“ਸੰਤਰੀ ! ਇਸ ਬਦਮਾਸ਼ ਨੂੰ ਖੜ੍ਹਾ ਰੱਖ” ਕਹਿ ਕੇ ਬਾਬੂ ਹੋਰ ਲੋਕਾਂ ਦੀਆਂ ਟਿਕਟਾਂ ਵੇਖਣ ਲਗ ਪਿਆ। ਸ਼ਾਮ ਦੇ ਸਤ ਵਜੇ ਦਾ ਵੇਲਾ ਸੀ। ਲੋਕ ਟਿਕਟਾਂ ਦੇ ਕੇ ਫਾਟਕ ਵਿਚੋਂ ਲੰਘਦੇ ਜਾ ਰਹੇ ਸਨ। ਸਿਪਾਹੀ ਨੇ ਮੁਸਾਫਰ ਦੀ ਬਾਂਹ ਫੜ ਕੇ ਉਸ ਨੂੰ ਜ਼ੋਰ ਦਾ ਝਟਕਾ ਦੇ ਕੇ ਫਾਟਕ ਦੇ ਇਕ ਪਾਸੇ ਖੜ੍ਹਾ ਕਰ ਦਿਤਾ। ਇਸ ਵੇਲੇ ਮੁਸਾਫਰ ਦੇ ਲੰਮੇ ਮੈਲੇ ਕੋਟ ਦੀ ਪਾਟੀ ਹੋਈ ਜੇਬ ਵਿਚੋਂ ਪੂਣੀ ਹੋਏ ਹੋਏ ਕਾਗਜ਼ਾਂ ਦਾ ਇਕ ਥੱਬਾ ਹੇਠਾਂ ਡਿੱਗ ਪਿਆ, ਜਿਸ ਨੂੰ ਉਸ ਨੇ ਝਟ ਪਟ ਚੁਕ ਕੇ ਹੱਥ ਵਿਚ ਫੜ ਲਿਆ।
ਨੌਜਵਾਨ ਮੁਸਾਫ਼ਰ ਪਾਸ ਕੋਈ ਅਸਬਾਬ ਨਹੀਂ ਸੀ। ਵੇਖਣ ਤੋਂ ਉਹ ਸਿੱਖ ਜਾਪਦਾ ਸੀ। ਉਮਰ ਉਸ ਦੀ ਅਠਾਰਾਂ ਕੁ ਸਾਲ ਦੇ ਲਗ ਪਗ ਸੀ। ਉਸ ਦੀ ਮੱਸ ਅਜੇ ਨਹੀਂ ਸੀ ਫੁੱਟੀ। ਉਸ ਦਾ ਝੱਗਾ ਗਲਮੇ ਤੋਂ ਕੁਝ ਪਾਟਾ ਹੋਇਆ ਸੀ ਤੇ ਉਸ ਨੇ ਕਾਲਾ ਲੰਮਾ ਕੋਟ ਪਹਿਨਿਆ ਹੋਇਆ ਸੀ। ਉਸ ਦੀ ਵੀ ਇਹੋ ਹਾਲਤ ਸੀ। ਇਹ ਬਹੁਤੀਆਂ ਥਾਵਾਂ ਤੋਂ ਟਾਕੀਆਂ ਲਾ ਕੇ ਗੰਢਿਆ ਹੋਇਆ ਸੀ। ਇਸ ਦੇ ਕਾਜਾਂ ਦੇ ਛੇਕ ਪਾਟ ਪਾਟ ਕੇ ਮੋਕਲੇ ਹੋ ਗਏ ਸਨ। ਮਲੂਮ ਹੁੰਦਾ ਸੀ ਉਹਨਾਂ ਨੂੰ ਚਿੱਟੇ ਤੇ ਮੇਟੇ ਧਾਗੇ ਦੇ ਤੋਪਿਆਂ ਨਾਲ ਕਈ ਵਾਰ ਸੀਵਿਆ ਗਿਆ ਹੈ। ਕੋਟ ਨਾਲ ਕੋਈ ਬਟਨ ਨਹੀਂ ਸੀ, ਸ਼ਾਇਦ ਠੰਢ ਤੋਂ ਬਚਣ ਲਈ ਮੁਸਾਫ਼ਰ ਨੇ ਉਸ ਦੇ ਕਾਜਾਂ ਅਤੇ ਬਟਨ ਟੇਕਾਂ ਵਿਚ ਦੀ ਧਾਗੇ ਲੰਘਾ ਕੇ ਕੰਮ ਸਾਰਿਆ ਹੋਇਆ ਮੀ: ਕੋਟ ਦੀ ਇਕ ਜੇਬ ਤਾਂ ਉੱਕੀ ਹੀ ਪਾਟੀ ਹੋਈ ਸੀ ਪਰ ਦੂਜੀ ਕੁਝ ਸਾਬਤ ਸੀ। ਮੁਸਾਫ਼ਰ ਦੇ ਸਡੌਲ ਤੇ ਗੋਰੇ ਸਰੀਰ ਦਾ ਅੰਗ ਅੰਗ ਗਰੀਬੀ, ਨਿਰਾਸਤਾ ਤੇ ਸ਼ਰਮਿੰਦਗੀ ਦੀ ਮੂਰਤ ਬਣਿਆ ਹੋਇਆ ਸੀ।
ਸਿਪਾਹੀ ਦਾ ਹੱਥ ਛੁੰਹਦਿਆਂ ਹੀ ਮੁਸਾਫ਼ਰ ਸਿਰ ਤੋਂ ਪੈਰਾਂ ਤਕ ਕੰਬ ਗਿਆ। ਉਸ ਦੇ ਸਾਹਮਣੇ ਸੈਂਕੜੇ ਮੁਸਾਫ਼ਰ ਟਿਕਟਾਂ ਦੇ ਕੇ ਲੰਘ ਗਏ ਪਰ ਬਾਬੂ ਨੇ ਕਿਸੇ ਵਲ ਵੀ ਅਜਿਹੀ ਭਿਆਨਕ ਨਜ਼ਰ ਨਾਲ ਨਹੀਂ ਸੀ ਤਕਿਆ, ਜਿਕਣ ਉਸ ਵਲ। ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਦੋ ਕੁ ਕਦਮ ਅਗਾਂਹ ਜਾ ਕੇ ਫਾਟਕ ਵਲ ਪਿੱਠ ਕਰ ਕੇ ਖੜੋ ਗਿਆ। ਸਿਪਾਹੀ ਨੇ ਖਬਰੇ ਇਹ ਖਿਆਲ ਕਰਕੇ ਕਿ ਮੁਸਾਫ਼ਰ ਨੱਸਣ ਲਈ ਦਾਉ ਖੇਡ ਰਿਹਾ ਹੈ, ਤਾੜਨਾ ਭਰੀਆਂ ਅੱਖਾਂ ਨਾਲ ਉਸ ਵਲ ਤੱਕਿਆ ਤੇ ਘੁਰਕੀ ਦਿੱਤੀ-”ਓਏ ਕਿਧਰ ਜਾ ਰਿਹਾ ਏਂ ? ਖੜਾ ਰਹੁ ਆਪਣੀ ਥਾਂ ਤੇ, ਨਹੀਂ ਤੇ ਮਾਰ ਮਾਰ ਕੇ ਖੱਲ ਲਾਹ ਸੁਟਾਂਗਾ ਈ।”
ਮੁਸਾਫਰ ਬਿਨਾਂ ਚੂੰ-ਚਰਾਂ ਕੀਤਿਆਂ ਮੁੜ ਉਸੇ ਥਾਂ ਤੇ ਆ ਕੇ ਖੜੇ ਗਿਆ।
ਪੌਣੇ ਕੁ ਘੰਟੇ ਪਿਛੋਂ ਜਦ ਸਾਰੇ ਮੁਸਾਫਰ ਲੰਘ ਚੁਕੇ ਤਾਂ ਬਾਬੂ ਨੇ ਇਸ ਵਲ ਧਿਆਨ ਮੋੜਿਆ ਤੇ ਕੜਕਵੀਂ ਆਵਾਜ਼ ਵਿਚ ਬੋਲਿਆ-“ਲਿਆ ਓਏ ਸੁਟ ਇਕ ਰੁਪਿਆ ਦਸ ਆਨੇ।” ਬਾਬੂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੁਸਾਫਰ ਕੋਟ ਦੇ ਖੀਸੇ ਵਿਚ ਹੱਥ ਪਾ ਕੇ ਕਿਸੇ ਚੀਜ਼ ਨੂੰ ਪੇਟਿਆਂ ਨਾਲ ਟਟੇਲ ਰਿਹਾ ਸੀ। ਇਹ ਮੋਟੇ ਮੋਟੇ ਕਿੰਗਰਿਆਂ ਵਾਲਾ ਚਿੱਟੇ ਤਾਂਬੇ ਦਾ ਇਕ ਸਿੱਕਾ ਸੀ। ਇਸ ਵੇਲੇ ਉਸਦੀ ਹਾਲਤ ਇਕ ਅਜੇਹੇ ਆਦਮੀ ਵਰਗੀ ਸੀ, ਜਿਹਦੀ ਤੇਹ ਨਾਲ ਜਾਨ ਨਿਕਲ ਰਹੀ ਹੋਵੇ, ਤੇ ਉਸਦੇ ਸਾਹਮਣੇ ਪਾਣੀ ਦੀ ਨਿੱਕੀ ਜਿਹੀ ਕੌਲੀ ਪਈ ਹੋਵੇ, ਪਰ ਉਹ ਵੀ ਖਾਰੇ ਪਾਣੀ ਦੀ। ਉਸਦੀ ਜੇਬ ਵਿਚ ਇਕ ਖੋਟੀ ਚਵਾਨੀ ਸੀ।
ਮੁਸਾਫਰ ਨੇ ਬੜੀ ਕੋਮਲ ਆਵਾਜ਼ ਵਿਚ ਡਰਦਿਆਂ ਡਰਦਿਆਂ ਉੱਤਰ ਦਿਤਾ-“ਬਾਬੂ ਜੀ ! ਮੇਰੇ ਉਤੇ ਰਹਿਮ ਕਰੋ, ਮੈਂ ਬੜਾ ਗਰੀਬ ਹਾਂ। ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਂ ਕਿਰਾਏ ਜੋਗੇ ਪੈਸੇ ਨਹੀਂ ਪੈਦਾ ਕਰ ਸਕਿਆ। ਇਹੋ ਵਜ੍ਹਾ ਹੈ ਕਿ ਮੈਨੂੰ ਬਿਨਾਂ ਟਿਕਟੋਂ ਸਫਰ ਕਰਨਾ ਪਿਆ।”
ਬਾਬੂ ਨੇ ਮਖੌਲ ਤੇ ਨਫਰਤ ਦੇ ਭਾਵ ਨਾਲ ਹੱਸ ਕੇ ਕਿਹਾ-”ਠੀਕ ਏ। ਕਿਰਾਏ ਜੋਗੇ ਪੈਸੇ ਨਹੀਂ ਸਨ ਤੇ ਗੱਡੀ ਤੇਰੇ ਪਿਉ ਦੀ ਜੂ ਹੋਈ। ਮੁਫਤ ਸਫਰ ਕਰਨ ਲਗਿਆ ਜੇਲ੍ਹ ਦੇ ਦਾਲ ਫੁਲਕੇ ਦਾ ਚੇਤਾ ਨਹੀਂ ਸੀਆਇਆ ?”
ਕੋਲੋਂ ਸਿਪਾਹੀ ਬੋਲਿਆ-“ਬਾਬੂ ਜੀ ! ਤੁਸੀਂ ਕੀ ਖਿਆਲ ਕਰਦੇ ਓ। ਇਸ ਪਾਸ ਕਿਰਾਇਆ ਨਹੀਂ ? ਮੇਰਾ ਖਿਆਲ ਏ, ਇਸ ਦੀ ਤਲਾਸ਼ੀ ਲਈ ਜਾਵੇ ਤਾਂ ਤੁਹਾਨੂੰ ਪਤਾ ਲਗੇ ਕਿ ਇਹ ਗਰੀਬ ਹੈ ਕਿ ਨੌਸਰਬਾਜ਼।”
ਸਿਪਾਹੀ ਦੀ ਪੁਸ਼ਟੀ ਕਰਦਿਆਂ ਬਾਬੂ ਨੇ ਕਿਹਾ-‘ਤੇ ਇਹ ਗੱਲ ਮੈਥੋਂ ਭੁਲੀ ਹੋਈ ਏ ! ਇਨਾਂ ਲੋਕਾਂ ਤਾਂ ਬਸ ਪੇਸ਼ਾ ਹੀ ਇਹੋ ਬਣਾ ਲਿਆ। ਏ। ਗੱਡੀਆਂ ਵਿਚ ਮੁਫ਼ਤ ਸਫਰ ਕਰਦੇ ਫਿਰੋ, ਜਿਥੇ ਕੋਈ ਅਕਲ ਦਾ ਅੰਨ੍ਹਾ ਤੇ ਗੰਢ ਦਾ ਪੂਰਾ ਮਿਲਿਆ, ਬਸ ਮੁੰਨ ਮੰਨ ਕੇ ਰਾਹ ਪਏ।” ਫੇਰ ਮੁਸਾਫਰ ਵਲ ਤੱਕ ਕੇ ਬੋਲਿਆ-”ਦੇਣਾ ਈ ਕਿਰਾਇਆ ਕਿ ਮੀਮੇ ਕੱਟਾਂ।”
ਮੁਸਾਫਰ ਦੇ ਸਰੀਰ ਦੀ ਰੱਤ ਜੰਮ ਚੁਕੀ ਸੀ। ਚਿਹਰੇ ਤੇ ਇਕ ਰੰਗ ਆਉਂਦਾ ਤੇ ਇਕ ਜਾਂਦਾ ਸੀ। ਦੋ ਤਿੰਨ ਵਾਰੀ ਉਸ ਦੀ ਜ਼ਬਾਨ ਖੁੱਲ੍ਹਦੀ ਖੁੱਲ੍ਹਦੀ ਰੁਕ ਗਈ। ਅਖੀਰ ਉਸ ਨੇ ਹੌਂਸਲਾ ਕਰਕੇ ਕਿਹਾ-“ਬਾਬੂ ਜੀ ! ਮੈਂ ਚੋਰ ਉੱਚਕਾ ਨਹੀਂ, ਇਕ ਮੁਸੀਬਤ-ਜ਼ਦਾ ਗ਼ਰੀਬ ਹਾਂ। ਮੈਂ ਮੁਫ਼ਤ ਸਫਰ ਕਰਨ ਦਾ ਮੁਜਰਮ ਬੇਸ਼ਕ ਹਾਂ। ਲੈ ਚਲੇ, ਜਿਥੇ ਤੁਹਾਡਾ ਜੀ ਕਰੇ ਮੈਨੂੰ ਲੈ ਚਲੋ, ਪਰ ਰੱਬ ਦੇ ਵਾਸਤੇ ਇਹੋ ਜਿਹੇ ਲਫ਼ਜ਼ ਕਹਿ ਕਹਿ ਕੇ ਮੇਰੇ ਕਲੇਜੇ ਵਿਚ ਛੁਰੀਆਂ ਨਾ ਮਾਰੋ।” ਕਹਿੰਦਿਆਂ ਕਹਿੰਦਿਆਂ ਮੁਸਾਫਰ ਦੀਆਂ ਅੱਖਾਂ ਵਿਚ ਅੱਥਰੂ ਡਲ੍ਹਕ ਪਏ।
ਬਿਨ-ਕਿਰਾਏ ਮੁਸਾਫਰਾਂ ਦੀਆਂ ਇਹੋ ਜਿਹੀਆਂ ਤੇ ਇਸ ਨਾਲੋਂ ਕਿਤੇ ਵਧ ਗੱਲਾਂ ਸੁਣਨ ਲਈ ਬਾਬੂ ਤੇ ਸਿਪਾਹੀ ਦੇ ਕੰਨ ਆਦੀ ਹੋ ਚੁਕੇ ਸਨ, ਇਹੋ ਕਾਰਨ ਹੈ ਕਿ ਉਹਨਾਂ ਬੜੀ ਬੇ-ਪ੍ਰਵਾਹੀ ਨਾਲ ਮੁਸਾਫ਼ਰ ਦੀਆਂ ਗੱਲਾਂ ਸੁਣੀਆਂ, ਪਰ ਬਾਬੂ ਦੀ ਨਿਗਾਹ ਜਿਉਂ ਹੀ ਉਸ ਦੀਆਂ ਅੱਖਾਂ ਤੇ ਪਈ, ਉਹ ਹੈਰਾਨ ਹੋ ਗਿਆ। ਮੁਸਾਫਰ ਦੀਆਂ ਮੇਟੀਆਂ ਅੱਖਾਂ ਵਿਚੋਂ ਰੱਤ ਚੋ ਰਹੀ ਸੀ। ਕ੍ਰੋਧ ਤੇ ਨਫਰਤ ਨਾਲ ਉਸਦੇ ਬੁੱਲ੍ਹ ਫਰਕ ਰਹੇ ਸਨ ਤੇ ਉਸ ਦੇ ਗੋਰੇ ਚਿਹਰੇ ਉਤੇ ਲਾਲੀ ਦੌੜ ਰਹੀ ਸੀ।
ਸਿਪਾਹੀ ਸ਼ਾਇਦ ਦਿਲ ਦਾ ਵਧੇਰੇ ਕਰੜਾ ਸੀ, ਜਿਸ ਕਰਕੇ ਉਸ ਨੇ ਇਸ ਵਲ ਕੋਈ ਧਿਆਨ ਨਾ ਦਿਤਾ, ਪਰ ਬਾਬੂ ਨੂੰ ਇਸ ਦੁਖੀ ਦੇ ਚਹੁੰ ਸ਼ਬਦਾਂ ਨੇ ਤੜਫਾ ਦਿਤਾ। ਉਹ ਪਛਤਾਉਣ ਲੱਗਾ ਕਿ ਉਸ ਨੇ ਕਿਉਂ ਇਕ ਦੁਖਿਆਰੇ ਦੇ ਦਿਲ ਤੇ ਠੋਕਰ ਲਾਈ। ਉਹ ਕਿੰਨਾ ਹੀ ਚਿਰ ਨੀਝ ਲਾਈ ਮੁਸਾਫਰ ਦੀਆਂ ਅੱਖਾਂ ਵਲ ਤੱਕਦਾ ਰਿਹਾ। ਇਹ ਅੱਖਾਂ ਉਸਦੇ ਮਨ ਉਤੇ ਅਣ-ਸਮਝਿਆ ਜਿਹਾ ਅਸਰ ਕਰ ਰਹੀਆਂ ਸਨ।
ਹੱਥ ਵਾਲੇ ਕਾਗਜ਼ਾਂ ਦੇ ਥੱਬੇ ਨੂੰ ਮੁਸਾਫਰ ਕਦੇ ਬਾਂਹ ਦੇ ਹੇਠ ਦਬਾ ਲੈਂਦਾ, ਕਦੇ ਕੋਟ ਦੀ ਜੇਬ ਵਿਚ ਪਾਂਦਾ, ਪਰ ਫਿਰ ਇਹ ਸੋਚ ਕੇ ਮਤਾ ਦੂਜੀ ਜੇਬ ਵਾਂਗ ਇਹ ਵੀ ਨਾ ਪਾਟ ਜਾਏ, ਕੱਢ ਕੇ ਬੜੀ ਚੌਕਸੀ ਨਾਲ ਦੋਹਾਂ ਹੱਥਾਂ ਵਿਚ ਫੜ ਲੈਂਦਾ ਸੀ।
“ਮੇਰੇ ਨਾਲ ਆ” ਇਹ ਕਹਿ ਕੇ ਤੇ ਆਪਣੇ ਕੰਮ ਦਾ ਚਾਰਜ ਇਕ ਹੋਰ ਬਾਬੂ ਨੂੰ ਦੇ ਕੇ ਉਹ ਸਟੇਸ਼ਨ ਤੋਂ ਬਾਹਰ ਵਲ ਤੁਰ ਪਿਆ। ਸ਼ਾਇਦ ਉਸਦੀ ਡਿਊਟੀ ਖ਼ਤਮ ਹੋ ਚੁਕੀ ਸੀ। ਉਸਦੇ ਪਿਛੇ ਪਿਛੇ ਮੁਸਾਫਰ ਵੀ ਤੁਰਿਆ ਗਿਆ।
ਮੁਸਾਫਰ ਨੂੰ ਹੁਣ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕਿ ਬਾਬੂ ਉਸ ਨੂੰ ਸਟੇਸ਼ਨ ਮਾਸਟਰ ਪਾਸ ਲੈ ਜਾਵੇਗਾ ਜਾਂ ਪੁਲਿਸ ਅਫਸਰ ਪਾਸ, ਪਰ ਉਹ ਹੈਰਾਨ ਰਹਿ ਗਿਆ ਜਦ ਉਸ ਨੇ ਡਿੱਠਾ ਕਿ ਬਾਬੂ ਸਟੇਸ਼ਨ ਤੋਂ ਬਾਹਰ ਹੋ ਕੇ ਇਕ ਗਰਾਉਂਡ ਵਿਚ ਜਾ ਕੇ ਹਰੇ ਹਰੇ ਘਾਹ ਉਤੇ ਬੈਠ ਗਿਆ। ਉਸ ਨੇ ਮੁਸਾਫਰ ਨੂੰ ਵੀ ਬੈਠਣ ਦਾ ਇਸ਼ਾਰਾ ਕੀਤਾ।
ਬਾਬੂ ਨੇ ਇਕ ਵਾਰੀ ਫਿਰ ਨਜ਼ਰ ਭਰ ਕੇ ਮੁਸਾਫਰ ਵਲ ਤਕਿਆ ਤੇ ਫਿਰ ਪੁੱਛਿਆ- ਤੂੰ ਕਿੱਥੋਂ ਆ ਰਿਹਾ ਏਂ ?”
“ਜੀ ਲਾਹੌਰੇ।”
“ਘਰ ਕਿੱਥੇ ਈ ?”
“ਇਥੇ ਈ ਅੰਮ੍ਰਿਤਸਰ ਵਿਚ।”
“ਬੜੀ ਹੈਰਾਨੀ ਦੀ ਗੱਲ ਏ। ਅੰਮ੍ਰਿਤਸਰ ਵਿਚ ਤੇਰਾ ਘਰ ਹੋਵੇ, ਤੇ ਖੀਸੇ ਤੇਰੇ ਵਿਚ ਦਸਾਂ ਆਨਿਆ ਦੇ ਪੈਸੇ ਵੀ ਨਾ ਹੋਣ। ਤੂੰ ਕੀ ਕੰਮ ਕਰਨਾ ਹੁੰਨਾ ਏਂ ?”
ਮੁਸਾਫ਼ਰ ਨੂੰ ਇਸ ਗੱਲ ਦਾ ਉੱਤਰ ਦੇਣ ਲਈ ਸ਼ਾਇਦ ਡਾਵੀ ਔਕੜ ਆ ਬਣੀ। ਉਹ ਕੁਝ ਚਿਰ ਸੋਚਦਾ ਰਿਹਾ, ਫਿਰ ਬੋਲਿਆ_”ਜੀ ਕੁਝ ਨਹੀਂ।”
ਬਾਬੂ ਨੇ ਹੈਰਾਨੀ ਨਾਲ ਪੁੱਛਿਆ-“ਕੁਝ ਨਹੀਂ? ਤੇ ਖਾਂਦਾ ਕਿੱਥੋਂ ਏ ?”
ਇਸ ਦੇ ਨਾਲ ਹੀ ਬਾਬੂ ਨੇ ਇਕ ਵਾਰੀ ਮੁੜ ਸ਼ੱਕੀ ਨਜ਼ਰ ਨਾਲ ਉਸ ਵਲ ਤੱਕਿਆ, ਪਰ ਉਥੇ ਸ਼ੱਕ ਦੀ ਕੋਈ ਥਾਂ ਨਹੀਂ ਸੀ। ਕੇਵਲ ਮੁਸਾਫਰ ਦੀਆਂ ਅੱਖਾਂ ਵਿਚ ਕੋਈ ਗੁਝੀ ਜਿਹੀ ਖਿੱਚ ਸੀ, ਜਿਹੜੀ ਬਾਬੂ – ਦੇ ਧਿਆਨ ਨੂੰ ਅਣ-ਸੋਚੇ ਹੀ ਖਿੱਚ ਰਹੀ ਸੀ ਤੇ ਉਸਦੇ ਸੁੱਤੇ ਹੋਏ ਜਜ਼ਬਿਆਂ ਵਿਚ ਮਾੜੀ ਮਾੜੀ ਹਰਕਤ ਪੈਦਾ ਕਰਦੀ ਜਾ ਰਹੀ ਸੀ।
ਮੁਸਾਫਰ ਬੋਲਿਆ-‘ ਜੀ ਕੀ ਦਸਾਂ, ਕਿਥੋਂ ਖਾਂਦਾ ਹਾਂ।” (ਕੁਝ ਚਿਰ ਠਹਿਰ ਕੇ) “ਅਸਲ ਵਿਚ ਬਾਬੂ ਜੀ ! ਮੌਤ ਬੜੀ ਬੁਰੀ ਚੀਜ਼ ਏ। ਮਰਨ ਤੋਂ ਆਦਮੀ ਕਿਤਨਾ ਡਰਦਾ ਏ। ਬੰਦੇ ਨੂੰ, ਖਾਸ ਕਰ ਕੇ ਮੇਰੇ ਵਰਗੇ ਆਦਮੀਆਂ ਨੂੰ, ਰੱਬ ਨੇ ਕਿਤਨੇ ਢੀਠ ਤੇ ਬੇਗ਼ੈਰਤ ਬਣਾਇਆ ਏ, ਸਭ ਕੁਝ ਤਬਾਹ ਹੋ ਜਾਣ ਤੇ ਵੀ- ਬੇ-ਇਜ਼ਤੀਆਂ ਤੇ ਜ਼ੁਲਮਾਂ ਦਾ ਸ਼ਿਕਾਰ ਹੋਣ ਤੇ ਵੀ ਜਿਊਣਾ ਚਾਹੁੰਦਾ ਹਾਂ। ਲਾਅਨਤ ਏ ਮੈਨੂੰ ਤੇ ਮੇਰੇ ਜਿਊਣ ਨੂੰ।” ਕਹਿੰਦਿਆਂ ਕਹਿੰਦਿਆਂ ਮੁਸਾਫਰ ਦਾ ਗਲਾ ਭਰ ਆਇਆ।
ਉਸ ਦੀਆ ਛੇਕੜਲੀਆਂ ਇਕ ਦੇ ਗੱਲਾਂ ਬਾਬੂ ਦੇ ਦਿਲ ਤੇ ਹੋਰ ਡੂੰਘਾ ਅਸਰ ਕਰ ਗਈਆਂ। ਉਸ ਨੇ ਮੁਸਾਫਰ ਨੂੰ ਦਿਲਾਸਾ ਦਿੰਦਿਆਂ ਹੋਇਆਂ ਕਿਹਾ-”ਸਰਦਾਰਾ ! ਹੌਸਲਾ ਕਰ। ਮੈਨੂੰ ਮਾਲੂਮ ਹੁੰਦਾ ਏ ਤੂੰ ਕਿਸੇ ਭਾਰੀ ਮੁਸੀਬਤ ਵਿਚ ਘਿਰਿਆ ਹੋਇਆ ਏਂ। ਮੈਥੋਂ ਜਿੰਨਾ ਕੁ ਹੋ ਸਕੇਗਾ ਤੇਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ।”
ਮੁਸਾਫਰ ਕਿਸੇ ਡੂੰਘੀ ਸੋਚ ਵਿਚ ਲੀਨ ਸੀ। ਬਾਬੂ ਜੀ ਗੱਲ ਵਲ ਧਿਆਨ ਕੀਤੇ ਬਿਨਾਂ ਹੀ ਇਕ ਠੰਢਾ ਸਾਹ ਭਰ ਕੇ ਬੋਲਿਆ, ‘ਜਨਾਬ ! ਇਹ ਮੇਰੇ ਹੱਕ ਵਿਚ ਚੰਗਾ ਨਹੀਂ ਹੋਇਆ। ਤੁਹਾਨੂੰ ਚਾਹੀਦਾ ਸੀ ਕਿ ਮੈਨੂੰ ਪੁਲਿਸ ਦੇ ਹਵਾਲੇ ਕਰ ਦੇਂਦੇ। ਸੰਧਿਆ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਆਪ ਨੂੰ ਹਵਾਲਾਤ ਦੀ ਕੋਠੜੀ ਵਿਚ ਵੇਖਦਾ। ਇਹ ਮੇਰੇ ਹੱਕ ਵਿਚ ਇਹ ਮੇਰੇ ਹੱਕ ਵਿਚ ਚੰਗਾ ਹੁੰਦਾ।”
ਬਾਬੂ ਨੇ ਉਸ ਦੀਆਂ ਗੱਲਾਂ ਦਾ ਮਤਲਬ ਸਮਝਣ ਲਈ ਇਕ ਵਾਰੀ ਫਿਰ ਉਸ ਦੇ ਮੂੰਹ ਵੱਲ ਤੱਕਿਆ। ਇਕ ਮਿੰਟ ਲਈ ਉਸ ਦੇ ਦਿਲ ਵਿਚ ਖਿਆਲ ਆਇਆ ਕਿ ਮੁਸਾਫਰ ਸ਼ਾਇਦ ਪਾਗਲ ਹੈ-ਇਸ ਦਾ ਦਿਮਾਗ ਫਿਰ ਗਿਆ ਹੈ। ਉਸ ਨੇ ਫਿਰ ਪੁੱਛਿਆ- ਇਹ ਤੇਰੇ ਹੱਕ ਵਿਚ ਚੰਗਾ ਹੁੰਦਾ ਇਸ ਦਾ ਕੀ ਮਤਲਬ ?”
ਮੁਸਾਫ਼ਰ ਨੇ ਹੱਥ ਵਾਲੇ ਕਾਗਜ਼ਾਂ ਦੇ ਥੱਬੇ ਵੱਲ ਤੱਕ ਕੇ ਕਿਹਾ- ਮੇਰੇ ਨਾਵਲ ਦਾ ਅਧੂਰਾ ਕਾਂਡ ਪੂਰਾ ਹੋ ਜਾਂਦਾ।”
ਬਾਬੂ ਨੇ ਪੁੱਛਿਆ-“ਬਈ ਇਸ ਗੱਲ ਦਾ ਮਤਲਬ ਖੋਲ੍ਹ ਕੇ ਦਸ ਜਰਾ। ਮੇਰੀ ਸਮਝ ਵਿਚ ਕੁਝ ਨਹੀਂ ਆਇਆ।”
ਮੁਸਾਫਰ ਬੋਲਿਆ-“ਜਨਾਬ ! ਮੈਂ ਇਸੇ ਸ਼ਹਿਰ ਵਿਚ ਭਗਤਾਂ
ਵਾਲੇ ਦਰਵਾਜ਼ੇ ਦੇ ਅੰਦਰ ਇਕ ਟੁੱਟੀ-ਫੁੱਟੀ ਕੋਠੜੀ ਵਿਚ ਰਹਿੰਦਾ ਹਾਂ। ਜਿਸ ਦਾ ਕਿਰਾਇਆ ਭਾਵੇਂ ਕੁਲ ਅੱਠ ਆਨੇ ਮਹੀਨਾ ਏ, ਪਰ ਮੇਰੇ ਭਾਣੇ ਇਹ ਅੱਠ ਰੁਪਏ ਨੇ। ਮੈਂ ਇਕ ਅਦਨਾ ਜਿਹਾ ਲੇਖਕ ਹਾਂ। ਪਹਿਲਾਂ ਤੋਂ ਮੇਰਾ ਇਹ ਪੇਸ਼ਾ ਨਹੀਂ, ਥੋੜ੍ਹੇ ਚਿਰ ਤੋਂ ਹੀ ਮੈਨੂੰ ਸਾਹਿਤ ਲਿਖਣ ਦਾ ਸ਼ੌਕ ਲੱਗਾ। ਇਸ ਤੋਂ ਪਹਿਲਾ ਵੀ ਮੈਂ ਕੁਝ ਕਿਤਾਬਾਂ ਲਿਖ ਕੇ ਪ੍ਰਕਾਸ਼ਕਾਂ ਨੂੰ ਦੇ ਚੁੱਕਾ ਹਾਂ ਤੇ ਉਹ ਛਪ ਵੀ ਚੁੱਕੀਆਂ ਨੇ। ਇਸ ਤੋਂ ਛੁੱਟ ਕਈ ਰਸਾਲਿਆਂ ਵਿਚ ਵੀ ਮੇਰੀਆਂ ਲਿਖੀਆਂ ਹੋਈਆਂ ਸੰਖੇਪ ਕਹਾਣੀਆਂ ਛਪਦੀਆਂ ਰਹਿੰਦੀਆਂ ਨੇ ਭਾਵੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਸਲਾਹਿਆ ਏ, ਪਰ ਮੈਂ ਸੁੱਕੀ ਸ਼ਲਾਘਾ ਨੂੰ ਕੀ ਕਰਦਾ ਜਦ ਕਿ ਕਿਸੇ ਵਲੋਂ ਮੇਰੀ ਤਲੀ ਤੇ ਚਹੁੰ ਠੀਕਰੀਆਂ ਤੋਂ ਵੱਧ ਕਦੀ ਕੁਝ ਨਹੀਂ ਰੱਖਿਆ ਗਿਆ ਜਿਹੜਾ ਕਿ ਮੇਰੀਆਂ ਲੋੜਾਂ ਤੋਂ ਬਹੁਤ ਘੱਟ ਹੁੰਦਾ ਹੈ।”
ਥੋੜ੍ਹਾ ਚਿਰ ਠਹਿਰ ਕੇ ਮੁਸਾਫਰ ਫਿਰ ਬੋਲਿਆ-“ਬਾਊ ਜੀ ! ਕੁਝ ਦਿਨ ਪਹਿਲਾਂ ਮੈਂ ਇਸ (ਹੱਥ ਵਾਲੇ ਖਰੜੇ) ਨੂੰ ਲਿਖ ਰਿਹਾ ਸਾਂ। ਮੈਂ ਅੱਜ ਵਾਂਗ ਹੀ ਕੰਗਾਲ ਸਾਂ, ਮੇਰੇ ਪੱਲੇ ਕੱਚੀ ਕੌਡੀ ਵੀ ਨਹੀਂ ਸੀ। ਕੋਈ ਉਧਾਰ ਵੀ ਨਹੀ ਸੀ ਦਿੰਦਾ। ਪਰਸੇ ਦੀ ਗੱਲ ਹੈ, ਜਦ ਮੇਰੇ ਕਾਗਜ਼ ਮੁਕ ਗਏ। ਤਾਂ ਮੇਰੀ ਹੋਸ਼ ਉੱਡਣ ਲਗੀ। ਮੇਰੇ ਇਸ ਨਾਵਲ ਦਾ ਛੇਕੜਲਾ ਕਾਂਡ ਬਾਕੀ ਸੀ। ਮੈਂ ਢਿੱਡੋਂ ਭੁੱਖਾ ਰਹਿ ਕੇ ਤਨੋ ਨੰਗਾ ਰਹਿ ਕੇ ਗੁਜ਼ਾਰਾ ਕਰ ਸਕਦਾ। ਸਾ, ਪਰ ਕਾਗਜਾ ਤੋਂ ਬਿਨਾਂ ਮੇਰਾ ਝੱਟ ਕਿਵੇਂ ਲੰਘਦਾ। ਮੈਂ ਸਾਰਾ ਦਿਨ ਟੱਕਰਾਂ ਮਾਰਦਾ ਰਿਹਾ, ਪਰ ਨਾ ਤਾਂ ਮੈਨੂੰ ਕਿਸੇ ਨੇ ਚੁਆਨੀ ਉਧਾਰੀ ਦਿੱਤੀ, ਤੇ ਨਾ ਹੀ ਕਾਗਜ਼।
“ਮੈਂ ਬੜਾ ਨਿਰਾਸ ਹੋ ਗਿਆ। ਉਸ ਵੇਲੇ ਮੈਂ ਮਰਨ ਦੀ ਸਲਾਹ ਕੀਤੀ, ਪਰ ਪਤਾ ਨਹੀਂ ਕਿਤਾਬ ਅਧੂਰੀ ਰਹਿ ਜਾਵੇਗੀ, ਇਸ ਖਿਆਲ ਨਾਲ ਜਾਂ ਖਬਰੇ ਕਿਸੇ ਹੋਰ ਚੀਜ਼ ਦੇ ਮੋਹ ਕਰਕੇ ਮੈਂ ਇਸ ਵਾਰੀ ਵੀ ਨਾ ਮਰ ਸਕਿਆ।
‘ਮੈਂ ਬਾਜ਼ਾਰ ਵਿਚ ਤੁਰਿਆ ਜਾ ਰਿਹਾ ਸਾਂ, ਕਿ ਇਕ ਕੂੜੇ ਦੇ ਦੇਰ ਵਿਚ, ਕੁਝ ਮੈਲੇ ਕੁਚੈਲੇ ਕਾਗਜ਼ ਵੇਖੇ। ਸ਼ਾਇਦ ਕਿਸੇ ਸਕੂਲ ਦੇ ਮੁੰਡੇ ਨੇ ਰੱਦੀ ਕਾਪੀ ਸੁਟ ਛੱਡੀ ਸੀ। ਮੈਂ ਜਦ ਉਹਨਾਂ ਨੂੰ ਚੁਕ ਕੇ ਵੇਖਿਆ, ਤਾਂ ਸਭ ਕਾਗਜ ਸਲ੍ਹਾਬੇ ਨਾਲ ਗਿੱਲੇ ਹੋਏ ਹੋਏ ਸਨ। ਉਹਨਾਂ ਵਿਚ ਕੁਝ ਵਰਕਿਆਂ ਦੇ ਇਕ ਪਾਸੇ ਸਕੂਲ ਦੀ ਲਿਖਾਈ ਸੀ ਤੇ ਦੂਜੇ ਬੰਨਿਉਂ ਕੋਰੇ ਸਨ, ਪਰ ਸਿਆਹੀ ਦੇ ਫੈਲਣ ਕਰਕੇ ਉਹ ਵੀ ਕਾਫੀ ਰੰਗੇ ਹੋਏ ਮਾਲੂਮ ਹੁੰਦੇ ਸਨ।
‘ਮੈਂ ਸਾਰੇ ਕਾਗਜ਼ ਚੁਣ ਲਏ ਤੇ ਆਪਣੀ ਕੋਠੜੀ ਵਿਚ ਲੈ ਜਾ ਕੇ ਉਹਨਾਂ ਨੂੰ ਅੱਗ ਦੇ ਸੇਕ ਨਾਲ ਸੁਕਾ ਲਿਆ ਮੇਰੇ ਲਈ ਇਹੋ ਹੀ ਗਨੀਮਤ ਸੀ।
“ਉਹਨਾਂ ਕਾਗਜ਼ਾਂ ਤੇ ਮੈਂ ਲਗਾਤਾਰ ਛੀ ਸੱਤ ਘੰਟੇ ਲਿਖਦਾ ਰਿਹਾ। ਦੂਜੇ ਦਿਨ ਮੇਰੇ ਲਿਖਣ ਲਈ ਕੋਈ ਕਾਗਜ਼ ਬਾਕੀ ਨਹੀਂ ਸੀ। ਉਸ ਵੇਲੇ ਮੇਰਾ ਨਾਵਲ ਲਗ ਪਗ ਸਮਾਪਤ ਹੋ ਚੁਕਾ ਸੀ ਤੇ ਉਸ ਦਾ ਅੰਤਮ ਕਾਂਡ ਵੀ ਅੱਧਾ ਕੁ ਲਿਖਿਆ ਜਾ ਚੁਕਾ ਸੀ। ਮੈਨੂੰ ਇਸ ਦੇ ਵੇਚਣ ਦੀ ਬੜੀ ਕਾਹਲੀ ਸੀ। ਮੈਂ ਚਾਹੁੰਦਾ ਸਾਂ ਜੁ ਛੇਤੀ ਤੋਂ ਛੇਤੀ ਮੈਨੂੰ ਇਸ ਦੇ ਬਦਲੇ ਬਹੁਤ ਸਾਰਾ ਰੁਪਿਆ ਮਿਲ ਜਾਵੇ ਤੇ ਮੈਂ ਆਪਣੇ ਫ਼ਰਜ਼ ਨੂੰ ਪੂਰਾ ਕਰਾ। ਇਹ ਫ਼ਰਜ਼ ਕੀ ਸੀ ? ਇਹ ਮੈਂ ਦੱਸ ਨਹੀਂ ਸਕਦਾ। ਮੇਰੇ ਵਿਚ ਜ਼ਰਾ ਵੀ ਸਹਾਰਾ ਨਹੀਂ ਸੀ।
“ਮੇਰਾ ਖਿਆਲ ਸੀ। ਮੇਰੀ ਇਹ ਰਚਨਾ ਅਗਲੀਆ ਸਾਰੀਆ ਰਚਨਾਵਾਂ ਨਾਲੋਂ ਚੰਗੀ ਹੈ, ਤੇ ਇਹ ਮੈਂ ਜਾ ਕੇ ਲਾਹੌਰ ਦੇ ਕਿਸੇ ਕਦਰਦਾਨ ਪ੍ਰਕਾਸ਼ਕ ਨੂੰ ਦਿਆਂਗਾ। ਪਰ ਪੈਸਿਆਂ ਬਿਨਾਂ ਲਾਹੌਰ ਜਾਣਾ ਵੀ ਮੇਰੇ ਭਾਣੇ, ਕਲਕੱਤੇ ਜਾਣ ਬਰਾਬਰ ਸੀ।
“ਕਲ੍ਹ ਕਿਸੇ ਨਾ ਕਿਸੇ ਤਰ੍ਹਾਂ ਮੈਂ ਇਕ ਰੁਪਏ ਦਾ ਪ੍ਰਬੰਧ ਕਰ ਹੀ ਲਿਆ। ਪਰ ਜਿਸ ਨੇ ਮੈਨੂੰ ਰੁਪਿਆ ਦਿੱਤਾ ਸੀ, ਉਹ ਜੁਆਰੀਆਂ ਦਾ ਸਾਹੂਕਾਰ ਸੀ। ਉਸ ਨੇ ਮੈਥੋਂ ਦੋਹ ਰੁਪਿਆਂ ਦੀ ਰਸੀਦ ਲਿਖਾ ਲਈ।
“”ਮੈਂ ਅੱਜ ਸਵੇਰੇ ਢਿੱਡੋਂ ਭੁੱਖਾ ਹੀ ਇਸ ਅਧੂਰੇ ਕਾਂਡ ਵਾਲਾ ਨਾਵਲ ਲੈ ਕੇ ਲਾਹੌਰ ਨੂੰ ਚੱਲ ਪਿਆ। ਮੇਰਾ ਖਿਆਲ ਸੀ ਜਦ ਕਿਸੇ ਨਾਲ ਸੌਦਾ ਹੋ ਜਾਵੇਗਾ ਤਾਂ ਉਸ ਪਾਸੋਂ ਕਾਗਜ਼ ਲੈ ਕੇ ਛੇਕੜਲੇ ਕਾਂਡ ਦਾ ਬਾਕੀ ਹਿੱਸਾ ਉਥੇ ਹੀ ਕਿਸੇ ਬਾਗ ਵਿਚ ਬੈਠ ਕੇ ਪੂਰਾ ਕਰ ਲਵਾਂਗਾ ਤੇ ਰੋਟੀ ਵੀ ਉਦੋਂ ਹੀ ਖਾਵਾਂਗਾ।
“ਰੇਲ ਦੀ ਟਿਕਟ ਲੈ ਕੇ ਮੈਂ ਲਾਹੌਰ ਪਹੁੰਚਾ। ਜਾ ਕੇ ਕਈਆਂ ਦੁਕਾਨਦਾਰਾਂ ਪਾਸ ਫਿਰਿਆ। ਮੇਰਾ ਖਿਆਲ ਸੀ, ਮੈਂ ਜਿਸ ਨੂੰ ਵੀ ਇਹ ਨਾਵਲ ਦਿਆਂਗਾ ਇਕ ਵਾਰੀ ਮੁਢ ਤੋਂ ਛੇਕੜ ਤਕ ਆਪ ਸੁਣਾ ਕੇ ਦਿਆਂਗਾ। ਤਾਂ ਜੋ ਪ੍ਰਕਾਸ਼ਕ ਦੇ ਦਿਲ ਤੇ ਇਸਦਾ ਡੂੰਘਾ ਅਸਰ ਪਵੇ ਤੇ ਮੈਨੂੰ ਚੰਗੇ ਪੈਸੇ ਮਿਲਣ। ਪਰ ਉਹ ਮੇਰਾ ਕੂੜੇ ਦਾ ਥੱਬਾ ਵੇਖਦੇ ਸਾਰ ਹੀ ਘਬਰਾ ਜਾਂਦੇ ਤੇ ਵਧ ਤੋਂ ਵਧ 10-15 ਰੁਪਏ ਮੈਨੂੰ ਇਸਦਾ ਮੂਲ ਸੁਣਾ ਦੇਂਦੇ ਸਨ। ਤੇ ਮੇਰੀ ਲੋੜ ਏਨੇ ਨਾਲ ਪੂਰੀ ਨਹੀਂ ਸੀ ਹੋ ਸਕਦੀ।
“ਮੁੱਕਦੀ ਗੱਲ, ਮੈਂ ਸਾਰਾ ਦਿਨ ਫਿਰਦਾ ਰਿਹਾ, ਪਰ ਮੇਰੀ ਕਿਤਾਬ ਦਾ ਕਿਤੇ ਵੀ ਮੁੱਲ ਨਾ ਪਿਆ। ਹੁਣ ਮੈਨੂੰ ਅੰਮ੍ਰਿਤਸਰ ਮੁੜਨ ਦਾ ਫ਼ਿਕਰ ਹੋਇਆ। ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਸੀ। ਉਸ ਵੇਲੇ ਇਕ ਚੁਆਨੀ ਮੇਰੇ ਪਾਸ ਸੀ। ਮੈਂ ਇਕ ਤੰਦੂਰ ਤੇ ਜਾ ਕੇ ਦੁਆਨੀ ਦੀ ਰੋਟੀ ਖਾਧੀ। ਜਦ ਪੈਸੇ ਦੇਣ ਲੱਗਾ ਤਾ ਮੇਰਾ ਰੰਗ ਫੱਕ ਹੋ ਗਿਆ। ਚੁਆਨੀ ਖੋਟੀ ਸੀ। ਤਿਊਰ ਨੇ ਭੁਆ ਕੇ ਮੇਰੇ ਨੱਕ ਤੇ ਮਾਰੀ। ਉਸ ਦੀ ਹੱਟੀ ਤੇ ਹੋਰ ਕਈ ਆਦਮੀ ਰੋਟੀ ਖਾ ਰਹੇ ਸਨ। ਮੇਰੀ ਹਾਲਤ ਤੇ ਤਰਸ ਖਾਣ ਦੀ ਥਾਂ ਸਗੋਂ ਉਹ ਮੇਰੇ ਵਲ ਤੱਕ ਕੇ ਮਜ਼ਾਖਾ ਕਰਦੇ ਤੇ ਭਾਂਤ-ਭਾਂਤ ਦੀਆਂ ਬੋਲੀਆਂ ਬੋਲ ਰਹੇ ਸਨ।
‘ਤਿਉਰ ਨੇ ਮੈਨੂੰ ਦੋ ਚਾਰ ਠੰਢੀਆ ਤੱਤੀਆ ਸੁਣਾਈਆ। ਮੇਰੇ ਪਾਸ ਹੋਰ ਕੋਈ ਚਾਰਾ ਨਹੀਂ ਸੀ। ਮੇਰੀ ਜੇਬ ਵਿਚ ਇਕ ਰੇਸ਼ਮੀ ਰੁਮਾਲ ਸੀ। ਇਹ ਮੇਰੇ ਲਈ ਕਿੰਨੇ ਮੁੱਲ ਦੀ ਚੀਜ਼ ਸੀ ? ਇਸਦਾ ਹਾਲ ਮੈ ਤੁਹਾਨੂੰ ਕੀ ਦੱਸਾ (ਕਹਿੰਦਿਆ ਕਹਿੰਦਿਆਂ ਫਿਰ ਮੁਸਾਫਰ ਦਾ ਗਲਾ ਭਰ ਆਇਆ।) ਇਹ ਮੇਰੇ ਜੀਵਨ ਦੀ ਰੁੜ੍ਹ ਚੁਕੀ ਖੱਟੀ ਕਮਾਈ ਦਾ ਬਚਿਆ ਖੁਚਿਆ ਹਿੱਸਾ ਸੀ। ਕਲੇਜੇ ਤੇ ਪੱਥਰ ਰੱਖ ਕੇ ਮੈਂ ਦੇਂਹ ਆਨਿਆ ਵਿਚ ਉਹ ਰੁਮਾਲ ਝਿਉਰ ਦੇ ਹਵਾਲੇ ਕਰ ਦਿੱਤਾ। ਰੁਮਾਲ ਹੱਥੋਂ ਛਡਦਿਆ ਮੇਰੀਆ ਅੱਖਾ ਅਗੇ ਕਿਸੇ ਸੁਹਣੀ ਮੂਰਤ ਦੀ ਛਾਇਆ ਆਈ। ਮੈਨੂੰ ਇਉਂ ਜਾਪਦਾ ਸੀ। ਜੀਕਣ ਕੋਈ ਅੱਖਾਂ ਵਿਚ ਅਥਰੂ ਭਰ ਕੇ ਮੈਨੂੰ ਕਹਿ ਰਿਹਾ ਹੈ-ਓ ਜਾਲਮ ! ਤੇਰਾ ਵੀ ਲਹੂ ਚਿੱਟਾ ਹੋ ਗਿਆ।
“ਮੈਂ ਦੋਹਾਂ ਹੱਥਾ ਨਾਲ ਕਲੇਜਾ ਘੁਟਕੇ ਉਥੋਂ ਸਿੱਧਾ ਸਟੇਸ਼ਨ ਤੇ ਆਇਆ ਤੇ ਬਿਨਾਂ ਟਿਕਟੇਂ ਗੱਡੀ ਤੇ ਚੜ੍ਹ ਬੈਠਾ। ਗੱਡੀ ਵਿਚ ਬੈਠ ਕੇ ਮੈਂ ਅਖਬਾਰਾਂ ਦੇ ਕੁਝ ਰੱਦੀ ਕਾਗਜ਼ਾ ਉਤੇ ਆਪਣੇ ਅਧੂਰੇ ਕਾਂਡ ਦਾ ਬਾਕੀ ਹਿੱਸਾ ਲਿਖਣਾ ਸ਼ੁਰੂ ਕੀਤਾ, ਪਰ ਇਹ ਪੂਰਾ ਨਾ ਹੋ ਸਕਿਆ। ਜਦ ਮੈਂ ਇਥੇ ਪੁੱਜਾ ਤਾਂ ਅੱਗੇ ਤੁਹਾਡੇ ਕਾਬੂ ਆ ਗਿਆ।
“ਜਨਾਬ ! ਇਸ ਕਰ ਕੇ ਤੁਹਾਨੂੰ ਕਿਹਾ ਏ ਕਿ ਮੈਨੂੰ ਜੇਲ੍ਹ ਵਿਚ ਭੇਜ ਦਿੰਦੇ ਤਾਂ ਮੇਰੇ ਇਸ ਨਾਵਲ ਦਾ ਅਧੂਰਾ ਕਾਂਡ ਬੜੀ ਸੁੰਦਰਤਾ ਨਾਲ ਮੁੱਕਦਾ, ਕਿਉਂਕਿ ਨਾਵਲ ਦਾ ਨਾਮ ਹੈ ‘ਚਿੱਟਾ ਲਹੂ’। ਇਸ ਵਿਚ ਜਿੰਨਿਆ ਦਾ ਵੀ ਜ਼ਿਕਰ ਆਇਆ ਹੈ, ਇਕ ਦੇਹ ਨੂੰ ਛੱਡ ਕੇ ਸਾਰਿਆਂ ਦਾ ਹੀ ਲਹੂ ਚਿੱਟਾ ਦੱਸਿਆ ਗਿਆ ਹੈ। ਜੇ ਤੁਹਾਡਾ ਵੀ-ਜਿਹੜੇ ਮੇਰੇ ਇਸ ਨਾਵਲ ਦਾ ਛੇਕੜਲਾ ਪਾਤਰ ਹੋ-‘ਚਿੱਟਾ ਲਹੂ’ ਹੁੰਦਾ ਤਾਂ ਇਹ ਇਕ ਬੜੀ ਸੁਆਦਲੀ ਟ੍ਰੈਜਿਡੀ ਬਣ ਜਾਂਦੀ। ਹੁਣ ਇਸ ਦੇ ਅਖੀਰ ਵਿਚ ਇਕ ਭਾਰੀ ਊਣਤਾਈ ਰਹੇਗੀ ਅਤੇ ਇਹ ਘੜਿਆ-ਘੜਾਇਆ ਮਜ਼ਮੂਨ ਛਡ ਕੇ ਮੈਨੂੰ ਹੋਰ ਕੋਈ ਮਜ਼ਮੂਨ ਟੋਲਣਾ ਪਵੇਗਾ।”
ਮੁਸਾਫ਼ਰ ਦੇ ਨਾਵਲ ਦਾ ਛੇਕੜਲਾ ਕਾਂਡ ਹੀ ਜਦ ਇਤਨਾ ਦਰਦ ਭਰਿਆ ਹੈ ਤਾਂ ਇਸਦਾ ਬਾਕੀ ਹਿੱਸਾ ਕਿਹੋ ਜਿਹਾ ਹੋਵੇਗਾ ? ਇਸ ਖ਼ਿਆਲ ਨਾਲ ਤੇ ਦੂਜਾ ਉਸ ਦੀ ਹੱਡ-ਬੀਤੀ ਸੁਣ ਕੇ ਬਾਬੂ ਦੇ ਦਿਲ ਵਿਚ ਰੁਗ ਜਿਹਾ ਭਰਿਆ ਗਿਆ। ਉਸ ਨੇ ਬੜੀ ਸ਼ਰਧਾ, ਹਮਦਰਦੀ ਤੇ ਪਿਆਰ ਭਰੀ ਨਜ਼ਰ ਨਾਲ ਇਕ ਵਾਰੀ ਫਿਰ ਉਸਨੂੰ ਸਿਰ ਤੋਂ ਪੈਰਾਂ ਤਕ ਵੇਖਿਆ। ਉਸਦਾ ਹੱਥ ਫੜਕੇ ਚੁੰਮਿਆ ਤੇ ਬੜੀ ਸ਼ਰਧਾ ਨਾਲ ਬੋਲਿਆ-
“ਸਰਦਾਰ ਜੀ ! ਮੁਆਫ਼ ਕਰਨਾ, ਮੈਨੂੰ ਨਹੀਂ ਸੀ ਪਤਾ, ਤੁਸੀਂ ਇਕ ਇਡੀ ਉੱਚੀ ਹਸਤੀ ਹੈ। ਆਓ ਅੱਜ ਦੀ ਰਾਤ ਇਸ ਗਰੀਬ ਦੀ ਤੋਪੜੀ ਵਿਚ ਕੱਟੋ। ਨਾਲੇ ਜੇ ਹਰਜ ਨਾ ਸਮਝੇ ਤਾਂ ਇਹ ਨਾਵਲ ਵੀ ਸੁਣਾਉਣ ਦੀ ਮਿਹਰਬਾਨੀ ਕਰਨੀ। ਮੈਨੂੰ ਵੀ ਨਾਵਲ ਪੜ੍ਹਨ ਦਾ ਬਹੁਤ ਸ਼ੌਕ ਹੈ। ਸ਼ਾਇਦ ਮੈਂ ਹੀ ਇਸ ਦੇ ਛਾਪਣ ਦਾ ਪ੍ਰਬੰਧ ਕਿਤੇ ਕਰਵਾ ਦਿਆ। ਇਥੋਂ ਦੇ ਕਈ ਪ੍ਰਕਾਸ਼ਕ ਮੇਰੇ ਵਾਕਫ਼ ਨੇ।”
ਮੁਸਾਫਰ ਨੇ ਕੋਈ ਉੱਤਰ ਨਾ ਦਿੱਤਾ ਤੇ ਚੁਪ-ਚੁਪੀਤਾ ਉਠ ਕੇ ਉਸ ਦੇ ਮਗਰ ਹੋ ਤੁਰਿਆ। ਬਾਬੂ ਨੇ ਫੇਰ ਕੁੱਝ ਨਾ ਪੁੱਛਿਆ।
ਥੋੜ੍ਹੀ ਦੇਰ ਬਾਅਦ ਮੁਸਾਫਰ ਉਸ ਦੇ ਮਕਾਨ ਤੇ ਜਾ ਪੁੱਜਾ। ਜਾਂਦਿਆ ਹੀ ਬਾਬੂ ਨੇ ਸਭ ਤੋਂ ਪਹਿਲਾਂ ਨੌਕਰ ਨੂੰ ਕਹਿਕੇ ਉਸ ਲਈ ਰੋਟੀ ਦਾ ਪ੍ਰਬੰਧ ਕੀਤਾ, ਕਿਉਂਕਿ ਉਹ ਘਰ ਵਿਚ ਇਕੱਲਾ ਸੀ। ਰੋਟੀ ਖਾ ਚੁਕਣ ਤੋਂ ਬਾਅਦ ਜਦ ਦੋਵੇਂ ਸੌਣ ਵਾਲੇ ਕਮਰੇ ਵਿਚ ਪੁੱਜੇ, ਤਾਂ ਬਾਬੂ ਨੇ ਉਸ ਨੂੰ ਇਕ ਵਿਛਾਉਣੇ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਹੋਇਆਂ ਕਿਹਾ-
“ਲਓ ਸਰਦਾਰ ਜੀ ! ਬੈਠ ਜਾਓ ਤੇ ਸਭ ਤੋਂ ਪਹਿਲਾਂ ਆਪਣਾ ਇਹ ਨਾਵਲ ਸੁਣਾਓ।”
ਰਾਤ ਦੇ ਨੌ ਕੁ ਵੱਜ ਚੁਕੇ ਸਨ। ਮੁਸਾਫ਼ਰ ਨੇ ਬੈਠ ਕੇ ਥੱਬੇ ਉਤਲੀ ਇਕ ਮੈਲੀ ਲੀਰ ਜਿਸ ਨਾਲ ਉਹ ਬੱਧਾ ਹੋਇਆ ਸੀ-ਖੋਲ੍ਹੀ। ਖੋਲ੍ਹਦਿਆਂ ਹੀ ਉਸ ਵਿਚਲੇ ਛੋਟੇ ਮੋਟੇ ਉਘੜ-ਦੁਘੜੇ ਕਾਗਜ਼ ਉਸ ਦੇ ਹੱਥਾਂ ਚੋਂ ਨਿਕਲ ਕੇ ਫਰਸ਼ ਤੇ ਖਿਲਰ ਗਏ। ਉਹ ਕੁਝ ਚਿਰ ਉਨ੍ਹਾਂ ਨੂੰ ਕੱਠਿਆਂ ਕਰਦਾ ਤੇ ਸਫ਼ੇ ਮਿਲਾਂਦਾ ਰਿਹਾ। ਜਦ ਸਾਰੇ ਵਰਕੇ ਨੰਬਰਵਾਰ ਕਰ ਚੁਕਾ ਤਾਂ ਸਭ ਤੋਂ ਪਹਿਲਾਂ ਟਾਈਟਲ ਵਾਲਾ ਵਰਕਾ ਚੁਕ ਕੇ ਉਸ ਨੇ ਸਾਹਮਣੀ ਤਰਪਾਈ ਤੇ ਰਖ ਦਿਤਾ। ਇਸ ਉਤੇ ਜਿਉਂ ਹੀ ਬਾਬੂ ਦੀ ਨਿਗਾਹ ਪਈ, ਉਹ ਇਸ ਤਰ੍ਹਾਂ ਤੱਭਕ ਕੇ ਕੁਰਸੀ ਤੋਂ ਉੱਠ ਖੜੋਤਾ, ਜੀਕਣ ਕਦੀ ਕਦੀ ਅਚਾਨਕ ਆਪਣੇ ਕਿਸੇ ਅਫਸਰ ਦੇ ਆ ਜਾਣ ਕਰ ਕੇ ਅਦਬ ਲਈ ਖੜੋ ਜਾਂਦਾ ਹੁੰਦਾ ਸੀ। ਟਾਈਟਲ ਤੇ ਬਹੁਤਾ ਮਜ਼ਮੂਨ ਨਹੀਂ ਸੀ। ਕੇਵਲ ਏਨਾ ਹੀ ਲਿਖਿਆ ਹੋਇਆ ਸੀ-
‘ਚਿੱਟਾ ਲਹੂ’ -ਕਿਰਤ- ‘ਗੁਪਤੇਸ੍ਵਰ’
ਇਹ ‘ਗੁਪਤੇਸ੍ਵਰ’ ਉਹ ਨਾਂ ਸੀ, ਜਿਹੜਾ ਬਾਬੂ ਦੇ ਰੋਮ ਰੋਮ ਵਿਚ ਰਸਿਆ ਹੋਇਆ ਸੀ। ਉਹ ਗੁਪਤੇਸ਼ਰ ਦੀਆਂ ਕਿਤਾਬਾਂ ਨੂੰ ਕਿਤਨੀ ਸ਼ਰਧਾ, ਕਿਤਨੇ ਪਿਆਰ ਤੇ ਕਿਤਨੀ ਹੱਥ ਨਾਲ ਪੜ੍ਹਿਆ ਕਰਦਾ ਸੀ। ਉਹਨਾਂ ਵਿਚੋਂ ਉਹਨੂੰ ਕਿੰਨਾ ਸੁਖ ਤੇ ਸ਼ਾਂਤੀ ਮਿਲਦੀ ਸੀ । ਗੁਪਤੇਸ੍ਵਰ ਦੀਆਂ ਕਿਤਾਬਾਂ ਨੂੰ ਉਹ ਧਾਰਮਕ ਪੁਸਤਕ ਵਾਂਗ ਰੁਮਾਲਾਂ ਵਿਚ ਬੰਨ੍ਹ ਕੇ ਰੱਖਦਾ ਸੀ। ਕੀ ਇਹੋ ਗੁਪਤੇਸ੍ਵਰ ਹੈ ? ਕੀ ਮੈਂ ਸਚਮੁਚ ਅੱਜ ਉਸੇ ਹਸਤੀ ਦੇ ਦਰਸ਼ਨ ਕਰ ਰਿਹਾ ਹਾਂ, ਜਿਸਦਾ ਇਕ ਇਕ ਵਾਕ ਮੇਰੇ ਲਈ ਆਕਾਸ਼ਬਾਣੀ ਤੋਂ ਘਟ ਨਹੀਂ ? ਤੇ ਏਡੀ ਵੱਡੀ ਹਸਤੀ ਦਾ ਇਹ ਹਾਲ ? ਇਹੋ ਜਿਹੇ ਅਨੇਕਾਂ ਪ੍ਰਸ਼ਨ ਉਸ ਦੇ ਦਿਮਾਗ ਵਿਚ ਉਠ ਰਹੇ ਸਨ।
ਉਹ ਕੁਰਸੀ ਤੋਂ ਉਠਿਆ ਤੇ ਜ਼ਮੀਨ ਤੇ ਬੈਠ ਕੇ ਦੋਹਾਂ ਹੱਥਾਂ ਨਾਲ ਮੁਸਾਫਰ ਦੇ ਪੈਰਾਂ ਨੂੰ ਛੁੰਹਦਾ ਹੋਇਆ ਬੋਲਿਆ-
“ਕੀ ਤੁਸੀਂ ਹੀ ਗੁਪਤੇਸ਼੍ਵਰ ਹੋ ? ਕੀ ਜਿਸ ਮਹਾਂ-ਪੁਰਸ਼ ਦਾ ਵਾਸਾ ਮੇਰੇ ਰੋਮ ਰੋਮ ਵਿਚ ਹੈ। ਉਹ ਤੁਸੀਂ ਹੀ ਹੋ ?”
ਇਹ ਕਹਿੰਦਾ ਕਹਿੰਦਾ ਉਹ ਛੇਤੀ ਨਾਲ ਅਲਮਾਰੀ ਖੋਲ੍ਹ ਕੇ ਰੁਮਾਲ ਵਿਚ ਬੱਧਾ ਹੋਇਆ ਇਕ ਬਸਤਾ ਚੁਕ ਲਿਆਇਆ ਤੇ ਉਸ ਦੇ ਸਾਹਮਣੇ ਖੋਲ੍ਹਦਾ ਹੋਇਆ ਬੋਲਿਆ-
“ਇਹ ਸਾਰੀ ਆਪ ਦੀ ਹੀ ਰਚਨਾ ਹੈ ?”
ਇਹ ਗੁਪਤੇਸ੍ਵਰ ਦੀਆਂ ਰਚੀਆਂ ਹੋਈਆਂ ਅੱਜ ਤਕ ਦੀਆਂ ਸਾਰੀਆਂ ਰਚਨਾਵਾਂ ਸਨ। ਕੁਝ ਕਿਤਾਬਾਂ, ਤੇ ਉਸ ਦੇ ਨਾਂ ਹੇਠ ਛਪੇ ਹੋਏ ਰਿਸਾਲਿਆਂ ਦੇ ਕਟਿੰਗਜ਼।
ਮੁਸਾਫ਼ਰ ਦੇ ਦਿਲ ਤੇ ਇਸ ਪ੍ਰਸੰਸਾ ਦਾ ਕੋਈ ਵੀ ਅਸਰ ਨਾ ਹੋਇਆ, ਜਿਹੜਾ ਕਿ ਲਿਖਾਰੀਆਂ ਉਤੇ ਆਮ ਤੌਰ ਤੇ ਹੋਇਆ ਕਰਦਾ ਹੈ। ਉਹ ਉਸੇ ਗੰਭੀਰ ਭਾਵ ਨਾਲ ਹਾਂ ਵਿਚ ਸਿਰ ਹਿਲਾਂਦਾ ਹੋਇਆ। ਬੋਲਿਆ-‘ ਜੀ ਹਾਂ ! ਇਹ ਸਭ ਉਸ ਪ੍ਰਮਾਤਮਾ ਦੀ ਹੀ ਮਿਹਰ ਹੈ।”
ਬਾਬੂ ਸ਼ਾਮਦਾਸ ਚਾਹੁੰਦਾ ਸੀ ਕਿ ਆਪਣੀ ਸਾਰੀ ਸ਼ਰਧਾ ਭਗਤੀ ਕੰਠੀ ਕਰਕੇ ਉਸ ਦੇ ਕਦਮਾ ਹੇਠ ਵਿਛਾ ਦੇਵੇ। ਉਹ ਗਦਗਦ ਹੋ ਕੇ ਬੋਲਿਆ- “ਉਹ ! ਮੇਰੇ ਪਿਆਰੇ ਗੁਪਤੇਸ੍ਵਰ ਸਾਹਿਬ ! ਸੱਚ ਮੁੱਚ ਮੈਂ ਬੜਾ ਖ਼ੁਸ਼ਕਿਸਮਤ ਹਾਂ ਜਿਸ ਨੂੰ ਅਜ ਉਹ ਚੀਜ਼ ਮਿਲ ਗਈ, ਜਿਸ ਦੇ ਨਾਂ ਦੀ ਮੈਂ ਸਦਾ ਮਾਲਾ ਫੇਰਿਆ ਕਰਦਾ ਸਾਂ। ਮੇਰੇ ਮੁਕਤੀ ਦਾਤਾ ! ਮੈਂ ਕੀ ਦਸਾ ਤੁਸਾਂ ਮੇਰੇ ਉਤੇ ਕਿਤਨੇ ਉਪਕਾਰ ਕੀਤੇ ਨੇ। ਅੱਜ ਤੋਂ ਕੁਝ ਸਾਲ ਪਹਿਲਾਂ ਮੇਰੀ ਜ਼ਿੰਦਗੀ ਇਕ ਕੁੱਤੇ ਦੀ ਜ਼ਿੰਦਗੀ ਸੀ। ਸਾਰੀ ਦੁਨੀਆ ਦੇ ਐਬ ਤੇ ਬੁਰਾਈਆਂ ਮੇਰੇ ਵਿਚ ਸਨ ਤੇ ਉਨ੍ਹਾਂ ਉਤੇ ਛਾਤੀ ਠੋਕ ਕੇ ਫਖ਼ਰ ਕਰਿਆ ਕਰਦਾ ਸੀ। ਪਰ ਜਦ ਤੋਂ ਤੁਹਾਡੀਆਂ ਰਚਨਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਮੇਰੇ ਜੀਵਨ ਵਿਚ ਆਪਣੇ ਆਪ ਹੀ ਤਬਦੀਲੀ ਹੁੰਦੀ ਮਾਲੂਮ ਹੋਣ ਲਗੀ। ਮੈਂ ਦ੍ਰਿਡ-ਢੂੰਡ ਕੇ ਤੁਹਾਡੀਆਂ ਰਚੀਆਂ ਹੋਈਆਂ ਸਾਰੀਆਂ ਕਿਤਾਬਾਂ ਕੱਠੀਆਂ ਕਰ ਲਈਆਂ ਤੇ ਜਿਨ੍ਹਾਂ ਰਸਾਲਿਆਂ ਵਿਚ ਤੁਹਾਡੇ ਲੇਖ ਕਹਾਣੀਆਂ ਛਪਦੀਆਂ ਸਨ ਉਹ ਮੰਗਵਾਣੇ ਸ਼ੁਰੂ ਕਰ ਦਿੱਤੇ। ਇਹਨਾਂ ਵਿਚ ਕਿੰਨੀ ਰੂਹਾਨੀਅਤ, ਕਿੰਨਾ ਦਰਦ, ਅਰ ਕਿੰਨੀਆਂ ਇਬਰਤਨਾਕ ਨਸੀਹਤਾਂ ਹੁੰਦੀਆਂ ਸਨ ਤੇ ਉਨ੍ਹਾਂ ਨੇ ਕਿਤਨੀ ਛੇਤੀ ਮੇਰੀ ਜ਼ਿੰਦਗੀ ਨੂੰ ਪਲਟ ਦਿਤਾ, ਇਹ ਮੈਂ ਦਸ ਨਹੀਂ ਸਕਦਾ। ਬੜੀ ਵਾਰੀ ਦਰਸ਼ਨਾਂ ਦੀ ਖ਼ਾਹਿਸ਼ ਲੈ ਕੇ ਨੱਠ ਭੱਜ ਕੀਤੀ, ਪਰ ਤੁਹਾਡਾ ਪਤਾ ਨਾ ਪਾ ਸਕਿਆ। ਹਰ ਕਿਸੇ ਤੋਂ ਇਹੋ ਉੱਤਰ ਮਿਲਦਾ ਸੀ ਕਿ ਥੋੜ੍ਹੇ ਦਿਨਾ ਵਿਚ ਹੀ ਪ੍ਰਸਿੱਧਤਾ ਪਾਣ ਵਾਲਾ ਗੁਪਤ ਲਿਖਾਰੀ ਕਦੇ ਕਿਸੇ ਨਹੀਂ ਡਿੱਠਾ। ਤੁਸੀਂ ਇਤਨੀ ਛੇਤੀ ਮਸ਼ਹੂਰੀ ਹਾਸਲ ਕਰ ਲਈ।
ਗੁਪਤੇਸ੍ਵਰ ਸਾਹਿਬ । ਇਸੇ ਬੈਠਕ ਤੇ ਅੱਜ ਤੋਂ ਕੁਝ ਅਰਸਾ ਪਹਿਲਾਂ ਸ਼ਰਾਬੀਆ, ਜੁਆਰੀਆਂ ਤੇ ਹੋਰ ਕਈ ਤਰ੍ਹਾਂ ਦੇ ਐਬੀਆਂ ਦਾ ਜਮਘਟਾ ਹੁੰਦਾ ਸੀ ਤੇ ਮੈਂ ਉਹਨਾਂ ਸਭਨਾਂ ਦਾ ਸਰਦਾਰ ਸਾਂ। ਇਸ ਤੋਂ ਬਿਨਾਂ ਉਹ ਪਾਪ ਤੇ ਕੁਕਰਮ ਜਿਨ੍ਹਾਂ ਨੂੰ ਯਾਦ ਕਰ ਕੇ ……।।”
ਗੁਪਤੇਸ੍ਵਰ ਨੂੰ ਉਸ ਦੀ ਹਾਲਤ ਤੇ ਬੜਾ ਤਰਸ ਆਇਆ ਤੇ ਫਿਰ ਇਹ ਦੇਖ ਕੇ ਕਿ ਇਸ ਏਡੇ ਵਡੇ ਗੁਨਾਹਗਾਰ ਨੇ ਆਪਣੇ ਆਪ ਨੂੰ ਇਤਨੀ ਛੇਤੀ ਸੁਧਾਰ ਲਿਆ ਹੈ, ਉਸ ਦੇ ਦਿਲ ਵਿਚ ਸ਼ਾਮਦਾਸ ਲਈ ਪ੍ਰੇਮ ਤੇ ਹਮਦਰਦੀ ਪੈਦਾ ਹੋ ਗਈ। ਉਹ ਉਸ ਨੂੰ ਪਿਆਰ ਨਾਲ ਬਾਹੋ ਫੜ ਕੇ ਕੁਰਸੀ ਤੇ ਬਿਠਾਂਦਾ ਹੋਇਆ ਬੋਲਿਆ-
“”ਮੇਰੇ ਬਜੁਰਗਵਾਰ ! ਮੈਂ ਆਪ ਵਰਗੇ ਖ਼ੁਸ਼ਕਿਸਮਤ ਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ ਹਾਂ ਕਿ ਤੁਸਾਂ ਆਪਣੇ ਆਪ ਨੂੰ ਪਾਪਾਂ ਦੇ ਉਸ ਟੋਏ ਵਿਚੋਂ ਕੱਢ ਲਿਆ ਹੈ ਜਿਸ ‘ਚੋਂ ਨਿਕਲਣਾ ਨਾ-ਮੁਮਕਿਨ ਦੇ ਬਰਾਬਰ ਸੀ। ਸ਼ੁਕਰ ਹੈ ਪ੍ਰਮਾਤਮਾ ਦਾ, ਜਿਸ ਨੇ ਤੁਹਾਡੇ ਉੱਤੇ ਇਤਨੀ ਦਇਆ ਕੀਤੀ ਹੈ।”
ਬਾਬੂ ਸ਼ਾਮਦਾਸ ਦਾ ਦਿਲ ਖ਼ੁਸ਼ੀ ਨਾਲ ਛਲਕ ਰਿਹਾ ਸੀ, ਪਰ ਨਾਲ ਹੀ ਉਸ ਨੂੰ ਯਾਦ ਆਇਆ ਕਿ ਹੁਣੇ ਹੀ ਉਸਨੇ ਇਸ ਪਵਿੱਤਰ ਆਤਮਾ ਦੀ ਕਿੱਡੀ ਬੇ-ਇਜ਼ਤੀ ਕੀਤੀ ਸੀ ਤਾਂ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ। ਗੁਪਤੇਸ੍ਵਰ ਦੇ ਪੈਰ ਫੜ ਕੇ ਬੋਲਿਆ-“ਮੈਨੂੰ ਬਖ਼ਸ਼ ਲਓ। ਮੈਂ ਅਜ ਕਦੇ ਨਾ ਬਖ਼ਸ਼ੇ ਜਾਣ ਵਾਲਾ ਗੁਨਾਹ ਕੀਤਾ ਹੈ।”
ਆਪਣੇ ਪੈਰਾ ਤੋਂ ਉਸਦੇ ਹੱਥ ਚੁੱਕਦਾ ਹੋਇਆ ਗੁਪਤੇਸ੍ਵਰ ਬੋਲਿਆ-“ਉਹ ਬਜੁਰਗੋ ! ਇਸ ਤਰ੍ਹਾਂ ਕਰਕੇ ਮੈਨੂੰ ਨਰਕਾਂ ਦਾ ਭਾਗੀ ਨਾ ਬਣਾਓ। ਤੁਸੀਂ ਉਮਰ ਵਿਚ ਮੇਰੇ ਪਿਤਾ ਦੇ ਸਮਾਨ ਹੈ।” ਬਾਬੂ ਬੋਲਿਆ-“ਇਹ ਤਾਂ ਠੀਕ ਏ, ਪਰ ਅਕਲ ਵੱਡੀ ਕਿ ਭੈਂਸ।” ਇਸ ਤੋਂ ਬਾਅਦ ਉਸ ਨੇ ਬਾਕੀ ਗੱਲਾਂ ਨੂੰ ਕਿਸੇ ਹੋਰ ਵੇਲੇ ਲਈ ਛੱਡ ਕੇ ਸਭ ਤੋਂ ਪਹਿਲਾਂ ਗੁਪਤੇਸ਼ਰ ਨੂੰ ਨਾਵਲ ਸੁਣਾਨ ਲਈ ਬੇਨਤੀ ਕੀਤੀ। ਗੁਪਤੇਸ੍ਵਰ ਨੇ ਕਿਹਾ-‘ ਸੁਣਾਂਦਾ ਹਾਂ, ਪਰ ਇਹ ਕਾਫ਼ੀ ਵੱਡੀ ਕਿਤਾਬ ਹੈ, ਮੇਰਾ ਖਿਆਲ ਹੈ ਤੁਸੀਂ ਇਸ ਨੂੰ ਸੁਣਦੇ ਸੁਣਦੇ ਅੱਕ ਜਾਉਗੇ।”
“ਕੀ ਕਿਹਾ ਜੇ ਅੱਕ ਜਾਵਾਂਗਾ ? ਬਸ਼ਰਤੇ ਕਿ ਤੁਸੀਂ ਸੁਣਾਂਦੇ ਸੁਣਾਂਦੇ ਨਾ ਅੱਕ ਜਾਓ, ਮੇਰੇ ਲਈ ਤਾਂ ਪਾਣੀ ਪੀਣਾ ਹਰਾਮ ਹੈ ਜਦ ਤਕ ਸਾਰੀ ਨਾ ਸੁਣ ਲਵਾਂ।”
“ਤਾਂ ਅਜ ਦੀ ਰਾਤ ਆਪ ਨੂੰ ਜਗਰਾਤਾ ਕੱਟਣਾ ਪਵੇਗਾ। ਭਾਵੇਂ ਮੈਂ ਇਸ ਨੂੰ ਬਹੁਤ ਛੇਤੀ ਪੜ੍ਹ ਲਵਾਂਗਾ ਤਾਂ ਵੀ ਘਟੇ ਘਟ, ਅੱਠ ਦਸ ਘੰਟੇ ਇਸਦੇ ਪੜ੍ਹਨ ਲਈ ਚਾਹੀਦੇ ਹਨ।”
“ਭਾਵੇਂ ਦਸ ਦਿਨ ਸੁਣਾਂਦੇ ਰਹੋ, ਮੈਂ ਅੱਖ ਨਹੀਂ ਲਾਵਾਂਗਾ।” “ਚੰਗਾ ਤਾਂ ਸੁਣੇ ਫੇਰ।”
ਬਾਬੂ ਨੇ ਬਿਜਲੀ ਦਾ ਬਲਬ ਉਸ ਦੇ ਸਾਹਮਣੇ ਵਲ ਕਰ ਕੇ ਟੰਗ ਦਿੱਤਾ ਤੇ ਫਿਰ ਬੋਲਿਆ”ਹਾਂ ਜੀ, ਕਰੋ ਸ਼ੁਰੂ।”
ਗੁਪਤੇਸ੍ਵਰ ਨੇ ਟਾਈਟਲ ਵਾਲਾ ਵਰਕਾ ਚੁਕ ਕੇ ਸਾਹਮਣੇ ਵਾਲੀ ਤਰਪਾਈ ਤੇ ਰੱਖਿਆ ਤੇ ਨਾਵਲ ਸੁਣਾਣਾ ਸ਼ੁਰੂ ਕੀਤਾ-
(ਚਲਦਾ…)