ਲਕੀਰਾਂ
ਖਿੱਚੀਆਂ ਕਾਗਜ਼ ਉੱਤੇ ਲਕੀਰਾਂ, ਕਿਵੇਂ ਬਦਲ ਦੇਣ ਤਕਦੀਰਾਂ
ਬਾਬਾ ਦੱਸ ਕਿਵੇਂ ਵੰਡੀਏ, ਵਾਰਿਸ ਬੁੱਲ੍ਹੇ ਜਹੇ ਫ਼ਕੀਰਾਂ
ਮੇਰਾ ਧਰਮ ਇਨਸਾਨੀ ਜੀ, ਲਹੂ ਨਿਰਾ ਤੇਜ਼ਾਬ ਏ ਮੇਰਾ
ਮੇਰੀ ਜਾਤ ਪੰਜਾਬੀ ਏ, ਸੋਹਣਿਆ ਪਿੰਡ ਪੰਜਾਬ ਏ ਮੇਰਾ
ਸਿੰਘ ਜੰਮਿਆ ਲੈਲਪੁਰ ਦਾ, ਮੋੜੀ ਗੱਡੀ ਸੀ ਆ ਕੇ ਮੋਗੇ
ਇਹ ਵੀ ਲਗਦੀ ਓਹੀ ਐ, ਮਿੱਟੀ ਚੁੰਮ ‘ਲੀ ਟਕਾ ਕੇ ਗੋਡੇ
ਖੱਬਿਓਂ ਸੱਝੇ ਕੀਤਾ ਓਏ, ਗੋਰਿਆ ਡੱਲ ਦਿਮਾਗ਼ ਏ ਤੇਰਾ
ਮੇਰੀ ਜਾਤ ਪੰਜਾਬੀ ਏ, ਸੋਹਣਿਆ ਦੇਸ ਪੰਜਾਬ ਏ ਮੇਰਾ
ਮੀਏਂ ਉੱਜੜੇ ਲਹਿੰਦਿਓਂ ਕਈ, ਜਾ ਕੇ ਵੱਸਗੇ ਚੜ੍ਹਦੇ ਪਾਸੇ
ਮਸੀਤਾਂ ਛੱਡ ਸਰਦਾਰਾਂ ਨੂੰ, ਸਾਂਭ ਲਏ ਨਨਕਾਣੇ ਖਾਸੇ
ਕਿਹੜੇ ਮੰਦਰੋਂ ਰੋਟ ਖਾਈਏ, ਤੋਤੇ ਵੀ ਛੱਡਗੇ ਬਾਗ਼ ਤੇ ਡੇਰਾ
ਮੇਰੀ ਜਾਤ ਪੰਜਾਬੀ ਏ, ਸੋਹਣਿਆ ਪਿੰਡ ਪੰਜਾਬ ਏ ਮੇਰਾ
ਜੱਟ ਮਰਕੇ ਕਰਦੇ ਖੇਤੀ ਜੀ, ਕੋਈ ਸੌਵੇਂ ਜੀਵ ਜੰਤ ਨਾ ਭੁੱਖਾ
ਸਾਧ ਵਸਦੇ ਮੱਠਾਂ ਤੇ, ਕੱਢਣ ਨਾ ਗਾਲ਼ ਨਾ ਬੋਲਣ ਰੁੱਖਾ
ਪਾਂਧੇ ਵੀ ਰੱਖਦੇ ਰੋਜੜੇ ਸੀ, ਐਸਾ ਰਣਜੀਤ ਰਾਜ ਸੀ ਤੇਰਾ
ਮੇਰੀ ਜਾਤ ਪੰਜਾਬੀ ਏ, ਸੋਹਣਿਆ ਪਿੰਡ ਪੰਜਾਬ ਏ ਮੇਰਾ
ਕਿਵੇਂ ਭੁੱਲਾਂ ਵੰਡ ਸ਼ਿਆਟ ਵਾਲੀ, ਧੌਣ ਵੱਢੀ ਚੀਰੀਆਂ ਲੱਤਾਂ
ਆਂਦਰਾਂ ਰੋਈਆਂ ਦਿਲ ਫਿੱਸਿਆ, ਪੈਂਤੀ ਰੜਕੀ ਵਜੀਰੀ ਅੱਖਾਂ
ਤਿੰਨਾਂ ਤੋਂ ਪੰਜ ਹੋਣ ਵਾਲਾ, ਫਿਰ ਟੁੱਟਿਆ ਖਾਬ ਜੀ ਮੇਰਾ
ਮੇਰੀ ਜਾਤ ਪੰਜਾਬੀ ਏ, ਸੋਹਣਿਆ ਪਿੰਡ ਪੰਜਾਬ ਏ ਮੇਰਾ
ਤਾਰੋਂ ਲਾਹ ਕੇ ਲੋਥੜੇ ਜੀ, ਆਜ਼ਾਦੀ ਵਿਲਕੇ ਵਾਘੇ ਹੱਦ ਜਾ ਕੇ
‘ਗਿੱਲ’ ਫੂਕ ਵਲੈਤ ਦਿਓ, ਸਵਾਹ ਸਿਟਿਓ 'ਕੁਰੜ' ਪਿੰਡ ਜਾ ਕੇ
ਸਾਹੋਕਿਓਂ ਵੱਖ ਹੋ ਕੇ, ਬਾਬੂ ਜੀ ਜਮਾ ਘਟਿਆ ਲਿਹਾਜ਼ ਨਾ ਤੇਰਾ
ਮੇਰੀ ਜਾਤ ਪੰਜਾਬੀ ਏ, ਸੋਹਣਿਆ ਪਿੰਡ ਪੰਜਾਬ ਏ ਮੇਰਾ