ਅੱਜ ਬਾਪੂ ਨੂੰ ਪੂਰੇ ਹੋਇਆਂ ਸੱਤ ਸਾਲ ਹੋ ਗਏ ਹਨ। ਆਪਣੇ ਬੈੱਡ-ਰੂਮ ਵਿਚ ਇਕੱਲਾ ਬੈਠਾ ਯਾਦਾਂ ਵਿਚ ਖੁੱਭ ਗਿਆ ਹਾਂ। ਮੇਰੀ ਉਮਰ 76 ਸਾਲਾਂ ਦੀ ਹੋ ਗਈ ਹੈ ਅਤੇ ਇਨ੍ਹਾਂ 76 ਸਾਲਾਂ ਦੀਆਂ ਅਨੇਕਾਂ ਯਾਦਾਂ ਦਿਲ ਅਤੇ ਦਿਮਾਗ਼ ਵਿਚ ਇਸ ਤਰ੍ਹਾਂ ਘਰ ਕਰੀ ਬੈਠੀਆਂ ਹਨ ਕਿ ਇਹ ਜ਼ਿੰਦਗੀ ਦਾ ਇਕ ਬਹੁਤ ਵੱਡਾ ਹਿੱਸਾ ਬਣ ਗਈਆਂ ਹਨ। ਕਦੇ ਕਦੇ ਇਕੱਲਿਆਂ ਬੈਠਿਆਂ ਇਹ ਯਾਦਾਂ ਆ ਘੇਰਦੀਆਂ ਹਨ ਅਤੇ ਫਿਰ ਕਈ ਵਾਰੀ ਤਾਂ ਕਈ ਕਈ ਘੰਟੇ ਪਿੱਛਾ ਨਹੀਂ ਛੱਡਦੀਆਂ। ਅੱਜ ਮੇਰੀ ਪਤਨੀ ਡੈਸਟਿਨੀ, ਜਿਸ ਨੂੰ ਮੈਂ ਹਮੇਸ਼ਾ ਡੈਨੀ ਕਹਿ ਕੇ ਬੁਲਾਉਂਦਾ ਹਾਂ, ਦੋਹਾਂ ਬੱਚਿਆਂ ਨੂੰ ਲੈ ਕੇ ਆਪਣੇ ਮਾਂ-ਪਿਉ ਨੂੰ ਮਿਲ਼ਣ ਗਈ ਹੋਈ ਹੈ ਜੋ ਕਿ 25-30 ਮੀਲ ਦੀ ਦੂਰੀ ਤੇ ਹੀ ਰਹਿੰਦੇ ਹਨ ਅਤੇ ਮੈਨੂੰ ਘਰ ਵਿਚ ਇਕੱਲਿਆਂ ਬੈਠੇ ਨੂੰ ਇਨ੍ਹਾਂ ਯਾਦਾਂ ਨੇ ਆ ਘੇਰਿਆ ਹੈ।
****
ਜਦੋਂ 1972 ਵਿਚ ਮੈਂ ਹਿੰਦੁਸਤਾਨ ਛੱਡ ਕੇ ਕੈਨੇਡਾ ਨੂੰ ਤੁਰਿਆ ਸੀ ਤਾਂ ਇਕ ਪਾਸੇ ਮਨ ਬਹੁਤ ਉਦਾਸ ਸੀ ਕਿ ਆਪਣੇ ਮਾਂ-ਬਾਪ, ਭੈਣ, ਰਿਸ਼ਤੇਦਾਰ, ਦੋਸਤ ਅਤੇ ਆਪਣੀ ਜਨਮ ਭੂਮੀ ਨੂੰ ਛੱਡ ਕੇ ਮੈਂ ਦੂਰ ਜਾ ਰਿਹਾ ਸੀ ਪਰ ਦੂਜੇ ਪਾਸੇ ਮਨ ਖ਼ੁਸ਼ ਸੀ ਕਿ ਬੇਰੁਜ਼ਗਾਰੀ ਤੋਂ ਛੁਟਕਾਰਾ ਪੈ ਜਾਵੇਗਾ। ਹਿੰਦੁਸਤਾਨ ਰਹਿ ਕੇ ਮੈਂ ਫ਼ਸਟ ਡਵੀਜ਼ਨ ਵਿਚ ਪੁਲਿਟੀਕਲ ਸਾਇੰਸ ਦੀ ਐੱਮ.ਏ. ਕਰ ਕੇ ਵੀ ਨੌਕਰੀ ਨਾ ਲੱਭ ਸਕਿਆ। ਇਰਾਦਾ ਤਾਂ ਕਾਲਜ ਵਿਚ ਪੜ੍ਹਾਉਣ ਲਈ ਪ੍ਰੋਫ਼ੈਸਰ ਲੱਗਣ ਦਾ ਸੀ ਪਰ ਇਹੋ ਜਿਹੀ ਨੌਕਰੀ ਬਹੁਤ ਵੱਡੀ ਸਿਫ਼ਾਰਸ਼ ਤੋਂ ਬਗ਼ੈਰ ਕਿਸੇ ਹਾਲਤ ਵਿਚ ਵੀ ਨਹੀਂ ਸੀ ਮਿਲ਼ ਸਕਦੀ। ਐੱਮ.ਏ. ਕਰਨ ਤੋਂ ਬਾਅਦ ਤਿੰਨ ਸਾਲ ਬਹੁਤ ਕਾਲਜਾਂ ਵਿਚ ਨੌਕਰੀ ਲਈ ਅਰਜ਼ੀਆਂ ਭੇਜੀਆਂ ਪਰ ਹਰ ਥਾਂ ਹੀ ਕਾਲਜ ਦੇ ਪ੍ਰਬੰਧਕਾਂ ਨੇ ਸਿਫ਼ਾਰਸ਼ਾਂ ਦੇ ਸਿਰ ਤੇ ਪ੍ਰੋਫ਼ੈਸਰ ਰੱਖਣ ਲਈ ਪਹਿਲਾਂ ਹੀ ਫ਼ੈਸਲਾ ਕੀਤਾ ਹੁੰਦਾ ਸੀ। ਅਰਜ਼ੀਆਂ ਮੰਗਣ-ਮੰਗਾਉਣ ਦਾ ਤਾਂ ਸਭ ਐਵੇਂ ਪਖੰਡ ਹੀ ਰਚਿਆ ਜਾਂਦਾ ਸੀ ਸਿਰਫ਼ ਫ਼ਾਈਲ ਪੂਰੀ ਕਰਨ ਲਈ। ਤਿੰਨ ਸਾਲ ਆਪਣੀ ਜੇਬ ਵਿਚੋਂ ਪੈਸੇ ਖ਼ਰਚ ਕੇ ਥਾਂ ਥਾਂ ਅਰਜ਼ੀਆਂ ਭੇਜਦਾ ਰਿਹਾ ਅਤੇ ਇੰਟਰਵਿਊ ਤੇ ਜਾਂਦਾ ਰਿਹਾ ਪਰ ਕਿਤੇ ਵੀ ਨੌਕਰੀ ਦੀ ਹਾਂ ਨਾ ਹੋਈ। ਅਖੀਰ ਵਿਚ ਤਾਂ ਇਹ ਵੀ ਸੋਚਿਆ ਕਿ ਕਿਸੇ ਦਫ਼ਤਰ ਵਿਚ ਕਲਰਕ ਦੀ ਨੌਕਰੀ ਹੀ ਮਿਲ਼ ਜਾਵੇ ਪਰ ਇਸ ਲਈ ਵੀ ਤਾਂ ਸਿਫ਼ਾਰਸ਼ ਚਾਹੀਦੀ ਸੀ ਅਤੇ ਉਹ ਵੀ ਕਿਸੇ ਵੱਡੇ ਅਫ਼ਸਰ ਦੀ ਜਾਂ ਸਿਆਸਤਦਾਨ ਦੀ। ਭਾਵੇਂ ਬਾਪੂ ਦੀ ਕਾਫ਼ੀ ਵਾਕਫ਼ੀਅਤ ਸੀ ਪਰ ਉਹ ਸਿਫ਼ਾਰਸ਼ਾਂ ਦੇ ਝਮੇਲੇ ਵਿਚ ਨਹੀਂ ਸੀ ਪੈਂਦਾ। ਕਈ ਵਾਰੀ ਕਿਹਾ ਵੀ ਪਰ ਉਸ ਨੇ ਕਦੇ ਵੀ ਕਿਸੇ ਅੱਗੇ ਝੁਕਣਾ ਨਹੀਂ ਸੀ ਚਾਹਿਆ। ਜ਼ਿੰਦਗੀ ਬੇਅਰਥ ਹੋ ਗਈ ਲਗਦੀ ਸੀ। ਕੋਈ ਆਸ ਨਹੀਂ ਸੀ ਦਿਸਦੀ ਕਿ ਕੋਈ ਕੰਮ ਬਣੇਗਾ ਅਤੇ ਕੋਈ ਨੌਕਰੀ ਕਿਧਰੇ ਮਿਲ਼ ਜਾਵੇਗੀ। ਅਖੀਰ ਤਿੰਨ ਸਾਲ ਨੌਕਰੀ ਲੱਭਣ ਲਈ ਧੱਕੇ ਖਾ-ਖਾ ਕੇ ਕੈਨੇਡਾ ਗਏ ਇਕ ਦੋਸਤ ਦਾ ਕਿਹਾ ਮੰਨ ਹੀ ਲਿਆ ਕਿ ਮੈਂ ਵੀ ਕੈਨੇਡਾ ਆ ਜਾਵਾਂ। ਗੁਰਜੀਤ 1968 ਵਿਚ ਹੀ ਕੈਨੇਡਾ ਚਲੇ ਗਿਆ ਸੀ ਜਦੋਂ ਕੈਨੇਡਾ ਖੁੱਲ੍ਹਿਆ ਸੀ ਅਤੇ ਧੜਾ-ਧੜ ਪੰਜਾਬੀ ਨੌਜਵਾਨ ਕੈਨੇਡਾ ਨੂੰ ਜਾਣੇ ਸ਼ੁਰੂ ਹੋ ਗਏ ਸਨ। ਗੁਰਜੀਤ ਮੈਨੂੰ ਵੀ ਤਿੰਨਾਂ ਸਾਲਾਂ ਤੋਂ ਕੈਨੇਡਾ ਆਉਣ ਲਈ ਜ਼ੋਰ ਪਾ ਰਿਹਾ ਸੀ ਪਰ ਮੇਰਾ ਦਿਲ ਹਿੰਦੁਸਤਾਨ ਛੱਡਣ ਲਈ ਨਹੀਂ ਸੀ ਮੰਨਦਾ। ਆਪਣਾ ਮੁਲਕ, ਆਪਣਾ ਘਰ-ਘਾਟ, ਆਪਣੇ ਮਾਂ-ਪਿਉ, ਭੈਣ-ਭਰਾ, ਅਤੇ ਰਿਸ਼ਤੇਦਾਰ ਕੌਣ ਛੱਡਣੇ ਚਾਹੁੰਦਾ? ਪਰ ਬੇਰੁਜ਼ਗਾਰੀ ਤੋਂ ਅੱਕ ਕੇ ਅਖੀਰ ਮੈਂ ਵੀ ਮਨ ਬਣਾ ਹੀ ਲਿਆ ਸੀ ਕਿ ਹਿੰਦੁਸਤਾਨ ਵਿਚ ਰਹਿ ਕੇ ਬੇਰੁਜ਼ਗਾਰੀ ਅਤੇ ਗਰੀਬੀ ਦੀ ਜ਼ਿੰਦਗੀ ਗੁਜ਼ਾਰਨ ਨਾਲ਼ੋਂ ਤਾਂ ਕੈਨੇਡਾ ਜਾਣਾ ਹੀ ਠੀਕ ਹੈ। ਗਰੀਬੀ ਇਸ ਲਈ ਕਿ ਹਰ ਰੋਜ਼ ਮਾਂ-ਬਾਪ ਤੋਂ ਪੈਸੇ ਮੰਗਣੇ ਸੌਖੇ ਨਹੀਂ ਸਨ ਭਾਵੇਂ ਸਾਡਾ ਪਰਿਵਾਰ ਮਾਇਕ ਤੌਰ ਤੇ ਸੌਖਾ ਸੀ। ਮੇਰੇ ਕਹਿਣ ਤੇ ਗੁਰਜੀਤ ਨੇ ਸਪਾਂਸਰਸ਼ਿਪ ਭੇਜ ਦਿੱਤੀ ਸੀ ਅਤੇ ਮੈਂ ਕੈਨੇਡਾ ਦਾ ਵੀਜ਼ਾ ਲਗਵਾ ਕੇ ਵੈਨਕੂਵਰ ਪਹੁੰਚ ਗਿਆ ਸੀ। ਕੁਝ ਦਿਨਾਂ ਵਿਚ ਹੀ ਗੁਰਜੀਤ ਨੇ ਮੈਨੂੰ ਵੀ ਲੱਕੜ ਦੀ ਉਸ ਮਿੱਲ ਵਿਚ ਕੰਮ ਲੈ ਦਿੱਤਾ ਸੀ ਜਿੱਥੇ ਉਹ ਆਪ ਕੰਮ ਕਰਦਾ ਸੀ। ਕੰਮ ਔਖਾ ਤਾਂ ਸੀ ਪਰ ਬੇਰੁਜ਼ਗਾਰੀ ਤੋਂ ਛੁਟਕਾਰਾ ਮਿਲ਼ ਗਿਆ ਸੀ ਅਤੇ ਹਫ਼ਤੇ ਬਾਅਦ ਡਾਲਰ ਮਿਲ਼ ਜਾਂਦੇ ਸਨ ਜਿਨ੍ਹਾਂ ਨੂੰ ਦੇਖ ਕੇ ਆਪਣੇ ਆਪ ਤੇ ਨਿਰਾਸ਼ ਹੋਣ ਦੀ ਵਜਾਏ ਫ਼ਖਰ ਮਹਿਸੂਸ ਹੋਣ ਲੱਗਾ ਸੀ।
****
ਦੋ ਕੁ ਸਾਲਾਂ ਬਾਅਦ ਲੱਕੜ ਦੀ ਮਿੱਲ ਵਿਚ ਕੰਮ ਕਰ ਕੇ ਮਨ ਅੱਕ ਗਿਆ ਸੀ। ਕੈਨੇਡਾ ਵਿਚ ਭਾਵੇਂ ਹਰ ਕੰਮ ਕਰਨ ਵਾਲ਼ੇ ਦੀ ਕਦਰ ਪੂਰੀ ਹੈ ਪਰ ਫਿਰ ਵੀ ਮੇਰਾ ਜੀਅ ਕੁਝ ਹੋਰ ਕਰਨ ਨੂੰ ਕਰਦਾ ਸੀ। ਇਸ ਤੋਂ ਬਾਅਦ ਮੈਂ ਸੋਚਣਾ ਸ਼ੁਰੂ ਕਰ ਦਿੱਤਾ ਕਿ ਆਪਣੀ ਜ਼ਿੰਦਗੀ ਨੂੰ ਕਿਹੜਾ ਮੋੜ ਦਿੱਤਾ ਜਾਵੇ। ਕੈਨੇਡਾ ਵਿਚ ਪੁਲਿਟੀਕਲ ਸਾਇੰਸ ਵਿਚ ਕੋਈ ਭਵਿੱਖ ਨਾ ਦਿਸਿਆ। ਮੈਂ ਕਈ ਮਹੀਨੇ ਇਸ ਬਾਰੇ ਸੋਚਦਾ ਰਿਹਾ, ਕੁਝ ਦੋਸਤਾਂ ਨਾਲ ਸਲਾਹ ਵੀ ਕੀਤੀ, ਦੋ-ਤਿੰਨ ਕਾਲਜਾਂ ਵਿਚ ਜਾ ਕੇ ਪੁੱਛ-ਗਿੱਛ ਵੀ ਕੀਤੀ ਅਤੇ ਸਲਾਹ ਵੀ ਲਈ ਕਿ ਕੈਨੇਡਾ ਵਿਚ ਕਿਸ ਡਿਗਰੀ ਜਾਂ ਮਜ਼ਮੂਨਾਂ ਦੀ ਜ਼ਿਆਦਾ ਮਹੱਤਤਾ ਜਾਣੀ ਜਾਂਦੀ ਸੀ। ਸੁਝਾਅ ਇਹੋ ਮਿਲ਼ਿਆ ਕਿ ਫਾਈਨੈਂਸ ਜਾਂ ਅਕਾਊਂਟਿੰਗ ਵਿਚ ਕੁਝ ਕੋਰਸ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਲੈ ਲਵਾਂ ਅਤੇ ਜੇ ਹੋ ਸਕੇ ਤਾਂ ਇਸ ਮਜ਼ਮੂਨ ਵਿਚ ਡਿਗਰੀ ਵੀ ਹਾਸਲ ਕਰ ਲਵਾਂ। ਹੁਣ ਤੱਕ ਮੈਨੂੰ ਕੈਨੇਡਾ ਵਿਚ ਪੱਕੇ ਰਹਿਣ ਦੀ ਇਜਾਜ਼ਤ ਵੀ ਮਿਲ਼ ਗਈ ਸੀ। ਹੁਣ ਇਸ ਪਾਸਿਉਂ ਕੋਈ ਫ਼ਿਕਰ ਨਹੀਂ ਸੀ ਰਿਹਾ। ਜਿੱਥੋਂ ਤੱਕ ਪੜ੍ਹਾਈ ਦਾ ਸਵਾਲ ਸੀ, ਸਲਾਹਾਂ ਕਰਦਿਆਂ ਅਤੇ ਸਲਾਹਾਂ ਲੈਂਦਿਆਂ ਕੁਝ ਸਮਾਂ ਹੋਰ ਲੰਘ ਗਿਆ। ਸੋਚ-ਸੋਚ ਕੇ ਅਤੇ ਸਲਾਹਾਂ ਲੈ-ਲੈ ਕੇ ਅਖੀਰ ਕੈਨੇਡਾ ਆਉਣ ਤੋਂ ਤਿੰਨ ਸਾਲ ਬਾਅਦ ਮੈਂ ਇਕ ਕਾਲਜ ਵਿਚ ਫਾਈਨੈਂਸ ਦੀ ਇਕ ਕਲਾਸ ਲੈ ਲਈ। ਦਿਨ ਨੂੰ ਮਿੱਲ ਵਿਚ ਕੰਮ ਕਰਨਾ ਅਤੇ ਸ਼ਾਮ ਨੂੰ ਹਰ ਹਫ਼ਤੇ ਦੋ ਦਿਨ ਕਲਾਸ ਵਿਚ ਜਾਣਾ। ਕਲਾਸ ਔਖੀ ਤਾਂ ਜ਼ਰੂਰ ਲੱਗੀ ਸੀ ਪਰ ਠੀਕ-ਠਾਕ ਪੂਰੀ ਹੋ ਗਈ ਸੀ। ਹੌਸਲਾ ਕੁਝ ਹੋਰ ਵਧ ਗਿਆ। ਅਗਲੇ ਸਮੈਸਟਰ ਮੈਂ ਦੋ ਕਲਾਸਾਂ ਲੈ ਲਈਆਂ ਸਨ। ਇਸ ਤਰ੍ਹਾਂ ਹੌਲ਼ੀ-ਹੌਲ਼ੀ ਕਰ-ਕਰਾ ਕੇ ਮੈਂ ਛੇ ਕੁ ਸਾਲਾਂ ਵਿਚ ਕੰਮ ਕਰਨ ਦੇ ਨਾਲ-ਨਾਲ ਫਾਈਨੈਂਸ ਦੀ ਬੀ.ਏ. ਕਰ ਲਈ ਸੀ। ਮੇਰੀਆਂ ਕਈ ਕਲਾਸਾਂ ਪੰਜਾਬ ਤੋਂ ਮਨਜ਼ੂਰ ਕਰ ਲਈਆਂ ਗਈਆਂ ਸਨ। ਛੇਆਂ ਸਾਲਾਂ ਵਿਚ ਅੰਗਰੇਜ਼ੀ ਸਮਝਣ ਅਤੇ ਬੋਲਣ ਦੀ ਵੀ ਕਾਫ਼ੀ ਮੁਹਾਰਤ ਹੋ ਗਈ ਸੀ। ਬੀ.ਏ. ਦੀ ਡਿਗਰੀ ਪੂਰੀ ਕਰਨ ਨਾਲ਼ ਹੀ ਦਫ਼ਤਰ ਦੀਆਂ ਨੌਕਰੀਆਂ ਲਈ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਈ ਕੰਪਨੀਆਂ ਵਲੋਂ ਇੰਟਰਵਿਊ ਦੇ ਸੱਦੇ ਆਉਣੇ ਸ਼ੁਰੂ ਹੋ ਗਏ। ਪਹਿਲਾਂ ਕੁਝ ਇੰਟਰਵਿਊ ਤਾਂ ਮੈ ਬਹੁਤ ਹੀ ਘਬਰਾਈ ਹੋਈ ਹਾਲਤ ਵਿਚ ਦਿੱਤੀਆਂ ਪਰ ਹੌਲ਼ੀ-ਹੌਲ਼ੀ ਹੌਸਲਾ ਵਧਦਾ ਗਿਆ। ਹਰ ਇੰਟਰਵਿਊ ਨਾਲ਼ ਕੁਝ ਫ਼ਰਕ ਪੈਂਦਾ ਗਿਆ ਅਤੇ ਮੇਰੀ ਘਬਰਾਹਟ ਦੂਰ ਹੁੰਦੀ ਗਈ। ਕੁਝ ਮਹੀਨਿਆਂ ਬਾਅਦ ਹੀ ਮੈਨੂੰ ਇਕ ਦਰਮਿਆਨੀ ਜਿਹੀ ਕੰਪਨੀ ਦੇ ਫਾਈਨੈਂਸ ਵਿਭਾਗ ਵਿਚ ਨੌਕਰੀ ਮਿਲ਼ ਗਈ ਸੀ। ਤਨਖ਼ਾਹ ਬਹੁਤ ਵਧੀਆ ਸੀ। ਕੁਰਸੀ ਤੇ ਬੈਠ ਕੇ ਕਰਨ ਵਾਲ਼ਾ ਕੰਮ ਮਿਲ਼ ਗਿਆ ਸੀ। ਮੈਂ ਬਹੁਤ ਖ਼ੁਸ਼ ਸਾਂ। ਪਹਿਲਾਂ-ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਪੜ੍ਹੇ ਲਿਖੇ ਲੋਕਾਂ ਨਾਲ਼ ਕੰਮ ਕਰਦਿਆਂ ਕੁਝ ਝਿਜਕ ਵੀ ਆਈ ਅਤੇ ਡਰ ਵੀ ਲੱਗਿਆ ਪਰ ਹੌਲ਼ੀ-ਹੌਲ਼ੀ ਕੁਝ ਸਮੇਂ ਵਿਚ ਹੀ ਮੈਂ ਇਨ੍ਹਾਂ ਸਭ ਨਾਲ਼ ਰਚ-ਮਿਚ ਗਿਆ ਸੀ। ਇਸ ਦਫ਼ਤਰ ਵਿਚ ਕੁਝ ਹਿੰਦੁਸਤਾਨੀ ਵੀ ਕੰਮ ਕਰਦੇ ਸਨ। ਉਨ੍ਹਾਂ ਨੇ ਆਪਣੇ ਨਾਵਾਂ ਨੂੰ ਸੌਖਾ ਕਰਨ ਲਈ ਛੋਟੇ ਛੋਟੇ ਅੰਗਰੇਜ਼ੀ ਨਾਮ ਰੱਖ ਲਏ ਸਨ। ਕੁਝ ਕੁ ਮਹੀਨਿਆਂ ਬਾਅਦ ਮੈਂ ਵੀ ਹਰਿੰਦਰ ਤੋਂ ਹੈਰੀ ਬਣ ਗਿਆ ਸੀ। ਕੈਨੇਡਾ ਦੇ ਨਿਵਾਸੀਆਂ ਲਈ ਹਰਿੰਦਰ ਕਹਿਣ ਦੀ ਵਜਾਏ ਹੈਰੀ ਕਹਿਣਾ ਬਹੁਤ ਸੌਖਾ ਸੀ।
ਬਾਪੂ ਪਿੰਡ ਦਾ ਲੰਬੜਦਾਰ ਸੀ ਅਤੇ ਬਹੁਤ ਰੋਹਬ ਵਾਲ਼ਾ ਇਨਸਾਨ ਸੀ। ਭਾਵੇਂ ਉਹ ਥੋੜ੍ਹਾ ਹੀ ਪੜ੍ਹਿਆ ਹੋਇਆ ਸੀ ਪਰ ਫਿਰ ਵੀ ਉਸ ਦੀ ਆਪਣੇ ਪਿੰਡ ਅਤੇ ਲਾਗਲੇ ਪਿੰਡਾਂ ਵਿਚ ਕਾਫ਼ੀ ਪੁੱਛ-ਗਿੱਛ ਸੀ। ਲੋਕ ਉਸ ਦਾ ਸਤਿਕਾਰ ਕਰਦੇ ਸਨ। ਬਾਪੂ ਨੂੰ ਗੱਲ ਕਰਨ ਦਾ ਵੱਲ ਸੀ। ਦਲੀਲ ਨਾਲ਼ ਗੱਲ ਕਰਨ ਵਿਚ ਉਸ ਨੂੰ ਕੋਈ ਘੱਟ ਹੀ ਜਿੱਤ ਸਕਦਾ ਸੀ। ਲੋਕ ਉਸ ਕੋਲ਼ੋਂ ਸਲਾਹਾਂ ਲੈਣ ਲਈ ਆਮ ਹੀ ਆਉਂਦੇ ਰਹਿੰਦੇ ਸਨ। ਅਸਲ ਵਿਚ ਪਿੰਡ ਦੀ ਲੰਬੜਦਾਰੀ ਪਹਿਲਾਂ ਇਕ ਹੋਰ ਪਰਿਵਾਰ ਕੋਲ਼ ਸੀ। ਜਦੋਂ ਉਸ ਪਰਿਵਾਰ ਦਾ ਬਜ਼ੁਰਗ ਕਰਮ ਸਿੰਘ, ਜੋ ਲੰਬੜਦਾਰੀ ਕਰਦਾ ਸੀ, ਪੂਰਾ ਹੋਇਆ ਤਾਂ ਉਸ ਪਰਿਵਾਰ ਦਾ ਕੋਈ ਵੀ ਮੈਂਬਰ ਲੰਬੜਦਾਰ ਬਣਨ ਨੂੰ ਤਿਆਰ ਨਹੀਂ ਸੀ। ਪਿੰਡ ਦੇ ਲੋਕਾਂ ਨੇ ਕਹਿ-ਕਹਾ ਕੇ ਬਾਪੂ ਨੂੰ ਲੰਬੜਦਾਰ ਬਣਨ ਲਈ ਮਨਾ ਲਿਆ ਸੀ।
ਮੇਰੀ ਇਕੋ-ਇਕ ਭੈਣ ਸੀ ਅਤੇ ਭਰਾ ਕੋਈ ਨਹੀਂ ਸੀ। ਭੈਣ ਦਾ ਵਿਆਹ ਮੇਰੇ ਕੈਨੇਡਾ ਆਉਣ ਤੋਂ ਚਾਰ ਕੁ ਸਾਲ ਪਹਿਲਾਂ ਹੋ ਗਿਆ ਸੀ। ਉਸ ਦਾ ਪਤੀ ਵਕੀਲ ਸੀ ਅਤੇ ਲੁਧਿਆਣੇ ਵਕਾਲਤ ਕਰਦਾ ਸੀ। ਭੈਣ ਭਾਵੇਂ ਬੀ.ਏ. ਪਾਸ ਸੀ ਪਰ ਉਸ ਨੇ ਘਰ ਤੋਂ ਬਾਹਰ ਕੋਈ ਨੌਕਰੀ ਨਹੀਂ ਸੀ ਕੀਤੀ। ਉਸ ਨੇ ਘਰ ਰਹਿ ਕੇ ਆਪਣੇ ਦੋ ਬੱਚੇ ਪਾਲ਼ੇ ਸਨ ਜੋ ਹੁਣ ਡਾਕਟਰ ਬਣ ਗਏ ਸਨ। ਬਹੁਤੇ ਹਿੰਦੁਸਤਾਨੀਆਂ ਵਾਂਗ ਭੈਣ ਅਤੇ ਉਸ ਦੇ ਪਤੀ ਦੀ ਵੀ ਖ਼ਾਹਿਸ਼ ਸੀ ਕਿ ਉਨ੍ਹਾਂ ਦੇ ਬੱਚੇ ਡਾਕਟਰ ਜਾਂ ਇੰਜੀਨੀਅਰ ਬਣਨ।
ਜਦੋਂ ਮੈਂ ਕੈਨੇਡਾ ਦੀ ਤਿਆਰੀ ਕੀਤੀ ਸੀ ਤਾਂ ਬਾਪੂ ਨੇ ਬਹੁਤ ਜ਼ੋਰ ਪਾਇਆ ਸੀ ਕਿ ਮੈਂ ਕੈਨੇਡਾ ਨਾ ਜਾਵਾਂ।
“ਬੇਟਾ ਤੂੰ ਕਨੇਡਾ ਕੀ ਕਰਨਾ। ਐਵੇਂ ਜਾ ਕੇ ਫ਼ੈਕਟਰੀਆਂ ਵਿਚ ਧੱਕੇ ਖਾਏਂਗਾ। ਐਥੇ ਸਾਨੂੰ ਰੱਬ ਨੇ ਬੜਾ ਕੁਛ ਦਿੱਤਾ ਹੋਇਆ।” ਬਾਪੂ ਦਾ ਕਹਿਣਾ ਸੀ।
“ਪਰ ਬਾਪੂ ਐੱਮ.ਏ. ਕਰ ਕੇ ਵੀ ਨੌਕਰੀ ਤਾਂ ਮਿਲ਼ਦੀ ਨੀ। ਮੈਂ ਵਿਹਲਾ ਰਹਿ ਕੇ ਅੱਕ ਗਿਆਂ। ਕਨੇਡਾ ਗਏ ਦੋਸਤ ਵੀ ਕਹਿੰਦੇ ਨੇ ਕਿ ਇੱਥੇ ਆ ਜਾ।”
“ਆਪਣੀ ਜ਼ਮੀਨ ਚੰਗੀ ਐ। ਤੂੰ ਇਸ ਨੂੰ ਸੰਭਾਲ਼। ਤੂੰ ਹੋਰ ਕੰਮ ਕਰ ਕੇ ਕੀ ਲੈਣਾ?”
“ਬਾਪੂ, ਮੈਂ ਖੇਤੀ ਨਹੀਂ ਕਰਨੀ ਚਾਹੁੰਦਾ।”
“ਖੇਤੀ ਨਾ ਕਰ। ਸਿਰਫ਼ ਜ਼ਮੀਨ ਦੀ ਦੇਖ ਭਾਲ਼ ਹੀ ਕਰੀ ਜਾ।”
“ਇਹ ਮੇਰੇ ਬੱਸ ਦਾ ਰੋਗ ਨਹੀਂ।”
“ਕੁਝ ਸਾਲਾਂ ਤੱਕ ਮੈਂ ਲੰਬੜਦਾਰੀ ਤੈਨੂੰ ਸੰਭਾਲ਼ ਦੇਊਂ।”
“ਬਾਪੂ ਮੈਨੂੰ ਇਹ ਲੰਬੜਦਾਰੀ ਦਾ ਕੰਮ ਪਸੰਦ ਨਹੀਂ। ਮੀਂਹ ਪਵੇ, ਨ੍ਹੇਰੀ ਆਵੇ, ਗਰਮੀ ਹੋਵੇ, ਸਰਦੀ ਹੋਵੇ, ਘਰ-ਘਰ ਜਾ ਕੇ ਥੋੜ੍ਹੇ-ਥੋੜ੍ਹੇ ਪੈਸਿਆਂ ਲਈ ਲੋਕਾਂ ਦੀਆਂ ਮਿੰਨਤਾਂ ਕਰੀ ਜਾਓ। ਕਈ ਵਾਰੀ ਤਾਂ ਕਈਆਂ ਦੇ ਘਰੀਂ ਕਈ-ਕਈ ਗੇੜੇ ਮਾਰਨੇ ਪੈਂਦੇ ਐ ਥੋੜ੍ਹੇ ਜਿਹੇ ਪੈਸਿਆਂ ਲਈ।”
“ਉਹ ਤਾਂ ਠੀਕ ਹੈ ਪਰ ਰੋਹਬ ਵੀ ਤਾਂ ਹੈ। ਕਿਸੇ ਦਾ ਕੋਈ ਕੰਮ ਹੋਵੇ ਠਾਣੇ ਜਾਂ ਕਚਹਿਰੀ, ਅਗਲੇ ਆ ਕੇ ਮਿੰਨਤਾਂ ਕਰਦੇ ਆ। ਕਿਸੇ ਦਾ ਕੰਮ ਕਰਾ ਦਿਓ ਅਗਲੇ ਸਾਰੀ ਉਮਰ ਅਹਿਸਾਨ ਮੰਨਦੇ ਆ।”
“ਬਾਪੂ ਇਹ ਕੁੱਤਾ ਕੰਮ ਆ। ਮੈਥੋਂ ਨਹੀਂ ਹੋਣਾ।”
ਫਿਰ ਬਾਪੂ ਨੇ ਆਪਣੇ ਦਿਲ ਦੀ ਗੱਲ ਆਖ ਦਿੱਤੀ ਸੀ, “ਬੇਟਾ, ਅਸੀਂ ਮੁੱਦਤਾਂ ਬਾਅਦ ਕੁਰਬਾਨੀਆਂ ਦੇ ਕੇ ਗੋਰਿਆਂ ਤੋਂ ਅਜ਼ਾਦੀ ਲਈ ਹੈ। ਹੁਣ ਅਸੀਂ ਉਨ੍ਹਾਂ ਦੀ ਗੁਲਾਮੀ ਕਰਨ ਫਿਰ ਜਾ ਰਹੇ ਹਾਂ। ਸਾਨੂੰ ਸਮਝ ਕਦੋਂ ਆਊਗੀ?”
ਅਸਲ ਵਿਚ ਮੇਰੇ ਬਾਬਾ ਜੀ ਹਿੰਦੁਸਤਾਨ ਦੀ ਅਜ਼ਾਦੀ ਦੀ ਲੜਾਈ ਵਿਚ ਕਾਫ਼ੀ ਸਰਗਰਮ ਰਹੇ ਸਨ ਅਤੇ ਕਈ ਵਾਰੀ ਜੇਲ੍ਹ ਵੀ ਗਏ ਸਨ। ਬਾਪੂ ਨੂੰ ਇਸ ਗੱਲ ਤੇ ਬਹੁਤ ਮਾਣ ਸੀ। ਬਹੁਤ ਸਾਲ ਪਹਿਲਾਂ ਜਦੋਂ ਇੰਗਲੈਂਡ ਨੂੰ ਜਾਣ ਦੇ ਵਾਊਚਰ ਆਮ ਮਿਲ਼ਦੇ ਸਨ, ਮੇਰੇ ਬਾਪੂ ਨੂੰ ਵੀ ਉਸ ਦੇ ਕਈ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ, ਜੋ ਇਹ ਵਾਊਚਰ ਮੰਗਵਾ ਕੇ ਇੰਗਲੈਂਡ ਚਲੇ ਗਏ ਸਨ, ਜ਼ੋਰ ਪਾਇਆ ਸੀ ਕਿ ਉਹ ਇੰਗਲੈਂਡ ਆ ਜਾਵੇ ਪਰ ਬਾਪੂ ਨੇ ਇੰਗਲੈਂਡ ਜਾਣ ਨੂੰ ਗੋਰਿਆਂ ਦੀ ਗੁਲਾਮੀ ਕਹਿ ਕੇ ਠੁਕਰਾ ਦਿੱਤਾ ਸੀ। ਇਸੇ ਕਾਰਨ ਕਰ ਕੇ ਬਾਪੂ ਮੇਰੇ ਕੈਨੇਡਾ ਜਾਣ ਤੋਂ ਬਿਲਕੁਲ ਖ਼ੁਸ਼ ਨਹੀਂ ਸੀ।
“ਬਾਪੂ ਜੀ, ਮੈਂ ਗੁਲਾਮੀ ਕਰਨ ਨਹੀਂ ਜਾ ਰਿਹਾ ਪਰ ਆਪਣੇ ਭਵਿੱਖ ਦੀ ਚਿੰਤਾ ਕਰ ਕੇ ਜਾ ਰਿਹਾਂ। ਇੱਥੇ ਰਹਿ ਕੇ ਬੇਰੁਜ਼ਗਾਰ ਰਹਿਣ ਨਾਲੋਂ ਤਾਂ ਚੰਗਾ ਹੈ ਕਿ ਜਾ ਕੇ ਦੇਖ ਲਵਾਂ ਕਿ ਕਨੇਡਾ ਵਿਚ ਜ਼ਿੰਦਗੀ ਕਿਹੋ ਜਿਹੀ ਏ।”
ਬਾਪੂ ਨੇ ਕਾਫ਼ੀ ਕੋਸ਼ਿਸ਼ ਕੀਤੀ ਮੇਰਾ ਮਨ ਬਦਲਣ ਲਈ ਪਰ ਜਦੋਂ ਮੈਂ ਨਾ ਮੰਨਿਆਂ ਤਾਂ ਉਸ ਨੇ ਮੈਨੂੰ ਮਨਾਉਣ ਦੇ ਹਥਿਆਰ ਸੁੱਟ ਦਿੱਤੇ ਸਨ।
****
ਪੜ੍ਹਾਈ ਪੂਰੀ ਕਰਨ ਅਤੇ ਦਫ਼ਤਰ ਦੀ ਨੌਕਰੀ ਲੈਣ ਤੋਂ ਪੰਜ ਕੁ ਸਾਲਾਂ ਬਾਅਦ ਹਿੰਦੁਸਤਾਨ ਜਾਣ ਦਾ ਮੌਕਾ ਮਿਲਿਆ। ਦਿਲ ਖ਼ੁਸ਼ ਸੀ ਕਿ ਆਪਣੇ ਵਤਨ ਜਾ ਰਿਹਾਂ – ਮਾਂ-ਪਿਉ, ਭੈਣ, ਰਿਸ਼ਤੇਦਾਰਾਂ, ਅਤੇ ਦੋਸਤਾਂ ਨੂੰ ਮਿਲ਼ਣ; ਉਸ ਪਿੰਡ ਦੀਆਂ ਗਲ਼ੀਆਂ ਨੂੰ ਦੇਰ ਬਾਅਦ ਦੇਖਣ ਜਿੱਥੇ ਬਚਪਨ ਗੁਜ਼ਾਰਿਆ ਸੀ; ਉਸ ਪੰਜਾਬ ਦੇ ਦਰਸ਼ਨ ਕਰਨ ਜਿੱਥੇ ਦੀ ਸਭਿਅਤਾ ਵਿਚ ਜੁਆਨ ਹੋਇਆ ਸੀ। ਬਹੁਤ ਚਾਅ ਸੀ ਹਿੰਦੁਸਤਾਨ ਜਾਣ ਦਾ। ਦਿੱਲੀ ਦੇ ਏਅਰਪੋਰਟ ਤੇ ਪਹੁੰਚਿਆ। ਇਮੀਗਰੇਸ਼ਨ ਦਾ ਅਫ਼ਸਰ ਅਜੀਬ-ਅਜੀਬ ਜਿਹੇ ਸਵਾਲ ਪੁੱਛ ਰਿਹਾ ਸੀ: “ਕੱਬ ਗਏ ਥੇ ਕਨੇਡਾ? …. ਵਹਾਂ ਕਿਆ ਕਾਮ ਕਰਤੇ ਹੋ? …. ਜੱਬ ਕਨੇਡਾ ਕੇ ਨਾਗਰਿਕ ਬਨ ਗਏ ਹੋ ਤੋ ਵਾਪਸ ਕਿਆ ਕਰਨ ਆਤੇ ਹੋ? … ਕਿਤਨੀ ਦੇਰ ਰਹੋਗੇ ਹਿੰਦੁਸਤਾਨ ਮੇਂ? … ਇਤਨੀ ਦੇਰ ਜਹਾਂ ਕਿਆ ਕਰੋਗੇ?” ਜੀਅ ਤਾਂ ਕਰਦਾ ਸੀ ਕਿ ਕਰਾਰੇ ਜਵਾਬ ਦੇਵਾਂ ਪਰ ਐਵੇਂ ਕੋਈ ਪੰਗਾ ਪੈਣ ਤੋਂ ਡਰ ਲਗਦਾ ਸੀ। ਗੁੱਸੇ ਨੂੰ ਅੰਦਰੋ-ਅੰਦਰ ਖਾ ਕੇ, ਬੁੱਲ੍ਹਾਂ ਤੇ ਮੁਸਕਰਾਹਟ ਲਿਆ ਕੇ ਸਿੱਧੇ-ਸਿੱਧੇ ਜਵਾਬ ਹੀ ਦਿੱਤੇ ਅਤੇ ਉਸ ਤੋਂ ਛੁਟਕਾਰਾ ਪਾਇਆ। ਬਾਹਰ ਆਇਆ ਤਾਂ ਪਰਵਾਰ ਅਤੇ ਰਿਸ਼ਤੇਦਾਰਾਂ ਵਿਚੋਂ ਛੇ ਜਣੇ ਵੱਡੀ ਕਾਰ ਵਿਚ ਲੈਣ ਆਏ ਹੋਏ ਸਨ। ਮੈ ਖ਼ਤ ਵਿਚ ਲਿਖਿਆ ਵੀ ਸੀ ਕਿ ਇਕ ਬੰਦਾ ਕਾਰ ਲੈ ਕੇ ਆ ਜਾਇਓ ਪਰ ਛੇ ਜਣੇ? ਦੇਖ ਕੇ ਮੈਨੂੰ ਹੈਰਾਨੀ ਤਾਂ ਹੋਈ ਪਰ ਫਿਰ ਸੋਚਿਆ ਕਿ ਇਹ ਪੰਜਾਬੀ ਪਿਆਰ ਹੈ। ਕੋਈ ਗੱਲ ਨਹੀਂ। ਅਸੀਂ ਕਾਰ ਵਿਚ ਬੈਠੇ ਅਤੇ ਪੰਜਾਬ ਨੂੰ ਚੱਲ ਪਏ। ਪੰਜਾਬ ਨੂੰ ਜਾਂਦਿਆਂ ਸਭ ਕੁਝ ਪੁਰਾਣੇ ਦਿਨਾਂ ਵਾਂਗ ਹੀ ਦਿਸ ਰਿਹਾ ਸੀ। ਲੱਗ ਰਿਹਾ ਸੀ ਕਿ ਇੰਨੇ ਸਾਲਾਂ ਵਿਚ ਵੀ ਬਹੁਤਾ ਕੁਝ ਨਹੀਂ ਸੀ ਬਦਲਿਆ। ਟੁੱਟੀਆਂ ਸੜਕਾਂ, ਕੂੜੇ ਦੇ ਥਾਂ-ਥਾਂ ਢੇਰ, ਸੜਕ ਵਿਚ ਥਾਂ-ਥਾਂ ਤੇ ਬੈਠੇ ਜਾਂ ਲੰਘ ਰਹੇ ਪਸ਼ੂ, ਟਰੈਫ਼ਿਕ ਬੇਅਸੂਲਾ, ਹਰ ਪਾਸਿਉਂ ਸੁਣਦੇ ਹਾਰਨ, ਆਦਿ ਆਦਿ। ਭਾਵੇਂ ਜਦੋਂ ਮੈਂ ਇੱਥੇ ਰਹਿੰਦਾ ਸੀ ਤਾਂ ਇਹ ਸਭ ਕੁਝ ਆਮ ਲਗਦਾ ਸੀ ਪਰ ਇੰਨੇ ਸਾਲ ਬਾਹਰ ਰਹਿ ਕੇ ਹੁਣ ਇਹ ਸਭ ਓਪਰਾ-ਓਪਰਾ ਲਗਦਾ ਸੀ।
ਪਿੰਡ ਪਹੁੰਚੇ ਤਾਂ ਦੇਖਿਆ ਬਹੁਤ ਕੁਝ ਬਦਲ ਚੁੱਕਾ ਸੀ। ਕਾਫ਼ੀ ਪੁਰਾਣੇ ਘਰ ਢਾਹ ਕੇ ਨਵੇਂ ਬਣਾ ਲਏ ਗਏ ਸਨ। ਪਿੰਡ ਵਿਚ ਕਈ ਸ਼ਾਨਦਾਰ ਕੋਠੀਆਂ ਬਣ ਗਈਆਂ ਸਨ ਜਿਨ੍ਹਾਂ ਵਿਚੋਂ ਬਹੁਤੀਆਂ ਤਾਂ ਬਾਹਰਲੇ ਮੁਲਕਾਂ ਤੋਂ ਆਏ ਪੈਸੇ ਨਾਲ ਹੀ ਬਣੀਆਂ ਸਨ। ਪਿੰਡ ਦੀ ਪਛਾਣ ਹੀ ਬਦਲ ਗਈ ਸੀ। ਖੇਤੀ ਦੇ ਢੰਗ ਤਰੀਕੇ ਵੀ ਬਿਲਕੁਲ ਬਦਲੇ ਪਏ ਸਨ। ਜਿੱਥੇ ਵੀ ਮੈਂ ਗਿਆ ਪੀਣ ਲਈ ਕੋਕਾ ਕੋਲਾ ਹੀ ਮਿਲ਼ਦਾ ਸੀ। ਇੰਨਾ ਕੋਕਾ ਕੋਲਾ ਮੈਂ ਕੈਨੇਡਾ ਵਿਚ ਕਈ ਸਾਲਾਂ ਵਿੱਚ ਵੀ ਨਹੀਂ ਪੀਤਾ ਸੀ ਜਿੰਨਾ ਪੰਜਾਬ ਵਿਚ ਤਿੰਨਾਂ ਹਫ਼ਤਿਆਂ ਵਿਚ ਪੀ ਲਿਆ ਸੀ। ਪੀਣ ਲਈ ਲੱਸੀ ਤਾਂ ਸਿਰਫ਼ ਇਕ ਦੋ ਘਰਾਂ ਵਿਚੋਂ ਹੀ ਮਿਲ਼ੀ ਸੀ। ਤਿੰਨਾਂ ਹਫ਼ਤਿਆਂ ਵਿਚ ਪੰਜਾਬ ਦੇ ਬਦਲੇ ਤੌਰ ਤਰੀਕਿਆਂ ਦਾ ਖ਼ੂਬ ਅਭਿਆਸ ਹੋਇਆ। ਸੜਕਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਸੀ। ਅਮੀਰ ਲੋਕ ਪਹਿਲਾਂ ਨਾਲੋਂ ਵੀ ਅਮੀਰ ਹੋ ਗਏ ਸਨ, ਅਤੇ ਗਰੀਬ ਹੋਰ ਵੀ ਗਰੀਬ। ਸੜਕਾਂ ਦੇ ਆਲ਼ੇ-ਦੁਆਲ਼ੇ ਬਣਾਈਆਂ ਝੁੱਗੀਆਂ ਵਿਚ ਲੋਕ ਵਸ ਰਹੇ ਸਨ। ਸੋਚਿਆ, “ਕਿਵੇਂ ਰਹਿੰਦੇ ਹੋਣਗੇ ਇਹ ਲੋਕ? ਕੀ ਹੈ ਇਨ੍ਹਾਂ ਦੀ ਜ਼ਿੰਦਗੀ? ਕੀ ਮਿਲ਼ਿਆ ਇਨ੍ਹਾਂ ਨੂੰ ਅਜ਼ਾਦੀ ਤੋਂ? ਹਿੰਦੁਸਤਾਨ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਹੁੰਦੀ ਜਾ ਰਹੀ ਹੈ।”
****
ਬਾਪੂ ਬਹੁਤ ਅੜਬ ਸੁਭਾਅ ਦਾ ਸੀ। ਜਿਹੜੀ ਗੱਲ ਤੇ ਅੜ ਜਾਂਦਾ ਸੀ ਉਹ ਕਰ ਕੇ ਹੀ ਹਟਦਾ ਸੀ। ਪਿੰਡ ਦੇ ਲੋਕਾਂ ਨੂੰ ਵੀ ਇਸ ਦਾ ਪੂਰਾ ਗਿਆਨ ਸੀ। ਇਸੇ ਕਰ ਕੇ ਆਮ ਤੌਰ ਤੇ ਕੋਈ ਉਸ ਨਾਲ਼ ਲੜਾਈ ਝਗੜਾ ਘੱਟ ਹੀ ਕਰਦਾ ਸੀ। ਇਕ ਵਾਰੀ ਮੇਰੇ ਮਾਮੇ ਨੇ ਹਾਸੇ-ਹਾਸੇ ਵਿਚ ਹੀ ਬਾਪੂ ਨੂੰ ਕੋਈ ਗੱਲ ਆਖ ਦਿੱਤੀ ਸੀ ਅਤੇ ਬਾਪੂ ਨੇ ਉਸ ਨੂੰ ਤਿੰਨ ਸਾਲ ਆਪਣੇ ਘਰ ਨਹੀਂ ਸੀ ਵੜਨ ਦਿੱਤਾ। ਮਸਾਂ ਹੀ ਮੇਰੀ ਮਾਂ ਦੀਆਂ ਮਿੰਨਤਾਂ ਸੁਣ ਕੇ ਅਤੇ ਕੁਝ ਹੋਰ ਰਿਸ਼ਤੇਦਾਰਾਂ ਦੇ ਕਹਿਣ ਤੇ ਉਸ ਨੇ ਮਾਮੇ ਨੂੰ ਆਪਣੇ ਘਰ ਵੜਨ ਦਿੱਤਾ ਸੀ। ਕੈਨੇਡਾ ਆ ਕੇ ਜਦੋਂ ਮੈਂ ਤਿੰਨਾਂ ਸਾਲਾਂ ਬਾਅਦ ਕੇਸ ਕਟਾ ਦਿੱਤੇ ਸਨ ਤਾਂ ਬਾਪੂ ਨੂੰ ਮੇਰੇ ਇਕ ਦੋਸਤ ਤੋਂ ਇਸ ਦਾ ਪਤਾ ਲੱਗ ਗਿਆ ਸੀ। ਬਾਪੂ ਪੂਰਾ ਅੰਮ੍ਰਿਤਧਾਰੀ ਸਿੱਖ ਸੀ, ਸਵੇਰੇ ਸ਼ਾਮ ਪਾਠ ਕਰਦਾ ਹੁੰਦਾ ਸੀ ਅਤੇ ਹਰ ਹਫ਼ਤੇ ਕਈ ਵਾਰੀ ਗੁਰਦਵਾਰੇ ਵੀ ਜਾਂਦਾ ਸੀ। ਮੇਰੀ ਮਾਂ ਨੇ ਦੱਸਿਆ ਸੀ ਕਿ ਜਦੋਂ ਬਾਪੂ ਨੂੰ ਮੇਰੇ ਕੇਸ ਕਟਾਉਣ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਇਆ ਸੀ। ਕਈ ਮਹੀਨੇ ਬਾਪੂ ਨੇ ਮੇਰੀ ਮਾਂ ਨੂੰ ਮੇਰੇ ਬਾਰੇ ਘਰ ਵਿਚ ਗੱਲ ਵੀ ਨਹੀਂ ਸੀ ਕਰਨ ਦਿੱਤੀ। ਬਾਪੂ ਪੁਰਾਣੇ ਖ਼ਿਆਲਾਂ ਵਾਲਾ ਸੀ। ਉਹ ਮੇਰੀ ਭੈਣ ਨੂੰ ਮਿਲ਼ਣ ਜਾਂਦਾ ਤਾਂ ਉਨ੍ਹਾਂ ਦੇ ਘਰ ਕਦੇ ਰਾਤ ਨਹੀਂ ਸੀ ਰਹਿੰਦਾ। ਸਵੇਰੇ ਜਾਂਦਾ ਅਤੇ ਸ਼ਾਮ ਤੱਕ ਵਾਪਸ ਘਰ ਆ ਜਾਂਦਾ। ਮਾਂ ਕਦੇ ਵੀ ਬਾਪੂ ਦੇ ਅੱਗੇ ਨਹੀਂ ਸੀ ਬੋਲ ਸਕਦੀ। ਜੇ ਕਦੇ ਮਾਂ ਨੇ ਬਾਪੂ ਨਾਲ਼ ਕੋਈ ਗੱਲ ਕਰਨੀ ਹੁੰਦੀ ਤਾਂ ਉਹ ਮਸਾਂ ਡਰ-ਡਰ ਕੇ ਹੌਲ਼ੀ-ਹੌਲ਼ੀ ਗੱਲ ਕਰਦੀ।
****
ਕੈਨੇਡਾ ਵਿਚ ਕਾਲਜ ਤੋਂ ਡਿਗਰੀ ਲੈ ਕੇ ਦਫ਼ਤਰ ਦੀ ਨੌਕਰੀ ਸ਼ੁਰੂ ਕਰਨ ਤੋਂ ਛੇਤੀ ਬਾਅਦ ਹੀ ਉਸ ਦਫ਼ਤਰ ਵਿਚ ਕੰਮ ਕਰਨ ਵਾਲ਼ੀ ਇਕ ਗੋਰੀ, ਡੈਨੀ, ਨਾਲ਼ ਮੇਰੀ ਦੋਸਤੀ ਹੋ ਗਈ। ਡੈਨੀ ਦੇਖਣ ਨੂੰ ਜਿੰਨੀ ਸੋਹਣੀ ਸੀ ਉਸ ਤੋਂ ਵੀ ਵੱਧ ਉਸ ਦਾ ਸੁਭਾਅ ਚੰਗਾ ਸੀ। ਆਉਂਦੀ ਜਾਂਦੀ ਬਹੁਤ ਹੀ ਪਿਆਰ ਨਾਲ “ਹੈਲੋ ਹੈਰੀ, ਹਉ ਆਰ ਯੂ” ਕਹਿੰਦੀ ਅਤੇ ਕੋਲ਼ ਖੜ੍ਹ ਕੇ ਪਿਆਰ ਨਾਲ਼ ਹਾਲ-ਚਾਲ ਪੁੱਛਦੀ। ਫਿਰ ਮਿਲ਼ਣ ਲੱਗੀ ਅਤੇ ਜਾਣ ਲੱਗੀ ਮੁਸਕਰਾਉਂਦੀ ਹੋਈ ਮੇਰੇ ਮੋਢੇ ਤੇ ਪਿਆਰ ਨਾਲ ਧੱਫਾ ਜਿਹਾ ਮਾਰ ਜਾਂਦੀ। ਕੁਝ ਮਹੀਨਿਆਂ ਬਾਅਦ ਹੀ ਕਈ ਵਾਰੀ ਅਸੀਂ ਇਕੱਠੇ ਕੌਫ਼ੀ ਪੀਣ ਜਾਣ ਲੱਗ ਪਏ।
ਫਿਰ ਇਕ ਦਿਨ ਡੈਨੀ ਕਹਿਣ ਲੱਗੀ, “ਹੈਰੀ, ਕੀ ਤੂੰ ਕੱਲ੍ਹ ਨੂੰ ਡਿਨਰ ਤੇ ਮੇਰੇ ਨਾਲ਼ ਜਾਣਾ ਪਸੰਦ ਕਰੇਂਗਾ?”
ਮੈਂ ਕਿਹਾ, “ਡੈਨੀ, ਬਹੁਤ ਖ਼ੁਸ਼ੀ ਹੋਵੇਗੀ ਤੇਰੇ ਨਾਲ਼ ਡਿਨਰ ਕਰ ਕੇ।”
ਉਸ ਰਾਤ ਮੈਨੂੰ ਮਸਾਂ ਦੋ ਕੁ ਘੰਟੇ ਹੀ ਨੀਂਦ ਆਈ। ਸਾਰੀ ਰਾਤ ਜਾਗਦਾ ਹੋਇਆ ਡੈਨੀ ਬਾਰੇ ਸੋਚਦਾ ਰਿਹਾ ਕਿ ਉਸ ਦਾ ਮੈਨੂੰ ਡਿਨਰ ਲਈ ਸੱਦਾ ਦੇਣ ਦਾ ਕੀ ਕਾਰਨ ਹੋਵੇਗਾ; ਕੀ ਉਹ ਮੈਨੂੰ ਪਸੰਦ ਕਰਦੀ ਹੈ; ਜੇ ਇਹ ਸੱਚ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ; ਜੇ ਉਸ ਨਾਲ਼ ਪਿਆਰ ਹੋ ਗਿਆ ਤਾਂ ਕੀ ਇਹ ਵਿਆਹ ਵਿਚ ਬਦਲਣਾ ਚਾਹੀਦਾ; ਉਸ ਨਾਲ਼ ਜ਼ਿੰਦਗੀ ਕਿਹੋ ਜਿਹੀ ਹੋਵੇਗੀ; ਦੋ ਮੁਲਕਾਂ ਵਿਚ ਇੰਨੀਆਂ ਵੱਖਰੀਆਂ ਸਭਿਅਤਾਵਾਂ ਅਤੇ ਸੰਸਕ੍ਰਿਤੀਆਂ ਵਿਚ ਪਲ਼ੇ ਕੀ ਅਸੀਂ ਦੋਵੇਂ ਸ਼ਾਂਤੀ ਅਤੇ ਪਿਆਰ ਨਾਲ਼ ਇਕ ਦੂਜੇ ਨਾਲ਼ ਰਹਿ ਸਕਾਂਗੇ? ਅਤੇ ਕਈ ਹੋਰ ਸਵਾਲ ਵੀ ਮਨ ਵਿਚ ਆਏ। ਫਿਰ ਸੋਚਿਆ ਕਿ ਹਾਲੇ ਤਾਂ ਗੱਲ ਸ਼ੁਰੂ ਵੀ ਨਹੀਂ ਹੋਈ ਤੇ ਮੈਂ ਪਹਿਲਾਂ ਹੀ ਇੰਨੀ ਦੂਰ ਦੀਆਂ ਸੋਚਾਂ ਵਿਚ ਪੈ ਗਿਆਂ। ਆਪਣੇ ਆਪ ਤੇ ਹਾਸਾ ਵੀ ਆਇਆ। ਪਰ ਫਿਰ ਦੁਬਾਰਾ ਉਹੀ ਸਵਾਲ ਮਨ ਵਿਚ ਆ ਗਏ। ਇਸ ਤਰ੍ਹਾਂ ਸੋਚਦਿਆਂ-ਸੋਚਦਿਆਂ ਕਿਤੇ ਤੜਕੇ ਜਾ ਕੇ ਕੁਝ ਨੀਂਦ ਆਈ। ਦੋ ਕੁ ਘੰਟਿਆਂ ਬਾਅਦ ਅਲਾਰਮ ਨੇ ਜਗ੍ਹਾ ਦਿੱਤਾ। ਉਸ ਸ਼ਾਮ ਨੂੰ ਡੈਨੀ ਅਤੇ ਮੈਂ ਉਸ ਦੇ ਮਨ-ਪਸੰਦ ਖ਼ੂਬਸੂਰਤ ਰੈਸਟੋਰੈਂਟ ਵਿਚ ਡਿਨਰ ਤੇ ਗਏ। ਡਿਨਰ ਕਰਦਿਆਂ ਅਸੀਂ ਚਾਰ ਘੰਟੇ ਰੈਸਟੋਰੈਂਟ ਵਿਚ ਬੈਠੇ ਗੱਲਾਂ ਕਰਦੇ ਰਹੇ। ਵੈਸੇ ਡਿਨਰ ਤਾਂ ਇਕ ਬਹਾਨਾ ਸੀ, ਜ਼ਿਆਦਾ ਤਾਂ ਗੱਲਾਂ ਕਰਨਾ ਅਤੇ ਇਕ ਦੂਜੇ ਬਾਰੇ ਜਾਨਣਾ ਹੀ ਖ਼ਾਸ ਮਕਸਦ ਸੀ। ਡਿਨਰ ਤੋਂ ਬਾਅਦ ਵੱਖਰੇ ਹੋਣ ਤੋਂ ਪਹਿਲਾਂ ਡੈਨੀ ਨੇ ਮੈਨੂੰ ਬਾਂਹਾਂ ਵਿਚ ਘੁੱਟਦਿਆਂ ਮੇਰੀ ਗੱਲ੍ਹ ਤੇ ਚੁੰਮਦਿਆਂ ਕਿਹਾ ਸੀ, “ਹੈਰੀ, ਆਈ ਲਵ ਯੂ ਵੈਰੀ ਮੱਚ।” ਮੈਂ ਬਗ਼ੈਰ ਕੁਝ ਸੋਚਿਆਂ ਹੀ ਕਹਿ ਗਿਆ ਸੀ, “ਆਈ ਟੂ ਲਵ ਯੂ ਵੈਰੀ ਮੱਚ।” ਡੈਨੀ ਨੇ ਗਲਵੱਕੜੀ ਢਿੱਲੀ ਕਰਦਿਆਂ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ ਸੀ, “ਰਿਅਲੀ?” ਮੇਰਾ ਜਵਾਬ ਸੀ, “ਯੈਸ।” ਅਤੇ ਉਸ ਨੇ ਮੁੜ ਮੈਨੂੰ ਆਪਣੀਆਂ ਬਾਂਹਾਂ ਵਿਚ ਘੁੱਟ ਲਿਆ ਸੀ। ਘਰ ਆ ਕੇ ਉਸ ਰਾਤ ਮੈਂ ਸੋਚਦਾ ਰਿਹਾ ਸੀ ਕਿ ਮੈਂ ਇੰਨੀ ਛੇਤੀ ਕਿਉਂ ਉਸ ਨੂੰ ਇਸ ਤਰ੍ਹਾਂ ਕਹਿ ਦਿੱਤਾ। ਪਿਆਰ ਤਾਂ ਇਕ ਬਹੁਤ ਡੂੰਘੀ ਅਤੇ ਗੁੰਝਲਦਾਰ ਗੱਲ ਹੈ। ਇਸ ਦਾ ਨਿਰਨਾ ਇੰਨੀ ਛੇਤੀ ਮੈਂ ਕਿਵੇਂ ਕਰ ਲਿਆ? ਮੈਂ ਸਾਰੀ ਰਾਤ ਸੋਚਦਾ ਰਿਹਾ ਕਿ ਕੀ ਇਹ ਮੇਰਾ ਉਸ ਦੇ ਪ੍ਰਤੀ ਪਿਆਰ ਸੀ ਜਾਂ ਹਵਸ ਸੀ। ਕੀ ਮੈਂ ਉਸ ਦੇ ਚੰਗੇ ਸੁਭਾਅ ਕਰ ਕੇ ਅਤੇ ਚੰਗੀਆਂ ਆਦਤਾਂ ਕਰ ਕੇ ਉਸ ਨੂੰ ਪਿਆਰ ਕਰਦਾ ਸੀ ਜਾਂ ਕਿ ਉਸ ਦੀ ਖ਼ੂਬਸੂਰਤੀ ਕਾਰਨ ਉਸ ਦੇ ਸੁਹੱਪਣ ਨੂੰ ਮਾਨਣ ਦੀ ਇਕ ਖਿੱਚ ਹੀ ਸੀ। ਮੈਂ ਕੁਝ ਵੀ ਫ਼ੈਸਲਾ ਨਾ ਕਰ ਸਕਿਆ। ਬੱਸ ਇਸੇ ਕਸ਼ਮਕਸ਼ ਵਿਚ ਸਾਰੀ ਰਾਤ ਲੰਘ ਗਈ। ਕਦੇ ਕੁਝ ਪਲ ਨੀਂਦ ਆ ਜਾਂਦੀ ਅਤੇ ਕਦੇ ਜਾਗ ਆ ਜਾਂਦੀ।
ਉਸ ਪਹਿਲੇ ਡਿਨਰ ਤੋਂ ਛੇਤੀ ਬਾਅਦ ਹੀ ਡੈਨੀ ਮੈਨੂੰ ਆਪਣੇ ਮਾਂ-ਪਿਉ ਦੇ ਘਰ ਲੈ ਗਈ ਸੀ ਜਿੱਥੇ ਮੈਂ ਸਾਰਾ ਵੀਕਐਂਡ ਉਨ੍ਹਾਂ ਨਾਲ਼ ਬਿਤਾਇਆ ਸੀ। ਡੈਨੀ ਨੇ ਆਪਣੇ ਮਾਂ-ਪਿਉ ਨਾਲ਼ ਸਾਰੀ ਗੱਲ ਪਹਿਲਾਂ ਹੀ ਕਰ ਲਈ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜਿਵੇਂ ਡੈਨੀ ਨੂੰ ਪਸੰਦ ਸੀ ਉਨ੍ਹਾਂ ਨੂੰ ਵੀ ਪਸੰਦ ਸੀ। ਡੈਨੀ ਦੀ ਖ਼ੁਸ਼ੀ ਵਿਚ ਹੀ ਉਨ੍ਹਾਂ ਦੀ ਖ਼ੁਸ਼ੀ ਸੀ। ਮੈਂ ਆਪਣੀ ਭੈਣ ਨੂੰ ਖ਼ਤ ਲਿਖਿਆ ਸੀ ਕਿ ਉਹ ਮਾਂ ਅਤੇ ਬਾਪੂ ਨਾਲ ਗੱਲ ਕਰੇ ਕਿ ਮੈਂ ਡੈਨੀ ਨਾਲ਼ ਸ਼ਾਦੀ ਕਰਨੀ ਚਾਹੁੰਦਾ ਹਾਂ। ਮਾਂ ਤਾਂ ਸੁਣ ਕੇ ਬਹੁਤ ਖ਼ੁਸ਼ ਹੋਈ ਸੀ ਪਰ ਬਾਪੂ ਇਸ ਵਿਆਹ ਦੇ ਹੱਕ ਵਿਚ ਨਹੀਂ ਸੀ। ਭੈਣ ਨੇ ਖ਼ਤ ਵਿਚ ਲਿਖਿਆ ਸੀ ਕਿ ਬਾਪੂ ਨੇ ਕਿਹਾ ਸੀ ਕਿ ਕੈਨੇਡਾ ਭੇਜ ਕੇ ਉਸ ਨੇ ਆਪਣਾ ਬੇਟਾ ਹੀ ਗੁਆ ਲਿਆ ਸੀ। ਬਾਪੂ ਅਨੁਸਾਰ ਮੈਨੂੰ ਆਪਣਾ ਪੰਜਾਬੀ ਵਿਰਸਾ ਭੁੱਲ ਗਿਆ ਸੀ, ਅਤੇ ਮੈਂ ਨਾ ਘਰ ਦਾ ਰਹਿਣਾ ਸੀ ਅਤੇ ਨਾ ਘਾਟ ਦਾ।
ਹੌਲ਼ੀ-ਹੌਲ਼ੀ ਮੇਰੇ ਅਤੇ ਡੈਨੀ ਦੇ ਪਿਆਰ ਦੀ ਗੰਢ ਇੰਨੀ ਪੀਡੀ ਹੋ ਗਈ ਸੀ ਕਿ ਸਾਲ ਕੁ ਬਾਅਦ ਹੀ ਮੈਂ ਅਤੇ ਡੈਨੀ ਨੇ ਸ਼ਾਦੀ ਕਰਨ ਦਾ ਫ਼ੈਸਲਾ ਕਰ ਲਿਆ ਸੀ। ਹੁਣ ਦੋ ਬੱਚੇ ਹੋਣ ਤੋਂ ਬਾਅਦ ਵੀ ਸਾਡਾ ਪਿਆਰ ਉਸੇ ਤਰ੍ਹਾਂ ਹੈ ਜਿਵੇਂ ਸ਼ੁਰੂ ਵਿਚ ਸੀ। ਅੱਜ ਵੀ ਡੈਨੀ ਮੇਰਾ ਉਸੇ ਤਰ੍ਹਾਂ ਖ਼ਿਆਲ ਰੱਖਦੀ ਹੈ ਜਿਸ ਤਰ੍ਹਾਂ ਸ਼ੁਰੂ ਵਿਚ ਰੱਖਦੀ ਸੀ ਅਤੇ ਮੈਂ ਵੀ ਉਸ ਦਾ ਖ਼ਿਆਲ ਉਸੇ ਤਰ੍ਹਾਂ ਰੱਖਦਾ ਹਾਂ। ਮੈਂ ਹਰ ਰੋਜ਼ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਜਿਸ ਨੂੰ ਸ਼ਾਇਦ ਇਸ ਤੋਂ ਵਧੀਆ ਪਤਨੀ ਨਾ ਮਿਲ਼ ਸਕਦੀ।
****
ਜਦੋਂ ਮੈਂ ਡੈਨੀ ਨਾਲ ਵਿਆਹ ਕਰਾ ਕੇ ਕੁਝ ਫ਼ੋਟੋ ਘਰ ਨੂੰ ਭੇਜੀਆਂ ਤਾਂ ਮਾਂ ਨੇ ਦੱਸਿਆ ਸੀ ਕਿ ਬਾਪੂ ਨੇ ਐਵੇਂ ਓਪਰੀ ਜਿਹੀ ਨਜ਼ਰ ਨਾਲ ਫ਼ੋਟੋ ਦੇਖ ਕੇ ਪਰੇ ਕਰ ਦਿੱਤੀਆਂ ਸਨ। ਮਾਂ ਨੇ ਉਹ ਫ਼ੋਟੋ ਸਾਰੇ ਗੁਆਂਢ ਵਿਚ ਦਿਖਾਈਆਂ ਸਨ। ਮਾਂ ਨੇ ਦੱਸਿਆ ਸੀ ਕਿ ਬਾਪੂ ਕਹਿੰਦਾ ਸੀ ਕਿ ਉਸ ਨੇ ਮੇਰਾ ਵਿਆਹ ਆਪਣੀ ਮਰਜ਼ੀ ਨਾਲ ਪੰਜਾਬ ਵਿਚ ਕਿਸੇ ਵੱਡੇ ਘਰ ਕਰਨਾ ਸੀ ਅਤੇ ਉਸ ਨੇ ਮੇਰੇ ਵਿਆਹ ਵਿਚ ਤੁਰ੍ਹਲੇ ਵਾਲ਼ੀ ਗੁਲਾਬੀ ਪੱਗ ਬੰਨ੍ਹ ਕੇ ਜਾਣਾ ਸੀ ਅਤੇ ਕਾਰਾਂ ਉੱਤੋਂ ਢੇਰਾਂ ਦੇ ਢੇਰ ਪੈਸੇ ਵਾਰਨੇ ਸਨ, ਚੰਗੇ-ਚੰਗੇ ਗਾਇਕ ਸੱਦ ਕੇ ਪਿੰਡ ਵਿਚ ਅਖਾੜਾ ਲਾਉਣਾ ਸੀ, ਪਰ ਉਸ ਦੇ ਇਹ ਸਾਰੇ ਚਾਅ ਮਿੱਟੀ ਵਿਚ ਹੀ ਰੁਲ਼ ਗਏ ਸਨ।
ਬਾਪੂ ਨੂੰ ਤੁਰੵਲੇ ਵਾਲ਼ੀ ਪੱਗ ਨਾਲ਼ ਬਹੁਤ ਪਿਆਰ ਸੀ ਪਰ ਤੁਰੵਲੇ ਵਾਲ਼ੀ ਪੱਗ ਉਹ ਸਿਰਫ਼ ਖ਼ਾਸ ਮੌਕਿਆਂ ਤੇ ਹੀ ਬੰਨ੍ਹਦਾ ਸੀ। ਉਹ ਹਮੇਸ਼ਾ ਹੀ ਵੱਖਰੇ-ਵੱਖਰੇ ਤਿੰਨ ਰੰਗਾਂ ਦੀਆਂ ਪੱਗਾਂ ਨੂੰ ਖ਼ੂਬ ਮਾਵਾ ਲਾ ਕੇ ਤੁਰੵਲੇ ਵਾਲ਼ੀਆਂ ਬੰਨ੍ਹ ਕੇ ਆਪਣੇ ਬੈੱਡ-ਰੂਮ ਵਿਚ ਕੀਲੀਆਂ ਤੇ ਟੰਗ ਛੱਡਦਾ ਸੀ। ਜਦੋਂ ਵੀ ਕਿਸੇ ਦਾ ਕੰਮ ਠਾਣੇ ਜਾਂ ਕਚਹਿਰੀ ਕਰਾਉਣਾ ਹੁੰਦਾ ਤਾਂ ਉਹ ਲੰਬੜਦਾਰ ਦੇ ਤੌਰ ਤੇ ਤੁਰੵਲੇ ਵਾਲ਼ੀ ਚਿੱਟੀ ਪੱਗ ਬੰਨ੍ਹ ਕੇ ਜਾਂਦਾ ਸੀ। ਜੇ ਕਦੇ ਉਸ ਨੇ ਕਿਸੇ ਖ਼ਾਸ ਰਿਸ਼ਤੇਦਾਰ ਦੇ ਮਿਲ਼ਣ ਜਾਣਾ ਹੁੰਦਾ ਤਾਂ ਉਹ ਹਮੇਸ਼ਾ ਨੀਲੀ ਤੁਰੵਲੇ ਵਾਲ਼ੀ ਪੱਗ ਬੰਨ੍ਹ ਕੇ ਜਾਂਦਾ ਸੀ। ਕਿਸੇ ਦੇ ਵਿਆਹ ਸ਼ਾਦੀ ਤੇ ਜਾਣਾ ਹੁੰਦਾ ਤਾਂ ਬਾਪੂ ਕਦੇ ਵੀ ਤੁਰੵਲੇ ਵਾਲ਼ੀ ਗੁਲਾਬੀ ਪੱਗ ਬੰਨ੍ਹਣ ਤੋਂ ਬਗ਼ੈਰ ਨਹੀਂ ਸੀ ਜਾਂਦਾ। ਜਦੋਂ ਉਹ ਲੰਬੜਦਾਰੀ ਦੇ ਪੈਸੇ ਵਸੂਲਣ ਜਾਂਦਾ ਤਾਂ ਹਮੇਸ਼ਾ ਹੀ ਤੁਰੵਲੇ ਵਾਲ਼ੀ ਨੀਲੀ ਪੱਗ ਬੰਨ੍ਹ ਕੇ ਜਾਂਦਾ ਸੀ।
ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਤੋਂ ਵਾਪਸ ਹਿੰਦੁਸਤਾਨ ਗਿਆ ਤਾਂ ਇਕ ਦਿਨ ਸਵੇਰੇ ਹੀ ਬਾਪੂ ਤੁਰੵਲੇ ਵਾਲ਼ੀ ਗੁਲਾਬੀ ਪੱਗ ਬੰਨ੍ਹ ਕੇ ਆਪਣੇ ਮੋਟਰਸਾਈਕਲ ਤੇ ਕਿਧਰੇ ਚਲੇ ਗਿਆ ਸੀ। ਮੈਂ ਮਾਂ ਨੂੰ ਪੁੱਛਿਆ ਕਿ ਬਾਪੂ ਤੁਰੵਲੇ ਵਾਲ਼ੀ ਪੱਗ ਬੰਨ੍ਹ ਕੇ ਮੋਟਰਸਾਈਕਲ ਉੱਤੇ ਕਿੱਥੇ ਨੂੰ ਗਿਆ ਸੀ।
“ਆਪਣੀ ਰੇਸ਼ਮਾ ਨੂੰ ਮਿਲ਼ਣ ਗਿਆ ਹੋਊ। ਗੁਲਾਬੀ ਪੱਗ ਬੰਨ੍ਹ ਕੇ ਤਾਂ ਉਸੇ ਨੂੰ ਮਿਲ਼ਣ ਜਾਂਦਾ।” ਮਾਂ ਦਾ ਜਵਾਬ ਸੀ।
“ਆਪਣੀ ਰੇਸ਼ਮਾ? ਉਹ ਕੌਣ?” ਮੈਂ ਪੁੱਛਿਆ।
“ਕਾਕਾ ਛੱਡ ਪਰੇ, ਤੈਂ ਕੀ ਲੈਣਾ।”
“ਨਹੀਂ ਮਾਂ ਫਿਰ ਵੀ ਕੌਣ ਐ ਰੇਸ਼ਮਾ?”
“ਵਿਚਾਰੀ ਕਰਮਾਂ ਦੀ ਮਾਰੀ ਆਪਣੇ ਨਾਲ਼ ਵਾਲ਼ੇ ਸ਼ਹਿਰ ਰਹਿੰਦੀ ਐ। ਉਹਦਾ ਆਦਮੀ ਮਰ ਗਿਆ ਬਹੁਤ ਦੇਰ ਹੋ ਗਈ। ਕੋਈ ਨਿਆਣਾ ਨਿੱਕਾ ਨਹੀਂ। ਕੱਲੀ ਰਹਿੰਦੀ ਐ। ਸੁਣਿਆਂ ਉਹਦਾ ਗੁਜਾਰਾ ਤੇਰੇ ਬਾਪੂ ਸਿਰੋਂ ਈ ਚਲਦਾ ਕਈ ਸਾਲਾਂ ਤੋਂ।”
“ਮਾਂ ਤੂੰ ਕਦੇ ਰੋਕਿਆ ਨੀ ਬਾਪੂ ਨੂੰ?”
“ਕਾਕਾ ਮੇਰੀ ਕਦੋਂ ਸੁਣਦਾ ਤੇਰਾ ਬਾਪੂ? ਸਾਰੇ ਪਿੰਡ ਨੂੰ ਪਤਾ। ਇਹਦੇ ਕਈ ਦੋਸਤ ਕਹਿ-ਕਹਿ ਥੱਕ ਗਏ ਪਰ ਇਹ ਕਿੱਥੋਂ ਹਟਦਾ। ਇਹ ਕਿਹੜੀ ਇਹਦੀ ਪਹਿਲੀ ਰੇਸ਼ਮਾ ਐ।”
ਮਾਂ ਨੇ ਆਪਣੀ ਚੁੰਨੀ ਦੇ ਲੜ ਨਾਲ਼ ਆਪਣੀਆਂ ਅੱਖਾਂ ਵਿਚ ਆਏ ਅੱਥਰੂ ਪੂੰਝੇ। ਮੈਂ ਮਾਂ ਨੂੰ ਹੋਰ ਕੁਝ ਪੁੱਛਣਾ ਠੀਕ ਨਾ ਸਮਝਿਆ ਅਤੇ ਉਸ ਕੋਲੋਂ ਉੱਠ ਕੇ ਬਾਹਰ ਨੂੰ ਤੁਰ ਗਿਆ ਸੀ।
****
ਜਦੋਂ ਦਾ ਮੈਂ ਹਿੰਦੁਸਤਾਨ ਛੱਡਿਆ ਸੀ, ਪਹਿਲੀ ਵਾਰੀ ਵਾਪਸ ਜਾਣ ਨੂੰ ਕਈ ਸਾਲ ਲੱਗ ਗਏ ਸਨ। ਉਸ ਤੋਂ ਬਾਅਦ ਵੀ ਮੇਰਾ ਹਿੰਦੁਸਤਾਨ ਦਾ ਚੱਕਰ ਦੋ ਕੁ ਵਾਰੀ ਹੀ ਲੱਗਾ ਹੈ। ਇਕ ਵਾਰੀ ਤਾਂ ਮੈਂ ਡੈਨੀ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ਼ ਲੈ ਕੇ ਗਿਆ ਸੀ। ਫ਼ੋਨਾਂ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਮਾਂ ਸਾਰੇ ਪਿੰਡ ਦੀਆਂ ਖ਼ਬਰਾਂ ਚਿੱਠੀ ਰਾਹੀਂ ਲਿਖ ਦਿੰਦੀ ਸੀ ਪਰ ਫਿਰ ਜਦੋਂ ਫ਼ੋਨ ਆਮ ਹੋ ਗਏ ਤਾਂ ਜਦੋਂ ਤੱਕ ਮਾਂ ਜਿਊਂਦੀ ਰਹੀ ਮੈਂ ਉਸ ਨੂੰ ਹਰ ਹਫ਼ਤੇ ਫ਼ੋਨ ਕਰ ਲੈਂਦਾ ਸੀ। ਮਾਂ ਸਾਰੇ ਰਿਸ਼ਤੇਦਾਰਾਂ ਅਤੇ ਪਿੰਡ ਦੀਆਂ ਖ਼ਬਰਾਂ ਫ਼ੋਨ ਉੱਤੇ ਹੀ ਦੱਸ ਦਿੰਦੀ ਸੀ। ਹਰ ਵਾਰੀ ਮਾਂ ਦੱਸਦੀ ਸੀ ਕਿ ਪਿੰਡ ਵਿਚੋਂ ਕਿਨ੍ਹਾਂ-ਕਿਨ੍ਹਾਂ ਦੇ ਬੱਚੇ ਬਾਹਰਲੇ ਮੁਲਕਾਂ ਨੂੰ ਚਲੇ ਗਏ ਸਨ, ਕਿਸ ਬਜ਼ੁਰਗ ਦੀ ਮੌਤ ਹੋ ਗਈ ਸੀ, ਕਿਸ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੋ ਗਿਆ ਸੀ, ਅਤੇ ਕਿਸ ਦੇ ਘਰ ਨਵਾਂ ਬੱਚਾ ਜੰਮਿਆਂ ਸੀ। ਮਾਂ ਤੋਂ ਸਭ ਖ਼ਬਰਾਂ ਲੈ ਕੇ ਇੰਜ ਲਗਦਾ ਸੀ ਜਿਵੇਂ ਮੈਂ ਪਿੰਡ ਦਾ ਚੱਕਰ ਲਾ ਲਿਆ ਹੋਵੇ। ਆਮ ਤੌਰ ਤੇ ਮਾਂ ਮੈਨੂੰ ਬੇਟਾ ਜਾਂ ਪੁੱਤ ਕਹਿ ਕੇ ਹੀ ਬੁਲਾਉਂਦੀ ਸੀ, ਮੇਰਾ ਨਾਂ ਤਾਂ ਕਦੇ-ਕਦੇ ਹੀ ਲੈਂਦੀ ਸੀ।
“ਪੁੱਤ, ਆਪਣੇ ਪਿੰਡ ਵਾਲ਼ੇ ਸਾਧੂ ਨੇ ਕੁਝ ਖਾ ਲਿਆ। ਵਿਚਾਰੇ ਸਿਰ ਬਹੁਤ ਕਰਜਾ ਸੀ ਜਦੋਂ ਦੀ ਧੀ ਵਿਆਹੀ ਸੀ। ਆਮਦਨ ਤਾਂ ਥੋੜ੍ਹੀ ਕੁ ਹੀ ਸੀ। ਪਰ ਬਹੁਤ ਲੋਹੜਾ ਹੋਇਆ। ਹਾਲੇ ਦੋ ਕੁੜੀਆਂ ਵਿਆਹੁਣ ਵਾਲ਼ੀਆਂ। ਰਤਨੀ ਨੂੰ ਰੋਂਦਿਆਂ ਦੇਖ ਨੀ ਹੁੰਦਾ।” ਕੁਝ ਸਾਲ ਪਹਿਲਾਂ ਮਾਂ ਤੋਂ ਇਹ ਖ਼ਬਰ ਸੁਣ ਕੇ ਮਨ ਬਹੁਤ ਉਦਾਸ ਹੋਇਆ ਸੀ। ਸਾਧੂ ਸਿੰਘ ਬਹੁਤ ਹੀ ਸਾਊ ਇਨਸਾਨ ਸੀ। ਸਾਰਾ ਦਿਨ ਖੇਤਾਂ ਵਿਚ ਮਿਹਨਤ ਕਰਦਾ ਸੀ ਪਰ ਜ਼ਮੀਨ ਥੋੜ੍ਹੀ ਹੋਣ ਕਾਰਨ ਆਮਦਨ ਬਹੁਤੀ ਨਹੀਂ ਸੀ।
“ਬੇਟਾ, ਆਪਣੇ ਪਿੰਡ ਵਾਲੇ ਭਜਨ ਦਾ ਵੱਡਾ ਮੁੰਡਾ ਤਿੰਨ ਦਿਨ ਹੋਏ ਮੁੱਕ ਗਿਆ। ਐਹ ਖ਼ਸਮਾ ਨੂੰ ਖਾਣੇ ਨਸ਼ੇ ਲੈ ਬੈਠੇ ਉਹਨੂੰ।” ਇਕ ਵਾਰੀ ਮਾਂ ਨੇ ਦੱਸਿਆ ਸੀ। “ਸੁਣਿਆਂ ਭਜਨ ਦਾ ਛੋਟਾ ਮੁੰਡਾ ਵੀ ਨਸ਼ੇ ਕਰਦਾ। ਸੁੱਕ ਕੇ ਤੀਲ੍ਹੀ ਵਰਗਾ ਹੋਇਆ ਪਿਆ। ਕੀ ਦੱਸਾਂ, ਸਾਰਾ ਪਿੰਡ ਹੀ ਨਸ਼ਿਆਂ ਨੇ ਘੇਰ ਲਿਆ ਲਗਦਾ। ਸਾਰੇ ਨਿਆਣੇ ਨਸ਼ਿਆਂ ‘ਚ ਲੱਗੇ ਪਏ ਆ। ਪਤਾ ਨੀ ਕੀ ਮਿਲ਼ਦਾ ਨਸ਼ਿਆਂ ‘ਚੋਂ ਇਨ੍ਹਾਂ ਨੂੰ। ਕਈ ਮੁੰਡੇ ਮੁੱਕੇ ਆ ਨਸ਼ਿਆਂ ਨਾਲ ਹੀ ਪਿਛਲੇ ਕਈ ਸਾਲਾਂ ਵਿਚ। ਪਰ ਨਿਆਣੇ ਫੇਰ ਵੀ ਅਕਲ ਨੀ ਕਰਦੇ।” ਮਾਂ ਨੇ ਇਹੋ ਜਿਹੀਆਂ ਭੈੜੀਆਂ ਖ਼ਬਰਾਂ ਕਈ ਵਾਰੀ ਦਿੱਤੀਆਂ ਸਨ। ਸੁਣ ਕੇ ਮਨ ਬਹੁਤ ਉਦਾਸ ਹੋ ਜਾਂਦਾ ਸੀ।
“ਪੁੱਤ, ਆਪਣੇ ਪਿੰਡ ਵਾਲੇ ਹਰੀ ਸਿੰਘ ਦੀ ਕੁੜੀ ਇਕ ਲਾਲਿਆਂ ਦੇ ਮੁੰਡੇ ਨਾਲ਼ ਨਿਕਲ ਗਈ। ਕਾਲਜ ਵਿਚ ਪੜ੍ਹਦੀ ਦੀ ਗੱਲ ਹੋ ਗਈ ਸੀ।” ਇਕ ਵਾਰੀ ਮਾਂ ਨੇ ਦੱਸਿਆ ਸੀ।
“ਮਾਂ, ਉਹਦੇ ਮਾਂ-ਪਿਉ ਨੇ ਆਪ ਵਿਆਹ ਕਿਉਂ ਨਾ ਕਰ ਦਿੱਤਾ?” ਮੈਂ ਪੁੱਛਿਆ।
“ਲੈ ਤੂੰ ਵੀ ਓਹੀ ਗੱਲਾਂ ਕਰਦਾਂ। ਜੱਟਾਂ ਦੀ ਕੁੜੀ ਦਾ ਭਲਾ ਲਾਲਿਆਂ ਦੇ ਮੁੰਡੇ ਨਾਲ਼ ਵਿਆਹ ਕਰ ਕੇ ਆਪਣਾ ਨੱਕ ਵਢਾਉਣਾ ਸੀ?”
“ਪਰ ਹੁਣ ਵੀ ਤਾਂ ਨੱਕ ਵੱਢਿਆ ਹੀ ਗਿਆ।” ਮੈਂ ਉੱਚੀ-ਉੱਚੀ ਹੱਸ ਕੇ ਕਿਹਾ ਸੀ।
“ਤੈਨੂੰ ਤਾਂ ਬੱਸ ਹਾਸਾ ਹੀ ਆਉਂਦਾ ਕੰਜਰ ਨੂੰ।” ਜਦੋਂ ਵੀ ਮੈਂ ਕੋਈ ਅਜਿਹੀ ਗੱਲ ਕਰਦਾ ਸੀ ਜੋ ਮਾਂ ਨੂੰ ਪਸੰਦ ਨਾ ਹੁੰਦੀ ਤਾਂ ਉਹ ਮੈਨੂੰ ਮਜ਼ਾਕ ਨਾਲ਼ ਕੰਜਰ ਕਹਿ ਦਿੰਦੀ ਸੀ।
“ਬੇਟਾ, ਆ ਬੰਤ ਹੁਰੀਂ ਬਹੁਤ ਵੱਡੀ ਕੋਠੀ ਪਾਈ ਆ ਪਿੰਡ ਵਿਚ। ਪਤਾ ਨੀ ਲਗਦਾ ਕਿਤੇ ਕਮਰਿਆਂ ਦਾ। ਹਰ ਕਮਰੇ ਦੇ ਨਾਲ ਗੁਸਲਖਾਨਾ। ਕਹਿੰਦੇ ਕਰੋੜ ਤੋਂ ਉੱਤੇ ਖ਼ਰਚ ਕੀਤਾ। ਤਿੰਨ ਮੰਜਲੀ ਐ। ਉੱਪਰ ਸਿਖਰ ਜਹਾਜ ਵੀ ਬਣਾਇਆ।” ਇਕ ਵਾਰੀ ਮਾਂ ਨੇ ਦੱਸਿਆ ਸੀ। ਬੰਤ ਦਾ ਪੂਰਾ ਨਾਂ ਗੁਰਬੰਤ ਸਿੰਘ ਸੀ ਪਰ ਉਸ ਨੂੰ ਸਾਰੇ ਬੰਤ ਹੀ ਕਹਿੰਦੇ ਸਨ।
“ਇੰਨੇ ਪੈਸੇ ਕਿੱਥੋਂ ਆ ਗਏ ਉਨ੍ਹਾਂ ਕੋਲ਼?” ਮੈਂ ਪੁੱਛਿਆ ਸੀ।
“ਲੈ, ਵੱਡਾ ਮੁੰਡਾ ਪੁਲਸ ਵਿਚ ਵੱਡਾ ਅਫਸਰ ਲੱਗ ਗਿਆ। ਕਹਿੰਦੇ ਬਹੁਤ ਕਮਾਈ ਕਰਦਾ।”
“ਪੁੱਤ, ਆ ਬਜੀਰਾਂ ਨੇ ਤਾਂ ਪੰਜਾਬ ਨੂੰ ਲੁੱਟ ਕੇ ਖਾ ਲਿਆ। ਕਹਿੰਦੇ ਇਨ੍ਹਾਂ ਕੋਲ਼ ਕੋਈ ਪੈਸੇ ਦਾ ਅੰਤ ਨੀ। ਕੰਮ ਕੋਈ ਕਰਦੇ ਨੀ। ਬੱਸ ਪੈਸੇ ਬਣਾਉਣ ਤੇ ਹੀ ਲੱਗੇ ਹੋਏ ਐ।” ਇਕ ਵਾਰੀ ਇਹ ਕਹਿੰਦਿਆਂ ਹੋਇਆਂ ਮਾਂ ਨੇ ਸਾਰੇ ਸਿਆਸਤਦਾਨਾਂ ਨੂੰ ਵਜ਼ੀਰ ਬਣਾ ਦਿੱਤਾ ਸੀ। ਮੈਂ ਕਹਿਣਾ ਚਾਹੁੰਦਾ ਹੋਇਆ ਵੀ ਕੁਝ ਨਾ ਕਹਿ ਸਕਿਆ ਸੀ।
“ਪੁੱਤ, ਆਹ ਬਿੱਲੀ ਦਾ ਜੁਆਨ ਮੁੰਡਾ ਕੁਝ ਦਿਨ ਪਹਿਲਾਂ ਮੋਟਰਸੈਕਲ ਤੇ ਜਾਂਦਾ ਬੱਸ ਵਿਚ ਲੱਗ ਕੇ ਪੂਰਾ ਹੋ ਗਿਆ। ਇਹ ਬੱਸਾਂ ਟਰੱਕਾਂ ਵਾਲ਼ੇ ਤਾਂ ਜਮਾਂ ਈ ਨੀ ਕਿਸੇ ਦਾ ਖਿਆਲ ਕਰਦੇ। ਨ੍ਹੇਰੀ ਆਈ ਪਈ ਆ ਇਨ੍ਹਾਂ ਨੂੰ। ਹੁਣ ਤਾਂ ਸ਼ਹਿਰ ਜਾਈਏ ਤਾਂ ਸੜਕ ਲੰਘਣੀ ਵੀ ਮੁਸ਼ਕਲ ਐ।” ਇਕ ਵਾਰੀ ਮਾਂ ਨੇ ਦੱਸਿਆ ਸੀ।
ਇਸ ਤਰ੍ਹਾਂ ਮਾਂ ਹਰ ਵਾਰੀ ਮੈਨੂੰ ਪਿੰਡ ਦੀ ਅਤੇ ਪੰਜਾਬ ਦੀ ਕੋਈ ਨਾ ਕੋਈ ਖ਼ਬਰ ਦਿੰਦੀ ਰਹਿੰਦੀ ਸੀ। ਮੈਂ ਸੋਚਦਾਂ ਕਿ ਜ਼ਮਾਨਾ ਕਿੰਨਾ ਬਦਲ ਗਿਆ। ਸਾਰੀ ਦੁਨੀਆ ਇਕ ਛੋਟਾ ਜਿਹਾ ਪਿੰਡ ਬਣ ਕੇ ਰਹਿ ਗਈ ਹੈ। ਜਦੋਂ ਮੈਂ ਹਿੰਦੁਸਤਾਨ ਛੱਡਿਆ ਸੀ ਤਾਂ ਇਕ ਦੂਜੇ ਦੀ ਖ਼ਬਰ-ਸਾਰ ਚਿੱਠੀਆਂ ਰਾਹੀਂ ਹੀ ਮਿਲ਼ਦੀ ਸੀ। ਕਈ ਵਾਰੀ ਚਿੱਠੀਆਂ ਆਉਣ ਨੂੰ ਦੋ-ਦੋ ਮਹੀਨੇ ਲੱਗ ਜਾਣੇ। ਹੁਣ ਤਾਂ ਸਭ ਕੁਝ ਝੱਟ-ਪੱਟ ਪਤਾ ਲੱਗ ਜਾਂਦਾ। ਸਮਾਜਿਕ ਸੰਚਾਲਨ ਦੇ ਸਾਧਨ ਇੰਨੇ ਵਧੀਆ ਹੋ ਗਏ ਹਨ ਕਿ ਕੁਝ ਸਕਿੰਟਾਂ ਵਿਚ ਹੀ ਖ਼ਬਰ ਸਾਰੀ ਦੁਨੀਆ ਵਿਚ ਪਹੁੰਚ ਜਾਂਦੀ ਹੈ। ਸਾਡੇ ਬਜ਼ੁਰਗ ਜੋ ਸੌ-ਡੇਢ ਸੌ ਸਾਲ ਪਹਿਲਾਂ ਅਮਰੀਕਾ, ਕੈਨੇਡਾ, ਅਤੇ ਹੋਰ ਮੁਲਕਾਂ ਨੂੰ ਸਮੁੰਦਰੀ ਜਹਾਜ਼ਾਂ ਰਾਹੀਂ ਕਈ-ਕਈ ਮਹੀਨਿਆਂ ਦਾ ਸਫ਼ਰ ਕਰ ਕੇ ਗਏ ਸੀ, ਉਨ੍ਹਾਂ ਵਿਚੋਂ ਬਹੁਤੇ ਤਾਂ ਕਦੇ ਵੀ ਵਾਪਸ ਨਹੀਂ ਸੀ ਮੁੜ ਸਕੇ। ਕਈਆਂ ਦੀ ਤਾਂ ਮੁੜ ਕੇ ਕੋਈ ਖ਼ਬਰ-ਸਾਰ ਵੀ ਨਹੀਂ ਸੀ ਮਿਲ਼ੀ ਕਿ ਕਿੱਥੇ ਸਨ। ਹੁਣ ਤਾਂ ਜਾਣਾ-ਆਉਣਾ ਬੇਹੱਦ ਸੌਖਾ ਹੋ ਗਿਆ ਹੈ।
****
ਮੇਰੇ ਹਿੰਦੁਸਤਾਨ ਛੱਡਣ ਤੋਂ ਦਸ ਕੁ ਸਾਲਾਂ ਬਾਅਦ ਬਾਪੂ ਨੇ ਬਿਹਾਰ ਤੋਂ ਆਇਆ ਇਕ ਸੋਲ੍ਹਾਂ ਕੁ ਸਾਲਾਂ ਦਾ ਲੜਕਾ ਘਰ ਵਿਚ ਨੌਕਰ ਰੱਖ ਲਿਆ ਸੀ। ਉਸ ਦਾ ਨਾਂ ਦੇਵੀ ਪ੍ਰਸਾਦ ਸੀ। ਮਾਂ ਦੱਸਦੀ ਹੁੰਦੀ ਸੀ ਕਿ ਦੇਵੀ ਪ੍ਰਸਾਦ ਘਰ ਦਾ ਸਾਰਾ ਕੰਮ ਸੰਭਾਲ਼ੀ ਫਿਰਦਾ ਸੀ। ਪਸ਼ੂਆਂ ਦੀ ਦੇਖ ਭਾਲ਼, ਘਰ ਦੀ ਸਫ਼ਾਈ, ਜ਼ਮੀਨ ਦੀ ਦੇਖ ਭਾਲ਼, ਘਰ ਲਈ ਸੌਦਾ-ਪੱਤਾ ਖ਼ਰੀਦਣਾ, ਆਦਿ ਸਭ ਕੰਮ ਹੌਲ਼ੀ-ਹੌਲ਼ੀ ਥੋੜ੍ਹੇ ਕੁ ਚਿਰ ਵਿਚ ਹੀ ਦੇਵੀ ਪ੍ਰਸਾਦ ਨੇ ਸੰਭਾਲ਼ ਲਏ ਸਨ। ਮਾਂ ਨਾਲ਼ ਮੈਂ ਅਕਸਰ ਹੀ ਫ਼ੋਨ ਤੇ ਗੱਲ ਕਰ ਲੈਂਦਾ ਸੀ ਪਰ ਬਾਪੂ ਤਾਂ ਮਸਾਂ ਕਈ ਮਹੀਨਿਆਂ ਬਾਅਦ ਹੀ ਮੇਰੇ ਨਾਲ਼ ਗੱਲ ਕਰਦਾ ਸੀ ਅਤੇ ਉਹ ਵੀ ਇਕ-ਦੋ ਮਿੰਟ ਹੀ। ਕਈ ਸਾਲ ਪਹਿਲਾਂ ਮਾਂ ਨੇ ਦੱਸਿਆ ਸੀ ਕਿ ਦੇਵੀ ਪ੍ਰਸਾਦ ਨੇ ਹੁਣ ਪੰਜਾਬੀ ਬੋਲਣੀ ਅਤੇ ਪੜ੍ਹਨੀ ਵੀ ਸਿੱਖ ਲਈ ਸੀ। ਫਿਰ ਜਦੋਂ ਦੇਵੀ ਪ੍ਰਸਾਦ 25 ਕੁ ਸਾਲਾਂ ਦਾ ਹੋ ਗਿਆ ਸੀ ਤਾਂ ਬਾਪੂ ਨੇ ਉਸ ਨੂੰ ਸਿੰਘ ਸਜਾ ਦਿੱਤਾ ਸੀ ਅਤੇ ਉਸ ਦਾ ਨਾਂ ਪ੍ਰਤਾਪ ਸਿੰਘ ਰੱਖ ਦਿੱਤਾ ਸੀ। ਫਿਰ ਬਾਪੂ ਨੇ ਪੰਜਾਬ ਵਿਚੋਂ ਹੀ ਕਿਸੇ ਗਰੀਬ ਘਰ ਦੀ ਲੜਕੀ ਨਾਲ਼ ਪ੍ਰਤਾਪ ਸਿੰਘ ਦੀ ਸ਼ਾਦੀ ਕਰ ਦਿੱਤੀ ਸੀ। ਮਾਂ ਨੇ ਦੱਸਿਆ ਸੀ ਕਿ ਪ੍ਰਤਾਪ ਸਿੰਘ ਦੇ ਵਿਆਹ ਤੇ ਬਾਪੂ ਨੇ ਗੁਲਾਬੀ ਰੰਗ ਦੀ ਤੁਰੵਲੇ ਵਾਲੀ ਪੱਗ ਬੰਨੀ ਸੀ। ਬਰਾਤ ਵਿਚ ਕਾਫ਼ੀ ਲੋਕ ਗਏ ਸਨ। ਬਰਾਤ ਤੁਰਨ ਵੇਲੇ ਬਾਪੂ ਨੇ ਕਾਰ ਉੱਤੋਂ ਢੇਰਾਂ ਦੇ ਢੇਰ ਪੈਸੇ ਵਾਰੇ ਸਨ। ਬਾਪੂ ਕਹਿੰਦਾ ਸੀ ਕਿ ਉਸ ਨੇ ਮੇਰੇ ਵਿਆਹ ਦਾ ਚਾਅ ਪ੍ਰਤਾਪ ਸਿੰਘ ਨੂੰ ਵਿਆਹ ਕੇ ਪੂਰਾ ਕਰ ਲਿਆ ਸੀ। ਬਾਪੂ ਕਹਿੰਦਾ ਸੀ ਕਿ ਉਸ ਦਾ ਇਕ ਪੁੱਤ ਕੈਨੇਡਾ ਨੇ ਖੋਹ ਲਿਆ ਸੀ ਪਰ ਇਕ ਪੁੱਤ ਉਸ ਨੂੰ ਪ੍ਰਤਾਪ ਸਿੰਘ ਦੇ ਰੂਪ ਵਿਚ ਮਿਲ਼ ਗਿਆ ਸੀ। ਮਾਂ ਦੱਸਦੀ ਸੀ ਕਿ ਪ੍ਰਤਾਪ ਸਿੰਘ ਦੀ ਪਤਨੀ ਬਹੁਤ ਹੀ ਚੰਗੇ ਸੁਭਾਅ ਦੀ ਸੀ ਅਤੇ ਉਸ ਨੇ ਆ ਕੇ ਘਰ ਦਾ ਸਾਰਾ ਕੰਮ ਸਾਂਭ ਲਿਆ ਸੀ। ਮਾਂ ਹਰ ਵਾਰੀ ਦੱਸਦੀ ਹੁੰਦੀ ਸੀ ਕਿ ਪ੍ਰਤਾਪ ਸਿੰਘ ਅਤੇ ਉਸ ਦੀ ਪਤਨੀ ਮਾਂ ਅਤੇ ਬਾਪੂ ਦੀ ਬਹੁਤ ਸੇਵਾ ਕਰਦੇ ਸਨ।
****
ਫਿਰ ਬਾਪੂ ਇਕ ਦਮ ਬਹੁਤ ਬਿਮਾਰ ਹੋ ਗਿਆ ਸੀ। ਬੁਖ਼ਾਰ ਉੱਤਰ ਹੀ ਨਹੀਂ ਰਿਹਾ ਸੀ। ਡਾਕਟਰਾਂ ਨੇ ਬਹੁਤ ਇਲਾਜ ਕੀਤਾ ਪਰ ਕੋਈ ਮੋੜ ਨਾ ਪਿਆ। ਮਾਂ ਦਾ ਕਹਿਣਾ ਸੀ ਕਿ ਪ੍ਰਤਾਪ ਸਿੰਘ ਅਤੇ ਉਸ ਦੀ ਪਤਨੀ ਨੇ ਬਹੁਤ ਸੇਵਾ ਕੀਤੀ ਸੀ। ਮੇਰੀ ਭੈਣ ਨੇ ਬਾਪੂ ਨੂੰ ਪੁੱਛਿਆ ਕਿ ਜੇ ਮਿਲ਼ਣਾ ਤਾਂ ਹਰਿੰਦਰ ਆ ਜਾਵੇ। ਬਾਪੂ ਨੇ ਨਾਂਹ ਵਿਚ ਸਿਰ ਫੇਰ ਦਿੱਤਾ ਸੀ। ਮੈਂ ਰੋਜ਼ ਹੀ ਫ਼ੋਨ ਕਰ ਕੇ ਬਾਪੂ ਦਾ ਹਾਲ ਮਾਂ ਅਤੇ ਭੈਣ ਕੋਲ਼ੋਂ ਪੁੱਛ ਲੈਂਦਾ ਸੀ।
“ਹਰਿੰਦਰ, ਉਮੀਦ ਨੀ ਬਾਪੂ ਤਿੰਨ-ਚਾਰ ਦਿਨਾਂ ਤੋਂ ਵੱਧ ਕੱਢੇ। ਤੂੰ ਆ ਜਾਵੇਂ ਤਾਂ ਚੰਗਾ।” ਮੇਰੀ ਭੈਣ ਨੇ ਇਕ ਦਿਨ ਫ਼ੋਨ ਤੇ ਮੈਨੂੰ ਕਿਹਾ।
“ਮੈਂ ਅੱਜ ਹੀ ਟਿਕਟ ਲੈ ਕੇ ਆ ਜਾਂਦਾਂ।” ਅਤੇ ਮੈਂ ਉਸੇ ਦਿਨ ਟਿਕਟ ਲੈ ਕੇ ਹਿੰਦੁਸਤਾਨ ਨੂੰ ਜਹਾਜ਼ ਚੜ੍ਹ ਗਿਆ ਸੀ।
ਮੈਂ ਪੰਜਾਬ ਘਰ ਜਾ ਕੇ ਦੇਖਿਆ ਤਾਂ ਬਾਪੂ ਦੀ ਹਾਲਤ ਬਹੁਤ ਖ਼ਰਾਬ ਸੀ। ਮੈਂ ਉਸ ਨੂੰ ਆਪਣੀਆਂ ਬਾਂਹਾਂ ਵਿਚ ਘੁੱਟਦਿਆਂ ਉਸ ਦਾ ਹਾਲ ਪੁੱਛਿਆ ਤਾਂ ਉਸ ਨੇ ਮੇਰੇ ਵਲ ਅੱਖਾਂ ਖੋਲ੍ਹ ਕੇ ਦੇਖਿਆ ਪਰ ਬੋਲਿਆ ਕੁਝ ਨਾ। ਮੇਰੀਆਂ ਅੱਖਾਂ ਭਰ ਆਈਆਂ। ਜਿਸ ਤਰ੍ਹਾਂ ਪ੍ਰਤਾਪ ਸਿੰਘ ਅਤੇ ਉਸ ਦੀ ਪਤਨੀ ਨੇ ਘਰ ਸਾਂਭਿਆ ਹੋਇਆ ਸੀ ਅਤੇ ਜਿਸ ਤਰ੍ਹਾਂ ਉਹ ਬਾਪੂ ਅਤੇ ਮਾਂ ਦੀ ਸੇਵਾ ਕਰ ਰਹੇ ਸਨ ਦੇਖ ਕੇ ਮਨ ਬਹੁਤ ਖ਼ੁਸ਼ ਹੋਇਆ। ਮੈਨੂੰ ਇੰਜ ਲੱਗਾ ਕਿ ਮੈਨੂੰ ਤਾਂ ਸਿਰਫ਼ ਬਾਪੂ ਅਤੇ ਮਾਂ ਨੇ ਜਨਮ ਹੀ ਦਿੱਤਾ ਸੀ, ਉਨ੍ਹਾਂ ਦਾ ਅਸਲੀ ਪੁੱਤਰ ਤਾਂ ਪ੍ਰਤਾਪ ਸਿੰਘ ਹੀ ਸੀ। ਮੈਂ ਪ੍ਰਤਾਪ ਸਿੰਘ ਨੂੰ ਵੱਖਰਾ ਕਰ ਕੇ ਦੱਸ ਦਿੱਤਾ ਸੀ ਕਿ ਮੇਰੇ ਮਾਂ-ਬਾਪ ਦਾ ਅਸਲੀ ਪੁੱਤਰ ਉਹ ਹੀ ਸੀ ਅਤੇ ਸਾਰਾ ਘਰ ਅਤੇ ਜ਼ਮੀਨ ਉਸ ਦੇ ਹੀ ਸਨ। ਮੈਨੂੰ ਕੁਝ ਵੀ ਨਹੀਂ ਸੀ ਚਾਹੀਦਾ। ਮੈਂ ਮਾਂ ਨੂੰ ਵੀ ਇਹ ਗੱਲ ਦੱਸ ਦਿੱਤੀ ਸੀ।
ਮੇਰੇ ਹਿੰਦੁਸਤਾਨ ਆਉਣ ਤੋਂ ਤਿੰਨਾਂ ਦਿਨਾਂ ਬਾਅਦ ਬਾਪੂ ਅੱਖਾਂ ਮੀਟ ਗਿਆ ਸੀ। ਅਸੀਂ ਸਾਰੇ ਉਸ ਦੇ ਆਲ਼ੇ-ਦੁਆਲ਼ੇ ਉਦਾਸ ਬੈਠੇ ਅਤੇ ਖੜ੍ਹੇ ਸੀ। ਮੈਂ ਉੱਥੋਂ ਉੱਠਿਆ, ਬਾਪੂ ਦੇ ਬੈੱਡ-ਰੂਮ ਵਿੱਚ ਗਿਆ, ਕੀਲੀ ਤੋਂ ਉਸ ਦੀ ਗੁਲਾਬੀ ਤੁਰ੍ਹਲੇ ਵਾਲ਼ੀ ਪੱਗ ਲਾਹੀ, ਅਤੇ ਬਾਹਰਲੇ ਕਮਰੇ ਵਿਚ ਪਈ ਬਾਪੂ ਦੀ ਲਾਸ਼ ਕੋਲ਼ ਆ ਗਿਆ। ਮੈਂ ਉਹ ਪੱਗ ਪ੍ਰਤਾਪ ਸਿੰਘ ਨੂੰ ਫੜਨ ਲਈ ਕਿਹਾ। ਮੈਂ ਬਾਪੂ ਦਾ ਸਿਰ ਆਪਣੀਆਂ ਬਾਂਹਾਂ ਨਾਲ਼ ਚੁੱਕ ਕੇ ਪ੍ਰਤਾਪ ਸਿੰਘ ਤੋਂ ਉਹ ਤੁਰ੍ਹਲੇ ਵਾਲ਼ੀ ਪੱਗ ਬਾਪੂ ਦੇ ਸਿਰ ਤੇ ਸਜਾ ਦਿੱਤੀ ਸੀ।