ਉਡੀਕਾਂ ਉਹਨੂੰ ਜ਼ਹਿਰ ਮੋਹਰਾ ਮਲਮਲ ਦਾ ਸੂਟ ਪਾ ਕੇ
ਵਿੱਚ ਕੱਢੀਆਂ ਨੇ ਗੁਲਾਨਾਰੀ ਬੂਟੀਆਂ
ਜਿਹੜਾ ਮਹਿੰਦੀ ਰੰਗੀ ਵਰਦੀ ਨਾਲ ਮੂੰਗੀਆ ਜੀ ਪੱਗ ਬੰਨ
ਕਰੇ ਬਾਡਰ ਤੇ ਸਖਤ ਡਿਊਟੀਆਂ
ਹਰਿਆਂ ਕਚੂਰਾਂ ਕੋਲ ਭੂਸਲੇ ਜੇ ਬਾਰ ਵਾਲਾ
ਘਸਮੈਲਾ ਘਰ ਮੇਰੇ ਬਾਪ ਦਾ
ਸੂਹੇ ਸੂਹੇ ਜੋੜੇ ਵਿੱਚ ਲਿਪਟੀ ਸੰਧੂਰੀ ਰੰਗੀ
ਫੜ੍ਹ ਲਿਆ ਲੜ ਫਿਰ ਆਪ ਦਾ
ਛੱਡ ਜਾਣੇ ਹਰਿਆਲੇ ਵਣ ਤੇ ਪਿੱਪਲ
ਜਿੱਥੇ ਸਖੀਆਂ ਦੇ ਨਾਲ ਪੀਂਘਾਂ ਝੂਟੀਆਂ
ਸੂਟ ਪਾ ਕੇ ਗਾਜਰੀ,ਲੱਡੂ ਰੰਗੇ,ਬੈਂਗਣੀ
ਦਰਾਣੀਆਂ ਜਠਾਣੀਆਂ ਨੇ ਘੇਰਿਆ
ਕੱਚੇਪੀਲੇ ਸੂਟ ਵਾਲੀ ਸੱਸ ਪਾਣੀ ਵਾਰਿਆ
ਡਿੱਠਾ ਕਣਕੀ ਜਿਹਾ ਓਦੋਂ ਮਾਹੀ ਮੇਰਿਆ
ਗੇਰੂਏ ਜੇ ਸੂਰਜੇ ਨੂੰ ਅਸਮਾਨੀਂ ਘੇਰਿਆ
ਬੱਦਲੀਆਂ ਕਾਲੀਆਂ ਕਲੂਟੀਆਂ
ਰੰਗ ਦੀ ਸਲੇਟੀ ਘਰ ਧੀ ਨੇ ਸੀ ਪੈਰ ਪਾਇਆ
ਸਬਜ਼ਕਲਾਹੀਂ ਉਹਦੇ ਪੋਤੜੇ
ਸ਼ਰਦਈ ਜਾਮਣੀ ਸ਼ਰਬਤੀ ਹਿਰਮਚੀ
ਆਵਦਿਆਂ ਸੂਟਾਂ ਸੰਗ ਧੋਤੜੇ
ਚਾਂਦੀ ਰੰਗੇ ਹੱਥਾਂ ਵਿੱਚ ਨਗਾਂ ਨਾਲ ਮੜ੍ਹ
ਪਾਈਆਂ ਸੋਨੇ ਦੀਆਂ ਬਾਪ ਨੇ ਅੰਗੂਠੀਆਂ
ਉਡੀਕਾਂ ਉਹਨੂੰ ਜ਼ਹਿਰ ਮੋਹਰਾ ਮਲਮਲ ਦਾ ਸੂਟ ਪਾ ਕੇ
ਵਿੱਚ ਕੱਢੀਆਂ ਨੇ ਗੁਲਾਨਾਰੀ ਬੂਟੀਆਂ
ਜਿਹੜਾ ਮਹਿੰਦੀ ਰੰਗੀ ਵਰਦੀ ਨਾਲ ਮੂੰਗੀਆ ਜੀ ਪੱਗ ਬੰਨ
ਕਰੇ ਬਾਡਰ ਤੇ ਸਖਤ ਡਿਊਟੀਆਂ