ਸਲੋਕ ਸੇਖ ਫਰੀਦ ਜੀ ਕੇ
ੴ ਸਤਿਗੁਰ ਪ੍ਰਸਾਦਿ
1
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
ਜਿੰਦੁ ਨਿਮਾਣੀ ਕਢੀਐ ਹਡਾ ਕੁ ਕੜਕਾਇ ॥
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥
ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥
ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ॥1॥
(ਜਿਤੁ ਦਿਹਾੜੈ=ਜਿਸ ਦਿਨ, ਧਨ=ਇਸਤ੍ਰੀ, ਵਰੀ=ਵਿਆਹੀ
ਜਾਇਗੀ, ਸਾਹੇ=ਵਿਆਹ ਦਾ ਨੀਯਤ ਸਮਾਂ, ਮਲਕੁ=
ਮੌਤ ਦਾ ਫ਼ਰਿਸਤਾ, ਕੂੰ=ਨੂੰ, ਨ ਚਲਨੀ=ਨਹੀਂ ਟਲ ਸਕਦੇ,
ਵਰੁ=ਲਾੜਾ, ਪਰਣਾਇ=ਵਿਆਹ ਕੇ, ਜੋਲਿ ਕੈ=ਤੋਰ ਕੇ,
ਕੈ ਗਲਿ=ਕਿਸ ਦੇ ਗਲ ਵਿਚ, ਧਾਇ=ਦੌੜ ਕੇ, ਵਾਲਹੁ=
ਵਾਲ ਤੋਂ, ਪੁਰਸਲਾਤ=ਪੁਲ ਸਿਰਾਤ, ਕੰਨੀ=ਕੰਨਾਂ
ਨਾਲ, ਕਿੜੀ ਪਵੰਦੀਈ=ਵਾਜਾਂ ਪੈਂਦਿਆਂ,
ਨ ਮੁਹਾਇ=ਨਾ ਲੁਟਾ)
2
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
ਬੰਨ੍ਹਿ ਉਠਾਈ ਪੋਟਲੀ ਕਿਥੈ ਵੰਞਾਂ ਘਤਿ ॥2॥
(ਗਾਖੜੀ=ਔਖੀ, ਦਰਵੇਸੀ=ਫ਼ਕੀਰੀ, ਦਰ=ਪਰਮਾਤਮਾ
ਦੇ ਦਰ ਦੀ, ਭਤਿ=ਵਾਂਗ, ਬੰਨ੍ਹਿ=ਬੰਨ੍ਹ ਕੇ, ਵੰਞਾ=
ਜਾਵਾਂ, ਘਤਿ=ਸੁੱਟ ਕੇ, ਪੋਟਲੀ=ਨਿੱਕੀ ਜਿਹੀ ਗੰਢ)
3
ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥3॥
(ਕਿਝੁ=ਕੁਝ ਭੀ, ਬੁਝੈ=ਸਮਝ ਆਉਂਦੀ, ਪਤਾ ਲੱਗਦਾ,
ਗੁਝੀ=ਲੁਕਾਵੀਂ, ਭਾਹਿ=ਅੱਗ, ਸਾਂਈ ਮੇਰੈ=ਮੇਰੇ
ਸਾਂਈ ਨੇ । ਹੰਭੀ=ਹਉਂ ਭੀ,ਮੈਂ ਭੀ, ਦਝਾਂ ਆਹਿ=
ਸੜ ਜਾਂਦਾ)
4
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥4॥
(ਤਿਲ=ਸੁਆਸ, ਥੋੜੜੇ=ਬਹੁਤ ਥੋੜ੍ਹੇ, ਸੰਮਲਿ=ਸੰਭਲ
ਕੇ, ਸਹੁ=ਖਸਮ-ਪ੍ਰਭੂ, ਨੰਢੜਾ=ਨਿੱਕਾ ਜਿਹਾ ਨੱਢਾ)
5
ਜੇ ਜਾਣਾ ਲੜਿ ਛਿਜਣਾ ਪੀਡੀ ਪਾਈਂ ਗੰਢਿ ॥
ਤੈ ਜੇਵਡੁ ਮੈਂ ਨਾਹੀ ਕੋ ਸਭੁ ਜਗੁ ਡਿਠਾ ਹੰਢਿ ॥5॥
(ਲੜੁ=ਪੱਲਾ, ਛਿਜਣਾ=ਟੁੱਟ ਜਾਣਾ ਹੈ, ਪੀਡੀ=ਪੱਕੀ, ਤੈ
ਜੇਵਡੁ=ਤੇਰੇ ਜੇਡਾ, ਹੰਢਿ=ਫਿਰ ਕੇ)
6
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰ ਦੇਖੁ ॥6॥
(ਅਕਲਿ ਲਤੀਫੁ=ਬਰੀਕ ਸਮਝ ਵਾਲਾ, ਕਾਲੇ ਲੇਖੁ=ਮੰਦੇ
ਕਰਮ, ਗਿਰੀਵਾਨ=ਬੁੱਕਲ)
7
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ ॥
ਆਪਨੜੈ ਘਰ ਜਾਈਐ ਪੈਰ ਤਿਨ੍ਹਾ ਦੇ ਚੁੰਮਿ ॥7॥
(ਤੈ=ਤੈਨੂੰ, ਤਿਨ੍ਹਾ=ਉਨ੍ਹਾਂ ਨੂੰ, ਨ ਮਾਰੇ=ਨਾਹ ਮਾਰ,
ਘੁੰਮਿ=ਪਰਤ ਕੇ, ਆਪਨੜੈ ਘਰਿ=ਆਪਣੇ ਘਰ ਵਿਚ,ਸ਼ਾਂਤ
ਅਵਸਥਾ ਵਿਚ, ਚੁੰਮਿ=ਚੁੰਮ ਕੇ, ਜਾਈਐ=ਅੱਪੜ ਜਾਈਦਾ ਹੈ )
8
ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥
ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥8॥
(ਤਉ=ਤੇਰਾ, ਖਟਣ ਵੇਲ=ਖੱਟਣ ਦਾ ਵੇਲਾ, ਰਤਾ=
ਰੰਗਿਆ ਹੋਇਆ,ਮਸਤ, ਸਿਉ=ਨਾਲ, ਮਰਗ=ਮੌਤ,
ਸਵਾਈ=ਵਧਦੀ ਗਈ, ਜਾਂ=ਜਦੋਂ, ਭਰਿਆ=ਸੁਆਸ
ਪੂਰੇ ਹੋ ਗਏ, ਨੀਂਹਿ=ਨੀਂਹ)
9
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥9॥
(ਥੀਆ=ਹੋ ਗਿਆ ਹੈ, ਜੁ=ਜੋ ਕੁਝ, ਭੁਰ=ਚਿੱਟੀ, ਅਗਹੁ=
ਅਗਲੇ ਪਾਸਿਓਂ, ਪਿਛਾ=ਪਿਛਲਾ ਪਾਸਾ)
10
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥
ਸਾਈਂ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥10॥
(ਜਿ ਥੀਆ=ਜੋ ਕੁਝ ਹੋਇਆ ਹੈ, ਸਕਰ=ਸ਼ੱਕਰ,ਮਿੱਠੇ
ਪਦਾਰਥ, ਵਿਸੁ=ਜ਼ਹਿਰ,ਦੁਖਦਾਈ, ਵੇਦਣ=ਦੁੱਖੜਾ)
11
ਫਰੀਦਾ ਅਖੀ ਦੇਖ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥
ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥11॥
(ਪਤੀਣੀਆਂ=ਪਤਲੀਆਂ ਪੈ ਗਈਆਂ ਹਨ, ਰੀਣੇ=ਖ਼ਾਲੀ,
ਬੋਲੇ, ਸਾਖ=ਟਹਿਣੀ,ਸਰੀਰ, ਪਕੰਦੀ ਆਈਆ=ਪੱਕ
ਗਈ ਹੈ, ਵੰਨ=ਰੰਗ)
12
ਫਰੀਦਾ ਕਾਲੀਂ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥
ਕਰ ਸਾਈਂ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥12॥
(ਕਾਲੀਂ=ਜਦੋਂ ਕੇਸ ਕਾਲੇ ਸਨ, ਰਾਵਿਆ=ਮਾਣਿਆ,
ਧਉਲੀ=ਧਉਲੇ ਆਇਆਂ, ਕੋਇ=ਕੋਈ ਵਿਰਲਾ, ਪਿਰਹੜੀ=
ਪਿਆਰ, ਨਵੇਲਾ=ਨਵਾਂ, ਰੰਗ=ਪਿਆਰ)
13
ਮ: 3
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥
ਇਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥13॥
(ਚਿਤਿ ਕਰੇ=ਚਿੱਤ ਵਿਚ ਟਿਕਾਏ, ਪਿਰਮੁ=ਪਿਆਰ, ਸਭ ਕੋਇ=
ਹਰੇਕ ਜੀਵ, ਜੈ=ਜਿਸ ਨੂੰ, ਤੈ=ਤਿਸ ਨੂੰ)
14
ਫਰੀਦਾ ਜਿਨ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈਂ ਡਿਠੁ ॥
ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥14॥
(ਲੋਇਣ=ਅੱਖਾਂ, ਸੂਇ=ਬੱਚੇ, ਬਹਿਠੁ=ਬੈਠਣ ਦੀ ਥਾਂ)
15
ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥
ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥15॥
(ਸੈਤਾਨਿ=ਸ਼ੈਤਾਨ ਨੇ,ਮਨ ਨੇ, ਕੂਕੇਦਿਆ
ਚਾਂਗੇਦਿਆ=ਮੁੜ ਮੁੜ ਪੁਕਾਰ ਪੁਕਾਰ
ਕੇ ਸਮਝਾਣ ਤੇ ਭੀ, ਸੇ=ਉਹ ਬੰਦੇ,
ਵੰਞਾਇਆ=ਵਿਗਾੜਿਆ ਹੈ)
16
ਫਰੀਦਾ ਥੀਉ ਪਵਾਹੀ ਦਭੁ ॥
ਜੇ ਸਾਈਂ ਲੋੜਹਿ ਸਭੁ ॥
ਇਕੁ ਛਿਜਹਿ ਬਿਆ ਲਤਾੜੀਅਹਿ ॥
ਤਾਂ ਸਾਈ ਦੈ ਦਰ ਵਾੜੀਅਹਿ ॥16॥
(ਥੀਉ=ਬਣ ਜਾ, ਪਵਾਹੀ=ਪਹੇ ਦੀ,
ਰਸਤੇ ਦੀ, ਦਭੁ=ਘਾਹ, ਜੇ ਲੋੜਹਿ=
ਜੇ ਤੂੰ ਲੱਭਦਾ ਹੈਂ, ਸਭੁ=ਸਭ
ਵਿਚ, ਇਕੁ=ਕਿਸੇ ਦੱਭ ਦੇ ਬੂਟੇ ਨੂੰ,
ਛਿਜਹਿ=ਤੋੜਦੇ ਹਨ, ਬਿਆ=ਕਈ ਹੋਰ,
ਲਤਾੜੀਅਹਿ=ਲਤਾੜੇ ਜਾਂਦੇ ਹਨ,
ਸਾਈ ਦੈ ਦਰਿ=ਮਾਲਕ ਦੇ ਦਰ ਤੇ,
ਵਾੜੀਅਹਿ=ਤੂੰ ਵਾੜਿਆ
ਜਾਏਂਗਾ)
17
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥
ਜੀਵਦਿਆ ਪੈਰਾਂ ਤਲੈ ਮੁਇਆ ਉਪਰਿ ਹੋਇ ॥17॥
(ਖਾਕੁ=ਮਿੱਟੀ, ਜੇਡੁ=ਜੇਡਾ,ਵਰਗਾ )
18
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤਾ ਕੂੜਾ ਨੇਹੁ ॥
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥18॥
(ਨੇਹੁ ਕਿਆ=ਕਾਹਦਾ ਪਿਆਰ,ਅਸਲ ਪਿਆਰ
ਨਹੀਂ, ਕੂੜਾ=ਝੂਠਾ, ਕਿਚਰੁ=ਕਿੰਨਾ ਚਿਰ,
ਝਤਿ=ਸਮਾਂ, ਛਪਰਿ ਤੂਟੇ=ਟੁੱਟੇ ਹੋਏ ਛੱਪਰ
ਉਤੇ, ਮੇਹੁ=ਮੀਂਹ)
19
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥19॥
(ਕਿਆ ਭਵਹਿ=ਗਾਹਣ ਦਾ ਕੀਹ ਲਾਭ, ਵਣਿ=
ਜੰਗਲ ਵਿਚ, ਕਿਆ ਮੋੜੇਹਿ=ਕਿਉਂ
ਲਤਾੜਦਾ ਹੈਂ, ਵਸੀ=ਵੱਸਦਾ ਹੈ,
ਹਿਆਲੀਐ=ਹਿਰਦੇ ਵਿਚ, ਕਿਆ
ਢੂਢੇਹਿ=ਭਾਲਣ ਦਾ ਕੀਹ ਲਾਭ)
20
ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹ ।
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥20॥
(ਇਨੀ ਜੰਘੀਐ=ਇਹਨਾਂ ਲੱਤਾਂ ਨਾਲ, ਡੂਗਰ=
ਪਹਾੜ, ਭਵਿਓਮ੍ਹਿ=ਮੈਂ ਭਉਂ (ਘੁੰਮ),
ਅਜੁ=ਬੁਢੇਪੇ ਵਿਚ, ਫਰੀਦੈ= ਫਰੀਦ ਨੂੰ, ਥੀਓਮਿ=
ਹੋ ਗਿਆ ਹੈ, ਕੂਜੜਾ=ਇਕ ਨਿੱਕਾ ਜਿਹਾ ਕੁੱਜਾ)
21
ਫਰੀਦਾ ਰਾਤੀ ਵਡੀਆਂ ਧਿਖ ਧੁਖਿ ਉਠਨਿ ਪਾਸ ॥
ਧਿਗੁ ਤਿਨ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥21॥
(ਧੁਖਿ ਉਠਨਿ=ਧੁਖ ਉੱਠਦੇ ਹਨ,ਅੰਬ ਜਾਂਦੇ
ਹਨ, ਪਾਸ=ਸਰੀਰ ਦੇ ਪਾਸੇ,ਪਸਲੀਆਂ, ਵਿਡਾਣੀ=
ਬਿਗਾਨੀ, ਵਡੀਆਂ=ਲੰਮੀਆਂ, ਧ੍ਰਿਗੁ=ਫਿਟਕਾਰ-ਜੋਗ)
22
ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥
ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥22॥
(ਵਾਰਿਆ ਹੋਦਾ=ਲੁਕਾਇਆ ਹੁੰਦਾ,
ਮਿਤਾ ਆਇੜਿਆਂ=ਆਏ ਮਿੱਤ੍ਰਾਂ
ਤੋਂ, ਹੇੜਾ=ਸਰੀਰ,ਦਿਲ,ਮਾਸ, ਮਜੀਠ ਜਿਉ=
ਮਜੀਠ ਵਾਂਗ, ਜਲੈ=ਸੜਦਾ ਹੈ)
23
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥23॥
(ਬਿਜਉਰੀਆਂ=ਬਿਜੌਰ ਦੇ ਇਲਾਕੇ ਦੀ, ਦਾਖੁ=
ਛੋਟਾ ਅੰਗੂਰ, ਕਿਕਰਿ=ਕਿਕਰੀਆਂ, ਹੰਢੈ=
ਫਿਰਦਾ ਹੈ,ਪੁਰਾਣਾ, ਪੈਧਾ ਲੋੜੈ=
ਪਹਿਨਣਾ ਚਾਹੁੰਦਾ ਹੈ)
24
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥
ਚਲਾ ਤਾ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥24॥
(ਰਹਾਂ=ਜੇ ਮੈਂ ਰਹਿ ਪਵਾਂ, ਤ=ਤਾਂ, ਤੁਟੈ=ਟੁੱਟਦਾ ਹੈ)
25
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥25॥
(ਅਲਹ=ਰੱਬ ਕਰ ਕੇ, ਭਿਜਉ=ਬੇਸ਼ਕ ਭਿੱਜੇ)
26
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥26॥
(ਮੈ=ਮੈਨੂੰ, ਭੋਲਾਵਾ=ਭੁਲੇਖਾ, ਮਤੁ ਹੋ ਜਾਇ=
ਮਤਾਂ ਹੋ ਜਾਏ, ਗਹਿਲਾ=ਬੇਪਰਵਾਹ,ਗ਼ਾਫ਼ਿਲ, ਜਾਣਈ=
ਜਾਣਦਾ)
27
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਂਝਾ ਦੁਧੁ ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥27॥
(ਨਿਵਾਤ=ਮਿਸਰੀ, ਮਾਖਿਉ=ਸ਼ਹਿਦ, ਨ ਪੁਜਨਿ=
ਨਹੀਂ ਅੱਪੜਦੀਆਂ, ਤੁਧੁ=ਤੈਨੂੰ)
28
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥
ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ ॥28॥
(ਕਾਠ ਕੀ ਰੋਟੀ=ਕਾਠ ਵਾਂਗ ਸੁੱਕੀ ਰੋਟੀ, ਲਾਵਣੁ=
ਭਾਜੀ,ਸਲੂਣਾ, ਘਣੇ=ਬੜੇ, ਚੋਪੜੀ=ਸੁਆਦਲੀ,
ਘਿਉ-ਭਿੱਜੀ)
29
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥
ਫਰੀਦਾ ਦੇਖਿ ਪਰਾਈ ਚੋਪੜੀ ਨ ਤਰਸਾਏ ਜੀਉ ॥29॥
(ਰੁਖੀ=ਬਿਨਾ ਦਾਲ ਸਬਜ਼ੀ ਤੋਂ, ਦੇਖਿ=ਵੇਖ ਕੇ,
ਚੋਪੜੀ=ਸੁਆਦਲੀ,ਘਿਉ-ਭਿੱਜੀ)
30
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੜਿ ਜਾਇ ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥30॥
(ਸਿਉ=ਨਾਲ, ਅੰਗੁ=ਸਰੀਰ, ਮੁੜਿ ਜਾਇ=ਟੁੱਟ ਰਿਹਾ
ਹੈ, ਡੋਹਾਗਣੀ=ਦੁਹਾਗਣ,ਛੁੱਟੜ, ਰੈਣਿ=ਰਾਤ)
31
ਸਾਹੁਰੈ ਢੋਈ ਨ ਲਹੈ ਪੇਈਐ ਨਾਹੀ ਥਾਉ ॥
ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥31॥
(ਸਾਹੁਰੈ=ਸਹੁਰੇ ਘਰ,ਪਰਲੋਕ ਵਿਚ, ਢੋਈ=ਆਸਰਾ,
ਥਾਂ, ਪੇਈਐ=ਪੇਕੇ ਘਰ,ਇਸ ਲੋਕ ਵਿਚ, ਪਿਰੁ=
ਖਸਮ-ਪ੍ਰਭੂ, ਵਾਤੜੀ=ਥੋੜ੍ਹੀ ਜਿੰਨੀ ਗੱਲ,
ਧਨ=ਇਸਤ੍ਰੀ)
32
(ਮ: 1)
ਸਾਹੁਰੈ ਪੇਈਐ ਕੰਤ ਕੀ ਕੰਤੁ ਅਗਮੁ ਅਥਾਹੁ ॥
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥32॥
(ਅਗੰਮੁ=ਪਹੁੰਚ ਤੋਂ ਪਰੇ, ਅਥਾਹੁ=
ਡੂੰਘਾ,ਅਗਾਧ, ਭਾਵੈ=ਪਿਆਰੀ ਲੱਗਦੀ ਹੈ)
33
ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥
ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥33॥
(ਸੰਬਹੀ=ਸਜੀ ਹੋਈ, ਨਚਿੰਦੁ=ਬੇ-ਫ਼ਿਕਰ, ਬੇੜੀ=ਵੇੜ੍ਹੀ,
ਲਿੱਬੜੀ ਹੋਈ, ਕਥੂਰੀ=ਕਸਤੂਰੀ, ਗੰਧੁ=ਖ਼ੁਸ਼ਬੋ)
34
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥
ਫਰੀਦਾ ਕਿਤੀਂ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥34॥
(ਸਹ ਪ੍ਰੀਤਿ=ਖਸਮ ਦਾ ਪਿਆਰ, ਕਿਤੀ=ਕਿੰਨੇ ਹੀ)
35
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥35॥
(ਚਿੰਤ=ਚਿੰਤਾ, ਖਟੋਲਾ=ਨਿੱਕੀ ਮੰਜੀ, ਬਿਰਹਿ=
ਵਿਛੋੜੇ ਵਿਚ, ਵਿਛਾਵਣ=ਤੁਲਾਈ)
36
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ ॥
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥36॥
(ਬਿਰਹਾ=ਵਿਛੋੜਾ, ਸੁਲਤਾਨੁ=ਰਾਜਾ, ਜਿਤੁ ਤਨਿ=ਜਿਸ ਤਨ ਵਿਚ,
ਬਿਰਹੁ=ਵਿਛੋੜਾ, ਮਸਾਨੁ=ਮੁਰਦੇ ਸਾੜਨ ਦੀ ਥਾਂ)
37
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥
ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥37॥
(ਏ=ਇਹ ਪਦਾਰਥ, ਵਿਸੁ=ਜ਼ਹਿਰ, ਖੰਡੁ ਲਿਵਾੜਿ=ਖੰਡ
ਨਾਲ ਗਲੇਫ਼ ਕੇ, ਇਕਿ=ਕਈ ਜੀਵ, ਰਾਹੇਦੇ=ਬੀਜਦੇ, ਰਹਿ
ਗਏ=ਥੱਕ ਗਏ,ਮਰ ਗਏ, ਰਾਧੀ=ਬੀਜੀ ਹੋਈ )
38
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥38॥
(ਹੰਢਿ ਕੈ=ਭਟਕ ਕੇ,ਦੌੜ-ਭੱਜ ਕੇ, ਸੰਮਿ=ਸਉਂ ਕੇ,
ਮੰਗੇਸੀਆ=ਮੰਗੇਗਾ, ਆਂਹੋ=ਆਇਆ ਸੈਂ,
ਕੇਰ੍ਹੇ ਕੰਮਿ=ਕਿਸ ਕੰਮ)
39
ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥
ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥39॥
(ਦਰਿ=ਬੂਹੇ ਤੇ, ਦਰਵਾਜੈ=ਦਰਵਾਜ਼ੇ ਤੇ, ਕਿਉ ਡਿਠੋ=
ਕੀ ਨਹੀਂ ਵੇਖਿਆ, ਨਿਦੋਸਾ=ਬੇ-ਦੋਸਾ, ਮਾਰੀਐ=
ਮਾਰ ਖਾਂਦਾ ਹੈ)
40
ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥
ਸੋ ਹੇੜਾ ਘੜੀਆਲੁ ਜਿਉ ਡੁਖੀ ਰੈਣਿ ਵਿਹਾਇ ॥40॥
(ਘੜੀਏ ਘੜੀਏ=ਘੜੀ ਘੜੀ ਪਿੱਛੋਂ, ਪਹਰੀ=ਹਰੇਕ
ਪਹਿਰ ਮਗਰੋਂ, ਸਜਾਇ=ਸਜਾ, ਹੇੜਾ=ਸਰੀਰ, ਸਿਉ=
ਵਾਂਗ, ਡੁਖੀ=ਦੁਖੀਂ, ਰੈਣਿ=ਰਾਤ, ਵਿਹਾਇ=
ਗੁਜ਼ਰਦੀ ਹੈ)
41
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥
ਜੇ ਸਉ ਵਰ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥41॥
(ਦੇਹ=ਸਰੀਰ, ਖੇਹ=ਸੁਆਹ,ਮਿੱਟੀ, ਹੋਸੀ=
ਹੋ ਜਾਇਗਾ )
42
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥42॥
(ਬਾਰਿ ਪਰਾਇਐ=ਪਰਾਏ ਬੂਹੇ ਤੇ,
ਬੈਸਣਾ=ਬੈਠਣਾ, ਏਵੈ=ਇਸੇ ਤਰ੍ਹਾਂ,
ਜੀਉ=ਜਿੰਦ, ਸਰੀਰਹੁ=ਸਰੀਰ ਵਿਚੋਂ)
43
ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥
ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ ॥43॥
(ਕੰਧਿ=ਮੋਢੇ ਉਤੇ, ਸਿਰਿ=ਸਿਰ ਉਤੇ, ਵਣਿ=ਜੰਗਲ ਵਿਚ,
ਕੈਸਰੁ=ਬਾਦਸ਼ਾਹ, ਹਉ=ਮੈਂ, ਸਹੁ=ਖਸਮ, ਲੋੜੀ=
ਲੋੜੀਂ, ਅੰਗਿਆਰ=ਕੋਲੇ)
44
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥
ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥44॥
(ਅਗਲਾ=ਬਹੁਤਾ, ਲੋਣੁ=ਲੂਣ, ਅਗੈ=ਪਰਲੋਕ ਵਿਚ,
ਸਿੰਞਾਪਸਨਿ=ਪਛਾਣੇ ਜਾਣਗੇ)
45
ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥
ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥45॥
(ਪਾਸਿ=ਕੋਲ, ਦਮਾਮੇ=ਧੌਂਸੇ, ਛਤੁ=ਛਤਰ,
ਸਿਰਿ=ਸਿਰ ਉਤੇ, ਭੇਰੀ=ਤੂਤੀਆਂ, ਸਡੋ=ਸੱਦ,
ਰਡ=ਇਕ ‘ਛੰਦ’ ਦਾ ਨਾਂ ਹੈ ਜੋ ਉਸਤਤੀ
ਵਾਸਤੇ ਵਰਤਿਆ ਜਾਂਦਾ ਹੈ, ਜੀਰਾਣ=
ਮਸਾਣ, ਅਤੀਮ=ਯਤੀਮ,ਮਹਿੱਟਰ, ਗਡ ਥੀਏ=
ਰਲ ਗਏ)
46
ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇਦੇ ਭੀ ਗਏ ॥
ਕੂੜਾ ਸਉਦਾ ਕਰਿ ਗਏ ਗੋਰੀ ਆਏ ਪਏ ॥46॥
(ਮੰਡਪ=ਸ਼ਾਮਿਆਨੇ, ਮਾੜੀਆ=
ਚੁਬਾਰਿਆਂ ਵਾਲੇ ਮਹਲ, ਕੂੜਾ=
ਝੂਠਾ, ਸੰਗ ਨਾਹ ਨਿਭਣ ਵਾਲਾ,
ਗੋਰੀ=ਗੋਰੀਂ,ਕਬਰਾਂ ਵਿਚ)
47
ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ ॥
ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥47॥
(ਖਿੰਥੜਿ=ਗੋਦੜੀ, ਮੇਖਾ=ਟਾਂਕੇ,ਮੇਖਾਂ,
ਅਗਲੀਆ=ਬਹੁਤ, ਮਸਾਇਕ=ਸ਼ੇਖ ਦਾ ਬਹੁ-ਵਚਨ )
48
ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥
ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥48॥
(ਦੁਹੁ ਦੀਵੀ ਬਲੰਦਿਆ=ਇਹਨਾਂ ਦੋਹਾਂ ਅੱਖਾਂ
ਦੇ ਸਾਹਮਣੇ ਹੀ, ਮਲਕੁ=ਮੌਤ ਦਾ ਫ਼ਰਿਸ਼ਤਾ,
ਗੜੁ=ਕਿਲ੍ਹਾ,ਸਰੀਰ, ਘਟੁ=ਹਿਰਦਾ, ਲੀਤਾ=
ਕਬਜ਼ਾ ਕਰ ਲਿਆ)
49
ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰ ਥੀਆ ਤਿਲਾਹ ॥
ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ ॥
ਮੰਦੇ ਅਮਲ ਕਰੇਦਿਆ ਇਹ ਸਜਾਇ ਤਿਨਾਹ ॥49॥
(ਜਿ=ਜੋ ਕੁਝ, ਥੀਆ=ਹੋਇਆ, ਸਿਰਿ=ਸਿਰ ਉਤੇ,
ਕੁੰਨੇ=ਮਿੱਟੀ ਦੀ ਹਾਂਡੀ, ਸਜਾਇ=ਦੰਡ,
ਤਿਨਾਹ=ਉਹਨਾਂ ਨੂੰ, ਅਮਲ=ਕੰਮ,ਕਰਤੂਤਾਂ)
50
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤ ॥50॥
(ਕੰਨਿ=ਮੋਢੇ ਉਤੇ, ਸੂਫੁ=ਕਾਲੀ ਖ਼ਫਨੀ,
ਗਲਿ=ਗਲ ਵਿਚ, ਦਿਲਿ=ਦਿਲ ਵਿਚ)
51
ਫਰੀਦਾ ਰਤੀ ਰਤੁ ਨ ਨਿਕਲੈ ਜਿ ਤਨੁ ਚੀਰੈ ਕੋਇ ॥
ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥51॥
(ਰਤੀ=ਥੋੜ੍ਹੀ ਜਿੰਨੀ ਭੀ, ਰਤੁ=ਲਹੂ, ਰਤੇ=
ਰੰਗੇ ਹੋਏ, ਸਿਉ=ਨਾਲ, ਤਿਨ ਤਨਿ=ਉਹਨਾਂ
ਦੇ ਤਨ ਵਿਚ)
52
ਮ: 3
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥
ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥
ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥
ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥
ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥52॥
(ਸਭੋ=ਸਾਰਾ ਹੀ, ਰਤੁ ਬਿਨੁ=ਰੱਤ ਤੋਂ ਬਿਨਾ,
ਤੰਨੁ=ਤਨ,ਸਰੀਰ, ਸਹ ਰਤੇ=ਖਸਮ ਨਾਲ ਰੰਗੇ
ਹੋਏ, ਤਿਤੁ ਤਨਿ=ਉਸ ਸਰੀਰ ਵਿਚ, ਭੈ ਪਇਐ=
ਡਰ ਵਿਚ ਪਿਆਂ, ਖੀਣੁ=ਪਤਲਾ,ਲਿੱਸਾ, ਜਾਇ=
ਦੂਰ ਹੋ ਜਾਂਦੀ ਹੈ, ਬੈਸੰਤਰਿ=ਅੱਗ ਵਿਚ,
ਸੁਧੁ=ਸਾਫ਼, ਜਿ=ਜੇਹੜੇ, ਰੰਗੁ=ਪਿਆਰ)
53
ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥53॥
(ਸਰਵਰੁ=ਸੋਹਣਾ ਤਲਾਬ, ਵਥੁ=ਚੀਜ਼, ਛਪੜਿ ਢੂਢੈ=
ਜੇ ਛੱਪੜ ਭਾਲੀਏ)
54
ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥
ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥54॥
(ਨੰਢੀ=ਜੁਆਨ ਇਸਤ੍ਰੀ ਨੇ, ਨ ਰਾਵਿਓ=ਨਾਹ
ਮਾਣਿਆ, ਵਡੀ ਥੀ=ਬੁੱਢੀ ਹੋ ਕੇ, ਮੁਈਆਸੁ=
ਉਹ ਮਰ ਗਈ, ਧਨ=ਇਸਤ੍ਰੀ, ਗੋਰ ਮੇਂ=ਕਬਰ ਵਿਚ,
ਤੈ=ਤੈਨੂੰ, ਸਹ=ਪਤੀ, ਨਾ ਮਿਲੀਆਸੁ=ਨਹੀਂ ਮਿਲੀ )
55
ਫਰੀਦਾ ਸਿਰ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥
ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥55॥
(ਪਲਿਆ=ਚਿੱਟਾ ਹੋ ਗਿਆ, ਰੇ ਗਹਿਲੇ=ਹੇ ਗ਼ਾਫ਼ਿਲ,
ਬਾਵਲਾ=ਕਮਲਾ, ਰਲੀਆਂ=ਮੌਜਾਂ)
56
ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰ ॥
ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥56॥
(ਧੁਕਣੁ=ਦੌੜਨਾ, ਕੇਤੜਾ=ਕਿਥੋਂ ਤਕ, ਨੀਦੜੀ=
ਕੋਝੀ ਨੀਂਦ, ਨਿਵਾਰਿ=ਦੂਰ ਕਰ, ਗਾਣਵੇ ਦਿਹ=ਗਿਣਵੇਂ
ਦਿਨ, ਲਧੇ=ਲੱਭੇ, ਵਿਲਾੜਿ=ਦੌੜ ਕੇ, ਬੜੀ ਛੇਤੀ ਛੇਤੀ)
57
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥
ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥57॥
(ਮੰਡਪ=ਮਹਲ, ਏਤੁ=ਇਸ ਵਿਚ)
58
ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥
ਸਾਈ ਜਾਇ ਸਮ੍ਹਾਲਿ ਜਿਥੈ ਹੀ ਤਉ ਵੰਞਣਾ ॥58॥
(ਮਰਗ=ਮੌਤ, ਸਤਾਣੀ=ਬਲ ਵਾਲੀ, ਚਿਤਿ=ਚਿੱਤ ਵਿਚ,
ਸਾਈ=ਉਹੀ, ਜਾਇ=ਥਾਂ, ਸਮ੍ਹਾਲਿ=ਸਾਂਭ, ਜਿਥੈ
ਹੀ=ਜਿਥੇ ਆਖ਼ਰ ਨੂੰ, ਵੰਞਣਾ=ਜਾਣਾ, ਮਾਲੁ=ਧਨ)
59
ਫਰੀਦਾ ਜਿਨ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥59॥
(ਜਿਨ੍ਹੀ ਕੰਮੀ=ਜਿਨ੍ਹਾਂ ਕੰਮਾਂ ਵਿਚ, ਗੁਣ=ਲਾਭ,
ਕੰਮੜੇ=ਕੋਝੇ ਕੰਮ, ਥੀਵਹੀ=ਤੂੰ ਹੋਵੇਂ,
ਦੈ ਦਰਬਾਰਿ=ਦੇ ਦਰਬਾਰ ਵਿਚ)
60
ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥60॥
(ਭਰਾਂਦਿ=ਭਰਮ, ਭਟਕਣਾ, ਲਾਹਿ=ਲਾਹ ਕੇ,
ਚਾਕਰੀ=ਨੌਕਰੀ,ਬੰਦਗੀ, ਲੋੜੀਐ=ਚਾਹੀਦੀ
ਹੈ, ਜੀਰਾਂਦਿ=ਧੀਰਜ,ਸਬਰ, ਦਰਵੇਸ=ਫ਼ਕੀਰ, ਨੋ=ਨੂੰ)
61
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥61॥
(ਮੈਡੇ=ਮੇਰੇ, ਵੇਸੁ=ਪਹਿਰਾਵਾ, ਗੁਨਹੀ=
ਗੁਨਾਹਾਂ ਨਾਲ, ਫਿਰਾ=ਫਿਰਦਾ ਹਾਂ, ਲੋਕੁ=
ਜਗਤੁ, ਕਹੈ=ਆਖਦਾ ਹੈ)
62
ਤਤੀ ਤੋਇ ਨ ਪਲਵੈ ਜਿ ਜਲਿ ਟੁਬੀ ਦੇਇ ॥
ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥62॥
(ਤਤੀ=ਤੱਤੀ,ਸੜੀ ਹੋਈ, ਤੋਇ=ਪਾਣੀ ਵਿਚ, ਪਲਵੈ=
ਪ੍ਰਫੁਲਤ ਹੁੰਦੀ ਹੈ, ਜਲਿ=ਜਲ ਵਿਚ, ਡੋਹਾਗਣਿ=
ਦੁਹਾਗਣ,ਛੁੱਟੜ ਝੂਰੇਦੀ ਝੁਰੇਇ=ਸਦਾ ਹੀ
ਝੂਰਦੀ ਹੈ, ਜੇ=ਭਾਵੇਂ)
63
ਜਾਂ ਕੁਆਰੀ ਤਾ ਚਾਉ ਵੀਵਾਹੀ ਤਾ ਮਾਮਲੇ ॥
ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥63॥
(ਵੀਵਾਹੀ=ਵਿਆਹੀ, ਮਾਮਲੇ=ਕਜ਼ੀਏ,ਜੰਜਾਲ,
ਪਛੋਤਾਉ=ਪਛੁਤਾਵਾ, ਵਤਿ=ਮੁੜ ਕੇ, ਨ
ਥੀਐ=ਨਹੀਂ ਹੋ ਸਕਦੀ, ਜਾਂ=ਜਦੋਂ, ਤਾਂ=ਤਦੋਂ)
64
ਕਲਰ ਕੇਰੀ ਛਪੜੀ ਆਏ ਉਲਥੇ ਹੰਝ ॥
ਚਿੰਜੂ ਬੋੜਨ੍ਹਿ ਨਾ ਪੀਵਹਿ ਉਡਣ ਸੰਦੀ ਡੰਝ ॥64॥
(ਕੇਰੀ=ਦੀ, ਆਇ ਉਲਥੇ=ਆ ਉਤਰੇ, ਹੰਝ=
ਹੰਸ, ਚਿੰਜੂ=ਚੁੰਝ, ਬੋੜਨਿ@=ਡੋਬਦੇ ਹਨ,
ਸੰਦੀ=ਦੀ, ਡੰਝ=ਤਾਂਘ)
65
ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥65॥
(ਉਡਰਿ=ਉੱਡ ਕੇ, ਕੋਧ੍ਰੈ=ਕੋਧਰੇ ਦੀ ਪੈਲੀ ਵਿਚ,
ਪਇਆ=ਜਾ ਬੈਠਾ, ਵਿਡਾਰਣਿ=ਉਡਾਣ ਲਈ, ਗਹਲਾ=
ਕਮਲਾ, ਲੋਕੁ=ਜਗਤ ਦੇ ਬੰਦੇ)
66
ਚਲਿ ਚਲਿ ਗਈਆਂ ਪੰਖੀਆ ਜਿਨ੍ਹੀ ਵਸਾਏ ਤਲ ॥
ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥66॥
(ਚਲਿ ਚਲਿ ਗਈਆਂ=ਆਪੋ ਆਪਣੀ ਵਾਰੀ ਚਲੀਆਂ
ਗਈਆਂ, ਪੰਖੀਆਂ=ਪੰਛੀਆਂ ਦੀਆਂ ਡਾਰਾਂ,
ਤਲ=ਤਲਾਬ, ਵਸਾਏ=ਰੌਣਕ ਦੇ ਰਹੇ ਸਨ, ਸਰੁ=
ਤਲਾਬ, ਚਲਸੀ=ਸੁੱਕ ਜਾਇਗਾ, ਥਕੇ=ਕੁਮਲਾ
ਗਏ, ਇਕਲ=ਪਿੱਛੇ ਇਕੱਲੇ ਰਹੇ ਹੋਏ)
67
ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀਆ ਲੜਿਓ ਮਾਸਿ ॥
ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥67॥
(ਇਟ ਸਿਰਾਣੇ=ਸਿਰ ਹੇਠ ਇੱਟ ਹੋਵੇਗੀ, ਭੁਇ=
ਧਰਤੀ ਵਿਚ, ਮਾਸਿ=ਮਾਸ ਵਿਚ, ਕੇਤੜਿਆ
ਜੁਗ=ਕਈ ਜੁਗ, ਵਾਪਰੇ=ਲੰਘ ਜਾਣਗੇ,
ਇਕਤੁ ਪਾਸਿ=ਇੱਕੋ ਪਾਸੇ)
68
ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥
ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥68॥
(ਸਵੰਨਵੀ=ਸੋਹਣੇ ਵੰਨ (ਰੰਗ) ਵਾਲੀ, ਘੜੀ=
ਸਰੀਰ-ਰੂਪ ਭਾਂਡਾ, ਨਾਗਰ=ਸੁੰਦਰ, ਲਜੁ=ਰੱਸੀ,
ਸੁਆਸਾਂ ਦੀ ਲੜੀ)
69
ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥
ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥69॥
(ਭੁਇ=ਧਰਤੀ ਉਤੇ, ਭਾਰੁ ਥੇ=ਭਾਰ ਸਨ,
ਕਿਉ ਆਵਹਿ ਅਜੁ=ਫਿਰ ਇਹ ਮਨੁੱਖਾ ਜਨਮ
ਵਾਲਾ ਸਮਾਂ ਨਹੀਂ ਮਿਲਦਾ )
70
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥70॥
(ਰੀਤਿ=ਤਰੀਕਾ, ਕਬ ਹੀ=ਕਦੇ ਭੀ, ਬੇਨਿਵਾਜਾ=
ਜੋ ਨਿਮਾਜ਼ ਨਹੀਂ ਪੜ੍ਹਦੇ)
71
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥71॥
(ਉਜੂ ਸਾਜਿ=ਮੂੰਹ ਹੱਥ ਧੋ, ਨਿਵਾਜ ਗੁਜਾਰਿ=
ਨਿਮਾਜ਼ ਪੜ੍ਹ, ਕਪਿ=ਕੱਟ ਕੇ )
72
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥72॥
(ਕੀਜੈ ਕਾਂਇ=ਕੀਹ ਕਰੀਏ, ਕੁੰਨਾ=ਹਾਂਡੀ, ਸੰਦੈ=ਦੇ)
73
ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹੀ ਤੂ ਜਣਿਓਹਿ ॥
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥73॥
(ਤੈਡੇ=ਤੇਰੇ, ਜਣਿਓਹਿ=ਜਨਮ ਦਿੱਤਾ, ਪਤੀਣੋਹਿ=
ਪਤੀਜਿਆ,ਤਸੱਲੀ ਹੋਈ, ਓਇ=ਉਹ ਤੇਰੇ ਮਾਪੇ)
74
ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥
ਅਗੈ ਮਿਲ ਨ ਆਵਸੀ ਦੋਜਕ ਸੰਦੀ ਭਾਹਿ ॥74॥
(ਲਾਹਿ=ਦੂਰ ਕਰ ਦੇਹ, ਟੋਏ ਟਿਬੇ=ਨੀਵੇਂ ਤੇ
ਉੱਚੇ ਥਾਂ, ਅਗੈ=ਤੇਰੇ ਅੱਗੇ, ਆਵਸੀ=
ਆਵੇਗੀ, ਦੋਜਕ ਸੰਦੀ=ਨਰਕ ਦੀ, ਭਾਹਿ=ਅੱਗ)
75
ਮਹਲਾ 5
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
ਮੰਦਾ ਕਿਸੁ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥75॥
(ਖਾਲਕੁ=ਪਰਮਾਤਮਾ, ਮਾਹਿ=ਵਿਚ, ਤਿਸੁ ਬਿਨੁ=
ਉਸ ਪਰਮਾਤਮਾ ਤੋਂ ਬਿਨਾ)
76
ਫਰੀਦਾ ਜਿਹ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥
ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥76॥
(ਜਿ ਦਿਨ=ਜਿਸ ਦਿਹਿ, ਨਾਲਾ=ਨਾੜੂ, ਕਪਹਿ=
ਕੱਟ ਦੇਂਦੀਓਂ, ਚੁਖ=ਰਤਾ ਕੁ, ਇਤੀਂ=
ਇੰਨੇ, ਮਾਮਲੇ=ਝੰਬੇਲੇ)
77
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥
ਹੇੜੇ ਮੁਤੀ ਧਾਹ ਸੇ ਜਾਨੀ ਚਲ ਗਏ ।77॥
(ਚਬਣ=ਦੰਦ, ਚਲਣ=ਲੱਤਾਂ, ਰਤੰਨ=ਅੱਖਾਂ,
ਸੁਣੀਅਰ=ਕੰਨ, ਸੇ=ਉਹ, ਬਹਿ ਗਏ=ਬੈਠ
ਗਏ,ਕੰਮ ਕਰਨ ਤੋਂ ਰਹਿ ਗਏ ਹਨ, ਹੇੜੇ=
ਸਰੀਰ ਨੇ, ਧਾਹ ਮੁਤੀ=ਢਾਹ ਮਾਰੀ, ਸੇ ਜਾਨੀ=
ਉਹ ਮਿੱਤਰ)
78
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥78॥
(ਨ ਹਢਾਇ=ਨਾਹ ਆਉਣ ਦੇਹ, ਦੇਹੀ=ਸਰੀਰ ਨੂੰ,
ਪਲੈ ਪਾਇ=ਪੱਲੇ ਪਈ ਰਹਿੰਦੀ ਹੈ )
79
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥79।
(ਪੰਖ=ਪੰਛੀਆਂ ਦੀ ਡਾਰ, ਦੁਨੀ=ਦੁਨੀਆਂ,
ਸੁਹਾਵਾ=ਸੋਹਣਾ, ਨਉਬਤਿ=ਧੌਂਸਾ, ਸੁਬਹ
ਸਿਉ=ਸਵੇਰ ਦਾ, ਸਾਜੁ=ਸਾਮਾਨ, ਤਿਆਰੀ)
80
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥
ਜਿੰਨਾ੍ਹ ਨੈਣ ਨੀਂਦ੍ਰਾਵਲੇ ਤਿੰਨ੍ਹਾ ਮਿਲਣੁ ਕੁਆਉ ॥80॥
(ਕਥੂਰੀ=ਕਸਤੂਰੀ, ਭਾਉ=ਹਿੱਸਾ, ਨੀਂਦ੍ਰਾਵਲੇ=ਨੀਂਦ ਨਾਲ
ਘੁੱਟੇ ਹੋਏ, ਮਿਲਣੁ=ਮੇਲ, ਕੁਆਉ=ਕਿਥੋਂ)
81
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥81॥
(ਮੁਝ ਕੂ=ਮੈਨੂੰ, ਸਬਾਇਐ ਜਗਿ=ਸਾਰੇ ਜਗਤ ਵਿਚ, ਊਚੇ
ਚੜਿ ਕੈ=ਦੁੱਖ ਤੋਂ ਉੱਚਾ ਹੋ ਕੇ)
82
ਮਹਲਾ 5
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥
ਜੋ ਜਨ ਪੀਰਿ ਨਿਵਾਜਿਆ ਤਿੰਨ੍ਹਾ ਅੰਚ ਨ ਲਾਗ ॥82
(ਭੂਮਿ=ਧਰਤੀ, ਰੰਗਾਵਲੀ=(ਰੰਗ+ਆਵਲੀ)
ਆਨੰਦ ਦੀ ਕਤਾਰ ਭਾਵ ਸੁਹਾਵਣੀ, ਮੰਝਿ=
ਵਿਚ, ਵਿਸੂਲਾ=ਵਿਸੁ-ਭਰਿਆ,ਵਿਹੁਲਾ)
83
ਮਹਲਾ 5
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
ਵਿਰਲੇ ਕੇਈ ਪਾਈਅਨਿ ਜਿੰਨ੍ਹਾ ਪਿਆਰੇ ਨੇਹ ॥83॥
(ਸੁਹਾਵੜੀ=ਸੁਹਾਵਲੀ, ਸੁਖ-ਭਰੀ, ਸੰਗਿ=ਨਾਲ,
ਸੁਵੰਨੜੀ=ਸੋਹਣੇ ਰੰਗ ਵਾਲੀ, ਦੇਹ=ਸਰੀਰ,
ਪਾਈਅਨਿ=ਪਾਏ ਜਾਂਦੇ ਹਨ,ਮਿਲਦੇ ਹਨ)
84
ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥
ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥84॥
(ਵਹਣ=ਹੇ ਵਹਣ, ਕੰਧੀ=ਨਦੀ ਦਾ ਕੰਢਾ, ਤਉ=
ਤੂੰ , ਜਿਧਰਿ=ਜਿਸ ਪਾਸੇ, ਰਬ ਰਜਾਇ=ਰੱਬ ਦੀ ਮਰਜ਼ੀ,
ਤਿਦਾਊ=ਉਸੇ ਪਾਸੇ, ਗੰਉ ਕਰੇ=ਰਸਤਾ
ਬਣਾਉਂਦਾ ਹੈ)
85
ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥
ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥85॥
(ਡੁਖਾ ਸੇਤੀ=ਦੁੱਖਾਂ ਨਾਲ, ਦਿਹੁ=ਦਿਨ,
ਸੂਲਾਂ=ਚੋਭਾਂ,ਫ਼ਿਕਰ, ਪਾਤਣੀ=ਮਲਾਹ,
ਕਪਰ=ਲਹਿਰਾਂ,ਠਾਠਾਂ, ਵਾਤਿ=ਮੂੰਹ ਵਿਚ)
86
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥86॥
(ਨਦੀ=ਦੁਖਾਂ ਦੀ ਨਦੀ, ਵਹੈ=ਚੱਲ ਰਹੀ ਹੈ, ਕੇਰੈ
ਹੇਤਿ=ਢਾਹਣ ਵਾਸਤੇ, ਨੋ=ਨੂੰ, ਕਿਆ ਕਰੇ=ਕੀਹ
ਵਿਗਾੜ ਸਕਦਾ ਹੈ, ਪਾਤਣ ਚੇਤਿ=ਪਾਤਣ (ਮਲਾਹ)
ਦੇ ਚੇਤੇ ਵਿਚ, ਸੁ=ਉਹ ਬੇੜਾ)
87
ਫਰੀਦਾ ਗਲੀਂ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹਾ ਮਾ ਪਿਰੀ ॥87॥
(ਗਲੀਂ=ਗੱਲਾਂ ਨਾਲ, ਇਕੁ=ਅਸਲ ਸੱਜਣ, ਨ ਲਹਾਂ=ਮੈਨੂੰ
ਨਹੀਂ ਲੱਭਦਾ, ਧੁਖਾਂ=ਅੰਦਰੇ ਅੰਦਰ ਦੁਖੀ ਹੋ
ਰਿਹਾ ਹਾਂ, ਮਾਂਲੀਹ=ਸੁੱਕੇ ਗੋਹੇ ਦਾ ਚੂਰਾ,
ਮਾ=ਮੇਰਾ, ਪਿਰੀ ਕਾਰਣਿ=ਪਿਆਰਿਆਂ ਖ਼ਾਤਰ,
ਤਿਨ੍ਹਾ=ਉਹਨਾਂ)
88
ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥
ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥88॥
(ਭਉਕਣਾ=ਭਉਂਕਾ, ਦੁਖੀਐ ਕਉਣੁ=
ਕੌਣ ਔਖਾ ਹੁੰਦਾ ਰਹੇ, ਦੇ ਰਹਾਂ=
ਦੇਈ ਰੱਖਾਂ, ਕਿਤੀ=ਕਿੰਨੀ ਹੀ, ਪਉਣੁ=ਹਵਾ)
89
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹਿ ॥
ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥89॥
(ਰਬ ਖਜੂਰੀ=ਰੱਬ ਦੀਆਂ ਖਜੂਰਾਂ, ਮਾਖਿਅ
ਨਈ=ਸ਼ਹਿਦ ਦੀਆਂ ਨਦੀਆਂ, ਵੰਞਂੈ=
ਲੰਘ ਰਿਹਾ, ਡੀਹੜਾ=ਦਿਨ, ਉਮਰ ਹਥ
ਪਵੰਨਿ=ਉਮਰ ਘਟ ਰਹੀ ਹੈ)
90
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥90॥
(ਪਿੰਜਰੁ ਥੀਆ=ਹੱਡੀਆਂ ਦੀ ਮੁੱਠ ਹੋ ਗਿਆ ਹੈ,
ਖੂੰਡਹਿ=ਠੂੰਗ ਰਹੇ ਹਨ, ਕਾਗ=ਕਾਂ,ਵਿਕਾਰ,
ਅਜੈ=ਅਜੇ ਭੀ, ਨ ਬਾਹੁੜਿਓ=ਨਹੀਂ ਤੁੱਠਾ, ਨਹੀਂ
ਆਇਆ)
91
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥91॥
(ਕਾਗਾ=ਕਾਵਾਂ ਨੇ,ਵਿਕਾਰਾਂ ਨੇ, ਕਰੰਗ=ਪਿੰਜਰ,
ਸਗਲਾ=ਸਾਰਾ, ਮਤਿ ਛੁਹਉ=ਨਾ ਛੇੜੋ)
92
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥92॥
(ਕਾਗਾ=ਹੇ ਕਾਂ, ਚੂੰਡਿ ਨ=ਨਾਹ ਠੂੰਗ, ਪਿੰਜਰਾ=
ਸੁੱਕਾ ਹੋਇਆ ਸਰੀਰ, ਬਸੈ=ਵੱਸ, ਤ=ਤਾਂ, ਜਿਤੁ ਪਿੰਜਰੈ=
ਜਿਸ ਸਰੀਰ ਵਿਚ, ਤਿਦੂ=ਉਸ ਸਰੀਰ ਵਿਚੋਂ)
93
ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥
ਸਰਪਰ ਮੈਥੈ ਆਵਣਾ ਮਰਣਹੁ ਨ ਡਰੀਆਹੁ ॥93॥
(ਨਿਮਾਣੀ=ਵਿਚਾਰੀ, ਸਡੁ ਕਰੇ=ਵਾਜ ਮਾਰ ਰਹੀ
ਹੈ,ਨਿਘਰਿਆ=ਹੇ ਬੇ-ਘਰੇ ਜੀਵ, ਘਰਿ=ਘਰ ਵਿਚ,
ਸਰਪਰ=ਆਖ਼ਿਰ ਨੂੰ, ਮੈਥੈ=ਮੇਰੇ ਪਾਸ)
94
ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥
ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥94॥
(ਏਨੀ ਲੋਇਣੀ=ਇਹਨਾਂ ਅੱਖਾਂ ਨਾਲ, ਕੇਤੀ=
ਕਿਤਨੀ ਹੀ,ਬੇਅੰਤ ਜੀਵ)
95
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥95॥
(ਆਪੁ=ਆਪਣੇ ਆਪ ਨੂੰ, ਮੈ=ਮੈਂਨੂੰ)
96
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥96॥
(ਕੰਧੀ=ਕੰਢਾ, ਰੁਖੜਾ=ਨਿੱਕਾ ਜਿਹਾ ਰੁੱਖ,
ਧੀਰ=ਧੀਰਜ, ਨੀਰੁ=ਪਾਣੀ)
97
ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥
ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥97॥
(ਮਹਲ=ਪੱਕੇ ਘਰ, ਨਿਸਖਣ=ਸੁੰਞੇ, ਤਲਿ=
ਹੇਠਾਂ ਧਰਤੀ ਵਿਚ, ਬਹਸਨਿ=ਬੈਠਣਗੀਆਂ,
ਗੋਰਾਂ ਨਿਮਾਣੀਆ=ਇਹ ਵਿਚਾਰੀਆਂ
ਕਬਰਾਂ, ਮਲਿ=ਮੱਲ ਕੇ)
98
ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰਿਆਵੈ ਢਾਹਾ ॥
ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥
ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥98॥
(ਏਵੈ=ਇਉਂ, ਢਾਹਾ=ਕਿਨਾਰਾ, ਹੂਲ=ਰੌਲਾ,
ਕਾਹਾਹਾ=ਹਾਹਾਕਾਰ, ਦੋਜਕ=ਨਰਕ, ਇਕਿ=ਕਈ
ਜੀਵ, ਓਗਾਹਾ=ਗਵਾਹ)
99
ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥99॥
(ਕੰਨੈ=ਕੰਢੇ ਤੇ, ਕੇਲ=ਕਲੋਲ, ਹੰਝ=
ਹੰਸ ਜਿਹਾ ਚਿੱਟਾ ਬਗੁਲਾ, ਅਚਿੰਤੇ=
ਅਚਨ-ਚੇਤ, ਤਿਸੁ=ਉਸ ਨੂੰ, ਵਿਸਰੀਆਂ=
ਭੁੱਲ ਗਈਆਂ, ਮਨਿ=ਮਨ ਵਿਚ, ਚੇਤੇ
ਸਨਿ=ਯਾਦ ਸਨ, ਗਾਲੀ=ਗੱਲਾਂ)
100
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹਿ ॥
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
ਤਿਨ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹਿ ॥
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹਿ ॥
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥100॥
(ਦੇਹੁਰੀ=ਸੋਹਣਾ ਸਰੀਰ, ਚਲੈ=ਤੁਰਦਾ ਹੈ, ਅੰਨਿ=
ਅੰਨ ਨਾਲ, ਵਤਿ=ਮੁੜ ਮੁੜ ਕੇ, ਆਸੂਣੀ=ਨਿੱਕੀ
ਜਿਹੀ ਆਸ, ਮਲਕਲ ਮਉਤ=ਮੌਤ ਦਾ ਫ਼ਰਿਸ਼ਤਾ, ਕੰਨ੍ਹਿ=
ਮੋਢੇ ਤੇ, ਆਏ ਕੰਮਿ=ਕੰਮ ਵਿਚ ਆਏ)
101
ਫਰੀਦਾ ਹਉ ਬਲਿਹਾਰੀ ਤਿਨ੍ਹ ਪੰਖੀਆ ਜੰਗਲਿ ਜਿੰਨ੍ਹਾ ਵਾਸੁ ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥101॥
(ਹਉ=ਮੈਂ, ਬਲਿਹਾਰੀ=ਕੁਰਬਾਨ, ਕਕਰੁ=
ਕੰਕਰ,ਰੋੜ, ਥਲਿ=ਭੁਇੰ ਉਤੇ, ਰਬ ਪਾਸੁ=
ਰੱਬ ਦਾ ਆਸਰਾ)
102
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥
ਚਾਰੇ ਕੁੰਡਾ ਢੂੰਢੀਆ ਰਹਣੁ ਕਿਥਾਊ ਨਾਹਿ ॥102॥
(ਫਿਰੀ=ਬਦਲ ਗਈ ਹੈ, ਵਣੁ=ਜੰਗਲ,ਜੰਗਲ ਦੇ ਰੁੱਖ,
ਰਹਣੁ=ਥਿਰਤਾ, ਕਿਥਾਊ=ਕਿਤੇ ਭੀ)
103
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥
ਜਿਨ੍ਹੀ ਵੇਸੀ ਸਹੁ ਮਿਲੈ ਸੇਈ ਵੇਸੁ ਕਰੇਉ ॥103॥
(ਪਾੜਿ=ਪਾੜ ਕੇ, ਪਟੋਲਾ=ਚੁੰਨੀ,ਪੱਟ
ਦਾ ਕੱਪੜਾ, ਧਜ=ਲੀਰਾਂ, ਕੰਬਲੜੀ=ਮਾੜੀ
ਜਿਹੀ ਕੰਬਲੀ, ਜਿਨ੍ਹੀ ਵੇਸੀ=ਜਿਨ੍ਹਾਂ ਵੇਸਾਂ
ਨਾਲ, ਸਹੁ=ਖਸਮ)
104
ਮ: 3
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜਿ ਨੀਅਤਿ ਰਾਸਿ ਕਰੇਇ ॥104॥
(ਕਾਇ=ਕਿਸ ਵਾਸਤੇ, ਪਹਿਰੇਇ=ਪਹਿਨਦੀ ਹੈ,
ਰਾਸਿ=ਚੰਗੀ,ਸਾਫ਼ )
105
ਮ: 5
ਫਰੀਦਾ ਗਰਬੁ ਜਿਨ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥105॥
(ਵਡਿਆਈਆ ਗਰਬੁ=ਵਡਿਆਈਆਂ ਦਾ
ਮਾਣ, ਧਨਿ=ਧਨ ਦੇ ਕਾਰਣ, ਜੋਬਨਿ=
ਜੁਆਨੀ ਦੇ ਕਾਰਣ, ਆਗਾਹ=ਬੇਅੰਤ,
ਧਣੀ=ਰੱਬ, ਪਰਮਾਤਮਾ, ਸਿਉ=ਤੋਂ,
ਮੀਹਾਹੁ=ਮੀਂਹ ਤੋਂ)
106
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥
ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥106॥
(ਐਥੈ=ਇਸ ਜੀਵਨ ਵਿਚ, ਘਣੇਰਿਆ=ਘਨੇਰੇ,
ਬਹੁਤ, ਠਉਰ ਨ ਠਾਉ=ਰਹਿਣ ਦੀ ਥਾਂ)
107
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥
ਜੇ ਤੈ ਰਬੁ ਵਿਸਰਿਆ ਤ ਰਬਿ ਨ ਵਿਸਰਿਓਹਿ ॥107॥
(ਪਿਛਲਿ ਰਾਤਿ=ਅੰਮ੍ਰਿਤ ਵੇਲੇ, ਨ
ਜਾਗਿਓਹਿ=ਤੂੰ ਨਹੀਂ ਜਾਗਿਆ,
ਮੁਇਓਹਿ=ਤੂੰ ਮੋਇਆ, ਤੈ=
ਤੂੰ)
108
ਮ:5
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥108॥
(ਕੰਤੁ=ਖਸਮ,ਪਰਮਾਤਮਾ, ਰੰਗਾਵਲਾ=
ਸੋਹਣਾ, ਅਲਹ ਸੇਤੀ=ਰੱਬ ਨਾਲ, ਸਾਜੁ=ਬਣਤਰ,
ਰੂਪ, ਸਚਾਵਾਂ=ਸੱਚ ਵਾਲਾ, ਏਹੁ ਸਾਜੁ=
ਇਹ ਰੂਪ)
109
ਮ:5
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥109॥
(ਇਕੁ ਕਰਿ=ਇਕ ਸਮਾਨ ਕਰ, ਵਿਕਾਰੁ=
ਪਾਪ, ਤੇ=ਤੋਂ, ਅਲਹ ਭਾਵੈ=ਰੱਬ ਨੂੰ
ਚੰਗਾ ਲੱਗੇ, ਦਰਬਾਰੁ=ਰੱਬ ਦੀ ਦਰਗਾਹ)
110
ਮ:5
ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥
ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥110॥
(ਦੁਨੀ=ਦੁਨੀਆਂ,ਦੁਨੀਆਂ ਦੇ ਲੋਕ,
ਵਜਾਈ=ਮਾਇਆ ਦੀ ਪ੍ਰੇਰੀ ਹੋਈ,
ਸਾਰ=ਸੰਭਾਲ, ਅਲਹੁ=ਪਰਮਾਤਮਾ)
111
ਮ:5
ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥
ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥111॥
(ਰਤਾ=ਰੰਗਿਆ ਹੋਇਆ, ਦੁਨੀ=ਦੁਨੀਆਂ,
ਮਾਇਆ, ਕਿਤੈ ਕੰਮਿ=ਕਿਸੇ ਕੰਮ ਵਿਚ,
ਮਿਸਲ ਫਕੀਰਾਂ=ਫ਼ਕੀਰਾਂ ਵਾਲੀ ਰਹਿਣੀ, ਗਾਖੜੀ=
ਔਖੀ, ਪੂਰ ਕਰੰਮਿ=ਪੂਰੀ ਕਿਸਮਤ ਨਾਲ)
112
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜੋ ਜਾਗੰਨ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥112॥
(ਫੁਲੜਾ=ਸੋਹਣਾ ਜਿਹਾ ਫੁੱਲ, ਪਛਾ ਰਾਤਿ=
ਅੰਮ੍ਰਿਤ ਵੇਲੇ, ਜਾਗੰਨਿ=ਜਾਗਣ, ਲਹੰਨਿ=
ਹਾਸਲ ਕਰਦੇ ਹਨ, ਕੰਨੋ=ਪਾਸੋਂ)
113
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕਿ ਜਾਗੰਦੇ ਨਾ ਲਹਨ੍ਹਿ ਇਕਨ੍ਹਾ ਸੁਤਿਆ ਦੇਇ ਉਠਾਲਿ ॥113॥
(ਦਾਤੀ=ਬਖ਼ਸ਼ਸ਼ਾਂ, ਲਹਨ੍ਹਿ=ਲੈਂਦੇ)
114
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥
ਜਿਨ੍ਹਾ ਨਾਉ ਸੁਹਾਗਣੀ ਤਿਨ੍ਹਾ ਝਾਕ ਨ ਹੋਰ ॥114॥
(ਕੂ=ਨੂੰ, ਤਉ ਤਨਿ=ਤੇਰੇ ਅੰਦਰ, ਕੋਰ=ਘਾਟ,
ਕਾਈ=ਕੋਈ, ਝਾਕ=ਆਸ,ਟੇਕ)
115
ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥115॥
(ਮੰਝ=ਮਨ ਵਿਚ, ਸਬਰ ਕਮਾਣ=ਸਬਰ ਦੀ
ਕਮਾਣ, ਨੀਹਣੋ=ਚਿੱਲਾ, ਸੰਦਾ=ਦਾ,
ਬਾਣੁ=ਤੀਰ, ਖਤਾ ਨ ਕਰੀ=ਵਿਅਰਥ ਨਹੀਂ
ਜਾਣ ਦੇਂਦਾ)
116
ਸਬਰ ਅੰਦਰਿ ਸਾਬਰੀ ਤਨ ਏਵੈ ਜਾਲੇਨ੍ਹਿ ॥
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥116॥
(ਸਾਬਰੀ=ਸਬਰ ਵਾਲੇ ਬੰਦੇ, ਏਵੈ=ਇਸੇ
ਤਰ੍ਹਾਂ, ਤਨੁ ਜਾਲੇਨ੍ਹਿ=ਸਰੀਰ ਨੂੰ ਸਾੜਦੇ
ਹਨ, ਹੋਨਿ=ਹੁੰਦੇ ਹਨ, ਨਜੀਕਿ=ਨੇੜੇ,
ਕਿਸੈ=ਕਿਸੇ ਨੂੰ)
117
ਸਬਰ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥117॥
(ਸੁਆਉ=ਸੁਆਰਥ, ਨਿਸ਼ਾਨਾ, ਦਿੜੁ=ਪੱਕਾ,
ਵਧਿ=ਵਧ ਕੇ, ਥੀਵਹਿ=ਹੋ ਜਾਹਿੰਗਾ, ਵਾਹੜਾ=
ਨਿੱਕਾ ਜਿਹਾ ਵਹਣ, ਟੁਟਿ=ਟੁੱਟ ਕੇ,ਘਟ ਕੇ)
118
ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥
ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥118॥
(ਗਾਖੜੀ=ਔਖੀ, ਦਰਵੇਸੀ=ਫ਼ਕੀਰੀ,
ਚੋਪੜੀ=ਵਿਖਾਵੇ ਦੀ, ਇਕਨਿ ਕਿਨੈ=
ਕਿਸੇ ਵਿਰਲੇ ਨੇ, ਚਾਲੀਐ=ਚਲਾਈ ਹੈ,
ਦਰਵੇਸਾਵੀ=ਦਰਵੇਸ਼ਾਂ ਵਾਲੀ)
119
ਤਨ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹਿ ॥
ਪੈਰੀ ਥਕਾਂ ਸਿਰਿ ਜੁਲਾਂ ਜਿ ਮੂੰ ਪਿਰੀ ਮਿਲੰਨ੍ਹਿ ॥119॥
(ਬਲੰਨਿ=ਬਲਣ, ਥਕਾਂ=ਜੇ ਮੈਂ ਥੱਕ ਜਾਵਾਂ,
ਸਿਰਿ—ਸਿਰ ਨਾਲ, ਜੁਲਾਂ=ਮੈਂ ਤੁਰਾਂ, ਮੂੰ=
ਮੈਨੂੰ, ਪਿਰੀ=ਪਿਆਰੀ ਰੱਬ ਦੀ, ਮਿਲੰਨਿ=ਮਿਲਣ)
120
(ਮ: 1)
ਤਨ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥120।
(ਸਿਰਿ=ਸਿਰ ਨੇ, ਪੈਰੀ=ਪੈਰਾਂ ਨੇ, ਫੇੜਿਆ=
ਵਿਗਾੜਿਆ ਹੈ, ਨਿਹਾਲਿ=ਵੇਖ)
121
(ਮ: 4)
ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥
ਨਾਨਕ ਅਲਖੁ ਨ ਲਖੀਐ ਗੁਰਮਿਖ ਦੇਇ ਦਿਖਾਲਿ ॥121॥
(ਮੈਡੇ ਨਾਲਿ=ਮੇਰੇ ਨਾਲ, ਅਲਖੁ=ਲੱਛਣਹੀਨ,
ਦੇਇ ਦਿਖਾਲਿ=ਵਿਖਾ ਦੇਂਦਾ ਹੈ)
122
(ਮ:3)
ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥122॥
(ਬਗਾ=ਬਗਲਿਆਂ ਨੂੰ, ਬਪੁੜੇ=ਵਿਚਾਰੇ, ਤਲਿ=ਹੇਠਾਂ)
123
(ਮ:3)
ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥
ਜੇ ਜਾਣਾ ਬਗੁ ਬਪੁੜਾ ਜਨਮਿ ਭੇੜੀ ਅੰਗੁ ॥123॥
(ਵਡਹੰਸੁ=ਵੱਡਾ ਹੰਸ, ਜੇ ਜਾਣਾ=ਜੇ ਮੈਨੂੰ ਪਤਾ
ਹੁੰਦਾ, ਜਨਮਿ=ਸਾਰੀ ਉਮਰ, ਨ ਭੇੜੀ=ਨਾ
ਛੁੰਹਦੀ)
124
(ਮ:1)
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥124॥
(ਕਿਆ=ਭਾਵੇਂ, ਜਾ ਕਉ=ਜਿਸ ਉਤੇ, ਨਦਰਿ=
ਮਿਹਰ ਦੀ ਨਜ਼ਰ, ਤਿਸੁ=ਉਸ ਪ੍ਰਭੂ ਨੂੰ, ਕਾਗਹੁ=
ਕਾਂ ਤੋਂ)
125
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥
ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥125॥
(ਸਰਵਰ=ਤਲਾਬ ਦਾ, ਹੇਕੜੋ=ਇਕੱਲਾ, ਗਡੁ
ਥਿਆ=ਫਸ ਗਿਆ ਹੈ, ਲਹਰੀ=ਲਹਿਰਾਂ ਵਿਚ)
126
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥126॥
(ਮਣੀਆ=ਸ਼ਿਰੋਮਣੀ, ਹਉ=ਮੈਂ, ਜਿਤੁ=ਜਿਸ ਵੇਸ
ਨਾਲ, ਵਸਿ=ਵੱਸ ਵਿਚ)
127
ਨਿਵਣੁ ਸੁ ਅਖਰ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੇਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥127॥
(ਖਵਣੁ=ਸਹਾਰਨਾ, ਜਿਹਬਾ=ਮਿੱਠੀ ਜੀਭ)
128
ਮਤਿ ਹੋਦੀ ਹੋਇ ਇਆਣਾ ॥ ਤਾਣ ਹੋਦੇ ਹੋਇ ਨਿਤਾਣਾ ॥
ਅਣਹੋਦੇ ਆਪੁ ਵੰਡਾਏ ॥ ਕੋ ਐਸਾ ਭਗਤੁ ਸਦਾਏ ॥128॥
(ਮਤਿ=ਅਕਲ, ਹੋਇ=ਬਣੇ, ਤਾਣੁ=
ਤਾਕਤ, ਅਣਹੋਦੇ=ਜਦੋਂ ਕੁਝ ਭੀ
ਦੇਣ ਜੋਗਾ ਨਾਹ ਹੋਵੇ, ਸਦਾਏ=
ਅਖਵਾਏ)
129
ਇਕੁ ਫਿਕਾ ਨ ਗਾਲਾਇ ਸਭਨਾ ਮਹਿ ਸਚਾ ਧਣੀ ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥129॥
(ਗਾਲਾਇ=ਬੋਲ, ਇਕੁ=ਇੱਕ ਭੀ ਬਚਨ, ਧਣੀ=
ਮਾਲਕ, ਹਿਆਉ=ਹਿਰਦਾ, ਕੈਹੀ=ਕਿਸੇ ਦਾ
ਭੀ, ਠਾਹਿ=ਢਾਹ, ਮਾਣਕ=ਮੋਤੀ)
130
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥130॥
(ਠਾਹਣੁ=ਢਾਹਣਾ, ਮੂਲਿ=ਉੱਕਾ ਹੀ,
ਮਚਾਂਗਵਾ=ਚੰਗਾ ਨਹੀਂ, ਤਉ=ਤੈਨੂੰ)
ਨੋਟ= ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 130 ਸਲੋਕਾਂ ਵਿੱਚੋਂ 18
ਸਲੋਕ ਸਿੱਖ ਗੁਰੂ ਸਾਹਿਬਾਂ ਦੇ ਹਨ । ਇਨ੍ਹਾਂ ਵਿੱਚੋਂ 4 (32,113,
120,124) ਗੁਰੂ ਨਾਨਕ ਦੇਵ ਜੀ ਦੇ, 5 (13,52,104,122,
123) ਗੁਰੂ ਅਮਰ ਦਾਸ ਜੀ ਦੇ, 1 (121) ਗੁਰੂ ਰਾਮ ਦਾਸ ਜੀ ਦਾ,
8 (75,82,83,105,108 ਤੋਂ 111) ਗੁਰੂ ਅਰਜਨ ਦੇਵ
ਜੀ ਦੇ ਹਨ ।