10.4 C
Los Angeles
Sunday, March 9, 2025

ਪੰਜਾਬੀ ਹਾਇਕੂ – ਰਵਿੰਦਰ ਰਵੀ

ਅੰਬ

ਅੰਬ ਪੱਕੇ
ਨਿਵੀਆਂ ਟਾਹਣੀਆਂ
ਚੌਕੀਦਾਰ ਚੇਤੰਨ

ਆਗ

ਅੱਸੂ ਦੀ ਰੁੱਤ
ਆਗਾਂ ਦੀ ਖਸਰ ਖਸਰ
ਠਾਰ ਗਿਆ ਬੁੱਲ੍ਹਾ

ਸਰ੍ਹੋਂ

ਕਣਕ ਦੇ ਹਰੇ ਖੇਤ
ਵਿਚ ਸਰੋਂ ਦੇ ਕਿਆਰੇ ਦੀ
ਕਾਰ ਚੋਂ ਉਤਰ ਫੋਟੋ ਖਿਚੇ

ਸਾਇਕਲ

ਮੱਸਿਆ ਦੀ ਰਾਤ
ਸਾਇਕਲ ਚਲਾਵੇ
ਡਾਇਨੇਮੋ ਦਾ ਚਾਨਣ

ਸੂਰਜ

ਹੁਸੜ ਗਰਮ ਸ਼ਾਮ
ਵਕਤ ਤੋਂ ਪਹਿਲਾਂ ਛੁਪਿਆ
ਸੂਰਜ ਬੱਦਲਾਂ ਵਿੱਚ

ਸੂਰਜ

ਟੋਭੇ ਦਾ ਸ਼ਾਂਤ ਪਾਣੀ
ਡਿੱਗਿਆ ਸੁੱਕਾ ਪੱਤਾ
ਹਿੱਲਿਆ ਸੂਰਜ

ਸ਼ਾਂ-ਸ਼ਾਂ

ਬਚਪਨ
ਕੰਨ ਉੱਤੇ ਗਲਾਸ ਰਖ
ਸੁਣੇ ਸ਼ਾਂ-ਸ਼ਾਂ

ਹਨੇਰੀ

ਅੰਬਰ ਮਟਮੈਲਾ
ਸੀਟੀਆਂ ਮਾਰਦੀ ਹਨੇਰੀ
ਲਿਫੇ ਰੁਖ

ਹਿੱਗਾ

ਧੀਆਂ ਧਿਆਣੀਆਂ
ਰੋੜਿਆਂ ਸੰਗ ਖੇਡਣ
ਹਿੱਗਾ

ਕਸੀਦਾ

ਕਸੀਦਾ ਕਢਦੀ
ਸੂਈ ਉਂਗਲੀ ਦੇ ਫੁਲ ਚ
ਚਾਦਰ ਸੂਹੀ

ਕਪਾਹ

ਸਿਖਰ ਦੁਪਹਿਰ
ਕਪਾਹ ਚੁਗਦੀਆਂ
ਤਾਂਬੇ ਰੰਗੀਆਂ

ਕਪਾਹ

ਕਪਾਹ ਦਾ ਖੇਤ
ਟੀਂਡੇ ਦੇ ਬੁਲ੍ਹ ਚੋਂ ਲਮਕੇ
ਚਿੱਟਾ ਫੁੱਲ

ਕਰੂੰਬਲ

ਨਵੀਂ ਕਰੂੰਬਲ
ਝਾੜੀਆਂ ਓਹਲੇ
ਕੁੱਤਾ ਸੁੰਘੇ

ਕਲੰਦਰ

ਕਲੰਦਰ ਦੀ ਡੁਗ ਡੁੱਗ
ਨਚਦੇ ਬੰਦਰ ਦੇ ਪੈਰਾਂ ‘ਚ
ਡਿਗਦੇ ਸਿੱਕੇ

ਕੰਡਾ

ਡੰਗਰ ਚਾਰਦੇ ਦੇ
ਚੁਭਿਆ ਕੁਸੰਭੀ ਦਾ ਕੰਡਾ
ਟੁੱਟੇ ਛਿੱਤਰ ਵਿਚੋਂ

ਕੰਤ

ਕੰਤ ਸਿਪਾਹੀ ਤੋਰ
ਚੁੰਨੀ ਨਾਲ ਪੂੰਝੇ ਅਥਰੂ
ਬਰੂਹਾਂ ਚ ਖੜੀ

ਕਿੱਕਰ

ਲੌਢਾ ਵੇਲਾ
ਕਿੱਕਰ ਤੋਂ ਉੱਡੇ ਤੋਤੇ
ਕਿਰੇ ਪੀਲੇ ਫੁੱਲ

ਕੀੜੇ

ਮੀਂਹ ਨਾਲ਼ੇ ਗੜ੍ਹੇ
ਕੀੜਿਆਂ ਦੇ ਖੰਭ
ਬੱਤੀ ਕੋਲ਼ ਝੜੇ

ਕੇਸੂ

ਕੇਸੂ ਦਾ ਦਰਖਤ…
ਦੂਰ ਟਿੱਬੀ ‘ਤੇ ਖੜ੍ਹਾ
ਲਾਲ ਛਤਰੀ ਤਾਣੀ

ਕੋਇਲ

ਪਿੰਡੋ ਬਾਹਰ ਤਲਾਅ ‘ਚ
ਸੂਰਜ ਮਾਰੇ ਲਿਸ਼ਕੋਰਾਂ
ਕਾਵਾਂ ਘੇਰੀ ਕੋਇਲ

ਖਰਬੂਜ਼ੇ

ਅਨੋਭ੍ੜ ਮੁਟਿਆਰ
ਵਾੜੇ ਚੋਂ ਤੋੜੇ ਖਰਬੂਜ਼ੇ
ਮਿਠੀ ਮਿਠੀ ਵਾਸ਼ਨਾ

ਖੰਭ

ਖਿਹ ਕੇ ਉੱਡਿਆ ਪੰਛੀ
ਘੁੰਮੇਟਣੀ ਖਾਂਦੇ ਡਿੱਗੇ
ਪੱਤਾ ਤੇ ਖੰਭ

ਖੰਭ

ਹਵੇਲੀ ਦੀ ਛੱਤ ਤੋਂ
ਕਿਰੇ ਮੋਰ ਦੇ ਖੰਭ
ਸੰਤੂ ਦਾ ਕੋਠਾ ਚਮਕਿਆ

ਖੇਡ ਮੇਲਾ

ਖੱਡਾ ਪੱਟ ਦੱਬਣ
ਟੀਕੇ ਸਰਿੰਜਾਂ ਖਾਲੀ ਪੱਤੇ
ਖੇਡ ਮੇਲੇ ਪਿਛੋਂ

ਗੜ੍ਹੇਮਾਰੀ

ਗੜ੍ਹੇਮਾਰੀ
ਕਿਸਾਨ ਵੇਖੇ ਅੰਦਰ ਬਾਹਰ
ਲਾਸ਼ਾਂ ਹੀ ਲਾਸ਼ਾਂ

ਗਿਲਝਾਂ

ਪਰਛਾਵੇਂ ਲੰਬੇ
ਪੱਤ ਹੀਣ ਟਾਹਲੀਆਂ ਤੇ
ਲਟਕੀਆਂ ਗਿਲਝਾਂ

ਗੁੰਮਸ਼ੁਦਾ

ਕੱਲ ਸ਼ਾਮ ਦਾ ਗੁੰਮਸ਼ੁਦਾ
ਕਰਜ਼ੇ ਚ ਡੁੱਬਿਆ
ਨਹਿਰ ਚ ਤਰੇ

ਗੋਲ੍ਹਾਂ

ਬੋਹੜ ਤੋਂ ਡਿੱਗੀਆਂ ਗੋਲ੍ਹਾਂ
ਚੱਕ ਖਾਣ ਨੂੰ ਦਿਲ ਕਰੇ
ਬੇਟੇ ਤੋਂ ਡਰਾਂ

ਘਟਾ

ਕਾਲੀ ਘਟਾ
ਉਡਦੇ ਬਗਲੇ
ਚਿੱਟੀ ਲਕੀਰ

ਘਰ

ਮਿੱਟੀ ਦਾ ਘਰ
ਆੜੀਆਂ ਢਾਹਿਆ
ਕੱਲਾ ਬੈਠਾ ਰੋਵੇ

ਚਾਨਣੀ

ਚੰਦ ਦੀ
ਤੂਤ ਦੇ ਪੱਤਿਆਂ ਚੋਂ ਛਣੀ
ਧਰਤੀ ਡੱਬ ਖੜੱਬੀ

ਚਿੜਾ

ਪਖੇ ਚ ਵੱਜਿਆ
ਖੰਭਾ ਨਾਲ ਭਰਿਆ ਕਮਰਾ
ਉੱਡਿਆ ਲੰਡਾ ਚਿੜਾ

ਚੁਗਲ

ਚੜ੍ਹੀ ਸਵੇਰ
ਕਾਵਾਂ ਘੇਰਿਆ
ਭਟਕਿਆ ਚੁਗਲ

ਚੂਲਾਂ

ਪਾਸਾ ਪਰਤਿਆ
ਮੰਜੀ ਦੀਆਂ ਖੋਚਲੀਆਂ ਚੂਲਾਂ
ਚੀਕੀਆਂ ਚੂੰ -ਚੂੰ

ਛਟੀ

ਕਪਾਹ ਦਾ ਖੇਤ
ਚਿੜੀ ਦੇ ਭਾਰ ਨਾਲ ਝੁਕੀ
ਫੁੱਲਾਂ ਵਾਲੀ ਛਟੀ

ਛਣਕਾਰ

ਖਾਲ ਟੱਪਿਆ
ਪਾਣੀ ਚ ਬਹਿ ਗਈ
ਝਾਂਜਰ ਦੀ ਛਣਕਾਰ

ਛਰਾਟਾ

ਗਰਦ ਭਰੇ
ਝਿੜੀ ਦੇ ਰੁਖ ਨਿਖਰੇ
ਸਾਉਣ ਦਾ ਛਰਾਟਾ

ਛੱਲਾ

ਮੇਲਾ ਵਿਛੜਿਆ
ਖੱਟੀ ਚੁੰਨੀ ਵਾਲੀ ਸਹਿਲਾਵੇ
ਚੀਚੀ ਵਾਲਾ ਛੱਲਾ

ਟਿੰਡ

ਗਰਮੀ
ਟਿੰਡ ਕਢਾਈ
ਪੈਣ ਠੋਲੇ

ਡਰਨਾ

ਨਵੀ ਵਿਆਹੀ ਲੰਘੀ
ਝਾਂਜਰ ਛਣਕਾ ਕੇ
ਜੇਠ ਬਣਿਆ ਡਰਨਾ

ਡੱਟ

ਸ਼ਾਮ ਦਾ ਘੁਸਮੁਸਾ
ਬਾਪ ਡੰਗਰ ਅੰਦਰ ਕਰੇ
ਮੁੰਡਾ ਖੋਲੇ ਡੱਟ

ਡੇਕ

ਛਤਰੀ ਵਾਲੀ ਡੇਕ ਤੇ
ਚਿੜੀਆਂ ਦੀ ਚ੍ਹਚੜੋਲ
ਹੇਠਾਂ ਚਰਖੇ ਦੀ ਘੂਕ

ਤਾਰੇ

ਨੀਂਦ ਦੀ ਲੋਰ ਚ ਪਾਵੇ
ਬਲਦਾਂ ਗਲ ਪੰਜਾਲੀ
ਟਹਿਕਣ ਤਾਰੇ

ਤੋਤੇ

ਲੋਢਾ ਵੇਲਾ
ਕਿੱਕਰ ਤੋਂ ਉੱਡੇ ਤੋਤੇ
ਕਿਰੇ ਪੀਲੇ ਫੁੱਲ

ਦੁਪਹਿਰਖਿੜੀ

ਸਿਖਰ ਦੁਪਹਿਰ
ਵਿਹੜੇ ‘ਚ ਖਿੜੀ
ਦੁਪਹਿਰਖਿੜੀ

ਧੂੜ

ਝੀਥਾਂ ਚੋਂ ਰੋਸ਼ਨੀ
ਉੱਡਦੇ ਧੂੜ ਦੇ ਕਣ
ਨਿਆਣਾ ਪਕੜੇ

ਪਹਿਰਾ

ਹਿੱਲੇ ਟਾਹਲੀ ਦੇ ਪੱਤੇ
ਪਖੀ ਝਲਦਾ ਆਖੇ ਬਾਬਾ
ਬਈ ਬਦਲ ਗਿਆ ਪਹਿਰਾ

ਪੰਛੀ

ਪਰਿੰਦੇ ਪਰਤੇ…
ਨਿਆਣੇ ਕਰਨ
ਪੁੱਗ ਦਾ ਪੁਗਾਟਾ

ਪਾਟੀ ਚਿੱਠੀ

ਟੱਲੀ ਦੀ ਟਨ ਟਨ
ਧਾਹਾਂ ਮਾਰ ਰੋਵੇ ਬੇਬੇ
ਵੇਖ ਪਾਟੀ ਚਿਠੀ

ਪਿਆਜ਼ੀ ਫੁੱਲ

ਕਪਾਹ ਦੁਆਲੇ
ਤਿਲਾਂ ਦੇ ਪਿਆਜ਼ੀ ਫੁੱਲ
ਮੰਡਰਾਉਂਦੇ ਭੰਵਰੇ

ਫਲੀਆਂ

ਬੋੜੇ ਖੂਹ ਤੇ
ਖੜਕੀਆਂ ਸ਼ਰੀਂਹ ਫਲੀਆਂ
ਮਖਿਆਲੀ ਸੁਗੰਧ

ਬਗਲਾ

ਟੋਭੇ ਦਾ ਨਿਤਰਿਆ ਪਾਣੀ
ਝਿਲਮ੍ਲਾਉਂਦੇ ਅੱਕ ਦੇ ਫੁੱਲ
ਸ਼ਾਂਤ ਖੜਾ ਬਗਲਾ

ਬਿਆਈ

ਚੰਨ ਦੀ ਚਾਨਣੀ
ਨਲਕੇ ਥੱਲੇ ਨਹਾਉਂਦਾ ਵੇਖੇ
ਪਾਟੀ ਬਿਆਈ

ਬੂਰ

ਕਰੂੰਬਲਾਂ ਫੁੱਟੀਆਂ
ਬਦਾਮੀ ਸਰਕੜੇ ਦਾ ਝੜਿਆ
ਚਾਂਦੀ ਰੰਗਾ ਬੂਰ

ਮਹੂਆ

ਚੇਤ ਮਹੀਨਾ
ਮਖਿਆਲੇ ਲੀਲੂ ਬੇਰ
ਪਿਛੇ ਚਮਕੇ ਮਹੂਆ

ਮੁੜ੍ਹਕਾ

ਘਾਹ ਖੋਤਦੀ
ਮਥੇ ਤੋਂ ਮੁੜ੍ਹਕਾ ਚੋ
ਠੋਡੀ ਤੇ ਲਮਕਿਆ

ਮੁੜ੍ਹਕਾ

ਤਿਖੀ ਧੁੱਪ ਮਾਰੇ ਸੇਲੇ
ਗੋਡੀ ਕਰਦੇ ਦੇ ਚੋਵੇ
ਧਰਾਲੀਂ ਮੁੜ੍ਹਕਾ

ਮੂਕਾ

ਲ੍ਹਾਮ ਨੂੰ ਜਾਂਦਾ
ਮੂਕਾ ਲਾਹ ਪੁਲ ਦੀ ਠਲ ਤੇ
ਜੁੱਤੀ ਝਾੜੇ

ਮੋਰ

ਝੜੀ ਚ ਡਿੱਗਿਆ ਕੋਠਾ
ਕੰਧਾ ਤੇ ਸਲਾਮਤ
ਫੁੱਲ ਤੇ ਮੋਰ

ਰੁੱਖ

ਲਿਸ਼ਕਿਆ
ਖੜਸੁੱਕ ਰੁੱਖ
ਚਾਣਚੱਕ ਮੀਂਹ

ਲਿਸ਼ਕੋਰ

ਬਰਕਰਾਰ
ਝੁਰੜੀਆਂ ਭਰੇ ਚਿਹਰੇ ਤੇ
ਕੋਕੇ ਦੀ ਲਿਸ਼ਕੋਰ

ਲੂਸੇ ਚਿਹਰੇ

ਢਲਦੀ ਸ਼ਾਮ…
ਮੈਲ਼ੇ ਲੀੜੈ ਲੂਸੇ ਚਿਹਰੇ
ਸਿਰ ਤੇ ਪੰਡਾਂ

ਵਾਵਰੋਲਾ

ਅੱਤ ਦੀ ਗਰਮੀ
ਤਿਖੜ ਦੁਪਹਿਰੇ ਵਾਵਰੋਲੇ
ਚ ਉੱਡਿਆ ਨਿੱਕ ਸੁੱਕ

The Rajah of Putteealla

Maharaja Karm Singh of Patiala (ruled from 1813 to 1845) with guards and escort, on his state elephant. Image taken from Portraits Of The Princes & People Of India. ਮਹਾਰਾਜਾ ਕਰਮ ਸਿੰਘ, ਪਟਿਆਲਾ ਰਿਆਸਤ (1813 - 1845) Title: Portraits Of The Princes & People Of India. Author: "Eden, Emily (Emily Eden)" Illustrator: "Eden. Emily; Dickinson, Lowes Cato (Emily Eden; Lowes Cato Dickinson)" Provenance: London, J. Dickinson & Son, 1844

ਲੋਕ ਨਾਇਕ – ਜੱਗਾ ਸੂਰਮਾ

'ਪੰਜਾਬੀ ਸਾਹਿਤ ਸੰਦਰਭ ਕੋਸ਼' ਵਿਚ ਡਾਕਟਰ ਰਤਨ ਸਿੰਘ ਜੱਗੀ ਲਿਖਦੇ ਨੇ, 'ਜੱਗਾ ਪੰਜਾਬ ਦਾ ਇਕ ਪ੍ਰਸਿੱਧ ਧਾੜਵੀ ਲੋਕ ਨਾਇਕ ਸੀ, ਜਿਸ ਦੀ ਬਹਾਦਰੀ ਦੀਆਂ ਅਨੇਕਾਂ ਦੰਦ-ਕਥਾਵਾਂ ਪ੍ਰਚਲਿਤ ਹਨ। ਇਹ ਆਮ ਤੌਰ 'ਤੇ ਜਗੀਰਦਾਰਾਂ ਅਤੇ ਸ਼ਾਹੂਕਾਰਾਂ ਜਾਂ ਧਨਵਾਨਾਂ ਨੂੰ ਲੁੱਟਦਾ ਅਤੇ ਲੁੱਟ ਵਿਚ ਪ੍ਰਾਪਤ ਹੋਏ ਧਨ ਨੂੰ ਗਰੀਬਾਂ ਵਿਚ ਵੰਡ ਕੇ ਅਤੇ ਦੁਖੀਆਂ ਦੀ ਸਹਾਇਤਾ ਕਰਕੇ ਜਸ ਖਟਦਾ ਸੀ। ਇਸ ਨੇ ਕਈ ਲੋੜਵੰਦ ਕੁੜੀਆਂ ਦੇ ਵਿਆਹ ਕੀਤੇ। ਧੀਆਂ-ਭੈਣਾਂ ਨੂੰ ਬੇਇਜ਼ਤ ਕਰਨ ਵਾਲਿਆਂ ਲਈ ਇਹ ਹਊਆ ਸੀ ਅਤੇ ਲੋੜਵੰਦਾਂ ਦਾ ਮਸੀਹਾ...

ਜੱਗਾ ਮਾਰਿਆ ਬੋਹੜ ਦੀ ਛਾਂਵੇਂ …

ਸਰਦੀਆਂ ਦੇ ਦਿਨ ਦੁਪਹਿਰ ਵੇਲੇ, ਅਸੀਂ ਸ਼ੇਖ਼ੂਪੁਰੇ ਤੋਂ ਲਾਹੌਰ ਜਾ ਰਹੇ ਸੀ। ਸਾਹਮਣੇ ਸ਼ੀਸ਼ੇ ਵਿਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ। ਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾ। ਅਰਸ਼ਦ ਵਿਰਕ ਨੇ ਸਟੀਰੀਓ ਦਾ ਬਟਨ ਦਬਾਇਆ, ਮਨ-ਮੋਹਣੇ ਸੰਗੀਤ ਨੇ ਮੈਨੂੰ ਇਕ-ਦਮ ਚੁਕੰਨਾ ਕਰ ਦਿੱਤਾ, 'ਲਓ ਸਰਦਾਰ ਸਾਹਿਬ ਇਹ ਕੈਸਟ ਤੁਹਾਡੇ ਲਈ ਲਾਈ ਏ' ਅਰਸ਼ਦ ਵਿਰਕ ਨੇ ਕਿਹਾ। ਇਕ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਪਹਿਲਾ ਟੱਪਾ ਸੁਣਿਆ:'ਜੱਗਾ ਜੰਮਿਆ, ਫਜ਼ਰ ਦੀ ਬਾਂਗੇ, ਲੋਂਢੇ ਵੇਲੇ ਖੇਡਦਾ...