11.9 C
Los Angeles
Thursday, December 26, 2024

ਹਰੀ ਸਿੰਘ ਨਲੂਏ ਦੀ ਵਾਰ

ਨੋਟ: ਇਹ ਰਚਨਾ ਪ੍ਰੋਫ਼ੈਸਰ ਗੁਰਚਰਨ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈ

ਅਲਫ਼

ਆਫ਼ਰੀਂ ਜੰਮਣਾ ਕਹਿਣ ਸਾਰੇ,
ਹਰੀ ਸਿੰਘ ਦੂਲੇ ਸਰਦਾਰ ਤਾਈਂ ।
ਜਮਾਦਾਰ ਬੇਲੀ ਰਾਜੇ ਸਾਹਿਬ ਕੋਲੋਂ,
ਕੱਦ ਉਚਾ ਬੁਲੰਦ ਸਰਦਾਰ ਤਾਈਂ ।
ਧਨੀ ਤੇਗ਼ ਦਾ ਮਰਦ ਨਸੀਬ ਵਾਲਾ,
ਸਾਇਆ ਉਸ ਦਾ ਕੁਲ ਸੰਸਾਰ ਤਾਈਂ ।
ਕਾਦਰਯਾਰ ਪਹਾੜਾਂ ਨੂੰ ਸੋਧਿਓ ਸੂ,
ਕਾਬਲ ਕੰਬਿਆ ਖ਼ੌਫ਼ ਕੰਧਾਰ ਤਾਈਂ ।1।

ਬੇ

ਬਹੁਤ ਹੋਇਆ ਹਰੀ ਸਿੰਘ ਦੂਲੋ,
ਜਿਹਦਾ ਨਾਮ ਰੌਸ਼ਨ ਦੂਰ ਦੂਰ ਸਾਰੇ ।
ਦਿਲੀ ਦਖਣ ਤੇ ਚੀਨ ਮਾਚੀਨ ਤਾਈਂ,
ਬਾਦਸ਼ਾਹਾਂ ਨੂੰ ਖ਼ੌਫ਼ ਜ਼ਰੂਰ ਸਾਰੇ ।
ਰਾਜਾ ਕਰਣ ਤੇ ਬਿੱਕ੍ਰਮਾਜੀਤ ਵਾਂਗੂੰ
ਹਾਤਮ ਤਾਈ ਵਾਂਗੂੰ ਮਸ਼ਹੂਰ ਸਾਰੇ ।
ਕਾਦਰਯਾਰ ਜਹਾਨ ਤੇ ਨਹੀਂ ਹੋਣੇ,
ਸਖੀ ਉਹ ਬੁਲੰਦ ਹਜ਼ੂਰ ਸਾਰੇ ।੨।

ਤੇ

ਤੇਗ ਮੈਦਾਨ ਵਿਚਬਹੁਤ ਚਲੇ,
ਨਾਲ ਤੇਗ਼ ਦੇ ਰਾਜ ਕਮਾਂਵਦਾ ਏ ।
ਚੜਤਲ ਸ਼ੇਰ ਦੀ ਚੜ੍ਹੇ ਮੈਦਾਨ ਅੰਦਰ,
ਕਿਲ੍ਹੇ ਮਾਰ ਲੈਂਦਾ, ਫਤੇ ਪਾਂਵਦਾ ਏ ।
ਓਦੋਂ ਭਾਜ ਪੈਂਦੀ ਵੱਡੇ ਖੈਹਬਰਾਂ ਨੂੰ,
ਜਦੋਂ ਧਮਕ ਪਸ਼ੌਰ ਨੂੰ ਜਾਂਵਦਾ ਏ ।
ਕਾਦਰਯਾਰ ਕੰਧਾਰੀਆ ਦੋਸਤ ਮੁਹੰਮਦ,
ਡਰਦਾ ਕਾਬਲੋਂ ਉਰ੍ਹਾਂ ਨਾ ਆਂਵਦਾ ਏ ।੩।

ਸੇ

ਸਾਬਤੀ ਦੇ ਨਾਲ ਨਾਲ ਪੁੰਨਾ,
ਹਰੀ ਸਿੰਘ ਦਾ ਦੇਸ ਜਹਾਨ ਵਿਚੋਂ ।
ਚੜ੍ਹੇ ਮਾਹ ਵਿਸਾਖ ਦੇ ਦੇਸਤ ਮੁਹੰਮਦ,
ਫੌਜਾਂ ਸਦ ਲਈਆਂ ਖੁਰਾਸਾਨ ਵਿਚੋਂ ।
ਹਰੀ ਸਿੰਘ ਸਰਦਾਰ ਵਲ ਲਿਖੀ ਅਰਜ਼ੀ,
ਢੁਕੇ ਆਨ ਮੁਦਈ ਦੀ ਰਾਨ ਵਿਚੋਂ ।
ਕਾਦਰਯਾਰ ਗ਼ੁਲਾਮ ਦੀ ਖ਼ਬਰ ਲੈਣਾ,
ਲਸ਼ਕਰ ਭੇਜਨਾ ਸ਼ਹਿਰ ਮੈਦਾਨ ਵਿਚੋਂ ।੪।

ਜੀਮ

ਜੰਗ ਦੀ ਥੇਲੀ ਨਾ ਤੋੜ ਪਹੁੰਚੀ,
ਭਾਵੀ ਰਬ ਦੀ ਨੂੰ ਲਿਖਿਆ ਕੌਣ ਮੋੜੇ ।
ਚੜ੍ਹੇ ਲਖ ਜੁਆਨ ਦੁਰਾਨੀਆਂ ਦੇ,
ਜਿਨ੍ਹਾਂ ਮੋਰਚੇ ਜਾਇ ਜਮਰੌਦ ਜੋੜੇ ।
ਮਹਾਂ ਸਿੰਘ ਪੁਤਰੇਲੇ ਨੂੰ ਘੇਰਿਆ ਨੇ,
ਮਾਰੇ ਤੋਪਾਂ ਦੇ ਕੀਤੇ ਨੇ ਬੁਰਜ ਖੋਰੇ ।
ਕਾਦਰਯਾਰ ਭਰੋਸੇ ਤੇ ਕਾਇਮ ਰਹਿਣਾ,
ਬਾਹਰ ਬਹੁਤ ਲਸ਼ਕਰ ਅੰਦਰ ਹੈਣ ਥੋੜੇ ।੫।

ਹੇ

ਹੁਕਮ ਕੀਤਾ ਹਰੀ ਸਿੰਘ ਦੂਲੇ,
ਘੋੜੇ ਕਾਠੀਆਂ ਜੀਨਾ ਸ਼ਤਾਬ ਪਾਵੋ ।
ਕਿਲ੍ਹਾ ਕਾਇਮ ਕਰ ਕੇ ਬਾਲੇਸਾਰ ਵਾਲਾ,
ਅੰਦਰ ਓਸ ਦੇ ਚੁਕ ਅਸਬਾਬ ਪਾਵੋ ।
ਚਲੋ ਤਰਫ਼ ਜਮਰੌਦ ਦੀ ਜੰਗ ਕਰੀਏ,
ਲੜ ਮਰੋ ਸ਼ਹੀਦੀ ਸਵਾਬ ਪਾਵੋ ।
ਕਾਦਰਯਾਰ ਮੈਂ ਬਖਸ਼ਸਾਂ ਕੈਂਠਿਆਂ ਦੇ,
ਏਥੋ ਲੜੋ ਤੇ ਹੋਰ ਖ਼ਿਤਾਬ ਪਾਵੋ ।੬।

ਖ਼ੇ

ਖ਼ੁਸ਼ੀ ਦੇ ਨਾਲ ਤੰਬੂਰ ਵੱਜਾ,
ਧੌਂਸਾ ਮਾਰ ਸਰਦਾਰ ਤਿਆਰ ਹੋਇਆ ।
ਬਾਹਰ ਬੰਨ੍ਹ ਕੇ ਪੜਤਲ ਦਰਵੇਸ਼ੀਆਂ ਦੀ,
ਅੰਦਰ ਲੈ ਫੌਜਾਂ ਨਮੂਦਾਰ ਹੋਇਆ ।
ਝਟ ਫੌਜ ਤਿਆਰ ਕਰ ਲਈ ਸਾਰੀ,
ਜਦੋਂ ਜੰਗ ਦਾ ਆ ਗ਼ੁਬਾਰ ਹੋਇਆ ।
ਕਾਦਰਯਾਰ ਸਰਦਾਰ ਦੇ ਨਾਲ ਉਥੇ,
ਕਾੲਮ ਆਦਮੀ ਅਠ ਹਜ਼ਾਰਹੋਇਆ ।੭।

ਦਾਲ

ਦੇਸ ਹੈਰਾਨ ਹੋ ਗਿਆ ਕਾਬਲ,
ਸੈਆਂ ਲਸ਼ਕਰਾਂ ਦੇ ਜਥੇ ਆਣ ਲੱਥੇ ।
ਵਾਲੀ ਆਪ ਹੈ ਥੜਿਆਂ ਬਹੁਤਿਆਂ ਦਾ,
ਤੇਗਾਂ ਪਕੜ ਮੈਦਾਨ ਜਵਾਨ ਲੱਥੇ ।
ਹਰੀ ਸਿੰਘ ਸਰਦਾਰ ਦੀ ਫ਼ਤੇ ਪਹਿਲੀ,
ਉਥੇ ਸੈਆਂ ਪਠਾਣਾਂ ਦੇ ਘਾਣ ਲੱਥੇ ।
ਕਾਦਰਯਾਰ ਹਥਿਆਰਾਂ ਦੀ ਬਾਤ ਦੂਜੀ,
ਭੁੱਖੇ ਬਾਜ਼ ਸ਼ਿਕਾਰ ਨੂੰ ਖਾਣ ਲੱਥੇ ।੮।

ਜ਼ਾਲ

ਜ਼ਰਾ ਨਾ ਡੋਲਿਆ ਕੋਈ ਪਾਸਾ
ਤਿੰਨ ਪਹਿਰ ਗੁਜ਼ਰੇ ਓਨ੍ਹਾਂ ਲੜਦਿਆਂ ਨੂੰ ।
ਚੌਥੇ ਪਹਿਰ ਦੁਰਾਨੀਆਂ ਫਤੇ ਪਾਈ,
ਬੰਨ੍ਹਾ ਪਾਇਆ ਮੁਦੱਈਆਂ ਦੇ ਮੁਰਦਿਆਂ ਨੂੰ ।
ਸੋਧੇ ਡਾਹ ਕੇ ਜੇਹਲ ਦੇ ਤੋਪਖਾਨਾ,
ਭੁੱਨ ਸੁਟਿਆ ਨੇ ਸਿਰ-ਕਰਦਿਆਂ ਨੂੰ ।
ਕਾਦਰਯਾਰ ਪਰ ਪੜਤਲ ਨਜ਼ੀਬਾਂ ਵਾਲੀ,
ਮਾਰੀ ਗਈ ਸਰਦਾਰ ਦੇ ਚੜ੍ਹਦਿਆਂ ਨੂੰ ।੯।

ਰੇ

ਰੰਗ ਤਗੱਈਅਰ ਹੋ ਗਿਆ ਓਦੋਂ,
ਪੈਰ ਛਡ ਚਲੇ ਦਿਲੋਂ ਹਾਰ ਕੇ ਜੀ ।
ਪਿਛੇ ਰਹੇ ਸਰਦਾਰ ਦੇ ਚਾਰ ਘੋੜੇ,
ਮੁੜ ਆਇਆ ਜੇ ਫੌਜ਼ਾਂ ਵੰਗਾਰ ਕੇ ਜੀ ।
ਕਿਥੇ ਜਾਓਗੇ ਨਹੀਂ ਲਾਹੌਰ ਨੇੜੇ,
ਏਥੇ ਸਾਸ ਦੇਣੇ ਦਿਲੋਂ ਧਾਰ ਕੇ ਜੀ ।
ਕਾਦਰਯਾਰ ਜਹਾਨ ਤੇ ਨਹੀਂ ਰਹਿਣਾ,
ਸਿੰਘੋ ਮੁੜੋ ਮੁਦੱਈਆਂ ਨੂੰ ਮਾਰ ਕੇ ਜੀ ।੧੦।

ਜ਼ੇ

ਜ਼ੋਰ ਕਰ ਪਰਤੀਆਂ ਫੇਰ ਫ਼ੌਜਾਂ,
ਓਥੇ ਫੇਰ ਵੱਡੇ ਹਥਿਆਰ ਹੋਏ ।
ਸੋਧੇ ਡਾਹਿ ਕੌ ਜੇਹਲ ਦੇ ਤੋਪਖਾਨਾ,
ਸਿੰਘ ਜਾ ਜ਼ਖਮੀ ਦੁਜੀ ਵਾਰ ਹੋਏ ।
ਜਦੋਂ ਆਪ ਸਰਦਾਰ ਤਿਆਰ ਹੋਇਆ,
ਸੱਭੇ ਨਾਲ ਇਸ ਦੇ ਨਮੂਦਾਰ ਹੋਏ ।
ਕਾਦਰਯਾਰ ਸਰਦਾਰ ਵੱਲ ਲਿਖੇ ਅਰਜ਼ੀ,
ਅਸੀਂ ਬਹੁਤ ਹੀ ਆ ਲਾਚਾਰ ਹੋਏ ।੧੧।

ਸੀਨ ਸੀਨੇ ਸਰਦਾਰ ਦੇ ਜ਼ਖਮ ਲਗਾ,
ਭੰਨ ਗਿਆ ਸੂ ਤੀਰ ਸਰੀਰ ਸਾਰਾ ।
ਲੱਕ ਬੰਨ੍ਹ ਕੇ ਘੋੜੇ ਤੇ ਚੀਸ ਵੱਟੀ,
ਅੱਖੀਂ ਚਲ ਪਿਆ ਜਦੋਂ ਨੀਰ ਸਾਰਾ ।
ਘਰ ਬਾਰ ਧੀਆਂ ਪੁੱਤਰ ਯਾਦ ਆਏ,
ਲਗਾ ਸੱਲ ਵਿਛੋੜੇ ਦਾ ਤੀਰ ਭਾਰਾ ।
ਕਾਦਰਯਾਰ ਜਾ ਕਿਲ੍ਹੇ ਬੈਠਾਲਿਓ ਨੇ,
ਸੁਣ ਹੋ ਗਿਆ ਪੰਥ ਦਲਗੀਰ ਸਾਰਾ ।੧੨।

ਸ਼ੀਨ

ਸ਼ਪ ਪਹੁੰਚੇ ਖ਼ਿਦਮਤਗਾਰ ਸਾਰੇ,
ਜਾ ਕੇ ਵੇਖ ਸਰਦਾਰ ਦਾ ਦਿਲ ਮਾਂਦਾ ।
ਖ਼ਿਦਮਤਗਾਰ ਨੂੰ ਕੋਲ ਬਹਾਲਿਆ ਨੇ,
ਦੀਵਾ ਵੱਟੀ ਦਾ ਵਕ਼ਤ ਵਿਹਾ ਜਾਂਦਾ ।
ਕੋਈ ਲਿਆਉ ਗਊ ਮਨਸਾਓ ਮੈਥੋਂ,
ਏਨਾ ਸਾਸਾਂ ਦਾ ਕੀ ਵਸਾਹ ਜਾਂਦਾ ।
ਕਾਦਰਯਾਰ ਨਾ ਮੋਇਆਂ ਦਾ ਨਾਂ ਲੈਣਾ,
ਮਤਾਂ ਦੇਸਤ ਮੁਹੰਮਦ ਆ ਲੁਟ ਪਾਂਦਾ ।੧੩।

ਸਵਾਦ ਸਾਹਿਬ ਬਾਝੋਂ ਨਹੀਂ ਜੇ ਕੋਈ ਬੇਲੀ,
ਏਥੇ ਕੰਮ ਨੇ ਬਹੁਤ ਦਲੇਰੀਆਂ ਦੇ ।
ਹਰੀ ਸਿੰਘ ਸਰਦਾਰ ਲਿਖ ਘਲਿਆ ਸੀ,
ਸੁਣ ਹਾਲ ਹਕੀਕਤਾਂ ਮੇਰੀਆਂ ਦੇ ।
ਤੂੰ ਤਾਂ ਖੁਸ਼ੀ ਮਾਣੇ ਵਿਚ ਲਾਹੌਰ ਦੇ ਜੀ,
ਏਥੇ ਘਾਣ ਲਥੇ ਫ਼ੌਜਾਂ ਤੇਰੀਆਂ ਦੇ ।
ਕਾਦਰਯਾਰ ਮੁਦੱਈ ਪਰ ਆਣ ਢੁੱਕੇ,
ਮੱਲ ਘੜੇਸਾਂ ਆਸਰੇ ਦੇਰੀਆਂ ਦੇ ।੧੪।

ਜ਼ਵਾਦ

ਜ਼ੋਰ ਨਾ ਰੱਬ ਦੇ ਨਾਲ ਚੱਲੇ,
ਝੱਲੇ ਦਰਦ ਸਰਦਾਰ ਨੇ ਸਵਾਸ ਛੱਡੇ ।
ਟਹਿਲ ਵਾਲਿਆਂ ਮਾਰ ਕੇ ਗੁੱਝੀ ਆਹੀਂ,
ਪਿੱਟ ਪਿੱਟ ਕੇ ਹੋਸ਼ ਹਵਾਸ ਛੱਡੇ ।
ਆਈ ਅੰਧ ਗੁਬਾਰ ਦੀ ਰਾਤ ਯਾਰੋ,
ਸਭੋ ਨਾਲ ਉਸਦੇ ਆਪਣੇ ਦਾਸ ਛੱਡੇ ।
ਕਾਦਰਯਾਰ ਸਰਦਾਰ ਨੇ ਆਪ ਉਥੇ,
ਪੜਦੇ ਨਾਲ ਫਰਜ਼ੰਦ ਸਮਝਾਇ ਛੱਡੇ ।੧੫।

ਤੋਇ

ਤੁਰਤ ਸਰਕਾਰ ਵਲ ਖਤ ਲਿਖਿਆ,
ਝੱਬ ਬਹੁੜ ਆ ਕੇ ਬਾਲਾ-ਸਾਰ ਅੰਦਰ ।
ਹਰੀ ਸਿੰਘ ਸਰਦਾਰ ਹੋ ਗਿਆ ਰੁਖਸਤ,
ਅਜੇ ਨਹੀਂ ਕੀਤਾ ਸਸਕਾਰ ਅੰਦਰ ।
ਮਾਲਕ ਹੈਂ ਤਾਂ ਝਬ ਤੂੰ ਬਹੁੜ ਏਥੇ,
ਨਹੀਂ ਤਾਂ ਲੁੱਟ ਪੈਂਦੀ ਬਾਲਾ-ਸਾਰ ਅੰਦਰ ।
ਕਾਦਰਯਾਰ ਅਜ ਖ਼ੌਫ਼ ਜੀਂਵਦੇ ਦਾ,
ਨਹੀ’ ਮੋਇਆਂ ਦੀ ਖ਼ਬਰ ਕੰਧਾਰ ਅੰਦਰ ।੧੬।

ਜ਼ੋਇ

ਜ਼ਾਹਰ ਸਰਕਾਰ ਵਲ ਲਿਖੀ ਅਰਜ਼ੀ,
ਚਿੱਠੀ ਮਿਲੀ ਗੁਜਰਾਤ ਦੇ ਆਣ ਡੇਰੇ ।
ਮੁਨਸ਼ੀ ਹਾਲ ਹਕੀਕਤ ਸੁਣਾਇ ਦਿਤੀ,
ਲਿਖਿਆ ਆਇਆ ਈ ਬਾਦਸ਼ਾਹ ਪਾਸ ਤੇਰੇ ।
ਆਪ ਬੈਠਾ ਦੀਵਾਨ ਲਗਾਇਕੇ ਤੂੰ,
ਉਠਿ ਗਿਆ ਈ ਪਾਸੋਂ ਵਜ਼ੀਰ ਤੇਰੇ ।
ਕਾਦਰਯਾਰ ਸਰਕਾਰ ਨੇ ਆਪ ਕਿਹਾ,
ਸਭੋ ਨਾਲ ਹੋਣਾ ਨਮੂਦਾਰ ਮੇਰੇ ।੧੭।

ਐਨ

ਐਨ ਸਰਕਾਰ ਨੇ ਗੱਲ ਸਮਝੀ,
ਰੋ ਰੋ ਕੇ ਨੀਰ ਰਵਾਨ ਹੋਇਆ ।
ਚਲੇ ਦਰਦ ਨਾ ਠਲ੍ਹੀਆਂ ਜਾਣ ਹੰਝੂ,
ਅਜ ਸ਼ਾਹ ਤੇ ਬੜਾ ਤੂਫ਼ਾਨ ਹੋਇਆ ।
ਘਰ ਬੈਠਿਆਂ ਖ਼ਬਰ ਮੈਂ ਪੁੱਛਦਾ ਸਾਂ,
ਕੀ ਕੁਝ ਮੇਰਾ ਨੁਕਸਾਨ ਹੋਇਆ ।
ਕਾਦਰਯਾਰ ਤਕਦੀਰ ਦੀ ਕੇਹੀ ਵਰਤੀ,
ਓਥੇ ਇਕ ਮੇਰਾ ਲੈ ਜਵਾਨ ਹੋਇਆ ।੧੮।

ਗ਼ੈਨ

ਗ਼ਮ ਆ ਏਸ ਦੇ ਨਾਲ ਚੱਲਿਆ,
ਬਾਦਸ਼ਾਹ ਅੱਖੋਂ ਜ਼ਾਰੋ ਜ਼ਾਰ ਝੁਰਨਾ ।
ਬਿਗਲ ਵੱਜਾ ਹੈ ਮੁਲਕ ਪੰਜਾਬ ਅੰਦਰ,
ਦਿਨ ਰਾਤ ਨਾ ਕਿਤੇ ਮੁਕਾਮ ਕਰਨਾ ।
ਸੈਆਂ ਕੋਹਾਂ ਦੀ ਵਾਟ ਨੂੰ ਚੀਰ ਕੇ ਤੇ,
ਬੀੜਾ ਈਨ ਦਾ ਵਿਚ ਮੈਦਾਨ ਧਰਨਾ ।
ਕਾਦਰਯਾਰ ਸਰਕਾਰ ਨੰ ਆਪ ਕਿਹਾ,
ਉਹੋ ਹਟਣ ਤੁਸਾਂ ਨਹੀਂ ਮੂਲ ਹਟਨਾ ।੧੯।

ਫ਼ੇ

ਫ਼ੌਜ ਤਮਾਮ ਪਸ਼ੌਰ ਪਹੁੰਚੀ,
ਜਦੋਂ ਮੋਇਆ ਸੁਣ ਲਿਆ ਸਰਦਾਰ ਉਹਨਾਂ ।
ਬਾਹਾਂ ਵੱਢ ਪਠਾਣ ਜੋ ਖਾਣ ਲੱਗੇ,
ਹੱਥੋਂ ਸੁੱਟ ਘੱਤੇ ਹਥਿਆਰ ਉਹਨਾਂ ।
ਸਾਨੂੰ ਖੌਫ਼ ਰਿਹਾ ਇਸ ਦੇ ਜੀਵਣੇ ਦਾ,
ਜ਼ਰਾ ਭੇਦ ਨਾ ਕਢਿਆ ਬਾਹਰ ਉਹਨਾਂ ।
ਕਾਦਰਯਾਰ ਜੇ ਮੋਏ ਦੀ ਖ਼ਬਰ ਹੁੰਦੀ,
ਬੰਨਾ ਪਾ ਦਿੰਦੇ ਅਟਕੋਂ ਪਾਰ ਉਹਨਾਂ ।੨੦।

ਕਾਫ਼

ਕੁਦਰਤ ਰਬ ਦੀ ਵੇਖ ਭਾਈ,
ਅਟਕ ਅਟਕੀ ਨਾ ਜ਼ਰਾ ਸਰਕਾਰ ਅਗੇ ।
ਖ਼ਵਾਜਾ ਖ਼ਿਜ਼ਰ ਦਾ ਨਾਮ ਧਿਆਇ ਕੇ ਜੀ,
ਘੋੜਾ ਠੇਲ੍ਹ ਦਿਤਾ ਸ਼ਾਹ ਸਵਾਰ ਅਗੇ ।
ਗੋਡੇ ਗੋਡੇ ਦਰਿਆ ਸਭ ਹੋਇਆ ਸੀ,
ਝਟ ਫ਼ੌਜ ਗਈ ਲੰਘ ਪਾਰ ਅੱਗੇ ।
ਕਾਦਰਯਾਰ ਸਰਕਾਰ ਭੀ ਪਾਰ ਲੰਘੀ,
ਚੜ੍ਹਿਆ ਅੱਟਕ ਸੀ ਬੇ-ਸ਼ੁਮਾਰ ਅਗੇ ।੨੧।

ਕਾਫ਼

ਕਈ ਜਹਾਨ ਤੇ ਨਹੀਂ ਹੋਣਾ,
ਹਰੀ ਸਿੰਘ ਜਿਹਾ ਵੱਡੀ ਓਟ ਵਾਲਾ ।
ਪਹਿਲਾਂ ਹੱਥ ਸਰਕਾਰ ਨੂੰ ਦਸਿਆ ਸੂ,
ਕਿਲ੍ਹਾ ਫਤੇ ਕੀਤਾ ਸਿਆਲਕੋਟ ਵਾਲਾ ।
ਦੂਜਾ ਹੱਥ ਸਰਕਾਰ ਨੂੰ ਦਸਿਆ ਸੂ,
ਕਿਲ੍ਹਾ ਮਾਰ ਮੋਇਆ ਜਮਰੌਦ ਵਾਲਾ ।
ਕਾਦਰਯਾਰ ਜਹਾਨ ਤੇ ਨਹੀਂ ਰਹਿਣਾ,
ਲਸ਼ਕਰ ਮਿਲ ਗਿਆ ਜੇ ਮਲਕੁਲ ਮੌਤ ਵਾਲਾ ।੨੨।

ਲਾਮ

ਲਿਆ ਸੀ ਘੇਰ ਦਲੇਰ ਭਾਈ,
ਹਰੀ ਸਿੰਘ ਸਰਦਾਰ ਦੁਰਾਨੀਆਂ ਨੇ ।
ਕਰਦਾ ਕੀ ਜੋ ਫ਼ੌਜ ਨੇ ਹਾਰ ਦਿੱਤੀ,
ਮਾਰੇ ਜਾਣ ਦੀਆਂ ਇਹ ਨਿਸ਼ਾਨੀਆਂ ਨੇ ।
ਉਪਰ ਕਿਲ੍ਹੇ ਜਮਰੌਦ ਦੇ ਮਾਰਿਆ ਸੀ,
ਹਰੀ ਸਿੰਘ ਨੂੰ ਜ਼ੁਲਮ ਦੇ ਬਾਨੀਆਂ ਨੇ ।
ਕਾਦਰਯਾਰ ਮੀਆਂ ਹਰੀ ਸਿੰਘ ਦੀਆਂ,
ਰਹੀਆਂ ਜੱਗ ਦੇ ਵਿਚ ਨਿਸ਼ਾਨੀਆਂ ਨੇ ।੨੩।

ਮੀਮ ਮੁਸ਼ਕਲਾਂ ਮੁਸ਼ਕਲਾਂ ਨਾਲ ਉਹਨਾਂ,
ਹਰੀ ਸਿੰਘ ਸਰਦਾਰ ਨੂੰ ਮਾਰਿਆ ਸੀ ।
ਨਹੀਂ ਤਾਂ ਕਈ ਹਜ਼ਾਰ ਦੁਰਾਨੀਆਂ ਨੂੰ,
ਘੇਰ ਘਾਰ ਕੇ ਉਸ ਪਛਾੜਿਆ ਸੀ ।
ਜੋ ਕੋਈ ਹੋਇਆ ਮੁਕਾਬਲੇ ਉਸ ਦੇ ਸੀ,
ਓੜਕ ਵਿਚ ਮੈਦਾਨ ਦੇ ਹਾਰਿਆ ਸੀ ।
ਕਾਦਰਯਾਰ ਸਰਦਾਰ ਨੂੰ ਹੋਈ ਖ਼ਬਰ,
ਜਦੋਂ ਅਜ਼ਲ ਨੇ ਆਣ ਪੁਕਾਰਿਆ ਸੀ ।੨੪।

ਨੂੰਨ

ਨਾਮ ਸੁਣ ਓਸ ਦਾ ਕਾਲ ਸੰਦਾ,
ਸਰਕਾਰ ਗਮਗੀਨ ਨਿਢਾਲ ਹੋਈ ।
ਕਹਿੰਦਾ ਐਸੇ ਸਰਦਾਰ ਦਲੇਰ ਵਾਲੀ,
ਲੋਥ ਖ਼ਾਕ ਦੇ ਵਿਚ ਪਾਮਾਲ ਹੋਈ ।
ਓਸੇ ਵਕਤ ਸਰਕਾਰ ਤਿਆਰ ਹੋ ਕੇ,
ਦਖ਼ਲ ਕਿਲ੍ਹੇ ਉਤੇ ਚਾਲੋ ਚਾਲ ਹੋਈ ।
ਕਾਦਰਯਾਰ ਮੀਆਂ ਉਸ ਨੂੰ ਵੇਖ ਕੇ ਤੇ,
ਗ਼ਮ ਖਾਇ ਕੇ ਬਹੁਤ ਬੇਹਾਲ ਹੋਈ ।੨੫।

ਵਾਓ

ਵਿਚ ਸਭ ਫ਼ੌਜ ਦੇ ਉਸ ਵੇਲੇ,
ਮਹਾਰਾਜ ਨੇ ਕੀਤਾ ਫ਼ਰਮਾਨ ਲੋਕੋ ।
ਕਮਰਾਂ ਖੋਲ੍ਹ ਥੋਫ਼ਿਕਰ ਹੋ ਜਾਓ ਸਾਰੇ,
ਕਰੋ ਜੰਗ ਦਾ ਨਾ ਸਾਮਾਨ ਲੋਕੋ ।
ਦਿਤੇ ਭੇਜ ਵਕੀਲ ਅਸੀਲ ਸੱਭੇ
ਕਾਰਣ ਰੋਕਣੇ ਮਿਲੇ ਪਠਾਣ ਲੋਕੋ ।
ਕਾਦਰਯਾਰ ਸਭ ਸੁਲਾਹ ਤੇ ਹੋਈ ਰਾਜ਼ੀ,
ਓਸੇ ਗਲ ਤੇ ਅਮਲ ਕਰਾਣ ਲੋਕੋ ।੨੬।

ਹੇ

ਹੋਯਾ ਸੀ ਕੌਲ ਕਰਾਰ ਇਹੋ,
ਕਰੇ ਹੁਕਮ ਸਰਕਾਰ ਪਸ਼ੌਰ ਅੰਦਰ ।
ਅਤੇ ਦੇਸਤ ਮੁਹੰਮਦ ਰਹੇ ਕਾਇਮ,
ਸਦਾ ਆਪਣੀ ਰਈਅਤ ਦੀ ਗੌਰ ਅੰਦਰ ।
ਗ਼ਜ਼ਨੀ ਚੀਨ ਮਚੀਨ ਤੇ ਅਰਬ ਕਾਬਲ,
ਭਾਵੇਂ ਰਹੇ ਕੰਧਾਰ ਦੀ ਠੌਰ ਅੰਦਰ ।
ਕਾਦਰਯਾਰ ਸਰਕਾਰ ਦੇ ਰਹਿਣ ਸੰਦੀ,
ਜਗ੍ਹਾ ਚੰਗੀ ਹੈ ਸ਼ਹਿਰ ਲਹੌਰ ਅੰਦਰ ।੨੭।

ਲਾਮ ਲੋਕਾਂ ਪਠਾਣਾਂ ਨੂੰ ਖ਼ਬਰ ਨਾ ਸੀ,
ਹਰੀ ਸਿੰਘ ਮੈਦਾਨ ਵਿਚ ਮਰ ਗਿਆ ।
ਏਸੇ ਵਾਸਤੇ ਦੋਸਤ ਮੁਹੰਮਦ ਜੇਹਾ,
ਸੁਲਾਹ ਨਾਲ ਵਕੀਲਾਂ ਸੀ ਕਰ ਗਿਆ ।
ਹਰੀ ਸਿੰਘ ਸਰਦਾਰ ਦੀ ਧਮਕ ਭਾਰੀ,
ਉਹਦੇ ਜੰਗ ਤੋਂ ਤੰਗ ਹੋ ਡਰ ਗਿਆ ।
ਕਾਦਰਯਾਰ ਮੀਆਂ ਜਾਣੇ ਖ਼ਲਕ ਸਾਰੀ,
ਹਰੀ ਸਿੰਘ ਪਸ਼ੌਰ ਵਿਚ ਲੜ ਗਿਆ ।੨੮।

ਅਲਫ਼

ਆਪਣੇ ਕੌਲ ਤੇ ਰਹਿਣ ਸਾਬਤ,
ਜਿਨ੍ਹਾਂ ਲੋਕਾਂ ਨੂੰ ਰਬ ਵਡਿਆਂਵਦਾ ਈ ।
ਉਧਰ ਦੋਸਤ ਮੁਹੰਮਦ ਵੀ ਪਰਤ ਆਇਆ,
ਤੇ ਰਣਜੀਤ ਸਿੰਘ ਕਿਲ੍ਹੇ ਵਿਚ ਜਾਂਵਦਾ ਈ ।
ਅਤੇ ਚੰਦਨ ਚਿੱਖਾ ਬਣਾਇਕੇ ਜੀ,
ਹਰੀ ਸਿੰਘ ਸਸਕਾਰ ਕਰਾਂਵਦਾ ਈ ।
ਕਾਦਰਯਾਰ ਲਗਾ ਕੇ ਬਹੁਤ ਦੌਲਤ,
ਵੱਡੀ ਉੱਚੀ ਸਮਾਧ ਬਣਾਂਵਦਾ ਈ ।੨੯।

ਯੇ

ਯਾਦ ਕਰ ਕੇ ਗੁਰੂ ਆਪਣੇ ਨੂੰ,
ਸਰਕਾਰ ਮੁੜ ਪਰਤ ਕੇ ਆਂਵਦੀ ਏ ।
ਉਪਰ ਕਿਲ੍ਹੇ ਜਮਰੌਦ ਦੇ ਖ਼ੂਬ ਪਹਿਰਾ,
ਹੱਥੀਂ ਆਪਣੀ ਚਾ ਬਹਾਂਵਦੀ ਏ ।
ਅਤੇ ਆਪ ਪਸ਼ੌਰ ਵਲ ਜਾਇ ਕੇ ਜੀ,
ਆਪਣਾ ਤਖ਼ਤ ਤਸੱਲਤ ਜਮਾਂਵਦੀ ਏ ।
ਕਾਦਰਯਾਰ ਮੀਆਂ ਹਰੀ ਸਿੰਘ ਸੰਦਾ,
ਸਾਰੀ ਖਲਕ ਪਈ ਗੁਣ ਗਾਂਵਦੀ ਏ ।੩੦।

ਸਿਹਰਫ਼ੀ – ਕਿੱਸਾ ਪੂਰਨ ਭਗਤ

Intro - Puran was born to Queen Ichhira, the first wife of king Raja Salvan. Upon the suggestion of the astrologers, Puran was sent away from the King for the first 12 years of his life. It was said that King could not see the face of his son. While Puran was away, the King married a young girl named Luna, who came from a low caste family. After 12 years of isolation, Puran returned to the royal palace....

ਕਿੱਸਾ ਸੋਹਣੀ ਮਹੀਂਵਾਲ

ਅਵਲ ਆਖ਼ਰ ਰਬ ਨੂੰ ਲਾਇਕ ਸਿਫ਼ਤ ਕਰੀਮ ॥ਨੂਰੋਂ ਪਾਕੀ ਇਸ਼ਕ ਦੀ ਪਾਲੀ ਰੋਜ਼ ਰਹੀਮ ॥ਸਰਵਰ ਕੀਤਾ ਇਸ਼ਕ ਤੋਂ ਹੱਦ ਪਈ ਵਿਚ ਮੀਮ ॥ਕੁਲ ਖਜ਼ਾਨੇ ਓਸਨੂੰ ਬਕਸ਼ੇ ਰੱਬ ਰਹੀਮ ॥ਇਸ਼ਕ ਅਜਿਹਾ ਪਾਲਨਾ ਲਾਇਕ ਓੁਸਨੂੰ ਜੋ ॥ਰੱਬ ਚਲਾਈ ਹੱਕਦੀ ਇਸ਼ਕ ਕਹਾਣੀ ਸੋ ॥ਲੱਜ਼ਤ ਏਹੋ ਇਸ਼ਕਦੀ ਜਾਣੇ ਨਾਲ ਦਿਲੇ ॥ਇਸ਼ਕ ਬੈਹ੍ਰ ਦੇ ਰਾਹ ਥੀਂ ਝਬਦੇ ਰੱਬ ਮਿਲੇ ॥ਜਿਸਨੂੰ ਲਾਗ ਨ ਇਸ਼ਕ ਦੀ ਸੋ ਖ਼ਰ ਭਾਰ ਭਲੇ ॥ਪਰ ਸਾਹਿਬ ਮਿਲਦਾ ਕਾਦਰਾ ਅੰਦਰ ਇਸ਼ਕ ਦਿਲੇ ॥ਜਿਸ ਦਿਨ ਯੂਸਫ਼ ਜੰਮਿਆ ਹੋਯਾ ਇਸ਼ਕ ਤਦੋਂ ॥ਪਰ ਜ਼ਾਹਿਰ...

ਸਿਹਰਫ਼ੀ – ਹਰੀ ਸਿੰਘ ਨਲੂਆ

ਨੋਟ: ਇਹ ਰਚਨਾ ਸਰਦਾਰ ਗੰਡਾ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈਜੰਗ ਪਸ਼ੌਰ ਸਿੰਘਾਂ ਤੇ ਪਠਾਣਾਂ ਦੀਸੀ-ਹਰਫ਼ੀ ਅੱਵਲਅਲਫ਼ ਓਸ ਅਲੱਖ ਨੂੰ ਯਾਦ ਰਖੀਏਜੇਹੜਾ ਕੱਖ ਤੋ' ਲੱਖ ਬਣਾਂਵਦਾ ਜੀ ।ਮੁਰਦੇ ਦਿਲਾਂ ਨੂੰ ਪਲਾਂ ਵਿਚ ਸ਼ੇਰ ਕਰਦਾਜਦੋਂ ਮੇਹਰ ਦੀ ਬੂੰਦ ਵਸਾਂਵਦਾ ਜੀ ।ਤਖ਼ਤੋਂ ਵਖ਼ਤ ਤੇ ਸਖ਼ਤੀਓਂ ਨੇਕ-ਬਖ਼ਤੀਓਹਦਾ ਅੰਤ ਹਿਸਾਬ ਨਾਂ ਆਂਵਦਾ ਜੀ ।ਕਾਦਰ ਯਾਦ ਹੈ ਸੁੱਖ ਵਿਚਾਰ ਦੇ ਵਿਚਜਿਵੇਂ ਆਪ ਹੈ ਨਾਨਕ ਫ਼ਰਮਾਂਵਦਾ ਜੀ ।੧।ਅਲਫ਼ ਓਸ ਜੇਹਾ ਨਹੀਂ ਹੋਰ ਕੋਈਯਾਰੋ ਓਸ ਦਾ ਕਰਨਾ ਧਿਆਨ ਚੰਗਾ ।ਜੀਂਦੇ ਜੀ ਜ਼ਬਾਨ ਥੀਂ ਓਹੋ ਨਿਕਲੇਧਿਆਨ...