10.7 C
Los Angeles
Tuesday, December 3, 2024

ਲੂਣਾ (1965): ਦੂਜਾ ਅੰਕ

ਰਾਜੇ ਵਰਮਨ ਦੇ ਜਨਮ-ਦਿਵਸ ਦਾ ਉੱਤਸਵ ਸਮਾਪਤ ਹੋਣ ਉਪਰੰਤ ਉਸ ਤੋਂ ਅਗਲੇ ਦਿਨ ਰਾਜਾ ਸਲਵਾਨ ਤੇ ਰਾਜਾ ਵਰਮਨ ਆਪੋ ਵਿਚ ਬੈਠੇ ਗੱਲਾਂ ਕਰ ਰਹੇ ਹਨ ।

ਸਲਵਾਨ

ਕੱਲ ਦਾ ਦਿਹੁੰ ਵੀ
ਕੈਸਾ ਦਿਹੁੰ ਸੀ
ਕੈਸੀ ਸੀ ਉਸ ਦੀ ਖੁਸ਼ਬੋਈ
ਆਪਣੀਆਂ ਆਪ ਗੋਲਾਈਆਂ ਚੁੰਮਦੀ
ਭਰ ਜੋਬਨ ਵਿਚ
ਨਾਰ ਜਿਉਂ ਕੋਈ !
ਪਰ ਅਜ ਦਾ ਦਿਹੁੰ
ਕੈਸਾ ਦਿਹੁੰ ਹੈ
ਕੈਸੀ ਹੈ ਇਸ ਦੀ ਖ਼ੁਸ਼ਬੋਈ
ਰਾਤ ਉਂਨੀਦਾ ਭੋਗਣ ਪਿੱਛੋਂ
ਜਿਵੇਂ ਵੇਸਵਾ
ਸੁੱਤੀ ਕੋਈ !

ਵਰਮਨ

ਹਾਂ ਮਿੱਤ੍ਰ! ਕੁਝ ਦਿਹੁੰ ਹੁੰਦੇ ਨੇ
ਮੱਥੇ ਜਿਨ੍ਹਾਂ ਨਾ ਸੂਰਜ ਕੋਈ
ਜੂਨ ਨਧੁੱਪੀ,
ਹੁੰਦਿਆਂ ਵੀ ਪਰ
ਕਦੇ ਜਿਨ੍ਹਾਂ ਦੀ ਧੁੱਪ ਨਾ ਮੋਈ
ਉਂਜ ਤਾਂ,
ਹਰ ਦਿਹੁੰ ਮਹਿਕ-ਵਿਹੂਣਾ
ਕੋਈ ਕੋਈ ਪਰ
ਦੇਵੇ ਖ਼ੁਸ਼ਬੋਈ
ਜਿਹੜੇ ਦਿਹੁੰ ਦਾ ਤਨ ਮਹਿਕੀਲਾ
ਸੋਈਓ ਸਾਡੀ ਉਮਰਾ ਹੋਈ
ਏ ਰਾਜਨ, ਹੇ ਯੋਧੇ, ਸੂਰੇ
ਪਰ ਐਸੀ ਕੀਹ
ਬਾਤ ਹੈ ਹੋਈ ?
ਕੱਲ ਦੇ ਦਿਹੁੰ ਤੋਂ
ਅੱਜ ਦੇ ਦਿਹੁੰ ਤਕ
ਸੈ ਜਨਮਾਂ ਦੀ ਦੂਰੀ ਹੋਈ

ਸਲਵਾਨ

ਹੇ ਮੇਰੇ ਮਿੱਤ੍ਰ
ਮੀਤ ਪਿਆਰੇ
ਹੇ ਚੰਬਿਆਲ ਦੇਸ ਦੇ ਰਾਜੇ
ਸੁੱਤਾ ਸੂਰਜ
ਕੌਣ ਜਗਾਵੇ ?
ਜੇ ਕੋਈ ਕੱਲ ਦਾ ਸੂਰਜ ਮੋੜੇ
ਉਹ ਮੇਰੇ ਸਭ ਸੂਰਜ ਖਾਵੇ
ਜਿਉਂ ਜਿਉਂ ਕੋਈ,
ਸੂਰਜ ਬਣਦਾ
ਕੱਚੀ ਅੱਗ ਦੀ ਉਮਰ ਹੰਢਾਵੇ
ਕਿੰਜ ਬੋਲਾਂ,
ਕੀਹ ਬਾਤ ਕਰਾਂ ਮੈਂ ?
ਜੀਭ ਮੇਰੀ ਨੂੰ ਲੱਜਿਆ ਆਵੇ
ਜੇ ਲੱਜਿਆ ਨੂੰ,
ਅੰਦਰ ਰੱਖਦਾ
ਅੰਦਰ ਮੇਰਾ ਧੁਖ ਧੁਖ ਜਾਵੇ
ਜੇ ਲੱਜਿਆ ਨੂੰ ਬਾਹਰ ਰੱਖਦਾਂ
ਮੇਰਾ ਸੂਰਜ ਮਰਦਾ ਜਾਵੇ
ਮੈਥੋਂ ਧੁੱਪ,
ਫੜੀ ਨਾ ਜਾਵੇ

ਵਰਮਨ

ਸੁਣ ਸੱਜਨ !
ਸੁਣ ਮਿੱਤ੍ਰ ਯੋਧੇ
ਹਰ ਮੱਥੇ ਵਿਚ ਸੂਰਜ ਹੋਵੇ
ਹਰ ਧੁੱਪ,
ਗਰਭਵਤੀ ਹੈ ਧੁਰ ਤੋਂ
ਉਸ ਦੀ ਕੁੱਖ ਵਿਚ ਸਾਇਆ ਰੋਵੇ
ਉਸ ਦੀ ਧੁੱਪ,
ਕਦੇ ਨਾ ਮਰਦੀ
ਜਿਦ੍ਹਾ ਕੋਈ ਪਰਛਾਵਾਂ ਹੋਵੇ
ਜੋ ਤੇਰੀ
ਧੁੱਪ ਦਾ ਪਰਛਾਵਾਂ
ਜੀਭ ਤੇਰੀ ਤੇ ਆਣ ਖਲੋਵੇ
ਤਾਂ ਸੰਭਵ ਹੈ,
ਤੇਰੀ ਧੁੱਪ ਵੀ
ਤੈਥੋਂ ਬੇ-ਮੁੱਖ ਕਦੀ ਨਾ ਹੋਵੇ
ਧੁੱਪ ਤਾਂ,
ਮਰਦੀ ਹੈ ਉਸ ਵੇਲੇ
ਜਦ ਕੋਈ ਛਾਂ ਵਿਚ ਆਣ ਖਲੋਵੇ
ਜਾਂ ਨੈਣਾਂ ਵਿਚ
ਨੀਂਦਰ ਹੋਵੇ

ਸਲਵਾਨ

ਹਾਂ ਸੱਜਨ !
ਮੈਨੂੰ ਨੀਂਦ ਆ ਗਈ
ਹਾਂ ਸੱਜਨ !
ਮੈਂ ਸੌਣਾਂ ਚਾਹੁੰਦਾ
ਦਿਨ-ਦੀਵੀਂ ਭਰ ਸਿਖਰ ਦੁਪਹਿਰੇ
ਸੂਰਜ ਕਿਤੇ ਬੁਝਾਣਾ ਚਾਹੁੰਦਾਂ
ਹਰ ਦਿਹੁੰ,
ਮੇਰੀ ਨੀਂਦ ਦਾ ਪਿੰਡਾ
ਅਗਨ-ਸਰਪਨੀ ਨੇ ਡੰਗਿਆ ਹੈ
ਹਰ ਦਿਹੁੰ ਮੇਰਾ,
ਪਰ ਅੰਗ ਛੋਹ ਪਾ
ਹੋਈ ਗਰਭਵਤੀ ਦੇ ਵਾਕਿਣ,
ਲੱਜਿਆ ਸੰਗ ਭਿੱਜਿਆ ਲੰਘਿਆ ਹੈ
ਹਰ ਦਿਹੁੰ ਮੇਰਾ,
ਸਮੇਂ ਦੀ ਸੁੱਕੀ ਸੂਲੀ ਉੱਪਰ
ਸੂਤਕ-ਰਤ ਤੋਂ ਹੀ ਟੰਗਿਆ ਹੈ
ਹਾਂ ਹਾਂ ਸੱਜਨ,
ਮੈਂ ਕਹਿੰਦਾ
ਮੈਂ ਜਗਰਾਤੇ ਦਾ ਥਲ ਲੰਘਿਆ ਹੈ
ਥੱਕ ਟੁੱਟ ਕੇ ਅਜ ਜੀਭ ਮੇਰੀ ਨੇ
ਨੀਂਦਰ ਦਾ,
ਇਕ ਘੁੱਟ ਮੰਗਿਆ ਹੈ
ਹਾਂ ਸੱਜਨ,
ਮੈਨੂੰ ਨੀਂਦ ਆ ਗਈ
ਹਾਂ ਸੱਜਨ,
ਮੈਂ ਸੌਣਾ ਚਾਹੁੰਦਾਂ
ਹਾਂ ਹਾਂ ਮੈਂ ਹੁਣ,
ਸੌਣਾ ਚਾਹੁੰਦਾ,
ਆਪਣੇ ਪਰਛਾਵੇਂ ਦੀ ਛਾਵੇਂ
ਮੇਰੇ ਪਰਛਾਵੇਂ ਦੇ ਭਾਵੇਂ
ਪੱਤਰ ਟਾਵੇਂ ਟਾਵੇਂ
ਮੇਰੇ,
ਪਰਛਾਵੇਂ ਦੀ ਛਾਵੇਂ
ਕੋਈ ਪੰਛੀ ਨਾ ਗਾਵੇਂ
ਮੇਰੇ ਪਰਛਾਵੇਂ ਨੂੰ ਭਾਵੇਂ
ਤੂੰ ਵੀ ਅੰਗ ਨਾ ਲਾਵੇਂ
ਪਰ ਮੈਂ
ਫਿਰ ਵੀ ਸੌਣਾ ਚਾਹੁੰਦਾਂ
ਆਪਣੀ ਧੁੱਪ ਦੀ ਛਾਵੇਂ
ਹਾਂ ਸੱਜਨ,
ਸਭ ਆਪਣੀ ਧੁੱਪ ਨੂੰ
ਧੁੱਪਿਓ ਛਾਵੇਂ ਕਰਦੇ
ਆਪਣੀ ਧੁੱਪ ਦਾ,
ਆਪਣੇ ਹੱਥੀਂ
ਚੀਰ-ਹਰਨ ਹਨ ਕਰਦੇ
ਦਿਹੁੰ ਦੇ ਗਜ਼
ਉਮਰ ਦਾ ਕਪੜਾ
ਮਿਣ ਮਿਣ ਸਾਰੇ ਮਰਦੇ
ਸੱਭੇ ਛਾਂ ਦੇ ਜਾਲ ਵਿਛਾ ਕੇ
ਨਿੰਦਰਾਏ ਪਲ ਫੜਦੇ
ਨਿੰਦਰਾਏ ਹਾਂ ਸਾਰੇ ਜੰਮਦੇ
ਨਿੰਦਰਾਏ ਹਾਂ ਮਰਦੇ

ਵਰਮਨ

ਠੀਕ ਅਸੀਂ ਹਾਂ
ਸਭ ਨਿੰਦਰਾਏ
ਸਭ ਉਨੀਂਦੀ
ਜੂਨੇ ਆਏ
ਅਗਨ-ਬਿਰਛ ਲੁੰਜੇ, ਬੇ-ਪੱਤਰੇ
ਸਭਨਾਂ ਆਪਣੀ ਨੀਂਦਰ ਖ਼ਾਤਿਰ
ਦੇਹੀਆਂ ਦੀ
ਵਲਗਣ ਵਿਚ ਲਾਏ
ਤੇ ਉਸ ਥੱਲੇ
ਪੱਟ ਵਿਛਾਏ
ਫਿਰ ਵੀ ਸਾਨੂੰ ਨੀਂਦ ਨਾ ਆਏ
ਸਾਡੀ ਛਾਂ ਨੂੰ
ਸਾਡੀ ਧੁੱਪ ਹੀ
ਕਈ ਵਾਰੀ ਨਾ ਅੰਗ ਛੁਹਾਏ
ਪਰ ਮਿੱਤ੍ਰ
ਹੇ ਮੇਰੇ ਸੱਜਨ,
ਜੀਭ ਤੇਰੀ ਕੋਈ ਬਾਤ ਤਾਂ ਪਾਏ
ਬੋਲ ਕੁਲਹਿਣੇ,
ਨੀਂਦਰ ਵਾਲੇ
ਕਿਉਂ ਤੇਰੇ ਹੋਠਾਂ ਤੇ ਆਏ ?

ਸਲਵਾਨ

ਕੀਹ ਪਾਵਾਂ
ਮੈਂ ਬਾਤ ਪਿਆਰੇ ?
ਜਿਨ੍ਹਾਂ ਖੂਹਾਂ ਦੇ ਪਾਣੀ ਖਾਰੇ
ਕਦੇ ਨਾ ਪਨਘਟ
ਬਨਣ ਵਿਚਾਰੇ

ਵਰਮਨ

ਆਖ਼ਿਰ ਐਸਾ,
ਦੁੱਖ ਵੀ ਕੀਹ ਹੈ ?
ਦੁੱਖ ਤਾਂ ਪੰਛੀ ਉੱਡਣ ਹਾਰੇ
ਅਜ ਇਸ ਢਾਰੇ
ਕਲ ਉਸ ਢਾਰੇ

ਸਲਵਾਨ

ਸੁਣ ਸੱਜਨ,
ਤਾਂ ਬਾਤ ਸੁਣਾਂਦਾਂ
ਦੁੱਖਾਂ ਵਾਲੀ
ਅੱਗ ਜਲਾਂਦਾਂ
ਅੱਗ ਨੂੰ ਆਪਣੀ ਜੀਭ ਛੁਹਾਂਦਾਂ
ਬੀਤ ਗਏ ਨੂੰ,
ਵਾਜ ਮਾਰ ਕੇ
ਮੋਏ ਸੂਰਜ ਮੋੜ ਲਿਆਉਂਦਾਂ
ਆਪਣੀ ਧੁੱਪ ਦਾ
ਨਗਨ ਵਿਖਾਉਂਦਾਂ
ਮੈਂ ਜੋ ਧੁੱਪ ਵਿਹਾਜੀ
ਰੰਗ-ਵਿਹੂਣੀ ਸੀ
ਅੱਗ ‘ਚੌਧਲ’ ਦੇ ਚੁੱਲ੍ਹੇ
ਸੇਕੋਂ ਊਣੀ ਸੀ
ਪੂਰਨ ਦੀ ਮਾਂ ਇੱਛਰਾਂ
ਰੂਪ-ਵਿਹੂਣੀ ਸੀ
ਅੱਗ ਦੀ ਸੱਪਨੀ,
ਪਰ ਮੇਰੇ ਘਰ ਸੂਣੀ ਸੀ
ਅੱਗ ਦੀ ਸੱਪਨੀ,
ਜਦ ਵਿਹੜੇ ਵਿਚ ਆਣ ਵੜੀ
ਲੱਖ ਬਚਾਇਆ ਆਪਾ
ਪਰ ਉਹ ਰੋਜ਼ ਲੜੀ
ਨਸ਼ਾ ਜਿਹਾ ਨਿੱਤ ਆਇਆ
ਪਰ ਨਾ ਵਿੱਸ ਚੜ੍ਹੀ
ਨਾਰ ਮੇਰੇ ਅੰਤਰ ਦੀ
ਉਸ ਤੋਂ ਨਹੀਂ ਮਰੀ
ਅਣ-ਚਾਹਿਆਂ ਵੀ,
ਡੰਗਾਂ ਦੀ ਪਰ ਪੀੜ ਜਰੀ
ਮੈਂਥੋਂ ਸੁਪਨੇ ਦੀ ਸਪਨੀ,
ਨਾ ਗਈ ਫੜੀ
ਮੇਰੇ ਸੁਪਨੇ ਦੀ ਸਪਨੀ
ਜ਼ਹਿਰੀਲੀ ਸੀ
ਉੱਗਦੇ ਦਿਹੁੰ ਦੇ
ਰੰਗਾਂ ਵਾਂਗ ਰੰਗੀਲੀ ਸੀ
ਮਧ ਦੀ ਭਰੀ
ਕਟੋਰੀ ਵਾਂਗ ਨਸ਼ੀਲੀ ਸੀ
ਨਿਰੀ ਸੀ ਅੱਗ ਦੀ ਲਾਟ
ਬੜੀ ਚਮਕੀਲੀ ਸੀ
ਮੈਂ ਚਾਹਿਆ,

ਸੁਪਨੇ ਦੀ ਸਪਨੀ ਮਾਰ ਦਿਆਂ
ਮੈਂ ਚਾਹਿਆ,
ਕਿ ਉਸ ਦਾ ਰੂਪ ਵਿਸਾਰ ਦਿਆਂ
ਸੋਚਾਂ ਵਾਲੀ,
ਅੱਡੀ ਹੇਠ ਲਿਤਾੜ ਦਿਆਂ
ਅੱਗ ਦੀ ਸਪਨੀ ਖ਼ਾਤਿਰ
ਸੁਪਨਾ ਸਾੜ ਦਿਆਂ
ਪਰ ਸੁਪਨੇ ਦੀ,
ਸਪਨੀ ਮੈਥੋਂ ਨਹੀਂ ਮਰੀ
ਜਿਉਂ ਜਿਉਂ ਮਾਰੇ ਮੰਤਰ
ਤਿਉਂ ਤਿਉਂ ਹੋਰ ਲੜੀ
ਏਸੇ ਦੁੱਖ ਸੰਗ ਲੜਦੇ
ਮੇਰੀ ਧੁੱਪ ਢਲੀ
ਕਈ ਵਾਰੀ ਮੈਂ ਚਾਹਿਆ
ਰਿਸ਼ਤਾ ਤੋੜ ਦਿਆਂ
ਅੱਗ ਦੀ ਸੱਪਨੀ,
ਬਾਬਲ ਦੇ ਘਰ ਮੋੜ ਦਿਆਂ
ਤੇ ਆਪੇ ਨੂੰ,
ਸੁੰਝਾਂ ਦੇ ਸੰਗ ਜੋੜ ਦਿਆਂ
ਪਰ ਹਰ ਸਪਨੀ ਦਾ ਬਾਬਲ
ਨਿਰਦੋਸ਼ਾ ਹੈ
ਹਰ ਧੀ ਦਾ ਰੰਗ
ਹਰ ਬਾਬਲ ਲਈ ਕੋਸਾ ਹੈ
ਹਰ ਧੀ,
ਹਰ ਬਾਬਲ ਦੀ
ਪੱਗ ਦਾ ਟੋਟਾ ਹੈ
ਏਸ ਦੇਸ ਦੀ ਹਰ ਧੀ ਦਾ,
ਮਸਤਕ ਖੋਟਾ ਹੈ
ਏਹੋ ਗੱਲਾਂ ਕਰਦੀ
ਉਮਰਾ ਟੁਰੀ ਗਈ
ਗੀਟੇ ਵਾਕਿਣ ਹਠ ਦੀ ਨਦੀਏ
ਰੁੜ੍ਹੀ ਗਈ
ਹਰ ਇਕ ਚਾਅ ਦੀ,
ਨੁੱਕਰ ਆਖਿਰ ਭੂਰੀ ਗਈ
ਜਿੱਤ ਵੱਲ ਮੁੜ ਗਏ ਪਾਣੀ
ਉੱਤ ਵਲ ਮੁੜੀ ਗਈ
ਸੁਪਨੇ ਦੀ ਸਪਨੀ ਦਾ
ਸੁਪਨਾ ਟੁੱਟ ਗਿਆ
ਮੈਥੋਂ ਮੇਰਾ,
ਬਲਦਾ ਸੂਰਜ ਖੁੱਸ ਗਿਆ
ਫੁੱਲ ਮੇਰੇ ਬਾਗਾਂ ਦਾ
ਸੂਹਾ ਬੁੱਸ ਗਿਆ
ਮੈਂ ਆਪਣੇ ਹੀ,
ਪਰਛਾਵੇਂ ਸੰਗ ਰੁੱਸ ਗਿਆ
ਮੈਂ ਸੂਰਜ ਸਾਂ,
ਪਰ ਕਾਲਖ਼ ਦੀ ਜੂਨ ਹੰਢਾਈ
ਅੱਗ ਦੀ ਸਪਨੀ ਨੂੰ ਪਰ ਦੁੱਖ ਦੀ
ਮਹਿਕ ਨਾ ਆਈ
ਮੈਂ ਵੀ ਵੇਦਣ ਦੀ ਉਸ ਅੱਗੇ
ਬਾਤ ਨਾ ਪਾਈ
ਸੌਂ ਰਹੀ ਮੇਰੀ ਚੰਦਨ-ਦੇਹ ਸੰਗ
ਦੇਹ ਚਿਪਕਾਈ
ਮੈਂ ਜਾਗਾਂ
ਉਸ ਨੀਂਦਰ ਆਈ
ਰੁੱਖ ਨਿਪੱਤਰੇ,
ਨੀਂਦਰ ਦੇ ਨੂੰ ਫੁੱਲ ਆ ਲੱਗਾ
ਨੀਂਦਰ ਵਾਲਾ ਰੁੱਖੜਾ ਮੈਨੂੰ
ਹਰਿਆ ਲੱਗਾ
ਅੱਗ ਦੀ ਸਪਨੀ ਦੀ ਕੁੱਖੋਂ,
ਮੈਨੂੰ ਸੂਰਜ ਲੱਭਾ
ਨਿਰਲੋਆ, ਮੇਰਾ ਜੀਵਨ ਮੈਨੂੰ
ਜਵਾਲਾ ਲੱਗਾ
ਪਰ ਉਹ ਸੂਰਜ,
ਮੇਰੇ ਮੱਥੇ ਕਦੇ ਨਾ ਲੱਗਾ
ਅਠਾਰਾਂ ਵਰ੍ਹੇ ਲਈ ਉਹਦੀ ਲੋਅ ਨੂੰ
ਜੰਦਰਾ ਵੱਜਾ
ਮੇਰਾ ਪੁੱਤਰ ਪੂਰਨ,
ਮੈਨੂੰ ਕਦੇ ਨਾ ਲੱਭਾ
ਮੈਂ ਮੁੜ ਛਾਂ ਦੀ
ਜੂਨ ਹੰਢਾਂਦਾ ਸੋਚਣ ਲੱਗਾ
ਨਹੂੰਆਂ ਦੇ ਸੰਗ,
ਗ਼ਮ ਦੀਆਂ ਕਬਰਾਂ ਖੋਦਣ ਲਗਾ
ਕਰਮਾਂ ਦੀ ਕਾਲਖ਼ ਨੂੰ
ਮਰ ਮਰ ਭੋਗਣ ਲੱਗਾ
ਸੋਚਣ ਲੱਗਾ
ਕਿ ਧਰਤੀ ਤੇ ਜੂਨ ਹੰਢਾਣੀ
ਅੱਗ ਦੀ ਨਦੀਉਂ,
ਜਿਉਂ ਬੁੱਕਾਂ ਥੀਂ ਪੀਣਾ ਪਾਣੀ
ਕੁਝ ਪੀਣਾ,
ਕੁਝ ਕਿਰ ਜਾਣਾ,
ਰੱਸ ਵਿਰਲਾਂ ਤਾਣੀ
ਅਤ੍ਰਿਪਤੀ ਤੇ ਲੱਜਿਆ ਦੇ,
ਕਾਲੇ ਕਮਰੇ ਵਿੱਚ
ਇਕ ਦੂਜੇ ਦੇ ਅੰਗ ਵਲਸ ਕੇ
ਅਗਨੀ ਖਾਣੀ
ਜਿਉਂ ਸੂਰਾਂ ਦੀ,
ਫਿਰਦੀ ਢਾਣੀ

ਵਰਮਨ

ਹਾਂ ਮਿੱਤ੍ਰ!
ਤੂੰ ਸੱਚ ਕਹਿੰਦਾ ਹੈਂ
ਅੱਗ ਬਿਣ ਅੱਗ ਦੀ
ਉਮਰ ਹੰਢਾਣੀ
ਜਿਉਂ ਜੀਵੇ ਮੱਛੀ ਬਿਣ ਪਾਣੀ
ਹਰ ਬਾਲਣ ਨੂੰ,
ਅੱਗ ਬਨਣ ਲਈ
ਪੈਂਦੀ ਹੀ ਹੈ ਅਗਨੀ ਖਾਣੀ
ਉਂਜ ਤਾਂ ਹਰ ਅੱਗ,
ਅੱਗ ਹੁੰਦੀ ਹੈ
ਚੁੱਲ੍ਹੇ ਬਲੇ ਜਾਂ ਮੜ੍ਹੀ-ਮਸਾਣੀਂ
ਪਰ ਜੇ ਅੱਗ ਨਾ
ਲਾਂਬੂ ਬਣਦੀ
ਉਹ ਅੱਗ ਹੁੰਦੀ ਦਰਦ-ਰੰਞਾਣੀ
ਜੇ ਇੱਛਰਾਂ ਵੀ,
ਕੱਚੀ ਅੱਗ ਸੀ
ਤਾਂ ਸੀ ਫੂਕਾਂ ਨਾਲ ਮਘਾਣੀ
ਜਾਂ ਉਸ ਤੇ ਪਾ ਦੇਂਦਾ ਪਾਣੀ
ਹੱਡਾਂ ਤਾਈਂ ਘੁਣ ਹੁੰਦੀ ਹੈ
ਦੋ ਚਿੱਤੀ ਦੀ,
ਜੂਨ ਹੰਢਾਣੀ
ਉਂਜ ਤਾਂ ਮਿੱਤ੍ਰ ਮੀਤ ਪਿਆਰੇ
ਹਰ ਕੋਈ ਕੱਚੀ ਅੱਗ ਨੂੰ ਖਾਵੇ
ਬਲਦੀ ਅੱਗ ਨੂੰ, ਵੀ ਹਰ ਕੋਈ
ਕੱਚੀ ਕਹਿ ਕੇ,
ਉਮਰ ਲੰਘਾਵੇ
ਹਰ ਬਲਦੀ ਅੱਗ,
ਚੁੰਮਨ ਪਿੱਛੋਂ
ਕੱਚੀ ਅੱਗ ਦਾ ਰੂਪ ਵਟਾਵੇ
ਸੁਪਨੇ ਦੀ,
ਸਪਨੀ ਵੀ ਇਕ ਦਿਨ
ਅੱਗ ਦੀ ਸਪਨੀ,
ਹੀ ਬਣ ਜਾਵੇ

ਸਲਵਾਨ

ਸੁਪਨੇ ਤੇ,
ਅੱਗ ਦੀ ਸਪਨੀ ਵਿੱਚ
ਮੇਰੇ ਮਿੱਤ੍ਰ ਅੰਤਰ ਹੁੰਦੈ
ਅੱਗ ਦੀ ਸਪਨੀ ਸਦਾ ਪਾਲਤੂ

ਉਸ ਦਾ ਹੱਥ ਵਿਚ
ਮੰਤਰ ਹੁੰਦੈ
ਜੇ ਸੁਪਨੇ ਦੀ ਸਪਨੀ ਡੰਗੇ
ਉਸ ਦਾ ਅੰਤ,
ਭਿਅੰਕਰ ਹੁੰਦੈ
ਅੱਗ ਦੀ ਸਪਨੀ ਜੇ ਹੈ ਸ਼ੁਅਲਾ
ਤਾਂ ਉਹ ਇਕ ਬਸੰਤਰ ਹੁੰਦੈ
ਅਗਨ-ਸਰਪਨੀ,
ਜਿਊਂਦਾ ਸੱਚ ਹੈ
ਚੇਤਨ-ਦੇਹ ਦਾ ਕੰਕਰ ਹੁੰਦੈ
ਸੁਪਨ-ਸਰਪਨੀ,
ਝੂਠ, ਨਿਰਥਕ
ਸੁਪਨੇ ਦਾ ਇਕ ਜੰਤਰ ਹੁੰਦੈ

ਵਰਮਨ

ਸੱਜਨ ! ਦੋਸਤ !
ਬਹਾਦਰ ਬੰਦੇ
ਸੁਪਨੇ ਤੋਂ ਕੋਈ ਸੱਚ ਕੀਹ ਮੰਗੇ
ਸਾਡੀ ਉਮਰਾ ਤਾਂ ਲੰਘ ਜਾਏ
ਪਰ ਸੁਪਨੇ ਦੀ
ਅਉਧ ਨਾ ਲੰਘੇ
ਇਹ ਸਾਡੇ ਧੁਰ ਅੰਦਰ ਕਿਧਰੇ
ਪੁੱਠੇ ਚੰਮਗਿੱਦੜਾਂ ਵੱਤ ਟੰਗੇ
ਕਾਲੇ ਰੁੱਖ, ਕਿਸਮਤਾਂ ਵਾਲੇ
ਤੇ ਫਲ ਖਾਂਦੇ ਰੰਗ-ਬਰੰਗੇ
ਕੋਈ ਕੋਈ ਸੁਪਨਾ ਕਰਮਾਂ ਸੇਤੀ
ਕਦੇ ਕਦੇ ਸੱਚ ਬਣ ਕੇ ਲੰਘੇ
ਕਿਸੇ ਕਿਸੇ ਚਿਹਰੇ ਚੋਂ ਸਾਨੂੰ
ਸੁਪਨ-ਸਰਪਨੀ,
ਆ ਕੇ ਡੰਗੇ
ਉਸ ਦਾ ਡੰਗਿਆ ਕੁਝ ਨਾ ਮੰਗੇ
ਮੰਗੇ ਤਾਂ,
ਉਹਦੀ ਛੋਹ ਨੂੰ ਮੰਗੇ
ਦਿਨ-ਦੀਵੀਂ ਜਾਂ ਸੌਣਾ ਮੰਗੇ
ਪਰ ਨਾ ਛੋਹ,
ਨਾ ਸੌਣਾ ਮਿਲਦਾ
ਉਮਰ ਅਸਾਡੀ ਧੁਖ ਧੁਖ ਲੰਘੇ
ਸਾਡੀ ਦੇਹ ਹੀ, ਸਾਡੇ ਸਾਹ ਤੋਂ
ਇਕ ਦਿਨ ਨੀਵੀਂ ਪਾ ਕੇ ਲੰਘੇ
ਸਾਡਾ ਸੂਰਜ
ਸਾਥੋਂ ਸੰਗੇ

ਸਲਵਾਨ

ਹਾਂ ਮਿੱਤ੍ਰ
ਤੂੰ ਸੱਚ ਕਹਿੰਦਾ ਹੈਂ
ਹੁਣ ਤਾਂ ਸੂਰਜ,
ਢਲ ਚਲਿਆ ਸੀ
ਧੁੱਪ ਦਾ ਬਾਲਣ ਬਲ ਚਲਿਆ ਸੀ
ਸੁਪਨ-ਸਰਪਨੀ ਵਾਲਾ ਸੁਪਨਾ
ਹੁਣ ਮਿੱਟੀ ਵਿਚ,
ਰਲ ਚਲਿਆ ਸੀ
ਪਰ ਕੱਲ ਸੁਪਨਾ ਅੱਖੀਂ ਤੱਕ ਕੇ
ਮੈਨੂੰ ਮੁੜ ਕੇ
ਛਲ ਚਲਿਆ ਹੈ
ਮੇਰੀ ਮਹਿਕ-ਵਿਛੁੰਨੀ ਰੂਹ ਤੇ
ਮੁੜ ਕੋਈ ਚੇਤਰ,
ਮਲ ਚਲਿਆ ਹੈ

ਵਰਮਨ

ਮੈਂ ਵੱਡ-ਭਾਗਾ,
ਇਸ ਮਿੱਟੀ ਚੋਂ
ਜੇ ਤੈਨੂੰ ਤੇਰਾ ਸੁਪਨਾ ਲਭੇ
ਕਿਹੜੀ ਰੂਪਵਤੀ ਹੈ ਐਸੀ
ਮੈਨੂੰ ਵੀ ਕੁਝ
ਪਤਾ ਤਾਂ ਲੱਗੇ ?

ਸਲਵਾਨ

ਹਾਂ ਮਿੱਤ੍ਰ ! ਉਹ ਕਿਰਨ ਜੇਹੀ ਜੇ
ਸੁੱਤ-ਉਨੀਂਦੇ ਨੈਣਾ ਵਾਲੀ
ਕੋਹ ਕੋਹ ਲੰਮੇ ਵਾਲਾਂ ਵਾਲੀ
ਨੀਮ-ਉਦਾਸੇ ਅੰਗਾਂ ਵਾਲੀ
ਦੁੱਧੀ ਧੋਤੇ ਰੰਗਾਂ ਵਾਲੀ
ਲੰਮ-ਸਲੰਮੀ ਚੰਦਨ ਗੇਲੀ
ਭਾਰੇ ਜਿਹੇ ਨਿਤੰਭਾਂ ਵਾਲੀ
ਮੋਤੀ-ਵੰਨੇ ਦੰਦਾ ਵਾਲੀ
ਲੂਣਾ !
ਜਿਹੜੀ ਕੱਲ ਉਤਸੱਵ ਵਿਚ
ਚੁਣੀ ਸੀ ਯੁਵਤੀ ਸੰਗਾਂ ਵਾਲੀ
ਸੁਪਨ ਸਰਪਨੀ ਡੰਗਾਂ ਵਾਲੀ

ਵਰਮਨ

ਲੂਣਾ………. !
ਬਾਰੂ ਸ਼ੂਦਰ ਦੀ ਧੀ ?
ਸੋਹਣੀ, ਚੰਚਲ, ਕੋਮਲ ਅੰਗੀ
ਪਰ ਪਿਛਲੇ ਜਨਮਾਂ ਦਾ ਫਲ ਹੈ
ਜਿਵੇਂ ਅਪੱਛਰਾਂ, ਪਰ ਭਿੱਟ-ਅੰਗੀ
ਮਧਰਾ ਦੇ ਵਿਚ ਜਿਉਂ ਜਲਗੰਗੀ
ਸ਼ੂਦਰ ਨਾਰ ਕਿਸੇ ਰਾਜੇ ਦੀ
ਸੰਭਵ ਨਾ, ਹੋਵੇ ਅਰਧੰਗੀ

ਸਲਵਾਨ

ਜੇ ਲੂਣਾ,
ਸ਼ੂਦਰ ਦੀ ਧੀ ਹੈ
ਨਿਰਦੋਸ਼ੀ ਦਾ ਦੋਸ਼ ਵੀ ਕੀਹ ਹੈ ?

ਵਰਮਨ

ਦੋਸ਼ !

ਦੋਸ਼ ਤਾਂ ਉਸਦੇ ਕਰਮਾਂ ਦਾ ਹੈ
ਜਾਂ ਫਿਰ ਪਿਛਲੇ ਜਨਮਾਂ ਦਾ ਹੈ

ਸਲਵਾਨ

ਨਹੀਂ ਨਹੀਂ !
ਕੁਝ ਦੋਸ਼ ਨਾ ਉਸ ਦਾ
ਦੋਸ਼ ਤਾਂ ਸਾਡੇ ਭਰਮਾਂ ਦਾ ਹੈ
ਜਾਂ ਫਿਰ ਸਾਡੇ ਧਰਮਾਂ ਦਾ ਹੈ
ਜੋ ਸਾਨੂੰ ਇਹ ਕਹਿੰਦੇ ਨੇ
ਮੰਦਰ ਦੇ ਵਿਚ ਸੰਖ ਵਜਾਵੋ
ਵੱਟਿਆਂ ਦੇ ਵਿਚ ਸ਼ਰਧਾ ਰੱਖੋ
ਪੱਥਰਾਂ ਅੱਗੇ ਧੂਫ਼ ਧੁਖਾਵੋ
ਪਰ ਜੇ ਮਾਨਵ ਮਰਦਾ ਹੋਵੇ
ਮਰਦੇ ਮੂੰਹ ਵਿਚ ਬੂੰਦ ਨਾ ਪਾਵੇ
ਇਕ ਦੂਜੇ ਦੇ,
ਲਹੂਆਂ ਦੇ ਵਿਚ
ਆਪਣੇ ਆਪਣੇ ਹੱਥ ਡੁਬਾਵੇ
ਆਉਂਦੇ ਮਾਨਵ ਜੋਗਾ ਰਲਕੇ
ਖੇਤੀ ਰੱਜ ਕੇ ਕੋਝ ਉਗਾਵੇ
ਤਵਾਰੀਖ਼ ਦੀ ਛਾਤੀ ਉੱਤੇ
ਰੰਗਾਂ ਵਾਲੇ ਨਾਗ ਲੜਾਵੋ
ਸਮਿਆਂ ਦੇ ਸ਼ਮਸ਼ਾਨ-ਘਾਟ ਤੇ
ਆਪਣੀ ਆਪਣੀ ਮੜ੍ਹੀ ਬਣਾਵੇ
ਕਿਹੜਾ ਧਰਮ,
ਤੇ ਕਿਹੜਾ ਰੰਗ ਹੈ
ਸੰਗ-ਮਰਮਰ ਦੇ ਖੁਤਵੇ ਲਾਵੋ
ਧਰਮ, ਤਾਂ ਮੇਰੇ ਮਿੱਤ੍ਰ ਉਹ ਹੈ
ਜੋ ਨਾ ਲਹੂ ਦਾ ਰੰਗ ਪਛਾਣੇ
ਜੋ ਸਭਨਾਂ ਨੂੰ ਇਕ ਕਰ ਜਾਣੇ
ਮਾਨਵ ਦੀ ਪੀੜਾ ਨੂੰ ਸਮਝੇ
ਮਾਨਵ ਦੀ ਪੀੜਾ ਨੂੰ ਜਾਣੇ
ਅਸੀਂ ਤਾਂ ਸੱਜਨ ! ਸੱਭ ਸ਼ੂਦਰ ਹਾਂ
ਭਿੱਟ-ਅੰਗੇ ਤੇ ਸੁਹਜ-ਵਿਹੂਣੇ
ਵਖ ਵਖ ਲਹੂਆਂ ਦੇ ਰੰਗ ਲੈ ਕੇ
ਧਰਮਾਂ ਵਿਹੜੇ ਕਰੀਏ ਟੂਣੇ
ਕਰਮ-ਵਿਛੁੰਨੇ, ਜਨਮ-ਵਿਹੂਣੇ
ਉੱਤੋਂ ਮਿੱਠੇ,
ਵਿੱਚੋਂ ਲੂਣੇ
ਕੱਲ ਜੋ ਮਿੱਤ੍ਰ
ਦਿਹੁੰ ਮਰਿਆ ਸੀ
ਕੀਹ ਉਹ ਮੁੜ ਕੇ ਅਜ ਮਰ ਸਕਦੈ ?
ਜਾਂ ਜੋ ਕੱਲ ਨੂੰ ਮਰਨਾ ਹਾਲੇ
ਕਿਸੇ ਵੀ ਹੀਲੇ ਅਜ ਮਰ ਸਕਦੈ ?
ਅਜ ਦਾ ਦਿਹੁੰ ਤਾਂ
ਸੱਜਨ ਮੇਰੇ,
ਅਜ ਚੜ੍ਹ ਸਕਦੈ,
ਅਜ ਮਰ ਸਕਦੈ
ਬੀਤੇ ਜਨਮਾਂ ਦੇ ਕਰਮਾਂ ਦਾ
ਦੋਸ਼ ਕਿਸੇ ਸਿਰ,
ਕਿੰਜ ਚੜ੍ਹ ਸਕਦੈ ?
ਜੋ ਮਰਿਆ,
ਸੋ ਮਰ ਚੁੱਕਾ ਹੈ
ਜੋ ਜਿਊਂਦਾ ਸੋ ਮਰ ਜਾਵੇਗਾ
ਜਾਂ ਜੇ ਜੰਮਣਾ ਵੀ ਹੈ ਹਾਲੇ
ਉਹ ਵੀ ਸੂਰਜ ਠਰ ਜਾਵੇਗਾ
ਭੂਤ, ਭਵਿੱਖ ਦਾ ਨਾਗ ਨਾ ਸੰਭਵ
ਅਜ ਦੀ ਧੁੱਪ ਨੂੰ, ਲੜ ਜਾਵੇਗਾ

ਵਰਮਨ

ਮੰਨਦਾਂ, ਧੁੱਪ ਨੂੰ ਨਾਗ ਨਾ ਲੜਸੀ
ਅਜ ਦਾ ਦਿਹੂੰ ਨਾ
ਉਸ ਤੋਂ ਮਰਸੀ
ਪਰ ਕਰਮਾਂ ਦੇ ਨਾਗਾਂ ਅੱਗੇ
ਕੋਈ ਮਾਂਦਰੀ
ਕੀਕਣ ਖੜਸੀ ?
ਕਰਮ ਤਾਂ ਐਸੇ ਨਾਗ ਜ਼ਰੀਲੇ
ਜੋ ਸਮਿਆਂ ਤੋਂ ਜਾਣ ਨਾ ਕੀਲੇ
ਇਹ ਜਨਮਾ ਤਕ ਪਿੱਛਾ ਕਰਦੇ
ਕਿਸੇ ਵੀ ਹੀਲੇ, ਕਿਸੇ ਵਸੀਲੇ
ਅਸੀਂ, ਜਾਂ ਕੁੱਖ ਦੀ
ਜੂਨ ਹੰਢਾਂਦੇ
ਇਹ ਤਾਂ ਓਥੇ ਵੀ ਆ ਜਾਂਦੇ
ਅਸੀਂ ਜਨਮੀਏ,
ਇਹ ਜੰਮ ਪੈਂਦੇ ਇਹ
ਸਾਡੇ ਮੱਥੇ ਵਿਚ ਰਹਿੰਦੇ
ਨਿੱਤ ਸਾਡੀ ਕਿਸਮਤ ਨੂੰ ਡੰਗਦੇ
ਵਿੱਸ ਘੋਲਦੇ,
ਮੌਜ ਮਣਾਂਦੇ

ਸਲਵਾਨ

ਇਹ ਤੂੰ ਨਹੀਂ,
ਤੇਰਾ ਭਰਮ ਬੋਲਦੈ
ਤੇਰਾ ਸੀਮਤ ਧਰਮ ਬੋਲਦੈ

ਵਰਮਨ

ਜੇ ਇਹ ਮੇਰਾ,
ਭਰਮ ਬੋਲਦੈ
ਜਾਂ ਕੋਈ ਸੀਮਤ ਧਰਮ ਬੋਲਦੈ
ਤਾਂ ਮੈਂ ਕਹਿੰਦਾਂ,
ਤੇਰੇ ਅੰਦਰ,
ਕਾਮ-ਸਮੁੰਦਰ ਪਿਆ ਖੌਲਦੈ
ਸੁਪਨੇ ਦੀ ਸਪਨੀ ਦਾ ਕਾਲਾ
ਤੇਰੇ ਅੰਦਰ,
ਜ਼ਹਿਰ ਬੋਲਦੈ

ਸਲਵਾਨ

ਨਹੀਂ, ਨਹੀਂ,
ਇਹ ਕਾਮ ਨਹੀਂ ਹੈ
ਮੇਰੇ ਅੰਦਰ ਤਾਂ ਮੇਰੇ ਸੱਜਨ
ਕੋਈ ਐਸਾ,
ਸ਼ੈਤਾਨ ਨਹੀਂ ਹੈ
ਮੇਰੇ ਅੰਦਰ ਤਾਂ ਮੇਰੇ ਮਿੱਤ੍ਰ
ਸਦਾ ਬਗ਼ਾਵਤ ਹੈ ਇਕ ਧੁਖ਼ਦੀ
ਕਿਉਂ ਧਰਮ ਦੇ ਨਾਂ ਤੇ ਦੁਨੀਆਂ
ਇਕ ਦੂਜੇ ਦੇ ਮੂੰਹ ਤੇ ਥੁੱਕਦੀ
ਕਿਉਂ ਮਾਨਵ ਨੂੰ ਨਫ਼ਰਤ ਕਰਦੀ
ਜੰਮੀ ਮਾਨਵ ਦੇ ਹੀ ਕੁੱਖ ਦੀ
ਭਰਮਾਂ ਵਾਲੇ ਵਿਊਹ-ਚੱਕਰ ਤੋਂ
ਕਿਉਂ ਕਰ ਇਸ ਦੀ ਜਾਨ ਨਾ ਛੁੱਟਦੀ
ਬਾਕੀ ਸੁਪਨ-ਸਰਪਨੀ ਬਾਰੇ
ਮੈਂ ਮੇਰੇ ਮਿੱਤ੍ਰ
ਤਰਲਾ ਪਾਂਦਾਂ
ਮੈਂ ਤਾਂ ਵਰ੍ਹਿਆਂ ਤੋਂ ਮੇਰੇ ਸੱਜਨ
ਧੁੱਪ ਛਾਵਾਂ ਦੀ ਜੂਨ ਹੰਢਾਂਦਾਂ
ਜੇ ਮੇਰੀ ਝੋਲੀ ਧੁੱਪ ਨਾ ਪਾਈ
ਆਪਣਾ ਸੂਰਜ,
ਆਪ ਬੁਝਾਂਦਾਂ

ਵਰਮਨ

ਮੇਰੇ ਸੱਜਨ
ਇਹ ਕੀਹ ਕਹਿੰਦੈ ?
ਭਿੱਟ-ਅੰਗੀ ਲਈ ਨੀਵਾਂ ਪਾਉਂਦੈਂ
ਤੂੰ ਉਸ ਨੂੰ ਅਰਧੰਗੀ ਨਾ ਚੁਣ
ਮਿਲ ਸਕਦੈ ਬਾਕੀ ਜੋ ਚਾਹੁੰਦੈਂ
ਭਿੱਟ-ਅੰਗੀ ਦਾ ਸੁੱਚਾ ਪਿੰਡਾ
ਆ ਜਾਂਦਾ ਹੈ, ਜੇ ਤੂੰ ਕਹਿੰਦੈਂ

ਸਲਵਾਨ

ਨਹੀਂ, ਨਹੀਂ,
ਮੈਂ ਇਹ ਨਹੀਂ ਚਾਹੁੰਦਾ
ਨਾ ਐਸਾ ਮੈਂ ਪਾਪ ਕਮਾਇਐ
ਨਾ ਐਸਾ ਮੈਂ ਪਾਪ ਕਮਾਂਦਾ
ਮੈਂ ਤਾਂ ਸੁਪਨ-ਸਰਪਨੀ ਦਾ ਬਸ
ਜਨਮ ਜਨਮ ਲਈ
ਸਾਥ ਹਾਂ ਮੰਗਦਾ
ਜਨਮ ਜਨਮ
ਲਈ ਸਾਥ ਹੀ ਚਾਹੁੰਦਾ

(ਰਾਜੇ ਵਰਮਨ ਦੀ ਪਤਨੀ ਕੁੰਤ ਕਮਰੇ ‘ਚ ਪਰਵੇਸ਼ ਕਰਦੀ ਹੈ, ਤੇ ਵਰਮਨ ਨੂੰ ਸੰਬੋਧਨ ਕਰਦੀ ਹੈ)

ਕੁੰਤ

ਨਮਸਕਾਰ, ਹੋਏ ਸਵਾਮੀ ਮੇਰਾ
ਬਾਰਾਂ ਉਹਲੇ ਖੜੀ ਖੜੀ ਮੈਂ
ਸੁਣ ਚੁੱਕੀ
ਵਿਖਿਆਣ ਬਥੇਰਾ
ਮੇਰੇ ਸਵਾਮੀ,
ਨੀਰ ਜੇ ਗੰਦਾ
ਗੰਗਾ ਤਾਈਂ ਆ ਮਿਲ ਜਾਵੇ
ਉਹ ਸਾਰਾ ਗੰਗਾ ਕਹਿਲਾਵੇ
ਪੂਜਨ-ਹਾਰਾ ਹੀ ਹੋ ਜਾਵੇ
ਕਿਉਂ ਸੰਭਵ ਨਾ,
ਜੇਕਰ ਲੂਣਾ
ਵੀਰ ਮੇਰੇ ਦੇ ਲੜ ਲੱਗ ਜਾਵੇ
ਕਿਉਂਕਰ ਮੁੜ
ਸ਼ੂਦਰ ਕਹਿਲਾਵੇ ?

ਵਰਮਨ

ਚਾਤ੍ਰਿਕ ਸੁਆਂਤ ਬੂੰਦ ਹੀ ਪੀਵੇ
ਉਹ ਤਾਂ ਗੰਗਾ ਕਦੇ ਨਾ ਜਾਵੇ
ਲੱਖ ਪਵਿਤ੍ਰ ਹੋਵਣ ਪਾਣੀ
ਉਹ ਨਾ ਉਸ ਨੂੰ ਜੀਭ ਛੁਹਾਵੇ
ਬੇ-ਸ਼ੱਕ ਕਾਗ ਨੇ ਕਾਲੇ ਹੁੰਦੇ
ਪਰ ਕੋਈ,
ਕੋਇਲ ਨਾ ਕਹਿਲਾਵੇ

ਕੁੰਤ

ਬੇ-ਸ਼ੱਕ,
ਕੋਇਲਾਂ-ਕਾਗ ਨਾ ਕਾਲੇ
ਪਰ ਕੋਇਲਾਂ ਦੇ ਬੱਚੇ ਪਾਲੇ
ਸੰਭਵ ਹੈ,
ਵੀਰੇ ਘਰ ਲੂਣਾ
ਮੁੜ ਕੇ ਬੁੱਤਿਆ
ਸੂਰਜ ਬਾਲੇ

ਵਰਮਨ

ਮੈਂ ਚਾਹੁੰਦਾਂ,
ਸੂਰਜ ਬਲ ਜਾਵੇ
ਪਰ ਖੋਰੇ ਕਿਉਂ
ਲੱਜਿਆ ਆਵੇ
ਊਧੇ-ਪੁਰੀਏ
ਕੀਹ ਆਖਣਗੇ ?
ਇੱਛਰਾਂ ਤਾਈਂ ਜੰਮਣ ਵਾਲੇ
ਡਰਦਾਂ,
ਕੋਈ ਹਰਫ਼ ਨਾ ਆਵੇ

ਸਲਵਾਨ

ਹਰਫ਼ ਤੁਸਾਂ ਤੇ
ਤਦ ਆਵੇਗਾ
ਜਦ ਸਲਵਾਨ ਵੀ
ਮਰ ਜਾਵੇਗਾ

ਵਰਮਨ

ਇਹ ਇੱਛਰਾਂ ਸੰਗ
ਵੀ ਆਣਿਆਂ ਹੈ
ਉਹ ਤੇਰੇ
ਵਿਹੜੇ ਦੀ ਛਾਂ ਹੈ
ਤੇ ਤੇਰੇ ਪੁੱਤਰ ਦੀ ਮਾਂ ਹੈ
ਨਾਰੀ ਜਦ ਇਕ
ਮਾਂ ਬਣ ਜਾਵੇ
ਨਾਰੀ ਨਹੀਂ,
ਬੇ-ਜੀਭੀ ਗਾਂ ਹੈ

ਕੁੰਤ

ਨਾਰੀ, ਨਰ ਦਾ
ਉਹ ਗਹਿਣਾ ਹੈ
ਨਰ ਦੇ ਗਲ ਵਿਚ
ਤਾਂ ਰਹਿਣਾ ਹੈ
ਜੇ ਨਰ ਨੂੰ,
ਉਸ ਮੋਹ ਲੈਣਾ ਹੈ
ਪਰ ਜੇ,
ਨਰ ਨੂੰ ਮੋਹ ਨਹੀਂ ਸਕਦੀ
ਤਾਂ ਉਹ ਨਾਰੀ
ਹੈ ਨਹੀਂ ਸਕਦੀ
ਅਗਨ-ਸਰਪਨੀ
ਹੋ ਸਕਦੀ ਹੈ
ਸੁਪਨ-ਸਰਪਨੀ
ਹੋ ਨਹੀਂ ਸਕਦੀ
ਇਹਦੇ ਨਾਲੋਂ
ਅਗਨ-ਸਰਪਨੀ,
ਚੰਗਾ ਹੈ
ਜੇਕਰ ਮਰ ਜਾਵੇ
ਮੁੜ ਨਾਰੀ ਦੀ,
ਜੂਨ ਨਾ ਆਵੇ

ਵਰਮਨ

ਕੁੰਤੇ !
ਪਰ ਹਰ ਅਗਨ-ਸਰਪਨੀ
ਸੁਪਨ-ਸਰਪਨੀ
ਵੀ ਹੈ ਹੁੰਦੀ
ਜੇ ਇਕ ਅੱਖ ਲਈ
ਨਿਰਾ ਕੋਝ ਹੈ
ਦੂਜੀ ਦੇ ਲਈ
ਸੁਹਜ ਹੈ ਹੁੰਦੀ
ਰੱਤੀ ਦੀ ਨੀਂਦਰ ਚੋਂ ਟੁੱਟਾ
ਹਰ ਨਾਰੀ
ਸੁਪਨਾ ਹੈ ਹੁੰਦੀ
ਪਰ ਜੇ ਤੁਸੀਂ
ਬੜੇ ਇੱਛਕ ਹੋ
ਕਹੋ ਮੰਤਰੀ ਤਾਈਂ ਜਾਕੇ
ਬਾਰੂ ਦੇ ਘਰ,
ਜਾ ਕਹਿ ਆਵੇ
ਕਿ ਉਹ ਧੀ ਦਾ,
ਕਾਜ ਰਚਾਵੇ
ਤੇ ਮੇਰੇ
ਮਿੱਤ੍ਰ ਲੜ ਲਾਵੇ
ਜੋ ਮੰਗੇ,
ਸੋ ਬਖ਼ਸ਼ਸ਼ ਪਾਵੇ

(ਸਾਰੇ ਉੱਠ ਕੇ ਚਲੇ ਜਾਂਦੇ ਹਨ)

ਲੂਣਾ (1965): ਪਹਿਲਾ ਅੰਕ

ਲੂਣਾ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ ਹੈ। 1965 ਵਿੱਚ ਛਪੇ ਪੂਰਨ ਭਗਤ ਦੀ ਪ੍ਰਾਚੀਨ ਕਥਾ ਦੇ ਅਧਾਰ ਤੇ, ਇਸ ਮਹਾਂਕਾਵਿ ਨੂੰ ਸਾਹਿਤ ਅਕਾਦਮੀ ਹਾਸਲ ਕਰ ਕੇ ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਇਹ ਅਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਬਣਿਆ।ਲੂਣਾ ਮਹਾਂਕਾਵਿ ਪੂਰਨ ਭਗਤ ਦੀ ਪੁਰਾਤਨ ਕਥਾ 'ਤੇ ਅਧਾਰਤ ਹੈ। ਪੂਰਨ ਇਕ ਰਾਜਕੁਮਾਰ ਹੈ ਜਿਸਦਾ ਪਿਤਾ ਲੂਣਾ ਨਾਮ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ, ਜੋ ਆਪਣੀ ਉਮਰ ਤੋਂ ਬਹੁਤ ਛੋਟੀ ਹੈ। ਪੂਰਨ ਦੀ ਮਤਰੇਈ ਮਾਂ ਲੂਣਾ...

ਮੇਰੇ ਦੋਸਤਾ

ਮੈਨੂੰ ਤਾਂ ਮੇਰੇ ਦੋਸਤਾਮੇਰੇ ਗ਼ਮ ਨੇ ਮਾਰਿਆ ।ਹੈ ਝੂਠ ਤੇਰੀ ਦੋਸਤੀ ਦੇਦਮ ਨੇ ਮਾਰਿਐ ।ਮੈਨੂੰ ਤੇ ਜੇਠ ਹਾੜ 'ਤੇਕੋਈ ਨਹੀਂ ਗਿਲਾਮੇਰੇ ਚਮਨ ਨੂੰ ਚੇਤ ਦੀਸ਼ਬਨਮ ਨੇ ਮਾਰਿਐ ।ਮੱਸਿਆ ਦੀ ਕਾਲੀ ਰਾਤ ਦਾਕੋਈ ਨਹੀਂ ਕਸੂਰਸਾਗਰ ਨੂੰ ਉਹਦੀ ਆਪਣੀਪੂਨਮ ਨੇ ਮਾਰਿਐ ।ਇਹ ਕੌਣ ਹੈ ਜੋ ਮੌਤ ਨੂੰਬਦਨਾਮ ਕਰ ਰਿਹੈ ?ਇਨਸਾਨ ਨੂੰ ਇਨਸਾਨ ਦੇਜਨਮ ਨੇ ਮਾਰਿਐ ।ਚੜ੍ਹਿਆ ਸੀ ਜਿਹੜਾ ਸੂਰਜਾਡੁੱਬਣਾ ਸੀ ਉਸ ਜ਼ਰੂਰਕੋਈ ਝੂਠ ਕਹਿ ਰਿਹਾ ਹੈਕਿ ਪੱਛਮ ਨੇ ਮਾਰਿਐ ।ਮੰਨਿਆਂ ਕਿ ਮੋਇਆਂ ਮਿੱਤਰਾਂਦਾ ਗ਼ਮ ਵੀ ਮਾਰਦੈਬਹੁਤਾ ਪਰ ਇਸ ਦਿਖਾਵੇ ਦੇਮਾਤਮ ਨੇ...

ਲਾਜਵੰਤੀ (1961)

ਮੇਰੇ ਗੀਤਾਂ ਦੀ ਲਾਜਵੰਤੀ ਨੂੰ,ਤੇਰੇ ਬਿਰਹੇ ਨੇ ਹੱਥ ਲਾਇਐ ।ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ,ਤੇਰੀ ਸਰਦਲ 'ਤੇ ਸਿਰ ਨਿਵਾਇਐ ।ਇਹ ਕੌਣ ਮਾਲੀ ਹੈ ਦਿਲ ਮੇਰੇ ਦਾਚਮਨ ਜੋ ਫੱਗਣ 'ਚ ਵੇਚ ਚੱਲਿਐ,ਇਹ ਕੌਣ ਭੌਰਾ ਹੈ ਜਿਸ ਨਿਖੱਤੇ ਨੇਮੇਰੇ ਗ਼ਮ ਦੀ ਕਲੀ ਨੂੰ ਤਾਇਐ ।ਉਹ ਕਿਹੜੀ ਕੰਜਕ ਸੀ ਪੀੜ ਮੇਰੀ ਦੀਜਿਸ ਨੇ ਦੁਨੀਆਂ ਦੇ ਪੈਰ ਧੋਤੇ,ਇਹ ਕਿਹੜੀ ਹਸਰਤ ਹੈ ਜਿਸ ਨੇ ਦਿਲ ਦੇਵੀਰਾਨ ਵਿਹੜੇ 'ਚ ਚੌਕ ਵਾਹਿਐ ?ਮੇਰੇ ਸਾਹਾਂ ਦੀ ਪੌਣ ਤੱਤੀ ਦਾਕਿਹੜਾ ਬੁੱਲਾ ਖਲਾ 'ਚ ਘੁਲਿਐ,ਇਹ ਕਿਹੜਾ ਹੰਝੂ ਹੈ ਮੇਰੇ...