20.8 C
Los Angeles
Tuesday, January 7, 2025

ਚਿੱਟਾ ਲਹੂ – ਅਧੂਰਾ ਕਾਂਡ (12)

32

ਅੰਮ੍ਰਿਤਸਰ ਦੀ ਇਕ ਛੋਟੀ ਜਿਹੀ ਗਲੀ ਵਿਚ ਮਕਾਨ ਕਿਰਾਏ ਤੇ ਲੈ ਕੇ, ਗਿਆਨੀ ਜੀ ਤੇ ਸੁੰਦਰੀ ਨੇ ਰਹਿਣਾ ਸ਼ੁਰੂ ਕਰ ਦਿੱਤਾ।

ਬਚਨ ਸਿੰਘ ਨੂੰ ਬਚਾਣ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ, ਫ਼ਾਂਸੀ ਦੇ ਹੁਕਮ ਦੇ ਵਿਰੁਧ ਹਾਈਕੋਰਟ ਵਿਚ ਭਾਵੇਂ ਅਪੀਲ ਕੀਤੀ ਜਾ ਚੁਕੀ ਸੀ, ਪਰ ਸੁੰਦਰੀ ਜਾਣਦੀ ਸੀ ਕਿ ਇਹ ਐਵੇਂ ਰਸਮ ਮਾਤਰ ਹੀ ਹੈ। ਇਸ ਦਾ ਕੁਝ ਵੀ ਲਾਭ ਨਹੀਂ ਹੋਵੇਗਾ।

ਤਾਰਾ ਚੰਦ ਨੂੰ ਢੂੰਡਣ ਦੀ ਤੀਬਰਤਾ ਉਸਦੇ ਦਿਲ ਵਿਚ ਦਿਨੋ ਦਿਨ ਵਧਦੀ ਜਾ ਰਹੀ ਸੀ, ਪਰ ਇਹ ਵੀ ਨਿਰੀ ਹਵਾ ਵਿਚ ਸੋਟੇ ਮਾਰਨ ਵਾਲੀ ਗਲ ਸੀ। ਉਸ ਨੂੰ ਰਹਿ ਰਹਿ ਕੇ ਆਪਣੀ ਮੂਰਖਤਾ ਉਤੇ ਅਫ਼ਸੋਸ ਹੋ ਰਿਹਾ ਸੀ ਕਿ ਉਸ ਨੇ ਅਨਵਰ ਪਾਸੋਂ ਤਾਰਾ ਚੰਦ ਦਾ ਹੁਲੀਆ ਪੁਛ ਲਿਆ ਹੁੰਦਾ। ਬਿਨਾਂ ਸ਼ਕਲ ਦੀ ਪਹਿਚਾਣ ਤੋਂ ਉਹ ਕੀਕਣ ਉਸ ਦੀ ਸੂਹ ਕੱਢਣ ਵਿਚ ਕਾਮਯਾਬ ਹੋ ਸਕਦੀ ਸੀ। ਅਨਵਰ ਪਾਸੋਂ ਉਹਨੂੰ ਏਨਾ ਹੀ ਪਤਾ ਲਗ ਸਕਿਆ ਸੀ ਕਿ ਤਾਰਾ ਚੰਦ ਉਦੋਂ ਸਿਆਲਕੋਟ ਇਕ ਸਰਕਾਰੀ ਦਫ਼ਤਰ ਵਿਚ ਨੌਕਰੀ ਕਰਦਾ ਸੀ। ਏਸੇ ਆਧਾਰ ਉਤੇ ਸੁੰਦਰੀ ਨੇ ਸਿਆਲਕੋਟ ਵਿਚ ਜਾ ਕੇ ਦਫ਼ਤਰਾਂ ਵਿਚ ਫਿਰ ਫਿਰ ਕੇ ਕਈ ਦਿਨ ਜਾਇਆ ਕੀਤੇ। ਪਰ ਅਜ ਤੋਂ ਅਠਾਰ੍ਹਾਂ ਉੱਨੀ ਵਰ੍ਹੇ ਪਹਿਲਾਂ ਦੀਆਂ ਗੱਲਾਂ ਦਾ ਥਹੁ ਪਤਾ ਉਸ ਨੂੰ ਕਿਥੋਂ ਮਿਲਣਾ ਸੀ। ਉਧਰੋਂ ਵੀ ਸੁੰਦਰੀ ਨੂੰ ਨਿਰਾਸ ਹੀ ਮੁੜਨਾ ਪਿਆ।

ਪਰ ਸੁੰਦਰੀ ਨੇ ਦਿਲ ਨਹੀਂ ਛਡਿਆ। ਉਸ ਨੇ ਨੱਠੇ ਭੱਜੀ ਬਰਾਬਰ ਜਾਰੀ ਰਖੀ। ਨਾਲ ਹੀ ਕੁਝ ਪੈਸੇ ਕਮਾਣ ਦੇ ਖ਼ਿਆਲ ਨਾਲ ਉਸ ਕਾਫ਼ੀ ਚਿਰ ਤੋਂ ਛਡਿਆ ਹੋਇਆ ਲਿਖਣ ਦਾ ਕੰਮ ਫੇਰ ਜਾਰੀ ਕਰ ਦਿਤਾ। ਉਹ ਦਿਨ ਰਾਤ ਕਿਸੇ ਨਾ ਕਿਸੇ ਕੰਮ ਵਿਚ ਲਗੀ ਰਹਿੰਦੀ ਸੀ। ਖਾਣ ਪੀਣ, ਕੱਪੜੇ ਲੱਤੇ, ਕਿਸੇ ਗੱਲ ਦੀ ਉਸ ਨੂੰ ਸੋਝੀ ਨਹੀਂ ਸੀ। ਹਾਈਕੋਰਟ ਦੇ ਫੈਸਲੇ ਨੂੰ ਉਹ ਬੜੀ ਬੇਤਾਬੀ ਨਾਲ ਉਡੀਕ ਰਹੀ ਸੀ, ਤੇ ਏਸੇ ਉਡੀਕ ਵਿਚ ਉਸਨੇ ਕਈ ਮਹੀਨੇ ਬਿਤਾ ਦਿੱਤੇ। ਇਨ੍ਹਾਂ ਦਿਨਾਂ ਵਿਚ ਉਸ ਦੀਆਂ ਅਨੇਕਾਂ ਕਹਾਣੀਆਂ ਪੰਜਾਬੀ ਦੇ ਰਸਾਲਿਆਂ ਵਿਚ ਛਪੀਆਂ, ਜਿਨ੍ਹਾਂ ਨੇ ਇਕ ਗੁੰਮਨਾਮ ਲੇਖਕ ਦੀਆਂ ਧੁੰਮਾਂ ਪਾ ਦਿਤੀਆਂ।

ਗਿਆਨੀ ਜੀ ਸੁੰਦਰੀ ਦਾ ਬੜਾ ਧਿਆਨ ਰਖਦੇ ਸਨ। ਹਰ ਵੇਲੇ ਉਸ ਨੂੰ ਆਤਮਕ ਉਪਦੇਸ਼ ਦੇ ਕੇ ਉਸ ਦੇ ਹਿਰਦੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਪਰ ਸੁੰਦਰੀ ਦੇ ਅੰਦਰ ਜਿਹੜੀ ਹਿੰਸਾ ਦੀ ਅੱਗ ਬਲ ਰਹੀ ਸੀ, ਉਸ ਉਤੇ ਕੁਝ ਅਸਰ ਨਹੀਂ ਸੀ ਹੁੰਦਾ। ਸੁੰਦਰੀ ਦਾ ਸਰੀਰ ਦਿਨੋਂ ਦਿਨ ਕਮਜ਼ੋਰ ਹੁੰਦਾ ਜਾਂਦਾ ਸੀ, ਪਰ ਉਸ ਦਾ ਮਨ ਸਗੋਂ ਕਰੜਾ ਤੇ ਬੇਲਚਕ ਹੁੰਦਾ ਜਾ ਰਿਹਾ ਸੀ। ਉਸ ਨੂੰ ਜਿਵੇਂ ਸਾਰੀ ਦੁਨਿਆ ਤੋਂ ਨਫ਼ਰਤ ਜਿਹੀ ਹੋ ਗਈ ਸੀ। ਜ਼ਿੰਦਗੀ ਉਸ ਨੂੰ ਅਸਹਿ ਤੇ ਬੇ-ਲੋੜਾ ਜਿਹਾ ਬੋਝ ਮਾਲੂਮ ਹੁੰਦਾ ਸੀ।

ਅਚਾਨਕ ਤੇ ਇਕ ਵਾਰਗੀ ਹੀ ਉਸਦੇ ਸਬਰ ਦਾ ਪਿਆਲਾ ਉਛਲ ਪਿਆ, ਜਦ ਇਕ ਦਿਨ ਉਸਨੂੰ ਬਚਨ ਸਿੰਘ ਦੀ ਚਿੱਠੀ ਮਿਲੀ। ਬਚਨ ਸਿੰਘ ਦੇ ਹੱਥਾਂ ਦਾ ਸਿਰਨਾਵਾਂ ਪਛਾਣ ਕੇ ਉਸ ਨੇ ਧੜਕਦੇ ਦਿਲ ਨਾਲ ਲਫ਼ਾਫ਼ਾ ਖੋਲ੍ਹਿਆ ਤੇ ਚਿਠੀ ਦੀ ਪਹਿਲੀ ਸਤਰ ‘ਸੁੰਦਰੀ ਜੀ ! ਅੰਤਮ ਪਿਆਰ ਪੜ੍ਹਦਿਆਂ ਹੀ ਉਸ ਦੇ ਸਿਰ ਨੂੰ ਚੱਕਰ ਆਉਣ ਲਗੇ, ਪਰ ਉਸਨੇ ਝੱਟ ਆਪਣੇ ਆਪ ਨੂੰ ਸੰਭਾਲਿਆ, ਤੇ ਚਿਠੀ ਪੜ੍ਹਨੀ ਸ਼ੁਰੂ ਕੀਤੀ

ਅਪੀਲ ਨਾ ਮਨਜ਼ੂਰ ਹੋ ਚੁਕੀ ਹੈ ਤੇ ਫ਼ਾਂਸੀ ਦਾ ਦਿਨ ਵੀ ਮੁਕਰਰ ਹੋ ਗਿਆ ਹੈ— ਆਉਂਦੇ ਮੰਗਲਵਾਰ…

ਸੁੰਦਰੀ ਦੇ ਹੱਥਾਂ ਚੋਂ ਚਿਠੀ ਡਿਗ ਪਈ, ਉਸ ਦੇ ਹੱਥ ਪੈਰ ਮੁੜਦੇ। ਜਾਂਦੇ ਸਨ, ਪਰ ਉਸਨੇ ਕਚੀਚੀ ਖਾ ਕੇ ਇਕ ਵਾਰੀ ਫੇਰ ਦਿਲ ਨੂੰ ਕਰੜਾ ਕੀਤਾ- ਗਿਆਨੀ ਜੀ ਦੇ ਆਤਮਕ ਉਪਦੇਸ਼ਾਂ ਨੇ ਇਸ ਵੇਲੇ ਉਸ ਦੀ ਮਦਦ ਕੀਤੀ। ਉਸ ਨੇ ਫੇਰ ਪੜ੍ਹਨਾ ਸ਼ੁਰੂ ਕੀਤਾ – ਆਹ ਸੰਦਰੀ ਜੀ ਜਾਣਦੇ ਹੈ। ਇਸ ਵੇਲੇ ਮੇਰੇ ਦਿਲ ਦੀ ਕੀ ਹਾਲਤ ਹੈ ? ਕੋਈ ਵੀ ਨਹੀਂ ਜਾਣ ਸਕਦਾ। ਬਿਨਾਂ ਉਸ ਬਦਨਸੀਬ ਤੋਂ ਜਿਸ ਨਾਲ ਮੇਰੇ ਵਾਲੀ ਹਾਲਤ ਵਾਪਰੀ ਹੋਵੇ। ਉਫ ! ਇਹ ਦੁਨੀਆ ਕਿਤਨੀ ਡਰਾਉਣੀ ਮਾਲੂਮ ਹੋ ਰਹੀ ਹੈ। ਸੀਖਾਂ ਵਾਲੀ ਕੋਠੜੀ ਵਿਚ, ਤੇ ਉਹ ਵੀ ਸਾਧਾਰਨ ਕੈਦੀਆਂ ਵਾਲੀ ਨਹੀਂ— ਫ਼ਾਂਸੀ ਦੀ ਕੋਠੜੀ ਵਿਚ ਹੋਣ ਤੇ ਵੀ। ਮੈਂ ਜਾਣੀਦਾ ਇਸ ਵੇਲੇ ਕੈਦ ਤੋਂ ਆਜ਼ਾਦ ਹਾਂ, ਤੇ ਆਪਣੇ ਆਪ ਨੂੰ ਇਸ ਦੁਨੀਆ ਦੇ ਉਤੇ ਉਡਦਾ ਫਿਰਦਾ ਵੇਖ ਰਿਹਾ ਹਾਂ। ਇਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਦ੍ਰਿਸ਼ ਅੱਖਾਂ ਅੱਗੋਂ ਲੰਘਦਾ ਜਾਂਦਾ ਹੈ। ਕਿਹੜੇ ਦ੍ਰਿਸ਼ ? ਉਹੀ, ਜਿਹੜੇ ਹੋਸ਼ ਸੰਭਾਲਣ ਤੋਂ ਲੈ ਕੇ ਅੱਜ ਤਕ ਵੇਖ ਚੁਕਾ ਹਾਂ।

ਜਦੋਂ ਸੁਪ੍ਰਿੰਟੈਂਡੈਂਟ ਨੇ ਮੇਰੀ ਕੋਠੜੀ ਪਾਸ ਆ ਕੇ ਮੈਨੂੰ ਪਹਿਲੀ ਵੇਰਾਂ ਫਾਂਸੀ ਦਾ ਹੁਕਮ ਸੁਣਾਇਆ ਸੀ, ਓਦੋਂ ਮੇਰੀ ਕੀ ਹਾਲਤ ਹੋਈ ? ਉਸ ਦੇ ਮੂੰਹੋਂ ਇਕ ਦੁੰਹ ਅੱਖਰਾਂ ਦਾ ਸ਼ਬਦ ਨਿਕਲਣ ਦੀ ਹੀ ਦੇਰ ਸੀ ਕਿ ਮੇਰੇ ਲਈ ਦੁਨੀਆ ਦਾ ਢਾਂਚਾ ਹੀ ਬਦਲ ਗਿਆ। ਉਸ ਵੇਲੇ ਕੋਠੜੀ ਦੀਆਂ ਕੰਧਾਂ, ਛੱਤ, ਸੀਖਾਂ ਵਾਲੇ ਬੂਹੇ ਤੇ ਫ਼ਰਸ਼ ਆਦਿ ਸਭ ਚੀਜ਼ਾਂ ਫ਼ਾਂਸੀ ਫ਼ਾਂਸੀ ਦਾ ਸ਼ੋਰ ਮਚਾ ਕੇ ਮੇਰੇ ਕੰਨ ਖਾ ਰਹੀਆਂ ਸਨ। ਬਾਹਰ ਮੰਤਰੀ ਬੰਦੂਕ ਮੋਢੇ ਤੇ ਧਰੀ ਮੂੰਹ ਵਿਚ ਗੁਣਗਣਾਉਂਦਾ ਹੋਇਆ ਇਧਰੋਂ ਉਧਰ ਤੇ ਉਧਰੋਂ ਇਧਰ ਆਉਂਦਾ ਜਾਂਦਾ ਸੀ- ਉਹ ਵੀ ਜਿਵੇਂ ਫ਼ਾਂਸੀ ਦਾ ਰਾਗ ਅਲਾਪ ਰਿਹਾ ਸੀ। ਸਾਹਮਣੇ ਵਾਲੇ ਤੂਤ ਦੇ ਦਰੱਖ਼ਤ ਉਤੇ ਕਾਂ ਬੋਲ ਰਹੇ ਸਨ, ਜਿਵੇਂ ਉਨ੍ਹਾਂ ਨੂੰ ‘ਫ਼ਾਂਸੀ’ ਸ਼ਬਦ ਬਿਨਾਂ ਹੋਰ ਕੁਝ ਯਾਦ ਨਹੀਂ ਸੀ।

ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਰਿਹਾ ਸਾਂ। ਨਹੀਂ, ਕਾਂਬਾ ਨਹੀਂ ਸੀ ਛਿੜਿਆ ਹੋਇਆ- ਨਾ ਹੀ ਮੇਰਾ ਕੋਈ ਅੰਗ ਕੰਬਦਾ ਮਾਲੂਮ ਹੁੰਦਾ ਸੀ, ਪਰ ਮੇਰਾ ਅੰਦਰਲਾ ਕੁਝ ਇਸ ਤਰ੍ਹਾਂ ਅਨੁਭਵ ਕਰਦਾ ਸੀ ਜੀਕਣ ਮੈਂ ਕੰਬ ਰਿਹਾ ਹਾਂ, ਮੇਰਾ ਦਿਲ ਦਿਮਾਗ਼, ਮੇਰੇ ਖ਼ਿਆਲ ਤੇ ਹਰ ਇਕ ਚੀਜ਼ ਕੰਬ ਰਹੀ ਸੀ। ਫ਼ਰਸ਼ ਛੱਤ, ਸਾਹਮਣਾ ਵਿਹੜਾ ਤੇ ਬਾਹਰਲੇ ਦਰਖ਼ਤ ਕੰਬ ਰਹੇ ਸਨ।

ਕਈ ਘੰਟੇ ਮੇਰੀ ਇਹੋ ਹਾਲਤ ਰਹੀ, ਫਿਰ ਹੌਲੀ ਹੌਲੀ ਦੂਸਰਾ ਸੀਨ ਆਇਆ। ਉਹ ਸੀ ਇਕ ਭੋਲੀ ਭਾਲੀ ਦੇਵੀ ਦੀ ਤਸਵੀਰ, ਜਿਸਦਾ ਰੰਗ ਸਰ੍ਹੋਂ ਦੇ ਫੁਲ ਵਰਗਾ ਪੀਲਾ ਸੀ, ਜਿਸ ਦਾ ਸਰੀਰ ਜਿਵੇਂ ਕਿਸੇ ਡਾਕਟਰ ਦੀ ਡਿਸਪੈਂਸਰੀ ਵਿਚ ਰੱਖਣ ਵਾਲਾ ਹੱਡੀਆਂ ਦਾ ਢਾਂਚਾ ਸੀ, ਪਰ ਉਸ ਦੇ ਵਿਚੋਂ – ਪੀਲੇ ਚਿਹਰੇ ਵਿਚੋਂ ਕੋਈ ਚਮਕ ਪੈਦਾ ਹੋ ਰਹੀ ਸੀ, ਤੇ ਬਸ ਉਹੀ ਮੇਰੇ ਦਿਲ ਵਿਚ ਖੇਹ ਪਾ ਰਹੀ ਸੀ। ਉਸ ਨੂੰ ਵੇਖਦਿਆਂ ਹੀ ਮੈਨੂੰ ਕੁਝ ਸਰੂਰ ਜਿਹਾ ਆ ਗਿਆ। ਮੈਨੂੰ ਚੇਤਾ ਹੀ ਭੁਲ ਗਿਆ ਕਿ ਮੈਂ ਮੌਤ ਦੀ ਸਜ਼ਾ ਪਾ ਚੁਕਾ ਹਾਂ। ਇਹ ਸੀ ਮੇਰੀ ਸੁੰਦਰੀ।

ਦੂਜੇ ਹੀ ਪਲ ਉਹ ਤਸਵੀਰ ਅਲੋਪ ਹੋ ਗਈ, ਤੇ ਮੇਰੀਆਂ ਅੱਖਾਂ ਫ਼ਾਸੀ ਦੀ ਪੀਂਘ ਵੇਖ ਰਹੀਆਂ ਸਨ, ਤੇ ਉਸ ਦੇ ਕੋਲ ਹੀ ਇਕ ਕਾਲੇ ਤੇ ਡਰਾਉਣੇ ਮੂੰਹ ਵਾਲੇ ਜੱਲਾਦ ਨੂੰ, ਜਿਹੜਾ ਬੜੀ ਮਿਹਨਤ ਨਾਲ ਫਾਂਸੀ ਦੇ ਰੱਸੇ ਨੂੰ ਤੇਲ ਮਲ ਮਲ ਕੇ ਉਸ ਨੂੰ ਕਿਸੇ ਚੀਜ਼ ਦਾ ਘੋਟਾ ਚਾੜ੍ਹ ਰਿਹਾ ਸੀ। ਇਸ ਨਜ਼ਾਰੇ ਨੂੰ ਵੇਖ ਕੇ ਮੈਨੂੰ ਫਿਰ ਉਸੇ ਹੀ ਪਹਿਲੀ ਤਰ੍ਹਾਂ ਵਾਲਾ ਕਾਂਬਾ ਛਿੜ ਗਿਆ। ਮੇਰਾ ਦਿਲ ਹੋਰ ਕਈ ਤਰ੍ਹਾਂ ਦੇ ਬੇਓੜਕ ਖ਼ਿਆਲਾ ਵਿਚ ਰੁੜ੍ਹ ਗਿਆ। ਮੇਰਾ ਦਿਲ ਘਬਰਾਈ ਹੋਈ ਆਵਾਜ਼ ਵਿਚ ਜੱਲਾਦ ਨੂੰ ਜਿਵੇਂ ਕਹਿ ਰਿਹਾ ਸੀ – ‘ਮੇਰੇ ਦੋਸਤ ! ਰਤਾ ਠਹਿਰ ਜਾ, ਇਤਨੀ ਕਾਹਲੀ ਨਾ ਕਰ, ਅਜੇ ਮੇਰੇ ਕਈ ਕੰਮ ਅਧੂਰੇ ਪਏ ਨੇ, ਇਨ੍ਹਾਂ ਨੂੰ ਮੁਕਾ ਲੈਣ ਦੇਹ। ਮੈਂ ਬਹੁਤਾ ਚਿਰ ਨਹੀਂ ਲਵਾਂਗਾ, ਬਸ ਝੱਟ ਪਟ । ਪਰ ਜੱਲਾਦ ਸਗੋਂ ਹੋਰ ਛੇਤੀ ਕਰ ਰਿਹਾ ਸੀ – ‘ਵਾਹ ! ਮੈਨੂੰ ਆਪਣਾ ਕੰਮ ਮੁਕਾਣ ਦੀ ਕਾਹਲੀ ਹੈ ਤੇ ਤੈਨੂੰ ਆਪਣਾ ਕੰਮ ਮੁਕਾਣ ਦੀ ਤੇ ਉਹ ਫੇਰ ਦਬਾ ਦਬਾ ਘੋਟਾ ਚਾੜ੍ਹਨ ਲੱਗਾ। ਮੇਰਾ ਦਿਲ ਉਸ ਦਾ ਉੱਤਰ ਸੁਣ ਕੇ ਨਿਰਾਸ਼ ਹੋ ਗਿਆ, ਮੇਰਾ ਹਾਲ ਉਸ ਮੁਸਾਫ਼ਰ ਵਾਂਗ ਹੋ ਗਿਆ। ਜਿਸ ਨੇ ਅਜੇ ਕਈ ਕਈ ਗੱਡੇ ਅਸਬਾਬ ਦੇ ਰੇਲ ਗੱਡੀ ਵਿਚ ਲੱਦਣੇ ਹੋਣ, ਪਰ ਗੱਡੀ ਨੇ ਵਿਸਲ ਅਤੇ ਬਾਬੂ ਨੇ ਹਰੀ ਝੰਡੀ ਦੇ ਦਿਤੀ ਹੋਵੇ।

ਆਹ । ਸੁੰਦਰੀ ਜੀ, ਤੁਸੀਂ ਆਪਣੀ ਕਿਸੇ ਚਿੱਠੀ ਵਿਚ ਇਸ ਮੌਤ ਦੀਆਂ ਜੋ ਸਿਫ਼ਤਾਂ ਕੀਤੀਆਂ ਸਨ, ਉਹਨਾਂ ਦੇ ਅਸਰ ਨਾਲ ਮੈਂ ਵੀ ਉਸੇ ਤਰ੍ਹਾਂ ਸਮਝਣ ਲੱਗ ਪਿਆ ਸਾਂ, ਪਰ ਓਹ ! ਫ਼ਾਂਸੀ ਦਾ ਹੁਕਮ ਸੁਣਦਿਆਂ ਹੀ ਤੁਹਾਡੇ ਸਾਰੇ ਉਪਦੇਸ਼ ਭੁਲ ਗਏ। ਇਹ ਮੌਤ, ਅੱਗੇ ਨਾਲੋਂ ਵੀ ਹਜ਼ਾਰ ਗੁਣਾਂ ਵਧ ਡਰਾਉਣੀ ਸ਼ਕਲ ਬਣਾਈ ਮੇਰੇ ਸਾਹਮਣੇ ਆ ਖੜ੍ਹੀ ਹੋਈ।

ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਨਾਲ ਮੁਲਾਕਾਤ ਨਾ ਕਰਨੀ – ਇਸ ਨਾਲ ਮੇਰੀ ਤਕਲੀਫ਼ ਹੋਰ ਵਧ ਜਾਵੇਗੀ, ਪਰ ਹੁਣ ਹਾਲਤ ਉਹ ਨਹੀਂ ਰਹੀ ! ਮੈਨੂੰ ਜਾਪਦਾ ਹੈ ਜੁ ਮੇਰੇ ਸਾਰੇ ਦੁੱਖਾਂ ਦਾ ਦਾਰੂ ਹੀ ਤੁਸੀਂ ਹੇ। ਬਸ ਮੈਂ ਮਰਨ ਤੋਂ ਪਹਿਲਾਂ ਇਕ ਵਾਰੀ ਤੇ ਸਿਰਫ ਇਕੋ ਵਾਰੀ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਹਾਡਾ ਮਿਲਾਪ ਮੇਰੇ ਲਈ ਇਤਨਾ ਲਾਭਕਾਰੀ ਸਾਬਤ ਹੋਵੇਗਾ ਕਿ ਮੈਂ ਸ਼ਾਂਤੀ ਤੇ ਖ਼ੁਸ਼ੀ ਨਾਲ ਮਰਾਂਗਾ।

ਸੁੰਦਰੀ ਜੀ । ਇਹ ਗੱਲਾਂ ਕੌਣ ਲਿਖ ਰਿਹਾ ਹੈ ? ਇਹ ਵਲਵਲੇ ਕਿਥੋਂ ਉਠ ਰਹੇ ਹਨ, ਤੇ ਕਿਹੜੀ ਚੀਜ਼ ਦਿਮਾਗ਼ ਵਿਚ ਬੈਠੀ ਹੋਈ ਤਰਤੀਬਵਾਰ ਇਹਨਾਂ ਨੂੰ ਕਲਮ ਹਵਾਲੇ ਕਰ ਰਹੀ ਹੈ ? ਇਤਨੇ ਛੋਟੇ ਜਿਹੇ ਦਿਲ ਤੇ ਦਿਮਾਗ਼ ਵਿਚ ਏਨਾ ਕੁਝ ਕਿਸ ਤਰ੍ਹਾਂ ਸਮਾ ਰਿਹਾ ਹੈ ? ਤੇ ਕੀ ਇਕ ਚਹੁੰ ਗਜ਼ਾਂ ਦੀ ਰੱਸੀ ਆਪਣੇ ਇਕੋ ਝੂਟੇ ਨਾਲ ਇਸ ਸਾਰੇ ਕੁਝ ਦਾ ਅੰਤ ਕਰ ਦੇਵੇਗੀ ? ਕੀ ਇਸ ਜ਼ਰਾ ਕੁ ਜਿੰਨੇ ਹੁਲਾਰੇ ਨਾਲ ਹੀ ਅੱਖਾਂ ਦੀਆਂ ਨਹਿਰਾਂ – ਜੇ ਇਸ ਵੇਲੇ ਹੜ੍ਹ ਲਿਆਉਣ ਵਾਲੀ ਤੇਜ਼ੀ ਨਾਲ ਵਹਿ ਰਹੀਆਂ ਹਨ – ਇਕ ਦਮ ਸੁੱਕ ਕੇ ਬੰਜਰ ਹੋ ਜਾਣਗੀਆਂ ? ਕੀ ਇਹ ਹੱਥ – ਜਿਹੜੇ ਬਿਜਲੀ ਦੀ ਤੇਜ਼ੀ ਨਾਲ ਕਲਮ ਨੂੰ ਚਲਾ ਰਹੇ ਨੇ – ਠੀਕ ਅੱਜ ਤੋਂ ਛੇਵੇਂ ਦਿਨ ਲੱਕੜ ਦੇ ਸੱਕ ਬਣ ਜਾਣਗੇ ? ਹਿਰਦੇ ਦੇ ਮੰਦਰ ਵਿਚ ਜਿਸ ਸਵਰਗੀ ਦੇਵੀ ਦੀ ਮੂਰਤੀ ਬਿਰਾਜਮਾਨ ਹੈ, ਤੇ ਮੈਂ ਰੋਜ਼ ਹੀ ਪਿਆਰ ਦੇ ਫੁੱਲਾਂ ਨਾਲ ਜਿਸ ਦੀ ਪੂਜਾ ਕਰਦਾ ਹਾਂ, ਉਹ ਪ੍ਰਤਿਮਾ, ਹੋਣੀ ਦੇ ਜ਼ੁਲਮੀ ਹਥੌੜੇ ਦੀ ਇਕੋ ਸੱਟ ਨਾਲ ਚੀਨਾ ਚੀਨਾ ਹੋ ਜਾਵੇਗੀ ? ਓਹੋ ! ਮੈਂ ਕਿਤਨਾ ਮੂਰਖ ਹਾਂ, ਘਰ ਵਿਚ ਲੱਗੀ ਹੋਈ ਅੱਗ ਨੂੰ ਚੁਲੀਆਂ ਨਾਲ ਬੁਝਾਣ ਵਾਂਗ ਮੈਂ ਇਹ ਕੀ ਕਥਾ ਛੇੜ ਬੈਠਾ ਹਾਂ।

ਸੁੰਦਰੀ ਜੀ ! ਬਸ ਕਰਦਾ ਹਾਂ। ਇਹ ਦੁਖਾਂ ਭਰੇ ਅਫ਼ਸਾਨੇ ਮੁਕਣ ਵਾਲੇ ਨਹੀਂ। ਜਿਸ ਨੂੰ ਸੱਚ ਮੁਚ ਪਿਆਸ ਲੱਗੀ ਹੋਈ ਹੋਵੇ, ਸੁਪਨੇ ਵਿਚ ਮਣਾਂ ਮੂੰਹੀਂ ਪਾਣੀ ਪੀਣ ਨਾਲ ਵੀ ਪਿਆਸ ਨਹੀਂ ਬੁਝਦੀ। ਤੁਹਾਡੇ ਨਾਲ ਮੇਰਾ ਇਤਨਾ ਹੀ ਰਿਸ਼ਤਾ ਸੀ, ਪਰ ਨਹੀਂ ਇਹ ਤਾਂ ਪ੍ਰਲੈ ਕਾਲ ਤੱਕ ਅਟੱਲ ਰਹੇਗਾ।

ਵੇਖੋ ਸੁੰਦਰੀ ਜੀ, ਤੁਹਾਡੀ ਉਸ ਚਿਠੀ ਦਾ ਭਾਵ ਮੈਂ ਓਦੋਂ ਨਹੀਂ ਸਾਂ ਸਮਝਿਆ, ਹੁਣ ਸਮਝ ਆਈ ਹੈ। ਕੀ ਤੁਸੀਂ ਮੇਰੇ ਮਰਨ ਤੋਂ ਬਾਅਦ ਜਿਊਣਾ ਨਹੀਂ ਚਾਹੁੰਦੇ ? ਮੈਂ ਤੁਹਾਨੂੰ ਇਹ ਆਖ਼ਰੀ ਸਲਾਹ ਦੇਂਦਾ ਹਾਂ ਕਿ ਤੁਸੀਂ ਹਰਗਿਜ਼ ਅਜਿਹਾ ਨਾ ਕਰਨਾ । ਪਰ ਜੇ ਤੁਸੀਂ ਹੋਰ ਕਿਸੇ ਤਰ੍ਹਾਂ ਨਾ ਵੀ ਮੰਨੋਗੇ, ਤਾਂ ਮੈਂ ਤੁਹਾਨੂੰ ਇਕ ਗਲ ਦਾ ਚੇਤਾ ਕਰਾ ਦਿਆਂ। ਤੁਹਾਡੇ ਸਿਰ ਤੇ ਇਕ ਦੁਖੀ ਹਸਤੀ ਦਾ ਬੋਝ ਹੈ – ਮੇਰੀ ਨਿਆਸਰੀ ਮਾਤਾ ਜੀ ਦਾ, ਜਿਹੜੀ ਇਸ ਵੇਲੇ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਹੀ ਹੈ। ਬਸ ਜਦ ਤਕ ਤੁਸੀਂ ਉਸ ਵੱਲੋਂ ਬੇ-ਫ਼ਿਕਰ ਨਹੀਂ ਹੋ ਜਾਂਦੇ, ਤਦ ਤਕ ਤੁਹਾਡਾ ਕੋਈ ਹੱਕ ਨਹੀਂ ਅਜਿਹਾ ਕਰਨ ਦਾ। ਜਦ ਕਿ ਅਸਾਂ ਲੱਖਾਂ ਵਰ੍ਹਿਆਂ ਲਈ ਕੱਠਿਆ ਹੋਣਾ ਤੇ ਰਹਿਣਾ ਹੈ, ਤਾਂ ਫਿਰ ਇਹ ਥੋੜ੍ਹਾ ਜਿਹਾ ਵਿਛੋੜਾ ਸਹਾਰਨਾ ਕੋਈ ਔਖੀ ਗਲ ਹੈ ? ਮੈਂ ਤੁਹਾਡੀ ਉਡੀਕ ਕਰਾਂਗਾ ਪਰ ਤੁਸੀਂ ਆਪਣਾ ਫ਼ਰਜ਼ – ਜੋ ਮੈਂ ਤੁਹਾਡੇ ਜ਼ਿੰਮੇ ਲਾ ਚਲਿਆ ਹਾਂ, ਪੂਰਾ ਕੀਤੇ ਬਿਨਾਂ ਮੇਰੇ ਪਾਸ ਨਹੀਂ ਆ ਸਕਦੇ। ਸੋਮਵਾਰ ਮੇਰੇ ਘਰਦਿਆਂ ਦੀ ਮੁਲਾਕਾਤ ਹੋਵੇਗੀ ਤੇ ਮੰਗਲਵਾਰ ਤੁਹਾਡੀ। ਸੋ ਮੰਗਲਵਾਰ ਸਵੇਰੇ ਗਿਆਨੀ ਜੀ ਨਾਲ ਇਥੇ ਪਹੁੰਚ ਜਾਣਾ ਤੇ ਸੁੰਦਰੀ ਜੀ ! ਸਾਡੀ ਮੁਲਾਕਾਤ ਖੁਲ੍ਹੀ ਡੁਲ੍ਹੀ ਹੋਵੇਗੀ। ਸੁਪਰਿੰਟੈਂਡੈਂਟ ਨੇ ਖ਼ਾਸ ਮਿਹਰਬਾਨੀ ਕਰਕੇ ਇਸ ਦਾ ਇਕਰਾਰ ਕੀਤਾ ਹੈ। ਆਹ ! ਸੁੰਦਰੀ ਜੀ । ਕੀ ਮੈਂ ਚਿੱਠੀ ਖਤਮ ਕਰ ਦਿਆਂ? ਇਹ ਕੰਮ ਮੈਨੂੰ ਕਿੰਨਾ ਔਖਾ ਜਾਪਦਾ ਹੈ । ਮਾਨੋ ਚਿਠੀ ਖ਼ਤਮ ਹੋਣ ਦੇ ਨਾਲ ਹੀ ਮੇਰੇ ਭਾਣੇ ਸਾਰਾ ਸੰਸਾਰ ਖ਼ਤਮ ਹੋ ਜਾਵੇਗਾ ਤੇ ਮੇਰੇ ਕਰਨ ਲਈ ਇਸ ਦੁਨੀਆ ਵਿਚ ਕੁਝ ਵੀ ਨਹੀਂ ਰਹਿ ਜਾਏਗਾ।

ਕਾਗ਼ਜ਼ ਖ਼ਤਮ ਹੋ ਚੁਕਾ ਹੈ – ਹਾਸ਼ੀਏ ਉਤੇ ਵੀ ਥਾਂ ਬਾਕੀ ਨਹੀਂ ਰਹੀ। ਅੱਖਰਾਂ ਵਿਚ ਅੱਖਰ ਘੁਸੇੜ ਕੇ ਏਨਾ ਕੁਝ ਹੀ ਲਿਖ ਸਕਿਆ ਹਾਂ। ਸਿਰ ਤੇ ਖੜ੍ਹਾ ਜਮਾਦਾਰ ਤੰਗ ਕਰ ਰਿਹਾ ਹੈ ਕਿ ਛੇਤੀ ਚਿੱਠੀ ਬੰਦ ਕਰ ਸੁਪਰਿੰਟੈਂਡੈਂਟ ਦੇ ਆਉਣ ਦਾ ਵੇਲਾ ਹੋ ਗਿਆ ਹੈ।

ਤੁਹਾਡੀ ਪਿਆਰ ਭਰੀ ਸੂਰਤ ਨੂੰ ਦਿਲ ‘ਚ ਰਖਦਾ ਹੋਇਆ ਮੇਰੀ ਸੁੰਦਰੀ ਜੀ, ਚਿਠੀ ਸਮਾਪਤ ਕਰਦਾ ਹਾਂ। ਅੰਤਮ ਪਿਆਰ। ਤੁਹਾਡਾ ਬਚਨ ਸਿੰਘ

33

ਫ਼ਾਂਸੀ ਦਾ ਹੁਕਮ ਹੋਣ ਤੋਂ ਲੈ ਕੇ ਅੱਜ ਤੱਕ ਬਚਨ ਸਿੰਘ ਦਿਨ ਰਾਤ ਸੈਂਕੜੇ ਤਰ੍ਹਾਂ ਦੇ ਖਿਆਲੀ ਮਹਿਲ ਉਸਾਰਦਾ ਤੇ ਢਹੁੰਦਾ ਰਿਹਾ। ਅਨੇਕਾਂ ਕਿਸਮ ਦੇ ਖਿਆਲ ਦਰਿਆ ਦੇ ਹੜ੍ਹ ਵਾਂਗ ਉਸ ਦੇ ਦਿਲ ਵਿਚ ਆਉਂਦੇ ਤੇ ਆ ਕੇ ਚਲੇ ਜਾਂਦੇ ਸਨ। ਅਖ਼ੀਰ ਅੱਖਾਂ ਅੱਗੇ ਓਹੀ ਫ਼ਾਂਸੀ ਤੇ ਓਹੀ ਮੌਤ, ਬਸ ਦੇ ਹੀ ਚੀਜ਼ਾਂ ਰਹਿ ਜਾਂਦੀਆ ਸਨ, ਪਰ ਅੱਜ ਜਦ ਕਿ ਉਸਦੇ ਫ਼ਾਂਸੀ ਮਿਲਣ ਦਾ ਅੰਤਮ ਦਿਨ ਹੈ, ਉਸ ਦੇ ਦਿਲ ਨੂੰ ਕੋਈ ਵਲਵਲਾ ਉਥਲ ਪੁਥਲ ਨਹੀਂ ਕਰ ਰਿਹਾ। ਸਾਰੀਆਂ ਤਾਕਤਾਂ ਉਬਲ ਉਬਲ ਕੇ ਜਿਵੇਂ ਠੰਢੀਆਂ ਹੋ ਗਈਆਂ ਹਨ ਤੇ ਕੇਵਲ ਇਕ ਮੌਤ ਦੀ ਹੀ ਤਸਵੀਰ ਉਸਦੇ ਸਾਹਮਣੇ ਹੈ। ਉਸਨੂੰ ਐਉਂ ਮਾਲੂਮ ਹੁੰਦਾ ਹੈ ਜੀਕਣ ਉਹ ਫ਼ਾਂਸੀ ਲੱਗਣ ਤੋਂ ਪਹਿਲਾਂ ਹੀ ਮਰ ਚੁਕਾ ਹੈ, ਤੇ ਮਰਕੋ ਕਿਸੇ ਹੋਰ ਦੁਨੀਆ ਵਿਚ ਜਾ ਵੱਸਿਆ ਹੈ। ਨਾਲ ਵਾਲੀ ਬਾਰਕ ਪਾਸ ਦੋ ਤਿੰਨ ਕੋਹਲੂ ਚਲ ਰਹੇ ਸਨ, ਉਨ੍ਹਾਂ ਦੀ ਤੋਂ ਝੀਂ ਆਵਾਜ਼ ਉਸ ਨੂੰ ਉਸੇ ਤਰ੍ਹਾਂ ਜਾਪਦੀ ਹੈ ਜੀਕਣ ਕੋਈ ਵਿਧਵਾ ਆਪਣੇ ਪਤੀ ਦੀ ਮੌਤ ਤੇ ਵਿਰਲਾਪ ਕਰ ਰਹੀ ਹੁੰਦੀ ਹੈ। ਕੋਠੜੀ ਦੀ ਇਕ ਨੁਕਰ ਵਿਚ ਇਕ ਟਿੱਡੀ ਟੀ ਟੀਂ ਕਰ ਰਹੀ ਸੀ, ਪਰ ਉਸਨੂੰ ਸੁਣਾਈ ਦੇਂਦਾ ਸੀ ਜਿਵੇਂ ਕੋਈ ਮਾਂ ਆਪਣੇ ਮੋਏ ਹੋਏ। ਪੁੱਤਰ ਦਾ ਸਿਰ ਪੱਟਾਂ ਤੇ ਰੱਖਕੇ ਕੀਰਨੇ ਪਰ ਰਹੀ ਹੈ। ਸਾਹਮਣੇ ਵਾਲੇ ਮੈਦਾਨ ਵਿਚ ਕਿਸੇ ਵੇਲੇ ਦੋ ਚਾਰ ਚਿੜੀਆਂ ਚੀਂ ਚੀਂ ਕਰਦੀਆਂ ਉਡਦੀਆਂ ਦਿਖਾਈ ਦੇਂਦੀਆਂ ਸਨ। ਤੇ ਉਸਨੂੰ ਮਾਲੂਮ ਹੁੰਦਾ ਸੀ ਜੀਕਣ ਮੌਤ ਉਹਨਾਂ ਦੇ ਪਿਛੇ ਪਈ ਹੋਈ ਹੈ, ਤੇ ਉਹ ਡਰ ਨਾਲ ਹਾਲ ਦੁਹਾਈ ਪਾਂਦੀਆਂ ਨੱਸੀਆਂ ਫਿਰਦੀਆਂ ਹਨ।

ਲਾਹੌਰ ਸੈਂਟਰਲ ਜੇਲ੍ਹ ਦੀ ਇਸ ਤੰਗ ਕੇਠੜੀ ਵਿਚ ਬੈਠਿਆਂ ਹੀ ਉਸ ਨੂੰ ਬਦ-ਨਸੀਬ ਮਾਂ ਦਾ ਖ਼ਿਆਲ ਆਇਆ, ਜਿਹੜੀ ਕਲ੍ਹ ਹੀ ਉਸ ਨੂੰ ਮਿਲਣ ਲਈ ਆਈ ਸੀ । ਫੇਰ ਸੁੰਦਰੀ ਦਾ ਖ਼ਿਆਲ ਆਇਆ, ਜਿਸ ਨੇ ਅੱਜ ਉਸਨੂੰ ਮਿਲਣ ਲਈ ਆਉਣਾ ਹੈ। ਉਹ ਆਪਣੀ ਸੀਖਾਂ ਵਾਲੀ ਤੰਗ ਕੋਠੜੀ ਵਿਚ ਬੈਠਾ ਸੋਚ ਰਿਹਾ ਸੀ, ਹੁਣ ਸੁੰਦਰੀ ਗੱਡੀਉੰ ਉਤਰੀ ਹੋਵੇਗੀ। ਬਾਬੂ ਨੂੰ ਟਿਕਟ ਦੇਣ ਲਗਿਆਂ ਉਸ ਦੇ ਪਤਲੇ ਪੀਲੇ ਹੱਥ ਕੰਬ ਰਹੇ ਹੋਣਗੇ, ਉਸ ਦੀਆਂ ਅੱਖਾਂ ਵਿਚ ਅੱਥਰੂ ਭਰੇ ਹੋਣ ਕਰਕੇ ਉਸਨੂੰ ਰਸਤਾ ਸਾਫ਼ ਨਹੀਂ ਦਿਸਦਾ ਹੋਣਾ। ਹੁਣ ਗਿਆਨੀ ਜੀ ਨੇ ਉਸ ਨੂੰ ਧੀਰਜ ਦਿਲਾਸਾ ਦੇ ਕੇ ਟਾਂਗੇ ਤੇ ਬਿਠਾਇਆ ਹੋਵੇਗਾ, ਹੁਣ ਟਾਂਗਾ ਜੇਲ ਵਲ ਦੌੜ ਰਿਹਾ ਹੋਵੇਗਾ। ਸੜਕ ਦੇ ਕੰਢੇ ਖੜ੍ਹੇ ਦਰਖ਼ਤ ਉਸਦੇ ਸਾਮ੍ਹਣਿਉਂ ਦੀ ਹੋ ਕੇ ਜਦ ਪਿਛਾਂਹ ਵਲ ਨਠੇ ਜਾਂਦੇ ਦਿਖਾਈ ਦੇਂਦੇ ਹੋਣਗੇ ਤਾਂ ਉਨ੍ਹਾਂ ਨੂੰ ਉਹ ਬੀਤੇ ਸੁਖਾਂ ਦਾ ਰੂਪ ਸਮਝ ਕੇ ਕਹਿ ਰਹੀ ਹੋਵੇਗੀ ‘ਜਾਓ ਮੇਰੇ ਸਾਥੀਓ। ਜਾਓ ਤੇ ਸਦਾ ਲਈ ਜਾਓ ਟਾਂਗਾ ਹੁਣ ਜੇਲ੍ਹ ਦੇ ਬੂਹੇ ਅੱਗੇ ਹੋਵੇਗਾ। ਸੁੰਦਰੀ ਦੀ ਨਜ਼ਰ ਸਭ ਤੋਂ ਪਹਿਲਾਂ ਕਾਲੇ ਫਾਟਕ ਤੇ ਪਵੇਗੀ ਜਿਹੜਾ ਸ਼ੋਕ ਵਿਚ ਮਾਤਮ ਕਰਦਾ ਉਸਨੂੰ ਦਿਖਾਈ ਦੇਵੇਗਾ। ਬੂਹੇ ਅੱਗੇ ਟਹਿਲ ਰਿਹਾ ਲਾਲ ਪਗੜੀ ਵਾਲਾ ਮੰਤਰੀ ਉਸਨੂੰ ਧਰਮ ਰਾਜ ਦਾ ਜਮਦੂਤ ਦਿਸੇਗਾ। ਸ਼ਾਇਦ ਸੁੰਦਰੀ ਇਹ ਦ੍ਰਿਸ਼ ਨਹੀਂ ਵੇਖ ਸਕੇਗੀ ਤੇ ਉਹ ਬੇਹੋਸ਼।

ਇਸ ਵੇਲੇ ਉਸ ਨੂੰ ਭਾਰੇ ਬੂਟਾਂ ਦੀ ਆਵਾਜ਼ ਆਈ ਤੇ ਉਹ ਉਠ ਕੇ ਖੜੋ ਗਿਆ। ਬਾਹਰ ਇਕ ਅੰਗਰੇਜ਼ ਸੁਪਰਿੰਟੈਡੈਂਟ, ਇਕ ਡਾਕਟਰ, ਦੋ ਦਰੋਗੇ ਤੇ ਬਹੁਤ ਸਾਰੇ ਸਿਪਾਹੀ ਖੜ੍ਹੇ ਸਨ।

ਕੋਠੜੀ ਦਾ ਬੂਹਾ ਖੁਲ੍ਹਿਆ ਤੇ ਬਿਨਾਂ ਕਿਸੇ ਦੇ ਕੁਝ ਕਹਿਣ ਤੋਂ ਹੀ ਬਚਨ ਸਿੰਘ ਸਮਝ ਗਿਆ ਕਿ ਫਾਂਸੀ ਦਾ ਵਕਤ ਹੋ ਗਿਆ ਹੈ। ਉਸ ਨੇ ਹੱਥਕੜੀਆਂ ਵੇਖ ਕੇ ਆਪਣੇ ਆਪ ਹੀ ਬਾਹਾ ਅੱਗੇ ਕਰ ਦਿੱਤੀਆ ਤੇ ਇਕ ਸਿਪਾਹੀ ਨੇ ਉਸ ਦੀਆ ਦੋਵੇਂ ਬਾਹਾਂ ਪਿੱਠ ਵਲ ਕਰਕੇ ਹਥਕੜੀ ਲਾ ਦਿੱਤੀ। ਸਾਰੇ ਜਣੇ ਉਸ ਨੂੰ ਅੱਗੇ ਲਾ ਕੇ ਤੁਰ ਪਏ। ਬਚਨ ਸਿੰਘ ਜ਼ਮੀਨ ਤੇ ਤੁਰ ਰਿਹਾ ਸੀ। ਪਰ ਜ਼ਮੀਨ ਉਸਦੇ ਪੈਰਾ ਥੱਲੇ ਨਹੀਂ ਸੀ। ਮਾਨੋ ਉਹ ਹਵਾ ਵਿਚ ਤੁਰ ਰਿਹਾ ਸੀ। ਇਸ ਵੇਲੇ ਉਸ ਨੂੰ ਆਪਣਾ ਸਿਰ ਦਿਮਾਗ਼ ਤੋਂ ਸਖਣਾ ਤੇ ਸੀਨਾ ਦਿਲ ਤੋਂ ਬਿਨਾਂ ਮਾਲੂਮ ਹੁੰਦਾ ਸੀ। ਫਿਰ ਵੀ ਅਜੇ ਕੋਈ ਸਿੱਕ ਅਜਿਹੀ ਉਸ ਦੇ ਅੰਦਰ ਬਾਕੀ ਸੀ, ਜਿਹੜੀ ਉਸ ਦੇ ਇਸ ਲੇਥ ਰੂਪ ਸਰੀਰ ਵਿਚ ਕਿਸੇ ਵੇਲੇ ਇਕ-ਅੱਧ ਚੂੰਦੀ ਵਢ ਜਾਂਦੀ ਸੀ। ਉਸ ਦੀਆਂ ਅੱਖਾਂ ਪੱਥਰ ਦੀਆਂ ਬਣੀਆਂ ਹੋਈਆਂ ਸਨ। ਪਰ ਅਜੇ ਵੀ ਕੁਝ ਹੋਰ ਵੇਖਣਾ ਚਾਹੁੰਦੀਆਂ ਸਨ। ਹੱਥਕੜੀ ਵਿਚ ਜਕੜੇ ਹੋਏ ਉਸ ਦੇ ਹਥ, ਉਂਗਲਾਂ ਨਾਲ ਕਿਸੇ ਕਿਸੇ ਵੇਲੇ ਉਸ ਦੀ ਜ਼ੰਜੀਰ ਨੂੰ ਟੋਹਕੇ ਇਹ ਅਨੁਭਵ ਕਰਨਾ ਚਾਹੁੰਦੇ ਸਨ-ਇਹ ਲੋਹਾ ਹੈ ਕਿ ਮਾਸ ।

ਹੁਣ ਬਚਨ ਸਿੰਘ ਆਪਣੇ ਆਪ ਨੂੰ ਇਕ ਅਜਿਹੇ ਥਾਂ ਖੜ੍ਹਾ ਵੇਖ ਰਿਹਾ ਸੀ, ਜਿਸ ਨੂੰ ਉਸ ਭਾਵੇਂ ਅੱਜ ਤਕ ਕਦੇ ਡਿੱਠਾ ਨਹੀਂ ਸੀ, ਪਰ ਬਿਨਾਂ ਵੇਖਣ ਤੋਂ ਹੀ ਉਸ ਨੇ ਕੇਵਲ ਕਲਪਨਾ ਦੁਆਰਾ ਇਹ ਥਾਂ ਵੇਖੀ ਹੋਈ ਸੀ।

ਇਹ ਸੀ ‘ਫ਼ਾਂਸੀ ਵਾਲੀ ਥਾਂ’।

ਇਕ ਵਾਰੀ ਤਾਂ ਬਚਨ ਸਿੰਘ ਉਹ ਥਾਂ ਵੇਖ ਕੇ ਅੱਡੀ ਤੋਂ ਚੋਟੀ ਤਕ ਕੰਬ ਗਿਆ, ਪਰ ਇਹ ਹਾਲਤ ਉਸਦੀ ਝਟ ਬਦਲ ਗਈ। ਉਸ ਦੀਆਂ ਅੱਖਾਂ ਦੇ ਸਾਹਮਣੇ ਹੁਣ ਕੁਝ ਵੀ ਨਹੀਂ ਸੀ, ਕੇਵਲ ਹਨੇਰਾ ਸੀ।

ਉਸਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਿੰਨਾ ਕੁ ਚਿਰ ਉਥੇ ਖੜੋਤਾ ਰਿਹਾ। ਇਸ ਵੇਲੇ ਉਸ ਦੇ ਕੰਨਾਂ ਵਿਚ ਇਕ ਆਵਾਜ਼ ਪਈ “ਵੈੱਲ ਮਿਸਟਰ ਬਚਨ ਸਿੰਘ, ਕੋਈ ਬਾਤ ਕਹਿਨਾ ਮੰਗਦਾ ?”

ਇਸ ਦਾ ਜਵਾਬ ਦਿੱਤਾ, ਕਿਸ ਨੇ ? ਉਸ ਨੇ ਜਾਂ ਕਿਸੇ ਹੋਰ ਨੇ ? ਇਸ ਦਾ ਉਹਨੂੰ ਕੋਈ ਪਤਾ ਨਹੀਂ, ਤੇ ਇਹ ਜਾਣਦੇ ਹੋਇਆਂ ਵੀ ਕਿ ਉਸ ਨੇ ਉੱਤਰ ਦਿਤਾ ਹੈ, ਉਸ ਦਾ ਮਤਲਬ ਨਾ ਸਮਝ ਸਕਿਆ। ਇਸ ਤੋਂ ਬਾਅਦ ਫਿਰ ਪਹਿਲੀ ਆਵਾਜ਼ ਆਈ ਬੁਲਾਓ। “ਅੱਛਾ, ਉਨ ਕੇ ਇਹ ਗੱਲ ਬਚਨ ਸਿੰਘ ਦੇ ਕੰਨਾਂ ਵਿਚ ਪਈ। ਮਾਨੋ ਮੁੜ ਉਸ ਦੇ ਹੋਸ਼-ਹਵਾਸ ਕੁਝ ਚਿਰ ਲਈ ਕਾਇਮ ਹੋ ਗਏ।

ਥੋੜ੍ਹੇ ਚਿਰ ਪਿਛੋਂ ਉਸ ਨੂੰ ਆਪਣੇ ਪਿਛਲੇ ਬੰਨਿਉਂ ਕਿਸੇ ਦੇ ਚੀਕ ਮਾਰਨ ਦੀ ਆਵਾਜ਼ ਆਈ – ਆਵਾਜ਼ ਨੂੰ ਪਛਾਣ ਕੇ ਉਸ ਝਟ ਪਿਛੇ ਤੱਕਿਆ – ਇਹ ਸੁੰਦਰੀ ਸੀ, ਜਿਸ ਨੂੰ ਗਿਆਨੀ ਜੀ ਮੋਢਿਆਂ ਤੋਂ ਥੰਮ੍ਹੀ ਇਸ ਪਾਸੇ ਲਈ ਆ ਰਹੇ ਸਨ। ਗਿਆਨੀ ਜੀ ਦੀ ਬੇਨਤੀ ਉਤੇ ਅਫ਼ਸਰ ਨੇ ਦੋਸ਼ੀ ਦੀ ਹਥਕੜੀ ਖੋਲ੍ਹ ਦਿਤੀ।

ਸੁੰਦਰੀ ਹੁਣ ਬਚਨ ਸਿੰਘ ਦੇ ਸਾਹਮਣੇ ਖੜ੍ਹੀ ਸੀ – ਜੋ ਸਾਰਾ ਜ਼ੋਰ ਲਾ ਕੇ ਆਪਣੇ ਆਪ ਨੂੰ ਹੋਸ਼ ਵਿਚ ਰਖਣ ਦਾ ਯਤਨ ਕਰ ਰਹੀ ਸੀ। ‘ਗਿਆਨੀ ਜੀ ਨੇ ਇਕ ਹੱਥ ਵਿਚ ਬਚਨ ਸਿੰਘ ਦਾ ਹੱਥ ਫੜਿਆ ਹੋਇਆ ਸੀ ਤੇ ਦੂਸਰੇ ਵਿਚ ਸੁੰਦਰੀ ਦਾ। ਉਹ ਦੋਵੇਂ ਪਥਰਾਈ ਹੋਈ ਨਜ਼ਰ ਨਾਲ ਇਕ ਦੂਸਰੇ ਵਲ ਤਕ ਰਹੇ ਸਨ। ਉਨ੍ਹਾਂ ਦੀਆਂ ਅੱਖਾ ਇਕ ਦੂਜੇ ਦੀਆ ਅੱਖਾਂ ਵਿਚ ਗੱਡੀਆਂ ਹੋਈਆਂ ਸਨ ਤੇ ਅੱਖ ਪੁਤਲੀਆਂ ਵਿਚੋਂ ਉਨ੍ਹਾਂ ਦੋਹਾਂ ਨੂੰ ਕੇਵਲ ਆਪੋ ਆਪਣਾ ਸਰੀਰ ਹੀ ਸੂਖਮ ਜਿਹੇ ਆਕਾਰ ਵਿਚ ਨਜ਼ਰ ਆ ਰਿਹਾ ਸੀ – ਬਸ ਹੋਰ ਕੁਝ ਨਹੀਂ, ਮਾਨੋ ਬਚਨ ਸਿੰਘ ਸੁੰਦਰੀ ਦੀਆਂ ਅੱਖਾਂ ਵਿਚ ਵੜ ਕੇ ਲੁਕਿਆ ਬੈਠਾ ਸੀ, ਤੇ ਸੁੰਦਰੀ ਬਚਨ ਸਿੰਘ ਦੀਆਂ ਅੱਖਾਂ ਵਿਚ ।

ਇਸ ਵੇਲੇ ਸੁੰਦਰੀ ਦੀ ਗਿੱਚੀ ਨੂੰ ਕੋਈ ਠੰਢੀ ਠੰਢੀ ਚੀਜ਼ ਲਗਣ ਦਾ ਅਨੁਭਵ ਹੋਇਆ।

ਉਸ ਨੇ ਡਿੱਠਾ, ਗਿਆਨੀ ਜੀ ਨੇ ਰੁਮਾਲ ਦੀ ਗੰਢ ਖੋਲ੍ਹ ਕੇ ਇਕ ਇਕ ਫੁੱਲਾਂ ਦਾ ਸਿਹਰਾ ਦੋਹਾਂ ਦੇ ਗੱਲ ਵਿਚ ਪਾ ਦਿੱਤਾ। ਉਹ ਇਹ ਵੀ ਵੇਖ ਰਹੀ ਸੀ ਕਿ ਉਸ ਦਾ ਹੱਥ ਬਚਨ ਸਿੰਘ ਦੇ ਹੱਥ ਵਿਚ ਹੈ। ਇਨ੍ਹਾਂ ਦੋਹਾਂ ਹੱਥਾਂ ਨੂੰ ਆਪਣੇ ਹੱਥਾਂ ਵਿਚ ਫੜ ਕੇ ਗਿਆਨੀ ਜੀ ਕਹਿ ਰਹੇ ਸਨ

“ਹੇ ਦੋ ਜਹਾਨ ਦੇ ਵਾਲੀ ! ਇਸ ਜੋੜੀ ਦਾ ਪ੍ਰੇਮ, ਪ੍ਰਲੈ ਕਾਲ ਤਕ ਅਟੁਟ ਰਹੇ, ਅਤੇ ਸਵਰਗ ਵਿਚ ਇੱਕਠੇ ਹੋ ਕੇ ਆਪਣਾ ਦੰਪਤੀ-ਜੀਵਨ ਅਨੰਤ ਕਾਲ ਤਕ ਬਤੀਤ ਕਰਨ।”

ਇਸ ਵੇਲੇ ਅੰਗਰੇਜ਼ ਅਫ਼ਸਰ ਨੇ ਸਿਰ ਤੋਂ ਟੋਪੀ ਲਾਹ ਲਈ। ਬਾਕੀ ਦੇ (ਜੋ ਸਾਰੇ ਮੁਸਲਮਾਨ ਸਨ) ਸਿਰ ਨਿਵਾ ਕੇ ਇਕ ਸੁਰ ਵਿਚ ਬੋਲੇ

“ਆਮੀਨ ! ਆਮੀਨ !!’

ਇਸ ਤੋਂ ਬਾਅਦ ਇਕ ਪਲ ਲਈ ਦੋਹਾਂ ਸਰੀਰਾਂ ਵਿਚ ਕੁਝ ਚੇਤਨਤਾ ਮਾਲੂਮ ਹੋਈ ਤੇ ਉਨ੍ਹਾਂ ਇਕ ਦੂਜੇ ਨੂੰ ਜੱਫੀ ਵਿਚ ਲੈ ਲਿਆ। ਇਕ ਮਿੰਟ, ਦੇ ਮਿੰਟ, ਪੰਜ ਮਿੰਟ, ਅਖੀਰ ਦਸ ਮਿੰਟ ਹੋ ਗਏ, ਪਰ ਉਹਨਾ ਦੀਆਂ ਬਾਹਵਾਂ ਢਿਲੀਆਂ ਨਾ ਹੋਈਆਂ। ਸੁਪਰਿੰਟੈਂਡੈਂਟ ਦਾ ਇਸ਼ਾਰਾ ਪਾ ਕੇ ਗਿਆਨੀ ਜੀ ਨੇ ਕਿਹਾ “ਕਾਕਾ ਬਚਨ ਸਿੰਘ ! ਪੁੱਤਰ ਸੁੰਦਰੀ ! ਮੇਰੇ ਬੱਚਿਓ ! ਬਸ। ਪਰ ਉਨ੍ਹਾਂ ਇਕ ਦੂਜੇ ਨੂੰ ਨਾ ਛੱਡਿਆ, ਸ਼ਾਇਦ ਦੋਹਾਂ ਦੇ ਹੋਸ਼ ਹਵਾਸ ਜਵਾਬ ਦੇ ਚੁਕੇ ਸਨ। ਅਖੀਰ ਗਿਆਨੀ ਜੀ ਨੇ ਸੁੰਦਰੀ ਦੀ ਬਾਹ ਫੜਦਿਆ ਹੋਇਆ ਕਿਹਾ “ਮੇਰੀ ਬੱਚੀ !” ਤੇ ਸਪਰਿੰਟੈਂਡੈਂਟ ਨੇ ਬਚਨ ਸਿੰਘ ਦੀ ਬਾਂਹ ਫੜ ਕੇ ਕਿਹਾ,” ਮਿਸਟਰ ਬਚਨ ਸਿੰਘ !”

ਉਹਨਾਂ ਦੀਆਂ ਬਾਹਾਂ ਢਿੱਲੀਆਂ ਹੋ ਗਈਆਂ। ਬਚਨ ਸਿੰਘ ਮਦੇਹੋਸ਼ੀ ਦੀ ਹਾਲਤ ਵਿਚ ਖੜ੍ਹਾ ਸੀ, ਜਦ ਇਕ ਆਦਮੀ ਨੇ ਉਸਦੇ ਸਿਰ ਤੇ ਇਕ ਲੰਮਾ ਕਾਲਾ ਟੇਪ ਪਾ ਦਿਤਾ। ਸੁੰਦਰੀ ਡਿਗਣ ਹੀ ਲਗੀ ਸੀ ਕਿ ਗਿਆਨੀ ਹੋਰਾਂ ਉਸਨੂੰ ਥੰਮ ਲਿਆ।

ਫੇਰ ਸੁਪਰਿੰਟੈਂਡੈਂਟ ਦੇ ਹੁਕਮ ਨਾਲ ਸੁੰਦਰੀ ਲਈ ਇਕ ਮੰਜਾ ਲਿਆਂਦਾ ਗਿਆ।

ਇਸ ਤੋਂ ਬਾਅਦ ਜਦ ਸੁੰਦਰੀ ਨੂੰ ਹੋਸ਼ ਆਈ, ਤਾਂ ਰਾਤ ਦਾ ਹਨੇਰਾ ਹਰ ਪਾਸੇ ਫੈਲ ਚੁਕਾ ਸੀ। ਇੰਜਨਾਂ ਦੀ ਫਪ ਫਪ ਮੁਸਾਫਰਾਂ ਦੀ ਕਾਵਾ ਰੋਲੀ, ਛਾਬੇ ਵਾਲਿਆਂ ਦੀ “ਪੇੜੇ ਲੈ, ਮਠਿਆਈ ਲੈ” ਆਵਾਜ਼ ਤੇ ਸਿਗਰਟਾਂ ਦੇ ਧੂੰਏਂ ਦੀ ਮੁਸ਼ਕ ਤੋਂ ਉਸ ਅਨੁਮਾਨ ਲਾਇਆ ਕਿ ਉਹ ਰੇਲਵੇ ਸਟੇਸ਼ਨ ਤੇ ਹੈ ਅਤੇ ਇਹ ਕਮਰਾ ਮੁਸਾਫਰਖ਼ਾਨਾ ਹੈ।

ਸੁੰਦਰੀ ਬੈਠ ਗਈ, ਤੇ ਬੈਠਦਿਆਂ ਹੀ ਉਸਨੇ ਪਾਣੀ ਮੰਗਿਆ। ਗਿਆਨੀ ਜੀ ਗੜਵੀ ਲੈ ਕੇ ਪਾਣੀ ਲੈਣ ਚਲੇ ਗਏ। ਸੁੰਦਰੀ ਨੂੰ ਕੁਝ ਚਿਰ ਤੋਂ ਅੱਜ ਵਾਲੀ ਭੁਲੀ ਹੋਈ ਘਟਨਾ ਫੇਰ ਯਾਦ ਹੋ ਆਈ। ਇਸ ਵੇਲੇ ਉਸ ਨੂੰ ਆਪਣਾ ਸਿਰ ਇਸ ਤਰ੍ਹਾਂ ਮਾਲੂਮ ਹੁੰਦਾ ਸੀ, ਜੀਕਣ ਕਈਆਂ ਮਣਾਂ ਦਾ ਹੋ ਗਿਆ ਹੈ। ਉਸ ਵਿਚ ਕੋਈ ਸੋਚ, ਕੋਈ ਫੁਰਨਾ ਜਾਂ ਕੋਈ ਖ਼ਿਆਲ ਬਾਕੀ ਨਹੀਂ। ਆਪਣੇ ਮੋਢਿਆਂ ਤੇ ਚੁਕਿਆ ਹੋਇਆ ਇਹ ਬੋਝਲ ਪੱਥਰ ਉਸ ਨੂੰ ਦੁਖਦਾਈ ਜਿਹਾ ਮਾਲੂਮ ਹੋ ਰਿਹਾ ਸੀ। ਮੈਂ ਕੀ ਤੋਂ ਕੀ ਹੋ ਗਈ ਅਜ ਮੈਂ ਸਰਬੰਸ ਗਵਾ ਕੇ ਸੰਸਾਰ ਵਿਚ ਇਕੱਲੀ ਤੇ ਨਿਆਸਰੀ ਹਾਂ। ਇਸ ਗੱਲ ਦਾ ਵੀ ਉਸ ਨੂੰ ਖ਼ਿਆਲ ਨਹੀਂ ਸੀ। ਉਸਦੀ ਹਾਲਤ ਉਸ ਛੱਤ ਵਰਗੀ ਸੀ, ਜਿਸ ਹੇਠੋਂ ਥੰਮ੍ਹੀ ਡਿੱਗ ਪਈ ਹੋਵੇ।

ਉਹ ਕੁਝ ਚਿਰ ਇਸੇ ਤਰ੍ਹਾਂ ਡੌਰ ਭੌਰ, ਪਥਰਾਈ ਨਜ਼ਰ ਨਾਲ ਏਧਰ ਓਧਰ ਤਕਦੀ ਰਹੀ। ਇੰਨੇ ਨੂੰ ਗਿਆਨੀ ਜੀ ਪਾਣੀ ਲਿਆਏ। ਪਾਣੀ ਨਾਲ ਉਸਦੇ ਅੰਦਰ ਕੁਝ ਸੱਤਾ ਜਿਹੀ ਆ ਗਈ ਤੇ ਹੌਲੀ ਹੌਲੀ ਉਸ ਦੇ ਦਿਮਾਗ਼ ਦੀ ਖੜੋਤੀ ਮਸ਼ੀਨ ਫੇਰ ਚਾਲੂ ਹੋਣ ਲਗੀ। ਇਸ ਦੇ ਨਾਲ ਹੀ ਸੰਸਾਰ ਦਾ ਨਕਸ਼ਾ ਉਸ ਨੂੰ ਵਟਦਾ ਮਾਲੂਮ ਹੋਣ ਲੱਗਾ। ਉਹ ਇਸ ਤਰ੍ਹਾਂ ਅਨੁਭਵ ਕਰਨ ਲਗੀ ਕਿ ਉਹ ਕਿਸੇ ਬੋਝ ਦੇ ਥੱਲੇ ਦੱਬਦੀ ਜਾ ਰਹੀ ਹੈ।

ਬਚਨ ਸਿੰਘ ਦੇ ਅੰਤਮ ਮਿਲਾਪ ਵਾਲੀ ਝਾਕੀ ਉਸ ਦੇ ਸਾਹਮਣੇ ਆਈ, ਪਰ ਬਹੁਤ ਬੇ-ਮਾਲੂਮੀ ਜਿਹੀ, ਸੁਪਨੇ ਵਾਂਗ ।

‘ਉਸ ਨੂੰ ਫ਼ਾਂਸੀ ਲਟਕਾ ਦਿਤਾ ਗਿਆ’। ਇਹ ਖ਼ਿਆਲ ਆਉਣ ਦੀ ਹੀ ਦੇਰ ਸੀ ਕਿ ਉਹ ਚੀਕ ਮਾਰ ਕੇ ਦੁਹਾਂ ਹੱਥਾਂ ਨਾਲ ਮੂੰਹ ਲੁਕਾ ਕੇ ਬੈਂਚ ਤੇ ਮੂਧੇ ਮੂੰਹ ਲੇਟ ਗਈ। ਗਿਆਨੀ ਜੀ ਤੋਂ ਇਹ ਸੁਣ ਕੇ ਕਿ ਇਸ ਦਾ ਪਤੀ ਬੇਦੇਸ਼ਾ ਹੀ ਅਜ ਫ਼ਾਂਸੀ ਦਿੱਤਾ ਗਿਆ ਹੈ, ਬਹੁਤ ਸਾਰੇ ਮੁਸਾਫਰ ਉਸਦੇ ਦੁਆਲੇ ਕੱਠੇ ਹੋਏ, ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।

ਸੁੰਦਰੀ ਇਸ ਵੇਲੇ ਰੋਣਾ ਚਾਹੁੰਦੀ ਸੀ, ਪਰ ਰੇ ਨਹੀਂ ਸੀ ਸਕਦੀ। ਉਸਨੂੰ ਰੋਣ ਆਉਂਦਾ ਹੀ ਨਹੀਂ ਸੀ। ਉਸਦੇ ਸਰੀਰ ਵਿਚੋਂ ਜਿਹੜੇ ਅੱਗ ਦੇ ਅਲੰਬੇ ਉਠ ਰਹੇ ਸਨ, ਉਹਨਾਂ ਨੇ ਸ਼ਾਇਦ ਉਸ ਦੀਆਂ ਅੱਖਾਂ ਦੇ ਅੱਥਰੂ ਵੀ ਸੁਕਾ ਦਿਤੇ ਸਨ।

ਉਹ ਫੇਰ ਉਠੀ ਤੇ ਉਠ ਕੇ ਮੁਸਾਫ਼ਰਖ਼ਾਨੇ ਦੀ ਛੱਤ ਹੇਠੋਂ ਬਾਹਰ ਹੋ ਗਈ। ਆਪਣੇ ਆਸ ਪਾਸ ਦੇ ਮੁਸਾਫ਼ਰਾਂ ਨੂੰ, ਜਿਥੋਂ ਤਕ ਉਸਦੀ ਨਜ਼ਰ ਜਾ ਸਕਦੀ ਸੀ, ਉਸ ਨੇ ਧਿਆਨ ਨਾਲ ਡਿੱਠਾ। ਹਰ ਇਕ ਆਦਮੀ ਵਿਚੋਂ ਉਸ ਨੂੰ ਵਿਸ਼ਵਾਸਘਾਤ ਤੇ ਦੁਸ਼ਟਪੁਣੇ ਦੀ ਸੜ੍ਹਿਆਂਦ ਆ ਰਹੀ ਸੀ। ਉਹ ਖ਼ਿਆਲ ਕਰ ਰਹੀ ਸੀ ਕਿ ਰੱਬ ਨੇ ਇਹ ਜੋ ਕੁਝ ਵੀ ਬਣਾਇਆ ਹੈ, ਸਭ ਉਸਦੇ ਬਰਬਾਦ ਕਰਨ ਲਈ ਬਣਾਇਆ ਹੈ। ਉਤਾਂਹ ਆਕਾਸ਼ ਵਲ ਤੱਕਣ ਤੋਂ ਉਸਨੂੰ ਜਾਪਦਾ ਸੀ ਕਿ ਇਹ ਜਿਹੜੇ ਕਾਲੇ ਬੱਦਲ ਏਧਰ ਓਧਰ ਫਿਰ ਰਹੇ ਹਨ ਕੇਵਲ ਇਹ ਉਸੇ ਨਾਲ ਸੱਚੀ ਹਮਦਰਦੀ ਕਰਨ ਲਈ ਮਾਤਮੀ ਵੇਸ ਧਾਰ ਕੇ ਆਏ ਹਨ। ਟਾਵੇਂ ਟਾਵੇਂ ਤਾਰੇ ਟਿਮਟਿਮਾ ਰਹੇ ਸਨ। – ਜਿਹੜੇ ਸ਼ਾਇਦ ਉਸ ਦੀ ਹਾਲਤ ਨੂੰ ਨਾ ਸਹਾਰਦੇ ਹੋਏ ਬੱਦਲਾਂ ਹੇਠ ਲੁਕਦੇ ਜਾ ਰਹੇ ਸਨ। ਉਚੇ ਕੱਦ ਦੇ ਧੁੰਦਲੇ ਦਰਖ਼ਤ ਵੀ ਸਿਰ ਹਿਲਾ ਕੇ ਉਸ ਦੁਖ ਵਿਚ ਸਾਥ ਦੇ ਰਹੇ ਸਨ। ਸਾਰੀ ਕੁਦਰਤ ਉਸ ਦੇ ਭਾਣੇ ਮਾਤਮ ਦੀ ਸਰਾਂ ਬਣੀ ਹੋਈ ਸੀ।

ਉਸ ਦੇ ਸਰੀਰ ਵਿਚ ਇਕ ਦਮ ਕੋਈ ਬਿਜਲੀ ਦੀ ਤਾਕਤ ਆ ਗਈ । ਆਪਣੇ ਆਸ ਪਾਸ ਖਲੋਤੇ ਲੋਕਾਂ ਵਲ ਕਹਿਰ ਭਰੀ ਨਜ਼ਰ ਨਾਲ ਤਕਦੀ ਹੋਈ ਬੋਲੀ-

“ਕੀ ਤਕਦੇ ਓ ? ਅਜੇ ਰੱਜੇ ਨਹੀ ਮੇਰਾ ਲਹੂ ਪੀਕੇ ? ਚੰਗਾ ਹੋਰ ਜਿਹੜਾ ਟਿੱਲ ਲਗਦਾ ਜੇ ਜਾ ਕੇ ਲਾ ਲਓ। ਹੁਣ ਏਦੂੰ ਵਧ ਮੇਰਾ ਕੀ ਵਿਗਾੜੇਂਗੇ, ਜਦਕਿ ਤੁਸਾਂ ਮੇਰਾ ਕੁਝ ਛੱਡਿਆ ਈ ਨਹੀਂ, ਮੇਰਾ ਸਰਬੰਸ ਖਾ ਕੇ ਡਕਾਰ ਗਏ ਓ। ਅਜੇ ਵੀ।।”

ਗਿਆਨੀ ਜੀ ਨੇ ਉਸਦੀ ਬਾਂਹ ਫੜ ਕੇ ਇਕ ਪਾਸੇ ਬਿਠਾਣ ਦੀ ਕੋਸ਼ਿਸ਼ ਕਰਦਿਆਂ ਹੋਇਆ ਕਿਹਾ – “ਪੁੱਤਰੀ ! ਹੋਸ਼ ਕਰ – ਆਪਣੇ ਆਪ ਨੂੰ ਸੰਭਾਲ !”

ਮੁਸਾਫ਼ਰ ਉਸ ਦੇ ਦੁਆਲਿਉਂ ਹਟ ਗਏ ਤੇ ਗਿਆਨੀ ਹਰੀ ਉਸਦੇ ਸਿਰ ਤੇ ਹਥ ਫੇਰਦੇ ਹੋਏ ਬੋਲੇ – “ਬੇਟੀ ! ਇਸ ਤਰ੍ਹਾਂ ਕਰਨ * ਨਾਲ ਤੂੰ ਆਪਣੀ ਜਾਨ ਵੀ ਖ਼ਤਰੇ ਵਿਚ ਪਾ ਲਵੇਂਗੀ। ਜੋ ਕੁਝ ਹੋਣਾ ਸੀ।” ਸੁੰਦਰੀ ਉਹਨਾਂ ਦੀ ਗਲ ਤੇ ਹਸਦੀ ਹੋਈ ਬੋਲੀ – “ਕੀ ਕਿਹਾ ਜੇ ਪਿਤਾ ਜੀ, ਮੇਰੀ ਜਾਨ ਖ਼ਤਰੇ ਵਿਚ ? ਨਹੀਂ ! ਮੈਂ ਅਜੇ ਨਹੀਂ ਮਰਾਂਗੀ।

ਅਜੇ ਮੇਰੇ ਕਰਨ ਲਈ ਬੜੇ ਕੰਮ ਨੇ, ਤੇ ਉਹਨਾਂ ਦੇ ਕਰਨ ਤੋਂ ਪਹਿਲਾਂ ਮੈਂ ਨਹੀਂ ਮਰਨਾ ! ਹਾਂ ਸੱਚ ਪਿਤਾ ਜੀ। ਉਹਨਾਂ ਦਾ ਸਸਕਾਰ ?”

“ਉਹ ਹੋ ਚੁਕਾ ਏ। ਤੈਨੂੰ ਹੋਸ਼ ਵਿਚ ਲਿਆਉਣ ਦੀ ਬਥੇਰੀ ਕੋਸ਼ਿਸ਼ ਕੀਤੀ ਗਈ ਸੀ। ਪਰ…।”

“ਖ਼ੈਰ, ਕੋਈ ਹਰਜ ਨਹੀਂ।”

ਇਸ ਤੋਂ ਬਾਅਦ ਦੋਵੇਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਵਿਚ ਜਾ ਬੈਠੇ ।

ਅੰਮ੍ਰਿਤਸਰ ਪਹੁੰਚਕੇ ਜਦ ਦੋਵੇਂ ਮੁਸਾਫ਼ਰ ਖ਼ਾਨੇ ਚੋਂ ਬਾਹਰ ਨਿਕਲੇ ਤਾਂ ਸੁੰਦਰੀ ਗਿਆਨੀ ਜੀ ਨੂੰ ਕਹਿਣ ਲਗੀ – “ਪਿਤਾ ਜੀ ਮੈਂ ਤੁਹਾਨੂੰ ਹੋਰ ਬੰਨ੍ਹਣਾ ਨਹੀਂ ਚਾਹੁੰਦੀ, ਕੁਝ ਦਿਨਾਂ ਲਈ ਮੈਨੂੰ ਇਕੱਲੀ ਛੱਡ ਦਿਓ ।” “ਇਕੱਲੀ ਛੱਡ ਦਿਆਂ ?” ਗਿਆਨੀ ਜੀ ਨੇ ਹੈਰਾਨੀ ਨਾਲ ਉਸ ਵਲ ਤਕ ਕੇ ਪੁਛਿਆ – ਕਿਉਂ ਬੇਟੀ ?”

ਨੂੰ ਦੀਵਾਨਪੁਰ ਜਾ ਰਹੀ ਹਾਂ।” “ਪਰ ਉਥੇ ਤੇਰਾ ਕੀ ਕੰਮ ਦੇ ?” ” ਤੁਹਾਨੂੰ ਪਤਾ ਨਹੀਂ ਉਹ ਆਪਣੀ ਮਾਤਾ ਜੀ ਦਾ ਭਾਰ ਮੈਨੂੰ ਸੌਂਪ ਗਏ ਨੇ। ਮੈਂ ਕੁਝ ਚਿਰ ਉਹਨਾਂ ਦੀ ਮਾਤਾ ਜੀ ਪਾਸ ਰਹਾਗੀ।”

“ਤਾ ਚਲ ਮੈਂ ਤੈਨੂੰ ਛੱਡ ਆਉਂਦਾ ਹਾਂ ।”
“ਨਹੀਂ ਪਿਤਾ ਜੀ, ਮੈਂ ਇਕੱਲੀ ਜਾਵਾਂਗੀ।”

ਬਹੁਤ ਸਾਰੀ ਖਿੱਚਾ-ਖਿੱਚੀ ਤੋਂ ਬਾਅਦ ਗਿਆਨੀ ਜੀ ਨੂੰ ਉਸ ਦਾ ਸਾਥ ਛੱਡਣ ਲਈ ਮਜਬੂਰ ਹੋਣਾ ਪਿਆ। ਅਖੀਰ ਇਹੋ ਫੈਸਲਾ ਹੋਇਆ ਕਿ ਸੁੰਦਰੀ ਦੀਵਾਨਪੁਰ ਚਲੀ ਜਾਵੇ ਤੇ ਗਿਆਨੀ ਜੀ ਇਕ ਦੇ ਦਿਨ ਅੰਮ੍ਰਿਤਸਰ ਰਹਿ ਕੇ ਹਰਦੁਆਰ ਵਾਪਸ ਚਲੇ ਜਾਣ।

34

ਸਟੇਸ਼ਨ ਤੋਂ ਬਾਹਰ ਨਿਕਲ ਕੇ ਸੁੰਦਰੀ ਆਪਣੇ ਭਵਿਸ਼ ਸਬੰਧੀ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦੀ ਦੀਵਾਨ ਪੁਰ ਦੀ ਸੜਕੇ ਹੋ ਤੁਰੀ। ਹੁਣ ਉਸ ਦਾ ਮਨ ਇਕਾਗਰ ਸੀ। ਉਸ ਨੂੰ ਮਿੰਟ ਮਿੰਟ ਪਿਛੇ ਬਚਨ ਸਿੰਘ ਦੀ ਯਾਦ ਆਉਂਦੀ ਸੀ, ਪਰ ਇਹ ਯਾਦ ਹੁਣ ਉਸਨੂੰ ਰੁਆਂਦੀ ਤੜਫਾਦੀ ਨਹੀਂ ਸੀ। ਜਿਸ ਤਰ੍ਹਾਂ ਲੋਹੇ ਨੂੰ ਜਿਉਂ ਜਿਉਂ ਅੱਗ ਦਾ ਸੇਕ ਲਗਦਾ ਹੈ। ਉਹ ਹੋਰ ਚੀਜ਼ਾਂ ਵਾਂਗ ਪੰਘਰਨ ਜਾਂ ਸੜਨ ਦੇ ਥਾਂ ਸਖ਼ਤ ਹੋ ਕੇ ਤਿਆਨਕ ਹੁੰਦਾ ਜਾਂਦਾ ਹੈ, ਉਸੇ ਤਰ੍ਹਾਂ ਸੁੰਦਰੀ ਦਾ ਦਿਲ ਬਚਨ ਸਿੰਘ ਦੀ ਮੌਤ ਨਾਲ ਸਗੋਂ ਮਜ਼ਬੂਤ ਤੇ ਹਿੰਸਕ ਹੋ ਗਿਆ ਸੀ।

ਕਿਸੇ ਖ਼ਤਰੇ ਜਾਂ ਦੁਖ ਦੀ ਸੰਭਾਵਨਾ ਜਿੰਨੀ ਦੁਖਦਾਈ ਹੁੰਦੀ ਹੈ, ਓਨਾ ਡਰਾਉਣਾ ਉਸ ਦਾ ਵਰਤਮਾਨ ਨਹੀਂ ਹੁੰਦਾ। ਨੰਢੇ ਪਾਣੀ ਦੇ ਤਲਾਅ ਵਿਚ ਨਹਾਣ ਤੋਂ ਪਹਿਲਾਂ ਆਦਮੀ ਉਸ ਵਿਚ ਵੜਨ ਤੋਂ ਡਰਦਾ ਹੈ, ਪਰ ਇਕ ਅੱਧ ਟੁੱਬੀ ਲਾਣ ਤੋਂ ਬਾਅਦ ਫਿਰ ਭਾਵੇਂ ਕਿੰਨਾ ਚਿਰ ਖਲੋਤਾ ਰਹੇ ਤਕਲੀਫ ਨਹੀਂ ਮਾਲੂਮ ਹੁੰਦੀ। ਸੁੰਦਰੀ ਨੂੰ ਹੁਣ ਉੱਨਾ ਦੁਖ ਨਹੀਂ ਸੀ। ਜਿੰਨਾ ਹੋਣ ਦਾ ਉਸ ਨੂੰ ਖ਼ਿਆਲ ਸੀ। ਦੂਜੀ ਗੱਲ ਇਹ ਕਿ ਸੱਟਾਂ ਸਹਾਰਨ ਲਈ ਸੁੰਦਰੀ ਦਾ ਦਿਲ ਕੁਝ ਆਦੀ ਵੀ ਹੋ ਚੁੱਕਾ ਸੀ।

ਸਦਾ ਕੌਰ ਨੇ ਉਸ ਦਿਨ ਸੁੰਦਰੀ ਦਾ ਹੱਦੋਂ ਵਧ ਤ੍ਰਿਸਕਾਰ ਕੀਤਾ। ਸੀ। ਪਰ ਬਚਨ ਸਿੰਘ ਦੇ ਹੁਕਮ ਅਗੇ ਸੁੰਦਰੀ ਨੂੰ ਸਭ ਕੁਝ ਭੁਲਣਾ ਪਿਆ। ਉਹ ਦੀਵਾਨਪੁਰ ਪਹੁੰਚ ਕੇ ਸਭ ਤੋਂ ਪਹਿਲਾਂ ਸਦਾ ਕੌਰ ਦੇ ਘਰ ਗਈ। ਰਾਤ ਦੇ ਅੱਠ ਵਜ ਚੁੱਕੇ ਸਨ। ਜਦ ਉਸ ਨੇ ਸਦਾ ਕੌਰ ਦਾ ਬਹਾ ਖੜਕਾਇਆ ਅੰਦਰੋਂ ਆਵਾਜ਼ ਆਈ

“ਕੌਣ ਏਂ ?”

ਸੁੰਦਰੀ ਨੇ ਧੜਕਦੇ ਦਿਲ ਨਾਲ ਉੱਤਰ ਦਿਤਾ – ‘ਬੇਬੇ ਜੀ ! ਮੈਂ ਹਾਂ ਸੁੰਦਰੀ ।”

ਉਸ ਨੂੰ ਇਸ ਗਲ ਦਾ ਪਤਾ ਸੀ ਕਿ ਸਦਾ ਕੌਰ, ਅੱਗੇ ਨਾਲੋ ਵੀ ਵਧੀਕ ਉਸ ਦੀ ਬੇ-ਇਜ਼ਤੀ ਕਰੇਗੀ। ਜਦ ਕਿ ਬਚਨ ਸਿੰਘ ਦੇ ਜਿਉਂਦਿਆਂ ਹੀ ਉਸ ਨੇ ਉਸ ਦਾ ਇਹ ਹਾਲ ਕੀਤਾ ਸੀ, ਹੁਣ ਤਾਂ ਰੱਬ ਹੀ ਰਾਖਾ ਹੈ, ਪਰ ਉਸਨੇ ਸਭ ਕੁਝ ਝੱਲਣ ਲਈ ਆਪਣਾ ਦਿਲ ਪੱਕਾ ਕਰ ਲਿਆ ਹੋਇਆ ਸੀ।

ਬੂਹਾ ਖੁਲ੍ਹਿਆ ਤੇ ਹੱਥ ਵਿਚ ਦੀਵਾ ਲਈ ਸਦਾ ਕੌਰ ਉਸ ਨੂੰ ਸਾਹਮਣੇ ਦਿਸੀ। ਉਸ ਦੀ ਨਜ਼ਰ ਇਤਨੀ ਕਮਜ਼ੋਰ ਹੋ ਗਈ ਸੀ ਕਿ ਦਿਨ ਵੇਲੇ ਵੀ ਮਸੇ ਹੀ ਮਨੁੱਖ ਨੂੰ ਪਛਾਣ ਸਕਦੀ ਸੀ। ਸੁੰਦਰੀ ਉਸ ਦੇ ਮੂੰਹੋਂ ਅੱਗ ਦੀ ਵਰਖਾ ਸਹਿਣ ਲਈ ਉਤਾਵਲੀ ਹੋ ਰਹੀ ਸੀ। ਉਹ ਉਡੀਕ ਰਹੀ ਸੀ ਕਿ ਸਭ ਤੋਂ ਪਹਿਲੀ ਗਾਲ ਸਦਾ ਕੌਰ ਦੇ ਮੂੰਹੋਂ ਕਿਹੜੀ ਨਿਕਲਦੀ ਹੈ। ਪਰ ਉਹ ਹੈਰਾਨ ਹੋ ਗਈ, ਜਦ ਉਸ ਨੇ ਸਦਾ ਕੌਰ ਨੂੰ ਦੋਵੇਂ ਬਾਹਾਂ ਉਸ ਵਲ ਵਧਾ ਕੇ ਇਹ ਕਹਿੰਦਿਆਂ ਸੁਣਿਆ-

” ਆ ਮੇਰੀ ਦੁਖੀ ਬੱਚੀਏ ! ਮੈਂ ਸਦਕੇ !”

ਸੁੰਦਰੀ ਉਸ ਦੇ ਪੈਰਾਂ ਤੇ ਡਿਗ ਪਈ। ਸਦਾ ਕੌਰ ਨੇ ਉਹਨੂੰ ਪਿਆਰ ਨਾਲ ਚੁਕ ਕੇ ਗਲ ਨਾਲ ਲਾਇਆ ਤੇ ਰੋਂਦੀ ਹੋਈ ਬੋਲੀ – “ਬੱਚੀਏ ! ਅੱਜ ਤੇਰਾ ਸੁਹਾਗ ਲੁਟਿਆ ਗਿਆ।”

ਹੋਰ ਉਹ ਕੁਝ ਨਾ ਬੋਲ ਸਕੀ, ਤੇ ਫੁਟ ਫੁਟ ਕੇ ਰੋਣ ਲਗ ਪਈ। ਅਨਵਰ ਜਾਨ ਨੂੰ ਮਿਲਣ ਤੋਂ ਪਿਛੋਂ ਅਜ ਦੂਜੀ ਵਾਰ ਸੁੰਦਰੀ ਦਾ ਮਾਤਰੀ ਮੋਹ ਉਮਡਿਆ।

ਬਚਨ ਸਿੰਘ ਨੇ ਕਲ੍ਹ ਅਖ਼ੀਰੀ ਮੁਲਾਕਾਤ ਵੇਲੇ ਜਿਸ ਤਰ੍ਹਾਂ ਸੁੰਦਰੀ ਵਲੋਂ ਸਦਾ ਕੌਰ ਦਾ ਦਿਲ ਸਾਫ਼ ਕੀਤਾ ਸੀ, ਤੇ ਫਿਰ ਸਦਾ ਲਈ ਸੁੰਦਰੀ ਨੂੰ ਹੀ ਬਚਨ ਸਿੰਘ ਦਾ ਰੂਪ ਸਮਝ ਕੇ ਸੀਨੇ ਨਾਲ ਲਾਈ ਰਖਣ ਦੀ ਤਾਕੀਦ ਕੀਤੀ ਸੀ, ਇਹ ਸਭ ਗੱਲਾਂ ਸਦਾ ਕੌਰ ਨੇ ਉਸ ਨੂੰ ਇਕ ਇਕ ਕਰਕੇ ਸੁਣਾਈਆਂ। ਸੁੰਦਰੀ ਨੇ ਵੀ ਆਪਣੇ ਦੁਖ ਦੀਆਂ ਕਹਾਣੀਆਂ ਸੁਣਾਣੀਆਂ ਸ਼ੁਰੂ ਕੀਤੀਆਂ। ਇਕ ਦੂਜੀ ਨੂੰ ਦੁੱਖ ਸੁਣਾ ਕੇ ਉਹਨਾਂ ਨੂੰ ਇਹ ਮਾਲੂਮ ਹੋਇਆ, ਜੀਕਣ ਬਚਨ ਸਿੰਘ ਜਿਊਂਦਾ ਹੈ।

ਅੱਧੀ ਰਾਤ ਦੁਹਾਂ ਨੇ ਦੁਖ ਭਰੀਆਂ ਗੱਲਾਂ ਕਰਦਿਆਂ ਬਿਤਾਈ। ਆਪੋ ਆਪਣੇ ਥਾਂ ਦੁਹਾਂ ਦੇ ਦਿਲਾਂ ਵਿਚ ਇਹੋ ਖ਼ਿਆਲ ਸੀ, ਜੇ ਰਬ ਇਸ ਦਾ ਮੇਲ ਨਾ ਕਰਾਂਦਾ ਤਾਂ ਮੇਰਾ ਕੀ ਹਾਲ ਹੁੰਦਾ – ਮੈਂ ਕੀਕਣ ਜਿਊਂਦੀ। ਇਸ ਤੋਂ ਬਾਦ ਗੱਲਾਂ ਗੱਲਾਂ ਵਿਚ ਹੀ ਸੁੰਦਰੀ ਨੂੰ ਇਹ ਵੀ ਪਤਾ ਲਗਾ ਕਿ ਸਦਾ ਕੌਰ ਦਾ ਪੈਸਾ ਧੇਲਾ ਅਗੇ ਹੀ ਮੁਕ ਚੁਕਾ ਸੀ, ਪਰ ਇਸ ਮੁਕੱਦਮੇ ਵਿਚ ਉਸ ਦਾ ਟੂਮ ਟਲਾ ਵੀ ਲੱਗ ਗਿਆ ਹੈ, ਤੇ ਕੁਝ ਜ਼ਮੀਨ ਵੀ ਗਹਿਣੇ ਪੈ ਗਈ ਹੈ। ਜਿਹੜੀ ਕੁਝ ਬਚੀ ਖੁਚੀ ਸੀ, ਉਹ ਸ਼ਰੀਕਾ ਦਬਾ ਲੈਣੀ ਹੈ, ਕਿਉਂਕਿ ਕਾਨੂੰਨੀ ਤੌਰ ਤੇ ਉਹ ਉਸ ਦੇ ਵਾਰਸ ਸਨ। ਸਦਾ ਕੌਰ ਇਸ ਵੇਲੇ ਕੌਡੀ ਕੌਡੀ ਤੋਂ ਆਤੁਰ ਹੋਈ ਬੈਠੀ ਸੀ। ਖੰਨੀ ਚੱਪ ਰੋਟੀ ਵੀ ਮਿਲੇਗੀ ਕਿ ਨਹੀਂ, ਇਸ ਵਿਚ ਵੀ ਉਹਨੂੰ ਸੱਕ ਸੀ।

ਇਸ ਤੋਂ ਛੁੱਟ ਸਦਾ ਕੌਰ ਦੀ ਜ਼ਬਾਨੀ ਸੁੰਦਰੀ ਨੂੰ ਇਹ ਵੀ ਪਤਾ ਲੱਗਾ ਕਿ ਪਾਲਾ ਸਿੰਘ ਉਸ ਦੇ ਦਿਉਰਾ ਜੇਠਾ ਨੂੰ ਚੁਕ ਰਿਹਾ ਹੈ ਕਿ ਉਹ ਲਗਦੇ ਹੱਥ ਝਟਪਟ ਜੀਵਾ ਸਿੰਘ ਦੀ ਜ਼ਮੀਨ ਤੇ ਕਬਜ਼ਾ ਕਰ ਲੈਣ ਤੇ ਇਸ ਤਜਵੀਜ਼ ਉਤੇ ਅਮਲ ਦਰਾਮਦ ਹੋਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਸੁੰਦਰੀ ਦੇ ਜ਼ਖ਼ਮੀ ਸੀਨੇ ਉਤੇ ਇਕ ਹੋਰ ਚੈਟ ਲਗੀ, ਉਸ ਦੀ ਰਗ ਰਗ ਇਸ ਵੇਲੇ ਪਾਲਾ ਸਿੰਘ ਪਾਸੋਂ ਬਦਲਾ ਲੈਣ ਦੀ ਵਿਆਕੁਲਤਾ ਨਾਲ ਤੜਫ਼ ਰਹੀ ਸੀ। ਇਥੋਂ ਤਕ ਕਿ ਉਸ ਲਈ ਟਿਕਣਾ ਮੁਸ਼ਕਲ ਹੈ ਗਿਆ। ਬਚਨ ਸਿੰਘ ਨਾਲ ਕੀਤੇ ਕੌਲ ਕਰਾਰ, ਤੇ ਸਿਰ ਤੇ ਚੁੱਕੀ ਸਦਾ ਕੌਰ ਬਾਰੇ ਜ਼ਿੰਮੇਵਾਰੀ, ਇਹ ਸਭ ਕੁਝ ਭੁਲ ਗਿਆ। ਥੋੜ੍ਹੀ ਦੇਰ ਬਾਅਦ ਜਦ ਸਦਾ ਕੌਰ ਸੋ ਗਈ ਤਾਂ ਸੰਦਰੀ ਦੱਬੇ ਪੈਰੀ ਉਠੀ ਤੇ ਆਲੇ ਵਿਚ ਤੀਲਾ ਵਾਲੀ ਡੱਬੀ ਫੜ ਕੇ ਘਰੇ ਬਾਹਰ ਨਿਕਲ ਗਈ।

ਇਸ ਵੇਲੇ ਰਾਤ ਦੇ ਬਾਰਾਂ ਵਜੇ ਦਾ ਵੇਲਾ ਸੀ। ਹਨੇਰੀ ਰਾਤ ਨੇ ਹਰ ਪਾਸੇ ਕਾਲਾ ਪਰਦਾ ਤਾਣਿਆ ਹੋਇਆ ਸੀ।

ਜਿਸ ਖੂਹ ਦੇ ਢਾਰੇ ਵਿਚ ਪਾਲਾ ਸਿੰਘ ਦਾ ਤੇਘੜਾ ਅਕਸਰ ਰਿਹਾ ਕਰਦਾ ਸੀ, ਉਹ ਥਾਂ ਸੁੰਦਰੀ ਦੀ ਵੇਖੀ ਭਾਲੀ ਹੋਈ ਸੀ। ਉਹ ਰਵਾ ਰਵੀ ਉਥੇ ਜਾ ਪਹੁੰਚੀ। ਢਾਰੇ ਦੇ ਪਿਛਵਾੜੇ – ਜਿਥੇ ਇਕ ਮਘੇਰੇ ਵਿਚੋਂ ਅੰਦਰ ਦਾ ਕੁਝ ਹਿੱਸਾ ਦਿਖਾਈ ਦੇਂਦਾ ਸੀ – ਉਹ ਛਹਿ ਕੇ ਬੈਠ ਗਈ। ਅੰਦਰ ਕੌੜੇ ਤੇਲ ਦਾ ਦੀਵਾ ਬਲ ਰਿਹਾ ਸੀ, ਜਿਸਦੀ ਲੋਅ ਵਿਚ ਸੁੰਦਰੀ ਨੂੰ ਵੇਖਿਆ ਪਾਲਾ ਸਿੰਘ ਤੇ ਉਸ ਦੇ ਦੋਵੇਂ ਸਾਥੀ ਸ਼ਰਾਬ ਪੀਂਦੇ ਹੋਏ ਗੱਪਾ ਮਾਰ ਰਹੇ ਸਨ। ਵੀਰ ਸਿੰਘ ਕਹਿ ਰਿਹਾ ਸੀ-“ਸੱਪ ਵੀ ਮਰ ਗਿਆ ਤੇ ਲਾਨੀ ਵੀ ਬਚ ਗਈ।”

ਪਾਲਾ ਸਿੰਘ ਬੋਲਿਆ – ‘ਪਰ ਤੂੰ ਰਾਤੀ ਉਹਨੂੰ ਸਚ ਮੁਚ ਜੀਵਾ ਸੁੱਹ ਦੇ ਘਰ ਜਾਂਦੀ ਨੂੰ ਵੇਖਿਆ ਸੀ ਕਿ ਐਵੇਂ ਨਸ਼ੇ ਵਿਚ ਬਰੜਾਣ ਰਿਹਾ। ਹੋਇਆ ਏ ?”

“ਸਹੁੰ ਗੁਰੂ ਦੀ ਮੈਂ ਅੱਖੀਂ ਵੇਖੀ ਸੀ।”

“ਤਾਂ ਹੁਣ ਬਚ ਕੇ ਨਹੀਂ ਜਾਂਦੀ। ਕਲ੍ਹ ਈ ਕਰੋ ਕਾਬੂ। ਇਹ ਵੀ ਰੋਜ਼ ਰੋਜ਼ ਦਾ ਪੁਆੜਾ ਮੁੱਕੇ।”

ਪਰ ਭਾਊ ਰਖੇਂਗਾ ਕਿੱਥੇ ਉਹਨੂੰ ?”

“ਜੁਦਾਈ ਨਾ ਹੋਵੇ ਤੇ ਰਖਣ ਨੂੰ ਥਾਵਾਂ ਥੋੜ੍ਹੀਆਂ ਨੇ। ਉਡਾਣ ਦੀ ਕਰੇ ਭਲਕੇ।”

ਪਰ ਭਾਊ ਕਚਹਿਰੀ ਚ ਉਸ ਬਿਆਨ ਦਿਤਾ ਸੀ, ਅਖੋ ਮੈਂ ਉਸ ਕੱਜਰੀ ਦੀ ਧੀ ਆ।”

” ਓਏ ਛੱਡ ਪਰੇ ਵਿਹਲੀਆਂ ਗੱਲਾਂ ! ਸਿਖਾਂ ਨੂੰ ਕੀ ਲਗੇ ਇਹੋ ਜਿਹੇ ਵਹਿਮਾਂ ਨਾਲ ਤੁਸੀਂ ਬਸ ਗੁਰੂ ਦਾ ਨਾ ਲੈ ਕੇ ਰਾਤੀ ਉਹਨੂੰ ਲਿਆਉਣ ਦੀ ਕਰੋ।

“ਮੇਰੀ ਸਲਾਹ ਏ, ਜੀਵਾ ਸੂੰਹ ਦੇ ਘਰ ਪਿਛਵਾੜਿਉਂ ਜਿਥੇ ਕੰਧ ਡੰਚੀ ਏ, ਓਸੇ ਨੂੰ ਪਾੜ।।”

“ਬਸ ਬਸ ਠੀਕ ਏ।”

ਸੁੰਦਰੀ ਨੂੰ ਸਮਝਣ ਵਿਚ ਚਿਰ ਨਾ ਲੱਗਾ ਕਿ ਇਹ ਗੱਲਾ ਤੇ ਤਿਆਰੀਆਂ ਕਿਸ ਬਾਬਤ ਹੋ ਰਹੀਆਂ ਹਨ।

ਥੋੜ੍ਹਾ ਚਿਰ ਹੋਰ ਉਹ ਇਸੇ ਤਰ੍ਹਾਂ ਦੀਆਂ ਪੱਕੀਆਂ ਪਕਾਂਦੇ ਰਹੇ ਤੇ ਅਖ਼ੀਰ ਪੀਂਦੇ ਪੀਂਦੇ ਉਥੇ ਹੀ ਸੋ ਗਏ।

ਇਚਰ ਤੋੜੀ ਸੁੰਦਰੀ ਨੇ ਏਧਰੋਂ ਉਧਰੋਂ ਸੁੱਕਾ ਘਾਹ ਇਕੱਠਾ ਕਰ

ਕੇ ਦੇ ਤਿੰਨ ਪੁਲੇ ਬਣਾ ਲਏ ਸਨ।

ਅਖ਼ੀਰ ਉਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ।

ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਢਾਰਾ ਲਟ ਲਟ ਬਲ ਰਿਹਾ ਸੀ, ਜਿਸ ਦੇ ਅਲੰਬਿਆਂ ਨਾਲ ਦੂਰ ਦੂਰ ਤੀਕ ਚਾਨਣ ਫੈਲ ਰਿਹਾ ਸੀ ਤੇ ਸਾਰਾ ਪਿੰਡ ਵਾਹੋਦਾਹੀ ਭੱਜਾ ਆ ਰਿਹਾ ਸੀ।

ਪਾਸ ਖੜੋਤੀ ਸੁੰਦਰੀ, ਪਾਗਲਾਂ ਵਾਂਗ ਹੱਸ ਰਹੀ ਸੀ – ਅੱਜ ਉਸ ਦੇ ਚਿਹਰੇ ਉਤੇ ਉਹ ਭਿਆਨਕ ਹਾਸਾ ਸੀ, ਜਿਸ ਤੋਂ ਸ਼ਾਇਦ ਮੌਤ ਵੀ ਕੰਬ ਉਠੇ।

ਸਾਰੇ ਪਿੰਡ ਵਿਚ ਰੌਲਾ ਮਚ ਗਿਆ – ਲੋਕੀਂ ਝਟ ਪਟ ਆ ਪਹੁੰਚੇ। ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਦਾਰੇ ਦੀ ਛੱਤ ਦਾ ਸਾਰਾ ਬਾਲਣ ਉਸ ਦੀਆਂ ਚਹੁਆ ਕੰਧਾ ਵਿਚਾਲੇ ਜਾ ਪਿਆ।

“ਹੁਣ ਐਥੇ ਸੀ, ਹੁਣ ਐਥੇ ਸੀ” ਅੱਗ ਬੁਝਾਣੀ ਸ਼ੁਰੂ ਕਰ ਦਿਤੀ ਤੇ ਕੁਝ ਕਹਿੰਦਿਆਂ ਕੁਝ ਲੋਕਾਂ ਨੇ ਦੋਸ਼ੀ ਨੂੰ ਫੜਨ ਲਈ ਏਧਰ ਉਧਰ ਭੱਜ ਨਿਕਲੇ।

ਕਿਸੇ ਨੇ ਦੱਸਿਆ ਕਿ ਇਕ ਮੁਟਿਆਰ ਦਰਿਆ ਵਲ ਦੌੜੀ ਜਾਂਦੀ ਉਸ ਵੇਖੀ ਸੀ। ਸਾਰੇ ਲੋਕੀਂ ਉਧਰ ਭਜ ਗਏ। ਬੇਲੇ ਦੀਆ ਝਾੜੀਆਂ ਨੂੰ ਪੜਚੋਲਦੇ ਹੋਏ ਲੋਕੀ ਦੂਰ ਤਕ ਨਿਕਲ ਗਏ।

ਇੰਨੇ ਨੂੰ ਆਵਾਜ ਆਈ ਅਹੁ ਵੇਖੋ – ਅਹੁ ਗਈ ਜੇ ਦਰਿਆ ਦੇ ਪੁਲ ਵਲ।

ਲੋਕੀਂ ਪੁਲ ਵਲ ਨੱਠੇ। ਪਰ ਹਨੇਰੇ ਵਿਚ ਕੁਝ ਨਾ ਪਤਾ ਲਗ ਸਕਿਆ। ਤੱਟ ਕੁ ਪਿਛੇ ਪੁਲ ਉਤੋਂ ਆਵਾਜ਼ ਆਈ – “ਮੈਂ ਜੇ ਖੂਨੀ। ਆਓ ਮੈਨੂੰ ਫੜੇ, ਜਿਸ ਦੀ ਹਿੰਮਤ ਪੈਂਦੀ ਹੈ। ਦੋ ਜਾਨਾਂ ਬਦਲੇ ਮੈਂ ਤਿੰਨ ਜਾਨਾਂ ਲੈ ਕੇ ਜਾ ਰਹੀ ਹਾਂ। ਮੈਂ ਕਿਸੇ ਬੇਦੋਸ਼ੇ ਦੀਆਂ ਆਹੀਂ ਨਹੀਂ ਲਈਆਂ। ਉਹਨਾਂ ਨੂੰ ਮਾਰਿਆ ਈ, ਜਿਨ੍ਹਾਂ ਨੇ ਮੇਰੇ ਸਿਰ ਦਾ ਤਾਜ ਲਾਹ ਕੇ ਪੈਰਾਂ ਵਿਚ ਸੁੱਟਿਆ ਤੇ ਮੇਰੇ ਬੁੱਢੇ ਪਿਉ ਦਾ ਲਹੂ ਪੀਤਾ ਏ। ਯਾਦ ਰਖੇ ਜ਼ਾਲਮੇ !

“ਇਕ ਸਤੀ ਦੇ ਜਿਊਂਦਿਆਂ ਉਸ ਨੂੰ ਵਿਧਵਾ ਕਰਨ ਵਾਲੇ, ਉਸ ਦੇ ਕ੍ਰੋਧ ਤੋਂ ਕਦੇ ਬਚ ਨਹੀਂ ਸਕਦੇ। ਸਾਰੇ ਪਿੰਡ ਤੋਂ ਤਾਂ ਵਾਹਿਗੁਰੂ ਹੀ ਬਦਲਾ ਲਵੇਗਾ- ਜਿਨ੍ਹਾਂ ਝੂਠੀਆਂ ਗਵਾਹੀਆਂ ਦੇ ਕੇ ਮੇਰੇ ਮਾਲਕ ਦੀ ਜਾਨ ਲਈ ਤੇ ਮੇਰੇ ਬੁੱਢੇ ਪਿਉ ਦੇ ਕਾਤਲਾਂ ਨੂੰ ਬਚਾਇਆ, ਪਰ ਹਾਲੇ ਅਸਲ ਕਾਤਲਾਂ ਨੂੰ ਤਾਂ ਆਪਣੀ ਕਰਨੀ ਦਾ ਫਲ ਮਿਲ ਗਿਆ ਹੈ, ਆਓ ਫੜੇ ਮੈਨੂੰ ।”

ਲੋਕਾਂ ਡਿੱਠਾ ਕਿ ਸਾਹਮਣੇ ਹੀ ਦਰਿਆ ਦੇ ਪੁਲ ਤੇ ਖੜ੍ਹੀ ਸੁੰਦਰੀ ਬਾਹਾ ਉਲਾਰ ਉਲਾਰ ਕੇ- ਸੰਘ ਪਾੜ ਕੇ ਉਪ੍ਰੋਕਤ ਗੱਲਾਂ ਕਹਿ ਰਹੀ ਸੀ। ਇਸ ਵੇਲੇ ਤਕ ਪੁਲਿਸ ਵੀ ਮੌਕੇ ਤੇ ਪਹੁੰਚ ਚੁਕੀ ਸੀ। ਅੱਗੇ ਅੱਗੇ ਪੁਲਿਸ ਦੇ ਸਿਪਾਹੀ ਤੇ ਪਿਛੇ ਪਿੰਡ ਦੇ ਹੋਰ ਲੋਕੀਂ ਪੁਲ ਵਲ ਵਧੇ। ਉਹਨਾਂ ਨੂੰ ਬੜੀ ਹੈਰਾਨੀ ਹੋਈ, ਜਦ ਉਹਨਾਂ ਡਿੱਠਾ ਕਿ ਸੁੰਦਰੀ ਉਸੇ ਤਰ੍ਹਾਂ ਅਡੋਲ ਖੜ੍ਹੀ ਸੀ- ਉਥੋਂ ਜ਼ਰਾ ਵੀ ਨਹੀਂ ਹਿੱਲੀ।

ਸਾਰੀ ਭੀੜੀ ਪੁਲ ਤੇ ਜਾ ਪਹੁੰਚੀ, ਪਰ ਅਜੇ ਵੀ ਸੁੰਦਰੀ ਆਪਣੇ ਥਾ ਤੇ ਖੜ੍ਹੀ ਲੋਕਾਂ ਨੂੰ ਲਾਅਨਤਾਂ ਪਾ ਰਹੀ ਸੀ। ਜਿਉਂ ਹੀ ਪੁਲਿਸ ਦੇ ਸਿਪਾਹੀ ਉਸ ਨੂੰ ਫੜਨ ਲਈ ਉਸ ਵਲ ਵਧੇ ਕਿ ਉਸ ਨੇ ਘੜੰਮ ਕਰਕੇ ਦਰਿਆ ਵਿਚ ਛਾਲ ਮਾਰ ਦਿੱਤੀ। ਸਾਰੇ ਲੋਕੀਂ ਹਥ ਮਲਦੇ ਰਹਿ ਗਏ।

ਪੁਲ ਦੇ ਉਤੋਂ ਹੀ ਲੋਕਾਂ ਡਿੱਠਾ, ਉਸਦੇ ਡਿਗਣ ਨਾਲ ਅਡੋਲ ਵਹਿ ਰਹੇ ਦਰਿਆ ਵਿਚ ਇਕ ਜ਼ੇਰ ਦਾ ਉਛਾਲਾ ਉਠਿਆ। ਜਿਸ ਥਾਂ ਸੁੰਦਰੀ ਜਾ ਕੇ ਪਈ ਸੀ, ਉਸ ਥਾਂ ਦਾ ਪਾਣੀ ਚਿਟਿਆਈ ਵਿਚ ਹੋ ਕੇ ਉਤਾਂਹ ਬੜ੍ਹਕਿਆ, ਤੇ ਫੇਰ ਉਸੇ ਤਰ੍ਹਾਂ ਚੁਪ ਚਾਂ ਹੋ ਗਈ। ਲਾਲਟੈਨਾਂ ਹੇਠਾਂ ਲਮਕਾ ਲਮਕਾ ਕੇ ਤੇ ਅੱਖਾਂ ਪਾੜ ਪਾੜ ਕੇ ਲੋਕਾਂ ਬਥੇਰਾ ਵੇਖਣ ਦੀ ਕੋਸ਼ਿਸ਼ ਕੀਤੀ ਪਰ ਮੁੜ ਸੁੰਦਰੀ ਦਾ ਕੋਈ ਖੁਰਾ ਖੋਜ ਨਾ ਲੱਭਾ। ਉਹ ਸਦਾ ਲਈ ਉਹਨਾਂ ਦੀਆਂ ਅੱਖਾਂ ਤੋਂ ਅਲੋਪ ਹੋ ਗਈ।

ਸੁੰਦਰੀ ਨੂੰ ਭਾਵੇਂ ਸਭ ਨੇ ਛਾਲ ਮਾਰਦਿਆਂ ਡਿੱਠਾ ਸੀ, ਪਰ ਕੋਈ ਨਹੀਂ ਸੀ ਕਹਿ ਸਕਦਾ ਕਿ ਉਹ ਮਰ ਗਈ ਜਾਂ ਕਿਸੇ ਕੰਢੇ ਲੱਗ ਕੇ ਬਚ ਗਈ।

ਕੁਝ ਦਿਨਾਂ ਬਾਅਦ ਸੁੰਦਰੀ ਦਾ ਹੁਲੀਆ ਦੇ ਕੇ ਪੁਲਿਸ ਵਲੋਂ ਇਸ਼ਤਿਹਾਰ ਛਾਪੇ ਗਏ ਤੇ ਉਸ ਨੂੰ ਫੜਨ ਜਾਂ ਪਤਾ ਦੇਣ ਵਾਲੇ ਲਈ ਇਨਾਮ ਰਖਿਆ ਗਿਆ। ਪੁਲਿਸ ਅਤੇ ਪਿੰਡਾਂ ਦੇ ਲੋਕੀਂ ਬੜੀ ਸਰਗਰਮੀ ਨਾਲ ਉਸ ਦੀ ਖੋਜ ਕਰਨ ਲੱਗੇ।

ਅਰਜ਼ੀ

''ਅਜ ਸਵੱਖਤੇ ਹੀ ਉਠ ਬੈਠਾ ਏਂ, ਪਾਰੋ ਦਾ ਭਾਈਆ,'' ਬ੍ਹਾਰੀ ਬਹੁਕਰ ਤੋਂ ਵੇਹਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਸ ਨੂੰ ਪੁੱਛਿਆ ''ਅੱਖਾਂ ਸੁੱਜੀਆਂ ਜਾਪਦੀਆਂ ਨੇ, ਰਾਤੀਂ ਜਾਗਦਾ ਰਿਹਾ ਸੈਂ?''''ਮੱਛਰਾਂ ਕਰਕੇ ਨੀਂਦਰ ਨਹੀਂ ਸੀ ਪਈ।'' ਉਬਾਸੀ ਲੈ ਕੇ ਮੂੰਹ ਤੇ ਹਥ ਫੇਰਦਿਆਂ ਰਾਮੇ ਸ਼ਾਹ ਨੇ ਉਤਰ ਦਿੱਤਾ-''ਨਾਲੇ ਜਿੱਦਣ ਵੱਡੇ ਵੇਲੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ, ਓਦਣ ਰਾਤੀਂ ਨੀਂਦਰ ਘਟ ਈ ਪੈਂਦੀ ਏ।''''ਕੀ ਕੰਮ ਸੀ ਏਡਾ ਜ਼ਰੂਰੀ?'' ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁਛਿਆ, ਕਿਸੇ ਸਾਮੀ ਵੱਲ...

ਸੁਨਹਿਰੀ ਜਿਲਦ

''ਕਿਉਂ ਜੀ ਤੁਸੀਂ ਸੁਨਿਹਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?''ਖ਼ੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ ਸੁਣ ਕੇ ਬੋਲਿਆ-''ਆਹੋ ਜੀ ਜਿਹੋ ਜਿਹੀ ਕਹੋ।''ਗਾਹਕ ਇਕ ਅਧਖੜ ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ ਤੇ ਬੈਠ ਕੇ ਉਹ ਕਿਤਾਬ ਉਤਲੇ ਰੁਮਾਲਾਂ ਨੂੰ ਬੜੇ ਅਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ। ਪੰਜ ਛੇ ਰੁਮਾਲ ਉਤਾਰਨ ਤੋਂ ਬਾਅਦ ਉਸ ਨੇ ਵਿਚੋਂ ਇਕ ਕਿਤਾਬ ਕੱਢੀ। ਦਫ਼ਤਰੀ ਦੀ ਹੱਟੀ ਵਿਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ, ਸਾਰੇ ਹੀ ਕਿਤਾਬ ਵਲ...

ਚਿੱਟਾ ਲਹੂ – ਅਧੂਰੇ ਕਾਂਡ ਦਾ ਬਾਕੀ ਹਿੱਸਾ (13)

(ਉਪਰੋਕਤ ਘਟਨਾ ਤੋਂ ਦੇ ਸਾਲ ਬਾਅਦ) ਕਿਤਾਬ ਦੇ ਮੁੱਢ ਵਿਚ ਪਾਠਕ ਪੜ੍ਹ ਆਏ ਹਨ ਕਿ ਰਾਤ ਵੇਲੇ ਗੁਪਤੇਸ੍ਵਰ’ ਨਾਉਂ ਦਾ ਇਕ ਮੁਸਾਫ਼ਰ ਬਾਬੂ ਸ਼ਾਮਦਾਸ ਦੇ ਕਮਰੇ ਵਿਚ ਬੈਠਾ ਉਸ ਨੂੰ ਇਕ ਹੱਥ ਲਿਖਿਆ ਨਾਵਲ ਸੁਣਾ ਰਿਹਾ ਸੀ। ਨਾਵਲ ਕਾਫੀ ਵੱਡਾ ਸੀ, ਪਰ ਬਾਬੂ ਸ਼ਾਮਦਾਸ ਇਕੋ ਬੈਠਕ ਵਿਚ ਸਾਰਾ ਸੁਣਨਾ ਚਾਹੁੰਦਾ ਸੀ। ਮੁਸਾਫ਼ਰ ਸੁਣਾਦਾ ਗਿਆ ਤੇ ਸ਼ਾਮਦਾਸ ਸੁਣਦਾ ਗਿਆ। ਏਸੇ ਸੁਣੇ ਸੁਣਾਈ ਵਿਚ ਰਾਤ ਬੀਤ ਗਈ। ਇਸ ਵੇਲੇ ਜਦ ਮੁਸਾਫ਼ਰ ਨੇ ਲਗਪਗ ਸਾਰਾ ਨਾਵਲ ਖ਼ਤਮ ਕਰ ਲਿਆ- ਸ਼ਾਇਦ ਇਕ ਅੱਧ ਕਾਂਡ ਹੀ ਬਾਕੀ...