ਰੁੱਖਾਂ ਉੱਤੋਂ ਪੱਤੇ ਝੜਦੇ ਵੇਖ ਰਿਹਾਂ
ਮੈਂ ਜ਼ਿੰਦਗੀ ਲਈ ਸਭ ਨੂੰ ਲੜਦੇ ਵੇਖ ਰਿਹਾਂ
ਉਹ ਕਿ ਜਿਹੜਾ ਭਾਣਾ ਮੰਨਣ ਵਾਲਾ ਸੀ
ਉਸਨੂੰ ਰੱਬ ਤੇ ਤੋਹਮਤ ਮੜ੍ਹਦੇ ਵੇਖ ਰਿਹਾਂ
ਐਵੇਂ ਨੀ ਕਹਿੰਦੇ ਕਿ ਵਖ਼ਤ ਸਿਖਾਵੇਗਾ
ਮੈਂ ਲੋਕਾਂ ਨੂੰ ਘੜੀਆਂ ਪੜ੍ਹਦੇ ਵੇਖ ਰਿਹਾਂ
ਜਿਹੜੇ ਫਾਰਿਗ ਹੋ ਕੇ ਸੋਹਿਲੇ ਗਾਉਂਦੇ ਸੀ
ਓਹਨਾਂ ਨੂੰ ਵੀ ਸਾਈਆਂ ਫੜਦੇ ਵੇਖ ਰਿਹਾਂ
ਆਹ ਕਿਹੜਾ ਪਰਛਾਵਾਂ ਪੈ ਗਿਆ ਇਹਨਾਂ ਤੇ
ਸਾਊ ਜਿਹਾਂ ਨੂੰ ਜੁਗਤਾਂ ਘੜ੍ਹਦੇ ਵੇਖ ਰਿਹਾਂ
ਆ ਗਈ ਸਮਝ ਠਰ੍ਹੰਮੇ ਵਾਲੀ ਕੀਮਤ ਵੀ
ਮੈਂ ਮੁੰਡਿਆਂ ਦੇ ਪਾਰੇ ਚੜ੍ਹਦੇ ਵੇਖ ਰਿਹਾਂ
ਆ ਗਈ ਏ ਨਜ਼ਦੀਕ ਕਲਮ ਕੁੱਛ ਸ਼ਾਇਰ ਦੇ
ਮੈਂ ਸਰਤਾਜ ਨੂੰ ਅੰਦਰ ਵੜਦੇ ਵੇਖ ਰਿਹਾਂ
ਰੁੱਖਾਂ ਉੱਤੋਂ ਪੱਤੇ ਝੜਦੇ ਵੇਖ ਰਿਹਾਂ
ਮੈਂ ਜ਼ਿੰਦਗੀ ਲਈ ਸਭ ਨੂੰ ਲੜਦੇ ਵੇਖ ਰਿਹਾਂ