A Literary Voyage Through Time

[ਜਸਵੰਤ ਸਿੰਘ ਜ਼ਫਰ]

ਘਰਾਂ ਵਿਚ ਬੁੱਢਿਆਂ ਦੀ ਵੁੱਕਤ ਨਹੀਂ ਹੁੰਦੀ। ਆਮ ਤੌਰ ਤੇ ਇਹ ਘਰਾਂ ਦੀਆਂ ਨੁੱਕਰਾਂ ਵਿਚ ਪਏ ਹੁੰਦੇ ਹਨ। ਵਡੇਰੀ ਉਮਰ ਕਾਰਨ ਉਹਨਾਂ ਦਾ ਸਤਿਕਾਰ ਤਾਂ ਹੋ ਸਕਦਾ ਹੈ ਪਰ ਉਹਨਾਂ ਦੀਆਂ ਗੱਲਾਂ ਨੂੰ ਸਮੇਂ ਦੇ ਹਾਣ ਦੀਆਂ ਨਹੀਂ ਸਮਝਿਆ ਜਾਂਦਾ। ਉਹਨਾਂ ਦੇ ਵਿਚਾਰਾਂ ਜਾਂ ਸਿਧਾਤਾਂ ਦੀ ਕੋਈ ਅਹਿਮੀਅਤ ਨਹੀਂ ਮੰਨੀ ਜਾਂਦੀ। ਉਹਨਾਂ ਦੀ ਅਸੀਸ ਅਤੇ ਆਸ਼ੀਰਵਾਦ ਤਾਂ ਸੁਹਾਵਣੇ ਲੱਗਦੇ ਹਨ, ਪਰ ਕਾਰ-ਵਿਹਾਰ ਵਿਚ ਉਹਨਾਂ ਦਾ ਦਖ਼ਲ ਚੁੱਭਦਾ ਹੈ। ਉਹਨਾਂ ਦਾ ਨਾਮ ਪਰਿਵਾਰ ਦੀ ਪਛਾਣ ਲਈ ਵਰਤਿਆ ਜਾਂਦਾ ਹੈ ਪਰ ਉਹਨਾਂ ਦੀ ਹਸਤੀ ਪਰਿਵਾਰ ਦੀ ਸਮੁੱਚੀ ਸਰਗਰਮੀ ਦਾ ਕੇਂਦਰੀ ਧੁਰਾ ਨਹੀਂ ਹੁੰਦੀ। ਪਰਿਵਾਰਾਂ ਦੇ ਮੈਂਬਰ ਆਪਣੇ ਬਜ਼ੁਰਗਾਂ ਦੇ ਵਾਰਿਸ ਹੋਣ ਤੇ ਗੌਰਵ ਤਾਂ ਕਰਦੇ ਹਨ ਪ੍ਰੰਤੂ ਉਹਨਾਂ ਦੇ ਅਸੂਲਾਂ ਦੇ ਧਾਰਨੀ ਹੋਣ ਦਾ ਸਿਦਕ ਘੱਟ ਹੀ ਪਾਲਦੇ ਹਨ। ਇਸ ਵਿਚ ਕਿਸੇ ਦਾ ਕਸੂਰ ਨਹੀਂ, ਸਗੋਂ ਇਹ ਤਾਂ ਬੁਢਾਪੇ ਨਾਲ ਜੁੜਿਆ ਅੱਜ ਕੱਲ੍ਹ ਦਾ ਸੁਭਾਵਿਕ ਸੱਚ ਹੈ।

ਗੁਰੂ ਨਾਨਕ ਵਲੋਂ ਮਨੁੱਖਾਂ ਲਈ ਨਿਰਧਾਰਤ ਕੀਤੇ ਗਏ ਆਚਾਰ ਵਿਹਾਰ ਦੇ ਸਿਧਾਂਤਾਂ ਪ੍ਰਤੀ ਸਾਡੇ ਰਵੱਈਏ ਕਾਰਨ ਇਹ ਲਾਜ਼ਮੀ ਹੋ ਗਿਆ ਕਿ ਗੁਰੂ ਨਾਨਕ ਨੂੰ ਇਕ ਬਿਰਧ ਬਾਬੇ ਵਾਂਗ ਹੀ ਚਿਤਵਿਆ ਜਾਏ। ਜਿਸ ਦੀ ਸ਼ਰਧਾ ਸਹਿਤ ਪੂਜਾ ਕਰ ਸਕਦੇ ਹੋਈਏ, ਧੂਫ ਬੱਤੀ ਕਰ ਸਕਦੇ ਹੋਈਏ, ਮੱਥੇ ਟੇਕ ਸਕਦੇ ਹੋਈਏ ਪਰੰਤੂ ਆਖੇ ਨਾ ਲੱਗ ਸਕਦੇ, ਹੋਈਏ ਉਸ ਨੂੰ ਬਿਰਧ ਰੂਪ ਵਿਚ ਚਿਤਵਣ ਨਾਲ ਮਾਨਸਿਕ ਸਹੂਲਤ ਰਹਿੰਦੀ ਹੈ। ਆਪਣੇ ਜੀਵਨ ਨੂੰ ਗੁਰੂ ਦੇ ਉਪਦੇਸ਼ ਅਨੁਸਾਰ ਢਾਲਣ ਦੀ ਬਜਾਏ ਅਸੀਂ ਗੁਰੂ ਦੀ ਦਿੱਖ ਨੂੰ ਆਪਣੀ ਮਾਨਸਿਕਤਾ ਦੇ ਅਨੁਸਾਰ ਚਿਤਰ ਲਿਆ।ਗੁਰੂ ਨਾਨਕ ਸਾਹਿਬ 1469 ਈ. ਤੋਂ ਲੈ ਕੇ 1539 ਈ. ਤੱਕ ਸੰਸਾਰ ਵਿੱਚ ਸਰੀਰਕ ਤੌਰ ਤੇ ਵਿਚਰੇ ਹਨ। ਉਹਨਾਂ ਦੀ ਕੁਲ ਆਯੂ 69 ਤੋਂ 70 ਸਾਲ ਦੇ ਦਰਮਿਆਨ ਹੋਈ ਹੈ। ਇਸ ਦੇ ਬਾਵਜੂਦ ਘਰ ਘਰ ਲੱਗੀਆਂ ਤਸਵੀਰਾਂ ਵਿਚ ਉਹਨਾਂ ਦੀ ਉਮਰ 80ਸਾਲ ਜਾਂ ਇਸ ਤੋਂ ਵੱਧ ਜਾਪਦੀ ਹੈ। ਇਹ ਗੱਲ ਇਕੱਲੀ ਪੋਰਟਰੇਟ ਚਿਤਰਾਂ ਦੀ ਹੀ ਨਹੀਂ ਸਗੋਂ ਉਹਨਾਂ ਦੇ ਜੀਵਨ ਨਾਲ ਸਬੰਧਤ ਘਟਨਾਵਾਂ (ਸਾਖੀਆਂ) ਨੂੰ ਦਰਸਾਉਂਦੇ ਚਿਤਰਾਂ ਵਿਚ ਵੀ ਇਸੇ ਤਰ੍ਹਾਂ ਹੈ। ਛਪੀ ਹੋਈ ਇਕ ਅਜਿਹੀ ਤਸਵੀਰ ਵੀ ਦੇਖੀ ਹੈ ਜਿਸ ਵਿਚ ਬਜ਼ੁਰਗ ਗੁਰੂ ਨਾਨਕ ਵੇਂਈ ਨਦੀ ਵਿਚ ਚੁੱਭੀ ਮਾਰਨ ਮਗਰੋਂ ਨਦੀ ਵਿਚ ਖੜ੍ਹੇ ਮੂਲ ਮੰਤਰ ਦਾ ਉਚਾਰਨ ਕਰਦੇ ਦਿਖਾਏ ਗਏ ਹਨ। ਇਹ ਕਿੰਨਾ ਵੱਡਾ ਜ਼ੁਲਮ ਤੇ ਬੇਅਦਬੀ ਹੈ, ਵੇਈਂ ਵਿਚ ਚੁੱਭੀ ਮਾਰਨ ਵਾਲੀ ਘਟਨਾ ਸਮੇਂ ਉਹਨਾਂ ਦੀ ਉਮਰ 18 ਤੋਂ 28 ਸਾਲ ਦੇ ਦਰਮਿਆਨ ਸੀ। ਅਜਿਹੇ ਚਿਤਰ ਉਹਨਾਂ ਅਸ਼ਲੀਲ ਫਿਲਮਾਂ ਜਾਂ ਗੀਤਾਂ ਦੇ ਵੀਡੀਓਜ਼ ਵਾਂਗ ਹਨ ਜਿੰਨ੍ਹਾਂ ਦੇ ਨਿਰਮਾਤਾ ਕਹਿੰਦੇ ਹਨ ਕਿ ਉਹਨਾਂ ਨੇ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਹਨਾਂ ਦਾ ਨਿਰਮਾਣ ਕੀਤਾ ਹੈ।

ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ (ਲੰਮੀ ਯਾਤਰਾ) 28 ਸਾਲ ਦੀ ਉਮਰ ਵਿਚ 1497 ਈ. ਨੂੰ ਅਰੰਭ ਕੀਤੀ ਜੋ 40 ਸਾਲ ਦੀ ਉਮਰ ਵਿਚ 1509 ਈ. ਨੂੰ ਸਮਾਪਤ ਹੋਈ। ਇਸ ਉਦਾਸੀ ਦੌਰਾਨ ਆਪ ਨੇ ਹਿੰਦੂ ਧਰਮ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਤੇ ਉਚੇਚੇ ਪਹੁੰਚ ਕੇ ਨਿਰਾਰਥਕ ਰੀਤਾਂ, ਰਸਮਾਂ, ਮਨੌਤਾਂ, ਮਰਿਯਾਦਾਵਾਂ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ। ਇਸ ਉਦਾਸੀ ਦੌਰਾਨ ਉਹਨਾਂ ਦੇ ਮੁੱਖ ਪੜਾਅ ਕਰੂਕਸ਼ੇਤਰ, ਹਰਿਦੁਆਰ, ਦਿੱਲੀ, ਮਥਰਾ, ਬਿੰਦਰਾਬਨ, ਅਯੁੱਧਿਆ, ਬਨਾਰਸ, ਗਯਾ, ਢਾਕਾ, ਕਲਕੱਤਾ, ਜਗਨ ਨਾਥ ਪੁਰੀ ਆਦਿ ਸਨ। ਕਰੂਕਸ਼ੇਤਰ ਵਿਖੇ ਵੈਸ਼ਨਵ ਪੰਡਤਾਂ ਦੁਆਰ ਮਾਸ ਖਾਣ ਸਬੰਧੀ ਛੇੜੀ ਚਰਚਾ ਦਾ ਉਤਰ ਦਿੰਦਿਆਂ ਆਪ ਨੇ ਕਿਹਾ:

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ।
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ।
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ।
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ।

ਇਸ ਉਪਰੰਤ ਪਿੱਤਰ ਪੂਜਾ ਲਈ ਪ੍ਰਸਿੱਧ ਤੀਰਥ ਹਰਿਦੁਆਰ ਵਿਖੇ ਪਹੁੰਚਕੇ ਆਪ ਨੇ ਪਿੱਤਰ ਪੂਜਾ ਸਬੰਧੀ ਪੰਡਿਆਂ ਦੁਆਰਾ ਫੈਲਾਏ ਭਰਮ ਜਾਲ ਪ੍ਰਤੀ ਵਿਅੰਗਾਤਮਕ ਅਤੇ ਪ੍ਰਭਾਵਸ਼ਾਲੀ ਟਿੱਪਣੀਆਂ ਕੀਤੀਆਂ:

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ।
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ।
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ।
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।

ਇਸ ਸਥਾਨ ਨਾਲ ਜੁੜੀ ਸਾਖੀ ਹੈ ਕਿ ਗੁਰੂ ਜੀ ਨੇ ਲੋਕਾਂ ਦੇ ਚੜ੍ਹਦੀ ਵੱਲ ਨੂੰ ਮੂੰਹ ਕਰਕੇ ਪਿੱਤਰਾਂ ਤੱਕ ਪਾਣੀ ਪਹੁੰਚਾਉਣ ਦੀ ਪ੍ਰਕਿਰਿਆ ਦਾ ਮਖ਼ੌਲ ਉਡਾਉਂਦਿਆਂ ਲਹਿੰਦੇ ਵੱਲ ਪੰਜਾਬ ਵਿਚ ਆਪਣੇ ਖੇਤਾਂ ਨੂੰ ਪਾਣੀ ਪਹੁੰਚਾਉਣ ਦਾ ਨਾਟਕ ਕੀਤਾ। ਇਸ ਘਟਨਾ ਨੂੰ ਦਰਸਾਉਣ ਵਾਲੇ ਬਹੁਤੇ ਚਿਤਰਾਂ ਵਿਚ ਗੁਰੂ ਨਾਨਕ ਸਾਹਿਬ ਨੂੰ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਵਜੋਂ ਦਰਸਾਇਆ ਗਿਆ ਹੈ, ਜਦ ਕਿ ਉਸ ਸਮੇਂ ਉਹਨਾਂ ਦੀ ਉਮਰ 28-29 ਸਾਲ ਦੀ ਸੀ।ਇਸ ਪਿੱਛੋਂ ਉਹਨਾਂ ਦੀ ਹਿੰਦੂ ਧਰਮ ਦੇ ਕਰਮ ਕਾਂਡਾਂ ਦੇ ਕੇਂਦਰੀ ਸਥਾਨ ਕਾਂਸ਼ੀ (ਬਨਾਰਸ) ਵਿਖੇ ਪੰਡਤ ਚਤੁਰ ਦਾਸ ਨਾਲ ਚਰਚਾ ਹੋਈ। ਚਤੁਰ ਦਾਸ ਨੇ ਕਿਹਾ - ਹੇ ਨਾਨਕ, ਤੇਰੇ ਪਾਸ ਸਾਲਗ੍ਰਾਮ ਨਹੀਂ, ਤੁਲਸੀ ਦੀ ਮਾਲਾ ਨਹੀਂ, ਸਿਮਰਣੀ ਨਹੀਂ, ਜਨੇਊ ਨਹੀਂ ਅਤੇ ਮੱਥੇ ਚੰਦਨ ਦਾ ਟਿੱਕਾ ਵੀ ਨਹੀਂ; ਕਿਵੇਂ ਮੰਨਿਆਂ ਜਾਏ ਕਿ ਤੂੰ ਰੱਬ ਦਾ ਭਗਤ ਹੈਂ ? ਗੁਰੁ ਨਾਨਕ ਦੇ ਉਤਰ ਸਨ:

ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ।
ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ।
ਕਾਇਆ ਬ੍ਰਹਮਾ ਮਨੁ ਹੈ ਧੋਤੀ। ਗਿਆਨੁ ਜਨੇਊ ਧਿਆਨੁ ਕੁਸਪਾਤੀ।
ਹਰਿ ਨਾਮਾ ਜਸੁ ਜਾਚਉ ਨਾa। ਗੁਰ ਪਰਸਾਦੀ ਬ੍ਰਹਮਿ ਸਮਾਉ।
ਪਾਂਡੇ ਐਸਾ ਬ੍ਰਹਮ ਬੀਚਾਰੁ। ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ।

ਕਾਂਸ਼ੀ ਦੇ ਪੰਡਿਆਂ ਵਲੋਂ ਉਠਾਏ ਗਏ ਸਵਾਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਥੇ ਹੀ ਆਪ ਨੇ 'ਦੱਖਣੀ ਓਅੰਕਾਰ' ਨਾਂ ਦੀ ਲੰਮੀ ਬਾਣੀ ਦੀ ਰਚਨਾ ਕੀਤੀ। ਇਸ ਬਾਣੀ ਦੀਆਂ ੫੪ ਪਉੜੀਆਂ ਹਨ।ਗੁਰੂ ਜੀ ਬਨਾਰਸ ਤੋਂ ਗਯਾ ਪਹੁੰਚੇ। ਗਯਾ ਵਿਖੇ ਪੰਡਿਆਂ ਨੇ ਆਪ ਨੂੰ ਪਿਤਰਾਂ ਦੀ ਮੁਕਤੀ ਲਈ ਪਿੰਡ ਭਰਾਉਣ ਅਤੇ ਦੀਵੇ ਬਾਲਣ ਦੀ ਪ੍ਰੇਰਨਾ ਕੀਤੀ। ਆਪ ਨੇ ਪ੍ਰੇਮ ਅਤੇ ਦਲੀਲ ਨਾਲ ਇਸ ਵਹਿਮ ਦਾ ਖੰਡਨ ਕੀਤਾ:

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲ।
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ।
ਲੋਕਾ ਮਤ ਕੋ ਫਕੜਿ ਪਾਇ।ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ।
ਰਹਾਉ
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ।
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰ।
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ।
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾ

ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ।
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ।

ਬਿੰਦਰਾਬਨ, ਬਨਾਰਸ, ਅਤੇ ਗਯਾ ਦੇ ਅਸਥਾਨਾਂ ਤੇ ਪੰਡਿਆਂ ਨੂੰ ਧਰਮ ਦਾ ਸੱਚਾ ਮਾਰਗ ਸਮਝਾਉਣ ਵਾਲੇ ਗੁਰੂ ਨਾਨਕ ਕੋਈ ਬਿਰਧ ਬਾਬੇ ਨਹੀਂ ਸਗੋਂ ੩੫ ਸਾਲ ਤੋਂ ਘੱਟ ਉਮਰ ਦੇ ਗੱਭਰੂ ਸਨ ਜੋ ਗਯਾ ਤੋਂ ਬਾਅਦ ਢਾਕਾ, ਚਿਟਾਗਾਂਗ, ਆਸਾਮ ਤੇ ਬਰਮਾ ਵਲੋਂ ਚੱਕਰ ਕੱਢ ਕੇ ਜਗਨਨਾਥ ਪੁਰੀ ਪਹੁੰਚੇ।ਜਗਨਨਾਥ ਪੁਰੀ ਵਿਖੇ ਵਿਸ਼ਨੂੰ ਦੀ ਮੂਰਤੀ ਦੀ ਪੂਜਾ ਹੁੰਦੀ ਸੀ। ਪੁਜਾਰੀਆਂ ਨੇ ਮੂਰਤੀ ਨੂੰ ਚੌਰ ਕਰਦਿਆਂ ਸਾਹਮਣੇ ਥਾਲੀ ਵਿਚ ਦੀਵੇ ਬਾਲ ਕੇ, ਧੂਫ਼, ਪੁਸ਼ਪ ਆਦਿ ਸੁਗੰਧੀ ਵਾਲੀਆਂ ਵਸਤਾਂ ਸਹਿਤ ਆਰਤੀ ਉਤਾਰੀ। ਗੁਰੂ ਨਾਨਕ ਵਲੋਂ ਇਸ ਰਸਮ ਵਿਚ ਸ਼ਾਮਲ ਨਾ ਹੋਣ ਕਾਰਨ ਪੁਜਾਰੀਆਂ ਨੇ ਬਹੁਤ ਬੁਰਾ ਮਨਾਇਆ। ਉਸ ਸਮੇਂ ਆਪ ਨੇ ਸਰਬ ਵਿਆਪਕ ਈਸ਼ਵਰ ਦੀ ਸਮੁੱਚੀ ਕੁਦਰਤ ਰਾਹੀਂ ਲਗਾਤਾਰ ਹੋ ਰਹੀ ਵਿਸ਼ਾਲ ਬ੍ਰਹਿਮੰਡੀ ਆਰਤੀ ਦਾ ਕਾਵਿ - ਚਿਤਰ ਪੇਸ਼ ਕੀਤਾ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।
ਕੈਸੀ ਆਰਤੀ ਹੋਇ। ਭਵ ਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਭੇਰੀ।ਰਹਾਉ।
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ।
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ।
ਸਭ ਮਹਿ ਜੋਤਿ ਜੋਤਿ ਹੈ ਸੋਇ। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।
ਗੁਰ ਸਾਖੀ ਜੋਤਿ ਪਰਗਟੁ ਹੋਇ। ਜੋ ਤਿਸੁ ਭਾਵੈ ਸੁ ਆਰਤੀ ਹੋਇ।
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ।
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ।

ਇਸ ਘਟਨਾ ਸਮੇਂ ਗੁਰੂ ਜੀ ਦੀ ਉਮਰ ਲਗਪਗ 36-37 ਸਾਲ ਦੀ ਸੀ। ਪਰ ਇਸ ਘਟਨਾ ਨਾਲ ਸਬੰਧਤ ਬਹੁਤੇ ਚਿਤਰਾਂ ਵਿਚ ਉਹਨਾਂ ਨੂੰ ਬਿਰਧ ਰੂਪ ਵਿਚ ਦਰਸਾਇਆ ਗਿਆ ਹੈ।ਦੂਸਰੀ ਉਦਾਸੀ 41 ਸਾਲ ਦੀ ਉਮਰ ਵਿਚ 1510 ਈ. ਨੂੰ ਅਰੰਭ ਅਤੇ 46 ਸਾਲ ਦੀ ਉਮਰ ਵਿਚ 1515 ਈ. ਨੂੰ ਸਮਾਪਤ ਹੋਈ। ਦੱਖਣ ਦਿਸ਼ਾ ਦੀ ਇਸ ਉਦਾਸੀ ਦੌਰਾਨ ਜਾਣ ਸਮੇਂ ਸਰਸਾ, ਬੀਕਾਨੇਰ, ਅਜਮੇਰ, ਇੰਦੌਰ, ਉਜੈਨ, ਬਿਦਰ, ਹੈਦਰਾਬਾਦ, ਮਦਰਾਸ, ਪਾਂਡੀਚਰੀ ਅਤੇ ਲੰਕਾ ਮੁੱਖ ਟਿਕਾਣੇ ਸਨ। ਵਾਪਸੀ ਸਮੇਂ ਸੋਮਨਾਥ, ਦੁਆਰਕਾ, ਕੱਛ, ਮਾਂਡਵੀ ਅਤੇ ਬਹਾਵਲਪੁਰ ਮੁੱਖ ਪੜਾਅ ਸਨ। ਇਹ ਉਦਾਸੀ ਜੈਨ ਅਤੇ ਬੁੱਧ ਧਰਮ ਦੇ ਅਸਥਾਨਾਂ ਦੀ ਉਦਾਸੀ ਕਰਕੇ ਜਾਣੀ ਜਾਂਦੀ ਹੈ। ਸਰੋਹੀ ਅਤੇ ਮਾਉਂਟਆਬੂ ਦੇ ਅਸਥਾਨਾਂ ਤੇ ਬਹੁਤ ਸਾਰੇ ਜੈਨ ਸਾਧੂ ਮੱਠਾਂ ਵਿਚ ਰਹਿੰਦੇ ਸਨ। ਇਥੇ ਅਨ੍ਹਭੀ ਨਾਂ ਦੇ ਜੈਨ ਮੁਖੀ ਨਾਲ ਆਪ ਦੀ ਚਰਚਾ ਹੋਈ। ਗੁਰੁ ਜੀ ਨੇ ਜੈਨ ਧਰਮ ਦੀਆਂ ਨਿਰਾਰਥਕ ਰਸਮਾਂ ਦਾ ਖੰਡਨ ਕੀਤਾ ਜੋ ਮਨੁੱਖ ਨੂੰ ਸੁਚੱਜੇ ਦੀ ਬਜਾਏ ਕੁਚੀਲ ਬਣਾਉਂਦੀਆਂ ਹਨ:

ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ।
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ।
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ।
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ।

ਬ੍ਰਾਹਮਣ ਮੱਤ ਦੇ ਦਬਦਬੇ ਕਾਰਨ ਬੁੱਧ ਧਰਮ ਭਾਰਤ ਵਿਚੋਂ ਨਿਕਲ ਕੇ ਚੀਨ, ਜਪਾਨ, ਬਰਮਾ ਅਤੇ ਲੰਕਾ ਵਿਚ ਫ਼ੈਲ ਚੁੱਕਾ ਸੀ। ਇਸ ਉਦਾਸੀ ਦੌਰਾਨ ਆਪ ਉਚੇਚੇ ਤੌਰ ਤੇ ਬੁੱਧ ਧਰਮ ਦੇ ਮੁੱਖ ਕੇਂਦਰ ਲੰਕਾ ਵਿਚ ਗਏ। ਬੁੱਧ ਧਰਮ ਸ਼ੁਭ ਕਰਮਾਂ ਤੇ ਜ਼ੋਰ ਦਿੰਦਾ ਹੈ।'ਅਸ਼ਟਾਂਗ ਮਾਰਗ' ਭਾਵ ਅੱਠ ਵਿਸ਼ੇਸ਼ ਕਰਮਾਂ ਦਾ ਪਾਲਣ ਨਿਰਵਾਣ ਦੀ ਪ੍ਰਪਤੀ ਲਈ ਜ਼ਰੂਰੀ ਮੰਨਿਆਂ ਗਿਆ ਹੈ। ਪਰ ਬੋਧੀ ਲੋਕ ਈਸ਼ਵਰ ਦੀ ਹਸਤੀ ਅਤੇ ਹੋਂਦ ਤੋਂ ਇਨਕਾਰੀ ਹਨ। ਉਨਾਂ ਮੁਤਾਬਕ ਤੱਤਾਂ ਦੇ ਮਿਲਾਪ ਨਾਲ ਸ੍ਰਿਸ਼ਟੀ ਹੋਂਦ ਵਿਚ ਆਉਂਦੀ ਹੈ ਅਤੇ ਇਹਨਾਂ ਤੱਤਾਂ ਦੇ ਨਿਖੇੜ ਨਾਲ ਨਸ਼ਟ ਹੋ ਜਾਂਦੀ ਹੈ। ਪਰ ਗੁਰੂ ਸਾਹਿਬ ਨੇ ਬੋਧ–ਅਚਾਰੀਆਂ ਨਾਲ ਸੰਵਾਦ ਰਚਾਉਂਦਿਆਂ ਸਾਰੇ ਤੱਤਾਂ ਨੂੰ ਇਕ ਹੁਕਮ ਅਤੇ ਨੇਮ ਵਿਚ ਬੱਝੇ ਹੋਏ ਐਲਾਨਿਆਂ। ਤੱਤਾਂ ਦੀ ਇਸ ਅਧੀਨਤਾ ਦੇ ਅਧਾਰ ਤੇ ਉਹਨਾਂ 'ਨਿਰਭਉ ਪ੍ਰਭੂ' ਦੇ ਹੁਕਮ ਤਹਿਤ ਚੱਲਣ ਵਾਲੇ ਜੀਵਨ ਨੂੰ ਹੀ ਸਫ਼ਲ ਅਤੇ ਸੁੱਚਾ ਜੀਵਨ ਕਿਹਾ:

ਭੈ ਵਿਚਿ ਪਵਣੁ ਵਹੈ ਸਦਵਾਉ। ਭੈ ਵਿਚਿ ਚਲਹਿ ਲਖ ਦਰੀਆਉ।ਭੈ ਵਿਚਿ ਅਗਨਿ ਕਢੈ ਵੇਗਾਰਿ।
ਭੈ ਵਿਚਿ ਧਰਤੀ ਦਬੀ ਭਾਰਿ।ਭੈ ਵਿਚਿ ਇੰਦੁ ਫਿਰੈ ਸਿਰ ਭਾਰਿ। ਭੈ ਵਿਚਿ ਰਾਜਾ ਧਰਮ ਦੁਆਰੁ।
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ। ਕੋਹ ਕਰੋੜੀ ਚਲਤ ਨ ਅਮਤੁ।ਭੈ ਵਿਚਿ ਸਿਧ ਬੁਧ ਸੁਰ ਨਾਥ।
ਭੈ ਵਿਚਿ ਆਡਾਣੇ ਆਕਾਸ।ਭੈ ਵਿਚਿ ਜੋਧ ਮਹਾਬਲ ਸੂਰ। ਭੈ ਵਿਚਿ ਆਵਹਿ ਜਾਵਹਿ ਪੂਰ।
ਸਗਲਿਆ ਭਉ ਲਿਖਿਆ ਸਿਰਿ ਲੇਖੁ।ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ।

ਇਸ ਤਰ੍ਹਾਂ ਦੂਸਰੀ ਉਦਾਸੀ ਦੌਰਾਨ ਨੌਜਵਾਨ ਗੁਰੂ ਨਾਨਕ ਨੇ ਜੈਨੀ ਅਤੇ ਬੋਧੀ ਅਚਾਰੀਆਂ ਨਾਲ ਵਾਰਤਾਲਾਪ ਕਰਕੇ ਆਪਣੇ ਸਿਧਾਂਤ ਨੂੰ ਨਿਖੜਵੇਂ ਰੂਪ ਵਿਚ ਪੇਸ਼ ਕੀਤਾ।ਤੀਸਰੀ ਉਦਾਸੀ ਦੌਰਾਨ ਆਪ ਨੇ ਉਤਰ ਦਿਸ਼ਾ ਵਿਚ ਜੰਮੂ, ਕਸ਼ਮੀਰ, ਗੜ੍ਹਵਾਲ, ਬਦਰੀਨਾਥ, ਤਿੱਬਤ, ਭੂਟਾਨ ਤੇ ਨੇਪਾਲ ਆਦਿ ਇਲਾਕੇ ਗਾਹੇ। ਉਤਰੀ ਭਾਰਤ ਵਿਚ ਉਸ ਸਮੇਂ ਜੋਗ ਮੱਤ ਦਾ ਜ਼ੋਰ ਸੀ। ਇਹਨਾਂ ਪਹਾੜੀ ਇਲਾਕਿਆਂ ਵਿਚ ਸਿੱਧਾਂ ਜੋਗੀਆਂ ਦੇ ਟਿਕਾਣੇ ਸਨ। ਜੋਗੀ ਸੁਰਤਿ ਨੂੰ ਤਾੜੇ ਲਾ ਕੇ ਅਨਹਦ ਸ਼ਬਦ ਸੁਣਨ ਲਈ ਮਦ (ਸ਼ਰਾਬ) ਪੀਂਦੇ ਸਨ। ਜਦ ਗੁਰੂ ਜੀ ਸੁਮੇਰ ਪਰਬਤ ਤੇ ਸਿੱਧਾਂ ਪਾਸ ਪਹੁੰਚੇ ਤਾਂ ਉਹਨਾਂ ਆਪ ਨੂੰ ਪੀਣ ਲਈ ਮਦ ਦਾ ਪਿਆਲਾ ਪੇਸ਼ ਕੀਤਾ। ਜਦ ਗੁਰੂ ਜੀ ਨੇ ਪੁੱਛਿਆ ਕਿ ਇਸ ਵਿਚ ਕੀ ਪਾਇਆ ਹੈ ਤਾਂ ਸਿੱਧਾਂ ਨੇ ਕਿਹਾ ਕਿ ਇਸ ਵਿਚ ਕੋਈ ਬੁਰੀ ਚੀਜ਼ ਨਹੀਂ ਸਗੋਂ ਗੁੜ ਅਤੇ ਧਾਵੈ ਦੇ ਫੁੱਲ ਹਨ। ਉਥੇ ਗੁਰੂ ਜੀ ਨੇ ਮਨੁੱਖੀ ਜੀਵਨ ਦੀ ਲੋਰ ਅਤੇ ਮਸਤੀ ਲਈ ਲੋੜੀਂਦੀ ਮਦ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ:

ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ।ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ।
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ।ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ। ਰਹਾਉ ।ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ।ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ।
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ।ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ।
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ।ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ।

ਗੁਰੂ ਜੀ ਨੇ ਗੋਰਖ, ਚਰਪਟ, ਮਛੰਦਰ ਅਤੇ ਲੋਹਾਰੀਪਾ ਆਦਿ ਸਿੱਧਾਂ ਨਾਲ ਹੋਈ ਵਾਰਤਾਲਾਪ ਦੇ ਅਧਾਰਤ 'ਸਿਧ ਗੋਸ਼ਟਿ' ਦੀ ਰਚਨਾ ਕੀਤੀ। ਬੁੱਧੀ ਅਤੇ ਜੁਗਤੀ ਦੀ ਪ੍ਰਧਾਨਤਾ ਵਾਲੀ ਇਸ ਲੰਮੀ ਅਤੇ ਦਾਰਸ਼ਨਿਕ ਕਾਵਿ ਰਚਨਾ ਦੇ 73 ਬੰਦ ਹਨ। ਜੋਗ ਮੱਤ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਾਲੇ ਇਹਨਾਂ ਘਾਗ ਦਿਮਾਗਾਂ ਨਾਲ ਸੰਵਾਦ ਰਚਾਉਣ ਵਾਲਾ ਗੁਰੂ ਨਾਨਕ ਕੋਈ ਬਿਰਧ ਬਾਬਾ ਨਹੀਂ ਸੀ। ਉਸ ਸਮੇਂ ਉਹਨਾਂ ਦੀ ਉਮਰ ਕੇਵਲ 47 ਸਾਲ ਦੇ ਆਸ ਪਾਸ ਸੀ। ਆਪਣੀ ਕਾਵਿ- ਪੁਸਤਕ 'ਅਸੀਂ ਨਾਨਕ ਦੇ ਕੀ ਲਗਦੇ ਹਾਂ' ਛਾਪਣ ਸਮੇਂ ਮੇਰੀ ਇਹ ਰੀਝ ਸੀ ਕਿ ਇਸ ਦੀ ਜਿਲਦ ਤੇ ਸਿੱਧਾਂ ਨਾਲ ਵਾਰਤਾਲਾਪ ਕਰਦੇ ਗੁਰੂ ਨਾਨਕ ਦਾ ਚਿਤਰ ਛਾਪਿਆ ਜਾਏ। ਪਰ ਵਾਹ ਜਹਾਨ ਦੀ ਲਾ ਛੱਡੀ, ਸਿੱਧ ਗੋਸ਼ਟ ਨੂੰ ਦਰਸਾਉਂਦੀ ਅਜਿਹੀ ਕੋਈ ਤਸਵੀਰ ਨਹੀਂ ਮਿਲੀ ਜਿਸ ਵਿਚ ਗੁਰੂ ਨਾਨਕ ਦੀ ਉਮਰ 47 ਸਾਲ ਦੇ ਆਸ ਪਾਸ ਹੋਵੇ। ਚਿਤਰਕਾਰਾਂ ਨੇ ਸੁਮੇਰ ਪਰਬਤ ਤੇ ਭ੍ਰਮਣ ਕਰਦੇ ਜਾਂ ਸਿੱਧਾਂ ਨਾਲ ਚਰਚਾ ਕਰਦੇ ਗੁਰੂ ਨਾਨਕ ਨੂੰ ਬਿਰਧ ਬਾਬੇ ਦੇ ਰੂਪ ਵਿਚ ਹੀ ਚਿਤਰਿਆ ਹੈ।ਚੌਥੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਪੱਛਮ ਦਿਸ਼ਾ ਵਿਚ ਸਥਿਤ ਇਸਲਾਮ ਦੇ ਕੇਂਦਰੀ ਅਸਥਾਨਾਂ ਤੇ ਗਏ। ਮੁਸਲਮਾਨੀ ਵੇਸ ਧਾਰਨ ਕਰਕੇ ਕੇ ਕਰਤਾਰਪੁਰ ਤੋਂ ਸਿੰਧ ਦੇ ਰਸਤੇ ਹੁੰਦੇ ਹੋਏ ਹਾਜੀਆਂ ਨਾਲ ਮੱਕੇ ਪਹੁੰਚੇ। ਹਾਜੀਆਂ ਅਤੇ ਮੱਕੇ ਦੇ ਮੌਲਵੀਆਂ ਨੇ ਪਛਾਣ ਕਰ ਲਈ ਕਿ ਆਪ ਮੁਸਲਮਾਨ ਨਹੀਂ ਹਨ। ਉਹਨਾਂ ਗੁਰੂ ਸਾਹਿਬ ਤੋਂ ਪੁੱਛਿਆ ਕਿ ਹਿੰਦੂ ਧਰਮ ਅਤੇ ਇਸਲਾਮ ਵਿਚੋਂ ਕਿਸ ਨੂੰ ਉੱਤਮ ਮੰਨਦੇ ਹੋ, ਤਦ:

ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ।
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਨ ਨਾ ਢੋਈ।

ਇਸ ਉਦਾਸੀ ਦੌਰਾਨ ਆਪ ਨੇ ਇਸਲਾਮੀ ਚਿੰਨ੍ਹਾਂ, ਪ੍ਰਤੀਕਾਂ, ਸੰਕੇਤਾਂ ਅਤੇ ਮੁਹਾਵਰੇ ਵਾਲੀ ਬਾਣੀ ਦੀ ਰਚਨਾ ਕੀਤੀ ਅਤੇ ਸੁਚੱਜੇ ਅਮਲਾਂ ਵਾਲੇ ਜੀਵਨ ਦੀ ਪ੍ਰੇਰਨਾ ਕੀਤੀ। ਮਿਸਾਲ ਦੇ ਤੌਰ ਤੇ:

ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ।ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ।
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ।ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ।ਰਹਾਉ।
ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ।ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ।
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ।ਗਾਹੇ ਨ ਨੇਕੀ ਕਾਰ ਕਰਦਮ ਮਮ ਈਂ ਚੀਨ ਅਹਵਾਲ।
ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ।ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ।

ਮੱਕੇ ਤੇ ਮਦੀਨੇ ਜਾਣ ਸਮੇਂ ਗੁਰੂ ਸਾਹਿਬ ਦੀ ਉਮਰ 48-49 ਸਾਲ ਦੀ ਸੀ। ਪਰ ਮੱਕੇ ਨਾਲ ਸਬੰਧਤ ਚਿਤਰਾਂ ਵਿਚ ਉਨਾਂ ਨੂੰ ਏਨੀ ਘੱਟ ਉਮਰ ਦੇ ਨਹੀਂ ਸਗੋਂ ਬਿਰਧ ਬਾਬੇ ਦੇ ਰੂਪ ਵਿਚ ਹੀ ਦਿਖਾਇਆ ਜਾਂਦਾ ਹੈ।ਮੱਕੇ ਤੇ ਮਦੀਨੇ ਤੋਂ ਮਗਰੋਂ ਆਪ ਬਗਦਾਦ, ਮਿਸਰ, ਤੁਰਕੀ, ਇਰਾਨ ਅਤੇ ਅਫਗਾਨਿਸਤਾਨ ਤੋਂ ਹੁੰਦੇ ਹੋਏ ਹਸਨ ਅਬਦਾਲ ਰਾਹੀਂ 1521 ਵਿਚ ਕਰਤਾਰਪੁਰ ਪਰਤੇ। ਹਸਨ ਅਬਦਾਲ ਵਿਖੇ ਅੱਜ ਕੱਲ੍ਹ ਗੁਰਦੁਆਰਾ ਪੰਜਾ ਸਾਹਿਬ ਹੈ, ਜਿਸ ਨਾਲ ਵਲੀ ਕੰਧਾਰੀ ਵਾਲੀ ਸਾਖੀ ਜੁੜੀ ਹੋਈ ਹੈ। ਵਲੀ ਕੰਧਾਰੀ ਦੀ ਹਊਮੈ ਦੇ ਪਹਾੜ ਨੂੰ ਪੰਜਾ ਲਾਉਣ ਵਾਲੇ ਗੁਰੂ ਨਾਨਕ ਵੀ ਕੋਈ ਬੁੱਢੇ ਬਾਬੇ ਨਹੀਂ ਸਨ, ਸਗੋਂ ਉਦੋਂ ਉਹਨਾਂ ਦੀ ਉਮਰ ਤਾਂ 51 ਸਾਲ ਦੇ ਕਰੀਬ ਸੀ। ਪਰ ਇਸ ਸਾਖੀ ਨਾਲ ਸਬੰਧਤ ਕਿਸੇ ਚਿਤਰ ਵਿਚ ਵੀ ਉਹਨਾਂ ਨੂੰ ਏਨੀ ਘੱਟ ਉਮਰ ਦੇ ਨਹੀਂ ਦਿਖਾਇਆ ਗਿਆ।ਸਪੱਸ਼ਟ ਹੈ ਕਿ ਗੁਰੂ ਸਾਹਿਬ ਨੇ ਆਪਣੀਆਂ ਲੰਮੀਆਂ ਉਦਾਸੀਆਂ ਦਾ ਸਿਲਸਿਲਾ 51 ਸਾਲ ਦੀ ਉਮਰ ਵਿਚ ਮੁਕੰਮਲ ਕਰ ਲਿਆ ਸੀ। ਬਹੁਤ ਸਾਰੀ ਬਾਣੀ ਦੀ ਰਚਨਾ ਵੀ ਇਹਨਾਂ ਉਦਾਸੀਆਂ ਦੌਰਾਨ ਹੀ ਹੋਈ। ਇਹਨਾਂ ਉਦਾਸੀਆਂ ਦੌਰਾਨ ਵਾਪਰੀਆ ਘਟਨਾਵਾਂ ਨੂੰ ਦਰਸਾਉਂਦੇ ਚਿਤਰਾਂ ਵਿਚ ਉਹਨਾਂ ਦੀ ਉਮਰ ਕਿਸੇ ਹਾਲਤ ਵਿਚ ਵੀ 51 ਸਾਲ ਤੋਂ ਵਧੇਰੇ ਨਹੀਂ ਜਾਪਣੀ ਚਾਹੀਦੀ। ਆਖਰੀ ਉਦਾਸੀ ਦੌਰਾਨ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਹੋਇਆ ਦੱਸਿਆ ਜਾਂਦਾ ਹੈ। ਇਸ ਲਈ ਗੁਰੂ ਨਾਨਕ ਅਤੇ ਭਾਈ ਮਰਦਾਨਾ ਜਿੰਨਾ ਚਿਰ ਇਕੱਠੇ ਵਿਚਰੇ ਉਸ ਦੌਰਾਨ ਗੁਰੂ ਸਾਹਿਬ ਦੀ ਉਮਰ 28 ਤੋਂ 51 ਸਾਲ ਦੇ ਦਰਮਿਆਨ ਸੀ। ਪਰ ਇਹਨਾਂ ਨੂੰ ਇਕੱਠੇ ਦਰਸਾਉਣ ਵਾਲੇ ਸਾਰੇ ਚਿਤਰਾਂ ਵਿਚ ਗੁਰੂ ਸਾਹਿਬ ਨੂੰ ਬੁੱਢੇ ਬਾਬੇ ਦੇ ਰੂਪ ਵਿਚ ਹੀ ਦਰਸਾਇਆ ਗਿਆ ਹੈ।ਇਕ ਗੱਲ ਹੋਰ, ਉਦਾਸੀਆਂ ਦੌਰਾਨ ਤਹਿ ਕੀਤੇ ਕੁਲ ਪੈਂਡੇ ਨੂੰ ਦੇਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਔਸਤਨ 25 ਕਿਲੋਮੀਟਰ ਤੋਂ ਜ਼ਿਆਦਾ ਰੋਜ਼ਾਨਾ ਪੈਦਲ ਪੈਂਡਾ ਤਹਿ ਕੀਤਾ। ਹਮੇਸ਼ਾ ਚੰਗਾ ਚੋਸਾ ਖਾਣ ਦਾ ਵੀ ਪ੍ਰਬੰਧ ਨਹੀਂ ਸੀ। ਕਿਸੇ ਵੇਲੇ ਪ੍ਰਸ਼ਾਦਾ ਮਿਲਦਾ ਹੋਏਗਾ ਤੇ ਕਿਸੇ ਵੇਲੇ ਨਹੀਂ ਵੀ ਮਿਲਦਾ ਹੋਏਗਾ। ਚਿੰਤਨਸ਼ੀਲ ਸ਼ਖ਼ਸੀਅਤ ਅਤੇ ਕਿਰਿਆਵੰਤ ਸਰੀਰ ਹੋਣ ਕਰਕੇ ਉਹਨਾਂ ਦਾ ਭਾਰ 50-60 ਕਿਲੋ ਦੇ ਕਰੀਬ ਹੀ ਹੋਏਗਾ। ਪਰ ਚਿਤਰਕਾਰਾਂ ਨੇ ਉਹਨਾਂ ਨੂੰ ਭਾਰੀ ਭਰਕਮ ਚਰਬੀਦਾਰ ਦੇਹ ਦੇ ਮਾਲਕ ਵਜੋਂ ਹੀ ਚਿਤਰਿਆ ਹੈ।ਉਦਾਸੀਆਂ ਉਪਰੰਤ ਗੁਰੂ ਸਾਹਿਬ ਦਾ 1521 ਈ. ਵਿਚ ਏਮਨਾਬਾਦ (ਸੈਦਪੁਰ) ਜਾਣਾ ਹੋਇਆ। ਆਪ ਸਥਾਪਤ ਜਾਤੀ ਪ੍ਰਬੰਧ ਅਨੁਸਾਰ ਨੀਵੀਂ ਸਮਝੀ ਜਾਂਦੀ ਜਾਤ ਦੇ ਕਿਰਤੀ ਸਿੱਖ ਭਾਈ ਲਾਲੋ ਦੇ ਘਰ ਠਹਿਰੇ। ਲਾਲੋ ਦੀ ਕਿਰਤ ਨੂੰ ਵਡਿਆਉਂਦਿਆਂ ਅਤੇ ਕਿਰਤੀਆਂ ਦਾ ਸ਼ੋਸ਼ਨ ਕਰਨ ਵਾਲੇ ਉੱਚ ਜਾਤ ਦੇ ਭਾਗੋ ਦੇ ਅਭਿਮਾਨ ਨੂੰ ਝੰਜੋੜਦਿਆਂ ਇਹ ਸ਼ਬਦ ਉਚਾਰਣ ਕੀਤਾ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।

ਆਪ ਨੇ ਕਿਰਤ ਨੂੰ ਧਰਮ ਦਾ ਪਵਿੱਤਰ ਮਾਰਗ ਕਿਹਾ ਅਤੇ ਦੂਸਰਿਆਂ ਦੀ ਕਿਰਤ ਤੇ ਪਲਣ ਵਾਲੇ ਵੇਹਲੜਾਂ ਨੂੰ ਰੱਤ ਪੀਣੇ ਪਾਪੀ ਕਹਿ ਕੇ ਫਿਟਕਾਰਿਆ। ਇਸ ਘਟਨਾ ਸਮੇਂ ਗੁਰੂ ਸਾਹਿਬ ਦੀ ਉਮਰ 52 ਸਾਲ ਤੋਂ ਘੱਟ ਹੀ ਸੀ ਪਰ ਇਸ ਨਾਲ ਸਬੰਧਤ ਚਿਤਰਾਂ ਵਿਚ ਉਹਨਾਂ ਨੂੰ ਬਹੁਤ ਵਡੇਰੀ ਉਮਰ ਦਾ ਦਰਸਾਇਆ ਜਾਂਦਾ ਹੈ।ਇਹਨਾਂ ਦਿਨਾਂ ਵਿਚ ਬਾਬਰ ਕਾਬਲ ਤੋਂ ਚੱਲ ਕੇ ਹਿੰਦੋਸਤਾਨ ਦੇ ਪੱਛਮੀ ਹਿੱਸੇ ਵਿਚ ਕਾਬਜ਼ ਹੋਣਾ ਸ਼ੁਰੂ ਕਰ ਚੁੱਕਾ ਸੀ। ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਸੀ। ਮਾਸੂਮ ਬੱਚਿਆਂ ਤੇ ਵੀ ਜ਼ੁਲਮ ਢਹਿ ਰਿਹਾ ਸੀ। ਇਸਤਰੀਆਂ ਦੀ ਬੇਪਤੀ ਹੋ ਰਹੀ ਸੀ। ਉਸ ਸਮੇਂ ਦੀ ਰਾਜਨੀਤਕ ਅਤੇ ਸਮਾਜਿਕ ਸਥਿਤੀ ਦੇ ਕਰੂਪ ਚਿਹਰੇ ਅਤੇ ਇਸ ਪ੍ਰਤੀ ਸਥਾਪਤ ਧਰਮਾਂ ਦੀ ਨਿਰਾਰਥਕ ਉਦਾਸੀਨਤਾ ਅਤੇ ਆਪ੍ਰਸੰਗਿਕਤਾ ਬਾਰੇ ਗੁਰੂ ਨਾਨਕ ਦਾ ਕਾਵਿ - ਬਿਆਨ ਦੇਖੋ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ।
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ।
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ।

ਗੁਰੂ ਜੀ ਅਜੇ ਭਾਈ ਲਾਲੋ ਕੋਲ ਹੀ ਠਹਿਰੇ ਹੋਏ ਸਨ ਜਦ ਬਾਬਰ ਦੀਆਂ ਫੌਜਾਂ ਨੇ ਏਮਨਾਬਾਦ ਸ਼ਹਿਰ ਤੇ ਹਮਲਾ ਕੀਤਾ। ਹਾਕਮਾਂ ਦੇ ਅਣਮਨੁੱਖੀ ਵਤੀਰੇ ਨੂੰ ਗੁਰੂ ਸਾਹਿਬ ਨੇ ਅੱਖੀਂ ਡਿੱਠਾ। 52 ਸਾਲਾਂ ਦੇ ਗੁਰੂ ਨਾਨਕ ਇਸ ਕਹਿਰ ਨੂੰ ਦੇਖ ਕੇ ਵਿਦਰੋਹੀ ਸੁਰ ਵਿਚ ਰੱਬ ਨੂੰ ਸੰਬੋਧਿਤ ਹੋਏ:

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।

ਗੁਰੂ ਸਾਹਿਬਾਨਾਂ ਵਿਚੋਂ ਗੁਰੂ ਅਮਰਦਾਸ ਜੀ ਸਭ ਤੋਂ ਵੱਧ ਉਮਰ (85 ਸਾਲ) ਦੇ ਹੋਏ ਹਨ। ਵਡੇਰੀ ਉਮਰ ਵਿਚ ਹੀ ਆਪ ਨੇ ਗ੍ਰੁਰੂ ਪਦਵੀ ਧਾਰਨ ਕੀਤੀ ਸੀ। ਪਰ ਆਪ ਦਾ ਫੁਰਮਾਨ ਹੈ:

ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ।
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ।

ਪਰ ਅਸੀਂ ਗੁਰੂ ਨਾਨਕ ਸਾਹਿਬ ਨੂੰ ਇਕ ਬੁੱਢੇ ਦੇ ਰੂਪ ਵਿਚ ਚਿਤਵ ਕੇ ਅੰਧੀ ਰਯਤਿ ਗਿਆਨ ਵਿਹੂਣੀ ਹੋਣ ਦਾ ਪ੍ਰਮਾਣ ਦੇ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੀ ਕੁਲ ਉਮਰ 42 ਸਾਲ ਦੀ ਹੋਈ ਹੈ। ਸਾਡੇ ਮਨਾਂ ਵਿਚ ਉਹਨਾਂ ਦਾ ਇਕ ਨੌਜਵਾਨ ਸੂਰਬੀਰ ਵਾਲਾ ਤਸੱਵਰ ਹੈ। ਇਹ ਉਹਨਾਂ ਦੀ ਕੁਰਬਾਨੀ ਦੇ ਨਾਲ ਨਾਲ ਨੌਜਵਾਨੀ ਦੀ ਸ਼ਕਤੀ ਹੈ ਕਿ ਉਹਨਾਂ ਦੁਆਰਾ ਬਖਸ਼ੇ ਗਏ ਸਰੂਪ ਦੀ ਚਰਚਾ ਹੁੰਦੀ ਹੈ। ਇਸ ਸਰੂਪ ਦੇ ਧਾਰਨੀ ਗੌਰਵ ਮਹਿਸੂਸ ਕਰਦੇ ਹਨ। ਇਸ ਸਰੂਪ ਨੂੰ ਢਾਹ ਲੱਗਣ ਨੂੰ ਹੀ ਸਿੱਖੀ ਨੂੰ ਵੱਡਾ ਖਤਰਾ ਮੰਨਿਆਂ ਜਾਣ ਲੱਗਿਆ ਹੈ। ਨਤੀਜੇ ਵਜੋਂ 'ਪੰਥ ਦਰਦੀ' ਪਤਿਤਪੁਣੇ ਨੂੰ ਠੱਲਣ ਦੀਆਂ ਵਿਉਂਤਾਂ ਘੜਦੇ ਹਨ ਅਤੇ ਪ੍ਰਚਾਰ ਲਈ ਪੈਸਾ ਖਰਚਿਆ ਜਾਂਦਾ ਹੈ। ਪਰ ਸਿੱਖੀ ਦੇ ਮੁੱਢਲੇ ਸਿਧਾਂਤਕਾਰ ਗੁਰੂ ਨਾਨਕ ਨੇ ਜਿਸ ਤਰ੍ਹਾਂ ਦੇ ਆਚਾਰ ਅਤੇ ਵਿਹਾਰ ਨੂੰ ਸੁਚੱਜੇ ਜੀਵਨ ਦੀਆਂ ਜ਼ਰੂਰੀ ਸ਼ਰਤਾਂ ਵਜੋਂ ਨਿਰਧਾਰਤ ਕਰਕੇ ਪ੍ਰਚਾਰਿਆ, ਉਹਨਾਂ ਦੇ ਛਿਪਨ ਹੋਣ ਤੇ ਕੋਈ ਹਾਲ ਪਾਰਿਆ ਨਹੀਂ ਹੋ ਰਹੀ।ਹੁਣ ਜਦ ਅਸੀਂ ਬੁਢਾਪੇ ਨੂੰ ਸੂਝ, ਸਿਆਣਪ, ਗਿਆਨ ਅਤੇ ਵਡੱਪਣ ਦੀ ਬਜਾਏ ਬੇਵਸੀ, ਕਮਜ਼ੋਰੀ ਅਤੇ ਅਪ੍ਰਸੰਗਿਤਾ ਨਾਲ ਸਬੰਧਤ ਕਰ ਲਿਆ ਹੈ ਤਾਂ ਲੋੜ ਹੈ ਕਿ ਨੁਕਰੇ ਲੱਗੇ ਬਿਰਧ ਨਾਨਕ ਦੀ ਬਜਾਏ ਗੱਭਰੂ ਨਾਨਕ ਨੂੰ ਕੇਂਦਰ ਵਿਚ ਲਿਆਈਏ।

ਗੁਰੂ ਨਾਨਕ ਬੁੱਢਿਆਂ ਦੀ ਸ਼ਰਧਾ ਲਈ ਆਸਰੇ ਮਾਤਰ ਨਹੀਂ ਸਗੋਂ ਸੰਸਾਰ ਭਰ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਹੋਣੇ ਚਾਹੀਦੇ ਹਨ। ਜੇ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅੱਜ ਵੀ ਪ੍ਰਸੰਗਿਕ ਮੰਨਦੇ ਹਾਂ ਅਤੇ ਉਹਨਾਂ ਦੁਆਰਾ ਪ੍ਰਚਾਰੀ ਗਈ ਜੀਵਨ ਸ਼ੈਲੀ ਨੂੰ ਜਿਉਣ ਜੋਗੀ ਮੰਨਦੇ ਹਾਂ ਤਾਂ ਸਥਾਪਤ ਹੋ ਚੁੱਕੇ ਬਿਰਧ ਨਾਨਕ ਦੇ ਜਾਅਲੀ ਤਸੱਵਰ ਨੂੰ ਬੇਕਿਰਕੀ ਨਾਲ ਤੋੜਨਾ ਪਏਗਾ। ਚਿਤਰਕਾਰਾਂ ਨੂੰ ਬਜ਼ਾਰੂ ਪਹੁੰਚ ਤਿਲਾਂਜ ਕੇ ਇਤਿਹਾਸਕ ਅਤੇ ਸਿਧਾਂਤਕ ਦ੍ਰਿਸ਼ਟੀ ਅਪਨਾਉਣ ਦਾ ਜੇਰਾ ਕਰਨਾ ਪਏਗਾ। ਉਹਨਾਂ ਨੂੰ ਕ੍ਰਾਂਤੀਕਾਰੀ ਨੌਜਵਾਨ ਗੁਰੂ ਨਾਨਕ ਨੂੰ ਲੋਕ ਮਨਾਂ ਵਿੱਚ ਸਥਾਪਤ ਕਰਨ ਲਈ ਸੁੰਦਰਤਾ ਦੇ ਮਿਸਵਰਲਡੀ ਪ੍ਰਤੀਮਾਨਾਂ ਨੂੰ ਤਿਆਗ ਕੇ ਉਹਨਾਂ ਦੀ ਸ਼ਖ਼ਸੀਅਤ ਦੇ ਸੱਚ ਨੂੰ ਖੋਜਣ ਅਤੇ ਪ੍ਰਗਟਾਉਣ ਲਈ ਮਿਹਨਤ ਕਰਨੀ ਪਏਗੀ। ਘਰਾਂ, ਦਫ਼ਤਰਾਂ, ਦੁਕਾਨਾਂ, ਚਿਤਰ ਗੈਲਰੀਆਂ, ਧਾਰਮਿਕ ਅਤੇ ਵਿਦਿਅਕ ਸੰਸਥਾਨਾ ਵਿਚੋਂ ਗੁਰੂ ਨਾਨਕ ਨੂੰ ਬੁੱਢਾ ਦਰਸਾਉਣ ਵਾਲੀਆਂ ਝੂਠੀਆਂ ਅਤੇ ਗੁਮਰਾਹਕੁੰਨ ਤਸਵੀਰਾਂ ਨੂੰ ਉਤਾਰ ਕੇ ਜਲ ਪ੍ਰਵਾਹ ਜਾਂ ਅਗਨ ਭੇਟ ਕਰਨਾ ਪਏਗਾ। ਅਜਿਹੀਆਂ ਤਸਵੀਰਾਂ ਦੇ ਪੋਸਟਰ ਜਾਂ ਕਲੰਡਰ ਛਾਪਣ ਤੇ ਪਾਬੰਦੀ ਲਗਾਉਣੀ ਪਏਗੀ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.