ਅਸੀਂ ਮਿੱਟ ਜੰਮੇ, ਮਿੱਟ ਸਮਾਏ, ਕਿੱਥੇ ਡਰਦੇ ਧੂੜ ਤੂਫ਼ਾਨਾਂ ਤੋਂ
ਮਿੱਟ ਖੇਡੇ, ਮਿੱਟ ਵਾਹੀ, ਉੱਗੇ ਸੋਨਾ ਮਿੱਟ ਦੀਆਂ ਖਾਨਾਂ ਚੋਂ
ਸਾਡੇ ਹੱਡ ਮਿੱਟੀ, ਇਹ ਮਾਸ ਮਿੱਟੀ, ਮਿੱਟੀ ਦਾ ਹੀ ਬਾਣਾ ਜੋ
ਏਹੀ ਮੇਲੇ, ਏਹੀ ਸੋਹਿਲੇ, ਏਸੇ ਮਿੱਟੀ ਲਈ ਮਿਟ ਜਾਣਾ ਹੋ
ਜੋ ਬੀਜੀਆ ਓਹੀ ਵੱਢਣਾ, ਇਸੇ ਆਸ ਨਾਲ ਦੇਈਏ ਦਾਣੇ ਬੋ
ਨਾਲ਼ ਕਰੋਪੀਆਂ ਲੱਗੀ ਯਾਰੀ, ਕਹਿੰਦੇ ਸੂਰਜ ਵੀ ਮਘ ਜਾਣਾ ਹੋਰ
ਇਹ ਜੋਖਮ, ਇਹ ਤਕਲੀਫ਼ਾਂ, ਬੱਸ ਮੰਨ ਕੁਦਰਤ ਦਾ ਭਾਣਾ ਸੋ
ਜਦੋਂ ਸਮਾਂ ਕਿਸੇ ਦੇ ਹੱਥ ਨਹੀਂ, ਦੱਸ ਫਿਰ ਕਿਓਂ ਐਵੇਂ ਰੋਣੇ ਰੋ?
ਇਹ ਕੁਦਰਤ ਵੀ ਸਾਡੇ ਵੱਸ ਨਹੀਂ, ਫਿਰ ਤੂੰ ਕਿਓਂ ਮੁਨਕਰ ਹੋਣਾ ਸੋ
ਅਸੀਂ ਪਿੰਡ ਦੀ ਜੂਹ ਨਾ ਟੱਪੇ ਸੀ, ਫਿਰ ਠੰਡੀਆਂ ਸੜਕਾਂ ਸੌਣਾ ਕਿਓਂ
ਦਿੱਤੀਆਂ ਅੰਨਿਆਂ ਹੱਥ ਗੁਲੇਲਾਂ, ਜਿੱਥੇ ਮਰਜ਼ੀ ਲਾਉਣ ਨਿਸ਼ਾਨੇ ਉਹ
ਰੱਬਾ ਸਬਰਾਂ ਦੀ ਪੰਡ ਭਾਰੀ ਹੋਗੀ, ਹੁਣ ਦੇਣੇ ਸਾਰੇ ਧੋਣੇ ਧੋ!
ਕਹੀਆਂ ਦਾਤੀਆਂ ਖੁਰਪੇ, ‘ਵਾਜਾਂ ਮਾਰਦੇ ਮੇਰੇ ਬਲਦ ਜੋ ਦੋ
ਮੰਜੇ ਖੜੇ ਕਿਓਂ ਕਰਕੇ ਤੁਰ ਗਏ, ਬੇਜ਼ੁਬਾਨ ਵੀ ਸਮਝ ਗਏ ਉਹ
‘ਗਿੱਲਾ’ ਹੁਣ ਖਾਲੀ ਨੀਂ ਮੁੜਦੇ, ਪੰਜਾਬ ਚੋਂ ਨਿੱਕਲੇ ਕਾਫਲੇ ਜੋ
ਜੰਗ ਜਿੱਤ ਜਾਈਏ ਛੇਤੀ, ਨਹੀਂ ਤਾਂ ਮਿੱਟੀ ਤੋਂ ਹੀ ਬਣਦੇ, ਇਹ ਪੱਥਰ ਜੋ
ਨਹੀਂ ਤਾਂ ਮਿੱਟੀ ਤੋਂ ਹੀ ਬਣਦੇ, ਇਹ ਪੱਥਰ ਜੋ