ਬੋਲੀਆਂ - ਸੋਹਣੀ ਮਹੀਂਵਾਲ
ਦੇਵਿੰਦਰ ਸਤਿਆਰਥੀ ਦੀ ਕਿਤਾਬ "ਗਿੱਧਾ"(1936) 'ਚੋਂ ਧੰਨਵਾਦ ਸਹਿਤ
ਊਠਾਂ ਵਾਲਿਆਂ ਨੇ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ
ਮੇਲੇ ਜੈਤੋ ਦੇ
ਸੋਹਣੀਆਂ ਤੇ ਸੱਸੀਆਂ ਚੱਲੀਆਂ
ਨ੍ਹਾਵੇ ਧੋਵੇ ਪਹਿਨੇ ਪੁਸ਼ਾਕਾਂ
ਅਤਰ ਫੁਲੇਲ ਲਗਾਵੇ
ਗਿੱਧੇ ਵਿੱਚ ਉਹ ਹੱਸ ਹੱਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ 'ਤੇ
ਮਛਲੀ ਹੁਲਾਰੇ ਖਾਵੇ
ਸੋਹਣੀ ਆ ਗਈ ਵਿੱਚ ਗਿੱਧੇ ਦੇ
ਗਾਉਣ ਲੱਗੀਆਂ ਕੁੜੀਆਂ
ਜਿਨ੍ਹਾਂ ਨੂੰ ਲੌੜ ਮਿੱਤਰਾਂ ਦੀ
ਲੱਕ ਬੰਨ੍ਹ ਪੱਤਣਾ 'ਤੇ ਜੁੜੀਆਂ
ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ
ਉੱਠ ਖੜ੍ਹ ਸੋਹਣੀਏ ਨੀ
ਮਹੀਂਵਾਲ ਹਾਕਾਂ ਮਾਰੇ
ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ 'ਤੇ ਮੈਂ ਤਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ
ਕੱਚੇ ਘੜੇ ਨੇ ਖੈਰ ਨਾ ਕੀਤੀ
ਡਾਢਾ ਜੁਲਮ ਕਮਾਇਆ
ਜਿੱਥੇ ਸੋਹਣੀ ਡੁੱਬ ਕੇ ਮਰੀ
ਉੱਥੇ ਮੱਛੀਆਂ ਨੇ ਘੇਰਾ ਪਾਇਆ
ਸੋਹਣੀ ਜਿਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਭਰਦੀ ਪਾਣੀ
ਵਿਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ
ਆ ਮਹੀਂਵਾਲਾ, ਪੈਲਾਂ ਪਾਈਏ
ਜਾਨਾਂ ਏਂ ਕਿਉਂ ਮੁਖ ਮੋੜੀ
ਰਲ ਕੇ ਬਹਿ ਮਿੱਤਰਾ
ਰੱਬ ਬਣਾਈ ਜੋੜੀ