20.8 C
Los Angeles
Tuesday, January 7, 2025

ਚਿੱਟਾ ਲਹੂ – ਅਧੂਰਾ ਕਾਂਡ (3)

3

ਪੰਡਤ ਰਾਧੇ ਕ੍ਰਿਸ਼ਨ ਜੀ ਨੂੰ ਇਸ ਪਿੰਡ ਦਾ ਬੱਚਾ ਬੱਚਾ ਜਾਣਦਾ। ਹੈ। ਖ਼ਾਸ ਕਰ ਕੇ ਇਥੋਂ ਦੇ ਅਲਬੇਲੇ ਤੇ ਮੌਜੀ ਗਭਰੂ ਤਾਂ ਆਪ ਨੂੰ ਦੇਵਤਿਆ ਵਾਂਗ ਪੂਜਦੇ ਹਨ। ਉਹਨਾਂ ਵਿਚੋਂ ਕੋਈ ਆਪ ਨੂੰ ‘ਹਾਤਮਤਾਈ’ ਤੇ ਕੋਈ ਰਾਜਾ ‘ਬਿਕ੍ਰਮਾਦਿਤ’ ਦਾ ਅਵਤਾਰ ਕਹਿੰਦਾ ਹੈ। ਉਪਕਾਰ ਦੀ ਤਾਂ ਆਪ ਨੂੰ ਇੱਲਤ ਜਿਹੀ ਲਗੀ ਹੋਈ ਹੈ। ਜਦ ਵੀ ਕਿਸੇ ਉਤੇ ਕੋਈ ਮਾਮਲਾ ਮੁਕੱਦਮਾ ਬਣ ਜਾਵੇ, ਜਾਂ ਕਿਸੇ ਦੇ ਘਰ ਵਿਚ ਹੀ ਕੇਈ ਝਗੜਾ ਝੇੜਾ ਪੈ ਜਾਵੇ, ਤਾਂ ਅਵੱਲ ਤਾਂ ਲੋਕੀਂ ਅਜਿਹੇ ਸਮੇਂ ਆਪਣੇ ਆਪ ਹੀ ਪੰਡਤ ਹੋਰਾਂ ਵਲ ਭੱਜੇ ਆਉਂਦੇ ਹਨ, ਪਰ ਜੇ ਕੋਈ ਅਭਾਗਾ ਅਜਿਹੇ ਕੁਸਮੇ ਵੀ ਆਪ ਦੀ ਸ਼ਰਨ ਨਾ ਲਵੇ, ਤਾਂ ਆਪ ਸੱਤ ਕੰਮ ਛੱਡ ਕੇ ਉਹਨਾਂ ਪਾਸ ਪਹੁੰਚਦੇ ਤੇ ਹਰ ਮਾਮਲੇ ਵਿਚ ਦਿਲਚਸਪੀ ਲੈ ਕੇ ਉਸ ਨੂੰ ਨਿਪਟਾਣ ਦਾ ਯਤਨ ਕਰਦੇ ਹਨ।

ਇਕ ਵਾਰੀ ਇਕ ਮੁਜਾਰੇ ਦਾ ਢੱਗਾ ਲਾਲਾ ਭਾਨੇ ਸ਼ਾਹ ਦੀ ਪੈਲੀ ਵਿਚ ਜਾ ਵੜਿਆ ਸੀ, ਤਾਂ ਆਪ ਦੀ ਹੀ ਸਿਆਣਪ ਨਾਲ ਮੁਜਾਰੇ ਪਾਸੋ ਵੀਹਾਂ ਰੁਪਿਆਂ ਦਾ ਕਾਗਜ਼ ਕਰਾਇਆ ਗਿਆ ਸੀ। ਮੁਜਾਰਾ ਬੇ-ਸਮਝ ਸੀ, ਪੰਡਤ ਹੋਰਾਂ ਦੇ ਤੇਜ ਪਰਤਾਪ ਨੂੰ ਨਾ ਸਮਝ ਕੇ ਅਗੋਂ ਬੋਲ ਪਿਆ। ਇਸ ਤੇ ਉਸ ਨੂੰ ਪੰਡਤ ਜੀ ਦਾ ਐਸਾ ਸਰਾਪ ਲਗਾ ਕਿ ਉਸ ਨੂੰ ਨਾਨੀ ਚੇਤੇ ਆ ਗਈ। ਇਸ ਗੱਲ ਨੂੰ ਅੱਜ ਛੇ ਸਾਲ ਹੋ ਗਏ ਨੇ, ਅਜੇ ਤੱਕ ਉਹ ਰੁਪਏ ਨਹੀਂ ਲਾਹ ਸਕਿਆ। ਸਗੋਂ ਇਹਨਾਂ ਵਿਚ ਹੀ ਉਸ ਦਾ ਵੱਛਾ- ਡੰਗਰ ਵੀ ਵਿਕ ਗਿਆ, ਪਰ ਭਾਨੇ ਸ਼ਾਹ ਦੇ ਰੁਪਏ ਜਿਉਂ ਦੇ ਤਿਉਂ ਖੜੇ ਹਨ।

ਆਪ ਦੇ ਸ਼ਰਧਾਲੂਆਂ ਨੇ ਇਹੋ ਜਿਹੀਆਂ ਕਈ ਜ਼ਾਹਿਰਾ ਕਰਾਮਾਤਾ ਦਸ ਦਸ ਕੇ ਲੋਕਾਂ ਨੂੰ ਨਿਸਚਾ ਕਰਾ ਦਿੱਤਾ ਹੈ ਕਿ ਪੰਡਤ ਹੋਰੀਂ ਪੂਰੇ ਔਲੀਆ ਨੇ। ਆਪ ਦੀ ਸਭ ਤੋਂ ਵੱਡੀ ਕਰਾਮਾਤ ਇਹ ਹੈ ਕਿ ਨਾ ਤਾਂ ਆਪ ਕੋਈ ਕੰਮ ਧੰਦਾ ਕਰਦੇ ਹਨ ਤੇ ਨਾ ਕਦੇ ਪਤਰੀ ਫੋਲਣ ਦੀ ਆਪ ਨੂੰ ਲੋੜ ਪਈ ਹੈ, ਪਰ ਫਿਰ ਵੀ ਆਪ ਦੇ ਘਰ ਨੌ-ਨਿਧਾਂ ਤੇ ਬਾਰਾਂ ਸਿਧਾ ਹਨ। ਪੰਡਤਾਣੀ ਨੂੰ ਆਪ ਨੇ ਯੁਵਾ ਅਵਸਥਾ ਵਿਚ ਹੀ ਇਸ ਦੇਸ਼ ਬਦਲੇ ਘਰੋਂ ਕਢ ਦਿਤਾ ਸੀ ਕਿ ਉਹ ਬਿਲਕੁਲ ਉਹਨਾਂ ਦੇ ਖਿਆਲ ਵਿਚ ਨੀਚ ਪ੍ਰਕਿਰਤੀ ਦੀ ਤੇ ਦੁਸ਼ਟਣੀ ਸੀ। ਘਰ ਦਾ ਅੱਧਾ ਅੰਨ ਉਹ ਗਰੀਬਾਂ ਨੂੰ ਹੀ ਵੰਡ ਛੱਡਦੀ ਸੀ ਤੇ ਪੰਡਤਾਣੀ ਹੁੰਦੀ ਹੋਈ ਵੀ ਉਹ ਜਜਮਾਣੀਆਂ ਉਤੇ ਰੁਹਬ ਜਮਾ ਕੇ ਕੁਝ ਵਸੂਲ ਨਹੀਂ ਸੀ ਕਰ ਸਕਦੀ, ਸਗੋਂ ਇਸ ਤੋਂ ਉਲਟ ਉਸ ਦੇ ਸਾਰੇ ਲੱਛਣ ਹੀ ਸ਼ੂਦਰਾਣੀਆਂ ਵਾਲੇ ਸਨ। ਕਿਸੇ ਨੂੰ ਰਤਾ ਤਕਲੀਫ ਹੁੰਦੀ ਤਾਂ ਉਹ ਝਟ ਨੀਚ ਇਸਤਰੀਆਂ ਵਾਂਗ ਉਨ੍ਹਾਂ ਦੀ ਨੀਵੀਂ ਤੋਂ ਨੀਵੀਂ ਸੇਵਾ ਕਰਨ ਲਈ ਤਿਆਰ ਹੋ ਜਾਂਦੀ ਸੀ। ਅਖ਼ੀਰ ਜਦ ਪੰਡਤ ਹੋਰਾਂ ਨੂੰ ਇਕ ਦਿਨ ਆਕਾਸ਼ਬਾਣੀ ਹੋਈ ਕਿ ਇਹ ਪਿਛਲੇ ਜਨਮ ਦੀ ਸ਼ੂਦਰਾਣੀ ਹੈ। ਉਸੇ ਦਿਨ ਤੋਂ ਆਪ ਨੇ ਉਸ ਨਾਲ ਅਸਹਿ-ਯੋਗ (ਨਾ-ਮਿਲਵਰਤਣ) ਕਰ ਦਿੱਤਾ. ਤੇ ਮੁੜ ਅੱਜ ਤੱਕ ਉਸ ਨੂੰ ਮੱਥੇ ਨਹੀਂ ਲਾਇਆ।

ਜ਼ਬਾਨੀ ਸ਼ਾਸਤਰ-ਵਿੱਦਿਆ ਵਿਚ ਆਪ ਬੜੇ ਨਿਪੁੰਨ ਹਨ। ਲੋਕੀ ਉਮਰਾ ਬੱਧੀ ਪੁਸਤਕਾਂ ਦੇ ਕੀੜੇ ਬਣਨ ਤੇ ਵੀ ਜਿਸ ਗੁਹਜ ਗਿਆਨ ਨੂੰ ਨਹੀਂ ਜਾਣ ਸਕੇ, ਆਪ ਬਿਨਾਂ ‘ਕ’ ‘ਖ’ ਪੜ੍ਹੇ ਹੀ ਤੇ ਬਿਨਾਂ ਕਿਸੇ ਪੁਸਤਕ ਦਾ ਸਪਰਸ਼ ਕੀਤੇ ਹੀ ਸਰਬੱਗਯ ਅਤੇ ਤੱਤਵੇਤਾ ਬਣ ਗਏ ਹਨ। ਕੀ ਮਜਾਲ ਜੋ ਸ਼ਾਸ਼ਤ੍ਰਾਰਥ ਵਿਚ ਆਪ ਪਾਸੋਂ ਕੋਈ ਜਿੱਤ ਸਕੇ। ਅਵਿਦਿਆ ਦੇ ਅੰਧਕਾਰ ਕਰ ਕੇ ਜਿਨ੍ਹਾਂ ਦੈਵੀ ਗੁਣਾਂ ਨੂੰ ਲੋਕੀਂ ਭੁਲ ਬੈਠੇ ਸਨ, ਆਪ ਨਵੇਂ ਸਿਰੇ ਉਨ੍ਹਾਂ ਨੂੰ ਪ੍ਰਕਾਸ਼ ਰੂਪ ਵਿਚ ਲਿਆਉਣ ਵਿਚ ਸਫਲ ਮਨੋਰਥ ਹੋ ਰਹੇ ਹਨ। ਜਿਹਾ ਕਿ-ਖ਼ਾਸ ਸ਼ਿਵਾਂ ਦੀ ਪ੍ਰਿਯ ਸਹਿਚਰੀ ਦੱਸ ਦੱਸ ਕੇ ਭੰਗ-ਭਵਾਨੀ ਦਾ ਪ੍ਰਚਾਰ ਕਰਨਾ, ਸ਼ਰਾਬ ਨੂੰ ਦੇਵਤਿਆਂ ਦਾ ਚੌਧਵਾ ਰਤਨ ਤੇ ਸੋਮਰਸ ਆਦਿ ਦੇ ਉਦਾਹਰਣ ਦੇ ਦੇ ਕੇ ਇਸ ਦਾ ਸੇਵਨ ਕਰਨਾ ਕਰਾਣਾ। ਜੂਪ ਬਿਹਾਰ (ਜੂਏ) ਨੂੰ ਕੌਰਵਾਂ ਪਾਂਡਵਾਂ ਦਾ ਮਨੋਰੰਜਨ ਦਸ ਕੇ ਇਸ ਵਲ ਜਨਤਾ ਦੀ ਪ੍ਰਵਿਰਤੀ ਕਰਾਣੀ ਇਤਿਆਦਿਕ ਅਨੇਕਾ ਉਪਕਾਰ ਦੇ ਕੰਮ ਆਪ ਨੇ ਇਸ ਇਕੋ ਇਕ ਜਨਮ ਵਿਚ ਕਰ ਸੁੱਟੇ ਹਨ।

ਸ਼ਹਿਰ ਦੇ ਅਮੀਰਜ਼ਾਦੇ ਨੌਜਵਾਨਾਂ ਦੀ ਸਭਾ ਜਦ ਆਪ ਦੇ ਗੁਰੂ-ਕੁਲ ਰੂਪੀ ਘਰ ਵਿਚ ਸਜਦੀ ਤੇ ਆਪ ਨੇਤਾ ਦੇ ਰੂਪ ਵਿਚ ਸੁਭਾਇਮਾਨ ਹੋ ਕੇ ਸ਼ਾਸਤ੍ਰਿਕ ਤੇ ਰਾਜਨੀਤਕ ਵਿਸ਼ਿਆਂ ਤੇ ਆਲੋਚਨਾ ਸ਼ੁਰੂ ਕਰਦੇ ਤਾਂ ਸਰੋਤਾ-ਜਨ ਅਸ਼ ਅਸ਼ ਕਰ ਉਠਦੇ।

ਅੱਜ ਅਸੀਂ ਆਪਣੇ ਪਾਠਕਾਂ ਨੂੰ ਇਹਨਾਂ ਹੀ ਪੰਡਤ ਹੋਰਾਂ ਦੇ ਸਭਾ ਮੰਡਲ ਦੇ ਦਰਸ਼ਨ ਕਰਾਂਦੇ ਹਾਂ। ਰਾਤ ਦੇ ਅੱਠ ਵਜ ਚੁਕੇ ਹਨ। ਸਰਦੀ ਭਾਵੇਂ ਕਹਿਰਾਂ ਦੀ ਪੈ ਰਹੀ ਹੈ, ਪਰ ਪੰਡਤ ਹੋਰਾਂ ਦੇ ਤੇਜ ਪ੍ਰਤਾਪ ਅੱਗੇ ਇਸ ਦੀ ਦਾਲ ਨਹੀਂ ਗਲਦੀ। ਚੁਬਾਰੇ ਵਿਚ ਤਾਂ ਇਸ ਦਾ ਪ੍ਰਵੇਸ਼ ਇਸ ਕਰਕੇ ਨਹੀਂ ਹੋ ਸਕਦਾ ਕਿ ਕੋਲਿਆਂ ਦੀ ਅੰਗੀਠੀ ਲਟਾ ਲਟ ਭਖ਼ ਰਹੀ ਹੈ, ਜਿਥੇ ਆਪ ਦੇ ਕੁਝ ਸੇਵਕ ਮੱਛੀ ਤੇ ਮੁਰਗੇ ਦੇ ਤਰ੍ਹਾਂ ਤਰ੍ਹਾਂ ਦੇ ਸ੍ਵਾਦਿਸ਼ਟ ਪਦਾਰਥ ਬਣਾ ਰਹੇ ਹਨ। ਤੇ ਆਪ ਦੇ ਸ਼ਰਧਾਲੂਆਂ ਦੇ ਦਿਲ ਅਰ ਸਰੀਰਾ ਤਕ ਸਰਦੀ ਦੀ ਪਹੁੰਚ ਉਂਜ ਹੀ ਅਸੰਭਵ ਹੈ, ਕਿਉਂਕਿ ਉਥੇ ਸੋਮਰਸ ਦਾ ਅਧਿਕਾਰ ਹੈ।

ਨੇ ਵਸਦਿਆਂ-ਵਜਦਿਆਂ ਸਭ ਸੇਵਕ-ਜਨ ਆ ਕੇ ਆਪੋ ਆਪਣੇ ਸਥਾਨ ਤੇ ਸੁਭਾਇਮਾਨ ਹੋ ਗਏ ਤੇ ਇਸ ਤੋਂ ਬਾਅਦ ਪੰਡਤ ਜੀ ਨੇ ਆਪਣੇ ਆਨ ਨੂੰ ਸਸਤਤ ਕੀਤਾ। ਇਸ ਵੇਲੇ ਸਾਰੇ ਪ੍ਰੇਮੀਆਂ ਨੇ ਖੜ੍ਹੇ ਹੋ ਕੇ ਪੰਡਤ ਜੀ ਦਾ ਸਤਿਕਾਰ ਕੀਤਾ ਤੇ ਝਟ ਹੀ ਇਕ ਸੇਵਕ ਨੇ ਬੋਤਲ ਦਾ ਕਾਰ ਖੋਲ੍ਹ ਕੇ ਨਾਲ ਹੀ ਖਾਣ ਪੀਣ ਦੀ ਸਮੱਗਰੀ ਇਕੱਤਰ ਕਰ ਕੇ ਇਸ ਦੇ ਅਰੰਭਕ ਕਾਰਜ ਲਈ ਪੰਡਤ ਹੋਰਾਂ ਦੀ ਆਗਿਆ ਮੰਗੀ।

ਪੰਡਤ ਹੋਰਾਂ ਧਿਆਨ ਪੂਰਬਕ ਸਭਨਾਂ ਉਪਰ ਕਿਰਪਾ-ਦ੍ਰਿਸ਼ਟੀ ਫੇਰੀ ਤੇ ਫੇਰ ਬੋਲੇ-“ਮਿੱਤਰ ਜਨੋ ! ਅਜੇ ਠਹਿਰ ਜਾਓ। ਅਜੇ ਸਾਡੀ ਸਭਾ ਦੇ ਸ਼ਿੰਗਾਰ ਖੁਆਜਾ ਸਾਹਿਬ ਨਹੀਂ ਪਧਾਰੇ। ਮਾਲੂਮ ਹੁੰਦਾ ਹੈ ਉਨ੍ਹਾਂ ਨੂੰ ਕਿਸੇ ਨੇ ਉਤਸਵ ਲਈ ਸੰਦੇਸ਼ ਨਹੀਂ ਭੇਜਿਆ।”

ਵਿਚੋਂ ਹੀ ਇਕ ਬੋਲ ਉਠਿਆ- ਨਹੀਂ ਜੀ ਮੈਂ ਆਪ ਦੇ ਵਾਰੀ ਉਨ੍ਹਾਂ ਵਲ ਹੋ ਆਇਆ ਹਾਂ। ਉਹ ਬਿਲਕੁਲ ਤਿਆਰ ਸਨ, ਪਰ ਕੋਈ ਓਪਰੇ ਜਿਹੇ ਦੇ ਪੇਂਡੂ ਆ ਗਏ, ਇਸੇ ਕਰ ਕੇ ਫੇਰ ਬੈਠ ਗਏ। ਮੇਰਾ ਖਿਆਲ ਏ ਉਨ੍ਹਾਂ ਨਾਲ ਗੱਲ ਬਾਤ ਕਰਦਿਆ ਹੀ ਦੇਰ ਹੋ ਗਈ ਹੋਵੇਗੀ, ਨਹੀਂ ਤਾਂ ਭਲਾ ਉਹ ਅਟਕਣ ਵਾਲੇ ਸਨ ?”

ਇਸੇ ਵੇਲੇ ਬਾਹਰੋਂ ਕਿਚ ਕਿਚ ਬੂਟਾ ਦੀ ਆਵਾਜ਼ ਆਈ ਤੇ ਪੰਡਤ ਹੋਰੀ ਔਹ ਆ ਗਏ” ਕਹਿਕੇ ਆਸਨ ਤੋਂ ਉਠੇ ਤੇ ਸਵਾਗਤ ਲਈ ਦਲੀਜਾ ਤੇ ਜਾ ਖਲੋਤੇ।

ਖੁਆਜਾ ਸ਼ੇਰ ਖਾ ਸਾਹਿਬ ਸਬ-ਇੰਸਪੈਕਟਰ ਪੋਲੀਸ, ਲਗਪਗ ਤਿੰਨਾਂ ਵਰ੍ਹਿਆਂ ਤੋਂ ਇਸ ਇਲਾਕੇ ਦੀ ਇੱਜ਼ਤ ਵਧਾ ਰਹੇ ਸਨ। ਆਉਂਦਿਆਂ ਹੀ ਪੰਡਤ ਹੋਰਾਂ ਨੂੰ ਬੜੀ ਗਰਮ ਜੋਸ਼ੀ ਨਾਲ ਮਿਲੇ, ਤੇ ਫੇਰ ਦੋਵੇਂ ਜਣੇ ਇੱਕੋ ਆਸਨ ਤੇ ਸੱਜ ਗਏ। ਪੰਡਤ ਹੋਰੀ ਬੋਲੇ-“ਸੁਣਾਉ ਜੀ । ਇਤਨੇ ਪਛੜ ਕੇ ਪਹੁੰਚਣਾ ਸੀ ? ਉਡੀਕ ਕੇ ਨੇਤਰ ਵੀ ਥਕ ਗਏ ਨੇ। ਜੇ ਹੋਰ ਦੋ ਘੜੀਆ ਨਾ ਆਉਂਦੇ ਤਾਂ ਅੱਜ ਦੀ ਸਭਾ ਹੀ ਭੰਗ ਹੋ ਜਾਣੀ ਸੀ। ਭਲਾ ਜਰਨੈਲ ਤੇ ਬਗੈਰ ਵੀ ਕਦੇ ਫੌਜਾਂ ਸੋਭਦੀਆਂ ਹਨ ?”

ਆਪਣੀ ਵਡਿਆਈ ਤੇ ਫੁਲ ਕੇ ਖ਼ੁਆਜਾ ਸਾਹਿਬ ਪੱਗ ਦਾ ਸ਼ਮਲਾ ਸਵਾਰਦੇ ਹੋਏ ਬੋਲੇ-“ਵਾਹ ਪੰਡਤ ਸਾਹਿਬ। ਮਾਸਾ-ਅੱਲਾਹ, ਆਪ ਦੀ ਮੌਜੂਦਗੀ ਵਿਚ ਭਲਾ ਕਿਸੇ ਗੱਲ ਦੀ ਕਮੀ ਰਹਿ ਸਕਦੀ ਏ ? ਮੈਂ ਤੇ ਹੁਣ ਤੱਕ ਦੇਰ ਦਾ ਆ ਗਿਆ ਹੁੰਦਾ, ਪਰ ਕੰਮ ਹੀ ਐਸਾ ਪੈ ਗਿਆ, ਜਿਸ ਕਰ ਕੇ ਜ਼ਰਾ ਦੇਰ ਹੋ ਗਈ।”

ਪੰਡਤ ਹੋਰੀ ਜ਼ਰਾ ਹੋਰ ਸਰਕ ਕੇ ਖ਼ੁਆਜਾ ਹੋਰਾਂ ਦੇ ਨਾਲ ਹੋ ਗਏ ਤੇ ਉਨ੍ਹਾਂ ਦੇ ਕੰਨ ਨਾਲ ਮੂੰਹ ਲਾ ਕੇ ਬੋਲੇ- “ਕਿਉਂ ਕੋਈ ਨਵੀਂ ਮੁਰਗੀ

ਸਿਰੋਂ ਕੁੱਲੇ ਵਾਲੀ ਪੱਗ ਲਾਹ ਕੇ ਇਕ ਸਭਾ-ਸੇਵਕ ਨੂੰ ਫੜਾ ਕੇ ਗੰਜੇ ਸਿਰ ਤੇ ਹੱਥ ਫੇਰਦੇ ਹੋਏ ਖ਼ੁਆਜਾ ਹੋਰੀ ਬੋਲੇ-“ਹਾਂ ਖੁਦਾ ਨੇ ਭੇਜ ਹੀ ਦਿਤੀ ਸੀ ਇਕ ਸਾਮੀ।”

“ਤਾਂ ਸੁਣਾਓ ਕੁਝ ਚੰਗਾ ਹੱਥ ਗਰਮ ਹੋਇਆ ? ਮਾਮਲਾ ਕੀ ती ?”

“ਮਾਮਲਾ ਤੇ ਐਵੇਂ ਮਾਮੂਲੀ ਜਿਹਾ ਸੀ।”

‘ਅੱਛਾ ! ਮੈਂ ਕਿਹਾ ਕੋਈ ਖੂਨ ਦਾ ਮੁਕੱਦਮਾ ਆਇਆ ਹੋਵੇਗਾ।” “ਤੇਬਾ ਅਸਤਾਫਾਰ : ਪੰਡਤ ਜੀ, ਏਡੀ ਕਿਸਮਤ ਕਿਥੇ। ਉਹ ਤੇ ਕਦੇ ਵਰ੍ਹੇ ਛਿਮਾਹੀ ਪਿਛੇ ਕੋਈ ਮੇਟੀ ਮੁਰਗੀ ਆ ਫਸਦੀ ਏ। ਭਲਾ ਜੇ ਇਸ ਤਰ੍ਹਾਂ ਰੋਜ਼ ਰੋਜ਼ ਖੂਨ ਦੇ ਕੇਸ ਆਉਣ ਲਗਣ ਤਾਂ ਫਿਰ ਅਸੀਂ ਸੋਨੇ ਦੀਆ ਪੀਘਾਂ ਨਾ ਬੈਠੇ ਝੂਟੀਏ !”

”ਤਾ ਵੀ ਕੋਈ ਚਾਰ ਪੰਜ ਸੌ ?”

“ਨਹੀਂ ਨਹੀਂ ਸਿਰਫ ਦੇ ਸੌ ?”

“ਮਾਮਲਾ ਕੀ ਸੀ ?”

“ਮਾਮਲਾ ਸੀ. ਲਾਗਲੇ ਪਿੰਡ ਸੁਲਤਾਨ ਪੁਰ ਦੇ ਕੁਝ ਜੱਟਾਂ ਨੇ ਲਾਣ ਜਾਣਾ ਸੀ।”

ਫੇਰਾ ਪੰਡਤ ਹੋਰੀ ਮੁਛਾ ਦੇ ਵਾਲ ਸਵਾਰਦੇ ਹੋਏ ਬੋਲੇ-“ਹਲਾ। ਤਾਂ ਤੇ ਅਜੇ ਸੁੱਖਣਾ ਈ ਸੁੱਖ ਕੇ ਗਏ ਨੇ। ਜੇ ਮੁਰਾਦ ਮਿਲ ਗਈਓ ਨੇ ਫੇਰ ਤਾਂ ਉਮੇਦ ਏ ਹੱਛਾ ਹੱਥ ਗਰਮ ਕਰਾਣਗੇ।” “ਰਾ ਉਮੈਦ ਤਾਂ ਹੈ। ਚੌਥੀ ਪੱਤੀ ਦਾ ਫੈਸਲਾ ਹੋਇਆ ਏ।

“ਅੱਛਾ ਸ਼ੁਕਰ ਹੈ। ਪਰਮਾਤਮਾ ਦੇਈ ਜਾਂਦਾ ਏ ਕਿਸੇ ਨਾ ਕਿਸੇ ਹੀਲੇ। ਖੁਆਜਾ ਸਾਹਿਬ ! ਉਹ ਬੜਾ ਬੇਅੰਤ ਹੈ। ਪੱਥਰਾਂ ਵਿਚ ਕੀੜਿਆ ਨੂੰ ਵੀ ਰੋਜ਼ੀ ਪਹੁੰਚਾਦਾ ਹੈ। (ਕਰਮ ਚੰਦ ਵਲ ਤੱਕ ਕੇ ਤੇ ਫੇਰ ਖ਼ੁਆਜਾ ਸਾਹਿਬ ਵਲ ਤੱਕ ਕੇ) ਹਾਂ ਸੱਚ, ਆਪ ਨੂੰ ਅੱਜ ਦੀ ਸਭਾ ਕਰਨ ਦਾ ਤਾਤਪਰਜ ਤਾਂ ਮਾਲੂਮ ਹੀ ਹੋਵੇਗਾ। ਸਾਡੇ ਜਜਮਾਨ ਨੇ ਅੱਜ ਦਾ ਕੁਲ ਖਰਚ ਆਪਣੇ ਜ਼ਿੰਮੇ ਲਿਆ ਹੈ। ਖ਼ੁਆਜਾ ਸਾਹਿਬ ! ਇਹ ਬੜੇ ਸੱਜਣ ਪੁਰਸ਼ ਨੇ। ਇਨ੍ਹਾਂ ਦੇ ਸਵਰਗਵਾਸੀ ਪਿਤਾ ਨਾਲ ਤਾਂ ਸਾਡੇ ਬੜੇ ਚੰਗੇ ਤੁਅੱਲਕਾਤ ਸਨ। ਇਹ ਵੀ ਬੜੇ ਕਦਰਦਾਨ ਹਨ (ਡਕਾਰ ਮਾਰ ਕੇ) …..!”

ਖ਼ੁਆਜਾ ਸਾਹਿਬ ਨੇ ਮੁਸਕਰਾਉਂਦਿਆਂ ਹੋਇਆਂ ਕਰਮ ਚੰਦ ਵਲ ਤੱਕਿਆ ਤੇ ਉਹ ਝਟ ਹੱਥ ਜੋੜ ਕੇ ਖੜ੍ਹਾ ਹੋ ਗਿਆ। ਹੱਥ ਨਾਲ ਉਸ ਨੂੰ ਬੈਠਣ ਦਾ ਇਸ਼ਾਰਾ ਕਰ ਕੇ ਬੋਲੇ- ਹੱਛਾ ! ਇਹ ਓਸ ਔਰਤ ਵਾਲੇ ਮਾਮਲੇ ਬਾਬਤ ? ਹਾਂ ਪੰਡਤ ਜੀ, ਮੈਨੂੰ ਮਾਲੂਮ ਏ। ਬੜਾ ਚੰਗਾ ਹੋਇਆ ਜੋ ਉਸ ਨੂੰ ਦਫ਼ਾ ਕਰ ਦਿਤਾ ਗਿਆ। ਪਰ ਉਸ ਦਾ ਕੋਈ ਪਤਾ ਲੱਗਾ ਜੇ ਕਿੱਥੇ ਗਈ ?”

ਪੰਡਤ ਹੋਰੀਂ ਗਲਾਸ ਅਗਾਂਹ ਵਧਾਂਦੇ ਹੋਏ ਬੋਲੇ-”ਜੀ ਪੱਕਾ ਪਤਾ ਤਾਂ ਅਜੇ ਨਹੀਂ ਲੱਗਾ, ਪਰ ਦੁਪਹਿਰੇ ਇਕ ਅਰਾਈਂ ਪਾਸੋਂ ਸੁਣਿਆ ਸੀ, ਵਡੇ ਵੇਲੇ ਇਕ ਬੁਰਕੇ ਵਾਲੀ ਔਰਤ ਉਸਨੂੰ ਟਾਂਗੇ ਵਿਚ ਪਾ ਕੇ ਲਈ ਜਾਂਦੀ ਸੀ. ਉਸਦੇ ਨਾਲ ਇਕ ਨੌਜਵਾਨ ਵੀ ਸੀ।”

ਗਲਾਸ ਗਟਾ ਗਟ ਚਾੜ੍ਹ ਕੇ ਤੇ ਉਸ ਨੂੰ ਇਕ ਪਾਸੇ ਰਖਦੇ ਹੋਏ ਖ਼ੁਆਜਾ ਹੋਰੀਂ ਬੋਲੇ-“ਕੀ ਕਿਹਾ ਜੇ. ਮੁਸਲਮਾਨ ਨਾਲ ?”

”ਜੀ ਹਾਂ।”

ਇੰਨੇ ਨੂੰ ਪਿੰਡ ਦਾ ਨੰਬਰਦਾਰ ਜੁਆਲਾ ਸਿੰਘ ਬੋਲਿਆ-“ਹਾਹੋ ਖਾਂ ਸਾਹਿਬ। ਸਾਡੀ ਪੈਲੀ ਦੇ ਲਾਗਿਉਂ ਈ ਲੰਘਿਆ ਸੀ। ਮੈਂ ਆਪਣੀ ਅੱਖੀਂ ਡਿੱਠਾ ਸੀ।”

ਦੂਜਾ ਗਲਾਸ ਚੜ੍ਹਾਉਣ ਤੋਂ ਬਾਅਦ ਖ਼ੁਆਜਾ ਸਾਹਿਬ ਨੂੰ ਸਰੂਰ ਆਉਣਾ ਸ਼ੁਰੂ ਹੋ ਗਿਆ, ਤੇ ਉਹ ਸਿਰ ਤੇ ਹੱਥ ਫੇਰਦੇ ਹੋਏ ਬੋਲੇ- ”ਚਲੋ

ਦਫ਼ਾ ਕਰੋ ਹੁਣ ਇਹਨਾਂ ਗੱਲਾਂ ਨੂੰ। ਜੋ ਹੋ ਗਿਆ ਚੰਗਾ ਹੋ ਗਿਆ। ਹੁਣ ਮਜਲਸ ਦਾ ਮਜ਼ਾ ਲਓ।”

ਉਨ੍ਹਾਂ ਦੇ ਕਹਿਣ ਦੀ ਦੇਰ ਸੀ ਕਿ ਬੋਤਲਾਂ ਖੁੱਲ੍ਹਣ ਲਗੀਆਂ ਤੇ ਗਲਾਸ ਖਾਲੀ ਹੋਣ ਲੱਗੇ।

ਪੰਡਤ ਹੋਰੀ ਮੱਛੀ ਦੇ ਇਕ ਟੁਕੜੇ ਵਿਚੋਂ ਕੰਡੇ ਚੁਣਦੇ ਹੋਏ ਬੋਲੇ-‘ਖ਼ੁਆਜਾ ਸਾਹਿਬ। ਤੁਹਾਡਾ ਬਾਵਰਚੀ ਤਾਂ ਬੜਾ ਕਾਰੀਗਰ ਮਾਲੂਮ ਹੁੰਦਾ ਹੈ। ਮੱਛੀ ਬਣਾਨ ਵਿਚ ਤਾਂ ਕਮਾਲ ਕਰ ਦੇਂਦਾ ਏ। ਮੂੰਹੋਂ ਲਹਿੰਦੀ ਹੀ ਨਹੀਂ।”

“ਜੀ ਹਾਂ, ਇਹ ਸਾਡੇ ਪਾਸ ਪੰਜ ਸਾਲਾਂ ਤੋਂ ਕੰਮ ਕਰਦਾ ਏ। ਇਸ ਦਾ ਪਿਉ, ਖ਼ੁਦਾ ਅਮਾਨ ਦੇਵੇ ਸੂ. ਇਸ ਨਾਲੋਂ ਵੀ ਜ਼ਿਆਦਾ ਕਾਰੀਗਰ ਸੀ। ਅਸਲ ਵਿਚ ਮਾਸ ਦੇ ਕੰਮ ਵਿਚ ਇਸ ਦੀ ਮੁਹਾਰਤ ਇਸ ਕਰ ਕੇ ਜਿਆਦਾ ਹੋ ਗਈ ਏ, ਕਿ ਇਸ ਮੇਜਰ ਬਰਟਨ ਸਾਹਿਬ ਦੇ ਬਾਵਰਚੀ-ਖ਼ਾਨੇ ਵਿਚ ਚਾਰ ਸਾਲ ਬਿਤਾਏ ਹੋਏ ਨੇ।”

ਇਸ ਵੇਲੇ ਤਕ ਸ਼ਰਾਬ ਹੌਲੀ ਹੌਲੀ ਸਭਨਾਂ ਤੇ ਅਸਰ ਕਰ ਚੁਕੀ ਸੀ, ਤੇ ਇਸ ਦੇ ਲੋਰ ਵਿਚ ਸਭ ਆਪੋ ਆਪਣੀਆਂ ਗੱਲਾਂ ਛੇੜ ਬੈਠੇ ਸਨ। ਪੰਡਤ ਹੋਰਾਂ ਝੂੰਮਦਿਆਂ ਹੋਇਆ ਸਾਰਿਆਂ ਵਲ ਧਿਆਨ ਕਰਕੇ ਕਿਹਾ- “”ਮਿੱਤਰ ਜਨੋ! ਕੈਸਾ ਸੁਭਾਗ ਸਮਾਂ ਹੈ। ਕੈਸੀ ਏਕਤਾ ਅਰ ਪਰਸਪਰ ਪ੍ਰੇਮ ਦਾ ਰਾਜ ਹੈ। ਸਚਮੁਚ ਜਦ ਮੈਂ ਹਿੰਦੂ ਮੁਸਲਮਾਨਾਂ ਨੂੰ ਇੱਕੋ ਜਗ੍ਹਾ ਖਾਣ-ਪਾਣ ਕਰਦਿਆਂ ਵੇਖਦਾ ਹਾਂ, ਤਾਂ ਮੇਰਾ ਮਨ ਪ੍ਰਸੰਨਤਾ ਨਾਲ ਗਦਗਦ ਹੋ ਜਾਂਦਾ ਹੈ

। ਪਰਮਾਤਮਾ ਕਰੇ ਸਾਰੇ ਭਾਰਤ ਵਿਚ ਐਸਾ ਹੀ ਮੈਤਰੀ ਭਾਵ ਹੋ ਜਾਵੇ।” ਖੁਆਜਾ ਹੋਰੀਂ ਬੋਲੇ-‘ਪੰਡਤ ਜੀ. ਖ਼ੁਦਾ ਦੀ ਕਸਮ, ਇਹ ਸਭ ਇਸ ਜਾਮੇ-ਜ਼ਮਰਦੀ ਦੀਆਂ ਹੀ ਬਰਕਤਾਂ ਨੇ। ਠੀਕ ਹੀ ਕਹਿੰਦੇ ਨੇ ਸ਼ਰਾਬ ਖ਼ਾਸ ਖ਼ੁਦਾਈ ਨਿਆਮਤਾਂ ਵਿਚੋਂ ਇਕ ਹੈ। ਫਿਰ ਇਸ ਨਾਲ ਮੁਹੱਬਤ ਕਿਤਨੀ ਵਧਦੀ ਹੈ, ਇਸ ਨੂੰ ਉਹ ਕਮਬਖ਼ਤ ਕੀ ਜਾਣਨ।”

ਪੰਡਤ-ਖੁਆਜਾ ਸਾਹਿਬ । ਉਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਮੈਤਰੀ ਦੇ ਕੀ ਅਰਥ ਹਨ। ਹਾਂ ਸਚ ਖੁਆਜਾ ਸਾਹਿਬ ਤੁਸੀਂ ਕਈ ਵੇਰ ਖਾਹਿਸ਼ ਵੀ ਚਾਹਿਰ ਕਰ ਚੁਕੇ ਹੋ। ਅਜ ਤੁਹਾਨੂੰ ਇਕ ਨਵੀਂ ਸੁਗਾਤ ਭੇਟ ਕੀਤੀ ਜਾਂਦੀ ਹੈ।”

“ਕੀ ?”

“ਉਹੀ ਘਰ ਦੀ ਕੱਢੀ ਸ਼ਰਾਬ” ਤੇ ਫੇਰ ਪਿਆਰਾ ਸਿੰਘ ਵਲ ਤੱਕ ਕੇ ਬੋਲੇ-ਲਿਆ ਓਏ ਨੰਬਰਦਾਰਾ ! ਰੋਜ਼ ਕਹਿੰਦਾ ਹੁੰਦਾ ਮੈਂ ਖੁਆਜਾ ਸਾਹਿਬ ਹੋਰਾਂ ਨੂੰ ਪਿਆਣੀ ਏਂ ! ਲਿਆ ਛੇਤੀ ਕਰ।”

“ਸਤ ਬਚਨ ਜੀ” ਕਹਿ ਕੇ ਪਿਆਰਾ ਸਿੰਘ ਕੋਲ ਬੈਠੇ ਆਪਣੇ ਭਣੇਵੇਂ ਧੰਨਾ ਸਿੰਘ ਦਾ ਮੋਢਾ ਟੁੰਬ ਕੇ ਕਹਿਣ ਲੱਗਾ-”ਜਾਹ ਓਏ ਧੰਨਿਆ ! ਮਾਸੀ ਆਪਣੀ ਨੂੰ ਕਹੀਂ ਤੂੜੀ ਵਾਲੇ ਕੋਠੇ ਦਾ ਬੂਹਾ ਖੋਲ੍ਹ ਕੇ ਲਹਿੰਦੇ ਦੀ ਨੁੱਕਰੋਂ ਮੰਜੀਆਂ ਦੀਆਂ ਹੀਆਂ ਸੇਰੂ ਪਰੇ ਕਰ ਕੇ ਥੱਲਿਉਂ ਛੋਟੀ ਤੌੜੀ ਕੱਢ ਦੇਵੇ। ਉਸ ਦੇ ਉੱਤੇ ਬਾਟੀ ਮੂਧੀ ਮਾਰ ਕੇ ਉੱਤੇ ਆਟਾ ਲਿੰਬਿਆ ਹੋਇਆ ਈ, ਧਿਆਨ ਨਾਲ ਚੁੱਕੀ ਮਤਾਂ ਠੇਕਰ ਨਾ ਲਗ ਜਾਏ। ਜਾਹ ਮੇਰਾ ਬੀਬਾ ਸ਼ੇਰ ਝਟ ਪਟ ਬਸ ਏਥੇ ਐ ਕਿ ਓਥੇ ਐ।

ਮੁੰਡਾ ਥੋੜ੍ਹੇ ਚਿਰ ਪਿਛੋਂ ਤੌੜੀ ਚੁੱਕ ਲਿਆਇਆ ਤੇ ਲਿਆ ਕੇ ਖ਼ੁਆਜੇ ਹੋਰਾਂ ਦੇ ਅੱਗੇ ਰੱਖ ਦਿਤੀ। ਉਹ ਅੱਗੇ ਹੀ ਚੂਰ ਹੋ ਰਹੇ ਸਨ, ਇਸ ਨਵੀਂ ਸੁਗਾਤ ਨੂੰ ਵੇਖ ਕੇ ਖੁਸ਼ੀ ਨਾਲ ਉਛਲ ਪਏ। ਪਹਿਲਾਂ ਤਾਂ ਵਿਚੋਂ ਉਂਗਲਾਂ ਡੋਬ ਕੇ ਸੁਆਦ ਚੱਖਿਆ। ਜਦ ਚੰਗੀ ਲਗੀ ਤਾਂ ਚੁਲੀਆਂ ਭਰ ਭਰ ਲੱਗੇ ਪੀਣ। ਫਿਰ ਪਚਾਕੇ ਮਾਰਦੇ ਹੋਏ ਬੋਲੇ-“ਆਹ ਹਾ ! ਪੰਡਤ ਜੀ ! ਇਹ ਤਾਂ ਬੜੀ ਜ਼ਾਇਕੇਦਾਰ ਚੀਜ਼ ਏ।”

“”ਮੈਂ ਤੁਹਾਨੂੰ ਝੂਠ ਕਿਹਾ ਸੀ ?”

“ਤੇ ਇਹ ਤੁਸਾਂ ਅੱਗੇ ਕਦੇ ਨਹੀਂ ਮੰਗਾਈ।”

“ਅੱਗੇ ਜ਼ਰਾ ਤੁਹਾਥੋਂ ਡਰੀਦਾ ਸੀ, ਨਹੀਂ ਤਾਂ…..”

“ਵਾਹ ! ਪੰਡਤ ਜੀ ! ਮੈਥੋਂ ਡਰ ? ਤੁਸੀਂ ਤੇ ਈਮਾਨ ਨਾਲ ਮੇਰੇ ਭਰਾ ਹੋਏ। ਮੈਨੂੰ ਬਸ ਬਸ ਇਹੋ ਹੀ (ਵਿਚੋਂ ਹੀ ਗਲਾਸ ਡੋਬ ਕੇ ਪੀਂਦਿਆਂ ਹੋਇਆ) ਵੱਲਾਹ ਬੜੀ ਚੰਗੀ ਚੀਜ਼ ਏ।”

ਰਾਤ ਦੇ ਬਾਰਾਂ ਵਜੇ ਤਕ ਇਹ ਮਜਲਸ ਗਰਮ ਰਹੀ। ਆਖ਼ਰ ਸਭਾ ਖ਼ਤਮ ਹੋਈ। ਇਸ ਸਮੇਂ ਕੌਣ ਕਿਸ ਕਿਸ ਹਾਲਤ ਵਿਚ ਸੀ, ਤੇ ਉਹ ਕਿਸ ਤਰ੍ਹਾਂ ਘਰੋ-ਘਰੀ ਪਹੁੰਚੇ, ਇਸ ਦਾ ਪਤਾ ਨਹੀਂ।

4

ਸੰਧਿਆ ਦਾ ਹਨੇਰਾ ਹਰ ਪਾਸੇ ਫੈਲ ਚੁਕਾ ਸੀ। ਇਸ ਵੇਲੇ ਇਕ ਟਾਂਗਾ ਸਾਹਮਣੀ ਸੜਕ ਤੋਂ ਆ ਕੇ ਪਿੰਡ ਦੇ ਅੱਡੇ ਤੇ ਰੁਕਿਆ। ਉਸ ਤੋਂ ਇਕ ਮੁਸਲਮਾਨ ਨੌਜਵਾਨ ਨੇ ਉਤਰ ਕੇ ਇਕ ਰਾਹ ਜਾਂਦੇ ਨੂੰ ਪੁਛਿਆ- “ਕਿਉਂ ਜੀ! ਪੰਡਤ ਰਾਧੇ ਕ੍ਰਿਸ਼ਨ ਸਾਹਿਬ ਦਾ ਘਰ ਕਿਧਰ ਏ ?”

“ਔਹ ਸਾਹਮਣੀ ਹਵੇਲੀ ਜੇ” ਕਹਿ ਕੇ ਉਸ ਨੇ ਪੁੱਛਿਆ “ਕਿਉਂ ਕੀ ਕੰਮ ਜੇ ?”

“ਇਕ ਜ਼ਰੂਰੀ ਕੰਮ ਲਈ ਉਹਨਾਂ ਨੂੰ ਮਿਲਣਾ ਏ।” ਟਾਂਗੇ ਵਿਚ ਬੈਠੀ ਤੀਵੀਂ ਵਲ ਤੱਕ ਕੇ ਗਭਰੂ ਨੇ ਉੱਤਰ ਦਿਤਾ ਤੇ ਟਾਂਗੇ ਪਾਸ ਜਾ ਕੇ ਬੋਲਿਆ-”ਆਓ ਭੈਣ ਜੀ, ਮੈਂ ਤੁਹਾਨੂੰ ਉਹਨਾਂ ਦੇ ਘਰ ਪਹੁੰਚਾ ਆਵਾਂ।” ਤੀਵੀਂ ਬਿਨਾਂ ਕੋਈ ਉੱਤਰ ਦਿਤੇ ਟਾਂਗੇ ਤੋਂ ਉਤਰ ਕੇ ਉਸ ਦੇ ਪਿਛੇ ਹੋ ਤੁਰੀ ਤੇ ਕੁਝ ਚਿਰ ਪਿਛੋਂ ਦੋਵੇਂ ਪੰਡਤ ਰਾਧੇ ਕ੍ਰਿਸ਼ਨ ਦੇ ਮਕਾਨ ਅੱਗੇ ਜਾ ਪਹੁੰਚੇ। ਗਭਰੂ ਦੇ ਬੂਹਾ ਖੜਕਾਉਣ ਤੇ ਅੰਦਰੋਂ ਇਕ ਪਤਲਾ

ਜਿਹਾ ਮੁੰਡਾ ਨਿਕਲ ਕੇ ਪੁੱਛਣ ਲਗਾ, “ਕੀ ਗੱਲ ਏ ?”

ਗਭਰੂ ਨੇ ਉੱਤਰ ਦਿੱਤਾ- ‘ਪੰਡਤ ਸਾਹਿਬ ਘਰ ਨੇ ? ਉਹਨਾਂ ਨਾਲ ਕੰਮ ਸੀ।”

“ਹਾਂ ਉਹ ਘਰ ਨੇ, ਪਰ ਇਸ ਵੇਲੇ ਨਹੀਂ ਮਿਲ ਸਕਦੇ। ਉਹਨਾਂ

ਦਾ ਪੂਜਾ ਪਾਠ ਦਾ ਵੇਲਾ ਏ।”

“ਕੋਈ ਡਰ ਨਹੀਂ, ਅਸੀਂ ਹੋਰ ਥੋੜ੍ਹਾ ਚਿਰ ਉਡੀਕ ਲੈਨੇ ਆਂ। ਤਾਂ

ਵੀ ਕਿੰਨੇ ਚਿਰ ਤੱਕ ਵੇਹਲੇ ਹੋਣਗੇ ?”

“ਘੰਟੇ ਤਕ।”

“ਹੱਛਾ।” ਕਹਿ ਕੇ ਮੁੰਡਾ ਅੰਦਰ ਚਲਾ ਗਿਆ।

ਪੌਣੇ ਕੁ ਘੰਟੇ ਮਗਰੋਂ ਪੰਡਤ ਹੋਰੀਂ ਬਾਹਰ ਆਏ ਤੇ ਗਭਰੂ ਨੇ ਉਠ ਕੇ ਉਹਨਾਂ ਨੂੰ ਸਲਾਮ ਕੀਤੀ।

ਆਉਂਦਿਆਂ ਹੀ ਪੰਡਤ ਹੋਰਾਂ ਕਿਹਾ- ਬੂਹੇ ਤੋਂ ਰਤਾ ਪਿੱਛਾਂਹ ਹੈ। ਕੇ ਖੜ੍ਹੇ ਹੋਵੇ। ਜਾਣਦੇ ਨਹੀਂ ਇਹ ਬ੍ਰਾਹਮਣ ਦਾ ਘਰ ਏ ?”

ਗਭਰੂ ਆਪਣੀ ਭੁੱਲ ਤੇ ਸ਼ਰਮਸਾਰ ਹੁੰਦਾ ਹੋਇਆ ਬੋਲਿਆ- ‘ਮੁਆਫ਼ ਕਰਨਾ ਮੈਥੋਂ ਵਾਕਿਆ ਈ ਬੜੀ ਗਲਤੀ ਹੋਈ ਏ।”

ਗਭਰੂ-(ਤੀਵੀਂ ਵਲ ਤੱਕ ਕੇ) “ਇਹ ਬੀਬੀ ਜੀ ਕਲ੍ਹ ਮੂੰਹ ਹਨੇਰੇ. ਇਸ ਪਿੰਡੋਂ ਬਾਹਰ ਬੇਹੋਸ ਪਏ ਹੋਏ ਸਨ. ਵੇਖ ਕੇ ਮੈਂ ਤੇ ਮੇਰੀ ਵਾਲਦਾ ਅਸੀਂ ਇਨ੍ਹਾਂ ਨੂੰ ਆਪਣੇ ਪਿੰਡ ਲੈ ਗਏ, ਕਿਉਂਕਿ ਉਸ ਵੇਲੇ ਨਜ਼ਦੀਕ ਕੋਈ ਨਹੀਂ ਸੀ, ਤੇ ਇਹਨਾਂ ਦੀ ਹਾਲਤ ਬੜੀ ਖ਼ਰਾਬ ਸੀ। ਹੁਣ ਅੱਲਾ ਦੇ ਫਜ਼ਲ ਨਾਲ ਇਹਨਾਂ ਦੀ ਤਬੀਅਤ ਠੀਕ ਹੋ ਗਈ ਏ। ਇਹਨਾਂ ਦਸਿਆ। ਸੀ ਕਿ ਇਹ ਲਾਲਾ ਮਿੱਠਾ ਮਲ ਦੀ ਬੇਵਾ ਨੇ, ਸੋ ਬਾਕੀ ਹਾਲ ਆਪ ਖ਼ੁਦ ਹੀ ਇਹਨਾਂ ਤੋਂ ਦਰਿਆਫ਼ਤ ਕਰ ਲੈਣਾ ਤੇ ਜਿਸ ਤਰ੍ਹਾਂ ਹੋ ਸਕੇ ਇਹਨਾਂ ਨੂੰ ਘਰ ਪਹੁੰਚਾ ਕੇ ਇਹਨਾਂ ਦੇ ਵਾਰਸਾਂ ਨਾਲ ਸਮਝੌਤਾ ਕਰਾ ਦਿਓ। ਆਪ ਦੀ ਬੜੀ ਮਿਹਰਬਾਨੀ ਹੋਵੇਗੀ। (ਤੀਵੀਂ ਨੂੰ) ਭੈਣ ਜੀ ! ਤੁਸੀਂ ਆਪ ਆ ਕੇ ਪੰਡਤ ਜੀ ਨੂੰ ਦਸ ਦਿਓ।”

ਗੱਲ ਸੁਣਦਿਆਂ ਸੁਣਦਿਆਂ ਪੰਡਤ ਹੋਰਾਂ ਦੇ ਚਿਹਰੇ ਤੇ ਕ੍ਰੋਧ ਦੀ ਲਾਲੀ ਝਲਕਣ ਲਗੀ। ਤੇ ਉਹਨਾਂ ਤਾੜਨਾ ਭਰੇ ਸ਼ਬਦਾਂ ਵਿਚ ਗਭਰੂ ਨੂੰ ਕਿਹਾ-‘ਜੁਆਨ ! ਪਹਿਰਾਵਾ ਤੇ ਤੇਰਾ ਪੜ੍ਹਿਆਂ ਲਿਖਿਆਂ ਵਾਲਾ ਏ, ਪਰ ਮਾਲੂਮ ਹੁੰਦਾ ਏ ਤੂੰ ਕੋਈ ਅਨਪੜ੍ਹ ਆਦਮੀ ਏ।”

ਗਭਰੂ ਹੈਰਾਨ ਹੋ ਕੇ ਬੋਲਿਆ-“ਬੰਦਾ ਨਵਾਜ਼ ! ਆਪ ਵਰਗੇ ਬਜ਼ੁਰਗਾਂ ਦੇ ਸਾਹਮਣੇ ਵਾਕਿਆ ਈ ਮੈਂ ਅਨਪੜ੍ਹ ਹਾਂ, ਪਰ ਵੈਸੇ ਤਾਂ ਮੈਂ ਐਫ ਏ. ਪਾਸ ਹਾਂ। ਜੇ ਕੋਈ ਗੁਸਤਾਖੀ ਦਾ ਲਫ਼ਜ਼ ਮੂੰਹੋਂ ਨਿਕਲ ਗਿਆ ਹੋਵੇ, ਤਾਂ ਮੁਆਫ਼ੀ ਦਾ ਖ਼ਾਸਤਗਾਰ ਹਾਂ।”

“ਬਸ ਮੈਂ ਸਮਝ ਲਿਆ”, ਕਹਿ ਕੇ ਤੇ ਹਸਦੇ ਹੋਏ ਪੰਡਤ ਹੋਰੀ ਬੋਲੇ-“ਇਸ ਅੰਗਰੇਜ਼ੀ ਨੇ ਤਾਂ ਸਾਡੇ ਭਾਰਤ ਵਰਸ ਦਾ ਬੇੜਾ ਗਰਕ ਕਰ ਦਿੱਤਾ ਏ। ਜੋ ਤੂੰ ਅੰਗਰੇਜ਼ੀ ਪੜ੍ਹਿਆ ਨਾ ਹੁੰਦੇ ਤਾਂ ਇਕ ਹਿੰਦੂ ਕੰਨਿਆ ਨੂੰ ‘ਭੈਣ’ ਕਹਿਣ ਦੀ ਗ਼ਲਤੀ ਕਦੇ ਨਾ ਕਰਦੇ। ਆਪਣੇ ਨਾਲ ਟਾਗੋ ਵਿਚ ਬਿਠਾ ਕੇ ਤੇ ਆਪਣੇ ਘਰ ਲੈ ਜਾ ਕੇ ਕਦੇ ਵੀ ਇਸ ਵਿਚਾਰੀ ਦਾ ਜਨਮ ਭ੍ਰਸ਼ਟ ਨਾ ਕਰਦੇ।”

ਗਭਰੂ, ਪੰਡਤ ਹੋਰਾਂ ਦੇ ਇਹ ਵਾਕ ਸੁਣ ਕੇ ਭੰਬਲ-ਭੂਸਿਆ ਵਿਚ ਪੈ ਗਿਆ, ਤੇ ਸੋਚਣ ਲੱਗਾ, ਮੈਂ ਇਹਨਾਂ ਨੂੰ ਕੀ ਉੱਤਰ ਦਿਆ। ਅਖ਼ੀਰ ਸੋਚ ਸੋਚ ਕੇ ਉਸ ਨੇ ਕਿਹਾ- ‘ਖ਼ੈਰ ਮੈਂ ਆਪਣੀ ਹਰ ਗ਼ਲਤੀ ਦੀ ਮੁਆਫ਼ੀ ਮੰਗਦਾ ਹਾਂ। ਆਪ ਇਸ ਵਿਚਾਰੀ ਮੁਸੀਬਤ-ਜ਼ਦਾ ਨੂੰ ਇਸ ਦੇ ਘਰ ਪਹੁੰਚਾਣ ਦੀ ਮਿਹਰਬਾਨੀ ਜ਼ਰੂਰ ਕਰੋ। ਇਸ ਦੀ ਜ਼ਬਾਨੀ ਜੋ ਕੁਝ ਹਾਲ ਅਸਾਂ ਸੁਣਿਆ ਏਂ ਉਸ ਤੋਂ ਪਤਾ ਲਗਦਾ ਏ ਕਿ ਇਸ ਨਾਲ ਬਹੁਤ ਜ਼ੁਲਮ ਹੋਇਆ टे।”

ਪੰਡਤ ਹੋਰੀਂ ਹੋਰ ਤੇਜ਼ੀ ਨਾਲ ਬੋਲੇ-“ਨਹੀਂ, ਇਹ ਹੁਣ ਹਿੰਦੂ ਧਰਮ ਤੋਂ ਪਤਤ ਹੋ ਚੁਕੀ ਏ, ਇਸ ਨੂੰ ਕਿਸੇ ਤਰ੍ਹਾਂ ਵੀ ਫੇਰ ਕੁਝ ਸੋਚ ਕੇ ਤੇ ਦੰਦਾਂ ਵਿਚ ਉਂਗਲ ਲੈ ਕੇ) ਉਂਜ ਤਾਂ ਮੈਨੂੰ ਇਸ ਦੀ ਹਾਲਤ ਤੇ ਬੜੀ ਦਇਆ ਆ ਰਹੀ ਏ। ਮੈਂ ਤੇ ਕਲ੍ਹ ਦਾ ਜਿਸ ਵੇਲੇ ਦਾ ਸੁਣਿਆ ਏਂ ਕਿ ਇਸ ਨੂੰ ਇਸ ਦੇ ਮਤਰਏ ਪੁਤਰਾਂ ਨੇ ਘਰੋਂ ਕੱਢ ਦਿਤਾ ਏ, ਉਸ ਵੇਲੇ ਦਾ ਅੰਨ ਜਲ ਨਹੀਂ ਗ੍ਰਹਿਣ ਕੀਤਾ। ਪਰ (ਗੁਰਦੇਈ ਨੂੰ) ਪੁਤ੍ਰੀ ! ਪਰੰਤੂ ਤੂੰ ਅੰਦਰ ਚਲ ਕੇ ਬੈਠ, ਮੈਂ ਉਹਨਾਂ ਦੁਸ਼ਟਾਂ ਨੂੰ ਸੱਦ ਕੇ ਹੁਣੇ ਠੀਕ ਕਰਦਾ ਹਾਂ। ਤੂੰ ਕੋਈ ਫਿਕਰ ਨਾ ਕਰ (ਡਕਾਰ ਲੈ ਕੇ) ਹਰੀਓ. ਮ।”

ਇਕ ਵਾਰਗੀ ਹੀ ਪੰਡਤ ਹੋਰਾਂ ਨੂੰ ਕ੍ਰੋਧ ਵਿਚੋਂ ਨਿਕਲ ਕੇ ਦਇਆ ਦੇ ਘਰ ਵਿਚ ਆਏ ਵੇਖ ਕੇ ਗਭਰੂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਅੱਥਰੂ ਆ ਗਏ ਤੇ ਉਹ ਬਿਹਬਲ ਹੋ ਕੇ ਪੰਡਤ ਹੋਰਾਂ ਦੇ ਪੈਰਾਂ ਤੇ ਝੁਕਦਾ ਹੋਇਆ ਬੋਲਿਆ-“ਆਪ ਤਾਂ ਮੁਜੱਸਮ ਫ਼ਰਿਸ਼ਤਾ ਹੋ ਮੈਂ…….!

ਉਸ ਦੇ ਹੋਰ ਕੁਝ ਕਹਿਣ ਤੋਂ ਪਹਿਲਾਂ ਹੀ ਪੰਡਤ ਹੋਰੀ ਦੇ ਤਿੰਨ ਕਦਮ ਪਿਛੇ ਹਟਦੇ ਹੋਏ ਬੋਲੇ-”ਦੇਖੋ ਦੇਖੋ ਪੈਰ ਨਾ ਛੁਹਣਾ. ਮੈਨੂੰ ਇਸ ਸਰਦੀ ਵਿਚ ਇਸ਼ਨਾਨ ਕਰਨਾ ਪਵੇਗਾ।”

ਗਭਰੂ ਨੂੰ ਫਿਰ ਆਪਣੀ ਕਾਹਲੀ ਤੇ ਸ਼ਰਮ ਆਈ. ਤੇ ਉਹ ਦੂਣੇ ਹੀ ਹੱਥ ਜੋੜ ਕੇ ਨਿਉਂ ਕੇ ਸਲਾਮ ਕਰਦਾ ਹੋਇਆ ਪਿਛਾਂਹ ਪਰਤਿਆ ਤੇ ਜਾਣ ਲਗਿਆ ਉਸਨੇ ਤੀਵੀਂ ਵਲ ਤੱਕ ਕੇ ਕਿਹਾ-“ਹੱਛਾ ਭੈ ” ਤੇ ਝਟ ਹੀ ਉਸ ਨੂੰ ਆਪਣੀ ਪਹਿਲੀ ਭੁੱਲ ਦਾ ਚੇਤਾ ਆ ਗਿਆ। ਉਹ ਬਿਨਾਂ ਕੁਝ ਹੋਰ ਕਹੇ ਟਾਂਗੇ ਵਿਚ ਜਾ ਬੈਠਾ। ਕੋਚਵਾਨ ਨੇ ਘੋੜੇ ਨੂੰ ਚਾਬਕ ਲਾਈ ਹੈ ਟਾਂਗਾ ਸੜਕ ਤੇ ਦੌੜਨ ਲੱਗਾ। ਜਦ ਤਕ ਟਾਂਗਾ ਅੱਖੋਂ ਓਹਲੇ ਨਾ ਹੋ। ਗਿਆ ਗੁਰਦੇਈ ਕ੍ਰਿਤਗਤਾ ਭਰੀ ਨਜ਼ਰ ਨਾਲ ਬਰਾਬਰ ਓਧਰ ਤੱਕਦੀ। ਰਹੀ।

ਗੁਰਦੇਈ ਅੰਦਰ ਲੰਘ ਗਈ। ਸਾਹਮਣੀ ਕੋਠੜੀ ਦੇ ਖੱਬੇ ਪਾਸੇ ਪੰਡਤ ਹੋਰਾਂ ਦਾ ਪੂਜਾ-ਅਸਥਾਨ ਸੀ । ਉਹ ਪੂਜਾ ਲਈ ਉਸ ਪਾਸੇ ਜਾਦੇ ਉਸ ਨੂੰ ਕਹਿ ਗਏ- ਪੁਤਰੀ ! ਸਾਹਮਣੇ ਵਾਲੀ ਪੀੜ੍ਹੀ ਪਰ ਬੈਠ ਜਾ। ਮੈਂ ਹੁਣੇ ਹੀ ਪੂਜਾ ਪਾਠ ਤੋਂ ਵਿਹਲਾ ਹੋ ਕੇ ਆਉਂਦਾ ਹਾਂ। ਹਰੀਓ ਮ।”

ਉਹ ਸੁੰਗੜ ਕੇ ਇਕ ਨੁੱਕਰੇ ਭੁੰਜੇ ਬੈਠ ਗਈ, ਤੇ ਪੰਡਤ ਹੋਰੀ ਪੂਜਾ ਪਾਠ ਵਿਚ ਰੁਝ ਗਏ। ਪਹਿਲਾਂ ਉਹ ਸੰਧਿਆ ਦਾ ਪਾਠ ਕਰਦੇ ਰਹੇ ਫਿਰ ਗੋਮੁਖੀ ਵਿਚ ਹੱਥ ਪਾ ਕੇ ਢੇਰ ਚਿਰ ਮਾਲਾ ਫੇਰਦੇ ਰਹੇ। ਇਸ ਤੋਂ ਬਾਅਦ ਉਹਨਾਂ ਦੀ ਸਮਾਧੀ ਖੁਲ੍ਹੀ ਤੇ ਉਹ ਉਠ ਕੇ ਹੌਲੀ ਹੌਲੀ ਕਿਸੇ ਮੰਤਰ ਦਾ ਜਾਪ ਕਰਦੇ ਹੋਏ ਗੁਰਦੇਈ ਦੇ ਪਾਸ ਆ ਕੇ ਮੰਜੇ ਤੇ ਬੈਠ ਗਏ। ਫਿਰ ਬੋਲੇ-“ਹਾਂ, ਪੁੱਤਰੀ ! ਦਸ ਕੀ ਕਹਿਣਾ ਚਾਹੁੰਦੀ ਹੈ ?”

ਗੁਰਦੇਈ ਕੁਝ ਚਿਰ ਚੁਪ ਰਹਿਣ ਤੋਂ ਬਾਅਦ ਤੀਲੇ ਨਾਲ ਜ਼ਮੀਨ ਖੇਤਰਦੀ ਹੋਈ ਤੇ ਸਿਰ ਧਰਤੀ ਨਾਲ ਲਾਈ ਹੌਲੀ ਜਿਹੀ ਬੋਲੀ-”ਜੀ ਤੁਹਾਥੋਂ ਕੀ ਗੁੱਝਾ ਏ।”

ਪੰਡਤ ਹੋਰੀਂ ਇਕ ਡਕਾਰ ਦੇ ਨਾਲ ਹੀ ਲੰਮੀ ਸੁਰ ਵਿਚ “ਹਰੀਓ ਮ” ਕਹਿ ਕੇ ਢਿੱਡ ਤੇ ਹੱਥ ਫੇਰਦੇ ਹੋਏ ਬੋਲੇ-“ਹਾ, ਮੈਨੂੰ ਰਾਜਾ ਰਾਮ (ਉਸ ਦਾ ਨੌਕਰ ਮੁੰਡਾ) ਨੇ ਰਾਤੀਂ ਦੱਸਿਆ ਸੀ ਕਿ ਕਰਮ ਚੰਦ ਨੇ ਤੈਨੂੰ ਮਾਰ ਕੁੱਟ ਕੇ ਘਰੋਂ ਕੱਢ ਦਿਤਾ ਏ। ਮੈਨੂੰ ਪੂਜਾ ਪਾਠ ਵਿਚ ਰੁਝੇ ਹੋਣ ਕਰ ਕੇ ਉਹਨਾਂ ਪਾਸੋਂ ਪੁਛਣ ਦੀ ਵਿਹਲ ਹੀ ਨਾ ਲਗੀ। ਹਰੀਓ.. ਮ।”

ਸੰਗਦੀ ਸੰਗਦੀ ਗੁਰਦੇਈ ਬੋਲੀ-‘ ਜੀ ਤੁਹਾਨੂੰ ਚੇਤਾ ਨਹੀਂ ਰਿਹਾ ਹੋਣਾ ਉਸ ਵੇਲੇ ਤੁਸੀਂ ਉਥੇ ਹੀ ਖੜ੍ਹੇ ਸੀ, ਜਦੋਂ ਤੁਸੀਂ ਕਰਮ ਚੰਦ ਦੇ ਕੰਨ ਵਿਚ ਕੁਝ ਕਹਿ ਰਹੇ ਸੌ।”

ਹੱਥ ਦੀ ਉਂਗਲੀ ਨਾਲ ਪੁੜਪੁੜੀ ਨੂੰ ਟੁਣਕਦਿਆ ਹੋਇਆਂ ਮਾਨੋ ਕਿਸੇ ਭੁੱਲੀ ਹੋਈ ਗੱਲ ਨੂੰ ਯਾਦ ਕਰਕੇ ਪੰਡਤ ਹੋਰੀਂ ਬੋਲੇ-‘ਓ. ਠੀਕ ਯਾਦ ਆ ਗਿਆ। ਸ਼ਿਵ ਸ਼ਿਵ ! ਇਹ ਦਿਮਾਗ਼ ਕਿਤਨਾ ਦੁਰਬਲ ਹੋ ਗਿਆ। ਏ। ਰਾਤ ਦੀ ਰੋਟੀ ਖਾਧੀ ਹੋਈ ਦਾ ਚੇਤਾ ਨਹੀਂ ਰਹਿੰਦਾ। ਠੀਕ ਏ, ਮੈਂ ਉਸ ਵੇਲੇ ਪੂਜਾ ਪਾਠ ਦੀ ਸਮੱਗਰੀ ਲਿਆ ਰਿਹਾ ਸਾਂ, ਜਦ ਤੁਹਾਡੇ ਘਰ ਅਗੋਂ ਦੀ ਲੰਘਿਆ, ਤਾਂ ਰੌਲੇ ਦੀ ਆਵਾਜ਼ ਆਈ। ਠੀਕ ਮੈਂ ਹੀ ਉਸ ਦੇ ਕੰਨ ਵਿਚ ਕਿਹਾ ਸੀ ਕਿ ਇਸ ਅਬਲਾ ਪੁਰ ਇਤਨਾ ਅਤਿਆਚਾਰ ਨਾ ਕਰੋ, ਤੇ ਇਸ ਦਾ ਹਿੱਸਾ ਵੰਡ ਕੇ ਇਸ ਦੇ ਹਵਾਲੇ ਕਰ ਦਿਓ। ਪਰ ਉਹ ਦੁਸ਼ਟ ਤਾਂ ਕਿਸੇ ਦੀ ਮੰਨਦਾ ਹੀ ਨਹੀਂ ਸੀ। ਅੱਛਾ ਫੇਰ ਉਸ ਤੋਂ ਉਪਰੰਤ ਕੀ ਹੋਇਆ ?”

ਗੁਰਦੇਈ ਨੇ ਉਸ ਵੇਲੇ ਤੋਂ ਲੈ ਕੇ ਹੁਣ ਤਕ ਦੀ ਕੁਲ ਆਪ-ਬੀਤੀ ਕਹਿ ਸੁਣਾਈ। ਅਬਦੁਲ ਗਫ਼ੂਰ ਤੇ ਉਸ ਦੀ ਮਾਂ ਦੀ ਉਦਾਰਤਾ ਤੇ ਉਪਕਾਰ ਸੁਣ ਕੇ ਪੰਡਤ ਹੋਰੀਂ ਕ੍ਰੋਧ ਨਾਲ ਬੁਲ੍ਹ ਟੁਕਦੇ ਹੋਏ ਬੋਲੇ-‘ਬੇਟੀ, ਤੂੰ ਅਜੇ ਇਹਨਾਂ ਲੋਕਾਂ ਦੀਆਂ ਚਾਲਾਂ ਨੂੰ ਨਹੀਂ ਸਮਝ ਸਕਦੀ ਉਹਨਾਂ ਨੇ ਤੇਰਾ ਧਰਮ ਵਿਗਾੜ ਦਿਤਾ, ਤੇ ਅਜੇ ਹੋਰ ਪਤਾ ਨਹੀਂ ਉਹਨਾਂ ਨੇ ਕੀ ਕੀ ਸ਼ੈਤਾਨ-ਪੁਣਾ ਕਰਨਾ ਸੀ। ਮੈਨੂੰ ਕਲ੍ਹ ਜਿਸ ਵੇਲੇ ਪਤਾ ਲਗਾ ਕਿ ਉਸ ਪਿੰਡ ਦਾ ਕੋਈ ਮੁਸਲਮਾਨ ਤੈਨੂੰ ਬੇਹੋਸ਼ੀ ਦੀ ਹਾਲਤ ਵਿਚ ਚੁਕ ਕੇ ਲੈ ਗਿਆ ਏ, ਤਾਂ ਪ੍ਰਾਣ ਸੁੰਨ ਹੋ ਗਏ। ਇਕ ਹਿੰਦੂ ਕੰਨਿਆ ਉਤੇ ਮਲੇਛਾਂ ਦਾ ਇਤਨਾ ਅਤਿਆਚਾਰ ! ਮੈਂ ਉਸੇ ਵੇਲੇ ਆਪਣੇ ਇਕ ਸੇਵਕ ਨੂੰ ਘੋੜੀ ਦੇ ਕੇ ਦੁੜਾਇਆ, ਕਿ ਉਹਨਾਂ ਨੂੰ ਕਹੇ ਲੜਕੀ ਨੂੰ ਹੁਣੇ ਮੇਰੇ ਮਕਾਨ ਤੇ ਪਹੁੰਚਾਓ, ਨਹੀਂ ਤਾਂ ਸਾਰੇ ਪਿੰਡ ਦੀ ਸਖ਼ਤੀ ਆ ਜਾਏਗੀ। ਬਸ ਉਸੇ ਦਾ ਫਲ ਹੈ ਕਿ ਉਹ ਦੁਸ਼ਟ ਤੈਨੂੰ ਚੁਪ-ਚੁਪੀਤਾ ਆ ਕੇ ਛੱਡ ਗਿਆ। (ਡਕਾਰ ਲੈ ਕੇ) ਹਰੀਓ ਮ ਗੁਰਦੇਈ ਗੱਲ ਕੁਝ ਬੋਲਦੀ ਬੋਲਦੀ ਰੁਕ ਗਈ. ਤੇ ਫਿਰ ਆਪਣੀ ਜ਼ਬਾਨ ਤੇ ਕਾਬੂ ਪਾਂਦੀ ਹੋਈ ਬੋਲੀ- ਜੀ ਉਹਨਾਂ ਨੂੰ ਤੇ ਮਹੀਉਂ ਕਿਹਾ ਸੀ।”

“ਕੀ ?”

“ਇਹੋ ਕਿ ਮੈਨੂੰ ਆਪਣੇ ਘਰ ਨਾ ਭੇਜੋ ਤੇ ਪੰਡਤ ਹੋਰਾਂ ਦੇ ਘਰ ਪਹੁੰਚਾ ਆਓ। ਮੈਂ ਸੋਚਿਆ, ਤੁਸੀਂ ਜਦ ਕਰਮ ਚੰਦ ਨੂੰ ਸਮਝਾਉਗੇ, ਤਾਂ ਉਹ ਆਪੇ ਮੰਨ ਜਾਵੇਗਾ।”

“ਠੀਕ ਹੈ, ਤੂੰ ਵੀ ਕਿਹਾ ਤੇ ਮੇਰਾ ਵੀ ਸੁਨੇਹਾ ਪੁਜਾ, ਫਿਰ ਤਾਂ ਉਹਨਾਂ ਆਪੇ ਹੀ ਐਸਾ ਕਰਨਾ ਸੀ। ਹੱਛਾ ਜੋ ਹੋਇਆ ਸੋ ਹੋਇਆ।

ਹੁਣ ਦਸ, ਤੂੰ ਕੀ ਚਾਹੁੰਦੀ ਹੈ ?”

“ਜੀ, ਮੈਨੂੰ ਮੇਰਾ ਹਿੱਸਾ ਦਿਵਾ ਦਿਓ।”

“ਪਰ ਜੇ ਤੂੰ ਅੱਗੇ ਵਾਂਗ ਹੀ ਟਿਕੀ ਰਹੇ ਤਾਂ ਕੀ ਹਰਜ ਹੈ ?” “ਜੀ ਉਹ ਮੈਨੂੰ ਇਕ ਘੜੀ ਵੀ ਨਹੀਂ ਰਹਿਣ ਦੇਣਗੇ।”

ਕੁਝ ਸੋਚ ਕੇ ਪੰਡਤ ਹੋਰੀਂ ਫਿਰ ਬੋਲੇ-‘ਹੱਛਾ ਤੂੰ ਜਾ ਕੇ ਉਪਰਲੀ ਬੈਠਕ ਵਿਚ ਬੈਠ, ਮੈਂ ਹੁਣੇ ਉਹਨਾਂ ਨੂੰ ਸਦਨਾਂ ਵਾਂ।”

ਗੁਰਦੇਈ ਸਿਰ ਨਿਵਾ ਕੇ ਉੱਪਰ ਚਲੀ ਗਈ ਤੇ ਪੰਡਤ ਹੋਰੀ ਰਾਮਨਾਮੀ ਦਾ ਪਰਨਾ ਮੋਢੇ ਸੁਟ ਕੇ, ਖੜਾਵਾਂ ਪੈਰੀਂ ਪਾ ਕੇ ਬਾਹਰ ਨਿਕਲ ਗਏ।

ਚਿੱਟਾ ਲਹੂ – ਅਧੂਰਾ ਕਾਂਡ (12)

32 ਅੰਮ੍ਰਿਤਸਰ ਦੀ ਇਕ ਛੋਟੀ ਜਿਹੀ ਗਲੀ ਵਿਚ ਮਕਾਨ ਕਿਰਾਏ ਤੇ ਲੈ ਕੇ, ਗਿਆਨੀ ਜੀ ਤੇ ਸੁੰਦਰੀ ਨੇ ਰਹਿਣਾ ਸ਼ੁਰੂ ਕਰ ਦਿੱਤਾ। ਬਚਨ ਸਿੰਘ ਨੂੰ ਬਚਾਣ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ, ਫ਼ਾਂਸੀ ਦੇ ਹੁਕਮ ਦੇ ਵਿਰੁਧ ਹਾਈਕੋਰਟ ਵਿਚ ਭਾਵੇਂ ਅਪੀਲ ਕੀਤੀ ਜਾ ਚੁਕੀ ਸੀ, ਪਰ ਸੁੰਦਰੀ ਜਾਣਦੀ ਸੀ ਕਿ ਇਹ ਐਵੇਂ ਰਸਮ ਮਾਤਰ ਹੀ ਹੈ। ਇਸ ਦਾ ਕੁਝ ਵੀ ਲਾਭ ਨਹੀਂ ਹੋਵੇਗਾ। ਤਾਰਾ ਚੰਦ ਨੂੰ ਢੂੰਡਣ ਦੀ ਤੀਬਰਤਾ ਉਸਦੇ ਦਿਲ ਵਿਚ ਦਿਨੋ ਦਿਨ ਵਧਦੀ ਜਾ ਰਹੀ ਸੀ, ਪਰ ਇਹ ਵੀ ਨਿਰੀ...

ਚਿੱਟਾ ਲਹੂ – ਅਧੂਰੇ ਕਾਂਡ ਦਾ ਬਾਕੀ ਹਿੱਸਾ (13)

(ਉਪਰੋਕਤ ਘਟਨਾ ਤੋਂ ਦੇ ਸਾਲ ਬਾਅਦ) ਕਿਤਾਬ ਦੇ ਮੁੱਢ ਵਿਚ ਪਾਠਕ ਪੜ੍ਹ ਆਏ ਹਨ ਕਿ ਰਾਤ ਵੇਲੇ ਗੁਪਤੇਸ੍ਵਰ’ ਨਾਉਂ ਦਾ ਇਕ ਮੁਸਾਫ਼ਰ ਬਾਬੂ ਸ਼ਾਮਦਾਸ ਦੇ ਕਮਰੇ ਵਿਚ ਬੈਠਾ ਉਸ ਨੂੰ ਇਕ ਹੱਥ ਲਿਖਿਆ ਨਾਵਲ ਸੁਣਾ ਰਿਹਾ ਸੀ। ਨਾਵਲ ਕਾਫੀ ਵੱਡਾ ਸੀ, ਪਰ ਬਾਬੂ ਸ਼ਾਮਦਾਸ ਇਕੋ ਬੈਠਕ ਵਿਚ ਸਾਰਾ ਸੁਣਨਾ ਚਾਹੁੰਦਾ ਸੀ। ਮੁਸਾਫ਼ਰ ਸੁਣਾਦਾ ਗਿਆ ਤੇ ਸ਼ਾਮਦਾਸ ਸੁਣਦਾ ਗਿਆ। ਏਸੇ ਸੁਣੇ ਸੁਣਾਈ ਵਿਚ ਰਾਤ ਬੀਤ ਗਈ। ਇਸ ਵੇਲੇ ਜਦ ਮੁਸਾਫ਼ਰ ਨੇ ਲਗਪਗ ਸਾਰਾ ਨਾਵਲ ਖ਼ਤਮ ਕਰ ਲਿਆ- ਸ਼ਾਇਦ ਇਕ ਅੱਧ ਕਾਂਡ ਹੀ ਬਾਕੀ...

ਚਿੱਟਾ ਲਹੂ – ਅਧੂਰਾ ਕਾਂਡ (4)

5 ਥੋੜ੍ਹੇ ਚਿਰ ਪਿਛੋਂ ਲਾਲਾ ਕਰਮ ਚੰਦ ਦੀ ਡਿਉਢੀ ਵਿਚ ਪੰਚਾਇਤ ਦੇ ਮੁਖੀਆਂ ਦੀ ਇਕ ਸਭਾ ਹੋ ਰਹੀ ਸੀ, ਜਿਸ ਦੇ ਕਰਤਾ ਧਰਤਾ ਸਾਡੇ ਪੰਡਤ ਜੀ ਮਹਾਰਾਜ ਸਨ। ਚੌਧਰੀ ਸਾਹਿਬ ਦਿੱਤਾ ਮਲ ਨੇ ਹੁੱਕੇ ਦਾ ਮੂੰਹ ਫੇਰ ਕੇ ਤੇ ਇਕ ਸੂਟਾ ਲਾ ਕੇ ਖੰਘਦਿਆਂ ਹੋਇਆਂ ਕਿਹਾ-”ਹਾਂ ਭਈ ਕਰਮ ਚੰਦਾ, ਕੀ ਬਣਿਆ ਫੇਰ ਉਸ ਮਾਮਲੇ ਦਾ?” ਕਰਮ ਚੰਦ ਪੱਗ ਨੂੰ ਖੁਰਕਦਾ ਹੋਇਆ ਬੋਲਿਆ-”ਚੌਧਰੀ ਜੀ ! ਸਾਰਾ ਮਾਮਲਾ ਤੇ ਤੁਹਾਡੇ ਸਾਹਮਣੇ ਹੀ ਹੋਇਆ ਸੀ। ਅੱਜ ਪੰਡਤ ਹੋਰੀ ਲਿਆਏ ਜੇ ਨਵਾਂ ਸਮਾਚਾਰ। ਸੋ ਇਹ ਵੀ...