12.8 C
Los Angeles
Friday, April 18, 2025

ਭਗਤ ਸਿੰਘ ਦੀ ਵਾਰ

ਤੇਰਾ ਸਿੰਘ ਚੰਨ

ਅਜੇ ਕੱਲ੍ਹ ਦੀ ਗਲ ਹੈ ਸਾਥੀਓ, ਕੋਈ ਨਹੀਂ ਪੁਰਾਣੀ।
ਜਦ ਜਕੜੀ ਸੀ ਪਰਦੇਸੀਆਂ, ਇਹ ਹਿੰਦ ਨਿਮਾਣੀ।
ਜਦ ਘਰ ਘਰ ਗੋਰੇ ਜ਼ੁਲਮ ਦੀ ਟੁਰ ਪਈ ਕਹਾਣੀ ।
ਉਹਨੇ ਮੇਰੇ ਦੇਸ਼ ਪੰਜਾਬ ਦੀ, ਆ ਮਿੱਟੀ ਛਾਣੀ।
ਪਿੰਡਾਂ ਵਿੱਚ ਹੁਟ ਕੇ ਬਹਿ ਗਈ, ਗਿਧਿਆਂ ਦੀ ਰਾਣੀ ।
ਗਏ ਦਾਣੇ ਮੁਕ ਭੜੋਲਿਓਂ, ਘੜਿਆਂ ਚੋਂ ਪਾਣੀ,
ਦੁਧ ਬਾਝੋਂ ਡੁਸਕਣ ਲਗ ਪਈ, ਕੰਧ ਨਾਲ ਮਧਾਣੀ ।
ਹੋਈ ਨੰਗੀ ਸਿਰ ਤੋਂ ਸਭਿਅਤਾ ਪੈਰਾਂ ਤੋਂ ਵਾਹਣੀ।
ਉਦੋਂ ਉੱਠਿਆ ਸ਼ੇਰ ਪੰਜਾਬ ਦਾ ਸੰਗ ਲੈ ਕੇ ਹਾਣੀ
ਉਹਨੇ ਜੁਲਮ ਜਬਰ ਦੇ ਸਾਹਮਣੇ, ਆ ਛਾਤੀ ਤਾਣੀ।
ਉਸ ਕਿਹਾ ਕੰਗਾਲੀ ਦੇਸ਼ ਦੀ ਅਸਾਂ ਜੜ੍ਹੋਂ ਮੁਕਾਣੀ।
ਸੁਣ ਉਹਦੀਆਂ ਬੜ੍ਹਕਾਂ ਕੰਬ ਗਈ, ਲਹੂ ਪੀਣੀ ਢਾਣੀ।
ਉਹਨਾਂ ਇਹਦਾ ਦਾਰੂ ਸੋਚ ਕੇ, ਇਕ ਮੌਤ ਪਛਾਣੀ।
ਉਹਦੀ ਵੇਖ ਜਵਾਨੀ ਦਘ ਰਹੀ, ਫਾਂਸੀ ਕੁਮਲਾਣੀ।
ਉਦੋਂ ਰੋ ਰੋ ਖਾਰੇ ਹੋ ਗਏ, ਸਤਲੁਜ ਦੇ ਪਾਣੀ।

ਉਸ ਸੀਨੇ ਦੇ ਵਿਚ ਘੁੱਟ ਲਏ, ਚਾ ਭਰੇ ਹੁਲਾਰੇ।
ਨਾ ਵਾਗਾਂ ਭੈਣਾਂ ਗੁੰਦੀਆਂ, ਨਾ ਜੌਂ ਹੀ ਚਾਰੇ।
ਲਾ ਕ ਨਾ ਗਾਨਾ ਕਿਸੇ ਨੇ ਬੰਨ੍ਹਿਆ, ਨਾ ਚੜ੍ਹਿਆ ਖਾਰੇ।
ਨਾ ਸਗਣਾਂ ਵਾਲੀਆਂ ਮਹਿੰਦੀਆਂ, ਕੋਈ ਹੱਥ ਸ਼ਿੰਗਾਰੇ ।
ਨਾ ਡੋਲੀ ਉੱਤੇ ਮਾਂ ਨੇ, ਉੱਠ ਪਾਣੀ ਵਾਰੇ ।
ਜਦੋਂ ਡੁਬਿਆ ਚੰਨ ਪੰਜਾਬ ਦਾ, ਡੁਬ ਗਏ ਸਿਤਾਰੇ।

ਜਦ ਫਾਂਸੀ ਚੁੰਮੀ ਸ਼ੇਰ ਨੇ, ਉਹਦੇ ਬੁੱਲ ਮੁਸਕਾਏ ।
ਉਹਦੇ ਸੀਨੇ ਵਿਚੋਂ ਉਠ ਪਏ, ਅਰਮਾਨ ਦਬਾਏ ।
ਉਹ ਚੁੱਪ ਚੁਪੀਤੇ ਉਹਦਿਆਂ ਬੁੱਲ੍ਹਾਂ ਤੇ ਆਏ:
“ਸ਼ਾਲਾ ਮੇਰੀ ਨੀਦਰ ਦੇਸ਼ ਨੂੰ ਹੁਣ ਜਾਗ ਲਿਆਏ ।
ਨਾ ਮੇਰੇ ਪੰਜ ਦਰਿਆ ਨੂੰ ਕੋਈ ਵੈਣ ਸੁਣਾਵੇ ।
ਨਾ ਪੈਲੀਆਂ ਵਿਚ ਥਾਂ ਦਾਣਿਆਂ, ਕੋਈ ਭੁੱਖ ਉਗਾਏ ।
ਨਾ ਵੇਖਣ ਹੱਲਾਂ ਰੋਂਦੀਆਂ, ਧਰਤੀ ਦੇ ਜਾਏ ।”

ਉਸ ਕਿਹਾ, “ਹੇ ਰੋਂਦੇ ਤਾਰਿਓ, ਤੁਸੀਂ ਦਿਓ ਗਵਾਹੀ।
ਮੈਂ ਹਸਦੇ ਹਸਦੇ ਮੌਤ ਨੂੰ ਹੈ ਜੱਫੀ ਪਾਈ।
ਮੈਂ ਜੁਲਮ ਜਬਰ ਦੇ ਸਾਹਮਣੇ, ਨਹੀਂ ਧੌਣ ਨਿਵਾਈ।
ਮੈਂ ਆਖ਼ਰੀ ਟੇਪਾ ਖੂਨ ਦਾ ਪਾ ਸ਼ਮ੍ਹਾਂ ਜਗਾਈ।
ਮੇਰੇ ਸਿਰ ਤੇ ਸਿਹਰੇ ਦੀ ਜਗ੍ਹਾ ਫਾਂਸੀ ਲਹਿਰਾਈ।
ਮੈਂ ਮਾਂ ਦੇ ਪੀਤੇ ਦੁਧ ਨੂੰ ਨਹੀਂ ਲੀਕ ਲਗਾਈ।”

“ਮੇਰੀ ਸੁਖਾਂ ਲਧੜੀ ਮਾਂ ਵੀ ਨਾ ਹੰਝੂ ਕੇਰੇ ।
ਨਾ ਡੋਲਣ ਮੇਰੇ ਪਿਓ ਦੇ ਫੌਲਾਦੀ ਜੇਰੇ।
ਅਜੇ ਮੇਰੇ ਜਿਹੇ ਪੰਜਾਬ ਦੇ ਨੇ ਪੁੱਤ ਬਥੇਰੇ।
ਜੋ ਚੁਕਣਗੇ ਇਸ ਦੇਸ਼ ਚੋਂ ਦੁਖਾਂ ਦੇ ਡੇਰੇ ।
ਕੀ ਹੋਇਆ ਮੈਨੂੰ ਨਿਗਲਿਆ, ਅੱਜ ਘੋਰ ਹਨੇਰੇ ।
ਪਰ ਇਸ ਦੀ ਕੁੱਖ ਚੋਂ ਜੰਮਣੇ ਨੇ ਸੁਰਖ਼ ਸਵੇਰੇ ।”

ਸਤਲੁਜ ਕੰਢੇ ਆਣ ਕੇ ਜਦ ਬਲੀਆਂ ਅੱਗਾਂ,
ਵਧ ਕੇ ਗਰਮੀ ਘੁੱਟ ਲਈਆਂ ਸਤਲੁਜ ਦੀਆਂ ਰੱਗਾਂ ।
ਉਹਦੇ ਮੂੰਹ ਚੋਂ ਵਗ ਕੇ ਆ ਗਈਆਂ ਛਾਤੀ ਤੇ ਝੱਗਾਂ।
ਉਦੋਂ ਲਹਿ ਕੇ ਗਲ ਵਿਚ ਪੈ ਗਈਆਂ ਪੰਜਾਬੀ ਪੱਗਾਂ ।

ਕਾਕਾ-ਪਰਤਾਪੀ

(ਸੁਖਦੇਵ ਮਾਦਪੁਰੀ)'ਕਾਕਾ-ਪਰਤਾਪੀ' 19ਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ, ਜੋ ਸ਼ਾਦੀ ਰਾਮ, ਗੋਕਲ ਚੰਦ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਚੌਧਰੀ ਘਸੀਟਾ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿਚ ਬਿਆਨ ਕੀਤੀ ਹੈ।ਮੇਰੇ ਪਿੰਡ ਮਾਦਪੁਰ (ਲੁਧਿਆਣਾ) ਤੋਂ ਇੱਕ ਮੀਲ ਦੱਖਣ ਵਲ ਰਿਆਸਤ ਪਟਿਆਲਾ (ਹੁਣ ਪੰਜਾਬ) ਦਾ ਲੋਪੋਂ ਨਾਮੀ ਪਿੰਡ ਹੈ। ਇੱਥੇ ਫੱਗਣ ਦੇ ਮਹੀਨੇ ਮਹਿਮਾ ਸ਼ਾਹ ਫਕੀਰ ਦੀ ਸਮਾਧ 'ਤੇ ਬੜਾ ਭਾਰੀ ਮੇਲਾ ਲੱਗਦਾ ਹੈ। ਇਸ ਪ੍ਰੀਤ ਕਥਾ ਦੀ ਨਾਇਕਾ ਪਰਤਾਪੀ ਇਸੇ ਪਿੰਡ...

ਹੁੱਲੇ-ਹੁਲਾਰੇ

ਹੁੱਲੇ-ਹੁਲਾਰੇ ਅਜਿਹਾ ਲੋਕ-ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੇ ਤਿਉਹਾਰਾਂ ਦੇ ਸਮੇਂ ਘੇਰੇ ਦੇ ਰੂਪ ਵਿੱਚ ਬੜੇ ਚਾਵਾਂ-ਉਮੰਗਾਂ ਨਾਲ ਨੱਚਦੀਆਂ ਸਨ। ਪੁਰਾਤਨ ਗ੍ਰੰਥਾਂ ਵਿੱਚ ਇਸ ਨਾਚ ਦਾ ਨਾਮ ਹਲੀਸਨ ਸੀ ਅਤੇ ਇਸ ਲੋਕ-ਨਾਚ ਦੀ ਪ੍ਰੰਪਰਾ ਦੇਵ ਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੁੜੀ ਹੋਈ ਦੱਸੀ ਜਾਂਦੀ ਹੈ। ਨੱਚਣ ਵਾਲੀਆਂ ਇਸਤਰੀਆਂ ਵਿੱਚੋਂ ਜੋ ਇਸਤਰੀ ਪਿੜ ਵਿੱਚ ਮੁਦਰਾਵਾਂ ਦਾ ਸੰਚਾਰ ਕਰ ਰਹੀ ਹੁੰਦੀ ਸੀ, ਉਹ ਹਰੇਕ ਤੁਕ ਦਾ ਪਹਿਲਾ ਭਾਗ...

ਛੱਲਾ

ਛੱਲਾ ਉਤਲੀ ਹੋ ਵੇ, ਵੋ ਛੱਲਾ ਉਤਲੀ ਹੋ ਵੇ।ਨੀਂਗਰ ਚੱਕੀ ਝੋ ਵੇ, ਬੁੰਦਿਆਂ ਲਾਈ ਠੋਹ ਵੇ।ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ।(ਉਤਲੀ ਹੋ= ਉਤਾਂਹ ਹੋ ਗਿਆ, ਲਾਈ ਠੋਹ ਵੇ= ਆਪਸ ਵਿਚ ਹਿਲ ਹਿਲ ਕੇ ਖਹਿੰਦੇ ਹਨ)ਛੱਲਾ ਉਤਲੀ ਟਾਂਗੂ, ਵੋ ਛੱਲਾ ਉਤਲੀ ਟਾਂਗੂ।ਰੋਂਦੀ ਬੱਦਲਾਂ ਵਾਗੂ, ਨਹੀਂ ਮਿਲਿਆ ਰਾਂਝੂ।ਉੱਡ ਵਾਂਗ ਕਾਂਵਾਂ, ਲਿਖਾਂ ਯਾਰ ਦਾ ਨਾਵਾਂ।(ਉਤਲੀ ਟਾਂਗੂ=ਉੱਚੀ ਥਾਂ ਟੰਗਿਆ ਹੋਇਆ ਹੈ)ਛੱਲਾ ਉਤਲੇ ਪਾਂ ਦੂੰਲਦੇ ਯਾਰ ਗੁਵਾਂਢੂੰ,ਰੁਨੀਂ ਬਦਲੀ ਵਾਂਗੂੰ ।ਸੁਣ ਮੇਰਾ ਮਾਹੀ ਵੇ,ਛੱਲੇ ਧੂੜ ਜਮਾਈ ਵੇ ।ਛੱਲਾ ਆਇਆ ਪਾਰ ਦਾ, ਵੋ ਛੱਲਾ...