ਧੁੱਪ ਦੀ ਚੁੰਨੀ (2006)
ਨੀ ਫੁੱਲਾਂ ਵਰਗੀਓ ਕੁੜੀਓ
ਨੀ ਫੁੱਲਾਂ ਵਰਗੀਓ ਕੁੜੀਓ
ਨੀ ਚੋਭਾਂ ਜਰਦੀਓ ਕੁੜੀਓ
ਕਰੋ ਕੋਈ ਜਿਉਣ ਦਾ ਹੀਲਾ
ਨੀ ਤਿਲ ਤਿਲ ਮਰਦੀਓ ਕੁੜੀਓ
ਤੁਹਾਡੇ ਖਿੜਨ ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾਂ
ਤੇ ਰੁੱਖ ਵਿਹੜੇ ਦੇ ਕਰ ਲੈਂਦੇ ਨੇ ਕਾਹਤੋਂ ਨੀਵੀਆਂ ਨਜ਼ਰਾਂ
ਇਹ ਕੈਸੀ ਬੇਬਸੀ ਹੈ ਬਣਦੀਆਂ ਕੁੱਖਾਂ ਹੀ ਕਿਉਂ ਕਬਰਾਂ
ਮਿਲੇ ਕਿਉਂ ਜੂਨ ਹਉਕੇ ਦੀ
ਨੀ ਹਾਸੇ ਵਰਗੀਓ ਕੁੜੀਓ...
ਕੋਈ ਬੂਟਾ ਕੋਈ ਸਾਇਆ ਤੁਹਾਡਾ ਕਿਉਂ ਨਹੀਂ ਬਣਦਾ
ਤੁਹਾਡੇ ਸਿਰ ਮੁਹੱਬਤ ਦਾ ਚੰਦੋਆ ਕਿਉਂ ਨਹੀਂ ਤਣਦਾ
ਕਿਤੇ ਕੋਈ ਅੰਤ ਵੀ ਹੋਊ ਥਲਾਂ ਦੀ ਏਸ ਸੁਲਗਣ ਦਾ
ਨੀ ਬੂਟੇ ਲਾਉਂਦੀਓ ਕੁੜੀਓ
ਨੀ ਛਾਵਾਂ ਕਰਦੀਓ ਕੁੜੀਓ...
ਤੁਹਾਡੀ ਜ਼ਿੰਦਗੀ ਵਿਚ ਕਿਉਂ ਹਨੇਰਾ ਹੀ ਹਨੇਰਾ ਹੈ
ਤੁਹਾਡੇ ਸੀਨਿਆਂ ਵਿਚ ਕਿਉਂ ਉਦਾਸੀ ਦਾ ਬਸੇਰਾ ਹੈ
ਕਦੋਂ ਕੋਈ ਉਗਮਣਾ ਸੂਰਜ ਕਦੋਂ ਚੜ੍ਹਨਾ ਸਵੇਰਾ ਹੈ
ਨੀ ਦੀਵੇ ਧਰਦੀਓ ਕੁੜੀਓ
ਨੀ ਚਾਨਣ ਕਰਦੀਓ ਕੁੜੀਓ...
ਤੁਹਾਡੀ ਅੱਖ ਦਾ ਸੁਪਨਾ ਹਕੀਕਤ ਵਿਚ ਕਦੋਂ ਬਦਲੂ
ਕਿ ਇਹ ਦੁਰ ਦੁਰ ਜ਼ਮਾਨੇ ਦੀ ਮੁਹੱਬਤ ਵਿਚ ਕਦੋਂ ਬਦਲੂ
ਤੇ ਆਦਮ-ਜ਼ਾਤ ਦੀ ਹਿੰਸਾ ਹਿਫ਼ਾਜ਼ਤ ਵਿਚ ਕਦੋਂ ਬਦਲੂ
ਨੀ ਘੋੜੀਆਂ ਗਾਉਂਦੀਓ ਕੁੜੀਓ
ਘੜੋਲੀਆਂ ਭਰਦੀਓ ਕੁੜੀਓ...
ਨੀ ਫੁੱਲਾਂ ਵਰਗੀਓ ਕੁੜੀਓ
ਨੀ ਚੋਭਾਂ ਜਰਦੀਓ ਕੁੜੀਓ
ਕਰੋ ਕੋਈ ਜਿਉਣ ਦਾ ਹੀਲਾ
ਨੀ ਤਿਲ ਤਿਲ ਮਰਦੀਓ ਕੁੜੀਓ