ਪੈਂਤੀ ਫੁੱਲਾਂ ਦਾ ਮੈਂ ਬਾਗ਼ ਲਗਾਵਾਂ
ਪੰਜ ਪੰਜ ਦੀਆਂ ਸੱਤ ਕਿਆਰੀਆਂ ਜੀ
ਗਿੱਠ ਗਿੱਠ ਤੇ ਮੁਕਤੇ ਬੀਜਾਂ
ਚੱਪੇ ਚੱਪੇ ਲਗਾਂ ਮਾਤਰਾਂ ਸਾਰੀਆਂ ਜੀ
ਤਿੰਨ ਪਾਸਿਆਂ ‘ਤੇ ਸੱਤ ਸਿਰ ਉੱਤੇ
ਦੋ ਕਰਦੀਆਂ ਨੇ ਜੜਾਂ ਭਾਰੀਆਂ ਜੀ
ਗੁੰਦ ਗੁੰਦ ਫਿਰ ਹਰਫ਼ ਬਣਾਵਾਂ
ਕੁੱਝ ਮਰਦਾਨੇ ਤੇ ਕੁੱਝ ਨਾਰੀਆਂ ਜੀ
ਕੱਲੇ ਕਹਿਰੇ ਦੀ ਜੋ ਦੱਸਣ ਕਹਾਣੀ
ਬਹੁਵਚਨੀਂ ਵੀ ਲੱਗਣ ਪਿਆਰੀਆਂ ਜੀ
ਹਰਫ਼ੋ ਹਰਫ਼ੀ ਗੀਤ ਬਣਾ ਦਿਆਂ
ਗਾਉਣ ਸੁਹਾਗਣਾਂ ਅਤੇ ਕਵਾਰੀਆਂ ਜੀ
‘ਗਿੱਲਾ’ ਏਦਾਂ ਹੀ ਰਹਿ ਖੇਤੀ ਕਰਦਾ
ਪੰਜਾਬੀ ਕਰਦੀ ਰਹੂ ਸਰਦਾਰੀਆਂ ਜੀ