ਸਰਘੀ ਵੇਲਾ (1951)
ਇਕਰਾਰਾਂ ਵਾਲੀ ਰਾਤ
ਕੌਲਾਂ ਭਰੀ ਸਵੇਰ ਹੈ ਮੇਰੀ
ਰਾਤ ਮੇਰੀ ਇਕਰਾਰਾਂ ਵਾਲੀ,
ਮੈ ਹਾਂ, ਵਾਜ ਮੇਰੀ ਧਰਤੀ ਦੀ
ਇਹ ਧਰਤੀ ਦੀ ਬਾਤ ।
ਮੇਰੀ-ਇਕਰਾਰਾਂ ਵਾਲੀ ਰਾਤ ।
ਹਰ ਪੱਤਰ ਦੀ ਮਹਿਕ ਅੰਦਰੋਂ
ਮਹਿਕ ਮੇਰੇ ਸਾਹਵਾਂ ਦੀ ਆਵੇ,
ਹਰ ਸਿੱਟੇ ਦੀਆਂ ਅੱਖਾਂ 'ਚੋਂ
ਮੇਰੇ ਅੰਗ ਪਾਂਦੇ ਨੇ ਝਾਤ ।
ਮੇਰੀ-ਇਕਰਾਰਾਂ ਵਾਲੀ ਰਾਤ ।
ਵਰ੍ਹਿਆਂ ਬੱਧੀ ਜ਼ੋਰੀਂ ਬੀਜੇ
ਵਰ੍ਹਿਆਂ ਬੱਧੀ ਜਬਰੀ ਹਿੱਕੇ
ਬਹੁਤ ਹੋ ਗਿਅਂ ਹੋ ਨਹੀਂ ਸਕਦਾ
ਮੇਰੇ ਅੰਨ ਦਾ ਘਾਤ ।
ਮੇਰੀ-ਇਕਰਾਰਾਂ ਵਾਲੀ ਰਾਤ ।
ਅੱਖੀਆਂ ਵਿੱਚੋਂ ਅੱਥਰੂ ਛੰਡੇ
ਹੋਠਾਂ ਨਾਲੋਂ ਮਿੰਨਤ ਝਾੜੀ,
ਆਪੇ ਦਾਰੂ ਆਪੇ ਦਰਮਲ
ਆਪੇ ਪੁੱਛੀ ਵਾਤ ।
ਮੇਰੀ-ਇਕਰਾਰਾਂ ਵਾਲੀ ਰਾਤ ।
ਹੱਸ ਪਈ ਮੇਰੀ ਹਾੜੀ ਸੌਣੀ
ਹੱਸ ਪਏ ਮੇਰੇ ਸਾਲ ਮਹੀਨੇ,
ਹੱਸੀਆਂ ਲੂਆਂ, ਹੱਸੇ ਪਾਲੇ
ਹੱਸ ਪਈ ਬਰਸਾਤ ।
ਮੇਰੀ- ਇਕਰਾਰਾਂ ਵਾਲੀ ਰਾਤ ।
ਇਹ ਧਰਤੀ ਮੈ ਆਪੇ ਗੋਡੀ,
ਇਹ ਕਣਕਾਂ ਮੈ ਆਪੇ ਛੰਡੀਆਂ,
ਇਹ 'ਰੋਟੀ' ਅੱਜ ਮੇਰੀ ਹੋਈ
ਮੇਰਾ ਹੋ ਗਿਆ 'ਭਾਤ'
ਮੇਰੀ-ਇਕਰਾਰਾਂ ਵਾਲੀ ਰਾਤ ।
ਇਹ ਧਰਤੀ ਅਜ ਲੋਕਾਂ ਜੋਗੀ
ਇਹ ਲੋਕੀ ਅਜ ਧਰਤੀ ਜੋਗੇ,
ਭਰ ਕੇ ਚਾੜ੍ਹ ਹਾਂਡੀਆਂ ਕੁੜੀਏ !
ਭਰ ਕੇ ਗੁੰਨ੍ਹ ਪਰਾਤ !
ਮੇਰੀ-ਇਕਰਾਰਾਂ ਵਾਲੀ ਰਾਤ ।
ਸੰਸਕਾਰ
ਤੇਰਾ ਇਸ਼ਕ, ਸੰਸਕਾਰਾਂ ਦਾ
ਮੁਹਤਾਜ ਬਣ ਕੇ ਰਹਿ ਗਿਆ!
ਸੰਸਕਾਰਾਂ ਦੀ ਧੂੜ ਬੜੀ ਗਾੜ੍ਹੀ ਜਹੀ ਹੁੰਦੀ ਏ
ਮੈ ਹੋਰ ਕੁਝ ਨਹੀਂ ਆਖਦੀ
ਧੂੜ ਦਾ ਜਾਦੂ ਤੇਰੀ ਉਸ ਮੁਹੱਬਤ ਤੇ ਪੈ ਗਿਆ !
ਇਸ਼ਕ, ਸੰਸਕਾਰਾਂ ਦਾ
ਮੁਹਤਾਜ ਬਣ ਕੇ ਰਹਿ ਗਿਆ !
ਨਿਰੋਲ ਇਥ ਮੁਹੱਬਤ ਤਾਂ ਜੰਮੀ ਸੀ ਜ਼ਰੂਰ
ਸੰਸਕਾਰਾਂ ਦੇ ਕੰਡੇ ਬੜੇ ਤਿੱਖੇ ਜਹੇ ਹੁੰਦੇ ਨੇ
ਬਣ ਚੁਕੇ ਨੇ ਨਾਲੇ ਤਾਰੀਖ਼ੀ ਤਅੱਸਬ
ਮੁਹੱਬਤ ਦਾ ਦਾਮਨ
ਅਜ ਕੰਡਿਆਂ ਨਾਲ ਖਹਿ ਗਿਆ
ਉਲਝ ਕੇ ਰਹਿ ਗਿਆ ।
ਮੁਹੱਬਤ ਦਾ ਰੰਗ ਸੀ, 'ਕਰਾਰਾਂ ਦਾ ਗ਼ੁਲਾਮ
ਲੈਂਦਾ ਸੀ ਤਸੱਲੀ ਮੇਰੇ ਕੌਲਾਂ ਤੋਂ ਹੁਦਾਰੀ
ਮਾਂਗਵੀਂ ਉਡਾਰੀ
ਉਡਾਰੀਆਂ ਦਾ ਪੰਛੀ
ਅਜ ਆਲ੍ਹਣੇ 'ਚ ਬਹਿ ਗਿਆ ।
ਇਸ਼ਕ ਸੰਸਕਾਰਾਂ ਦਾ
ਮੁਹਤਾਜ ਬਣ ਕੇ ਰਹਿ ਗਿਆ !
ਪੁਲ ਕਦੇ ਵੀ ਪਾਣੀਆਂ ਦੀ ਰੰਗਤ ਨਹੀਂ ਪਰਖਦੇ
ਗੰਧਲਾਪਣਾ ਨਿਰਮਲਪਣਾ ਪੈਰਾਂ, ਚੋਂ ਲੰਘ ਜਾਂਦੈ
ਮੈਨੂੰ ਤਰਸ ਆਉਂਦਾ ਹੈ ਤੇਰੇ ਇਸ਼ਕ ਤੇ
ਜੋ ਪਾਣੀਆਂ ਦੀ ਰੰਗਤ ਤੇ
ਸਵਾਲਾਂ ਵਿਚ ਪੈ ਗਿਆ
ਇਸ਼ਕ, ਸੰਸਕਾਰਾਂ ਦਾ,
ਮੁਹਤਾਜ ਬਣ ਕੇ ਰਹਿ ਗਿਆ।
ਕੁਰਬਾਨੀਆਂ ਦੇ ਰਾਹ ਬੜੇ ਵਿੰਗੇ ਜਹੇ ਹੁੰਦੇ ਨੇ
ਝਨਾਂ ਦਾ ਗੋਤਾ ਵੀ ਕਦੇ ਆ ਸਕਦਾ ਹੈ
ਕਿਤਨੀ ਹਿਫ਼ਾਜ਼ਤ ਹੈ ਦੁਨੀਆਂ ਦੀ ਲੀਹ ਤੇ
ਪਿਆਰਾਂ ਦੀ ਪਰਖ ਵਿਚ ਪੈਣ ਕੋਲੋਂ ਪਹਿਲਾਂ ਹੀ
ਚੰਗਾ ਹੈ ਪੈਰ ਤੇਰਾ ਉਸ ਲੀਹ ਤੇ ਪੈ ਗਿਆ।
ਇਸ਼ਕ, ਸੰਸਕਾਰਾਂ ਦਾ,
ਮੁਹਤਾਜ ਬਣ ਕੇ ਰਹਿ ਗਿਆ!
ਦੀਵਾ ਇੱਕ ਜਗਦਾ ਪਿਆ ਏ
ਦੀਵਾ ਇੱਕ ਜਗਦਾ ਪਿਆ ਏ
ਵਰ੍ਹਿਆਂ ਦੀ ਵਾਦੀ ਵਿਚ
ਘੋਰ ਚੁਪ ਚਾਨ ਹੈ
ਉਂਝੇ ਦੀ ਉਂਝੇ ਮੈਨੂੰ
ਤੇਰੀ ਪਹਿਚਾਨ ਹੈ
ਮੂੰਹ ਤੇਰਾ ਮਘਦਾ ਪਿਆ ਏ
ਦੀਵਾ ਇੱਕ ਜਗਦਾ ਪਿਆ ਏ
ਭੱਜ ਗਈਆਂ ਯਾਦਾਂ ਦੇ
ਖੰਡਰਾਂ 'ਚ ਘੁੰਮਦੀ ਆਂ
ਟੁੱਟ ਗਈਆਂ ਖੇਡਾਂ ਦੇ
ਕੰਕਰਾਂ ਨੂੰ ਚੁੰਮਨੀਂ ਆਂ
ਹੋਠਾਂ ਤੋਂ ਲਹੂ ਵਗਦਾ ਪਿਆ ਏ
ਦੀਵਾ ਇੱਕ ਜਗਦਾ ਪਿਆ ਏ
ਦੀਵਾ ਸਲਾਮਤ ਹੈ!
ਰੌਸ਼ਨੀ ਸਲਾਮਤ ਹੈ!
ਜਿੰਦੂ ਦਾ ਤੰਦ ਤਾਣ
ਕੁੱਲੀ ਦਾ ਕੱਖ ਕਾਣ
ਲਾਟਾਂ ਦੇ ਲੇਖੇ ਲਗਦਾ ਪਿਆ ਏ
ਦੀਵਾ ਇੱਕ ਜਾਗਦਾ ਪਿਆ ਏ
ਮਜ਼ਬੂਰ
ਮੇਰੀ ਮਾਂ ਦੀ ਕੁੱਖ ਮਜ਼ਬੂਰ ਸੀ !
ਮੈਂ ਭੀ ਤਾਂ ਇਕ ਇਨਸਾਨ ਹਾਂ,
ਆਜ਼ਾਦੀਆਂ ਦੀ ਟੱਕਰ ਵਿੱਚ ਉਸ ਸੱਟ ਦਾ ਨਿਸ਼ਾਨ ਹਾਂ,
ਉਸ ਹਾਦਸੇ ਦਾ ਚਿੰਨ੍ਹ ਹਾਂ,
ਜੋ ਮਾਂ ਮੇਰੀ ਦੇ ਮੱਥੇ ਉੱਤੇ ਲੱਗਣਾ ਜ਼ਰੂਰ ਸੀ…
ਮੇਰੀ ਮਾਂ ਦੀ ਕੁੱਖ ਮਜ਼ਬੂਰ ਸੀ…
ਧਿਰਕਾਰ ਹਾਂ ਮੈਂ ਉਹ, ਜਿਹੜੀ ਇਨਸਾਨ ਉੱਤੇ ਪੈ ਰਹੀ,
ਪੈਦਾਇਸ਼ ਹਾਂ ਉਸ ਵਕਤ ਦੀ ਜਦ ਟੁੱਟ ਰਹੇ ਸੀ ਤਾਰੇ
ਜਦ ਬੁਝ ਗਿਆ ਸੀ ਸੂਰਜ, ਚੰਦ ਵੀ ਬੇਨੂਰ ਸੀ …
ਮੇਰੀ ਮਾਂ ਦੀ ਕੁੱਖ ਮਜ਼ਬੂਰ ਸੀ…
ਮੈਂ ਖਰੀਂਢ ਹਾਂ ਇਕ ਜ਼ਖਮ ਦਾ,
ਮੈਂ ਧੱਬਾ ਹਾਂ ਮਾਂ ਦੇ ਜਿਸਮ ਦਾ,
ਮੈਂ ਜ਼ੁਲਮ ਦਾ ਉਹ ਬੋਝ ਹਾਂ ਜੋ ਮਾਂ ਮੇਰੀ ਢੋਂਦੀ ਰਹੀ
ਮਾਂ ਮੇਰੀ ਨੂੰ ਪੇਟ ਚੋਂ ਸੜਿਆਂਦ ਇਕ ਔਂਦੀ ਰਹੀ …
ਕੌਣ ਜਾਣ ਸਕਦਾ ਹੈ ਕਿਤਨਾ ਕੁ ਮੁਸ਼ਕਿਲ ਹੈ –
ਆਖਰਾਂ ਦੇ ਜ਼ੁਲਮ ਨੂੰ ਇਕ ਪੇਟ ਦੇ ਵਿੱਚ ਪਾਲਣਾ,
ਅੰਗਾ ਨੂੰ ਝੁਲਸਣਾ ਤੇ ਹੱਡਾਂ ਨੂੰ ਬਾਲਣਾ
ਫਲ ਹਾਂ ਉਸ ਵਕਤ ਦਾ ਮੈਂ,
ਅਜ਼ਾਦੀ ਦੀਆਂ ਬੇਰੀਆਂ ਨੂੰ ਪੈ ਰਿਹਾ ਜਦ ਬੂਰ ਸੀ…
ਮੇਰੀ ਮਾਂ ਦੀ ਕੁੱਖ ਮਜ਼ਬੂਰ ਸੀ…
ਕਿੱਕਰਾ ਵੇ ਕੰਡਿਆਲਿਆ !
ਕਿੱਕਰਾ ਵੇ ਕੰਡਿਆਲਿਆ! ਉਤੋਂ ਚੜ੍ਹਿਆ ਚੇਤ,
ਜਾਗ ਪਈਆਂ ਅਜ ਪੈਲੀਆਂ ਜਾਗ ਪਏ ਅਜ ਖੇਤ ।
ਕਿੱਕਰਾ ਵੇ ਕੰਡਿਆਲਿਆ! ਚੜ੍ਹਿਆ ਅਜ ਵਸਾਖ,
ਸਾਮਰਾਜ ਦੇ ਮੂੰਹ ਤੇ, ਉਡ ਉਡ ਪੈਂਦੀ ਰਾਖ ।
ਕਿੱਕਰਾ ਵੇ ਕੰਡਿਆਲਿਆ! ਉਤੋਂ ਚੜ੍ਹਿਆ ਜੇਠ,
ਉੱਸਲ ਵੱਟੇ ਭੰਨਦੀ ਧਰਤੀ ਤੇਰੇ ਹੇਠ ।
ਕਿੱਕਰਾ ਵੇ ਕੰਡਿਆਲਿਆ! ਉਤੋਂ ਚੜ੍ਹਿਆ ਹਾੜ੍ਹ,
ਕਿੰਨਾ ਕੁ ਚਿਰ ਹੰਢਦੀ ਕੱਖ ਕਾਣ ਦੀ ਆੜ ।
ਕਿੱਕਰਾ ਵੇ ਕੰਡਿਆਲਿਆ! ਅਗੋਂ ਚੜ੍ਹਿਆ ਸੌਣ,
ਦਾਵਾਨਲ ਹੈ ਸਮੇਂ ਦੀ ਰੋਕ ਸਕੇ ਅਜ ਕੌਣ !
ਕਿੱਕਰਾ ਵੇ ਕੰਡਿਆਲਿਆ! ਭਾਦੋਂ ਹੈ ਇਸ ਵੇਰ,
ਵੇਲਣ ਵਿਚ ਨਪੀੜਿਆ, ਛਿੱਲਾਂ ਉੱਗੀਆਂ ਫੇਰ ।
ਕਿੱਕਰਾ ਵੇ ਕੰਡਿਆਲਿਆ! ਅਸੂ ਚੜ੍ਹਿਆ ਅੱਜ,
ਅੱਜ ਨਾ ਲਾਰੇ ਲੱਗਦੇ, ਅੱਜ ਨਾ ਪੈਂਦੇ ਪੱਜ !
ਕਿੱਕਰਾ ਵੇ ਕੰਡਿਆਲਿਆ! ਕੱਤਕ ਬਦਲੇ ਤੌਰ,
ਨਵੇਂ ਜੁੱਗਾਂ ਦੇ ਬੁੱਤ ਵਿਚ ਨਵੇਂ ਲਹੂ ਦਾ ਦੌਰ।
ਕਿੱਕਰਾ ਵੇ ਕੰਡਿਆਲਿਆ! ਮੱਘਰ ਚੜ੍ਹਿਆ ਆਣ,
ਕੋਈ ਇਕ ਪੱਤਰੀ ਲੋਹੇ ਦੀ ਜੀਕਣ ਚੜ੍ਹਦੀ ਸਾਣ ।
ਕਿੱਕਰਾ ਵੇ ਕੰਡਿਆਲਿਆ ! ਉਤੋਂ ਚੜ੍ਹਿਆ ਪੋਹ,
ਹੱਕ ਜਿਨ੍ਹਾਂ ਦੇ ਆਪਣੇ, ਆਪ ਲੈਣਗੇ ਖੋਹ ।
ਕਿੱਕਰਾ ਵੇ ਕੰਡਿਆਲਿਆ! ਉਤੋਂ ਚੜ੍ਹਿਆ ਮਾਘ,
ਕਰਨ ਸਵਾਰੀ ਸਮੇਂ ਤੇ, ਫੜਨ ਸਮੇਂ ਦੀ ਵਾਗ ।
ਕਿੱਕਰਾ ਵੇ ਕੰਡਿਆਲਿਆ! ਫੱਗਨ ਚੜ੍ਹਿਆ ਆਨ
ਲੋਕਾਂ ਦੇ ਇਸ ਜੁੱਗ ਵਿਚ, ਲੋਕ ਚੜ੍ਹਨ ਪਰਵਾਨ ।
ਭਰਪੂਰ ਜਵਾਨੀ ਖੇਤਾਂ ਦੀ
ਭਰਪੂਰ ਜਵਾਨੀ ਖੇਤਾਂ ਦੀ ਭਰਪੂਰ ਜਵਾਨੀ ਹੋ !
ਖੇਤ ਜੁ ਗੋਡੇ ਬੀਜੇ ਵਾਹੇ, ਭਰ ਸਰਵਰ ਨੇ ਪਾਣੀ ਲਾਏ
ਇਕ ਟਿਕ ਕੋਹ 'ਤੇ ਝਾਂਜਰ ਛਣਕੀ, ਬੈਲ ਜੁ ਲੀਤੇ ਜੋਅ !
ਭਰਪੂਰ ਜਵਾਨੀ ਹੋ !
ਗਿੱਟੇ ਗਿੱਟੇ ਖੇਤ ਹੋਏ, ਗੋਡੇ ਗੋਡੇ ਖੇਤ ਹੋਏ
ਮੋਤੀਆਂ ਵਰਗਾ ਪਿਆ ਜੁ ਦਾਣਾ, ਸਿੱਟੇ ਗਏ ਖਲੋ !
ਭਰਪੂਰ ਜਵਾਨੀ ਹੋ !
ਲੰਬੜਾਂ ਦੇ ਵਿਚ ਵਾਹਰ ਪਈ, ਹੋ ਕਾਵਾਂ ਦੀ ਭਰਮਾਰ ਪਈ
ਭਰੀਆਂ ਬੰਨ੍ਹ ਬੰਨ੍ਹ ਕੇ ਮੈਂ ਹਾਰੀ, ਬੋਹਲ ਤਾਂ ਲੈ ਗਏ ਖੋਹ ।
ਭਰਪੂਰ ਜਵਾਨੀ ਹੋ ।
ਕੱਚਾ ਕੋਠਾ ਲਿੰਬ ਕੇ ਰੱਖਿਆ ਝਾੜ ਪੋਚ ਕੇ ਝੰਮ ਕੇ ਰੱਖਿਆ
ਸਖ ਮਸੱਖਣਾ ਕੋਠਾ ਮੇਰਾ ਮੂੰਹ ਵੱਲ ਝਾਕੇ ਵੋ !
ਭਰਪੂਰ ਜਵਾਨੀ ਹੋ ।
ਹਾੜੀ ਬੀਜੀ ਸੌਣੀ ਬੀਜੀ, ਦੂਣੀ ਬੀਜੀ ਚੌਣੀ ਬੀਜੀ
ਸੜਦਾ ਬਲਦਾ ਹਾੜ ਗਿਆ ਤੇ ਠੰਢਾ ਕੱਕਰ ਪੋਹ !
ਭਰਪੂਰ ਜਵਾਨੀ ਹੋ !
ਖੇਤਾਂ ਦੀ ਭਰਪੂਰ ਜਵਾਨੀ, ਮੇਰੀ ਭੁੱਖ ਦੀ ਕਰੇ ਕਹਾਣੀ
ਮੇਰੀ ਭੁੱਖ ਦੇ ਗੀਤ ਸੁਣਾਵੇ, ਪਵੇ ਕਲੇਜੇ ਖੋਹ ।
ਭਰਪੂਰ ਜਵਾਨੀ ਹੋ !
ਧੁੰਦ ਗੁਬਾਰਾਂ ਅੰਬਰ ਚੜ੍ਹੀਆਂ, ਮੈ ਖੇਤਾਂ ਦੀ ਵੱਟ 'ਤੇ ਖੜੀਆਂ
ਸੂਰਜ ਡੁੱਬਾ ਚੰਦ ਨਾ ਚੜ੍ਹਿਆ, ਨਾ ਤਾਰੇ ਦੀ ਲੋਅ ।
ਭਰਪੂਰ ਜਵਾਨੀ ਹੋ !
ਰੁੱਤਾਂ ਆਈਆਂ ਰੁੱਤਾਂ ਗਈਆਂ ਏਸ ਵੱਟ ਤੇ ਤੁਰਦੀ ਰਹੀਆਂ
ਧੂੜ ਪਈ ਮੇਰੇ ਪੱਬਾਂ ਉਤੇ ਰਾਹ ਨਾ ਦਿਸਿਆ ਕੋਅ।
ਭਰਪੂਰ ਜਵਾਨੀ ਹੋ ।
ਗੋਹੇ ਨਾ ਧੁਖਦੇ ਕਣਕ ਨਾ ਗੁੱਝਦੀ ਇਹ ਨਹੀਂ' ਖੇਡ ਅਸਾਥੋਂ ਪੁੱਗਦੀ
ਨਾ ਚੰਨ ਪਕਾਵੇ ਰੋਟੀਆਂ ਨਾ ਤਾਰਾ ਕਰੇ ਰਸੋ
ਭਰਪੂਰ ਜਵਾਨੀ ਹੋ !
ਭਰਪੂਰ ਜਵਾਨੀ ਖੇਤਾਂ ਦੀ ਭਰਪੂਰ ਜਵਾਨੀ ਹੋ !