ਅਵਤਾਰ ਸਿੰਘ ਆਜ਼ਾਦ
ਮਾਰੂ ਸੁਰਾਂ ਉਠਾਈਆਂ, ਵੱਜ ਪਏ ਨਗਾਰੇ ।
ਸਾਮ੍ਹਣੇ ਹੋ ਕੇ ਮੌਤ ਦੇ ਯੋਧੇ ਬੁੱਕਾਰੇ ।
ਖਿੱਦੋ ਵਾਂਗੂੰ ਧੜਾਂ ਤੋਂ ਸਿਰ ਤੇਗ਼ ਉਤਾਰੇ ।
ਢੱਠੇ ਤੇ ਕਈ ਢਹਿ ਰਹੇ ਨੇ, ਬੁਰਜ ਮੁਨਾਰੇ ।
ਲੋਥਾਂ ਲਹੂ ਵਿਚ ਤਰਦੀਆਂ, ਹੋਣੀ ਹੁੰਕਾਰੇ ।
ਕੜਕ ਕਮਾਨਾਂ ਉਠੀਆਂ, ਫਨੀਅਰ ਸ਼ੁੰਕਾਰੇ ।
ਅੰਬਰ ਪਏ ਕੰਬਾਂਵਦੇ, ਜੁਆਨਾਂ ਦੇ ਨਾਅਰੇ ।
ਘਾਇਲ ਖਾਣ ਘੁਮਾਟੀਆਂ, ਐਉਂ ਡਿੱਗਣ ਵਿਚਾਰੇ
ਜਿਵੇਂ ਸ਼ਰਾਬੀ ਮਸਤ ਹੋ ਡਿੱਗ ਹੋਸ਼ ਵਿਸਾਰੇ ॥੧॥
ਇਕ ਧਿਰ ਸੱਚਾ ਸਤਿਗੁਰੂ, ਸੰਗ ਸੂਰੇ ਚਾਲੀ ।
ਇਕ ਧਿਰ ਲੱਖਾਂ ਮੁਗ਼ਲ ਦਲ, ਛਾਏ ਘਟ-ਕਾਲੀ ।
ਓਟ ਗੁਰਾਂ ਨੂੰ ਸਾਈਂ ਦੀ, ਲਿਸ਼ਕੇ ਮੁੱਖ ਲਾਲੀ ।
ਵੱਡਾ ਕਰਕੇ ਹੌਸਲਾ, ਉਹ ਧਨਖ ਸੰਭਾਲੀ,
ਜਿਸ ਦਾ ਸੁੱਟਿਆ ਤੀਰ ਨਾ ਕਦੇ ਜਾਂਦਾ ਖਾਲੀ ।
ਬਾਣ ਓਸ ਨੂੰ ਬਖ਼ਸ਼ਦੇ, ਰੁਤਬਾ ਜਿਸ ਆਲੀ ।
ਮਾਰਨ ਕਦੇ ਨਾ ਕਾਇਰ ਨੂੰ, ਬੀਰ ਰਸ ਦੇ ਪਾਲੀ ।
ਉੱਚੇ ਹਰਖ ਤੇ ਸੋਗ ਤੋਂ ਦੋ ਜੱਗ ਦੇ ਵਾਲੀ ।
ਜ਼ੁਲਮ ਮਿਟਾਵਣ ਲਈ ਹੈ ਅੱਜ ਤੇਗ਼ ਉਛਾਲੀ ॥੨॥
ਵਧੇ ਅਗਾਂਹਾਂ ਮਲੇਰੀਏ, ਵੰਗਾਰਾਂ ਪਾਉਂਦੇ ।
ਕਾਂਗ ਵਾਂਗ ਨੇ ਮੁਗ਼ਲ ਦਲ ਸਤਿਗੁਰ ਵਲ ਧਾਉਂਦੇ ।
ਤੇਗ਼ਾਂ, ਨੇਜ਼ੇ, ਬਰਛੀਆਂ, ਸਾਂਗਾਂ ਲਿਸ਼ਕਾਉਂਦੇ ।
ਰੱਤੇ ਅੰਦਰ ਜੋਸ਼ ਦੇ ਧਰਤੀ ਕੰਬਾਉਂਦੇ ।
‘ਹੱਥੀਂ ਫੜ ਲੌ ਗੁਰੂ ਨੂੰ’, ਲਲਕਾਰਾਂ ਲਾਉਂਦੇ ।
ਵਧਦਾ ਵੈਰੀ ਆ ਰਿਹਾ ਪਇ ਸ਼ੇਰ ਤਕਾਉਂਦੇ ।
ਖਿੱਚ ਭਗੌਤੇ ਸਾਰ ਦੇ ਕੰਧੀਂ ਚੜ੍ਹ ਆਉਂਦੇ ।
ਕਢਦਾ ਸਿਰੀ ਉਤਾਂਹ ਜੋ, ਧਰਤੀ ਪਟਕਾਉਂਦੇ ।
ਲਹੂ ਮਿੱਝ ਦੇ ਵਹਿਣ ਵਿਚ ਦੁਸ਼ਮਣ ਨੂੰ ਰੁੜ੍ਹਾਉਂਦੇ ॥੩॥
ਏਧਰ ਤਾਂ ਸਿੰਘ ਸੂਰਮੇ ਜੌਹਰ ਦਿਖਲਾ ਰਹੇ ।
ਓਧਰ ਸੱਚੇ ਪਾਤਸ਼ਾਹ ਉਡਣੇ ਨੇ ਉਡਾ ਰਹੇ ।
ਪੰਜ ਪੰਜ ਇਕ ਇਕ ਵਿਚ ਨੇ ਪਰੋ, ਜਗ ਵਿਸਮਾ ਰਹੇ ।
ਚੁਣ ਚੁਣ ਵੱਡੇ ਅਫ਼ਸਰਾਂ ਗਲ ਮੌਤ ਦੇ ਲਾ ਰਹੇ ।
ਖ਼ਵਾਜੇ ਵਰਗੇ ਮਹਾਂ ਨੀਚ ਲੁਕ ਜਾਨ ਬਚਾ ਰਹੇ ।
ਡਰਦੇ ਹੋਣ ਨਾ ਸਾਮ੍ਹਣੇ ਨੇ ਨੱਕ ਵਢਵਾ ਰਹੇ ।
ਵੇਖ ਸਿੰਘਾਂ ਦਾ ਤੇਜ ਬਲ, ਝੁਰ ਰਹੇ, ਪਛਤਾ ਰਹੇ ।
ਲੀਕ ਲੁਆ ਵਰਅੱਮ ਨੂੰ, ਮੂੰਹ ਪਿਛ੍ਹਾਂ ਭੁਆ ਰਹੇ ।
ਘੇਰਾ ਪਾ ਬਹਿ ਜਾਈਏ, ਇਹ ਮਤੇ ਪਕਾ ਰਹੇ ॥੪॥
ਵੈਰੀ ਮੂੰਹ ਸਿਕਵਾਇ ਕੇ ਹਟ ਗਏ ਪਿਛੇਰੇ,
ਲੈ ਲਿਆ ਕੱਚੀ ਗੜ੍ਹੀ ਨੂੰ ਓਹਨਾਂ ਵਿਚ ਘੇਰੇ ।
ਬਦਲਾਂ ਪੱਲੂ ਸੁੱਟਿਆ ਸੂਰਜ ਚੌਫੇਰੇ ।
ਰੋਕਣ ਕੀਕਣ ਨੂਰ ਨੂੰ ਐਪਰ ਅੰਧੇਰੇ ?
ਭੂਏ ਹੋ ਮ੍ਰਿਗਾਵਲੀ ਲਾ ਫੰਧ ਘਨੇਰੇ,
ਫੜਨਾ ਚਾਹੇ ਸ਼ੇਰ ਨੂੰ, ਪਰ ਕਿੱਥੇ ਜੇਰੇ !
ਭਬਕ ਇਕੋ ਹੀ ਸਿੰਘ ਦੀ, ਸਾਹ ਕਰੇ ਉਖੇਰੇ ।
ਸਫ਼ਾਂ ਸਾਫ਼ ਹੋ ਜਾਂਦੀਆਂ, ਜਿਧਰ ਮੂੰਹ ਫੇਰੇ ।
ਵਿਹਰੇ ਜਿਹੜਾ, ਓਸ ਦੇ ਕਰ ਦੇਂਦਾ ਬੇਰੇ ॥੫॥
ਚੰਨ ਵਿਚਾਲੇ ਤਾਰਿਆਂ ਜਿਉਂ ਸੋਭਾ ਪਾਵੇ ।
ਤਿਉਂ ਸਿੰਘਾਂ ਵਿਚ ਸਤਿਗੁਰੂ ਸੱਚਾ ਸੋਹਾਵੇ ।
ਇਹ ਗੁਰਮਤਾ ਹੈ ਹੋ ਰਿਹਾ, ਕੀਤਾ ਕੀ ਜਾਵੇ ?
ਕਿਹੜਾ ਗੜ੍ਹੀਓਂ ਬਾਹਰ ਜਾ ਵਰਅੱਮ ਵਿਖਾਵੇ ?
ਕੁਝ ਚਿਰ ਬਾਅਦ ਇਕ ਗੱਭਰੂ, ਪਿੜ ਚੁੰਗੀ ਲਾਵੇ ।
ਬਲ ਬਲ ਉੱਠੇ ਜੋਸ਼ ਵਿਚ, ਜਾਮੇ ਨਾ ਮਾਵੇ ।
ਤੇਗ਼ਾ ਉਸ ਦਾ ਮਿਆਨ ‘ਚੋਂ ਬਾਹਰ ਪਿਆ ਆਵੇ ।
ਲਿਸ਼ਕ ਓਸ ਦੇ ਮੱਥੇ ਦੀ ਸੂਰਜ ਸਹਿਮਾਵੇ ।
ਬਲੀ ਪਿਤਾ ਦਾ ਪੁੱਤ ਉਹ, ਦੁਨੀਆਂ ਜਸ ਗਾਵੇ ॥੬॥
ਆਖੇ-‘ਸਤਿਗੁਰ ਪਾਤਸ਼ਾਹ ਮੈਂ ਤੇਰਾ ਜਾਇਆ ।
ਅਪਣੀ ਛਾਓਂ ਹੇਠ ਤੂੰ ਰੱਖਿਆ, ਲਡਿਆਇਆ ।
ਵਡਿਆਇਆ, ਦੁਲਰਾਇਆ, ਸੁਖ-ਐਸ਼ ਭੁਗਾਇਆ ।
ਸੁਫ਼ਨੇ ਅੰਦਰ ਨਾ ਕਦੇ ਮੱਥੇ ਵੱਟ ਪਾਇਆ ।
ਰੱਖਿਆ ਨਾਉਂ ‘ਅਜੀਤ’, ਤੂੰ ਅਜੀਤ ਬਣਾਇਆ ।
ਵੇਲਾ ਆਇਆ ਅਮਲ ਦਾ, ਮੈਂ ਸਨਮੁਖ ਆਇਆ ।
ਬਰਕਤ ਦੇ ਕੇ ਆਪਣੀ ਕਲਗੀਧਰ ਰਾਇਆ,
ਮੈਨੂੰ ਰਣ ਵਿਚ ਭੇਜ ਤੂੰ, ਮੈਂ ਤਰਲਾ ਪਾਇਆ ।
ਮਰਨੋਂ ਕਦੇ ਨਾ ਡਰਾਂਗਾ, ਜੇ ਥਾਪੜਾ ਲਾਇਆ’ ॥੭॥
ਅੱਗੇ ਹੋ ਮੂੰਹ ਚੁੰਮਦੇ, ਕੰਡ ਥਾਪੀ ਲਾਉਂਦੇ ।
‘ਸ਼ਾਵਾ ! ਪੁੱਤ੍ਰ ਸਿੰਘ ਦੇ !!’ ਮੁੱਖੋਂ ਫਰਮਾਉਂਦੇ ।
ਗਾਤਰੇ ਦੇ ਵਿਚ ਆਪ ਉਠ ਤਲਵਾਰ ਨੇ ਪਾਉਂਦੇ ।
ਪਾ ਕੇ ਜੱਫੀ ਅੰਤਲੀ, ਅਰਦਾਸ ਸੁਧਾਉਂਦੇ ।
ਤੇ ਫੇਰ ਆਪਣੇ ਲਾਲ ਨੂੰ ਉਪਦੇਸ਼ ਸੁਣਾਉਂਦੇ,
‘ਸਨਮੁਖ ਵੀਰਾਂ ਜੂਝਿਆਂ, ਦਿਓਤੇ ਜਸ ਗਾਉਂਦੇ ।
ਮਰਦੇ ਜੋ ਨੇ ਧਰਮ ਲਈ, ਮਰ ਜੀਵਨ ਪਾਉਂਦੇ ।
ਪਰ ਜੋ ਦੇਂਦੇ ਪਿੱਠ ਨੇ, ਕੁਲ ਨੂੰ ਸ਼ਰਮਾਉਂਦੇ ।
ਤਾਂ ਤੇ ਪੁੱਤ੍ਰ ਨਾ ਮੁੜੀਂ, ਇਕ ਵੀ ਸਾਹ ਆਉਂਦੇ ॥੮॥
ਪੀ ਕੇ ਤੂੰ ਦੁਧ ਸਿੰਘਣੀ ਦਾ ਹੋਸ਼ ਸੰਭਾਲੀ,
ਆਦਿ ਸਤਿਗੁਰੂ ਆਪ ਮੁੜ ਕੀਤੀ ਰਖਵਾਲੀ ।
ਸਫਲ ਜੁਆਨੀ ਕਰਨ ਦੀ ਰੁੱਤ ਆਈ ਲਾਲੀ ।
ਡੋਲ੍ਹ ਆਪਣਾ ਖ਼ੂਨ ਤੂੰ ਭਾਰਤ ਦੇ ਮਾਲੀ ।
ਕੰਗਾਲੀ ਨੂੰ ਬਖ਼ਸ਼ ਦੇ ਇਕ ਵੇਰ ਖੁਸ਼੍ਹਾਲੀ ।
ਸ਼ਕਤੀ ਤੇਰੀ ਤੇਗ਼ ਨੂੰ ਉਹ ਬਖ਼ਸ਼ੀ ਆਲੀ ।
ਸਫ਼ਾ ਜ਼ੁਲਮ ਦੀ ਕਈ ਵੇਰ ਜਿਸ ਅੱਗੇ ਗਾਲੀ ।
ਕਰ ਬੀਬਾ ਹਿੰਦਵਾਨ ਦੀ ਤੂੰ ਜਿੰਦ ਸੁਖਾਲੀ’ ॥੯॥
ਆਗਿਆ ਲੈ ਗੁਰ ਪਿਤਾ ਦੀ ਪਿੜ ਸੂਰਾ ਵੜਿਆ ।
ਕਲਗੀ ਜਿਗਾ ਸੁਹਾ ਰਿਹਾ, ਸਿਰ ਮੋਤੀਆਂ ਜੜਿਆ ।
ਜ਼ਾਲਮ ਦਲ ਨੂੰ ਵੇਖ ਕੇ ਰੋਹ ਕਹਿਰੀ ਚੜ੍ਹਿਆ ।
ਅੜਿਆ ਜੋ ਵੀ ਸਾਮ੍ਹਣੇ ਉਹ ਪਲ ਵਿਚ ਝੜਿਆ ।
ਅੱਗ ਵਰ੍ਹਾਂਦੇ ਨੈਣ ਪਇ, ਤੇਗ਼ਾ ਹੱਥ ਫੜਿਆ ।
ਸੱਥਰ ਫਿਰੇ ਵਿਛਾਂਵਦਾ, ਲੋਹੇ ਵਿਚ ਮੜ੍ਹਿਆ ।
ਛਾਲਾਂ ਮਾਰੇ ਚਿੱਤਰਾ, ਕੁਈ ਸਵ੍ਹੇਂ ਨਾ ਖੜਿਆ ।
ਸ਼ਾਹਬਾਜ਼ ਦੇ ਨਾਲ ਹੈ, ਕਦ ਕਾਉਂ ਲੜਿਆ ।
ਲਸ਼ਕਰ ਵੇਖੋ ਕਾਇਰਾਂ ਦਾ ਕੀਕਰ ਚੜ੍ਹਿਆ ॥੧੦॥
ਬਿਜਲੀ ਵਾਕਰ ਤੇਗ਼ ਜ਼ਨ ਵਧ ਤੇਗ਼ਾ ਵਾਹੇ ।
ਵਾਢੀ ਵਿੱਚ ਕਿਸਾਨ ਜਿਉਂ ਵੱਢ ਲਾਂਗੇ ਲਾਹੇ ।
ਓਵੇਂ ਸਿੰਘ ਅਜੀਤ ਪਿਆ ਅੱਜ ਪ੍ਰਲੈ ਲਿਆਏ ।
ਸਿਟਿਆਂ ਵਾਂਗੂੰ ਧੜਾਂ ਤੋਂ ਸਿਰ ਲਾਹ ਬੁੜ੍ਹਕਾਏ ।
ਮੱਚ ਪੁਕਾਰਾਂ ਜਾਂਦੀਆਂ, ਮੂੰਹ ਜਿਧਰ ਭੁਆਏ ।
ਪਾਣੀ ਫੇਰ ਨਾ ਮੰਗ ਸਕੇ, ਹੱਥ ਜਿਹਨੂੰ ਲਾਏ ।
ਪਿੜ ਨੂੰ ਪਿਆ ਸੁਹਾਗ ਕੇ, ਮੈਦਾਨ ਬਣਾਏ ।
ਵੇਖ ਮਰਦ ਦਾ ਹੌਸਲਾ, ਦੁਸ਼ਮਣ ਸ਼ਰਮਾਏ,
ਜਣਿਆ ਜਿਸ ਨੇ ਬਲੀ ਇਹ ਧੰਨ ! ਧੰਨ ! ਉਹ ਮਾਂ ਏ ॥੧੧॥
ਰੀਝਾਂ ਲਾਹ ਲਾਹ ਸੂਰਮਾ, ਅੜ ਅੜ ਕੇ ਲੜਦਾ ।
ਜਿਉਂ ਜਿਉਂ ਲਗਦੇ ਘਾਉ ਨੇ, ਤਿਉਂ ਤਿਉਂ ਰੋਹ ਚੜ੍ਹਦਾ ।
ਨ੍ਹਾਤਾ ਅਪਣੇ ਲਹੂ ਨਾਲ, ਰੂਪ ਬਣਿਆ ਹੜ੍ਹ ਦਾ ।
ਰੋਹੜ ਲਿਜਾ ਰਿਹਾ ਪਾਪ ਨੂੰ, ਬੱਲੇ ਓਇ ਮਰਦਾ !
ਭੂਏ ਹੋਏ ਸ਼ੇਰ ਦੀ ਮੁੱਛ ਕੌਣ ਏ ਫੜਦਾ ?
ਕਿਹੜਾ ਮੱਚਦੇ ਭਾਂਬੜਾਂ ਦੀ ਕੰਨੀਂ ਖੜਦਾ ?
ਆਉਂਦਾ ਵਿਚ ਲਪੇਟ ਦੇ ਜੋ ਵੀ ਸੋ ਸੜਦਾ ।
ਇੱਕੋ ਰੇਲਾ ਲੋਹੜ ਦਾ ਜਦ ਚੁੱਕੇ ਪੜਦਾ,
ਵੱਡੀਆਂ ਗੈਂਬਰੀ ਗੇਲੀਆਂ ਨੂੰ ਰੋਹੜ ਹੈ ਖੜਦਾ ॥੧੨॥
ਭਬਕਿਆ ਅੱਜ ਅਜੀਤ ਸਿੰਘ, ਧਰਤੀ ਪਈ ਹਿੱਲੇ ।
ਸੁੱਟੇ ਫ਼ਨੀਅਰ ਸ਼ੂਕਦੇ, ਓਹਦੀ ਧਨਖ਼ ਦੇ ਚਿੱਲੇ ।
ਗੂੰਜ ਉੱਠੇ ਚਮਕੌਰ ਦੇ ਲਹੂ ਰੰਗੇ ਟਿੱਲੇ ।
ਹੋ ਗਏ ਮੁਗ਼ਲਾਂ ਸੰਦੜੇ ਛਣਕੰਙਣ ਢਿੱਲੇ ।
ਜੀਕਰ ਕਾਲੇ ਬੱਦਲੀਂ ਬਿਜਲੀ ਪਈ ਵਿੱਲੇ ।
ਐਉਂ ਹੀ ਸਤਿਗੁਰ-ਲਾਡਲਾ, ਕੱਢ ਕੱਢ ਕੇ ਗਿੱਲੇ,
ਕਾਂਗਾਂ ਦੇਂਦੇ ਲਸ਼ਕਰਾਂ ਵਿਚਕਾਰੇ ਠਿੱਲੇ ।
ਸੱਚ ਮੁੱਚ ਉਸ ਵਰਯਾਮ ਨੂੰ ਦਿਓਤੇ ਨਾ ਮਿੱਲੇ ।
ਜਿਸ ਨੇ ਪੁੱਟੇ ਜੜ੍ਹਾਂ ਤੋਂ ਪਾਪਾਂ ਦੇ ਕਿੱਲੇ ॥੧੩॥
ਮੁਗ਼ਲ ਦਲਾਂ ਦੇ ਅਫ਼ਸਰਾਂ ਇਹ ਵੇਖ ਲੜਾਈ ।
ਹੈਰਾਨੀ ਵਿਚ ਡੁੱਬ ਕੇ ਮੂੰਹ ਉਂਗਲੀ ਪਾਈ ।
ਗੜ੍ਹੀ ਵਿਚਾਲੇ ਸਤਿਗੁਰੂ ਨੈਣ ਏਧਰ ਲਾਈ,
ਵੇਖਣ ਆਪਣੇ ਖ਼ੂਨ ਦੀ ਪਾਵਨ ਗਰਮਾਈ ।
ਪਾਸ ਖਲੋਤੇ ਸੂਰਮੇ ਕਰ ਕਰ ਵਡਿਆਈ ।
ਆਖਣ-‘ਸੱਚੇ ਪਾਤਸ਼ਾਹ ! ਧੰਨ ! ਧੰਨ ! ਕਮਾਈ ।
ਤੇਰੇ ਬੀਰ-ਸਪੁਤ੍ਰ ਨੇ ਜੋ ਤੇਗ਼ ਅੱਜ ਵਾਹੀ,
ਓਹਨੇ ਤੇਰੀ ਕੀਰਤੀ ਦਿੱਤੀ ਕਰ ਸੁਆਈ ।
ਜੀਤੋ ਜੀ ਦੀ ਕੁੱਖ ਹੈ ਜੋਧੇ ਸਫ਼ਲਾਈ ॥੧੪॥
ਤਿੰਨ ਪਿਆਰੇ ਨਾਲ ਜੋ ਪਏ ਤੇਗ਼ਾਂ ਵਾਂਹਦੇ,
ਸਨਮੁਖ ਹੋਣੋਂ ਉਨ੍ਹਾਂ ਦੇ ਵੈਰੀ ਘਬਰਾਂਦੇ ।
ਬਾਜ਼ਾਂ ਵਾਂਗ ਉਹ ਉੱਡ ਉੱਡ ਤੱਰਾਰਾਂ ਲਾਂਦੇ ।
ਬਿਦਦੇ ਜ਼ਰਾ ਨਾ ਕਾਲ ਨੂੰ, ਰਣ ਲੁੱਡੀ ਪਾਂਦੇ ।
ਟੁੱਟੀਆਂ ਤੇਗ਼ਾਂ ਲੜਦਿਆਂ, ਬਰਛੇ ਲਿਸ਼ਕਾਂਦੇ ।
ਬੁਰਜਾਂ ਜਹੇ ਜੁਆਨ ਫੜ ਪਲ ਅੰਦਰ ਢਾਂਦੇ ।
ਗੁਰ-ਸੁਤ ਦੀ ਨੇ ਢਾਲ ਬਣ ਮੂੰਹੋਂ ਮੂੰਹ ਖਾਂਦੇ,
ਹੋਲੀ ਖੇਡਣ ਲਹੂ ਦੀ, ਮਿੱਝ ਦੇ ਵਿਚ ਨ੍ਹਾਂਦੇ ।
ਇਹ ਉਹ ਬੀਰ ਜੁ ਧਰਮ ਦੀ ਨੇ ਧੁਜਾ ਫਹਿਰਾਂਦੇ ॥੧੫॥
ਪਹਿਰ ਸਵਾ ਤੋਂ ਵਧ ਹੀ ਸਾਂਗਾਂ ਖੜਕਾ ਕੇ,
ਹੌਲੀ ਹੌਲੀ ਸੂਰਮੇ ਤੁਰੇ ਤੋੜ ਨਿਭਾ ਕੇ ।
ਪੈਰ ਪਿਛਾਂਹ ਨਾ ਰੱਖਿਆ, ਕਰ ਸਨਮੁਖ ਸਾਕੇ ।
ਵਰਿਆ ਲਾੜੀ ਮੌਤ ਨੂੰ ਸਭ ਰੀਝਾਂ ਲਾਹ ਕੇ ।
ਇਕ ਇਕ ਲੜਦਾ ਸਇਆਂ ਨੂੰ ਰਣ ਵਿਚ ਲਿਟਾ ਕੇ,
ਢੇਰ ਉਸਾਰ ਹੈ ਸਉਂ ਗਿਆ, ਨਵ-ਜੀਵਨ ਪਾ ਕੇ ।
ਅਪਣੇ ਵਾਹ ਵਾਹ ਕਰ ਰਹੇ, ਧੰਨ ! ਧੰਨ ! ਸੁਣਾ ਕੇ ।
ਮੰਨਣ ਦੁਸ਼ਮਣ ਬੀਰਤਾ, ਮੁੜ ਮੁੜ ਵਡਿਆ ਕੇ ।
ਬਖ਼ਸ਼ਿਸ਼ ਪਈ ਆਕਾਸ਼ ਤੋਂ ਇਹਨਾਂ ਵਲ ਝਾਕੇ ॥੧੬॥
ਸਾਥੀ ਜਦੋਂ ਸ਼ਹੀਦ ਹੋ ਸੱਚ-ਖੰਡ ਸਿਧਾਏ ।
ਹਾਇ ! ਘੇਰੇ ਵਿਚ ਤਦ ਸਤਿਗੁਰ-ਸੁਤ ਆਏ ।
ਕੋਮਲ ਸੁਹਲ ਸਰੀਰ ਜੋ ਫੁੱਲ ਨੂੰ ਸ਼ਰਮਾਏ ।
ਨੇਜ਼ੀਂ ਗਿਆ ਅੜੁੰਬਿਆ, ਕੋਈ ਤਰਸ ਨਾ ਖਾਏ ।
ਪੈ ਰਹੇ ਤੀਰ ਚੁਫੇਰਿਓਂ, ਪਰ ਨਾ ਘਬਰਾਏ ।
ਕਰੜੇ ਜਾਂਦੀ ਵਾਰ ਦੇ ਪਿਆ ਹੱਥ ਵਿਖਾਏ ।
ਜਿਧਰ ਨਜ਼ਰ ਭੁਆਂਵਦਾ ਪ੍ਰਲੈ ਮਚ ਜਾਏ ।
ਨੀਂਦ ਸਦੀਵੀ ਲੈਣ ਲਈ, ਪਿਆ ਸੇਜ ਸਜਾਏ ।
ਸਿਰ ਸੈਂਕੜੇ ਹੇਠ ਸੁੱਟ ਸਉਂ ਫ਼ਿਕਰ ਮਿਟਾਏ ॥੧੭॥
ਸੁੱਤਾ ਵੇਖ ਅਜੀਤ ਸਿੰਘ, ਕਲਗੀਧਰ ਸੁਆਮੀ,
ਛੱਡ ਜੈਕਾਰਾ ਆਖਦੇ, ‘ਧੰਨ ! ਅੰਤਰ ਜਾਮੀ !
ਧੋਤੀ ਮੇਰੇ ਖ਼ੂਨ ਨੇ ਵਗ ਉਹ ਬਦਨਾਮੀ,
ਜਿਸ ਤੋਂ ਭਾਰਤ ਵਰਸ਼ ਨੂੰ ਹੈ ਮਿਲੀ ਗ਼ੁਲਾਮੀ ।
ਅੱਜ ਪਤਾ ਹੈ ਲੱਗ ਗਿਆ ਖਾਸੀਂ ਤੇ ਅਮੀਂ,
ਮੇਰੇ ਸਿੰਘ-ਆਦਰਸ਼ ਵਿਚ ਹੈ ਰਤਾ ਨਾ ਖ਼ਾਮੀ ।
ਮੈਂ ਨਹੀਂ ਲੋੜੀ ਅਣਖ ਦੀ ਹੋਵੇ ਨੀਲਾਮੀ,
ਤਨ, ਮਨ, ਧਨ ਸਰਵਸਵ ਦੀ ਕੀਤੀ ਕੁਰਬਾਨੀ ।
ਲਾਜ ਮੇਰੀ ਹੈ ਰੱਖ ਲਈ ਸੁਤ ਦੀ ਵਰਯਾਮੀ’ ॥੧੮॥
ਕਲਗੀਧਰ ਦਾ ਲਾਡਲਾ ਇਕ ਹੋਰ ਸਜੀਲਾ,
ਪਿਆਰਾ ਨਾਮ ਜੁਝਾਰ ਸਿੰਘ, ਜੋਧਾ ਅਣਖੀਲਾ ।
ਮੱਸ ਨ ਭਿੱਜੀ ਹੈ ਅਜੇ, ਅੰਗ ਅੰਗ ਮਟਕੀਲਾ ।
ਨੂਰੀ ਮੁਖੜਾ ਵੇਖ ਕੇ ਪਏ ਸੂਰਜ ਪੀਲਾ ।
ਕਲਗੀ ਸੀਸ ਸੁਹਾ ਰਹੀ, ਗਭਰੂ ਗਭਰੀਲਾ ।
ਹੋ ਗਿਆ ਵੀਰ ਸ਼ਹੀਦ ਵੇਖ ਉਠਿਆ ਰੰਗੀਲਾ ।
ਆਗਿਆ ਮੰਗੇ ਪਿਤਾ ਤੋਂ ਜੰਗ ਲਈ ਫੁਰਤੀਲਾ,
‘ਮੈਨੂੰ ਸਮਰ ਉੜੀਕਦਾ’; ਆਖੇ ਸੁਘੜੀਲਾ ।
ਕਰ ਰਿਹਾ ਸੱਚਾ ਪਾਤਸ਼ਾਹ ਇਹ ਅਚਰਜ ਲੀਲ੍ਹਾ ॥੧੯॥
ਅਪਣੇ ਅਣਖੀ ਲਾਲ ਨੂੰ, ਸਤਿਗੁਰ ਗਲ ਲਾਉਂਦੇ ।
ਜੱਫੀ ਦੇ ਵਿਚ ਘੁੱਟ ਕੇ, ਨੈਣ ਨੈਣੀਂ ਪਾਉਂਦੇ ।
ਛੋਟੇ ਅੰਗਾਂ ਵਿਚ ਨੇ ਸ਼ਕਤੀ ਰੁਮਕਾਉਂਦੇ ।
ਫੇਰ ਫੇਰ ਹੱਥ ਕੰਡ ਤੇ ਵੀਰਤਵ ਜਗਾਉਂਦੇ ।
ਕਿਵੇਂ ਵੀਰ ਰਣ ਮੰਡਦੇ, ਪੁਤ ਨੂੰ ਬਤਲਾਉਂਦੇ ।
ਮੁੜਨਾ ਸ਼ੇਰ ਨ ਜਾਣਦਾ, ਮੁਖੋਂ ਫ਼ਰਮਾਉਂਦੇ,
ਕਹਿੰਦੇ-‘ਪੁੱਤ ਸ਼ਾਹਬਾਜ਼ ਦੇ, ਜਦ ਝਪਟ ਚਲਾਉਂਦੇ;
ਰੰਗ ਨਵਾਂ ਆਕਾਸ਼ ਨੂੰ ਦੇ ਜਗ ਵਿਸਮਾਉਂਦੇ ॥੨੦॥
ਤੁਰਿਆ ਬੱਚਾ ਸ਼ੇਰ ਦਾ ਲਾਉਂਦਾ ਲਲਕਾਰਾਂ ।
ਰਣ ਵਿਚ ਜਿਉਂ ਹੀ ਉਤਰਿਆ ਗਈਆਂ ਪੈ ਪੁਕਾਰਾਂ ।
ਪੰਜ ਕੁ ਸਾਥੀ ਨਾਲ ਜੋ ਉਹ ਧੂਹ ਤਲਵਾਰਾਂ,
ਛਾਂਗਣ ਲੱਗੇ ਸਿਰਾਂ ਨੂੰ, ਵੱਗਣ ਲਹੂ ਧਾਰਾਂ ।
ਕੁਦ ਕੁਦ ਪੈਣ ਗ਼ਨੀਮ ਤੇ, ਪਾਂਦੇ ਖਲ੍ਹਿਆਰਾਂ ।
ਨਸੀਆਂ ਅੱਗੇ ਚਿਤ੍ਰਿਆਂ ਹਿਰਨਾਂ ਦੀਆਂ ਡਾਰਾਂ ।
ਸ਼ਾਂ ਸ਼ਾਂ ਤੀਰ ਸ਼ੁੰਕਾਰਦੇ, ਅਣੀਆਂ ਦੀਆਂ ਆਰਾਂ,
ਸੀਨਿਆਂ ਵਿਚੋਂ ਪਾਰ ਹੋ ਕੱਢਣ ਲਲਿਆਰਾਂ ।
ਧੰਨ ਸਿੰਘਾਂ ਦੇ ਹੌਸਲੇ, ਧੰਨ ! ਧੰਨ ! ਨੇ ਕਾਰਾਂ ॥੨੧॥
ਉਡਦਾ ਫਿਰੇ ਜੁਝਾਰ ਸਿੰਘ, ਹੱਥ ਖੜਗ ਨਚਾਏ ।
ਪਾਣੀ ਫੇਰ ਨ ਮੰਗਦਾ, ਜਿਸ ਨੂੰ ਛੋਹ ਜਾਏ ।
ਘੋੜੇ ਸਣੇ ਸਵਾਰ ਨੂੰ ਐਉਂ ਜੋਧਾ ਢਾਏ,
ਜੀਕਰ ਰੁਖ ਨੂੰ ਵੱਢ ਕੇ ਤਰਖਾਣ ਵਿਛਾਏ ।
ਨੇਜ਼ਾ ਜਦ ਹੈ ਸੂਤਦਾ, ਧਰਤੀ ਥੱਰਾਏ ।
ਬਿਫਰੇ ਹੋਏ ਸ਼ੇਰ ਦੇ ਜੋ ਨੇੜੇ ਆਏ,
ਬਣ ਕੇ ਬੁਰਕੀ ਕਾਲ ਦੀ ਲਹੂ ਨਾਲ ਨੁਹਾਏ ।
ਵਾਰ ਇੱਕ ਦੇ ਨਾਲ ਉਹ ਪੰਜ ਪਰੋ ਦਿਖਲਾਏ ।
ਵੇਖ ਵੀਰਤਾ ਵੀਰ ਦੀ ਵਰਯੱਮ ਵਿਸਮਾਏ ॥੨੨॥
ਸ਼ਾਵਾ ਗ਼ਾਜ਼ੀ ਮਰਦ ਦੇ, ਬੁਲਬਲੀਆਂ ਪਾਂਦਾ,
ਲਪਕ ਲਪਕ ਕੇ ਝਪਟਦਾ, ਸ਼ਕਤੀ ਦਿਖਲਾਂਦਾ ।
ਚੰਡੀ ਦੇ ਪਰਚੰਡ ਤੋਂ, ਰਣ ਭਾਂਬੜ ਲਾਂਦਾ,
ਜੋਗਣੀਆਂ ਨੂੰ ਖ਼ੂਨ ਦੇ ਖੱਪਰ ਪੀਵਾਂਦਾ ।
ਸਿਰ ਕਚਕੋਲ ਉਨ੍ਹਾਂਦੜੇ ਹੱਥੀਂ ਪਕੜਾਂਦਾ ।
ਗਿੱਦੜਾਂ, ਲੂਮੜਾਂ ਲਈ ਹੈ ਪਿਆ ਜੱਗ ਰਚਾਂਦਾ ।
ਇਕ ਦੋ ਕੀ ਉਹ ਸਇਆਂ ਦੇ ਨਾ ਕਾਬੂ ਆਂਦਾ ।
ਵਾਂਹਦਾ ਤੇਗ਼ ਕਿ ਸੂਰਮਾ ਰੀਝਾਂ ਪਿਆ ਲਾਂਹਦਾ ।
ਤੇਜ ਇਹਦੇ ਬਲਕਾਰ ਦਾ ਨਾ ਝੱਲਿਆ ਜਾਂਦਾ ॥੨੩॥
ਪੁਰਜ਼ਾ ਪੁਰਜ਼ਾ ਹੋਂਵਦੇ ਆਖ਼ਰ ਇਹ ਗ਼ਾਜ਼ੀ,
ਨਾਲ ਪੁਗਾਂਦੇ ਸਿਰਾਂ ਦੇ, ਜੋ ਲਾਈ ਬਾਜ਼ੀ ।
ਇਕ ਇਕ ਲੇਟਿਆ ਸੈਆਂ ਤੇ, ਵਾਹ ! ਕ੍ਰਿਸ਼ਮਾ ਸਾਜ਼ੀ ।
ਲਈ ਸ਼ਹੀਦੀ ਦੀ ਸਨਦ ਗੁਰ-ਘਰ ਤੋਂ ਤਾਜ਼ੀ ।
ਏਸ ਸ਼ਹਾਦਤ ਗਾਹ ਨੂੰ, ਢੂੰਢ ਢੂੰਢ ਨਮਾਜ਼ੀ,
ਮਨ ਖੁਟਿਆਰ ਦੀ ਭੁਲਣਗੇ ਖ਼ੁਦਗਰਜ਼ੀ-ਆਜ਼ੀ ।
ਇਹ ਉਹ ਨੇ ਭਵ ਸਿੰਧ ਦੇ ਬਣ ਗਏ ਜਹਾਜ਼ੀ,
ਜਿਨ੍ਹਾਂ ਲੰਘਾਣੇ ਪੂਰ ਕਈ ਹੋ ਰਜ਼ਾ ਤੇ ਰਾਜ਼ੀ ।
ਬਖ਼ਸ਼ੀ ਅੰਤਾਂ ਤੀਕ ਗਈ ਇਨ੍ਹਾਂ ਉਮਰ-ਦਰਾਜ਼ੀ ॥੨੪॥
ਸੁੱਤਾ ਵੇਖ ਜੁਝਾਰ ਸਿੰਘ ਸਤਿਗੁਰ ਫ਼ਰਮਾਇਆ,
‘ਸਾਈਂ ! ਸੇਵਕ ਜੋੜ ਹੱਥ ਅੱਜ ਸ਼ੁਕਰ ਮਨਾਇਆ ।
ਮਿਲੀ ਅਮਾਨਤ ਤੁਧ ਨੂੰ ਸੌਂਪੀ ਜੱਗ-ਰਾਇਆ ।
ਖ਼ਿਆਨਤ ਕੀਤੀ ਨਾ ਰਤਾ, ਨਾ ਰਲਾ ਰਲਾਇਆ ।
ਸ਼ੁਕਰ ! ਤੇਰਾ ਤੈਂ ਲਈ ਹੀ ਲੱਗੇ, ਧੰਨ ! ਦਾਇਆ !
ਮੇਰੀ ਕੀਤੀ ਘਾਲ ਨੂੰ ਮਿੱਠਾ ਫਲ ਆਇਆ ।
ਕਿਉਂ ਕਰ ਰਖਦਾ ਪਾਸ ਮੈਂ ਜੋ ਸੀ ਤੁਧ ਮਾਇਆ,
ਵਾਪਸ ਤੈਨੂੰ ਕਰਦਿਆਂ, ਮਨ ਨਾ ਭਰਮਾਇਆ ।
ਰੱਖੀਂ ਆਪਣੀ ਮਿਹਰ ਦਾ ਇਹਨਾਂ ਤੇ ਸਾਇਆ ॥੨੫॥