮੁੜ ਮੁੜ ਜਾਂਦੇ
ਪੈਰ ਨਾ ਖਾਣ ਵਸਾਹ ।
ਕਹੇ ਟੂਣਿਆਂ ਹਾਰੇ ਰਾਹ !
ਜਿੰਦੋਂ ਭੀੜੇ, ਉਮਰੋਂ ਲੰਬੇ
ਇਹ ਰਸਤੇ ਕੰਡਿਆਲੇ
ਪਰ ਪੈਰਾਂ ਵਿਚ ਪੈਂਦੇ ਛਾਲੇ
ਲੱਖ ਇਕਰਾਰਾਂ ਵਾਲੇ
ਰਸਤੇ ਪੈ ਕੇ ਕੌਣ ਕਰੇ ਹੁਣ
ਪੈਰਾਂ ਦੀ ਪਰਵਾਹ ।
ਕਹੇ ਦੂਣਿਆਂ ਹਾਰੇ ਰਾਹ !
ਨਾ ਇਸ ਰਾਹ ਦੀ ਪੈੜ ਪਛਾਤੀ
ਨਾ ਕੋਈ ਖੁਰਾ ਸਿੰਝਾਤਾ
ਪਰ ਇਸ ਰਾਹ ਨਾਲ ਪੈਰਾਂ ਦਾ
ਅਸਾਂ ਜੋੜ ਲਿਆ ਇਕ ਨਾਤਾ
ਦੋ ਪੈਰਾਂ ਦੇ ਨਾਲ ਨਿਭੇਗਾ
ਨਾਤੇ ਦਾ ਨਿਰਬਾਹ ।
ਕਹੇ ਟੂਣਿਆਂ ਹਾਰੇ ਰਾਹ !
ਧੁੱਪਾਂ ਢਲੀਆਂ, ਦਿਹੁੰ ਬੀਤਿਆ
ਅਜੇ ਵੀ ਰਾਹ ਨਾ ਬੀਤੇ
ਏਸ ਰਾਹ ਦੇ ਟੂਣੇ ਤੋਂ
ਅਸਾਂ ਪੈਰ ਸਦੱਕੜੇ ਕੀਤੇ
ਪੈਰਾਂ ਦੀ ਅਸਾਂ ਨਿਆਜ਼ ਚੜ੍ਹਾਈ
ਰਾਹਵਾਂ ਦੀ ਦਰਗਾਹ ।
ਕਹੇ ਟੂਣਿਆਂ ਹਾਰੇ ਰਾਹ !
ਇੱਕ ਖ਼ਤ
ਇਹ ਰਾਤ ਸਾਰੀ, ਤੇਰੇ
ਖ਼ਿਆਲਾਂ ‘ਚ ਗੁਜ਼ਾਰ ਕੇ
ਹੁਣੇ ਹੁਣੇ ਜਾਗੀ ਹਾਂ, ਸੱਤੇ
ਬਹਿਸ਼ਤਾਂ ਉਸਾਰ ਕੇ ।
ਇਹ ਰਾਤ, ਜੀਕਣ ਰਹਿਮਤਾਂ ਦੀ
ਬੱਦਲੀ ਵਰ੍ਹਦੀ ਰਹੀ
ਇਹ ਰਾਤ, ਤੇਰੇ ਵਾਅਦਿਆਂ ਨੂੰ
ਪੂਰਿਆਂ ਕਰਦੀ ਰਹੀ ।
ਪੰਛੀਆਂ ਦੀ ਡਾਰ ਬਣ ਕੇ
ਖ਼ਿਆਲ ਕੋਈ ਆਉਂਦੇ ਰਹੇ
ਹੋਠ ਮੇਰੇ, ਸਾਹ ਤੇਰੇ ਦੀ
ਮਹਿਕ ਨੂੰ ਪੀਂਦੇ ਰਹੇ ।
ਬਹੁਤ ਉੱਚੀਆਂ ਹਨ ਦੀਵਾਰਾਂ
ਰੌਸ਼ਨੀ ਦਿਸਦੀ ਨਹੀਂ
ਰਾਤ ਸੁਪਨੇ ਖੇਡਦੀ ਹੈ
ਹੋਰ ਕੁਝ ਦਸਦੀ ਨਹੀਂ ।
ਹਰ ਮੇਰਾ ਨਗ਼ਮਾ ਜਿਵੇਂ
ਮੈਂ ਖ਼ਤ ਕੋਈ ਲਿਖਦੀ ਰਹੀ
ਹੈਰਾਨ ਹਾਂ, ਇਕ ਸਤਰ ਵੀ
ਤੇਰੇ ਤਕ ਪੁਜਦੀ ਨਹੀਂ ?
ਮਾਇਆ
(ਪ੍ਰਸਿੱਧ ਚਿਤ੍ਰਕਾਰ ਵਿਨਸੈਂਟ ਵਾਨ ਗੌਗ ਦੀ ਕਲਪਿਤ ਪ੍ਰੇਮਿਕਾ ਮਾਇਆ ਨੂੰ !)
ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਗੋਰੀਏ ਵਿਨਸੈਂਟ ਦੀਏ !
ਸੱਚ ਕਿਉਂ ਬਣਦੀ ਨਹੀਂ ?
ਹੁਸਨ ਕਾਹਦਾ, ਇਸ਼ਕ ਕਾਹਦਾ
ਤੂੰ ਕਹੀ ਅਭਿਸਾਰਕਾ ?
ਆਪਣੇ ਕਿਸੇ ਮਹਿਬੂਬ ਦੀ
ਆਵਾਜ਼ ਤੂੰ ਸੁਣਦੀ ਨਹੀਂ ।
ਦਿਲ ਦੇ ਅੰਦਰ ਚਿਣਗ ਪਾ ਕੇ
ਸਾਹ ਜਦੋਂ ਲੈਂਦਾ ਕੋਈ
ਸੁਲਗਦੇ ਅੰਗਿਆਰ ਕਿਤਨੇ
ਤੂੰ ਕਦੇ ਗਿਣਦੀ ਨਹੀਂ’ ।
ਕਾਹਦਾ ਹੁਨਰ, ਕਾਹਦੀ ਕਲਾ
ਤਰਲਾ ਹੈ ਇਕ ਇਹ ਜੀਊਣ ਦਾ
ਸਾਗਰ ਤਖ਼ਈਅਲ ਦਾ ਕਦੇ
ਤੂੰ ਕਦੇ ਮਿਣਦੀ ਨਹੀਂ
ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਖ਼ਿਆਲ ਤੇਰਾ ਪਾਰ ਨਾ-
ਉਰਵਾਰ ਦੇਂਦਾ ਹੈ ।
ਰੋਜ਼ ਸੂਰਜ ਢੰਡਦਾ ਹੈ
ਮੂੰਹ ਕਿਤੇ ਦਿਸਦਾ ਨਹੀਂ
ਮੂੰਹ ਤੇਰਾ ਜੋ ਰਾਤ ਨੂੰ
ਇਕਰਾਰ ਦੇਂਦਾ ਹੈ ।
ਤੜਪ ਕਿਸਨੂੰ ਆਖਦੇ ਨੇ
ਤੂੰ ਨਹੀਂ ਇਹ ਜਾਣਦੀ
ਕਿਉਂ ਕਿਸੇ ਤੋਂ ਜ਼ਿੰਦਗੀ
ਕੋਈ ਵਾਰ ਦੇਂਦਾ ਹੈ ।
ਦੋਵੇਂ ਜਹਾਨ ਆਪਣੇ
ਲਾਂਦਾ ਹੈ ਕੋਈ ਖੇਡ ‘ਤੇ
ਹਸਦਾ ਹੈ ਨਾ ਮੁਰਾਦ
ਤੇ ਫਿਰ ਹਾਰ ਦੇਂਦਾ ਹੈ ।
ਪਰੀਏ ਨੀ ਪਰੀਏ !
ਹਰਾਂ ਸ਼ਾਹਜ਼ਾਦੀਏ !
ਲੱਖਾਂ ਖ਼ਿਆਲ ਇਸ ਤਰ੍ਹਾਂ
ਔਣਗੇ ਟੁਰ ਜਾਣਗੇ ।
ਅਰਗ਼ਵਾਨੀ ਜ਼ਹਿਰ ਤੇਰਾ
ਰੋਜ਼ ਕੋਈ ਪੀ ਲਵੇਗਾ
ਨਕਸ਼ ਤੇਰੇ ਰੋਜ਼ ਜਾਦੂ
ਇਸ ਤਰ੍ਹਾਂ ਕਰ ਜਾਣਗੇ ।
ਹੱਸੇਗੀ ਤੇਰੀ ਕਲਪਨਾ
ਤੜਪੇਗਾ ਕੋਈ ਰਾਤ ਭਰ
ਸਾਲਾਂ ਦੇ ਸਾਲ ਇਸ ਤਰ੍ਹਾਂ
ਇਸ ਤਰ੍ਹਾਂ ਖੁਰ ਜਾਣਗੇ ।
ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਿਤਨੇ ਕੁ ਤੇਰੇ ਵਾਨ ਗੌਗ
ਇਸ ਤਰ੍ਹਾਂ ਮਰ ਜਾਣਗੇ !
ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਹੁਸਨ ਕਾਹਦੀ ਖੇਡ ਹੈ
ਇਸ਼ਕ ਜਦ ਪੁਗਦੇ ਨਹੀਂ ।
ਰਾਤ ਹੈ ਕਾਲੀ ਬੜੀ
ਉਮਰਾਂ ਕਿਸੇ ਨੇ ਬਾਲੀਆਂ
ਚੰਨ ਸੂਰਜ ਕਹੇ ਦੀਵੇ
ਅਜੇ ਵੀ ਜਗਦੇ ਨਹੀਂ ।
ਬੁੱਤ ਤੇਰਾ ਸੋਹਣੀਏ !
ਤੇ ਇਕ ਸਿੱਟਾ ਕਣਕ ਦਾ,
ਕਾਹਦੀਆਂ ਇਹ ਧਰਤੀਆਂ
ਅਜੇ ਵੀ ਉਗਦੇ ਨਹੀਂ ।
ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਾਹਦਾ ਹੈ ਰੁੱਖ ਨਿਜ਼ਾਮ ਦਾ
ਫਲ ਕੋਈ ਲਗਦੇ ਨਹੀਂ ।
ਹੱਕ
ਕੀਤੇ ਜ਼ਾਰ ਨੇ ਜ਼ਿਮੀ ਦੇ ਕਈ ਟੋਟੇ,
ਬੰਨ੍ਹੇ ਲੱਖ ਦਾਵੇ ਹੱਦਾਂ ਬੰਦੀਆਂ ਦੇ
ਉੱਡੇ ਖ਼ਾਬ ਤੇ ਅੱਖਾਂ ਵਿਚ ਆਣ ਸੁੱਤੇ,
ਦੋਦਾਂ ਸੱਭਿਅਤਾਂ ਦੂਰ ਵਸੰਦੀਆਂ ਦੇ
ਅੱਖਾਂ ਝੂਮੀਆਂ, ਬੁੱਤ ਜਿਉਂ ਝੂਮਦੇ ਨੇ,
ਕਿਸੇ ਣਾਹਣੀਆਂ ਬੂਰ ਪਵੰਦੀਆਂ ਦੇ,
ਤੇਰੇ ਸਾਹ ‘ਚੋਂ ਮਹਿਕ ਦਾ ਘੁੱਟ ਭਰਿਆ,
ਪੌਣਾਂ ਭਿੱਜੀਆਂ ਨਾਲ ਸੁਗੰਧੀਆਂ ਦੇ
ਸੱਤੇ ਰੰਗ ਅਸਮਾਨ ਨੇ ਡੋਲ੍ਹ ਦਿੱਤੇ,
ਮੱਥੇ ਕੁੱਲ ਲੁਕਾਈ ਦੇ ਸੋਨ ਵੰਨੇ
ਕਿਹੜੇ ਗਗਨ ਤੋਂ ਰਹਿਮਤਾਂ ਵੱਸੀਆਂ ਨੇ,
ਸਾਰੀ ਜ਼ਿਮੀਂ ਨੇ ਰੱਜ ਕੇ ਭਰੇ ਛੰਨੇ
ਚੰਨਾਂ ਸੂਰਜਾਂ ਆਣ ਕੇ ਵਲੇ ਜਾਦੂ
ਸਾਡੇ ਏਸ ਬੰਨੇ ਸਾਡੇ ਓਸ ਬੰਨੇ
ਜਿੰਦ, ਜਿੰਦ ਦੇ ਵਿਚ ਸਮਾਈ ਆ ਕੇ
ਟੋਟੇ ਜ਼ਿਮੀਂ ਦੇ ਗਲਾਂ ਨੂੰ ਲੱਗ ਰੁੰਨੇ
ਰੁੰਨੀ ਜ਼ਿਮੀਂ ਤੇ ਰੁੰਨਾਂ ਏਂ ਲੋਕ ਸਾਰਾ
ਤੰਦਾਂ ਇੰਜ ਨਾ ਜਾਣ ਤਰੋੜੀਆਂ ਵੇ
ਲਹੂ ਵੀਟਣੇ ਜ਼ਾਰ ਨਾ ਫੇਰ ਉੱਠਣ
ਜਿੰਨ੍ਹਾਂ ਧਰਤੀਆਂ ਤੋੜ ਵਿਛੋੜੀਆਂ ਵੇ
ਅੰਗ ਜ਼ਿਮੀਂ ਦੇ ਪੱਠਿਆਂ ਵਾਂਗ ਟੁੱਕੇ
ਜਿੰਦਾਂ ਛੱਲੀਆਂ ਵਾਂਗ ਮਰੋੜੀਆਂ ਵੇ
ਏਨ੍ਹਾਂ ਨਿੱਤ ਦੇ ਜ਼ਾਰਾਂ ਨੇ, ਲੱਖ ਵਾਰੀ
ਲਾਮਾਂ ਛੇੜੀਆਂ, ਖੂਹਣੀਆਂ ਰੋਹੜੀਆਂ ਵੇ
ਜਾਗੇ ਅੱਜ ਲੁਕਾਈ ਦੇ ਹੱਕ ਜਾਗੇ
ਉਨ੍ਹਾਂ ਖੂਹਣੀਆਂ ਦੀ ਸਹੁੰ ਖਾ ਕੇ ਤੇ
“ਸਾਂਝੇ ਹੱਕ ਤੇ ਧਰਤੀਆਂ ਸਾਂਝੀਆਂ ਨੇ”
ਝੱਲੇ ਕੌਣ ਇਸ ਵਾਰ ਨੂੰ ਆ ਕੇ ਤੇ
“ਖੇਤ ਲੋਕਾਂ ਦੇ” ਖੇਤਾਂ ਨੇ ਕਸਮ ਖਾਧੀ
ਸਿੱਟੇ ਅੰਨ ਦੇ ਹੱਥਾਂ ਵਿਚ ਚਾ ਕੇ ਤੇ
ਰਿੰਦਾਂ ਆਣ ਵਫ਼ਾ ਦ ਕੌਲ ਦਿਤੇ
ਸਾਂਝੀ ਪੌਣ ਦਾ ਜਾਮ ਉਠਾ ਕੇ ਤੇ
ਕੁਕਨੂਸ
ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ
ਹਰ ਚੰਦਉਰੀ ਹਰ ਘੜੀ ਬਣਦੀ ਰਹੀ
ਹਰ ਚੰਦਉਰੀ ਹਰ ਘੜੀ ਮਿਟਦੀ ਰਹੀ
ਦੂਧੀਆ ਚਾਨਣ ਵੀ ਅੱਜ ਹੱਸਦੇ ਨਹੀਂ
ਬੇ ਬਹਾਰੇ ਫ਼ਲ ਜਿਵੇਂ ਰਸਦੇ ਨਹੀਂ
ਉਮਰ ਭਰ ਦਾ ਇਸ਼ਕ਼ ਬੇਆਵਾਜ਼ ਹੈ
ਹਰ ਮੇਰਾ ਨਗਮਾਂ, ਮੇਰੀ ਆਵਾਜ਼ ਹੈ
ਹਰਫ਼ ਮੇਰੇ ਤੜਪ ਉਠਦੇ ਹਨ ਇਵੇਂ
ਸੁਲਗਦੇ ਹਨ ਰਾਤ ਭਰ ਤਾਰੇ ਜਿਵੇਂ
ਉਮਰ ਮੇਰੀ ਬੇ ਵਫ਼ਾ ਮੁਕਦੀ ਪਈ
ਰੂਹ ਮੇਰੀ ਬੇਚੈਨ ਹੈ ਤੇਰੇ ਲਈ
ਕੁਕਨੂਸ ਦੀਪਕ ਰਾਗ ਨੂੰ ਅੱਜ ਗਾਏਗਾ
ਇਸ਼ਕ਼ ਦੀ ਇਸ ਲਾਟ ਤੇ ਬਲ ਜਾਏਗਾ
ਸੁਪਨਿਆਂ ਨੂੰ ਚੀਰ ਕੇ ਆ ਜਰਾ
ਰਾਤ ਬਾਕੀ ਬਹੁਤ ਹੈ ਨਾ ਜਾ ਜ਼ਰਾ
ਰਾਖ ਹੀ ਇਸ ਰਾਗ ਦਾ ਅੰਜਾਮ ਹੈ
ਕੁਕਨੂਸ ਦੀ ਇਸ ਰਾਖ ਨੂੰ ਪ੍ਰਣਾਮ ਹੈ
ਰੱਜ ਕੇ ਅੰਬਰ ਜਦੋਂ ਫਿਰ ਰੋਏਗਾ
ਫਿਰ ਨਵਾਂ ਕੁਕਨੂਸ ਪੈਦਾ ਹੋਏਗਾ
ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ
ਚੇਤਰ
ਫੱਗਣ-ਚੇਤਰ
ਪੂਰਬ ਚੁਲ੍ਹਾ ਬਾਲਿਆ
ਫੂਕਾਂ ਮਾਰੇ ਪੌਣ
ਸੱਭੇ ਧੁੰਦਾਂ ਹਿੱਲੀਆਂ
ਜਿਉਂ ਧੂੰਏਂ ਚੁੱਕੀ ਧੌਣ
ਕਿਰਣਾਂ ਹੋਈਆਂ ਉੱਚੀਆਂ
ਜਿਉਂ ਲਾਟਾਂ ਨਿੱਕਲ ਔਣ
ਸੂਰਜ ਧਰੀਆਂ ਹਾਂਡੀਆਂ
ਧੁੱਪਾਂ ਗੁੱਧੀ ਤੌਣ
ਧਰਤੀ ਅੰਗਣ ਲਿੱਪਿਆ
ਕੱਕਰ ਲੱਗੀ ਚੌਣ
ਉੱਸਰ ਆਈਆਂ ਪੈਲੀਆਂ
ਜਿਉਂ ਮੂੜ੍ਹੇ ਲੱਗੀ ਡਾਹੁਣ
ਫੱਗਣ ਪੀਹੜਾ ਰਾਂਗਲਾ
ਚੇਤਰ ਕੱਸੀ ਦੌਣ
ਰੁੱਤ ਕਿਸੇ ਦੇ ਰਾਹ ਤੇ
ਲੱਗੀ ਫੁੱਲ ਵਿਛੌਣ
ਛੇੜੀ ਹੇਕ ਬਹਾਰ ਨੇ
ਸਰਗਮ ਹੋਈ ਪੌਣ
ਆ ਜਾ ਅੱਜ ਪਰਦੇਸੀਆ
ਕੱਲ੍ਹ ਦੀ ਜਾਣੇ ਕੌਣ !
ਚੇਤਰ ਚੜ੍ਹਿਆ
ਅਜ ਬੇਲੇ ਵਗਦੀ ਪੌਣ ਵੇ !
ਖੂਹ ਦੀਆਂ ਟਿੰਡਾਂ ਵਾਕੁਰਾਂ
ਪਏ ਸਾਲ ਮਹੀਨੇ ਭੌਣ ਵੇ
ਅਜ ਚੇਤਰ ਚੜ੍ਹਿਆ ।
ਅਜ ਪੌਣਾਂ ਵਿੱਚ ਸਗੰਧ ਵੇ !
ਫੱਗਣ ਮੁੱਕਾ, ਫੱਗਣ ਦਾ
ਪਰ ਅਜੇ ਨਾ ਮੁੱਕਾ ਪੰਧ ਵੇ
ਅਜ ਚੇਤਰ ਚੜ੍ਹਿਆ ।
ਅਜ ਬੂਰੀ ਹੋਂ ਗਈ ਦਾਖ਼ ਵੇ !
ਜੋ ਫੱਗਣ ਅਜ ਚੇਤਰ ਬਣਿਆ
ਕੱਲ੍ਹ ਨੂੰ ਬਣੇ ਵਸਾਖ ਵੇ
ਅਜ ਚੇਤਰ ਚੜ੍ਹਿਆ ।
ਅਜ ਰੁੱਖੀਂ ਸਾਵਾਂ ਬੂਰ ਵੇ !
ਕੱਲ੍ਹ ਦਾ ਫੱਗਣ, ਚੇਤਰ ਕੋਲੋਂ
ਬਾਰਾਂ ਕੋਹ ਅਜ ਦੂਰ ਵੇ
ਅਜ ਚੇਤਰ ਚੜ੍ਹਿਆ ।
ਅਜ ਮੌਲੇ ਪੱਤਰ ਟਾਹਣ ਵੇ !
ਉਮਰਾ ਦੀ ਇਸ ਚਰਖੀ ਉੱਤੇ
ਗੇੜੇ ਗਿੜਦੇ ਜਾਣ ਵੇ
ਅਜ ਚੇਤਰ ਚੜ੍ਹਿਆ ।
ਅਜ ਸਬਰ ਕੱਤੇ ਖੇਤ ਵੇ !
ਜਿੰਦ ਆਪਣੀ ਵਿਚ ਸਾਂਭ
ਅਜ ਜਿੰਦ ਮੇਰੀ ਦਾ ਭੇਤ ਵੇ
ਅਜ ਚੇਤਰ ਚੜ੍ਹਿਆ
ਚੇਤਰ
ਔਂਦਾ ਤੇ ਲੰਘ ਜਾਂਦਾ
ਤੇਰੇ ਕੌਲਾਂ ਦਾ ਮਹੀਨਾ
ਮੀਲਾਂ ਦੇ ਮੀਲ ਲੰਬੇ
ਰੇਤਾਂ ਦੇ ਨਾਲ ਅੱਟੇ,
ਜਿਉਂ ਡਾਚੀਆਂ ਨੂੰ ਬੱਧੀ
ਟੱਲੀ ਦਾ ਵਾਜ ਆਉਂਦਾ
ਤੇਰੇ ਕੌਲਾਂ ਦਾ ਮਹੀਨਾ
ਕੋਹਾਂ ਦੇ ਕੋਹ ਕਾਲੇ
ਵੀਰਾਨੀਆਂ ਦੇ ਬੂਹੇ,
ਝੋਕਾ ਬਹਾਰ ਦਾ ਜਿਉਂ
ਕਿਤੋਂ ਉੱਡ ਆਉਂਦਾ
ਤੇਰੇ ਕੌਲਾਂ ਦਾ ਮਹੀਨਾ
ਉਂਜੇ ਹੀ ਹੱਥ ਤੇਰਾ
ਹੱਥਾਂ ਦੇ ਕੋਲ ਝੁਕਦਾ,
ਲੱਖਾਂ ਹਨੇਰਿਆਂ ‘ਚ
ਟੋਹਣੀਆਂ ਫੜਾਂਦਾ
ਤੇਰੇ ਕੌਲਾਂ ਦਾ ਮਹੀਨਾ
ਦਿਲ ਦਾ ਚਿਰਾਗ਼ ਲੈ ਕੇ
ਮੂੰਹ ਤੇਰਾ ਮੈਂ ਢੂੰਡਾਂ,
ਬੁਝੇ ਹੋਏ ਸੂਰਜਾਂ ਨੂੰ
ਫੇਰ ਬਾਲ ਜਾਂਦਾ
ਤੇਰੇ ਕੌਲਾਂ ਦਾ ਮਹੀਨਾ
ਸੱਭੇ ਤਲਿਸਮ ਖੁਲ੍ਹਦੇ
ਪਰੀਆਂ ਦੇ ਦੇਸ ਪੈਂਦੇ,
ਸਦੀਆਂ ਤੋਂ ਸੁੱਤੀਆਂ
ਸ਼ਾਹਜ਼ਾਦੀਆਂ ਜਗਾਂਦਾ
ਤੇਰੇ ਕੌਲਾਂ ਦਾ ਮਹੀਨਾ
ਦਿਸਦੀ ਸਥੂਲ ਦੁਨੀਆਂ
ਹੋਸ਼ਾਂ ਨੂੰ ਝੂਣ ਦੇਂਦੀ,
ਤੇਰਿਆਂ ਹੀ ਕੌਲਾਂ ਦਾ
ਹਰਫ ਮੇਟ ਜਾਂਦਾ
ਤੇਰੇ ਕੌਲਾਂ ਦਾ ਮਹੀਨਾ
ਲੱਖਾਂ ਸਵਾਲ ਪੁੱਛਾਂ
ਦੇਂਦਾ ਨਾ ਕੋਈ ਹੁੰਗਾਰਾ,
ਹੋਠਾਂ ਦੀ ਚੀਸ ਪੀ ਕੇ
ਅੱਖੀਆਂ ਝੁਕਾਂਦਾ
ਤੇਰੇ ਕੌਲਾਂ ਦਾ ਮਹੀਨਾ
ਔਂਦਾ ਤੇ ਲੰਘ ਜਾਂਦਾ
ਤੇਰੇ ਕੌਲਾਂ ਦਾ ਮਹੀਨਾ
ਚੇਤਰ
ਸੂਰਜ ਕੀਤੀ ਕੰਡ
ਸੱਭੇ ਤੀਲੇ ਸਾਂਭ ਕੇ
ਅਜ ਫੱਗਣ ਬੱਧੀ ਪੰਡ
ਇਹ ਵੀ ਗਈਆਂ ਤਿੰਨ ਸੌ
ਪੈਂਠ ਦਿਹਾੜਾਂ ਹੰਢ
ਚੇਤਰ ਪਾਈ ਆਣ ਕੇ
ਇਕ ਹੋਰ ਵਰ੍ਹੇ ਦੀ ਗੰਢ
ਅਜ ਵੇਰ ਵਿਛੋੜਾ ਆਖਦਾ
ਛੀਏ ਰੁੱਤਾਂ ਛੰਡ
“ਸਭੇ ਰਾਤਾਂ ਮੇਰੀਆਂ
ਮੈਂ ਇਕ ਨਾ ਦਿੱਤੀ ਵੰਡ”
ਮੇਰੇ ਸੱਜਣ ਕੀਤੀ ਕੰਡ
ਸੱਤੇ ਯਾਦਾਂ ਸਾਂਭ ਕੇ
ਅਜ ਉਮਰ ਨੇ ਬੱਧੀ ਪੰਡ ।
ਵਰ੍ਹਾ
ਨੁੱਚੜ ਪਈਆਂ ਅੱਖੀਆਂ
ਵਿੱਛੜ ਚੱਲੀ ਅੰਤਲੀ
ਫੱਗਣ ਦੀ ਤਰਕਾਲ
ਵੇ ਚੇਤਰ ਆ ਗਿਆ !
ਬਾਰ ਬੇਗਾਨੀ ਚੱਲੀਆਂ
ਛੀਏ ਰੁੱਤਾਂ ਰੁੰਨੀਆਂ
ਮਿਲਿਆਂ ਨੂੰ ਹੋ ਗਿਆ ਸਾਲ
ਵੇ ਚੇਤਰ ਆ ਗਿਆ !
ਸੱਭੇ ਧੂੜਾਂ ਛੰਡ ਕੇ
ਕੰਨੀ ਬੀਤੇ ਸਮੇਂ ਦੀ
ਕਣੀਆਂ ਲਈ ਹੰਗਾਲ
ਵੇ ਚੇਤਰ ਆ ਗਿਆ !
ਅੰਬਰ ਵੇਹੜਾ ਲਿੱਪਿਆ
ਉੱਘੜ ਆਈਆਂ ਖਿੱਤੀਆਂ
ਯਾਦਾਂ ਬੱਧੀ ਪਾਲ
ਵੇ ਚੇਤਰ ਆ ਗਿਆ !
ਖੰਭ ਸਮੇਂ ਨੇ ਝਾੜਿਆ
ਲੱਖ ਦਲੀਲਾਂ ਔਂਦੀਆਂ
ਪੁੱਛਣ ਕਈ ਸਵਾਲ
ਵੇ ਚੇਤਰ ਆ ਗਿਆ !
ਕੀ ਜਾਣਾ ਦਿਨ ਕੇਤੜੇ
ਮੁੱਠ ਭਰੀਆਂ ਉਮਰ ਨੇ
ਸੱਭੇ ਤਿਲ ਸੰਭਾਲ
ਵੇ ਚੇਤਰ ਆ ਗਿਆ !
ਵਰ੍ਹੇ ਨੇ ਪਾਸਾ ਪਰਤਿਆ
ਸੱਭੇ ਯਾਦਾਂ ਤੇਰੀਆਂ
ਘੁੱਟ ਕਲੇਜੇ ਨਾਲ
ਵੇ ਚੇਤਰ ਆ ਗਿਆ !
ਮੁੜ ਕੇ ਏਸ ਮੁਹਾਠ ਤੇ
ਮੈਂ ਦੀਵਾ ਧਰਿਆ, ਤਿੰਨ ਸੌ
ਪੈਂਠ ਬੱਤੀਆਂ ਬਾਲ
ਵੇ ਚੇਤਰ ਆ ਗਿਆ !
ਸੁਨੇਹੁੜੇ
ਲੱਗੀ ਲੋਅ ਤੇ ਪਹਿਲੜਾ ਪਹਿਰ ਲੱਗਾ
ਫੇਰ ਦੂਸਰੇ ਪਹਿਰ ਨੇ ਸੱਦ ਲਾਈ
ਇੱਕ ਤੇਰੇ ਵਿਯੋਗ ਦਾ ਸੇਕ ਡਾਢਾ
ਦੂਜਾ ਉਮਰ ਦੀ ਸਿਖਰ ਦੁਪਹਿਰ ਆਈ
ਤੇਰਾ ਖ਼ਤ ਸਾਨੂੰ ਅੱਜ ਬਹੁੜਿਆ ਏ
ਜਿਵੇਂ ਸੱਤਾਂ ਆਸਮਾਨਾਂ ਤੇ ਘਟਾ ਛਾਈ
ਦੋਵੇਂ ਅੱਖੀਆਂ ਸਾਡੀਆਂ ਝੂਮ ਪਈਆਂ
ਮੱਥੇ ਵਿਚ ਨਸੀਬਾਂ ਨੇ ਪੈਲ ਪਾਈ
ਦੋਵੇਂ ਹੱਥ ਸਾਡੇ ਅੱਜ ਹੋਏ ਬੌਰੇ
ਅੱਖਾਂ ਝੱਲੀਆਂ ਹੁੰਦੀਆਂ ਜਾਂਦੀਆਂ ਨੇ
ਕਲਮਾਂ ਤੇਰੀਆਂ ਅੱਜ ਸਰਨਾਵਿਆਂ ਤੇ
ਸਾਡੇ ਨਾਵੇਂ ਨੂੰ ਪਈਆਂ ਬੁਲਾਂਦੀਆਂ ਨੇ
ਚਹੁੰ ਪੋਟਿਆਂ ਤੇ ਗਿਣੀਆਂ ਚਾਰ ਲੀਕਾਂ
ਕੀ ਕੁਝ ਪੁਛਦੀਆਂ ਤੇ ਕੀ ਕੁਝ ਆਂਹਦੀਆਂ ਨੇ
ਲੱਖਾਂ ਬਿਜਲੀਆਂ ਉੱਠਕੇ ਅੱਖਰਾਂ ‘ਚੋਂ
ਪਈਆਂ ਪੋਟਿਆਂ ਵਿਚ ਸਮਾਂਦੀਆਂ ਨੇ
ਖੰਭਾਂ ਹੇਠ ਹੈ ਜਿਮੀਂ ਵਲ੍ਹੇਟ ਬੈਠਾ
ਸਾਰੇ ਅੰਬਰ ‘ਤੇ ਆਣ ਕੇ ਇੰਜ ਛਾਇਆ
ਲੱਖਾਂ ਰਹਿਮਤਾਂ ਆਪਣੇ ਨਾਲ ਲੈ ਕੇ
ਹੋ ਕੇ ਦੂਤ ਜਿਉਂ ਕਿਸੇ ਦਾ ਮੇਘ ਆਇਆ
ਅੱਖਰ ਜਾਦੂਆਂ ਵਿਚ ਲਬੇੜ ਕੇ ਤੇ
ਪਾਲਾਂ ਬੰਨ੍ਹ ਕੇ ਆਪਣੇ ਨਾਲ ਲਿਆਇਆ
ਸਾਡੀ ਜਿੰਦ ਨੂੰ ਆਣ ਕੇ ਕੀਲ ਬੈਠਾ
ਟੂਣੇ ਹਾਰਿਆ ਵੇ ਕਿਹਾ ਖ਼ਤ ਪਾਇਆ !
ਪੰਜਾਂ ਉੱਤੇ ਹੈ ਵੀਹ ਸੌ ਪੰਜ ਸੰਮਤ
ਚੜ੍ਹਿਆ ਚੇਤਰ ਮਹੀਨਾ ਤੇ ਹੋਈ ਨਾਵੀਂ
ਹੱਥੀਂ ਆਪਣੇ ਲਿਖੇ ਸੁਨੇਹੁੜੇ ਮੈਂ
ਹੱਥੀਂ ਆਪਣੀ ਆਪ ਵਸੂਲ ਪਾਵੀਂ
ਏਨ੍ਹਾਂ ਕਾਗਜ਼ਾਂ ਨੂੰ ਏਨ੍ਹਾਂ ਕਾਸਦਾਂ ਨੂੰ
ਪਹਿਲੋਂ ਖ਼ੈਰ ਖ਼ੈਰੀਅਤ ਦੇ ਨਾਲ ਬ੍ਹਾਵੀਂ
ਫੇਰ ਹਾਲ ਹਵਾਲ ਜੋ ਪੁੱਛਣਾ ਈਂ
ਏਨ੍ਹਾਂ ਮਹਰਿਮਾਂ ਦੇ ਕੋਲ ਬੈਠ ਜਾਵੀਂ
ਰੁੱਤਾਂ ਭੌਂਦੀਆਂ ਤੇ ਵਰ੍ਹੇ ਪਏ ਗਿੜਦੇ
ਵੇ ਕੋਈ ਅੰੰਤ ਨਹੀਓਂ ਏਨ੍ਹਾਂ ਗੇੜਿਆਂ ਦੇ
ਜਿਹੜੇ ਮੂੰਹ ਤੋਂ ਰੌਣਕਾਂ ਰੁੱਸ ਗਈਆਂ
ਹਾਲ ਵੇਖ ਜਾਵੀਂ ਓਨ੍ਹਾਂ ਵੇਹੜਿਆਂ ਦੇ
ਅੱਖਾਂ ਭਰੀਆਂ ਨੇ ਨਾਲ ਗਲੇਡੂਆਂ ਦੇ
ਹੋਠ ਭਰੇ ਨੇ ਨਾਲ ਸੁਨੇਹੁੜਿਆਂ ਦੇ
ਸਾਰ ਜਾਣਦੇ ਨੇ ਏਨ੍ਹਾ ਅੱਖਰਾਂ ਦੀ
ਸੱਜਣ ਵਿੱਛੜੇ ਸੱਜਣਾਂ ਜੇਹੜਿਆਂ ਦੇ ।
ਭਲਾ ਦੱਸ ਮੈਂ ਏਨ੍ਹਾਂ ਨੂੰ ਕੀ ਆਖਾਂ
ਏਨ੍ਹਾਂ ਹੰਝੂਆਂ ਹੱਥੀਂ ਸਹੇੜਿਆਂ ਨੂੰ
ਹੱਸ ਕੰਡੇ ਵੀ ਓਨ੍ਹਾਂ ਦੇ ਚੁੱਗ ਲਈਏ
ਹਥੀਂ ਆਪ ਲਾਈਏ ਫੁੱਲਾਂ ਜੇਹੜਿਆਂ ਨੂੰ
ਛੇੜੀ ਗੱਲ ਤੇ ਅੱਖੀਆਂ ਨਾਲ ਛਿੜੀਆਂ
ਛੇੜ ਬੈਠੇ ਹਾਂ ਕਿੱਸਿਆਂ ਕੇਹੜਿਆਂ ਨੂੰ
ਕਾਸਦ ਅੱਖੀਆਂ ਦੇ ਕਾਗਜ਼ ਪਏ ਲਿਖਦੇ
ਲੈ ਕੇ ਆਏ ਨੀ ਮੇਰੇ ਸੁਨੇਹੁੜਿਆਂ ਨੂੰ ।
ਬਹਿ ਕੇ ਆਪ ਤੂੰ ਸੁਣੀ ਸੁਨੇਹੁੜਿਆਂ ਨੂੰ
ਬਹਿ ਕੇ ਆਪ ਵਾਚੀਂ ਏਨ੍ਹਾਂ ਪਾਤੀਆਂ ਨੂੰ
ਦੋਹਵਾਂ ਅੱਖੀਆਂ ਦੇ ਵਿਚ ਡੋਬ ਦੇਵੀਂ
ਦੋਵੇਂ ਅੱਖੀਆਂ ਭਰੀਆਂ ਭਰਾਤੀਆਂ ਨੂੰ
ਹੱਡ ਬਾਲਕੇ ਵਰ੍ਹੇ ਹੰਗਾਲ ਛੱਡੇ
ਅਸਾਂ ਪਾਲਿਆ ਚਿਣਗ ਚਵਾਤੀਆਂ ਨੂੰ
ਇੱਕੋ ਹਰਫ਼ ਵਾਲੇ ਇੱਕੋ ਵਿਰਦ ਉੱਤੋਂ
ਵਾਰ ਸੁੱਟਿਆ ਦੋਹਾਂ ਹਯਾਤੀਆਂ ਨੂੰ ।
ਜੇਹੜਾ ਪਾਇਆ ਈ ਅੱਜ ਸਵਾਲ ਮੈਨੂੰ
ਰੋਜ਼ ਹਸ਼ਰ ਦਾ ਇਹੀ ਸਵਾਲ ਮੇਰਾ
ਜਿਹੜੀ ਛੱਲ ਹੈ ਤੇਰੀਆਂ ਅੱਖੀਆਂ ‘ਚ
ਓਹੀਓ ਅੱਖੀਆਂ ਵਿਚ ਉਬਾਲ ਮੇਰਾ
ਕਾਹਨੂੰ ਫੇਰ ਮੁੜਕੇ ਸੁਰਤਾਂ ਪੁੱਛੀਆਂ ਨੀ
ਪੁੱਛਣ ਗੋਚਰਾ ਨਹੀਂ ਸੀ ਹਾਲ ਮੇਰਾ
ਤੇਰਾ ਨਾਤਾ ਹੈ ਹਿਜਰ ਦੇ ਨਾਲ ਜਿਹੜਾ
ਓਹੀਓ ਵਾਸਤਾ ਓਸ ਦੇ ਨਾਲ ਮੇਰਾ ।
ਬੀਤੇ ਕਈ ਸਤਵਾਰ ਤੇ ਬੀਤ ਚੱਲੇ
ਕਈ ਬੀਤ ਗਏ ਨੇ ਬਾਰਾਂ ਮਾਹ ਸਾਡੇ
ਜੋ ਵੀ ਸਾਲ ਚੜ੍ਹਦਾ ਜੋ ਵੀ ਚੜ੍ਹੇ ਸੰਮਤ
ਓਹੀਓ ਸਾਲ ਡਾਢਾ ਓਹੀਓ ਸੰਨ ਡਾਢੇ
ਛੀਏ ਰੁੱਤਾਂ ਹੀ ਵੇਖ ਗ਼ਮਰੁਠ ਹੋਈਆਂ
ਵੇਖ ਪੁੰਨਦੇ ਪੁੰਨ ਗਏ ਦਿਹੁੰ ਸਾਡੇ
ਪੈਂਤੀ ਅੱਖਰ ਹੀ ਸਾਡੇ ਵਿਯੋਗ ਵਾਲੇ
ਜਿਹੜਾ ਰਾਹ ਫੜਿਆ ਸੋਈਓ ਪਿਆ ਆਡੇ ।
ਨਾ ਕੋਈ ਦਿੱਤੇ ਨੇ ਅਸਾਂ ਉਲਾਂਭੜੇ ਵੇ
ਨਾ ਕੋਈ ਗਿਲੇ ਗੁਜ਼ਾਰਸ਼ਾਂ ਕੀਤੀਆਂ ਨੇ
ਕਿਸੇ ਹੀਰ ਦੀ ਕਬਰ ਚੋਂ ਵਾਜ ਆਈ
ਅਸਾਂ ਡੀਕ ਲਾ ਜ਼ਹਿਰਾਂ ਪੀਤੀਆਂ ਨੇ
ਬਾਦਸ਼ਾਹਣੀ ਝਨਾਂ ਦੀ ਕਹਿਣ ਲੱਗੀ
ਪੁੱਛ ਮੇਰੇ ਤੋਂ ਜਿਹੜੀਆਂ ਬੀਤੀਆਂ ਨੇ
ਕਣੀ ਕਣੀ ਫੇਰ ਜ਼ਿਮੀ ਦੀ ਬੋਲ ਉੱਠੀ
ਅਸਾਂ ਝੋਲੀ ‘ਚ ਪਾਈਆਂ ਅਨੀਤੀਆਂ ਨੇ
ਟੁੱਟੀ ਇੱਕ ਪੱਤੀ ਕਿਸੇ ਟਾਹਣ ਨਾਲੋਂ
ਵਣਾਂ ਵਣਾਂ ਚੋਂ ਰੋਹਣੀਆਂ ਬੋਲ ਪਈਆਂ
ਰੋਈਆਂ ਚੂਰੀਆਂ ਤੇ ਛੰਨੇ ਵਿਲਕ ਉੱਠੇ
ਬੇਲੇ ਬੇਲੇ ਚੋਂ ਦੋਹਣੀਆਂ ਬੋਲ ਪਈਆਂ
ਜਲਾਂ ਥਲਾਂ ‘ਚੋਂ ਇਕ ਆਵਾਜ਼ ਹੋ ਕੇ
ਕਈ ਸੱਸੀਆਂ ਸੋਹਣੀਆਂ ਬੋਲ ਪਈਆਂ
ਇੱਕੋ ਵਾਜ ਮੇਰੀ ਨਹੀਂਓਂ ਵਾਜ ਇੱਕੋ
ਵਾਜ ਵਾਜ ‘ਚੋਂ ਹੋਣੀਆਂ ਬੋਲ ਪਈਆਂ ।
ਲੱਖਾਂ ‘ਵਾਜ਼ਾਂ ਦੀ ਇਕ ਆਵਾਜ਼ ਹੋਈ
ਇੱਕੋ ਇਕ ਸੁਨੇਹੁੜਾ ਦੇਣ ਲੱਗੀ
ਰਹੀ ਹੱਥ ਦੇ ਵਿਚ ਹਮੇਲ ਸਾਡੀ
ਸੁੱਤੇ ਫੁੱਲ ਸਾਡੇ ਸੁੱਤੀ ਰਹੀ ਸੱਗੀ
ਏਸ ਹੋਣੀ ਨੂੰ ਹੋਰ ਕੀ ਆਖੀਏ ਵੇ
ਜੇਹੜੀ ਹੋਣੀ ਹਯਾਤੀਆਂ ਨਾਲ ਤੱਗੀ
ਮੇਰੀਆਂ ਰਾਂਝਣਾਂ ਵੇ ! ਮੇਰਿਆਂ ਪੰਨੂੰਆਂ ਵੇ !
ਮੇਰਿਅ ਮਹੀਂਵਾਲਾ ! ਕਹੀ ਕਲਮ ਵੱਗੀ ।
ਜੇ ਕੋਈ ਲੈਣਾਂ ਈ ਮੇਰਾ ਸੁਨੇਹੁੜਾ ਵੇ
ਮੇਰਾ ਲਈਂ ਸੁਨੇਹੁੜਾ ਆ ਢੋਲਾ
ਪੁੱਠੀ ਕਲਮ ਨੂੰ ਪਕੜ ਕੇ ਕਲਮ ਸਿੱਧੀ
ਦੇਵੀਂ ਓਸਦੇ ਹੱਥ ਫੜਾ ਢੋਲਾ
ਬੋਲੇ ਕੋਈ ਸ਼ਰੱਈਅਤ ਜੇ ਆਣ ਕੇ ਤੇ
ਦੇਵੀਂ ਓਸਦੀ ਸ਼ਰ੍ਹਾ ਵਟਾ ਢੋਲਾ
ਰੱਬ ਫੇਰ ਵੀ ਕਰੇ ਜੇ ਉਜ਼ਰ ਕੋਈ
ਬਦਲ ਦੇਈਂ ਤੂੰ ਓਹਦੀ ਰਜ਼ਾ ਢੋਲਾ ।
ਡਾਚੀ ਸਮੇਂ ਦੀ ਅਜੇ ਨਖੇੜ ਦੇਂਦੀ
ਸੱਸੀ ਅਜੇ ਵੇ ਪੁੰਨੂੰ ਦਾ ਖੁਰਾ ਭਾਲੇ
ਦੋਵੇਂ ਅੱਟੀਆਂ ਹੁਸਨ ਦਾ ਮੁੱਲ ਪੈਂਦਾ
ਹੱਥ ਤੇਸਾ ਤੇ ਅਜੇ ਵੀ ਪੈਰ ਛਾਲੇ
ਕੁੱਠਾ ਇਸ਼ਕ ਜੋ ਛੁਰੀ ਅਪੁੱਠੜੀ ਤੋਂ
ਰੱਤ ਓਸਦੀ ਸਿੰਮਦੀ ਪਈ ਹਾਲੇ
ਕਾਨੀ ਸਮੇਂ ਦੀ ਸਦਾ ਹੀ ਰਹੀ ਲਿਖਦੀ
ਖ਼ੂਨੀਂ ਪੱਤਰੇ ਪਿਆਰ ਦੀ ਬੀੜ ਵਾਲੇ ।
ਪੱਛੀ ਹੋਈ ਏ ਜ਼ਿਮੀ ਦੀ ਪਿੱਠ ਸਾਰੀ
ਖੁਰੇ ਡਾਚੀ ਦੇ ਅੱਜ ਨਾਸੂਰ ਹੋ ਗਏ
ਵਣਜਾਂ ਵਾਲਿਆਂ ਨੇ ਕੱਚੇ ਵਣਜ ਕੀਤੇ
ਪਾਣੀ ਛੱਲਾਂ ਦੇ ਨਾਲ ਭਰਪੂਰ ਹੋ ਗਏ
ਕੈਦੋਂ ਸਮੇਂ ਦੇ ਹੋਰ ਵੀ ਹੋਏ ਡਾਢੇ
ਚਾਕ ਸਮੇਂ ਦੇ ਹੋਰ ਮਜਬੂਰ ਹੋ ਗਏ
ਪੈਂਡੇ ਤਖ਼ਤ ਹਜ਼ਾਰਿਓਂ ਝੰਗ ਵਾਲੇ
ਹੁੰਦੇ ਹੁੰਦੇ ਅੱਜ ਹੋਰ ਵੀ ਦੂਰ ਹੋ ਗਏ ।
ਇਕੋ ਇਕ ਸੁਨੇਹੜਾ ਦਿਆਂ ਤੈਨੂੰ
ਕਲਮਾਂ ਵਾਲੇ ਦੀ ਕਲਮ ਨੂੰ ਘੜੀਂ ਜਾ ਕੇ
ਜਾਂ ਫਿਰ ਕਲਮ ਹੀ ਓਸਦੀ ਬਦਲ ਦੇਵੀਂ
ਸਿਆਹੀ ਬਦਲ ਦੇਵੀਂ ਸਿਆਹੀ ਨਵੀਂ ਪਾ ਕੇ
ਰੱਖੀਂ ਕੋਰ ਨਿਕੋਰਿਆਂ ਕਾਗ਼ਜ਼ਾਂ ਨੂੰ
ਉੱਤੇ ਜ਼ਿਮੀਂ ਦੇ ਹੱਕ ਦੀ ਮੋਹਰ ਲਾ ਕੇ
ਅੱਖਰ ਓਸ ਦੇ ਹੱਥ ਫੜਾਈਂ ਐਸੇ
ਬਦਲ ਦਏ ਉਹ ਸਾਰੇ ਫ਼ੁਰਮਾਨ ਆ ਕੇ ।
ਓਹੋ ਸ਼ੇਅਰ ਤੇ ਓਹੋ ਹੈ ਬਹਿਰ ਓਹਦੀ
ਬਦਲ ਗਏ ਨੇ ਅੱਜ ਅਨੁਵਾਨ ਢੋਲਾ
ਸੱਤੇ ਸ਼ਰ੍ਹਾ ਸ਼ਰੱਈਅਤਾਂ ਤੇਰੀਆਂ ਨੇ
ਤੇਰੇ ਨਾਲ ਹੈ ਜੱਗ ਜਹਾਨ ਢੋਲਾ
ਹੱਥੀਂ ਆਪਣੀ ਫੜੀਂ ਤੂੰ ਆਪ ਕਾਨੀ
ਏਸੇ ਕਾਨੀ ਨੂੰ ਚਾੜ੍ਹ ਕੇ ਸਾਨ ਢੋਲਾ
ਉਹਦੇ ਵੇਦ ਕਤੇਬਾਂ ਦਾ ਬਣੀਂ ਕਾਤਬ
ਸੋਧ ਦੇਈ ਤੂੰ ਸ਼ਾਹੀ ਫੁਰਮਾਨ ਢੋਲਾ ।
ਸ਼ਾਹੀ ਚਿੰਨ੍ਹਾਂ ਦੇ ਸ਼ਾਹੀ ਫੁਰਮਾਨ ਸਾਰੇ
ਤੇਰੀ ਕਾਨੀ ਨੂੰ ਪਏ ਉਡੀਕਦੇ ਨੇ
ਚੇਨ੍ਹ ਸਮੇਂ ਵਾਲੇ ਚੱਕਰ ਸਮੇਂ ਵਾਲੇ
ਆਸ਼ਕ ਹੋਏ ਤੇਰੀ ਇੱਕੋ ਲੀਕ ਦੇ ਨੇ
ਕੱਚੀ ਵੱਟ ‘ਤੇ ਪੈਰਾਂ ਦੇ ਪਹੇ ਤੇਰੇ
ਪੱਕੇ ਪੰਧ ਦੀ ਪੈੜ ਉਲੀਕਦੇ ਨੇ
ਸ਼ਾਹੀ ਤਾਜ ਦਾ ਕੋਈ ਵਸਾਹ ਨਹੀਂਓਂ
ਵਾਅਦੇ ਜ਼ਿਮੀਂ ਵਾਲੇ ਹਸ਼ਰ ਤੀਕ ਦੇ ਨੇ
ਹੱਕ ਸਮੇਂ ਦਾ ਸ਼ਾਹ ਅਸਵਾਰ ਹੋਵੇ
ਵਾਗ ਸਮੇਂ ਦੀ ਇੰਜ ਸੰਭਾਲਣਾ ਵੇ !
ਪੈਰ ਜੱਗ ਦੇ ਮੰਜ਼ਲਾਂ ਢੂੰਡ ਸੱਕਣ
ਦੋਵਾਂ ਦੀਵਿਆਂ ਨੂੰ ਈਕਣ ਬਾਲਣਾ ਵੇ !
ਨਵੀਂ ਰੁੱਤ ਦਾ ਕੋਈ ਸੰਦੇਸ਼ ਦੇਣਾ
ਏਸ ਕਾਨੀ ਦੀ ਲਾਜ ਨੂੰ ਪਾਲਣਾ ਵੇ !
ਬੂਰ ਪਵੇ ਜੁ ਜ਼ਿਮੀਂ ਦੇ ਰੁੱਖ ਉੱਤੇ
ਟਾਹਣੀ ਅਮਨ ਦੀ, ਉਮਰ ਦਾ ਆਲ੍ਹਣਾ ਵੇ !
ਮੈਂ ਗੀਤ ਲਿਖਦੀ ਹਾਂ
ਮੈਂ ਗੀਤ ਲਿਖਦੀ ਹਾਂ
ਮੇਰੀ ਮੁਹੱਬਤ, ਸੁਪਨਿਆਂ ਦੇ
ਲੱਖ ਪੱਲੇ ਓਢਦੀ
ਸੱਤੇ ਆਕਾਸ਼ ਫੋਲ ਕੇ
ਤੇਰੀ ਦਹਲੀਜ਼ ਢੂੰਡਦੀ
ਹੱਦਾਂ, ਦੀਵਾਰਾਂ, ਦੂਰੀਆਂ
ਤੇ ਹੱਕ ਨਹੀਂ ਕੁਝ ਕੂਣ ਦਾ
ਢੂੰਡਡੀ ਹੈ ਜ਼ਿੰਦਗੀ ਫਿਰ
ਇਕ ਬਹਾਨਾ ਜੀਊਣ ਦਾ
ਮੈਂ ਗੀਤ ਲਿਖਦੀ ਹਾਂ…
ਉਮਰ ਭਰ ਦੀ ਆਰਜ਼ੂ ਹੈ
ਉਮਰ ਭਰ ਦੇ ਗ਼ਮ ਦਾ ਰਾਜ਼
ਸੋਚਦੀ ਹਾਂ ਸ਼ਾਇਦ ਕੋਈ
ਬਣ ਜਾਏ ਮੇਰੀ ਆਵਾਜ਼
ਬਣ ਜਾਏ ਆਵਾਜ਼ ਮੇਰੀ
ਅਜ ਜ਼ਮਾਨੇ ਦੀ ਆਵਾਜ਼
ਮੇਰੇ ਗ਼ਮ ਦੇ ਰਾਜ਼ ਅੰਦਰ
ਵੱਸ ਜਾਏ ਦੁਨੀਆਂ ਦਾ ਰਾਜ਼
ਇਸ਼ਕ ਹੈ ਨਾਕਾਮ ਮੇਰਾ
ਰਹਿ ਜਾਏ ਨਾਕਾਮ ਇਹ
ਸੋਚਦੀ ਹਾਂ, ਦੇ ਜਾਏ ਪਰ
ਇਕ ਮੇਰਾ ਪੈਗ਼ਾਮ ਇਹ
ਗੀਤ ਮੇਰੇ! ਕਰ ਦੇ ਮੇਰੇ
ਇਸ਼ਕ ਦਾ ਕਰਜ਼ਾ ਅਦਾ
ਤੇਰੀ ਹਰ ਇਕ ਸਤਰ ‘ਚੋਂ
ਆਵੇ ਜ਼ਮਾਨੇ ਦੀ ਸਦਾ
ਮੇਰੀ ਮੁਹੱਬਤ ਦੇ ਚਿਰਾਗ਼!
ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖ਼ੂਨ ਦੇ!
ਇਹ ਜ਼ਾਰ-ਸ਼ਾਹੀਆਂ ਬਦਲ ਦੇ
ਫਿਰ ਕਿਸੇ ਦੀ ਆਬਰੂ ਦਾ
ਫਿਰ ਕਿਸੇ ਦੇ ਪਿਆਰ ਦਾ
ਫੇਰ ਸੌਦਾ ਨਾ ਕਰੇ
ਸਿੱਕਾ ਕਿਸੇ ਜ਼ਰਦਾਰ ਦਾ
ਫਿਰ ਕਣਕ ਦੇ ਪਾਲਕਾਂ ਨੂੰ
ਲਾਮ ਨਾ ਸੱਦੇ ਕੋਈ
ਫਿਰ ਜਵਾਨੀ ਉੱਠਦੀ ਨੂੰ
ਪੈਰ ਨਾ ਮਿੱਧੇ ਕੋਈ
ਧਰਤ ਅੰਬਰ ਸਾੜਨੀ
ਫਿਰ ਅੱਗ ਨਾ ਭੜਕੇ ਕੋਈ
ਫੇਰ ਦੋਧੇ ਦਾਣਿਆਂ ‘ਤੇ
ਜ਼ਹਿਰ ਨਾ ਛਿੜਕੇ ਕੋਈ
ਕਤਲਗਾਹਾਂ ਦੀ ਕਹਾਣੀ
ਫਿਰ ਕੋਈ ਦੁਹਰਾਏ ਨਾ
ਫਿਰ ਕਿਸੇ ਦਾ ਹੁਸਨ, ਮੰਡੀ
ਵਿਚ ਬੁਲਾਇਆ ਜਾਏ ਨਾ
ਹਸਰਤਾਂ ਅਜ਼ਮਾਂਦੀਆਂ ਨੇ
ਫਿਰ ਕਲਮ ਦੇ ਜ਼ੋਰ ਨੂੰ
ਮੈਂ ਗੀਤ ਲਿਖਦੀ ਹਾਂ-
ਕਿ ਹਸਰਤਾਂ ਦੇ ਗੀਤ ਫਿਰ
ਲਿਖਣੇ ਨਾ ਪੈਣ ਹੋਰ ਨੂੰ
ਮੈਂ ਗੀਤ ਲਿਖਦੀ ਹਾਂ…