ਜਿਹਨੀ ਸਾਡੇ ਰਾਹੀਂ ਪੁੱਟੇ ਟੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਹਾੜ ਸੀ ਗ਼ਰੀਬੀ ਦਾ ਤੇ ਛਾਂਵਾਂ ਕਿਹਨਾਂ ਕੀਤੀਆਂ
ਸਾਡੀ ਮੌਤ ਵਾਸਤੇ ਦੁਆਵਾਂ ਕਿਹਨਾਂ ਕੀਤੀਆਂ
ਸਾਡੇ ਪਿੱਛੇ ਮੋਏਆਂ ਜਹੇ ਹੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕਿਹੜੇ ਮਹਿਰਵਾਨਾਂ ਦੇ ਦਿਲਾਸਿਆਂ ਨੇ ਮਾਰਿਆ
ਪਿੱਠ ਪਿਛੇ ਹੱਸੇ ਕਹਿੜੇ ਹਾਸਿਆਂ ਨੇ ਮਾਰਿਆ
ਸਾਡੀ ਜੋ ਤਬਾਹੀ ਉੱਤੇ ਰੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕਿਤੇ ਇਹਸਾਨ ਕਈਆਂ ਸਾਡੇ ਤੇ ਕੁਵੱਲੇ ਨੇ
ਖੋਲ ਕੇ ਵਿਛਾਏ ਹੱਥ ਸਾਡੇ ਪੈਰਾਂ ਥੱਲੇ ਨੇ
ਪੈਰੀ ਕੱਚ ਜਿਹਨਾਂ ਨੇ ਚਬੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕੋਣ ਬਣੇਂ ਪੌੜੀਆਂ ਕੇ “ਦੇਬੀ” ਉੱਚਾ ਹੋ ਜਾਵੇ
ਲੱਗ ਜਾਵੇ ਜੜ ਏਹਦੀ ਪੈਰਾਂ ਤੇ ਖ਼ਲੋ ਜਾਵੇ
ਸਾਡੀ ਥੜੀ ਤੇਲ ਜਿਹਨਾਂ ਚੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ