A Literary Voyage Through Time

ਗਿਆਨੀ ਸੰਤੋਖ ਸਿੰਘ

ਮੁਢਲੀ ਗੱਲ

ਪੰਜਾਬੀ ਦੇ ਸ਼ਬਦ-ਜੋੜਾਂ ਦੀ, ਅੰਗ੍ਰੇਜ਼ੀ ਵਾਂਗ ਇਕਸਾਰਤਾ ਦੀ ਆਸ ਰੱਖਣਾ, ਕੁੱਝ ਕੁਝ, ਖੋਤੇ ਦੇ ਸਿਰੋਂ ਸਿਙਾਂ ਦੀ ਭਾਲ਼ ਕਰਨ ਵਾਂਗ ਹੀ ਹੈ। ਇਸਦੇ ਕਈ ਕਾਰਨ ਹਨ। ਇੱਕ ਤਾਂ ਇਹ ਹੈ ਕਿ ਹਰ ਕੋਈ, ਸਮੇਤ ਮੇਰੇ, ਸਮਝਦਾ ਹੈ ਕਿ ਜਿਸ ਤਰ੍ਹਾਂ ਮੈ ਲਿਖਦਾ ਹਾਂ ਓਹੀ ਸ਼ੁਧ ਹੈ; ਬਾਕੀ ਸਾਰੇ ਗ਼ਲਤ ਹਨ। ਇਸ ਲਈ ਹਰ ਕੋਈ ਆਪਣੀ ਮਨ ਮਰਜੀ ਅਨੁਸਾਰ ਲਿਖੀ ਜਾਂਦਾ ਹੈ ਤੇ ਇਸ ਬਾਰੇ ਕਦੀ ਵਿਚਾਰ ਵੀ ਨਹੀ ਕਰਦਾ।

ਇਹ ਵੀ ਠੀਕ ਹੈ ਸ਼ਬਦ ਭਾਸ਼ਾ ਨੂੰ ਪ੍ਰਗਟਾਉਣ ਦਾ ਕੇਵਲ ਇੱਕ ਜ਼ਰੀਆ ਹਨ ਤੇ ਸ਼ਬਦਾਂ ਨੂੰ ਅੱਖਰਾਂ ਰਾਹੀਂ ਲਿਖਿਆ ਜਾਣਾ ਹੈ। ਜੇਕਰ ਸ਼ਬਦ ਪੜ੍ਹ ਕੇ ਸਮਝਿਆ ਜਾ ਸਕਦਾ ਹੈ ਤੇ ਲਿਖਾਰੀ ਦੀ ਗੱਲ ਪਾਠਕ ਦੀ ਸਮਝ ਵਿੱਚ ਆ ਗਈ ਹੈ ਤਾਂ ਠੀਕ ਹੀ ਹੈ। ਇਸ ਵਿੱਚ ਕੋਈ ਗ਼ਲਤੀ ਨਹੀ। ਜੇਕਰ ਕੱਪੜਾ ਗਰਮੀ ਸਰਦੀ ਤੋਂ ਸਰੀਰ ਨੂੰ ਬਚਾਉਂਦਾ ਹੈ ਤੇ ਪੜਦਾ ਕੱਜਦਾ ਹੈ ਤਾਂ ਆਪਣਾ ਮਕਸਦ ਪੂਰਾ ਕਰ ਰਿਹਾ ਹੈ ਤੇ ਜੇਕਰ ਇਸਦੇ ਨਾਲ਼ ਨਾਲ਼ ਢੁਕਵਾਂ ਫੱਬਵਾਂ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਂਗ, ਸਾਡੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਵੀ ਭਰਪੂਰ ਹਿੱਸਾ ਪਾਉਂਦਾ ਹੈ। ਏਸੇ ਲਈ ਸਿਆਣਿਆਂ ਨੇ ਮਨੁਖ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਗਾਉਣ ਲਈ ਜਿਥੇ ਰਫ਼ਤਾਰ ਤੇ ਗੁਫ਼ਤਾਰ ਨੂੰ ਸਾਹਮਣੇ ਰੱਖਿਆ ਹੈ ਓਥੇ ਆਰੰਭ ਵਿੱਚ ਦਸਤਾਰ ਨੂੰ ਵੀ ਓਨੀ ਹੀ ਮਹੱਤਤਾ ਦਿਤੀ ਹੈ। ਇਸ ਲਈ ਜੇਕਰ ਅਸੀਂ ਪੰਜਾਬੀ ਭਾਸ਼ਾ ਨੂੰ ਲਿਖਣ ਵਾਲ਼ੀ ਲਿੱਪੀ ‘ਗੁਰਮੁਖੀ’ ਦੇ ਸ਼ਬਦ-ਜੋੜਾਂ ਨੂੰ ਵੀ ਬੋਲਣ ਦੇ ਨੇੜੇ ਨੇੜੇ ਰੱਖਦੇ ਹੋਏ, ਇਹਨਾਂ ਵਿੱਚ ਸਰਲਤਾ ਤੇ ਸਮਾਨਤਾ ਲਿਆਉਣ ਵਿੱਚ ਹਿੱਸਾ ਪਾ ਸਕਦੇ ਹੋਈਏ ਤਾਂ ਇਹ ਹੋਰ ਵੀ ਚੰਗੇਰੀ ਗੱਲ ਹੋਵੇਗੀ।

ਮੇਰੇ ਵਿਚਾਰ ਵਿੱਚ ਪੰਜਾਬੀ ਯੂਵਰਸਿਟੀ ਪਟਿਆਲਾ ਵੱਲੋਂ, ਬਹੁਤ ਸਮਾ, ਮੇਹਨਤ ਤੇ ਧਨ ਖ਼ਰਚ ਕੇ ਤਿਆਰ ਕੀਤਾ ਗ੍ਰੰਥ, ‘ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼’ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ। ਸੰਪਾਦਕਾਂ, ਕੰਪੋਜ਼ਰਾਂ, ਪਰੂਫ਼ ਰੀਡਰਾਂ ਤੇ ਇਸ ਪਾਸੇ ਦਾ ਸ਼ੌਕ ਰੱਖਣ ਵਾਲ਼ੇ ਹੋਰ ਸਭ ਸੱਜਣਾਂ ਲਈ ਜ਼ਰੂਰ ਇਹ ਗ੍ਰੰਥ ਲਾਭਕਾਰੀ ਹੋਵੇਗਾ। ਮੈ ਵੀ ਗੁਰਦੁਆਰਾ ਸਾਹਿਬ ਪਰਥ, ਵੈਸਟ ਆਸਟ੍ਰੇਲੀਆ, ਦੀ ਲਾਇਬ੍ਰੇਰੀ ਵਿੱਚ ਹੀ ਇਸ ਤੇ ਚਲਾਵੀਂ ਜਿਹੀ ਝਾਤ ਪਾਈ ਸੀ। ਜਦੋਂ ਵੀ ਦੇਸ਼ ਗਿਆ ਇਸਨੂੰ ਲੈ ਕੇ ਆਵਾਂਗਾ।

(ਹੁਣ ਇਸ ਗ੍ਰੰਥ ਨੂੰ ਜਰਾ ਜ਼ਿਆਦਾ ਗਹੁ ਨਾਲ਼ ਵੇਖਣ ਤੇ ਪਤਾ ਲੱਗਾ ਹੈ ਕਿ ਇਸ ਵਿੱਚ ਮੇਰੀ ਸੋਚ ਨਾਲ਼ੋਂ ਕਿਤੇ ਵਧ ਖਾਮੀਆਂ ਹਨ। ਇਸ ਵਿੱਚ ਦਰਸਾਏ ਗਏ ਨਿਯਮਾਂ ਨੂੰ ਖ਼ੁਦ ਇਸ ਗ੍ਰੰਥ ਦੇ ਲਿਖਾਰੀਆਂ ਨੇ ਵੀ ਨਹੀ ਅਪਣਾਇਆ। ਇਸ ਬਾਰੇ ਜਾਣਕਾਰੀ ਦੇਣ ਵਾਲੀਆਂ ਲਿਖਤਾਂ ਵਿੱਚ ਹੋਰ ਜੋੜ ਹਨ ਤੇ ਨਿਯਮਾਂ ਵਿੱਚ ਹੋਰ। ਫਿਰ ਸਿੰਘ ਬਰਦਰਜ਼ ਵਾਲ਼ੇ ਸ. ਗੁਰ ਸਾਗਰ ਸਿੰਘ ਜੀ ਤੋਂ ਪਤਾ ਲੱਗਾ ਹੈ ਕਿ ਗ੍ਰੰਥ ਦੀ ਤਿਆਰੀ ਤੋਂ ਬਾਅਦ ਬਣਨ ਵਾਲ਼ੇ ਵੀ. ਸੀ. ਸਾਹਿਬ ਨੇ ਇੱਕ ਹੋਰ ਕਿਤਾਬਚਾ ਛਾਪ ਕੇ ਇਹਨਾਂ ਵਿੱਚ ਵੀ ਅਦਲਾ ਬਦਲੀ ਕਰ ਦਿਤੀ ਹੈ।)

ਪੰਜਾਬੀ ਦੇ ਸ਼ਬਦ-ਜੋੜਾਂ ਦੀ ਘੜਮੱਸ ਚੌਦੇਂ

ਵੈਸੇ ਤਾਂ ਇਹਨਾਂ ਦਿਨਾਂ ਵਿੱਚ ਪੰਜਾਬੀ ਪੜ੍ਹਨ ਤੇ ਲਿਖਣ ਦਾ ਯਤਨ ਕਰਨਾ ਹੀ ਇੱਕ ਪ੍ਰਸੰਸਾ ਦੇ ਯੋਗ ਕਾਰਜ ਹੈ ਤੇ ਫੇਰ ਜੇਕਰ ਕੋਈ ਵਿਦਵਾਨ ਲ਼ਿਖਣ ਸਮੇ ਇਸਦੇ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ ਨੂੰ ਵੀ ਧਿਆਨ ਵਿੱਚ ਰੱਖਣ ਦਾ ਯਤਨ ਕਰੇ ਤਾਂ ਇਹ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋਵੇਗੀ। ਜੇਕਰ ਹੋ ਸਕੇ ਤਾਂ ਅਸੀਂ ਇਸਨੂੰ ਲਿਖਣ ਵਾਲ਼ੇ, ਸਮਰੱਥਾ ਅਨੁਸਾਰ, ਕੁੱਝ ਹੋਰ ਉਦਮ ਕਰਕੇ, ਇਹਨਾਂ ਵਿੱਚ ਸਰਲਤਾ ਤੇ ਇਕਸਾਰਤਾ ਲਿਆਉਣ ਦਾ, ਸਹਿੰਦਾ ਸਹਿੰਦਾ ਯਤਨ ਕਰਦੇ ਰਹੀਏ ਤਾਂ ਇਹ ਵੀ ਮਾਂ-ਬੋਲੀ ਦੀ ਇੱਕ ਕਿਸਮ ਦੀ ਸੇਵਾ ਹੀ ਹੋਵੇਗੀ। ਇਹ ਵੀ ਸੱਚ ਹੈ ਕਿ ਹਰ ਲੇਖਕ ਆਪਣੀ ਮਰਜੀ ਅਨੁਸਾਰ ਸ਼ਬਦ-ਜੋੜਾਂ ਦੀ ਵਰਤੋਂ ਕਰਦਾ ਹੈ; ਇਸ ਤਰ੍ਹਾਂ ਕਰਨ ਨੂੰ ਉਹ ਠੀਕ ਵੀ ਸਮਝਦਾ ਹੈ ਤੇ ਇਉਂ ਸਮਝਣਾ ਉਸਦਾ ਹੱਕ ਵੀ ਹੈ। ਹਰੇਕ ਵਿਦਵਾਨ ਲਿਖਾਰੀ ਦੇ ਇਸ ਹੱਕ ਦਾ ਆਦਰ ਕਰਦਿਆਂ ਹੋਇਆਂ ਵੀ, ਇਕਸਾਰਤਾ ਵਾਸਤੇ, ਯਥਾਸ਼ਕਤਿ ਉਦਮ ਕਰਨ ਦਾ, ਸਾਡਾ ਵੀ ਹੱਕ ਬਣਦਾ ਹੈ।

ਇਹਨੀ ਦਿਨੀਂ ਪੰਜਾਬੀ ਸ਼ਬਦ-ਜੋੜਾਂ ਦੀ ਤਾਂ ਗਿਆਨੀ ਗਿਆਨ ਸਿੰਘ ਜੀ ਅਨੁਸਾਰ,

“ਅੰਨ੍ਹੀ ਕਉ ਬੋਲ਼ਾ ਘੜੀਸੈ॥

ਨ ਉਸ ਸੁਣੈ ਨ ਉਸ ਦੀਸੈ॥”

ਵਾਲ਼ੀ ਹਾਲਤ ਹੈ। ਹਰ ਕੋਈ ਆਪਣੀ ਮਰਜੀ ਨਾਲ਼ ਹੀ ਲਿਖੀ ਜਾਂਦਾ ਹੈ। ਇੱਕ ਇੱਕ ਪੰਜਾਬੀ ਸ਼ਬਦ ਨੂੰ ਪੰਜ ਪੰਜ ਤਰ੍ਹਾਂ ਲਿਖੀ ਜਾਂਦੇ ਹਨ। ਜਿਵੇਂ ਅਜ-ਕਲ੍ਹ ਗੁਰਮੁਖੀ ਫੌਂਟਾਂ ਨੇ ਘੜਮੱਸ ਚੌਦੇਂ ਪਾ ਕੇ ਪੰਜਾਬੀ ‘ਕੰਪਿਊਟਰਿਸਟਾਂ’ ਨੂੰ ਵਖ਼ਤ ਪਾਇਆ ਹੋਇਆ ਹੈ ਏਸੇ ਤਰ੍ਹਾਂ ਸਦੀਆਂ ਤੋਂ ਪੰਜਾਬੀ ਸ਼ਬਦ-ਜੋੜਾਂ ਨੇ ਵੀ ਪਾੜ੍ਹਿਆਂ ਲਈ ਘੀਚਮਚੋਲ਼ਾ ਜਿਹਾ ਪਾਉਣ ਵਿੱਚ ਕੋਈ ਕਸਰ ਨਹੀ ਛੱਡੀ। “ਜਿਹਾ ਬੋਲੋ, ਤਿਹਾ ਲਿਖੋ” ਅਸੂਲ ਤਾਂ ਬਣਾਇਆ ਸੀ ਸਿਆਣਿਆਂ ਨੇ ਭਈ ਪੰਜਾਬੀ ਵਿੱਚ ਵੀ ਸਾਈਕਾਲੋਜੀ ਨੂੰ ਪਸਾਈਚਲੋਜੀ ਵਰਗੀ ਹਾਲਤ ਬਣਨ ਤੋਂ ਰੋਕ ਕੇ ਲਿਖਤ ਨੂੰ ਪਾਠਕਾਂ ਦੀ ਬੋਲ-ਚਾਲ ਦੇ ਨੇੜੇ ਰਖਿਆ ਜਾਵੇ ਪਰ ਇਸ ਨਿਯਮ ਦਾ ਲਿਖਾਰੀਆਂ ਨੇ ਓਸੇ ਤਰ੍ਹਾਂ ਹੀ ਦੁਰਉਪਯੋਗ ਕੀਤਾ ਹੈ ਜਿਸ ਤਰ੍ਹਾਂ ਹਿੰਦੁਸਤਾਨ ਦੇ ‘ਰਾਜ-ਰੱਬਾਂ’ ਨੇ ਹਿੰਦੁਸਤਾਨ ਦੇ ਚੰਗੇ ਸੰਵਿਧਾਨ ਦਾ। ਫੇਰ ਸਿਤਮ ਇਹ ਕਿ ਕਿਸੇ ਡਿਕਸ਼ਨਰੀ ਜਾਂ ਹੋਰ ਕਿਸੇ ਪੰਜਾਬੀ ਪਾਸੋਂ ਪੁੱਛ ਲੈਣ ਨੂੰ ਆਪਣੀ ਹੱਤਕ ਖਿਆਲ ਕਰਦੇ ਹਨ। ਅੰਗ੍ਰੇਜ਼ੀ ਦੇ ਜੋ ਸਪੈਲਿੰਗ ੧੪੭੬ ਵਿਚ, ਮਿ. ਕੈਕਸਟਨ(Filliam Caxton (੧੪੧੫-੧੪੨੨– March੧੪੯੨)ਨੇ ਬਣਾ ਦਿਤੇ ਅੱਜ ਵੀ ਉਹ ਤਕਰੀਬਨ ਸਾਰੀ ਦੁਨੀਆਂ ਤੇ ਚੱਲਦੇ ਹਨ।

ਪੰਜਾਬੀ ਯੂਨਵਿਰਸਟੀ ਪਟਿਆਲਾ ਵਾਲ਼ਿਆਂ ਨੇ ਕਰੋੜਾਂ ਖ਼ਰਚ ਕੇ, ੧੫੯ ਵਿਦਵਾਨਾਂ ਦੀ ਸਹਾਇਤਾ ਲੈਕੇ, ਪੂਰਾ ਜ਼ਿਲਾ ਅੰਮ੍ਰਿਤਸਰ ਤੇ ਜ਼ਿਲਾ ਗੁਰਦਾਸਪੁਰ ਦੀ ਤਸੀਲ ਬਟਾਲਾ ਨੂੰ ਆਧਾਰ ਬਣਾ ਕੇ, ‘ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼’ ਨਾਂ ਦਾ ਬੜਾ ਵੱਡਾ ਗ੍ਰੰਥ ਸਿਰਜਿਆ ਹੈ। ਉਦਮ ਬੜਾ ਹੀ ਸ਼ਲਾਘਾਯੋਗ ਹੈ ਪਰ ਉਹ ਵੀ ਊਣਤਾਈਆਂ ਤੋਂ ਰਹਿਤ ਨਹੀ। ਮਿਸਾਲ ਵਜੋਂ ਅਸੀਂ ਦੋ ਸ਼ਬਦ ਲੈਂਦੇ ਹਾਂ। ਇੱਕ ਹੈ ‘ਹੁਦਾਰ’ ਉਹ ਇਸ ਅਰਥ ਵਿੱਚ ਉਧਾਰ ਸ਼ਬਦ ਨੂੰ ਵਰਤਦੇ ਹਨ ਤੇ ਨਾਲ਼ ਹੀ ਆਖਦੇ ਨੇ ਕਿ ਬੋਲ-ਚਾਲ ਵਿੱਚ ਹੁਦਾਰ ਵੀ ਵਰਤਿਆ ਜਾਂਦਾ ਹੈ। ਦੱਸੋ ਕਿ ਜੇ ਅੰਮ੍ਰਿਤਸਰ ਦੇ ਵਸਨੀਕ ਹੁਦਾਰ ਆਖਦੇ ਹਨ ਤਾਂ ਤੁਸੀਂ ਕਿਉਂ ਉਧਾਰ ਲਿਖ ਕੇ ਦੁਬਿਧਾ ਖੜ੍ਹੀ ਕਰਦੇ ਹੋ ਜਦੋਂ ਕਿ ਇਹ ਉਧਾਰ ਸ਼ਬਦ ਹੋਰ ਅਰਥਾਂ ਵਿੱਚ ਪਹਿਲਾਂ ਹੀ ਪੰਜਾਬੀ ਭਾਸ਼ਾ ਵਿੱਚ ਵਰਤੀਂਦਾ ਹੈ! ਦੂਜਾ ਸ਼ਬਦ ਹੈ ‘ਛਨਿਛਰਵਾਰ’। ਇਸ ਦੀ ਤਾਂ ਬਿਲਕੁਲ ਹੀ ਗ਼ਲਤ ਵਰਤੋਂ ਹੁੰਦੀ ਹੈ। ਇਹਨਾਂ ਨੇ ਵੀ ਇਸ ਨੂੰ ‘ਸ਼ਨਿਚਰਵਾਰ’ ਲਿਖ ਕੇ ਨਾਲ਼ ਹੀ ਲਿਖ ਦਿਤਾ ਹੈ ਕਿ ਬੋਲ-ਚਾਲ ਵਿੱਚ ‘ਛਨਿਛਰਵਾਰ’ ਵੀ ਵਰਤਿਆ ਜਾਂਦਾ ਹੈ। ਦੱਸੋ ਭਈ ਜੇ ਚਾਰ ਸਦੀਆਂ ਪਹਿਲਾਂ ਲਿਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਛਨਿਛਰਵਾਰ’ ਹੈ ਤੇ ਤੁਸੀਂ ਖ਼ੁਦ ਵੀ ਮੰਨਦੇ ਹੋ ਕਿ ਅੱਜ ਵੀ ਲੋਕੀਂ ਇਸਨੂੰ ‘ਛਨਿਛਰਵਾਰ’ ਬੋਲਦੇ ਹਨ ਤਾਂ ਤੁਹਾਨੂੰ ਕੀ ਮਜਬੂਰੀ ਹੈ ਜਿਸ ਕਰਕੇ ਤੁਸੀਂ ਇਸਦੇ ਸਹੀ ਉਚਾਰਣ ‘ਛਨਿਛਰਵਾਰ’ ਨੂੰ ਬਦਲ ਕੇ ‘ਸ਼ਨਿਚਰਵਾਰ’ ਬਣਾ ਲਿਆ ਹੈ!

ਭਾਵੇਂ ਕਿ ਬਹੁਤ ਸਾਰੇ ਵਿਦਵਾਨ ਇਸ ਵਿਸ਼ੇ ਨੂੰ ਬੇਲੋੜਾ ਹੀ ਸਮਝਣ ਪਰ ਕੋਈ ਚਾਰ-ਕੁ ਦਹਾਕੇ ਪਹਿਲਾਂ, ‘ਪ੍ਰੀਤਲੜੀ’ ਵਿੱਚ ਦੋ ਧੁਰੰਤਰ ਵਿਦਵਾਨਾਂ ਦੇ ਵਿਚਾਰ ਇਸ ਸਬੰਧ ਵਿੱਚ ਪੜ੍ਹੇ; ਅੱਜ ਤੱਕ ਨਹੀ ਭੁੱਲੇ। ਇੱਕ ਸਨ ਡਾ: ਹਰਿਭਜਨ ਸਿੰਘ ਜੀ ਅਤੇ ਦੂਜੇ ਸਨ ਸ: ਸੋਹਣ ਸਿੰਘ ਜੋਸ਼ ਜੀ। ਡਾਕਟਰ ਸਾਹਿਬ ਹਿੰਦੀ ਦੀ ਪੀ. ਐਚ. ਡੀ. ਸਨ ਤੇ ਦਿੱਲੀ ਯੂਨੀਵਰਸਟੀ ਵਿੱਚ ਹਿੰਦੀ ਦੇ ਪ੍ਰੋਫ਼ੈਸਰ ਸਨ ਤੇ ਹਿੰਦੀ ਦੇ ਪ੍ਰਭਾਵ ਅਧੀਨ, ਉਹਨਾਂ ਨੇ ਇੱਕ ਲੇਖ ਵਿੱਚ ‘ਪਾਣੀ’ ਨੂੰ ‘ਪਾਨੀ’ ਲਿਖ ਦਿਤਾ। ਸ: ਸੋਹਣ ਸਿੰਘ ਜੋਸ਼ ਸਾਬਕ ਅਕਾਲੀ ਅਤੇ ਪ੍ਰਸਿਧ ਕਮਿਊਨਿਸਟ ਲਿਖਾਰੀ ਤੇ ਪੱਤਰਕਾਰ ਸਨ; ਤੇ ਭਾਵੇਂ ਰਹਿੰਦੇ ਉਹ ਵੀ ਦਿੱਲੀ ਵਿੱਚ ਹੀ ਸਨ ਪਰ ਜ਼ਿਲਾ ਅੰਮ੍ਰਿਤਸਰ ਦੇ ਜੰਮ-ਪਲ਼ ਹੋਣ ਕਰਕੇ, ਉਹਨਾਂ ਨੇ ਇਸ ਨੂੰ ਬੜੀ ਗੰਭੀਰਤਾ ਨਾਲ਼ ਲਿਆ। ਡਾਕਟਰ ਸਾਹਿਬ ਦੇ ਇਹ ਕਹਿਣ ਤੇ, “ਕੀ ਆਖਰ ਆ ਗਈ ਜੇ ਮੈ ਪਾਣੀ ਨੂੰ ਪਾਨੀ ਲਿਖ ਦਿਤਾ ਤਾਂ!” ਜਵਾਬ ਵਿੱਚ ਜੋਸ਼ ਜੀ ਨੇ ਆਖਿਆ, “ਅਸੀਂ ਸਹੇ ਨੂੰ ਨਹੀ ਪਹੇ ਨੂੰ ਰੋਂਦੇ ਹਾਂ। ਪਾਣੀ ਨੂੰ ਪਾਨੀ ਆਖਣ ਨਾਲ਼ ਆਖਰ ਨਹੀ ਆਈ। ਡਰ ਹੈ ਕਿ ਇਹ ਕਿਤੇ ‘ਪਾਣੀ’ ਤੋਂ ‘ਪਾਨੀ’ ਬਣਦਾ ਬਣਦਾ ‘ਜਲ’ ਨਾ ਬਣ ਜਾਵੇ, ਜੋ ਫੇਰ ਸਾਥੋਂ ‘ਗ੍ਰਹਿਣ’ ਨਹੀ ਕਰ ਹੋਣਾ।”

ਪੰਜਾਬੀ ਵਿੱਚ ਬਹੁਤ ਵਾਰੀਂ ਇਸ ਤਰ੍ਹਾਂ ਹੁੰਦਾ ਹੈ ਕਿ ਗ਼ਲਤ ਸ਼ਬਦ-ਜੋੜਾਂ ਕਰਕੇ ਅਰਥ ਦਾ ਅਨਰਥ ਹੀ ਹੋ ਜਾਂਦਾ ਹੈ। ਅਸੀਂ ਪਦ ਨੂੰ ਪੱਦ ਤੇ ਪੱਦ ਨੂੰ ਪਦ, ਪੱਧਰ ਨੂੰ ਪਧਰ ਤੇ ਪਧਰ ਨੂੰ ਪੱਧਰ, ਜਾਂਚ ਨੂੰ ਜਾਚ ਤੇ ਜਾਚ ਨੂੰ ਜਾਂਚ, ਪਤਨ ਨੂੰ ਪੱਤਣ ਤੇ ਪੱਤਣ ਨੂੰ ਪਤਨ, ਉਧਾਰ ਨੂੰ ਹੁਦਾਰ ਤੇ ਹੁਦਾਰ ਨੂੰ ਉਧਾਰ, ਬਿਨਾ ਇਹਨਾਂ ਦੇ ਅਰਥ ਸਮਝੇ ਹੀ ਲਿਖੀ ਜਾ ਰਹੇ ਹਾਂ। ਅਸੀਂ ਇਹ ਜਾਨਣ ਦਾ ਯਤਨ ਹੀ ਨਹੀ ਕਰਦੇ ਕਿ ਪੰਜਾਬੀ ਦੇ ਇਹ ਤਿੰਨ ਸ਼ਬਦ ਉਦਾਰ, ਉਧਾਰ ਤੇ ਹੁਦਾਰ ਹਨ ਜਿਨ੍ਹਾਂ ਦੇ ਵੱਖ ਵੱਖ ਅਰਥ ਹਨ:

(ੳ) ਉਧਾਰ -- ਗੁਰੂ ਨਾਨਕ ਦੇਵ ਜੀ ਨੇ ਪਾਪੀਆਂ ਦਾ ਉਧਾਰ ਕੀਤਾ।

(ਅ) ਉਦਾਰ -- ਉਹ ਉਦਾਰ ਵਿਚਾਰਾਂ ਦਾ ਧਾਰਨੀ ਹੈ।

(ੲ) ਹੁਦਾਰ --ਮੈ ਹੁਦਾਰ ਚੁੱਕ ਕੇ ਕੰਮ ਸਾਰਿਆ।

ਇਕ ਅੱਖਰ, ਪੈਰ ਵਿੱਚ ਬਿੰਦੀ ਵਾਲ਼ੇ ਜ਼ ਦੀ ਵੀ ਅਜ ਕਲ੍ਹ ਬੁਰੀ ਤਰ੍ਹਾਂ ਮਿੱਟੀ ਬਾਲ਼ੀ ਜਾਦੀ ਹੈ। ਕੁੱਝ ਸਾਲਾਂ ਤੋਂ ਅਖ਼ਬਾਰਾਂ, ਕਿਤਾਬਾਂ, ਸਾਈਨ ਬੋਰਡਾਂ, ਏਥੋਂ ਤੱਕ ਕਿ ਆਮ ਬੋਚ-ਚਾਲ ਵਿੱਚ ਵੀ ਇਸਨੂੰ ਜ ਦੇ ਥਾਂ ਏਨੀ ਬੁਰੀ ਤਰ੍ਹਾਂ ਗ਼ਲਤ ਵਰਤਿਆ ਜਾਂਦਾ ਹੈ ਕਿ ਕਈ ਵਾਰ ਖ਼ੁਦ ਨੂੰ ਇਹ ਭੁਲੇਖਾ ਲੱਗ ਜਾਣ ਦੀ ਨੌਬਤ ਵੀ ਆ ਜਾਂਦੀ ਹੈ ਕਿ ਜੇਕਰ ਏਨੇ ਵਿਦਵਾਨ ਲੋਕ ਇਸ ਤਰ੍ਹਾਂ ਇਸਨੂੰ ਵਰਤਦੇ ਹਨ ਤਾਂ ਕਿਤੇ ਮੈ ਹੀ ਗ਼ਲਤ ਨਾ ਹੋਵਾਂ! ਇਸ ਗੱਲ ਤੋਂ ਤਾਂ ਕਰੀਬਨ ਸਾਰੇ ਪਾਹੜੇ ਜਾਣੂ ਹੀ ਹਨ ਕਿ ਪੰਜਾਬੀ (ਗੁਰਮੁਖੀ) ਲਿੱਪੀ, ਜਿਸਨੂੰ ਪੈਂਤੀ ਅੱਖਰ ਹੋਣ ਕਰਕੇ ‘ਪੈਂਤੀ’ ਵੀ ਆਖਿਆ ਜਾਂਦਾ ਹੈ, ਵਿੱਚ ਫ਼ਾਰਸੀ ਦੇ ਸ਼ਬਦਾਂ ਦਾ ਸਹੀ ਉਚਾਰਣ ਕਰਨ ਵਾਸਤੇ ਪੰਜ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਾ ਕੇ ਪੰਜ ਅੱਖਰਾਂ ਦਾ ਵਾਧਾ ਕੀਤਾ ਗਿਆ ਸੀ; ਉਹਨਾਂ ਵਿਚੋਂ ਇੱਕ ਜ਼ ਵੀ ਹੈ ਪਰ ਵਰਤਣ ਸਮੇ ਇਸਦੀ ਵੀ ਖੇਹ ਉਡਾਈ ਜਾਂਦੀ ਹੈ। ਅਰਥਾਤ ਜਿਥੇ ਲੋੜ ਹੈ ਓਥੇ ਨਹੀ ਤੇ ਜਿਥੇ ਨਹੀ ਵਰਤਣਾ ਓਥੇ ਅਧਕ ਵਾਂਗ ਹੀ, ਜ ਦੇ ਪੈਰ ਵਿੱਚ ਬਿੰਦੀ ਘਸੋੜ ਦਿੰਦੇ ਹਾਂ। ਸ਼ਾਇਦ ਅਸੀਂ ਦੂਸਰਿਆਂ ਉਪਰ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਵਿੱਚ ਅਜਿਹਾ ਕਰਦੇ ਹਾਂ! ਸੌਖੀ ਜਿਹੀ ਗਲ ਹੈ ਕਿ ਅਧਕ ਵਾਂਗ ਹੀ ਜਿਥੇ ਅਸੀਂ ਸਪੱਸ਼ਟ ਨਹੀ ਓਥੇ ਇਸਨੂੰ ਨਾ ਵਰਤਿਆ ਜਾਵੇ; ਇਸ ਤੋਂ ਬਿਨਾ ਵੀ ਸਰ ਸਕਦਾ ਹੈ; ਅੰਦਾਜ਼ੇ ਨਾਲ਼ ਗ਼ਲਤ ਵਰਤਣ ਦੀ ਥਾਂ। ਮਿਸਾਲ ਵਜੋਂ: ਜ਼ੰਗ (ਜੰਗ), ਬਰਿਜ਼ (ਬਰਿਜ), ਲੈਂਗਵਿਜ਼ (ਲੈਂਗਵਿਜ). ਫਰਿਜ਼ (ਫਰਿਜ), ਜ਼ਲਵਾ (ਜਲਵਾ), ਹਜ਼ਮ (ਹਜਮ) ਆਦਿ

ਇਕ ਸ਼ਬਦ ਹੈ ‘ਪਰਵਾਰ’ ਜਿਸਦਾ ਸਭ ਤੋਂ ਸਾਦਾ ਰੂਪ ਇਸ ਤਰ੍ਹਾਂ ਹੀ ਹੈ। ਇਸਦੀ ਪ੍ਰੋੜ੍ਹਤਾ, ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਪੁਰਾਤਨ ਸਿੱਖ ਸਾਹਿਤ ਵਿਚੋਂ ਵੀ ਹੁੰਦੀ ਹੈ; ਜਿਵੇਂ ਕਿ, “ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ॥” ਪਰ ਅੱਜ ਅਸੀਂ ਇਸ ਸਭ ਤੋਂ ਸਾਦੇ ਸ਼ਬਦ ਨੂੰ ਵੀ, ਪਰਿਵਾਰ, ਪ੍ਰਵਾਰ, ਪ੍ਰੀਵਾਰ ਦੇ ਰੂਪ ਵਿੱਚ ਲਿਖਦੇ ਹਾਂ; ਪਤਾ ਨਹੀ ਕਿਉਂ!

ਇਸ ਮੁਲਕ ਦਾ ਨਾਂ ਅੰਗ੍ਰੇਜ਼ੀ ਅੱਖਰਾਂ ਵਿੱਚ Australia ਹੈ। ਪੰਜਾਬੀ ਵਿੱਚ ਲਿਖਣ ਸਮੇ ਇਸਨੂੰ ਅਸਟਰੇਲੀਆ, ਆਸਟਰੇਲੀਆ, ਔਸਟਰੇਲੀਆ, ਔਸਟ੍ਰੇਲੀਆ, ਅਸਟ੍ਰੇਲੀਆ ਤੇ ਹੋਰ ਪਤਾ ਨਹੀ ਕਿੰਨੀ-ਕੁ ਤਰ੍ਹਾਂ ਇਹ ‘ਬਿਦਬਾਨ’ ਲਿਖਦੇ ਹਨ ਜਦੋਂ ਕਿ ਬੋਲ-ਚਾਲ ਅਨੁਸਾਰ ਵੀ ਅਤੇ ਪੰਜਾਬ ਯੂਨੀਵਰਸਟੀ ਟੈਕਸਟ ਬੁੱਕ ਵਾਲ਼ਿਆਂ ਵੱਲੋਂ ਪ੍ਰਕਾਸ਼ਤ ਡਿਕਸ਼ਨਰੀ ਵਿੱਚ ਵੀ ਇਸਦੇ ਸਪੈਲਿੰਗ ਆਸਟ੍ਰੇਲੀਆ ਦਰਜ ਹਨ।

ਸੰਪਾਦਿਕ, ਇਤਿਹਾਸਿਕ, ਮਿਥਿਹਾਸਿਕ, ਆਸ਼ਿਕ, ਅੰਕਿਤ, ਪ੍ਰਕਾਸ਼ਿਤ, ਅੰਤਿਮ, ਕਾਫ਼ਿਰ, ਕਾਮਿਲ, ਪਰਚਾਰਿਕ, ਆਧਾਰਿਤ ਆਦਿ ਸ਼ਬਦਾਂ ਵਿਚਲੇ ਆਖ਼ਰੀ ਅੱਖਰ ਤੋਂ ਪਹਿਲੇ ਅੱਖਰ ਨੂੰ ਲੱਗੀਆਂ ਸਿਹਾਰੀਆਂ, ਹਿੰਦੀ ਵਿੱਚ ਤਾਂ ਭਾਵੇਂ ਠੀਕ ਹੋਣ ਪਰ ਪੰਜਾਬੀ ਵਿੱਚ ਇਹਨਾਂ ਦਾ ਪ੍ਰਯੋਗ, ਦੁਰਉਪਯੋਗ ਹੀ ਲੱਗਦਾ ਹੈ।

ਇਕ ਸ਼ਬਦ ‘ਮੱਸ ਫੁੱਟ’ ਪੰਜਾਬੀ ਵਿੱਚ ਆਮ ਹੀ ਵਰਤਿਆ ਜਾਂਦਾ, ਦਹਾਕਿਆਂ ਤੋਂ ਪੜ੍ਹਦੇ ਸੁਣਦੇ ਆ ਰਹੇ ਸਾਂ, ਜਿਸ ਦਾ ਮਤਲਬ ਹੈ ਕਿ ਜਿਸਨੂੰ ਦਾਹੜੀ ਆ ਰਹੀ ਹੋਵੇ ਪਰ ਇਸਨੂੰ ਹੁਣ ਬਦਲ ਕੇ ਪਤਾ ਨਹੀ ਕਿਉਂ ‘ਮੁੱਛ ਫੁੱਟ’ ਲਿਖਣਾ ਸ਼ੁਰੂ ਕਰ ਦਿਤਾ ਗਿਆ ਹੈ! ‘ਮੱਸ’ ਦਾਹੜੀ ਦੇ ਥਾਂ ਸ਼ਾਇਦ ‘ਮੁੱਛ’ ਨੂੰ ਸ਼ਾਮਲ ਕਰ ਲਿਆ ਗਿਆ ਹੈ।

ਨਾਂ, ਸੁਝਾ, ਭੈ, ਸ਼ੈ, ਨਿਭਾ ਆਦਿ ਸ਼ਬਦ ਬੜੀ ਸੋਹਣੀ ਤਰ੍ਹਾਂ ਲਿਖੇ, ਬੋਲੇ ਤੇ ਸਮਝੇ ਜਾਂਦੇ ਸਨ ਪਰ ਪਤਾ ਨਹੀ ਹੁਣ ਇਹਨਾਂ ਨਾਲ਼ ‘ਅ’ ਐਡ ਕਰਨ ਦੀ ਕੀ ਮਜਬੂਰੀ ਆ ਬਣੀ ਹੈ!

ਅੱਜ ਤੋਂ ਅਸੀਂ ਏਨਾ ਉਦਮ ਹੀ ਕਰ ਲਈਏ ਕਿ ਅੱਗੇ ਲਿਖੇ ਪੰਜ ਸ਼ਬਦਾਂ ਨੂੰ ਕਿਸੇ ਹੋਰ ਰੂਪ ਵਿੱਚ ਨਹੀ ਬਲਕਿ ਇਹਨਾਂ ਦੇ ਅਸਲੀ ਰੂਪ ਵਿੱਚ ਹੀ ਲਿਖਣਾ ਹੈ:

ਆਸਟ੍ਰੇਲੀਆ (ਮੁਲਕ), ਪਰਵਾਰ (ਟੱਬਰ), ਪੱਤਣ (ਘਾਟ), ਪਤਨ (ਗਿਰਾਵਟ) ਤੇ ਛਨਿਛਰਵਾਰ (ਦਿਨ ਦਾ ਨਾਂ)

ਪੰਜਾਬੀ ਦੀ ਲਿੱਪੀ ਗੁਰਮੁਖੀ ਲਿਖਣ ਸਮੇ ਲੇਖਕਾਂ ਵੱਲੋਂ ਆਮ ਹੀ ਬੇ ਧਿਆਨੇ ਕਰ ਦਿਤੇ ਜਾਣ ਵਾਲ਼ੇ ਕੁੱਝ ਅਹਿਮ ਨੁਕਤੇ

੧. ‘ਊੜਾ’ ਕਦੀ ਵੀ ਮੁਕਤਾ ਨਹੀ ਆਉਂਦਾ। ਇਸਨੂੰ ਕਦੀ ਵੀ ਕੰਨਾ, ਸਿਹਾਰੀ, ਬਿਹਾਰੀ, ਕਨੌੜਾ, ਟਿੱਪੀ, ਅਧਕ ਨਹੀ ਲੱਗਦੇ। ਹੋੜਾ ਲਾਉਣ ਦੀ ਥਾਂ ‘ਓ’ ਲਿਖ ਕੇ ਹੋੜੇ ਦਾ ਕੰਮ ਲਿਆ ਜਾਂਦਾ ਹੈ। ਇਸਨੂੰ ‘ਓੁ’ ਲਿਖਣਾ ਵੀ ਗ਼ਲਤ ਹੈ। ਆਮ ਪੰਜਾਬੀ ਲਿਖਣ ਸਮੇ ਇਹ ਸਿਰਫ ਤਿੰਨ ਰੂਪਾਂ ਵਿੱਚ ਹੀ ਲਿਖਿਆ ਜਾਂਦਾ ਹੈ: ਉ, ਊ ਤੇ ਓ। ਹਾਂ, ਗੁਰਬਾਣੀ ਵਿੱਚ ਇਸਦਾ ਇੱਕ ਹੋਰ ਰੂਪ ਵੀ ਹੈ ਜੋ ਕਿ ੴ ਦੇ ਰੂਪ ਵਿੱਚ ਆਉਂਦਾ ਹੈ।

੨. ‘ਐੜਾ’ ਵੀ ਇਹਨਾਂ ਸੱਤ ਰੂਪਾਂ ਵਿੱਚ ਹੀ ਲਿਖਿਆ ਜਾਂਦਾ ਹੈ: ਅ ਆ ਐ ਔ ਅੰ ਆਂ ਅੱ।

੩. ‘ਈੜੀ’ ਵੀ ਇਹਨਾਂ ਤਿੰਨ ਰੂਪਾਂ ਵਿੱਚ ਹੀ ਲਿਖੀ ਜਾਂਦੀ ਹੈ: ਇ ਈ ਏ।

੪. ੳ, ਅ ਤੇ ੲ ਤੋਂ ਬਿਨਾ ਬਾਕੀ ਸਾਰੇ ਅੱਖਰਾਂ ਨੂੰ ਸਾਰੀਆਂ ਹੀ ਲਗਾਂ ਮਾਤਰਾਂ ਲੱਗਦੀਆਂ ਹਨ।

੫. ਙ, ਞ, ਣ, ਨ ਤੇ ਮ ਨੂੰ, ਇਹਨਾਂ ਦੀ ਨੱਕ ਵਾਲ਼ੀ (ਅਨੁਨਾਸਕ) ਆਵਾਜ਼ ਬਣਾਉਣ ਸਮੇ, ਬਹੁਤੀ ਥਾਂਈਂ ਇਹਨਾਂ ਨਾਲ਼ ਬਿੰਦੀ ਤੇ ਟਿੱਪੀ ਨਹੀ ਵੀ ਵਰਤੀ ਜਾਂਦੀ ਕਿਉਂਕਿ ਇਹਨਾਂ ਦੀ ਆਪਣੀ ਆਵਾਜ਼ ਹੀ ਨੱਕ ਵਿਚੋਂ ਨਿਕਲ਼ਦੀ ਹੈ।

੬. ਕੰਨੇ, ਬਿਹਾਰੀ, ਲਾਂ, ਦੁਲਾਵਾਂ, ਹੋੜੇ, ਕਨੌੜੇ ਤੇ ਓ ਨਾਲ਼, ਨੱਕ ਦੀ ਆਵਾਜ਼ ਬਣਾਉਣ ਲਈ ਬਿੰਦੀ ਹੀ ਵਰਤੀ ਜਾਂਦੀ ਹੈ; ਟਿੱਪੀ ਨਹੀ।

੭. ਮੁਕਤੇ, ਸਿਹਾਰੀ, ਔਂਕੜ ਤੇ ਦੁਲੈਂਕੜ ਨਾਲ਼ ਨੱਕ ਦੀ ਆਵਾਜ਼ ਬਣਾਉਣ ਲਈ ਟਿੱਪੀ ਹੀ ਵਰਤੀ ਜਾਂਦੀ ਹੈ; ਬਿੰਦੀ ਨਹੀ।

੮. ਹ ਅੱਖਰ ਜਦੋਂ ਕਿਸੇ ਸ਼ਬਦ ਦੇ ਆਰੰਭ ਵਿੱਚ ਆਵੇ ਤਾਂ ਇਸ ਦਾ ਉਚਾਰਣ ਪੂਰਾ ਹੁੰਦਾ ਹੈ। ਜਦੋਂ ਇਹ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਜਾਂ ਅੰਤ ਵਿੱਚ ਆਵੇ ਤਾਂ ਇਸ ਦਾ ਉਚਾਰਣ ਅਧਾ ਰਹਿ ਜਾਂਦਾ ਹੈ। ਮਿਸਾਲ ਵਜੋਂ: ਹਰੀ ਤੇ ਰਹਿ, ਜ਼ਹਿਰ ਤੇ ਹਿਜਰ ਆਦਿ ਵਿੱਚ ਇਸ ਦੇ ਉਚਾਰਣ ਤੋਂ ਅੰਦਾਜ਼ਾ ਲਾ ਸਕਦੇ ਹਾਂ। ਇਸ ਲਈ ਹਰੇਕ ਥਾਂ ਤੇ ਅਦਾ ੍ਹ ਵਰਤਣ ਦੀ ਲੋੜ ਨਹੀ; ਕੁੱਝ ਸ਼ਬਦ ਪੜ੍ਹ, ਗੜ੍ਹ, ਚੜ੍ਹ, ਮੜ੍ਹ ਆਦਿ ਨੂੰ ਛੱਡ ਕੇ, ਸਾਨੂੰ ਲਿਖਤ ਵਿੱਚ ਪੂਰਾ ਹ ਹੀ ਵਰਤਣਾ ਚਾਹੀਦਾ ਹੈ। ਉਚਾਰਣ ਦੇ ਮਗਰ ਲੱਗ ਕੇ ਬਹੁਤੀ ਥਾਈਂ ਐਵੇਂ ਅਦੇ ੍ਹ ਦੇ ਚੱਕਰ ਵਿੱਚ ਪੈ ਕੇ ਲਿਖਤ ਨੂੰ ਬੇਲੋੜਾ ਔਖਾ ਨਹੀ ਬਣਾਉਣਾ ਚਾਹੀਦਾ।

੯. ਘ, ਝ, ਢ, ਧ ਤੇ ਭ, ਇਹ ਪੰਜ ਅੱਖਰ, ਸਬਦ ਦੇ ਸ਼ੁਰੂ ਵਿੱਚ ਆਉਣ ਤਾਂ ਇਹਨਾਂ ਦੀ ਆਵਾਜ਼ ਪੰਜਾਬੀ ਉਚਾਰਣ ਅਨੁਸਾਰ ਹੁੰਦੀ ਹੈ; ਅਰਥਾਤ ਆਪਣੀ ਲਾਈਨ ਵਾਲੇ ਪਹਿਲੇ ਅੱਖਰ ਦੇ ਨਾਲ਼ ਮਿਲ਼ ਜਾਂਦੀ ਹੈ। ਜਦੋਂ ਇਹ ਸ਼ਬਦ ਦੇ ਵਿਚਕਾਰ ਜਾਂ ਅਖੀਰ ਵਿੱਚ ਆਉਣ ਤਾਂ ਇਹਨਾਂ ਦੀ ਆਵਾਜ਼ ਹਿੰਦੀ/ਉਰਦੂ ਦੇ ਉਚਾਰਣ ਅਨੁਸਾਰ ਹੋ ਜਾਂਦੀ ਹੈ; ਅਰਥਾਤ ਆਪਣੀ ਲਾਈਨ ਦੇ ਤੀਸਰੇ ਅੱਖਰ ਨਾਲ਼ ਮਿਲ਼ ਜਾਂਦੀ ਹੈ। ਙ, ਞ, ਣ ਤੇ ੜ, ਇਹ ਚਾਰ ਅੱਖਰ ਕਿਸੇ ਸ਼ਬਦ ਦੇ ਸ਼ੁਰੂ ਵਿੱਚ ਨਹੀ ਆਉਂਦੇ। ਗੁਰਬਾਣੀ ਵਿੱਚ ਕਿਤੇ ਕਿਤੇ ਇਸ ਦਾ ਅਪਵਾਦ ਹੈ ਪਰ ਆਮ ਪੰਜਾਬੀ ਦੀ ਬੋਲ-ਚਾਲ ਵਿਚ, ਕਿਸੇ ਸ਼ਬਦ ਦੇ ਸ਼ੁਰੂ ਵਿੱਚ ਇਹ ਨਹੀ ਵਰਤੇ ਜਾਂਦੇ, ਬਲਕਿ ਙ ਤੇ ਞ ਅਜ ਕਲ੍ਹ ਬਹੁਤ ਹੀ ਘੱਟ ਵਰਤੇ ਜਾਂਦੇ ਹਨ। ਙ ਨੂੰ ਗ ਤੇ ਟਿੱਪੀ ਅਤੇ ਞ ਦੇ ਥਾਂ ਕਦੀ ਝ ਤੇ ਕਦੀ ਨ ਲਿਖ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ ਜੋ ਕਿ ਗ਼ਲਤ ਗੱਲ ਹੈ।

੧੦. ਅੱਖਰ ਨ ਤੇ ਣ ਅਕਸਰ ਹੀ ਇੱਕ ਦੂਜੇ ਦੇ ਥਾਂ ਗ਼ਲਤੀ ਨਾਲ਼ ਵਰਤ ਲਏ ਜਾਂਦੇ ਹਨ; ਖਾਸ ਕਰਕੇ ਹਿੰਦੀ ਪੜ੍ਹੇ ਲਿਖੇ ਸੱਜਣ ਇਹ ਗ਼ਲਤੀ ਦੂਜਿਆਂ ਨਾਲ਼ੋਂ ਵਧ ਕਰਦੇ ਹਨ।

੧੧. ਬਹੁਤ ਸਾਰੇ ਹਿੰਦੀ/ਉਰਦੂ ਵਿਚੋਂ ਆਏ ਜਾਂ ਅੰਗ੍ਰੇਜ਼ੀ ਅੱਖਰਾਂ ਵਿੱਚ ਲਿਖਣ ਸਮੇ ਵਰਤੇ ਗਏ, ਉਰਦੂ ਦੇ ਜ਼ੇਰ ਅਤੇ ਅੰਗ੍ਰੇਜ਼ੀ ਦੇ, ਈ. ਤੇ ਆਈ. ਵਾਲ਼ੇ, ਪੰਜਾਬੀ ਵਿੱਚ ਅਪਣਾਏ ਜਾ ਚੁੱਕੇ ਸ਼ਬਦਾਂ ਨੂੰ, ਗੁਰਮੁਖੀ ਲਿੱਪੀ ਵਿੱਚ ਲਿਖਣ ਸਮੇ ਸਿਹਾਰੀ ਦੀ ਵਰਤੋਂ ਕਰਨੀ, ਗ਼ਲਤ ਤਾਂ ਭਾਵੇਂ ਨਹੀ ਆਖੀ ਜਾ ਸਕਦੀ ਪਰ ਬੇਲੋੜੀ ਜ਼ਰੂਰ ਹੈ।

੧੨. ਅਧਕ ੱ ਇੱਕ ਅਜਿਹਾ ਗਰੀਬ ਚਿੰਨ੍ਹ ਹੈ ਜਿਸ ਦੀ, ਪੰਜਾਬੀ ਦੇ ਲੇਖਕ, ਕੰਪੋਜ਼ਰ ਪ੍ਰਕਾਸ਼ਕ ਆਦਿ ਸਭ ਤੋਂ ਵਧ ਦੁਰਵਰਤੋਂ ਕਰਦੇ ਹਨ। ਜਿਥੇ ਇਸਦੀ ਲੋੜ ਹੋਵੇ ਓਥੇ ਇਸਨੂੰ ਲਾਉਣਾ ਨਹੀ ਤੇ ਜਿਥੇ ਨਾ ਲੱਗਦਾ ਹੋਵੇ ਓਥੇ ਜ਼ਰੂਰ ਲਾ ਦਿੰਦੇ ਹਨ। ਖਾਸ ਕਰਕੇ ਪੱਛਮੀ ਪੰਜਾਬ ਤੋਂ ਆਏ ਹੋਏ ਲੇਖਕ ਸੱਜਣਾਂ ਨੇ ਤਾਂ ਜਿਵੇਂ ਕਿਤੇ ਤਹੱਈਆ ਹੀ ਕੀਤਾ ਹੋਵੇ ਇਸ ਵਿਚਾਰੇ ਅਧਕ ੱ ਦੀ ਮਿੱਟੀ ਪਲੀਤ ਕਰਨ ਦਾ। ਦਿੱਲੀ ਯੂਨੀਵਰਸਿਟੀ ਦੇ ਇੱਕ ਸਾਬਕ ਪ੍ਰੋਫ਼ੈਸਰ ਸਾਹਿਬ ਜੀ ਤੋਂ ਪਤਾ ਲਗਾ ਕਿ ਪੋਠੋਹਾਰ ਦੇ ਇਲਾਕੇ ਵਿਚੋਂ ਆਉਣ ਵਾਲ਼ੇ ਲੇਖਕਾਂ ਦਾ ਨਾਂ ਹੀ ਉਹਨਾਂ ਵਿੱਦਿਅਕ ਦਾਇਰੇ ਵਿਚ, ਮਖੌਲ ਵਜੋਂ ਅਧਕਾਂ ਪਾਇਆ ਹੋਇਆ ਸੀ; ਕਿਉਂਕਿ ਉਹ ਅਕਸਰ ਹੀ ਇਸਦੀ ਬੇਲੋੜੀ ਤੇ ਵਾਧੂ ਵਰਤੋਂ ਕਰਦੇ ਸਨ। ਉਹਨਾਂ ਦੀਆਂ ਲਿਖਤਾਂ ਪੜ੍ਹਕੇ ਵੇਖੋ; ਜਿਥੇ ਲੋੜ ਹੋਵੇਗੀ ਓਥੇ ਇਸਨੂੰ ਨਹੀ ਲਾਉਣਗੇ ਤੇ ਜਿਥੇ ਨਹੀ ਲੋੜ ਹੋਵੇਗੀ ਓਥੇ ਜ਼ਰੂਰ ਹੀ ਇਸ ਵਿਚਾਰੇ ਨੂੰ ਟਾਂਕਣਗੇ। ਅਸੀਂ ਅਜੇ ਤੱਕ ਇਹ ਨਹੀ ਜਾਣ ਸਕੇ ਕਿ ਅਧਕ ਕੇਵਲ ਜਿਸ ਅੱਖਰ ਦਾ ਦੋਹਰਾ ਉਚਾਰਣ ਹੋਵੇ, ਉਸ ਤੋਂ ਪਹਿਲੇ ਅੱਖਰ ਉਪਰ ਹੀ ਲਾਇਆ ਜਾਂਦਾ ਹੈ; ਹੋਰ ਕਿਤੇ ਨਹੀ। ਜਿਥੇ ਸ਼ੱਕ ਹੋਵੇ ਅਰਥਾਤ ਪੂਰਾ ਯਕੀਨ ਨਾ ਹੋਵੇ ਓਥੇ ਲਾਉਣ ਦੀ ਕੋਈ ਲੋੜ ਨਹੀ; ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਮਿਸਾਲ ਵਜੋਂ: ਵਰਤਮਾਨ ਸਮੇ ਅੰਦਰ ਪੱਤਰਾਂ ਦੇ ਸੰਪਾਦਕ ਸ਼ਬਦ ‘ਕੁਝ’ ਦੇ ਉਪਰ ਬੇਲੋੜਾ ਅਧਕ ਲਾ ਕੇ ਇਸਨੂੰ ‘ਕੁੱਝ’ ਬਣਾਉਣ ਵਿੱਚ ਅਣਗਹਿਲੀ ਨਹੀ ਕਰਦੇ। ਅਸੀਂ ਪੇਂਡੂ ਮਝੈਲ ਇਸ ‘ਕੁਝ’ ਨੂੰ ‘ਕੁਸ਼’ ਬੋਲਦੇ ਹਾਂ ਤੇ ਉਰਦੂ ਹਿੰਦੀ ਵਾਲ਼ੇ ਵੀ ਏਸੇ ਤਰ੍ਹਾਂ ਹੀ ਬੋਲਦੇ ਹਨ। ਹਿੰਦੀ ਵਿੱਚ ਲਿਖਿਆ ਇਸਨੂੰ ‘ਕੁਛ’ ਜਾਂਦਾ ਹੈ। ਕਈ ਸੱਜਣ ਇਸਨੂੰ ‘ਕੁਸ’ ਵੀ ਉਚਾਰਦੇ ਹਨ। ਪੱਛਮੀ ਪੰਜਾਬ ਦੇ ਸਿੱਖ ਲਿਖਾਰੀਆਂ ਨੇ ਇਸਨੂੰ ‘ਕੁਝ’ ਲਿਖਣਾ ਸ਼ੁਰੂ ਕਰ ਦਿਤਾ ਤੇ ਛਾਪੇ ਵਿੱਚ ਏਹੋ ਹੀ ਪ੍ਰਚੱਲਤ ਹੋ ਗਿਆ ਜਿਸਨੂੰ ਹੁਣ ਬਦਲ ਕੇ ਭੰਬਲ਼ਭੂਸੇ ਵਿੱਚ ਹੋਰ ਵਾਧਾ ਕਰਨ ਦੀ ਕੋਈ ਤੁਕ ਨਹੀ ਬਣਦੀ; ਪਰ ਇਹ ਮੈਨੂੰ ਸਮਝ ਨਹੀ ਆਉਂਦੀ ਕਿ ਤਕਰੀਬਨ ਹਰੇਕ ਸੰਪਾਦਕ ਹੀ ਇਸ ਉਪਰ ਬੇਲੋੜਾ ਅਧਕ ਲਾਉਣੋ ਕਿਉਂ ਨਹੀ ਉਕਦਾ! ਵੈਸੇ ਗੁਰਬਾਣੀ ਵਿੱਚ ਇਸ ਅਰਥ ਵਿਚ, ਇਹ ਸ਼ਬਦ ਇਹਨਾਂ ਰੂਪਾਂ ਵਿੱਚ ਆਇਆ ਹੈ: ਕਛ, ਕਛੁ, ਕਛੂ, ਕਛੂਅ, ਕਛੂਅਕ, ਕਿਛ, ਕਿਛੁ, ਕਿਛੂ, ਕਿਛੂਅ, ਕਿਛਹੂ, ਕਿਝੁ, ਕਿਝ; ਜਿਨ੍ਹਾਂ ਨੂੰ ਅਜੋਕੇ ਸਮੇ ਦੇ ਛਾਪੇਖਾਨੇ ਵਿੱਚ ਲਿਆ ਕੇ, ਪਹਿਲਾਂ ਹੀ ਵਲ਼ਗਣੋ ਬਾਹਰੀਆਂ ਹੋ ਚੁੱਕੀਆਂ ਉਲ਼ਝਣਾਂ ਵਿੱਚ ਹੋਰ ਵਾਧਾ ਕਰਨ ਦੀ ਕੋਈ ਲੋੜ ਨਹੀ। ਹੁਣ ਇਸਦਾ ਪ੍ਰਚੱਲਤ ਰੂਪ ‘ਕੁਝ’ ਹੀ ਠੀਕ ਹੈ।

ਪੰਜਾਬੀ ਵਿੱਚ ਇਹਨਾਂ ਕੁੱਝ ਗਿਣਵੇ ਚੁਣਵੇਂ ਥਾਂਵਾਂ ਤੋਂ ਬਿਨਾ, ਹੋਰ ਥਾਂਵਾਂ ਤੇ ਅਧਕ ਨਾ ਵੀ ਲੱਗੇ ਤਾਂ ਅਰਥਾਂ ਵਿੱਚ ਫਿਰ ਵੀ ਕੋਈ ਫਰਕ ਨਹੀ ਪੈਂਦਾ:

ਪਦ (ਪਦਵੀ) ਪੱਦ (ਅਸ਼ੁਧ ਹਵਾ)

ਪੱਤਣ (ਪੋਰਟ) ਪਤਨ (ਗਿਰਾਵਟ)

ਕਦ (ਕਦੋਂ) ਕੱਦ (ਸਾਈਜ਼)

ਗੁਦਾ (ਪਿੱਠ) ਗੁੱਦਾ (ਪਲਪ)

ਪਤ (ਇਜ਼ਤ) ਪੱਤ (ਪੱਤੇ)

ਜਤ (ਸੰਜਮ) ਜੱਤ (ਵਾਲ਼)

ਭਲਾ (ਚੰਗਾ) ਭੱਲਾ (ਖਾਣ ਵਾਲ਼ਾ)

ਧੁਪ (ਧੋਣਾ) ਧੁੱਪ (ਸੂਰਜ ਦੀ)

ਪਤਾ (ਸਿਰਨਾਵਾਂ) ਪੱਤਾ (ਦਰੱਖ਼ਤ ਦਾ ਪੱਤਾ)

ਸਦਾ (ਹਮੇਸ਼ਾਂ) ਸੱਦਾ (ਬੁਲਾਵਾ)

੧੩. ਬਹੁਤ ਵਾਰੀਂ ਅਸੀਂ ਬ - ਵ, ਛ - ਸ਼, ੳ - ਵ, ਮ - ਵ, ਰ - ੜ, ਯ - ਜ ਨੂੰ ਗ਼ਲਤੀ ਨਾਲ਼ ਜਾਂ ਸਹਿਜ ਸੁਭਾ ਵੀ ਇੱਕ ਦੂਜੇ ਦੇ ਥਾਂ ਵਰਤ ਜਾਂਦੇ ਹਾਂ।

੧੪. ਕੁਝ ਸਮੇ ਤੋਂ ਇੱਕ ਹੋਰ ਬੇਲੋੜਾ ਰੁਝਾਨ ਚੱਲਿਆ ਹੈ ਕਿ ਚਾ, ਪੜਾ, ਸੁਝਾ, ਭੈ, ਨਾਂ, ਲਟਕਾ ਆਦਿ ਪੰਜਾਬੀ ਦੇ ਸ਼ਬਦਾਂ ਦੇ ਪਿਛੇ ‘ਅ’ ਲਾਉਣ ਦਾ। ਇਹ ਠੀਕ ਹੈ ਕਿ ਅਜਿਹੇ ਸ਼ਬਦਾਂ ਦੇ ਪਿਛਲੇ ‘ਾ’ ਦੀ ਆਵਾਜ਼ ਵਿਚ, ਆਮ ਨਾਲ਼ੋਂ ਕੁੱਝ ਵਧ ਲਮਕਾ ਜਿਹਾ ਆ ਜਾਂਦਾ ਹੈ ਪਰ ਸਦੀਆਂ ਤੋਂ ਇਹ ਸ਼ਬਦ ਏਸੇ ਤਰ੍ਹਾਂ ਲਿਖੇ, ਪੜ੍ਹੇ, ਸਮਝੇ ਤੇ ਪ੍ਰਵਾਨੇ ਜਾ ਚੁੱਕੇ ਹੋਣ ਕਰਕੇ ਹੁਣ ਇਹਨਾਂ ਪਿਛੇ ਵਾਧੂ ‘ਅ’ ਟਾਂਕ ਕੇ ਜੋੜਾਂ ਵਿੱਚ ਬੇਲੋੜੇ ਭੁਲੇਖੇ ਪੈਦਾ ਕਰਨ ਤੋਂ ਬਿਨਾ ਕੋਈ ਹੋਰ ਲਾਭ ਨਹੀ ਹੈ। ‘ਅਜੀਤ’ ਅਖ਼ਬਾਰ ਖਾਸ ਕਰਕੇ ਇਸ ਬੇਲੋੜੇ ਐੜੇ ਨੂੰ ਓਸੇ ਤਰ੍ਹਾਂ ਹੀ ਵਰਤਣਾ ਨਹੀ ਭੁੱਲਦਾ ਜਿਵੇਂ ਕਿ ‘ਪਰਵਾਰ’ ਵਿਚਲੇ ਪਹਿਲੇ ‘ਰ’ ਨੂੰ ਸਿਹਾਰੀ ਲਾਉਣੋ ਨਹੀ ਉਕਦਾ।

੧੫. ਵਿਸ਼ਰਾਮ ਚਿੰਨ੍ਹ(Punctuation)ਲਾਉਣ ਦਾ ਪੰਜਾਬੀ ਵਿੱਚ ਪਹਿਲਾਂ ਰਿਵਾਜ ਨਹੀ ਸੀ। ਜੁੜਵੇਂ ਅੱਖਰਾਂ ਵਿੱਚ ਹੀ ਸਾਰਾ ਸਾਹਿਤ ਲਿਖਿਆ ਜਾਂਦਾ ਸੀ। ਸਿਰਫ ਵਾਕ ਦੇ ਅੰਤ ਤੇ ਦੋ ਡੰਡੀਆਂ ‘॥’ ਲਾ ਕੇ ਵਾਕ ਪੂਰਾ ਕੀਤਾ ਜਾਂਦਾ ਸੀ। ਇਹ ਵਿਸ਼ਰਾਮ ਚਿੰਨ੍ਹ (ਪੰਕਚੂਏਸ਼ਨ) ਪੰਜਾਬੀ ਵਿਚ, ਅੰਗ੍ਰੇਜ਼ੀ ਵਿਚੋਂ ਵਿਦਵਾਨਾਂ ਨੇ ਲਿਆਂਦਾ ਹੈ ਤੇ ਇਸਨੂੰ ਓਸੇ ਤਰ੍ਹਾਂ ਜਿਉਂ ਦਾ ਤਿਉਂ ਹੀ ਵਰਤਣਾ ਚਾਹੀਦਾ ਹੈ, ਜਿਵੇਂ ਅੰਗ੍ਰੇਜ਼ੀ ਵਾਲ਼ੇ ਵਰਤਦੇ ਹਨ; ਸਿਵਾਏ ਇੱਕ ਫੁੱਲ ਸਟਾਪ ਤੋਂ, ਜੋ ਕਿ ਅੰਗ੍ਰੇਜ਼ੀ ਵਿੱਚ ‘.’ਹੈ ਪਰ ਅੱਜ ਕਲ੍ਹ ਪੰਜਾਬੀ ਦੇ ਸਾਰੇ ਨਵੀਨ ਸਾਹਿਤ ਵਿੱਚ’।’ ਹੀ ਵਰਤਿਆ ਜਾਂਦਾ ਹੈ। ਇਹ ਢੁਕਵਾਂ ਵੀ ਹੈ।

ਕੁਝ ਆਮ ਹੀ ਗ਼ਲਤ ਲਿਖੇ ਜਾਣ ਵਾਲ਼ੇ ਸਾਧਾਰਣ ਸ਼ਬਦ

ਸਹੀ

ਗ਼ਲਤ

ਸਹੀ

ਗ਼ਲਤ

ਸ਼ਹੀ

ਗ਼ਲਤ

ਓਥੇ

ਉੱਥੇ

ਕਾਬਲ

ਕਾਬਿਲ

ਢੁਚਰਾਂ

ਢੁੱਚਰਾਂ

ਉਹਨਾਂ

ਉਨ੍ਹਾਂ

ਕਾਤਲ

ਕਾਤਿਲ

ਥੁੜਵਾ

ਤੁੱੜਵਾ

ਓਦੋਂ

ਉਦੋਂ

ਕਾਮਲ

ਕਾਮਿਲ

ਧਲ

ਦੱਲ

ਓਦਾਂ

ਉਦਾਂ

ਕਾਫ਼ਰ

ਕਾਫ਼ਿਰ

ਦਾ

ਦਾਅ

ਉਂਜ

ਉੰਝ

ਕੁਝ

ਕੁੱਝ

ਦੁਬਿਧਾ

ਦੁਬਿਦਾ

ਉਘਾ

ਉੱਘਾ

ਕੰਧਾ

ਕੰਦਾ

ਦਸਤਾਰ

ਦੱਸਤਾਰ

ਉਤੇ

ਉੱਤੇ

ਕਮਾ

ਕਮਾਅ

ਤਦ

ਤੱਦ

ਓਪਰਾ

ਉਪਰਾ

ਕੰਙਣ

ਕੰਗਣ

ਤੁਧ

ਤੁੱਧ

ਉਂਗਲ਼

ਉੰਗਲ

ਕੌਮ

ਕੌਂਮ

ਧੰਨਵਾਦ

ਧੰਨਬਾਦ

ਉਪਲਬਧ

ਉਪਲਭਦ

ਕੁਦਰਤ

ਕੁੱਦਰਤ

ਨਾਂ

ਨਾਂਅ

ਅਤਰ

ਅੱਤਰ

ਕੰਬਣਾ

ਕੰਬਣਾਂ

ਪ੍ਰਸ਼ਾਦ

ਪ੍ਰਸ਼ਾਦਿ

ਆਸਟ੍ਰੇਲੀਆ

ਅਸਟਰੇਲੀਆ

ਕਾਇਨਾਤ

ਕਾਯਨਾਤ

ਪੰਝੀ

ਪੱਚੀ

ਆਖ਼ਰ

ਆਖ਼ਿਰ

ਖੱਪੜਾ

ਕੱਪੜ੍ਹਾ

ਪੜ੍ਹਨਾ

ਪੜ੍ਹਣਾ

ਅੰਗ੍ਰੇਜ਼ੀ

ਅੰਗਰੇਜ਼ੀ

ਕਿਸ ਤਰ੍ਹਾਂ

ਕਿੱਸਤਰ੍ਹਾਂ

ਪਾਣੀ

ਪਾਨੀ

ਅਪਮਾਨਤ

ਅਪਮਾਣਿਤ

ਖਾਣਾ

ਖਾਨਾ

ਪਧਰ

ਪੱਧਰ

ਅਧਰਕ

ਅਦਕਰ

ਖੰਭ

ਖੰਬ

ਪਿਆ

ਪਇਆ

ਆਂਡਾ

ਅੰਡਾ

ਖੁੰਬ

ਖੁੰਭ

ਫਰਵਾਰ

ਪਰਿਵਾਰ

ਅੰਮ੍ਰਿਤਸਰ

ਅੰਮ੍ਰਿਤ ਸਰ

ਖੁਭ

ਖੁਬ

ਫੰਧ

ਪੰਦ

ਐਨਕ

ਏਨਕ

ਖ਼ਤਰਨਾਕ

ਖੱਤਰਨਾਕ

ਫਚਾ

ਪਚਾਅ

ਇਕ ਦਮ

ਇਕਦੱਮ

ਗਿਧਾ

ਗਿੱਦਾ

ਪਰਵਾਰਕ

ਪਰਿਵਾਰਿਕ

ਈਚੋਗਿੱਲ

ਇਛੋਗਿੱਲ

ਗਿਆ

ਗਇਆ

ਪ੍ਰੋਗਰਾਮ

ਪਰੋਗਰਾਮ

ਏਦਾਂ

ਇੱਦਾਂ

ਗੁਪਤ

ਗੁੱਪਤ

ਪੱਡਾ

ਪੱਢਾ

ਇਹਨਾਂ

ਇਨ੍ਹਾਂ

ਮੰਡਾ

ਮੰਢਾ

ਪਿੜ

ਪਿੜ੍ਹ

ਇੰਜ

ਇੰਝ

ਗੰਢਾ

ਗੰਡਾ

ਪਟਕਾ

ਪੱਟਕਾ

ਏਧਰ

ਇਧਰ

ਗਿਝ

ਗਿੱਜ

ਫੜਨਾ

ਫੜ੍ਹਣਾ

ਏਥੇ

ਇੱਥੇ

ਗਭੇ

ਗੱਬੇ

ਫੜ

ਫੱੜ

ਸੰਬੋਧਨ

ਸੰਭੋਦਿਨ

ਗੁਰਦੁਆਰਾ

ਗੁਰਦਵਾਰਾ

ਬੁਜ਼ਦਿਲੀ

ਬੁੱਜਦਿਲੀ

ਸਭ

ਸੱਭ

ਚਰਨ

ਚਰਣ

ਬਾਵਾਸਤਾ

ਵਾਬਾਸਤਾ

ਸ਼੍ਰੋਮਣੀ

ਸ਼ਿਰੋਮਣੀ

ਚਾ

ਚਾਅ

ਬੱਸ

ਬਸ

ਸਾਬਤ

ਸਾਬਿਤ

ਚੜ੍ਹਾ

ਚੜ੍ਹਾਅ

ਬਿਲਕੁਲ

ਬਿੱਲਕੁੱਲ

ਸੁਭਾ

ਸੁਭਾਅ

ਚੜ੍ਹ

ਚੱੜ

ਬਾਣੀ

ਬਾਨੀ

ਸਭਿਅਕ

ਸੱਭਿਅਕ

ਚੌਲ਼

ਚੋਲ

ਬਗੈਰ

ਵਗੈਰ

ਸਨਮਾਨਤ

ਸਨਮਾਣਿਤ

ਚੁੰਝ

ਚੁੰਜ

ਮਾਹਰ

ਮਾਹਿਰ

ਸਾਬਤ

ਸਾਬਿਤ

ਚੜ੍ਹਨਾ

ਚੜ੍ਹਣਾ

ਮੁਸ਼ਕਲ

ਮੁਸ਼ਕਿਲ

ਸਦਾ

ਸਦਾਅ

ਛਨਿਛਰਵਾਰ

ਸ਼ਨਿਚਰਵਾਰ

ਮੈਬਰ

ਮੈਂਬਰ

ਸਮਾਜਕ

ਸਮਾਜਿਕ

ਛੱਤ

ਸ਼ੱਤ

ਮੰਦਰ

ਮੰਦਿਰ

ਸ਼ੱਕ

ਛੱਕ

ਛਕਣਾ

ਸ਼ਕਣਾ

ਮੁੰਜ

ਮੁੰਝ

ਸ਼ੋਕ

ਛੋਕ

ਛਾਂ

ਛਾਂਅ

ਮੈ

ਮੈਂ

ਸੰਧਰਬ

ਸੰਧਰਭ

ਜੰਞ

ਜੰਝ

ਮੁੜਨਾ

ਮੁੜਣਾ

ਸੰਪਾਦਕ

ਸੰਪਾਦਿਕ

ਜਜ਼ਬਾਤ

ਜਜ਼ਬਾਤਾਂ

ਮੰਦਰ

ਮੰਦਿਰ

ਸੰਭਾਲ਼

ਸੰਬਾਲ

ਜਥਾ

ਜੱਥਾ

ਮਤਲਬ

ਮੱਤਲਬ

ਸੁਥਰਾ

ਸੁੱਥਰਾ

ਜਥੇਦਾਰ

ਜੱਥੇਦਾਰ

ਮੱਸ ਫੁੱਟ

ਮੁੱਛ ਫੁੱਟ

ਹਾਸਲ

ਹਾਸਿਲ

ਝੱਗਾ

ਝੱਘਾ

ਮੈਲਬਰਨ

ਮੈਲਬੌਰਨ

ਹੁਦਾਰ

ਉੱਧਾਰ

ਝਨਾਂ

ਚਨਾ

ਮੁਬਾਰਕ

ਮੁਬਾਰਿਕ

ਹਨ

ਹੁਣ

ਝੰਬ

ਝੰਭ

ਮੜ੍ਹਦਾ

ਮੱੜ੍ਹਦਾ

ਹਾਜਰ

ਹਾਜਿਰ

ਠੱਬ

ਟੱਭ

ਰਿਹਾ

ਰਹਿਆ

ਹਸ਼ਰ

ਹੱਸ਼ਰ

ਟੁਕੜਾ

ਟੁੱਕੜਾ

ਰਸ

ਰੱਸ

ਹੁਦਾਰ

ਉੱਧਾਰ

ਟਪਕ

ਟੱਪਕ

ਲਿਖਤ

ਲਿੱਖਤ

ਹੁਣ

ਹੁਨ

ਡੰਝ

ਡੰਜ

ਲੜਕੀ

ਲੱੜਕੀ

ਵੈਸਾਖੀ

ਬੈਸਾਖੀ

ਵੱਛਾ

ਬੱਛਾ

ਵਾਪਸ

ਵਾਪਿਸ

ਵੇਲ਼ਾ

ਬੇਲ਼ਾ

ਵੱਖੀ

ਬੱਖੀ

ਵਗੈਰਾ

ਬਗੈਰਾ

ਵਰਿਆਮਾ

ਬਰਿਆਮਾ

ਵੇਖੋ

ਬੇਖੋ

ਵਾੜਾ

ਬਾੜਾ

ਬਚਨ

ਵਚਨ

ਵੱਲ

ਬੱਲ

ਪਿੰਗਲਵਾੜਾ

ਪਿੰਗਲਬਾੜਾ

ਇਹ ਸਿਰਫ ਪੰਜਾਬੀ ਸ਼ਬਦ ਜੋੜਾਂ ਵਿੱਚ ਸਰਲਤਾ ਲਿਆਉਣ ਤੇ ਅੰਗ੍ਰੇਜ਼ੀ ਵਾਂਗ ਇਕਸਾਰਤਾ ਵੱਲ ਵਧਣ ਦਾ ਨਿਮਾਣਾ ਜਿਹਾ ਯਤਨ ਹੀ ਹੈ। ਪੂਰੀ ਸ਼ੁਧਤਾਈ ਦਾ ਦਾਹਵਾ ਜਾਂ ਕਿਸੇ ਕਿਸਮ ਦੀ ਵਿਦਵਤਾ ਦਾ ਵਿਖਾਲ਼ਾ ਪਾਉਣਾ, ਇਸ ਯਤਨ ਦਾ, ਕਦਾਚਿਤ ਮਨੋਰਥ ਨਹੀ ਤੇ ਪੂਰਨ ਸ਼ੁਧਤਾਈ ਲਿਆਉਣੀ ਵੀ ਅਸੰਭਵਤਾ ਦੇ ਨੇੜੇ ਦੀ ਗੱਲ ਹੀ ਜਾਪਦੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਗਏ ਵਿਸ਼ਾਲ ਗ੍ਰੰਥ, ‘ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼’ ਇਸ ਪਾਸੇ ਬਹੁਤ ਹੀ ਵੱਡਾ ਯਤਨ ਹੈ। ਇਸ ਤੋਂ ਸਹਾਇਤਾ ਲੈ ਕੇ ਸਾਨੂੰ ਇਕਸਾਰਤਾ ਵੱਲ ਵਧਣ ਦਾ ਯਤਨ ਕਰਨਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਏਧਰ-ਓਧਰ ਕਾਫੀ ਊਣਤਾਈਆਂ ਇਸ ਵਿੱਚ ਵੀ ਹਨ ਪਰ ਇਸ ਵਰਗਾ ਹੋਰ ਕੋਈ ਉਦਮ ਅਜੇ ਤੱਕ ਨਹੀ ਹੋ ਸਕਿਆ। ਹੋਰ ਗਹੁ ਨਾਲ਼ ਇਸਦੇ ਵਰਕੇ ਫਰੋਲਣ ਪਿਛੋਂ ਪਤਾ ਲੱਗਿਆ ਹੈ ਕਿ ਇਸ ਵਿੱਚ ਵੀ ਵਾਹਵਾ ਸਾਰੀਆਂ ਊਣਤਾਈਆਂ ਹਨ।

ਏਸੇ ਵਿਸ਼ੇ ਬਾਰੇ ਪਾਠਕਾਂ ਨੂੰ ਵਿੱਚ ਇੱਕ ਸੱਚੀ ਵਾਰਤਾ ਸ਼ਾਇਦ ਦਿਲਚਸਪ ਰਹੇ: ਗੱਲ ਇਹ ੧੯੬੫ ਜਾਂ ੬੬ ਦੀ ਹੈ ਕਿ ਪਬਲਿਕ ਲਾਇਬ੍ਰੇਰੀ ਪਟਿਆਲਾ ਵਿਚ, ਇੱਕ ਸਮਾਗਮ ਏਸੇ ਸਬੰਧ ਵਿੱਚ ਕੀਤਾ ਜਾ ਰਿਹਾ ਸੀ। ਪ੍ਰਸਿਧ ਭਾਸ਼ਾ ਵਿਗਿਆਨੀ, ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਜੀ, ਨੇ ਪੰਜਾਬੀ ਦੇ ਸ਼ਬਦ-ਜੋੜਾਂ ਦੀ ਸਮੱਸਿਆ ਬਾਰੇ ਇੱਕ ਕਿਤਾਬਚਾ ਛਾਪ ਕੇ ਪੇਸ਼ ਕੀਤਾ ਸੀ ਤੇ ਇਸ ਉਪਰ ਹੀ ਵਿਚਾਰ ਹੋ ਰਹੀ ਸੀ। ਨਾ ਸੀ ‘ਪੰਜਾਬੀ ਸ਼ਬਦ-ਜੋੜਾਂ ਦਾ ਪ੍ਰਮਾਣੀਕਰਣ’। ਮੈ ਵੀ, ਵੇਹਲ ਤੇ ਆਦਤ ਅਨੁਸਾਰ, ਡਰਦਾ ਡਰਦਾ ਪਿਛਵਾੜੇ ਜਿਹੇ ਪਈ ਕੁਰਸੀ ਉਪਰ ਜਾ ਬੈਠਾ, ਵਿਦਵਾਨਾਂ ਦੀ ਚੁੰਝ-ਚਰਚਾ ਸੁਣਨ। ਇੱਕ ਨੌਜਵਾਨ ਨੇ ਉਠ ਕੇ ਉਸ ਕਿਤਾਬਚੇ ਵਿਚ, ਇਕੇ ਸ਼ਬਦ ਨੂੰ ਦੋ ਤਰ੍ਹਾਂ ਲਿਖੇ ਹੋਣ ਕਰਕੇ ਪੁੱਛ ਲਿਆ, “ਪ੍ਰੋਫ਼ੈਸਰ ਸਾਹਿਬ ਕਿਤਾਬਚੇ ਦੇ ਬਾਹਰਵਾਰ ਤੁਸੀਂ ‘ਪਰਮਾਣੀਕਰਣ’ ਲਿਖਦੇ ਹੋ ਤੇ ਅੰਦਰ ਜਾ ਕੇ ‘ਪ੍ਰਮਾਣੀਕਰਣ’ ਦੋਹਾਂ ਵਿਚੋਂ ਸਹੀ ਕੇਹੜਾ ਹੈ!” ਇਹ ਸੁਣ ਕੇ ਹਾਲ ਵਿੱਚ ਹਾਸਾ ਖਿੱਲਰ ਗਿਆ। ਪ੍ਰੋਫ਼ੈਸਰ ਸਾਹਿਬ ਨੇ ਇਸਦਾ ਜਵਾਬ ਦਿਤਾ ਪਰ ਹੁਣ ਯਾਦ ਨਹੀ ਰਿਹਾ ਕਿ ਉਹਨਾਂ ਨੇ ਕਿਸ ਰੂਪ ਨੂੰ ਸਹੀ ਠਹਿਰਾਇਆ।

ਓਸੇ ਸਮਾਗਮ ਵਿੱਚ ਹੀ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਤੇ ਤਤਕਾਲੀ ਵਾਈਸ ਚਾਂਸਲਰ, ਸਿੱਖੀ ਤੇ ਸਾਹਿਤ ਦੇ ਧੁਰੰਤਰ ਵਿਦਵਾਨ, ਜਿਨ੍ਹਾਂ ਨੂੰ ਗੁਰਬਾਣੀ ਦੇ ਮਸਲੇ ਤੇ ਪ੍ਰਿੰ. ਸਾਹਿਬ ਸਿੰਘ ਜੀ ਵੀ ਆਪਣੇ ਉਸਤਾਦ ਸਮਾਨ ਸਤਿਕਾਰਦੇ ਸਨ, ਭਾਈ ਜੋਧ ਸਿੰਘ ਜੀ ਵੀ ਬੋਲੇ। ਉਹਨਾਂ ਨੇ ਸ਼ਬਦ-ਜੋੜਾਂ ਨੂੰ ਗੁਰਬਾਣੀ ਅਨੁਸਾਰ ਕਰਨ ਦਾ ਸੁਝਾ ਦਿਤਾ ਜੋ ਕਿ ਮੈਨੂੰ ਉਸ ਸਮੇ ਬਿਲਕੁਲ ਨਹੀ ਜਚਿਆ। ਇਸ ਕਰਕੇ ਕਿ ਗੁਰਬਾਣੀ ਵਿਆਕਣ ਅਨੁਸਾਰ ਇੱਕ ਸ਼ਬਦ (ਲਫ਼ਜ਼) ਨੂੰ ਓਥੇ, ਅਰਥਾਂ ਅਨੁਸਾਰ, ਇੱਕ ਤੋਂ ਵਧ ਰੂਪਾਂ ਵਿੱਚ ਲਿਖਿਆ ਜਾਂਦਾ ਹੈ ਜੋ ਕਿ ਅਜੋਕੇ ਸਮੇ ਵਿੱਚ ਸੰਭਵ ਨਹੀ ਹੈ ਕਿ ਅਸੀ ਇਤਿਹਾਸ ਨੂੰ ਚਾਰ ਸਦੀਆਂ ਪਿੱਛੇ ਵੱਲ ਮੋੜਾ ਦੇ ਸਕੀਏ ਪਰ ਅੱਜ ਮੈ ਜਦੋਂ ਗਹੁ ਨਾਲ਼ ਵੇਖਦਾ ਹਾਂ ਤਾਂ ਉਹਨਾਂ ਦੀ ਗੱਲ ਮੈਨੂੰ ਓਨੀ ਅਜਚਵੀਂ ਨਹੀ ਲੱਗਦੀ ਜਿੰਨੀ ਓਦੋਂ ਲੱਗੀ ਸੀ। ਕਿਸੇ ਹੱਦ ਤੱਕ ਇਸ ਮਸਲੇ ਤੇ ਅਸੀਂ ਗੁਰਬਾਣੀ ਤੋਂ ਸੇਧ ਲੈ ਵੀ ਸਕਦੇ ਹਾਂ। ਡਿਊਟੀ ਦਾ ਸਮਾ ਹੋ ਜਾਣ ਕਰਕੇ ਮੈ ਤਾਂ ਉਸ ਵਿਦਵਾਨਾਂ ਦੇ ਸਮਾਗਮ ਵਿਚੋਂ ਉਠ ਆਇਆ। ਪਿੱਛੋਂ ਕੀ ਹੋਇਆ, ਕੋਈ ਪਤਾ ਨਹੀ।

ਮੈ ਤਾਂ ਇਸ ਹੱਕ ਵਿੱਚ ਵੀ ਹਾਂ ਕਿ ਜੇਹੜੀ ਨਵੀ ਵਸਤੂ ਦਾ, ਜਿਸ ਨੇ ਈਜਾਦ ਕਰਨ ਵੇਲ਼ੇ ਜੋ ਨਾਂ ਰੱਖਿਆ ਉਸਨੂੰ ਤਰਜਮਾਉਣ ਵਿੱਚ ਉਚੇਚੀ ਸਿਰ ਖਪਾਈ ਕਰਨ ਨਾਲ਼ੋਂ ਉਸਨੂੰ ਜਿਉਂ ਦਾ ਤਿਉਂ ਪੰਜਾਬੀ ਅੱਖਰਾਂ ਵਿੱਚ ਲਿਖ ਕੇ ਅਪਣਾ ਲੈਣਾ ਚਾਹੀਦਾ ਹੈ। ਟੈਲੀਫ਼ੋਨ ਦਾ ਦੂਰਭਾਸ਼, ਟੈਲੀਵੀਯਨ ਦਾ ਦੂਰ ਦਰਸ਼ਨ, ਰੇਡੀਉ ਦਾ ਆਕਾਸ਼ਵਾਣੀ, ਟ੍ਰੈਕਟਰ ਦਾ ਭੂਮੀਖ਼ੋਦ ਯੰਤਰ ਬਣਾ ਕੇ ਅਸੀਂ ਕੀ ਕੱਦੂ ਵਿੱਚ ਤੀਰ ਮਾਰ ਰਹੇ ਹਾਂ; ਇਹ ਮੇਰੀ ਸਮਝ ਤੋਂ ਬਾਹਰੀ ਬਾਤ ਹੈ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.