ਮੇਰਾ ਭਾਰਤ ਮਹਾਨ
ਖ਼ੁਸ਼ਹਾਲ ਪ੍ਰਫੁੱਲਿਤ ਮੇਰਾ ਪੰਜਾਬ,
ਚਿਰੰਜੀਵ ਰਹੇ ਚੜ੍ਹਦੀਆਂ ਕਲਾਂ ਵਿਚ,
ਵਿਸਤਰਿਤ, ਵਿਸ਼ਾਲ, ਰਈਸ ਮੇਰਾ ਭਾਰਤ।
ਖੜ੍ਹਾ ਹੋ ਜੇ ਆਪਣੇ ਪੈਰੀਂ ਆਪਣੇ ਬਲਬੂਤੇ,
ਆਤਮ-ਵਿਸ਼ਵਾਸ, ਆਤਮ-ਨਿਰਭਰ, ਆਤਮ-ਜੁਗਤ,
ਖੇਤੀ, ਉਦਯੋਗ, ਵਿੱਦਿਆ, ਵਿਗਿਆਨ,
ਆਧੁਨਿਕ ਤਕਨੀਕਾਂ ਵਿਚ ਵਿਕਸਿਤ ਹਰ ਮੁਹਾਜ਼ ਤੇ ਅੱਗੇ।
ਭਰਿਆ ਰਹੇ ਗੱਲਾ ਕੰਢਿਆਂ ਤੀਕਰ,
ਬਰਕਤਾਂ ਭਰਪੂਰ ਅਮੁੱਕ ਭੰਡਾਰਾ,
ਵੰਡਦਾ ਰਹੇ ਗ਼ਰਜ਼ਮੰਦਾਂ ਨੂੰ,
ਕੁੱਲੀ, ਗੁੱਲੀ, ਜੁੱਲੀ ਰਹਿਮਤਾਂ,
ਤੇਰਾ ਤੇਰਾਂ ਤੇਰਾ ਮੈਂ ਤੇਰਾ ਕਹਿ ਕੇ।
ਬੰਨ੍ਹਦਾ ਰਹੇ ਪੱਟੀਆਂ ਵਿਵੇਕਹੀਣ,
ਕਰੇ ਟਕੋਰਾਂ, ਲਾਵੇ ਮਲ੍ਹਮਾਂ, ਬੰਨ੍ਹੇ ਪੱਟੀਆਂ,
ਵਲੂੰਧਰੀ ਮਨੁੱਖਤਾ ਦੇ ਜ਼ਖ਼ਮਾਂ ਤੇ,
ਸਾਰੇ ਮਾਣਸ ਇੱਕ ਜਾਤ ਬਰਾਬਰ ਸਮਝ ਕੇ।
ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ,
ਸੁਰਜੀਤ ਰਹੇ ਪਿਤਾ ਪੁਰਖੀ ਸਾਂਝੀਵਾਲਤਾ ਪਿਰਤ।
ਰਿੱਧੀ ਸਿਧੀ, ਇਨਕਲਾਬੀ ਸਫੂਰਤੀ,
ਪ੍ਰਮੁੱਖਤਾ ਕਾਇਆ-ਕਲਪ ਸਮਾਜ ਦੀ,
ਪ੍ਰਕਾਸ਼ਵਾਨ ਹੋਵੇ, ਚਾਨਣ ਖਿਲਾਰੇ।
ਬਚਿਆ ਰਹੇ ਮਨਹੂਸ ਨਜ਼ਰਾਂ ਤੋਂ,
ਦੁਨੀਆ ਜੱਸ ਕੀਰਤੀ ਗਾਵੇ ਇਸ ਦੀ।
ਨਜਾਤ ਪਾਵੇ ਭੁੱਖ ਨੰਗ, ਗ਼ੁਰਬਤ, ਬੇਕਾਰੀ ਤੋਂ,
ਊਚ ਨੀਚ, ਛੂਤ -ਛਾਤ, ਸਮਾਜਕ ਨਾਬਰਾਬਰੀ ਤੋਂ,
ਨਸ਼ਿਆਂ, ਜੁਰਮਾਂ, ਬੁਰਾਈਆਂ, ਭ੍ਰਿਸ਼ਟਾਚਾਰੀ ਤੋਂ,
ਫ਼ਰਜ਼ ਤੇ ਹੱਕ ਸੰਤੁਲਨ ਹਰ ਸ਼ਖ਼ਸ ਪਛਾਣੇ।
ਅਮਨ ਸ਼ਾਂਤੀ ਖ਼ੁਸ਼ਹਾਲੀ ਹੋਵੇ,
ਹਰ ਚਿਹਰੇ ਤੇ ਲਾਲੀ ਹੋਵੇ,
ਕੂੜ ਅਮਾਵਸ ਭੱਜ ਨਿਕਲੇ ਕਿਧਰੇ,
ਚੱਲਣ ਫੁਲਝੜੀਆਂ ਹਰ ਰੋਜ਼ ਦੀਵਾਲੀ ਹੋਵੇ।
ਕਿਸੇ ਦੇ ਹੱਕ ਤੇ ਨਾ ਪਵੇ ਬਲਾਤ ਡਾਕਾ
ਹਰ ਕੋਈ ਜ਼ਿੰਦਗੀ ਜੀਵੇ ਆਪਣੀ।
ਵੱਜਣ ਢੋਲ-ਢਮੱਕੇ ਲੱਗਦੇ ਰਹਿਣ ਸਾਵੇਂ,
ਛਿੰਝਾਂ, ਮੇਲੇ, ਘੋਲ, ਕਬੱਡੀ ਅਖਾੜੇ,
ਸ਼ਾਨਾਂਮੱਤਾ ਬੁਲੰਦ ਵਿਰਸਾ ਚਿਰੰਜੀਵ ਰਹੇ।
ਮਾਂ ਦੇ ਉਦਰ ਤੇ ਨਾ ਚਲਾਵੇ ਕੋਈ ਛੁਰੀਆਂ,
ਕੋਈ ਡੋਡੀ ਕਲੀ ਨਾ ਮੁਰਝਾਏ ਖਿੜਨ ਤੋਂ ਪਹਿਲਾਂ।
ਰੁੱਖ ਤੇ ਕੁੱਖ ਸਲਾਮਤ ਰਹਿਣ ਸਦਾ ਬਹਾਰ,
ਕੰਜਕਾਂ ਕੂੰਜਾਂ ਦਾ ਨਾ ਕੋ ਵਹਿਸ਼ੀ ਸ਼ਿਕਰਾ ਕਰੇ ਸ਼ਿਕਾਰ।
ਬਿਰਧ ਰੁੱਖ ਖ਼ਿਜ਼ਾਂ ਨੂੰ ਉਤਸਵ ਜਿਉਂ ਮਾਣਨ,
ਛਾਵਾਂ ਬਿਰਛ/ਬੁਢੇਪੇ ਦਾ ਬਣਨ ਸਹਾਰਾ।
ਕਲਰਾਠੀਆਂ ਜ਼ਮੀਨਾਂ, ਡੂੰਘੇ ਬੋਰ,
ਯੂਰੇਨੀਅਮ ਪਲੀਤ ਕੈਂਸਰ ਪੀੜਤ ਪਾਣੀ,
ਸੁੱਕ ਜਾਣ ਚਿੱਟੇ ਕਾਲੇ ਵਿਭਿੰਨ ਨਸ਼ਿਆਂ ਦੇ ਵਿਹੁਲੇ ਛੰਭ,
ਨਾ ਡੁੱਬਣ, ਨਾ ਦਲਦਲ ਖੁੱਭਣ ਅਣਭੋਲ ਜਵਾਨੀਆਂ,
ਖ਼ੁਦਕੁਸ਼ੀ ਨਾ ਕਰੇ ਕੋਈ ਸ਼ਹਿਰੀ ਮਜਬੂਰਨ।
ਚੜ੍ਹਦਾ ਰਹੇ ਆਕਾਸ਼ ਪਾਤਾਲ ਬ੍ਰਹਿਮੰਡ ਦਿਸਹੱਦੇ ਤੱਕ,
ਝੂਲਦਾ ਰਹਿ ਤਿਰੰਗਾ ਅਰਸ਼ਾਂ ਦੀਆਂ ਬੁਲੰਦੀਆਂ ਤੱਕ।
ਪ੍ਰਮਾਣੂ ਬੰਬ ਬਣਾਵੇ ਮਾਨਵਤਾ ਦੇ ਕਲਿਆਣ ਵਾਸਤੇ।
ਲੇਂਝਪੁਣੇ ਦਾ ਸਾਇਆ ਦੂਰ ਰਹੇ ਨੀਤੀਵਾਨਾਂ ਤੋਂ,
ਜ਼ਮੀਰ ਚਿਰੰਜੀਵ ਰਹੇ ਸੁਭਾਗਸ਼ਾਲੀ ਸਿਆਸਤ ਦੀ,
ਨਾ ਵਿਕੇ ਕੁਰਸੀ ਚੋਰ ਬਾਜਾਰੀਂ ਦਲ-ਬਦਲੂ ਬੋਲੀ ਵਿਚ।
ਭਾਈਚਾਰਕ ਦੁੱਖ ਸੁੱਖ ਹੁੰਦੇ ਰਹਿਣ ਵਟਾਂਦਰੇ।
ਵੱਸਦਾ ਹੱਸਦਾ ਰਹੇ ਮੇਰਾ ਵਤਨ,
ਸਰਵ ਕਲਾ ਸੰਪੂਰਨ ਮੇਰਾ ਦੇਸ਼,
ਪੰਜਾਬ ਭਾਰਤ ਜ਼ਿੰਦਾਬਾਦ।