A Literary Voyage Through Time

(ਡਾਕਟਰ ਸੋਢੀ ਰਾਮ ਸਾਬਕਾ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)

ਆਮ ਤੌਰ ’ਤੇ ਹਰ ਭਾਸ਼ਾ ਦੇ ਦੋ ਰੂਪ ਹੁੰਦੇ ਹਨ; ਇਕ ਬੋਲਚਾਲ ਦੀ ਮੌਖਿਕ ਭਾਸ਼ਾ ਅਤੇ ਦੂਸਰੀ ਲਿਖਤੀ ਭਾਸ਼ਾ। ਬੋਲਚਾਲ ਦੀ ਭਾਸ਼ਾ ਮਨੁੱਖ ਆਪਣੇ ਸਮਾਜਿਕ ਵਰਤਾਰੇ ਦੌਰਾਨ ਬਾਕੀ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਸਿੱਖਦਾ ਹੈ ਜਿਵੇਂ ਪਰਿਵਾਰ, ਮਾਪੇ, ਸੰਗੀ ਸਾਥੀ, ਸਮਾਜਿਕ ਅਦਾਰੇ ਆਦਿ। ਹਾਲਾਂਕਿ ਬੋਲਚਾਲ ਦੀ ਭਾਸ਼ਾ ਵਿਚ ਵੀ ਵਿਆਕਰਣ ਨਿਯਮਾਂ ਦਾ ਆਪਣਾ ਮਹੱਤਵਪੂਰਨ ਸਥਾਨ ਹੁੰਦਾ ਹੈ ਪਰ ਬੋਲਦੇ ਸਮੇਂ ਉਨ੍ਹਾਂ ਦਾ ਬਹੁਤਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾਂਦਾ। ਮਿਸਾਲ ਦੇ ਤੌਰ ’ਤੇ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਮਾਪੇ ਬੋਲਚਾਲ ਦੀ ਭਾਸ਼ਾ ਅਰਥਾਤ ਮੌਖਿਕ ਭਾਸ਼ਾ ਰਾਹੀਂ ਹੀ ਉਸ ਨਾਲ ਸੰਪਰਕ ਸਥਾਪਿਤ ਕਰਦੇ ਹਨ ਅਤੇ ਆਪਣੀ ਗੱਲਬਾਤ ਦਾ ਸਿਲਸਿਲਾ ਬਣਾਉਣ ਦਾ ਯਤਨ ਕਰਦੇ ਹਨ। ਖ਼ਾਸ ਕਰਕੇ ਅਨਪੜ੍ਹ ਮਾਪੇ ਜਿਨ੍ਹਾਂ ਕੋਲ ਕੋਈ ਸਕੂਲੀ ਵਿਦਿਆ ਨਹੀਂ ਹੁੰਦੀ ਅਤੇ ਜਿਨ੍ਹਾਂ ਨੇ ਕੋਈ ਵੀ ਭਾਸ਼ਾ ਰਸਮੀ ਤੌਰ ’ਤੇ ਕਿਸੇ ਵਿਦਿਅਕ ਅਦਾਰੇ ਵਿੱਚ ਨਹੀਂ ਸਿੱਖੀ ਹੁੰਦੀ, ਉਹ ਵੀ ਆਪਣੇ ਬੱਚੇ ਨੂੰ ਕੁਦਰਤੀ ਜਾਂ ਸੁਭਾਵਿਕ ਤਰੀਕੇ ਆਪਣੀ ਬੋਲਚਾਲ ਦੀ ਭਾਸ਼ਾ ਰਾਹੀਂ ਸਿਖਾਉਂਦੇ ਹਨ ਜਿਨ੍ਹਾਂ ਨੂੰ ਖ਼ੁਦ ਵੀ ਭਾਸ਼ਾ ਦੀ ਵਿਆਕਰਣ ਦੇ ਨਿਯਮਾਂ ਦੀ ਜਾਣਕਾਰੀ ਨਹੀਂ ਹੁੰਦੀ। ਬੋਲਚਾਲ ਦੇ ਇਸ ਕੁਦਰਤੀ ਵਰਤਾਰੇ ਰਾਹੀਂ ਬੱਚਾ, ਆਪਣੇ ਮਾਪਿਆਂ ਅਤੇ ਪਰਿਵਾਰ ਦੇ ਮੈਂਬਰਾਂ ਆਦਿ ਵੱਲੋਂ ਅਚੇਤ ਮਨ ਹੀ ਆਪਣੀ ਮਾਤਭਾਸ਼ਾ ਸਿੱਖਦਾ ਹੈ। ਇਸ ਤਰ੍ਹਾਂ ਬੋਲੀ ਸਿੱਖਣ ਦਾ ਸਿਲਸਿਲਾ ਪੀੜ੍ਹੀ ਦਰ ਪੀੜ੍ਹੀ ਲਗਾਤਾਰ ਜਾਰੀ ਰਹਿੰਦਾ ਹੈ।

ਪੜ੍ਹਨ ਅਤੇ ਬੋਲਚਾਲ ਦੀ ਭਾਸ਼ਾ ਦੇ ਨਾਲ-ਨਾਲ ਹਰ ਲਿਖਤੀ ਭਾਸ਼ਾ ਲਈ ਵਿਆਕਰਣ ਦੇ ਨਿਯਮ ਨਿਰਧਾਰਤ ਹੁੰਦੇ  ਹਨ ਜੋ ਕਿ ਭਾਸ਼ਾ ਸਿੱਖਣ ਅਤੇ ਇਸਤੇਮਾਲ ਕਰਨ ਲਈ ਮਦਦਗਾਰ ਹੁੰਦੇ ਹਨ। ਵਿਆਕਰਣ ਦੇ ਨਿਯਮਾਂ ਤੋਂ ਬਿਨਾ ਕਿਸੇ ਵੀ ਭਾਸ਼ਾ ਨੂੰ ਸੰਪੂਰਨ ਤਰੀਕੇ ਨਾਲ ਪੜ੍ਹਿਆ, ਬੋਲਿਆ ਅਤੇ ਲਿਖਿਆ ਨਹੀਂ ਜਾ ਸਕਦਾ।

ਬਾਕੀ ਭਾਸ਼ਾਵਾਂ ਦੀ ਤਰ੍ਹਾਂ, ਪੰਜਾਬੀ ਭਾਸ਼ਾ ਦੇ ਮੁੱਖ ਦੋ ਭਾਗ ਜਾਂ ਤੱਤ ਹਨ, ਜਿਵੇਂ ਕਿ ਵਰਣਮਾਲਾ ਅਤੇ ਲਗਾਮਾਤਰਾਂ। ਇਨ੍ਹਾਂ ਦੋਹਾਂ ਦਾ ਸੁਮੇਲ ਅਲੱਗ-ਅਲੱਗ ਸ਼ਬਦਾਂ ਅਤੇ ਧੁਨੀਆਂ ਨੂੰ ਪੈਦਾ ਕਰਦਾ ਹੈ।

ਵਰਣਮਾਲਾ:

ਪੰਜਾਬੀ ਵਰਣਮਾਲਾ ਵਿਚ ਪੈਂਤੀ ਅੱਖਰ ਹਨ। ਪੰਜਾਬੀ ਵਰਣਮਾਲਾ ਦੇ ਸਾਰੇ ਅੱਖਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: ਆਮ ਅੱਖਰ ਅਤੇ ਖ਼ਾਸ ਅੱਖਰ। ਵਰਣਮਾਲਾ ਦੇ ਪੈਂਤੀ ਅੱਖਰਾਂ ਵਿਚੋਂ ੳ, ਅ ਅਤੇ ੲ ਤਿੰਨ ਖ਼ਾਸ ਅੱਖਰ ਹਨ ਜਿਨ੍ਹਾਂ ਨੂੰ ‘ਆਵਾਜ਼ ਧਾਰਕ’ (‘Vowels’) ਕਿਹਾ ਜਾਂਦਾ ਹੈ ਜਦਕਿ ਬਾਕੀ ਅੱਖਰਾਂ ਨੂੰ ਆਮ ਅੱਖਰ ਕਿਹਾ ਜਾਂਦਾ ਹੈ।

ਲਗਾਮਾਤਰਾਂ:

ਕੁੱਲ ਬਾਰਾਂ ਲਗਾਮਾਤਰਾਂ ਵਿਚੋਂ ਨੌਂ ਮੁੱਖ ਜਾਂ ਸੁਤੰਤਰ ਲਗਾਮਾਤਰਾਂ ਅਤੇ ਤਿੰਨ ਸਹਾਇਕ ਲਗਾਮਾਤਰਾਂ ਹਨ। ਇਨ੍ਹਾਂ ਤੋਂ ਇਲਾਵਾ ਕੁਝ ਵਧੀਕ ਲਗਾਮਾਤਰਾਵਾਂ ਵੀ ਹਨ ਜਿਨ੍ਹਾਂ ਦਾ ਇਸਤੇਮਾਲ ਕੁਝ ਅਲੱਗ ਧੁਨੀਆਂ ਪੈਦਾ ਕਰਨ ਲਈ ਕੀਤਾ ਜਾਂਦਾ ਹੈ।

ਸੁਤੰਤਰ ਲਗਾਮਾਤਰਾਂ

ਕੁਝ ਸੁਤੰਤਰ ਲਗਾਮਾਤਰਾਂ ਕੁਝ ਅੱਖਰਾਂ ਨਾਲ ਕੋਈ ਸ਼ਬਦ ਬਣਾਉਣ ਜਾਂ ਖ਼ਾਸ ਆਵਾਜ਼ ਪੈਦਾ ਕਰਨ ਲਈ ਹੇਠ ਦੱਸੇ ਨਿਯਮਾਂ ਅਨੁਸਾਰ ਇਸਤੇਮਾਲ ਹੁੰਦੀਆਂ ਹਨ:

  • ਕੰਨੇ ਦੀ ਮਾਤਰਾ ਅੱਖਰ ਦੇ ਪਿੱਛੇ ਕੀਤੀ ਜਾਂਦੀ ਹੈ।
  • ਸਿਹਾਰੀ ਦੀ ਵਰਤੋਂ ਅੱਖਰ ਤੋਂ ਪਹਿਲਾਂ ਕੀਤੀ ਜਾਂਦੀ ਹੈ।
  • ਬਿਹਾਰੀ ਦੀ ਵਰਤੋਂ ਅੱਖਰ ਤੋਂ ਬਾਅਦ ਵਿੱਚ ਕੀਤੀ ਜਾਂਦੀ ਹੈ।
  • ਔਂਕੜ ਅਤੇ ਦੂਲੈਂਕੜ ਦੀ ਵਰਤੋਂ ਅੱਖਰਾਂ ਦੇ ਹੇਠਾਂ ਕੀਤੀ ਜਾਂਦੀ ਹੈ।
  • ਲਾਂਵ, ਦੁਲਾਵਾਂ, ਹੋੜਾ ਅਤੇ ਕਨੌੜਾ ਅੱਖਰਾਂ ਦੇ ਉੱਪਰ ਲਗਾਏ ਜਾਂਦੇ ਹਨ।

ਸਹਾਇਕ ਲਗਾਮਾਤਰਾਂ:

ਸਹਾਇਕ ਲਗਾਮਾਤਰਾਂ ਜਿਵੇਂ ਕਿ ਅੱਧਕ (-ੱ), ਟਿੱੱਪੀ (-ੰੰ-) ਅਤੇ ਬਿੰਦੀ (-ਂ-) ਅੱਖਰਾਂ ਦੇ ਉੱਪਰ ਲਗਾਈਆਂ ਜਾਂਦੀਆਂ ਹਨ ਜਿਵੇਂ ਕਿ ਸੱਚ, ਠੰਢ ਅਤੇ ਪੀਂਘ। ਬਿੰਦੀ (-ਂ-) ਦਾ ਇਸਤੇਮਾਲ ਕੁਝ ਅੱਖਰਾਂ ਦੇ ਪੈਰ ਹੇਠਾਂ ਲਗਾ ਕੇ ਖ਼ਾਸ ਆਵਾਜ਼ ਪੈਦਾ ਕਰਨ ਲਈ ਕੀਤਾ ਜਾਂਦਾ ਹੈ ਜਿਵੇਂ ਸ਼, ਖ਼, ਗ਼, ਜ਼ ਅਤੇ ਖ਼। ਮਿਸਾਲ ਦੇ ਤੌਰ ’ਤੇ ‘ਸ’ ਅਤੇ ‘ਛ’ ਦੇ ਵਿਚਕਾਰ ਨਿਕਲਣ ਵਾਲੀ ਆਵਾਜ਼ ਪੈਦਾ ਕਰਨ ਲਈ ‘ਸ’ ਅੱਖਰ ਦੇ ਪੈਰ ਹੇਠਾਂ ਬਿੰਦੀ ਭਾਵ (.) - ‘ਸ਼’ ਲਗਾਈ ਜਾਂਦੀ ਹੈ।

ਵਧੀਕ ਲਗਾਮਾਤਰਾਂ

ਇਸੇ ਤਰ੍ਹਾਂ ਜੇਕਰ ਅੱਧਾ ‘ਹ’ ਭਾਵ ਕਿ (੍ਹ) ‘ੜ’ ਦੇ ਪੈਰ ਵਿੱਚ ਲਗਾਉਂਦੇ ਹਾਂ ਤਾਂ ਇਸ ਵਿੱਚੋਂ ‘ਹ’ ਦੀ ਅੱਧੀ ਆਵਾਜ਼ ‘ੜ’ ਤੋਂ ਬਾਅਦ ਨਿਕਲਦੀ ਹੈ ਜਿਵੇਂ ਚੰਡੀਗੜ੍ਹ।

‘ਰ’ ਦੀ ਅੱਧੀ ਆਵਾਜ਼ ਪੈਦਾ ਕਰਨ ਲਈ ਪੂਰੇ ‘ਰ’ ਦੀ ਥਾਂ ਅੱਧੇ ‘ਰ’ ਨੂੰ ਪਹਿਲੇ ਅੱਖਰ ਦੇ ਪੈਰ ਹੇਠ ਲਗਾਇਆ ਜਾਂਦਾ ਹੈ ਜਿਵੇਂ ਕਿ ਕ੍ਰਿਸ਼ਨ, ਪ੍ਰੀਖਿਆ, ਟ੍ਰਿਬਿਊਨ, ਅੰਮ੍ਰਿਤਸਰ ਆਦਿ।

ਸੁਤੰਤਰ ਲਗਾਮਾਤਰਾਂ ਵਰਣਮਾਲਾ ਦੇ ਅੱਖਰਾਂ ਨਾਲ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਜਦੋਂਕਿ ਸਹਾਇਕ ਲਗਾਮਾਤਰਾਂ ਇਨ੍ਹਾਂ ਅੱਖਰਾਂ ਨਾਲ ਸੁਤੰਤਰ ਲਗਾਮਾਤਰਾਂ ਦਾ ਪ੍ਰਯੋਗ ਕਰਨ ਦੇ ਨਾਲ-ਨਾਲ ਵੀ ਇਸਤੇਮਾਲ ਹੋ ਸਕਦੀਆਂ ਹਨ। ਇਸ ਕਰਕੇ ਬਾਰਾਂ ਵਿੱਚੋਂ ਨੌਂ ਲਗਾਮਾਤਰਾਂ ਦਾ ਪ੍ਰਯੋਗ ਸੁਤੰਤਰ ਤੌਰ ’ਤੇ ਕੀਤਾ ਜਾਂਦਾ ਹੈ ਜਦੋਂਕਿ ਤਿੰਨ ਸਹਾਇਕ ਲਗਾਮਾਤਰਾਂ ਦਾ ਪ੍ਰਯੋਗ ਸੁਤੰਤਰ ਤੌਰ ’ਤੇ ਵੀ ਹੋ ਸਕਦਾ ਹੈ ਅਤੇ ਸੁਤੰਤਰ ਲਗਾਮਾਤਰਾਂ ਨਾਲ ਸੁਮੇਲ ਕਰ ਕੇ ਵੀ। ਮਿਸਾਲ ਵਜੋਂ ਜਿੱਥੇ ਇਕ ਪਾਸੇ ਕੰਨਾ (ਾ), ਜੋ ਕਿ ਇੱਕ ਸੁਤੰਤਰ ਲਗਾਮਾਤਰਾ ਹੈ, ਦਾ ਪ੍ਰਯੋਗ ਸੁਤੰਤਰ ਰੂਪ ਵਿੱਚ ਇਕੱਲੇ ਤੌਰ ’ਤੇ ਕੀਤਾ ਜਾਂਦਾ ਹੈ ਜਿਵੇਂ ਕਿ ਰਾਮ, ਰਾਜ, ਰਾਹ, ਦਾਨ ਆਦਿ ਉੱੱਥੇ ਕੰਨੇ (ਾ) ਦਾ ਪ੍ਰਯੋਗ ਸਹਾਇਕ ਲਗਾਮਾਤਰਾ, ਬਿੰਦੀ (-ਂ-) ਦੇ ਸੁਮੇਲ ਨਾਲ ਵੀ ਕੀਤਾ ਜਾਂਦਾ ਹੈ ਜਿਵੇਂ ਕਿ ਥਾਂ, ਸਾਂਗ, ਡਾਂਗ, ਵਾਂਗ, ਨਵਾਂ, ਸਮਾਂ ਆਦਿ।

ਇਸੇ ਤਰ੍ਹਾਂ ਸਿਹਾਰੀ (ਿ) ਜੋ ਕਿ ਇੱਕ ਸੁਤੰਤਰ ਲਗਾਮਾਤਰਾ ਹੈ, ਦਾ ਇਸਤੇਮਾਲ ਜਿੱਥੇ ਸੁਤੰਤਰ ਤੌਰ ’ਤੇ ਕੀਤਾ ਜਾਂਦਾ ਹੈ ਜਿਵੇਂ ਕਿ ਇਸ, ਕਿਸ, ਜਿਸ, ਕਿਰਤੀ, ਕਿਸਾਨ ਆਦਿ ਉੱਥੇ ਇਸ ਦੀ ਵਰਤੋਂ ਸਹਾਇਕ ਲਗਾਮਾਤਰਾ ਟਿੱਪੀ  (—ੰ) ਦੇ ਸੁਮੇਲ ਨਾਲ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਇੰਚ, ਛਿੰਜ, ਕਿੰਝ ਆਦਿ। ਇਸੇ ਤਰ੍ਹਾਂ ਸਿਹਾਰੀ (ਿ) ਦਾ ਇਸਤੇਮਾਲ ਸਹਾਇਕ ਲਗਾਮਾਤਰਾ ਅੱਧਕ (-ੱੱ-) ਦੇ ਸੁਮੇਲ ਨਾਲ ਵੀ ਕੀਤਾ ਜਾਂਦਾ ਹੈ ਜਿਵੇਂ ਕਿ ਇੱਛਾ, ਸਿੱਖ, ਸਿੱਖਿਆ, ਮਿੱਥ, ਮਿੱਥਿਆ, ਜਿੱਥੇ, ਇੱਥੇ ਆਦਿ।

ਜਿਵੇਂ ਕਿ ਇੱਥੇ ਜ਼ਿਕਰ ਕੀਤਾ ਗਿਆ ਹੈ, ਸਾਰੀਆਂ ਲਗਾਮਾਤਰਾਂ ਸਾਰੇ ਅੱਖਰਾਂ ਨਾਲ ਪ੍ਰਯੋਗ ਵਿੱਚ ਨਹੀਂ ਆਉਂਦੀਆਂ ਅਤੇ ਨਾ ਹੀ ਇਨ੍ਹਾਂ ਦਾ ਇਸਤੇਮਾਲ ਅਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹਾਂ। ਪੰਜਾਬੀ ਵਰਣਮਾਲਾ ਦੇ ਸਾਰੇ ਅੱਖਰਾਂ ਲਈ ਅਲੱਗ-ਅਲੱਗ ਲਗਾਮਾਤਰਾਂ ਦੀ ਵਰਤੋਂ ਲੋੜ ਅਨੁਸਾਰ ਹੁੰਦੀ ਹੈ। ਪੰਜਾਬੀ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਨੂੰ ਲਿਖਣ ਲਈ ਅੱਖਰਾਂ ਨੂੰ ਲਗਾਮਾਤਰਾਂ ਦੀ ਜ਼ਰੂਰਤ ਨਹੀਂ ਹੁੰਦੀ ਜਿਵੇਂ ਕਿ ਘਰ, ਡਰ, ਤਰ, ਪਰ, ਕਰ, ਯਤਨ, ਵਤਨ, ਸਰਵਣ, ਬਦਲ, ਜਨਮ, ਕਰਮ, ਦਖਲ ਆਦਿ।

ਕੁਝ ਲਗਾਮਾਤਰਾਂ ਦਾ ਪ੍ਰਯੋਗ ਕਈ ਅੱਖਰਾਂ ਨਾਲ ਕੀਤਾ ਜਾ ਸਕਦਾ ਹੈ ਜਦੋਂਕਿ ਕੁਝ ਲਗਾਮਾਤਰਾਂ ਦੀ ਵਰਤੋਂ ਕੁਝ ਚੋਣਵੇਂ ਅੱਖਰਾਂ ਨਾਲ ਹੀ ਕੀਤੀ ਜਾ ਸਕਦੀ ਹੈ। ਇਸ ਕਰਕੇ ਸਾਡੇ ਸਾਹਮਣੇ ਮੁੱਖ ਮਸਲਾ ਇਹ ਹੈ ਕਿ ਕਿਸੇ ਖ਼ਾਸ ਸ਼ਬਦ ਨੂੰ ਲਿਖਣ ਲਈ ਜਾਂ ਕੋਈ ਖ਼ਾਸ ਆਵਾਜ਼ ਪੈਦਾ ਕਰਨ ਲਈ ਕਿਹੜੇ ਅੱਖਰ ਨਾਲ ਕਿਹੜੀ ਲਗਾਮਾਤਰਾ ਦੀ ਵਰਤੋਂ ਕੀਤੀ ਜਾਵੇਗੀ। ਪੰਜਾਬੀ ਭਾਸ਼ਾ ਲਿਖਣ ਦਾ ਇਹ ਸਮੁੱਚਾ ਵਰਤਾਰਾ, ਪੰਜਾਬੀ ਵਿਆਕਰਣ ਦੇ ਨਿਰਧਾਰਤ ਨਿਯਮਾਂ ਉੱਪਰ ਨਿਰਭਰ ਕਰਦਾ ਹੈ ਜਿਸ ਦੀ ਚਰਚਾ ਇੱਥੇ ਕੀਤੀ ਜਾ ਰਹੀ ਹੈ।

ਪੰਜਾਬੀ ਵਿਆਕਰਣ ਦੇ ਕੀ ਨਿਯਮ ਹਨ ਅਤੇ ਇਹ ਕਿਵੇਂ ਕੰਮ ਕਰਦੇ ਹਨ?

ਪੰਜਾਬੀ ਵਿਆਕਰਣ ਅਤੇ ਪੰਜਾਬੀ ਸਾਹਿਤ ਦੀਆਂ ਕੁਝ ਕਿਤਾਬਾਂ ਅਤੇ ਲੇਖਾਂ ਨੂੰ ਪੜ੍ਹਨ ਉਪਰੰਤ ਉਪਰੋਕਤ ਸਮੱਸਿਆ ਦਾ ਕੋਈ ਆਸਾਨ ਹੱਲ ਨਹੀਂ ਮਿਲ ਸਕਿਆ ਕਿ ਕਿਨ੍ਹਾਂ ਅੱਖਰਾਂ ਨਾਲ ਕਿਹੜੀਆਂ ਲਗਾਮਾਤਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਾਫ਼ੀ ਸਮੇਂ ਤੱਕ, ਕਈ ਕਿਸਮ ਦੇ ਤਜ਼ਰਬੇ ਕਰਨ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਹੋਇਆ ਕਿ ਪੰਜਾਬੀ ਵਿਆਕਰਣ ਦੇ ਵਾਕਿਆ ਹੀ ਕੁਝ ਨਿਯਮ ਹੋਣਗੇ ਜਿਨ੍ਹਾਂ ਅਧੀਨ ਪੰਜਾਬੀ ਭਾਸ਼ਾ ਪੜ੍ਹੀ, ਬੋਲੀ ਅਤੇ ਲਿਖੀ ਜਾਂਦੀ ਹੈ ਅਤੇ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਨਿਯਮ ਇੰਨੇ ਲੰਮੇ ਸਮੇਂ ਤੋਂ ਹੋਂਦ ਵਿੱਚ ਹਨ ਅਤੇ ਵਿਕਾਸ ਕਰਦੇ-ਕਰਦੇ ਜਿਨ੍ਹਾਂ ਦਾ ਸਰੂਪ ਅਜੋਕੇ ਸਮੇਂ ਤੱਕ ਅੱਪੜਿਆ ਹੈ। ਤਕਰੀਬਨ ਹਰ ਵਿਅਕਤੀ ਨੇ ਆਪਣੇ ਜੀਵਨ ਦੇ ਮੁੱਢਲੇ ਕਾਲ ਸਮੇਂ ਆਪਣੇ ਮਾਪਿਆਂ ਜਾਂ ਅਧਿਆਪਕਾਂ ਕੋਲੋਂ ਪੰਜਾਬੀ ਜ਼ੁਬਾਨ ਸਿੱਖੀ। ਅਜਿਹੇ ਮਾਪਿਆਂ ਅਤੇ ਅਧਿਆਪਕਾਂ ਨੇ ਪੰਜਾਬੀ ਭਾਸ਼ਾ ਆਪਣੇ ਪੂਰਵਜਾਂ ਕੋਲੋਂ ਸਿੱਖੀ। ਪਰ ਕਾਫ਼ੀ ਕੋਸ਼ਿਸ਼ ਕਰਨ ਦੇ ਬਾਵਜੂਦ ਪੰਜਾਬੀ ਵਿਆਕਰਣ ਦੀ ਕੋਈ ਅਜਿਹੀ ਨਿਰਧਾਰਤ ਨਿਯਮਾਵਲੀ ਨਹੀਂ ਮਿਲ ਸਕੀ ਜੋ ਕਿ ਉਨ੍ਹਾਂ ਮਾਪਿਆਂ ਲਈ ਜਾਂ ਵਿਦੇਸ਼ਾਂ ਵਿੱਚ ਰਹਿ ਰਹੇ ਵਿਅਕਤੀਆਂ ਅਤੇ ਅਗਲੀ ਪੀੜ੍ਹੀ ਦੇ ਪੰਜਾਬੀਆਂ ਲਈ ਪੰਜਾਬੀ ਸਿੱਖਣ ਵਿੱਚ ਮਦਦਗਾਰ ਸਾਬਿਤ ਹੋ ਸਕੇ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਕੋਈ ਗਿਆਨ ਨਹੀਂ।

ਇਸ ਸਥਿਤੀ ਦੇ ਮੱਦੇਨਜ਼ਰ, ਪੰਜਾਬੀ ਭਾਸ਼ਾ ਨੂੰ ਪੜ੍ਹਨ, ਲਿਖਣ ਅਤੇ ਸਮਝਣ ਲਈ ਇਸ ਦੇ ਵਿਆਕਰਣ ਨੂੰ ਨਿਯਮਬੱਧ ਕਰਨ ਲਈ ਅਣਗਿਣਤ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ਦੇ ਫਲਸਰੂਪ ਇੱਕ ਆਸਾਨੀ ਨਾਲ ਸਮਝਿਆ ਜਾਣ ਵਾਲਾ ਇੱਕ ਛੋਟਾ/ਮਹੀਨ ਕਿਤਾਬਚਾ (Ready Reckoner) ਤਿਆਰ ਕੀਤਾ ਜਾਵੇ ਜਿਸ ਵਿੱਚ ਪੰਜਾਬੀ ਵਿਆਕਰਣ ਦੇ ਨਿਯਮ ਹੋਣ। ਇਸ ਕੋਸ਼ਿਸ਼ ਨੂੰ ਅਮਲੀ ਰੂਪ ਦੇਣ ਦੀ ਦਿਸ਼ਾ ਵੱਲ ਕਾਫ਼ੀ ਯਤਨ ਕੀਤੇ ਗਏ। ਇਨ੍ਹਾਂ ਦਾ ਮੁੱਖ ਮਨੋਰਥ ਇਸ ਭਾਸ਼ਾ ਦੇ ਲਿਖਣ, ਪੜ੍ਹਨ ਅਤੇ ਬੋਲਣ ਦੇ ਦ੍ਰਿਸ਼ਟੀਕੋਣ ਤੋਂ ਆਪਸ ਵਿੱਚ ਪਰਸਪਰ ਸੰਬੰਧ ਸਥਾਪਿਤ ਕਰਨਾ ਸੀ ਜਿਸ ਦੇ ਸਿੱਟੇ ਵਜੋਂ ਪੰਜਾਬੀ ਅੱਖਰਾਂ ਅਤੇ ਲਗਾਮਾਤਰਾਂ ਦਰਮਿਆਨ ਆਪਸੀ ਸੰਬੰਧਾਂ ਪ੍ਰਤੀ ਇੱਕ ਸਾਧਾਰਨ ਰੂਪ ਵਿੱਚ ਸਪੱਸ਼ਟ ਤਸਵੀਰ ਪ੍ਰਾਪਤ ਹੋ ਸਕੇ।

ਇੱਥੇ ਦਰਸਾਈ ਗਈ ਪ੍ਰਕਿਰਿਆ ਤੋਂ ਬਾਅਦ ਆਖਿਰਕਾਰ ਅਲੱਗ-ਅਲੱੱਗ ਅੱਖਰਾਂ ਅਤੇ ਲਗਾਮਾਤਰਾਂ ਵਿਚਕਾਰ ਸੰਬੰਧਾਂ ਸੰਬੰਧੀ ਸੁਮੇਲ ਅਰਥਾਤ ਇਕ ਫਾਰਮੂੁਲਾ ਵਿਕਸਿਤ ਕੀਤਾ ਜਿਸ ਨੂੰ ਇਕ ਰੇਖਾਗਣਿਤ ਦੇ ਚਿੱਤਰ (Geometric form) ਰਾਹੀਂ ਉਪਰੋਕਤ ਤਾਲਿਕਾ ਵਿੱਚ ਪੇਸ਼ ਕੀਤਾ ਹੈ। ਇਸ ਤਾਲਿਕਾ ਤੋਂ ਅਸੀਂ ਇਹ ਵੇਖ ਸਕਦੇ ਹਾਂ ਕਿ ਅੱਖਰਾਂ ਅਤੇ ਲਗਾਮਾਤਰਾਂ ਦੇ ਆਪਸੀ ਸੰਬੰਧ ਨੂੰ ਦਿਖਾਉਣ ਲਈ ਆਵਾਜ਼ ਧਾਰਕ ਅੱਖਰਾਂ ਨੁੂੰ ਤਾਲਿਕਾ ਦੇ ਉਪਰ ਸੱਜੇ ਪਾਸੇ ਦਿਖਾਇਆ ਗਿਆ ਹੈ। ਸਾਰੀਆਂ ਨੌਂ ਸੁਤੰਤਰ ਲਗਾਮਾਤਰਾਂ ਨੂੰ ਤਾਲਿਕਾ ਦੇ ਖੱਬੇ ਪਾਸੇ ਦਰਸਾਇਆ ਗਿਆ ਹੈ। ਇਸੇ ਪ੍ਰਕਾਰ ਸਹਾਇਕ ਲਗਾਮਾਤਰਾਂ ਦਾ ਸੰਬੰਧ ਸੁਤੰਤਰ ਲਗਾਮਾਤਰਾਂ ਅਤੇ ਆਵਾਜ਼ ਧਾਰਕ ਅੱਖਰਾਂ (Vowels) ਨਾਲ ਦਰਸਾਉਣ ਲਈ ਇਸ ਤਾਲਿਕਾ ਦੇ ਉਪਰ ਖੱਬੇ ਹੱਥ ਇਕ ਤਿਰਛੀ ਰੇਖਾ ਉੱਤੇ ਸਥਿਤ ਸਹਾਇਕ ਲਗਾਮਾਤਰਾਂ ਰਾਹੀਂ ਦਿਖਾਇਆ ਗਿਆ ਹੈ। ਇਸ ਤਰ੍ਹਾਂ ਸਾਰੀਆਂ ਲਗਾਮਾਤਰਾਂ (ਸੁਤੰਤਰ, ਸਹਾਇਕ ਅਤੇ ਆਵਾਜ਼ ਧਾਰਕ) ਦੇ ਆਪਸੀ ਸੰਬੰਧ ਨੂੰ ‘ਹਾਂ’ ਦੇ ਚਿੰਨ ਨਾਲ ਦਰਸਾਇਆ ਗਿਆ ਹੈ ਜਿਨ੍ਹਾਂ ਦਾ ਪ੍ਰਯੋਗ ਇੱਕ ਦੂਸਰੇ ਦੇ ਸੁਮੇਲ ਨਾਲ ਕੀਤਾ ਜਾ ਸਕਦਾ ਹੈ। ਜੋ ਲਗਾਮਾਤਰਾਂ ਅਤੇ ਆਵਾਜ਼ ਧਾਰਕ ਅੱਖਰ ਜਿਨ੍ਹਾਂ ਦਾ ਪ੍ਰਯੋਗ ਇੱਕ ਦੂਸਰੇ ਦੇ ਸੁਮੇਲ ਨਾਲ ਨਹੀਂ ਹੋ ਸਕਦਾ, ਉਨ੍ਹਾਂ ਨੂੰ ‘ਨਹੀਂ’ ਦੇ ਚਿੰਨ੍ਹ ਨਾਲ ਦਰਸਾਇਆ ਗਿਆ ਹੈ।

ਲਗਾਮਾਤਰਾਂ ਅਤੇ ਅੱਖਰਾਂ ਦਾ ਆਪਸੀ ਸੰਬੰਧ:

ਆਵਾਜ਼ ਧਾਰਕ ਅੱਖਰਾਂ ਦੇ ਸਿਵਾਏ, ਅਲੱਗ-ਅਲੱਗ ਲਗਾਮਾਤਰਾਂ ਅਤੇ ਅੱਖਰਾਂ ਦਾ ਸੰਬੰਧ ਕਾਫ਼ੀ ਸਰਲ ਅਤੇ ਆਸਾਨ ਹੈ ਕਿਉਂਕਿ ਸਾਰੀਆਂ ਲਗਾਮਾਤਰਾਂ ਦਾ ਪ੍ਰਯੋਗ ਵਰਣਮਾਲਾ ਦੇ ਸਾਰੇ ਅੱਖਰਾਂ ਨਾਲ ਹੋ ਸਕਦਾ ਹੈ। ਦੂਸਰੀ ਤਰਫ਼ ਸਾਰੇ ਆਵਾਜ਼ ਧਾਰਕ ਅੱਖਰਾਂ ਦੀ ਵਰਤੋਂ ਸਾਰੀਆਂ ਲਗਾਮਾਤਰਾਂ ਨਾਲ ਨਹੀਂ ਕੀਤੀ ਜਾ ਸਕਦੀ। ਸਿਰਫ਼ ਕੁਝ ਸੁਤੰਤਰ ਲਗਾਮਾਤਰਾਂ ਦਾ ਪ੍ਰਯੋਗ ਹੀ ਆਵਾਜ਼ ਧਾਰਕ ਅੱਖਰਾਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਤਾਲਿਕਾ ਵਿੱਚ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਜਿਹੜੀਆਂ ਸਹਾਇਕ ਲਗਾਮਾਤਰਾਂ ਦਾ ਇਸਤੇਮਾਲ ਆਵਾਜ਼ ਧਾਰਕ ਅੱਖਰਾਂ ਨਾਲ ਕੀਤਾ ਜਾ ਸਕਦਾ ਹੈ ਉਨ੍ਹਾਂ ਨੂੰ ‘ਹਾਂ’ ਦੇ ਚਿੰਨ੍ਹ ਨਾਲ ਉਪਰਲੇ ਚਿੱਤਰ ਵਿੱਚ ਅੰਕਿਤ ਕੀਤਾ ਗਿਆ ਹੈ।

ਆਵਾਜ਼ ਧਾਰਕ ਅੱਖਰਾਂ ਅਤੇ ਸੁਤੰਤਰ ਲਗਾਮਾਤਰਾਂ ਦਾ ਆਪਸੀ ਸੰਬੰਧ:

ਆਵਾਜ਼ ਧਾਰਕ ਅੱਖਰਾਂ ਅਤੇ ਸੁਤੰਤਰ ਲਗਾਮਾਤਰਾਂ ਦੇ ਆਪਸੀ ਸੰਬੰਧਾਂ ਨੂੰ ਤਾਲਿਕਾ ਵਿੱਚ ਦੱੱਸਿਆ ਗਿਆ ਹੈ। ਜਿਵੇਂਕਿ ਤਾਲਿਕਾ ਵਿੱਚ ਦਰਸਾਇਆ ਗਿਆ ਹੈ, ਆਵਾਜ਼ ਧਾਰਕ ਅੱਖਰਾਂ ਦੀ ਵਰਤੋਂ ਨੌਂ ਸੁਤੰਤਰ ਲਗਾਮਾਤਰਾਂ ਵਿੱਚੋਂ ਸਿਰਫ਼ ਤਿੰਨ ਸੁਤੰਤਰ ਲਗਾਮਾਤਰਾਂ ਨਾਲ ਹੀ ਹੋ ਸਕਦੀ ਹੈ।

ਜਿੱਥੇ ਇੱਕ ਪਾਸੇ ਆਵਾਜ਼ ਧਾਰਕ ਅੱਖਰ ‘ੳ’ ਦੀ ਵਰਤੋਂ ਸਿਰਫ਼ ਦੋ ਸਹਾਇਕ ਲਗਾਮਾਤਰਾਂ ਜਿਵੇਂ ਅੱਧਕ   ( ੱ) ਅਤੇ ਬਿੰਦੀ ( ਂ) ਨਾਲ ਹੀ ਕੀਤੀ ਜਾ ਸਕਦੀ ਹੈ ਉੱਥੇ ਦੂਸਰੇ ਪਾਸੇ ਬਾਕੀ ਦੋ ਆਵਾਜ਼ ਧਾਰਕ ਅੱਖਰਾਂ ਭਾਵ ‘ਅ’ ਅਤੇ ‘ੲ’ ਦਾ ਪ੍ਰਯੋਗ ਸਹਾਇਕ ਲਗਾਮਾਤਰਾਂ ਜਿਵੇਂ ਕਿ ਅੱਧਕ ( ੱ ), ਟਿੱਪੀ ( ੰ) ਅਤੇ ਬਿੰਦੀ ( -ਂ ) ਨਾਲ ਵੀ ਕੀਤਾ ਜਾ ਸਕਦਾ ਹੈ।

ਸਹਾਇਕ ਅਤੇ ਸੁਤੰਤਰ ਲਗਾਮਾਤਰਾਂ ਦਾ ਪ੍ਰਯੋਗ:

ਸਾਰੀਆਂ ਸਹਾਇਕ ਲਗਾਮਾਤਰਾਂ ਦਾ ਪ੍ਰਯੋਗ ਸਾਰੀਆਂ ਸੁਤੰਤਰ ਲਗਾਮਾਤਰਾਂ ਨਾਲ ਨਹੀਂ ਕੀਤਾ ਜਾ ਸਕਦਾ। ਅੱਧਕ (-ੱੱ-) ਦਾ ਇਸਤੇਮਾਲ ਸਿਹਾਰੀ (ਿ) ਅਤੇ ਔਂਕੜ      (  ੁ) ਨਾਲ ਹੋ ਸਕਦਾ ਹੈ ਪਰ ਟਿੱਪੀ (-ੰ-) ਦੀ ਵਰਤੋਂ ਸਿਰਫ਼ ਸਿਹਾਰੀ ( ਿ ), ਔਂਕੜ (  ੁ) ਅਤੇ ਦੂਲ਼ੈਕੜ  (  ੂ) ਨਾਲ ਹੀ ਹੋ ਸਕਦੀ ਹੈ। ਸਿਹਾਰੀ ਤੋਂ ਸਿਵਾਏ, ਸਹਾਇਕ ਲਗਾਮਾਤਰਾ ਬਿੰਦੀ ( ਂ) ਦੀ ਵਰਤੋਂ ਸਾਰੀਆਂ ਸੁਤੰਤਰ ਲਗਾਮਾਤਰਾਂ ਨਾਲ ਕੀਤੀ ਜਾ ਸਕਦੀ ਹੈ।

ਸਮੀਖਿਆ / ਵਿਸ਼ਲੇਸ਼ਣ:

ਆਮ ਪੰਜਾਬੀ ਲੋਕ, ਨਵੇਂ ਵਿਦਿਆਰਥੀ ਅਤੇ ਸਿਖਾਂਦਰੂ ਜੋ ਪੰਜਾਬੀ ਪੜ੍ਹਨੀ ਅਤੇ ਲਿਖਣੀ ਨਹੀਂ ਜਾਣਦੇ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਇਹ ਬਹੁਤ ਮਹੱਤਵਪੂਰਣ ਅਤੇ ਜ਼ਰੂਰੀ ਹੈ ਕਿ ਉਨ੍ਹਾਂ ਸਾਰਿਆਂ ਨੂੰ ਇੱਕ ਆਸਾਨ ਤਰੀਕੇ ਦੀ ਮਦਦ ਨਾਲ ਇਸ ਗੱਲ ਦੀ ਪੂਰਣ ਜਾਣਕਾਰੀ ਦਿੱਤੀ ਜਾਵੇ ਕਿ ਪੰਜਾਬੀ ਦੇ ਸਹੀ ਢੰਗ ਨਾਲ ਸ਼ਬਦ ਅਤੇ ਵਾਕ ਬਣਾਉਣ ਲਈ ਪੰਜਾਬੀ ਵਰਣਮਾਲਾ ਦੇ ਕਿਹੜੇ ਅੱਖਰਾਂ ਨਾਲ ਕਿਹੜੀਆਂ ਲਗਾਮਾਤਰਾਂ ਦਾ ਪ੍ਰਯੋਗ ਹੋ ਸਕਦਾ ਹੈ। ਇਸ ਸਮੱਸਿਆ ਦਾ ਹੱਲ ਲੱਭਣ ਲਈ ਕਾਫ਼ੀ ਸਮੇਂ ਤੱਕ ਅਣਗਿਣਤ ਯਤਨ ਕੀਤੇ ਗਏ ਜਿਸ ਦੇ ਫਲਸਰੂਪ ਉਪਰੋਕਤ ਤਾਲਿਕਾ ਵਿਕਸਿਤ ਕੀਤੀ ਗਈ ਹੈ ਜੋ ਕਿ ਨਵੇਂ ਸਿਖਾਂਦਰੂਆਂ ਅਤੇ ਆਮ ਲੋਕਾਂ ਲਈ ਪੰਜਾਬੀ ਸਿੱਖਣ ਵਿੱਚ ਕਾਫ਼ੀ ਮਦਦਗਾਰ ਸਾਬਿਤ ਹੋ ਸਕਦੀ ਹੈ। ਉਪਰੋਕਤ ਤਾਲਿਕਾ ਦੀ ਅਣਹੋਂਦ ਕਰਕੇ, ਜਿਸ ਵਿੱਚ ਪੰਜਾਬੀ ਵਿਆਕਰਣ ਦੇ ਬੁਨਿਆਦੀ ਨਿਯਮ ਸ਼ਾਮਿਲ ਕੀਤੇ ਗਏ ਹਨ, ਇਸ ਪੂਰੇ ਵਰਤਾਰੇ ਨੂੰ ਸਮਝਣਾ ਬਹੁਤ ਕਠਿਨ ਜਾਪਦਾ ਸੀ। ਜੇਕਰ ਕੋਈ ਯਤਨ ਕਰਦਾ ਵੀ ਸੀ ਤਾਂ ਉਸ ਨੂੰ ਕਈ ਕਿਸਮ ਦੇ ਸਫ਼ਲ ਅਤੇ ਅਸਫ਼ਲ ਯਤਨਾਂ ਅਤੇ ਤਜ਼ਰਬਿਆਂ ਵਿੱਚੋਂ ਦੀ ਲੰਘਣਾ ਪੈਂਦਾ ਸੀ।

ਪੰਜਾਬੀ ਮੇਰੀ ਆਪਣੀ ਮਾਂ ਬੋਲੀ ਹੋਣ ਕਰਕੇ ਇਸ ਨੂੰ ਬੋਲਣ, ਪੜ੍ਹਨ ਅਤੇ ਲਿਖਣ ਦੀ ਸਮਝ ਦੇ ਸਿੱਟੇ ਵਜੋਂ ਇਸ ਤਾਲਿਕਾ ਵਿੱਚ ਦਿੱਤੇ ਫਾਰਮੂਲੇ ਨੂੰ ਤਿਆਰ ਕਰਨ ਵਿੱਚ ਮੈਂ ਕਾਫ਼ੀ ਅਰਸੇ ਤੱਕ ਅਭਿਆਸ ਕੀਤਾ। ਮੈਂ ਹੁਣ ਇਹ ਉਮੀਦ ਕਰਦਾਂ ਹਾਂ ਕਿ ਇਸ ਤਾਲਿਕਾ ਵਿੱਚ ਵਰਣਿਤ ਫਾਰਮੁਲੇ/ਨਿਯਮ ਸਰਲ ਅਤੇ ਆਸਾਨ ਭਾਸ਼ਾ ਵਿੱਚ ਇੱਕ Ready Reckoner ਦੇ ਤੋਰ ’ਤੇ ਸਾਰੇ ਲੋੜਵੰਦਾਂ ਦੀ ਮਦਦ ਅਤੇ ਮਾਰਗ ਦਰਸ਼ਨ ਕਰਨਗੇ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.