11.9 C
Los Angeles
Thursday, December 26, 2024

ਸਿਹਰਫ਼ੀ – ਹਰੀ ਸਿੰਘ ਨਲੂਆ

ਨੋਟ: ਇਹ ਰਚਨਾ ਸਰਦਾਰ ਗੰਡਾ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈ

ਜੰਗ ਪਸ਼ੌਰ ਸਿੰਘਾਂ ਤੇ ਪਠਾਣਾਂ ਦੀ

ਸੀ-ਹਰਫ਼ੀ ਅੱਵਲ

ਅਲਫ਼ ਓਸ ਅਲੱਖ ਨੂੰ ਯਾਦ ਰਖੀਏ
ਜੇਹੜਾ ਕੱਖ ਤੋ’ ਲੱਖ ਬਣਾਂਵਦਾ ਜੀ ।
ਮੁਰਦੇ ਦਿਲਾਂ ਨੂੰ ਪਲਾਂ ਵਿਚ ਸ਼ੇਰ ਕਰਦਾ
ਜਦੋਂ ਮੇਹਰ ਦੀ ਬੂੰਦ ਵਸਾਂਵਦਾ ਜੀ ।
ਤਖ਼ਤੋਂ ਵਖ਼ਤ ਤੇ ਸਖ਼ਤੀਓਂ ਨੇਕ-ਬਖ਼ਤੀ
ਓਹਦਾ ਅੰਤ ਹਿਸਾਬ ਨਾਂ ਆਂਵਦਾ ਜੀ ।
ਕਾਦਰ ਯਾਦ ਹੈ ਸੁੱਖ ਵਿਚਾਰ ਦੇ ਵਿਚ
ਜਿਵੇਂ ਆਪ ਹੈ ਨਾਨਕ ਫ਼ਰਮਾਂਵਦਾ ਜੀ ।੧।

ਅਲਫ਼ ਓਸ ਜੇਹਾ ਨਹੀਂ ਹੋਰ ਕੋਈ
ਯਾਰੋ ਓਸ ਦਾ ਕਰਨਾ ਧਿਆਨ ਚੰਗਾ ।
ਜੀਂਦੇ ਜੀ ਜ਼ਬਾਨ ਥੀਂ ਓਹੋ ਨਿਕਲੇ
ਧਿਆਨ ਓਸ ਦੇ ਵਿੱਚ ਮਰ ਜਾਣ ਚੰਗਾ ।
ਤੇ ਚੋਰੀ ਕੋਲੋਂ ਚੰਗਾ ਮੰਗ ਖਾਣਾ
ਯਾਰੋ ਮੰਗਣੇ ਤੋਂ ਮੌਹਰਾ ਖਾਣ ਚੰਗਾ ।
ਕਾਦਰ ਯਾਦ ਚੰਗੀ ਗੱਲਾਂ ਚੰਗੀਆਂ ਚੋਂ
ਐਪਰ ਸਬ ਤੋਂ ਓਸ ਦਾ ਗਿਆਨ ਚੰਗਾ ।੨।

ਬੇ ਬਹੁਤ ਸੁਲਤਾਨ ਜਹਾਨ ਅੰਦਰ
ਆਲੀ-ਸ਼ਾਨ ਵੱਡੇ ਸ਼ਾਹ ਜ਼ੋਰ ਹੋ ਗਏ ।
ਫ਼ਰਾਊਨ ਸ਼ੱਦਾਦ ਨੇ ਬਾਗ ਲਾਇਆ
ਪਾਇਲਾਂ ਪਾਂਵਦੇ ਵਾਂਗਰ ਮੋਰ ਹੋ ਗਏ ।
ਜਦੋਂ ਚੋਰ ਕਜ਼ਾ ਦਾ ਆਣ ਪਿਆ
ਰੰਗ ਤਿਨ੍ਹਾਂ ਦੇ ਹੋਰ ਦੇ ਹੋਰ ਹੋ ਗਏ ।
ਕਾਦਰਯਾਰ ਸਮਿਆਨ ਸਭ ਰਹੇ ਏਥੇ
ਤੇ ਬਣਾਨ ਵਾਲੇ ਵਿਚ ਗੋਰ ਹੋ ਗਏ ।੩।

ਤੇ ਤਮਾਮ ਔਸਾਫ਼ ਇਨਸਾਨ ਵਿਚੋਂ
ਕੋਈ ਨਹੀਂ ਬਹਾਦੁਰੀ ਤੁੱਲ ਮੀਆਂ ।
ਜੇਹੜਾ ਮਰਦ ਹਠ ਹਾਰ ਹੋ ਸਰਦ ਜਾਵੇ
ਰੰਗ ਜ਼ਰਦ ਬਸੰਤ ਦਾ ਫੁੱਲ ਮੀਆਂ ।
ਤਹਿਕੀਕ ਓਹ ਮਰਦ ਨਹੀਂ ਹੀਜੜਾ ਹੈ
ਗੱਲ ਬਰੀਕ ਨਾ ਜਾਵਣੀ ਭੁੱਲ ਮੀਆਂ ।
ਕਾਦਰਯਾਰ ਬਹਾਦੁਰੀ ਮੁੱਲ ਪਾਂਦੀ
ਜਦੋਂ ਆ ਜਾਂਦੀ ਸਿਰ ਤੇ ਝੁੱਲ ਮੀਆਂ ।੪]

ਸੇ ਸਾਬਤੀ ਸੁਣ ਕੇ ਬਹਾਦੁਰਾਂ ਦੀ
ਦਿਲ ਪੀਂਘ ਦਾ ਐਸ਼ ਉਲਾਰਿਆਂ ਵਿਚ ।
ਰੂਹ ਖ਼ੁਸੀ ਦੇ ਨਾਲ ਵਸਾਲ ਕਰਦਾ
ਆਸ਼ਿਕ ਮਸਤ ਜਿਉਂ ਖ਼ਿਆਲ ਪਿਆਰਿਆਂ ਵਿਚ ।
ਰਣਜੀਤ ਸਿੰਘ ਸਰਕਾਰ ਦੇ ਅਫ਼ਸਰਾਂ ਨੂੰ
ਡਿੱਠਾ ਨਜ਼ਰ ਮੈਂ ਪਾ ਕੇ ਸਾਰਿਆਂ ਵਿਚ ।
ਕਾਦਰਯਾਰ ਬਹਾਦੁਰਾਂ ਵਿਚ ਚਮਕੇ
ਹਰੀ ਸਿੰਘ ਜਿਉਂ ਚੰਨ ਸਤਾਰਿਆਂ ਵਿਚ ।੫।

ਜੀਮ ਜੰਗ ਜਾ ਵੱਡਾ ਅਤਾਈ ਦੂਲਾ
ਜਾਣੇ .ਖੂਬ ਲੜਾਈ ਦੇ ਢੰਗ ਮੀਆਂ ।
ਜੁਰਤ ਫੁਰਤ ਉਸ ਤੇਜ਼ ਪਲੰਗ ਵਾਲੀ
ਹੋਵਣ ਸੂਰਮੇ ਦੇਖ ਕੇ ਦੰਗ ਮੀਆਂ ।
ਘੋੜੇ ਹੋ ਅਸਵਾਰ ਤਲਵਾਰ ਫੜਦਾ
ਚੜ੍ਹਦਾ ਆ ਗੁਲਨਾਰ ਦਾ ਰੰਗ ਮੀਆਂ ।
ਕਾਦਰਯਾਰ ਲੰਗੋਟੀਆ ਯਾਰ ਗੂਹੜਾ
ਰਹਿੰਦਾ ਨਿੱਤ ਸਰਕਾਰ ਦੇ ਸੰਗ ਮੀਆਂ ।੬।

ਸੀਨ ਸੁਖ ਦੇ ਵਿਚ ਜਦ ਮੁੱਦਤ ਗੁਜ਼ਰੀ
ਮਹਾਰਾਜ ਨੇ ਮੁਲਕ ਵਲ ਧਿਆਨ ਕੀਤਾ ।
ਆਖੇ ਬਹੁਤ ਚਿਰ ਸੁਖ ਦਾ ਹੋ ਚਾਕਰ
ਜੀਊੜਾ ਏਸ ਦੇ ਵਿਚ ਗਲਤਾਨ ਕੀਤਾ ।
ਅੱਗੋਂ ਈਨ ਨਾ ਏਸਦੀ ਮੰਨਸਾਂ ਮੈਂ
ਪੁਖ਼ਤਾ ਦਿਲ ਦੇ ਵਿਚ ਪੈਮਾਨ ਕੀਤਾ ।
ਕਾਦਰਯਾਰ ਦਰਬਾਰ ਲਗਾਵਣੇ ਦਾ
ਮਹਾਰਾਜ ਨੇ ਚੱਕ ਫ਼ਰਮਾਨ ਕੀਤਾ ।੭।

ਸੀਨ ਸ਼ੌਕ ਦੋ ਨਾਲ ਤਿਆਰ ਹੋ ਕੇ
ਆਏ ਸਿੰਘ ਸਰਦਾਰ ਦਲੇਰ ਯਾਰੋ ।
ਸੰਮਣ ਬੁਰਜ ਵਿਚ ਆ ਕੇ ਬੈਠ ਜਾਂਦੇ
ਮਹਾਰਾਜ ਦੇ ਚਾਰ ਚੁਫੇਰ ਯਾਰੋ ।
ਸਿੰਘ ਸੂਰਮੇ ਚਿਤਰਿਆਂ ਵਾਂਗ ਚਾਤਰ
ਮਹਾਰਾਜ ਝੂਲੇ ਵਿਚ ਸ਼ੇਰ ਯਾਰੋ ।
ਕਾਦਰਯਾਰ ਹੈ ਸ਼ੇਰਾਂ ਨੇ ਮਾਸ ਖਾਣਾ
ਗੱਲ ਸਮਝਣੋਂ ਕਰੋ ਨਾ ਦੇਰ ਯਾਰੋ ।੮।

ਸੁਆਦ ਸਾਫ਼ ਇਹ ਹਾਲ ਮਲੂਮ ਮੈਨੂੰ
ਮਹਾਰਾਜ ਨੇ ਸੁਖਨ ਅਲਾਇਅ’ ਜੀ ।
ਤੁਸਾਂ ਗਾਜ਼ੀਆਂ ਸਿਰਾਂ ਦੀਆਂ ਬਾਜ਼ੀਆਂ ਲਾ
ਸਾਡਾ ਨਾਮਣਾ ਸ਼ੋਖ ਕਰਾਇਆ ਸੀ ।
ਮੁਜੱਫਰ ਖਾਨ’ ਪਠਾਣ ਮੁਲਤਾਨ ਵਾਲਾ
ਜ਼ਰਾ ਤਾਬ ਨਾ ਤੁਸਾਂ ਦੀ ਲਿਆਇਆ ਜੀ ।
ਕਾਦਰਯਾਰ ਕਸ਼ਮੀਰ ਨੂੰ ਮਾਰ ਕੇ ਤੇ
ਏਹ ਮੁਲਕ ਪੰਜਾਬ ਵਧਾਇਆ ਜੀ ।੯।

ਜ਼ੁਆਦ ਜ਼ਰੂਰ ਹੈ ਦਿਲ ਦੀ ਮੁਰਾਦ ਮੇਰੀ
ਜ਼ਰਾ ਹੋਰ ਉੱਚੀ ਗੁੱਡੀ ਚਾੜ੍ਹੀਏ ਜੀ ।
ਸ਼ਾਹ ਮਹਿਮੂਦ ਪਠਾਣ ਹੈ ਤਾਣ ਵਾਲਾ
ਜ਼ਰਾ ਓਸ ਨੂੰ ਚਲ ਵੰਗਾਰੀਏ ਜੀ ।
ਰਹਿਸੀ ਵਿਰ ਜਹਾਨ ਦੇ ਨਾਮ ਯਾਰੋ
ਮਰਨ ਮਾਰਨੋਂ ਮੂਲ ਨਾ ਹਾਰੀਏ ਜੀ ।
ਕਾਦਰਯਾਰ ਚਲ ਅਟਕ ਨੂੰ ਗਾਹਣ ਪਾ ਕੇ
ਸਿੱਧਾ ਜਾ ਪਸ਼ੌਰ ਨੂੰ ਮਾਰੀਏ ਜੀ ।੧੦।

ਤੋਏ ਤਲਬ ਮੈਨੂੰ ਉਸ ਸੂਰਮੇ ਦੀ
ਜੇਹੜਾ ਬੀੜਾ ਪਸ਼ੌਰ ਦਾ ਆਣ ਚੁੱਕੇ ।
ਲੈ ਕੇ ਫੌਜ ਦਰਿਆ ਦੀ ਮੌਜ ਵਾਂਗੂੰ
ਸਿੱਧਾ ਜਾ ਨਜ਼ਦੀਕ ਪਠਾਣ ਢੁੱਕੇ ।
ਬਣ ਜੁਆਨ ਤੇ ਤੀਰ ਕਮਾਨ ਫੜ ਕੇ
ਵਾਂਗ ਕਿੱਲੇ ਦੇ ਵਿਚ ਮੈਦਾਨ ਠੁੱਕੇ ।
ਕਾਦਰਯਾਰ ਕਰਤਾਰ ਨੂੰ ਯਾਦ ਕਰ ਕੇ
ਮਰਨ ਮਾਰਨੋਂ ਜ਼ਰਾ ਨਾ ਜਾਨ ਉੱਕੇ ।੧੧।

ਜ਼ੋਏ ਜ਼ਾਹਰਾ ਨਿੱਤਰਿਆ ਮਿੱਤਰ ਪਿਆਰਾ
ਹਰੀ ਸਿੰਘ ਦਲੇਰ ਸਰਦਾਰ ਯਾਰੋ ।
ਨ’ਲ ਤੌਰ ਪਸ਼ੌਰ ਦਾ ਚੁਕ ਬੀੜਾ
ਰੱਖਿਆ ਮੂੰਹ ਵਿਚਕਾਰ ਯਾਰੋ ।
ਬੇ-ਝੱਕ ਉਠਾ ਕੇ ਜ਼ਿਮੀਂ ਉੱਤੋਂ
ਬੱਧੀ ਲਕ ਦੇ ਨਾਲ ਤਲਵਾਰ ਯਾਰੋ ।
ਕਾਦਰਯਾਰ ਪਸ਼ੌਰ ਦੇ ਮਾਰਨੇ ਨੁੰ
ਹਰੀ ਸਿੰਘ ਹੋ ਗਿਆ ਤਿਆਰ ਯਾਰੋ ।੧੨।

ਐਨ ਆਜਜ਼ੀ ਦੇਨਾਲ ਅਰਜ਼ ਸੁਣ ਲੌ
ਹਰੀ ਸਿੰਘ ਸ਼ਰਮਾ ਕੇ ਬੇਂਲਿਅਆ ਜੀ ।
ਤੇਰੇ ਕਦਮਾਂ ਦੀ ਖ਼ਾਕ ਤੋਂ ਲੱਖ ਵਾਰੀ
ਅਸਾਂ ਜਿੰਦੜੀ ਪਿਆਰੀ ਨੂੰ ਘੋਲਿਆ ਜੀ ।
ਉਤੇ ਰੱਬ ਰਹੀਮ ਹੈ ਗੁਰੂ ਸੱਚਾ
ਹੇਠ ਜ਼ਿਮੀਂ ਤੇ ਤੁਸਾਂ ਨੂੰ ਟੋਲਿਆ ਜੀ ।
ਕਾਦਰਯਾਰ ਹਾਂ ਅਸੀਂ ਮੁਰੀਦ ਪੱਕੇ
ਏਸ ਵਾਸਤੇ ਹਾਲ ਨੂੰ ਫੋਲਿਆ ਜੀ ।੧੩ ।

ਗ਼ੈਨ ਗ਼ਰਜ਼ ਏਹਾ ਨਾਲੋਂ ਫ਼ਰਜ਼ ਏਹਾ
ਹੋਰ ਮਰਜ਼ ਏਹਾ ਮੈਨੂੰ ਲੜਨ ਦਿਓ ।
ਚਾਰ ਰੋਜ਼ ਦਾ ਰੰਗ ਜਹਾਨ ਉੱਤੇ
ਲੈ ਕਮਾਨ ਹੁਣ ਜੰਗ ਤੇ ਚੜ੍ਹਨ ਦਿਓ ।
ਬਲੀ ਗੁਰੂ ਗੋਬਿੰਦ ਸਿੰਘ ਯਾਦ ਕਰ ਕੇ
ਅੱਜ ਜਾਨ ਨੂੰ ਤਲੀ ਤੇ ਧਰਨ ਦਿਓ ।
ਕਾਦਰਯਾਰ ਯਾ ਮਰਨ ਮੈਦਾਨ ਦੇ ਵਿੱਚ
ਯਾ ਕਿ ਫਤਿਹ ਪਸ਼ੌਰ ਨੂੰ ਕਰਨ ਦਿਓ ।੧੪।

ਫ਼ੇ ਫ਼ਰਕ ਨਾ ਲੜਨ ਵਿਚ ਜ਼ਰਾ ਆਵੇ
ਵਾਂਗ ਬਰਕ ਦੇ ਕੜਕ ਕੇ ਬੜ੍ਹਾਂਗਾ ਮੈਂ ।
ਸਜ ਧਜ ਜਿਉਂ ਟਿੱਲਿਓਂ ਚੜ੍ਹੇ ਬੱਦਲ
ਤਿਵੇਂ ਗੱਜ ਕੇ ਜੰਗ ਤੇ ਚੜ੍ਹਾਂਗਾ ਮੈਂ ।
ਵਾਂਗ ਸ਼ੇਰ ਦੇ ਹੋ ਦਲੇਰ ਯਾਰੋ
ਹੱਥ ਵਿਚ ਸ਼ਮਸ਼ੇਰ ਨੂੰ ਫੜਾਂਗਾ ਮੈਂ ।
ਕਾਦਰਯਾਰ ਰੱਬ ਵਾਲੀ ਮਵਾਲੀਆਂ ਦਾ
ਨਾਲ ਜ਼ੋਰ ਪਸ਼ੌਰ ਵਿਚ ਵੜਾਂਗਾ ਮੈਂ ।੧੫।

ਕਾਫ਼ ਕਦੀ ਨਾ ਮੂੰਹ ਤੇ ਸਿਫ਼ਤ ਕਰੀਏ
ਮਹਾਰਾਜ ਨੇ ਹੱਸ ਪੁਕਾਰਿਆ ਜੀ ।
ਕੋਈ ਦਮ ਲਹੌਰ ਵਿਚ ਮਾਣ ਮੌਜਾਂ
ਸਾਡਾ ਕੰਮ ਤੂੰ ਬਹੁਤ ਸਵਾਰਿਆ ਜੀ
ਸਿਆਲਕੋਟ ਇਕ ਚੋਟ ਦੇ ਨਾਲ ਲਿਆ
ਫੇਰ ਜਾ ਧਮਤੌੜ ਨੂੰ ਮਾਰਿਆ ਜੀ ।
ਕਾਦਰਯਾਰ ਹਜ਼ਾਰੇ ਨੂੰ ਮਾਰ ਕੇ ਤੇ
ਪੈਰ ਪੱਖਲੀ ਵਿਚ ਪਸਾਰਿਆ ਜੀ ।੧੬।

ਗਾਫ਼ ਗਿਣੇ ਨਹੀਂ ਜਾਂਵਦੇ ਕੰਮ ਤੇਰੇ
ਕੀਤੀ ਤੰਮ ਤੂੰ ਨਾਲ ਤਲਵਾਰ ਪਿਆਰੇ ।
ਜੰਗੀ ਸ਼ੇਰ ਦਲੇਰ ਮੂੰਹ ਫੇਰ ਦੇਵਨ
ਨੰਗੀ ਕਰੇਂ ਜਾਂ ਤੇਗ਼ ਦੀ ਧਾਰ ਪਿਆਰੇ ।
ਦਸਤਾਰ ਰਫ਼ਤਾਰ ਗੁਫ਼ਤਾਰ ਸੋਹਣੀ
ਤੇਰੇ ਜਿਹਾ ਕੋਈ ਵਿਰਲਾ ਸਵਾਰ ਪਿਆਰੇ ।
ਕਾਦਰਯਾਰ ਹੈਂ ਤੂੰ ਸੱਜੀ ਬਾਂਹ ਮੇਰੀ
ਜਾਣੇ ਆਪ ਸੱਚਾ ਕਰਤਾਰ ਪਿਆਰੇ ।੧੭।

ਲਾਮ ਲੁਟ ਲੈ ਮੌਜ ਬਹਾਰ ਕੋਈ ਚਿਰ
ਚਾਰ ਰੋਜ਼ ਦਾ ਹੈ ਜਹਾਨ ਸਿੰਘ ਜੀ ।
ਨਹੀਂ ਮਾਲ ਦੀ ਕੁਝ ਪਰਵਾਹ ਤੈਨੂੰ
ਨਾਲ ਐਸ਼ ਦਿਨ ਕਰੋ ਗੁਜ਼ਰਾਨ ਸਿੰਘ ਜੀ ।
ਕੋਈ ਰੋਜ਼ ਸਰੀਰ ਨੂੰ ਸੁਖ ਦਿਓ
ਬਹੁਤ ਦੁਖ ਝੱਲੇ ਤੇਰੀ ਜਾਨ ਸਿੰਘ ਜੀ ।
ਕਾਦਰਯਾਰ ਕਿਸੇ ਹੋਰ ਸੂਰਮੇ ਨੂੰ
ਦਿਓ ਲੜਨ ਹੁਣ ਵਿਚ ਮੈਦਾਨ ਸਿੰਘ ਜੀ ।੧੮।

ਮੀਮ ਮੁਖ ਥੀਂ ਕਈ ਸਰਦਾਰ ਬੋਲੇ
ਹੱਥ ਰੱਖ ਤਲਵਾਰ ਦੀ ਮੁੱਠ ਉੱਤੇ ।
ਅਸੀਂ ਨਾਲ ਪਠਾਣਾਂ ਦੇ ਲੜਾਂਗੇ ਜੀ
ਜਾ ਕੇ ਤੋੜ ਪਸ਼ੌਰ ਦੀ ਗੁੱਠ ਉੱਤੇ ।
ਸ਼ਾਹ ਮਹਿਮੂਦ ਨੂੰ ਮਾਰ ਕੇ ਪਾਰ ਕਰੀਏ
ਭਾਵੇਂ ਹੋਵੇ ਅਸਵਾਰ ਉਹ ਉੱਠ ਉੱਤੇ ।
ਕਾਦਰਯਾਰ ਨਾ ਪਿਛਾਂ ਨੂੰ ਮੁੜਾਂਗੇ ਜੀ
ਜ਼ਖਮ ਖਾਵਸਾਂ ਨਾ ਕਦੀ ਪੁੱਠ ਉੱਤੇ ।੧੯।

ਨੂਨ ਨਹੀਂ ਇਹ ਬਾਤ ਮਨਜ਼ੂਰ ਮੈਨੂੰ
ਹਰੀ ਸਿੰਘ ਨੇ ਫੇਰ ਬਿਆਨ ਕੀਤਾ ।
ਓਸ ਸੁਖਨ ਤੇ ਦਿਆਂਗਾ ਮੈਂ ਪਹਿਰਾ
ਜੇਹੜਾ ਆਪ ਅੱਜ ਨਾਲ ਜ਼ਬਾਨ ਕੀਤਾ ।
ਥੁਕ ਸੱਟ ਕੇ ਚੱਟਦਾ ਕੌਣ ਕੋਈ
ਇਹ ਕੰਮ ਤਾਂ ਨਹੀਂ ਸ਼ੈਤਾਨ ਕੀਤਾ ।
ਕਾਦਰਯਾਰ ਓੜਕ ਖ਼ਾਕ ਰਲ ਜਾਣਾ
ਕੇਹੜੀ ਗੱਲ ਦੇ ਵਲ ਧਿਆਨ ਕੀਤਾ ।੨੦।

ਵਾਓ ਵਾਸਤੇ ਰੱਬ ਦੇ ਕਰੋ ਕਿਰਪਾ
ਪੂਰਾ ਕਰਨ ਦਿਓ ਮੇਰਾ ਧਰਮ ਮੈਨੂੰ ।
ਤੇਰੇ ਚਰਨਾਂ ‘ਚ ਮਰਨ ਦੇ ਕਾਰਨੇ ਜੀ
ਸੱਚੇ ਸਾਹਬ ਨੇ ਦਿੱਤਾ ਹੈ ਜਰਮ ਮੈਨੂੰ ।
ਜੇਕਰ ਲੜਨ ਥੀਂ ਤੁਸੀਂ ਹੁਣ ਮੋੜ ਦੇਸੋ
ਤੋੜ ਮਰਨ ਤੀਕਣ ਰਹਿਸੀ ਵਰਮ ਮੈਨੂੰ ।
ਕਾਦਰਯਾਰ ਕਰੋ ਕਰਮ ਟੁਰਦਿਆਂ ਤੇ
ਪਿੱਛੇ ਮੁੜਦਿਆਂ ਔਂਦੀ ਏ ਸ਼ਰਮ ਮੈਨੂੰ ।੨੧।

ਹੇ ਹੈ ਗੁਫ਼ਤਾਰ ਮਨਜ਼ੂਰ ਤੇਰੀ
ਸਰਕਾਰ ਖੰਘੂਰ ਫ਼ਰਮਾਇਆ ਜੀ ।
ਐਸ਼ ਇਸ਼ਰਤ ਦੇ ਫੁੱਲਾਂ ਦਾ ਘੱਤ ਸੇਹਰਾ
ਤੇਰਾ ਹੌਸਲਾ ਅਸਾਂ ਅਜਮਾਇਆ ਜੀ ।
ਸਾਜ ਸੰਗ ਤੇ ਰੰਗ ਮਹੱਲ ਛੱਡ ਕੇ
ਵਲ ਜੰਗ ਤੇਰਾ ਚਿਤ ਚਾਇਆ ਜੀ ।
ਕਾਦਰਯਾਰ ਦਲੇਰ ਕੋਈ ਵਾਂਗ ਤੇਰੇ
ਮੇਰੇ ਦੇਖਣੇ ਵਿਚ ਨਾ ਆਇਆ ਜੀ ।੨੨।

ਯੇ ਯਾਦ ਵਡਿਆਈ ਭਗਵਾਨ ਕਰ ਕੇ
ਲੱਗਾ ਕਰਨ ਸਰਦਾਰ ਚੜ੍ਹਾਈ ਯਾਰੋ ।
ਦੇਖੋ ਵਿੱਚ ਪਠਾਣਾਂ ਦੇ ਘਰ ਜਾ ਕੇ
ਲੱਗਾ ਕਰਨ ਜੁਆਨ ਲੜਾਈ ਯਾਰੋ ।
ਧੁੱਮ ਪਈ ਐ ਵਿਚ ਜਹਾਨ ਸਾਰੇ
ਲਗੇ ਖ਼ਾਲਸੇ ਕਰਨ ਚੜ੍ਹਾਈ ਯਾਰੋ ।
ਕਾਦਰਯਾਰ ਪਠਾਣ ਸੁਣ ਅੱਗ ਹੋਏ
ਤਪੇ ਤੇਲ ਜਿਉਂ ਵਿਚ ਕੜ੍ਹਾਈ ਯਾਰੋ ।੨੩।੧।

ਸ਼ੀ-ਹਰਫ਼ੀ ਦੋਮ

ਅਲਫ਼ ਆਣ ਬਿਆਨ ਪਠਾਣ ਕਰਨਾਂ
ਨਾਲ ਬਿਆਨ ਦੇ ਕੰਨ ਲਗਾਵਣਾ ਜੀ ।
ਥੋੜ੍ਹੇ ਬੋਲ ਵਿਚ ਹਾਲ ਦੁੱਰਾਨੀਆਂ ਦਾ
ਮੁਖਤਿਸਰ ਮੈਂ ਖੋਲ੍ਹ ਸੁਣਾਵਣਾ ਜੀ ।
ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ
ਕੰਮ ਸ਼ਾਇਰਾਂ ਓਸ ਨੂੰ ਗਾਵਣਾ ਜੀ ।
ਕਾਦਰਯਾਰ ਕਰਤਾਰ ਨੂੰ ਯਾਦ ਰੱਖੀਏ
ਜਿਸ ਨੇ ਅੰਤ ਵੇਲੇ ਕੰਮ ਆਵਣਾ ਜੀ ।੧।

ਬੇ ਬਾਦਸ਼ਾਹ ਕਾਬਲ ਦਾ ਓਸ ਵੇਲੇ
ਹੈਸੀ ਸ਼ਾਹ ਮਹਿਮੂਦ ਅਫ਼ਗਾਨ ਮੀਆਂ ।
ਸੋਹਣੀ ਸ਼ਕਲ ਪਰ ਅਕਲ ਦਾ ਬਹੁਤ ਕੌੜਾ
ਮਸ਼ਾਹੂਰ ਓਹ ਵਿਚ ਜਹਾਨ ਮੀਆਂ ।
ਐਪਰ ਰਬ ਦੀ ਟੇਕ ਸੀ ਉਸ ਉੱਤੇ
ਮਿਲਿਆ ਨੇਕ ਉਸਨੂੰ ਬਾਗ਼ਬਾਨ ਮੀਆਂ ।
ਕਾਦਰਯਾਰ ਬਰਕਜ਼ਈ ਸਰਦਾਰ ਭਾਰਾ
ਫ਼ਤਿਹ ਖ਼ਾਨ ਵਜੀਰ ਜੁਆਨ ਮੀਆਂ ।੨।

ਪੇ ਪੁਰਾ ਅਕੀਲ ਸ਼ਕੀਲ ਭਾਰਾ
ਤੇ ਦਲੀਲ ਦਾ ਵੱਡਾ ਦਲੇਰ ਯਾਰੋ ।
ਫ਼ਤਿਹ ਖਾਨ ਵਜ਼ੀਰ ਸੀ ਮਰਦ ਕਾਮਲ
ਗੋਯਾ ਅਸਲ ਦਾ ਕਾਬਲੀ ਸ਼ੇਰ ਯਾਰੋ ।
ਜਿੱਥੇ ਜਾਂਵਦਾ ਸੀ ਫ਼ਤਿਹ ਪਾਂਵਦਾ ਸੀ
ਧੁੰਮ ਪਈ ਏ ਚਾਰ ਚੁਫੇਰ ਯਾਰੋ ।
ਕਾਦਰਯਾਰ ਆ ਸਿੰਧ ਨੂੰ ਜ਼ੇਰ ਕੀਤਾ
ਸੂਬੇ ਹੋਰ ਨਿਵਾਏ ਸੂ ਢੇਰ ਯਾਰੋ ।੩।

ਤੇ ਤਖ਼ਤ ਤੇ ਬਹਿੰਦਾ ਸੀ ਸ਼ਾਹ-ਕਾਬੁਲ
ਐਪਰ ਰਾਜ ਵਜ਼ੀਰ ਕਮਾਂਵਦਾ ਸੀ ।
ਬਾਦਸ਼ਾਹ ਉਸੇ ਪਾਸੇ ਮੂੰਹ ਕਰਦਾ
ਜੇਹੜਾ ਰਾਹ ਵਜ਼ੀਰ ਵਖਾਂਵਦਾ ਸੀ ।
ਸ਼ਾਹ ਮਹਿਮੂਦ ਦਾ ਬੇਟਾ ਸੀ ਇਕ ਨਾਮੀ
ਕਾਮਰਾਨ ਉਹ ਨਾਮ ਸਦਾਂਵਦਾ ਸੀ ।
ਕਾਦਰਯਾਰ ਪਰ ਹਸਦ ਦਾ ਤੀਰ ਲੱਗਾ
ਉਹਨੂੰ ਮੂਲ ਵਜ਼ੀਰ ਨਾ ਭਾਂਵਦਾ ਸੀ ।੪।

ਟੇ ਟੱਕਰਾਂ ਮਾਰਦਾ ਫ਼ਿਕਰ ਅੰਦਰ
ਏਹਾ ਜ਼ਿਕਰ ਸੀ ਓਹਦੇ ਦਹਾਨ ਉੱਤੇ ।
ਕਿਸੇ ਤਰਾਂ ਵਜ਼ੀਰ ਨੂੰ ਦੂਰ ਕਰੀਏ
ਨੂਰ ਚਮਕਿਆ ਜਿਸ ਦਾ ਜਹਾਨ ਉੱਤੇ ।
ਸਾਡਾ ਢੰਗ ਨਾਮੂਸ ਵੈਰਾਨ ਹੋਇਆ
ਜ਼ਿਕਰ ਉਸ ਦਾ ਹਰ ਇਕ ਜ਼ਬਾਨ ਉੱਤੇ ।
ਕਾਦਰਯਾਰ ਨਸੀਬ ਨੇ ਭਾਂਜ ਖਾਧੀ
ਰਾਜ ਕਾਬਲ ਦਾ ਸੀ ਫ਼ਤਿਹ ਖਾਨ ਉੱਤੇ ।੫।

ਸੇ ਸਾਬਤੀ ਵੇਖ ਵਜ਼ੀਰ ਵਾਲੀ
ਕਾਮਰਾਨ ਉਸ ਤੋਂ ਥਰ-ਥਰਾਂਵਦਾ ਸੀ ।
ਜ਼ਾਹਰ ਹੋ ਕੇ ਵਾਂਗ ਦਿਲਾਵਰਾਂ ਦੇ
ਹੱਥ ਨਾਲ ਵਜ਼ੀਰ ਨਾ ਪਾਂਵਦਾ ਸੀ ।
ਸਾਰੀ ਫੌਜ ਵਜ਼ੀਰ ਦਾ ਹੁਕਮ ਮੰਨੇ
ਸਾਰਾ ਮੁਲਕ ਓਹਦਾ ਗੀਤ ਗਾਂਵਦਾ ਸੀ ।
ਕਾਦਰਯਾਰ ਪਰ ਖੱਪਰੇ ਸੱਪ ਵਾਂਗੂੰ
ਕਾਮਰਾਨ ਪਿਆ ਵੱਟ ਖਾਂਵਦਾ ਸੀ ।੬।

ਜੀਮ ਜੰਗ ਦਾ ਰੰਗ ਅਚਨਚੇਤ ਬਣਿਆ
ਚੜ੍ਹਿਆ ਕਾਬਲ ਤੇ ਸ਼ਾਹ-ਈਰਾਨ ਮੀਆਂ ।
ਪੂਰੇ ਲੱਖ ਸਵਾਰ ਦੀ ਧਾੜ ਲੈ ਕੇ
ਵੜਿਆ ਆਣ ਉਹ ਮੁਲਕ ਪਠਾਣ ਮੀਆਂ ।
ਸ਼ੇਰ ਮਰਦ ਵੱਡੇ ਕਲਬੂਤ ਵਾਲੇ
ਲੜਨੇ ਵਿਚ ਮਜ਼ਬੂਤ ਪਹਿਲਵਾਨ ਮੀਆਂ ।
ਕਾਦਰਯਾਰ ਆਇਆ ਮਾਰੋ-ਮ’ਰ ਕਰਦਾ
ਘੇਰਾ ਪਾਇਆ ਹਿਰਾਤ ਨੂੰ ਆਣ ਮੀਆਂ ।੭।

ਚੇ ਚਾੜ੍ਹਿਆ ਸ਼ਾਹ ਮਹਿਮੂਦ ਨੇ ਜੀ
ਫ਼ਤਿਹ ਖ਼ਾਨ ਵਜੀਰ ਨੂੰ ਜੰਗ ਉੱਤੇ ।
ਆਖੇ ਰੱਖ ਏਥੋਂ ਮੇਰੇ ਯਾਰ ਜਾਨੀ
ਮੇਰੀ ਜ਼ਿੰਦਗਾਨੀ ਤੇਰੇ ਸੰਗ ਉੱਤੇ ।
ਤੁਰਤ ਹੋ ਤਿਆਰ ਹੁਸ਼ਿਆਰ ਯਾਰੋ
ਫ਼ਤਿਹ ਖ਼ਾਨ ਰਹਿਆ ਕਾਇਮ ਅੰਗ ਉੱਤੇ ।
ਕਾਦਰਯਾਰ ਸੱਪ ਤਰਫ਼ ਹਿਰਾਤ ਆਇਆ
ਜਿਵੇਂ ਸੱਪ ਫ਼ਨੀਅਰ ਆਵੇ ਡੰਗ ਉੱਤੇ ।੮।

ਹੇ ਹੁਕਮ ਭਗਵਾਨ ਦਾ ਜਿਵੇਂ ਹੁੰਦਾ
ਤਿਵੇਂ ਵਰਤਦਾ ਵਿਚ ਜਹਾਨ ਮੀਆਂ ।
ਫ਼ਤਿਹ ਖ਼ਾਨ ਵਜ਼ੀਰ ਦੀ ਫ਼ਤਿਹ ਹੋਈ
ਭੱਜ ਗਿਆ ਈ ਸ਼ਾਹ ਈਰਾਨ ਮੀਆਂ ।
ਚੜ੍ਹੀ ਇਕ ਹੁਲਾਰੇ ਦੇ ਨਾਲ ਯਾਰੋ
ਫ਼ਤਿਹ ਖ਼ਾਨ ਦੀ ਗੁੱਡੀ ਅਸਮਾਨ ਮੀਆਂ ।
ਕਾਦਰਯਾਰ ਕੁਲ ਮੁਲਕ ਤੇ ਹੋਈ ਸ਼ਾਦੀ
ਇਕ ਨਹੀਂ ਰਾਜ਼ੀ ਕਾਮਰਾਨ ਮੀਆਂ ।੯।

ਖ਼ੇ ਖ਼ੂਬ ਖ਼ੁਸ਼ੀ ਕਾਮਰਾਨ ਕੀਤੀ
ਜ਼ਾਹਰਾ ਬਹੁਤ ਹੋਇਆ ਸ਼ਾਦਮਾਨ ਯਾਰੋ ।
ਐਪਰ ਖ਼ੌਫ਼ ਖ਼ੁਦਾ ਦਾ ਦੂਰ ਕਰ ਕੇ
ਦਿਲ ਵਿੱਚ ਹੋਇਆ ਬੇਈਮਾਨ ਯਾਰੋ ।
ਘਰ ਸੱਦ ਵਜ਼ੀਰ ਨੂੰ ਵਿੱਚ ਜਲਸੇ
ਲੱਗਾ ਲੈਣ ਅਮੀਰ ਦੀ ਜਾਨ ਯਾਰੋ ।
ਕਾਦਰਯਾਰ ਸ਼ੈਤਾਨ ਦੇ ਲੱਗ ਆਖੇ
ਕੀਤਾ ਦੀਨ ਈਮਾਨ ਕੁਰਬਾਨ ਯਾਰੋ ।੧੦।

ਦਾਲ ਦੋਸਤੀ ਦੇ ਤੌਰ ਵਿੱਚ ਜਲਸੇ
ਕਾਮਰਾਨ ਵਜ਼ੀਰ ਬੁਲਾਇਆ ਜੀ ।
ਆਖੇ ਸਿਰਫ ਤੁਸਾਡੜੀ ਫ਼ਤਿਹ ਖ਼ਾਤਰ
ਏਸੇ ਮਹਿਫ਼ਲ ਨੂੰ ਆਣ ਕਰਾਇਆ ਸੀ ।
ਫਤਿਹ ਖ਼ਾਨ ਵਜ਼ੀਰ ਨੂੰ ਵਿਚ ਮਜਲਸ
ਨਾਲ ਸ਼ਾਨ ਦੇ ਪਾਸ ਬਹਾਇਆ ਜੀ ।
ਕਾਦਰਯਾਰ ਪਹਿਲੋਂ ਚਾਰ ਸੌ ਕਾਤਲ
ਖੁਫ਼ੀਆ ਮਹਿਲ ਦੇ ਵਿਚ ਛੁਪਾਇਆ ਜੀ ।੧੧।

ਡਾਲ ਡੰਗਣੋਂ ਸੱਪ ਨਹੀਂ ਮੂਲ ਜਾਂਦਾ
ਭਾਵੇਂ ਲੱਪ ਵਿਚ ਦੁੱਧ ਪਿਲਾ ਮੀਆਂ ।
ਬੁਰਾ ਬਾਜ਼ ਬੁਰਾਈ ਥੀਂ ਨਾ ਆਵੇ
ਲੱਖ ਭਲਾ ਇਸ ਨਾਲ ਕਮਾ ਮੀਆਂ ।
ਪੂਛਲ ਕੁੱਤੇ ਦੀ ਹੋਵੇ ਨਾ ਕਦੇ ਸਿੱਧੀ
ਬਾਰਾਂ ਬਰਸ ਵਿਚ ਨੜੀ ਦੇ ਪਾ ਮੀਆਂ ।
ਕਾਦਰਯਾਰ ਪਰ ਨੀਤ ਤੇ ਮਿਲੇ ਬਦਲਾ
ਭਾਵੇਂ ਲਵੇ ਕੋਈ ਆਜ਼ਮਾ ਮੀਆਂ ।੧੨।

ਜ਼ੇ ਜ਼ਿਬਾਹ ਕਸਾਈ ਜਿਵੇਂ ਕਰੇ ਬੱਕਰਾ
ਤਿਵੇਂ ਕਾਤਲਾਂ ਫੜਿਆ ਵਜ਼ੀਰ ਯਾਰੋ ।
ਸੂਆ ਅੱਗ ਦੇ ਨਾਲ ਝੱਟ ਲਾਲ ਕਰ ਕੇ
ਅੱਖਾਂ ਸਾੜੀਆਂ ਬੇ-ਤਕਸੀਰ ਯਾਰੋ ।
ਹੱਥ ਪੈਰ ਚਾ ਫੇਰ ਆਜ਼ਾਦ ਕੀਤੇ
ਦੋਵੇਂ ਵੱਖੀਆਂ ਦਿੱਤੀਆਂ ਚੀਰ ਯਾਰੋ ।
ਕਾਦਰਯਾਰ ਤਰਸਾ ਤਰਸਾ ਕੇ ਤੇ
ਵੱਢ ਸੁੱਟਿਆ ਸਾਰਾ ਸਰੀਰ ਯਾਰੋ ।੧੩।

ਰੇ ਰਹਿ ਨਾ ਸਕਿਆ ਭੇਦ ਛੁਪਿਆ
ਖਬਰ ਹੋਈ ਏ ਵਿਚ ਜਹਾਨ ਮੀਆਂ ।
ਕਾਮਰਾਨ ਨੇ ਪਿਆਰ ਦੇ ਨਾਲ ਸੱਦ ਕੇ
ਅੱਜ ਮਾਰ ਲਿਆ ਫ਼ਤਿਹ ਖ਼ਾਨ ਮੀਆਂ ।
ਅੱਖਾਂ ਸਾੜ ਕੇ ਪਹਿਲੋਂ ਬੇਤਾਬ ਕਰ ਕੇ
ਕੱਢੀ ਨਾਲ ਅਜ਼ਾਬ ਫਿਰ ਜਾਨ ਮੀਆਂ ।
ਕਾਦਰਯਾਰ ਕੰਬੀ ਸਾਰੀ ਆਣ ਕਾਬਲ
ਬਦਲਾ ਲੈਣ ਨੂੰ ਚੜ੍ਹੇ ਅਫ਼ਗ਼ਾਨ ਮੀਆਂ ।੧੪।

ਜ਼ੇ ਜ਼ੋਰ ਤਾਂ ਸ਼ੋਰ ਦਾ ਬਹੁਤ ਹੋਇਆ
ਮੁਲਕ ਵਿਚ ਆ ਪਿਆ ਤਰਥੱਲ ਯਾਰੋ ।
ਇਕ ਦੂਸਰੇ ਦਾ ਸਿਰ ਕੱਟਣੇ ਨੂੰ
ਜਮਾਂ ਹੋਏ ਪਠਾਣਾਂ ਦੇ ਦੱਲ ਯਾਰੋ ।
ਮੁਹੰਮਦ ਅਜੀਮ ਵਜ਼ੀਰ ਦਾ ਭਾਈ ਸਕਾ
ਬਦਲਾ ਲੈਣ ਕਾਰਣ ਆਇਆ ਚੱਲ ਯਾਰੋ ।
ਕਾਦਰਯਾਰ ਆਖੇ ਏਹਾ ਗੱਲ ਮੇਰੀ
ਕਾਮਰਾਨ ਦੀ ਲਾਹਣੀ ਐ ਖੱਲ ਯਾਰੋ ।੧੫।

ਸੀਨ ਸਭ ਸਾਮਾਨ ਲੜਾਈ ਦਾ ਜੀ
ਕਾਮਰਾਨ ਨੇ ਆਣ ਤਿਆਰ ਕੀਤਾ ।
ਸ਼ਾਹ ਮਹਿਮੂਦ ਆਖੇ ਨਿੱਜ ਜੰਮਦੋਂ ਤੂੰ
ਪਿਛਲੀ ਉਮਰ ਦੇ ਵਿਚ ਖੁਆਰ ਕੀਤਾ ।
ਹੱਥੀਂ ਆਪਣੀ ਮਾਰ ਗੰਵਾਇਓ ਈ
ਜਿਸ ਨੇ ਨਾਲ ਮੇਰੇ ਗੂਹੜਾ ਪਿਆਰ ਕੀਤਾ ।
ਕਾਦਰਯਾਰ ਰੋਂਦਾ ਬਾਦਸ਼ਾਹ ਕਾਬਲ
ਮੈਨੂੰ ਪੁੱਤ ਨੇ ਅਜ ਲਾਚਾਰ ਕੀਤਾ ।੧੬।

ਸ਼ੀਨ ਸ਼ੁਰੂ ਲੱਗਾ ਹੋਵਣ ਜੰਗ ਜਲਦੀ
ਬੱਧਾ ਆਣ ਲੜਾਈ ਦਾ ਰੰਗ ਮੀਆਂ ।
ਕਾਮਰਾਨ ਮੈਦਾਨ ਵਿਚ ਆਣ ਵੜਿਆ
ਲੈ ਕੇ ਸ਼ਾਹ ਮਹਿਮੂਦ ਨੂੰ ਸੰਗ ਮੀਆਂ ।
ਮੁਹੰਮਦ ਅਜ਼ੀਮ ਲੜਿਆ ਕਹਿਰ ਨਾਲ ਯਾਰੋ
ਲਹਿਰ ਮਾਰੇ ਦਰਿਆ ਜਿਉਂ ਗੰਗ ਮੀਆਂ ।
ਕਾਦਰਯਾਰ ਕਾਮਰਾਨ ਨੇ ਭਾਂਜ ਖਾਧੀ
ਹੋਇਆ ਕਾਫੀਆ ਓਸ ਦਾ ਤੰਗ ਮੀਆਂ ।੧੭।

ਸੁਆਦ ਸਾਫ਼ ਲੜਾਈ ਨੂੰ ਹਾਰ ਕੇ ਜੀ
ਕਾਮਰਾਨ ਆ ਵੜਿਆ ਹਿਰਾਤ ਯਾਰੋ ।
ਬਾਦਸ਼ਾਹੀ ਦਾ ਸੂਰਜ ਗ਼ਰੂਬ ਹੋਇਆ
ਪਈ ਆਣ ਤਬਾਹੀ ਦੀ ਰਾਤ ਯਾਰੋ ।
ਸ਼ਾਹ ਮਹਿਮੂਦ ਨੂੰ ਕਰਮਾਂ ਨੇ ਮਾਤ ਕੀਤਾ
ਕਿਸੇ ਨਾਲ ਨਾ ਕਰਦਾ ਸੀ ਬਾਤ ਯਾਰੋ ।
ਕਾਦਰਯਾਰ ਹਿਰਾਤ ਬਿਨ ਮੁਲਕ ਸਾਰਾ
ਮਾਰ ਲਿਆ ਬਰਕਜ਼ਈ ਦੀ ਜ਼ਾਤ ਯਾਰੋ ।੧੮।

ਜ਼ੁਆਦ ਜ਼ਰੂਰ ਸਰਕਾਰ ਨੂੰ ਖਬਰ ਹੋਈ
ਕਾਬਲ ਵਿਚ ਆ ਪਈਆਂ ਜੇ ਭੰਡੀਆਂ ਜੀ ।
ਆਪਸ ਵਿਚ ਪਠਾਣਾਂ ਦੇ ਫੁਟ ਹੋਈ
ਇੱਕ ਦੂਜੇ ਦੀਆਂ ਵੱਢੀਆਂ ਜੰਡੀਆਂ ਜੀ ।
ਖ਼ਾਨਾ-ਜੰਗੀ ਨੇ ਮੁਲਕ ਵੈਰਾਨ ਕੀਤਾ
ਸੌ ਪਠਾਣੀਆਂ ਹੋਗੀਆਂ ਰੰਡੀਆਂ ਜੀ ।
ਕਾਦਰਯਾਰ ਮਹਿਮੂਦ ਨੂੰ ਕੱਢ ਬਾਹਰ
ਕਾਬਲ ਦੇਸ ਦੀਆਂ ਪਾ ਲੀਆਂ ਵੰਡੀਆਂ ਜੀ ।੧੯।

ਤੋਏ ਤਲਬ ਸਰਕਾਰ ਨੂੰ ਲੜਨ ਦੀ ਸੀ
ਏਸ ਖਬਰ ਨੇ ਹੋਰ ਹੁਸ਼ਿਆਰ ਕੀਤਾ ।
ਹਰੀ ਸਿੰਘ ਨੂੰ ਆਖਦਾ ਉਠ ਜਲਦੀ
ਸਾਡਾ ਕੰਮ ਆਸਾਨ ਕਰਤਾਰ ਕੀਤਾ ।
ਫ਼ਤਿਹ ਖ਼ਾਨ ਵਜ਼ੀਰ ਅਸੀਲ ਗ਼ਾਜ਼ੀ
ਉਹਨੂੰ ਦੁਸ਼ਮਣਾਂ ਮਾਰ ਕੇ ਪਾਰ ਕੀਤਾ ।
ਕਾਦਰਯਾਰ ਵਜ਼ੀਰ ਦੇ ਭਾਈਆਂ ਨੇ
ਸ਼ਾਹ ਮਹਿਮੂਦ ਨੂੰ ਝਾੜ ਕੇ ਬਾਹਰ ਕੀਤਾ ।੨੦।

ਜ਼ੋਏ ਜ਼ਾਹਰਾ ਧੌਂਸੇ ਨੂੰ ਮਾਰ ਡੰਕਾ
ਸਰਕਾਰ ਤਯਾਰ ਹੋ ਗਈ ਐ ਜੀ ।
ਤੁਰਤ ਰਾਵੀ ਦਰਿਆ ਤੋਂ ਪਾਰ ਹੋ ਕੇ
ਛੌਣੀ ਵਿੱਚ ਸ਼ਾਹਦਰੇ ਦੇ ਪਈ ਐ ਜੀ ।
ਕੁੱਲ ਜੰਗ ਦੀ ਚੀਜ਼ ਵਲ ਧਿਆਨ ਕੀਤਾ
ਕੋਈ ਗੱਲ ਨਾਂਹੀ ਬਾਕੀ ਰਹੀ ਐ ਜੀ ।
ਕਾਦਰਯਾਰ ਤਾਂ ਕੜਕ ਕੇ ਵਾਂਗ ਬਿਜਲੀ
ਸੜਕ ਸ਼ਹਿਰ ਪਸ਼ੌਰ ਦੀ ਲਈ ਐ ਜੀ ।੨੧।

ਐਨ ਅਕਲ ਤੇ ਫ਼ਿਕਰ ਤੋਂ ਬਾਹਰ ਯਾਰੋ
ਮਹਾਰਾਜ ਨੇ ਆਣ ਸਮਿਆਨ ਜੋੜੇ ।
ਗਰਾਂਡੀਲ ਅਸਵਾਰ ਰੰਗੀਨ ਬਾਂਕੇ
ਵਾਂਗ ਹਰਨ ਦੇ ਚੁੰਗੀਆਂ ਲਾਣ ਘੋੜੇ ।
ਤੋਪਾਂ ਗੋਲੇ ਬਾਰੂਦ ਬੇ-ਹੱਦ ਯਾਰੋ
ਹਾਥੀ ਲੜਨ ਵਾਲੇ ਨਹੀ’ ਸਾਹਨ ਥੋੜੇ ।
ਕਾਦਰਯਾਰ ਅਕਾਲੀਏ ਨਾਗ ਕਾਲ਼ੇ
ਜਿਨ੍ਹਾਂ ਮਾਰ ਕੇ ਮੂੰਹ ਪਠਾਣ ਮੋੜੇ ।੨੨।

ਗ਼ੈਨ ਗ਼ਜ਼ਬ ਦੇ ਨਾਲ ਸਰਕਾਰ ਚੜ੍ਹੀ
ਜਿਵੇਂ ਬੱਦਲਾਂ ਦੀ ਕਾਲੀ ਹਾਠ ਮੀਆਂ ।
ਆਈ ਸੱਜਦੀ ਵੱਜਦੀ ਗੱਜਦੀ ਜੀ
ਲੈ ਕੇ ਕੁੱਲ ਲੜਾਈ ਦਾ ਠਾਠ ਮੀਆਂ ।
ਨਜੀਬਾਂ ਵਾਲੀਆਂ ਪੜਤਲਾਂ ਅਸਲ ਜੰਗੀ
ਵਾਂਗ ਹਾਥੀਆਂ ਜਿਨ੍ਹਾਂ ਦੇ ਕਾਠ ਮੀਆਂ ।
ਕਾਦਰਯਾਰ ਵੰਤੂਰਾ ਜਰਨੈਲ ਚੜ੍ਹਿਆ
ਫ਼ਰਾਂਸੀਸੀ ਸੀ ਸੂਰਮਾ ਰਾਠ ਮੀਆਂ ।੨੩।

ਫ਼ੇ ਫ਼ੌਜ ਵਿਚ ਬਹੁਤ ਸਰਦਾਰ ਨਾਮੀ
ਸਿਫ਼ਤ ਕਰ ਨਹੀਂ ਸਕਦਾ ਕਹਿਣ ਵਾਲਾ ।
ਇਕ ਦੂਜੇ ਦਾ ਸਾਨੀ ਚਤੁਰਾਈ ਦੇ ਵਿਚ
ਤੇ ਲੜਾਏ ਦੇ ਵਿਚ ਪਛਾਂਹ ਨਾ ਰਹਿਣ ਵਾਲਾ ।
ਐਪਰ ਇੱਕ ਸਰਦਾਰ ਅਜੀਬ ਯਾਰੋ
ਜ਼ਖਮ ਸਾਹਮਣੇ ਮੂੰਹ ਤੇ ਸਹਿਣ ਵਾਲਾ ।
ਕਾਦਰਯਾਰ ਜਹਾਨ ਤੇ ਨਾਮ ਰੌਸ਼ਨ
ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ ।੨੪।

ਕਾਫ਼ ਕਈ ਜਰਨੈਲ ਅਸਲ-ਗੋਰਖੇ ਜੀ
ਪਕੜ ਖੋਖਰੀ ਫਿਰਨ ਤਿਆਰ ਮੀਆਂ ।
ਜ਼ੇਰ-ਕੱਦ ਪਰ ਸ਼ੇਰ ਦੇ ਵਾਂਗ ਜੁੱਸਾ
ਬਾਝ ਲੜਨ ਦੇ ਹੋਰ ਨਾ ਕਾਰ ਮੀਆਂ ।
ਲਹਿਣਾ ਸਿੰਘ ਪੰਜ-ਹੱਥਾ ਤੇ ਅਬੂਤਵੇਲਾ
ਅੱਡੇ ਜਿਨ੍ਹਾਂ ਦੇ ਹੱਦ ਥੀਂ ਪਾਰ ਮੀਆਂ ।
ਕਾਦਰਯਾਰ ਪਰ ਸਾਰਿਆਂ ਵਿਚ ਨਾਮੀ
ਹਰੀ ਸਿੰਘ ਨਲਵਾ ਸਰਦਾਰ ਮੀਆਂ ।੨੫।

ਗਾਫ਼ ਗੱਜ ਪੈ ਗਈ ਫਿਰ ਜੱਗ ਸਾਰੇ
ਤਖ਼ਤਾ ਆਣ ਪਸ਼ੌਰ ਦਾ ਹੱਲਿਆ ਜੀ ।
ਲੱਗੀ ਤੋੜ ਜਾ ਕਾਬਲ ਨੂੰ ਧਮਕ ਯਾਰੋ
ਸੀਨਾ ਆਣ ਪਠਾਣ ਤਰਥੱਲਿਆ ਜੀ ।
ਯਾਰ ਮੁਹੰਮਦ ਪਠਾਣ ਹੈਰਾਨ ਹੋ ਕੇ
ਸਾਫ਼ ਛਡ ਪਸ਼ੌਰ ਨੂੰ ਚਲਿਆ ਜੀ ।
ਕਾਦਰਯਾਰ ਸਰਕਾਰ ਲੈ ਕਟਕ ਫ਼ੌਜਾਂ
ਕੰਢਾ ਆਣ ਕੇ ਅਟਕ ਦਾ ਮੱਲਿਆ ਜੀ ।੨੬।

ਲਾਮ ਲੈ ਕੇ ਹੁਕਮ ਸਰਕਾਰ ਕੋਲੋਂ
ਹਰੀ ਸਿੰਘ ਸਰਦਾਰ ਤਿਆਰ ਹੋਇਆ ।
ਜ਼ਫ਼ਰ-ਜੰਗ ਦੀਵਾਨ ਚੰਦ ਸੰਗ ਲੈ ਕੇ
ਅਟਕ ਝਾਗਣੇ ਨੂੰ ਅਸਵਾਰ ਹੋਇਆ ।
ਲੈ ਕੇ ਬਾਰਾਂ ਹਜ਼ਾਰ ਸਵਾਰ ਜੰਗੀ
ਮਰਨ ਮਾਰਨੇ ਤੇ ਬਰ-ਕਰਾਰ ਹੋਇਆ ।
ਕਾਦਰਯਾਰ ਸਰਕਾਰ ਦੇ ਵੇਂਹਦਿਆਂ ਨੂੰ
ਝੱਟ ਅਟਕ ਦਰਿਆ ਤੋਂ ਪਾਰ ਹੋਇਆ ।੨੭।

ਮੀਮ ਮੂੰਹ ਪਸ਼ੌਰ ਦੇ ਵਲ ਕੀਤਾ
ਮਸਤ ਸ਼ੇਰ ਜਿਵੇਂ ਆਵੇ ਚੱਲ ਯਾਰੋ ।
ਯਾਰ ਮੁਹੰਮਦ ਪਠਾਣ ਨਾ ਰਿਹਾ ਕਾਇਮ
ਸਾਰਾ ਮਾਲ ਦਿੱਤਾ ਕਾਬਲ ਘੱਲ ਯਾਰੋ ।
ਸਿੰਘ ਵੇਖ ਕੇ ਕਾਬਲ ਦਾ ਰਾਹ ਫੜਿਆ
ਸਾਹ ਮੇਂਵਦਾ ਵਿਚ ਨਾ ਖੱਲ ਯਾਰੋ ।
ਕਾਦਰਯਾਰ ਪਸ਼ੌਰ ਵਿਚ ਆਣ ਵੜਿਆ
ਹਰੀ ਸਿੰਘ ਹੱਥ ਪਕੜ ਕੇ ਭੱਲ ਯਾਰੋ ।੨੮।

ਨੂੰਨ ਨੱਸ ਕੇ ਗਏ ਪਠਾਣ ਸਾਥੋਂ
ਹਰੀ ਸਿਘ ਸਰਕਾਰ ਵਲ ਖਬਰ ਘੱਲੇ ।
ਗੱਜ ਸੁਣ ਕੇ ਤੇਰਿਆਂ ਧੌਂਸਿਆਂ ਦੀ
ਬਾਝ ਲੜਨ ਪਰਾਂਹ ਨੂੰ ਭੱਜ ਚੱਲੇ ।
ਅਸਾਂ ਕੱਢੀ ਨਾ ਤੇਗ਼ ਮਿਆਨ ਵਿੱਚੋਂ
ਗ਼ਾਜ਼ੀ ਜ਼ਰਾ ਨਾ ਵਿਚ ਮੈਦਾਨ ਖੱਲੇ ।
ਕਾਦਰਯਾਰ ਸਰਕਾਰ ਜੀ ਆਓ ਜਲਦੀ
ਅਸਾਂ ਆਣ ਪਸ਼ੌਰ ਦੇ ਰਾਹ ਮੱਲੇ ।੨੯।

ਵਾਓ ਵਾਹਗੁਰੂ ਦਾ ਨਾਮ ਲੈ ਮੂੰਹੋਂ
ਮਹਾਰਾਜ ਤਿਆਰ ਹੋ ਉਠ ਧਾਇਆ ।
ਉੱਤੇ ਭੌਰ ਅਰਾਕੀ ਅਸਵਾਰ ਹੋ ਕੇ
ਵਿਚ ਅਟਕ ਦਰਿਆ ਦੇ ਗਾਹਣ ਪਾਇਆ ।
ਸਾਰੀ ਫੌਜ ਨੇ ਮਗਰ ਵਹੀਰ ਘੱਤੀ
ਪਾਣੀ ਕੰਢਿਆਂ ਦੇ ਉੱਤੇ ਚੜ੍ਹ ਆਇਆ ।
ਕਾਦਰਯਾਰ ਸਰਕਾਰ ਤਲਵਾਰ ਫੜਕੇ
ਝੰਡਾ ਪਾਰ ਦੇ ਕੰਢੇ ਤੇ ਜਾ ਲਾਇਆ ।੩੦।

ਹੇ ਹਾਥੀ ਦੇ ਉੱਤੇ ਅਸਵਾਰ ਹੋ ਕੇ
ਮਹਾਰਾਜ ਪਸ਼ੌਰ ਵਿਚ ਆਣ ਵੜਿਆ ।
ਵਜਣ ਲਗੇ ਨੱਕਾਰੇ ਰਬਾਬ ਯਾਰੋ
ਮੂੰਹ ਤੇ ਰੰਗ ਗੁਲਾਬ ਦਾ ਆਣ ਚੜ੍ਹਿਆ ।
ਵੜਿਆ ਵਿਚ ਪਹਾੜ ਦੇ ਅਲੀ ਅਕਬਰ
ਦੋਸਤ ਮੁਹੰਮਦ ਕੰਧਾਰ ਦੇ ਵਿਚ ਦੜਿਆ ।
ਕਾਦਰਯਾਰ ਉਹ ਮਸਤ ਬੇਖੌਫ ਫਿਰਦਾ
ਜਿਹੜਾ ਦਸਤ ਕਰਤਾਰ ਨੇ ਆਪ ਫੜਿਆ ।੩੧।

ਯੇ ਯਾਰੀ ਭਗਵਾਨ ਦੀ ਹਈ ਜਦੋਂ
ਜਾ ਮਾਰਿਆ ਸਿੰਘਾਂ ਪਸ਼ੌਰ ਯਾਰੋ ।
ਜਿਵੇਂ ਬਿਜਲੀ ਨਿਕਲਦੀ ਅੰਬਰਾਂ ਚੋਂ
ਖਬਰ ਗਈ ਏ ਵਿਚ ਲਹੌਰ ਯਾਰੋ ।
ਸਾਰੇ ਵਿਚ ਪੰਜਾਬ ਦੇ ਹੋਈ ਸ਼ਾਦੀ
ਵੱਡੇ ਜਲਸਿਆਂ ਦੇ ਹੋਏ ਜ਼ੋਰ ਯਾਰੋ ।
ਕਾਦਰਯਾਰ ਹਰੀ ਸਿੰਘ ਬਣਾ ਸੂਬਾ
ਮਹਾਰਾਜ ਕੀਤੀ ਘਰ ਨੂੰ ਟੋਰ ਯਾਰੋ ।੩੨।੨।

ਸੀ-ਹਰਫ਼ੀ ਸੋਮ

ਅਲਫ਼ ਆ ਪਿਸ਼ੌਰ ਦੇ ਵਿਚ ਯਾਰੋ
ਹਰੀ ਸਿੰਘ ਹੁਣ ਰਾਜ ਕਮਾਣ ਲੱਗਾ ।
ਗਜ਼ਬਨਾਕ ਅਫ਼ਗਾਨ ਜੁਆਨ ਪੱਕੇ
ਵਿੱਚੋ’ ਸੂਈ ਦੇ ਨੱਕੇ ਲੰਘਾਣ ਲੱਗਾ ।
ਨਾਲ ਨੋਕ ਸੰਗੀਨ ਮਹੀਨ ਕਰ ਕੇ
ਦੇਖੋ ਆਪਣੀ ਈਨ ਮਨਾਣ ਲੱਗਾ ।
ਕਾਦਰਯਾਰ ਦਲੇਰੀ ਦੇ ਕੰਮ ਕਰ ਕੇ
ਨਾਮ ਆਪਣਾ ਰੌਸ਼ਨ ਕਰਾਣ ਲੱਗਾ ।੧।

ਬੇ ਬਹੁਤ ਹੋਇਆ ਉਹਦਾ ਬੋਲ ਬਾਲਾ
ਢੋਲ ਆ ਮਸ਼ਹੂਰੀ ਦਾ ਵੱਜਿਆ ਜੀ ।
ਬਦਮਾਸ਼ ਬੇਪੀਰ ਸ਼ਰੀਰ ਜੇਹੜਾ
ਵਾਂਗ ਕਾਗ ਦੇ ਤੀਰ ਤੋਂ ਭੱਜਿਆ ਜੀ ।
ਵੇਖ ਸ਼ਾਹ-ਜ਼ੋਰੀ ਹਰੀ ਸਿੰਘ ਵਾਲੀ
ਯਾਰੋ ਚੋਰਾਂ ਨੇ ਚੋਰੀ ਨੂੰ ਤੱਜਿਆ ਜੀ ।
ਕਾਦਰਯਾਰ ਕੀਤਾ ਬੰਦੋਬਸਤ ਐਸਾ
ਸਾਰਾ ਮੁਲਕ ਜਿਸ ਨੂੰ ਵੇਖ ਰੱਜਿਆ ਜੀ ।੨।

ਪੇ ਪਕੜ ਕੇ ਜਕੜਦਾ ਮੁਜਰਮਾਂ ਨੂੰ
ਜ਼ਰਾ ਖ਼ੌਫ਼ ਨਾ ਦਿਲ ਤੇ ਲਿਆਂਵਦਾ ਸੀ ।
ਤ੍ਰੱਕੜੀ ਤੋਲ ਕਚਹਿਰੀ ਵਿਚ ਅਦਲ ਵਾਲੀ
ਫੇਰ ਬੋਲ ਕੇ ਹੁਕਮ ਸੁਣਾਂਵਦਾ ਸੀ ।
ਦਿੱਤੇ ਕਈ ਫ’ਹੇ ਕਈ ਕਾਠ ਲਾਏ
ਗੁਨਾਹਗਾਰ ਤੇ ਤਰਸ ਨਾ ਖਾਂਵਦਾ ਸੀ ।
ਕਾਦਰਯਾਰ ਪਸ਼ੌਰ ਦੀ ਹੱਦ ਅੰਦਰ
ਦੂਲਾ ਆਪਣਾ ਹੁਕਮ ਚਲਾਂਵਦਾ ਸੀ ।੩।

ਤੇ ਤਮਾਮ ਦੇਹਾਤ ਪਿਸ਼ੌਰ ਦੇ ਵਿੱਚ
ਹਰੀ ਸਿੰਘ ਦੀ ਫਿਰੀ ਦੁਹਾਈ ਯਾਰੋ ।
ਪਾਈ ਐਸੀ ਪਠਾਣਾਂ ਨੂੰ ਨੱਥ ਜਿਸ ਨੇ
ਸੋਨਾ ਹਥ ਲੈ ਕੇ ਟੁਰਦਾ ਰਾਹੀ ਯਾਰੋ ।
ਸੱਭੇ ਚੋਰ ਡਾਕੂ ਉਥੋਂ ਪਰੇ ਹੋਏ
ਜ਼ੋਰ ਕਿਸੇ ਦਾ ਚੱਲੇ ਨਾ ਕਾਈ ਯਾਰੋ ।
ਕਾਦਰਯਾਰ ਪਸ਼ੌਰ ਨੂੰ ਸੋਧ ਕੇ ਤੇ
ਧਰਤੀ ਕਾਬਲ ਦੀ ਆਣ ਕੰਬਾਈ ਯਾਰੋ ।੪।

ਸੇ ਸਾਬਤੀ ਦੇਖ ਕੇ ਸਿੰਘ ਵਾਲੀ
ਕਾਬਲ ਵਿੱਚ ਪੈਦਾ ਹੋਇਆ ਜੋਸ਼ ਮੀਆਂ ।
ਚਲੀ ਵਿੱਚ ਕੰਧਾਰ ਵਿਚਾਰ ਯਾਰੋ
ਗ਼ਜ਼ਨੀ ਵਿੱਚ ਆ ਪਿਆ ਖ਼ਰੋਸ਼ ਮੀਆਂ ।
ਅਸੀਂ ਆਪ ਸਾਰੇ ਹਿੰਮਤ ਹਾਰ ਬੈਠੇ
ਏਸ ਸਿੱਖ ਤੇ ਨਹੀਂ ਕੁਝ ਦੋਸ਼ ਮੀਆਂ ।
ਕਾਦਰਯਾਰ ਅਫ਼ਗਾਨ ਸਲਾਹ ਕਰਦੇ
ਉੱਠੋ ਕਰੋ ਏਕਾ ਨਾਲ ਹੋਸ਼ ਮੀਆਂ ।੫।

ਜੀਮ ਜਮਾ ਹੋ ਕੇ ਪਗ-ਬੰਨ੍ਹ ਸਾਰੇ
ਵਾਂਗ ਚਿੱਤਰਿਆਂ ਵੱਗ ਦੇ ਵਿਚ ਵੜੀਏ ।
ਗੁੱਸਾ ਖਾ ਕੇ ਬਦਨ ਨੂੰ ਤਾ ਦੇ ਕੇ
ਹੱਥ ਵਿਚ ਸ਼ਮਸ਼ੀਰ ਨੂੰ ਖਿੱਚ ਫੜੀਏ ।
ਤੇਗਾਂ ਮਾਰ ਕੇ ਸਿੱਖ ਦੀ ਮਿੱਖ ਕੱਢੀਏ
ਨਾਲ ਤਰਖ ਦੇ ਦਾਨਿਆਂ ਵਾਂਗ ਚੜ੍ਹੀਏ ।
ਕਾਦਰਯਾਰ ਪਸ਼ੌਰ ਨੂੰ ਫ਼ਤਿਹ ਕਰਕੇ
ਸਿੱਧੇ ਵਿੱਚ ਲਾਹੌਰ ਦੇ ਜਾ ਵੜੀਏ ।੬।

ਚੇ ਚੁਸਤ ਹੋ ਕੇ ਕਰੀਏ ਕੰਮ ਆਪਣਾ
ਜ਼ਰਾ ਦਮ ਨਾ ਸਿੱਖਾਂ ਨੂੰ ਲੈਣ ਦੇਈਏ ।
ਸਾਨੂੰ ਸ਼ਹਿਰ ਪਸ਼ੌਰ ਦਾ ਵਰਮ ਡਾਢਾ
ਇਹ ਸ਼ਰਮ ਨਾ ਦਿਲੇ ਨੂੰ ਸਹਿਣ ਦੇਈਏ ।
ਸਿੱਖਾਂ ਆਣ ਭਰੀ ਭੋਹ ਖੱਲ ਸਾਡੀ
ਇਹ ਗੱਲ ਨਾ ਕਿਸੇ ਨੂੰ ਕਹਿਣ ਦੇਈਏ ।
ਕਾਦਰਯਾਰ ਪਸ਼ੌਰ ਹਰ ਤੌਰ ਲੈਣਾ
ਭਾਵੇਂ ਖ਼ੂਨ ਦੀਆਂ ਨਾਲੀਆਂ ਵਹਿਣ ਦੇਈਏ ।੭।

ਹੇ ਹੌਸਲੇ ਦੇ ਨਾਲ ਚਾਲ ਚਲ ਕੇ
ਏਸ ਹਾਲ ਨੂੰ ਰੱਖੋ ਛੁਪਾ ਮੀਆਂ ।
ਜੇਕਰ ਜ਼ਰਾ ਸਰਦਾਰ ਨੂੰ ਖ਼ਬਰ ਪੈਸੀ
ਫ਼ੌਜ਼ਾਂ ਹੋਰ ਉਹ ਲੈਸੀ ਮੰਗਾ ਮੀਆਂ ।
ਰਣਜੀਤ ਸਿੰਘ ਬਹੁਤੀ ਫ਼ੌਜ ਨਾਲ ਲੈ ਕੇ
ਵੜਿਆ ਵਿਚ ਲਾਹੌਰ ਦੇ ਜਾ ਮੀਆਂ ।
ਕਾਦਰਯਾਰ ਉਹਦੇ ਵਾਪਸ ਔਂਦਿਆਂ ਨੂੰ
ਹਰੀ ਸਿੰਘ ਨੂੰ ਦੇਹੋ ਮੁਕਾ ਮੀਆਂ ।੮।

ਖ਼ੇ ਖ਼ੂਬ ਹੁਸ਼ਿਆਰੀ ਦੇ ਨਾਲ ਯਾਰੋ
ਲੱਗੇ ਕਰਨ ਅਫ਼ਗਾਨ ਤਿਆਰੀਆਂ ਨੀ ।
ਐਪਰ ਸਿੰਘ ਦੇ ਕਾਮਲ ਜਾਸੂਸ ਫਿਰਦੇ
ਜਿਨ੍ਹਾਂ ਆਣ ਦੱਸੀਆਂ ਖ਼ਬਰਾਂ ਸਾਰੀਆਂ ਨੀ ।
ਕਿਸ ਤਰ੍ਹਾਂ ਪਠਾਣਾਂ ਨੇ ਖਾ ਕਸਮਾਂ
ਫੱਟਾਂ ਸਾਰੀਆਂ ਦਿਲੋਂ ਵਿਸਾਰੀਆਂ ਨੀ ।
ਕਾਦਰਯਾਰ ਸੁਣ ਕੇ ਆਖੇ ਸਿੰਘ ਦੂਲਾ
ਭਾਵੇਂ ਕਿਸਮਤਾਂ ਸਾਡੀਆਂ ਹਾਰੀਆਂ ਨੀ ।੯।

ਦਾਲ ਦਿਸਦਾ ਨਹੀਂ ਕੋਈ ਰਾਹ ਸਾਨੂੰ
ਹਰੀ ਸਿੰਘ ਲਹੌਰ ਲਿਖਾ ਤੋਰੇ ।
ਸਾਥੋਂ ਸ਼ਹਿਰ ਪਸ਼ੌਰ ਦੇ ਖੱਸਣੇ ਨੂੰ
ਕਟਕ ਚਟਕ ਦੁਰਾਨੀਆਂ ਆਣ ਜੋੜੇ ।
ਘੱਲੋ ਜਲਦ ਇਮਦਾਦ ਸਾਮਾਨ ਜੰਗੀ
ਮੁਸਲਮਾਨ ਬਹੁਤੇ ਅਸੀਂ ਹਾਂ ਥੋੜੇ ।
ਕਾਦਰਯਾਰ ਉਹ ਨਰਕ ਵਿਚ ਗਰਕ ਜਾਵੇ
ਜੇਹੜਾ ਏਸ ਮੈਦਾਨ ਤੋਂ ਮੂੰਹ ਮੋੜੇ ।੧੦।

ਜ਼’ਲ ਜ਼ਿਕਰ ਮੁਸਾਹਿਬਾਂ ਨਾਲ ਕਰ ਕੇ
ਹਰੀ ਸਿੰਘ ਲੜਾਈ ਦਾ ਫ਼ਿਕਰ ਕਰਦਾ ।
ਆਖੇ ਸਤਿ ਅਕਾਲ ਦਾ ਨਾਮ ਲੈ ਕੇ
ਮੇਰਾ ਵਾਹਿਗੁਰੂ ਰੱਖਸੀ ਆਪ ਪਰਦਾ ।
ਅਜੇ ਹੈ ਵੇਲਾ ਯਾਰੋ ਨੱਸਣੇ ਦਾ
ਬੇਸ਼ੱਕ ਨੱਸ ਜਾਵੇ ਜੇਹੜਾ ਹੈ ਡਰਦਾ ।
ਕਾਦਰਯਾਰ ਫਿਰ ਲੈ ਸਮਿਆਨ ਸਾਰਾ
ਹਰੀ ਸਿੰਘ ਜਮਰੂਦ ਦੇ ਕਿਲੇ ਵੜਦਾ ।੧੧।

ਰੇ ਰੱਖਣਾ ਅਸਾਂ ਪਸ਼ੌਰ ਕਾਬੂ
ਬੋਲੇ ਸੂਰਮਾ ਸਿੰਘ ਜਵਾਨ ਯਾਰੋ ।
ਸਾਨੂੰ ਜਾਨ ਕੋਲੋਂ ਪਿਆਰੀ ਬਹੁਤ ਸਾਰੀ
ਮਹਾਰਾਜ ਦੀ ਜੇਹੜੀ ਅਮਾਨ ਯਾਰੋ ।
ਜੀਂਦੇ ਜੀ ਮੈਂ ਕ਼ਿਸ ਤਰ੍ਹਾਂ ਹੱਥ ਵਿੱਚੋਂ
ਹੁਣ ਦਿਆਂ ਪਸ਼ੌਰ ਨੂੰ ਜਾਣ ਯਾਰੋ ।
ਕਾਦਰਯਾਰ ਹੈ ਅਸਾਂ ਮੈਦਾਨ ਲੈਣਾ
ਜਾਂ ਕਿ ਮੱਲਣਾ ਅਸਾਂ ਗੁਸਤਾਨ ਯਾਰੋ ।੧੨।

ਜ਼ੇ ਜ਼ੋਰ ਪਠਾਣਾਂ ਦਾ ਬਹੁਤ ਦਿੱਸੇ
ਸਾਨੂੰ ਘੱਤ ਖਲੋਣਗੇ ਜਦੋਂ ਘੇਰਾ ।
ਦਾਣਾਂ ਪਾਣੀ ਨਖੁੱਟਸੀ ਕਿਲੇ ਵਿਚੋਂ
ਸਾਨੂੰ ਘੱਲਸੀ ਫੇਰ ਇਮਦਾਦ ਕੇਹੜਾ ।
ਕੁਲ ਚੀਜ਼ ਨੂੰ ਕਿਲੇ ਵਿਚ ਜਮਾ ਕਰ ਕੇ
ਸਾਰਾ ਫਾਲਤੂ ਹੈ ਅਸਬਾਬ ਜੇਹੜਾ ।
ਕਾਦਰਯਾਰ ਫਿਰ ਕਿਲੇ ਤੋਂ ਬਾਹਰ ਆ ਕੇ
ਸਰਵਣ ਪਾਰ ਹੋ ਕੇ ਕਰੋ ਚੱਲ ਡੇਰਾ ।੧੩।

ਸੀਨ ਸਿਖ ਸਰਦਾਰ ਤਿਆਰ ਹੋ ਕੇ
ਲੱਗੇ ਨਿਕਲਨੇ ਕਿਲੇ ਤੋਂ ਬਾਹਰ ਯਾਰੋ ।
ਮੂੰਹੋਂ ਸਤਿ ਕਰਤਾਰ ਦਾ ਨਾਮ ਲੈ ਕੇ
ਬੱਧੀ ਵਿਚ ਮੈਦਾਨ ਕਤਾਰ ਯਾਰੋ ।
ਕੁਲ ਚਾਰ ਤੋਪਾਂ ਸਿੱਖਾਂ ਪਾਸ ਆਹੀਆਂ
ਸਿਰਫ਼ ਬਾਰਾਂ ਹਜ਼ਾਰ ਅਸਵਾਰ ਯਾਰੋ ।
ਕਾਦਰਯਾਰ ਇਕ ਪੜਤਲ ਸੀ ਪੈਦਲਾਂ ਦੀ
ਹਰੀ ਸਿੰਘ ਦੇ ਪਾਸ ਸਰਦਾਰ ਯਾਰੋ ।੧੪।

ਸ਼ੀਨ ਸ਼ੁਰੂ ਪਠਾਣਾਂ ਦੀ ਹੋਈ ਆਮਦ
ਵਾਂਗ ਕੀੜੀਆਂ ਦੇ ਬੇ-ਸ਼ੁਮਾਰ ਮੀਆਂ ।
ਨੇੜੇ ਆਣ ਕੇ ਮੋਰਚੇ ਬੰਨ੍ਹ ਲੈਂਦੇ
ਜਿੱਥੇ ਖਲ੍ਹਾ ਸੀ ਸਿੰਘ ਸਰਦਾਰ ਮੀਆਂ ।
ਚਾਰੇ ਪਾਸੇ ਪਠਾਣਾਂ ਨੇ ਆਣ ਮੱਲੇ
ਸਾਰੇ ਸਿਖ ਖਲੇ ਵਿਚਕਾਰ ਮੀਆਂ ।
ਕਾਦਰਯਾਰ ਕਰਤਾਰ ਹੁਣ ਲਾਜ ਰਖਸੀ
ਸਿਖ ਸੌ ਅਫ਼ਗ਼ਾਨ ਹਜ਼ਾਰ ਮੀਆਂ ।੧੫।

ਸੁਆਦ ਸਾਫ਼ ਮੈਦਾਨ ਕਲਾਨ ਸਾਰਾ
ਹੋਇਆ ਗ਼ਾਜ਼ੀਆਂ ਨਾਲ ਭਰਪੂਰ ਯਾਰੋ ।
ਨਾਹਰਾ ਅੱਲਾ-ਹੂ-ਅਕਬਰ ਦਾ ਮਾਰ ਆਖਣ
ਅਸਾਂ ਸਿੱਖਾਂ ਨੂੰ ਕਰਨਾ ਹੈ ਚੂਰ ਯਾਰੋ ।
ਹਰੀ ਸਿੰਘ ਆਖੇ ਮਦਦ ਨਹੀਂ ਨੇੜੇ
ਅਤੇ ਸ਼ਹਿਰ ਲਹੌਰ ਹੈ ਦੂਰ ਯਾਰੋ ।
ਕਾਦਰਯਾਰ ਤੁਸੀਂ ਲੜੋ ਡਰੋ ਨਾਹੀਂ
ਇਕ ਦਿਨ ਸਾਰਿਆਂ ਮਰਨਾ ਜ਼ਰੂਰ ਯਾਰੋ ।੧੬।

ਜ਼ੁਆਦ ਜ਼ਰੂਰ ਸਰਦਾਰ ਤਿਆਰ ਹੋਇਆ
ਲੱਕ ਬੰਨ੍ਹ ਕੇ ਤੇਜ਼ ਤਲਵਾਰ ਯਾਰੋ ।
ਮੂੰਹੋਂ ਸਤਿ ਕਰਤਾਰ ਦਾ ਨਾਮ ਲੈ ਕੇ
ਚੌਬੇ ਘੋੜੇ ਤੇ ਹੋਇਆ ਅਸਵਾਰ ਯਾਰੋ ।
ਅੱਗੇ ਸਭਨਾਂ ਤੋਂ ਹੋ ਕੇ ਅਸਵਾਰ ਖਲ੍ਹਾ
ਪਿਛੇ ਬੱਧੀ ਸਵਾਰਾਂ ਕਤਾਰ ਯਾਰੋ ।
ਕਾਦਰਯਾਰ ਤਾਂ ਘੋੜੇ ਨੂੰ ਮਾਰ ਅੱਡੀ
ਆਇਆ ਸੂਰਮਾ ਸਿੰਘ ਲਲਕਾਰ ਯਾਰੋ ।੧੭।

ਤੋਏ ਤਰਫ ਦੁਰਾਨੀਆਂ ਚਲ ਆਏ
ਜਿਵੇਂ ਭੇਡਾਂ ਦੇ ਵਲ ਬਘਿਆੜ ਮੀਆਂ ।
ਨਾਲ ਬਰਛਿਆਂ ਪੇਟ ਮੈਦਾਨ ਉੱਤੇ
ਦਿੱਤੇ ਸੈਆਂ ਪਠਾਣ ਦੇ ਪਾੜ ਮੀਆਂ ।
ਜਿਥੇ ਪੈਣ ਪਠਾਣ ਨਾ ਰਹਿਣ ਕਾਇਮ
ਹੋਵੇ ਸੁੰਮਣ ਸਮਾਧਾਂ ਉਜੜ ਮੀਆਂ ।
ਕਾਦਰਯਾਰ ਇਕ ਆਣ ਵਿਚ ਮੁਰਦਿਆਂ ਦਾ
ਲੱਗਾ ਵਿੱਚ ਮੈਦਾਨ ਪਹਾੜ ਮੀਆਂ ।੧੮।

ਜ਼ੋਏ ਜ਼ਾਹਰਾ ਰਹੇ ਨਾ ਜ਼ਰਾ ਕਾਇਮ
ਐਸਾ ਸਿੱਖਾਂ ਪਠਾਣਾਂ ਨੂੰ ਡੰਗਿਆ ਜੀ ।
ਹਰੀ ਸਿੰਘ ਸਰਦਾਰ ਤਲਵਾਰ ਫੜ ਕੇ
ਮੂੰਹ ਸੈਆਂ ਪਠਾਣਾਂ ਦਾ ਰੰਗਿਆ ਜੀ ।
ਅਫ਼ਜ਼ਲ ਖਾਨ ਪਠਾਣ ਦਲੇਰ ਯਾਰੋ
ਮੂੰਹ ਫੇਰ ਕੇ ਲੜਨ ਤੋਂ ਸੰਗਿਆ ਜੀ ।
ਕਾਦਰਯਾਰ ਉਹ ਛੱਡ ਮੈਦਾਨ ਗਿਆ
ਦੱਰਾ ਜਾ ਖੈਬਰ ਵਾਲਾ ਲੰਘਿਆ ਜੀ ।੧੯।

ਐਨ ਅਲੀ ਅਕਬਰ ਇਕ ਪਠਾਣ ਨਾਮੀ
ਕਾਇਮ ਰਿਹਾ ਹੁਣ ਵਿੱਚ ਮੈਦਾਨ ਯਾਰੋ ।
ਜਿਹਦੀ ਤਾਬਿਆ ਵਿੱਚ ਮੌਜ਼ੂਦ ਖਲ੍ਹਾ
ਪੂਰਾ ਅੱਸੀ ਹਜ਼ਾਰ ਅਫ਼ਗਾਨ ਯਾਰੋ ।
ਹਰੀ ਸਿੰਘ ਨੂੰ ਉਸ ਨਾ ਕਦੀ ਡਿੱਠਾ
ਰੱਖੇ ਦਿਲ ਦੇ ਵਿਚ ਅਰਮਾਨ ਯਾਰੋ ।
ਕਾਦਰਯਾਰ ਆਖੇ ਜੇਕਰ ਮਿਲੇ ਮੈਨੂੰ
ਤੇਗਾਂ ਮਾਰ ਕੱਢਾਂ ਉਹ ਦੀ ਜਾਨ ਯਾਰੋ ।੨੦।

ਗ਼ੈਨ ਗ਼ੁਸਾ ਪਠਾਣਾਂ ਨੇ ਬਹੁਤ ਖਾਧਾ
ਐਪਰ ਪੇਸ਼ ਨਾ ਜਾਂਵਦੀ ਕਾਈ ਮੀਆਂ ।
ਹਰੀ ਸਿੰਘ ਦਲੇਰ ਜੁਆਨ ਦੀ ਜੀ
ਫਿਰੀ ਵਿਚ ਜਹਾਨ ਦੁਹਾਈ ਮੀਆਂ ।
ਪਕੜ ਤੇਗ਼ ਨੰਗੀ ਚੰਗੀ ਸ਼ਕਲ ਵਾਲਾ
ਐਸਾ ਡਿੱਠਾ ਨਾ ਜੰਗੀ ਸਿਪਾਹੀ ਮੀਆਂ ।
ਕਾਦਰਯਾਰ ਹਰੀ ਸਿੰਘ ਸੂਰਮੇ ਨੇ
ਅੱਜ ਕੀਤੀ ਏ ਵੱਡੀ ਕਮਾਈ ਮੀਆਂ ।੨੧।

ਫ਼ੇ ਫ਼ੌਜ ਪਠਾਣਾਂ ਦੀ ਦੂਸਰੀ ਵਿੱਚ
ਹਰੀ ਸਿੰਘ ਹੁਣ ਘੋੜਾ ਦੁੜਾ ਵੜਦਾ ।
ਵਾਹ ਅਸਵਾਰ ਤੇ ਖ਼ੂਬ ਘੋੜਾ
ਦਿਸੇ ਜ਼ਿਮੀਂ ਤੇ ਮੂਲ ਨਾ ਪੈਰ ਧਰਦਾ ।
ਹਿੰਮਤ ਹਾਰ ਅਫ਼ਗ਼ਾਨ ਫ਼ਰਾਰ ਹੁੰਦੇ
ਨੇੜੇ ਆਣ ਕੇ ਕੋਈ ਨਾ ਮੂਲ ਲੜਦਾ ।
ਕਾਦਰਯਾਰ ਜੋ ਆਂਵਦਾ ਪਾਸ ਉਸ ਦੇ
ਨਾਲ ਧਾਰ ਤਲਵਾਰ ਦੇ ਪਾਰ ਕਰਦਾ ।੨੨।

ਕਾਫ਼ ਕੰਬ ਗਿਆ ਯਾਰੋ ਅਲੀ ਅਕਬਰ
ਹਰੀ ਸਿੰਘ ਜਾਂ ਧਰੂਹ ਤਲਵਾਰ ਆਇਆ ।
ਜਲਵਾ ਮੂਲ ਨਾ ਝੱਲਿਆ ਜਾਏ ਉਹਦਾ
ਵਾਂਗ ਸ਼ੇਰ ਦੇ ਮਾਰ ਲਲਕਾਰ ਆਇਆ ।
ਹੱਥ ਪਕੜ ਤਲਵਾਰ ਸਰਦਾਰ ਦੂਲਾ
ਅੱਗੇ ਸੈਆਂ ਪਠਾਣਾਂ ਨੂੰ ਮਾਰ ਆਇਆ ।
ਕਾਦਰਯਾਰ ਹੁਸ਼ਿਆਰ ਹੋ ਅਲੀ ਅਕਬਰ
ਹਰੀ ਸਿੰਘ ਹੁਣ ਬਾਂਹ ਉਲਾਰ ਆਇਆ ।੨੩।

ਗਾਫ਼ ਗਈ ਨਾ ਪੇਸ਼ ਅਲੀ ਅਕਬਰੇ ਦੀ
ਚੇਹਰਾ ਖ਼ੌਫ਼ ਥੀਂ ਹੋਇਆ ਸੂ ਫੂਕ ਯਾਰੋ ।
ਜੇਹੜਾ ਦਿਸਦਾ ਸੀ ਦੂਰੋਂ ਸਰੂ ਵਾਂਗੂੰ
ਡਿੱਠਾ ਨੇੜਿਉਂ ਵਸਲ ਦੀ ਭੂਕ ਯਾਰੋ ।
ਸੁਰਤ ਰਹੀ ਨਾ ਤੇਗ਼ ਨਿਕਾਲਣੇ ਦੀ
ਤੁਰਤ ਸੇਧੀ ਸੂ ਚਾ ਬੰਦੂਕ ਯਾਰੋ ।
ਕਾਦਰਯਾਰ ਜਾਂ ਵੇਖਿਆ ਸਿੰਘ ਦੂਲੇ
ਉੱਚੀ ਆਖਦਾ ਮਾਰ ਕੇ ਕੂਕ ਯਾਰੋ ।੨੪।

ਲਾਮ ਲੱਗਸੀ ਲੀਕ ਤਹਿਕੀਕ ਤੈਨੂੰ
ਤੇ ਬਹਾਦਰੀ ਦਾ ਮਿਟ ਨਿਸ਼ਾਨ ਜਾਸੀ ।
ਅਲੀ ਅਕਬਰਾ ਮਾਰ ਨਾ ਤੁਪਕ ਮੈਨੂੰ
ਰੋਜ਼ ਹਸ਼ਰ ਤੀਕਣ ਅਰਮਾਨ ਜਾਸੀ ।
ਹੱਥ ਪਕੜ ਤਲਵਾਰ ਹੁਸ਼ਿਆਰ ਹੋ ਕੇ
ਲੜੇਂ ਅੱਜ ਕੁਰਬਾਨ ਜਹਾਨ ਜਾਸੀ ।
ਕਾਦਰਯਾਰ ਜਦ ਮਰੇਂਗਾ ਸੰਗ ਤੇਰੇ
ਕੋਈ ਸ਼ੈ ਨਾ ਬਾਝ ਈਮਾਨ ਜਾਸੀ ।੨੫।

ਮੀਮ ਮੂੰਹੋਂ ਨਾ ਕੁਝ ਜਵਾਬ ਦਿੱਤਾ
ਅਲੀ ਅਕਬਰ ਬੰਦੂਕ ਚਲਾਈ ਐ ਜੀ ।
ਤੁਪਕ ਕੜਕਦੀ ਏ ਵਾਂਗ ਬਿਜਲੀ ਦੇ
ਗੋਲੀ ਵਾਂਗ ਕਜ਼ਾ ਦੇ ਆਈ ਐ ਜੀ ।
ਲੱਗੀ ਪੇਟ ਵਿਚਕਾਰ ਦੋਸਾਰ ਹੋ ਗਈ
ਨਦੀ ਲਹੂ ਦੀ ਬਾਹਰ ਵਗ ਆਈ ਐ ਜੀ ।
ਕਾਦਰਯਾਰ ਤਾਂ ਪਿਛਾਂ ਨੂੰ ਮੋੜ ਘੋੜਾ
ਹਰੀ ਸਿੰਘ ਦੂਲੇ ਅੱਡੀ ਲਾਈ ਐ ਜੀ ।੨੬।

ਨੂੰਨ ਨਿਕਲ ਚਲ ਘੋੜਿਆ ਕਿਲੇ ਦੀ ਵਲ
ਅਸਾਂ ਪਾਵਣਾਂ ਨਹੀਂ’ ਦੂਜੀ ਵਾਰ ਫੇਰਾ ।
ਗੋਲੀ ਲੱਗੀ ਐ ਕਹਿਰ ਕਲੂਰ ਵਾਲੀ
ਘਾਇਲ ਹੋਇਆ ਏ ਅੱਜ ਅਸਵਾਰ ਤੇਰਾ ।
ਮੇਰੇ ਬਾਂਕਿਆ ਛੈਲ ਛਬੀਲਿਆ ਓ
ਹੈਂ ਤੂੰ ਸੈਆਂ ਮੈਦਾਨਾਂ ਦਾ ਯਾਰ ਮੇਰਾ ।
ਕਾਦਰਯਾਰ ਜੇ ਲੈ ਚਲੇਂ ਅੱਜ ਡੇਰੇ
ਤੇਰਾ ਕਦੀ ਨਾ ਭੁੱਲਸੀ ਪਿਆਰ ਸ਼ੇਰਾ ।੨੭।

ਵਾਓ ਵਗਿਆ ਵਾ ਦੇ ਵਾਂਗ ਘੋੜਾ
ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ ।
ਮਾਰ ਚੁੰਗੀਆਂ ਹਰਨ ਦੇ ਵਾਂਗ ਯਾਰੋ
ਉੱਡ ਗਿਆ ਸੀ ਉਸ ਮੈਦਾਨ ਵਿੱਚੋਂ ।
ਫੌਜਾਂ ਸਿੱਖਾਂ ਦੀਆਂ ਵਿਚੋਂ ਗੁਜ਼ਰ ਗਿਆ
ਲੰਘ ਗਿਆ ਸੀ ਲਸ਼ਕਰ ਪਠਾਣ ਵਿੱਚੋਂ ।
ਕਾਦਰਯਾਰ ਹਠ ਨਾਲ ਸਰਦਾਰ ਬੈਠਾ
ਐਪਰ ਨਿਕਲਦੀ ਪਈ ਸੀ ਜਾਨ ਵਿੱਚੋਂ ।੨੮।

ਹੇ ਹੱਥ ਦੀ ਹੱਥਾਂ ਦੇ ਵਿਚ ਰਹੀਆ
ਡਿੱਠਾ ਨੌਕਰਾਂ ਜਦੋਂ ਸਰਦਾਰ ਯਾਰੋ ।
ਸਿਰ ਪੈਰ ਤੀਕਣ ਡੁੱਬਾ ਖ਼ੂਨ ਦੇ ਵਿਚ
ਸਾਵਣ ਮਾਹ ਦੀ ਜਿਵੇਂ ਫੁਆਰ ਯਾਰੋ ।
ਆਖੇ ਨਾਲ ਇਸ਼ਾਰਤਾਂ ਲਾਹੋ ਮੈਨੂੰ
ਤਾਕਤ ਰਹੀ ਨਾ ਵਿਚ ਗੁਫ਼ਤਾਰ ਯਾਰੋ ।
ਕਾਦਰਯਾਰ ਹੈ ਗੋਲੀ ਨੇ ਘਾ ਕੀਤਾ
ਹੈ ਇਹ ਆਖ਼ਰੀ ਵਕਤ ਦੀਦਾਰ ਯਾਰੋ ।੨੯।

ਯੇ ਯਾਦ ਕਰਕੇ ਰੱਬ ਆਪਣੇ ਨੂੰ
ਹਰੀ ਸਿੰਘ ਨੂੰ ਘੋੜੇ ਤੋਂ ਲਾਹਿਓ ਨੇ ।
ਬੰਨ੍ਹ ਪੱਟੀਆਂ ਜ਼ਖ਼ਮ ਨੂੰ ਸਾਫ਼ ਕਰ ਕੇ
ਤੁਰਤ ਪਲੰਗ ਤੇ ਚਾ ਲਿਟਾਇਓ ਨੇ ।
ਫ਼ੁਰਤੀ ਨਾਲ ਬੁਲਾ ਹਜਾਮ ਤਾਈਂ
ਫੱਟ ਪੱਟ ਦੇ ਨਾਲ ਸਿਵਾਇਓ ਨੇ ।
ਕਾਦਰਯਾਰ ਪਰ ਖ਼ੂਨ ਨਹੀੰ ਬੰਦ ਹੁੰਦਾ
ਫ਼ਿਕਰ ਲੱਖ ਹਜ਼ਾਰ ਦੁੜਾਇਓ ਨੇ ।੩੦।੩।

ਸੀ-ਹਰਫ਼ੀ ਚਹਾਰਮ

ਅਲਫ਼ ਆਖਦਾ ਹਰੀ ਸਿੰਘ ਸੁਣੋ ਯਾਰੋ
ਮੇਰੀ ਗੱਲ ਦੇ ਵਲ ਧਿਆਨ ਕਰਨਾ ।
ਬੰਦਾ ਕੌਣ ਜੋ ਕਰੇ ਤਦਬੀਰ ਕੋਈ
ਕੰਮ ਸੋ ਜੋ ਹੈ ਭਗਵਾਨ ਕਰਨਾ ।
ਮੈਨੂੰ ਮੌਤ ਦਾ ਖ਼ੌਫ਼ ਨਾ ਜ਼ਰਾ ਯਾਰੋ
ਬਾਦਸ਼ਾਹ ਗਦਾ ਹੈ ਸਭ ਮਰਨਾ ।
ਕਾਦਰਯਾਰ ਰੱਖੋ ਤੁਸੀਂ ਗੱਲ ਮੋਹਕਮ
ਜੇਹੜੀ ਗੱਲ ਮੈਂ ਹੁਣ ਬਿਆਨ ਕਰਨਾ ।੧।

ਬੇ ਬਹੁਤ ਹੁਸ਼ਿਆਰੀ ਦਰਕਾਰ ਹੈ ਜੀ
ਮਖ਼ਫ਼ੀ ਰਖਣਾ ਮੌਤ ਦਾ ਰਾਜ਼ ਯਾਰੋ ।
ਮੇਰੀ ਮੌਤ ਦਾ ਜ਼ਿਕਰ ਨਾ ਮੂਲ ਕਰਨਾ
ਇਸ ਵਿੱਚ ਨੁਕਸਾਨ ਦਰਾਜ਼ ਯਾਰੋ ।
ਜੇ ਕਰ ਹੋਇਆ ਮਾਲੂਮ ਦੁੱਰਾਨੀਆਂ ਨੂੰ
ਮੇਰਾ ਰੂਹ ਕਰ ਗਿਆ ਪਰਵਾਜ਼ ਯਾਰੋ ।
ਕਾਦਰਯਾਰ ਸਰਕਾਰ ਦੇ ਔਂਦਿਆਂ ਨੂੰ
ਰੜਕ ਛੋੜਸਨ ਵਾਂਗ ਪਿਆਜ ਯਾਰੋ ।੨।

ਪੇ ਪੱਕ ਪਕਾ ਸਲਾਹ ਕਰ ਕੇ
ਜਦੋਂ ਨਿਕਲ ਜਾਵੇ ਮੇਰਾ ਦਮ ਯਾਰੋ ।
ਚਾ ਭੋਇਉਂ ਮੰਜੀ ਉੱਤੇ ਪਾ ਦੇਣਾ
ਅਤੇ ਕੱਜ ਦੇਣਾ ਮੇਰਾ ਚੰਮ ਯਾਰੋ ।
ਮੂੰਹੋਂ ਕਹਿਣਾ ਸਰਦਾਰ ਬੀਮਾਰ ਹੋਇਆ
ਬਹੁਤ ਜ਼ੋਰ ਪਾਇਆ ਬਲਗ਼ਮ ਯਾਰੋ ।
ਕਾਦਰਯਾਰ ਨਾ ਗ਼ਮ ਨੂੰ ਜ਼ਾਹਰ ਕਰਨਾ
ਨਹੀਂ ਤੇ ਕੰਮ ਹੋ ਜਾਵਸੀ ਤੰਮ ਯਾਰੋ ।੩।

ਤੇ ਤਾਬ ਨਾ ਰਹੀ ਵਿਚ ਬੋਲਣੇ ਦੀ
ਹੋਇਆ ਬਹੁਤ ਲਾਚਾਰ ਸਰਦਾਰ ਸਾਈਂ ।
ਰੱਤ ਰਹੀ ਨਾ ਬਦਨ ਦੇ ਵਿਚ ਰੱਤੀ
ਰੰਗ ਹੋਇਆ ਸੂ, ਵਾਂਗ ਵਸਾਰ ਸਾਈਂ ।
ਮੂੰਹੋਂ ਵਾਹਿਗੁਰੂ ਦਾ ਨਾਮ ਲੈ ਆਖੇ
ਮੈਂ ਹਾਂ ਬਹੁਤ ਪਾਪੀ ਗੁਨਾਹਗਾਰ ਸਾਈਂ ।
ਕਾਦਰਯਾਰ ਮੋਇਆ ਹਰੀ ਸਿੰਘ ਦੂਲਾ
ਜਿਵੇਂ ਹੁਕਮ ਸੀ ਆਪ ਕਰਤਾਰ ਸਾਈਂ ।੪।

ਟੇ ਟਲੇ ਨਾ ਤੀਰ ਤਕਦੀਰ ਦਾ ਜੀ
ਗਿਆ ਸੁਖ਼ਨ ਨਾ ਆਵੇ ਜ਼ਬਾਨ ਵਿੱਚੋਂ ।
ਗਿਆ ਹੁਸਨ ਜਵਾਨੀ ਨਾ ਫੇਰ ਆਵੇ
ਮੋਇਆ ਮੁਰਦਾ ਨਾ ਆਵੇ ਗੁਸਤਾਨ ਵਿੱਚੋਂ ।
ਗੀਦੀ ਕਦੀ ਨਾ ਰਣ ਵਿਚ ਪੈਰ ਪਾਵੇ
ਗ਼ਾਜ਼ੀ ਮਰਦ ਨਾ ਮੁੜਦਾ ਮੈਦਾਨ ਵਿੱਚੋਂ ।
ਕਾਦਰਯਾਰ ਮੀਆਂ ਦੱਸ ਮਰਦ ਕਿਹੜਾ
ਰਵਾਂ ਹੋਇਆ ਨਹੀਂ ਜਿਹੜਾ ਜਹਾਨ ਵਿੱਚੋਂ ।੫।

ਸੇ ਸਾਬਤੀ ਦੇ ਨਾਲ ਵਿਚ ਗੋਸ਼ੇ
ਹਰੀ ਸਿੰਘ ਦੀ ਲਾਸ਼ ਟਿਕਾਣ ਬੇਲੀ ।
ਕੋਲ ਮੂਲ ਨਾ ਕਿਸੇ ਨੂੰ ਬਹਿਣ ਦਿੰਦੇ
ਕਹਿਣ ਸਿੰਘ ਦਾ ਖ਼ਾਸ ਫ਼ਰਮਾਨ ਬੇਲੀ ।
ਨਾਲ ਨੇਹਮਤਾਂ ਥਾਲ ਭਰਪੂਰ ਕਰਕੇ
ਜਿਉਂ ਦਸਤੂਰ ਸੀ ਪਾਸ ਲਿਜਾਣ ਬੇਲੀ ।
ਕਾਦਰਯਾਰ ਫਿਰ ਖਾ ਕੇ ਆਪ ਖਾਣਾ
ਥਾਲ ਸੱਖਣਾ ਬਾਹਰ ਭੁਆਣ ਬੇਲੀ ।੬।

ਜੀਮ ਜਮਾ ਹੋ ਕੇ ਰਾਜ਼ਦਾਰ ਸਾਰੇ
ਖਤ ਤਰਫ਼ ਸਰਕਾਰ ਦੇ ਪਾਂਵਦੇ ਜੀ ।
ਪਹਿਲੀ ਅਦਬ ਅਦਾਥ ਨਿਆਜ਼ ਯਾਰੋ
ਫਤਿਹ ਵਾਹਿਗੁਰੂ ਜੀ ਦੀ ਬੁਲਾਂਵਦੇ ਜੀ ।
ਫੇਰ ਆਖਦੇ ਭੱਜੀ ਅਜ ਬਾਂਹ ਤੇਰੀ
ਅਸੀਂ ਲਿਖਦਿਆਂ ਪਏ ਸ਼ਰਮਾਂਵਦੇ ਜੀ ।
ਕਾਦਰਯਾਰ ਮੋਇਆ ਹਰੀ ਸਿੰਘ ਦੂਲਾ
ਸਾਡੇ ਜੀ ਡੁਬ ਡੁਬ ਗੋਤੇ ਖਾਂਵਦੇ ਜੀ ।੭।

ਚੇ ਚੱਲਦੀ ਨਹੀਂ ਭਾਵੇਂ ਪੇਸ਼ ਸਾਡੀ
ਡੱਟੀ ਹੋਈ ਹੈ ਫੇਰ ਭੀ ਫੌਜ ਸਾਰੀ ।
ਚਾਰੋਂ ਤਰਫ਼ ਪਠਾਣਾਂ ਨੇ ਪਾਇਆ ਘੇਰਾ
ਮਾਰਨ ਵਿੱਚ ਸੀਨੇ ਕੱਸ ਤੀਰ ਕਾਰੀ ।
ਅਸਾਂ ਮੌਤ ਦਾ ਭੇਤ ਨਹੀਂ ਜ਼ਾਹਰ ਕੀਤਾ
ਸਾਨੂੰ ਲਗਦੀ ਪਈ ਨਹੀਂ ਜਾਨ ਪਿਆਰੀ ।
ਕਾਦਰਯਾਰ ਸ਼ਿਤਾਬ ਦੇ ਨਾਲ ਪਹੁੰਚੋ
ਨਹੀਂ ਤੇ ਕਤਲ ਹੋ ਜਾਵਸੀ ਫ਼ੌਜ ਸਾਰੀ ।੮।

ਹੇ ਹਾਲ ਬੇਹਾਲ ਹੋ ਗਿਆ ਸਾਡਾ
ਹਰੀ ਸਿੰਘ ਮੋਇਆ ਇਕ ਬਾਤ ਹੈ ਜੀ ।
ਦਾਣਾ ਪਾਣੀ ਨਖੁੱਟਿਆ ਕਿਲ੍ਹੇ ਵਿਚੋਂ
ਇਹ ਦੂਸਰੀ ਸਖ਼ਤ ਆਫ਼ਾਤ ਹੈ ਜੀ ।
ਸਾਰੇ ਜੱਗ ਦੇ ਵਿਚ ਇਕਬਾਲ ਤੇਰਾ
ਸੁਣਿਆ ਵਿਚ ਤੇਰੇ ਕਰਾਮਤ ਹੈ ਜੀ ।
ਕਾਦਰਯਾਰ ਇਮਦਾਦ ਦਾ ਹੁਣੇ ਵੇਲਾ
ਸਿਰੋਂ ਪਿੱਛੇ ਤਾਂ ਕਾਲੀ ਰਾਤ ਹੈ ਜੀ ।੯।

ਖ਼ੇ ਖ਼ੂਬ ਤਰ੍ਹਾਂ ਖ਼ਤ ਬੰਦ ਕਰਕੇ
ਦਿੱਤਾ ਕਾਸਦ ਨੂੰ ਨਾਲ ਪੈਗ਼ਾਮ ਮੀਆਂ ।
ਤੁਰਤ ਹੋ ਅਸਵਾਰ ਇੱਕ ਅਸਪ ਉੱਤੇ
ਗਿਆ ਤਰਫ਼ ਲਾਹੌਰ ਗ਼ੁਲਾਮ ਮੀਆਂ ।
ਆਖਣ ਰਾਹ ਵਿੱਚ ਬਹਿਣਾ ਹਰਾਮ ਤੈਨੂੰ
ਕਿਸੇ ਨਾਲ ਨਾ ਕਰਨੀ ਕਲਾਮ ਮੀਆਂ ।
ਕਾਦਰਯਾਰ ਸਰਕਾਰ ਨੂੰ ਖ਼ਤ ਦੇਣਾ
ਪਾਸੋਂ ਬੇ-ਸ਼ੁਮਾਰ ਇਨਾਮ ਮੀਆਂ ।੧੦।

ਦਾਲ ਦੱਬ ਕੇ ਅੱਡੀ ਲਗਾਈ ਕਾਸਦ
ਪਿੱਛੇ ਪਾਈ ਪਠਾਣਾਂ ਵਹੀਰ ਯਾਰੋ ।
ਚੁੰਗੀ ਮਾਰ ਪਿਆ ਘੋੜਾ ਸ਼ਹੁ ਦੇ ਵਿਚ
ਗਿਆ ਅਟਕ ਦਰਿਆ ਨੂੰ ਚੀਰ ਯਾਰੋ ।
ਕੰਢੇ ਹੋ ਹੈਰਾਨ ਪਠਾਣ ਖਲ੍ਹੇ
ਚੱਲੇ ਪੇਸ਼ ਨਾ ਨਾਲ ਤਕਦੀਰ ਯਾਰੋ ।
ਕਾਦਰਯਾਰ ਦੁੱਰਾਨੀਆਂ ਵੇਖ ਕਿਹਾ
ਘੋੜਾ ਅਸਲ ਸ਼ੈਤਾਨ ਦਾ ਵੀਰ ਯਾਰੋ ।੧੧।

ਜ਼ਾਲ ਜ਼ਰਾ ਨਾ ਠਹਿਰਿਆ ਰਾਹ ਦੇ ਵਿਚ
ਰੋਕੀ ਮੂਲ ਨਾ ਕਾਸਦ ਲਗਾਮ ਮੀਆਂ ।
ਹੈ ਸੀ ਬਹੁਤ ਹੁਸ਼ਿਆਰ ਤੱਰਾਰ ਘੋੜਾ
ਗਿਆ ਦੌੜਦਾ ਉਹ ਸੁਬਾਹ ਸ਼ਾਮ ਮੀਆਂ ।
ਦਿਨ ਰਾਤ ਦੁਪਹਿਰ ਨੂੰ ਗਿਆ ਟੁਰਦਾ
ਘੜੀ ਪਲਕ ਨਾ ਕੀਤਾ ਆਰਾਮ ਮੀਆਂ ।
ਕਾਦਰਯਾਰ ਲੰਘ ਜੇਹਲਮੋਂ ਪਾਰ ਹੋਇਆ
ਕੀਤਾ ਵਿਚ ਗੁਜਰਾਤ ਮੁਕਾਮ ਮੀਆਂ ।੧੨।

ਰੇ ਰੌਣਕ ਗੁਜਰਾਤ ਦੀ ਸੁਣੋ ਯਾਰੋ
ਉੱਥੇ ਲੱਥੀ ਸੀ ਆਪ ਸਰਕਾਰ ਸਾਈਂ ।
ਤੰਬੂ ਖ਼ੈਮੇ ਕਨਾਤਾਂ ਨੇ ਮੌਜ ਲਾਈ
ਝੰਡੇ ਝੂਲਦੇ ਅਜਬ ਬਹਾਰ ਸਾਈਂ ।
ਹਾਥੀ ਨਾਲ ਅਮਾਰੀਆਂ ਮਸਤ ਲਟਕਣ
ਹੋਰ ਪੜਤਲਾਂ ਕਈ ਹਜ਼ਾਰ ਸਾਈਂ ।
ਕਾਦਰਯਾਰ ਕੀ ਸਿਫ਼ਤ ਮੁਸਾਹਿਬਾਂ ਦੀ
ਸੋਹਣਾ ਇਕ ਥੀਂ ਇਕ ਸਰਦਾਰ ਸਾਈਂ ।੧੩।

ਜ਼ੇ ਜ਼ਰਦ ਜ਼ਰਬਾਫ਼ਤੇ ਸ਼ਾਮਿਆਨੇ
ਲਟਕਣ ਮੋਤੀਆਂ ਦੇ ਨਾਲ ਹਾਰ ਯਾਰੋ ।
ਘੋੜੇ ਅਜਬ ਸ਼ਾਹ-ਜ਼ੋਰ ਖੱਮਦਾਰ ਗਰਦਨ
ਟੁਰਦੇ ਮੋਰ ਰਫ਼ਤਾਰ ਬਾਜ਼ਾਰ ਯਾਰੋ ।
ਚਮਕਣ ਕਾਠੀਆਂ ਹੀਰਿਆਂ ਨਾਲ ਜੜੀਆਂ
ਫੁੱਲ ਖਿੜੇ ਜਿਉਂ ਵਿਚ ਗੁਲਜ਼ਾਰ ਯਾਰੋ ।
ਕਾਦਰਯਾਰ ਹੈ ਬਾਜੇ ਬਹਾਰ ਲਾਈ
ਖੜਕੇ ਢੋਲਕੀ ਤਬਲਾ ਸਿਤਾਰ ਯਾਰੋ ।੧੪।

ਸੀਨ ਸਿੱਖ ਅਸਵਾਰ ਤਿਆਰ ਫਿਰਦੇ
ਹੱਥ ਵਿਚ ਨੇਜ਼ੇ ਫ਼ੁੱਮਣਦਾਰ ਯਾਰੋ ।
ਮੁੱਛਾਂ ਕੁੰਢੀਆਂ ਕਲਗੀਆਂ ਖ਼ੂਬਸੂਰਤ
ਸਿਰ ਤੇ ਸੁਰਖ਼ ਸਫ਼ੈਦ ਦਸਤਾਰ ਯਾਰੋ ।
ਪਹਿਨ ਵਰਦੀਆਂ ਰੰਗ ਬਰੰਗੀਆਂ ਜੀ
ਕੱਸਣ ਪੇਟੀਆਂ ਉਹ ਜ਼ਰੀਦਾਰ ਯਾਰੋ ।
ਕਾਦਰਯਾਰ ਤਲਵਾਰ ਦੀ ਚਮਕ ਆਵੇ
ਜਿਵੇਂ ਬਿੱਜਲੀ ਦੀ ਲਿਸ਼ਕਾਰ ਯਾਰੋ ।੧੫।

ਸ਼ੀਨ ਸ਼ੁਕਰ ਗ਼ੁਜ਼ਾਰ ਹਜ਼ਾਰ ਕਾਸਦ
ਵੜਿਆ ਆਣ ਹੁਣ ਵਿਚ ਦਰਬਾਰ ਹੈ ਜੀ ।
ਉੱਤੇ ਚੰਨਣ ਦੀ ਚੌਕੀ ਤੇ ਬੈਠ ਜਿੱਥੇ
ਹੱਥ ਧੋਂਵਦੀ ਪਈ ਸਰਕਾਰ ਹੈ ਜੀ ।
ਆਸ ਪਾਸ ਅਮੀਰ ਵਜ਼ੀਰ ਬੈਠੇ
ਚੱਲੇ ਨਵੀਂ ਤੋਂ ਨਵੀਂ ਗੁਫ਼ਤਾਰ ਹੈ ਜੀ ।
ਕਾਦਰਯਾਰ ਆ ਕਾਸਦ ਨੇ ਖ਼ਤ ਦਿੱਤਾ
ਮੂੰਹੋਂ ਬੋਲਦਾ ਸਤਿ-ਕਰਤਾਰ ਹੈ ਜੀ ।੧੬।

ਸੁਆਦ ਸਿਦਕ ਦੇ ਨਾਲ ਬਤਾ ਸਾਨੂੰ
ਮੂੰਹੋਂ ਆਪ ਮਹਾਰਾਜ ਫਰਮਾਇਆ ਜੀ ।
ਕਿਸ ਤੁਧ ਨੂੰ ਘੱਲਿਆ ਤਰਫ ਸਾਡੀ
ਕੇਹੜੀ ਥਾਂ ਮੁਕਾਮ ਤੋਂ ਆਇਆ ਜੀ ।
ਸਕਲ ਸ਼ਬਾਹਤ ਹੈ ਜ਼ਾਹਰ ਕਰਦੀ
ਰਾਹ ਵਿੱਚ ਆਰਾਮ ਨਾ ਪਾਇਆ ਜੀ ।
ਕਾਦਰਯਾਰ ਇਜ਼ਹਾਰ ਕਰ ਨਾਲ ਜਲਦੀ
ਜੇਹੜੀ ਗੱਲ ਤੇ ਰੰਗ ਵਟਾਇਆ ਜੀ ।੧੭।

ਜ਼ੁਆਦ ਜ਼ਰੂਰ ਹਜ਼ੂਰ ਕਸੂਰ ਮੇਰਾ
ਬਦ-ਖ਼ਬਰੇ ਦੀ ਕੱਟਣੀ ਜ਼ਬਾਨ ਚਾਹੀਏ ।
ਜਿਹੜਾ ਤੀਰ ਦਾ ਚੀਰ ਨਾ ਝੱਲ ਸਕੇ
ਦਸਤ ਪਕੜਨੀ ਨਹੀਂ ਕਮਾਨ ਚਾਹੀਏ ।
ਜਿਹੜੀ ਗੱਲ ਬਤੀਤ ਹੋ ਗਈ ਯਾਰੋ
ਕਰਨਾ ਉਸ ਦਾ ਨਹੀਂ ਅਰਮਾਨ ਚਾਹੀਏ ।
ਕਾਦਰਯਾਰ ਖ਼ਤ ਪਾੜ ਕੇ ਆਪ ਪੜ੍ਹ ਲਉ
ਤੇ ਇਆਨ ਨੂੰ ਕੀ ਬਿਆਨ ਚਾਹੀਏ ।੧੮।

ਤੋਏ ਤਰਫ਼ ਵਜ਼ੀਰ ਧਿਆਨ ਸਿੰਘ ਜੀ
ਮਹਾਰਾਜ ਹੁਣ ਖ਼ਤ ਨੂੰ ਕਰਨ ਲੱਗਾ ।
ਹੱਥ ਦੇਇ ਕੇ ਆਖਦਾ ਪੜ੍ਹੋ ਇਸ ਨੂੰ
ਸਾਡ’ ਜੀ ਤਾਂ ਅੰਦਰੋਂ ਡਰਨ ਲੱਗਾ ।
ਕਾਦਰ ਆਪਣੀ ਕੁਦਰਤ ਕਸੀਰ ਵਿੱਚੋਂ
ਵੇਖਾਂ ਖੇਲ ਹੁਣ ਨਵਾਂ ਕੀ ਕਰਨ ਲੱਗਾ ।
ਕਾਦਰਯਾਰ ਉਤਾਰ ਕੇ ਮੋਹਰ ਜਲਦੀ
ਧਿਆਨ ਸਿੰਘ ਹੁਣ ਖ਼ਤ ਨੂੰ ਪੜ੍ਹਨ ਲੱਗਾ ।੧੯।

ਜ਼ੋਏ ਜ਼ਾਹਰਾ ਰੰਗ ਵਟਾਇਉ ਸੂ
ਅੰਦਰ ਦਿਲ ਦੇ ਕੀਤੀਆਂ ਸ਼ਾਦੀਆਂ ਨੀ ।
ਦੁਸ਼ਮਣ ਜੀਹਦਾ ਹਲਾਕ ਹੋ ਖ਼ਾਕ ਰਲਿਆ
ਘਰ ਉਸ ਦੇ ਹੋਣ ਆਬਾਦੀਆਂ ਨੀ ।
ਹਰੀ ਸਿੰਘ ਤੇ ਰਾਜੇ ਦੀ ਦੁਸ਼ਮਣੀ ਦੀ
ਆਪਸ ਵਿਚ ਤਾਂ ਬਹੁਤ ਖ਼ਰਾਬੀਆਂ ਨੀ ।
ਕਾਦਰਯਾਰ ਧਿਆਨ ਸਿੰਘ ਖੁਸ਼ੀ ਹੋਇਆ
ਹਰੀ ਸਿੰਘ ਦੇ ਘਰ ਬਰਬਾਦੀਆਂ ਨੀ ।੨੦।

ਐਨ ਅਕਲ ਮੇਰੀ ਫ਼ਰਾਮੋਸ਼ ਹੋਈ
ਮੂੰਹੋਂ ਬੋਲਿਆ ਫੇਰ ਵਜ਼ੀਰ ਸਾਈਂ ।
ਬੰਦਾ ਕੌਣ ਜੋ ਕਰੇ ਤਦਥੀਰ ਕੋਈ
ਡਾਢੀ ਰੱਬ ਦੇ ਨਾਲ ਤਕਦੀਰ ਸਾਈਂ ।
ਅਲੀ ਅਕਬਰ ਦੀ ਗੋਲੀ ਹਲਾਕ ਕੀਤਾ
ਹਰੀ ਸਿੰਘ ਦਾ ਸੋਹਣਾ ਸਰੀਰ ਸਾਈਂ ।
ਕਾਦਰਯਾਰ ਇਮਦਾਦ ਪਏ ਮੰਗਦੇ ਨੀ
ਹੈ ਇਹ ਖ਼ਤ ਦੇ ਵਿਚ ਤਹਿਰੀਰ ਸਾਈਂ ।੨੧।

ਗ਼ੈਨ ਗ਼ੁੱਸੇ ਦੇ ਨਾਲ ਮਹਾਰਾਜ ਯਾਰੋ
ਗੜਵਾ ਮਾਰੇ ਵਜ਼ੀਰ ਦੀ ਟੰਗ ਉੱਤੇ ।
ਆਖੇ ਦੂਰ ਹੋ ਜਾ ਮੇਰੀ ਅੱਖੀਆਂ ਥੀਂ
ਕੁਝ ਫ਼ਾਇਦਾ ਨਹੀਂ ਤੇਰੇ ਸੰਗ ਉੱਤੇ ।
ਪਹਿਲੋਂ ਖ਼ਬਰ ਨਾ ਕੀਤੋ ਮੂਲ ਮੈਨੂੰ
ਫ਼ੌਜਾਂ ਘੱਲਦਾ ਮਦਦ ਨੂੰ ਜੰਗ ਉੱਤੇ ।
ਕਾਦਰਯਾਰ ਆ ਦੱਸਿਆ ਉਸ ਵੇਲੇ
ਜਦੋਂ ਸੱਟ ਆ ਪਈ ਐ ਰੰਗ ਉੱਤੇ ।੨੨।

ਫ਼ੇ ਫ਼ੌਜ ਨੂੰ ਹੁਕਮ ਸਰਕਾਰ ਕੀਤਾ
ਬੰਨ੍ਹੋ ਬਿਸਤਰੇ ਤੇ ਕਰੋ ਤਿਆਰੀ ਯਾਰੋ ।
ਅਲੀ ਅਕਬਰ ਪਠਾਣ ਨੇ ਜ਼ੋਰ ਪਾ ਕੇ
ਸਾਡੇ ਸਿਰ ਤੇ ਚਾੜ੍ਹੀ ਏ ਵਾਰੀ ਯਾਰੋ ।
ਹਰੀ ਸਿੰਘ ਦਾ ਬਦਲਾ ਭੁਆਣ ਕਾਰਣ
ਅਸਾਂ ਰੱਤ ਚਾ ਡੋਹਲਣੀ ਸਾਰੀ ਯਾਰੋ ।
ਕਾਦਰਯਾਰ ਉਹ ਪਿਛਾਂ ਨੂੰ ਪਰਤ ਜਾਵੇ
ਜਿਸ ਜਾਨ ਹੈ ਰੱਖਣੀ ਪਿਆਰੀ ਯਾਰੋ ।੨੩।

ਕਾਫ਼ ਕੜਕ ਕੇ ਕਿਹਾ ਮਹਾਰਾਜ ਯਾਰੋ
ਮੂੰਹ ਤਰਫ਼ ਲਾਹੌਰ ਨਾ ਕਰਾਂਗਾ ਮੈਂ ।
ਸਣੇ ਹਾਥੀਆਂ ਘੋੜਿਆਂ ਤੋਪਖਾਨਾ
ਜਾ ਅਟਕ ਦਰਿਆ ਨੂੰ ਤਰਾਂਗਾ ਮੈਂ ।
ਤੋੜ ਵਿਚ ਪਠਾਣਾਂ ਦੇ ਘਰ ਜਾ ਕੇ
ਅਲੀ ਅਕਬਰ ਦੇ ਨਾਲ ਚਲ ਲੜਾਂਗਾ ਮੈਂ ।
ਕਾਦਰਯਾਰ ਕਤਲਾਮ ਪਠਾਣ ਕਰਸਾਂ
ਯਾ ਕਿ ਵਿਚ ਮੈਦਾਨ ਦੇ ਮਰਾਂਗਾ ਮੈਂ ।੨੪।

ਗਾਫ ਗਿਆ ਫ਼ਰਮਾਨ ਕੁਲ ਫੌਜ ਅੰਦਰ
ਤੁਰਤ ਹੋਣ ਲਗ ਪਈਆਂ ਤਿਆਰੀਆਂ ਜੀ ।
ਸਿੰਘ ਸੂਰਮੇ ਸ਼ੇਰ ਦਲੇਰ ਬਾਂਕੇ
ਕੱਸਣ ਘੋੜੀਆਂ ਜੀਨਾਂ ਸਵਾਰੀਆਂ ਜੀ ।
ਤੋਪਖ਼ਾਨੇ ਦੀ ਚਮਕ ਤੇ ਦਮਕ ਯਾਰੋ
ਹਾਥੀ ਝੂਲਦੇ ਨਾਲ ਅਮਾਰੀਆਂ ਜੀ ।
ਕਾਦਰਯਾਰ ਸਰਕਾਰ’ ਨੇ ਕੂਚ ਕੀਤਾ
ਚੱਲੇ ਲੈਣ ਹੁਣ ਅਟਕ ਦੀਆਂ ਤਾਰੀਆਂ ਜੀ ।੨੫।

ਲਾਮ ਲਟਕਈ ਮਟਕਦੀ ਅਟਕ ਵਗਦੀ
ਜਿਵੇਂ ਬੱਦਲਾਂ ਲਾਈ ਘਣਘੋਰ ਯਾਰੋ ।
ਕੰਢਾ ਪਾਰ ਦਾ ਮੂਲ ਨਾ ਨਜ਼ਰ ਆਵੇ
ਐਸਾ ਤੇਜ਼ ਦਰਿਆ ਨਾ ਹੋਰ ਯਾਰੋ ।
ਲਹਿਰ ਛੱਲ ਮਾਰੇ ਕਿਸੇ ਕਹਿਰ ਦੀ ਜੀ
ਘੁੰਮਣ ਘੇਰ ਫਿਰਦੇ ਨਾਲ ਜ਼ੋਰ ਯਾਰੋ ।
ਕਾਦਰਯਾਰ ਸਰਕਾਰ ਹੈ ਆਣ ਲੱਥੀ
ਉੱਤੇ ਕੰਢੇ ਦੇ ਨੇੜੇ ਪਸ਼ੌਰ ਯਾਰੋ ।੨੬।

ਮੀਮ ਮੰਗ ਦੁਆ ਖ਼ੁਦਾ ਕੋਲੋਂ
ਮਹਾਰਾਜ ਨੇ ਝੰਡੇ ਨੂੰ ਪੱਟਿਆ ਈ ।
ਉੱਤੇ ਕੰਢੇ ਦੇ ਹੋ ਅਸਵਾਰ ਖਲ੍ਹਾ
ਜਾਨ ਦੇਵਣੋਂ ਮੂਲ ਨਾ ਹੱਟਿਆ ਈ ।
ਭਰ ਕੇ ਥਾਲ ਅਸ਼ਰਫੀਆਂ ਨਾਲ ਯਾਰੋ
ਵਿਚ ਨੀਰ ਦੇ ਚਾ ਪਲੱਟਿਆ ਈ ।
ਕਾਦਰਯਾਰ ਕਰਤਾਰ ਹੁਣ ਲਾਜ ਰਖਸੀ
ਘੋੜਾ ਵਿਚ ਦਰਿਆ ਦੇ ਸੱਟਿਆ ਈ ।੨੭।

ਨੂੰਨ ਨਾਲ ਸਰਕਾਰ ਦੇ ਫ਼ੌਜ ਨੇ ਜੀ
ਮਾਰੀ ਵਿੱਚ ਦਰਿਆ ਦੇ ਛਾਲ ਯਾਰੋ ।
ਵਿਚ ਜਲ ਦੇ ਪੈ ਤਰਥੱਲ ਗਿਆ
ਮਾਹੀ ਹੱਲ ਕੇ ਗਈ ਪਤਾਲ ਯਾਰੋ ।
ਜੀਹਦੀ ਪੁਸ਼ਤ ਪਨਾਹ ਹੈ ਰਬ ਸਚਾ
ਕੌਣ ਝਲਦਾ ਉਸ ਦੀ ਝਾਲ ਯਾਰੋ ।
ਕਾਦਰਯਾਰ ਸਰਕਾਰ ਲੰਘ ਪਾਰ ਗਈਆ
ਫ਼ੌਜਾਂ ਹਾਥੀਆਂ ਘੋੜਿਆਂ ਨਾਲ ਯਾਰੋ ।੨੮।

ਵਾਉ ਵਿਚ ਜਮਰੂਦ ਦੇ ਖਬਰ ਹੋਈ
ਆਈ ਮਦਦ ਨੂੰ ਆਪ ਸਰਕਾਰ ਸਾਈਂ ।
ਪਹਿਲੋਂ ਜੇਹਲਮ ਦੇ ਉੱਤੋਂ ਅਬੂਰ ਕਰ ਕੇ
ਹੋਈ ਅਟਕ ਦਰਿਆ ਤੋਂ ਪਾਰ ਸਾਈਂ ।
ਨਸ਼ਹਿਰੇ ਵਿਚ ਮੈਦਾਨ ਮੁਕਾਮ ਕਰ ਕੇ
ਝੰਡਾ ਗੱਡਿਆ ਸੂ, ਵਿਚਕਾਰ ਸਾਈਂ ।
ਕਾਦਰਯਾਰ ਪੁਕਾਰਦੇ ਕਿਲੇ ਦੇ ਵਿੱਚ
ਸਚੇ ਸਾਹਿਬਾ ਅਸੀਂ ਬਲਿਹਾਰ ਸਾਈਂ ।੨੯।

ਹੇ ਹੋ ਕੇ ਜਮਾ ਪਠਾਣ ਸਾਰੇ
ਮਤਾ ਆਪਸ ਦੇ ਵਿਚ ਪਕਾਣ ਮੀਆਂ ।
ਹੈ ਸ਼ਹਿਰ ਪਸ਼ੌਰ ਮਲਕੀਤ ਸਾਡੀ
ਲਾ ਕਦੀਮ ਥੀਂ ਵਿਚ ਜਹਾਨ ਮੀਆਂ ।
ਸਾਡੀ ਬੁਜ਼ਦਿਲੀ ਅਤੇ ਨਾਲਾਇਕੀ ਥੀਂ
ਦੇਖੋ ਸਿਖ ਲੱਗੇ ਸਾਨੂੰ ਖਾਣ ਮੀਆਂ ।
ਕਾਦਰਯਾਰ ਇੱਜ਼ਤ ਜੇਹੀ ਹੋਰ ਦੂਜੀ
ਕੋਈ ਸ਼ੈ ਨਾ ਬਾਝੋਂ ਈਮਾਨ ਮੀਆਂ ।੩੦।

ਯੇ ਯਾਦ ਕਰ ਕੇ ਰੱਬ ਆਪਣੇ ਨੂੰ
ਲੜੋ ਗੱਡ ਕੇ ਤੁਸੀਂ ਇਸ ਵੇਰ ਯਾਰੋ ।
ਸਾਡੇ ਸ਼ਹਿਰ ਪਸ਼ੌਰ ਦੇ ਛੱਡਣੇਂ ਥੀਂ
ਸਿੱਖ ਹੋਏ ਨੇ ਬਹੁਤ ਦਲੇਰ ਯਾਰੋ ।
ਨਾ ਰੱਖੋ ਦਰੇਗ਼ ਤੇ ਤੇਗ਼ ਮਾਰੋ
ਕਦਮ ਮੁਲਕ ਵਿਚ ਪਾਏ ਨਾ ਫੇਰ ਯਾਰੋ ।
ਕਾਦਰਯਾਰ ਮਰਦਾਨਗੀ ਕਰੋ ਐਸੀ
ਪਵੇ ਵਿਚ ਲਾਹੌਰ ਅੰਧੇਰ ਯਾਰੋ ।੩੧।੪।

ਸੀ-ਹਰਫ਼ੀ ਪੰਜਮ

ਅਲਫ਼ ਇਕ ਮੈਦਾਨ ਕਲਾਂ ਉੱਤੇ
ਜਮਾ ਹੋਏ ਨੀ ਕੁੱਲ ਪਠਾਣ ਮੀਆਂ ।
ਮੱਸ-ਫੁੱਟ ਨਾਲੇ ਕਰੜ-ਝੂਟ ਸਾਰੇ
ਸੋਹਣੇ ਛੈਲ ਰੰਗੀਲੇ ਜਵਾਨ ਮੀਆਂ ।
ਬੇ-ਖ਼ੌਫ਼ ਬੇ-ਹੋਸ਼ ਪਠਾਣ ਯਾਰੋ
ਗਾਜ਼ੀ ਕਰਨ ਬਾਜ਼ੀ ਨਾਲ ਜਾਨ ਮੀਆਂ ।
ਕਾਦਰਯਾਰ ਜੰਗੀ ਘੋੜੇ ਹਿਣਕਦੇ ਨੀ
ਤੇਗ਼ ਛਣਕਦੀ ਵਿਚ ਮੈਦਾਨ ਮੀਆਂ ।੧।

ਬੇ ਬਹੁਤ ਸੀ ਫੌਜ ਦੁੱਰਾਨੀਆਂ ਦੀ
ਜਿਵੇਂ ਮੱਕੜੀ ਦਾ ਦਿਸੇ ਦਲ ਯਾਰੋ ।
ਖੂੰਖਾਰ ਹੋਸ਼ਿਆਰ ਦੁੱਰਾਨੀਆਂ ਨੇ
ਲਿਆ ਬਹੁਤ ਜ਼ਮੀਨ ਨੂੰ ਮੱਲ ਯਾਰੋ ।
ਬਾਕੀ ਰਿਹਾ ਨਾ ਇੱਕ ਪਠਾਣ ਪਿੱਛੇ
ਸਭੋ ਲੜਨ ਨੂੰ ਆਏ ਨੇ ਚੱਲ ਯਾਰੋ ।
ਕਾਦਰਯਾਰ ਗੱਲ ਖਲ੍ਹੀ ਹੈ ਸਿਰੇ ਉੱਤੇ
ਵੇਖੋ ਰੱਬ ਸੱਚਾ ਕਹਿੰਦੇ ਵੱਲ ਯਾਰੋ ।੨।

ਪੇ ਪਹਿਨ ਪੁਸ਼ਾਕ ਅਸਵਾਰ ਹੋਇਆ
ਅਲੀ ਅਕਬਰ ਪਠਾਣ-ਦਲੇਰ ਮੀਆਂ ।
ਅੱਗੇ ਫੌਜ ਦੇ ਆ ਖਲਵਾ ਘੋੜਾ
ਨਜ਼ਰ ਪਾਂਵਦਾ ਚਾਰ ਚੁਫੇਰ ਮੀਆਂ ।
ਮੂੰਹੋਂ ਆਖਦਾ ਰੱਖੋ ਈਮਾਨ ਕਾਇਮ
ਔਣਾ ਵਿਚ ਜਹਾਨ ਨਹੀਂ ਫ਼ੇਰ ਮੀਆਂ ।
ਕਾਦਰਯਾਰ ਹੈ ਵੇਲਾ ਬਹਾਦੁਰੀ ਦਾ
ਸਾਥੀ ਨਹੀਂ ਕੋਈ ਬਾਝ ਸ਼ਮਸ਼ੇਰ ਮੀਆਂ ।੩।

ਤੇ ਤਰੱਕੜੇ ਹੋ ਕੇ ਲੜੋ ਤੁਸੀਂ
ਏਹਾ ਵੇਲਾ ਤੇ ਏਹਾ ਮੁਕਾਮ ਯਾਰੋ ।
ਦੁਸ਼ਮਨ ਮਾਰ ਕੇ ਫ਼ਤਿਹ ਨੂੰ ਕਰੋ ਹਾਸਲ
ਬਖ਼ਸ਼ ਦਿਆਂਗਾ ਬਹੁਤ ਇਨਾਮ ਯਾਰੋ ।
ਜੇਹੜਾ ਅੱਜ ਮੈਦਾਨ ਤੋਂ ਕੰਡ ਦੇਸੀ
ਮਰਸੀ ਉਹ ਤਾਂ ਮੌਤ ਹਰਾਮ ਯਾਰੋ ।
ਕਾਦਰਯਾਰ ਜੇ ਮਰਸੀ ਸ਼ਹੀਦ ਹੋ ਕੇ
ਰਹਿਸੀ ਵਿਚ ਜਹਾਨ ਦੇ ਨਾਮ ਯਾਰੋ ।੪।

ਸੇ ਸਾਥਤੀ ਦੇ ਨਾਲ ਤੇਗ਼ ਮਾਰੋ
ਆਪਣੀ ਔਰਤਾਂ ਨਾਲ ਨਜ਼ੀਰ ਕਰਕੇ ।
ਰੱਬ ਕਰੇ ਨਾ ਪਵੇ ਸ਼ਿਕਸਤ ਸਾਨੂੰ
ਸਿਖ ਸਭ ਲੈ ਜਾਣ ਅਸੀਰ ਕਰਕੇ ।
ਭੈਣਾਂ ਬੇਟੀਆਂ ਬਹੂਆਂ ਅਸਾਡੀਆਂ ਜੀ
ਸੱਟੇ ਮਾਰ ਯਾ ਛੱਡੇ ਫਕੀਰ ਕਰਕੇ ।
ਕਾਦਰਯਾਰ ਤਦਬੀਰ ਨਾ ਪੇਸ਼ ਜਾਵੇ
ਕੰਮਾਂ ਨਾਲ ਜੋ ਹੋਣ ਤਕਦੀਰ ਕਰਕੇ ।੫।

ਜੀਮ ਜੱਗ ਮੁਕਾਮ ਫ਼ਨਾਹ ਦਾ ਜੀ
ਏਥੇ ਆਵਣਾ ਨਹੀਂ ਦੂਜੀ ਵਾਰ ਯਾਰੋ ।
ਹਥ ਸਖ਼ਤ ਤੇ ਦਿਲ ਕੁਰਖ਼ਤ ਕਰ ਕੇ
ਕਰੋ ਖ਼ੂਬ ਤਲਵਾਰ ਦੀ ਮਾਰ ਯਾਰੋ ।
ਝਾੜੋ ਐਸੀ ਬੰਦੂਕਾਂ ਦੀ ਵਾੜ ਭਰ ਕੇ
ਰੱਖੇ ਯਾਦ ਨਾ ਦੇਵੇ ਵਸਾਰ ਯਾਰੋ ।
ਕਾਦਰਯਾਰ ਬਹਾਦੁਰੀ ਕਰੋ ਐਸੀ
ਸਿਖ ਜਾਣ ਨਾ ਅਟਕ ਤੋਂ ਪਾਰ ਯਾਰੋ ।੬।

ਚੇ ਚੁਸਤੀ ਚਲਾਕੀ ਦੇ ਨਾਲ ਯਾਰੋ
ਅਲੀ ਅਕਬਰ ਨੇ ਲਸ਼ਕਰ ਜਮਾਇਆ ਜੀ ।
ਪਹਿਲੋਂ ਪੜਤਲਾਂ ਦੇ ਕਰਕੇ ਤਰ੍ਹੇ ਵੱਖਰੇ
ਚਾਲਾ ਲੜਨ ਦਾ ਖ਼ੂਬ ਸਿਖਾਇਆ ਜੀ ।
ਅਗੋਂ ਤੋਪਾਂ ਦੇ ਮੋਰਚੇ ਬੀੜ ਕੇ ਜੀ
ਆਸ ਪਾਸ ਰਸਾਲਾ ਖਲਵਾਇਆ ਜੀ ।
ਕਾਦਰਯਾਰ ਪਠਾਣ ਤਿਆਰ ਖਲੇ
ਵੇਲਾ ਜੰਗ ਦਾ ਹੁਣ ਨੇੜੇ ਆਇਆ ਜੀ ।੭।

ਹੇ ਹਾਲ ਮਹਾਰਾਜ ਦਾ ਜ਼ਿਕਰ ਸੁਣ ਲੌ
ਫ਼ੌਜਾਂ ਲਿਆਂਵਦਾ ਵਿਚ ਮੈਦਾਨ ਯਾਰੋ ।
ਨੇੜੇ ਆਣ ਕੇ ਬੇੜੇ ਖਲਵਾ ਦਿੰਦਾ
ਜਿੱਥੇ ਖਲਾ ਸੀ ਲਸ਼ਕਰ ਪਠਾਣ ਯਾਰੋ ।
ਮਾਰੂ ਮੌਤ ਦੇ ਵਾਜੜੇ ਵੱਜ ਗਏ
ਕੰਬ ਗਿਆ ਜ਼ਿਮੀਂ ਅਸਮਾਨ ਯਾਰੋ ।
ਕਾਦਰਯਾਰ ਸਰਕਾਰ ਪੁਕਾਰ ਆਖੇ
ਸੁਣੋ ਖ਼ਾਲਸਾ ਜੀ ਕਰਕੇ ਧਿਆਨ ਯਾਰੋ ।੮।

ਖ਼ੇ ਖ਼ੁਦੀ ਹੰਕਾਰ ਨੂੰ ਮਾਰ ਕੇ ਜੀ
ਨਾਮ ਰੱਬ ਦਾ ਲੈ ਕੇ ਲੜੋ ਸਿੰਘੋ ।
ਚਿੱਟੀ ਦਾੜ੍ਹੀ ਦੀ ਅੱਜ ਮੇਰੀ ਲਾਜ ਰੱਖੋ
ਇਨ੍ਹਾਂ ਗ਼ਾਜ਼ੀਆਂ ਕੋਲੋਂ ਨਾ ਡਰੋ ਸਿੰਘੋ ।
ਗੁਰੂ ਹਰਿ ਗੋਬਿੰਦ ਨੂੰ ਯਾਦ ਕਰ ਕੇ
ਹਥ ਵਿਚ ਸ਼ਮਸ਼ੇਰ ਨੂੰ ਫੜੋ ਸਿੰਘੋ ।
ਕਾਦਰਯਾਰ ਅਕਾਲ ਅਕਾਲ ਕਰਦੇ
ਚੱਲ ਵਿਚ ਪਸ਼ੌਰ ਦੇ ਵੜੋ ਸਿੰਘੋ ।੯।

ਦਾਲ ਦਿਲ ਦੀਆਂ ਅੱਖੀਆਂ ਖੋਲ੍ਹ ਦੇਖੋ
ਕਿੱਥੇ ਤੁਸੀਂ ਤੇ ਕਿੱਥੇ ਲਹੌਰ ਯਾਰੋ ।
ਅੱਗਾ ਰੋਕਿਆ ਕਟਕ ਦੁੱਰਾਨੀਆਂ ਨੇ
ਪਿੱਛੇ ਅਟਕ ਦਰਿਆ ਦਾ ਜ਼ੋਰ ਯਾਰੋ ।
ਸਾਥੀ ਨਹੀਂ ਕੋਈ ਸੱਜੀ ਬਾਂਹ ਜਿਹਾ
ਬੇਲੀ ਰੱਬ ਦੇ ਬਾਝ ਨਾ ਹੋਰ ਯਾਰੋ ।
ਕਾਦਰਯਾਰ ਬਹਾਦਰਾਂ ਆਸ਼ਕਾਂ ਨੂੰ
ਪਈ ਖਲ੍ਹੀ ਉਡੀਕਦੀ ਗੋਰ ਯਾਰੋ ।੧੦।

ਜ਼ਾਲ ਜ਼ੌਕ ਤੇ ਸ਼ੌਕ ਦੇ ਨਾਲ ਯਾਰੋ
ਲੜੋ ਆਪਣਾ ਆਪ ਸੰਭਾਲ ਕੇ ਜੀ ।
ਕੇਹੜੇ ਮੂੰਹ ਲਾਹੌਰ ਦੇ ਵਿਚ ਵੜਸੋ
ਵਿਚ ਪਸ਼ੌਰ ਦੇ ਤਰੱਟੀਆਂ ਗਾਲ ਕੇ ਜੀ ।
ਅੱਜ ਰੱਜ ਕੇ ਗੱਜ ਕੇ ਤੇਗ਼ ਮਾਰੋ
ਆਪਣੇ ਗੁਰੂ ਵਾਲੀ ਲੱਜ ਪਾਲ ਕੇ ਜੀ ।
ਕਾਦਰਯਾਰ ਪਠਾਣਾਂ ਨੂੰ ਖ਼ੂਬ ਸੇਕੋ
ਅੱਜ ਅੱਗ ਲੜਾਈ ਦੀ ਬਾਲ ਕੇ ਜੀ ।੧੧।

ਰੇ ਰਾਮ ਦਾ ਨਾਮ ਧਿਆਇ ਕੇ ਜੀ
ਰੱਖੋ ਅਜ ਤਲੀ ਉੱਤੇ ਜਾਨ ਯਾਰੋ ।
ਸਿਰ ਦਿਤਿਆਂ ਬਾਝ ਨਾ ਯਾਰ ਮਿਲਦਾ
ਇਹ ਮਿਸਲ ਮਸ਼ਹੂਰ ਜਹਾਨ ਯਾਰੋ ।
ਦਿਲ ਨੂੰ ਜੋਸ਼ ਖਰੋਸ਼ ਦੇ ਨਾਲ ਭਰ ਕੇ
ਤੇਗਾਂ ਮਾਰੀਆਂ ਜਿਵੇਂ ਮੁਲਤਾਨ ਯਾਰੋ ।
ਕਾਦਰਯਾਰ ਤਲਵਾਰ ਚਲਾਉ ਐਸੀ
ਡੁੱਬਣ ਖੂਨ ਦੇ ਵਿਚ ਅਫ਼ਗਾਨ ਯਾਰੋ ।੧੨।

ਜ਼ੇ ਜ਼ੋਰ ਦੇ ਸ਼ੋਰ ਦਾ ਜ਼ਿਕਰ ਸੁਣ ਲਓ
ਹੈਸੀ ਨਾਲ ਸਰਕਾਰ ਦੇ ਸੰਗ ਯਾਰੋ ।
ਇਕ ਨਾਮੀ ਗਰਾਮੀ ਸਰਦਾਰ ਭਾਰਾ
ਹੁਸ਼ਿਆਰ ਮਾਨਿੰਦ ਪਲੰਗ ਯਾਰੋ ।
ਮਸਤ ਜੰਗ ਦੇ ਵਿਚ ਅਨੰਦ ਰਹਿੰਦਾ
ਪੀਂਦਾ ਰੰਗ ਹਰਿਆਵਲੀ ਭੰਗ ਯਾਰੋ ।
ਕਾਦਰਯਾਰ ਮਸ਼ਹੂਰ ਜਹਾਨ ਅੰਦਰ
ਫ਼ੂਲਾ ਸਿੰਘ ਅਕਾਲੀ ਨਿਹੰਗ ਯਾਰੋ ।੧੩।

ਸੀਨ ਸੁਣੋ ਸਰਕਾਰ ਜੀ ਅਰਜ਼ ਮੇਰੀ
ਪਾਸ ਆ ਸਰਦਾਰ ਪੁਕਾਰਦਾ ਜੀ ।
ਰਹਿਸੀ ਵਿਚ ਜਹਾਨ ਦੇ ਨਾਮ ਸਚਾ
ਬੰਦਾ ਕੂੜ ਦੇ ਮਟ ਉਸਾਰਦਾ ਜੀ ।
ਰੱਖਸੀ ਲਾਜ ਅਜ ਆਪ ਮਹਾਰਾਜ ਤੇਰੀ
ਖਾਸ ਤੁਧ ਤੇ ਫ਼ਜ਼ਲ ਕਰਤਾਰ ਦਾ ਜੀ ।
ਕਾਦਰਯਾਰ ਜੇ ਮੰਨੇ ਸਵਾਲ ਮੇਰਾ
ਪੁੰਨ ਲੱਖ ਤੇ ਗਊ ਹਜ਼ਾਰ ਦਾ ਜੀ ।੧੪।

ਸ਼ੀਨ ਸ਼ੁਕਰ ਹਜ਼ਾਰ ਗੁਜ਼ਾਰਸਾਂ ਮੈਂ
ਦਿਓ ਹੁਕਮ ਚਲ ਵੜਾਂ ਮੈਦਾਨ ਦੇ ਵਿਚ ।
ਪਹਿਲੋਂ ਸਭਨਾ ਦੇ ਸੀਸ ਭੇਟ ਦੇ ਕੇ
ਰੱਖਾਂ ਤੀਰ ਨੂੰ ਚਿੱਲੇ ਕਮਾਨ ਦੇ ਵਿਚ ।
ਸਤਿ ਸਿਰੀ ਅਕਾਲ ਦਾ ਨਾਮ ਲੈ ਕੇ
ਮਾਰਾਂ ਖਿਚ ਕੇ ਸੀਨੇ ਪਠਾਣ ਦੇ ਵਿਚ ।
ਕਾਦਰਯਾਰ ਤੇਰੇ ਕਦਮਾਂ ਵਿਚ ਕੁੱਸਾਂ
ਰਹਿਸੀ ਨਾਮ ਤਦ ਮੇਰਾ ਜਹਾਨ ਦੇ ਵਿਚ ।੧੫।

ਸੁਆਦ ਸਿਦਕ ਦੇ ਨਾਲ ਯਕੀਨ ਕਰ ਲਓ
ਦਿਲ ਚਾਹੁੰਦਾ ਲੜਾਂ ਤਲਵਾਰ ਫੜਕੇ ।
ਉੱਤੋਂ ਗੁਰੂ ਦੇ ਨਾਮ ਤੋਂ ਜਾਨ ਵਾਰਾਂ
ਅੱਜ ਵਿਚ ਮੈਦਾਨ ਦੇ ਮਰਾਂ ਲੜਕੇ ।
ਧੜਕੇ ਜ਼ਰਾ ਨਾ ਅੰਦਰੋਂ ਕਾਲਜਾ ਜੀ
ਜਿਸਮ ਵਾਂਗ ਕਬੂਤਰਾਂ ਪਿਆ ਫੜਕੇ ।
ਕਾਦਰਯਾਰ ਅਰਸ਼ਾਦ ਫੁਰਮਾਓ ਤੁਸੀਂ
ਏਹੋ ਭਾਹ ਪਰੇਮ ਦੀ ਪਈ ਭੜਕੇ ।੧੬।

ਜ਼ੁਆਦ ਜ਼ਰੂਰ ਹੈ ਸੁਖ਼ਨ ਮਨਜ਼ੂਰ ਤੇਰਾ
ਮੂੰਹੋਂ ਆਪ ਮਹਾਰਾਜ ਅਰਸ਼ਾਦ ਕੀਤਾ ।
ਤੇਰੇ ਜੈਸਿਆਂ ਨਮਕ ਹਲਾਲ ਮਰਦਾਂ
ਸਾਡਾ ਮੁਲਕ ਪੰਜਾਬ ਆਬਾਦ ਕੀਤਾ ।
ਤੇਰੇ ਸੁਖ਼ਨ ਪੁਰ-ਜੋਸ਼ ਬੇਖ਼ੌਫ਼ ਨੇ ਜੀ
ਸਾਰੀ ਫ਼ੌਜ਼ ਦੇ ਦਿਲ ਨੂੰ ਸ਼ਾਦ ਕੀਤਾ ।
ਕਾਦਰਯਾਰ ਤਿਆਰ ਹੋ ਖ਼ਾਲਸਾ ਜੀ
ਸਚੇ ਸਾਹਿਬ ਨੇ ਅਜ ਹੈ ਯਾਦ ਕੀਤਾ ।੧੭।

ਤੋਏ ਤਰਫ ਦੁੱਰਾਨੀਆਂ ਰਵਾਂ ਹੋਇਆ
ਫੂਲਾ ਸਿੰਘ ਤਨਹਾ ਅਕਾਲੀ ਯਾਰੋ ।
ਡਾਢੀ ਸ਼ਕਲ ਮਤਵਾਲੀ ਸੀ ਖੌਫ਼ ਵਾਲੀ
ਨਾਲੇ ਪਹਿਨੀ ਪੋਸ਼ਾਕ ਹੈ ਕਾਲੀ ਯਾਰੋ ।
ਖ਼ੂਨੀ ਅੱਖੀਆਂ ਕਹਿਰ ਦੇ ਨਾਲ ਭਰੀਆਂ
ਮੂੰਹ ਤੇ ਚੋਂਵਦੀ ਕਹਿਰ ਦੀ ਲਾਲੀ ਯਾਰੋ ।
ਕਾਦਰਯਾਰ ਅਸਵਾਰ ਹੋ ਫੀਲ ਉੱਤੇ
ਟੁਰਿਆ ਮੌਤ ਦੇ ਵੱਲ ਸਵਾਲੀ ਯਾਰੋ ।੧੮।

ਜ਼ੋਏ ਜ਼ਾਹਰ ਹੋ ਹੈਰਾਨ ਖੱਲ੍ਹੇ
ਡਿੱਠਾ ਜਦੋਂ ਪਠਾਣਾਂ ਨੇ ਸ਼ੇਰ ਯਾਰੋ ।
ਉੱਤੇ ਹਾਥੀ ਦੇ ਝੂਲਦਾ ਕੱਢ ਛਾਤੀ
ਪੈਰ ਪਾਂਵਦਾ ਅਗਾਂ ਅਗੇਰ ਯਾਰੋ ।
ਪੁੱਛਣ ਆਪਸ ਦੇ ਵਿਚ ਪਠਾਣ ਰਲ ਕੇ
ਇਹ ਹੈ ਕੌਣ ਸਰਦਾਰ ਦਲੇਰ ਯਾਰੋ ।
ਕਾਦਰਯਾਰ ਗ਼ਾਜ਼ੀ ਵੇਖ ਹੋਣ ਰਾਜ਼ੀ
ਕਹਿਣ ਕਰੋ ਬਾਜ਼ੀ ਬਿਨਾ ਦੇਰ ਯਾਰੋ ।੧੯।

ਐਨ ਅਲੀ ਅਕਬਰ ਵੇਖ ਆਂਵਦੇ ਨੂੰ
ਬੋਲੇ ਕੜਕ ਕੇ ਵਾਂਗਰਾਂ ਬਰਕ ਯਾਰੋ ।
ਹੈ ਕੋਈ ਐਸਾ ਪਠਾਣ ਜੁਆਨ ਮੇਰਾ
ਕਰੇ ਏਸ ਸਰਦਾਰ ਨੂੰ ਗ਼ਰਕ ਯਾਰੋ ।
ਮਾਰ ਥਰਛੀਆਂ ਰੱਤ ਨਚੋੜ ਲਵੇ
ਜਿਵੇਂ ਨਿੱਕਲੇ ਗੁਲਾਬ ਦਾ ਅਰਕ ਯਾਰੋ ।
ਕਾਦਰਯਾਰ ਅੱਲਾ ਉੱਤੇ ਰੱਖ ਤਕਵਾ
ਜਾਨ ਦੇਵਣੋਂ ਕਰੇ ਨਾ ਫ਼ਰਕ ਯਾਰੋ ।੨੦।

ਗ਼ੈਨ ਗੁੱਸੇ ਦੇ ਨਾਲ ਪਠਾਣ ਬੋਲੇ
ਰਹਿਣ ਵਾਲੇ ਸਵਾਤ ਬਨੇਰ ਮੀਆਂ ।
ਮਸ਼ਹੂਰ ਲੜਾਕੇ ਦੁੱਰਾਨੀਆਂ ਵਿਚ
ਜਿਵੇਂ ਪਾਹੜਿਆਂ ਦੇ ਵਿਚ ਸ਼ੇਰ ਮੀਆਂ ।
ਹੁਕਮ ਹੋਵੇ ਤਾਂ ਤੇਗਾਂ ਨੂੰ ਖਿੱਚ ਲਈਏ
ਵਿੱਚ ਲੜਨ ਦੇ ਨਹੀਂ ਕੁਝ ਦੇਰ ਮੀਆਂ ।
ਕਾਦਰਯਾਰ ਅਸਵਾਰ ਤੇ ਫੀਲ ਦਾ ਜੀ
ਪਲ ਵਿਚ ਕਰ ਦੇਵੀਏ ਢੇਰ ਮੀਆਂ ।੨੧।

ਫ਼ੇ ਫ਼ੌਰਨ ਸੁਆਤੀ ਬਹਾਦੁਰਾਂ ਨੇ
ਖਿੱਚੀ ਗੁੱਸੇ ਦੇ ਨਾਲ ਤਲਵਾਰ ਯਾਰੋ ।
ਮੁਛ ਵੱਟ ਕੇ ਤੇ ਮਿਆਨ ਨੂੰ ਸੱਟ ਕੇ ਜੀ
ਰਵਾਂ ਹੋਏ ਨੀ ਵਲ ਸਰਦਾਰ ਯਾਰੋ ।
ਨਾਹਰਾ ਅੱਲਾ-ਹੂ-ਅਕਬਰ ਦਾ ਮਾਰਦੇ ਜੀ
ਸਿੰਘ ਬੋਲਦਾ ਸਤਿ ਕਰਤਾਰ ਯਾਰੋ ।
ਕਾਦਰਯਾਰ ਹੁਣ ਵੇਲਾ ਹੈ ਨਕਦੀਆਂ ਦਾ
ਘੜੀ ਪਲ ਦਾ ਨਹੀਂ ਉਧਾਰ ਯਾਰੋ ।੨੨।

ਕਾਫ਼ ਕੰਬਦੀ ਪਈ ਜ਼ਮੀਨ ਯਾਰੋ
ਜਿੱਥੇ ਫ਼ੀਲ ਸਰਦਾਰ ਦਾ ਪੈਰ ਧਰਦਾ ।
ਹੈਸੀ ਖ਼ੂਨੀਆਂ ਵਿਚ ਮਸ਼ਹੂਰ ਹਾਥੀ
ਵਿਚ ਲੜਨ ਦੇ ਬਹੁਤ ਸੀ ਕਹਿਰ ਕਰਦਾ ।
ਤਿਵੇਂ ਥਰਕਦਾ ਚੱਲੇ ਜ਼ਮੀਨ ਉੱਤੇ
ਜਿਵੇਂ ਸੱਪ ਦਰਿਆ ਦੀ ਲਹਿਰ ਤਰਦਾ ।
ਕਾਦਰਯਾਰ ਬੇ-ਖ਼ੌਫ਼ ਸਰਦਾਰ ਬੈਠਾ
ਜਿਵੇਂ ਫਿਰੇ ਲਹੌਰ ਦੀ ਸੈਰ ਕਰਦਾ ।੨੩।

ਕਾਫ਼ ਕਹਿਰ ਦੇ ਨਾਲ ਪਠਾਣ ਯਾਰੋ
ਆਏ ਦੌੜਦੇ ਹਾਥੀ ਦੇ ਵੱਲ ਮੀਆਂ ।
ਜਾਨ ਪਿੱਛੇ ਈਮਾਨ ਕੁਰਬਾਨ ਕਰਕੇ
ਆਸ ਪਾਸ ਉਹਦਾ ਲਿਆ ਮੱਲ ਮੀਆਂ ।
ਸਿੰਘ ਸੂਰਮਾ ਤਨ-ਤਨਹਾ ਯਾਰੋ
ਗਿਆ ਵਿਚ ਦੁੱਰਾਨੀਆਂ ਰਲ ਮੀਆਂ ।
ਕਾਦਰਯਾਰ ਖੂੰਨੀ ਹਾਥੀ ਮਾਰ ਚੀਕਾਂ
ਪਾਇਆ ਗ਼ਾਜ਼ੀਆਂ ਵਿਚ ਤਰਥੱਲ ਮੀਆਂ ।੨੪।

ਗ਼ਾਫ਼ ਗੱਜ ਕੇ ਲੜਿਆ ਸੀ ਮਸਤ ਹਾਥੀ
ਕਈ ਵੱਸਦੇ ਝੁਗੜੇ ਉਜਾੜ ਛੱਡੇ ।
ਨਾਲ ਬਰਛਿਆਂ ਜੈਸਿਆਂ ਤੇਜ਼ ਦੰਦਾਂ
ਪੇਟ ਸੈਆਂ ਪਠਾਣਾਂ ਦੇ ਪਾੜ ਛੱਡੇ ।
ਮਾਰ ਫੇਟ ਤੇ ਸੁੰਡ ਵਲੇਟ ਕੇ ਜੀ
ਮਿਸਲ ਮੱਖੀਆਂ ਮਾਰ ਕੇ ਝਾੜ ਛੱਡੇ ।
ਕਾਦਰਯਾਰ ਕੱਦੂ ਵਾਂਗੂੰ ਬਾਜ਼ਿਆਂ ਦੇ
ਸਿਰ ਪੈਰਾਂ ਦੇ ਹੇਠ ਲਤਾੜ ਛੱਡੇ ।੨੫।

ਲਾਮ ਲਹੂ ਨਾਲ ਜ਼ਿਮੀਂ ਲਾਲ ਹੋਈ
ਕੋਲ ਆਵਣ ਦੀ ਕਿਸ ਦੀ ਮਜਾਲ ਯਾਰੋ ।
ਤੀਰ ਸਿੰਘ ਦੇ ਸੀਨੇ ਨੂੰ ਚੀਰਦੇ ਜੀ
ਝੱਲੇ ਚੱਕਰਾਂ ਦੀ ਕੇਹੜਾ ਝਾਲ ਯਾਰੋ ।
ਮਸਤ ਹਾਥੀ ਮਸਤਾਨੜੇ ਸਿੰਘ ਨੇ ਜੀ
ਕੀਤਾ ਗ਼ਾਜ਼ੀਆਂ ਦਾ ਖ਼ਸਤਾ ਹਾਲ ਯਾਰੋ ।
ਕਾਦਰਯਾਰ ਪਠਾਣ ਲਾ ਤਾਣ ਥੱਕੇ
ਹੋਇਆ ਹਾਥੀ ਤੇ ਚੜ੍ਹਨਾ ਮੁਹਾਲ ਯਾਰੋ ।੨੬।

ਮੀਮ ਮਰਦੇ ਪਰ ਕਦਮ ਨਾ ਪਿਛਾਂ ਧਰਦੇ
ਲੜਦੇ ਮਿਸਲ ਖੂੰਖਾਰ ਪਲੰਗ ਦੇ ਜੀ ।
ਜਾਣ ਤਰਫ਼ ਹਾਥੀ ਕਢ ਸਾਫ਼ ਛਾਤੀ
ਜਾਨ ਦੇਵਣੋਂ ਮੂਲ ਨਾ ਸੰਗਦੇ ਜੀ ।
ਨਾਲ ਮਲਿਕੁਲ-ਮੌਤ ਦੇ ਖੇਡ ਹੋਲੀ
ਨਾਲ ਖੂੰਨ ਦੇ ਚੋਲੜੇ ਰੰਗਦੇ ਜੀ ।
ਕਾਦਰਯਾਰ ਗਿਆ ਤਿਲਕ ਪੈਰ ਹੇਠੋਂ
ਹਾਥੀ ਡਿੱਗਾ ਸੀ ਸਣੇ ਨਿਹੰਗ ਦੇ ਜੀ ।੨੭।

ਨੂੰਨ ਨਾਲ ਚਲਾਕੀ ਸਰਦਾਰ ਨੇ ਜੀ
ਲਿਆ ਆਪਣਾ ਆਪ ਸੰਭਾਲ ਯਾਰੋ ।
ਹਥ ਪਕੜ ਤਲਵਾਰ ਹੁਸ਼ਿਆਰ ਹੋ ਕੇ
ਮਾਰੀ ਉੱਤੇ ਜ਼ਮੀਨ ਦੇ ਛਾਲ ਯਾਰੋ ।
ਡੁੱਲੇ ਬੇਰਾਂ ਦਾ ਅਜੇ ਕੀ ਗਿਆ ਸੀ ਜੀ
ਘਿਓ ਵੀਟਿਆ ਸੀ ਵਿਚ ਥਾਲ ਯਾਰੋ ।
ਕਾਦਰਯਾਰ ਤਲਵਾਰ ਬਰਸਾਣ ਲੱਗਾ
ਮੂੰਹੋਂ ਬੋਲਦਾ ਸਤਿ ਅਕਾਲ ਯਾਰੋ ।੨੮।

ਵਾਓ ਵਰ੍ਹਾਈ ਫਿਰ ਸਿੰਘ ਤਲਵਾਰ ਐਸੀ
ਦੂਰੋਂ ਆਉਂਦਾ ਪਿਆ ਸੀ ਖੜਕ ਮੀਆਂ ।
ਜਿਨੂੰ ਧਾਰ ਤਲਵਾਰ ਇਕ ਵਾਰ ਚੁੱਭੀ
ਗਿਆ ਵਾਂਗ ਕਰੀਰ ਦੇ ਕੜਕ ਮੀਆਂ ।
ਲਾ ਜ਼ਰੂਰ ਅਫਗ਼ਾਨ ਬੇ-ਖ਼ੌਫ਼ ਹੁੰਦੇ
ਲੇਕਿਨ ਸਿੰਘ ਸੀ ਬਹੁਤ ਬੇਧੜਕ ਮੀਆਂ ।
ਕਾਦਰਯਾਰ ਅਫ਼ਗਾਨ ਬੇਸ਼ਕ ਲੜਦੇ
ਐਪਰ ਝੱਲ ਨਾ ਸਕਦੇ ਫੜਕ ਮੀਆਂ ।੨੯।

ਹੇ ਹੋ ਕੇ ਜਮਾ ਫਿਰ ਗਿਰਦ ਸਾਰੇ
ਵਾਂਗ ਡੇਹਮੂਆਂ ਸਿੰਘ ਨੂੰ ਡੰਗਦੇ ਜੀ ।
ਚਾਰੋਂ ਤਰਫ਼ ਤਲਵਾਰਾਂ ਦੀ ਮਾਰ ਕਰਕੇ
ਬੰਦ ਵੱਢ ਸੁੱਟੇ ਹਰ ਅੰਗ ਦੇ ਜੀ ।
ਬਦਲਾ ਆਪਣਾ ਲੈ ਕੇ ਆਪ ਯਾਰੋ
ਫੂਲਾ ਸਿੰਘ ਮੋਇਆ ਵਿਚ ਜੰਗ ਦੇ ਜੀ ।
ਕਾਦਰਯਾਰ ਦੁੱਰਾਨੀ ਕਰ ਸ਼ਾਦਮਾਨੀ
ਲੋਥ ਬਰਛਿਆਂ ਦੇ ਉੱਤੇ ਟੰਗਦੇ ਜੀ ।੩੦।

ਯੇ ਯਾਰੀ ਸਰਦਾਰ ਨੇ ਤੋੜ ਚਾੜ੍ਹੀ
ਮੋਇਆ ਮਾਰ ਕੇ ਵਿਚ ਮੈਦਾਨ ਯਾਰੋ ।
ਦੁਸ਼ਮਣ ਮਾਰ ਕੇ ਆਪ ਹਲਾਕ ਹੋਇਆ
ਦਿਲ ਦੇ ਵਿਚ ਨਾ ਰਿਹਾ ਅਰਮਾਨ ਯਾਰੋ ।
ਆਸ ਪਾਸ ਦੇ ਸਭ ਸ਼ਾਬਾਸ ਕਹਿੰਦੇ
ਕਿਆ ਸਿੱਖ ਤੇ ਕਿਆ ਅਫ਼ਗਾਨ ਯਾਰੋ ।
ਕਾਦਰਯਾਰ ਓਹ ਮੋਇਆ ਤਾਂ ਕੀ ਹੋਇਆ
ਦੁਨੀਆਂ ਵਿਚ ਰਹਿਆ ਜ਼ਿੰਦਾ ਨਾਮ ਯਾਰੋ ।੩੧।

ਸੀ-ਹਰਫ਼ੀ ਸ਼ਿਸ਼ਮ

ਅਲਫ਼ ਅੱਗ ਲੜਾਈ ਦੀ ਭੜਕ ਉੱਠੀ
ਫੂਲਾ ਸਿੰਘ ਜਾਂ ਹੋਇਆ ਸ਼ਹੀਦ ਮੀਆਂ ।
ਜਿਵੇਂ ਅੱਗ ਬਾਰੂਦ ਨੂੰ ਲੱਗ ਜਾਵੇ
ਖਿੱਲਰ ਗਈ ਨਜ਼ਦੀਕ ਬਈਦ ਮੀਆਂ ।
ਦੋਵੇਂ ਸਿੱਖ ਪਠਾਣ ਪਏ ਹੋਣ ਡੱਕਰੇ
ਜਿਵੇਂ ਬੱਕਰੇ ਰੋਜ਼ ਬਕਰ-ਈਦ ਮੀਆਂ ।
ਕਾਦਰਯਾਰ ਮਰਦੇ ਗੀਦੀ ਨਾਲ ਡਰ ਦੇ
ਪਰ ਬਹਾਦੁਰਾਂ ਨੂੰ ਹੋਈ ਈਦ ਮੀਆਂ ।੧।

ਬੇ ਬੰਦੂਕ਼ ਦੀ ਕੂਕ ਨੂੰ ਕੌਣ ਸੁਣਦਾ
ਜਿਥੋ ਤੋਪਾਂ ਨੇ ਪਾਈ ਏ ਗੱਜ ਯਾਰੋ ।
ਧੂੰਆਂ ਧਾਰ ਤੇ ਗਰਦ ਗ਼ੁਬਾਰ ਨੇ ਜੀ
ਲਿਆ ਸਾਰੇ ਮੈਦਾਨ ਨੂੰ ਕੱਜ ਯਾਰੋ ।
ਅਜ਼ਰਾਈਲ ਤਿਆਰ ਹੋ ਕੋਲ ਖਲ੍ਹਾ
ਢੋਲ ਮੌਤ ਵਾਲਾ ਗਿਆ ਵੱਜ ਯਾਰੋ ।
ਕਾਦਰਯਾਰ ਇਕ ਵਾਰ ਤਾਂ ਯਾਦ ਰਖਸੀ
ਜੇਹੜਾ ਜੀਂਵਦਾ ਰਹੇਗਾ ਅੱਜ ਯਾਰੋ ।੨।

ਪੇ ਪਏ ਤ੍ਰਭਕਦੇ ਉੱਠ ਘੋੜੇ
ਹੋਏ ਕੰਨ ਡੋਰੇ ਨਾਲ ਗੂੰਜ ਮੀਆਂ ।
ਜ਼ਖਮੀ ਖ਼ੂਨ ਦੇ ਵਿਚ ਗਲਤਾਨ ਰੁਲਦੇ
ਜਿਵੇਂ ਪਈ ਕੁਰਲਾਂਵਦੀ ਕੂੰਜ ਮੀਆਂ ।
ਮੌਸਮ ਫ਼ਸਲ ਦੇ ਵਿਚ ਜਿਵੇਂ ਫੇਰ ਬਹੁਕਰ
ਭੁੱਖਾ ਜੱਟ ਲੈਂਦਾ ਦਾਣੇ ਹੂੰਝ ਮੀਆਂ ।
ਕਾਦਰਯਾਰ ਗੋਲੇ ਸੋਹਣੀ ਸੂਰਤਾਂ ਨੂੰ
ਵਾਂਗ ਮੂਰਤਾਂ ਦੇਂਵਦੇ ਪੂੰਝ ਮੀਆਂ ।੩।

ਤੇ ਤੋਪਾਂ ਨੂੰ ਚਲਦਿਆਂ ਪਹਿਰ ਹੋਇਆ
ਤੇ ਦੁਪਹਿਰ ਪੁੱਜੀ ਉੱਤੋਂ ਆਣ ਬੇਲੀ ।
ਨਾਲ ਪਿਆਸ ਦੇ ਸਭ ਉਦਾਸ ਹੋਏ
ਸਖ਼ਤ ਧੁੱਪ ਲੱਗੀ ਉੱਤੋਂ ਆਣ ਬੇਲੀ ।
ਪਾਂਦੇ ਡੰਡ ਪਰ ਕੰਡ ਨਾ ਮੂਲ ਦੇਂਦੇ
ਪਏ ਜਾਨ ਨੂੰ ਕਰਨ ਕੁਰਬਾਨ ਬੇਲੀ ।
ਕਾਦਰਯਾਰ ਮਰਦੇ ਉੱਤੇ ਮੋਰਚੇ ਦੇ
ਦੋਵੇਂ ਸਿੱਖ ਤੇ ਨਾਲੇ ਪਠਾਣ ਬੇਲੀ ।੪।

ਸੇ ਸਾਬਤੀ ਦੇ ਨਾਲ ਸਿੱਖ ਯਾਰੋ
ਵੇਖੋ ਤਰਫ਼ ਪਠਾਣਾਂ ਦੀ ਬੜ੍ਹਨ ਲੱਗੇ ।
ਪਰੇ ਸੱਟ ਬੰਦੂਕ ਤੇ ਘੁੱਟ ਕੇ ਜੀ
ਹੱਥ ਵਿਚ ਸ਼ਮਸ਼ੀਰ ਫੜਨ ਲੱਗੇ ।
ਵਸਦੇ ਗੋਲਿਆਂ ਨੂੰ ਜਿਵੇਂ ਜਾਣ ਓਲੇ
ਸਿੱਧੇ ਵਿਚ ਮੈਦਾਨ ਦੇ ਵੜਨ ਲੱਗੇ ।
ਕਾਦਰਯਾਰ ਤਲਵਾਰ ਦੀ ਝੰਬ ਦੇ ਕੇ
ਦੁਸ਼ਮਣ ਦਾਣਿਆਂ ਦੇ ਵਾਂਗ ਛੜਨ ਲੱਗੇ ।੫।

ਜੀਮ ਜੰਗ ਦਾ ਰੰਗ ਤਾਂ ਹੋਰ ਹੋਇਆ
ਜਦੋਂ ਦੌੜ ਕੇ ਆਏ ਨਿਹੰਗ ਯਾਰੋ ।
ਸ਼ੇਰ ਬੱਬਰ ਵਾਂਗੂੰ ਹਥ ਤਬਰ ਫੜਕੇ
ਨਾਹਰਾ ਮਾਰਦੇ ਜਿਵੇਂ ਮਲੰਗ ਯਾਰੋ ।
ਜਮਾਂ ਹੋਇ ਕੇ ਮੋਰਚੇ ਵਲ ਆਏ
ਜਿਵੇਂ ਸ਼ਮਾ ਤੇ ਜਾਏ ਪਤੰਗ ਯਾਰੋ ।
ਕਾਦਰਯਾਰ ਪਠਾਣ ਤੇ ਸਿੱਖ ਦੋਵੇਂ
ਦਿੱਤੇ ਹੁਣ ਤਕਦੀਰ ਨੇ ਡੰਗ ਯਾਰੋ ।੬।

ਚੇ ਚੁਸਤੀ ਦੇ ਨਾਲ ਦੁੱਰਾਨੀਆਂ ਨੇ
ਖਿੱਚੀ ਗੁੱਸੇ ਦੇ ਨਾਲ ਤਲਵਾਰ ਯਾਰੋ ।
ਕਾਇਮ ਹੋਕੇ ਆਪਣੀ ਜਗਾ ਉੱਤੇ
ਨਾਹਰਾ ਮਾਰਦੇ ਖੂਬ ਲਲਕਾਰ ਯਾਰੋ ।
ਜਿਵੇਂ ਸ਼ੇਰ ਬੱਗੇ ਸਿਖ ਗਲੇ ਲੱਗੇ
ਸ਼ੁਰੂ ਹੋਈ ਤਲਵਾਰ ਦੀ ਮਾਰ ਯਾਰੋ ।
ਕਾਦਰਯਾਰ ਵਿਚਾਰ ਦੇ ਨਾਲ ਦੇਖੋ
ਸਿੱਖ ਇੱਕ ਪਠਾਣ ਜੇ ਚਾਰ ਯਾਰੋ ।੭।

ਹੇ ਹਲਾਲ ਦਾ ਚੰਨ ਜਿਵੇਂ ਚਮਕਦਾ ਏ
ਤਿਵੇਂ ਚਮਕਦੀ ਪਈ ਸ਼ਮਸ਼ੇਰ ਮੀਆਂ ।
ਇਕ ਵਾਰ ਜੇਹਨੂੰ ਧਾਰ ਵਹਿ ਜਾਵੇ
ਤਾਬ ਰਹੇ ਨਾ ਲੜਨ ਦੀ ਫੇਰ ਮੀਆਂ ।
ਜ਼ਿਮੀਂ ਲਹੂ ਦੇ ਨਾਲ ਤਾਂ ਲਾਲ ਹੋਈ
ਲੱਗੇ ਮੁਰਦਿਆਂ ਦੇ ਆਣ ਢੇਰ ਮੀਆਂ ।
ਕਾਦਰਯਾਰ ਆ ਕਹਿਰ ਨੇ ਜ਼ੋਰ ਪਾਇਆ
ਉੱਡ ਗਈ ਜਹਾਨ ਤੋਂ ਮਿਹਰ ਮੀਆਂ ।੮।

ਖ਼ੇ ਖੂਬ ਲੜਦੇ ਸਿੰਘ ਗੱਡ ਕੇ ਜੀ
ਕੱਢ ਦਿੱਤਾ ਪਠਾਣਾਂ ਦਾ ਧੂੰ ਮੀਆਂ ।
ਨਾਲ ਤੇਗ਼ ਫੱਟੇ ਕੀਤੇ ਦੰਦ ਖੱਟੇ
ਯਾਦ ਆਂਵਦਾ ਤੂੰ ਹੀ ਤੂੰ ਮੀਆਂ ।
ਇਕ ਦੂਸਰੇ ਨੂੰ ਕਤਲ ਕਰਨ ਯਾਰੋ
ਜਿਵੇਂ ਰੰਨ ਚਾ ਮਾਰਦੀ ਜੂੰ ਮੀਆਂ ।
ਕਾਦਰਯਾਰ ਤਲਵਾਰ ਚਲਾਈ ਸਿੱਖਾਂ
ਜਿਵੇਂ ਪੇਂਜਾ ਹੈ ਪਿੰਜਦਾ ਰੂੰ ਮੀਆਂ ।੯।

ਦਾਲ ਦੱਬ ਕੇ ਖ਼ਾਲਸਾ ਫੌਜ ਲੜੀ
ਜਿਵੇਂ ਚੜ੍ਹੀ ਝਨਾਂ ਦੀ ਕਾਂਗ ਯਾਰੋ ।
ਪਸ਼ੇਮਾਨ ਤੇ ਹੋ ਹੈਰਾਨ ਖਲ੍ਹੇ
ਭੁਲ ਗਈ ਪਠਾਣਾਂ ਨੂੰ ਬਾਂਗ ਯਾਰੋ ।
ਸਹਿੰਦੇ ਫੜਕ ਨਾ ਕੜਕਦੇ ਨਾਲ ਤੇਗਾਂ
ਜਿਵੇਂ ਲਕੜੀ ਦੀ ਹੁੰਦੀ ਛਾਂਗ ਯਾਰੋ ।
ਕਾਦਰਯਾਰ ਅਕਾਲੀਆਂ ਤਬਰ ਫੜ ਕੇ
ਕੀਤੀ ਆਣ ਪਠਾਣਾਂ ਦੀ ਛਾਂਗ ਯਾਰੋ ।੧੦।

ਡਾਲ ਡੌਰ ਹੋਏ ਨਾਲੇ ਭੌਰ ਹੋਏ
ਹੋਰ ਤੌਰ ਹੋਏ ਯਾਰੋ ਗ਼ਾਜ਼ੀਆਂ ਦੇ ।
ਹੋ ਕੇ ਚਾਕ ਰੁਲਦੇ ਵਿਚ ਖ਼ਾਕ ਦੇ ਜੀ
ਜੇਹੜੇ ਸਾਹਨ ਚੜ੍ਹਦੇ ਉਪਰ ਤਾਜ਼ੀਆਂ ਦੇ ।
ਧੁਰੋਂ ਹਾਰ ਨਸੀਬ ਨੂੰ ਧਾੜ ਪੈ ਗਈ
ਹੁਣ ਕੌਣ ਸੁਣਦਾ ਮਸਲੇ ਕਾਜ਼ੀਆਂ ਦੇ ।
ਕਾਦਰਯਾਰ ਵੁਜ਼ੂ ਨਾਲ ਲਹੂ ਕਰਦੇ
ਸੱਥਰ ਲੱਥੇ ਨੀ ਅੱਜ ਨਮਾਜੀਆਂ ਦੇ ।੧੧।

ਜ਼ਾਲ ਜ਼ਿਬਾਹ ਪਏ ਤਿੱਤਰਾਂ ਵਾਂਗ ਹੁੰਦੇ
ਦੇਂਦੇ ਕੰਡ ਨਾ ਮਿੱਤਰ ਪਿਆਰਿਆਂ ਨੂੰ ।
ਗਾਜ਼ੀ ਮਰਨ ਤੇ ਹੋਏ ਨੇ ਆਪ ਰਾਜ਼ੀ
ਕਰਕੇ ਯਾਦ ਆਪਣੇ ਪੀਰਾਂ ਸਾਰਿਆਂ ਨੂੰ ।
ਸਿੱਕ ਬੱਚਿਆਂ ਦੀ ਘਰ ਦੇ ਵਲ ਖਿੱਚੇ
ਦਿੱਸੇ ਰਾਹ ਨਾ ਕੋਈ ਵਿਚਾਰਿਆਂ ਨੂੰ ।
ਕਾਦਰਯਾਰ ਕਰਦੇ ਯਾਦ ਔਰਤਾਂ ਨੂੰ
ਜੇਹੜੀਆਂ ਗਿਣਦੀਆਂ ਪਈਆਂ ਨੇ ਤਾਰਿਆਂ ਨੂੰ ।੧੨।

ਰੇ ਰੱਖਿਆ ਜ਼ਰਾ ਨਾ ਫ਼ਰਕ ਬਾਕੀ
ਕੀਤੀ ਖ਼ਾਲਸੇ ਨੇ ਡਾਢੀ ਜ਼ੋਰੀਆਂ ਜੀ ।
ਬੇ-ਲਗਾਮ ਘੋੜੇ ਦੌੜੇ ਚਾਰ ਤਰਫ਼ੀਂ
ਤੇ ਸਵਾਰਾਂ ਦੀਆਂ ਕੀਤੀਆਂ ਪੋਰੀਆਂ ਜੀ ।
ਪਿਚਕਾਰੀ ਤਾਂ ਬਰਛੀ ਦੀ ਠੀਕ ਮਾਰੀ
ਖੂਬ ਖੇਡੀਆਂ ਖ਼ਾਲਸੇ ਹੋਰੀਆਂ ਜੀ ।
ਕਾਦਰਯਾਰ ਪਠਾਣਾਂ ਦੇ ਰੁਲਣ ਮੁਰਦੇ
ਜਿਵੇਂ ਰੁਲਦੀਆਂ ਬਾਗ਼ ਵਿਚ ਤੋਰੀਆਂ ਜੀ ।੧੩।

ਜ਼ੇ ਜ਼ੋਰ ਦੁੱਰਾਨੀਆਂ ਬਹੁਤ ਲਾਇਆ
ਐਪਰ ਪੇਸ਼ ਨਾ ਜਾਂਵਦੀ ਏਕ ਮੀਆਂ ।
ਕੇਹੜਾ ਪਾੜ ਤਲਵਾਰ ਦੇ ਆਣ ਮੇਲੇ
ਹਾੜ੍ਹੇ ਲਾ ਕੇ ਥੱਕੇ ਅਨੇਕ ਮੀਆਂ ।
ਕੰਧਾਂ ਕਾਬਲ ਦੀਆਂ ਗਈਆਂ ਕੰਬ ਯਾਰੋ
ਪਹੁੰਚਾ ਜਾ ਕੰਧਾਰ ਨੂੰ ਸੇਕ ਮੀਆਂ ।
ਕਾਦਰਯਾਰ ਪਠਾਣਾਂ ਦੇ ਵਿਚ ਸੀਨੇ
ਪਾਇਆ ਸ਼ਰਮ ਦੇ ਵਰਮ ਨੇ ਛੇਕ ਮੀਆਂ ।੧੪।

ਸੀਨ ਸਿੱਖਾਂ ਨੇ ਅੱਡੇ ਮੁਕਾ ਛੱਡੇ
ਪਏ ਧਾਰ ਤਲਵਾਰ ਨੂੰ ਆਣ ਫੱਡੇ ।
ਮਾਰ ਮਾਰ ਕੇ ਲਾ ਅੰਬਾਰ ਦਿੱਤੇ
ਯਾਰੋ ਸਿੱਖ ਤਲਵਾਰ ਦੇ ਧਨੀ ਵੱਡੇ ।
ਨਾਲ ਜੋਸ਼ ਪਠਾਣਾਂ ਤੋਂ ਤਰੋੜ ਦਿੱਤਾ
ਜਿਵੇਂ ਖੋਰ ਪੈ ਜਾਂਵਦੇ ਮਸਤ ਸੱਢੇ ।
ਕਾਦਰਯਾਰ ਲਲਕਾਰ ਵੰਗਾਰ ਦੇ ਨੇ
ਮਾਝੇ ਮਾਲਵੇ ਦੇ ਹੁਸ਼ਿਆਰ ਨੱਢੇ ।੧੫।

ਸ਼ੀਨ ਸ਼ੋਰ ਦਾ ਜ਼ੋਰ ਹੁਣ ਬਹੁਤ ਹੋਇਆ
ਡਾਢੀ ਆਣ ਹੋਈ ਸ਼ੁਰੂ ਕੱਟ ਯਾਰੋ ।
ਸਿਰ ਸੱਟ ਕੇ ਪਏ ਪਠਾਣ ਲੜਦੇ
ਦਿੱਤਾ ਸੈਆਂ ਨਿਹੰਗਾਂ ਨੂੰ ਫੱਟ ਯਾਰੋ ।
ਝਟ ਸਿੱਖ ਆਪਣਾ ਬਦਲਾ ਲੈਣ ਕਾਰਣ
ਵਾਂਗ ਬਾਜ਼ਾਂ ਦੇ ਮਾਰਦੇ ਝੱਟ ਯਾਰੋ ।
ਕਾਦਰਯਾਰ ਪਠਾਣਾਂ ਦੀ ਫੌਜ ਅੰਦਰ
ਪਿਆ ਆਣ ਕੇ ਹੁਣ ਕੁਰਲੱਟ ਯਾਰੋ ।੧੬।

ਸੁਆਦ ਸਾਫ਼ ਲੜਾਈ ਦਾ ਹਾਲ ਸਾਰਾ
ਇੱਕ ਉੱਚੀ ਪਹਾੜੀ ਦੇ ਸਿਰੇ ਚੜ੍ਹਕੇ ।
ਰਣਜੀਤ ਸਿੰਘ ਸਰਕਾਰ ਨੇ ਆਪ ਡਿੱਠਾ
ਅੱਖੀਂ ਨਾਲ ਯਾਰੋ ਦੂਰਬੀਨ ਧਰ ਕੇ ।
ਕਿਸ ਤਰ੍ਹਾਂ ਨਿਹੰਗਾਂ ਨੇ ਪਕੜ ਤੇਗਾਂ
ਲਾਹ ਦਿੱਤੇ ਪਠਾਣਾਂ ਦੇ ਮਾਰ ਫੜਕੇ ।
ਕਾਦਰਯਾਰ ਸਰਕਾਰ ਮਾਲੂਮ ਕੀਤਾ
ਦਿਲ ਵਿਚ ਹੁਣ ਸਭ ਪਠਾਣ ਧੜਕੇ ।੧੭।

ਜ਼ੁਆਦ ਜ਼ਰੂਰ ਸਰਕਾਰ ਦੇ ਨਾਲ ਯਾਰੋ
ਹੈਸੀ ਚਾਰ ਹਜ਼ਾਰ ਅਸਵਾਰ ਮੀਆਂ ।
ਇੱਕ ਢਾਲ ਹੇਠਾਂ ਸੱਭੇ ਮਰਨ ਵਾਲੇ
ਵਿਚ ਲੜਨ ਦੇ ਬਹੁਤ ਹੁਸ਼ਿਆਰ ਮੀਆਂ ।
ਤੁਰਤ ਹੇਠ ਪਹਾੜੀ ਤੋਂ ਉੱਤਰ ਕੇ ਜੀ
ਨਾਲ ਜੁੱਰਤ ਦੇ ਥੱਧੀ ਕਤਾਰ ਮੀਆਂ ।
ਕਾਦਰਯਾਰ ਨੱਕਾਰੇ ਤੇ ਚੋਟ ਲਾਈ
ਆਈ ਜੰਗ ਦੇ ਵਲ ਸਰਕਾਰ ਮੀਆਂ ।੧੮।

ਤੋਏ ਤਰਫ ਮੈਦਾਨ ਦੇ ਚਟਕ ਆਏ
ਜਿਵੇਂ ਚੁੰਗੀਆਂ ਮਾਰਦੇ ਬੱਕ ਯਾਰੋ ।
ਹੱਥ ਪਕੜ ਨੇਜ਼ੇ ਮਾਰੋ ਮਾਰ ਕਰਦੇ
ਵੜਦੇ ਵਿਚ ਮੈਦਾਨ ਬੇ-ਝੱਕ ਯਾਰੋ ।
ਸਿਰ ਗਿਆਾ ਤੇ ਜਾਏ ਬੇ-ਸ਼ਕ ਉਸ ਦਾ
ਜਗ ਵਿਚ ਰਿਹਿਆ ਜਿਸ ਦਾ ਨੱਕ ਯਾਰੋ ।
ਕਾਦਰਯਾਰ ਸਰਕਾਰ ਨੂੰ ਵੇਖ ਕੇ ਤੇ
ਤਰੁੱਟ ਗਿਆ ਪਠਾਣਾਂ ਦਾ ਛੱਕ ਯਾਰੋ ।੧੯।

ਜ਼ੋਏ ਜ਼ਾਹਰਾ ਰਿਹਾ ਨਾ ਜ਼ਰਾ ਫ਼ਕਾ
ਲੱਗਾ ਜਦੋਂ ਅਸਵਾਰਾਂ ਦਾ ਆਣ ਧੱਕਾ ।
ਜਿਵੇਂ ਛੱਤ ਹੇਠੋਂ ਕੜੱਕ ਪਾਟ ਜਾਵੇ
ਢੈ ਪੈਂਦਾ ਏ ਝੱਟ ਮਕਾਨ ਪੱਕਾ ।
ਤਿਵੇਂ ਹਿੱਲ ਪੈ ਗਈ ਦੁੱਰਾਨੀਆਂ ਨੂੰ
ਕੇਹੜਾ ਵਲ ਕੇ ਦੇਵਸੀ ਆਣ ਡੱਕਾ ।
ਕਾਦਰਯਾਰ ਪਠਾਣ ਨਾ ਰਹੇ ਕਾਇਮ
ਸਾਰਾ ਜ਼ੋਰ ਅਲੀ ਅਕਬਰ ਲਾ ਥੱਕਾ ।੨੦।

ਐਨ ਅਕਲ ਸਾਰੀ ਮਾਰੀ ਗਈ ਯਾਰੋ
ਐਸੀ ਪਈ ਪਠਾਣਾਂ ਨੂੰ ਫੰਡ ਮੀਆਂ ।
ਇਕ ਘੜੀ ਦੇ ਵਿਚ ਅਕਾਲੀਆਂ ਨੇ
ਲਿਆ ਦਾਲ ਫੁਲਕਾ ਉਥੇ ਵੰਡ ਮੀਆਂ ।
ਕਖ ਰਿਹਾ ਨਾ ਪਲੇ ਦੁੱਰਾਨੀਆਂ ਦੇ
ਚਾਰੇ ਕੰਨੀਆਂ ਚਲੇ ਨੀ ਛੰਡ ਮੀਆਂ ।
ਕਾਦਰਯਾਰ ਪਠਾਣਾਂ ਨਮਾਣਿਆਂ ਨੇ
ਦਿੱਤੀ ਉੱਤੇ ਮੈਦਾਨ ਦੇ ਕੰਡ ਮੀਆਂ ।੨੧।

ਗ਼ੈਨ ਗ਼ਰੂਰ ਦੇ ਨਾਲ ਨਿਹੰਗ ਸਾਰੇ
ਨੱਸਦੇ ਗ਼ਾਜ਼ੀਆਂ ਨੂੰ ਕਰਦੇ ਚੂਰ ਯਾਰੋ ।
ਇਕ ਆਣ ਦੇ ਵਿਚ ਮੈਦਾਨ ਸਾਰਾ
ਹੋਇਆ ਮੁਰਦਿਆਂ ਨਾਲ ਭਰਪੂਰ ਯਾਰੋ ।
ਨੇੜੇ ਰਹਿਆ ਨਾ ਇਕ ਪਠਾਣ ਜ਼ਿੰਦਾ
ਬਚ ਗਿਆ ਜੇਹੜਾ ਗਿਆ ਦੂਰ ਯਾਰੋ ।
ਕਾਦਰਯਾਰ ਸ਼ਰਾਬ ਬਹਾਦੁਰੀ ਨੇ
ਕੀਤਾ ਸਿੰਘਾਂ ਨੂੰ ਬਹੁਤ ਮਖ਼ਮੂਰ ਯਾਰੋ ।੨੨।

ਫੇ ਫੇਰ ਨਾ ਪਵੇ ਅੰਧੇਰ ਐਸਾ
ਹੈ ਵਿਰਦ ਇਹ ਮੇਰੀ ਜ਼ਬਾਨ ਉੱਤੇ ।
ਬਾਦਸ਼ਾਹ ਕੁਰਾਹੇ ਨਾ ਪੈਣ ਯਾਰੋ
ਕਾਇਮ ਰਹਿਣ ਸਭ ਆਪਣੇ ਈਮਾਨ ਉੱਤੇ ।
ਪੂਰਾ ਅੱਸੀ ਹਜ਼ਾਰ ਪਠਾਣ ਯਾਰੋ
ਕਤਲ ਹੋਇਆ ਨੁਸ਼ਹਿਰੇ ਮੈਦਾਨ ਉੱਤੇ ।
ਕਾਦਰਯਾਰ ਸਰਕਾਰ ਨੇ ਫ਼ਤਿਹ ਪਾਈ
ਧੁੰਮ ਪਈ ਏ ਸਾਰੇ ਜਹਾਨ ਉੱਤੇ ।੨੩।

ਕਾਫ਼ ਕਾਬੁਲ ਸ਼ਿਕਸਤ ਦੀ ਖ਼ਬਰ ਪਹੁੰਚੀ
ਪਿਆ ਵਖਤ ਕੰਧਾਂ ਹੋਈਆਂ ਕਾਲੀਆਂ ਜੀ ।
ਤੇਰੇ ਖ਼ਾਨ ਸਾਰੇ ਸੋਹਣੀ ਸ਼ਾਨ ਵਾਲੇ
ਮਾਰੇ ਵਿਚ ਮੈਦਾਨ ਅਕਾਲੀਆਂ ਜੀ ।
ਤੇਰੇ ਬਾਗ਼ ਦੇ ਵਿਚ ਨਾ ਜ਼ਾਗ਼ ਲਭਦਾ
ਉੱਡ ਗਏ ਤੋਤੇ ਮੈਨਾ ਲਾਲੀਆਂ ਜੀ ।
ਕਾਦਰਯਾਰ ਨਿਹੰਗਾਂ ਨੇ ਪੀ ਭੰਗਾਂ
ਫ਼ਲ ਵੱਢ ਸੁੱਟੇ ਸਣੇ ਡਾਲੀਆਂ ਜੀ ।੨੪।

ਕਾਫ਼ ਕਹਿਰ ਖ਼ੁਦਾ ਦਾ ਪਵੇ ਸਿੱਖੋ
ਕਹਿਣ ਲਹਿਰ ਦੇ ਵਿਚ ਪਠਾਣੀਆਂ ਜੀ ।
ਅੱਛੀ ਕੀਤੀ ਜੇ ਜ਼ਾਲਮੋ ਨਾਲ ਸਾਡੇ
ਮਾਰੀ ਵਿਚ ਕ਼ਲੇਜੇ ਦੇ ਕਾਨੀਆਂ ਜੀ ।
ਰੱਬ ਕਰੇ ਜੇ ਚੜ੍ਹੇ ਗ਼ਨੀਮ ਕੋਈ
ਵਿਚੋਂ ਰੂਸ ਯਾ ਲਸ਼ਕਰ ਕੱਰਾਨੀਆਂ ਜੀ ।
ਕਾਦਰਯਾਰ ਅਜ ਗ਼ੈਬ ਦਾ ਪਵੇ ਗੋਲਾ
ਰੋਣ ਵਿਚ ਪੰਜਾਬ ਜ਼ਨਾਨੀਆਂ ਜੀ ।੨੫।

ਗਾਫ਼ ਗੁਰੂ ਨੇ ਰੱਖੀ ਹੈ ਲਾਜ ਮੇਰੀ
ਮੂੰਹੋਂ ਬੋਲਿਆ ਫੇਰ ਮਹਾਰਾਜ ਸਾਈਂ ।
ਗੁਰੂ ਮਾਲਕ ਹੈ ਦੋ ਜਹਾਨ ਦਾ ਜੀ
ਕੇਹੜੀ ਥਾਂ ਜਿੱਥੇ ਉਹਦਾ ਰਾਜ ਨਾਹੀਂ ।
ਬਿਨਾਂ ਹੁਕਮ ਕੋਈ ਤਾਜ਼ ਨੂੰ ਨਹੀਂ ਪਾਵੇ
ਬਿਨਾਂ ਹੁਕਮ ਆਵੇ ਕਿਸੇ ਭਾਜ ਨਾਹੀਂ ।
ਕਾਦਰਯਾਰ ਖ਼ੁਰਸੰਦ ਹੈ ਉਹ ਬੰਦਾ
ਬਿਨਾਂ ਬੰਦਗੀ ਦੇ ਦੂਜਾ ਕਾਜ ਨਾਹੀਂ ।੨੬।

ਲਾਮ ਲੰਘ ਗਿਆ ਰੋਜ਼ ਜੰਗ ਵਾਲਾ
ਉੱਤੋਂ ਮੂੰਹ ਆਈ ਕਾਲੀ ਰਾਤ ਯਾਰੋ ।
ਸਿੰਘ ਉੱਤੇ ਮੈਦਾਨ ਦੇ ਤਾਣ ਦਿੰਦੇ
ਛੌਲਦਾਰੀਆਂ ਤੰਬੂ ਕਨਾਤ ਯਾਰੋ ।
ਸਮਿਆਨ ਫਿਰ ਖਾਣ ਦਾ ਕਰਨ ਲੱਗੇ
ਆਣ ਚੜ੍ਹਨ ਲੱਗੀ ਦਾਲ ਭਾਤ ਯਾਰੋ ।
ਕਾਦਰਯਾਰ ਅਕਾਲੀਆਂ ਫੇਰ ਚੌਕੇ
ਆਟੇ ਗੁੱਧੇ ਨੀ ਵਿਚ ਪਰਾਤ ਯਾਰੋ ।੨੭।

ਮੀਮ ਮੂੰਹ ਅਨੇਰ੍ਹੇ ਨਿਹੰਗ ਸਾਰੇ
ਫੇਰਾ ਪਾਂਵਦੇ ਵਿਚ ਮੈਦਾਨ ਦੇ ਜੀ ।
ਵਿਚ ਮੁਰਦਿਆਂ ਦੇ ਟੁਰਦੇ ਨਜ਼ਰ ਕਰਕੇ
ਮੋਇਆਂ ਯਾਰਾਂ ਨੂੰ ਪਏ ਪਛਾਣਦੇ ਜੀ ।
ਹੱਥ ਜੋੜ ਅਰਦਾਸ ਕਰਨ ਗੁਰੂ ਅੱਗੇ
ਜਦੋਂ ਯਾਰ ਦਾ ਮੂੰਹ ਸਿੰਞਾਣਦੇ ਜੀ ।
ਕਾਦਰਯਾਰ ਨਿਹੰਗ ਮਲੰਗ ਬਣ ਕੇ
ਸਤਿ ਸ੍ਰੀ ਅਕਾਲ ਗਜਾਂਵਦੇ ਜੀ ।੨੮।

ਨੂੰਨ ਨਾਹਸ਼ ਫੂਲਾ ਸਿੰਘ ਸੂਰਮੇ ਦੇ
ਹੋਈ ਬਹੁਤ ਤਾਲਾਸ਼ ਮੈਦਾਨ ਉੱਤੇ ।
ਹੋਏ ਹੱਕੇ ਬੱਕੇ ਸੱਭੇ ਲੱਭ ਥੱਕੇ
ਮਹਾਰਾਜ ਦੇ ਖ਼ਾਸ ਫ਼ਰਮਾਨ ਉੱਤੇ ।
ਯਾ ਉਹ ਗ਼ਰਕ ਹੋ ਵੜੀ ਜ਼ਮੀਨ ਦੇ ਵਿੱਚ
ਯਾ ਕਿ ਬਰਕ ਹੋ ਕੇ ਚੜ੍ਹੀ ਅਸਮਾਨ ਉੱਤੇ ।
ਕਾਦਰਯਾਰ ਨਿਹੰਗ ਹੈਰਾਨ ਖੱਲ੍ਹੇ
ਨਹੀਂ ਠਹਿਰਦੇ ਕਿਸੇ ਕਮਾਨ ਉੱਤੇ ।੨੯।

ਵਾਓ ਵਿਚ ਮੈਦਾਨ ਦੇ ਮੁਰਦਿਆਂ ਦਾ
ਲੱਗਾ ਆਣ ਸੀ ਬੜਾ ਇਕ ਢੇਰ ਮੀਆਂ ।
ਐਸੀ ਹੋਰ ਕਤਲਾਮ-ਗਾਹ ਖਤਰ ਵਾਲੀ
ਨਜ਼ਰ ਆਵੇ ਨਾ ਚਾਰ ਚੁਫ਼ੇਰ ਮੀਆਂ ।
ਟੰਗਾਂ ਬਾਹਾਂ ਦਾ ਚੰਗਾ ਅੰਬਾਰ ਲੱਗਾ
ਸਿਰੀਆਂ ਰੁਲਦੀਆਂ ਵਾਂਗਰਾਂ ਬੇਰ ਮੀਆਂ ।
ਕਾਦਰਯਾਰ ਸਰਕਾਰ ਨੇ ਵੇਖ ਕਹਿਆ
ਹੋਸੀ ਹੇਠ ਇਸ ਢੇਰ ਦੇ ਸ਼ੇਰ ਮੀਆਂ ।੩੦।

ਹੇ ਹੋ ਹੁਸ਼ਿਆਰ ਤਿਆਰ ਸਾਰੇ
ਲੱਗੇ ਫੋਲਣੇ ਉਸ ਅੰਬਾਰ ਨੂੰ ਜੀ ।
ਹੱਥਾਂ ਨਾਲ ਹਟਾਂਵਦਾ ਆਪ ਮੁਰਦੇ
ਐਸਾ ਸ਼ੌਕ ਸੀ ਖ਼ਾਸ ਸਰਕਾਰ ਨੂੰ ਜੀ ।
ਬਿਸੀਆਰ ਤਲਾਸ਼ ਦੇ ਬਾਦ ਯਾਰੋ
ਪੁੰਨੀ ਆਸ ਸਭਦੀ ਆਖ਼ਰ-ਕਾਰ ਨੂੰ ਜੀ ।
ਕਾਦਰਯਾਰ ਨਿਕਾਲਿਆ ਢੇਰ ਹੇਠੋਂ
ਫੂਲਾ ਸਿੰਘ ਦਲੇਰ ਸਰਦਾਰ ਨੂੰ ਜੀ ।੩੧।

ਯੇ ਯਾਦ ਕਰ ਕੇ ਮਰਦਿਆਈ ਉਸ ਦੀ
ਮਹਾਰਾਜ ਨੇ ਦਿੱਤੀ ਦੁਹਾਈ ਯਾਰੋ ।
ਕਰੇ ਸ਼ੁਕਰ ਅਕਾਲ ਦਾ ਫ਼ੌਜ ਸਾਰੀ
ਲਾਸ਼ ਘੁੱਟ ਕੇ ਗਲੇ ਲਗਾਈ ਯਾਰੋ ।
ਸਭ ਸਿੰਘ ਸਰਦਾਰ ਅਰਦਾਸ ਕਰਦੇ
ਨਦੀ ਹੰਝੂ ਨਾ ਕਿਸੇ ਵਗਾਈ ਯਾਰੋ ।
ਕਾਦਰਯਾਰ ਸਰਕਾਰ ਆਰਦਾਸ ਕੀਤੀ
ਏਥੇ ਜਾਏ ਸਮਾਧ ਬਣਾਈ ਯਾਰੋ ।੩੨।੬।

ਹਰੀ ਸਿੰਘ ਨਲੂਏ ਦੀ ਵਾਰ

ਨੋਟ: ਇਹ ਰਚਨਾ ਪ੍ਰੋਫ਼ੈਸਰ ਗੁਰਚਰਨ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈਅਲਫ਼ ਆਫ਼ਰੀਂ ਜੰਮਣਾ ਕਹਿਣ ਸਾਰੇ,ਹਰੀ ਸਿੰਘ ਦੂਲੇ ਸਰਦਾਰ ਤਾਈਂ ।ਜਮਾਦਾਰ ਬੇਲੀ ਰਾਜੇ ਸਾਹਿਬ ਕੋਲੋਂ,ਕੱਦ ਉਚਾ ਬੁਲੰਦ ਸਰਦਾਰ ਤਾਈਂ ।ਧਨੀ ਤੇਗ਼ ਦਾ ਮਰਦ ਨਸੀਬ ਵਾਲਾ,ਸਾਇਆ ਉਸ ਦਾ ਕੁਲ ਸੰਸਾਰ ਤਾਈਂ ।ਕਾਦਰਯਾਰ ਪਹਾੜਾਂ ਨੂੰ ਸੋਧਿਓ ਸੂ,ਕਾਬਲ ਕੰਬਿਆ ਖ਼ੌਫ਼ ਕੰਧਾਰ ਤਾਈਂ ।1।ਬੇ ਬਹੁਤ ਹੋਇਆ ਹਰੀ ਸਿੰਘ ਦੂਲੋ,ਜਿਹਦਾ ਨਾਮ ਰੌਸ਼ਨ ਦੂਰ ਦੂਰ ਸਾਰੇ ।ਦਿਲੀ ਦਖਣ ਤੇ ਚੀਨ ਮਾਚੀਨ ਤਾਈਂ,ਬਾਦਸ਼ਾਹਾਂ ਨੂੰ ਖ਼ੌਫ਼ ਜ਼ਰੂਰ ਸਾਰੇ ।ਰਾਜਾ ਕਰਣ ਤੇ ਬਿੱਕ੍ਰਮਾਜੀਤ ਵਾਂਗੂੰਹਾਤਮ ਤਾਈ ਵਾਂਗੂੰ ਮਸ਼ਹੂਰ ਸਾਰੇ...

ਸਿਹਰਫ਼ੀ – ਕਿੱਸਾ ਪੂਰਨ ਭਗਤ

Intro - Puran was born to Queen Ichhira, the first wife of king Raja Salvan. Upon the suggestion of the astrologers, Puran was sent away from the King for the first 12 years of his life. It was said that King could not see the face of his son. While Puran was away, the King married a young girl named Luna, who came from a low caste family. After 12 years of isolation, Puran returned to the royal palace....

ਕਿੱਸਾ ਸੋਹਣੀ ਮਹੀਂਵਾਲ

ਅਵਲ ਆਖ਼ਰ ਰਬ ਨੂੰ ਲਾਇਕ ਸਿਫ਼ਤ ਕਰੀਮ ॥ਨੂਰੋਂ ਪਾਕੀ ਇਸ਼ਕ ਦੀ ਪਾਲੀ ਰੋਜ਼ ਰਹੀਮ ॥ਸਰਵਰ ਕੀਤਾ ਇਸ਼ਕ ਤੋਂ ਹੱਦ ਪਈ ਵਿਚ ਮੀਮ ॥ਕੁਲ ਖਜ਼ਾਨੇ ਓਸਨੂੰ ਬਕਸ਼ੇ ਰੱਬ ਰਹੀਮ ॥ਇਸ਼ਕ ਅਜਿਹਾ ਪਾਲਨਾ ਲਾਇਕ ਓੁਸਨੂੰ ਜੋ ॥ਰੱਬ ਚਲਾਈ ਹੱਕਦੀ ਇਸ਼ਕ ਕਹਾਣੀ ਸੋ ॥ਲੱਜ਼ਤ ਏਹੋ ਇਸ਼ਕਦੀ ਜਾਣੇ ਨਾਲ ਦਿਲੇ ॥ਇਸ਼ਕ ਬੈਹ੍ਰ ਦੇ ਰਾਹ ਥੀਂ ਝਬਦੇ ਰੱਬ ਮਿਲੇ ॥ਜਿਸਨੂੰ ਲਾਗ ਨ ਇਸ਼ਕ ਦੀ ਸੋ ਖ਼ਰ ਭਾਰ ਭਲੇ ॥ਪਰ ਸਾਹਿਬ ਮਿਲਦਾ ਕਾਦਰਾ ਅੰਦਰ ਇਸ਼ਕ ਦਿਲੇ ॥ਜਿਸ ਦਿਨ ਯੂਸਫ਼ ਜੰਮਿਆ ਹੋਯਾ ਇਸ਼ਕ ਤਦੋਂ ॥ਪਰ ਜ਼ਾਹਿਰ...