ਮੰਗਲਾਚਰਣ
ਮੇਰੇ ਮਨ ਨੇ ਏਹੋ ਯਕੀਨ ਕੀਤਾ,
ਕਲਪ ਬ੍ਰਿੱਛ ਸੱਚਾ ਸਿਰਜਣਹਾਰ ਦਾ ਨਾਂ।
ਹਰ ਇਕ ਦੀ ਕਰੇ ਮੁਰਾਦ ਪੂਰੀ
ਕਾਮਧੇਨ ਹੈ ਓਸ ਕਰਤਾਰ ਦਾ ਨਾਂ ।
ਮੂੰਹੋਂ ਮੰਗੀਏ ਜੋ ਓਹੀ ਦਾਤ ਮਿਲਦੀ,
ਚਿੰਤਾਮਣੀ ਹੈ ਉਸ ਨਿਰੰਕਾਰ ਦਾ ਨਾਂ।
“ਅੰਮ੍ਰਿਤ” ਨਾਸ਼ ਹੋਵੇ ਵਿਘਨਾਂ ਸਾਰਿਆਂ ਦਾ,
ਏਸੇ ਵਾਸਤੇ ਲਿਆ ਦਾਤਾਰ ਦਾ ਨਾਂ ।
ਮੇਰੇ ਦਿਲ ਦਾ ਚਾ
ਜਿਵੇਂ ਮੋਰ ਨੂੰ ਰੀਝ ਹੈ ਬੱਦਲਾਂ ਦੀ,
ਜਿਵੇਂ ਮੱਛੀ ਨੂੰ ਤਾਰੀਆਂ ਲਾਣ ਦਾ ਚਾ ।
ਜਿਵੇਂ ਚੰਨ ਦੀ ਪ੍ਰੀਤ ਚਕੋਰ ਰੱਖੇ,
ਜਿਵੇਂ ਹੰਸ ਤਾਈਂ ਮੋਤੀ ਖਾਣ ਦਾ ਚਾ ।
ਧਨੀ ਹੋਣ ਨੂੰ ਜਿਵੇਂ ਗ਼ਰੀਬ ਲੋਚੇ,
ਜਿਵੇਂ ਬੀਰ ਨੂੰ ਜੰਗ ਵਿੱਚ ਜਾਣ ਦਾ ਚਾ।
ਮੱਖੀ ਸ਼ਹਿਦ ਲਈ ਜਿਸ ਤਰ੍ਹਾਂ ਵਿਲਪਦੀ ਏ,
ਜਿਵੇਂ ਸ਼ੂਮ ਨੂੰ ਮਾਇਆ ਵਧਾਣ ਦਾ ਚਾ।
ਖਾਣ ਪੀਣ ਦੀ ਖਾਹਸ਼ ਬੀਮਾਰ ਰੱਖੇ,
ਜਿਵੇਂ ਛੋਟੇ ਨੂੰ ਵੱਡਾ ਅਖਵਾਣ ਦਾ ਚਾ।
ਗੁਣੀ ਜਿਸਤਰ੍ਹਾਂ ਗੁਣੀ ਦੀ ਚਾਹ ਰੱਖੇ,
ਜਿਵੇਂ ਕਸਬੀ ਨੂੰ ਹੁਨਰ ਵਿਖਾਣ ਦਾ ਚਾ।
ਦੇਸ਼ ਭਗਤ ਨੂੰ ਜਿਸਤਰ੍ਹਾਂ ਦੇਸ਼ ਪਿਆਰਾ,
ਜਿਵੇਂ ਨਾਰ ਨੂੰ ਪਤੀ ਰੀਝਾਣ ਦਾ ਚਾ ।
ਸੱਪ ਬੀਨ ਨੂੰ ਜਿਸਤਰਾਂ ਲੋਚਦਾ ਏ,
ਜਿਵੇ’ ਭਗਤ ਨੂੰ ਰਵ੍ਹੇ ਭਗਵਾਨ ਦਾ ਚਾ ।
ਸੱਧਰ ਜਿਵੇਂ ਕਸਤੂਰੀ ਦੀ ਹਰਨ ਰੱਖੇ,
ਜਿਵੇਂ ਕਵੀ ਨੂੰ ਕਵਿਤਾ ਬਨਾਣ ਦਾ ਚਾ ।
ਕੋਇਲ ਕੂਕਦੀ ਜਿਸਤਰ੍ਹਾਂ ਅੰਬ ਪਿੱਛੇ,
ਰੱਖੇ ਮਸਖ਼ਰਾ ਜਿਵੇਂ ਹਸਾਣ ਦਾ ਚਾ ।
ਭੌਰਾ ਜਿਸਤਰ੍ਹਾਂ ਫੁੱਲਾਂ ਨੂੰ ਤਰਸਦਾ ਏ,
ਦਾਨ ਬੀਰ ਨੂੰ ਜਿਸਤਰ੍ਹਾਂ ਦਾਨ ਦਾ ਚਾ ।
ਭੁੱਖਾ ਭੋਜਨ ਨੂੰ ਜਿਸਤਰ੍ਹਾਂ ਝਾਕਦਾ ਏ,
ਜਿਵੇਂ ਸੱਜਨ ਨੂੰ ਦੁੱਖ ਵੰਡਾਣ ਦਾ ਚਾ ।
ਤਿਵੇਂ ਬੋੱਲੀ ਪੰਜਾਬੀ ਦਾ ਪ੍ਰੇਮ ਮੈਨੂੰ,
ਰਹਿੰਦਾ ਸਦਾ ਹੀ ਸੇਵਾ ਕਮਾਣ ਦਾ ਚਾ ।
“ਅੰਮ੍ਰਿਤ” ਹੋਵੇ ਸਿਰਤਾਜ ਏਹ ਸਾਰਿਆਂ ਦੀ
ਏਦ੍ਹੇ ਸੀਸ ਤੇ ਛਤਰ ਝੁਲਾਣ ਦਾ ਚਾ ।
ਹੇ ਰੱਬਾ ਮੈਨੂੰ ਏਹੋ ਜਿਹਾ ਦਿਲ ਦੇਹ
ਲੋਕ ਪਰਲੋਕ ਵਿੱਚ ਇੱਕ ਦਾ ਸਹਾਰਾ ਦਿੱਸੇ
ਇੱਕ ਬਿਨਾਂ ਹੋਰ ਨਾਲ ਪ੍ਰੀਤ ਨ ਲਗਾਵੇ ਦਿਲ ।
ਸੁਪਨੇ ਦੇ ਵਿੱਚ ਭੀ ਨਾ ਕਿਸੇ ਦੀ ਏ ਤੱਕ ਰੱਖੇ,
ਇੱਕ ਛੱਡ ਦੂਜੇ ਪਾਸੇ ਭੁੱਲ ਕੇ ਨ ਜਾਵੇ ਦਿਲ ।
ਮੇਰੇ ਰੋਮ ਰੋਮ ਵਿੱਚ ਇੱਕ ਦਾ ਨਿਵਾਸ ਹੋਵੇ,
ਇੱਕ ਤੇ ਭਰੋਸਾ ਰੱਖ ਇੱਕ ਨੂੰ ਧਿਆਵੇ ਦਿਲ ।
ਦੂਜੇ ਘਰ ਮੋਤੀਆਂ ਦੇ ਢੇਰਾਂ ਦੀ ਜੇ ਦੱਸ ਪਵੇ,
ਮੰਗਣ ਤਾਂ ਕਿਤੇ ਰਿਹਾ ਬਾਤ ਭੀ ਨ ਪਾਵੇ ਦਿਲ ।
ਇੱਕ ਉਤੇ ਐਸਾ ਮੇਰਾ ਪੱਕਾ ਵਿਸ਼ਵਾਸ ਹੋਵੇ,
ਭੁੱਲ ਕੇ ਭੀ ਕਦੀ ਕੋਈ ਸ਼ੰਕਾ ਨਾ ਲਿਆਵੇ ਦਿਲ ।
ਚੇਟਕੀ ਪਖੰਡੀ ਲੋਭੀ ਜਾਣਾਂ ਓਸ ਆਦਮੀ ਨੂੰ,
ਕਦੀ ਕੋਈ ਆਣ ਕੇ ਜੇ ਮੇਰਾ ਏ ਡੁਲਾਵੇ ਦਿਲ ।
ਇੱਕ ਦੇ ਧਿਆਨ ਵਿੱਚ ਖੀਵਾ ਹੋ ਕੇ ਲੀਨ ਰਹੇ,
ਦੂਸਰੇ ਦੀ ਪੂਜਾ ਕਦੀ ਭੁੱਲ ਨਾ ਕਮਾਵੇ ਦਿਲ ।
ਇੱਕ ਦਾ ਹੀ ਜੱਸ ਸਦਾ ਪੜ੍ਹੇ ਸੁਣੇ ਦਿਨੇ ਰਾਤੀ,
ਸਾਰਿਆਂ ਦੇ ਤਾਈਂ ਜੱਸ ਇੱਕ ਦਾ ਸੁਣਾਵੇ ਦਿਲ ।
ਸੁਖ ਸੰਸਾਰ ਦੇ ਜੇ ਬਹੁਤ ਸਾਰੇ ਕੋਲ ਹੋਣ,
ਓਸ ਖੁਸ਼ੀ ਵਿੱਚ ਆ ਕੇ ਕਦੀ ਨ ਭੁਲਾਵੇ ਦਿਲ ।
ਸਿਰ ਤੇ ਗ਼ਰੀਬੀ ਵੀ ਜੇ ਆਣ ਪਵੇ ਕਿਸੇ ਵੇਲੇ,
ਫੇਰ ਭੀ ਨ ਕਦੀ ਮੇਰਾ ਮੂਲ ਮੁਰਝਾਵੇ ਦਿਲ ।
ਅਪਣਾ ਹੀ ਰੂਪ ਜਾਣ ਭਲਾ ਚਾਹੇ ਸਾਰਿਆਂ ਦਾ,
ਵੈਰੀ ਸੰਦੇ ਚਿੱਤ ਨੂੰ ਭੀ ਕਦੀ ਨਾ ਦੁਖਾਵੇ ਦਿਲ ।
ਲੱਗਾ ਰਹੇ ਹਰ ਵੇਲੇ ਨੇਕੀ ਉਪਕਾਰ ਵਿਚ,
ਕਿਸੇ ਦਾ ਨਾ ਬੁਰਾ ਮੰਗੇ, ਸੰਗੇ ਸ਼ਰਮਾਵੇ ਦਿਲ ।
ਕਿਸੇ ਉਤੇ ਨੇਕੀ ਕਰ ਸਦਾ ਲਈ ਵਿਸਾਰ ਦੇਵੇ,
ਸਵਾਸਾਂ ਦੇ ਅਖੀਰ ਤੱਕ ਕਦੀ ਨ ਜਤਾਵੇ ਦਿਲ ।
ਆਪ ਕਦੀਂ ਭੁੱਲ ਕੇ ਨਾ ਬੁਰੇ ਪਾਸੇ ਪੈਰ ਪਾਵੇ,
ਸਗੋਂ ਜਾਣ ਵਾਲਿਆਂ ਨੂੰ ਰੋਕ ਕੇ ਬਚਾਵੇ ਦਿਲ ।
ਚੰਗੇ ਪਾਸੇ ਜਾਣ ਵੇਲੇ ਖੁਸ਼ੀਆਂ ਮਨਾਵੇ ਸਦਾ,
ਭੁੱਲ ਕਦੀ ਹੋਵੇ ਤਦੋਂ ਡਾਢਾ ਪਛਤਾਵੇ ਦਿਲ ।
ਲੋਕ ਲੱਜਾ ਦੂਰ ਕਰ ਐਸੀ ਏਹ ਦਲੇਰੀ ਕਰੇ,
ਦੀਨ ਹੋ ਕੇ ਹੱਥ ਜੋੜ ਭੁੱਲ ਬਖਸ਼ਾਵੇ ਦਿਲ ।
ਆਪਣੇ ਹੀ ਮੂੰਹੋਂ ਕਦੀ ਗੁਣਾਂ ਨੂੰ ਨਾ ਆਪ ਕਹੇ
ਔਗੁਣਾਂ ਦੇ ਤਾਈਂ ਮੇਰਾ ਕਦੀ ਨ ਛੁਪਾਵੇ ਦਿਲ ।
ਜੇਹੜਾ ਭੀ ਏਹ ਕੰਮ ਕਰੇ, ਕਰੇ ਸੱਚੇ ਸ਼ੌਕ ਨਾਲ,
ਭੁੱਲ ਕੇ ਭੀ ਕਦੀ ਕੋਈ ਦੰਭ ਨਾ ਵਿਖਾਵੇ ਦਿਲ ।
ਧਰਮ ਅਤੇ ਸ਼ਰਮ ਦੇ ਵਿੱਚ ਏਹ ਅਡੋਲ ਰਹੇ,
ਕਿਸੇ ਡਰ ਲਾਲਚ ਦੇ ਵਿੱਚ ਭੀ ਨਾ ਆਵੇ ਦਿਲ ।
“ਅੰਮ੍ਰਿਤ” ਦੇ ਨੇੜੇ ਕੋਈ ਚਿੰਤਾ ਭੀ ਨਾ ਮੂਲ ਆਵੇ,
ਸਗੋਂ ਭੁੱਬੀਂ ਰੋਂਦਿਆਂ ਨੂੰ ਮੇਰਾ ਏਹ ਹਸਾਵੇ ਦਿਲ ।
ਸ੍ਵਾਦ ਹੀ ਕੀ ?
ਕਿਸੇ ਸਾਕ ਸੰਬੰਧੀ ਦੇ ਕੋਲ ਆਪੇ,
ਬਿਨਾਂ ਸੱਦਿਓਂ ਜਾਣ ਦਾ ਸ੍ਵਾਦ ਹੀ ਕੀ ?
ਜਿੱਥੇ ਗੁਣੀ ਕੋਈ ਨਹੀਂ ਕਦਰ ਪਾਣ ਵਾਲਾ,
ਓਥੇ ਗੁਣ ਵਿਖਾਣ ਦਾ ਸ੍ਵਾਦ ਹੀ ਕੀ ?
ਜੇਕਰ ਤਰਸਦਾ ਹੋਵੇ ਕੋਈ ਕੋਲ ਭੁੱਖਾ,
ਆਪ ਰੱਜ ਕੇ ਖਾਣ ਦਾ ਸ੍ਵਾਦ ਹੀ ਕੀ ?
ਜੇਕਰ ਅੰਦਰੋਂ ਮੋਹ ਤਿਆਗਿਆ ਨਹੀਂ,
ਤਾਂ ਅਤੀਤ ਸਦਾਣ ਦਾ ਸ੍ਵਾਦ ਹੀ ਕੀ ?
ਜੇਕਰ ਪਰਤ ਕੇ ਵਾਤ ਫਿਰ ਪੁਛਣੀ ਨਹੀਂ,
ਪਹਿਲੋਂ ਦੁੱਖ ਵੰਡਾਣ ਦਾ ਸ੍ਵਾਦ ਹੀ ਕੀ ?
ਜੇਕਰ ਚਾਹੜਨੀ ਤੋੜ ਨਹੀਂ ਫੇਰ ਪਿੱਛੋਂ,
ਤਾਂ ਫਿਰ ਪ੍ਰੀਤ ਲਗਾਣ ਦਾ ਸ੍ਵਾਦ ਹੀ ਕੀ ?
ਜੇਕਰ ਖਰਚਣਾ ਕਦੀ ਨਹੀਂ ਭਲੇ ਪਾਸੇ,
ਫੇਰ ਪੈਸਾ ਕਮਾਣ ਦਾ ਸ੍ਵਾਦ ਹੀ ਕੀ ?
ਪੜ੍ਹਨ ਸੁਣਨ ਵਾਲੇ ਜੇ ਨ ਕਹਿਣ ਵਾਹਵਾ !
“ਅੰਮ੍ਰਿਤ” ਕਵਿਤਾ ਬਨਾਣ ਦਾ ਸ੍ਵਾਦ ਹੀ ਕੀ ?
ਸਿਦਕ
ਮੋਤੀ ਮਿਲੇਗਾ ਕੋਈ ਅਣਮੋਲ ਤੈਨੂੰ,
ਤੋੜ ਤੋੜ ਕੇ ਸਿੱਪੀਆਂ ਫੋਲਦਾ ਜਾਹ ।
ਕੋਈ ਮਿਲੇਗਾ ਰੱਬ ਦੀ ੫ਹੁੰਚ ਵਾਲਾ,
ਸਭ ਨੂੰ ਨਾਲ ਵਿਚਾਰ ਦੇ ਤੋਲਦਾ ਜਾਹ।
ਤੇਰੀ ਹੋਵੇਗੀ ਕਦੀ ਮੁਰਾਦ ਪੂਰੀ,
ਨਾਲ ਸਿਦਕ ਦੇ ਬੀਬਿਆ! ਟੋਲਦਾ ਜਾਹ ।
“ਅੰਮ੍ਰਿਤ” ਕਦੀ ਤੇ ਮਿਲੇਗਾ ਵੈਦ ਪੂਰਾ,
ਪੀੜ ਪੀੜ ਕਰਕੇ ਉੱਚੀ ਬੋਲਦਾ ਜਾਹ ।
ਟਾਹਣੀ ਦਾ ਫੁੱਲ
ਮਾਲੀ ਲੰਘ ਗਿਆ ਜਦ ਕੋਲੋਂ,
ਫੁੱਲ ਵੇਖ ਕੇ ਰੋਇਆ।
ਬੇ-ਦਿਲ ਹੋ ਘਬਰਾਇਆ ਨਾਲੇ,
ਡਾਢਾ ਬਿਹਬਲ ਹੋਇਆ ।
ਮੈਨੂੰ ਛੱਡ ਗਿਆ ਏਹ ਪਿੱਛੇ,
ਹਾਏ ਰੱਬਾ ! ਮੈਂ ਮੋਇਆ।
ਸੋਹਣੇ ਹਾਰ ਬਣਾਏ ਮਾਲੀ
ਮੈਨੂੰ ਨਾਹਿੰ ਪਰੋਇਆ ।
ਨਾ ਪ੍ਰੀਤਮ ਨੇ ਡਿੱਠਾ ਮੈਨੂੰ,
ਨਾ ਹੀ ਗਲੇ ਲਗਾਇਆ।
ਏਥੇ ਹੀ ਮੈਂ ਖਿੜਿਆ ਤੇ ਫਿਰ,
ਏਥੇ ਹੀ ਮੁਰਝਾਇਆ ।
“ਅੰਮ੍ਰਿਤ” ਸੁੰਦਰ ਜੋਬਨ ਮੇਰਾ,
ਕੰਮ ਕਿਸੇ ਨਾ ਆਇਆ।
ਦਿਲ ਦੀ ਆਸਾ ਰਹੀ ਵਿਚ ਦਿਲ ਦੇ,
ਜੀਵਨ ਅਫਲ ਬਿਤਾਇਆ ।
ਤ੍ਰੇਲ ਤੁਪਕੇ
ਫੁੱਲ ਪੱਤੀਆਂ ਉੱਤੇ ਜੋ ਸਨ,
ਮੋਤੀ ਪਏ ਅਣਮੁੱਲੇ ।
ਐਸੇ ਚਮਕਣ ਉਹ ਅਣਵਿਧੇ,
ਵੇਖ ਵੇਖ ਮਨ ਭੁੱਲੇ ।
ਵੇਖ ਰਹੀ ਸਾਂ ਨੀਝ ਲਗਾ ਕੇ,
ਆਏ ਹਵਾ ਦੇ ਬੁੱਲੇ।
ਸਾਰੇ ਟੁੱਟੇ, ਫੇਰ ਨ ਲੱਭੇ,
ਐਸੇ ਮੋਤੀ ਡੁੱਲ੍ਹੇ।
ਰਹਿ ਗਈ ਖਲੀ ਖਲੋਤੀ ਓਥੇ,
ਸ਼ੌਕ ਦਿਲੇ ਤੇ ਛਾਇਆ।
ਮੁੜ ਮੁੜ ਵੇਖਾਂ ਕੋਈ ਨ ਦਿੱਸੇ,
ਤਾਂ ਇਹ ਫੁਰਨਾ ਆਇਆ।
ਸੋਚੀਂ ਨਾ ਪਉ “ਅੰਮ੍ਰਿਤ” ਤੈਨੂੰ,
ਏਨ੍ਹਾਂ ਸਬਕ ਸਿਖਾਇਆ ।
ਜੋ ਘੜਿਆ ਸੋ ਭੱਜਣ ਹਾਰਾ,
ਇਹ ਰੱਬ ਖੇਲ ਬਣਾਇਆ।