ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਰੋਕੋ ਵੇ ਰੋ ਮੇਰੇ ਰਹਿਨੁਮਾਓ
ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ
ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇ
ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ
ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ
ਤੀਆਂ ਤਿੰਝ੍ਰਣਾ ‘ਚ ਹਸਦੀ ਜਵਾਨੀ
ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ
ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ
ਉਰਦੂ ਤੇ ਹਿੰਦੀ,ਪੰਜਾਬੀ ਨੂੰ ਭੁੱਲਗੀ
ਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲਗੀ
ਥੈਂਕਸ ਤੇ ਸੌਰੀ ਦਾ ਚਸ਼ਮਾ ਚੜਾ ਕੇ
ਸ਼ੁਕਰੀਆ ਮਿਹਰਬਾਨੀ ਕਿੱਧਰ ਜਾ ਰਹੀ ਹੈ
ਜਵਾਨੀ ਹੈ ਆਖਿਰ ਇਹ ਮੁੜਨੋ ਨੀਂ ਰਹਿਣੀ
ਸੰਭਲੇਗੀ ਆਪੇ ਜਦੋੰ ਹੋਸ਼ ਪੈਣੀ
ਜਵਾਨੀ ਗਈ ਸਭ ਤਲੀਆਂ ਮਲਣਗੇ
ਇਹ ਦੰਦੀਆਂ ਚਿੜਾਉਣੀ ਕਿੱਧਰ ਜਾ ਰਹੀ ਹੈ
ਮੇਰੇ ਮੁਲਕੋ-ਵਤਨ ਦੇ, ਜਵਾਂ-ਗੀਤਕਾਰੋ..
ਆਪਣੇ ਪਿਛੋਕੜ ਤੇ, ਝਾਤੀ ਤਾਂ ਮਾਰੋ..
ਓ ਨੂਰਪੁਰੀ-ਚਾਤ੍ਰਿਕ, ਤੇ ਸ਼ਿਵ ਦੇ ਭਰਾਵੋ..
ਏ ਬੋਲੀ ਨਿਮਾਣੀਂ, ਕਿੱਧਰ ਜਾ ਰਹੀ ਹੈ..
ਚੜ੍ਹਦੀ ਜਵਾਨੀ, ਕਿੱਧਰ ਜਾ ਰਹੀ ਐ..?
ਇੱਕ ਉਹ ਵੀ ਜਵਾਨੀ ਸੀ ਮੇਰੇ ਮਿਹਰਬਾਨੋ
ਸਭ ਕੁੱਝ ਸੀ ਲੁਟਾਇਆ ਮੇਰੇ ਕਦਰਦਾਨੋ
ਗੋਬਿੰਦ ਜਿਹੇ ਲਾਲਾਂ ਨੇ ਮੁੜ ਮੁੜ ਨੀ ਜੰਮਣਾ
ਸਾਂਭੋ ਨਿਸ਼ਾਨੀ ਕਿੱਧਰ ਜਾ ਰਹੀ ਹੈ
ਮਰਜਾਣੇ ‘ ਮਾਨਾਂ ‘ ਜਵਾਨੀ ਤੋਂ ਬਚਕੇ
ਬੜੇ ਤੀਰ ਖਾਦੇ ਤੂੰ ਨੈਣਾਂ ਕੱਸਕੇ
ਕਿਸ ਕਿਸ ਮੋੜਾਂ ਤੋਂ ਮੁੜਨਾ ਹੈ ਆਖਿਰ
ਪਤਾ ਨੀ ਕਹਾਣੀ ਕਿੱਧਰ ਜਾ ਰਹੀ ਹੈ
ਇਹ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ