13.3 C
Los Angeles
Wednesday, December 4, 2024

ਵਾਰ ਚਾਂਦ ਬੀਬੀ

(ਬਾਬੂ ਫ਼ੀਰੋਜ਼ਦੀਨ ਸ਼ਰਫ਼)

ਲੋਹਿਆ ਮੁਸਲਿਮ ਔਰਤਾਂ ਦਾ ਦੁਨੀਆਂ ਮੰਨੇ
ਪੀਤੇ ਇਨ੍ਹਾਂ ਬਹਾਦਰੀ ਦੇ ਭਰ ਭਰ ਛੰਨੇ
ਗੁੱਤਾਂ ਨਾਲ ਦਲੇਰੀਆਂ ਦੇ ਖੰਜਰ ਭੰਨੇ
ਮਾਰ ਚਪੇੜਾਂ ਦੰਦ ਨੇ ਸ਼ੇਰਾਂ ਦੇ ਭੰਨੇ
ਢਾਲਾਂ ਝੂਲੇ ਝੂਲਕੇ, ਤੇਗ਼ਾਂ ਵਿਚ ਪਲੀਆਂ
ਮਹਿਕ ਖਿਲਾਰੀ ਅਣਖ ਦੀ, ਇਸਲਾਮੀ ਕਲੀਆਂ ।1।

2

ਚਾਂਦ ਬੀਬੀ ਹੈ ਉਨ੍ਹਾਂ ‘ਚੋਂ, ਇਕ ਹੋਈ ਸੁਆਣੀ
ਅਲੀ ਅਦਲ ਸ਼ਾਹ ਮਰ ਗਿਆ, ਰਹੀ ਬੇਵਾ ਰਾਣੀ
ਬੀਜਾਪੁਰ ਦੇ ਰਾਜ ਦੀ, ਤੋੜਨ ਲਈ ਤਾਣੀ
ਭਰ ਭਰ ਆਇਆਂ ਦੂਤੀਆਂ ਦੇ, ਮੂੰਹ ਵਿਚ ਪਾਣੀ
ਚਾਂਦ ਬੀਬੀ ਨੇ ਤੇਗ਼ ਦੇ, ਉਹ ਚੰਦ ਚੜ੍ਹਾਏ
ਵਾਂਗ ਹਨੇਰੇ ਵੈਰੀਆਂ ਦੇ ਨਾਮ ਮਿਟਾਏ ।2।

3

ਪੇਕੇ ਘਰ ਦੀ ਅੱਗ ਨੇ ਪਰ ਭਾਂਬੜ ਲਾਇਆ
ਕਾਸਦ ਅਹਿਮਦ ਨਗਰ ਦਾ, ਪੈਗ਼ਾਮ ਲਿਆਇਆ
‘ਦਲ ਅਕਬਰ ਦਾ ਦਿੱਲੀਓਂ, ਹੈ ਚੜ੍ਹਕੇ ਆਇਆ
ਸ਼ਾਹਜ਼ਾਦੇ ਮੁਰਾਦ ਨੇ, ਹੈ ਖੌਰੂ ਪਾਇਆ
ਆਏ ਲਸ਼ਕਰ ਚੋਣਵੇਂ, ਤੋਪਾਂ ਤਲਵਾਰਾਂ
ਖਾਨਿ ਖਾਨਾ ਹੈ ਮਾਰਦਾ, ਜੰਗੀ ਲਲਕਾਰਾਂ’ ।3।

4

ਸੁਣਕੇ ਬਾਬਲ ਦੀ ਸਰਹੱਦੀ ਘੇਰੀ
ਰੋਹ ਵਿਚ ਉਠੀ ਸ਼ੇਰਨੀ, ਨ ਲਾਈ ਦੇਰੀ
ਬੇਰੀ ਵਾਂਗ ਹਲੂਣ ਗਏ ਆ ਜੋਸ਼ ਦਲੇਰੀ
ਝੱਖੜ ਲੈ ਕੇ ਫੌਜ ਦਾ, ਬਣ ਚੜ੍ਹੀ ਹਨੇਰੀ
ਆ ਕੇ ਅਹਿਮਦ ਨਗਰ ਦੇ, ਸੱਦ ਕੇ ਦਰਬਾਰੀ
ਘੜੀਆਂ ਅੰਦਰ ਜੰਗ ਦੀ, ਕਰ ਲਈ ਤਿਆਰੀ ।4।

5

ਓਧਰ ਹੈਸਨ ਦੱਖਣੀ, ਏਧਰ ਮੁਗ਼ਲੇਟੇ
ਰਣ ਵਿਚ ਦੋਵੇਂ ਬਣ ਗਏ ਤਾਣੇ ਤੇ ਪੇਟੇ
ਦੋਹਾਂ ਅੰਦਰ ਹੀ ਪਈ, ਮਾਰੇ ਪਲਸੇਟੇ
ਇਹ ਪਾਣੀ ਦੇ ਬੁਲਬੁਲੇ, ਉਹ ਫੜ ਫੜ ਮੋਟੇ
ਲਗਾ ਤੇਗ਼ਾਂ ਬਰਛੀਆਂ ਦਾ, ਇਦਾਂ ਮੇਲਾ
ਹੋਵੇ ਜਿਦਾਂ ਕਾਨਿਆਂ ਦਾ ਜੰਗਲ ਬੇਲਾ ।5।

6

ਤੋਪਾਂ ਦੀ ਗੜਗੱਜ ਨੇ ਮੈਦਾਨ ਕੰਬਾਏ
ਲਸ਼ਕਰ ਬਣ ਕੇ ਅੱਗ ਦੇ ਲੋਹੇ ਦੇ ਆਏ
ਮੀਂਹ ਜਿਨ੍ਹਾਂ ਨੇ ਅੱਗ ਦੇ ਪਿੜ ਵਿਚ ਵਸਾਏ
ਦਿਨ ਨੇ ਬਾਣੇ ਮਾਤਮੀ, ਤਨ ਉਤੇ ਪਾਏ
ਧੂੰਏਂ ਦੇ ਵਿਚ ਇਸ ਤਰ੍ਹਾਂ ਪੈਂਦੇ ਚਮਕਾਰੇ
ਅੰਬਰ ਉਤੇ ਚਮਕਦੇ ਜਿਉਂ ਰਾਤੀਂ ਤਾਰੇ ।6।

7

ਚਾਂਦ ਬੀਬੀ ਨੇ ਓਸ ਥਾਂ ਇਉਂ ਵਾਹੇ ਸਾਂਗੇ
ਫੜ ਫੜ ਜਿਦਾਂ ਆਜੜੀ, ਕਈ ਪਿਪਲ ਛਾਂਗੇ
ਵਧ ਵਧ ਲੈਂਦੀ ਵੈਰੀਆਂ ਤੋਂ ਇਦਾਂ ਭਾਂਗੇ
ਤੁਕਲੇ ਜਿਦਾਂ ਝਾੜਦੇ, ਕੋਈ ਫੜ ਕੇ ਢਾਂਗੇ
ਅਣਖ ਅਜ਼ਾਦੀ ਜੋਸ਼ ਦਾ, ਉਹ ਪਿਆਲਾ ਪੀਤਾ
ਜੂਲਾ ਪਕੜਿ ਗੁਲਾਮੀਆਂ ਦਾ ਟੋਟੇ ਕੀਤਾ ।7।

8

ਰਾਣੀ ਦੀ ਤਲਵਾਰ ਇਉਂ ਫੇਰੇ ਹੂੰਝੇ
ਰਣ ਵਿਚ ਲਾਵੇ ਟੁੱਭੀਆਂ ਜਾ ਨਿਕਲੇ ਖੂੰਜੇ
ਇਧਰ ਕੜਕੇ ਮਾਰਦੀ, ਜਾ ਓਧਰ ਗੂੰਜੇ
ਟੋਟੇ ਕਰਦੀ ਸਿਰਾਂ ਦੇ, ਧੜ ਕਰਦੀ ਲੂੰਜੇ
ਕਿਧਰੇ ਮੋਛੇ ਪਾਂਵਦੀ, ਕਿਤੇ ਫੇਰੇ ਰੰਦੇ
ਧੰਦੇ ਕਿਤੇ ਮੁਕਾਂਵਦੀ, ਕਿਤੇ ਤੋੜੇ ਫੰਧੇ ।8।

9

ਅਲੀ ਅਲੀ ਕਰ ਪਾਂਵਦੀ, ਪਈ ਕਿਤੇ ਧਮਾਲਾਂ
ਬਾਜ਼ਾਂ ਵਾਂਗੂੰ ਝਰੁਟ ਤੇ, ਸ਼ੀਂਹਣੀ ਦੀਆਂ ਛਾਲਾਂ
ਕਿਧਰੇ ਤੇਗ਼ਾਂ ਤੋੜਦੀ, ਕਿਤੇ ਭੰਨੇ ਢਾਲਾਂ
ਬੰਦ ਕਿਲੇ ਵਿਚ ਬੈਠ ਕੇ, ਕਈ ਚਲੇ ਚਾਲਾਂ
ਰਾਤੀਂ ਉਠ ਉਠ ਮਾਰਦੀ, ਉਹ ਕਿਧਰੇ ਛਾਪੇ
ਘਰ ਘਰ ਜਾ ਮੁਗ਼ਲਾਣੀਆਂ ਦੇ ਪਏ ਸਿਆਪੇ ।9।

10

ਜਿਹੜੀ ਗੁੱਠੇ ਓਸ ਦਾ, ਜਾ ਘੋੜਾ ਧਮਕੇ
ਟੁੱਟੇ ਮਣਕਾ ਧੌਣ ਦਾ, ਸਿਰ ਆਪੇ ਲਮਕੇ
ਬੁਰਕੇ ਵਿਚੋਂ ਚਾਂਦ ਦਾ, ਇਉਂ ਚਿਹਰਾ ਚਮਕੇ
ਕਾਲੀ ਘਟ ਵਿਚ ਜਿਸ ਤਰ੍ਹਾਂ, ਪਈ ਬਿਜਲੀ ਦਮਕੇ
ਜ਼ਿਰ੍ਹਾ ਬਕਤਰ ਲਿਸ਼ਕਦਾ, ਸਿਰ ਖੋਦ ਸੁਹਾਵੇ
ਮੱਛੀ ਬਣ ਬਣ ਤਾਰੀਆਂ, ਪਈ ਰਣ ਵਿਚ ਲਾਵੇ ।10।

11

ਦਲ ਮੁਗ਼ਲਾਂ ਦਾ ਕੰਬਿਆ, ਉਡੀਆਂ ਫਖਤਾਈਆਂ
ਖਾਨਖਾਨਾ ਨੇ ਕੀਤੀਆਂ ਪਰ ਇਹ ਸਫਾਈਆਂ
ਧਰਤੀ ਅੰਦਰ ਕਿਲ੍ਹੇ ਤੱਕ ਸੁਰੰਗਾਂ ਕਢਵਾਈਆਂ
ਗੱਡੇ ਘੱਲ ਬਾਰੂਦ ਦੇ, ਉਹ ਸਭ ਭਰਾਈਆਂ
ਇਧਰ ਆਣ ਜਸੂਸ ਨੇ, ਕੁਲ ਖਬਰ ਪੁਚਾਈ
ਚਾਂਦ ਬੀਬੀ ਨੇ ਉਠ ਕੇ ਇਹ ਅਕਲ ਲੜਾਈ ।11।

12

ਇਕ ਸੁਰੰਗ ਤੇ ਲੱਭ ਕੇ, ਪਾਣੀ ਭਰਵਾਇਆ
ਐਪਰ ਦੂਜੀ ਸੁਰੰਗ ਦਾ, ਕੁਝ ਪਤਾ ਨਾ ਆਇਆ
ਉਧਰ ਜਾ ਮੁਰਾਦ ਨੂੰ, ਇਹ ਕਿਸੇ ਸੁਣਾਇਆ
ਗਿਆ ਤੁਹਾਡੀ ਚਾਲ ਦੇ ਸਿਰ ਪਾਣੀ ਪਾਇਆ
ਗੁੱਸੇ ਵਿਚ ਮੁਰਾਦ ਨੇ, ਇਹ ਕਾਰਾ ਕੀਤਾ
ਲਾਇਆ ਜਾ ਬਰੂਦ ਨੂੰ, ਫੜ ਅੱਗ ਪਲੀਤਾ ।12।

13

ਇਕ ਸੁਰੰਗ ਤੇ ਬਚ ਗਈ, ਪਰ ਦੂਜੀ ਉੱਡੀ
ਇਟਾਂ ਏਦਾਂ ਉਡੀਆਂ ਜਿਉਂ ਉੱਡੇ ਗੁੱਡੀ
ਵੇਖ ਵੇਖ ਕੇ ਦੁਸ਼ਮਣਾਂ ਨੇ ਪਾਈ ਲੁੱਡੀ
ਹਾਰੇ ਮੂਲ ਨਾ ਹੌਂਸਲੇ, ਪਰ ਬੇੜਾ ਬੁਡੀ
ਰਾਤੋ ਰਾਤ ਕਿਲੇ ਦਾ ਕੁਲ ਕੋਟ ਬਣਾਇਆ
ਫਜ਼ਰੇ ਉਠ ਮੁਰਾਦ ਨਾਲ ਫਿਰ ਮੱਥਾ ਲਾਇਆ ।13।

14

ਗ਼ੈਰਤ ਅੰਦਰ ਸ਼ੇਰਨੀ ਇਉਂ ਕੀਤੇ ਹੱਲੇ
ਰਣ ਦੇ ਅੰਦਰ ਰੱਤ ਦੇ ਪਰਨਾਲੇ ਚੱਲੇ
ਸੀਸ ਜੜਾਂ ਤੋਂ ਲਾਹ ਲਾਹ ਰੂਹ ਏਨੇ ਘੱਲੇ
ਆਖੇ ਮਲਕੁਲ-ਮੌਤ ਵੀ, ਪਿਆ ਬੱਲੇ ਬੱਲੇ
ਧਾਈਆਂ ਕਰ ਕਰ ਜੋਸ਼ ਵਿਚ ਇਉਂ ਸਫਾਂ ਉਡਾਈਆਂ
ਜਿਦਾਂ ਫੜ ਫੜ ਲਾਪਰੇ, ਕੋਈ ਉਤੋਂ ਧਾਈਆਂ ।14।

15

ਖਤਰੇ ਵਿਚ ਮੁਰਾਦ ਨੇ ਜਾਂ ਇੱਜ਼ਤ ਡਿਠੀ
ਦਾਨਸ਼ਮੰਦੀ ਨਾਲ ਗੱਲ ਇਉਂ ਨਜਿੱਠੀ
ਹਰਫ਼ਾਂ ਵਿਚ ਮਿਠਾਸ ਦੀ, ਰਸ ਭਰ ਕੇ ਮਿੱਠੀ
ਚਾਂਦ ਬੀਬੀ ਵਲ ਮਾਣ ਦੀ, ਇਹ ਲਿਖੀ ਚਿੱਠੀ-
‘ਤੂੰ ਬਰਾਬਰ ਸ਼ੇਰਨੀ, ਹੈਂ ਮੁਸਲਿਮ ਬੱਚੀ
ਅਗਨਿ ਲਗਨ ਹੈ ਵਤਨ ਦੀ ਤੇਰੇ ਵਿਚ ਸੱਚੀ ।15।

16

‘ਧੰਨ ਤੇਰੀ ਉਹ ਮਾਂ ਹੈ ਜਿਸ ਤੈਨੂੰ ਜਾਇਆ
ਧੰਨ ਤੇਰਾ ਇਹ ਜੋਸ਼ ਹੈ, ਜਿਸ ਵਤਨ ਬਚਾਇਆ
ਸਾਥੋਂ ਤੇਰੀ ਤੇਗ਼ ਨੇ ਇਹ ਮੁੱਲ ਪਵਾਇਆ
ਵਤਨ ਤੇਰੇ ਤੋਂ ਫੌਜ ਨੂੰ ਅਸਾਂ ਪਿਛਾਂਹ ਹਟਾਇਆ
ਚਾਂਦ ਬੀਬੀ ਨ ਕਹੇਗਾ, ਹੁਣ ਤੈਨੂੰ ਕੋਈ
ਤੂੰ ‘ਚਾਂਦ ਸੁਲਤਾਨ’ ਹੈਂ, ਹੁਣ ਅੱਜ ਤੋਂ ਹੋਈ’ ।16।

17

ਮੁਗ਼ਲ ਮਾਣ ਮੱਤਿਆਂ ਦੇ, ਟੁੱਟੇ ਪਿਆਲੇ
ਉਡੇ ਬੱਦਲ ਦੱਖਣੋਂ, ਫੌਜਾਂ ਦੇ ਕਾਲੇ
ਏਧਰ ਅਹਿਮਦ ਨਗਰ ਵਿਚ, ਲੈ ਖੁਸ਼ੀ ਉਛਾਲੇ
ਘਰ ਘਰ ਦੀਵੇ ਘਿਉ ਦੇ, ਪਰਜਾ ਨੇ ਬਾਲੇ
ਚਾਂਦ ਬੀਬੀ ਦਾ ਅੱਜ ਵੀ ਕੋਈ ਨਾਂ ਜੇ ਲੈਂਦਾ
‘ਸ਼ਰਫ਼’ ਅਦਬ ਦੇ ਨਾਲ ਹੈ ਸਿਰ ਨੀਵਾਂ ਪੈਂਦਾ ।17।

(ਨੋਟ=ਇਹ ਘਟਨਾ ਸੋਲ੍ਹਵੀਂ ਸਦੀ ਦੇ ਅੰਤ 8-9 ਫਰਵਰੀ 1597 ਦੀ ਹੈ)

ਮਿਹਣੇ ਦੇਣ ਸਹੇਲੀਆਂ

ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ !ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ !ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ !ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ !ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !ਕੋਠੇ 'ਤੇ ਤਸਵੀਰ, ਵੇ ਸੱਜਣ ਮੇਰਿਆ !ਮੈਂ ਦਰਿਆ ਦੀ ਮਛਲੀ, ਵੇ ਚੀਰੇ ਵਾਲਿਆ !ਤੂੰ ਦਰਿਆ ਦਾ ਨੀਰ, ਵੇ ਸੱਜਣ ਮੇਰਿਆ !ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !ਧੁਰ ਕੋਠੇ 'ਤੇ 'ਵਾ, ਵੇ ਜਾਨੀ ਮੇਰਿਆ !ਸ਼ੱਕਰ ਹੋਵੇ ਤਾਂ ਵੰਡੀਏ, ਵੇ ਕੰਠੇ ਵਾਲਿਆ !ਰੂਪ ਨਾ ਵੰਡਿਆ ਜਾ, ਵੇ ਜਾਨੀ...

ਬੋਲੀਆਂ – ਸੋਹਣੀ ਮਹੀਂਵਾਲ

ਦੇਵਿੰਦਰ ਸਤਿਆਰਥੀ ਦੀ ਕਿਤਾਬ "ਗਿੱਧਾ"(1936) 'ਚੋਂ ਧੰਨਵਾਦ ਸਹਿਤਊਠਾਂ ਵਾਲਿਆਂ ਨੇ ਰਾਹ ਰੋਕ ਲਏਕੁੜੀਆਂ ਨੇ ਜੂਹਾਂ ਮੱਲੀਆਂਮੇਲੇ ਜੈਤੋ ਦੇਸੋਹਣੀਆਂ ਤੇ ਸੱਸੀਆਂ ਚੱਲੀਆਂਨ੍ਹਾਵੇ ਧੋਵੇ ਪਹਿਨੇ ਪੁਸ਼ਾਕਾਂਅਤਰ ਫੁਲੇਲ ਲਗਾਵੇਗਿੱਧੇ ਵਿੱਚ ਉਹ ਹੱਸ ਹੱਸ ਆਵੇਮਹੀਂਵਾਲ ਮਹੀਂਵਾਲ ਗਾਵੇਸੋਹਣੀ ਦੀ ਠੋਡੀ 'ਤੇਮਛਲੀ ਹੁਲਾਰੇ ਖਾਵੇਸੋਹਣੀ ਆ ਗਈ ਵਿੱਚ ਗਿੱਧੇ ਦੇਗਾਉਣ ਲੱਗੀਆਂ ਕੁੜੀਆਂਜਿਨ੍ਹਾਂ ਨੂੰ ਲੌੜ ਮਿੱਤਰਾਂ ਦੀਲੱਕ ਬੰਨ੍ਹ ਪੱਤਣਾ 'ਤੇ ਜੁੜੀਆਂਮੱਥਾ ਤੇਰਾ ਚੌਰਸ ਖੂੰਜਾਜਿਉਂ ਮੱਕੀ ਦੇ ਕਿਆਰੇਉੱਠ ਖੜ੍ਹ ਸੋਹਣੀਏ ਨੀਮਹੀਂਵਾਲ ਹਾਕਾਂ ਮਾਰੇਰਾਤ ਹਨੇਰੀ ਲਿਸ਼ਕਣ ਤਾਰੇਕੱਚੇ ਘੜੇ 'ਤੇ ਮੈਂ ਤਰਦੀਵੇਖੀਂ ਰੱਬਾ ਖੈਰ ਕਰੀਂਤੇਰੀ ਆਸ ਤੇ ਮੂਲ ਨਾ ਡਰਦੀਕੱਚੇ ਘੜੇ...

Butcher / ਕਸਾਈ

Kitāb-i Tashrih al-aqvam (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar District and is now a part of the British Library. Caption: Badhak or Qassab, the caste of butcher. ਇੱਕ ਕਸਾਈ ਮਾਸ ਕੱਟਦਾ ਹੋਇਆ। Download Complete Book ਕਰਨਲ ਜੇਮਜ਼ ਸਕਿਨਰ...