17.9 C
Los Angeles
Thursday, May 8, 2025

ਜੱਗਾ ਮਾਰਿਆ ਬੋਹੜ ਦੀ ਛਾਂਵੇਂ …

[ਹਰਨੇਕ ਸਿੰਘ ਘੜੂੰਆਂ]

ਸਰਦੀਆਂ ਦੇ ਦਿਨ ਦੁਪਹਿਰ ਵੇਲੇ, ਅਸੀਂ ਸ਼ੇਖ਼ੂਪੁਰੇ ਤੋਂ ਲਾਹੌਰ ਜਾ ਰਹੇ ਸੀ। ਸਾਹਮਣੇ ਸ਼ੀਸ਼ੇ ਵਿਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ। ਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾ। ਅਰਸ਼ਦ ਵਿਰਕ ਨੇ ਸਟੀਰੀਓ ਦਾ ਬਟਨ ਦਬਾਇਆ, ਮਨ-ਮੋਹਣੇ ਸੰਗੀਤ ਨੇ ਮੈਨੂੰ ਇਕ-ਦਮ ਚੁਕੰਨਾ ਕਰ ਦਿੱਤਾ, ‘ਲਓ ਸਰਦਾਰ ਸਾਹਿਬ ਇਹ ਕੈਸਟ ਤੁਹਾਡੇ ਲਈ ਲਾਈ ਏ’ ਅਰਸ਼ਦ ਵਿਰਕ ਨੇ ਕਿਹਾ। ਇਕ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਪਹਿਲਾ ਟੱਪਾ ਸੁਣਿਆ:

‘ਜੱਗਾ ਜੰਮਿਆ, ਫਜ਼ਰ ਦੀ ਬਾਂਗੇ, ਲੋਂਢੇ ਵੇਲੇ ਖੇਡਦਾ ਫਿਰੇ’,

ਦੂਜਾ ਟੱਪਾ ਸੀ:

‘ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋ ਕੇ ਡਾਕੇ ਮਾਰਦਾ।’

ਮੇਰੇ ਮੂੰਹੋਂ ਇਕਦਮ ਨਿਕਲ ਗਿਆ, ‘ਯਾਰ ਇਹ ਜੱਗਾ ਤੇ ਸਾਡਾ ਏ?’

‘ਨਹੀਂ ਸਰਦਾਰ ਸਾਹਿਬ, ਇੰਨੀ ਜ਼ਿਆਦਤੀ ਨਾ ਕਰੋ। ਜੱਗਾ ਵੀ ਤੁਹਾਡਾ ਤੇ ਕਸ਼ਮੀਰ ਵੀ ਤੁਹਾਡਾ, ਤੇ ਫਿਰ ਸਾਡੇ ਪੱਲੇ ਕੀ ਰਿਹਾ’?,

ਇੰਨਾ ਆਖ ਕੇ ਅਰਸ਼ਦ ਵਿਰਕ ਖਿੜਖਿੜਾ ਕੇ ਹੱਸ ਪਿਆ। ਲੱਗਦੇ ਹੱਥ ‘ਨਵੀਦ ਵੜੈਚ’ ਦਾ ਵੀ ਬਹਿਸ ਵਿਚ ਲੱਤ ਅੜਾਉਣ ਨੂੰ ਜੀਅ ਕਰ ਆਇਆ ‘ਦੇਖੋ ਸਰਦਾਰ ਸਾਹਿਬ, ਨਾ ਜੱਗਾ ਹਿੰਦੁਸਤਾਨ ਦਾ ਏ, ਨਾ ਪਾਕਿਸਤਾਨ ਦਾ ਏ, ਜੱਗ ਤਾਂ ਪੰਜਾਬ ਦਾ ਏ, ਜੱਗਾ ਪੰਜਾਬ ਦਾ ਮਸ਼ਹੂਰ ਕਿਰਦਾਰ ਜੋ ਹੋਇਆ।’

ਇਹ ਟੱਪੇ ਪਾਕਿਸਤਾਨੀ ਪੰਜਾਬ ਦੇ ਮਹਾਨ ਗਾਇਕ ਸ਼ੌਕਤ ਅਲੀ ਨੇ ਗਾਏ ਸਨ। ਜਿਉਂ ਜਿਉਂ ਟੱਪੇ ਚੱਲਦੇ ਗਏ ਮੇਰੇ ਜਿਸਮ ਵਿਚ ਥਰਥਰਾਹਟ ਜਿਹੀ ਛਿੜ ਗਈ, ਅਜੀਬ ਕਿਸਮ ਦੀਆਂ ਚਿਣਗਾਂ ਜਿਸਮ ਵਿਚੋਂ ਨਿਕਲਦੀਆਂ ਮਹਿਸੂਸ ਹੋ ਰਹੀਆਂ ਸਨ। ਅਸੀਂ ਛੋਟੀ ਉਮਰੇ ਗਰਮੀਆਂ ਦੀਆਂ ਛੁੱਟੀਆਂ ਵਿਚ ਮਾਲ ਚਾਰਦੇ ਜੱਗਾ ਗਾਉਂਦੇ ਹੁੰਦੇ ਸਾਂ। ਪਰ ਹੈਰਾਨੀ ਵਾਲੀ ਗੱਲ ਇਹ ਸੀ, ਇਕ ਡਾਕੂ ਪਾਕਿਸਤਾਨ ਵਿਚ ਅਜੇ ਵੀ ਸਾਡੇ ਨਾਲੋਂ ਕਿਤੇ ਵੱਧ ਹਰਮਨ ਪਿਆਰਾ ਮੰਨਿਆ ਜਾਂਦਾ ਹੈ।

ਬੜੇ ਲੋਕਾਂ ਤੋਂ ਇਧਰਲੇ ਤੇ ਓਧਰਲੇ ਪੰਜਾਬ ਵਿਚ ਜੱਗੇ ਦੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਉੱਘ-ਸੁੱਘ ਨਾ ਮਿਲੀ। ਮੈਨੂੰ ਜੱਗੇ ਦੀ ਜਵਾਨੀ ਜਾਣਨ ਦੀ ਇਕ ਤਲਬ ਜਿਹੀ ਲੱਗ ਗਈ। ਕਿਸੇ ਸੱਜਣ ਨੇ ਦੱਸਿਆ: ‘ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ ਦੇ ਕੰਡੇ ਜੀ.ਟੀ. ਰੋਡ ਤੋਂ ਕੁੱਝ ਕਦਮਾਂ ਉੱਤੇ ਬਰੋਟੇ ਹੇਠ ਜੱਗੇ ਦੀ ਸਮਾਧ ਬਣੀ ਹੋਈ ਹੈ, ਇੱਥੇ ਹੀ ਜੱਗਾ ਕਤਲ ਹੋਇਆ ਸੀ।’ ਪਰ ਪੜਤਾਲ ਕਰਨ ‘ਤੇ ਇਹ ਸੱਚ ਨਾ ਨਿਕਲਿਆ। ਫਿਰ ਮੋਟੇ ਤੌਰ ‘ਤੇ ਅੰਦਾਜ਼ਾ ਲਗਾਇਆ ਕਿ ਜੱਗੇ ਦੇ ਲਾਇਲਪੁਰ ਡਾਕਾ ਮਾਰਨ ਦਾ ਜ਼ਿਕਰ ਆਉਂਦਾ ਹੈ,

‘ਜੱਗੇ ਮਾਰਿਆ ਲਾਇਲਪੁਰ ਡਾਕਾ, ਤਾਰਾਂ ਖੜਕ ਗਈਆਂ।’

ਇਸ ਦਾ ਮਤਲਬ ਜੱਗਾ ਪੰਜਾਬ ਦੇ ਓਸ ਪਾਸੇ ਪੈਦਾ ਹੋਇਆ। ਇਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਨੀ ਸ਼ੁਰੂ ਕੀਤੀ। ਕੁਝ ਅਰਸਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜਥੇਦਾਰ ਹਰੀ ਸਿੰਘ ਵਿਰਕ ਨਾਲ ਹੋਈ। ਜਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਖੁਰਾ ਲੱਭ ਕੇ ਦਿੱਤਾ।

ਜੱਗਾ ਦਾ ਜਨਮ ੧੯੦੧ ਤੇ ੧੯੦੨ ਦੇ ਨੇੜੇ ਪਿੰਡ ਬੁਰਜ ਰਣ ਸਿੰਘ ਵਾਲਾ ਤਹਿਸੀਲ ਚੂੰਨੀਆਂ, ਜਿਲ੍ਹਾ ਕਸੂਰ ਵਿਖੇ ਹੋਇਆ। ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿਚ ਹੀ ਉੱਠ ਗਿਆ ਸੀ ਤੇ ਉਸ ਦਾ ਪਾਲਣ-ਪੋਸ਼ਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਣ ਦੀ ਦੇਖ ਰੇਖ ਹੇਠ ਹੋਇਆ, ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰਾ ਸੀ। ਜਦੋਂ ਜੱਗਾ ਪੁਠੀਰ ਹੋਇਆ, ਉਹ ਸ਼ੌਕੀਆ ਕਦੇ ਕਦੇ ਦੋਸਤਾਂ ਨਾਲ ਮਾਲ ਪਸ਼ੂ ਚਾਰਨ ਚਲਿਆ ਜਾਂਦਾ। ਉਂਝ ਚਾਚਾ ਉਸ ਨੂੰ ਘੱਟ-ਵੱਧ ਹੀ ਕੰਮ ਕਰਨ ਦਿੰਦਾ ਸੀ ਤੇ ਸੀ ਵੀ ਜੱਗਾ ੨੫੦ ਕਿੱਲੇ ਦਾ ਮਾਲਕ।

ਇਕ ਦਿਨ ਜੱਗਾ ਡੰਗਰ ਚਾਰਦਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਦੇ ਖੇਤ ਵਿੱਚੋਂ ਸਾਰੇ ਦੋਸਤਾਂ ਲਈ ਗੰਨਿਆਂ ਦੀ ਸੱਥਰੀ ਪੁੱਟ ਲਿਆਇਆ। ਇੰਦਰ ਸਿੰਘ ਨੇ ਜੱਗੇ ਦੇ ਧੌਲ਼-ਧੱਫਾ ਕਰ ਦਿੱਤਾ, ਜੱਗੇ ਨੇ ਰਾਤੀਂ ਇੰਦਰ ਸਿੰਘ ਦੇ ਖੂਹ ਦਾ ਬੈੜ ਟੋਟੇ-ਟੋਟੇ ਕਰਕੇ ਖੂਹ ਵਿਚ ਸੁੱਟ ਦਿੱਤਾ। ਜਦੋਂ ਇੰਦਰ ਸਿੰਘ ਨੇ ਥਾਣੇ ਜਾਣ ਦੀ ਗੱਲ ਕਹੀ ਤਾਂ ਸਾਰੇ ਸ਼ਰੀਕੇ ਵਾਲਿਆਂ ਨੇ ਕਿਹਾ, “ਤੈਨੂੰ ਇਸ ਦਾ ਨਾਂ ਜਗਤ ਸਿੰਘ ਰੱਖਣ ਬਾਰੇ ਕਿਸ ਨੇ ਕਿਹਾ ਸੀ?”

ਪਿੰਡ ਬੁਰਜ ਰਣ ਸਿੰਘ ਵਾਲਾ ਵਿਚ ਬਹੁਤੇ ਘਰ ਮੁਸਲਮਾਨ ਤੇਲੀਆਂ ਦੇ ਸਨ। ਸਿਰਫ਼ ੧੭-੧੮ ਘਰ ਜੱਟ ਸਿੱਖਾਂ ਦੇ ਸਨ, ਇਨ੍ਹਾਂ ਦਾ ਗੋਤ ਸਿੱਧੂ ਸੀ। ਦੋਵਾਂ ਫਿਰਕਿਆਂ ਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਜੱਗੇ ਨੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਦਿਆਂ ਅਖਾੜਿਆਂ ਵਿਚ ਘੁਲਣਾ ਸ਼ੁਰੂ ਕਰ ਦਿੱਤਾ। ਇੱਕ ਹੋਰ ਤੇਲੀਆਂ ਦਾ ਮੁੰਡਾ ਜੱਗੇ ਨਾਲ ਅਖਾੜਿਆਂ ਵਿਚ ਘੁਲਣ ਜਾਂਦਾ ਸੀ ਜਿਸ ਦਾ ਨਾਮ ਸੀ ‘ਸੋਹਣ’। ਸੋਹਣ ਤੇਲੀ ਨੇ ਜੱਗੇ ਨਾਲ ਮਰਦੇ ਦਮ ਤੀਕ ਦੋਸਤੀ ਨਿਭਾਈ। ਜੱਗੇ ਦਾ ਵਿਆਹ ਤਲਵੰਡੀ ਪਿੰਡ ਦੀ ਇੰਦਰ ਕੌਰ ਨਾਂ ਦੀ ਕੁੜੀ ਨਾਲ ਹੋਇਆ। ਇਨ੍ਹਾਂ ਦੇ ਘਰ ਇਕ ਕੁੜੀ ਪੈਦਾ ਹੋਈ ਜਿਸ ਦਾ ਨਾਂ ‘ਗਾਭੋ’ ਰੱਖਿਆ ਗਿਆ। ਅੱਜ-ਕੱਲ੍ਹ ਗਾਭੋ ਲੰਬੀ ਨੇੜੇ ਪਿੰਡ ਵੱਣਵਾਲਾ ਵਿਚ ਰਹਿੰਦੀ ਹੈ, ਜਿਸ ਦੀ ਉਮਰ ਲਗਭਗ ੮੦ ਸਾਲਾਂ ਦੇ ਨੇੜੇ ਹੈ।

ਫਰੰਗੀ ਦੇ ਰਾਜ ਵੇਲੇ ਹਰ ਗੱਭਰੂ ‘ਤੇ ਨਿਗ੍ਹਾ ਰੱਖੀ ਜਾਂਦੀ ਸੀ, ਜਿਸ ਵਿਚ ਕੁੱਝ ਕਣੀ ਹੋਵੇ ਜਾਂ ਥੋੜ੍ਹੀ ਬਹੁਤ ਅਜ਼ਾਦ-ਦਾਨਾ ਤਬੀਅਤ ਦਾ ਮਾਲਕ ਹੋਵੇ। ਸਰਕਾਰ ਦੀ ਪਹਿਲੀ ਇਕਾਈ ਜੋ ਇਲਾਕੇ ਵਿਚ ਦਹਿਸ਼ਤ ਰੱਖਦੀ ਹੁੰਦੀ ਸੀ, ਉਸ ਦੇ ਆਮ ਮੈਂਬਰ ਪਿੰਡ ਦਾ ਪਟਵਾਰੀ, ਨੰਬਰਦਾਰ, ਇਲਾਕੇ ਦਾ ਥਾਣੇਦਾਰ ਤੇ ਸਫ਼ੈਦਪੋਸ਼ ਹੁੰਦੇ ਸਨ। ਹਰ ਵਿਅਕਤੀ ਨੂੰ ਇਨ੍ਹਾਂ ਅੱਗੇ ਸਿਰ ਝੁਕਾਉਣਾ ਪੈਂਦਾ ਸੀ, ਪਰ ਜੱਗੇ ਨੂੰ ਇਹ ਮਨਜ਼ੂਰ ਨਹੀਂ ਸੀ।

ਜੱਗੇ ਦਾ ਕੱਦ ਦਰਮਿਆਨਾ, ਰੰਗ ਕਣਕ ਵੰਨਾ, ਨਕਸ਼ ਤਿੱਖੇ, ਪਹਿਲਵਾਨਾਂ ਵਾਲਾ ਜੁੱਸਾ, ਦੂਹਰੇ ਛੱਲੇ ਵਾਲੀਆਂ ਮੁੱਛਾਂ ਤੇ ਅਣਖੀਲਾ ਸੁਭਾਅ ਸੀ। ਜੱਗਾ ਪਿੰਡ ਦੇ ਪਟਵਾਰੀ ਕੋਲੋਂ ਜ਼ਮੀਨ ਦੀਆਂ ਫਰਦਾਂ ਲੈਣ ਗਿਆ, ਨਾ ਪਟਵਾਰੀ ਨੂੰ ਸਾਹਿਬ-ਸਲਾਮ, ਨਾ ਕੋਈ ਫੀਸ, ਇਸ ਤਰ੍ਹਾਂ ਫਰਦਾਂ ਦੇਣਾ ਤੇ ਪਟਵਾਰੀ ਦੀ ਹੱਤਕ ਸੀ। ਅਖੀਰ ਗੱਲ ਤੂੰ-ਤੂੰ ਮੈਂ-ਮੈਂ ਤੇ ਆ ਗਈ। ਜੱਗੇ ਨੇ ਪਟਵਾਰੀ ਨੂੰ ਢਾਅ ਕੇ ਕੁੱਟਿਆ। ਪਟਵਾਰੀ ਨੂੰ ਫਰਦਾਂ ਵੀ ਦੇਣੀਆਂ ਪਈਆਂ ਤੇ ਮਿੰਨਤਾਂ ਕਰਕੇ ਖਹਿੜਾ ਛੁਡਵਾਉਣਾ ਪਿਆ।

ਇਕ ਟੱਪੇ ਵਿਚ ਜ਼ਿਕਰ ਆਉਂਦਾ ਹੈ:

‘ਕੱਚੇ ਪੁਲਾਂ ‘ਤੇ ਲੜਾਈਆਂ ਹੋਈਆਂ, ਛਵ੍ਹੀਆਂ ਦੇ ਘੁੰਡ ਮੁੜ ਗਏ।’

ਕੱਚੇ ਪੁਲ ਪਿੰਡ ਤਲਵੰਡੀ ਤੇ ਬੁਰਜ ਪਿੰਡ ਦੇ ਵਿਚਕਾਰ ਹੁੰਦੇ ਸਨ। ਬਹਿੜਵਾਲੇ ਦੇ ਨਕਈ ਆਪਣੀ ਭੂਆ ਦੇ ਪਿੰਡ ਤਲਵੰਡੀ ਰਹਿੰਦੇ ਸਨ, ਜੋ ਬੜੇ ਭੂਤਰੇ ਹੋਏ ਸਨ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਪਰਿਵਾਰ ਨਾਲ ਤਾਅਲੁਕ ਰੱਖਦੇ ਸਨ। ਇਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੱਚੇ ਪੁਲਾਂ ਤੋਂ ਲੰਘ ਨਹੀਂ ਸੀ ਸਕਦਾ। ਜਦੋਂ ਜੱਗਾ ਘੋੜੀ ‘ਤੇ ਚੜ੍ਹ ਕੇ ਪੁਲ ਲੰਘਣ ਲੱਗਿਆਂ, ਉਹਨਾਂ ਵਿਚੋਂ ਇਕ ਨੇ ਘੋੜੀ ਦੀ ਪਿੱਠ ‘ਤੇ ਡਾਂਗ ਮਾਰ ਕੇ ਘੋੜੀ ਨੂੰ ਸਣੇ ਜੱਗੇ ਜ਼ਮੀਨ ‘ਤੇ ਸੁੱਟ ਲਿਆ। ਜੱਗਾ ਇਕੱਲਾ ਤੇ ਨਕਈ ਚਾਰ-ਪੰਜ ਭਰਾ ਸਨ। ਜੱਗੇ ਨੇ ਸਾਰਿਆਂ ਨੂੰ ਛਵੀ ਨਾਲ ਵਾਅਣੇ ਪਾ ਲਿਆ। ਉਹ ਇੰਨੇ ਡਰੇ ਕਿ ਉਸ ਤੋਂ ਬਾਅਦ ਇਲਾਕਾ ਛੱਡ ਕੇ ਲਾਹੌਰ ਰਹਿਣ ਲੱਗ ਪਏ।

ਇਲਾਕਾ ਵਿਚ ਜੱਗੇ ਦੀ ਚੜ੍ਹਤ ਮੋਕਲ ਦੇ ਜ਼ੈਲਦਾਰ ਨੂੰ ਕੰਡੇ ਵਾਂਗੂੰ ਚੁਭਣ ਲੱਗ ਪਈ। ਇਹ ਜ਼ੈਲਦਾਰ ਨੂੰ ਆਪਣੀ ਧੌਂਸ ਲਈ ਇਕ ਵੰਗਾਰ ਜਾਪਦੀ ਸੀ। ਉਸਨੇ ਜੱਗੇ ਉੱਤੇ ਝੂਠਾ ਕੇਸ ਪੁਆ ਕੇ ਚਾਰ ਸਾਲ ਦੀ ਕੈਦ ਕਰਵਾ ਦਿੱਤੀ। ਜੱਗਾ ਕੈਦ ਕੱਟ ਕੇ ਆਇਆ ਹੀ ਸੀ, ਉਨ੍ਹਾਂ ਦਿਨਾਂ ਵਿਚ ਪਿੰਡ ਭਾਈ ਫੇਰੂ ਚੋਰੀ ਹੋ ਗਈ। ਇਹ ਪਿੰਡ ਕੱਚੀ ਕੋਠੀ ਥਾਣੇ ਵਿਚ ਪੈਂਦਾ ਸੀ। ਇਸ ਥਾਣੇ ਵਿਚ ਇਕ ਬੜਾ ਅੜਬ ਕਿਸਮ ਦਾ ਥਾਣੇਦਾਰ ਲੱਗਿਆ ਸੀ, ਜਿਸ ਦਾ ਨਾਮ ਅਸਗਰ ਅਲੀ ਤੇ ਜ਼ਾਤ ਦਾ ਜੱਟ ਮੁਸਲਮਾਨ ਸੀ। ਜ਼ੈਲਦਾਰ ਤੇ ਥਾਣੇਦਾਰ ਲਈ ਇਹ ਵਧੀਆ ਮੌਕਾ ਸੀ, ਜੱਗੇ ਦੀ ਧੌਣ ‘ਚੋਂ ਕਿੱਲਾ ਕੱਢਣ ਲਈ।

ਥਾਣੇਦਾਰ ਦੇ ਸੁਨੇਹਾ ਭੇਜਣ ‘ਤੇ ਜੱਗੇ ਨੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ। ਇਲਾਕੇ ਦੇ ਕੁਝ ਮੁਹਤਬਰ ਸੱਜਣ ਜਿਹੜੇ ਜੱਗੇ ਦੇ ਪਰਿਵਾਰ ਨਾਲ ਸਾਂਝ ਰੱਖਦੇ ਸਨ, ਉਸਨੂੰ ਪੇਸ਼ ਹੋਣ ਲਈ ਮਨਾਉਣ ਵਿਚ ਕਾਮਯਾਬ ਹੋ ਗਏ। ਇਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਕੇਹਰ ਸਿੰਘ ਕਾਵਾਂ, ਮਹਿਲ ਸਿੰਘ ਕਾਵਾਂ ਤੇ ਦੁੱਲਾ ਸਿੰਘ ਜੱਜਲ। ਜੱਗੇ ਨੂੰ ਦੁੱਲਾ ਸਿੰਘ ਜੱਜਲ ਨੇ ਆਪਣਾ ਧਰਮ ਦਾ ਪੁੱਤਰ ਬਣਾਇਆ ਹੋਇਆ ਸੀ। ਬਾਅਦ ਵਿਚ ਦੁੱਲਾ ਸਿੰਘ ਦੇ ਪਰਿਵਾਰ ਨੇ ਸ਼ਰੀਕੇ ਦੇ ਅੱਠ ਬੰਦੇ ਕਤਲ ਕੀਤੇ ਅਤੇ ਦੁੱਲਾ ਸਿੰਘ ਸਮੇਤ ਅੱਠ ਬੰਦੇ ਫਾਂਸੀ ਲੱਗੇ।

ਜੱਗਾ ਤਿਆਰ ਹੋ ਕੇ ਇਨ੍ਹਾਂ ਨਾਲ ਤੁਰ ਪਿਆ, ਪਰ ਰਾਹ ਵਿਚ ਥਾਣੇਦਾਰ ਦੇ ਸਖ਼ਤ ਸੁਭਾਅ ਬਾਰੇ ਸੋਚ ਕੇ ਰੁਕ ਗਿਆ। ਉਹਨੇ ਸਾਰਿਆਂ ਨੂੰ ਸਾਫ਼ ਕਹਿ ਦਿੱਤਾ, “ਜੇ ਥਾਣੇਦਾਰ ਨੇ ਗਾਲ਼ੀ ਗਲੋਚ ਕੀਤੀ, ਮੈਥੋਂ ਬਰਦਾਸ਼ਤ ਨ੍ਹੀ ਜੇ ਹੋਣੀ, ਖ਼ਾਹ-ਮਖ਼ਾਹ ਦਾ ਪੰਗਾ ਪੈ ਜੂ … ਮੈਂ ਵਾਪਸ ਚੱਲਿਐਂ …।”

ਥਾਣੇਦਾਰ ਦੇ ਕਸਾਈ ਸੁਭਾਅ ਨੂੰ ਸਾਰੇ ਜਾਣਦੇ ਸਨ। ਉਸ ਦਿਨ ਤੋਂ ਬਾਅਦ ਜੱਗਾ ਭਗੌੜਾ ਹੋ ਗਿਆ। ਸਭ ਤੋਂ ਪਹਿਲਾਂ ਉਸ ਨੇ ਸਿਪਾਹੀ ਦੀ ਬੰਦੂਕ ਖੋਹੀ। ਦੂਜੀ ਬੰਦੂਕ ਆਤਮਾ ਸਿੰਘ ਆਚਰਕੇ ਤੋਂ ਖੋਹੀ। ਜੱਗੇ ਨੇ ਪਹਿਲਾਂ ਡਾਕਾ ਪਿੰਡ ਘੁਮਿਆਰੀ ਵਾਲੇ ਸਰਾਫ਼ਾਂ ਦੇ ਘਰ ਮਾਰਿਆ ਜੋ ਸਰਾਫ਼ੇ ਦੇ ਨਾਲ ਸ਼ਾਹੂਕਾਰਾ ਵੀ ਕਰਦੇ ਸਨ। ਘੁਮਿਆਰੀ ਵਾਲਾ ਪਿੰਡ ਲਾਹੌਰ ਤੇ ਕਸੂਰ ਦੇ ਬਾਰਡਰ ‘ਤੇ ਹੈ। ਜੱਗੇ ਦੇ ਨਾਲ ਹੋਰ ਸਾਥੀ ਝੰਡਾ ਸਿੰਘ ਨਿਰਮਲ ਕੇ ਤੇ ਠਾਕੁਰ ਸਿੰਘ ਮੰਡਿਆਲੀ ਦਾ ਸੀ, ਇਨ੍ਹਾਂ ਨੇ ਸਰਾਫ਼ਾਂ ਦਾ ਸੋਨਾ ਲੁੱਟਿਆ ਤੇ ਲੋਕਾਂ ਦੇ ਕਰਜ਼ੇ ਦੀਆਂ ਵਹੀਆਂ ਅੱਗ ਲਾ ਕੇ ਸਾੜ ਦਿੱਤੀਆਂ। ਝੰਡਾ ਸਿੰਘ ਦੇ ਝੂੰਹ ‘ਤੇ ਬੈਠ ਕੇ ਸੋਨਾ ਵੰਡਿਆ ਜੋ ਸਾਰਿਆਂ ਨੂੰ ਡੇਢ-ਡੇਢ ਸੇਰ ਆਇਆ।

ਇਸ ਤੋਂ ਬਾਅਦ ਜੱਗੇ ਨੇ ਆਪਣਾ ਵੱਖਰਾ ਗਰੁੱਪ ਬਣਾ ਲਿਆ। ਇਸ ਦੇ ਨਵੇਂ ਸਾਥੀ ਬਣੇ ਬੰਤਾ ਸਿੰਘ, ਸੋਹਣ ਤੇਲੀ, ਲਾਲੂ ਨਾਈ, ਭੋਲੂ ਤੇ ਬਾਵਾ। ਲਾਲੂ ਨਾਈ ਰੋਟੀ-ਟੁੱਕ ਬਣਾਉਣ ਦਾ ਬੜਾ ਮਾਹਰ ਸੀ ਤੇ ਜਦੋਂ ਸਾਰੇ ਸੌਂ ਜਾਂਦੇ, ਹੱਥ ਵਿਚ ਬੰਦੂਕ ਲੈ ਕੇ ਪਹਿਰਾ ਦਿੰਦਾ।

ਭਾਵੇਂ ਜੱਗੇ ਨੇ ਕਾਫ਼ੀ ਡਾਕੇ ਮਾਰੇ ਪਰ ਮਸ਼ਹੂਰ ਸਾਇਦਪੁਰ ਤੇ ਲਾਇਲਪੁਰ ਦੇ ਹੀ ਸਨ। ਜੱਗੇ ਦਾ ਭਤੀਜਾ ਠਾਕੁਰ ਸਿੰਘ, ਡੀ.ਐਸ.ਪੀ. ਕਸੂਰ ਦਾ ਰੀਡਰ ਸੀ। ਡੀ. ਐਸ. ਪੀ. ਨੇ ਠਾਕੁਰ ਸਿੰਘ ਨੂੰ ਜੱਗੇ ਨੂੰ ਪੇਸ਼ ਕਰਵਾਉਣ ਵਿਚ ਮਦਦ ਕਰਨ ਲਈ ਕਿਹਾ। ਅੱਗੋਂ ਜੱਗੇ ਨੇ ਠਾਕੁਰ ਸਿੰਘ ਨੂੰ ਕਿਹਾ ਪਹਿਲਾਂ ਤੂੰ ਮੇਰੀ ਇਕ ਖਾਹਸ਼ ਪੂਰੀ ਕਰਦੇ, ਮੇਰਾ ਡੀ.ਐਸ.ਪੀ. ਕਸੂਰ ਨਾਲ ਮੁਕਾਬਲਾ ਕਰਵਾ ਕੇ। ਠਾਕੁਰ ਸਿੰਘ ਦੋ ਪੁੜਾਂ ਦੇ ਵਿਚ ਫਸਿਆ ਸੀ, ਉਸ ਕੋਲ ਦੜ-ਵੱਟ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।

ਜੱਗਾ ਜਿਸ ਪਿੰਡ ਜਾਂਦਾ ਸੀ, ਪੁਲਿਸ ਨੂੰ ਪਹਿਲਾਂ ਸੁਨੇਹਾ ਭਿਜਵਾ ਦਿੰਦਾ ਸੀ: “ਜੇ ਫੜਨਾ ਹੈ ਤਾਂ ਆ ਕੇ ਫੜ ਲੈਣ, ਨਹੀਂ ਬਾਅਦ ਵਿਚ ਪਿੰਡ ਵਾਲਿਆਂ ਨੂੰ ਤੰਗ ਨਾ।”

ਇਕ ਵਾਰ ਜੱਗਾ ਆਪਣੇ ਨਾਨਕੇ ਪਿੰਡ ਘੁੰਮਣਕੇ ਰਾਸ ਦੇਖਣ ਗਿਆ। ਉਸ ਦਾ ਸੁਨੇਹਾ ਭੇਜਣ ‘ਤੇ ਵੀ ਸਾਰੀ ਰਾਤ ਕੋਈ ਪੁਲਿਸ ਵਾਲਾ ਨੇੜੇ ਨਹੀਂ ਢੁੱਕਿਆ। ਜੱਗੇ ਨੇ ਕਈ ਗਰੀਬਾਂ ਦੇ ਸ਼ਾਹੂਕਾਰਾਂ ਕੋਲੋਂ ਵਹੀਆਂ-ਖਾਤੇ ਪੜਵਾ ਕੇ ਕਰਜ਼ੇ ਮਾਫ਼ ਕਰਵਾਏ। ਲਾਖੂਕੇ ਪਿੰਡ ਦੀ ਇਕ ਔਰਤ ਨੂੰ ਧਰਮ ਭੈਣ ਬਣਾਇਆ ਹੋਇਆ ਸੀ, ਜਿਹੜੀ ਕਈ ਵਾਰ ਵੇਲੇ ਕੁਵੇਲੇ ਰੋਟੀਆਂ ਬਣਾ ਕੇ ਭੇਜਦੀ ਸੀ। ਜੱਗੇ ਨੇ ਉਸ ਔਰਤ ਨੂੰ ਇਕ ਵਾਰ ਕਾਫ਼ੀ ਅਸ਼ਰਫ਼ੀਆਂ ਦਿੱਤੀਆਂ। ਇਸੇ ਤਰ੍ਹਾਂ ਇਕ ਬਿਰਧ ਸਰਦੀਆਂ ਦੇ ਦਿਨਾਂ ਵਿਚ ਠਰੂੰ-ਠਰੂੰ ਕਰਦਾ ਗਾਜਰਾਂ ਵੇਚ ਰਿਹਾ ਸੀ, ਪੁੱਛਣ ‘ਤੇ ਪਤਾ ਲੱਗਾ ਕਿ ਵਿਚਾਰੇ ਦਾ ਕੋਈ ਪੁੱਤ ਧੀ ਨਹੀਂ। ਜੱਗੇ ਨੇ ਉਸ ਬਜ਼ੁਰਗ ਨੂੰ ਲੱਪ ਭਰ ਕੇ ਅਸ਼ਰਫ਼ੀਆਂ ਦਾ ਦਿੱਤਾ। ਇਨ੍ਹਾਂ ਦਿਨਾਂ ਵਿਚ ਇਲਾਕੇ ਦੀ ਪੁਲਿਸ ਜਿੰਦਰੇ-ਕੁੰਡੇ ਲਗਾ ਕੇ ਸੌਂਦੀ ਸੀ, ਉਨ੍ਹਾਂ ਨੂੰ ਡਰ ਸੀ ਕਿ ਕਿਤੇ ਜੱਗਾ ਅਸਲਾ ਲੁੱਟ ਕੇ ਨਾ ਲੈ ਜਾਵੇ। ਥਾਣੇਦਾਰ ਅਸਗਰ ਅਲੀ ਨੇ ਆਪਣੀ ਸੁਰੱਖਿਆ ਲਈ ਦੋ ਦਰਵਾਜੇ ਲਾ ਲਏ।

ਜੱਗੇ ਦੇ ਸਾਥੀ ਬੰਤਾ ਸਿੰਘ ਦੀ ਆਪਣੀ ਚਾਚੀ ਨਾਲ ਕਈ ਵਾਰ ਨੋਕ-ਝੋਕ ਹੋਈ। ਉਸ ਦੀ ਚਾਚੀ ਦੇ ਉਸੇ ਪਿੰਡ ਦੇ (ਥੰਮਣ ਕੇ ਵਾਲਾ) ਦੇ ਵੈਰਾਗੀ ਨਾਲ ਨਾ-ਜਾਇਜ਼ ਤੁਅਲਕਾਤ ਸਨ। ਦੋਨਾਂ ਨੂੰ ਕਈ ਵਾਰ ਟੋਕਿਆ ਪਰ ਬਾਜ਼ ਨਾ ਆਏ। ਇਕ ਦਿਨ ਬੰਤੇ ਦੀ ਚਾਚੀ ਠੰਡ ਵਿਚ ਧੂਣੀ ਅੱਗੇ ਅੱਗ ਸੇਕ ਰਹੀ ਸੀ। ਬੰਤੇ ਤੇ ਜੱਗੇ ਨੇ ਅਖੀਰੀ ਤਾਕੀਦ ਕੀਤੀ ਪਰ ਉਸ ਨੇ ਜਵਾਬ ਦਿੱਤਾ: “ਜੋ ਕਰਨਾ ਏ ਕਰ ਲਵੋ ..” ਇਨ੍ਹਾਂ ਨੇ ਗੁੱਸੇ ਵਿਚ ਆ ਕੇ ਗੋਲੀਆਂ ਮਾਰ ਦਿੱਤੀਆਂ। ਫਿਰ ਬਾਵੇ ਵੈਰਾਗੀ ਦੇ ਘਰ ਅੱਗੇ ਖਲੋ ਕੇ ਉਸ ਨੂੰ ਬਾਹਰ ਨਿਕਲਣ ਲਈ ਕਿਹਾ। ਉਸ ਦੇ ਘਰ ਇਕ ਪ੍ਰਾਹੁਣਾ ਆਇਆ ਹੋਇਆ ਸੀ, ਜਿਸ ਨੇ ਉਸ ਨੂੰ ਬਾਹਰ ਨਿਕਲਣ ਤੋਂ ਵਰਜ ਦਿੱਤਾ ਤੇ ਕੁੰਡਾ ਲਾ ਕੇ ਘਰ ਦੇ ਸਾਰੇ ਜੀਅ ਅੰਦਰ ਬੈਠ ਗਏ। ਜਦੋਂ ਵਾਰ-ਵਾਰ ਕਹਿਣ ਤੇ ਵੀ ਵੈਰਾਗੀ ਬਾਹਰ ਨਹੀਂ ਨਿਕਲਿਆ, ਜੱਗੇ ਤੇ ਬੰਤੇ ਨੇ ਘਰ ਦੀ ਛੱਤ ਪਾੜ ਕੇ ਅੱਗ ਲਾ ਦਿੱਤੀ। ਇਨ੍ਹਾਂ ਨੂੰ ਆਸ ਸੀ ਅੱਗ ਲੱਗਣ ਨਾਲ ਸਾਰੇ ਜੀਅ ਬਾਹਰ ਆ ਜਾਣਗੇ, ਪਰ ਉਹ ਧੂੰਏਂ ਵਿਚ ਘੁੱਟ ਕੇ ਅੰਦਰ ਹੀ ਮਰ ਗਏ। ਜੱਗੇ ਨੂੰ ਵੈਰਾਗੀ ਦੀਆਂ ਕੁੜੀਆਂ ਮਾਰੇ ਜਾਣ ਦਾ ਬੜਾ ਪਛਤਾਵਾ ਹੋਇਆ।

‘ਜੱਗੇ ਮਾਰੀਆਂ ਥੱਮਣ ਕੇ ਕੁੜੀਆਂ, ਜੱਗੇ ਨੂੰ ਪਾਪ ਲੱਗਿਆ।

ਜੱਗੇ ਨੂੰ ਪਤਾ ਸੀ ਡਾਕੂਆਂ ਦੀ ਉਮਰ ਕੋਈ ਬਹੁਤੀ ਲੰਮੀ ਨਹੀਂ ਹੁੰਦੀ। ਉਸ ਨੇ ਆਪਣੀ ਧੀ ਦਾ ਰਿਸ਼ਤਾ ਸਰਦਾਰ ਕੇਹਰ ਸਿੰਘ ਕਾਵਾਂ ਦੇ ਛੋਟੇ ਭਰਾ ਮੱਖਣ ਸਿੰਘ ਦੇ ਲੜਕੇ ਅਬਾਰ ਸਿੰਘ ਨਾਲ ਕਰ ਦਿੱਤਾ ਤੇ ਦੇਣ ਲੈਣ, ਗਹਿਣਾ ਗੱਟਾ ਵਿਆਹ ਤੋਂ ਪਹਿਲਾਂ ਹੀ ਗਾਭੋ ਦੇ ਸਹੁਰੇ ਘਰ ਭੇਜ ਦਿੱਤਾ।

ਜੱਗੇ ਦੇ ਪਿੰਡ ਤੋਂ ਕੁਝ ਕੋਹ ਦੂਰ ਸਿੱਧੂਪੁਰ ਪਿੰਡ ਸੀ। ਇਸ ਪਿੰਡ ਦਾ ਮਲੰਗੀ ਡਾਕੂ ਹੋਇਆ ਹੈ ਤੇ ਇਸਦਾ ਇਕ ਸਾਥੀ ਹਰਨਾਮ ਸਿੰਘ ਸੀ। ਇਹ ਦੋ ਕੁ ਵਰ੍ਹੇ ਪਹਿਲਾਂ ਮਾਰੇ ਗਏ ਸਨ। ਮਲੰਗੀ ਮੁਸਲਮਾਨ ਫਕੀਰਾਂ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਇਕ ਛੋਟੇ ਜਿਹੇ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀ। ਦੋਨਾਂ ਦੀ ਦੰਦ-ਟੁਕਵੀਂ ਰੋਟੀ ਸੀ। ਮਲੰਗੀ ਠੇਕੇ-ਵਟਾਈ ‘ਤੇ ਜ਼ਮੀਨ ਦੀ ਵਾਹੀ ਕਰਦਾ ਸੀ। ਉਨ੍ਹਾਂ ਦਿਨਾਂ ਵਿਚ ਆਮ ਰਿਵਾਜ ਸੀ ਸਾਰੇ ਪਿੰਡ ਦੀ ਰੋਟੀ ਇਕ ਸਾਂਝੇ ਤੰਦੂਰ ‘ਤੇ ਪੱਕਦੀ ਹੁੰਦੀ ਸੀ। ਮਲੰਗੀ ਦੀ ਛੋਟੀ ਭੈਣ ਤੇ ਭਾਈ ਤੰਦੂਰ ਤੇ ਰੋਟੀਆਂ ਪਕਾ ਰਹੇ ਸਨ, ਇੰਨੇ ਨੂੰ ਜ਼ੈਲਦਾਰ ਦੇ ਕਾਮੇ ਵੀ ਰੋਟੀਆਂ ਬਣਾਉਣ ਆ ਗਏ, ਉਨ੍ਹਾਂ ਨੇ ਤੰਦੂਰ ਤੋਂ ਮਲੰਗੀ ਦੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਜ਼ੈਲਦਾਰ ਦੀਆਂ ਰੋਟੀਆਂ ਲਾਉਣ ਲਈ ਕਿਹਾ। ਜਦੋਂ ਮਲੰਗੀ ਦੀ ਭੈਣ ਨਾ ਮੰਨੀ, ਕਾਮਿਆਂ ਨੇ ਉਸ ਦੀ ਗੁੱਤ ਪੁੱਟ ਦਿੱਤੀ ਤੇ ਚਪੇੜਾਂ ਮਾਰੀਆਂ। ਇਸੇ ਦੌਰਾਨ ਮਲੰਗੀ ਦਾ ਛੋਟਾ ਭਾਈ ਮਲੰਗੀ ਤੇ ਹਰਨਾਮੇ ਨੂੰ ਬੁਲਾ ਲਿਆਇਆ। ਝਗੜਾ ਵਧ ਗਿਆ। ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦਾ ਛੋਟਾ ਭਾਈ ਕਤਲ ਕਰ ਦਿੱਤਾ। ਮਲੰਗੀ ਤੇ ਹਰਨਾਮੇ ਦੇ ਵੀ ਸੱਟਾਂ ਮਾਰੀਆਂ, ਉਲਟਾ ਆਪਣੇ ਇਕ ਕਾਮੇ ਦੇ ਗੋਲੀਆਂ ਮਾਰ ਕੇ ਮਲੰਗੀ, ਹਰਨਾਮੇ ਤੇ ਹਰਨਾਮੇ ਦੇ ਬਾਪ ‘ਤੇ ਕਤਲ ਦਾ ਕੇਸ ਬਣਾ ਦਿੱਤਾ।

ਮਲੰਗੀ ਹੋਰੀਂ ਹਵਾਲਾਤ ਵਿਚ ਹੀ ਸਨ, ਜਦੋਂ ਇਕ ਰਾਤ ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦੀ ਭੈਣ ਨੂੰ ਹੱਥ ਪਾ ਲਿਆ। ਮਲੰਗੀ ਦੀ ਅੰਨ੍ਹੀ ਮਾਂ ਕੰਧਾਂ ਨਾਲ ਟੱਕਰਾਂ ਮਾਰ ਕੇ ਬੇਹੋਸ਼ ਹੋ ਗਈ। ਜਦੋਂ ਇਸ ਘਟਨਾ ਦਾ ਮਲੰਗੀ ਹੋਰਾਂ ਨੂੰ ਪਤਾ ਲੱਗਿਆ ਤਾਂ ਹਰਨਾਮੇ ਦਾ ਬਾਪ ਦਿਲ ਦੇ ਦੌਰੇ ਨਾਲ ਥਾਂ ਹੀ ਢੇਰੀ ਹੋ ਗਿਆ ਤੇ ਕੁਝ ਦੇਰ ਬਾਅਦ ਮੌਤ ਹੋ ਗਈ। ਰੋਹ ਵਿਚ ਭਰੇ ਪੀਤੇ ਮਲੰਗੀ ਤੇ ਹਰਨਾਮਾ ਹਵਾਲਾਤ ਵਿਚੋਂ ਕੰਧ ਪਾੜ ਕੇ ਫ਼ਰਾਰ ਹੋ ਗਏ। ਹਵਾਲਾਤ ਵਿਚੋਂ ਬਾਹਰ ਆਉਂਦਿਆਂ ਇਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਧੂਪੁਰ ਦੇ ਜ਼ੈਲਦਾਰ ਦਾ (ਜ਼ਨਾਨੀਆਂ ਨੂੰ ਛੱਡ ਕੇ) ਸਾਰਾ ਟੱਬਰ ਮਾਰ ਦਿੱਤਾ। ਸਿਰਫ਼ ਮੁੰਡਾ ਆਪਣੀ ਜਾਨ ਬਚਾ ਕੇ ਨਿਕਲ ਗਿਆ। ਇਸ ਤੋਂ ਬਾਅਦ ਮਲੰਗੀ ਤੇ ਹਰਨਾਮਾ ਡਾਕੂ ਬਣ ਗਏ।

ਇਨ੍ਹਾਂ ਨੇ ਪਹਿਲਾਂ ਕੁਝ ਲੁਟੇਰਿਆਂ ਤੇ ਵਿਆਜ ਖਾਣੇ ਸ਼ਾਹੂਕਾਰਾਂ ਨੂੰ ਸੋਧਿਆ। ਫਿਰ ਜਿਹੜਾ ਕੋਈ ਸਰਕਾਰ ਪੱਖੀ, ਗਰੀਬਾਂ ਨੂੰ ਤੰਗ ਕਰਦਾ ਸੀ ਉਸ ਨੂੰ ਸੋਧਣਾ ਸ਼ੁਰੂ ਕੀਤਾ। ਇਕ ਕਹਾਵਤ ਬਣ ਗਈ ‘ਦਿਨੇ ਰਾਜ ਫਰੰਗੀ ਦਾ, ਰਾਤੀਂ ਰਾਜ ਮਲੰਗੀ ਦਾ।’ ਇਸ ਜੋੜੀ ‘ਤੇ ਸਰਕਾਰ ਨੇ ਇਨਾਮ ਰੱਖ ਦਿੱਤਾ। ਇਕ ਰਾਤ ਮਲੰਗੀ ਤੇ ਹਰਨਾਮਾ ਕਿਸੇ ਵਾਕਫ਼ ਬੰਦੇ ਦੇ ਡੇਰੇ ‘ਤੇ ਠਹਿਰੇ ਸਨ। ਡੇਰੇ ਵਾਲੇ ਨੇ ਮਲੰਗੀ ਹੋਰਾਂ ਨੂੰ ਮੇਥਿਆਂ ਵਾਲੀਆਂ ਰੋਟੀਆਂ ਦੱਸ ਕੇ ਭੰਗ ਵਾਲੀਆਂ ਖੁਆ ਦਿੱਤੀਆਂ। ਇਨਾਮ ਦੇ ਲਾਲਚ ਵਸ ਪੁਲਿਸ ਨੂੰ ਮਲੰਗੀ ਹੋਰਾਂ ਦੇ ਭੰਗ ਨਾਲ ਨਸ਼ਈ ਹੋਣ ਦੀ ਇਤਲਾਹ ਦੇ ਦਿੱਤੀ। ਮਲੰਗੀ ਤੇ ਹਰਨਾਮਾ ਡੇਰੇ ‘ਤੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ।

ਇਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੇ ਪਿੰਡ ਸਿੱਧੂਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਥੇ ਉਹ ਮਲੰਗੀ ਦੀ ਮਾਂ ਦੀ ਖ਼ਬਰ-ਸਾਰ ਲੈਣਾ ਚਾਹੁੰਦਾ ਸੀ ਤੇ ਨਾਲੇ ਮਲੰਗੀ ਨੂੰ ਮਰਵਾਉਣ ਵਾਲੇ ਵੀ ਉਸ ਨੂੰ ਰੜਕ ਰਹੇ ਸਨ। ਮਲੰਗੀ ਦਾ ਡੇਰਾ ਉਜੜਿਆ ਪਿਆ ਸੀ, ਸਿਰਫ਼ ਅੰਨ੍ਹੀ ਮਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ। ਜੱਗੇ ਨੇ ਦੁਪਹਿਰ ਡੇਰੇ ‘ਤੇ ਹੀ ਕੱਟਣ ਦਾ ਪ੍ਰੋਗਰਾਮ ਬਣਾ ਲਿਆ। ਉਸ ਨੇ ਲਾਲੂ ਨਾਈ ਨੂੰ ਰੋਟੀ ਟੁੱਕ ਦਾ ਇੰਤਜ਼ਾਮ ਕਰਨ ਲਈ ਕਿਹਾ। ਲਾਲੂ ਦਾ ਪਿੰਡ ‘ਲੱਖੂ ਕੇ’ ਸਿੱਧੂਪੁਰ ਦੇ ਨਾਲ ਹੀ ਪੈਂਦਾ ਸੀ। ਉਸ ਨੇ ਆਪਣੇ ਪੰਜੇ ਭਾਈਆਂ ਨੂੰ ਮਿਲਣ ਦੇ ਬਹਾਨੇ ਬੁਲਾ ਲਿਆ ਤੇ ਆਉਣ ਲੱਗਿਆਂ ਦੇਸੀ ਸ਼ਰਾਬ ਲਿਆਉਣ ਲਈ ਤਾਕੀਦ ਕੀਤੀ। ਮੰਦੇ ਭਾਗਾਂ ਨੂੰ ਜੱਗੇ ਨੇ ਰੋਟੀ ਤੋਂ ਪਹਿਲਾਂ ਸ਼ਰਾਬ ਦੇ ਦੋ-ਦੋ ਹਾੜੇ ਲਾਉਣ ਦਾ ਪ੍ਰੋਗਰਾਮ ਬਣਾ ਲਿਆ। ਬੰਤੇ ਤੇ ਜੱਗੇ ਨੇ ਆਪਣੇ ਆਪਣੇ ਗਿਲਾਸ ਵਿਚ ਸ਼ਰਾਬ ਪਾ ਕੇ ਬੋਤਲ ਮੰਜੇ ਦੀ ਦੌਣ ਵਿਚ ਫਸਾ ਦਿੱਤੀ। ਸੋਹਣ ਤੇਲੀ ਨੇ ਲਾਲੂ ਨਾਈ ਦੇ ਪਿੰਡ ‘ਲੱਖੂ ਕੇ’ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਨਹੀਂ ਪੀਤੀ, ਉਸ ਨੇ ਭਾਈਆਂ ਸਮੇਤ ਪਹਿਰੇ ‘ਤੇ ਖੜ੍ਹਨਾ ਸੀ। ਕਿੰਨੀ ਦੇਰ ਗਲਾਸ ਖੜਕਦੇ ਰਹੇ, ਠੱਠੇ-ਮਖੌਲ ਚੱਲਦੇ ਰਹੇ।

ਮਲੰਗੀ ਦੀ ਮਾਂ ਦੇ ਵਿਹੜੇ ਦੋ ਸਾਲ ਬਾਅਦ ਰੌਣਕ ਪਰਤੀ ਸੀ। ਅੱਜ ਅੰਨ੍ਹੀ ਮਾਂ ਨੂੰ ਜੱਗੇ ਦੀਆਂ ਗੱਲਾਂ ਵਿੱਚੋਂ ਮਲੰਗੀ ਦੇ ਬੋਲਾਂ ਦੀ ਖ਼ੁਸ਼ਬੋ ਆ ਰਹੀ ਸੀ। ਜੱਗੇ ਨੇ ਗੱਲਾਂ ਵਿਚ ਸਮਝਾਇਆ:

“ਮਾਂ ਮੇਰੀਏ ਕਿਤੇ ਸਾਡੇ ਯਾਰ ਮਲੰਗੀ ਦੀ ਰੂਹ ਇਸ ਗੱਲੋਂ ਨਾ ਤੜਫਦੀ ਰਵੇ ਕਿ ਮੇਰਾ ਕਿਸੇ ਨੇ ਬਦਲਾ ਨ੍ਹੀਂ ਲਿਆ, ਅੱਜ ਸਾਰੇ ਉਲਾਂਭੇ ਲਾਹ ਦਿਆਂਗੇ।”

ਸਾਰਿਆਂ ਇਕੱਠੇ ਰੋਟੀ ਪਾਣੀ ਖਾਧਾ। ਸੋਹਣ ਤੇਲੀ ਆਪਣੇ ਦੋਸਤ ਨੂੰ ‘ਲੱਖੂ ਕੇ’ ਮਿਲਣ ਤੁਰ ਪਿਆ, ਲਾਲੂ ਨਾਈ ਤੇ ਉਸ ਦਾ ਭਾਈ ਬੰਦੂਕਾਂ ਫੜ ਕੇ ਪਹਿਰੇ ‘ਤੇ ਖਲੋ ਗਏ। ਕਲਹਿਣੀ ਸ਼ਰਾਬ ਦੇ ਲੋਰ ਵਿਚ ਜੱਗੇ ਤੇ ਬੰਤੇ ਦੀ ਅੱਖ ਲੱਗ ਗਈ, ਉਹ ਇਕੋ ਹੀ ਮੰਜੇ ‘ਤੇ ਲੰਮੇ ਪੈ ਗਏ।

ਕੁਝ ਚਿਰ ਪਿੱਛੋਂ ਟਿਕੀ ਦੁਪਹਿਰ ਦੀ ਵੱਖੀ, ਦੋ ਗੋਲੀਆਂ ਦੀ ਇਕੱਠੀ ਆਵਾਜ਼ ਨੇ ਧਰਤੀ ਚੀਰ ਕੇ ਲਹੂ-ਲੁਹਾਨ ਕਰ ਦਿੱਤੀ। ਜੱਗੇ ਤੇ ਬੰਤੇ ਦੀਆਂ ਸਾਹ ਰਗਾਂ ਵਿਚ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਸਨ, ਮੰਜੇ ‘ਤੇ ਦੋਹਾਂ ਦੇ ਸਰੀਰ ਤੜਫ਼ ਰਹੇ ਸਨ। ਫਿਰ ਹੋਰ ਗੋਲੀਆਂ ਨੇ ਇਨ੍ਹਾਂ ਦੇ ਸਰੀਰ ਨੂੰ ਠੰਢਿਆਂ ਕਰ ਦਿੱਤਾ।

ਸੋਹਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੁੜ ਆਇਆ, ਜਦੋਂ ਉਸ ਨੇ ਆ ਕੇ ਦੇਖਿਆ, ਜੱਗੇ ਤੇ ਬੰਤੇ ਦੀਆਂ ਲਾਸ਼ਾਂ ਵਿਚੋਂ ਖੂਨ ਚੋਅ ਕੇ ਮੰਜੇ ਦੀਆਂ ਵਿਰਲਾਂ ਰਾਹੀਂ ਧਰਤੀ ‘ਤੇ ਟਪਕ ਰਿਹਾ ਸੀ,

‘ਜੱਗਾ ਵੱਢਿਆ ਬੋਹੜ ਦੀ ਛਾਂਵੇਂ, ਨੌਂ ਮਣ ਰੇਤ ਭਿੱਜ ਗਈ।

ਪੂਰਨਾ, ਨਾਈਆਂ ਨੇ ਵੱਢ ਸੁੱਟਿਆ ਜੱਗਾ ਸੂਰਮਾ।’

ਸੋਹਣ ਤੇਲੀ ਇਹ ਵੇਖ ਕੇ ਗੁੱਸੇ ਵਿਚ ਪਾਗਲ ਹੋ ਉੱਠਿਆ ਤੇ ਲਾਲੂ ਨਾਈ ਨੂੰ ਹੱਥੀਂ ਪੈ ਗਿਆ। ਪਿੱਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿਚ ਗੋਲੀ ਮਾਰ ਕੇ ਉਸ ਨੂੰ ਵੀ ਥਾਏਂ ਢੇਰੀ ਕਰ ਦਿੱਤਾ। ਖ਼ਬਰ ਅੱਗ ਵਾਂਗੂੰ ਫੈਲ ਗਈ। ਪੂਰੇ ਇਲਾਕੇ ਵਿਚ ਸੰਨਾਟਾ ਛਾ ਗਿਆ। ਹਰ ਕੋਈ ਇਕ ਦੂਜੇ ਕੋਲੋਂ ਅੱਖਾਂ ਵਿਚ ਅੱਖਾਂ ਪਾ ਕੇ ਬਗੈਰ ਬੁੱਲ੍ਹ ਹਿਲਾਇਆਂ ਤਸਦੀਕ ਕਰਦਾ ਸੀ:

ਕੀ ਜੱਗਾ ਸੱਚਮੁੱਚ ਮਾਰਿਆ ਗਿਆ?

ਲਾਲੂ ਨਾਈ ਇਲਾਕੇ ਦੀ ਪੁਲਿਸ ਨਾਲ ਮਿਲ ਚੁੱਕਿਆ ਸੀ। ਲਾਲੂ ਨਾਈ ਨੇ ਯਾਰ ਮਾਰ ਕਰਕੇ ਭਾਰੀ ਰਕਮ, ਇਕ ਮੁਰੱਬਾ ਜ਼ਮੀਨ, ਇਕ ਘੋੜੇ ਦੀ ਖੱਟੀ ਖੱਟ ਲਈ ਸੀ ਜੋ ਕਿ ਸਰਕਾਰ ਵੱਲੋਂ ਜੱਗੇ ‘ਤੇ ਇਨਾਮ ਰੱਖਿਆ ਹੋਇਆ ਸੀ। ਜਿਸ ਜੱਗੇ ਦੇ ਪਰਛਾਵੇਂ ਕੋਲੋਂ ਪੁਲਿਸ ਨੂੰ ਡਰ ਲੱਗਦਾ ਸੀ ਉਹਨੂੰ ਮਾਰਨਾ ਪੁਲਿਸ ਦੇ ਵੱਸ ਦੀ ਗੱਲ ਨਹੀਂ ਸੀ। ਸੋ, ਇਹ ਕਾਰਾ ਪੁਲਿਸ ਨੇ ਲਾਲੂ ਨਾਈ ਦੀ ਜ਼ਮੀਰ ਖਰੀਦ ਕੇ ਕਰਵਾਇਆ। ਲਾਲੂ ਨੂੰ ਵੀ ਜੇਲ੍ਹ ਹੋਈ। ਬਾਅਦ ਵਿਚ ਲਾਲੂ ਨੂੰ ਕੈਦੀਆਂ ਨੇ ਜੇਲ੍ਹ ਵਿਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ।

ਜੱਗਾ 29 ਸਾਲਾਂ ਦੀ ਭਰੀ ਜਵਾਨੀ ਵਿਚ ਬੇਬਸ ਲੋਕਾਂ ਨੂੰ ਕਿਸੇ ਹੋਰ ਜੱਗੇ ਦਾ ਇੰਤਜ਼ਾਮ ਕਰਨ ਲਈ ਛੱਡ ਗਿਆ, ਜੋ ਇਨ੍ਹਾਂ ਨੂੰ ਕਿਸੇ ਅਸਗਰ ਅਲੀ ਥਾਣੇਦਾਰ, ਸੂਦਖ਼ੋਰ ਸ਼ਾਹੂਕਾਰ ਤੇ ਅੰਗਰੇਜ਼ ਪੱਖੀ ਜਾਗੀਰਦਾਰਾਂ ਤੋਂ ਨਜਾਤ ਦਿਵਾਏਗਾ। ਜੱਗਾ ਸਿਰਫ਼ ਤਿੰਨ ਮਹੀਨੇ ਭਗੌੜਾ ਰਿਹਾ। ਇਸ ਦੌਰਾਨ ਪੂਰੇ ਇਲਾਕੇ ਨੇ ਆਜ਼ਾਦ ਫਿਜ਼ਾ ਦਾ ਆਨੰਦ ਮਾਣਿਆ। ਨਾ ਪੁਲਿਸ ਦੀ ਧੌਂਸ, ਨਾ ਸ਼ਾਹੂਕਾਰਾਂ ਦੀਆਂ ਕੁਰਕੀਆਂ, ਸਗੋਂ ਸਰਕਾਰ ਪੱਖੀ ਆਪਣੀਆਂ ਜਾਨਾਂ ਬਚਾਉਂਦੇ ਰਹੇ। ਭਾਵੇਂ ਪਤੰਗੇ ਵਾਂਗੂੰ ਇਨ੍ਹਾਂ ਲੋਕਾਂ ਦੀ ਉਮਰ ਥੋੜੀ ਹੁੰਦੀ ਹੈ ਪਰ ਜਾਬਰ ਹੁਕਮਰਾਨ ਵਿਰੁੱਧ ਸੂਰਮੇ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਅਜਿਹੇ ਸੂਰਮੇ ਕਿਸੇ ਨਾ ਕਿਸੇ ਨਾਲ ਜੂਝਦੇ ਤੇ ਕੁਰਬਾਨੀਆਂ ਦਿੰਦੇ ਰਹੇ। ਕਦੇ ਦੁੱਲਾ ਭੱਟੀ ਬਣ ਕੇ, ਕਦੇ ਅਹਿਮਦ ਖਰਲ ਬਣ ਕੇ, ਕਦੇ ਜਿਊਣਾ ਮੌੜ, ਕਦੇ ਮਲੰਗੀ ਤੇ ਕਦੇ ਜੱਗਾ ਜੱਟ ਬਣ ਕੇ। ਭਾਈਚਾਰੇ ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰਕੇ ਇਨ੍ਹਾਂ ਲੋਕਾਂ ਨੇ ਕਾਇਮ ਰੱਖੀ। ਇਸ ਦੀ ਤਾਈਦ ਹਜ਼ਰਤ ਸੁਲਤਾਨ ਬਾਹੂ ਸਾਹਿਬ ਕਰਦੇ ਹਨ:

‘ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ,

ਬਾਹੁ ਓਸ ਮੌਤੋਂ ਕਿਆਂ ਡਰਨਾ ਹੂ’

Sannyasi / ਸੰਨਿਆਸੀ

Kitāb-i Tashrih al-aqvam (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar District and is now a part of the British Library. Caption: Sannyasi’ a Saiva mendicant. ਇੱਕ ਸੰਨਿਆਸੀ: ਘਰ-ਬਾਰ ਦਾ ਤਿਆਗੀ , ਫ਼ਕੀਰ , ਸਾਧ Download Complete Book ਕਰਨਲ ਜੇਮਜ਼...

ਦੁੱਲਾ ਭੱਟੀ

Rai Abdullah Khan Bhatti (Punjabi: رائے عبداللہ خان بھٹی; c. 23 July 1547 – 26 March 1599) popularly known through his Punjabi moniker, Dulla or Dullah Bhatti, is a Punjabi folk hero who came from the Pakistani Punjab region and led the Punjabis to a revolt against Mughal rule during the reign of the Mughal emperor Akbar. He is entirely absent from the recorded history of the time, and the only evidence of his existence comes from Punjabi folk songs.The...

ਛੱਲਾ

ਛੱਲਾ ਉਤਲੀ ਹੋ ਵੇ, ਵੋ ਛੱਲਾ ਉਤਲੀ ਹੋ ਵੇ।ਨੀਂਗਰ ਚੱਕੀ ਝੋ ਵੇ, ਬੁੰਦਿਆਂ ਲਾਈ ਠੋਹ ਵੇ।ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ।(ਉਤਲੀ ਹੋ= ਉਤਾਂਹ ਹੋ ਗਿਆ, ਲਾਈ ਠੋਹ ਵੇ= ਆਪਸ ਵਿਚ ਹਿਲ ਹਿਲ ਕੇ ਖਹਿੰਦੇ ਹਨ)ਛੱਲਾ ਉਤਲੀ ਟਾਂਗੂ, ਵੋ ਛੱਲਾ ਉਤਲੀ ਟਾਂਗੂ।ਰੋਂਦੀ ਬੱਦਲਾਂ ਵਾਗੂ, ਨਹੀਂ ਮਿਲਿਆ ਰਾਂਝੂ।ਉੱਡ ਵਾਂਗ ਕਾਂਵਾਂ, ਲਿਖਾਂ ਯਾਰ ਦਾ ਨਾਵਾਂ।(ਉਤਲੀ ਟਾਂਗੂ=ਉੱਚੀ ਥਾਂ ਟੰਗਿਆ ਹੋਇਆ ਹੈ)ਛੱਲਾ ਉਤਲੇ ਪਾਂ ਦੂੰਲਦੇ ਯਾਰ ਗੁਵਾਂਢੂੰ,ਰੁਨੀਂ ਬਦਲੀ ਵਾਂਗੂੰ ।ਸੁਣ ਮੇਰਾ ਮਾਹੀ ਵੇ,ਛੱਲੇ ਧੂੜ ਜਮਾਈ ਵੇ ।ਛੱਲਾ ਆਇਆ ਪਾਰ ਦਾ, ਵੋ ਛੱਲਾ...