[ਅਲੀ ਅਕਬਰ ਨਾਤਿਕ // ਲਿਪੀਅੰਤਰ: ਤਾਹਿਰ ਸੰਧੂ]
ਮੈਨੂੰ ਇਹ ਪਿੰਡ ਛੱਡਿਆਂ ਪੈਂਤੀ ਸਾਲ ਹੋ ਗਏ ਸੀ। ਅੱਜ ਮੁੱਦਤਾਂ ਬਾਅਦ ਆਣ ਹੋਇਆ ਤੇ ਇਕ-ਇਕ ਗਲੀ ਨੂੰ ਪਲਕਾਂ ਨਾਲ ਚੁੰਮਦਾ, ਅੱਥਰੂ ਸੁੱਟਦਾ ਸਾਰੇ ਪਿੰਡ ਵਿਚ ਚੱਕਰ ਲਾਵਣੇ ਸ਼ੁਰੂ ਕਰ ਦਿੱਤੇ। ਪਿੰਡ ਦੀ ਕੱਲੀ-ਕੱਲੀ ਸ਼ੈਅ ਮੇਰੀਆਂ ਅੱਖਾਂ ਅੱਗੇ ਤਸਵੀਰ ਵਾਂਗੂ ਫਿਰ ਰਹੀ ਸੀ। ਪੈਂਤੀ ਸਾਲ ਦਾ ਵੇਲਾ ਮੂੰਹ ਨਾਲ ਆਖਣਾ ਏ। ਨਾ ਉਹ ਪਿੰਡ ਵਿਚ ਪਛਾਣ ਆਲੀਆਂ ਸ਼ਕਲਾਂ ਰਹੀਆਂ ਤੇ ਨਾ ਉਹ ਕੰਧਾਂ-ਕੌਲੇ ਰਹੇ, ਫਿਰ ਵੀ ਪਿੰਡ ਤਾਂ ਉਹ ਈ ਸੀ। ਮੈਂ ਟੁਰਦਾ-ਟੁਰਦਾ ਸ਼ੇਰ ਮੁਹੰਮਦ ਚੌਕ ਵਿਚ ਆ ਵੜਿਆ। ਇਹ ਚੌਕ ਤੇ ਇਹਦੀ ਟਾਹਲੀ ਦੀ ਛਾਂ ਥੱਲੇ ਬਣੀ ਕਬਰ ਨੇ ਮੈਨੂੰ ਇੰਜ ਖਿੱਚ ਲਿਆ, ਜਿਵੇਂ ਰੂਹ ਨੂੰ ਫਰਿਸ਼ਤਾ ਖਿੱਚ ਲਵੇ। ਟਾਹਲੀ ਦੀ ਹਰਿਆਵਲ ਤੇ ਕਬਰ ਉਤੇ ਤਵੀਤਾਂ ਦੇ ਢੇਰ ਇਉਂ ਦਿਸਦੇ ਸਨ, ਬਈ ਕਬਰ ਆਲਾ ਅਜੇ ਵੀ ਜ਼ਿੰਦਾ ਏ। ਪਹਿਲਾਂ ਇਹਦਾ ਨਾਂ ਟਾਹਲੀ ਆਲਾ ਚੌਕ ਸੀ, ਫਿਰ ਇਹਨੂੰ ਸ਼ੇਰ ਮੁਹੰਮਦ ਚੌਕ ਆਖਣ ਲੱਗ ਪਏ। ਇਹ ਨਾਂ ਕਿਉਂ ਬਦਲਿਆ, ਇਹਦੀ ਲੰਮੀ ਕਹਾਣੀ ਏ।
ਸ਼ੇਰ ਮੁਹੰਮਦ ਸਾਡੇ ਪਿੰਡ ਦਾ ਲੁਹਾਰ ਸੀ। ਮੈਂ ਪਹਿਲੀ ਵਾਰੀ ਆਪਣੇ ਪਿਓ ਨਾਲ ਉਹਦੀ ਦੁਕਾਨ ‘ਤੇ ਗਿਆ ਸਾਂ। ਉਦੋਂ ਮੇਰੀ ਉਮਰ ਸੱਤ ਸਾਲ ਸੀ। ਮੇਰਾ ਪਿਓ ਅਕਸਰ ਉਸ ਦੁਕਾਨ ‘ਤੇ ਜਾ ਕੇ ਬਹਿੰਦਾ ਸੀ। ਸ਼ੇਰ ਮੁਹੰਮਦ ਲੁਹਾਰ ਦੀ ਦੁਕਾਨ ਪਿੰਡ ਦੇ ਸੱਜੇ ਕੋਨੇ ‘ਤੇ ਬਾਹਰਲੇ ਪਾਸੇ ਮੋਹਨ ਸਿੰਘ ਦੀ ਹਵੇਲੀ ਦੇ ਨਾਲ ਸੀ। ਵਕਤ ਲੰਘਣ ਨਾਲ ਆਸੇ-ਪਾਸੇ ਹੋਰ ਵੀ ਆਬਾਦੀ ਹੋ ਗਈ ਤੇ ਏਸ ਜਗ੍ਹਾ ਚੌਕ ਜਿਹਾ ਬਣ ਗਿਆ। ਮੋਹਨ ਸਿੰਘ ਉਜਾੜੇ ਤੋਂ ਬਾਅਦ ਲੁਧਿਆਣੇ ਟੁਰ ਗਿਆ ਤੇ ਹਵੇਲੀ ਦਾ ਨਵਾਂ ਮਾਲਕ ਮੇਜਰ ਸਿਕੰਦਰ ਆ ਗਿਆ। ਸਿਕੰਦਰ ਖਾਂ ਦਾ ਕੁਨਬਾ ਵੱਡਾ ਹੋਣ ਪਾਰੋਂ ਹਵੇਲੀ ਅੰਦਰੋਂ ਦੋ ਹਿੱਸਿਆਂ ਵਿਚ ਵੰਡੀ ਗਈ ਪਰ ਬਾਹਰੋਂ ਫਾਟਕ ਇਕ ਈ ਰਿਹਾ। ਹਵੇਲੀ ਦੇ ਸਾਹਮਣੇ ਭਾਰੀ ਟਾਹਲੀ ਸੀ। ਏਸ ਦਾ ਘੇਰਾ ਪੂਰੇ ਚੌਕ ਨੂੰ ਛਾਂ ਨਾਲ ਢਕੀ ਰੱਖਦਾ। ਇਸ ਟਾਹਲੀ ਕੌਲੇ ਹਵੇਲੀ ਦੀ ਕੰਧ ਨਾਲ ਸ਼ੇਰ ਮੁਹੰਮਦ ਦੀ ਦੁਕਾਨ ਸੀ। ਭੱਠੀ ‘ਚੋਂ ਨਿਕਲਣ ਆਲੇ ਧੂੰ ਤੇ ਅੱਗ ਦੇ ਸੇਕ ਨੇ ਟਾਹਲੀ ਦੇ ਥੱਲੇ ਆਲੀਆਂ ਲਗਰਾਂ ਨੂੰ ਕਾਲਾ ਸਿਆਹ ਕਰ ਦਿੱਤਾ।
ਸ਼ੇਰ ਮੁਹੰਮਦ ਸਰਘੀ ਵੇਲੇ ਉਠ ਕੇ ਪਹਿਲਾਂ ਪੂਰੇ ਚੌਕ ਵਿਚ ਬਹੁਕਰ ਦਿੰਦਾ। ਫਿਰ ਖਾਲੇ ਤੋਂ ਨਹਿਰੀ ਪਾਣੀ ਦੀਆਂ ਚਾਰ ਬਾਲਟੀਆਂ ਭਰ ਕੇ ਟਾਹਲੀ ਦੇ ਮੁੱਢ ‘ਚ ਪਾ ਦਿੰਦਾ। ਇਸ ਤੋਂ ਬਾਅਦ ਆਪਣੇ ਕੰਮ ‘ਤੇ ਬਹਿ ਜਾਂਦਾ। ਲੋਕੀ ਜਿਸ ਵੇਲੇ ਮਸੀਤ ‘ਚ ਨਮਾਜ਼ ਵਾਸਤੇ ਖੜ੍ਹੇ ਹੁੰਦੇ, ਸ਼ੇਰ ਮੁਹੰਮਦ ਏਸ ਕੰਮ ‘ਚ ਲੱਗਿਆ ਹੁੰਦਾ। ਲੋਕਾਂ ਕਈ ਵਾਰੀ ਆਖਿਆ: ਤੂੰ ਨਮਾਜ਼ ਵੀ ਪੜ੍ਹ ਲਿਆ ਕਰ। ਸਾਝਰੇ ਉਠ ਕੇ ਅੱਲ੍ਹਾ ਅੱਲ੍ਹਾ ਕਰਨ ਦੀ ਥਾਂ ਟਾਹਲੀ ਨੂੰ ਪਾਣੀ ਦੇਣ ਲੱਗ ਪੈਨਾਂ ਐਂ। ਸ਼ੇਰ ਮੁਹੰਮਦ ਜਵਾਬ ਦਿੰਦਾ: ਭਲਿਉ! ਮੇਰੀ ਤਾਂ ਨਮਾਜ਼ ਈ ਏਹ ਹੈ।
ਰੋਜ਼ ਨਹਿਰੀ ਪਾਣੀ ਦੇਣ ਪਾਰੋਂ ਟਾਹਲੀ ਦੀਆਂ ਲਗਰਾਂ ਹਰੀਆਂ ਸਿਆਹ ਤੇ ਮੁਟਿਆਰ ਦੀਆਂ ਉਂਗਲਾਂ ਵਾਂਙੂ ਲਚਕੀਲੀਆਂ ਹੋ ਗਈਆਂ। ਏਸੇ ਲਈ ਪੂਰੇ ਦਾ ਪੂਰਾ ਚੌਕ ਟਾਹਲੀ ਦੀ ਛਾਂ ਵਿਚ ਡੁੱਬ ਗਿਆ ਸੀ। ਅੱਠ ਦਸ ਬੰਦੇ ਹਮੇਸ਼ਾ ਦੁਕਾਨ ਦੇ ਥੜ੍ਹੇ ‘ਤੇ ਬੈਠੇ ਰਹਿੰਦੇ, ਹੁੱਕਾ ਭਖਦਾ ਰਹਿੰਦਾ। ਇਕ ਉਠ ਜਾਂਦਾ, ਦੂਜਾ ਆ ਬਹਿੰਦਾ। ਸ਼ੇਰ ਮੁਹੰਮਦ ਉਨ੍ਹਾਂ ਨੂੰ ਗੱਲਾਂ ਲਾਈ ਰੱਖਦਾ, ਨਾਲੇ ਆਪਣਾ ਲੋਹਾਰਾ ਤਰਖਾਣਾ ਕੀਤੀ ਰੱਖਦਾ। ਪਿੰਡ ‘ਚ ਉਂਜ ਤਾਂ ਦੋ ਲੁਹਾਰ ਹੋਰ ਵੀ ਸਨ, ਪਰ ਉਨ੍ਹਾਂ ਦਾ ਕੰਮ ਏਡਾ ਚੰਗਾ ਨਹੀਂ ਸੀ। ਸ਼ੇਰ ਮੁਹੰਮਦ ਦੀ ਖਸੂਸੀਅਤ ਇਹ ਸੀ ਕਿ ਉਹਦਾ ਫੈਸਲਾ ਕਰਨਾ ਔਖਾ ਸੀ, ਬਈ ਉਹ ਲੱਕੜੀ ਦਾ ਕੰਮ ਬਹੁਤਾ ਚੰਗਾ ਕਰਦਾ ਏ ਕਿ ਲੋਹੇ ਦਾ। ਮੇਰੇ ਪਿਓ ਦਾ ਕਹਿਣਾ ਸੀ, ਸ਼ੇਰ ਮੁਹੰਮਦ ਲੁਹਾਰ ਜਿਹਾ ਕਾਰੀਗਰ ਉਹਨੇ ਆਪਣੀ ਹਯਾਤੀ ਵਿਚ ਨਹੀਂ ਵੇਖਿਆ। ਤੇਸੇ ਨਾਲ ਲੱਕੜੀ ਦੀ ਛਿੱਲ ਕਾਗਜ਼ ਤੋਂ ਪਤਲੀ ਉਤਾਰਨ ਦਾ ਉਹਨੂੰ ਢੰਗ ਸੀ। ਉਹਦੀ ਬਣਾਈ ਹੋਈ ਮੰਜੀ ਤੇ ਪੀੜ੍ਹੀ ਦੀ ਚੂਲ ਸਾਲਾਂ ਬਾਅਦ ਵੀ ਨਹੀਂ ਸੀ ਹਿੱਲਦੀ। ਏਸੇ ਤਰ੍ਹਾਂ ਹਲ ਦੀਆਂ ਅਰਨੀਆਂ ਦਾ ਜੋ ਸਲੀਕਾ ਸ਼ੇਰ ਮੁਹੰਮਦ ਨੂੰ ਸੀ, ਉਹ ਕਿਸੇ ਲੁਹਾਰ ਦੀਆਂ ਪੁਸ਼ਤਾਂ ਵਿਚ ਵੀ ਨਹੀਂ ਸੀ। ਉਹਦੇ ਸਿਰ ‘ਤੇ ਚਿੱਟੀ ਪੱਗ ਹੁੰਦੀ, ਖੱਦਰ ਦੀ ਲੁੰਗੀ ਬੰਨ੍ਹਦਾ ਤੇ ਕੁੜਤਾ ਖੱਦਰ ਦਾ ਈ ਹੁੰਦਾ। ਮੈਂ ਏਹਨਾਂ ਲੀੜਿਆਂ ਤੋਂ ਇਲਾਵਾ ਉਹਦੇ ਗਲ ਕੋਈ ਲੀੜਾ ਨਹੀਂ ਵੇਖਿਆ। ਮੇਰੇ ਪਿਓ ਦਾ ਚੰਗਾ ਬੇਲੀ ਸੀ।
ਇਕ ਦਿਨ ਮੈਂ ਸਕੂਲ ਗਿਆ, ਉਦੋਂ ਮੈਂ ਦੂਜੀ ਜਮਾਤ ਵਿਚ ਸਾਂ। ਸਕੂਲ ‘ਚ ਇਕ ਮੁੰਡਾ ਬੜਾ ਕੋਈ ਹਰਾਮੀ ਕਿਸਮ ਦਾ ਸੀ। ਮੈਨੂੰ ਆਂਹਦਾ: ਆਪਾਂ ਫੱਟੀ ਲੜਾਨੇ ਆਂ। ਮੈਂ ਆਖਿਆ: ਮੈਂ ਨਹੀਂ ਲੜਾਂਦਾ। ਉਹ ਮੈਥੋਂ ਚੰਗਾ ਭਲਾ ਤਗੜਾ ਸੀ। ਆਂਹਦਾ: ਅੱਜ ਤਾਂ ਫੱਟੀ ਲੜਾ ਕੇ ਰਹਾਂਗੇ। ਮੈਂ ਆਖਿਆ: ਮੇਰੀ ਤਖਤੀ ਪਤਲੀ ਏ, ਪਰ ਉਹਨੇ ਮੇਰੀ ਇਕ ਨਾ ਸੁਣੀ, ਛੇਤੀ ਨਾਲ ਮੇਰੀ ਤਖਤੀ ਥੱਲੇ ਰੱਖ ਕੇ ਜ਼ੋਰ ਨਾਲ ਜਿਉਂ ਆਪਣੀ ਫੱਟੀ ਮਾਰੀ, ਮੇਰੀ ਫੱਟੀ ਦੋ ਟੋਟੇ ਕਰ ਦਿੱਤੀ। ਮੈਂ ਰੋਂਦਾ ਘਰ ਆਇਆ। ਅੱਬਾ ਨੂੰ ਦੱਸਿਆ।
ਅੱਬਾ ਨੇ ਆਖਿਆ: ਤੂੰ ਫਿਕਰ ਨਾ ਕਰ, ਨਿਮਾਸ਼ੀਂ (ਤ੍ਰਿਕਾਲਾਂ ਵੇਲੇ) ਆਪਾਂ ਸ਼ੇਰ ਮੁਹੰਮਦ ਕੋਲੋਂ ਤੇਰੀ ਨਵੀਂ ਫੱਟੀ ਬਣਵਾ ਲਾਂ’ਗੇ। ਉਸ ਦਿਨ ਪਹਿਲੀ ਵਾਰੀ ਮੈਂ ਉਹਦੀ ਦੁਕਾਨ ‘ਤੇ ਗਿਆ। ਸ਼ੇਰ ਮੁਹੰਮਦ ਤਖਤੀ ਟੁੱਟਣ ਦਾ ਵਾਕਿਆ ਸੁਣ ਕੇ ਹੱਸ ਪਿਆ; ਆਂਹਦਾ: ਪੁੱਤਰ, ਤੈਨੂੰ ਐਸੀ ਤਖਤੀ ਬਣਾ ਕੇ ਦਿਆਂਗਾ, ਤੇਰੀਆਂ ਸੱਤ ਪੁਸ਼ਤਾਂ ਹੰਢਾਵਣਗੀਆਂ। ਉਹਨੇ ਮੈਨੂੰ ਕਾਲੀ ਟਾਹਲੀ ਦੀ ਛੇ ਸੂਤਰ ਮੋਟੀ ਤਖਤੀ ਬਣਾ ਕੇ ਦੇ ਦਿੱਤੀ। ਉਹ ਵੇਖਣ ਨੂੰ ਲੋਹਾ ਤੇ ਵਜ਼ਨ ਨੂੰ ਪਾਰਾ ਸੀ। ਉਸ ਤਖਤੀ ਤੋਂ ਬਾਅਦ ਮੈਂ ਸਾਰੀ ਜਮਾਤ ਦੀਆਂ ਫੱਟੀਆਂ ਪਾੜੀਆਂ।
ਇਸ ਤੋਂ ਬਾਅਦ ਮੈਂ ਅਕਸਰ ਅੱਬਾ ਨਾਲ ਉਹਦੀ ਦੁਕਾਨ ‘ਤੇ ਜਾਣ ਲੱਗ ਪਿਆ। ਉਦੋਂ ਮੈਨੂੰ ਪਤਾ ਲੱਗਾ, ਸ਼ੇਰ ਮੁਹੰਮਦ ਅੱਧੇ ਕੰਮ ਬਗੈਰ ਕਿਸੇ ਲਾਲਚ ਦੇ ਕਰਦਾ ਸੀ। ਜੇ ਕਿਸੇ ਬੁੜ੍ਹੀ ਦੀ ਡੋਈ ਟੁੱਟ ਜਾਂਦੀ ਤੇ ਉਹ ਭੱਜੀ ਆਉਂਦੀ- ਵੇ ਸ਼ੇਰ ਮੁਹੰਮਦਾ, ਛੇਤੀ ਨਾਲ ਮੈਨੂੰ ਡੋਈ ਬਣਾ ਦੇ, ਹਾਂਡੀ ਚੁੱਲ੍ਹੇ ‘ਤੇ ਸੜ ਜਾਏਗੀ। ਸ਼ੇਰ ਮੁਹੰਮਦ ਸਾਰੇ ਕੰਮ ਛੱਡ ਕੇ ਡੋਈ ਬਣਾਉਣ ਲੱਗ ਪੈਂਦਾ। ਇਸੇ ਤਰ੍ਹਾਂ ਕਿਸੇ ਦਾ ਚਿਮਟਾ, ਕਿਸੇ ਦੀ ਫੂਕਨੀ, ਕਿਸੇ ਦੀ ਪੀੜ੍ਹੀ ਤੇ ਕਿਸੇ ਦੀ ਮੰਜੀ ਦੀ ਚੂਲ ਮੁਫਤੋ-ਮੁਫਤੀ ਬਣਾਉਣਾ ਆਪਣਾ ਫਰਜ਼ ਸਮਝਦਾ, ਤੇ ਪਿੰਡ ਦੀਆਂ ਬੁੜ੍ਹੀਆਂ ਏਸ ਨੂੰ ਆਪਣਾ ਹੱਕ ਸਮਝਦੀਆਂ। ਚੌਕ ਵਿਚ ਹਰ ਵੇਲੇ ਗੱਡੇ ‘ਤੇ ਸੁੱਕੀਆਂ ਲੱਕੜਾਂ ਦੇ ਇਕ-ਦੋ ਮੁੱਢ ਪਏ ਰਹਿੰਦੇ। ਹਲ, ਅਰਨੀਆਂ ਤੇ ਪੰਜਾਲੀਆਂ ਦਾ ਟੁੱਟਾ ਭੱਜਾ ਸਾਮਾਨ ਵੀ ਇਕ ਪਾਸੇ ਪਿਆ ਹੁੰਦਾ। ਇੰਨਾ ਕੁਝ ਹੋਣ ਪਾਰੋਂ ਵੀ ਇਹ ਥਾਂ ਖੁੱਲ੍ਹਾ ਮੈਦਾਨ ਮਲੂਮ ਹੁੰਦੀ। ਉਥੇ ਬਹਿਣ ਆਲੇ ਮੀਂਹ ਜਾਏ, ਹਨੇਰੀ ਜਾਏ, ਆਣ ਕੇ ਰੌਣਕ ਲਾਈ ਰੱਖਦੇ। ਹੁੱਕੇ ਦੇ ਅੰਗਿਆਰੇ ਇੰਨੇ ਲਾਲ ਹੁੰਦੇ, ਦਿਲ ਕਰਦਾ ਚੁੱਕ ਕੇ ਮੂੰਹ ਵਿਚ ਪਾ ਲਈਏ। ਅੰਗਾਰਿਆਂ ਦਾ ਰੰਗ ਜ਼ਰਾ ਕਾਲਾ ਪੈਂਦਾ, ਸ਼ੇਰ ਮੁਹੰਮਦ ਹੁੱਕੇ ਦਾ ਫਲ ਉਲਟ ਦਿੰਦਾ ਤੇ ਭੱਠੀ ‘ਚੋਂ ਨਵੇਂ ਅੰਗਾਰਿਆਂ ਨਾਲ ਚਿਲਮ ਭਰ ਦਿੰਦਾ। ਤਮਾਕੂ ਹਰ ਜ਼ਿਮੀਂਦਾਰ ਦੇ ਘਰ ਹੁੰਦਾ, ਕਦੇ ਕੋਈ ਖੱਬੜ (ਵੱਟਿਆ ਹੋਇਆ ਤੰਬਾਕੂ) ਚੁੱਕ ਲਿਆਂਦਾ ਤੇ ਕਦੇ ਕੋਈ। ਇਕ ਪਾਸੇ ਪਾਣੀ ਦਾ ਘੜਾ ਪਿਆ ਹੁੰਦਾ। ਸੇਬਿਆਂ ਦੀ ਬੋਰੀ ਪਾਣੀ ਛਿੜਕ ਕੇ ਉਹਦੇ ਉਤੇ ਦਿੱਤੀ ਹੁੰਦੀ। ਗੱਲ ਕਾਹਦੀ, ਬਈ ਹੁੱਕਾ ਚੱਲਦਾ ਰਹਿੰਦਾ ਤੇ ਠੰਢਾ ਪਾਣੀ ਪਿਆ ਰਹਿੰਦਾ। ਸ਼ੇਰ ਮੁਹੰਮਦ ਆਪਣੇ ਕੰਮ ਨੂੰ ਵੀ ਕੀਤੀ ਰੱਖਦਾ ਤੇ ਉਨ੍ਹਾਂ ਨਾਲ ਗੱਲਾਂ ‘ਚ ਵੀ ਪੂਰਾ ਲਹਿੰਦਾ।
ਸ਼ੇਰ ਮੁਹੰਮਦ ਨੂੰ ਇਹ ਦੁਕਾਨ ਸਰਦਾਰ ਮੋਹਨ ਸਿੰਘ ਨੇ ਬਣਾ ਕੇ ਦਿੱਤੀ ਸੀ। ਇਹਨੇ ਉਜਾੜੇ ਤੋਂ ਪਹਿਲਾਂ ਉਹਨੂੰ ਕਸੂਰ ਤੋਂ ਲਿਆ ਕੇ ਵਸਾਇਆ ਸੀ। ਮੋਹਨ ਸਿੰਘ ਨੇ ਇਸ ਚੌਕ ਵਿਚ ਉਹਦੀ ਦੁਕਾਨ ਬਣਾ ਕੇ ਦੇਣ ਤੋਂ ਇਲਾਵਾ ਦਸ ਮਰਲੇ ਦਾ ਘਰ ਵੀ ਦਿੱਤਾ। ਉਂਜ ਤਾਂ ਕੋਠੇ ਤੇ ਡਿਓੜੀ ਕੱਚੀ ਸੀ ਪਰ ਪੱਕਿਆਂ ਨਾਲੋਂ ਵਧ ਕੇ ਸੀ। ਤਿੰਨ ਇੱਟਾਂ ਦੀਆਂ ਚੌੜੀਆਂ ਕੰਧਾਂ ਤੇ ਛੱਤਾਂ ਉਸਾਰੀਆਂ ਸਨ। ਪਹਿਲਾਂ-ਪਹਿਲ ਉਹ ਸਰਦਾਰ ਮੋਹਨ ਸਿੰਘ ਦਾ ਸੇਪੀ ਰਿਹਾ। ਉਹਦੀਆਂ ਮੰਜੀਆਂ ਪੀੜ੍ਹੀਆਂ ਤੋਂ ਇਲਾਵਾ ਲੋਹੇ ਲੱਕੜ ਦਾ ਜਿੰਨਾ ਕੰਮ ਸੀ, ਇਹੀ ਕਰਦਾ ਪਰ ਥੋੜ੍ਹੇ ਅਰਸੇ ਬਾਅਦ ਅੱਧੇ ਪਿੰਡ ਦਾ ਕੰਮ ਉਹਦੇ ਕੋਲ ਆਉਣ ਲੱਗ ਪਿਆ।
ਇਸ ਚੌਕ ਵਿਚ ਜਦੋਂ ਸ਼ੇਰ ਮੁਹੰਮਦ ਨੇ ਦੁਕਾਨ ਬਣਾਈ, ਉਦੋਂ ਕੋਈ ਛਾਂ ਨਹੀਂ ਸੀ। ਚਾਰ-ਚੁਫੇਰੇ ਧੂੜ ਉਡਦੀ। ਹਨੇਰੀ ਚੱਲਣ ਨਾਲ ਹਰ ਪਾਸੇ ਮਿੱਟੀਓ-ਮਿੱਟੀ ਹੋ ਜਾਂਦੀ। ਇਕ ਦਿਨ ਸ਼ੇਰ ਮੁਹੰਮਦ ਨੇ ਦੁਕਾਨ ਦੇ ਅੱਗੇ ਵੱਡਾ ਸਾਰਾ ਛੱਪਰ ਛੱਤ ਲਿਆ। ਸ਼ਾਮ ਨੂੰ ਜਦੋਂ ਸਰਦਾਰ ਮੋਹਨ ਸਿੰਘ ਬਾਹਰ ਨਿਕਲਿਆ ਤੇ ਉਹਨੇ ਵੇਖਿਆ, ਸ਼ੇਰ ਮੁਹੰਮਦ ਨੇ ਛਾਂ ਪਾਰੋਂ ਛੱਪਰ ਛੱਤ ਲਿਆ ਏ। ਇਸ ਨਾਲ ਮਿੱਟੀ ਘੱਟੇ ਤੋਂ ਕੁਝ ਸਕੂਨ ਹੋ ਗਿਆ ਏ। ਉਹ ਆ ਕੇ ਥੋੜ੍ਹੀ ਦੇਰ ਦੁਕਾਨ ‘ਤੇ ਬਹਿ ਗਿਆ। ਉਹਦੀ ਵੇਖਾ-ਵੇਖੀ ਇਕ ਦੋ ਬੰਦੇ ਹੋਰ ਵੀ ਆ ਗਏ ਤੇ ਇਸ਼ਾ ਦੀ ਬਾਂਗ ਤਾਈਂ ਉਥੇ ਰੌਣਕ ਲੱਗੀ ਰਹੀ। ਦੂਜੇ ਦਿਨ ਸਰਦਾਰ ਮੋਹਨ ਸਿੰਘ ਨੂੰ ਕੀ ਸੁੱਝੀ, ਦੁਪਹਿਰੀਂ ਆਪਣੇ ਨੌਕਰ ਦੇ ਸਿਰ ‘ਤੇ ਟਾਹਲੀ ਦਾ ਬੂਟਾ ਚੁਕਾਈ ਲਿਆਇਆ। ਬੂਟਾ ਲਵਾ ਕੇ ਇਕ ਘੜਾ ਪਾਣੀ ਦਾ ਦੇ ਦਿੱਤਾ। ਸ਼ੇਰ ਮੁਹੰਮਦ ਇਹ ਸਾਰਾ ਕੁਝ ਵੇਖ ਰਿਹਾ ਸੀ। ਉਹਨੇ ਆਖਿਆ: ਸਰਦਾਰ ਮੋਹਣੇ ਖਾਂ! ਮੈਨੂੰ ਵੀ ਕੋਈ ਖਿਦਮਤ ਦੱਸੋ। ਮੋਹਨ ਸਿੰਘ ਨੇ ਆਖਿਆ: ਸ਼ੇਰੇ, ਤੂੰ ਹਰ ਵੇਲੇ ਉਸ ਚੌਕ ਵਿਚ ਬੈਠਾ ਹੁੰਦਾ ਐਂ। ਮੈਂ ਇਹ ਬੂਟਾ ਲਾ ਦਿੱਤਾ ਏ। ਤੂੰ ਇਹਨੂੰ ਪਾਣੀ ਦੇ ਛੱਡਿਆ ਕਰ ਤੇ ਨਾਲੇ ਨੁਕਸਾਨ ਤੋਂ ਬਚਾਈ ਰੱਖ। ਸ਼ੇਰ ਮੁਹੰਮਦ ਨੇ ਜਵਾਬ ਦਿੱਤਾ: ਲੈ ਸਰਦਾਰ ਜੀ, ਇਹਦੀ ਹਿਫਾਜ਼ਤ ਮੇਰੇ ਜ਼ਿੰਮੇ ਰਹੀ। ਮੇਰੀ ਹਯਾਤੀ ਇਸ ਬੂਟੇ ਦੇ ਨਾਂ ਹੋ ਗਈ ਫਿਰ। ਸਰਦਾਰ ਮੋਹਨ ਸਿੰਘ ਉਹਦੀ ਗੱਲ ਸੁਣ ਕੇ ਹੱਸ ਪਿਆ। ਨੌਕਰ ਨੇ ਬੂਟੇ ਦੇ ਆਸੇ-ਪਾਸੇ ਕਿੱਕਰ ਦੇ ਛਾਪੇ ਲਾ ਦਿੱਤੇ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਸ਼ੇਰ ਮੁਹੰਮਦ ਨੇ ਲੋਹੇ ਦੀਆਂ ਦੋ ਸੂਤਰ ਮੋਟੀਆਂ ਪੱਤਰੀਆਂ ਤੇ ਤਿੰਨ ਸੂਤਰ ਦੀਆਂ ਤਾਰਾਂ ਨਾਲ ਕੰਡੇ ਆਲੀ ਵਾੜ ਬਣਾ ਦਿੱਤੀ। ਕੰਡੇ ਸੂਈਆਂ ਤਰ੍ਹਾਂ ਲੰਮੇ ਤੇ ਨੁਕੀਲੇ ਸੀ। ਦੂਜਾ ਕੰਮ ਇਹ ਫੜ ਲਿਆ, ਬਈ ਸਾਝਰੇ ਨਮਾਜ਼ ਵੇਲੇ ਘੜਾ ਪਾਣੀ ਦਾ ਦੇਣਾ ਆਪਣੇ ਉਤੇ ਫਰਜ਼ ਸਮਝ ਲਿਆ।
ਜਿਵੇਂ-ਜਿਵੇਂ ਬੂਟਾ ਵੱਡਾ ਹੁੰਦਾ ਗਿਆ, ਪਾਣੀ ਦੇ ਘੜੇ ਵਧਦੇ ਗਏ ਤੇ ਵਾੜ ਵੱਡੀ ਹੁੰਦੀ ਗਈ। ਕੋਈ ਵਕਤ ਆਇਆ, ਵਾੜ ਦੀ ਜ਼ਰੂਰਤ ਨਾ ਰਹੀ ਪਰ ਪਾਣੀ ਪਾਉਣਾ ਉਹਨੇ ਨਾ ਛੱਡਿਆ। ਇਹ ਬੂਟਾ ਇੰਨਾ ਫੈਲਿਆ, ਬਈ ਸਾਰੇ ਚੌਕ ਨੂੰ ਉਹਦੀ ਛਾਂ ਨੇ ਘੇਰ ਲਿਆ। ਸਰਦਾਰ ਮੋਹਨ ਸਿੰਘ ਦਾ ਮੰਜਾ ਵੀ ਇਸ ਛਾਂ ਥੱਲੇ ਆਣ ਲੱਗਾ। ਗੂੜ੍ਹੀ ਛਾਂ ਵੇਖ ਕੇ ਸਰਦਾਰ ਮੋਹਨ ਸਿੰਘ ਨੇ ਕਈ ਵਾਰੀ ਆਖਿਆ, ਸ਼ੇਰ ਮੁਹੰਮਦਾ, ਇਸ ਟਾਹਲੀ ਦੀ ਹਯਾਤੀ ਤੇਰੀ ਹਯਾਤੀ ਨਾਲ ਜੁੜ ਗਈ ਏ। ਅਸੀਂ ਭਾਵੇਂ ਨਾ ਰਹੀਏ ਪਰ ਇਹ ਟਾਹਲੀ ਆਉਣ ਆਲੀਆਂ ਨਸਲਾਂ ਨੂੰ ਛਾਂ ਦਿੰਦੀ ਰਹੇਗੀ।
ਇਸ ਵੇਲੇ ਨੂੰ ਵੀਹ ਸਾਲ ਲੰਘ ਗਏ। ਫਿਰ ਇਕ ਦਿਨ ਉਜਾੜਾ ਪੈ ਗਿਆ। ਸਰਦਾਰ ਮੋਹਨ ਸਿੰਘ ਨੂੰ ਭਾਰ ਚੁੱਕ ਕੇ ਲੁਧਿਆਣੇ ਜਾਣਾ ਪੈ ਗਿਆ। ਜਾਂਦਿਆਂ ਉਹ ਧਾਹੀਂ ਮਾਰ ਕੇ ਰੋਇਆ। ਉਹਦਾ ਮੰਜਾ ਉਸ ਟਾਹਲੀ ਥੱਲੇ ਪਿਆ ਰਹਿ ਗਿਆ। ਇਕ ਦਿਨ ਮੇਰੇ ਪਿਓ ਨੂੰ ਸ਼ੇਰ ਮੁਹੰਮਦ ਦੱਸਿਆ: ਭਾਈ ਬਸ਼ੀਰ, ਮੈਨੂੰ ਉਹ ਦਿਨ ਨਹੀਂ ਭੁੱਲਦਾ ਜਿਸ ਦਿਨ ਸਰਦਾਰ ਮੋਹਨ ਸਿੰਘ ਹਵੇਲੀ ਦੀਆਂ ਕੰਧਾਂ ਨਾਲ ਲੱਗ ਕੇ ਰੋਇਆ। ਮੋਹਨ ਸਿੰਘ ਦਾ ਭਾਰ ਗੱਡਿਆਂ ‘ਤੇ ਲੱਦਿਆ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਏ, ਓਹਦੀ ਪੱਗ ਦਾ ਸ਼ਮਲਾ ਖੁੱਲ੍ਹ ਕੇ ਗਲ ਵਿਚ ਪੈ ਗਿਆ ਸੀ। ਸਰਦਾਰ ਮੋਹਨ ਸਿੰਘ ਦਾ ਕੁੱਲ ਸਾਮਾਨ ਗੱਡਿਆਂ ‘ਤੇ ਸੀ ਪਰ ਟਾਹਲੀ ਥੱਲੇ ਪਈ ਉਹ ਮੰਜੀ ਉਹਨੇ ਨੌਕਰਾਂ ਨੂੰ ਨਹੀਂ ਚੁੱਕਣ ਦਿੱਤੀ। ਉਹਨੇ ਆਖਿਆ: ਤੁਹਾਨੂੰ ਨਹੀਂ ਪਤਾ ਇਸ ਮੰਜੀ ਉਤੇ ਮੇਰੀ ਰੂਹ ਪਈ ਏ। ਇਹਨੂੰ ਇਥੇ ਈ ਪਈ ਰਹਿਣ ਦਿਓ। ਅੱਜ ਉਹਨੂੰ ਪਿੰਡ ਛੱਡੇ ਪੰਝੀ ਸਾਲ ਹੋ ਗਏ ਨੇ ਤੇ ਇਸ ਮੰਜੀ ਨੂੰ ਟਾਹਲੀ ਥੱਲੇ ਪੰਤਾਲੀ ਸਾਲ ਲੰਘ ਗਏ ਨੇ।
ਵਕਤ ਲੰਘਦਾ ਗਿਆ, ਸ਼ੇਰ ਮੁਹੰਮਦ ਲੁਹਾਰ ਦਾ ਕੰਮ ਚੱਲਦਾ ਰਿਹਾ, ਫਿਰ ਉਹ ਕਜ਼ੀਆ ਪਿਆ ਜਿਸ ਦਾ ਕਿਸੇ ਨੂੰ ਖਿਆਲ ਵੀ ਨਹੀਂ ਸੀ। ਉਦੋਂ ਮੈਂ ਪੰਦਰਾਂ ਸਾਲ ਦਾ ਸਾਂ। ਸਰਦਾਰ ਮੋਹਨ ਸਿੰਘ ਦੀ ਹਵੇਲੀ ਜਿਸ ਫੌਜੀ ਨੇ ਅਲਾਟ ਕਰਾਈ ਸੀ, ਇਕ ਦਿਨ ਉਹਦੀ ਧੀ ਦੀ ਸ਼ਾਦੀ ਆ ਗਈ। ਧੀ ਦੇ ਦਾਜ ਵਾਸਤੇ ਉਹਨੇ ਫਰਨੀਚਰ ਦੇ ਟਰੱਕ ਭਰ ਕੇ ਦੇਣ ਦਾ ਇਰਾਦਾ ਕਰ ਲਿਆ। ਉਹਨੂੰ ਕਿਸੇ ਦੱਸ ਛੱਡਿਆ, ਬਈ ਚੌਕ ਆਲੀ ਟਾਹਲੀ ਦੀ ਲੱਕੜ ਕਾਲੀ ਸਿਆਹ ਏ। ਸਿਕੰਦਰ ਖਾਂ ਨੇ ਟਾਹਲੀ ਵੱਢਣ ਦੀ ਨੀਅਤ ਕਰ ਲਈ। ਪਿੰਡ ਆਲਿਆਂ ਬੜਾ ਸਮਝਾਇਆ, ਭਾਈ ਸਿਕੰਦਰ! ਬਾਹਰੋਂ ਕਿਤੋਂ ਚੰਗੀ ਲੱਕੜ ਲੱਭ ਜਾਏਗੀ। ਇਸ ਟਾਹਲੀ ਨੂੰ ਜਾਣ ਦੇ। ਇਕ ਤਾਂ ਚੌਕ ‘ਚ ਛਾਂ ਦੀ ਰੌਣਕ ਏ, ਦੂਜਾ ਇਹ ਸਰਦਾਰ ਮੋਹਨ ਸਿੰਘ ਦੀ ਨਿਸ਼ਾਨੀ ਏ ਪਰ ਉਹ ਨਾ ਮੰਨਿਆ।
ਸ਼ੇਰ ਮੁਹੰਮਦ ਨੇ ਮੇਜਰ ਸਿਕੰਦਰ ਖਾਂ ਦੇ ਕਦਮਾਂ ‘ਚ ਆਪਣੀ ਪੱਗ ਰੱਖ ਦਿੱਤੀ ਤੇ ਬੜੀਆਂ ਮਿੰਨਤਾਂ ਕੀਤੀਆਂ, ਬਈ ਇਹ ਟਾਹਲੀ ਛੱਡ ਦੇ, ਮੈਂ ਤੈਨੂੰ ਕਿਤੋਂ ਚੰਗੀ ਲੱਕੜ ਲੱਭ ਕੇ ਦਾਜ ਬਣਾ ਦਿਆਂਗਾ। ਇਹ ਸਰਦਾਰ ਮੋਹਨ ਸਿੰਘ ਦੀ ਨਿਸ਼ਾਨੀ ਏ। ਸਰਦਾਰ ਮੋਹਨ ਸਿੰਘ ਦਾ ਨਾਂ ਸੁਣ ਕੇ ਸਿਕੰਦਰ ਖਾਂ ਦੀ ਅਨਾਅ ਨੂੰ ਸੱਟ ਲੱਗ ਗਈ। ਉਹਨੇ ਆਖਿਆ: ਪਿਛਲੇ ਵੀਹ ਸਾਲ ਤੋਂ ਮੈਂ ਇਸ ਚੌਕ ਦੀ ਟਾਹਲੀ ਤੇ ਹਵੇਲੀ ਦਾ ਮਾਲਕ ਆਂ ਪਰ ਅਜੇ ਤਕ ਲੋਕਾਂ ਨੂੰ ਸਮਝ ਨਹੀਂ ਆਈ, ਲੋਕੀਂ ਇਹਨੂੰ ਅੱਜ ਵੀ ਮੋਹਨ ਸਿੰਘ ਦੀ ਮਲਕੀਅਤ ਸਮਝੀ ਜਾਂਦੇ ਨੇ। ਹੁਣ ਮੈਂ ਵੀ ਆਪਣੇ ਪਿਓ ਦਾ ਨਹੀਂ, ਜੇ ਇਹ ਟਾਹਲੀ ਨੂੰ ਨਾ ਵੱਢਾਂ, ਸ਼ੇਰ ਮੁਹੰਮਦ ਤੂੰ ਆਪਣੀ ਪੱਗ ਆਪਣੇ ਕੋਲੇ ਰੱਖ, ਇਥੇ ਮੈਂ ਇਕ ਦੀ ਥਾਂ ਪੰਜ ਟਾਹਲੀਆਂ ਹੋਰ ਲਾ ਦਿਆਂਗਾ।
ਸ਼ੇਰ ਮੁਹੰਮਦ ਨੇ ਜਵਾਬ ਦਿੱਤਾ: ਸਿਕੰਦਰ ਖਾਂ, ਮੈਂ ਸਰਦਾਰ ਮੋਹਨ ਸਿੰਘ ਨਾਲ ਇਸ ਦਾ ਜ਼ਿੰਮਾ ਲਿਆ ਏ, ਇਹ ਟਾਹਲੀ ਵਢੀਂਦੀ ਮੈਂ ਤਾਂ ਅੱਖਾਂ ਨਾਲ ਨਹੀਂ ਵੇਖ ਸਕਦਾ। ਸਿਕੰਦਰ ਖਾਂ ਸ਼ੇਰ ਮੁਹੰਮਦ ਦੀ ਗੱਲ ਸੁਣ ਕੇ ਹੱਸ ਪਿਆ ਤੇ ਆਖਿਆ: ਜੇ ਮੈਂ ਟਾਹਲੀ ਵੱਢ ਦਿਆਂਗਾ ਤਾਂ ਤੂੰ ਕੀ ਫਾਹਾ ਲੈ ਲੈਂਗਾ। ਮੈਂ ਇਹਦਾ ਸੌਦਾ ਕਰ ਲਿਆ ਏ। ਕੱਲ੍ਹ ਸ਼ਹਿਰੋਂ ਮਿਸਤਰੀ ਇਹਨੂੰ ਵੱਢਣ ਆ ਰਿਹਾ ਏ। ਸ਼ੇਰ ਮੁਹੰਮਦ ਨੇ ਜਦੋਂ ਇਹ ਗੱਲ ਸੁਣੀ ਤਾਂ ਰੋ ਪਿੱਟ ਕੇ ਦੁਕਾਨ ‘ਤੇ ਆ ਬੈਠਾ। ਉਸ ਦਿਨ ਉਹਨੇ ਇਸ਼ਾ ਵੇਲੇ ਤਕ ਕਿਸੇ ਨਾਲ ਗੱਲ ਨਾ ਕੀਤੀ, ਮੂੰਹ ਥੱਲੇ ਕਰ ਕੇ ਸੋਚੀਂ ਪਿਆ ਰਿਹਾ। ਅੱਜ ਨਾ ਤਾਂ ਭੱਠੀ ਦੀ ਅੱਗ ਨੂੰ ਗੇੜੇ ਦਿੱਤੇ, ਨਾ ਹੁੱਕੇ ਦੇ ਅੰਗਿਆਰਿਆਂ ਦਾ ਖਿਆਲ ਕੀਤਾ। ਚਿਲਮ ਦੀ ਅੱਗ ਪਹਿਲਾਂ ਕਾਲੀ ਹੋਈ ਤੇ ਫਿਰ ਸੁਆਹ ਬਣ ਗਈ। ਦੁਕਾਨ ‘ਤੇ ਬਹਿਣ ਆਲਿਆਂ ਸ਼ੇਰ ਮੁਹੰਮਦ ਨੂੰ ਦਿਲਾਸਾ ਦੇਣਾ ਸ਼ੁਰੂ ਕਰ ਦਿੱਤਾ, ਬਈ ਕੋਈ ਗੱਲ ਨਹੀਂ, ਸਿਕੰਦਰ ਉਥੇ ਹੋਰ ਟਾਹਲੀਆਂ ਲਵਾ ਦੇਗਾ। ਬੰਦਾ ਜੀਂਦਾ ਰਹੇ ਤੇ ਟਾਹਲੀਆਂ ਲੱਗਦੀਆਂ ਰਹਿੰਦੀਆਂ ਨੇ। ਸ਼ੇਰ ਮੁਹੰਮਦ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਪਰ ਉਹਦਾ ਧਿਆਨ ਕਿਤੇ ਹੋਰ ਈ ਸੀ। ਉਹਨੇ ਆਖਿਆ: ਮੇਰੇ ਭਰਾਉ! ਮੈਥੋਂ ਇਸ ਟਾਹਲੀ ਨੂੰ ਕੁਹਾੜਾ ਵੱਜਦਾ ਨਹੀਂ ਵੇਖਿਆ ਜਾਣਾ। ਜੇ ਸਿਕੰਦਰ ਖਾਂ ਨੇ ਇਹ ਫੈਸਲਾ ਕਰ ਈ ਲਿਆ ਏ ਤਾਂ ਮੈਂ ਵੀ ਫੈਸਲਾ ਕੀਤੀ ਬੈਠਾਂ।
ਦੂਜੇ ਦਿਨ ਸਿਕੰਦਰ ਖਾਂ ਦੇ ਤਰਖਾਣ ਮੂੰਹ ਹਨੇਰੇ ਟਾਹਲੀ ਵੱਢਣ ਲਈ ਆਰੀਆਂ, ਕੁਹਾੜੇ ਲੈ ਕੇ ਅੱਪੜ ਗਏ। ਟਾਹਲੀ ਦਾ ਘੇਰ ਪੂਰੇ ਪੰਜ ਬੰਦਿਆਂ ਦੇ ਥੱਬੀਆਂ ਬਰਾਬਰ ਸੀ ਤੇ ਉਹਦੇ ਟਾਹਣੇ ਚੰਗੀਆਂ ਨਹਿਰੀ ਟਾਹਲੀਆਂ ਨੂੰ ਕੰਡ ਕਰਦੇ ਸਨ। ਤਰਖਾਣ ਰੱਸੇ ਤੇ ਆਰੇ ਮੁੱਢ ਨਾਲ ਰੱਖ ਕੇ ਟਾਹਲੀ ਦਾ ਜਾਇਜ਼ਾ ਲੈਣ ਲੱਗ ਪਏ। ਉਸੇ ਵੇਲੇ ਕਿਸੇ ਤਰਖਾਣ ਦੀ ਨਜ਼ਰ ਇਕ ਟਾਹਣ ‘ਤੇ ਪਈ। ਉਹ ਵੇਖ ਕੇ ਹੈਰਾਨ ਰਹਿ ਗਿਆ। ਟਾਹਲੀ ਦੇ ਟਾਹਣ ਨਾਲ ਕਿਸੇ ਦੀ ਲਾਸ਼ ਲਟਕੀ ਹੋਈ ਸੀ ਤੇ ਉਹਦੇ ਗਲ ‘ਚ ਫੱਟੀ ਸੀ। ਲਾਸ਼ ਵੇਖ ਕੇ ਮਿਸਤਰੀ ਦੇ ਹੋਸ਼ ਉਡ ਗਏ। ਉਹਦੇ ਹੱਥੋਂ ਕੁਹਾੜਾ ਡਿੱਗ ਪਿਆ। ਇਸ ਤੋਂ ਬਾਅਦ ਇਕ ਪਲ ਵਿਚ ਸਾਰਾ ਪਿੰਡ ਟਾਹਲੀ ਥੱਲੇ ਜਮ੍ਹਾਂ ਹੋ ਗਿਆ। ਸਿਕੰਦਰ ਖਾਂ ਵੀ ਅੱਪੜ ਗਿਆ। ਸ਼ੇਰ ਮੁਹੰਮਦ ਦੇ ਗਲ ਵਿਚ ਰੱਸੀ ਦਾ ਫਾਹਾ ਸੀ ਤੇ ਉਹ ਟਾਹਣ ਨਾਲ ਲਗਰ ਵਾਂਗੂੰ ਝੂਟੇ ਲੈ ਰਿਹਾ ਸੀ। ਗਲ ਵਿਚ ਪਾਈ ਹੋਈ ਤਖਤੀ ‘ਤੇ ਲਿਖਿਆ ਸੀ: ਮੈਂ ਸ਼ੇਰ ਮੁਹੰਮਦ ਲੁਹਾਰ ਇਸ ਟਾਹਲੀ ਦੀ ਟਹਿਣੀ ਆਂ। ਸੁਣਿਆ ਏ, ਮਰਨ ਆਲੇ ਦੀ ਵਸੀਅਤ ਨੂੰ ਪੂਰਾ ਕਰਨਾ ਫਰਜ਼ ਏ। ਮੇਰੀ ਵਸੀਅਤ ਏ, ਜੇ ਸਿਕੰਦਰ ਖਾਂ ਨੇ ਟਾਹਲੀ ਵੱਢਣ ਦੀ ਜ਼ਿੱਦ ਪੂਰੀ ਕਰਨੀ ਹੈ ਤਾਂ ਉਹ ਮੇਰੇ ਜਿਸਮ ਦੀ ਟਹਿਣੀ ‘ਤੇ ਵੀ ਆਰਾ ਫੇਰ ਦੇਵੇ। ਸ਼ਾਇਦ ਮੇਰੀ ਕੋਈ ਹੱਡੀ ਉਹਦੀ ਧੀ ਦੇ ਪਲੰਘ ਦਾ ਸੇਰੂ ਜਾਂ ਪਾਵਾ ਬਣ ਜਾਏ।
ਖਲਕਤ ਉਚੀਆਂ ਨਜ਼ਰਾਂ ਕਰ ਕੇ ਲਾਸ਼ ਵੇਖਦੀ ਰਹੀ ਤੇ ਅੱਖਾਂ ‘ਚੋਂ ਅੱਥਰੂ ਡੇਗਦੀ ਰਹੀ। ਅਖੀਰ ਸਿਕੰਦਰ ਖਾਂ ਅੱਗੇ ਵਧਿਆ। ਉਹਨੇ ਆਵਦੇ ਨੌਕਰ ਨੂੰ ਆਖਿਆ: ਸ਼ੇਰ ਮੁਹੰਮਦ ਦੀ ਲਾਸ਼ ਨੂੰ ਲਾਹ ਕੇ ਇਸ ਟਾਹਲੀ ਥੱਲੇ ਦਫਨ ਕਰ ਦਿਓ। ਅੱਜ ਤੋਂ ਬਾਅਦ ਟਾਹਲੀ ਨੂੰ ਪਾਣੀ ਦੇਣ ਦੀ ਡਿਊਟੀ ਮੇਰੇ ਜ਼ਿੰਮੇ ਰਹੀ। ਫਿਰ ਸ਼ੇਰ ਮੁਹੰਮਦ ਦਾ ਜਨਾਜ਼ਾ ਪੜ੍ਹਾ ਕੇ ਟਾਹਲੀ ਦੇ ਮੁੱਢ ਨਾਲ ਕਬਰ ਬਣਾ ਦਿੱਤੀ ਤੇ ਕਬਰ ਦੇ ਉਤੇ ‘ਸ਼ੇਰ ਮੁਹੰਮਦ ਟਾਹਲੀ ਆਲਾ’ ਲਿਖਾ ਦਿੱਤਾ।
ਮੈਂ ਅੱਜ ਇਸ ਕਬਰ ‘ਤੇ ਫਾਤਿਹਾ ਪੜ੍ਹ ਕੇ ਬੜੀ ਦੇਰ ਸੋਚਦਾ ਰਿਹਾ ਆਂ, ਜਿਹੜੇ ਛਾਂਵਾਂ ਦੀ ਰਖਵਾਲੀ ਕਰਦੇ ਨੇ, ਛਾਂਵਾਂ ਉਨ੍ਹਾਂ ਦੀਆਂ ਕਬਰਾਂ ਦੀ ਰਾਖੀ ਬਹਿ ਜਾਂਦੀਆਂ ਨੇ।