20.3 C
Los Angeles
Wednesday, January 22, 2025

ਮਰ ਰਹੀ ਹੈ ਮੇਰੀ ਭਾਸ਼ਾ

ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
ਅੰਮ੍ਰਿਤ ਵੇਲਾ
ਨੂਰ ਪਹਿਰ ਦਾ ਤੜਕਾ
ਧੰਮੀ ਵੇਲਾ
ਪਹੁ ਫੁਟਾਲਾ
ਛਾਹ ਵੇਲਾ
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ
ਲਉਢਾ ਵੇਲਾ
ਡੀਗਰ ਵੇਲਾ
ਲੋਏ ਲੋਏ
ਸੂਰਜ ਖੜ੍ਹੇ ਖੜ੍ਹੇ
ਤਰਕਾਲਾਂ
ਡੂੰਘੀਆਂ ਸ਼ਾਮਾਂ
ਦੀਵਾ ਵੱਟੀ
ਖਾਓ ਪੀਆ
ਕੌੜਾ ਸੋਤਾ
ਢਲਦੀਆਂ ਖਿੱਤੀਆਂ
ਤਾਰੇ ਦਾ ਚੜ੍ਹਾਅ
ਚਿੜੀ ਚੂਕਦੀ ਨਾਲ ਸਾਝਰਾ
ਸੁਵਖਤਾ
ਸਰਘੀ ਵੇਲਾ
ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ
ਵਿਚਾਰੇ ਮਾਰੇ ਗਏ
ਇਕੱਲੇ ਟਾਈਮ  ਹੱਥੋਂ 
ਇਹ ਸ਼ਬਦ ਸਾਰੇ ।
ਸ਼ਾਇਦ ਇਸ ਲਈ
ਕਿ ਟਾਈਮ ਕੋਲ ਟਾਈਮ ਪੀਸ ਸੀ ।
ਹਰਹਟ ਕੀ ਮਾਲਾ
ਚੰਨੇ ਦਾ ਓਹਲਾ
ਗਾਧੀ ਦੇ ਹੂਟੇ
ਕਾਂਝਣ  , ਨਿਸਾਰ, ਔਲੂ
ਚੱਕਲੀਆਂ, ਬੂੜੇ, ਭਰ ਭਰ ਡੁੱਲਦੀਆਂ ਟਿੰਡਾਂ
ਇਹਨਾ ਸਭਨਾ ਨੇ ਤਾਂ ਰੁੜ੍ਹ ਹੀ ਜਾਣਾ ਸੀ
ਟਿਊਬਵੈੱਲ ਦੀ ਧਾਰ ਵਿਚ  ।
ਮੈਨੂੰ ਕੋਈ ਹੈਰਾਨੀ ਨਹੀਂ ।
ਹੈਰਾਨੀ ਤਾਂ ਇਹ ਹੈ
ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ ।
ਬੀਜੀ ਤੇ ਭਾਪਾ ਜੀ ਵੀ ਤੁਰ ਗਏ ।
ਦਦੇਸਾਂ, ਫੁਫੇਸਾਂ, ਮਮੇਸਾਂ ਦੀ ਗੱਲ ਹੀ  ਛੱਡੋ
ਕਿੰਨੇ ਰਿਸ਼ਤੇ
ਸਿਰਫ ਅੰਕਲ ਤੇ ਆਂਟੀ ਨੇ ਕਰ ਦਿੱਤੇ ਹਾਲੋਂ ਬੇਹਾਲ ।
ਤੇ ਕੱਲ੍ਹ ਕਹਿ ਰਿਹਾ ਸੀ
ਪੰਜਾਬ ਦੇ ਵਿਹੜੇ ਚ ਇਕ ਛੋਟਾ ਜਿਹਾ ਬਾਲ :
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫਾਲ ।
ਹਾਂ ਬੇਟਾ, ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫਾਲ ।
ਮਰ ਰਹੀ ਹੈ ਆਪਣੀ ਭਾਸ਼ਾ
ਪੱਤਾ ਪੱਤਾ, ਸ਼ਬਦ ਸ਼ਬਦ ।
ਹੁਣ ਤਾਂ ਰੱਬ ਹੀ ਰਾਖਾ ਹੈ ਮੇਰੀ ਭਾਸ਼ਾ ਦਾ ।
ਰੱਬ ?
ਰੱਬ ਤਾਂ ਆਪ ਪਿਆ ਹੈ ਮਰਨਹਾਰ।
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ
ਉਸ ਦੀ ਭੁੱਖੀ ਸੰਤਾਨ
ਗੌਡ ਦੀ ਪਨਾਹ ਵਿਚ ।
ਮਰ ਰਹੀ ਹੈ ਮੇਰੀ ਭਾਸ਼ਾ, ਬਾਈ ਗੌਡ ।
—————————————-
ਮਰ ਰਹੀ ਹੈ ਮੇਰੀ ਭਾਸ਼ਾ
ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ ।
ਜਿਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਇਸ ਸ਼ਰਤ ਤੇ ਵੀ
ਕਿ ਮਰਦੀ ਏ  ਤਾਂ ਮਰ ਜਾਏ ਭਾਸ਼ਾ
ਕੀ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ  ਜ਼ਰੂਰੀ ਹੈ
ਕਿ  ਭਾਸ਼ਾ ਦਾ  ?
ਹਾਂ ਜਾਣਦਾ ਹਾਂ
ਤੁਸੀਂ ਕਹੋਗੇ :
ਇਸ ਸ਼ਰਤ ਤੇ ਜੇ ਬੰਦਾ ਜਿਉਂਦਾ ਰਹੇਗਾ
ਉਹ ਜਿਉਂਦਾ ਤਾਂ ਰਹੇਗਾ
ਪਰ ਕੀ ਉਹ ਬੰਦਾ ਰਹੇਗਾ ?
ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ ।
ਤੁਸੀਂ ਆਪ ਹੀ ਦੱਸੋ
ਹੁਣ ਜਦੋਂ ਦਾਣੇ ਦਾਣੇ ਉਪਰ
ਖਾਣ ਵਾਲੇ ਦਾ ਨਾਂ ਵੀ
ਤੁਹਾਡੇ ਹੱਥ ਅੰਗਰੇਜ਼ੀ ਵਿਚ ਹੀ ਲਿਖਦਾ ਹੈ
ਤਾਂ ਕੌਣ ਬੇਰਹਿਮ ਮਾਂ ਬਾਪ  ਚਾਹੇਗਾ
ਕਿ ਉਸ ਦੇ ਬੱਚੇ
ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿਚ ਬੈਠੇ ਰਹਿਣ ?
ਜਿਉਂਦਾ ਰਹੇ ਮੇਰਾ ਬੰਦਾ
ਮਰਦੀ ਏ ਤਾਂ ਮਰ ਜਾਏ
ਤੁਹਾਡੀ ਬੁੱਢੜੀ ਭਾਸ਼ਾ ।
—————————————-
ਨਹੀਂ, ਇਸ ਤਰਾਂ ਨਹੀਂ ਮਰੇਗੀ ਮੇਰੀ ਭਾਸ਼ਾ ।
ਇਸ ਤਰਾਂ ਨਹੀਂ ਮਰਦੀ ਹੁੰਦੀ ਭਾਸ਼ਾ ।
ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ ।
ਤੇ ਸ਼ਬਦ ਕਦੀ ਮਰਦੇ ਵੀ ਨਹੀਂ ।
ਮਰ ਵੀ ਜਾਣ ਤਾਂ
ਆਉਂਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿਚ  ।
ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ
ਸ਼ਬਦਾਂ ਦਾ ਪਰਲੋਕ ।
ਅਸੀਂ ਵੀ ਜਾ ਸਕਦੇ ਹਾਂ
ਜਿਉਂਦੇ ਜਾਗਦੇ
ਸ਼ਬਦਾਂ ਦੇ ਪਰਲੋਕ ਵਿਚ ।
ਓਥੇ ਉਨ੍ਹਾ ਦੇ ਪਰਿਵਾਰ ਵਸੇ ਹੁੰਦੇ ਨੇ ।
ਮੇਲੇ ਲੱਗੇ ਹੁੰਦੇ ਹਨ  ਸ਼ਬਦਾਂ ਦੇ
ਮਰ ਚੁੱਕੇ ਲੇਖਕਾਂ ਦੀਆਂ ਜਿਊਂਦੀਆਂ ਕਿਤਾਬਾਂ ਵਿਚ ।
ਰੱਬ ਨਹੀਂ ਤਾਂ ਨਾ ਸਹੀ
ਸਤਿਗੁਰ ਏਸ ਦੇ ਸਹਾਈ ਹੋਣਗੇ।
ਇਸ ਨੂੰ ਬਚਾਉਣਗੇ 
ਸੂਫ਼ੀ, ਸੰਤ, ਫ਼ਕੀਰ
ਸ਼ਾਇਰ
ਨਾਬਰ
ਆਸ਼ਕ
ਯੋਧੇ
ਮੇਰੇ ਲੋਕ
ਅਸੀਂ
ਆਪਾਂ
ਸਾਡੇ ਸਭਨਾ ਦੇ ਮਰਨ ਬਾਅਦ ਹੀ ਮਰੇਗੀ
ਸਾਡੀ ਭਾਸ਼ਾ ।
ਇਹ ਵੀ ਹੋ ਸਕਦਾ
ਕਿ ਇਸ ਮਾਰਨਹਾਰ ਮਾਹੌਲ ਵਿਚ ਘਿਰ ਕੇ
ਮਾਰਨਹਾਰਾਂ ਦਾ ਟਾਕਰਾ ਕਰਨ ਲਈ
ਹੋਰ ਵੀ ਜਿਉਣਜੋਗੀ
ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ ।

ਤਿਰੰਗਾ

ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾਰੁਮਕੀ ਪੌਣ, ਉਛਲੀਆਂ ਨਦੀਆਂ, ਕੀ ਜਮਨਾ ਕੀ ਗੰਗਾਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇਅੱਲਾ ਹੂ ਅਕਬਰ ਤੇ ਹਰ ਹਰ ਮਹਾਂਦੇਵ ਦੇ ਨਾਅਰੇਬੋਲੇ ਸੋ ਨਿਹਾਲ ਦਾ ਬੋਲਾ ਵੀ ਸਭਨਾਂ ਵਿਚ ਰਲਿਆਧਰਮ ਦਇਆ ਨੂੰ ਭੁਲ ਕੇ ਹਰ ਕੋਈ ਕਾਮ ਕ੍ਰੋਧ ਵਿਚ ਜਲਿਆਰੁਦਨ ਹਜ਼ਾਰਾਂ ਨਾਰਾਂ ਦੇ, ਤੇ ਮਰਦਾਂ ਦੇ ਲਲਕਾਰੇਕੁੱਖਾਂ ਵਿਚ ਡੁਬੋ ਕੇ ਜਿਹਨਾਂ ਤਪਦੇ ਖ਼ੰਜਰ ਠਾਰੇਸਤਲੁਜ ਨੂੰ ਕੁਝ ਸਮਝ ਨ ਆਵੇ, ਜਸ਼ਨਾਂ ਵਿਚ ਕਿੰਜ ਰੋਵੇਨਾ ਵੀ ਰੋਵੇ ਤਾਂ ਲਹਿਰਾਂ ਵਿਚ ਲਾਸ਼ਾਂ ਕਿਵੇਂ ਲੁਕੋਵੇਸੁਣਿਆਂ...

ਲਫ਼ਜ਼ਾਂ ਦੀ ਦਰਗਾਹ (2003)

ਲਫਜ਼ਾਂ ਦੀ ਦਰਗਾਹਸੰਤਾਪ ਨੂੰ ਗੀਤ ਬਣਾ ਲੈਣਾਮੇਰੀ ਮੁਕਤੀ ਦਾ ਇਕ ਰਾਹ ਤਾਂ ਹੈਜੇ ਹੋਰ ਨਹੀਂ ਹੈ ਦਰ ਕੋਈਇਹ ਲਫਜ਼ਾਂ ਦੀ ਦਰਗਾਹ ਤਾਂ ਹੈਹੇ ਕਵਿਤਾਹੇ ਕਵਿਤਾ, ਮੈਂ ਮੁੜ ਆਇਆ ਹਾਂਤੇਰੇ ਉਚੇ ਦੁਆਰਜਿੱਥੇ ਹਰਦਮ ਸਰਗਮ ਗੂੰਜੇਹਰ ਗਮ ਦਏ ਨਿਵਾਰਕਿਸ ਨੂੰ ਆਖਾਂ, ਕਿੱਧਰ ਜਾਵਾਂਤੇਰੇ ਬਿਨ ਕਿਸ ਨੂੰ ਦਿਖਲਾਵਾਂਇਹ ਜੋ ਮੇਰੇ ਸੀਨੇ ਖੁੱਭੀਅਣਦਿਸਦੀ ਤਲਵਾਰਰੱਤ ਦੇ ਟੇਪੇ ਸਰਦਲ ਕਿਰਦੇਜ਼ਖਮੀ ਹੋ ਹੋ ਪੰਛੀ ਗਿਰਦੇਤੂੰ ਛੋਹੇਂ ਤਾਂ ਫਿਰ ਉਡ ਜਾਂਦੇਬਣ ਗੀਤਾਂ ਦੀ ਡਾਰਅੱਥਰੂ ਏਥੇ ਚੜ੍ਹਨ ਚੜ੍ਹਾਵਾਜਾਂ ਸਿਸਕੀ ਜਾਂ ਹਉਕਾ ਹਾਵਾਦੁੱਖੜੇ ਦੇ ਕੇ ਮੁਖੜੇ ਲੈ ਜਾਉਗੀਤਾਂ ਦੇ...

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇਗੀਤ ਦੀ ਮੌਤ ਇਸ ਰਾਤ ਜੇ ਹੋ ਗਈਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇਇਸ ਅਦਾਲਤ 'ਚ ਬੰਦੇ ਬਿਰਖ ਹੋ ਗਏਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇਯਾਰ ਮੇਰੇ ਜੁ ਇਸ ਆਸ 'ਤੇ ਮਰ ਗਏਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾਬਣਕੇ ਰੂਹਾਂ ਸਦਾ ਭਟਕਦੇ ਰਹਿਣਗੇਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈਉਹ ਜਦੋਂ ਦੇਸ਼...