ਜੋਗੀਆ ਵੇ ਜੋਗੀਆ,
ਕੀ ਕਹਿਨੈ ਤੂੰ ਜੋਗੀਆ,
ਮੈਂ ਇਹ ਕਹਿਨਾਂ, ਨੀ ਸੋਹਣੀਏ
ਸੁਣਦੀ-ਸੁਣਦੀ ਮੈਂ ਮਰੀ, ਮਰੀਆਂ ਲੱਖ ਕਰੋੜ,
ਸੁਣਨਾਂ ਜਿਸਨੂੰ ਆ ਗਿਆ, ਉਹਨੂੰ ਬੋਲਣ ਦੀ ਕੀ ਲੋੜ
ਮੈਂ ਬਕਰੇ ਦੀ ਮਾਰ ਕੇ, ਤੂੰਬੇ ਖੱਲ ਮੜਾਉਣ,
ਜਦ ਤੱਕ ਮੈਂ-ਮੈਂ ਨਾ ਮਰੇ, ਤੂੰ-ਤੂੰ ਬੋਲੇ ਕੌਣ
ਮਸਤ-ਕਲੰਦਰ ਮੌਜ ਦੇ, ਮਾਲਕ ਹੋਣ ਫ਼ਕੀਰ,
ਬੇਪਰਵਾਹਾ ਸਾਹਮਣੇ, ਕੀ ਰਾਜੇ ਕੌਣ ਵਜ਼ੀਰ
ਮਾਲਕ ਦੇ ਹੱਥ ਡੋਰੀਆਂ, ਨੀਤਾਂ ਹੱਥ ਮੁਰਾਦ,
ਲਾਹਾ ਲੈਣ ਵਿਆਜ ਦਾ, ਮੂਲ ਜਿਹਨਾਂ ਨੂੰ ਯਾਦ
ਜ਼ਾਤ-ਪਾਤ ਨਾ ਮਜ਼ਹਬ ਦੀ, ਸਾਨੂੰ ਨਿੰਦ ਵਿਚਾਰ,
ਉਸਨੂੰ ਮੱਥਾ ਟੇਕੀਏ, ਜੋ ਸਭ ਨੂੰ ਕਰੇ ਪਿਆਰ
ਅੱਖਾਂ ਨੂੰ ਕੀ ਆਖਣਾਂ, ‘ਤੇ ਕੰਨਾਂ ਨੂੰ ਕੀ ਕਹਿਣ,
ਰੱਬ ਬਣਾਈਆਂ ਜੋੜੀਆ, ਸ਼ਾਲਾ ਰਾਜ਼ੀ ਰਹਿਣ
ਜੇ ਚੰਗਆਇਆ ਬੀਜੀਏ, ਬੁਰਆਇਆ ਉਗਦੀਆਂ ਨਾਲ,
ਜਿਸਦਾ ਕੋਈ ਜਵਾਬ ਨੀ, ਉਸ ਲਈ ਕਰੇ ਸਵਾਲ
ਛੱਡ “ਮਾਨਾਂ ਮਰਜਾਣੇਆਂ”, ਮਰਨ ਦਾ ਛੱਡ ਖਿਆਲ,
ਦੁਨੀਆਂ ਮਾਰੇ ਨਾ ਮਰੇ, ਸਾਈਂ ਜਿਸਦੇ ਨਾਲ
ਚੱਲ ਵਣਜਾਰੇਆਂ ਜੋਗੀਆ, ਇਸ ਪੱਤਣ ਤੋਂ ਪਾਰ,
ਉਸ ਪੱਤਣ ਕੀ ਬੈਠਣਾਂ, ਜਿਸ ਪੱਤਣ ਨੀ ਯਾਰ