ਲਫਜ਼ਾਂ ਦੀ ਦਰਗਾਹ
ਸੰਤਾਪ ਨੂੰ ਗੀਤ ਬਣਾ ਲੈਣਾ
ਮੇਰੀ ਮੁਕਤੀ ਦਾ ਇਕ ਰਾਹ ਤਾਂ ਹੈ
ਜੇ ਹੋਰ ਨਹੀਂ ਹੈ ਦਰ ਕੋਈ
ਇਹ ਲਫਜ਼ਾਂ ਦੀ ਦਰਗਾਹ ਤਾਂ ਹੈ
ਹੇ ਕਵਿਤਾ
ਹੇ ਕਵਿਤਾ, ਮੈਂ ਮੁੜ ਆਇਆ ਹਾਂ
ਤੇਰੇ ਉਚੇ ਦੁਆਰ
ਜਿੱਥੇ ਹਰਦਮ ਸਰਗਮ ਗੂੰਜੇ
ਹਰ ਗਮ ਦਏ ਨਿਵਾਰ
ਕਿਸ ਨੂੰ ਆਖਾਂ, ਕਿੱਧਰ ਜਾਵਾਂ
ਤੇਰੇ ਬਿਨ ਕਿਸ ਨੂੰ ਦਿਖਲਾਵਾਂ
ਇਹ ਜੋ ਮੇਰੇ ਸੀਨੇ ਖੁੱਭੀ
ਅਣਦਿਸਦੀ ਤਲਵਾਰ
ਰੱਤ ਦੇ ਟੇਪੇ ਸਰਦਲ ਕਿਰਦੇ
ਜ਼ਖਮੀ ਹੋ ਹੋ ਪੰਛੀ ਗਿਰਦੇ
ਤੂੰ ਛੋਹੇਂ ਤਾਂ ਫਿਰ ਉਡ ਜਾਂਦੇ
ਬਣ ਗੀਤਾਂ ਦੀ ਡਾਰ
ਅੱਥਰੂ ਏਥੇ ਚੜ੍ਹਨ ਚੜ੍ਹਾਵਾ
ਜਾਂ ਸਿਸਕੀ ਜਾਂ ਹਉਕਾ ਹਾਵਾ
ਦੁੱਖੜੇ ਦੇ ਕੇ ਮੁਖੜੇ ਲੈ ਜਾਉ
ਗੀਤਾਂ ਦੇ ਸ਼ਿੰਗਾਰ
ਤੇਰੀਆਂ ਪੌੜੀਆਂ ਸੱਚੀਆਂ ਸੁੱਚੀਆਂ
ਹਉਕੇ ਤੋਂ ਹਾਸੇ ਤੱਕ ਉਚੀਆਂ
ਅਪਣੇ ਹਉਕੇ ਤੇ ਹੱਸ ਸਕੀਏ
ਵਰ ਦੇ ਦੇਵਣਹਾਰ
ਰੱਤ ਨੁੰ ਖਾਕ ‘ਤੇ ਡੁੱਲਣ ਨਾ ਦੇ
ਡਿਗਣ ਤੋਂ ਪਹਿਲਾਂ ਲਫਜ਼ ਬਣਾ ਦੇ
ਲੈ ਕਵਿਤਾ ਦੀ ਸਤਰ ਬਣਾ ਦੇ
ਲਾਲ ਲਹੂ ਦੀ ਧਾਰ
ਕਰੁਣਾ ਦੇ ਸੰਗ ਝੋਲੀ ਭਰ ਦੇ
ਹੱਸ ਸਕਾਂ ਦੀਵਾਨਾ ਕਰ ਦੇ
ਦੁੱਖ ਸੁਖ ਜੀਵਨ ਮਰਨ ਦੀ ਹੱਦ ਤੋਂ
ਕਰ ਦੇਹ ਰੂਹ ਨੂੰ ਪਾਰ
ਸੀਨੇ ਦੇ ਵਿਚ ਛੇਕ ਨੇ ਜਿਹੜੇ
ਇਸ ਵੰਝਲੀ ਦੀ ਹੇਕ ਨੇ ਜਿਹੜੇ
ਲੈ ਵੈਰਾਗ ਨੂੰ ਰਾਗ ਬਣਾ ਦੇ
ਪੋਟਿਆਂ ਨਾਲ ਦੁਲਾਰ
ਹੇ ਕਵਿਤਾ, ਮੈਂ ਮੁੜ ਆਇਆ ਹਾਂ
ਤੇਰੇ ਉਚੇ ਦੁਆਰ
ਜਿੱਥੇ ਹਰ ਦਮ ਸਰਗਮ ਗੂੰਜੇ
ਹਰ ਗਮ ਦਏ ਨਿਵਾਰ
ਚੱਲ ਪਾਤਰ ਹੁਣ ਢੂੰਡਣ ਚੱਲੀਏ
ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਂਵਾਂ
ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ
ਗੱਡੀ ਚੜ੍ਹਨ ਦੀ ਕਾਹਲ ਬੜੀ ਸੀ ਕੀ ਕੁਝ ਰਹਿ ਗਿਆ ਓਥੇ
ਪਲਾਂ ਛਿਣਾਂ ਵਿਚ ਛੱਡ ਆਏ ਸਾਂ ਜੁਗਾਂ ਜੁਗਾਂ ਦੀਆਂ ਥਾਂਵਾਂ
ਅੱਧੀ ਰਾਤ ਹੋਏਗੀ ਮੇਰੇ ਪਿੰਡ ਉਤੇ ਇਸ ਵੇਲੇ
ਜਾਗਦੀਆਂ ਹੋਵਣਗੀਆਂ ਸੁੱਤਿਆਂ ਪੁਤਰਾਂ ਲਾਗੇ ਮਾਂਵਾਂ
ਮਾਰੂਥਲ ‘ ਚੋਂ ਭੱਜ ਆਇਆ ਮੈਂ ਆਪਣੇ ਪੈਰ ਬਚਾ ਕੇ
ਪਰ ਓਥੇ ਰਹਿ ਗਈਆਂ ਜੋ ਸਨ ਮੇਰੀ ਖਾਤਰ ਰਾਹਵਾਂ
ਮੇਰੇ ਲਈ ਜੋ ਤੀਰ ਬਣੇ ਸਨ ਹੋਰ ਕਲੇਜੇ ਲੱਗੇ
ਕਿੰਝ ਸਾਹਿਬਾਂ ਨੂੰ ਆਪਣੀ ਆਖਾਂ ਕਿਉਂ ਮਿਰਜ਼ਾ ਸਦਵਾਵਾਂ
ਮੈਂ ਸਾਗਰ ਦੇ ਕੰਢੇ ਬੈਠਾਂ ਕੋਰੇ ਕਾਗਜ਼ ਲੈ ਕੇ
ਓਧਰ ਮਾਰੂਥਲ ਵਿਚ ਮੈਨੂੰ ਟੋਲਦੀਆਂ ਕਵਿਤਾਵਾਂ
ਖ਼ਾਬਾਂ ਵਿਚ ਇਕ ਬੂਹਾ ਦੇਖਾਂ ਬੰਦ ਤੇ ਉਸ ਦੇ ਅੱਗੇ
ਕਈ ਹਜ਼ਾਰ ਰੁਲਦੀਆਂ ਚਿੱਠੀਆਂ ‘ਤੇ ਮੇਰਾ ਸਰਨਾਵਾਂ
ਖੰਭਾਂ ਵਰਗੀਆਂ ਚਿੱਠੀਆਂ ਉਹਨਾਂ ਵਾਂਗ ਭਟਕ ਕੇ ਮੋਈਆਂ
ਮਰ ਜਾਂਦੇ ਨੇ ਪੰਛੀ ਜਿਹੜੇ ਚੀਰਦੇ ਸਰਦ ਹਵਾਵਾਂ
ਜਾਂ ਤਾਂ ਤੂੰ ਵੀ ਧੁੱਪੇ ਆ ਜਾ ਛੱਡ ਕੇ ਸ਼ਾਹੀ ਛਤਰੀ
ਜਾਂ ਫਿਰ ਰਹਿਣ ਦੇ ਮੇਰੇ ਸਿਰ ਤੇ ਇਹ ਸ਼ਬਦਾਂ ਦੀਆਂ ਛਾਵਾਂ
ਚੱਲ ਛੱਡ ਹੁਣ ਕੀ ਵਾਪਸ ਜਾਣਾ, ਜਾਣ ਨੂੰ ਬਚਿਆ ਕੀ ਏ
ਤੇਰੇ ਪੈਰਾਂ ਨੂੰ ਤਰਸਦੀਆਂ ਮਰ ਮੁਕ ਗਈਆਂ ਰਾਹਵਾਂ
ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚੱਲਣ ਸੱਜ-ਲਿਖੀਆਂ ਕਵਿਤਾਵਾਂ
ਇਕ ਮੇਰੀ ਅਧਖੜ ਜਿਹੀ ਆਵਾਜ਼ ਹੈ
ਇਕ ਮੇਰੀ ਅਧਖੜ ਜਿਹੀ ਆਵਾਜ਼ ਹੈ
ਦੂਸਰੇ ਹੈ ਨਜ਼ਮ ਸੋ ਨਾਰਾਜ਼ ਹੈ
ਇਹ ਹੈ ਮੇਰੀ ਨਜ਼ਮ ਦੀ ਨਰਾਜ਼ਗੀ
ਪਿੰਜਰਾ ਹਾਂ ਮੈਂ ਤੇ ਉਹ ਪਰਵਾਜ਼ ਹੈ
ਕੁਛ ਨਾ ਕਹਿ ਖਾਮੋਸ਼ ਰਹਿ ਓ ਸ਼ਾਇਰਾ
ਸਭ ਨੂੰ ਤੇਰੇ ਕਹਿਣ ਤੇ ਇਤਰਾਜ਼ ਹੈ
ਸੁਣ ਤੇਰੀ ਆਵਾਜ਼ ਉਹ ਆ ਜਾਣਗੇ
ਹੱਥ ਜਿਨਾਂ ਦੇ ਸੀਨੇ-ਵਿੰਨਵਾਂ ਸਾਜ਼ ਹੈ
ਗੀਤ ਤੇਰੇ ਮੁਖਬਰੀ ਕਰ ਦੇਣਗੇ
ਤੇਰੀ ਹਿਕ ਵਿਚ ਰੌਸ਼ਨੀ ਦਾ ਰਾਜ਼ ਹੈ
ਜੋ ਜਗੇ ਉਸ ਦਾ ਨਿਸ਼ਾਨਾ ਬੰਨ੍ਹਦਾ
ਰਾਤ ਦਾ ਹਾਕਮ ਨਿਸ਼ਾਨੇਬਾਜ਼ ਹੈ
ਉਹ ਕਿ ਜਿਸ ਦੀ ਜਾਨ ਹੀ ਨ੍ਹੇਰੇ ‘ਚ ਹੈ
ਉਸ ਨੂੰ ਸਾਡੇ ਜਗਣ ਤੇ ਇਤਰਾਜ਼ ਹੈ
ਤਗਮਿਆਂ ਦੀ ਥਾਂ ਤੇ ਹਿਕ ਵਿਚ ਗੋਲੀਆਂ
ਇਹ ਵੀ ਇਕ ਸਨਮਾਨ ਦਾ ਅੰਦਾਜ਼ ਹੈ
ਇਹ ਨਹੀਂ ਆਕਾਸ਼ਵਾਣੀ ਦੋਸਤੋ
ਇਹ ਤਾਂ ਧੁਖਦੀ ਧਰਤ ਦੀ ਆਵਾਜ਼ ਹੈ
ਹੈ ਮੇਰੇ ਸੀਨੇ ‘ਚ ਕੰਪਨ ਮੈਂ ਇਮਤਿਹਾਨ ‘ਚ ਹਾਂ
ਹੈ ਮੇਰੇ ਸੀਨੇ ‘ਚ ਕੰਪਨ ਮੈਂ ਇਮਤਿਹਾਨ ‘ਚ ਹਾਂ
ਮੈਂ ਖਿੱਚਿਆ ਤੀਰ ਹਾਂ ਐਪਰ ਅਜੇ ਕਮਾਨ ‘ਚ ਹਾਂ
ਹਾਂ ਤੇਗ ਇਸ਼ਕ ਦੀ ਪਰ ਆਪਣੇ ਹੀ ਸੀਨੇ ਵਿਚ
ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ ‘ਚ ਹਾਂ
ਬਚਾਈਂ ਅੱਜ ਤੂੰ ਕਿਸੇ ਸੀਨੇ ਲੱਗਣੋਂ ਮੈਨੂੰ
ਕਿ ਅੱਜ ਮੈਂ ਪੰਛੀ ਨਹੀਂ, ਤੀਰ ਹਾਂ, ਉਡਾਨ ‘ਚ ਹਾਂ
ਜ਼ਮੀਨ ਰਥ ਹੈ ਮੇਰਾ, ਬਿਰਖ ਨੇ ਮੇਰੇ ਪਰਚਮ
ਤੇ ਮੇਰਾ ਮੁਕਟ ਹੈ ਸੂਰਜ, ਮੈਂ ਬਹੁਤ ਸ਼ਾਨ ‘ਚ ਹਾਂ
ਰਲੀ ਅਗਨ ‘ਚ ਅਗਨ, ਜਲ ‘ਚ ਜਲ, ਹਵਾ ‘ਚ ਹਵਾ,
ਕਿ ਵਿਛੜੇ ਸਾਰੇ ਮਿਲੇ, ਮੈਂ ਅਜੇ ਉਡਾਨ ‘ਚ ਹਾਂ
ਤੇਰਾ ਖਿਆਲ ਮੇਰੇ ਸੀਨੇ ਨਾਲ ਲੱਗਿਆ ਹੈ
ਹੈ ਰਾਤ ਹਿਜ਼ਰ ਦੀ ਪਰ ਮੈਂ ਅਮਨ ਅਮਾਨ ‘ਚ ਹਾਂ
ਮੈਂ ਕਿਸ ਦੇ ਨਾਲ ਕਰਾਂ ਗੁਫਤਗੂ ਕਿ ਕੋਈ ਨਹੀਂ
ਮੇਰੇ ਬਗੈਰ, ਮੇਰੇ ਰੱਬ, ਮੈਂ ਜਿਸ ਜਹਾਨ ‘ਚ ਹਾਂ
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ
ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ ‘ਚ ਹਾਂ
ਇਹ ਲਫਜ਼ ਮੇਰੇ ਨਹੀਂ ਪਰ ਇਹ ਵਾਕ ਮੇਰਾ ਹੈ
ਜਾਂ ਖਬਰੇ ਇਹ ਵੀ ਨਹੀ ਐਵੇਂ ਮੈਂ ਗੁਮਾਨ ‘ਚ ਹਾਂ
ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ
ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ
ਕਿੱਧਰ ਜਾਣ ਮਹਿਕਾਂ ਹਵਾਵਾਂ ਤੋਂ ਚੋਰੀ
ਸ਼ਰੀਕਾਂ ਦੀ ਸ਼ਹਿ ‘ਤੇ ਭਰਾਵਾਂ ਤੋਂ ਚੋਰੀ
ਮੈਂ ਸੂਰਜ ਜੋ ਡੁੱਬਿਆ ਦਿਸ਼ਾਵਾਂ ਤੋਂ ਚੋਰੀ
ਕਿੱਧਰ ਗਏ ਓ ਪੁੱਤਰੋ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਵਾਂ ਤੋਂ ਚੋਰੀ
ਕਿਸੇ ਹੋਰ ਧਰਤੀ ਤੇ ਵਰਦਾ ਰਿਹਾ ਮੈਂ
ਤੇਰੇ ਧੁਖਦੇ ਖਾਬਾਂ ਤੇ ਚਾਵਾਂ ਤੋਂ ਚੋਰੀ
ਉਨਾਂ ਦੀ ਵੀ ਹੈ ਪੈੜ ਮੇਰੀ ਗਜ਼ਲ ਵਿਚ
ਕਦਮ ਜਿਹੜੇ ਤੁਰਿਆ ਮੈਂ ਰਾਹਵਾਂ ਤੋਂ ਚੋਰੀ
ਕਲੇਜਾ ਤਾਂ ਫਟਣਾ ਹੀ ਸੀ ਉਸ ਦਾ ਇਕ ਦਿਨ
ਜੁ ਹਉਕਾ ਵੀ ਭਰਦਾ ਸੀ ਸਾਹਵਾਂ ਤੋਂ ਚੋਰੀ
ਉਹ ਛਾਵਾਂ ਨੂੰ ਮਿਲਦਾ ਸੀ ਧੁੱਪਾਂ ਤੋਂ ਛੁੱਪ ਕੇ
ਤੇ ਰਾਤਾਂ ‘ਚ ਡੁਬਦਾ ਸੀ ਛਾਵਾਂ ਤੋਂ ਚੋਰੀ
ਘਰੀਂ ਮੁਫਲਿਸਾਂ ਦੇ, ਦਰੀਂ ਬਾਗੀਆਂ ਦੇ
ਜਗੋ ਦੀਵਿਓ ਬਾਦਸ਼ਾਹਵਾਂ ਤੋਂ ਚੋਰੀ
ਮੇਰੇ ਯੁੱਗ ਦੇ ਐ ਸੂਰਜੋ ਪੈਰ ਦਬ ਕੇ
ਕਿਧਰ ਜਾ ਰਹੇ ਹੋਂ ਸ਼ੁਆਵਾਂ ਤੋ ਚੋਰੀ
ਦਗਾ ਕਰ ਰਿਹਾ ਏਂ, ਗਜ਼ਲ ਨਾਲ ‘ਪਾਤਰ’
ਇਹ ਕੀ ਲਿਖ ਰਿਹੈਂ ਭਾਵਨਾਵਾਂ ਤੋਂ ਚੋਰੀ
ਸਾਜ਼ ਕਹੇ ਤਲਵਾਰ ਨੂੰ
ਸਾਜ਼ ਕਹੇ ਤਲਵਾਰ ਨੂੰ
ਦਿਲ ਦੇ ਰੰਗ ਹਜ਼ਾਰ
ਤੇਗ ਕਹੇ ਇੱਕ ਲੋਥੜਾ
ਲਹੂ ਦੀਆਂ ਬੂੰਦਾਂ ਚਾਰ
ਮੇਰੀ ਕਵਿਤਾ
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ
ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸਦਾ ਦੁਖ ਮੇਰੇ ਹੁੰਦਿਆਂ
ਆਇਆ ਕਿੱਥੋਂ
ਨੀਝ ਲਗਾਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ
ਕੁੱਖੋਂ ਜਾਏ
ਮਾਂ ਨੂੰ ਛੱਡ ਕੇ
ਦੁਖ ਕਾਗਤਾਂ ਨੂੰ ਦੱਸਦੇ ਨੇ
ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਆ
ਖ਼ਬਰੇ ਏਦਾਂ ਹੀ
ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ
ਘੱਟ ਗਿਣਤੀ ਨਹੀਂ
ਘੱਟ ਗਿਣਤੀ ਨਹੀਂ
ਮੈਂ ਦੁਨੀਆਂ ਦੀ
ਸਭ ਤੋਂ ਵੱਡੀ ਬਹੁ-ਗਿਣਤੀ ਨਾਲ
ਸਬੰਧ ਰੱਖਦਾ ਹਾਂ
ਬਹੁ ਗਿਣਤੀ
ਜੋ ਉਦਾਸ ਹੈ
ਖਾਮੋਸ਼ ਹੈ
ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ
ਏਨੇ ਚਾਨਣਾਂ ਦੇ ਬਾਵਜੂਦ ਹਨੇਰੇ ਵਿਚ ਹੈ
ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ
ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ
ਕਾਮਨਾ ਵਿਚ ਵਰਜਣਾ ਉਲਝੀ ਪਈ ਏ
ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ
ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ
ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ
ਤਨ ‘ਚ ਤੇਰੀ ਵੇਦਨਾ ਉਲਝੀ ਪਈ ਏ
ਰਾਤ ਦੇ ਸੀਨੇ ‘ਚ ਤਿੱਖਾ ਦਿਨ ਦਾ ਖੰਜ਼ਰ
ਖਾਬ ਦੇ ਵਿਚ ਸੂਚਨਾ ਉਲਝੀ ਪਈ ਏ
ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ
ਕਿੰਜ ਮੇਰੀ ਸਿਰਜਣਾ ਉਲਝੀ ਪਈ ਏ।
ਕੀ ਹੈ ਤੇਰੇ ਸ਼ਹਿਰ ਵਿਚ ਮਸ਼ਹੂਰ ਹਾਂ
ਕੀ ਹੈ ਤੇਰੇ ਸ਼ਹਿਰ ਵਿਚ ਮਸ਼ਹੂਰ ਹਾਂ
ਜੇ ਨਜ਼ਰ ਤੇਰੀ ‘ਚ ਨਾ-ਮਨਜ਼ੂਰ ਹਾਂ
ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ
ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ
ਢੋ ਰਿਹਾ ਹਾਂ ਮੈਂ ਹਨੇਰਾ ਰਾਤ ਦਿਨ
ਆਪਣੀ ਹਉਮੈ ਦਾ ਮੈਂ ਮਜ਼ਦੂਰ ਹਾਂ
ਦਰਦ ਨੇ ਮੈਨੂੰ ਕਿਹਾ : ਐ ਅੰਧਕਾਰ
ਮੈਂ ਤੇਰੇ ਸੀਨੇ ‘ਚ ਛੁਪਿਆ ਨੂਰ ਹਾਂ
ਮੇਰੇ ਸੀਨੇ ਵਿਚ ਹੀ ਹੈ ਸੂਲੀ ਮੇਰੀ
ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ
ਸਹੀ ਹੈ ਮਾਲਕੋ
ਸਹੀ ਹੈ ਮਾਲਕੋ, ਰਾਹਾਂ ਦੀ ਤਿਲਕਣ
ਗਲਤ ਸੀ ਮੇਰਿਆਂ ਪੈਰਾਂ ਦੀ ਥਿੜਕਣ
ਖਿਮਾ ਕਰਨਾ ਕਿ ਮੈਥੋਂ ਭੁੱਲ ਹੋ ਗਈ
ਬਿਨਾ ਪੁੱਛਿਆਂ ਹੀ ਕਰ ਦਿੱਤਾ ਮੈਂ ਚਾਨਣ
ਸਿਰਫ ਇਕ ਮੈਂ ਹੀ ਤਾਂ ਚਿਹਰਾ ਹਾਂ ਮੈਲਾ
ਉਹ ਸਾਰੇ ਸ਼ੀਸ਼ਿਆਂ ਦੇ ਵਾਂਗ ਲਿਸ਼ਕਣ
ਜੋ ਸਾਡਾ ਹਾਲ ਪੁੱਛਣ ਦੁੱਖ ਪਛਾਨਣ
ਉਨ੍ਹਾਂ ਨੂੰ ਕਹਿ ਨਾ ਐਵੇਂ ਖਾਕ ਛਾਨਣ
ਨਹੀਂ ਪੁਗਦੀ ਕਦੇ ਵੀ ਜੀਂਦਿਆਂ ਨੂੰ
ਇਹ ਸਾਹਾਂ ਦੀ ਹਵਾਵਾਂ ਨਾਲ ਅਣਬਣ
ਜਿਨ੍ਹਾਂ ਖਾਤਰ ਸਾਂ ਹੁਣ ਤਕ ਉਮਰ ਕੈਦੀ
ਪਤਾ ਨਈਂ ਉਹ ਪਛਾਨਣ ਨਾ ਪਛਾਨਣ
ਬਹੁਤ ਦਿਨ ਹੋ ਗਏ ਹੋਈ ਨਾ ਛਣਛਣ
ਹੈ ਝਾਂਜਰ ਨਾਲ ਕੀ ਪੈਰਾਂ ਦੀ ਅਣਬਣ।
ਉਦਾਸ ਵਕਤ ‘ਚ ਮੈਂ ਅਪਣੀ ਡਾਇਰੀ ਨ ਲਿਖੀ
ਉਦਾਸ ਵਕਤ ‘ਚ ਮੈਂ ਅਪਣੀ ਡਾਇਰੀ ਨ ਲਿਖੀ
ਸਫੇਦ ਸਫਿਆਂ ਤੇ ਮੈਂ ਮੈਲੀ ਜ਼ਿੰਦਗੀ ਨ ਲਿਖੀ
ਲਿਖੀ ਕਿਤਾਬ ਤੇ ‘ਆਤਮ ਕਥਾ’ ਕਿਹਾ ਉਸ ਨੂੰ
ਪਰ ਉਸ ਕਿਤਾਬ ‘ਚ ਵੀ ਅਪਣੀ ਜੀਵਨੀ ਨ ਲਿਖੀ
ਮਲੂਕ ਫੁੱਲਾਂ ਨੂੰ ਜਦ ਵੀ ਕਦੇ ਮੈਂ ਖਤ ਲਿਖਿਆ
ਤਾਂ ਅਪਣੇ ਤਪਦਿਆਂ ਰਾਹਾਂ ਦੀ ਗਲ ਕਦੀ ਨ ਲਿਖੀ
ਚਿਰਾਗ ਲਿਖਿਆ ਬਣਾ ਕੇ ਚਿਰਾਗ ਦੀ ਮੂਰਤ
ਪਰ ਉਸ ਚਿਰਾਗ ਦੀ ਕਿਸਮਤ ‘ਚ ਰੌਸ਼ਨੀ ਨ ਲਿਖੀ
ਜੁ ਉਡਦੀ ਜਾਏ ਹਵਾਵਾਂ ‘ਚ ਪੰਛੀਆਂ ਵਾਗੂੰ
ਬਹੁਤ ਮੈਂ ਲਿਖਿਆ ਏ ਪਰ ਐਸੀ ਡਾਰ ਹੀ ਨ ਲਿਖੀ
ਬਹੁਤ ਜੁ ਲਿਖਿਆ ਗਿਆ ਮੈਂ ਵੀ ਓਹੀ ਲਿਖਦਾ ਰਿਹਾ
ਉਹ ਬਾਤ ਜੋ ਸੀ ਅਜੇ ਤੀਕ ਅਣਲਿਖੀ ਨ ਲਿਖੀ
ਜਿਸਮ ਦੀ ਰੇਤ ਤੇ
ਜਿਸਮ ਦੀ ਰੇਤ ਤੇ ਇਕ ਲਫਜ਼ ਹੈ ਲਿਖਿਆ ਹੋਇਆ
ਪੌਣ ਦੇ ਰਹਿਮ ਤੇ ਇਖਾਲਕ ਹੈ ਟਿਕਿਆ ਹੋਇਆ
ਅੱਗ ਦਾ ਨਾਮ ਹੀ ਸੁਣਦਾ ਹਾਂ ਤਾਂ ਡਰ ਜਾਂਦਾ ਹਾਂ
ਮੈਂ ਜੁ ਪਿੱਤਲ ਹਾਂ ਖਰੇ ਸੋਨਿਓਂ ਵਿਕਿਆ ਹੋਇਆ
ਗੱਡੋ ਸੂਲੀ ਕਿ ਜ਼ਰਾ ਦੇਖੀਏ ਇਹ ਈਸਾ ਹੈ
ਜਾਂ ਕੋਈ ਹੋਰ ਉਦੇ ਭੇਸ ‘ਚ ਲੁਕਿਆ ਹੋਇਆ
ਦੁੱਖ ਦੇ ਪਹਿਰ ਦੇ ਅੰਧੇਰ ‘ਚ ਮੈਂ ਤੱਕਿਆ ਹੈ
ਮੇਰੇ ਦਿਲ ਵਿਚ ਖੁਦਾ ਹੈ ਕਿਤੇ ਛੁਪਿਆ ਹੋਇਆ
ਉਸ ਨੇ ਤਾਂ ਲਗਣਾ ਹੀ ਸੀ ਅਪਣੀ ਨਜ਼ਰ ਨੂੰ ਮੈਲਾ
ਜਿਸ ਨੇ ਸੂਰਜ ਨੂੰ ਰਕੀਬ ਅਪਣਾ ਸੀ ਮਿਥਿਆ ਹੋਇਆ
ਖੁਦ ਹੀ ਮੈਲੇ ਨੇ ਸਦਾਚਾਰ ਦੇ ਜ਼ਾਮਨ ਸ਼ੀਸ਼ੇ
ਕੋਈ ਚਿਹਰਾ ਨਾ ਜਿਨ੍ਹਾਂ ਵਾਸਤੇ ਉਜਲਾ ਹੋਇਆ
ਬਸ ਬਹਾਰ ਆਉਣ ਦੀ ਦੇਰੀ ਹੈ ਕਿ ਫੁੱਲ ਖਿੜਨੇ ਨੇ
ਮੇਰੀਆਂ ਬਦੀਆਂ ਨੂੰ ਪਤਝੜ ਨੇ ਹੈ ਢਕਿਆ ਹੋਇਆ
ਕਿਸ ਦੀ ਕਵਿਤਾ ਹੈ
ਕਿਸ ਦੀ ਕਵਿਤਾ ਹੈ ਜੋ ਮੈਨੂੰ
ਕਵਿਤਾ ਲਿਖਣ ਨਾ ਦੇਵੇ
ਧਿਆਨ ਮੇਰੇ ਨੂੰ
ਮੇਰੇ ਦੁੱਖ ਦੀ
ਨੋਕ ਤੇ ਟਿਕਣ ਨਾ ਦੇਵੇ
ਕਿਸ ਦਾ ਹਾਸਾ
ਕਿਸ ਦਾ ਰੋਣਾ
ਕਿਸ ਦੇ ਫੁੱਲ
ਕਿਸ ਦੀ ਤਲਵਾਰ
ਕੌਣ ਖੜਾ
ਮੇਰੇ ਤੇ ਮੇਰੀ ਕਵਿਤਾ ਦੇ ਵਿਚਕਾਰ
ਨਹੀਂ ਲਿਖਣ ਦਿੰਦੀ ਕਵਿਤਾ ਅੱਜ
ਨਹੀਂ ਲਿਖਣ ਦਿੰਦੀ ਕਵਿਤਾ ਅੱਜ
ਅੰਦਰਲੀ ਅੱਗ
ਸਾੜਦੀ ਹੈ ਵਰਕੇ
ਇਕ ਇਕ ਕਰਕੇ
ਨਹੀਂ ਚਾਹਿਦੀ ਮੈਨੂੰ ਕਵਿਤਾ
ਆਖਦੀ ਹੈ ਅੱਗ
ਮੈਨੂੰ ਚਾਹਿਦੀ ਹੈ ਤੇਰੀ ਛਾਤੀ ਦਹਿਕਣ ਲਈ
ਉਦਾਸ ਦੋਸਤੇ
ਉਦਾਸ ਦੋਸਤੋ ਆਓ ਕਿ ਮਿਲ ਕੇ ਖੁਸ਼ ਹੋਈਏ
ਮਿਲਣ ਬਗ਼ੈਰ ਉਦਾਸੀ ਦਾ ਕੋਈ ਚਾਰਾ ਨਹੀ
ਭਟਕਦੇ ਅੱਖਰੋ ਆਵੋ ਮਿਲ ਕੇ ਲਫ਼ਜ਼ ਬਣੋਂ
ਤੇ ਲਫ਼ਜ਼ੋ ਵਾਕ ਬਣੋ ਵਾਕ ਬਿਨ ਗੁਜ਼ਾਰਾ ਨਹੀਂ
ਨਹੀ’ ਜੇ ਸ਼ਬਦ ਤਾਂ ਤੇਗ਼ਾਂ ਦੀ ਧਾਰ ਕਾਤਿਲ ਹੈ
ਨਹੀਂ ਰਬਾਬ ਤਾਂ ਰੂਹਾਂ ਨੂੰ ਕੁਝ ਸਹਾਰਾ ਨਹੀਂ
ਤੜਪ ਕੇ ਪਿਆਰ ਹੀ ਤਲਵਾਰ ਜੇ ਨਾ ਬਣ ਜਾਵੇ
ਤਾਂ ਮੈਨੂੰ ਹਿੰਸਾ ਕਿਸੇ ਕਿਸਮ ਦੀ ਗਵਾਰਾ ਨਹੀਂ
ਦਿਲਾਂ ਦਾ ਧੜਕਣਾ ਸੁਣਿਓ ਤੇ ਉਠ ਕੇ ਆਜਾਇਓ
ਸਹਿਮ ਦੀ ਰਾਤ ਵਜਾਉਣਾ ਕਿਸੇ ਨਗਾਰਾ ਨਹੀੱ
ਉਹ ਮੇਰੇ ਕੋਲ ਤਾਂ ਆਇਆ ਸੀ ਕਿਧਰੇ ਜਾਣ ਲਈ
ਮੇਰਾ ਵਜੂਦ ਤਾਂ ਕਿਸ਼ਤੀ ਹੀ ਸੀ ਕਿਨਾਰਾ ਨਹੀਂ।
ਇਕ ਟੋਟਾ ਜਿਗਰ ਮੇਰੇ ਦਾ
ਇਕ ਟੋਟਾ ਜਿਗਰ ਮੇਰੇ ਦਾ ਜਾਹਨੋਂ ਤੁਰ ਗਿਆ
ਤੁਰ ਗਿਆ ਸੋ ਹੋ ਗਿਆ ਏ ਸੁਰਖਰੂ
ਦੂਸਰਾ ਫਿਰਦਾ ਏ ਵਣ ਵਣ ਭਟਕਦਾ
ਕੀ ਪਤਾ ਉਹ ਫੇਰ ਕਦ ਵਿਹੜੇ ਵੜੂ
ਸੁਖ ਰੱਖ ਸਤਿਗੁਰੂ
ਉਹ ਜਿਹੜਾ ਵਿਚਕਾਰਲਾ
ਉਂਜ ਤਾਂ ਜਿਉਂਦਾ ਰਵੇ, ਵਸਦਾ ਰਵੇ
ਪਰ ਨਮੋਹਾ ਸੁਹਲ ਬਹੁਤਾ ਨਿਕਲਿਆ
ਅਖੇ ਮੇਰੇ ਪੈਰ ਸੜਦੇ
ਏਸ ਤਪਦੀ ਧਰਤੀ ‘ਤੇ
ਜੂਹ ਪਰਾਈ ਵੜ ਗਿਆ
ਆਪਣੇ ਹਿੱਸੇ ਦੀ ਤਪਦੀ ਰੇਤ ਮਿੱਟੀ ਵੇਚ ਕੇ
ਰਾਤ ਗੱਡੀ ਚੜ ਗਿਆ
ਰਹਿ ਗਈ ਏਥੇ ਮੈਂ ਕਾਗ ਉਡਾਉਣ ਨੂੰ
ਤਪ ਰਹੀ ਧਰਤੀ ‘ਤੇ ਔਸੀਆਂ ਪਾਉਣ ਨੂੰ
ਇਹ ਜੋ ਛੋਟੇ ਨੇ
ਬਲੌਰਾਂ ਹਾਣ ਦੇ
ਉਹ ਮੇਰੀ ਛਾਤੀ ਤੇ ਰੱਖੇ
ਪੱਥਰਾਂ ਦੇ ਬੋਝ ਨੂੰ
ਸ਼ੁਕਰ ਹੈ ਰੱਬ ਦਾ
ਅਜੇ ਨਹੀਂ ਜਾਣਦੇ
ਸਿਰ ਦਾ ਸਾਈਂ
ਹੋਂਦ ਦੀ ਸੀਮਾ ਤੋਂ ਪਾਰ
ਓਸ ਦੇ ਬਸ ਬੋਲ ਚੇਤੇ ਰਹਿ ਗਏ
ਜਾਂ ਕਦੀ ਰਾਤਾਂ ਨੂੰ ਮੈਂ
ਪੌੜ ਇਕ ਬੇਚੈਨ ਘੋੜੇ ਦੇ ਸੁਣਾਂ
ਦੂਰ ਇਕ ਦਰਵੇਸ਼ ਗਾਉਂਦੇ ਦੀ ਆਵਾਜ਼
ਰੋਂਦੇ ਦਰਿਆਵਾਂ ਦਾ ਸ਼ੋਰ
ਅੱਕ ਲਗਦੀ ਏ ਤਾਂ ਦੇਖਾਂ
ਸਾਵੇ ਪੱਤੇ ਸੜ ਰਹੇ
ਆਲਣੇ ਛੱਡ ਛੱਡ ਕੇ ਪੰਛੀ ਉੜ ਰਹੇ
ਰੁਖ ਵੀ ਧਰਤੀ ਤੋਂ ਹਿਜ਼ਰਤ ਕਰ ਰਹੇ
ਤ੍ਰਭਕ ਕੇ ਉਠਾਂ ਡਰਾਉਣੇ ਖਾਬ ਚੋਂ
ਨਿੱਕਿਆਂ ਦੇ ਮੁੱਖ ਟੋਹਵਾਂ
ਚਿੱਤ ਨੂੰ ਧਰਵਾਸ ਦੇਵਾਂ
ਸ਼ੁਕਰ ਹੈ ਸਿਰ ਤਾਰਿਆਂ ਦਾ ਥਾਲ ਹੈ
ਜ਼ਹਿਰ ਦਾ ਇਹ ਪਹਿਰ ਓੜਕ ਬੀਤਣਾ
ਅੰਤ ਅੰਮਿ੍ਤ ਵੇਲਾ ਹੋਵਣਹਾਰ ਹੈ
ਪੌਣ ਵਿਚ ਬਾਣੀ ਘੁਲੇਗੀ
ਪੱਤੇ ਥਿਰਕਣਗੇ ਸੁਰਾਂ ਦੇ ਵਾਂਗਰਾਂ
ਰੁੱਖ ਸ਼ਾਮਲ ਹੋਣਗੇ ਅਰਦਾਸ ਵਿਚ।
ਮੈਨੂੰ ਟੋਲ ਰਹੇ ਨੇ ਹਤਿਆਰੇ
ਕਦੀ ਤੇਗ਼ ਦੇ ਘਾਟ ਉਤਾਰਿਆ ਏ
ਕਦੀ ਸੂਲੀ ਉਪਰ ਚਾੜ੍ਹਿਆ ਏ
ਕਦੀ ਖ਼ਜਰ ਸੀਨੇ ਮਾਰਿਆ ਏ
ਮੈਨੂੰ ਸੌ ਸੌ ਵਾਰੀ ਮਾਰੇ ਨੂੰ
ਫਿਰ ਟੋਲ ਰਹੇ ਨੇ ਹਤਿਆਰੇ
ਮੈਂ ਛੁਪਿਆਂ ਤੇਰੇ ਨੈਣਾਂ ਵਿਚ
ਮਹਿਫੂਜ਼ ਹਾਂ ਤੇਰੇ ਸੀਨੇ ਵਿਚ
ਅਪਣੇ ਬਾਲਾਂ ਦੇ ਖ਼ਾਬਾਂ ਵਿਚ
ਅਪਣੇ ਯਾਰਾਂ ਦੀਆਂ ਬਾਤਾਂ ਵਿਚ
ਲਫ਼ਜ਼ਾਂ ਦੇ ਉਹਲੇ ਛਾਂਵਾਂ ਵਿਚ
ਮੈਂ ਛੁਪਿਆ ਹਾਂ ਕਵਿਤਾਵਾਂ ਵਿਚ
ਮੈਨੂੰ ਟੋਲ ਰਹੇ ਨੇ ਹਤਿਆਰੇ
ਸਦੀਆਂ ਸਦੀਆਂ ਤੋਂ ਇਸੇ ਤਰ੍ਹਾਂ
ਅਨਭੋਲ ਰਹੇ ਨੇ ਹਤਿਆਰੇ।
ਡੁੱਬਦਿਆਂ ਸੂਰਜਾਂ ਨੂੰ
ਡੁੱਬਦਿਆਂ ਸੂਰਜਾਂ ਨੂੰ
ਦੇਖੀਏ ਜ਼ਰੂਰ ਧੀਏ
ਰੱਬ ਕੋਲੋਂ ਡਰੀਏ ਹਮੇਸ਼
ਮੱਥੇ ਕੋਲੋਂ ਚੰਦ ਨੀ
ਤੇ ਦਿਲਾਂ ਵਿਚ ਬਾਦਸ਼ਾਹ
ਰੂਹਾਂ ਵੱਲੋਂ ਦਰਵੇਸ਼।
ਫਸਲਾਂ ਉਦਾਸ ਹੋਈਆਂ
ਫਸਲਾਂ ਉਦਾਸ ਹੋਈਆਂ,
ਬੂਟੇ ਉਦਾਸ ਹੋਏ
ਤਕ ਚਿਰ ਦੇ ਪਿਆਸਿਆਂ ਨੂੰ
ਪਾਣੀ ਬਹੁਤ ਹੀ ਰੋਏ
ਸੋਚਣ ਕਣਕ ਦੇ ਦਾਣੇ,
ਸੋਚਣ ਇਹ ਫਲ ਤੇ ਮੇਵੇ
ਇਹ ਕੌਣ ਹੈ ਜੁ ਸਾਨੂੰ
ਉਸ ਥਾਂ ਨਾ ਜਾਣ ਦੇਵੇ
ਮਾਵਾਂ ਦੇ ਲਾਲ ਜਿਸ ਥਾਂ
ਇਕ ਟੁਕ ਦੇ ਬਾਝ ਮੋਏ
ਹੋਠਾਂ ਤੇ ਪਿਆਲਿਆਂ ਵਿਚ
ਅਜ ਫਾਸਿਲਾ ਬੜਾ ਹੈ
ਸਾਜ਼ਾਂ ਸਾਜ਼ਿੰਦਿਆਂ ਵਿਚ
ਕੋਈ ਬੇਸੁਰਾ ਖੜਾ ਹੈ
ਚੁਕ ਬਾਜ਼ੀਆਂ ਖਿਡੌਣੇ
ਬਾਲਾਂ ਤੋਂ ਕਿਸ ਲਕੋਏ
ਆਵੋ ਕਿ ਨੀਰ ਮੇਰੇ
ਤਰਸਣ ਲਈ ਨਹੀਂ ਹਨ
ਬੰਦਿਓ ਇਹ ਮੇਰੀਆਂ ਛੱਲਾਂ
ਡੁੱਬਣ ਲਈ ਨਹੀਂ ਹਨ
ਥਲ ਵਿਚ ਵਸਣ ਦੀ ਖਾਤਿਰ
ਮੇਰੇ ਨੀਰ ਭਾਫ਼ ਹੋਏ
ਫਸਲਾਂ ਉਦਾਸ ਹੋਈਆਂ,
ਬੂਟੇ ਉਦਾਸ ਹੋਏ
ਤਕ ਚਿਰ ਦੇ ਪਿਆਸਿਆਂ ਨੂੰ
ਪਾਣੀ ਬਹੁਤ ਹੀ ਰੋਏ।
ਵਿਦਾ
ਹੇ ਨਦੀ
ਹੁਣ ਮੈਂ ਚਲਦਾ ਹਾਂ
ਹੁਣ ਮੇਰੀ ਤਪਿਸ਼ ਤੋਂ
ਤੇਰੀਆਂ ਛੱਲਾਂ ਦੀ ਤਾਬ ਸਹਿ ਨਹੀਂ ਹੁੰਦੀ
ਸ਼ੁਕਰ ਹੈ ਤੂੰ ਨਹੀਂ ਜਾਣਦੀ
ਕਿ ਹੁਣ ਤੱਕ
ਜੋ ਸ਼ਾਂਤ-ਚਿੱਤ ਤੇਰੇ ਨਾਲ
ਗੱਲਾਂ ਕਰ ਰਿਹਾ ਸੀ
ਉਹ ਮੇਰਾ ਮੁਖੌਟਾ ਸੀ
ਮੇਰਾ ਚਿਹਰਾ ਤਾਂ
ਉਸ ਮੁਖੌਟੇ ਦੇ ਪਿੱਛੇ
ਬੁਰੀ ਤਰਾਂ ਤਪ ਰਿਹਾ ਸੀ
ਇਸ ਤੋਂ ਪਹਿਲਾਂ
ਕਿ ਚਿਹਰੇ ਦੀ ਤਪਿਸ਼ ਨਾਲ
ਮੁਖੌਟਾ ਪਿਘਲ ਜਾਵੇ
ਮੈਂ ਚਲਦਾ ਹਾਂ,
ਹੇ ਨਦੀ
ਠਹਿਰ
ਨਦੀ ਨੇ ਹੱਸ ਕੇ
ਇਕ ਠੰਡੀ ਛੱਲ ਮੇਰੇ ਵਲ ਉਛਾਲੀ
ਉਸ ਦੀਆਂ ਛਿੱਟਾਂ ਮੇਰੇ ਮੁਖੌਟੇ ਤੇ ਪਈਆਂ
ਮੈਂ ਬੜਾ ਪਛਤਾਇਆ
ਕਾਸ਼ ਮੈਂ ਮੁਖੌਟਾ ਨਾ ਪਹਿਨਿਆ ਹੁੰਦਾ
ਤਾਂ ਇਹ ਛਿੱਟਾਂ
ਮੇਰੇ ਤਪਦੇ ਚਿਹਰੇ ਤੇ ਪੈਂਦੀਆਂ।
ਸੁੰਦਰਾਂ
ਇਸ ਵਾਰ
ਪੂਰਨ ਦੇ ਜਾਣ ਤੇ
ਆਪਣੀ ਇਕੱਲਤਾ ਦੀ ਅਟਾਰੀ ਤੋਂ
ਡਿਗ ਕੇ
ਸੁੰਦਰਾਂ
ਚਿੱਟੇ ਸਫ਼ਿਆਂ ਤੇ
ਕਾਲੇ ਮੋਤੀਆਂ ਵਾਂਗ
ਬਿਖ਼ਰ ਜਾਵੇਗੀ
ਸ਼ੁਕਰ ਹੈ
ਇਸ ਵਾਰ
ਸੁੰਦਰਾਂ ਮਰੇਗੀ ਨਹੀਂ!
ਜੁ ਕੱਲ੍ਹ ਦਰਿਆ ਨੂੰ…
ਜੁ ਕੱਲ੍ਹ ਦਰਿਆ ਨੂੰ ਕੱਜਣ ਸਮਝਦੀ ਸੀ
ਉਹ ਨੰਗੀ ਰੇਤ ਤੇ ਅਜ ਤੜਪਦੀ ਸੀ
ਤੂੰ ਠਿਲ੍ਹ ਲਹਿਰਾਂ ਤੇ, ਉਸ ਨੂੰ ਆਖਦੀ ਸੀ
ਨਦੀ ਇਕ ਘਰ ਨੂੰ ਕਿਸ਼ਤੀ ਸਮਝਦੀ ਸੀ
ਰਹਿਮ, ਡਰ, ਲਾਜ ਤਾਂ ਬੰਦਿਆਂ ਲਈ ਹਨ
ਉਨੂੰ ਕੀ, ਉਹ ਤਾਂ ਉਸ ਵੇਲੇ ਨਦੀ ਸੀ
ਉਹ ਦਿਸਦੇ ਸਨ ਸਿਰਫ਼ ਮੈਨੂੰ ਜਾਂ ਉਸਨੂੰ
ਉਹ ਜੋ ਚੂੜੇ ਕਲੀਰੇ ਪਹਿਨਦੀ ਸੀ
ਮੈਂ ਡਰ ਜਾਂਦਾ ਬਿਖਰਨਾ ਯਾਦ ਕਰ ਕੇ
ਉਹ ਮੈਨੂੰ ਇਸ ਤਰ੍ਹਾਂ ਕੁਝ ਸਾਂਭਦੀ ਸੀ
ਨਗਰ ਸਾਰੇ ‘ਚ ਝਾਂਜਰ ਛਣਕਦੀ ਸੀ
ਜਦੋਂ ਉਹ ਚੇਤਿਆਂ ‘ਚੋ ਲੰਘਦੀ ਸੀ
ਉਹ ਉਸ ਤੋਂ ਮੰਗਦਾ ਸੀ ਕੁਝ ਕੁ ਰਾਤਾਂ
ਉਹ ਉਸ ਨੂੰ ਸਾਰਾ ਜੀਵਨ ਸੌਂਪਦੀ ਸੀ
ਉਹ ਉਸ ਤੋਂ ਸਿਰਫ਼ ਨ੍ਹੇਰਾ ਮੰਗਦਾ ਸੀ
ਉਹ ਉਸਨੂੰ ਚੰਨ ਤਾਰੇ ਬਖ਼ਸ਼ਦੀ ਸੀ
ਉਹ ਕੇਵਲ ਕੱਜਣਾਂ ਤੋਂ ਪਾਰ ਤੱਕਦਾ
ਤੇ ਉਹ ਜਿਸਮਾਂ ਤੋਂ ਅੱਗੇ ਦੇਖਦੀ ਸੀ
ਤੇਰੇ ਮਗਰੋਂ ਸਿਵਾ ਸੇਕਾਂਗੀ ਅਪਣਾ
ਉਹ ਸੂਰਜ ਡੁਬ ਰਹੇ ਨੂੰ ਆਖਦੀ ਸੀ।