ਮਰ ਰਹੀ ਹੈ ਮੇਰੀ ਭਾਸ਼ਾ
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
ਅੰਮ੍ਰਿਤ ਵੇਲਾ
ਨੂਰ ਪਹਿਰ ਦਾ ਤੜਕਾ
ਧੰਮੀ ਵੇਲਾ
ਪਹੁ ਫੁਟਾਲਾ
ਛਾਹ ਵੇਲਾ
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ
ਲਉਢਾ ਵੇਲਾ
ਡੀਗਰ ਵੇਲਾ
ਲੋਏ ਲੋਏ
ਸੂਰਜ ਖੜ੍ਹੇ ਖੜ੍ਹੇ
ਤਰਕਾਲਾਂ
ਡੂੰਘੀਆਂ ਸ਼ਾਮਾਂ
ਦੀਵਾ ਵੱਟੀ
ਖਾਓ ਪੀਆ
ਕੌੜਾ ਸੋਤਾ
ਢਲਦੀਆਂ ਖਿੱਤੀਆਂ
ਤਾਰੇ ਦਾ ਚੜ੍ਹਾਅ
ਚਿੜੀ ਚੂਕਦੀ ਨਾਲ ਸਾਝਰਾ
ਸੁਵਖਤਾ
ਸਰਘੀ ਵੇਲਾ
ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ
ਵਿਚਾਰੇ ਮਾਰੇ ਗਏ
ਇਕੱਲੇ ਟਾਈਮ ਹੱਥੋਂ
ਇਹ ਸ਼ਬਦ ਸਾਰੇ ।
ਸ਼ਾਇਦ ਇਸ ਲਈ
ਕਿ ਟਾਈਮ ਕੋਲ ਟਾਈਮ ਪੀਸ ਸੀ ।
ਹਰਹਟ ਕੀ ਮਾਲਾ
ਚੰਨੇ ਦਾ ਓਹਲਾ
ਗਾਧੀ ਦੇ ਹੂਟੇ
ਕਾਂਝਣ , ਨਿਸਾਰ, ਔਲੂ
ਚੱਕਲੀਆਂ, ਬੂੜੇ, ਭਰ ਭਰ ਡੁੱਲਦੀਆਂ ਟਿੰਡਾਂ
ਇਹਨਾ ਸਭਨਾ ਨੇ ਤਾਂ ਰੁੜ੍ਹ ਹੀ ਜਾਣਾ ਸੀ
ਟਿਊਬਵੈੱਲ ਦੀ ਧਾਰ ਵਿਚ ।
ਮੈਨੂੰ ਕੋਈ ਹੈਰਾਨੀ ਨਹੀਂ ।
ਹੈਰਾਨੀ ਤਾਂ ਇਹ ਹੈ
ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ ।
ਬੀਜੀ ਤੇ ਭਾਪਾ ਜੀ ਵੀ ਤੁਰ ਗਏ ।
ਦਦੇਸਾਂ, ਫੁਫੇਸਾਂ, ਮਮੇਸਾਂ ਦੀ ਗੱਲ ਹੀ ਛੱਡੋ
ਕਿੰਨੇ ਰਿਸ਼ਤੇ
ਸਿਰਫ ਅੰਕਲ ਤੇ ਆਂਟੀ ਨੇ ਕਰ ਦਿੱਤੇ ਹਾਲੋਂ ਬੇਹਾਲ ।
ਤੇ ਕੱਲ੍ਹ ਕਹਿ ਰਿਹਾ ਸੀ
ਪੰਜਾਬ ਦੇ ਵਿਹੜੇ ਚ ਇਕ ਛੋਟਾ ਜਿਹਾ ਬਾਲ :
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫਾਲ ।
ਹਾਂ ਬੇਟਾ, ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫਾਲ ।
ਮਰ ਰਹੀ ਹੈ ਆਪਣੀ ਭਾਸ਼ਾ
ਪੱਤਾ ਪੱਤਾ, ਸ਼ਬਦ ਸ਼ਬਦ ।
ਹੁਣ ਤਾਂ ਰੱਬ ਹੀ ਰਾਖਾ ਹੈ ਮੇਰੀ ਭਾਸ਼ਾ ਦਾ ।
ਰੱਬ ?
ਰੱਬ ਤਾਂ ਆਪ ਪਿਆ ਹੈ ਮਰਨਹਾਰ।
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ
ਉਸ ਦੀ ਭੁੱਖੀ ਸੰਤਾਨ
ਗੌਡ ਦੀ ਪਨਾਹ ਵਿਚ ।
ਮਰ ਰਹੀ ਹੈ ਮੇਰੀ ਭਾਸ਼ਾ, ਬਾਈ ਗੌਡ ।
----------------------------------------
ਮਰ ਰਹੀ ਹੈ ਮੇਰੀ ਭਾਸ਼ਾ
ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ ।
ਜਿਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਇਸ ਸ਼ਰਤ ਤੇ ਵੀ
ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ
ਕੀ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਹੈ
ਕਿ ਭਾਸ਼ਾ ਦਾ ?
ਹਾਂ ਜਾਣਦਾ ਹਾਂ
ਤੁਸੀਂ ਕਹੋਗੇ :
ਇਸ ਸ਼ਰਤ ਤੇ ਜੇ ਬੰਦਾ ਜਿਉਂਦਾ ਰਹੇਗਾ
ਉਹ ਜਿਉਂਦਾ ਤਾਂ ਰਹੇਗਾ
ਪਰ ਕੀ ਉਹ ਬੰਦਾ ਰਹੇਗਾ ?
ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ ।
ਤੁਸੀਂ ਆਪ ਹੀ ਦੱਸੋ
ਹੁਣ ਜਦੋਂ ਦਾਣੇ ਦਾਣੇ ਉਪਰ
ਖਾਣ ਵਾਲੇ ਦਾ ਨਾਂ ਵੀ
ਤੁਹਾਡੇ ਹੱਥ ਅੰਗਰੇਜ਼ੀ ਵਿਚ ਹੀ ਲਿਖਦਾ ਹੈ
ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ
ਕਿ ਉਸ ਦੇ ਬੱਚੇ
ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿਚ ਬੈਠੇ ਰਹਿਣ ?
ਜਿਉਂਦਾ ਰਹੇ ਮੇਰਾ ਬੰਦਾ
ਮਰਦੀ ਏ ਤਾਂ ਮਰ ਜਾਏ
ਤੁਹਾਡੀ ਬੁੱਢੜੀ ਭਾਸ਼ਾ ।
----------------------------------------
ਨਹੀਂ, ਇਸ ਤਰਾਂ ਨਹੀਂ ਮਰੇਗੀ ਮੇਰੀ ਭਾਸ਼ਾ ।
ਇਸ ਤਰਾਂ ਨਹੀਂ ਮਰਦੀ ਹੁੰਦੀ ਭਾਸ਼ਾ ।
ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ ।
ਤੇ ਸ਼ਬਦ ਕਦੀ ਮਰਦੇ ਵੀ ਨਹੀਂ ।
ਮਰ ਵੀ ਜਾਣ ਤਾਂ
ਆਉਂਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿਚ ।
ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ
ਸ਼ਬਦਾਂ ਦਾ ਪਰਲੋਕ ।
ਅਸੀਂ ਵੀ ਜਾ ਸਕਦੇ ਹਾਂ
ਜਿਉਂਦੇ ਜਾਗਦੇ
ਸ਼ਬਦਾਂ ਦੇ ਪਰਲੋਕ ਵਿਚ ।
ਓਥੇ ਉਨ੍ਹਾ ਦੇ ਪਰਿਵਾਰ ਵਸੇ ਹੁੰਦੇ ਨੇ ।
ਮੇਲੇ ਲੱਗੇ ਹੁੰਦੇ ਹਨ ਸ਼ਬਦਾਂ ਦੇ
ਮਰ ਚੁੱਕੇ ਲੇਖਕਾਂ ਦੀਆਂ ਜਿਊਂਦੀਆਂ ਕਿਤਾਬਾਂ ਵਿਚ ।
ਰੱਬ ਨਹੀਂ ਤਾਂ ਨਾ ਸਹੀ
ਸਤਿਗੁਰ ਏਸ ਦੇ ਸਹਾਈ ਹੋਣਗੇ।
ਇਸ ਨੂੰ ਬਚਾਉਣਗੇ
ਸੂਫ਼ੀ, ਸੰਤ, ਫ਼ਕੀਰ
ਸ਼ਾਇਰ
ਨਾਬਰ
ਆਸ਼ਕ
ਯੋਧੇ
ਮੇਰੇ ਲੋਕ
ਅਸੀਂ
ਆਪਾਂ
ਸਾਡੇ ਸਭਨਾ ਦੇ ਮਰਨ ਬਾਅਦ ਹੀ ਮਰੇਗੀ
ਸਾਡੀ ਭਾਸ਼ਾ ।
ਇਹ ਵੀ ਹੋ ਸਕਦਾ
ਕਿ ਇਸ ਮਾਰਨਹਾਰ ਮਾਹੌਲ ਵਿਚ ਘਿਰ ਕੇ
ਮਾਰਨਹਾਰਾਂ ਦਾ ਟਾਕਰਾ ਕਰਨ ਲਈ
ਹੋਰ ਵੀ ਜਿਉਣਜੋਗੀ
ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ ।