ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ-ਗੀਤਾਂ ਨੂੰ ਸੁਹਾਗ ਕਹਿੰਦੇ ਹਨ। ਇਹ ਲੋਕ-ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਅਤੇ ਸਹੁਰੇ ਘਰ ਨਾਲ ਇੱਕ-ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੱਭਿਆਚਾਰਿਕ ਪ੍ਰਭਾਵਾਂ ਹੇਠ ਬੁਣੇ ਸੁਪਨਿਆਂ ਆਦਿ ਦੇ ਪ੍ਰਗਟਾ ਹੁੰਦੇ ਹਨ। ਸੁਹਾਗ ਕੁੜੀਆਂ ਅਤੇ ਇਸਤਰੀਆਂ ਰਲ ਕੇ ਗਾਉਂਦੀਆਂ ਹਨ। ਗਾਉਣ ਦੀਆਂ ਲੋੜਾਂ ਅਨੁਸਾਰ ਇਹਨਾਂ ਵਿੱਚ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਦਾ ਦੁਹਰਾਉ ਹੁੰਦਾ ਹੈ। ਇਲਾਕੇ ਅਨੁਸਾਰ ਸ਼ਬਦਾਂ ਦਾ ਰੂਪ ਕੁਝ ਬਦਲ ਜਾਂਦਾ ਹੈ ।ਸੁਹਾਗ ਭਾਵ ਅਤੇ ਬਣਤਰ ਪੱਖੋਂ ਸਰਲ ਹੁੰਦੇ ਹਨ। ਇਨ੍ਹਾਂ ਵਿਚ ਦੁਹਰਾ, ਪ੍ਰਕਿਰਤਿਕ ਛੋਹਾਂ, ਲੈਅ ਅਤੇ ਰਵਾਨੀ ਹੁੰਦੀ ਹੈ।
ਸਾਡਾ ਚਿੜੀਆਂ ਦਾ ਚੰਬਾ ਵੇ
ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉੱਡ ਵੇ ਜਾਣਾ ।
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਵੇ ਜਾਣਾ ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,
ਬਾਬਲ ਡੋਲਾ ਨਹੀਂ ਲੰਘਦਾ ।
ਇੱਕ ਇੱਟ ਪੁਟਾ ਦੇਵਾਂ,
ਧੀਏ ਘਰ ਜਾ ਆਪਣੇ ।
ਤੇਰੇ ਬਾਗ਼ਾਂ ਦੇ ਵਿੱਚ ਵਿੱਚ ਵੇ,
ਬਾਬਲ ਗੁੱਡੀਆਂ ਕੌਣ ਖੇਡੇ ?
ਮੇਰੀਆਂ ਖੇਡਣ ਪੋਤਰੀਆਂ,
ਧੀਏ ਘਰ ਜਾ ਆਪਣੇ ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,
ਬਾਬਲ ਚਰਖਾ ਕੌਣ ਕੱਤੇ ?
ਮੇਰੀਆਂ ਕੱਤਣ ਪੋਤਰੀਆਂ,
ਧੀਏ ਘਰ ਜਾ ਆਪਣੇ ।
ਮੇਰਾ ਛੁੱਟਾ ਕਸੀਦੜਾ ਵੇ,
ਬਾਬਲ ਦੱਸ ਕੌਣ ਕੱਢੂ ?
ਮੇਰੀਆਂ ਕੱਢਣ ਪੋਤਰੀਆਂ,
ਧੀਏ ਘਰ ਜਾ ਆਪਣੇ ।
ਦੇਵੀਂ ਵੇ ਬਾਬਲਾ ਓਸ ਘਰੇ
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਭਲੀ ਪਰਧਾਨ,
ਸਹੁਰਾ ਸਰਦਾਰ ਹੋਵੇ ।
ਡਾਹ ਪੀੜ੍ਹਾ ਬਹਿੰਦਾ ਸਾਹਮਣੇ ਵੇ,
ਮੱਥੇ ਕਦੇ ਨਾ ਪਾਂਦੀ ਵੱਟ,
ਬਾਬਲ ਤੇਰਾ ਪੁੰਨ ਹੋਵੇ ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ, ਤੇਰਾ ਪੁੰਨ ਹੋਵੇ ।
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਦੇ ਬਾਹਲੜੇ ਪੁੱਤ,
ਇੱਕ ਮੰਗੀਏ, ਇੱਕ ਵਿਆਹੀਏ,
ਵੇ ਮੈਂ ਸ਼ਾਦੀਆਂ ਵੇਖਾਂ ਨਿੱਤ,
ਬਾਬਲ ਤੇਰਾ ਪੁੰਨ ਹੋਵੇ ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ ਤੇਰਾ ਪੁੰਨ ਹੋਵੇ ।
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਮੱਝਾਂ ਬੂਰੀਆਂ ਸੱਠ,
ਇੱਕ ਰਿੜਕਾਂ ਇਕ ਜਮਾਵਾਂ
ਵੇ ਮੇਰਾ ਚਾਟੀਆਂ ਦੇ ਵਿੱਚ ਹੱਥ,
ਬਾਬਲ ਤੇਰਾ ਪੁੰਨ ਹੋਵੇ ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ, ਤੇਰਾ ਪੁੰਨ ਹੋਵੇ ।
ਦੇਵੀਂ ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਦਰਜੀ ਸੀਵੇ ਪੱਟ,
ਇੱਕ ਪਾਵਾਂ ਇੱਕ ਟੰਗਣੇ,
ਮੇਰਾ ਵਿਚ ਸੰਦੂਕਾਂ ਦੇ ਹੱਥ,
ਬਾਬਲ ਤੇਰਾ ਪੁੰਨ ਹੋਵੇ ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ ਤੇਰਾ ਪੁੰਨ ਹੋਵੇ ।
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਘਾੜ ਘੜੇ ਸੁਨਿਆਰ,
ਇੱਕ ਪਾਵਾਂ ਦੂਜਾ ਡੱਬੜੇ,
ਵੇ ਮੇਰਾ ਵਿੱਚ ਡੱਬਿਆਂ ਦੇ ਹੱਥ,
ਬਾਬਲ ਤੇਰਾ ਪੁੰਨ ਹੋਵੇ ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ ਤੇਰਾ ਪੁੰਨ ਹੋਵੇ ।
ਬੇਟੀ ਚੰਦਨ ਦੇ ਓਹਲੇ ਕਿਉਂ ਖੜ੍ਹੀ
ਬੇਟੀ ਚੰਦਨ ਦੇ ਓਹਲੇ ਕਿਉਂ ਖੜ੍ਹੀ ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਪਾਸ,
ਕਰਾਂ ਅਰਦਾਸ, ਬਾਬਲ ਵਰ ਲੋੜੀਏ ।
ਜਾਈਏ ਕਿਹੋ ਜਿਹਾ ਵਰ ਲੋੜੀਏ ?
ਬਾਬੁਲ ਜਿਉਂ ਤਾਰਿਆਂ ਵਿਚੋਂ ਚੰਨ,
ਚੰਨਾਂ ਵਿਚੋਂ ਕਾਹਨ,
ਘਨੱਈਆ ਵਰ ਲੋੜੀਏ ।
ਭੈਣੇਂ ਚੰਦਨ ਦੇ ਓਹਲੇ ਕਿਉਂ ਖੜ੍ਹੀ ?
ਮੈਂ ਤਾਂ ਖੜ੍ਹੀ ਸਾਂ ਵੀਰ ਜੀ ਦੇ ਪਾਸ,
ਕਰਾਂ ਅਰਦਾਸ, ਵੀਰੇ ਵਰ ਲੋੜੀਏ ।
ਨੀ ਭੈਣੇਂ ਕਿਹੋ ਜਿਹਾ ਵਰ ਲੋੜੀਏ ?
ਵੇ ਵੀਰਾ, ਜਿਉਂ ਬੀਰਾਂ ਵਿੱਚੋਂ ਬੀਰ,
ਰਾਮ ਚੰਦਰ ਵਰ ਲੋੜੀਏ ।
ਧੀਏ ਚੰਦਨ ਦੇ ਓਹਲੇ ਕਿਉਂ ਖੜ੍ਹੀ ?
ਮੈਂ ਤਾਂ ਖੜ੍ਹੀ ਸਾਂ ਮਾਮਾ ਜੀ ਦੇ ਪਾਸ,
ਕਰਾਂ ਅਰਦਾਸ, ਮਾਮਾ ਵਰ ਲੋੜੀਏ ।
ਨੀ ਧੀਏ ਕਿਹੋ ਜਿਹਾ ਵਰ ਲੋੜੀਏ ?
ਮਾਮਾ ਜੀ ਜਿਉਂ ਦੁਨੀਆਂ ਵਿੱਚ ਦਾਨੀ,
ਹਰੀਸ਼ ਚੰਦਰ ਵਰ ਲੋੜੀਏ ।
ਚੜ੍ਹ ਚੁਬਾਰੇ ਸੁੱਤਿਆ ਬਾਬਲ
ਚੜ੍ਹ ਚੁਬਾਰੇ ਸੁੱਤਿਆ ਬਾਬਲ,
ਆਈ ਬਨੇਰੇ ਦੀ ਛਾਂ ।
ਤੂੰ ਸੁੱਤਾ ਲੋਕੀਂ ਜਾਗਦੇ,
ਘਰ ਬੇਟੜੀ ਹੋਈ ਮੁਟਿਆਰ ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ,
ਨ੍ਹਾਵਣ ਚੱਲੀ ਆਂ ਤਲਾ ।
ਮੈਲ ਹੋਵੇ ਝੱਟ ਝੜ ਜਾਵੇ ਵਾਰੀ,
ਰੂਪ ਨਾ ਝੜਿਆ ਜਾ ।
ਮਾਏ ਨੀ ਸੁਣ ਮੇਰੀਏ ਵਾਰੀ,
ਬਾਬਲ ਮੇਰੇ ਨੂੰ ਸਮਝਾ ।
ਸਾਡੇ ਤਾਂ ਹਾਣ ਦੀਆਂ ਸਾਹੁਰੇ ਵਾਰੀ,
ਸਾਡੜੇ ਮਨ ਵਿਚ ਚਾ।
ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ,
ਮਾਈ ਨੇ ਦਿੱਤਾ ਦਰਿਆ ਚਲਾ ।
ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ,
ਭਾਬੋ ਦੇ ਮਨ ਚਾ।
ਚੜ੍ਹ ਚੁਬਾਰੇ ਸੁੱਤਿਆ ਚਾਚਾ,
ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ,
ਘਰ ਭਤੀਜੀ ਹੋਈ ਮੁਟਿਆਰ ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ,
ਨ੍ਹਾਵਣ ਚੱਲੀ ਆਂ ਤਲਾ ।
ਮੈਲ ਹੋਵੇ ਝੱਟ ਝੜ ਜਾਵੇ ਵਾਰੀ,
ਰੂਪ ਨਾ ਝੜਿਆ ਜਾ ।
ਚਾਚੀ ਨੀ ਸੁਣ ਮੇਰੀਏ ਵਾਰੀ,
ਚਾਚੇ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਹੁਰੇ ਵਾਰੀ,
ਸਾਡੜੇ ਮਨ ਵਿਚ ਚਾ।
ਚਾਚੇ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ,
ਚਾਚੀ ਨੇ ਦਿੱਤਾ ਦਰਿਆ ਚਲਾ।
ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ,
ਭਾਬੋ ਦੇ ਮਨ ਚਾ।
ਮੈਂ ਤੈਨੂੰ ਆਖਦੀ ਬਾਬਲਾ
ਮੈਂ ਤੈਨੂੰ ਆਖਦੀ ਬਾਬਲਾ,
ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ ।
ਅੰਨ ਨਾ ਤਰੱਕੇ ਕੋਠੜੀ,
ਤੇਰਾ ਦਹੀਂ ਨਾ ਅਮਲਾ ਜਾਵੇ ।
ਬਾਬਲ ਮੈਂ ਬੇਟੀ ਮੁਟਿਆਰ ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ ।
ਅੰਦਰ ਛੜੀਏ, ਬਾਹਰ ਦਲੀਏ ।
ਦਿੱਤਾ ਸੂ ਕਾਜ ਰਚਾ ।
ਬਾਬਲ ਮੈਂ ਬੇਟੀ ਮੁਟਿਆਰ ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ ।
ਬਾਬਲ ਮੇਰੇ ਦਾਜ ਬਹੁਤ ਦਿੱਤਾ ।
ਮੋਤੀ ਦਿੱਤੇ ਅਨਤੋਲ ।
ਬਾਬਲ ਮੈਂ ਬੇਟੀ ਮੁਟਿਆਰ ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ ।
ਦਾਜ ਤੇ ਦਾਨ ਬਹੁਤ ਦਿੱਤਾ ।
ਦਿੱਤੇ ਸੂ ਹਸਤ ਲਦਾ ।
ਹਸਤਾਂ ਦੇ ਪੈਰੀਂ ਬਾਬਲ ਝਾਂਜਰਾਂ,
ਛਣਕਾਰ ਪੈਂਦਾ ਜਾ ।
ਬਾਬਲ ਮੈਂ ਬੇਟੀ ਮੁਟਿਆਰ ।
ਵੇ ਬਾਬਲ ਧਰਮੀ, ਮੈਂ ਬੇਟੀ ਪਰਨਾ ।
(ਤਰੱਕਣਾ=ਖਰਾਬ ਹੋਣਾ,ਅਮਲਾ ਜਾਣਾ= ਖੱਟਾ ਹੋ ਜਾਣਾ)
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਬੈਠ ਕਸੀਦੜਾ ਕਢ ਰਹੀਆਂ
ਆਉਂਦੇ ਜਾਂਦੇ ਰਾਹੀ ਪੁਛਦੇ
ਤੂੰ ਕਿਉਂ ਬੀਬੀ ਰੋ ਰਹੀਆਂ
ਬਾਬੁਲ ਮੇਰਾ ਸਾਹਾ ਸਦਾਇਆ
ਮੈਂ ਪਰਦੇਸਨ ਹੋ ਰਹੀਆਂ
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀਆਂ
ਆਉਂਦੇ ਜਾਂਦੇ ਰਾਹੀ ਪੁਛਦੇ
ਤੂੰ ਕਿਉਂ ਬੀਬੀ ਰੋ ਰਹੀਆਂ
ਵੀਰੇ ਮੇਰੇ ਕਾਜ ਰਚਾਇਆ
ਮੈਂ ਪਰਦੇਸਨ ਹੋ ਰਹੀਆਂ
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਬੈਠੀ ਹਾਰ ਪਰੋ ਰਹੀਆਂ
ਆਉਂਦੇ ਜਾਂਦੇ ਰਾਹੀ ਪੁਛਦੇ
ਤੂੰ ਕਿਓਂ ਬੀਬੀ ਰੋ ਰਹੀਆਂ
ਮਾਮੇ ਮੇਰੇ ਕਾਜ ਰਚਾਇਆ
ਮੈਂ ਪਰਦੇਸਨ ਹੋ ਰਹੀਆਂ
ਨਿਵੇਂ ਪਹਾੜਾਂ ਦੇ ਪਰਬਤ
ਨਿਵੇਂ ਪਹਾੜਾਂ ਦੇ ਪਰਬਤ,
ਹੋਰ ਨਿਵਿਆਂ ਨਾ ਕੋਈ ।
ਨਿਵਿਆਂ ਲਾਡੋ ਦਾ ਬਾਬਲ,
ਜਿਨ੍ਹੇ ਬੇਟੀ ਵਿਆਹੀ ।
ਤੂੰ ਕਿਉਂ ਰੋਇਆ ਬਾਬਲ ਜੀ,
ਜੱਗ ਹੁੰਦੜੀ ਆਈ ।
ਮੋਰਾਂ ਦੀਆਂ ਪੈਲਾਂ ਦੇਖ ਕੇ
ਬਾਬਲ ਛਮ-ਛਮ ਰੋਇਆ ।
ਤੂੰ ਕਿਉਂ ਰੋਇਆ ਬਾਬਲ ਜੀ,
ਜੱਗ ਹੁੰਦੜੀ ਆਈ ।
ਨਿਵਿਆਂ ਲਾਡੋ ਦਾ ਬਾਬਲ,
ਜਿਨ੍ਹੇ ਬੇਟੀ ਵਿਆਹੀ ।
ਨਿਵਿਆਂ ਲਾਡੋ ਦਾ ਤਾਇਆ
ਜਿਨ੍ਹੇ ਬੇਟੀ ਵਿਆਹੀ ।
ਤੂੰ ਕਿਉਂ ਰੋਇਆ ਤਾਇਆ ਜੀ,
ਜੱਗ ਹੁੰਦੜੀ ਆਈ ।
ਮੋਰਾਂ ਦੀਆਂ ਪੈਲਾਂ ਦੇਖ ਕੇ
ਤਾਇਆ ਛਮ-ਛਮ ਰੋਇਆ ।
ਤੂੰ ਕਿਉਂ ਰੋਇਆ ਤਾਇਆ ਜੀ,
ਜੱਗ ਹੁੰਦੜੀ ਆਈ ।
ਨਿਵੇਂ ਪਹਾੜਾਂ ਦੇ ਪਰਬਤ,
ਹੋਰ ਨਿਵਿਆਂ ਨਾ ਕੋਈ ।
ਕੋਠਾ ਕਿਉਂ ਨਿਵਿਆਂ
ਕੋਠਾ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਕੋਠੇ ਦੀ ਛੱਤ ਪੁਰਾਣੀ,
ਕੋਠਾ ਧਰਮੀ ਤਾਂ ਨਿਵਿਆਂ।
ਬਾਬਲ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਬਾਬਲ ਦੀ ਕੰਨਿਆ ਕੁਆਰੀ,
ਬਾਬਲ ਧਰਮੀ ਤਾਂ ਨਿਵਿਆਂ।
ਮਾਮਾ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਮਾਮੇ ਦੀ ਭਾਣਜੀ ਕੁਆਰੀ,
ਮਾਮਾ ਧਰਮੀ ਤਾਂ ਨਿਵਿਆਂ।
ਚਾਚਾ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਚਾਚੇ ਦੀ ਭਤੀਜੀ ਕੁਆਰੀ,
ਚਾਚਾ ਧਰਮੀ ਤਾਂ ਨਿਵਿਆਂ।
ਵੀਰਾ ਕਿਉਂ ਨਿਵਿਆਂ,
ਧਰਮੀ ਕਿਉਂ ਨਿਵਿਆਂ,
ਇਸ ਵੀਰੇ ਦੀ ਭੈਣ ਕੁਆਰੀ,
ਵੀਰਾ ਧਰਮੀ ਤਾਂ ਨਿਵਿਆਂ।