ਲੋਹੜੀ
ਸੁੰਦਰ ਮੁੰਦਰੀਏ - ਹੋ
ਸੁੰਦਰ ਮੁੰਦਰੀਏ - ਹੋ!
ਤੇਰਾ ਕੌਣ ਵਿਚਾਰਾ - ਹੋ!
ਦੁੱਲਾ ਭੱਟੀ ਵਾਲਾ - ਹੋ!
ਦੁੱਲੇ ਧੀ ਵਿਆਹੀ - ਹੋ!
ਸੇਰ ਸੱਕਰ ਆਈ - ਹੋ!
ਕੁੜੀ ਦੇ ਬੋਝੇ ਪਾਈ - ਹੋ!
ਕੁੜੀ ਦਾ ਲਾਲ ਪਟਾਕਾ - ਹੋ!
ਕੁੜੀ ਦਾ ਸਾਲੂ ਪਾਟਾ - ਹੋ!
ਸਾਲੂ ਕੌਣ ਸਮੇਟੇ - ਹੋ!
ਚਾਚਾ ਗਾਲ੍ਹੀ ਦੇਸੇ - ਹੋ!
ਚਾਚੇ ਚੂਰੀ ਕੁੱਟੀ - ਹੋ!
ਜ਼ਿੰਮੀਦਾਰਾਂ ਲੁੱਟੀ - ਹੋ!
ਜ਼ਿੰਮੀਦਾਰ ਸਦਾਓ - ਹੋ!
ਗਿਣ ਗਿਣ ਪੌਲੇ ਲਾਓ - ਹੋ!
ਇੱਕ ਪੌਲਾ ਘਟ ਗਿਆ!
ਜ਼ਿਮੀਂਦਾਰ ਨੱਸ ਗਿਆ - ਹੋ!
ਹੁੱਲੇ ਨੀ ਮਾਈਏ ਹੁੱਲੇ
ਹੁੱਲੇ ਨੀ ਮਾਈਏ ਹੁੱਲੇ ।
ਇਸ ਬੇਰੀ ਦੇ ਪੱਤਰ ਝੁੱਲੇ ।
ਦੋ ਝੁੱਲ ਪਈਆਂ ਖ਼ਜੂਰਾਂ ।
ਖ਼ਜੂਰਾਂ ਦੇ ਮੇਵੇ ਮਿੱਠੇ ।
ਖ਼ਜੂਰਾਂ ਨੇ ਸੁਟਿਆ ਮੇਵਾ ।
ਇਸ ਮੁੰਡੇ ਦਾ ਕਰੋ ਮੰਗੇਵਾ ।
ਮੁੰਡੇ ਦੀ ਵਹੁਟੀ ਨਿੱਕੜੀ ।
ਘਿਓ ਖਾਂਦੀ ਚੂਰੀ ਕੁਟਦੀ ।
ਕੁੱਟ ਕੁੱਟ ਭਰਿਆ ਥਾਲ ।
ਵਹੁਟੀ ਸਜੇ ਨਨਾਣਾਂ ਨਾਲ ।
ਨਨਾਣ ਦੀ ਵੱਡੀ ਭਰਜਾਈ ।
ਕੁੜਮਾ ਦੇ ਘਰ ਆਈ ।
ਲੋਹੜੀ ਪਾਈਂ ਨੀ ਮੁੰਡੇ ਦੀਏ ਮਾਈ ।
ਤਿਲ ਚੌਲੀਏ ਨੀਂ
ਤਿਲ ਚੌਲੀਏ ਨੀਂ
ਤਿਲ ਛੱਟੇ ਛੰਡ ਛਡਾਏ
ਗੁੜ ਦੇਹ ਮੁੰਡੇ ਦੀਏ ਮਾਏਂ
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ
ਅਸੀਂ ਲੈਣਾ ਗੁੜ ਦਾ ਰੋੜਾ
ਤਿਲ ਚੌਲੀਏ ਨੀਂ
ਗੀਗਾ ਜੰਮਿਆ ਨੀਂ
ਗੁੜ ਵੰਡਿਆ ਨੀਂ
ਗੁੜ ਦੀਆਂ ਰੋੜੀਆਂ ਨੀਂ
ਭਰਾਵਾਂ ਜੋੜੀਆਂ ਨੀਂ
ਗੀਗਾ ਆਪ ਜੀਵੇਗਾ
ਮਾਈ ਬਾਪ ਜੀਵੇਗਾ
ਸਹੁਰਾ ਸਾਕ ਜੀਵੇਗਾ
ਤਿਲੀ ਹਰੀਓ ਭਰੀ
ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾ,
ਜਿੱਥੇ ਕਾਕੇ ਦਾ ਵਿਆਹ
ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਜੀ
ਭਰਾਵਾਂ ਜੋੜੀਆਂ ਜੀ
ਮੂਲੀ ਦਾ ਖੇਤ ਹਰਿਆ ਭਰਿਆ
ਮੂਲੀ ਦਾ ਖੇਤ ਹਰਿਆ ਭਰਿਆ
ਵੀਰ ਸੁਦਾਗਰ ਘੋੜੀ ਚੜ੍ਹਿਆ
ਆ ਵੀਰਾ ਤੂੰ ਜਾਹ ਵੀਰਾ
ਬੰਨੀ ਨੂੰ ਲਿਆ ਵੀਰਾ
ਬੰਨੀ ਤੇਰੀ ਹਰੀ ਭਰੀ
ਫੁੱਲਾਂ ਦੀ ਚੰਗੇਰ ਭਰੀ
ਇੱਕ ਫੁੱਲ ਡਿੱਗ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਸੀ
ਸੁੱਤੀ ਨੂੰ ਜਗਾ ਲਿਆ
ਰੱਤੇ ਡੋਲੇ ਪਾ ਲਿਆ
ਰੱਤਾ ਡੋਲਾ ਕਾਈ ਦਾ
ਸੱਤੇ ਵੀਰ ਵਿਆਹੀ ਦਾ
ਪਾ ਨੀਂ ਮਾਏ ਪਾ
ਪਾ ਨੀਂ ਮਾਏ ਪਾ
ਕਾਲੇ ਕੁੱਤੇ ਨੂੰ ਵੀ ਪਾ
ਕਾਲਾ ਕੁੱਤਾ ਦਏ ਵਧਾਈ
ਤੇਰੀ ਜੀਵੇ ਮੱਝੀਂ ਗਾਈਂ
ਮੱਝੀਂ ਗਾਈਂ ਨੇ ਦਿੱਤਾ ਦੁੱਧ
ਤੇਰੇ ਜੀਵਨ ਸੱਤੇ ਪੁੱਤ
ਸਾਨੂੰ ਸੇਰ ਸ਼ੱਕਰ ਪਾਈ
ਡੋਲੀ ਛਮ ਛਮ ਕਰਦੀ ਆਈ
ਜਦੋਂ ਲੋਹੜੀ ਦੇਣ ਵਾਲਾ ਦੇਰ ਕਰੇ
ਕੋਠੇ 'ਤੇ ਪਰਨਾਲਾ
ਸਾਨੂੰ ਖੜ੍ਹਿਆਂ ਨੂੰ ਲੱਗਦਾ ਪਾਲਾ
ਸਾਡੀ ਲੋਹੜੀ ਮਨਾ ਦਿਓ
ਰੱਤੇ ਚੀਰੇ ਵਾਲੀ
ਸਾਨੂੰ ਅੱਗੇ ਜਾਣ ਦੀ ਕਾਹਲੀ
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ
ਸਾਨੂੰ ਛੇਤੀ ਛੇਤੀ ਤੋਰ
ਕੰਡਾ ਕੰਡਾ ਨੀ ਲੋਕੜੀਓ
ਕੰਡਾ ਕੰਡਾ ਨੀ ਲੋਕੜੀਓ ਕੰਡਾ ।
ਏਸ ਕੰਡੇ ਦੇ ਨਾਲ ਕਲੀਰਾ ।
ਜੁਗ ਜੁਗ ਜੀਵੇ ਭੈਣ ਦਾ ਵੀਰਾ ।
ਏਨ੍ਹਾਂ ਵੀਰਾਂ ਨੇ ਪਾ ਲਈ ਹੱਟੀ ।
ਉਹਦੀ ਮੌਲੀ ਤੇ ਮਹਿੰਦੀ ਰੱਤੀ ।
ਰੱਤੜੇ ਪਲੰਘ ਰੰਗੀਲੇ ਪਾਵੇ ।
ਮੁੰਡੇ ਦੇ ਘਰ ਵਹੁਟੀ ਆਵੇ ।
ਵੰਨੀ ਵਹੁਟੀ ਲੰਮੜੇ ਵਾਲ ।
ਮੋਰ ਗੁੰਦਾਵੇ ਚੰਬੇ ਲਾਲ ।
ਜੁਗ ਜੁਗ ਚੰਬਾ ਲੋੜੀਦਾ ।
ਭਾਬੋ ਮੇਰੀ ਪੁੱਤ ਜਣੇ ।
ਹੀਰੇ ਮੋਤੀ ਲਾਲ ਜਣੇ ।
ਭੰਨ ਘਰੋੜੀ ਅੰਦਰਵਾਰ ।
ਅੰਦਰ ਲਿਪਾਂ ਬਾਹਰ ਲਿਪਾਂ ।
ਲਿਪਾਂ ਘਰ ਦੀ ਆਲ-ਦੁਆਲੀ ।
ਵੀਰ ਮੇਰਾ ਵਿਆਹੁਣ ਚੱਲਿਆ ।
ਵਹੁਟੀ ਰੱਤੇ ਚੂੜੇ ਵਾਲੀ ।
ਲੋਹੜੀ ਏ
ਲੋਹੜੀ ਏ, ਬਈ ਲੋਹੜੀ ਏ ।
ਕਲਮਦਾਨ ਵਿਚ ਘਿਉ ।
ਜੀਵੇ ਮੁੰਡੇ ਦਾ ਪਿਉ ।
ਕਲਮਦਾਨ ਵਿਚ ਕਾਂ ।
ਜੀਵੇ ਮੁੰਡੇ ਦੀ ਮਾਂ ।
ਕਲਮਦਾਨ ਵਿਚ ਕਾਨਾ ।
ਜੀਵੇ ਮੁੰਡੇ ਦਾ ਨਾਨਾ ।
ਕਲਮਦਾਨ ਵਿਚ ਕਾਨੀ ।
ਜੀਵੇ ਮੁੰਡੇ ਦੀ ਨਾਨੀ ।
ਪੰਜਾਲੀ ਪੰਜਾਲੀ ਵੇ ਲੋਕੜਿਓ
ਪੰਜਾਲੀ ਪੰਜਾਲੀ ਵੇ ਲੋਕੜਿਓ, ਪੰਜਾਲੀ ਵੇ,
ਰੱਬ ਦੇਵੇ ਵੀਰਾ ਤੈਨੂੰ ਜ਼ੁਲਫ਼ਾਂ ਵਾਲੀ ਵੇ,
ਜ਼ੁਲਫ਼ਾਂ ਵਾਲੀ ਦੇ ਵਾਲ ਸੰਧੁਰੇ ਵੇ,
ਅੱਗੇ ਕੰਗਨ ਤੇ ਪਿੱਛੇ ਚੂੜੇ ਵੇ,
ਲੜਿੱਕੀ ਦਾ ਡੋਲਾ ਆਇਆ ਵੇ,
ਲੜਿੱਕੀ ਤੇਰੀ ਸੱਸ ਵੀਰਾ,
ਜਿਦ੍ਹੇ ਮੂੰਹ ਤੇ ਭਾਰੀ ਸਾਰੀ ਨੱਥ ਵੀਰਾ।
ਤੀਲੀ ਤੀਲੀ ਵੇ ਲੋਕੜਿਓ ਤੀਲੀ ਵੇ
ਤੀਲੀ ਤੀਲੀ ਵੇ ਲੋਕੜਿਓ ਤੀਲੀ ਵੇ,
ਤੀਲੀ ਓਸ ਵੇਹੜੇ ਜਾ ਜਿੱਥੇ ਵੀਰੇ ਦਾ ਵਿਆਹ
ਵੀਰੇ ਵਾਲੜੀਏ ਭਾਬੋ ਝਨਾਵੇਂ ਨ੍ਹਾਵਣ ਜਾ,
ਅੱਗੋਂ ਮਿਲਿਆ ਸਹੁਰਾ ਨੀ ਤੂੰ ਘੁੰਡ ਘਡੇਂਦੀ ਜਾ,
ਅੱਗੋਂ ਮਿਲੀ ਸੱਸ ਨੀ ਤੂੰ ਪੈਰੀ ਪੈਂਦੀ ਜਾ,
ਅੱਗੋਂ ਮਿਲੀ ਜਠਾਨੀ ਨੀ ਤੂੰ ਬੁੜ ਬੁੜ ਕਰਦੀ ਜਾ,
ਅੱਗੋਂ ਮਿਲਿਆ ਗਭਰੂ ਨੀ ਤੂੰ ਗੱਲਾਂ ਕਰਦੀ ਜਾ।
ਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ
ਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ,
ਹੁੱਲ ਪਈਆਂ ਨੇ ਲਾਲ ਖਜੂਰਾਂ ਨੀ,
ਚੁਣ ਲਈਆਂ ਨੇ ਭੌਂ ਤੇ ਤੇਰੇ ਵੀਰਾਂ ਨੀ,
ਇਹਨਾਂ ਵੀਰਾਂ ਨੇ ਪਾ ਲਈ ਹੱਟੀ ਨੀ,
ਸੌਦਾ ਲੈਣ ਆਈ ਭਾਗੋ ਜੱਟੀ ਨੀ,
ਭਾਗੋ ਜੱਟੀ ਦੇ ਪੈਰਾਂ ਵਿਚ ਕੜੀਆਂ ਨੀ,
ਇਹ ਕਿਸ ਸੁਨਿਆਰੇ ਘੜੀਆਂ ਨੀ,
ਘੜਨ ਵਾਲਾ ਜੀਵੇ ਨੀ,
ਪੈਰੀ ਪਾਣ ਵਾਲਾ ਜੀਵੇ ਨੀ।
ਏਟਾ ਏਟਾ ਵੇ ਲੋਕੜਿਓ ਏਟਾ ਸੀ
ਏਟਾ ਏਟਾ ਵੇ ਲੋਕੜਿਓ ਏਟਾ ਸੀ,
ਰੱਬ ਦੇਵੇ ਵੇ ਵੀਰਾ ਤੈਨੂੰ ਬੇਟਾ ਸੀ,
ਏਸ ਬੇਟੇ ਦੀ ਵੇਲ ਵਧਾਈ ਸੀ,
ਭਰ ਬੈਠਿਆਂ ਨੂੰ ਸ਼ਾਂਤ ਆਈ ਸੀ,
ਜਗ ਜੀਵਨ ਨੀ ਭੈਣਾ ਤੇਰੇ ਭਾਈ ਸੀ,
ਇਨ੍ਹਾਂ ਭੈਣਾਂ ਦੀ ਭੈਣ ਸਭਰਾਈ ਸੀ,
ਜਿਨ੍ਹੇ ਭਰ ਪੜੋਪੀ ਪਾਈ ਸੀ।