11.9 C
Los Angeles
Thursday, December 26, 2024

ਹੀਰ-ਰਾਂਝਾ : ਹਾਸ਼ਿਮ ਸ਼ਾਹ

ਹੀਰ ਰਾਂਝੇ ਕੀ ਬਿਰਤੀ
ਤੀਹ ਬੈਂਤਾਂ ਵਿਚ ਸਰਬ ਲਿਖਯਤੇ

ਅਲਫ਼ ਓਸ ਦਾ ਕੁਲ ਜ਼ਹੂਰ ਹੈ ਜੀ,
ਖ਼ਲਕ ਆਪੋ ਆਪਣੇ ਰਾਹ ਪਾਈ ।
ਕੋਈ ਹੱਸਦਾ ਹੈ ਕੋਈ ਰੋਂਵਦਾ ਹੈ,
ਸਭ ਇਸ਼ਕ ਨੇ ਧੂਮਾਧਾਮ ਚਾਈ ।
ਕਿੱਸਾ ਆਖਣਾ ਆਸ਼ਕਾਂ ਕਾਮਲਾਂ ਦਾ,
ਇਹ ਵੀ ਬੰਦਗੀ ਹੈ ਧੁਰੋਂ ਨਾਲ ਆਈ ।
ਹਾਸ਼ਮਸ਼ਾਹ ਨੂੰ ਆਖਿਆ ਦੋਸਤਾਂ ਨੇ,
ਰਾਂਝੇ ਹੀਰ ਦੀ ਸ਼ਾਇਰੀ ਆਖ ਕਾਈ ।੧।

ਬੇ ਬਹੁਤ ਹਿਕਾਇਤਾਂ ਛੋੜ ਕੇ ਮੈਂ,
ਰੰਗ ਰਸ ਦੀ ਹੈ ਥੋੜੀ ਬਾਤ ਜੋੜੀ ।
ਕਿੱਸਾ ਬਹੁਤ ਬੇਦਰਦ ਦਾ ਕੁਝ ਨਾਹੀਂ,
ਦਰਦਮੰਦ ਦੀ ਮਾਰਦੀ ਬਾਤ ਥੋੜੀ ।
ਲਿਖੇ ਲੇਖ ਦੀ ਡੋਰ ਨੂੰ ਜ਼ੋਰ ਡਾਢਾ,
ਕਿਸੇ ਪਾਸੁ ਨਾ ਟੁੱਟਦੀ ਮੂਲ ਤੋੜੀ ।
ਹਾਸ਼ਮਸ਼ਾਹ ਮੀਆਂ ਹੀਰ ਰਾਂਝਣੇ ਦੀ,
ਵੇਖ ਲੇਖ ਬਣਾਉਂਦਾ ਆਣ ਜੋੜੀ ।੨।

ਤੇ ਤਖ਼ਤ ਹਜ਼ਾਰੇ ਦੇ ਵਿਚ ਵੱਸੇ,
ਰੰਗ ਰੂਪ ਰਸੀਲੜਾ ਛੈਲ ਦੀਂਹਦਾ ।
ਬਾਪ ਦਾਦਿਓਂ ਉੱਜਲਾ ਨਾਉਂ ਧੀਦੋ,
ਜ਼ਿਮੀਦਾਰ-ਬੱਚਾ ਪੁੱਤ ਚੌਧਰੀ ਦਾ ।
ਫਿਰੇ ਲਾਡਲਾ ਮਸਤ ਖ਼ੁਮਾਰ ਹੋਇਆ,
ਭਲਾ ਬੁਰਾ ਨਾ ਜਾਣਦਾ ਕੌਣ ਕੀਹਦਾ ।
ਹਾਸ਼ਮਸ਼ਾਹ ਮੀਆਂ ਕੌਣ ਮਤ ਦੇਂਦਾ,
ਸੁਖੀ-ਲੱਧੜਾ ਹੋਂਵਦਾ ਪੁੱਤ ਜੀਂਹਦਾ ।੩।

ਸੇ ਸਾਬਤੀ ਨਾਲ ਨਿਬਾਹ ਹੋਇਆ,
ਜ਼ੌਕ ਸ਼ੌਕ ਤੇ ਐਸ਼ ਅਰਾਮ ਪਾਇਆ ।
ਜਿਹੜਾ ਲਾਡ ਗੁਮਾਨ ਦਾ ਜ਼ੋਰ ਆਹਾ,
ਮਾਪੇ ਮੁਇਆਂ ਰੰਝੇਟੇ ਦੇ ਪੇਸ਼ ਆਇਆ ।
ਕੋਈ ਚੱਜ ਅਚਾਰ ਨਾ ਜਾਣਦਾ ਸੀ,
ਫੇਰ ਮੇਹਣੇ ਤਾਨ੍ਹਿਆਂ ਜ਼ੋਰ ਪਾਇਆ ।
ਹਾਸ਼ਮਸ਼ਾਹ ਮੀਆਂ ਅਸਾਂ ਜ਼ਾਹਰ ਡਿੱਠਾ,
ਸੁਖਿਆਰਿਆਂ ਅੰਤ ਨੂੰ ਦੁਖ ਪਾਇਆ ।੪।

ਜੀਮ ਜਗ ਦੀ ਰੀਤ ਨਾ ਇੱਕ ਆਵੇ,
ਰਾਂਝਾ ਬਹੁਤ ਅਧੀਨ ਉਦਾਸ ਹੋਇਆ ।
ਭਾਈ ਸੱਤ ਤੇ ਆਂਢ ਗੁਆਂਢ ਸਾਰਾ,
ਜਮ੍ਹਾ ਆਣਿ ਰੰਝੇਟੇ ਦੇ ਪਾਸ ਹੋਇਆ ।
‘ਮੂਲ ਜਾਹ ਨ ਰੱਬ ਦਾ ਵਾਸਤਾ ਈ,
ਤੇਰਾ ਖੇਸ਼ ਕਬੀਲੜਾ ਦਾਸ ਹੋਇਆ’ ।
ਹਾਸ਼ਮਸ਼ਾਹ ਮੀਆਂ ਅੱਗ ਇਸ਼ਕ ਦੀ ਇਹ,
ਜਿਥੇ ਪਈ ਸ਼ਊਰ ਦਾ ਨਾਸ ਹੋਇਆ ।੫।

ਹੇ ਹਿਰਸ ਨਾਹੀ ਮੈਨੂੰ ਮੂਲ ਕਾਈ,
ਕਹਿਆ ਭਾਈਆਂ ਤੇ ਭਰਜਾਈਆਂ ਨੂੰ ।
ਅਵਾਜ਼ਾਰ ਹੋ ਕੇ ਉਠ ਰਾਹ ਪਿਆ,
ਮੱਥਾ ਟੇਕ ਕੇ ਚਾਚੀਆਂ ਤਾਈਆਂ ਨੂੰ ।
ਕੌਣ ਕਿਸੇ ਦੇ ਨਾਲ ਫ਼ਕੀਰ ਹੋਵੇ,
ਸੁਖ ਆਪੋ ਆਪਣਾ ਭਾਈਆਂ ਨੂੰ ।
ਹਾਸ਼ਮਸ਼ਾਹ ਮੀਆਂ ਸੂਲ ਪੁੱਤਰਾਂ ਦੇ,
ਸੀਨਾ ਸੱਲਦੇ ਦੁੱਖ ਨੀ ਮਾਈਆਂ ਨੂੰ ।੬।

ਖ਼ੇ ਖ਼ਰਚ ਨ ਸਾਥ, ਨ ਰਾਹ ਜਾਣੇ,
ਬੇਲੇ ਬਰਵਾ ਵਿਚ ਖ਼ੁਆਰ ਹੋਇਆ ।
ਸੋਜ਼ ਇਸ਼ਕ ਦਾ ਤੇ ਧੁੱਪ ਤੇਜ਼ ਲੱਗੀ,
ਪੈਰੀਂ ਚੁਭੇ ਬਬੂਲ ਬੀਮਾਰ ਹੋਇਆ ।
ਨੈਣੀਂ ਰੱਤ ਵਗੇ ਤਨੋਂ ਸਤ ਗਇਆ,
ਰਾਂਝਾ ਆਣ ਕੇ ਬਹੁਤ ਲਾਚਾਰ ਹੋਇਆ ।
ਹਾਸ਼ਮਸ਼ਾਹ ਮੀਆਂ ਉਥੇ ਰੱਬ ਬੇਲੀ,
ਸੋਹਣੀ ਵਾਂਗ ਉਰਾਰ ਨ ਪਾਰ ਹੋਇਆ ।੭।

ਦਾਲ ਦੁਖ ਕਜੀਅੜੇ ਬਹੁਤ ਹੋਏ,
ਮਰ ਪਿੱਟ ਕੇ ਝੰਗ ਸਿਆਲਿ ਆਇਆ ।
ਕੰਢੇ ਨਦੀ ਦੇ ਹੀਰ ਦੀ ਸੇਜਿ ਆਹੀ,
ਠੰਢੀ ਛਾਉਂ ਸੀ ਬਹੁਤ ਆਰਾਮ ਪਾਇਆ ।
ਭੁਞੇਂ ਰੁਲਦਿਆਂ ਨੂੰ ਸੇਜ ਹੱਥਿ ਆਈ,
ਰਾਂਝੇ ਸ਼ੁਕਰ ਕੀਤਾ ਸਾਈਂ ਚਿਤਿ ਆਇਆ ।
ਹਾਸ਼ਮਸ਼ਾਹ ਰੰਝੇਟੇ ਦੇ ਭਾਗ ਜਾਗੇ,
ਪਿਛੋਂ ਹੀਰ ਆਈ ਮੌਲੇ ਢੰਗ ਲਾਇਆ ।੮।

ਜ਼ਾਲ ਜ਼ੌਕ ਤੇ ਸ਼ੌਕ ਦੇ ਨਾਲ ਸੁੱਤਾ,
ਮਨੋਂ ਖ਼ੌਫ਼ ਲਾਹਿਆ ਮਿਠੀ ਨੀਂਦ ਕੀਤੀ ।
ਹੀਰ ਵੇਖ ਕੇ ਬਹੁਤ ਕ੍ਰੋਧ ਕੀਤਾ,
ਲੁੱਡਣ ਪਾਤਣੀ ਨੂੰ ਝਿੜਕ ਝੰਬ ਕੀਤੀ ।
ਪੱਲੂ ਲਾਹਿ ਕੇ ਹੀਰ ਦੀਦਾਰ ਕੀਤਾ,
ਰਾਂਝੇ ਯਾਰ ਦੀ ਤਰ੍ਹਾਂ ਪਛਾਣ ਲੀਤੀ ।
ਹਾਸ਼ਮਸ਼ਾਹ ਮਹਿਬੂਬ ਦਾ ਮੁਖ ਡਿੱਠਾ,
ਵੇਖ ਆਸ਼ਕਾਂ ਆਬਿਹਯਾਤ ਪੀਤੀ ।੯।

ਰੇ ਰਾਜ ਤੇ ਭਾਗ ਵਿਸਾਰ ਦਿਤਾ,
ਹੋਈ ਬਾਵਰੀ ਰਹੀ ਨ ਸੁਧ ਕਾਈ ।
ਦੀਵਾ ਵੇਖ ਪਤੰਗ ਨੂੰ ਚਿੰੜਗ ਪਇਆ,
ਬਿਰਹੋਂ ਜਾਇ ਬਰੂਦ ਨੂੰ ਅੱਗ ਲਾਈ ।
ਮੁਸ਼ਕ ਆਪਣੇ ਮਿਰਗ ਬੇਹੋਸ਼ ਹੋਇਆ,
ਚੰਦ ਵੇਖ ਚਕੋਰ ਨੇ ਸਿਉ ਲਾਈ ।
ਹਾਸ਼ਮਸ਼ਾਹ ਰੰਝੇਟੇ ਨੂੰ ਲਾਇ ਸੀਨੇ,
ਹੀਰ ਝੰਗ ਸਿਆਲ ਨੂੰ ਉਠਿ ਧਾਈ ।੧੦।

ਜ਼ੇ ਜ਼ੋਰ ਨ ਹੀਰ ਦਾ ਹੋਰ ਚੱਲੇ,
ਮੇਹੀਂ ਨਾਲ ਰੰਝੇਟੇ ਨੂੰ ਛੇੜਿਆ ਈ ।
ਸੀਨਾ ਬਿਰਹੋਂ ਦੇ ਸੋਜ਼ ਮਨੂਰ ਕੀਤਾ,
ਪਿੰਡਾ ਝੱਲ ਤੇ ਕਾਹ ਉਧੇੜਿਆ ਈ ।
ਰਾਤੀਂ ਨੀਂਦ ਨ ਦਿਨੇ ਆਰਾਮ ਆਵੇ,
ਠਾਣਾ ਸਬਰ ਦਾ ਇਸ਼ਕ ਉਖੇੜਿਆ ਈ ।
ਹਾਸ਼ਮਸ਼ਾਹ ਕੀ ਦੋਸ਼ ਹੈ ਮੇਹੀਆਂ ਦਾ,
ਦੁਖ ਪਾਉਂਦਾ ਆਪਣਾ ਫੇੜਿਆ ਈ ।੧੧।

ਸੀਨ ਸਾਹੁਰੇ ਪੇਇੜੇ ਧੁੰਮ ਪਈਆ,
ਹੀਰ ਚਾਕ ਦਾ ਨੇਹੁੰ ਕਮਾਉਂਦੀ ਹੈ ।
ਚੂਰੀ ਕੁੱਟ ਕੇ ਨਾਲ ਬਹਾਨਿਆਂ ਦੇ,
ਚਾਕ ਪਾਸ ਇਕੱਲੜੀ ਜਾਉਂਦੀ ਹੈ ।
ਪਈ ਬਹੁਤ ਅਵੱਲੜੇ ਰਾਹ ਨੱਢੀ,
ਪੱਗਾਂ ਦਾੜ੍ਹੀਆਂ ਨੂੰ ਲਾਜ ਲਾਉਂਦੀ ਹੈ ।
ਹਾਸ਼ਮ ਸ਼ਾਹ ਮੀਆਂ ਬਹੁਤ ਚਰਚ ਹੋਈ,
ਭੈੜੀ ਨੰਗ ਨਮੂਸ ਗਵਾਉਂਦੀ ਹੈ ।੧੨।

ਸੀਨ ਸ਼ੌਕ ਸਲੇਟੀ ਨੂੰ ਜ਼ੋਰ ਕੀਤਾ,
ਦੂਆ ਜੰਞ ਆਈ ਘਰ ਖੇੜਿਆਂ ਦੀ ।
ਹੀਰ ਅਕਦੁ ਨਿਕਾਹੁ ਨ ਮੰਨਦੀ ਹੈ,
ਮਾਪੇ ਲੋੜਦੇ ਲਾਜ ਸਹੇੜਿਆਂ ਦੀ ।
ਹੀਰ ਰੋਵਣੇ ਨਾਲ ਵਿਹਾਰ ਲਾਇਆ,
ਉਹਨੂੰ ਸਾਰ ਕੀ ਝਗੜਿਆਂ ਝੇੜਿਆਂ ਦੀ ।
ਹਾਸ਼ਮ ਸ਼ਾਹ ਮੀਆਂ ਕਾਜ਼ੀ ਸ਼ਰ੍ਹਾ ਉਤੇ,
ਪਈ ਗੱਲ ਨਿਆਉਂ ਨਿਬੇੜਿਆਂ ਦੀ ।੧੩।

ਸੁਆਦ ਸੁਬ੍ਹਾ ਸਵੇਰੇ ਹੀ ਦੂਤੀਆਂ ਨੇ,
ਕਾਜ਼ੀ ਸ਼ਹਿਰ ਦੇ ਥੇ ਜਾਇ ਬਾਤ ਕੀਤੀ ।
ਕਾਜ਼ੀ ਭੇਜ ਕੇ ਨਫ਼ਰ ਗੁਲਾਮ ਕੋਈ,
ਜਗ੍ਹਾ ਆਪਣੀ ਹੀਰ ਬੁਲਾਇ ਲੀਤੀ ।
ਅਗੇ ਮੁਲਖ ਤੇ ਸ਼ਹਿਰ ਹਜੂਮ ਸਾਰਾ,
ਓਥੇ ਹੀਰ ਵੀ ਜਾਇ ਸਲਾਮ ਕੀਤੀ ।
ਹਾਸ਼ਮ ਸ਼ਾਹ ਜੁ ਰੱਬ ਕਰੀਮ ਹੈਂ ਤੂੰ,
ਕਾਜ਼ੀ ਖੋਲ੍ਹ ਕੇ ਹੱਥਿ ਕਿਤਾਬ ਲੀਤੀ ।੧੪।

ਜ਼ੁਆਦ ਜ਼ਬਤ ਕਿਤਾਬ ਤਮਾਮ ਕਰਕੇ,
ਕਾਜ਼ੀ ਆਖਿਆ ਵੇਖ ਕੇ ਹੀਰ ਤਾਈਂ ।
‘ਤਰਫ ਵੇਖਣਾ ਮਰਦ ਬੇਗਾਨਿਆਂ ਦੇ,
ਸ਼ਰ੍ਹਾ ਵਿਚ ਇਹ ਬਾਤ ਦਰੁਸਤ ਨਾਹੀਂ ।
ਸੱਚ ਆਖ ਬਦਬਖ਼ਤ ਸ਼ੈਤਾਨ ਨੱਢੀ,
ਸ਼ਹਿਰ ਵਿਚ ਤੂੰ ਇਹ ਕੀ ਧੁੰਮ ਪਾਈ’ ?
ਹਾਸ਼ਮ ਹੀਰ ਦਾ ਰੱਬ ਹਯਾਉ ਰੱਖੇ,
ਦੂਤੀ ਦੁਸ਼ਮਨਾਂ ਹੀਰ ਤੇ ਖ਼ੂਬ ਲਾਈ ।੧੫।

ਤੋਇ ਤੋਲ ਕੇ ਹੀਰ ਜਵਾਬ ਕੀਤਾ,
ਰਾਂਝੇ ਯਾਰ ਦੀ ਜੀਅ ਵਿਚ ਸ਼ਕਲ ਧਾਰੀ ।
ਉਥੇ ਖੇੜੇ ਤੇ ਸਭ ਸਿਆਲ ਬੈਠੇ,
ਪੈਂਚ ਚੌਧਰੀ ਤੇ ਕੁਲ ਸਭਾ ਸਾਰੀ ।
ਸੂਬਾਦਾਰ ਤੇ ਵਿਚ ਅਮੀਨ ਬੈਠੇ,
ਕਈ ਮੁਤਕੀ ਤੇ ਮੁਖ਼ਾਦੀਮ ਭਾਰੀ ।
ਹਾਸ਼ਮ ਏਸ ਜਵਾਬ ਥੋਂ ਕਤਾ ਹੋਵੇ,
ਰਾਂਝੇ ਹੀਰ ਦੀ ਪਾਕ ਪੁਨੀਤ ਯਾਰੀ ।੧੬।

ਜ਼ੋਇ ਜ਼ਾਮਨ ਹੈ ਅਸਾਂ ਨਿਮਾਣਿਆਂ ਦਾ,
ਹੀਰ ਆਖਿਆ ਉਹ ਨਿਰਾਕਾਰ ਮੀਆਂ ।
ਜਿਹੜਾ ਅਸਾਂ ਤੇ ਤੁਸਾਂ ਨੂੰ ਰਿਜ਼ਕ ਦੇਵੇ,
ਪੈਦਾ ਕੀਤੇਸੂ ਲਾਖ ਹਜ਼ਾਰ ਮੀਆਂ ।
ਓਨ੍ਹੇ ਜਤੀ ਸਤੀ ਜੋਧੇ ਪੁਰਖ ਕੀਤੇ,
ਓਹੋ ਪਾਲਦਾ ਚੋਰ ਤੇ ਯਾਰ ਮੀਆਂ ।
ਹਾਸ਼ਮ ਦੇਖੀਏ ਕੌਣ ਸੁਰਜੀਤ ਹੋਵੇ,
ਪਿਆ ਮਾਰਦਾ ਵਿਚ ਬਜ਼ਾਰ ਮੀਆਂ ।੧੭।

ਐਨ ਇਲਮ ਸੀ ਬਹੁਤ ਸ਼ੈਤਾਨ ਤਾਈਂ,
ਹੀਰ ਆਖਿਆ ਮੁੱਢ ਕਦੀਮ ਮੀਆਂ ।
ਲਿਖੇ ਲੇਖ ਨੇ ਮਾਰ ਕੇ ਗਰਦ ਕੀਤਾ,
ਉਹੀਓ ਹੋਇਆ ਸ਼ੈਤਾਨ ਅਲੀਮ ਮੀਆਂ ।
ਲੇਖਾਂ ਯੂਸਫ਼ ਜੇਹਾ ਗ਼ੁਲਾਮ ਕੀਤਾ,
ਜਿਹਦੇ ਖ਼ੂਬੀਆਂ ਬਹੁਤ ਅਜ਼ੀਮ ਮੀਆਂ ।
ਹਾਸ਼ਮ ਆਖਿਆ ਹੀਰ ਨੇ ਸਮਝ ਕਾਜ਼ੀ,
ਅਸੀਂ ਕੌਣ ਗਵਾਰ ਯਤੀਮ ਮੀਆਂ ।੧੮।

ਗ਼ੈਨ ਗ਼ਰਕ ਹੋ ਜਾਓ ਨਾ ਅਕਲ ਤੁਸਾਂ,
ਕਾਜ਼ੀ ਆਖਿਆ ਹੀਰ ਦਿਆਂ ਮਾਪਿਆਂ ਨੂੰ ।
ਤੁਸਾਂ ਆਸ਼ਕਾਂ ਰੱਬ ਦਿਆਂ ਕੈਦ ਕੀਤਾ,
ਇਹ ਕੀ ਜਾਣਦੇ ਇਨ੍ਹਾਂ ਸਿਆਪਿਆਂ ਨੂੰ ।
ਤੁਸੀਂ ਲੋੜਦੇ ਹੀਰ ਦੇ ਸਾਥ ਪਿਛੇ,
ਪਾਸ ਬਾਂਹ ਹੋਵੇ ਇਕਲਾਪਿਆਂ ਨੂੰ ।
ਕੀਤਾ ਸੁਰਖ਼ਰੂ ਰੱਬ ਨੇ ਹੀਰ ਹਾਸ਼ਮ,
ਪਛੋਤਾਉਂਦੇ ਰਾਗ ਅਲਾਪਿਆਂ ਨੂੰ ।੧੯।

ਫ਼ੇ ਫ਼ਾਇਦਾ ਕੁਝ ਨ ਹੋਇਓ ਨੇ,
ਝੂਠੇ ਹੋਏ ਸਿਆਲ ਲਾਚਾਰ ਹੋਏ ।
ਹੱਥ ਬੰਨ੍ਹ ਕੇ ਬੇਨਤੀ ਕਰਨ ਸਭੇ,
ਰੱਖ ਲੱਜ ਸਾਡੀ ਬਹੁਤ ਖ਼ੁਆਰ ਹੋਏ ।
ਇਕ ਵਾਰ ਤੂੰ ਸਾਹੁਰੇ ਜਾ ਹੀਰੇ,
ਫੇਰ ਆਖੀਏ ਤੇ ਗ਼ੁਨਾਹਗਾਰ ਹੋਏ ।
ਹਾਸ਼ਮਸ਼ਾਹ ਮੀਆਂ ਫੇਰ ਲਾਜ ਮਿਠੀ,
ਜ਼ੋਰ ਇਸ਼ਕ ਦਾ ਲਾਖ ਹਜ਼ਾਰ ਹੋਏ ।੨੦।

ਕਾਫ ਕਦਰ ਪਛਾਣ ਕੇ ਮਾਪਿਆਂ ਦੀ,
ਹੀਰ ਖੇੜਿਆਂ ਨਾਲ ਤਿਆਰ ਹੋਈ ।
ਲੱਜ ਲਾਜ ਤੇ ਜਿੰਦੜੀ ਬਹੁਤ ਮਿਠੀ,
ਹੀਰ ਮੂਲ ਨ ਨੱਚੀਆ ਲਾਹ ਲੋਈ ।
ਰਾਂਝਾ ਟਮਕ ਚੁਕ ਖੇੜਿਆਂ ਨਾਲ ਹੋਇਆ,
ਡੋਲੀ ਖੇੜਿਆਂ ਦੇ ਬੂਹੇ ਜਾਇ ਢੋਈ ।
ਹਾਸ਼ਮਸ਼ਾਹ ਮੀਆਂ ਕਿੱਸਾ ਛੱਡ ਵਿਚੇ,
ਏਦੂੰ ਅਗਲੀ ਵਾਰਤਾ ਆਖ ਕੋਈ ।੨੧।

ਕਾਫ ਕੋਟ ਹਜ਼ਾਰੇ ਨੂੰ ਉਠ ਧਾਇਆ,
ਹੋਰ ਚਾਕਰੀ ਮੂਲ ਨ ਪੁਜਦੀ ਸੂ ।
ਲੈਂਦਾ ਹਾਉਕੇ ਤੇ ਪਛੋਤਾਂਵਦਾ ਈ,
ਚਿਖਾ ਇਸ਼ਕ ਦੀ ਮੂਲ ਨਾ ਬੁਝਦੀ ਸੂ ।
ਰਾਂਝੇ ਰੋਇ ਦਿਤਾ ਵੇਖ ਭਾਈਆਂ ਨੂੰ,
ਮੂੰਹੋਂ ਦੁਆਇ ਸਲਾਮ ਨਾ ਸੁੱਝਦੀ ਸੂ ।
ਹਾਸ਼ਮਸ਼ਾਹ ਵਿਓਗ ਬੇਹੋਸ਼ ਕੀਤਾ,
ਹੋਰ ਗੇਣਤੀ ਮੁਝ ਨ ਤੁਝ ਦੀ ਸੂ ।੨੨।

ਲਾਮ ਲਾਇਕੇ ਪ੍ਰੀਤ ਲਿਖਾਇ ਚਿਠੀ,
ਹੀਰ ਰਾਂਝਣੇ ਦੀ ਵਲ ਫੇਰ ਘੱਲੀ ।
ਸਾਨੂੰ ਮੇਹਿਣਾ ਦੇਇਕੇ ਜਗ ਸਾਰੇ,
ਆਪ ਤਖ਼ਤ ਹਜ਼ਾਰੇ ਦੀ ਜਾਇ ਮੱਲੀ ।
ਰਾਂਝਾ ਵੇਖਦੋ ਫੇਰ ਉਦਾਸ ਹੋਆਿ,
ਭੋਰਾ ਰਹੇ ਨ ਜੀਉ ਦੀ ਵਾਗ ਠੱਲ੍ਹੀ ।
ਹਾਸ਼ਮਸ਼ਾਹ ਰੰਝੇਟੇ ਨੇ ਹੀਰ ਪਿਛੇ,
ਜੋਗ ਪਾਇਆ ਤੇ ਸੀਸ ਤੇ ਖ਼ਾਕ ਮਲੀ ।੨੩।

ਮੀਮ ਮੁਖ ਬਿਭੂਤ ਲਗਾਇ ਰਾਂਝਾ,
ਕੰਨੀਂ ਮੁੰਦਰਾਂ ਤੇ ਹੋਇਆ ਜਟਾ ਧਾਰੀ ।
ਤੂੰਬਾ ਹੱਥ ਤਾਂਬਾ ਲੱਕ ਲੰਗ ਸੋਹੇ,
ਭਲੀ ਪਾਈਸੁ ਜੋਗ ਦੀ ਜੁਗਤ ਸਾਰੀ ।
ਜਾਇ ਪਹੁੰਚਿਆ ਰੰਗਪੁਰ ਖੇੜਿਆਂ ਦੇ,
ਵਿਹੜੇ ਹੀਰ ਦੇ ਜਾ ਕੇ ਕੇਸ਼ ਧਾਰੀ ।
ਹਾਸ਼ਮ ਸ਼ਾਹ ਮੀਆਂ ਯਾਰ ਵੇਖਣੇ ਨੂੰ,
ਰਾਂਝੇ ਭੇਸ ਵਟਾਇਆ ਹੈ ਖ਼ੂਬ ਕਾਰੀ ।੨੪।

ਨੂਨ ਨੇਹੁੰ-ਮੁਠੀ ਹੀਰ ਚੂਰ ਆਹੀ,
ਰਾਂਝੇ ਜਾਇ ‘ਅਲੱਖ’ ਬੁਲਾਇਆ ਸੀ ।
ਹੀਰ ਸੁਣੀ ਆਵਾਜ਼ ਤੇ ਉਠ ਬੈਠੀ,
ਬੋਲ ਮੀਤ ਦਾ ਖਰਾ ਸੁਖਾਇਆ ਸੀ ।
ਇਸ਼ਕ ਯਾਰ ਦੀ ਵਾਉ ਪਛਾਣਦਾ ਹੈ,
ਉਹ ਆਪ ਰਾਂਝਾ ਵਿਹੜੇ ਆਇਆ ਸੀ ।
ਹਾਸ਼ਮ ਸ਼ਾਹ ਮੀਆਂ ਲੋਕ ਝੂਠ ਆਖੇ,
ਰਾਂਝੇ ਨਾਲ ਸਹਿਤੀ ਝੇੜਾ ਪਾਇਆ ਸੀ ।੨੫।

ਵਾਉ ਵੇਖ ਕੇ ਹੀਰ ਦਾ ਰੰਗ ਰਾਂਝੇ,
ਮਾਰੀ ਆਹ ਤੇ ਖਰਾ ਬੇਤਾਬ ਹੋਇਆ ।
ਦਰਦ ਇਸ਼ਕ ਦੇ ਫੱਟ ਤੇ ਲੂਣ ਪਾਇਆ,
ਅੱਗ ਇਸ਼ਕ ਦੀ ਨਾਲ ਕਬਾਬ ਹੋਇਆ ।
ਘੁੱਟ ਵੱਟ ਕੇ ਮੂੰਹੋਂ ਨ ਬੋਲਿਆ ਸੀ,
ਮੁੜ ਪਿਛ੍ਹਾਂ ਨੂੰ ਫੇਰ ਸ਼ਿਤਾਬ ਹੋਇਆ ।
ਹਾਸ਼ਮ ਸ਼ਾਹ ਮੀਆਂ ਧੂਆਂ ਪਾਉਣੇ ਦੇ,
ਰਾਂਝਾ ਫ਼ਿਕਰ ਦੇ ਵਿਚ ਖ਼ਰਾਬ ਹੋਇਆ ।੨੬।

ਹੇ ਹੀਲਾ ਹਕੀਮਗੀ ਬਹੁਤ ਹੋਈ,
ਰੋਗ ਹੀਰ ਦਾ ਕਿਨ੍ਹੇ ਨਾ ਪਾਇਆ ਸੀ ।
ਹੱਥ ਬੰਨ੍ਹ ਖੇੜਾ ਗਰਜ਼ ਆਪਣੀ ਨੂੰ,
ਜੋਗੀ ਪਾਸ ਅਧੀਨ ਹੋ ਆਇਆ ਸੀ ।
‘ਘਰ ਚਲੀਏ ਜੀ ! ਸਾਡੇ ਭਾਗ ਹੋਏ,
ਹੀਰ ਬਹੁਤ ਡਾਢਾ ਦੁਖ ਪਾਇਆ ਸੀ ।
ਹਾਸ਼ਮ ਸ਼ਾਹ ਮੀਆਂ ਮੌਲੇ ਦੁਸ਼ਮਣਾਂ ਨੂੰ,
ਹੱਥ ਬੰਨ੍ਹ ਕੇ ਆਣ ਨਿਵਾਇਆ ਸੀ ।੨੭।

ਲਾਮ ਲਾਇ ਪ੍ਰੀਤ ਤਵੀਤ ਕੀਤੇ,
ਰਾਂਝੇ ਦਾਰੂਆਂ ਤੇ ਵੱਡਾ ਜ਼ੋਰ ਪਾਇਆ ।
ਸਮਾ ਪਾਇਕੇ ਹੀਰ ਨੂੰ ਸੰਗ ਲੀਤਾ,
ਚੋਰੀ ਝੰਗ ਸਿਆਲ ਨੂੰ ਉਠ ਧਾਇਆ ।
ਪਿਛੇ ਖ਼ਬਰ ਹੋਈ ਖੇੜੇ ਉਠ ਵਗੇ,
ਰਾਜੇ ਅਦਲੀ ਦੇ ਸ਼ਹਿਰ ਹੱਥਿ ਆਇਆ ।
ਹਾਸ਼ਮ ਸ਼ਾਹ ਮੀਆਂ ਵੇਖ ਸੁਬ੍ਹਾ ਹੋਈ,
ਰਾਜੇ ਪਾਸ ਹਜ਼ੂਰ ਨਿਆਉਂ ਪਾਇਆ ।੨੮।

ਅਲਫ਼ ਆਖਿਆ ਹੀਰ ਨੂੰ ਦੱਸ ਹੀਰੇ !
ਤੇਰੇ ਨਾਲ ਰਾਂਝੇ ਕਿਹਾ ਸਾਕ ਹੈ ਜੀ ।
ਹੀਰ ਆਖਿਆ, ‘ਸਾਕ ਨ ਆਸ਼ਕਾਂ ਦੇ,
ਮੇਰਾ ਦੀਨ ਈਮਾਨ ਇਹ ਚਾਕ ਹੈ ਜੀ ।
ਝੂਠ ਬੋਲਣੇ ਥੀਂ ਕੁਝ ਨਫ਼ਾ ਨਾਹੀਂ,
ਹੋਇ ਜਾਵਣਾ ਅੰਤ ਨੂੰ ਖ਼ਾਕ ਹੈ ਜੀ ।
ਹਾਸ਼ਮ ਆਖਿਆ ਹੀਰ ਨੇ ਰੱਬ ਜਾਣੇ,
ਮੇਰਾ ਖੇੜਿਆਂ ਥੋਂ ਪੱਲਾ ਪਾਕ ਹੈ ਜੀ ।੨੯।

ਯੇ ਯਾਰ ਨੂੰ ਯਾਰ ਦੇ ਹੱਥ ਦਿਤਾ,
ਉਹਨਾਂ ਖੇੜਿਆਂ ਚਾਇ ਖਦੇੜਿਓ ਈ ।
ਜੁੱਗ ਜੁੱਗ ਹੋਵੇ ਰਾਜ ਆਦਲਾਂ ਦਾ,
ਰਾਜੇ ਨਿਆਉਂ ਹੀ ਨਿਆਉਂ ਨਿਬੇੜਿਓ ਈ ।
ਦੁਖ ਪਾਇ ਕੇ ਸੁਖ ਨਸੀਬ ਹੋਇਆ,
ਜਿਨ੍ਹਾਂ ਇਸ਼ਕ ਦਾ ਸਾਕ ਸਹੇੜਿਓ ਈ ।
ਹਾਸ਼ਮ ਸ਼ਾਹ ਮੀਆਂ, ਉਹਨਾਂ ਦੂਤੀਆਂ ਦਾ,
ਬੂਟਾ ਮੁੱਢ ਥੋਂ ਚਾਇ ਉਖੇੜਿਓ ਈ ।੩੦।

ਸਿਹਰਫ਼ੀ – ਹਾਸ਼ਿਮ ਸ਼ਾਹ

ਪਹਿਲੀ ਸੀਹਰਫ਼ੀ1ਅਲਫ਼ ਇਕ ਨਹੀਂ ਕੋਈ ਦੋਇ ਨਹੀਂ,ਰੰਗ ਰਸ ਜਹਾਨ ਦਾ ਚੱਖ ਗਏ ।ਲੱਦੇ ਨਾਲ ਜਵਾਹਰ ਮੋਤੀਆਂ ਦੇ,ਵਾਰੀ ਚਲਦੀ ਨਾਲ ਨਾ ਕੱਖ ਗਏ ।ਡੇਰੇ ਪਾਉਂਦੇ ਰਖਦੇ ਲਸ਼ਕਰਾਂ ਨੂੰ,ਫੜੇ ਮੌਤ ਦੇ, ਵਖੋ ਹੀ ਵੱਖ ਗਏ ।ਜ਼ਰਾ ਖੋਜ ਨ ਦਿਸਦਾ ਵੇਖ 'ਹਾਸ਼ਮ',ਜਿਸ ਰਾਹ ਕਰੋੜ ਤੇ ਲੱਖ ਗਏ ।੧।2ਬੇ ਬੰਧੁ ਨ ਪਾਇਆ ਰੱਜਨਾ ਹੈਂ,ਨਹੀਂ ਹਿਰਸ ਦੀ ਭੁਖ ਨੂੰ ਥੰਮ ਨਾਹੀਂ ।ਕਈ ਛੋਡ ਗਏ ਇਹਨਾਂ ਪੱਥਰਾਂ ਨੂੰ,ਹੀਰੇ ਲਾਲ ਤੇਰੇ ਕਿਸੇ ਕੰਮ ਨਾਹੀਂ ।ਕਰ ਨੇਕੀਆਂ ਆਉਂਨੀ ਕੰਮ ਤੇਰੇ,ਇਸ ਜੇਡੀਆਂ ਦੌਲਤਾਂ ਦੰਮ ਨਾਹੀਂ ।'ਹਾਸ਼ਮ ਸ਼ਾਹ' ਸਿਰ੍ਹਾਣੇ...

ਸ਼ੀਰੀਂ ਫ਼ਰਹਾਦ : ਹਾਸ਼ਿਮ ਸ਼ਾਹ

ਪ੍ਰਿਥਮੇ ਉਸਤਤਿ ਸਾਹਿਬ ਦੀ-ਸਾਹਿਬ ਰੱਬੁ ਕਾਰੀਗਰ ਅਜ਼ਲੀ, ਕੁਦਰਤਿ ਅਪਰ ਅਪਾਰਾ ।ਹਰ ਹਰ ਦਿਲ ਵਿਚ ਨੂਰ ਉਸੇ ਦਾ, ਪਰ ਉਹ ਆਪ ਨਿਆਰਾ ।੧।ਇਕ ਦਾਤਾ ਸਭ ਜਗਤ ਭਿਖਾਰੀ, ਕੁਲ ਖ਼ਲਕਾਂ ਦਾ ਵਾਲੀ ।ਗਿਣ ਗਿਣ ਰਿਜ਼ਕ ਪੁਚਾਵੇ ਸਭਨਾਂ, ਕੋਇ ਨ ਰਹਿੰਦਾ ਖਾਲੀ ।੨।ਨਾਗਰ ਮੱਛ ਕੁੰਮੇ ਜਲਹੋੜੇ, ਜਲ ਵਿਚਿ ਰਹਿਣ ਹਮੇਸ਼ਾ ।ਤਾਜ਼ਾ ਰਿਜ਼ਕ ਪੁਚਾਵੇ ਓਨ੍ਹਾਂ, ਨਾ ਉਹ ਕਰਨ ਅੰਦੇਸ਼ਾ ।੩।ਹਾਥੀ ਸ਼ੇਰ ਪਰਿੰਦੇ ਪੰਛੀ, ਸੱਪ ਅਠੂੰਹੇ ਕੀੜੇ ।ਨ ਉਹ ਵਾਹੁਣ ਨ ਉਹ ਬੀਜਣ, ਹੋਣ ਨ ਰਿਜ਼ਕੋਂ ਭੀੜੇ ।੪।ਕਿਤਨੇ ਹੋਰ ਨ ਗਿਣਤੀ ਆਵਣ, ਸੁਣੇ ਨ...

ਦੋਹੜੇ: ਹਾਸ਼ਿਮ ਸ਼ਾਹ

ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ ਨਿਸ਼ਾਨਾ ।ਸੋਈ ਸ਼ਖ਼ਸ ਬੋਲੇ ਵਿਚ ਮੇਰੇ, ਇਵੇਂ ਹਾਸ਼ਮ ਨਾਮ ਬਹਾਨਾ ।ਆਦਰ ਭਾਉ ਜਗਤ ਦਾ ਕਰੀਏ, ਅਤੇ ਕਸਬੀ ਕਹਿਣ ਰਸੀਲਾ ।ਜੇ ਕਰ ਦੂਰ ਹਟਾਏ ਲੋਕਾਂ, ਅਤੇ ਕਹਿਣ ਸਵਾਨ ਕੁਤੀਲਾ ।ਦੇਸ ਤਿਆਗ ਫ਼ਕੀਰੀ ਫੜੀਏ, ਨਹੀਂ ਛੁਟਦਾ ਖੇਸ਼ ਕਬੀਲਾ ।ਹਾਸ਼ਮ ਖ਼ਿਆਲ ਛੁਟੇ ਨਹੀਂ ਰਾਹੀਂ, ਕੋਈ ਸੌ ਤਦਬੀਰ ਨ ਹੀਲਾ ।ਆਸ਼ਕ ਆਖ ਦੇਖਾਂ ਕਿਸ ਖ਼ਾਤਰ, ਨਿਤ ਚਰਬੀ ਮਾਸ ਸੁਕਾਵਣ...