ਅਵਲ ਨਾਮ ਅੱਲਾ ਦਾ ਲਈਏ,
ਫੇਰ ਦਰੂਦ ਨਬੀ ਨੂੰ ਕਹੀਏ,
ਹਰ ਦਮ ਅਜਿਜ਼ੀ ਵਿੱਚ ਰਹੀਏ,
ਓ ਪੀਰ ਮੇਰਿਆ ਜੁਗਨੀ ਰਹਿੰਦੀ ਆ
ਨਾਮ ਅਲੀ ਦਾ ਲੈਂਦੀ ਆ
ਅਵੱਲ ਸਿਫ਼ਤ ਖੁਦਾ ਦੀ ਆਖਾਂ ਜਿਹੜਾ ਪਰਵਰਦਿਗਾਰ,
ਦੂਜੀ ਸਿਫ਼ਤ ਰਸੂਲ ਇਲ-ਲਿਲਹਾ ਦੀ,
ਆਖਾਂ ਹਮਦ ਹਜ਼ਾਰ,
ਤੀਜੀ ਸਿਫ਼ਤ ਉਹਨਾਂ ਦੀ ਆਖਾਂ,
ਜਿਹੜੇ ਪਿਆਰੇ ਯਾਰ,
ਨਾਮ ਨਵਾਬ ਤੇ ਜਾਤ ਕੰਮੀ ਦੀ,
ਜੁਗਨੀ ਕਰਾਂ ਤਿਆਰ
ਪੀਰ ਮੇਰਿਆ ਜੁਗਨੀ ਉਏ,
ਪੀਰ ਮੇਰਿਆ ਜੁਗਨੀ ਕਹਿੰਦੀ ਆ
ਜਿਹੜੀ ਨਾਮ ਅੱਲਾ ਦਾ ਲੈਂਦੀ ਆ।
ਜੁਗਨੀ ਜਾ ਵੜੀ ਮਜੀਠੇ,
ਕੋਈ ਰੰਨ ਨਾ ਚੱਕੀ ਪੀਠੇ,
ਪੁੱਤ ਗੱਭਰੂ ਮੁਲਕ ਵਿੱਚ ਮਾਰੇ,
ਰੋਵਣ ਅੱਖੀਆਂ ਪਰ ਬੁਲ੍ਹ ਸੀਤੇ,
ਪੀਰ ਮੇਰਿਆ ਓਏ ਜੁਗਨੀ ਆਈ ਆ,
ਇਹਨਾਂ ਕਿਹੜੀ ਜੋਤ ਜਗਾਈ ਆ।
ਜੁਗਨੀ ਜਾ ਵੜੀ ਲੁਧਿਆਣੇ,
ਉਹਨੂੰ ਪੈ ਗਏ ਅੰਨੇ ਕਾਣੇ
ਮਾਰਨ ਮੁੱਕੀਆਂ ਮੰਗਣ ਦਾਣੇ,
ਪੀਰ ਮੇਰਿਆ ਉਏ ਜੁਗਨੀ ਕਹਿੰਦੀ ਆ
ਜਿਹੜੀ ਨਾਮ ਸਾਈਂ ਦਾ ਲੈਂਦੀ ਆ
ਜੁਗਨੀ ਜਾ ਵੜੀ ਪਟਿਆਲੇ,
ਉੱਥੇ ਵਿਕਦੇ ਰੇਸ਼ਮੀ ਨਾਲੇ,
ਅੱਧੇ ਲਾਲ ਤੇ ਅੱਧੇ ਕਾਲੇ,
ਵੀਰ ਮੇਰਿਆ ਵੇ ਜੁਗਨੀ ਕਹਿੰਦੀ ਐ,
ਉਹ ਨਾਮ ਸਾਈਂ ਦਾ ਲੈਂਦੀ ਐ।
ਜੁਗਨੀ ਜਾ ਵੜੀ ਬੰਬਈ,
ਉਸ ਦੀ ਭੱਜ ਪੱਸਲੀ ਗਈ,
ਉਹਨੂੰ ਨਵੀਂ ਪੁਆਉਣੀ ਪਈ,
ਵੀਰ ਮੇਰਿਆ ਜੁਗਨੀ ਪਿੱਤਲ ਦੀ,
ਮੈਂ ਦੇਖੀ ਸ਼ਹਿਰੋਂ ਨਿਕਲ ਦੀ।
ਅਲੀ ਪਾਕ ਇਮਾਮ ਦਾ, ਮੈਂ ਬਿਰਦ ਕਰਾਂ ਦਮ ਦਮ,
ਇਹਨੂੰ ਪੈਣ ਉਜੱਲੇ ਨੂਰ ਦੇ, ਜਿਉਂ ਕਤਰੇ ਸ਼ਬਨਮ,
ਮੈਂ ਪੜ੍ਹੀ ਨਮਾਜ਼ ਐ ਇਸ਼ਕ ਦੀ, ਦੂਰ ਹੋਏ ਸਭ ਗ਼ਮ,
ਓ ਮੈਂ ਗਾਵਾਂ ਜੁਗਨੀ…
ਆਸ਼ਕ ਲੋਕ ਤੇ ਕਮਲੇ ਰਮਲੇ, ਦੁਨੀਆ ਬੜੀ ਸਿਆਣੀ,
ਚਿੱਟੇ ਦਿਨ ਤੇ ਕਾਲੀਆਂ ਰਾਤਾਂ, ਖਾਂਦੇ ਜਾਣ ਜੁਆਨੀ,
ਕੀ ਮੁਨਿਆਦ ਐ ਬੰਦਿਆਂ ਤੇਰੀ, ਤੂੰ ਫ਼ਾਨੀ ਮੈਂ ਫ਼ਾਨੀ,
ਰੰਗੇ ਜਾਈਏ ਜੇ ਮਿਲ ਜਾਵੇ, ਢੋਲ ਦਿਲਾਂ ਦਾ ਜਾਨੀ,
ਓ ਮੈਂ ਗਾਵਾਂ ਜੁਗਨੀ …
ਇਹ ਜਿੱਤਣ ਨਾਲੋ ਹਾਰਨ ਚੰਗਾ ਜੇ, ਤੂੰ ਸੁਣ ਮਸਤ ਫ਼ਕੀਰਾ,
ਜਿੱਤ ਜਾਏਂ ਤੇ ਛੱਲਾ ਕੱਚ ਦਾ, ਹਾਰ ਜਾਏਂ ਤੇ ਹੀਰਾ,
ਓ ਪੀਰ ਮੇਰਿਆ ਤੇਰੀ ਜੁਗਨੀ …….
ਸਾਈਂ ਬੋਹੜਾਂ ਵਾਲਿਆਂ ਤੇਰੀ ਜੁਗਨੀ
ਏ ਵੇ ਅੱਲਾ ਵਾਲਿਆਂ ਦੀ ਜੁਗਨੀ ਜੀ,
ਏ ਵੇ ਨਬੀ ਪਾਕ ਦੀ ਜੁਗਨੀ ਜੀ,
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ,
ਏ ਵੇ ਮੇਰੇ ਪੀਰ ਦੀ ਜੁਗਨੀ ਜੀ,
ਦਮ ਗੁਟਕੂੰ, ਦਮ ਗੁਟਕੂੰ,
ਕਰੇ ਸਾਈਂ, ਇਹ ਕਲਮਾਂ ਨਬੀ ਦਾ ਪੜ੍ਹੇ ਸਾਈਂ।
ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਓਹਦੇ ਮੂੰਹੋਂ ਫੱਬੇ,
ਜਿਸਨੂੰ ਸੱਟ ਇਸ਼ਕ ਦੀ ਲੱਗੇ,
ਓ ਪੀਰ ਮੇਰਿਆ ਜੁਗਨੀ ਕਹਿੰਦੀ ਆ,
ਜਦ ਨਾਮ ਅਲੀ ਦਾ ਲੈਂਦੀ ਆ।
ਔਖੀ ਕਾਰ ਫ਼ਕੀਰੀ ਵਾਲੀ, ਚੜ੍ਹ ਸੂਲੀ ਤੇ ਬਹਿਣਾ,
ਦਰ ਦਰ ਤੇ ਨੇ ਟੁੱਕੜ ਮੰਗਣੇ, ਮਾਈਏ ਭੈਣੇ ਕਹਿਣਾ,
ਭਾਵੇਂ ਲੱਖਾਂ ਹੀਲੇ ਕਰੀਏ, ਏਥੇ ਜੋ ਬਣਿਆ ਸੋ ਰਹਿਣਾ।
ਓ ਪੀਰ ਮੇਰਿਆ ਜੁਗਨੀ…
ਵਾਹ ਵਾਹ ਮੌਜ ਜਵਾਨੀ ਵਾਲੀ, ਸ਼ਹਿਦ ਗੁੜੇ ਤੋਂ ਮਿੱਠੀ,
ਆਈ ਜਵਾਨੀ ਹਰ ਕੋਈ ਵੇਂਹਦਾ, ਜਾਂਦੀ ਕਿਸੇ ਨਾ ਡਿੱਠੀ,
ਕੀ ਮੁਨਿਆਦ ਓ ਬੰਦਿਆ ਤੇਰੀ, ਆਖਿਰ ਹੋਣਾ ਮਿੱਟੀ,
ਪਰ ਸੱਚੇ ਇਸ਼ਕ ਨੇ ਤਾਜਾ ਰਹਿਣਾ, ਦਾਹੜੀ ਹੋ ਜੇ ਚਿੱਟੀ
ਪੀਰ ਮੇਰਿਆ ਜੁਗਨੀ…