12.8 C
Los Angeles
Wednesday, January 22, 2025

ਬਿਰਹਾ ਤੂੰ ਸੁਲਤਾਨ (1964)

ਮਿਰਚਾਂ ਦੇ ਪੱਤਰ

ਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਏ ਵੇ
ਕਿਉਂ ਕੋਈ ਡਾਚੀ ਸਾਗਰ ਖ਼ਾਤਰ
ਮਾਰੂਥਲ ਛੱਡ ਜਾਏ ਵੇ ।

ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦੱਸ ਚੜ੍ਹਦਾ ਵੇ
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ ‘ਤੇ ਲਾਏ ਵੇ ।

ਗ਼ਮ ਦਾ ਮੋਤੀਆ ਉਤਰ ਆਇਆ
ਸਿਦਕ ਮੇਰੇ ਦੇ ਨੈਣੀਂ ਵੇ
ਪ੍ਰੀਤ ਨਗਰ ਦਾ ਔਖਾ ਪੈਂਡਾ
ਜਿੰਦੜੀ ਕਿੰਜ ਮੁਕਾਏ ਵੇ ।

ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੌਣ ਕਰੇਂਦਾ ਰਾਖੀ ਵੇ
ਕਦ ਕੋਈ ਮਾਲੀ ਮਲ੍ਹਿਆਂ ਉੱਤੋਂ
ਹਰੀਅਲ ਆਣ ਉਡਾਏ ਵੇ ।

ਪੀੜਾਂ ਦੇ ਧਰਕੋਨੇ ਖਾ ਖਾ
ਹੋ ਗਏ ਗੀਤ ਕਸੈਲੇ ਵੇ
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ ।

ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ
ਵੇਖ ਕੇ ਕਿੰਜ ਕੁਰਲਾਵਾਂ ਵੇ
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲੇ ਫਸਾਏ ਵੇ ।

ਤੜਪ ਤੜਪ ਕੇ ਮਰ ਗਈ ਅੜਿਆ
ਮੇਲ ਤੇਰੇ ਦੀ ਹਸਰਤ ਵੇ
ਐਸੇ ਇਸ਼ਕ ਦੇ ਜ਼ੁਲਮੀ ਰਾਜੇ
ਬਿਰਹੋਂ ਬਾਣ ਚਲਾਏ ਵੇ ।

ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆਂ ਵੱਤ ਚੱਬ ਲਏ ਵੇ
‘ਕੱਠੇ ਕਰ ਕਰ ਕੇ ਮੈਂ ਤੀਲ੍ਹੇ
ਬੁੱਕਲ ਵਿਚ ਧੁਖਾਏ ਵੇ ।

ਇਕ ਚੂਲੀ ਵੀ ਪੀ ਨਾ ਸਕੀ
ਪਿਆਰ ਦੇ ਨਿੱਤਰੇ ਪਾਣੀ ਵੇ
ਵਿੰਹਦਿਆਂ ਸਾਰ ਪਏ ਵਿਚ ਪੂਰੇ
ਜਾਂ ਮੈਂ ਹੋਂਠ ਛੁਹਾਏ ਵੇ ।


ਸ਼ਰੀਂਹ ਦੇ ਫੁੱਲ

ਦਿਲ ਦੇ ਝੱਲੇ ਮਿਰਗ ਨੂੰ ਲੱਗੀ ਹੈ ਤੇਹ ।
ਪਰ ਨੇ ਦਿਸਦੇ ਹਰ ਤਰਫ਼ ਵੀਰਾਨ ਥੇਹ ।

ਕੀ ਕਰਾਂ ? ਕਿਥੋਂ ਬੁਝਾਵਾਂ ਮੈਂ ਪਿਆਸ,
ਹੋ ਗਏ ਬੰਜਰ ਜਿਹੇ ਦੋ ਨੈਣ ਇਹ ।

ਥਲ ਹੋਏ ਦਿਲ ‘ਚੋਂ ਗ਼ਮਾਂ ਦੇ ਕਾਫ਼ਲੇ,
ਰੋਜ਼ ਲੰਘਦੇ ਨੇ ਉਡਾ ਜਾਂਦੇ ਨੇ ਖੇਹ ।

ਦੁਆਰ ਦਿਲ ਦੇ ਖਾ ਗਈ ਹਠ ਦੀ ਸਿਉਂਕ,
ਖਾ ਗਈ ਚੰਦਨ ਦੀ ਦੇਹ ਬਿਰਹੋਂ ਦੀ ਲੇਹ ।

ਰਤਨ ਖ਼ੁਸ਼ੀਆਂ ਦੇ ਮਣਾਂ ਮੂੰਹ ਪੀਹ ਲਏ,
ਇਕ ਪਰਾਗਾ ਰੋੜ ਪਰ ਹੋਏ ਨਾ ਪੀਹ ।

ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ,
ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ ।

ਚਿਰ ਹੋਇਆ ਮੇਰੇ ਮੁਹਾਣੇ ਡੁੱਬ ਗਏ,
ਹੁਣ ਸਹਾਰੇ ਖ਼ਿਜ਼ਰ ਦੇ ਦੀ ਲੋੜ ਕੀਹ ?

ਜਾਣਦੇ ਬੁਝਦੇ ਯਸੂ ਦੇ ਰਹਿਨੁਮਾ,
ਚਾੜ੍ਹ ਆਏ ਬੇ-ਗੁਨਾਹ ਸੂਲੀ ਮਸੀਹ ।

ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ ।

ਆਖ਼ਰੀ ਫੁੱਲ ਵੀ ਸ਼ਰੀਂਹ ਦਾ ਡਿੱਗ ਪਿਆ,
ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ ।

ਚੰਨ ਦੀ ਰੋਟੀ ਪਕਾਈ ਤਾਰਿਆਂ,
ਬਦਲੀਆਂ ਮਰ ਜਾਣੀਆਂ ਗਈਆਂ ਲੈ ਖੋਹ ।

ਗੋਂਦਵੀਂ ਆਸਾਂ ਦੀ ਡੋਰੀ ਟੁੱਟ ਗਈ,
ਧਾਣ ਚਿੜੀਆਂ ਠੂੰਗ ਲਏ ਥੋਥੇ ਨੇ ਤੋਹ ।

ਪੈ ਗਈਆਂ ਫੁੱਲਾਂ ਦੇ ਮੂੰਹ ‘ਤੇ ਝੁਰੜੀਆਂ,
ਤਿਤਲੀਆਂ ਦੀ ਹੋ ਗਈ ਧੁੰਦਲੀ ਨਿਗਾਹ ।

ਫੂਕ ਘੱਤੇ ਪਰ ਕਿਸੇ ਅੱਜ ਮੋਰ ਦੇ,
ਹਫ਼ ਗਏ ਕਿਸੇ ਭੌਰ ਦੇ ਉੱਡ-ਉੱਡ ਕੇ ਸਾਹ ।

ਵਗ ਰਹੀ ਹੈ ਓਪਰੀ ਜਿਹੀ ਅੱਜ ਹਵਾ,
ਲੌਂਗ ਊਸ਼ਾ ਦੇ, ਦੀ ਹੈ ਕੁਝ ਹੋਰ ਭਾਹ ।

ਫੂਕ ਲੈਣੇ ਨੇ ਮੈਂ ਢਾਰੇ ਆਪਣੇ,
ਭੁੱਲ ਜਾਣੇ ਨੇ ਮੈਂ ਆਪਣੇ ਆਪ ਰਾਹ ।

ਦੂਰ ਹੋ ਕੇ ਬਹਿ ਦਿਲ ਦੀਏ ਹਸਰਤੇ,
ਛੂਹ ਨਾ ਪੀੜਾਂ ਮਾਰੀਏ ਮੈਨੂੰ ਨਾ ਛੂਹ ।

ਖਾਣ ਦੇ ਜਿੰਦੂ ਨੂੰ ਕੱਲਰ ਸੋਗ ਦੇ,
ਮਹਿਕੀਆਂ ਰੋਹੀਆਂ ਦੇ ਵੱਲ ਇਹਨੂੰ ਨਾ ਧੂਹ ।

ਥੱਕ ਗਈ ਮੂੰਹ-ਜ਼ੋਰ ਜਿੰਦ ਲਾਹ ਲੈ ਲਗਾਮ,
ਨਰੜ ਕੇ ਬੰਨ੍ਹ ਲੈ ਮੇਰੀ ਬੇਚੈਨ ਰੂਹ ।

ਪੀਣ ਦੇ ਆਡਾਂ ਨੂੰ ਪਾਣੀ ਪੀਣ ਦੇ,
ਭਰ ਨਸਾਰਾਂ ਵਹਿਣ ਦੇ ਨੈਣਾਂ ਦੇ ਖੂਹ ।


ਕੰਡਿਆਲੀ ਥੋਰ

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿਚ ਉਜਾੜਾਂ ।
ਜਾਂ ਉਡਦੀ ਬਦਲੋਟੀ ਕੋਈ
ਵਰ ਗਈ ਵਿਚ ਪਹਾੜਾਂ ।

ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹਰੀ ‘ਤੇ,
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ
ਸੂਤੀਆਂ ਜਾਵਣ ਨਾੜਾਂ ।

ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ,
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ ।

ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲ੍ਹੇ,
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ ।

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਕਿਤੇ ਕੁਰਾਹੇ,
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਣਾ ਚਾਹੇ ।

ਯਾਦ ਤੇਰੀ ਦੇ ਉੱਚੇ ਮਹਿਲੀਂ
ਮੈਂ ਬੈਠੀ ਪਈ ਰੋਵਾਂ,
ਹਰ ਦਰਵਾਜ਼ੇ ਲੱਗਾ ਪਹਿਰਾ
ਆਵਾਂ ਕਿਹੜੇ ਰਾਹੇ ?

ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕਹਾਰਾਂ,
ਬੰਨ੍ਹਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ ।

ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ,
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ ।

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿਚ ਜੋ ਬੇਲੇ,
ਨਾ ਕੋਈ ਮੇਰੀ ਛਾਵੇਂ ਬੈਠੇ
ਨਾ ਪੱਤ ਖਾਵਣ ਲੇਲੇ ।

ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਦਾ ਜਾਇਆ,
ਤੂਹੀਓਂ ਦੱਸ ਵੇ ਮੋਹਰਾਂ ਸਾਹਵੇਂ
ਮੁੱਲ ਕੀ ਖੇਵਣ ਧੇਲੇ ?

ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ,
ਚੌਹੀਂ ਕੂਟੀਂ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ ।

ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜ੍ਹਿਆ ਦਿਹੁੰ ਵੇਲੇ ।

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿਚ ਜੋ ਬਾਗ਼ਾਂ,
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ ।

ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ,
ਜਾਂ ਕੋਈ ਲਾਲ੍ਹੀ ਪਰ ਸੰਧੂਰੀ
ਨੋਚ ਲਏ ਜਿਦ੍ਹੇ ਕਾਗਾਂ ।

ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦ੍ਹਾ ਬਸ ਰੋਣਾ,
ਲੁੱਟ ਖੜਿਆ ਜਿਦ੍ਹਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ ।

ਬਾਗ਼ਾਂ ਵਾਲਿਆ ਤੇਰੇ ਬਾਗ਼ੀਂ
ਹੁਣ ਜੀ ਨਹੀਓਂ ਲੱਗਦਾ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੌ ਸੌ ਦੁਖੜੇ ਝਾਗਾਂ ।


ਇੱਕ ਗੀਤ ਹਿਜ਼ਰ ਦਾ

ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ,
ਮਾਰੀ ਨੀਂ ਕਿਸੇ ਮੁੱਖ ਮੇਰੇ ਤੇ ਮਾਰੀ |

ਕਿਸ ਲਈ ਮੇਰੇ ਮੱਥੇ ਚੰਨ ਦੀ ਦੌਣੀ,
ਕਿਸ ਰੱਤੀ ਮੇਰੀ ਸੂਹੀ ਗੁੱਟ ਫੁਲਕਾਰੀ |

ਰਹਿਣ ਦਿਓ ਨੀਂ ਹੰਸ ਦਿਲੇ ਦਾ ਫਾਕੇ,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ |

ਤੋੜੇ ਮਾਲ੍ਹ ਤਰੱਕਲਾ ਚਰਖੀ ਫੂਕੋ,
ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ |

ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ,
ਕਿਸ ਤੱਤੜੀ ਨੇ ਆਣ ਮਰੂੰਡੀਆਂ |

ਕਿਸ ਖੂਹੇ ਬਹਿ ਧੋਵਾਂ ਦਾਗ ਦਿਲੇ ਦੇ ,
ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ |

ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ,
ਕੀਕਣ ਉਮਰ ਨਿਆਣੀ ਮੋੜ ਲਿਆਵਾਂ |

ਕਿਸ ਸੰਗ ਖੇਡਾਂ ਅੜੀਓ ਨੀਂ ਮੈਂ ਕੰਜਕਾਂ,
ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ |

ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ,
ਮੈਂ ਕੱਲੀ ਵਿੱਚ ਫਸ ਗਈ ਜੇ ਨੀਂ ਫਾਹੀਆਂ |

ਲੱਖ ਸ਼ੁਦੈਣਾਂ ਔਸੀਆਂ ਪਾ ਪਾ ਮੋਈਆਂ,
ਵਾਤ ਨਾਂ ਪੁੱਛੀ ਏਸ ਗਿਰਾਂ ਦਿਆਂ ਰਾਹੀਆਂ |

ਪਰਤ ਕਦੇ ਨਾਂ ਆਏ ਮਹਿਰਮ ਘਰ ਨੂੰ ,
ਐਵੇਂ ਉਮਰਾਂ ਵਿੱਚ ਉਡੀਕ ਵਿਹਾਈਆਂ |

ਆਖੋ ਸੂ , ਚੰਨ ਮੱਸਿਆ ਨੂੰ ਨਹੀਂ ਚੜ੍ਹਦਾ,
ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ |

ਝੱਬ ਕਰ ਅੜੀਏ ਤੂੰ ਵੀ ਉੱਡ ਜਾ ਚਿੜੀਏ ,
ਇਹਨੀਂ ਮਹਿਲੀਂ ਹਤਿਆਰੇ ਨੇ ਵਸਦੇ |

ਏਸ ਖੇਤ ਵਿੱਚ ਕਦੇ ਨਹੀਂ ਉੱਗਦੀ ਕੰਗਣੀ ,
ਏਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ |

ਭੁੱਲ ਨਾਂ ਬੋਲੇ ਕੋਇਲ ਇਹਨੀਂ ਅੰਬੀਂ,
ਇਹਨੀਂ ਬਾਗੀਂ ਮੋਰ ਕਦੇ ਨਹੀਂ ਨੱਚਦੇ |

ਅੜੀਓ ਨੀਂ ਮੈਂ ਘਰ ਬਿਰਹੋਂ ਦੇ ਜਾਈਆਂ ,
ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਚੱਟਦੇ |

ਕੀਹ ਰੋਵਾਂ ਮੈਂ ਗਲ ਸੱਜਣਾਂ ਦੇ ਮਿਲ ਕੇ,
ਕੀਹ ਹੱਸਾਂ ਮੈਂ ਅੜੀਓ ਮਾਰ ਛੜੱਪੀਆਂ |

ਕੀਹ ਬੈਠਾਂ ਮੈਂ ਛਾਵੇਂ ਸੰਦਲ ਰੁੱਖ ਦੀ,
ਕੀਹ ਬਣ ਬਣ ‘ਚੋਂ ਚੁਗਦੀ ਫਿਰਾਂ ਮੈਂ ਰੱਤੀਆਂ |

ਕੀਹ ਟੇਰਾਂ ਮੈਂ ਸੂਤ ਗਮਾਂ ਦੇ ਖੱਦੇ,
ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ |

ਕੀਹ ਗਾਵਾਂ ਮੈਂ ਗੀਤ ਹਿਜ਼ਰ ਦੇ ਗੂੰਗੇ,
ਕੀਹ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ |

ਗ਼ਮਾਂ ਦੀ ਰਾਤ

ਗ਼ਮਾਂ ਦੀ ਰਾਤ ਲੰਮੀ ਏਜਾਂ ਮੇਰੇ ਗੀਤ ਲੰਮੇ ਨੇ ।ਨਾ ਭੈੜੀ ਰਾਤ ਮੁੱਕਦੀ ਏ,ਨਾ ਮੇਰੇ ਗੀਤ ਮੁੱਕਦੇ ਨੇ ।ਇਹ ਸਰ ਕਿੰਨੇ ਕੁ ਡੂੰਘੇ ਨੇਕਿਸੇ ਨੇ ਹਾਥ ਨਾ ਪਾਈ,ਨਾ ਬਰਸਾਤਾਂ 'ਚ ਚੜ੍ਹਦੇ ਨੇਤੇ ਨਾ ਔੜਾਂ 'ਚ ਸੁੱਕਦੇ ਨੇ ।ਮੇਰੇ ਹੱਡ ਹੀ ਅਵੱਲੇ ਨੇਜੋ ਅੱਗ ਲਾਇਆਂ ਨਹੀਂ ਸੜਦੇਨਾ ਸੜਦੇ ਹਉਕਿਆਂ ਦੇ ਨਾਲਹਾਵਾਂ ਨਾਲ ਧੁਖਦੇ ਨੇ ।ਇਹ ਫੱਟ ਹਨ ਇਸ਼ਕ ਦੇ ਯਾਰੋਇਹਨਾਂ ਦੀ ਕੀ ਦਵਾ ਹੋਵੇਇਹ ਹੱਥ ਲਾਇਆਂ ਵੀ ਦੁਖਦੇ ਨੇਮਲ੍ਹਮ ਲਾਇਆਂ ਵੀ ਦੁਖਦੇ ਨੇ ।ਜੇ ਗੋਰੀ ਰਾਤ ਹੈ ਚੰਨ ਦੀਤਾਂ ਕਾਲੀ...

ਲੂਣਾ (1965): ਪਹਿਲਾ ਅੰਕ

ਲੂਣਾ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ ਹੈ। 1965 ਵਿੱਚ ਛਪੇ ਪੂਰਨ ਭਗਤ ਦੀ ਪ੍ਰਾਚੀਨ ਕਥਾ ਦੇ ਅਧਾਰ ਤੇ, ਇਸ ਮਹਾਂਕਾਵਿ ਨੂੰ ਸਾਹਿਤ ਅਕਾਦਮੀ ਹਾਸਲ ਕਰ ਕੇ ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਇਹ ਅਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਬਣਿਆ।ਲੂਣਾ ਮਹਾਂਕਾਵਿ ਪੂਰਨ ਭਗਤ ਦੀ ਪੁਰਾਤਨ ਕਥਾ 'ਤੇ ਅਧਾਰਤ ਹੈ। ਪੂਰਨ ਇਕ ਰਾਜਕੁਮਾਰ ਹੈ ਜਿਸਦਾ ਪਿਤਾ ਲੂਣਾ ਨਾਮ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ, ਜੋ ਆਪਣੀ ਉਮਰ ਤੋਂ ਬਹੁਤ ਛੋਟੀ ਹੈ। ਪੂਰਨ ਦੀ ਮਤਰੇਈ ਮਾਂ ਲੂਣਾ...

ਜਾਚ ਮੈਨੂੰ ਆ ਗਈ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ ।ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ,ਧਰਤ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ ।ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ,ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ ।ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ ।