13.9 C
Los Angeles
Sunday, November 24, 2024

ਲੋਟੇ ਵਾਲਾ ਚਾਚਾ

ਪ੍ਰਸਿਧ ਪੰਜਾਬੀ ਕਵੀ ਕਰਤਾਰ ਸਿੰਘ ਬਲੱਗਣ ਦੇ ਲੜਕੇ ਦਾ ਵਿਆਹ ਸੀ। ਸਵੇਰੇ ਜੰਜ ਚੜ੍ਹਨੀ ਸੀ। ਰਾਤ ਦੀ ਮਹਿਫ਼ਿਲ ਵਿੱਚ ਸ਼ਾਇਰ ਮਿੱਤਰਾਂ ਦੀ ਭੀੜ ਸੀ, ਹਾਸਾ ਸੀ, ਖੁਸ਼ੀਆਂ ਸਨ, ਗੱਪਾਂ ਸਨ। ਲਤੀਫ਼ੇ ਤੇ ਲਤੀਫ਼ਾ ਠਾਹ ਲਤੀਫ਼ਾ! ਵਿਅੰਗਮਈ ਤੇ ਤਿੱਖੇ ਬੋਲਾਂ ਦੇ ਕਾਟਵੇਂ ਵਾਰ ਸਨ, ਸ਼ਿਅਰ ਸਨ, ਹੁਸਨ ਸੀ, ਲਤਾਫ਼ਤ ਸੀ।
“ਸਾਈਂ ਤਾਂ ਰਹਿ ਗਿਆ ਫ਼ਿਰ!” ਵਿਧਾਤਾ ਸਿੰਘ ਤੀਰ ਨੇ ਇੱਕਦਮ ਗੱਲਾਂ ਦਾ ਰੁਖ਼ ਪਲਟ ਦਿੱਤਾ।
“ਲੱਗਦਾ ਤਾਂ ਇੰਜ ਹੀ ਹੈ। ਆਉਣਾ ਹੁੰਦਾ ਤਾਂ ਚਾਨਣੇ ਚਾਨਣੇ ਹੀ ਆ ਜਾਣਾ ਸੀ। ਹੋ ਸਕਦੈ ਵੀਜ਼ਾ ਨਾ ਲੱਗਾ ਹੋਵੇ।” ਬਲੱਗਣ ਦਾ ਜਵਾਬ ਸੀ।
ਫ਼ਿਰ ਉਸ ਨੇ ਆਪ ਹੀ ਆਖਿਆ, “ਇਨਵੀਟੇਸ਼ਨ ਕਾਰਡ ਵਿਖਾ ਕੇ ਵੀਜ਼ਾ ਲੱਗ ਤਾਂ ਜਾਂਦਾ ਹੀ ਹੈ……।”
ਦੇਸ਼ ਦੀ ਵੰਡ ਹੋ ਚੁੱਕੀ ਸੀ ਪਰ ਪੁਰਾਣੀਆਂ ਮੁਹੱਬਤਾਂ ਤੇ ਦੋਸਤੀਆਂ ਅਜੇ ਖਿੱਚਾਂ ਮਾਰਦੀਆਂ ਸਨ। ਮੁਹੱਬਤ ਦਾ ਤੁਣਕਾ ਕਦੀ ਇਧਰਲੇ ਤੇ ਕਦੀ ਉਧਰਲੇ ਸ਼ਾਇਰ ਮਿੱਤਰਾਂ ਨੂੰ ਏਧਰ-ਓਧਰ ਖਿੱਚ ਲਿਆਂਦਾ ਸੀ। ਹੁਣ ਵੀ ਸਾਂਝੇ ਮਿੱਤਰ, ਪਸਰੂਰ ਦੇ ਰਹਿਣ ਵਾਲੇ ਸਾਈਂ ਹਯਾਤ ਪਸਰੂਰੀ ਨੂੰ ਯਾਦ ਕੀਤਾ ਜਾ ਰਿਹਾ ਸੀ।
ਇਸ ਵੇਲੇ ਵੀ ਐਨ ਨਾਨਕ ਸਿੰਘ ਦੇ ਨਾਵਲਾਂ ਵਾਲਾ ਮੌਕਾ ਮੇਲ ਵਾਪਰਿਆ। ਬਲੱਗਣ ਦੀਆਂ ਬੱਚੀਆਂ ਦੌੜੀਆਂ ਆਈਆਂ।
“ਲੋਟੇ ਵਾਲਾ ਚਾਚਾ ਆ ਗਿਆ! ਲੋਟੇ ਵਾਲਾ ਚਾਚਾ ਆ ਗਿਆ!”
ਉਹਨਾਂ ਦੇ ਬੋਲਾਂ ਵਿੱਚ ਖੁਸ਼ੀ ਅਤੇ ਸੂਚਨਾ ਇਕੱਠੀ ਸੀ।
ਸਾਈਂ ਹਯਾਤ ਪਸਰੂਰ ਪੰਜ ਵੇਲੇ ਨਮਾਜ਼ ਪੜ੍ਹਨ ਵਾਲਾ ਪੱਕਾ ਨਮਾਜ਼ੀ ਸੀ। ਬੱਚੇ ਉਸ ਨੂੰ ਜਦੋਂ ਤੋਂ ਸੁਰਤ ਸੰਭਾਲੀ ਸੀ, ਉਦੋਂ ਤੋਂ ਜਾਣਦੇ ਸਨ। ਜਦ ਕਦੀ ਉਹ ਅੰਮ੍ਰਿਤਸਰ ਬਲੱਗਣ ਕੋਲ ਠਹਿਰਦਾ, ਉਹ ਨਾਲ ਲਿਆਂਦੇ ਲੋਟੇ ਨਾਲ ਬਾਕਾਇਦਾ ਵੁਜ਼ੂ ਕਰਦਾ, ਨਮਾਜ਼ ਪੜ੍ਹਦਾ। ਬੱਚਿਆਂ ਨੇ ਉਸ ਦਾ ਨਾਮ ‘ਲੋਟੇ ਵਾਲਾ ਚਾਚਾ’ ਧਰ ਦਿੱਤਾ ਸੀ।
“ਉਹਨੂੰ ਆਖੋ ਉੱਪਰ ਆਵੇ ਮਰੇ ਮਿਆਨੀ ‘ਚ। ਹੇਠਾਂ ਕੀ ਪਿਆ ਕਰਦਾ ਏ” ਕਿਸੇ ਨੇ ਮੋਹ ਵਿੱਚ ਭਿੱਜ ਕੇ ਆਖਿਆ।
“ਉਹ ਦਰਵਾਜ਼ੇ ਦੇ ਬਾਹਰ ਖੜ੍ਹਾ ਐ। ਅੰਦਰ ਨਹੀਂ ਆਉਂਦਾ। ਕਹਿੰਦਾ, ‘ਭਾਪੇ ਨੂੰ ਆਖੋ ਸੁੱਚੇ ਭਾਂਡੇ ‘ਚ ਪਾਣੀ ਲੈ ਕੇ ਆਵੇ’……।”
ਬੱਚੀਆਂ ਨੇ ਦੱਸਿਆ ਤੇ ਦੁੜੰਗੇ ਮਾਰਦੀਆਂ ਚਲੀਆਂ ਗਈਆਂ।
ਬਲੱਗਣ ਦੇ ਨਾਲ ਦੋ ਚਾਰ ਹੋਰ ਦੋਸਤ ਵੀ ਖੜ੍ਹੇ ਹੋ ਗਏ। ਉਹ ਰਹੱਸ ਜਾਣਨਾ ਚਾਹੁੰਦੇ ਸਨ ਕਿ ਸਾਈਂ ਦਰਵਾਜ਼ਾ ਕਿਉਂ ਨਹੀਂ ਲੰਘ ਰਿਹਾ।
ਸਾਈਂ ਦਰਵਾਜ਼ੇ ਵਿੱਚ ਖਲੋਤਾ ਸੀ। ਦੁਸ਼ਾਲੇ ਵਿੱਚ ਕੋਈ ਚੀਜ਼ ਲਪੇਟ ਕੇ ਸਿਰ ‘ਤੇ ਰੱਖੀ ਹੋਈ ਸੀ। ਪੈਰਾਂ ਤੋਂ ਨੰਗਾ ਸੀ। ਉਹਦੇ ਕਹਿਣ ‘ਤੇ ਗੜਵੀ ‘ਚ ਸੁੱਚਾ ਪਾਣੀ ਲਿਆਂਦਾ ਗਿਆ ਅਤੇ ਉਹਦੇ ਅੱਗੇ-ਅੱਗੇ ਪਾਣੀ ਤਰੌਂਕਦੇ ਉਸ ਦਾ ‘ਗ੍ਰਹਿ-ਪ੍ਰਵੇਸ਼’ ਕਰਵਾਇਆ।
ਅਸਲ ਵਿੱਚ ਉਸਦੇ ਸਿਰ ਉੱਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੀੜ ਸੀ। ਤੇ ਜਦੋਂ ਉਹ ਯਾਰਾਂ ਦੀ ਭੀੜ ਵਿੱਚ ਗਲਵੱਕੜੀਆਂ ਦੀ ਜਕੜ ਤੋਂ ਆਜ਼ਾਦ ਹੋ ਕੇ ਬੈਠਾ ਤਾਂ ‘ਬੀੜ’ ਦੀ ਕਹਾਣੀ ਇੰਜ ਛੋਹ ਲਈ।
“ਜਦੋਂ ਮੈਨੂੰ ਕਰਤਾਰ ਦਾ ਸੱਦਾ ਮਿਲਿਆ ਤਾਂ ਸੋਚਿਆ ਆਪਣੀ ਨੂੰਹ ਲਈ ਕਿਹੜੀ ਕੀਮਤੀ ਸੌਗਾਤ ਲੈ ਕੇ ਜਾਵਾਂ। ਮੈਂ ਹੋਇਆ ਮਿੱਟੀ ਦੀਆਂ ਪਿਆਲੀਆਂ ਤੇ ਕੌਲੀਆਂ ਬਣਾ ਕੇ ਵੇਚਣ ਵਾਲਾ ਗ਼ਰੀਬ ਤੇ ਫ਼ਕੀਰ ਸ਼ਾਇਰ। ਮੇਰੀ ਏਨੀ ਪਾਇਆਂ ਕਿੱਥੇ ਕਿ ਕੀਮਤੀ ਤੋਹਫ਼ੇ ਖਰੀਦ ਸਕਾਂ! ਤਾਂ ਹੀ ਖ਼ੈਰ ਮੈਨੂੰ ਦੱਸ ਪਈ ਕਿ ਪਸਰੂਰ ਤੋਂ ਦਸ ਬਾਰਾਂ ਕੋਹ ਦੀ ਵਾਟ ‘ਤੇ ਕਿਸੇ ਕੋਲ ਗੁਰੂ ਮਹਾਰਾਜ ਦੀ ਬੀੜ ਸਾਂਭੀ ਪਈ ਹੈ। ਮੈਂ ਉਹਨਾਂ ਕੋਲ ਗਿਆ ਤੇ ਗਲ ਵਿੱਚ ਪੱਲਾ ਪਾ ਕੇ ਆਪਣਾ ਮਕਸਦ ਦੱਸਦਿਆਂ ਮੰਗ ਕੀਤੀ ਕਿ ਜੇ ਕੀਮਤ ਮੰਗਦੇ ਓ ਤਾਂ ਉਹ ਲੈ ਲਓ ਤੇ ਜਾਨ ਮੰਗਦੇ ਓ ਤਾਂ ਉਹ ਲੈ ਲਓ……ਪਰ ਇਹ ਬੀੜ ਮੈਨੂੰ ਬਖ਼ਸ਼ ਦਿਓ। ਉਹ ਮਿਹਰਬਾਨ ਲੋਕ, ਜਿਨ੍ਹਾਂ ਨੇ ਹੁਣ ਤੱਕ ਇਹ ਮੁਤਬਰਕ ਗ੍ਰੰਥ ਅਦਬ ਨਾਲ ਸਾਂਭ ਕੇ ਰੱਖਿਆ ਹੋਇਆ ਸੀ, ਮੈਨੂੰ ਕਹਿਣ ਲੱਗੇ, ‘ਸਾਈਂ ਸਾਹਬ! ਅਸੀਂ ਹੁਣ ਤੱਕ ਇਸ ਗ੍ਰੰਥ ਨੂੰ ਅੱਖਾਂ ਨਾਲ ਲਾ ਕੇ ਸਾਂਭਿਆ ਹੋਇਆ ਏ ਪਰ ਇਸ ਦੀ ਸਾਂਭ-ਸੰਭਾਲ ਕਰਦਿਆਂ ਮਤੇ ਕੋਈ ਖੁਨਾਮੀ ਹੋ ਜਾਵੇ, ਇਸ ਲਈ ਅੰਦਰੇ ਅੰਦਰ ਡਰਦੇ ਵੀ ਰਹੇ ਆਂ। ਇਸ ਲਈ ਇਸ ਮੁਤਬਰਕ ਗ੍ਰੰਥ ਨੂੰ ਆਦਰ ਨਾਲ ਤੁਸੀਂ ਉਹਨਾਂ ਸ਼ਰਧਾਵਾਨਾਂ ਕੋਲ ਪਹੁੰਚਾ ਹੀ ਦਿਓ ਜਿਹੜੇ ਇਹਦੀ ਠੀਕ ਸੰਭਾਲ ਕਰ ਸਕਣ……।’
ਏਨੀ ਆਖ ਕੇ ਸਾਈਂ ਨੇ ਪਰਨੇ ਨਾਲ ਮੂੰਹ ਪੂੰਝਿਆ ਅਤੇ ਗੱਲ ਜਾਰੀ ਰੱਖੀ।
‘ਮੈਂ ਉਸ ਪਿੰਡ ਤੋਂ ਨੰਗੇ ਪੈਰੀਂ ਗੁਰੂ ਬਾਬੇ ਦੀ ਬੀੜ ਸਿਰ ‘ਤੇ ਰੱਖ ਕੇ ਆਪਣੇ ਪਿੰਡ ਪੁੱਜਾ…ਤੇ ਹੁਣ ਨੰਗੇ ਪੈਰੀਂ ਸਟੇਸ਼ਨ ਤੋਂ ਚੱਲ ਕੇ ਘਰ ਪੁੱਜਾਂ…ਇਹ ਕੀਮਤੀ ਤੋਹਫ਼ਾ ਮੈਂ ਜਾਨ ਤੋਂ ਪਿਆਰਾ ਸਮਝ ਕੇ ਆਪਣੇ ਨੂੰਹ ਪੁੱਤ ਲਈ ਲੈ ਕੇ ਆਇਆਂ।……ਕੋਈ ਭੁੱਲ-ਚੁੱਕ ਹੋ ਗਈ ਹੋਵੇ ਤਾਂ ਗੁਰੂ ਬਾਬਾ ਆਪ ਬਖ਼ਸ਼ਣਹਾਰ ਹੈ…।’ ਉਸ ਨੇ ਉਂਗਲਾਂ ਧਰਤੀ ਨਾਲ ਛੁਹਾ ਕੇ ਕੰਨਾਂ ਨੂੰ ਲਾ ਲਈਆਂ। ਤੇ ਮੋਢੇ ‘ਤੇ ਲਟਕਾਏ ਬੁਚਕੇ ਵਿੱਚੋਂ ਲੋਟਾ ਕੱਢ ਕੇ ਕਹਿਣ ਲੱਗਾ, ‘ਠਹਿਰੋ! ਮੈਂ ਵੁਜ਼ੂ ਕਰਕੇ ਨਮਾਜ਼ ਅਦਾ ਕਰ ਲਵਾਂ……ਫ਼ਿਰ ਮਹਿਫ਼ਿਲ ਜਮਾਉਂਦੇ ਆਂ…ਤੇ ਹਾਂ ਸੱਚ, ਕਰਤਾਰ! ਸਵੇਰੇ ਜੰਜ ਚੜ੍ਹਨ ਤੋਂ ਪਹਿਲਾਂ ਮੇਰੇ ਪੈਰੀਂ ਜੁੱਤੀ ਪਵਾ ਲਵੀਂ! ਵੀਰ ਮੇਰਿਆ।’

ਚੌਥੀ ਕੂਟ

ਜਿਉਂ ਹੀ ਸੂਰਜ ਦੂਰ ਪੱਛਮ ਵਿਚ, ਉੱਚੇ ਲੰਮੇ ਰੁੱਖਾਂ ਵਿਚੋਂ ਦੀ ਹੇਠਾਂ ਤੇ ਫੇਰ ਹੋਰ ਹੇਠਾਂ ਹੋਣ ਲੱਗਾ ਤਾਂ ਮੇਰਾ ਦਿਲ ਵੀ ਜਿਵੇਂ ‘ਧੱਕ’ ਕਰਕੇ ਹੇਠਾਂ ਬੈਠਣ ਲੱਗਾ ਸੀ । ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਅਤੇ ਬੱਸ ਦੇ ਡਰਾਈਵਰ ਵੱਲ ਤੇ ਫੇਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਵੇਖ ਰਿਹਾ ਸਾਂ । ਸੱਜੇ ਹੱਥ ਨਾਲ ਦੀ ਸੀਟ 'ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ, ਉਹਦੇ ਚਿਹਰੇ ਤੋਂ ਭੈਅ ਅਤੇ ਚਿੰਤਾ ਦੇ ਚਿੰਨ੍ਹ ਤਲਾਸ਼ ਕਰਨ...

ਨੌਂ ਬਾਰਾਂ ਦਸ

''ਛਿੰਨੋ! ਸੁਣਿਐਂ ਸੱਜਣ ਵਾਲਾ ਸਾਕ 'ਭਕਨੀਏਂ' ਭਿੱਲੀ ਨੂੰ ਕਰਨ ਨੂੰ ਮੰਨਦੇ ਨੇ?''ਜਸਵੰਤ ਆਪਣੇ ਦੋਸਤ ਸਤਿਨਾਮ ਵੱਲ ਵੇਖ ਕੇ ਮੁਸਕਰਾਇਆ। ਉਹਦੇ ਬੋਲਾਂ ਵਿਚਲੀ ਟੇਢ ਛਿੰਨੋ ਨੇ ਸਮਝੀ ਨਾ। ਡੰਗਰਾਂ ਹੇਠੋਂ ਗੋਹਾ ਖਿੱਚਦੀ ਦੇ ਹੱਥ ਰੁਕ ਗਏ।''ਵੇ ਕਾਹਨੂੰ ਵੀਰਾ! ਅਸੀਂ ਤਾਂ ਬਥੇਰੇ ਤਰਲੇ ਮਿੰਨਤਾਂ ਕੀਤੇ। ਉਹ ਅੱਗੋਂ ਆਖਦੇ ਨੇ…..ਤੁਹਾਡਾ ਮੁੰਡਾ ਕਮਲਾ ਐ।''ਛਿੰਨੋ ਨੇ ਹਉਕਾ ਲਿਆ। ਉਹਨੂੰ ਸੱਜਣ ਦੇ ਭਰ ਜਵਾਨੀ ਵਿਚ ਗੁਜ਼ਰ ਜਾਣ ਦਾ ਅਫ਼ਸੋਸ ਸੀ ਤੇ ਭਿੱਲੀ ਨੂੰ ਸਾਕ ਨੇਪਰੇ ਨਾ ਚੜ੍ਹਨ ਦਾ ਵੀ।''ਅਣਿਆਂ! ਸਾਡਾ ਵੀ ਤਾਂ ਜੀ ਕਰਦੈ ਸਾਡੀ...

ਆਪਣੀ ਮਾਂ

ਫੋਨ ਦੀ ਘੰਟੀ ਖੜਕੀ। ਮੈਂ ਰੀਸੀਵਰ ਚੁੱਕਿਆ।'ਮਾੜੀ ਖਬਰ ਹੈ। ਆਪਣੀ ਮਾਤਾ ਗੁਜ਼ਰ ਗਈ।'ਮੇਰਾ ਤ੍ਰਾਹ ਨਿਕਲ ਗਿਆ। ਅਜੇ ਹੁਣੇ ਹੀ ਮੈਂ ਅਤੇ ਮੇਰਾ ਬੇਟਾ ਪਿੰਡੋਂ ਹੋ ਕੇ, ਮਾਂ ਨੂੰ ਮਿਲ ਕੇ ਘਰ ਪੁੱਜੇ ਸਾਂ। ਸਵੇਰੇ ਜਦੋਂ ਪਿੰਡ ਪੁੱਜੇ ਸਾਂ ਤਾਂ 'ਖੇਤਾਂ ਵਾਲੇ ਘਰ' ਵਿੱਚ ਮਾਤਾ ਹਾਜ਼ਰ ਨਹੀਂ ਸੀ। ਮੇਰਾ ਛੋਟਾ ਭਰਾ ਵੀ ਨਹੀਂ ਸੀ ਓਥੇ। ਉਹਨਾਂ ਨੂੰ ਮਿਲਣ ਹੀ ਤਾਂ ਆਏ ਸਾਂ ਜਲੰਧਰੋਂ। ਪੁੱਛਿਆ ਤਾਂ ਭਰਾ ਦੀ ਪਤਨੀ ਨੇ ਦੱਸਿਆ:'ਬੀਬੀ ਨੂੰ ਕੱਲ੍ਹ ਦਿਲ ਦਾ ਦੌਰਾ ਪਿਆ ਸੀ। ਪਈ ਪਈ ਤੜਫਣ...