ਲੂਣਾ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ ਹੈ। 1965 ਵਿੱਚ ਛਪੇ ਪੂਰਨ ਭਗਤ ਦੀ ਪ੍ਰਾਚੀਨ ਕਥਾ ਦੇ ਅਧਾਰ ਤੇ, ਇਸ ਮਹਾਂਕਾਵਿ ਨੂੰ ਸਾਹਿਤ ਅਕਾਦਮੀ ਹਾਸਲ ਕਰ ਕੇ ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਇਹ ਅਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਬਣਿਆ।
ਲੂਣਾ ਮਹਾਂਕਾਵਿ ਪੂਰਨ ਭਗਤ ਦੀ ਪੁਰਾਤਨ ਕਥਾ ‘ਤੇ ਅਧਾਰਤ ਹੈ। ਪੂਰਨ ਇਕ ਰਾਜਕੁਮਾਰ ਹੈ ਜਿਸਦਾ ਪਿਤਾ ਲੂਣਾ ਨਾਮ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ, ਜੋ ਆਪਣੀ ਉਮਰ ਤੋਂ ਬਹੁਤ ਛੋਟੀ ਹੈ। ਪੂਰਨ ਦੀ ਮਤਰੇਈ ਮਾਂ ਲੂਣਾ ਪੂਰਨ ਵੱਲ ਆਕਰਸ਼ਤ ਹੋ ਜਾਂਦੀ ਹੈ ਅਤੇ ਆਪਣੀਆਂ ਭਾਵਨਾਵਾਂ ਉਸ ਤੱਕ ਪਹੁੰਚਾਉਂਦੀ ਹੈ। ਪੂਰਨ, ਪ੍ਰਮਾਤਮਾ ਦਾ ਭਗਤ ਹੋਣ ਅਤੇ ਸ਼ੁੱਧ ਵਿਚਾਰਾਂ ਵਾਲਾ ਹੋਣ ਕਰਕੇ ਉਸਨੂੰ ਇਨਕਾਰ ਕਰਦਾ ਹੈ। ਲੂਣਾ ਨੂੰ ਇਸਦੀ ਸੱਟ ਲੱਗਦੀ ਹੈ ਅਤੇ ਪੂਰਨ ਤੇ ਝੂਠਾ ਇਲਜਾਮ ਲਾਉਂਦੀ ਹੈ ਅਤੇ ਆਪਣੇ ਪਤੀ ਨੂੰ ਯਕੀਨ ਦਿਵਾ ਕੇ ਪੂਰਨ ਨੂੰ ਗ਼ੁਲਾਮ ਬਣਵਾ ਕੇਆਪਣਾ ਬਦਲਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਕਥਾ ਵਿੱਚ, ਲੂਣਾ ਖਲਨਾਇਕ ਹੈ।
ਸ਼ਿਵ ਨੇ ਦੰਤਕਥਾ ਤੋਂ ਉਲਟ ਨਜ਼ਰੀਆ ਲਿਆ ਅਤੇ ਕਿਸ਼ੋਰ ਲੜਕੀ ਦੇ ਦਰਦ ਦੇ ਦੁਆਲੇ ਮਹਾਂਕਾਵਿ ਨੂੰ ਬਣਾਇਆ ਜਿਸਨੇ ਆਪਣੀ ਉਮਰ ਤੋਂ ਬਹੁਤ ਵੱਡੇ ਆਦਮੀ ਨਾਲ ਜ਼ਬਰਦਸਤੀ ਵਿਆਹ ਕਰਵਾ ਲਿਆ ਅਤੇ ਅੱਗੇ, ਉਸ ਆਦਮੀ ਦੁਆਰਾ ਤਿਆਗ ਦਿੱਤਾ ਜਿਸ ਨਾਲ ਉਹ ਪਿਆਰ ਕਰਦਾ ਸੀ। ਲੂਣਾ ਆਪਣੀ ਜਵਾਨੀ ਨੂੰ ਲੈ ਕੇ ਬੇਤਾਬ ਹੋਣ ਕਰਕੇ ਪੂਰਨ ਨੂੰ ਆਪਣੇ ਦਿਲ ਦੀ ਗੱਲ ਦਸਦੀ ਹੈ, ਪਰ ਪੂਰਨ ਉਸਨੂੰ ਠੁਕਰਾ ਦਿੰਦਾ ਹੈ। ਜਿਸ ਕਰਦੇ ਲੂਣਾ ਨੂੰ ਗੁੱਸਾ ਆ ਜਾਂਦਾ ਹੈ।
ਪਾਤਰ:
- ਨਟੀ: ਇੰਦਰ ਦੇ ਅਖਾੜੇ ਦੀ ਇੱਕ ਗੰਧਰਵ ਨਾਇਕਾ ਸੂਤਰਧਾਰ ਦੀ ਪਰੇਮਿਕਾ ਸਮਝੀ ਜਾਂਦੀ ਹੈ। ਕਈ ਇਹਨੂੰ ਸੂਤਰਧਾਰ ਦੀ ਪਤਨੀ ਵੀ ਕਹਿੰਦੇ ਹਨ
- ਸੂਤਰਧਾਰ: ਇੰਦਰ ਦੇ ਅਖਾੜੇ ਦਾ ਇੱਕ ਗੰਧਰਵ ਨਾਇਕ ਹੈ ਜਿਹੜਾ ਹਰ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਨਟੀ ਸੰਗ ਮੰਚ ਤੇ ਪਰਵੇਸ਼ ਕਰਦਾ ਹੈ ਤੇ ਨਾਟਕ ਦਾ ਆਰੰਭ ਕਰਦਾ ਹੈ।
- ਲੂਣਾ: ਰਾਜਾ ਸਲਵਾਨ ਦੀ ਅੰਤਾਂ ਦੀ ਖ਼ੂਬਸੂਰਤ ਅਤੇ ਜਵਾਨ ਦੂਜੀ ਪਤਨੀ
- ਪੂਰਨ: ਸਲਵਾਨ ਤੇ ਇੱਛਰਾਂ ਦਾ ਪੁੱਤਰ
- ਸਲਵਾਨ: ਪੂਰਨ ਦਾ ਪਿਓ
- ਇੱਛਰਾਂ: ਪੂਰਨ ਦੀ ਮਾਂ
- ਈਰਾ: ਲੂਣਾ ਦੀ ਸਹੇਲੀ
- ਮਥਰਾ: ਲੂਣਾ ਦੀ ਇੱਕ ਹੋਰ ਸਹੇਲੀ
- ਵਰਮਨ: ਚੰਬੇ ਦਾ ਰਾਜਾ
- ਬਾਰੂ: ਲੂਣਾ ਦਾ ਪਿਓ
- ਗੋਲੀ: ਦਾਸੀ/ਨੌਕਰਾਣੀ
- ਰਾਜਾ ਚੌਧਲ: ਇੱਛਰਾਂ ਦਾ ਪਿਓ
ਪਹਿਲਾ ਅੰਕ
ਧਨਵੰਤੀ ਤੇ ਉਹਦੇ ਪਹਾੜਾਂ ਦੇ ਨਾਂ
[ਚਾਨਣੀ ਰਾਤ ਦੇ ਅੰਤਮ ਪਹਿਰ, ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਇਕ ਸੰਘਣੇ ਵਣ ਵਿਚ ਬੈਠੇ ਪ੍ਰੇਮ ਕਰ ਰਹੇ ਹਨ ।]
ਨਟੀ
ਇਹ ਕਵਣ ਸੁ ਦੇਸ ਸੁਹਾਵੜਾ
ਤੇ ਕਵਣ ਸੁ ਇਹ ਦਰਿਆ
ਜੋ ਰਾਤ ਨਮੇਘੀ ਚੰਨ ਦੀ
ਵਿੱਚ ਦੂਰੋਂ ਡਲ੍ਹਕ ਰਿਹਾ
ਕਈ ਵਿੰਗ-ਵਲੇਵੇਂ ਮਾਰਦਾ
ਕੋਈ ਅੱਗ ਦਾ ਸੱਪ ਜਿਹਾ
ਜੋ ਕੱਢ ਦੁਸਾਂਘੀ ਜੀਭ ਨੂੰ
ਵਾਦੀ ਵਿਚ ਸ਼ੂਕ ਰਿਹਾ
ਸੂਤਰਧਾਰ
ਇਹ ਦੇਸ ਸੁ ਚੰਬਾ ਸੋਹਣੀਏ
ਇਹ ਰਾਵੀ ਸੁ ਦਰਿਆ
ਜੋ ਐਰਾਵਤੀ ਕਹਾਂਵਦੀ
ਵਿੱਚ ਦੇਵ ਲੋਕ ਦੇ ਜਾ
ਇਹ ਧੀ ਹੈ ਪਾਂਗੀ ਰਿਸ਼ੀ ਦੀ
ਇਹਦਾ ਚੰਦਰਭਾਗ ਭਰਾ
ਚੰਬਿਆਲੀ ਰਾਣੀ ਦੀ ਬਲੀ
ਇਹਨੂੰ ਮਹਿੰਗੇ ਮੁੱਲ ਲਿਆ
ਤੇ ਤਾਂ ਹੀ ਧੀ ਤੋਂ ਬਦਲ ਕੇ
ਇਹਦਾ ਪੁੱਤਰ ਨਾਮ ਪਿਆ
ਚੰਬਿਆਲੀ ਖ਼ਾਤਿਰ ਜਾਂਵਦਾ
ਇਹਨੂੰ ਚੰਬਾ ਦੇਸ ਕਿਹਾ
ਨਟੀ
ਹੈ ਇਤਰਾਂ ਭਿੱਜੀ ਵਗ ਰਹੀ
ਠੰਡੀ ਤੇ ਸੀਤ ਹਵਾ
ਏਥੇ ਰਾਤ ਰਾਣੀ ਦਾ ਜਾਪਦਾ
ਜਿਉਂ ਸਾਹ ਹੈ ਡੁਲ੍ਹ ਗਿਆ ।
ਸੂਤਰਧਾਰ
ਹਾਂ ਨੀ ਜਿੰਦੇ ਮੇਰੀਏ
ਤੂੰ ਬਿਲਕੁਲ ਠੀਕ ਕਿਹਾ
ਹੈ ਕੁੰਗ, ਕਥੂਰੀ, ਅਗਰ ਦਾ
ਜਿਉਂ ਵਗੇ ਪਿਆ ਦਰਿਆ
ਇਕ ਮਾਨਸਰੋਵਰ ਇਤਰ ਦਾਨ ਨਾਲ
ਵਿਚ ਚੰਨ ਦਾ ਹੰਸ ਜਿਹਾ
ਹੈ ਚੁੱਪ-ਚੁਪੀਤਾ ਤੈਰਦਾ
ਤੇ ਤਾਰੇ ਚੁਗੇ ਪਿਆ
ਨਟੀ
ਪਰ ਮੈਨੂੰ ਈਕਣ ਜਾਪਦੈ
ਜਿਉਂ ਚਾਨਣ ਦੇ ਦਰਿਆ
ਇਹ ਮਹਿਕ ਜਿਵੇਂ ਇਕ ਕੁੜੀ ਚਿੜੀ
ਜਿਦ੍ਹਾ ਸੱਜਣ ਦੂਰ ਗਿਆ
ਅਗਨ-ਵਰੇਸੇ ਵਟਣਾ ਮਲ ਮਲ
ਰਹੀ ਜੋ ਨਗਨ ਨਹਾ
ਪਾਣੀ ਪਾ ਪਾ ਅੱਗ ਬੁਝਾਵੇ
ਅੱਗ ਨਾ ਬੁੱਝਣ ਆ
ਸੂਤਰਧਾਰ
ਵਾਹ !
ਇਹ ਤੂੰ ਖ਼ੂਬ ਕਿਹਾ
ਸੱਚ ਮੁੱਚ ਤਨ ਦੀ ਅੱਗ ਨੂੰ
ਨਾ ਪਾਣੀ ਸਕੇ ਬੁਝਾ
ਹੈ ਸੰਭਵ ਤਨ ਦੀ ਅੱਗ ਥੀਂ
ਖੌਲ ਸਮੁੰਦਰ ਜਾ
ਨਟੀ
ਛੇੜ ਸੁਹੰਗੀ ਪੌਣ ਦੀ
ਰਹੀ ਰੁੱਤ ਬਿਰਹੜੇ ਗਾ
ਜਿਉਂ ਕਾਮੀ ਸੱਜਨ ਕਿਸੇ ਦਾ
ਜਦ ਜਾਏ ਵਿਛੋੜਾ ਪਾ
ਇਕ ਡੂੰਘੀ ਸੌਲੀ ਸ਼ਾਮ ਨੂੰ
ਕਿਤੇ ਵਿਚ ਉਜਾੜੀ ਜਾ
ਜਿਉਂ ਢਿਡੀ ਮੁੱਕੀਆਂ ਮਾਰਦੀ
ਕੋਈ ਬਿਰਹਣ ਪਏ ਕੁਰਲਾ
ਸੂਤਰਧਾਰ
ਇਹ ਕਿਹਾ ਸੁਹਾਵਾ ਦੇਸ ਹੈ
ਤੇ ਕਹੀ ਨਸ਼ੀਲੀ ਵਾ
ਇਉਂ ਤਰਵਰ ਜਾਪਣ ਝੂਮਦੇ
ਜਿਉਂ ਛੀਂਬਾ ਡੰਗ ਗਿਆ
ਹੈ ਥਾਂ ਥਾਂ ਕੇਸੂ ਮੌਲਿਆ
ਤੇ ਡੁਲ੍ਹਿਆ ਲਹੂ ਜਿਹਾ
ਧੂਰੀ ਜਿਉਂ ਕਾਲੇ ਰੜੇ ਪਹਾੜ ਦਾ
ਸੀਨਾ ਪਾਟ ਗਿਆ
ਇਉਂ ਜਾਪੇ ਭੋਂ ਦੀਆਂ ਬੁਲ੍ਹੀਆਂ
ਵਿਚ ਭਰਿਆ ਨਸ਼ਾ ਜਿਹਾ
ਇਕ ਸਵਾਦ ਹੋ ਜਿਨ੍ਹਾਂ ਨੂੰ
ਹੈ ਅੰਬਰ ਚੁੰਮ ਰਿਹਾ
ਕੋਈ ਜੀਕਣ ਪ੍ਰੇਮੀ ਪ੍ਰੇਮ ਤੋਂ
ਇਕ ਉਮਰਾ ਬਾਂਝ ਰਿਹਾ
ਉਸ ਅੰਭੇ ਹੋਂਠ ਤਾਂ ਚੁੰਮਨਾਂ
ਪਰ ਭੁੱਖਾਂ ਫੇਰ ਰਿਹਾ
ਨਟੀ
ਸੁਣੋ ਸਵਾਮੀ ਕਿਹਾ ਸੁਹਾਵਾ
ਪੰਛੀ ਬੋਲ ਰਿਹਾ
ਜਿਉਂ ਕਿਸੇ ਪ੍ਰੇਮੀ ਆਪਣੇ
ਪ੍ਰੇਮੀ ਦਾ ਨਾਮ ਲਿਆ
ਜਿਉਂ ਬਾਂਸ ਦੀ ਪਾਟੀ ਪੋਰ ਚੋਂ
ਇਕ ਰੁਮਕਾ ਲੰਘ ਗਿਆ
ਜਿਉਂ ਸੇਜ ਸੱਜਣ ਦੀ ਮਾਣਦੀ
ਦਾ ਹਾਸਾ ਨਿਕਲ ਗਿਆ
ਪ੍ਰਥਮ ਪ੍ਰੇਮ ਦੇ ਪ੍ਰਥਮ ਮੇਲ ਦੇ
ਪ੍ਰਥਮ ਹੀ ਸ਼ਬਦ ਜਿਹਾ
ਦਰਦ ਪਰੁੱਚੇ ਕਿਸੇ ਗੀਤ ਦੇ
ਅੰਤਮ ਬੋਲ ਜਿਹਾ
ਸੂਤਰਧਾਰ
ਹੈ ਸੌਲੇ ਜਿਹੇ ਪਹਾੜ ਤੇ
ਚੰਨ ਈਕਣ ਸੋਭ ਰਿਹਾ
ਜਿਉਂ ਕੁਲਿਕ ਨਾਗ ਕੋਈ ਮਨੀਂ ਥੀਂ
ਨੇਰਹੇ ਵਿਚ ਖੇਡ ਰਿਹਾ
ਇਹ ਪਰਬਤ ਲੰਮ ਸਲੰਮੜਾ
ਹੈ ਈਕਣ ਫੈਲ ਗਿਆ
ਜਿਉਂ ਨਾਗਾਂ ਦੀ ਮਾਂ ਸੂਰਸਾ
ਦੀ ਹੋਵੇ ਸਾਲ ਗਿਰ੍ਹਾ
ਕਈ ਬਾਸ਼ਕ, ਉਰਗ ਤੇ ਛੀਂਬੜੇ
ਕਈ ਅਹੀ, ਖੜੱਪੇ ਆ
ਕਈ ਕੱਲਰੀ, ਉੱਡਨੇ, ਪਦਮ ਤੇ
ਸੰਗਚੂੜੇ ਧੌਨ ਉਠਾ
ਪਏ ਚਾਨਣ ਦਾ ਦੁੱਧ ਪੀਂਵਦੇ
ਤੇ ਰਹੇ ਨੇ ਜਸ਼ਨ ਮਨਾ
ਔਹ ਵੇਖ ! ਨੀ ਜਿੰਦੇ ਘਾਟੀਆਂ
ਵਿੱਚ ਬਦਲ ਉੱਡ ਰਿਹਾ
ਜਿਉਂ ਸੱਪ ਕਿਸੇ ਨੂੰ ਡੰਗ ਕੇ
ਗੁੱਸੇ ਵਿਚ ਉਲਟ ਗਿਆ
ਸੁਪਨ ਲੋਕ ਦੇ ਉੱਡਦੇ ਹੋਏ
ਦੂਧਾ ਮਹਿਲ ਜਿਹਾ
ਜਿਦ੍ਹੀ ਮਮਟੀ ਬੈਠਾ ਚੰਨ ਦਾ
ਕੋਈ ਪੰਛੀ ਬੋਲ ਰਿਹਾ
ਵਿਚ ਫੁੱਲ-ਪੱਤੀਆਂ ਦੀ ਸੇਜ ਤੇ
ਇਕ ਨੰਗਾ ਅਗਨ ਜਿਹਾ
ਇਕ ਬੁੱਤ ਗੁਲਾਬੀ ਨਾਰ ਦਾ
ਕੋਈ ਕਾਮੀ ਵੇਖ ਰਿਹਾ
ਤੇ ਭੋਗਣ ਪਹਿਲੇ ਓਸ ਦਾ
ਜਿਉਂ ਸੁਪਣਾ ਟੁੱਟ ਗਿਆ
ਨਟੀ
ਮੈਂ ਵੇਖ ਕੇ ਉੱਚੀਆਂ ਟੀਸੀਆਂ
ਹਾਂ ਰਹੀ ਤਸਵੀਰ ਬਣਾ
ਜਿਉਂ ਵਣ-ਦੇਵੀ ਅਰਨੈਣੀ
ਬੱਦਲਾਂ ਦੀ ਸੇਜ ਵਿਛਾ
ਵਣ-ਪੁੱਤਰ ਤਾਈਂ ਜੀਕਣਾਂ
ਰਹੀ ਹੋਵੇ ਦੁੱਧ ਚੁੰਘਾ
ਦੁੱਧ ਭਰੀਆਂ ਸੌਲੀਆਂ ਛਾਤੀਆਂ
ਤੇ ਕੋਸੀ ਨੀਝ ਲਗਾ
ਜਿਉਂ ਦੁੱਧ ਪਿਆਉਂਦੀ ਬਾਲ ਨੂੰ
ਹਰ ਮਾਂ ਜਾਵੇ ਨਸ਼ਿਆ
ਸੂਤਰਧਾਰ
ਇਹ ਰੁੱਖ ਜੋ ਅੱਮਲਤਾਸ ਦੇ
ਪੀਲੀ ਮਾਰਣ ਭਾ
ਇਉਂ ਜਾਪਣ ਗਗਨ ਕੁਠਾਲੀਏਂ
ਜਿਉਂ ਸੋਨਾ ਪਿਘਲ ਗਿਆ
ਜਾਂ ਧਰਤ-ਕੁੜੀ ਦੇ ਕੰਨ ਦਾ
ਇਕ ਬੂੰਦਾ ਡਿੱਗ ਪਿਆ
ਵਾਹ ਨੀ ਧਰਤ ਸੁਹਾਵੀਏ
ਤੈਨੂੰ ਚੜ੍ਹਿਆ ਰੂਪ ਕਿਹਾ
ਨਟੀ
ਇਉਂ ਜਾਪੇ ਇਸ ਦੇ ਬਾਬਲੇ
ਇਹਦੇ ਦਿੱਤੇ ਕਾਜ ਰਚਾ
ਤੇ ਮੱਤੀ ਮੁਖਸ ਅੰਬੀਰ ਹਵਾ
ਇਹਦੇ ਦਿੱਤੇ ਗੌਣ ਬਿਠਾ
ਨਦੀਆਂ ਆਈਆਂ ਗੌਣ ਨੂੰ
ਪਰਬਤ ਰੋੜਾ ਲਾ
ਚਾਨਣੀਆਂ ਜਿਉਂ ਤਲੀ ਤੇ
ਹਨ ਰਹੀਆਂ ਮਹਿੰਦੀ ਲਾ
ਸਿਰ ਤੇ ਚੁੰਨੀ ਅੰਬਰੀ
ਚੰਨ ਕਲੀਰਾ ਪਾ
ਸੂਤਰਧਾਰ
ਪਰ ਹਾਏ ਨੀ ਧਰਤ ਸੁਹਾਵੀਏ
ਤੂੰ ਲਏ ਕੀਹ ਲੇਖ ਲਿਖਾ
ਤੇਰਾ ਹਰ ਦਿਨ ਹੀ ਮਰ ਜਾਂਵਦਾ
ਲੈ ਕਿਰਨਾਂ ਦਾ ਫਾਹ
ਤੇਰੀ ਹਰ ਰੁੱਤ ਹੈ ਛਿੰਨ-ਭੰਗਰੀ
ਜੋ ਜੰਮੈ ਸੋ ਮਰ ਜਾ
ਏਥੇ ਛਿੰਨ ਤੋਂ ਛਿੰਨ ਨਾ ਫੜੀਦਾ
ਨਾ ਸਾਹ ਕੋਲੋਂ ਹੀ ਸਾਹ
ਜੋ ਸਾਹ ਹੈ ਬੁੱਤੋਂ ਟੁੱਟਦਾ
ਉਹਦੀ ਕੋਟ ਜਨਮ ਨਾ ਥਾਹ
ਜਿਉਂ ਗਗਨੀਂ ਉੱਡਦੇ ਪੰਛੀਆਂ
ਦੀ ਪੈੜ ਫੜੀ ਨਾ ਜਾ
ਤੇਰਾ ਹਰ ਫੁੱਲ ਹੀ ਮਰ ਜਾਂਵਦਾ
ਮਹਿਕਾਂ ਦੀ ਜੂਨ ਹੰਢਾ
ਤੇਰਾ ਹਰ ਦਿਹੁੰ ਸੂਤਕ-ਰੁੱਤ ਦੀ
ਪੀੜ ‘ਚ ਲੈਂਦਾ ਸਾਹ
ਤੇਰਾ ਹਰ ਸਾਹ ਪਹਿਲਾਂ ਜੰਮਣੋਂ
ਲੈਂਦਾ ਔਉਧ ਹੰਢਾ
ਨਟੀ
ਸੁਣੋਂ ਤਾਂ ਮੇਰੇ ਰਾਮ ਜੀਉ
ਲੇਖਾਂ ਨੂੰ ਦੋਸ ਕਿਹਾ
ਹੈ ਚੰਗਾ ਜੇ ਨਾ ਫੜੀਦਾ
ਏਥੇ ਸਾਹ ਕੋਲੋਂ ਜੇ ਸਾਹ
ਕੀਹ ਬੁਰਾ ਜੇ ਮੰਜ਼ਿਲ ਪਹਿਲੜੇ
ਤੇ ਪਿੱਛੋਂ ਲੱਭੇ ਰਾਹ ?
ਜਾਂ ਤੀਰ ਲੱਗਣ ਤੋਂ ਪਹਿਲੜੇ
ਦੇ ਵਾਤੀ ਲੱਗੇ ਘਾਹ
ਵਿੱਚ ਅੱਧਵਾਟੇ ਹੀ ਖੜਨ ਦਾ
ਆਵੇ ਬੜਾ ਮਜ਼ਾ
ਕੁਝ ਪਿੱਛੇ ਮੁੜਨ ਦੀ ਲਾਲਸਾ
ਕੁਝ ਅੱਗੇ ਵਧਣ ਦਾ ਚਾ
ਪਰ ਜੋ ਵੀ ਪੂਰਨ ਥੀਵਿਆ
ਉਹਦਾ ਜੀਣਾ ਜੱਗ ਕਿਹਾ ?
ਹੈ ਸ਼ੁਕਰ ਸਮਾਂ ਨਾ ਧਰਤ ਤੇ
ਇੱਕੋ ਥਾਉਂ ਖੜਾ।
ਸੂਤਰਧਾਰ
ਇਹ ਤਾਂ ਮੈਂ ਵੀ ਸਮਝਦਾਂ
ਪਰ ਹੁੰਦੈ ਦੁੱਖ ਬੜਾ
ਜਦ ਕੱਲੇ ਬਹਿ ਕੇ ਸੋਚੀਏ
ਇਹ ਫੁੱਲ ਜਾਣੇ ਕੁਮਲਾ
ਇਹ ਵਾਦੀ ਦੇ ਵਿਚ ਸ਼ੂਕਦਾ
ਸੁੱਕ ਜਾਣਾ ਦਰਿਆ
ਇਹਨੇ ਭਲਕੇ ਰੁਖ ਬਦਲਨਾ
ਜੋ ਵਗਦੀ ਸੀਤ ਹਵਾ
ਹਨ ਰੁੱਤਾਂ ਪੱਤਰ ਛੰਡਣੇ
ਲੈ ਜਾਣੇ ਪੌਣ ਉਡਾ
ਲੈ ਜਾਣੇ ਰੁੱਖ ਵਢਾਏ ਕੇ
ਤਰਖਾਨਾਂ ਮੋਛੇ ਪਾ
ਤਰਖਾਨਾਂ ਮੋਛੇ ਪਾਏ ਕੇ
ਲੈਣੇ ਪਲੰਘ ਬਣਾ
ਮਰਨੇ ਸੇਜ ਵਿਛਾ
ਨਟੀ
ਮਰਨਾ ਜੀਣਾ ਕਰਮ ਹੈ
ਇਹ ਦਾ ਖੇਦ ਕਿਹਾ
ਹੈ ਪਰੀਵਰਤਨ ਹੀ ਆਤਮਾ
ਜਿਹਨੂੰ ਜਾਂਦਾ ਅਮਰ ਕਿਹਾ
ਇਸ ਦੇ ਬਾਝੋਂ ਸਹਿਜ ਸੀ
ਬੁੱਸ ਜਾਂਦੀ ਇਹ ਵਾ
ਬੁੱਸ ਜਾਂਦੇ ਚੰਨ ਸੂਰਜੇ
ਬੁੱਸ ਜਾਂਦੇ ਦਰਿਆ
ਬੁੱਤ ਨੂੰ ਬੁੱਤ ਗਲ ਮਿਲਣ ਦਾ
ਰਹਿੰਦਾ ਰਤਾ ਨਾ ਚਾ
ਬਾਗੀਂ ਫੁੱਲ ਨਾ ਮੇਲਦੇ
ਢੱਕੀਂ ਸਾਵੇ ਘਾ
ਇਸ ਅਮਰ ਮਨੁੱਖ ਦੀ ਭਟਕਣਾ
ਵਿਚ ਡਾਢਾ ਤੇਜ਼ ਨਸ਼ਾ
ਇਸ ਭਟਕਣ ਦਾ ਨਾਂ ਜ਼ਿੰਦਗੀ
ਤੇ ਇਸ ਦਾ ਨਾਮ ਕਜ਼ਾ
ਇਹ ਭਟਕਣ ਦਾ ਹੀ ਰੂਪ ਹੈ
ਜੋ ਖੇਤ ਰਹੇ ਲਹਿਰਾ
ਇਸ ਭਟਕਣ ਦੀ ਹੀ ਕੁੱਖ ਚੋਂ
ਹੈ ਧਰਤੀ ਜਨਮ ਲਿਆ
ਸੂਤਰਧਾਰ
ਉਫ਼ ! ਕੇਹੀ ਇਹ ਭਟਕਣਾ
ਕੁਝ ਸੁਪਨੇ ਮੋਢੇ ਚਾ
ਜਨਮ-ਦਿਵਸ ਦੀ ਨਗਨ-ਘੜੀ ਤੋਂ
ਥਣ ਨੂੰ ਮੂੰਹ ਵਿਚ ਪਾ
ਹਿਰਨਾਂ ਸਿੰਗੀ ਬੈਠ ਕੇ
ਦੇਣੀ ਉਮਰ ਵੰਝਾ
ਨਟੀ
ਇਹ ਭਟਕਣ ਸਦਾ ਮਨੁੱਖ ਨੂੰ
ਅੱਗੇ ਰਹੀ ਚਲਾ
ਇਸ ਭਟਕਣ ਅੱਗੇ ਦੇਵਤੇ
ਵੀ ਜਾਂਦੇ ਸੀਸ ਨਿਵਾ
ਸੂਤਰਧਾਰ
ਹੈਂ ਸੰਖ ਨੇ ਵੱਜੇ ਮੰਦਰੀਂ
ਤੇ ਖੂਹੀਂ ਡੋਲ ਪਿਆ
ਹਨ ਸੱਥੀਂ ਚਿੜੀਆਂ ਚੂਕੀਆਂ
ਤੇ ਜੰਗਲ ਬੋਲ ਪਿਆ
ਹੈ ਹੋਇਆ ਸਰਘੀ ਵੇਲੜਾ
ਤੇ ਚੰਨ ਵੀ ਬੁੱਝ ਗਿਆ
ਹੈ ਸੂਰਜ ਦਾ ਰਥ ਹਿੱਕਦਾ
ਸੁਰਭੀ ਆਏ ਪਿਆ
ਆਉ ਮੁੜੀਏ ਦੇਵ-ਲੋਕ ਨੂੰ
ਗਈ ਸਾਰੀ ਰਾਤ ਵਿਹਾ
ਨਟੀ
ਕੀਹ ਹੋਇਆ ਸੱਜਣ ਮੈਂਡੜੇ
ਜੇ ਗਈ ਹੈ ਰਾਤ ਵਿਹਾ
ਕੀਹ ਹੋਇਆ ਮੇਰੇ ਸ਼ਾਮ ਜੀਉ
ਜੇ ਖੂਹੀਂ ਡੋਲ ਪਿਆ
ਜੀ ਚਾਹੁੰਦੇ ਏਸੇ ਧਰਤ
ਤੇ ਮੈਂ ਦੇਵਾਂ ਉਮਰ ਵੰਝਾ
ਸੂਤਰਧਾਰ
ਇਹ ਕੌਣ ਨੇ ਟੂਣੇ ਹਾਰੀਆਂ
ਜਿਨ੍ਹਾਂ ਕੀਲੀ ਕੁੱਲ ਫਜ਼ਾ
ਜਿਉਂ ਗੁੰਬਦ ਵਿਚ ਆਵਾਜ਼ ਦੀ
ਟੁਰਦੀ ਰਹੇ ਸਦਾ
ਜਿਉਂ ਮਧੂ-ਮੱਖੀਆਂ ਦਾ
ਮਧੂ-ਵਣਾ ਵਿਚ ਟੋਲਾ ਉੱਡ ਰਿਹਾ
ਜਿਉਂ ਚੀਰ ਕੇ ਜੰਗਲ ਬਾਂਸ ਦੇ
ਲੰਘੇ ਤੇਜ਼ ਹਵਾ
ਜਿਉਂ ਥਲ ਚੋਂ ਲੰਘੇ ਕਾਫ਼ਲਾ
ਜੱਦ ਅੱਧੀ ਰਾਤ ਵਿਹਾ
ਹੈ ਸਾਰੀ ਵਾਦੀ ਗੂੰਜ ਪਈ
ਇਹ ਕੌਣ ਨੇ ਰਹੀਆਂ ਗਾ ?
[ਗੀਤ ਦੀ ਆਵਾਜ਼ ਉੱਭਰਦੀ ਹੈ।]
ਅੱਧੀ ਰਾਤੀਂ ਦੇਸ ਚੰਬੇ
ਦੇ ਚੰਬਾ ਖਿੜਿਆ ਹੋ
ਚੰਬਾ ਖਿੜਿਆ ਮਾਲਣੇ
ਉਹਦੀ ਮਹਿਲੀਂ ਗਈ ਖ਼ੁਸ਼ਬੋ
ਮਹਿਲੀਂ ਰਾਣੀ ਜਾਗਦੀ
ਉਹਦੇ ਨੈਣੀਂ ਨੀਂਦ ਨਾ ਕੋ
ਰਾਜੇ ਤਾਣੀ ਆਖਦੀ
ਮੈਂ ਚੰਬਾ ਲੈਣਾ ਸੋ
ਜੋ ਕਾਲੇ ਵਣ ਮੌਲਿਆ
ਜਿਦ੍ਹੀ ਹੌਕੇ ਜਹੀ ਖ਼ੁਸ਼ਬੋ
ਧਰਮੀ ਰਾਜਾ ਆਖਦਾ
ਬਾਹਾਂ ਵਿੱਚ ਪਰੋ
ਨਾ ਰੋ ਜਿੰਦੇ ਮੇਰੀਏ
ਲੱਗ ਲੈਣ ਦੇ ਲੋਅ
ਚੰਬੇ ਖਾਤਿਰ ਸੋਹਣੀਏਂ
ਜਾਸਾਂ ਕਾਲੇ ਕੋਹ
ਰਾਣੀ ਚੰਬੇ ਸਹਿਕਦੀ
ਮਰੀ ਵਿਚਾਰੀ ਹੋ
ਜੇਕਰ ਰਾਜਾ ਦੱਬਦਾ
ਮੈਲੀ ਜਾਂਦੀ ਹੋ
ਜੇਕਰ ਰਾਜਾ ਸਾੜਦਾ
ਕਾਲੀ ਜਾਂਦੀ ਹੋ
ਅੱਧੀ ਰਾਤੀਂ ਦੇਸ ਚੰਬੇ ਦੇ
ਚੰਬਾ ਖਿੜਿਆ ਹੋ
ਸੂਤਰਧਾਰ
ਵੇਖ ਨਟੇ !
ਕਿੰਜ ਵਾਦੀ ਦੇ ਵਿਚ
ਸ੍ਵਰ ਹੈ ਗੂੰਜ ਰਿਹਾ
ਸਰਸਵਤੀ ਦੇ ਸ੍ਵਰ-ਮੰਡਲ ਨੂੰ
ਜਿਉਂ ਕੋਈ ਛੇੜ ਗਿਆ
ਕੱਤਕ ਮਾਹ ਵਿਚ ਕੂੰਜਾਂ ਦਾ
ਜਿਉਂ ਕੰਨੀਂ ਬੋਲ ਪਿਆ
ਚੇਤਰ ਦੇ ਵਿਚ ਜਿਉਂ ਕਰ ਬਾਗੀਂ
ਵਗੇ ਪੁਰੇ ਦੀ ਵਾ
ਸਾਉਣ ਮਹੀਨੇ ਜਿਉਂ ਕੋਇਲਾਂ ਦੀ
ਦੂਰੋਂ ਆਏ ਸਦਾ
ਨਿੱਕੀ ਕਣੀ ਦਾ ਕਹਿੰਦੇ ਛੰਨੇ
ਮੀਂਹ ਜਿਉਂ ਵਰਹੇ ਪਿਆ
ਜਿਉਂ ਪਰਬਤ ਵਿਚ ਪਾਰਵਤੀ ਦਾ
ਬਿਛੂਆ ਛਣਕ ਰਿਹਾ
ਜਾਂ ਜਿਉਂ ਹੋਵੇ ਗੂੰਜਦਾ
ਸ਼ਿਵ ਦਾ ਨਾਦ-ਮਹਾ
ਨਟੀ
ਜਿਉਂ ਸਾਗਰ ਦੀ ਛਾਤੀ ਤੇ
ਕੋਈ ਰਿਹਾ ਮਛੇਰਾ ਗਾ
ਜਾ ਬਿਰਹਣ ਦੇ ਵਿਚ ਕਾਲਜੇ
ਸ਼ਬਦ ਕੋਈ ਧੁਖੇ ਪਿਆ
ਜੋ ਉਹਦੇ ਝੂਠੇ ਪ੍ਰੇਮੀ ਉਸਦੇ
ਕੰਨੀਂ ਕਦੇ ਕਿਹਾ
ਸੂਤਰਧਾਰ
ਇਹ ਆਨੰਦ ਕਿਹਾ ?
ਕਿੰਜ ਸ਼ਬਦ ਦੀ ਮਹਿਕ ਫੜਾਂ
ਮੈਥੋਂ ਮਹਿਕ ਫੜੀ ਨਾ ਜਾ
ਜਿਉਂ ਕੋਈ ਭੌਰਾ ਗੁਣ ਗੁਣ ਕਰਦਾ
ਕੰਵਲ-ਸਰੋਵਰ ਜਾ
ਮਹਿਕ ਦੇ ਕੱਜਣ ਲਿਪਟੇ ਹੋਏ
ਨੀਲੇ ਸੁਪਨ ਜਿਹਾ ਜਿਉਂ
ਕਿਸੇ ਵਿਧਵਾ ਹੌਕਾ ਭਰਿਆ
ਸੁੰਨੀ ਸੇਜ ਵਿਛਾ
ਨਟੀ
ਇਹ ਤਾਂ ਹਨ ਚੰਬਿਆਲਾਣਾਂ
ਜੋ ਰਹੀਆਂ ਰਲ ਮਿਲ ਗਾ
ਸ਼ਹਿਦ-ਪਰੁੱਚੇ ਕੰਠ ਚੋਂ
ਲੰਮੀ ਹੇਕ ਲਗਾ
ਜਿਉਂ ਮਾਂ ਕੋਈ ਗਾਵੇ ਬਿਰਹੜਾ
ਚਰਖੇ ਤੰਦ ਵਲਾ
ਜਿਦ੍ਹਾ ਪੁੱਤਰ ਸੱਤ-ਸਮੁੰਦਰੀਂ
ਨਾ ਮੁੜਿਆ ਲਾਮ ਗਿਆ
ਸੂਤਰਧਾਰ
ਇਹ ਤਾਂ ਸੱਭੋ ਰਾਣੀਏਂ
ਹਨ ਰਹੀਆਂ ਇਤ ਵੱਲ ਆ
ਹੱਥ ਫੁੱਲਾਂ ਦੀਆਂ ਡਾਲੀਆਂ
ਸਿਰ ਤੇ ਗੜਵੇ ਚਾ
ਆ ਗਗਨਾਂ ਨੂੰ ਉੱਡੀਏ
ਜਾਂ ਛੱਡ ਦੇਈਏ ਰਾਹ
ਬਣੀਏਂ ਵਾਸੀ ਧਰਤ ਦੇ
ਜਾਂ ਲਈਏ ਰੂਪ ਵਟਾ
ਨਟੀ
ਹਾਂ ਹਾਂ ਪ੍ਰਭ ਜੀ ਠੀਕ ਕਿਹਾ
ਆਓ ਲਈਏ ਰੂਪ ਵਟਾ
ਤੇ ਕਰੀਏ ਚਾਰ ਗਲੋੜੀਆਂ
ਨਾਲ ਇਹਨਾਂ ਦੇ ਜਾ
[ਸੂਤਰਧਾਰ ਤੇ ਨਟੀ ਰੂਪ ਵਟਾ ਲੈਂਦੇਂ ਹਨ । ਚੰਬਿਆਲਣਾਂ ਉੱਚੀ ਉੱਚੀ ਗਾਉਂਦੀਆਂ ਪਰਵੇਸ਼ ਕਰਦੀਆਂ ਹਨ । ਨਟੀ ਉਹਨਾਂ ਚੋਂ ਇਕ ਨਾਲ ਗੱਲਾਂ ਕਰਦੀ ਹੈ ।]
ਨਟੀ
ਚੰਬੇ ਦੀਏ ਚੰਬੇਲੀਏ
ਤੇਰੀ ਜੀਵੇ ਮਹਿਕ ਸਦਾ
ਇਹ ਜੋਬਨ ਦਾ ਹੜ੍ਹ ਠਿਲ੍ਹਿਆ
ਕਿਸ ਪੱਤਨ ਨੂੰ ਜਾ
ਹੱਸ, ਹਮੇਲਾਂ, ਬੁਗਤੀਆਂ
ਗਲ ਵਿਚ ਕੰਠੇ ਪਾ
ਛਾਪਾਂ, ਛੱਲੇ, ਆਰਸੀਆਂ
ਗੋਰੇ ਹੱਥ ਅੜਾ
ਚੀਚੀ ਵਿਚ ਕਲੀਚੜੀ
ਪੈਰੀਂ ਸਗਲੇ ਪਾ
ਕੋਹ ਕੋਹ ਵਾਲ ਗੁੰਦਾਏ ਕੇ
ਫੁੱਲ ਤੇ ਚੌਂਕ ਸਜਾ
ਕੰਨੀਂ ਝੁਮਕੇ ਝੂਲਦੇ
ਲੌਂਗ, ਤੀਲੀਆਂ ਪਾ
ਸਿਰ ਸ਼ੋਭਣ ਫੁਲਕਾਰੀਆਂ
ਅਤਲਸ, ਪੱਟ ਹੰਢਾ
ਕਿੱਤ ਵਲ ਚਲੀਆਂ ਕੂੰਜੜੀਆਂ
ਹਾਰ ਸਿੰਗਾਰ ਲਗਾ
ਇਹ ਬੌਦਲ ਗਈਆਂ ਡਾਚੀਆਂ
ਕਿੱਤ ਵੱਲ ਰਹੀਆਂ ਧਾ ?
ਚੰਬਿਆਲਣ
ਸੁਣ ਭੈਣੇ ਪਰਦੇਸਣੇ
ਅਸੀਂ ਆਈਆਂ ਨਦੀਏ ਜਾ
ਇਕ ਯੋਧੇ ਦੇ ਨਾਉਂ ਤੇ
ਲੱਖ ਦੀਵੇ ਪਰਵਾਹ
ਅਜ ਜਨਮ-ਦਿਹਾੜਾ ਓਸ ਦਾ
ਅਜ ਦਿਲੇ ਥੀਂ ਚਾਅ
ਅਸੀਂ ਰਾਜੇ ਵਰਮਨ ਵੀਰ ਦੇ
ਰਹੀਆਂ ਸ਼ਗਨ ਮਣਾ
ਸਿਰ ਤੇ ਗੜਵੇ ਨੀਰ ਦੇ
ਤਾਜ਼ੇ ਫੁੱਲ ਤੁੜਾ
ਅਸੀਂ ਮਹਿਲੀਂ ਰਾਣੀ ਕੁੰਤ ਦੇ
ਚਲੀਆਂ ਰੂਪ ਸਜ਼ਾ
ਜਿੱਥੇ ਰਾਜਾ ਨ੍ਹਾਵਸੀ
ਵਟਨੇ ਲੱਖ ਲਗਾ
ਇਤਰ, ਫੁਲੇਲਾਂ, ਕੇਵੜੇ
ਗੰਗਾ-ਜਲੀ ਰਲਾ
ਇਸ ਤੋਂ ਪਿੱਛੋਂ ਹੋਵਸੀ
ਡਾਢਾ ਯੱਗ ਮਹਾ
ਸਾਰੇ ਚੰਬੇ ਦੇਸ ਚੋਂ
ਕਾਲੇ ਮੁਰਗ ਮੰਗਾ
ਇੱਕ ਸੋ ਇੱਕੀ ਭੇਡ ਥੀਂ
ਕੀਤਾ ਜਾਊ ਜ਼ਿਲ੍ਹਾ
ਰਾਜਾ ਕੋਟ ਸਿਆਲ ਦਾ
ਆਇਆ ਪੈਂਡੇ ਗਾਹ
ਜੋ ਸਾਡੇ ਮਹਾਰਾਜ ਦਾ
ਬਣਿਆ ਧਰਮ ਭਰਾ
ਜੋ ਸਲਵਾਨ ਕਹਾਂਵਦਾ
ਕਰਸੀ ਰਸਮ ਅਦਾ
ਵੱਢੂ ਭੇਡਾਂ ਸਾਰੀਆਂ
ਲੋਹਾ ਸਾਣੇ ਲਾ
ਵੱਗੂ ਸੂਹਾ ਸੂਕਦਾ
ਲਹੂਆਂ ਦਾ ਦਰਿਆ
ਚੰਬੇ ਦੀ ਇਸ ਧਰਤ ਤੇ
ਦੇਸੀ ਰੰਗ ਚੜ੍ਹਾ
ਮੱਥੇ ਟਿੱਕੇ ਲਾਉਣ ਦੀ
ਹੋਸੀ ਰਸਮ ਅਦਾ
ਨੌਬਤ, ਕੈਲਾਂ, ਡੱਫਲਾਂ
ਦੇਸਣ ਸ਼ੋਰ ਮਚਾ
ਆਸਣ ਭੰਡ, ਮਰਾਸੀਏ
ਭੱਟ ਸੁਰੰਗੀ ਚਾ
ਹੋਸਣ ਧਾਮਾਂ ਭਾਰੀਆਂ
ਦੇਗਾਂ ਚੁੱਲ੍ਹ ਚੜ੍ਹਾ
ਅੰਤ ਵਿਚ ਮੁਟਿਆਰ ਇਕ
ਚੁਣਸੀ ਰਾਜਾ ਆ
ਸਾਰੇ ਚੰਬੇ ਦੇਸ ਚੋਂ
ਜਿਸ ਦਾ ਹੁਸਨ ਅਥਾਹ
ਉਹ ਸੋਹਣੀ ਮੁਟਿਆਰ ਫਿਰ
ਗੋਰੇ ਹੱਥ ਉਠਾ
ਕਰਸੀ ਰਾਜੇ ਵਾਸਤੇ
ਦੇਵੀ ਕੋਲ ਦੁਆ
ਦੇਵੀ ਵਰਮਨ ਵੀਰ ਤੇ
ਰਹਿਮਤ ਇਹ ਫਰਮਾ
ਸਾਰੇ ਚੰਬੇ ਦੇਸ ਦੀ
ਇਸ ਨੂੰ ਉਮਰ ਲਗਾ
ਫਿਰ ਰਾਜਾ ਉਸ ਕੁੜੀ ਦਾ
ਧਰਮੀ ਬਾਪ ਬੁਲਾ
ਇਕ ਖੂਹਾ, ਦੋ ਬੌਲੀਆਂ
ਦੇਸੀ ਨਾਮ ਲੁਆ
ਆਇਆ ਚੰਬੇ ਸ਼ਹਿਰ ਥੀਂ
ਕੁਲ ਮੁਲਖੱਈਆ ਧਾ
ਆਉ ਰਾਹੀਉ ਲੈ ਚੱਲੀਏ
ਜੇ ਦੇਖਣ ਦਾ ਚਾ
ਨਟੀ
ਨਾ ਨੀ ਭੈਣਾਂ ਮੇਰੀਏ
ਅਸਾਂ ਜਾਣਾ ਦੂਰ ਬੜਾ
ਅਜੇ ਪੈਂਡਾ ਵਾਂਗ ਸਰਾਲ
ਦੇ ਕਿੰਨਾ ਹੋਰ ਪਿਆ
(ਚੰਬਿਆਲਣਾਂ ਹੱਸਦੀਆਂ ਹੱਸਦੀਆਂ ਚਲੀਆਂ ਜਾਂਦੀਆਂ ਹਨ)
ਸੂਤਰਧਾਰ
ਹੁਣੇ ਸੀ ਵਗਦੀ ਪੌਣ ਦੇ
ਸੰਦਲੀ ਸੰਦਲੀ ਸਾਹ
ਹੁਣੇ ਸੀ ਮਹਿਕਾਂ ਖੇਡਦੀਆਂ
ਗਲ ਚਾਨਣ ਦੇ ਧਾ
ਹੁਣੇ ਸੀ ਰਿਸ਼ਮਾਂ ਸੁੱਤੀਆਂ
ਸਰਵਰ ਸੇਜ ਵਿਛਾ
ਹੁਣੇ ਤਾਂ ਧਰਤ ਸਵਰਗ
ਹੁਣੇ ਤਾਂ ਨਰਕ ਭਇਆ
ਵੈਤਰਨੀਂ ਵਿਚ ਬਦਲ ਗਿਆ
ਸ਼ੂਕ ਰਿਹਾ ਦਰਿਆ
ਇਹ ਕੀਹ ਹਨ ਚੰਬਿਆਲਾਣਾ
ਗਈਆਂ ਗੱਲ ਸੁਣਾ
ਕਦ ਲਹੂਆਂ ਨੂੰ ਡੋਲ੍ਹ ਕੇ
ਮਰਦੇ ਪਾਪ ਭਲਾ ?
ਨਟੀ
ਇਹ ਮਾਨਵ ਦੇ ਕੋਝ ਦਾ
ਕੋਝਾ ਇਕ ਪੜਾ
ਜਾਨ ਪਰਾਈ ਕੋਹੇ
ਕਦ ਵੱਧਦੀ ਉਮਰ ਭਲਾ
ਪ੍ਰਾਣ ਪਰਾਏ ਖੋਹੇ ਕਦ
ਮਿਲਦਾ ਰੱਬ ਭਲਾ ?
ਸੂਤਰਧਾਰ
ਕਿਰਿਆ ਕੇਹੀ ਅਵੱਲੜੀ
ਕੁਝ ਵੀ ਸਮਝ ਨਾ ਆ
ਜੋ ਵੀ ਧਰਤੀ ਜੰਮਦੀ
ਆਪੇ ਜਾਂਦੀ ਖਾ
ਜਿਉਂ ਮੱਕੜੇ ਸੰਗ ਮੱਕੜੀ
ਪਹਿਲੇ ਭੋਗ ਰਚਾ
ਗਰਭਵਤੀ ਮੁੜ ਹੋਏ ਕੇ
ਜਾਂਦੀ ਉਸ ਨੂੰ ਖਾ
ਨਟੀ
ਧਰਤੀ ਦੀ ਗੱਲ ਸੋਚ ਕੇ
ਮਨ ਨਾ ਕਰੋ ਬੁਰਾ
ਇਹ ਜਨਣੀ ਹੈ ਪਾਪ ਦੀ
ਇਹ ਪਾਪਾਂ ਦੀ ਜਾਹ
ਪਾਪ ਤਾਂ ਇਸ ਦਾ ਕਰਮ ਹੈ
ਇਸ ਦਾ ਪਾਪ ਸੁਭਾ
ਜੇ ਇਹ ਪਾਪ ਕਮਾਏ ਨਾ
ਤਾਂ ਅੱਜੇ ਮਰ ਜਾ
ਆਉ ਮੁੜੀਏ ਪਰਲੋਕ ਨੂੰ
ਮਹਿਕਾਂ ਦੇ ਪਰ ਲਾ
ਹੁਣ ਤਾਂ ਧੁੱਪਾਂ ਉੱਗੀਆਂ
ਗਿਆ ਸੂਰਜ ਸਿਰ ਤੇ ਆ
ਘੁਲ ਜਾਈਏ ਵਿਚ ਮਹਿਕ ਦੇ
ਘੁਲ ਜਾਈਏ ਵਿਚ ਵਾ
(ਸੂਤਰਧਾਰ ਤੇ ਨਟੀ ਅਲੋਪ ਹੋ ਜਾਂਦੇ ਹਨ)