13.3 C
Los Angeles
Wednesday, December 4, 2024

ਜੀਊਣਾ ਮੌੜ

[ਸੁਖਦੇਵ ਮਾਦਪੁਰੀ]

ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜੰਮਪਲ ਸਾਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜੀਊਣਾ ਬੜਾ ਸਾਊ ਤੇ ਨਿਮਰ ਸੁਭਾਅ ਦਾ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ।
ਗੱਲ ਇਸ ਤਰ੍ਹਾਂ ਹੋਈ। ਇਕ ਦਿਨ ਆਥਣ ਵੇਲੇ ਜੀਊਣ ਸਿੰਘ ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਵਾੜੇ ਵਿਚ ਇਕੱਲਾ ਬੈਠਾ ਸੀ ਕਿ ਇਕ ਅੱਧਖੜ ਉਮਰ ਦਾ ਓਪਰਾ ਬੰਦਾ ਉਨ੍ਹਾਂ ਦੇ ਘਰ ਦਾ ਪਤਾ ਪੁੱਛਦਾ-ਪੁਛਾਉਂਦਾ ਉਹਦੇ ਕੋਲ ਆਇਆ। ਓਸ ਓਪਰੇ ਪੁਰਸ਼ ਦਾ ਆਦਰ-ਮਾਣ ਕਰਦਿਆਂ ਜੀਊਣੇ ਨੇ ਉਸ ਨੂੰ ਆਪਣੇ ਮੰਜੇ ’ਤੇ ਬਿਠਾ ਲਿਆ। ਓਪਰਾ ਬੰਦਾ ਆਖਣ ਲੱਗਾ, ‘‘ਭਤੀਜ ਮੈਂ ਕਾਲੇ ਪਾਣੀ ਤੋਂ ਆਇਆਂ ਤੇਰੇ ਵੱਡੇ ਭਾਈ ਕਿਸ਼ਨੇ ਕੋਲੋਂ। ਉਹਦਾ ਸੁਨੇਹਾ ਲੈ ਕੇ ਸਿੱਧਾ ਥੋਡੇ ਕੋਲ ਆਇਆਂ, ਫੇਰ ਆਪਣੇ ਪਿੰਡ ਜਾਊਂਗਾ। ਉਹਨੇ ਕਿਹੈ ਬਈ ਜੇ ਤੂੰ ਭਾਈ ਐਂ ਤੇ ਮਾਂ ਦਾ ਸੀਰ ਚੁੰਘਿਐ ਤਾਂ ਡਸਕੇ ਆਲੇ ਡੋਗਰ ਤੋਂ ਬਦਲਾ ਲੈ ਲਾ। ਜੀਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ ਪੁਲੀਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦੁਆਈ ਐ…। ਭਤੀਜ ਬੰਦਾ ਕਾਹਦੈ ਜੀਹਨੇ ਭਾਈ ਦਾ ਬਦਲਾ ਨ੍ਹੀਂ ਲਿਆ… ਡੋਗਰ ਮੌਜਾਂ ਕਰਦੈ ਤੇ ਭਾਈ ਕਾਲੇ ਪਾਣੀ ਨਰਕ ਭੋਗਦੈ…।’’

ਕਿਸ਼ਨਾ ਜੀਊਣੇ ਤੋਂ ਕੁਝ ਵਰ੍ਹੇ ਵੱਡਾ ਸੀ ਛੈਲ-ਛਬੀਲਾ, ਮੌਜ-ਮਸਤੀ ਕਰਨ ਵਾਲਾ। ਨਵਾਂ-ਨਵਾਂ ਵੈਲੀ ਬਣਿਆ। ਕਿਸ਼ਨੇ ਕੋਲ ਓਪਰੇ ਬੰਦੇ ਆਉਣ ਲੱਗੇ। ਉਹ ਘਰ ਦੀ ਕੱਢੀ ਰੂੜੀ ਮਾਰਕ ਸ਼ਰਾਬ ਤੇ ਮੁਰਗੇ ਛਕ ਕੇ ਉਨ੍ਹਾਂ ਦੇ ਖੂਹ ’ਤੇ ਖੜਦੁੰਮ ਮਚਾਉਂਦੇ। ਉਸ ਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਇਸ ਲਈ ਉਸ ਨੇ ਕਿਸ਼ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਨਿੱਤ ਦਾ ਕਲੇਸ਼ ਰਹਿਣ ਲੱਗਾ ਜਿਸ ਕਰਕੇ ਕਿਸ਼ਨਾ ਘਰੋਂ ਭੱਜ ਕੇ ਡਸਕੇ ਦੇ ਡੋਗਰ ਅਤੇ ਖਡਿਆਲ ਪਿੰਡ ਦੇ ਜੈਮਲ ਨਾਲ ਰਲ ਕੇ ਲੁੱਟਾਂ-ਖੋਹ ਕਰਨ ਲੱਗਾ। ਤਿੰਨੋਂ ਗੂੜ੍ਹੇ ਮਿੱਤਰ ਬਣ ਗਏ।

ਉਨ੍ਹਾਂ ਵੇਲਿਆਂ ਵਿਚ ਅੱਜ ਵਾਂਗ ਸੜਕਾਂ ਨਹੀਂ ਸਨ, ਆਵਾਜਾਈ ਦੇ ਸਾਧਨ ਘੋੜੇ-ਘੋੜੀਆਂ, ਊਠ ਆਦਿ ਸਨ। ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਰਾਹ ਆਮ ਤੌਰ ’ਤੇ ਜੰਗਲਾਂ, ਬੇਲਿਆਂ ਵਿਚੋਂ ਹੋ ਕੇ ਜਾਂਦੇ ਸਨ। ਆਮ ਆਦਮੀ ਲਈ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ। ਡਾਕੂ ਆਮ ਸਨ ਜੋ ਜੰਗਲਾਂ ’ਚ ਫਿਰਦੇ ਰਾਹ ਗੁਜ਼ਰੂਆਂ ਨੂੰ ਲੁੱਟ ਲੈਂਦੇ ਸਨ। ਬਰਾਤਾਂ ਆਮ ਲੁੱਟੀਆਂ ਜਾਂਦੀਆਂ ਸਨ। ਕਿਸ਼ਨੇ ਹੋਰਾਂ ਨੇ ਵੀ ਲੁੱਟਾਂ-ਖੋਹਾਂ ਦਾ ਧੰਦਾ ਅਪਣਾ ਲਿਆ। ਕਿਸ਼ਨੇ ਦੇ ਬਾਪ ਅਤੇ ਜੀਊਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ ਪਰ ਕਿਸ਼ਨਾ ਉਨ੍ਹਾਂ ਦੀ ਕਿੱਥੋਂ ਮੰਨਣ ਵਾਲਾ ਸੀ ਉਸ ਦੇ ਮੂੰਹ ਨੂੰ ਤਾਂ ਲਹੂ ਲੱਗ ਚੁੱਕਾ ਸੀ।

ਇਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬ੍ਰਾਹਮਣਾਂ ਦੀ ਬਰਾਤ ਲੁੱਟ ਲਈ। ਬਰਾਤੀਆਂ ਵਿਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ। ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ ’ਤੇ ਤੋਏ-ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫਿਟ-ਲਾਹਨਤਾਂ ਪਾਈਆ। ਉਹਦਾ ਬਾਪ ਪਰ੍ਹੇ ਜਾ ਬੈਠਾ ਸ਼ਰਮਸ਼ਾਰ ਹੋ ਰਿਹਾ ਸੀ। ਪਿੰਡ ਦੇ ਖਾਂਦੇ-ਪੀਂਦੇ ਮੋਹਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ ’ਤੇ ਪੁਲੀਸ ਥਾਣੇ ਰਿਪੋਰਟ ਲਿਖਵਾ ਦਿੱਤੀ। ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ। ਉਹ ਕੁਝ ਦਿਨਾਂ ਮਗਰੋਂ ਮੌੜੀਂ ਆ ਕੇ ਵਾਸਦੇਵ ਨੂੰ ਗੋਲੀਆਂ ਨਾਲ ਭੁੰਨ ਗਿਆ।
ਪੁਲੀਸ ਆਈ, ਕਿਸ਼ਨੇ ਦੇ ਬਾਪ ਅਤੇ ਭਰਾ ਜੀਊਣੇ ਨੂੰ ਫੜ ਲਿਆ ਗਿਆ। ਕਿਸ਼ਨੇ ਦਾ ਥਹੁ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ… ਘਰ-ਬਾਰ ਉਜਾੜ ਦਿੱਤਾ। ਉਹ ਭਲਾ ਕਿੱਥੋਂ ਕਿਸ਼ਨੇ ਨੂੰ ਲੱਭ ਕੇ ਲਿਆਉਂਦੇ। ਉਨ੍ਹਾਂ ’ਤੇ ਪੁਲੀਸ ਦਾ ਤਸ਼ੱਦਦ ਜਾਰੀ ਰਿਹਾ।

ਕਿਸ਼ਨੇ ਦੀ ਕਿਹੜਾ ਘਰਦਿਆਂ ਨਾਲ ਬਣਦੀ ਸੀ। ਉਹ ਲੁੱਟਾਂ-ਖੋਹਾਂ ਦਾ ਮਾਲ ਜੈਮਲ ਦੇ ਘਰ ਹੀ ਰੱਖਦਾ ਸੀ। ਕਿਸ਼ਨੇ ਦੇ ਗਲ ਖੂਨ ਪੈਣ ਦੀ ਖ਼ਬਰ ਨੇ ਜੈਮਲ ਨੂੰ ਸੁਚੇਤ ਕਰ ਦਿੱਤਾ। ਕਿਸ਼ਨਾ ਉਹਦੇ ਕੋਲ ਚਲਿਆ ਗਿਆ। ਉਹਨੇ ਜੈਮਲ ਨੂੰ ਆਖਿਆ, ‘‘ਯਾਰਾ ਤੂੰ ਹੀ ਕੋਈ ਓਹੜ ਪੋਹੜ ਕਰ। ਪੁਲੀਸ ਨੂੰ ਕੁਝ ਦੇ ਦਿਵਾ ਕੇ ਮੇਰਾ ਨਾਂ ਖੂਨ ਦੇ ਕੇਸ ’ਚੋਂ ਕਢਵਾ।’’

ਜੈਮਲ ਝੱਟ ਪੈਂਤਰਾ ਬਦਲ ਗਿਆ। ਉਹਦਾ ਮਨ ਬੇਈਮਾਨ ਹੋ ਗਿਆ। ਖੂਨ ਵਿਚ ਫਸਿਆ ਕਿਸ਼ਨਾ ਉਹਦਾ ਕੀ ਵਿਗਾੜ ਲਊਗਾ। ਉਹਨੇ ਸੋਚਿਆ ਤੇ ਕਿਸ਼ਨੇ ਨੂੰ ਕਿਹਾ, ‘‘ਕਿਸ਼ਨਿਆ ਤੇਰਾ ਤਾਂ ਮੇਰੇ ਕੋਲ ਹੁਣ ਕੁਛ ਨੀ। ਤੂੰ ਸਾਰਾ ਸਾਮਾਨ ਵੰਡਾ ਕੇ ਲੈ ਗਿਆ ਸੀ।’’

ਕਿਸ਼ਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੈਮਲ ਉਹਦੇ ਨਾਲ ਈ ਮਿੱਤਰ-ਮਾਰ ਕਰੇਗਾ। ਉਹ ਸਬਰ ਦਾ ਘੁੱਟ ਭਰ ਕੇ ਬਹਿ ਗਿਆ। ਉਹ ਉਥੋਂ ਚੁੱਪ-ਚੁਪੀਤਾ ਕਿਸੇ ਹੋਰ ਥਾਂ ਚਲਿਆ ਗਿਆ।
ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ ਆਇਆ ਤੇ ਇਕ ਬਰਾਤ ਲੁੱਟਣ ਦੀ ਦੱਸ ਪਾਈ। ਬਰਾਤ ਲੁੱਟਣ ਦੇ ਲਾਲਚ ਵੱਸ ਜੈਮਲ ਕਿਸ਼ਨੇ ਨਾਲ ਜੰਗਲ ਵਿਚ ਚਲਿਆ ਗਿਆ। ਲੱਗੇ ਬਰਾਤ ਉਡੀਕਣ। ਬਰਾਤ ਕਿੱਥੋਂ ਆਉਣੀ ਸੀ। ਇਹ ਤਾਂ ਕਿਸ਼ਨੇ ਨੇ ਜੈਮਲ ਨੂੰ ਬਾਹਰ ਸੱਦਣ ਦਾ ਬਹਾਨਾ ਹੀ ਘੜਿਆ ਸੀ। ਕੁਝ ਸਮੇਂ ਬਾਅਦ ਕਿਸ਼ਨੇ ਨੇ ਜੈਮਲ ਨੂੰ ਲਲਕਾਰਿਆ, ‘‘ਬੇਈਮਾਨਾ, ਭੱਜ ਲੈ ਜਿੱਥੇ ਭੱਜਣੈ। ਤੈਂ ਮੇਰੇ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ ਮਿੱਤਰ-ਮਾਰ ਕੀਤੀ ਐ।’’

ਤੜਾਕ-ਤੜਾਕ ਗੋਲੀਆਂ ਚੱਲੀਆਂ ਤੇ ਜੈਮਲ ਧਰਤੀ ’ਤੇ ਚੁਫਾਲ ਢੇਰੀ ਹੋ ਗਿਆ। ਕਿਸ਼ਨੇ ਨੇ ਜੈਮਲ ਦੀ ਪਤਨੀ ਨੂੰ ਘਰੇ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ ਲਾਸ਼ ਚੁੱਕ ਲਜਾਵੇ।
ਜੈਮਲ ਡੋਗਰ ਹੋਰਾਂ ਦਾ ਲੰਗੋਟੀਆ ਯਾਰ ਸੀ। ਉਨ੍ਹਾਂ ਕੱਠਿਆਂ ਡਾਕੇ ਮਾਰੇ ਸਨ, ਬਰਾਤਾਂ ਲੁੱਟੀਆਂ ਸਨ। ਜੈਮਲ ਦਾ ਕਿਸ਼ਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ… । ਕਿਸ਼ਨੇ ਨੇ ਯਾਰ ਮਾਰ ਕਰਕੇ ਚੰਗਾ ਨੀ ਕੀਤਾ। .. ਪਾਪ ਕਮਾਇਐ… ਹੁਣ ਉਹਤੇ ਵਿਸਾਹ ਕਰਨਾ ਠੀਕ ਸੀ।’’ ਡੋਗਰ ਨੇ ਕਸੀਸ ਵੱਟ ਲਈ ਅਤੇ ਕਿਸ਼ਨੇ ਨੂੰ ਪੁਲੀਸ ਨੂੰ ਫੜਾਉਣ ਦਾ ਆਪਣੇ ਮਨ ਨਾਲ ਫੈਸਲਾ ਕਰ ਲਿਆ।

ਡੋਗਰ ਨੇ ਕਿਸ਼ਨੇ ਨੂੰ ਬਚਾਓ ਕਰਨ ਦੇ ਪੰਜ ਸੁਨੇਹੇ ਭੇਜ ਕੇ ਡਸਕੇ ਸੱਦ ਲਿਆ। ਰਾਤ ਨੂੰ ਉਹਦੀ ਖੂਬ ਸੇਵਾ ਕੀਤੀ। ਨਸ਼ੇ ਵਿਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ ’ਤੇ ਸੌਂ ਗਿਆ। ਓਧਰ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਬੁਢਲਾਡੇ ਦੇ ਥਾਣੇ ਜਾ ਖਬਰ ਦਿੱਤੀ… ਅਣਗਿਣਤ ਪੁਲੀਸ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ।

ਉਦੋਂ ਅੰਗਰੇਜ਼ਾਂ ਦਾ ਰਾਜ ਸੀ।

ਮੁਕੱਦਮਾ ਚੱਲਿਆ। ਮਲਕਾ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀ ਭੇਜ ਦਿੱਤਾ।
ਡੋਗਰ ਨੇ ਧੋਖੇ ਨਾਲ ਮਿੱਤਰ-ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ। ਕਿਸ਼ਨਾ ਕਾਲੇ ਪਾਣੀ ਸਜ਼ਾ ਭੁਗਤ ਰਿਹਾ ਡੋਗਰ ਦੇ ਸੀਰਮੇ ਪੀਣ ਲਈ ਕਚੀਚੀਆਂ ਵੱਟ ਰਿਹਾ ਸੀ ਤੇ ਬਦਲਾ ਲੈਣ ਲਈ ਉਹਨੇ ਆਪਣੇ ਭਰਾ ਜੀਊਣੇ ਨੂੰ ਸੁਨੇਹਾ ਭੇਜਿਆ ਸੀ।

ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੀ ਜੀਊਣਾ ਝੰਜੋੜਿਆ ਗਿਆ। ਇਕ ਆਹ ਸੀਨਿਓਂ ਹੋ ਗਈ… ਓਪਰਾ ਬੰਦਾ ਜਲ ਪਾਣੀ ਛਕ ਕੇ ਆਪਣੇ ਰਾਹ ਪਿਆ ਤੇ ਜੀਊਣੇ ਦੇ ਚਿੱਤ ਨੂੰ ਚਿਤਮਣੀ ਲੱਗ ਗਈ। ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ।

ਜੀਊਣੇ ਮੌੜ ਸੁਣੀ ਗੱਲ, ਲੱਗੀ ਕਾਲਜੇ ਨੂੰ ਸੱਲ,
ਅੱਜ-ਕੱਲ੍ਹ ਲਵਾਂ ਵੈਰ, ਐਨ ਫੇਰ ਖਾਵਾਂ ਰੱਜ ਕੇ।
ਏਹੋ ਆਉਂਦੀ ਦਲੇਰੀ, ਜੰਮਣਾ ਨਾ ਦੂਜੀ ਵੇਰੀ,
ਮੇਰੀ ਹੈ ਸਲਾਹ ਸਾਰਾਂ ਅਹਿਮਦ ਨੂੰ ਭੱਜ ਕੇ। (ਭਗਵਾਨ ਸਿੰਘ)

ਇਕ ਜਵਾਲਾ ਜੀਊਣੇ ਦੇ ਸੀਨੇ ’ਚ ਮਘ ਰਹੀ ਸੀ। ਉਹਨੇ ਘਰੋਂ ਗੰਡਾਸੀ ਚੁੱਕੀ ਅਤੇ ਚੁੱਪ-ਚਾਪ ਆਪਣੇ ਖੇੜੇ ਨੂੰ ਸਿਰ ਨਿਵਾ ਕੇ ਜੰਗਲ ਵਲ ਨੂੰ ਤੁਰ ਪਿਆ। ਅਗਾਂਹ ਉਹਨੂੰ ਜੰਗਲ ’ਚ ਸ਼ਿਕਾਰ ਖੇਡਦਾ ਇਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਸ ਨੇ ਝਪਟਾ ਮਾਰ ਕੇ ਉਹਦੀ ਰਫਲ ਖੋਹ ਲਈ ਤੇ ਅੰਗਰੇਜ਼ ਨੂੰ ਭਜਾ ਦਿੱਤਾ। ਅਗਾਂਹ ਉਹਨੂੰ ਇਕ ਡਾਕੂਆਂ ਦੀ ਟੋਲੀ ਟੱਕਰ ਗਈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬਈ ਜੀਊਣਾ ਕਿਸ਼ਨੇ ਦਾ ਭਰਾ ਐ ਤਾਂ ਖੁਸ਼ੀ-ਖੁਸ਼ੀ ਉਨ੍ਹਾਂ ਉਹਨੂੰ ਆਪਣਾ ਭਾਈਵਾਲ ਬਣਾ ਲਿਆ।

ਜੀਊਣਾ ਡਾਕੇ ਮਾਰਨ ਲੱਗਾ। ਉਹਨੇ ਬੰਦਿਸ਼ ਇਹ ਲਾਈ ਕਿਸੇ ਦੀ ਨੂੰਹ-ਧੀ ਨੂੰ ਮੈਲੀ ਅੱਖ ਨਾਲ ਨਹੀਂ ਵੇਖਣਾ, ਨਾ ਹੀ ਮੌੜੀਂ ਜਾ ਕੇ ਡਾਕਾ ਮਾਰਨਾ ਹੈ। ਗ਼ਰੀਬ-ਗ਼ੁਰਬੇ ਦੀ ਮਦਦ ਕਰਨੀ ਐ…
ਆਏ ਦਿਨ ਜੀਊਣੇ ਮੌੜ ਦੀਆਂ ਲੁੱਟਾਂ-ਖੋਹਾਂ, ਮਾਰ-ਧਾੜ, ਬਰਾਤਾਂ ਡੱਕਣ, ਸੂਦ ਖੋਰਾਂ ਤੇ ਸੁਨਿਆਰਿਆਂ ਨੂੰ ਲੁੱਟਣ ਦੀਆਂ ਖਬਰਾਂ ਆਉਣ ਲੱਗੀਆਂ। ਪੁਲੀਸ ਉਹਦਾ ਪਿੱਛਾ ਕਰਦੀ। ਜੀਊਣਾ ਡਾਹ ਨਾ ਦਿੰਦਾ। ਪੁਲੀਸ ਨਮੋਸ਼ੀ ਦੀ ਮਾਰੀ ਪਈ ਸੀ। ਸਾਰੇ ਇਲਾਕੇ ਵਿਚ ਜੀਊਣੇ ਦੀ ਬੱਲੇ-ਬੱਲੇ ਸੀ। ਪੁਲੀਸ ਉਹਦੀ ਸੂਰਮਤਾਈ ਤੋਂ ਡਰਦੀ ਉਹਨੂੰ ਹੱਥ ਨਹੀਂ ਸੀ ਪਾਉਂਦੀ। ਉਸ ਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ। ਧੀ-ਭੈਣ ਦੀ ਇੱਜ਼ਤ ਦਾ ਸਾਂਝੀਵਾਲ ਹੋਣ ਕਰਕੇ ਤੇ ਗਊ-ਗ਼ਰੀਬ ਦਾ ਰੱਖਿਅਕ ਹੋਣ ਸਦਕਾ ਪਿੰਡਾਂ ਦੇ ਲੋਕ ਉਸ ਨੂੰ ਹੱਥੀਂ ਛਾਵਾਂ ਕਰਦੇ ਸਨ। ਪੁਲੀਸ ਆਈ ਤੇ ਉਹ ਕਿਸੇ ਦੇ ਵੀ ਘਰ ਲੁਕ ਸਕਦਾ ਸੀ।

ਕਈ ਦਿਲਚਸਪ ਤੇ ਅੱਲੋਕਾਰ ਘਟਨਾਵਾਂ ਤੇ ਕਹਾਣੀਆਂ ਉਸ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ।
ਉਹ ਆਪਣੀ ਮਾਰ-ਧਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਕੋਲ ਰੱਖਿਆ ਕਰਦਾ ਸੀ। ਇਕ ਦਿਨ ਕਾਂਸ਼ੀ ਦਾ ਦਿਲ ਬੇਈਮਾਨ ਹੋ ਗਿਆ। ਉਸ ਨੇ ਜੀਊਣੇ ਨੂੰ ਫੜਾ ਕੇ ਉਹਦਾ ਮਾਲ ਹੜੱਪਣ ਬਾਰੇ ਮਨ ਬਣਾ ਲਿਆ ਤੇ ਪੁਲੀਸ ਨੂੰ ਖਬਰ ਦੇ ਦਿੱਤੀ ਬਈ ਭਲਕੇ ਜੀਊਣੇ ਨੇ ਆਉਣੈ। ਪੁਲੀਸ ਆ ਗਈ। ਜੀਊਣਾ ਅਜੇ ਆਇਆ ਨਹੀਂ ਸੀ ਕਿ ਇਕ ਬੁੱਢੀ ਨੱਸੀ-ਨੱਸੀ ਗਈ ਤੇ ਪਿੰਡੋਂ ਬਾਹਰ ਹੀ ਜੀਊਣੇ ਨੂੰ ਕਾਂਸ਼ੀ ਦੀ ਕਰਤੂਤ ਬਾਰੇ ਦੱਸ ਦਿੱਤਾ। ਉਹ ਉਸੇ ਪਲ ਪਿਛਾਂਹ ਮੁੜ ਗਿਆ। ਜਦੋਂ ਪੁਲੀਸ ਚਲੀ ਗਈ ਜੀਊਣੇ ਨੇ ਆ ਕੇ ਕਾਂਸ਼ੀ ਰਾਮ ਦਾ ਖੂਬ ਵਢਾਂਗਾ ਕੀਤਾ। ਕਾਂਸ਼ੀ ਨੇ ਮਿੰਨਤਾਂ ਤਰਲੇ ਕਰਕੇ ਮਸੀਂ ਆਪਣੀ ਜਾਨ ਬਖਸ਼ਾਈ ਤੇ ਅਗਾਂਹ ਤੋਂ ਬੇਈਮਾਨੀ ਕਰਨ ਤੋਂ ਤੌਬਾ ਕੀਤੀ।

ਸਾਉਣ ਦਾ ਮਹੀਨਾ ਸੀ। ਲੌਂਗੋਵਾਲ ਪਿੰਡ ਦੇ ਗੋਰੇ ਤੀਆਂ ਪੈ ਰਹੀਆਂ ਸਨ… ਜੀਊਣੇ ਮੌੜ ਦੀ ਟੋਲੀ ਉੱਥੇ ਆ ਪੁੱਜੀ। ਜੀਊਣੇ ਨੇ ਜ਼ਮੀਨ ’ਤੇ ਚਾਦਰਾ ਵਿਛਾ ਕੇ ਆਖਿਆ, ‘‘ਕੁੜੀਓ ਆਪਣੀਆਂ ਟੂੰਮਾਂ ਲਾਹ ਦੋ।’’ ਡਰਦੀਆਂ ਮਾਰੀਆਂ ਕੁੜੀਆਂ ਬਹੂਆਂ ਆਪਣੀਆਂ ਟੂੰਮਾਂ ਲਾਹ-ਲਾਹ ਚਾਦਰੇ ’ਤੇ ਸੁੱਟੀ ਜਾਣ। ਉਹ ਚਾਦਰਾ ਵਲ੍ਹੇਟਣ ਹੀ ਲੱਗਾ ਸੀ ਕਿ ਇਕ ਕੁੜੀ ਹੌਸਲਾ ਕਰਕੇ ਬੋਲੀ, ‘‘ਵੇ ਵੀਰਿਆ! ਮੇਰੇ ਤਾਂ ਸਹੁਰੇ ਬੜੇ ਅਵੈੜੇ ਐ ਉਹ ਤਾਂ ਮੇਰੇ ਹੱਡਾਂ ’ਚੋਂ ਟੂੰਮਾਂ ਕੱਢ ਲੈਣਗੇ। ਮੇਰੇ ਪਿਓ ਕੇ ਬੜੇ ਗਰੀਬ ਐ, ਉਨ੍ਹਾਂ ਮਸੀਂ ਮੇਰਾ ਵਿਆਹ ਕੀਤੈ ਜ਼ਮੀਨ ਧਰਕੇ। ਉਨ੍ਹਾਂ ’ਚ ਦੁਬਾਰਾ ਟੂੰਮਾਂ ਘੜਾਉਣ ਦੀ ਪਰੋਖੋ ਨੀ। ਵੇ ਵੀਰਾ ਮੈਂ ਤੇਰੀ ਭੈਣ ਵਰਗੀ ਆਂ।’’

ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜੀਊਣੇ ਦਾ ਦਿਲ ਪਸੀਜ ਗਿਆ… ਉਹਨੇ ਝੱਟ ਚਾਦਰੇ ਦੀ ਗੰਢ ਖੋਲ੍ਹ ਦਿੱਤੀ ਤੇ ਆਖਿਆ, ‘‘ਕੁੜੀਓ ਚੁੱਕ ਲੋ ਆਪੋ-ਆਪਣੀਆਂ ਟੂੰਮਾਂ।’’ ਤੇ ਚਾਦਰਾ ਝਾੜ ਕੇ ਅਗਾਂਹ ਟੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ।
ਇਕ ਦਿਨ ਰਾਹ ਜਾਂਦਿਆਂ ਜੀਊਣੇ ਨੂੰ ਭੁੱਖ ਲੱਗ ਗਈ, ਉਸ ਨੇ ਵੇਖਿਆ ਕਿ ਇਕ ਕੁੜੀ ਖੇਤ ਨੂੰ ਭੱਤਾ ਲਈ ਜਾਂਦੀ ਐ। ਉਹਨੇ ਕੁੜੀ ਕੋਲ ਆ ਕੇ ਆਖਿਆ, ‘‘ਭੈਣੇ ਰੋਟੀ ਖੁਆਏਂਗੀ?’’
‘‘ਆਹੋ ਵੀਰ।’’ ਆਖ ਕੁੜੀ ਨੇ ਆਪਣੇ ਸਿਰ ਤੋਂ ਛਿੱਕੂ ਲਾਹ ਕੇ ਲੱਸੀ ਦੀ ਝੱਕਰੀ ਧਰਤੀ ’ਤੇ ਰੱਖੀ ਤੇ ਪੋਣੇ ’ਚੋਂ ਦੋ ਮਿੱਸੀਆਂ ਰੋਟੀਆਂ ਕੱਢ ਕੇ ਉੱਤੇ ਅੰਬ ਦੇ ਆਚਾਰ ਦੀ ਫਾੜੀ ਤੇ ਗੰਢਾ ਰੱਖ ਕੇ ਉਹਦੇ ਹੱਥ ਫੜਾ ਦਿੱਤੀਆ।

ਜੀਊਣੇ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖ ਕੇ ਉਹਦਾ ਸਿਰ ਪਲੋਸਿਆ ਤੇ ਅਗਾਂਹ ਟੁਰ ਗਿਆ।
ਜੀਊਣੇ ਮੌੜ ਦੇ ਸਖੀਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਹਨ।
ਇਕ ਵਾਰ ਉਨ੍ਹਾਂ ਨੇ ਇਕ ਝੜੀ ਵਿਚ ਇਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਤਾਂ ਜੀਊਣਾ ਮੌੜ ਐ। ਉਹਨੇ ਜੀਊਣੇ ਅੱਗੇ ਹੱਥ ਜੋੜ ਕੇ ਆਖਿਆ:

‘‘ਭੋਇੰ ਧਰਕੇ ਇਕ ਮੁੰਡਾ ਵਿਆਹਿਆ,
ਬਹੂ ਨੂੰ ਟੂੰਮ ਛੱਲਾ ਮੰਗ ਕੇ ਪਾਇਆ,
ਵਾਸਤਾ ਈ ਰੱਬ ਦਾ ਤੂੰ ਸਾਡਾ ਜੱਟ ਭਾਈ,
ਲੁੱਟ ਸ਼ਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ।
(ਭਗਵਾਨ ਸਿੰਘ)

ਜੀਊਣੇ ਨੇ ਸਾਰਾ ਟੂੰਮ-ਛੱਲਾ ਮੋੜ ਕੇ ਪੱਲਿਓਂ ਹੋਰ ਹਜ਼ਾਰ ਰੁਪਿਆ ਪਾ ਕੇ ਬਰਾਤ ਅਗਾਂਹ ਤੋਰ ਦਿੱਤੀ।
ਜੀਊਣੇ ਮੌੜ ਦੀ ਸਾਰੇ ਇਲਾਕੇ ਵਿਚ ਦਹਿਸ਼ਤ ਹੀ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜੀਊਣਾ ਮੌੜ ਦੱਸ ਕੇ ਲੁੱਟ-ਮਾਰ ਕਰਨ ਲੱਗ ਪਏ ਸਨ। ਇਕ ਵਾਰ ਇਕ ਬ੍ਰਾਹਮਣ ਆਪਣੀ ਧੀ ਨੂੰ ਉਹਦੇ ਸਹੁਰੀਂ ਛੱਡਣ ਜਾ ਰਿਹਾ ਸੀ। ਰਾਹ ਜੰਗਲ ’ਚੋਂ ਹੋ ਕੇ ਜਾਂਦਾ ਸੀ। ਜਦੋਂ ਉਹ ਜੰਗਲ ’ਚ ਵੜੇ ਅੱਗੋਂ ਬਦਮਾਸ਼ਾਂ ਦੀ ਟੋਲੀ ਨੇ ਉਨ੍ਹਾਂ ਨੂੰ ਘੇਰ ਲਿਆ। ਬ੍ਰਾਹਮਣ ਥਰ-ਥਰ ਕੰਬ ਰਿਹਾ ਸੀ ਤੇ ਕੁੜੀ ਦੀਆਂ ਲੇਰਾਂ ਨਿਕਲ ਰਹੀਆਂ ਸਨ। ਅਚਾਨਕ ਜੀਊਣਾ ਮੌੜ ਉਧਰੋਂ ਆ ਨਿਕਲਿਆ। ਉਸ ਨੇ ਆਉਂਦੇ ਸਾਰ ਹੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ।

‘‘ਤੂੰ ਕੌਣ ਹੁਨੈਂ ਸਾਨੂੰ ਰੋਕਣ ਵਾਲਾ?’’ ਇਕ ਮਾੜਚੂ ਜਿਹਾ ਬਦਮਾਸ਼ ਬੋਲਿਆ।
‘‘ਮੈਂ ਆਂ…, ਥੋਡਾ… ਜੀਊਣਾ ਮੋੜ।’’

ਜੀਊਣਾ ਮੌੜ ਦਾ ਨਾਂ ਸੁਣਦੇ ਸਾਰ ਹੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉਡ ਗਏ। ਜੀਊਣੇ ਨੇ ਜੁੱਤੀਆਂ ਮਾਰ-ਮਾਰ ਉਨ੍ਹਾਂ ਨੂੰ ਭਜਾ ਦਿੱਤਾ ਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਛੱਡ ਕੇ ਆਇਆ।
ਕਹਿੰਦੇ ਨੇ ਸੰਗਰੂਰ ਕੋਲ ਇਕ ਪਿੰਡ ਗੋਡੀ ਕਰਦੇ ਇਕ ਗ਼ਰੀਬ ਜ਼ਿਮੀਂਦਾਰ ਕੋਲ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ। ਦੇਨੇਤ ਨਾਲ ਘੁੰਮਦਾ-ਘੁੰਮਾਉਂਦਾ ਜੀਊਣਾ ਮੌੜ ਵੀ ਉਥੇ ਆ ਗਿਆ। ਵਿਆਹੁਣਯੋਗ ਕੁੜੀ ਵੱਲ ਵੇਖ ਕੇ ਜੀਊਣੇ ਨੇ ਜ਼ਿਮੀਂਦਾਰ ਨੂੰ ਪੁੱਛਿਆ, ‘‘ਸਰਦਾਰਾ ਧੀ ਕਿਧਰੇ ਮੰਗੀ ਵਿਆਹੀ ਵੀ ਹੋਈ ਐ?’’

ਜ਼ਿਮੀਂਦਾਰ ਨੇ ਮਸੋਸਿਆ ਜਿਹਾ ਮੂੰਹ ਕਰਕੇ ਕਿਹਾ, ‘‘ਜੀਊਣ ਸਿਆਂ, ਅਸੀਂ ਧੀ ਵਿਆਉਣ ਜੋਗੇ ਕਿੱਥੇ ਆਂ, ਮਸੀਂ ਗੁਜ਼ਾਰਾ ਤੁਰਦੈ – ਸਾਰੀ ਪੈਲੀ ਮਾਰੂ ਐ।’’ ਜੀਊਣੇ ਮੌੜ ਨੇ ਉਸੇ ਵੇਲੇ ਆਪਣੇ ਲੱਕ ਨਾਲੋਂ ਖੋਲ੍ਹ ਕੇ ਸੌ-ਸੌ ਦੀਆਂ ਪੰਜ ਵਾਸਣੀਆਂ ਜ਼ਿਮੀਂਦਾਰ ਦੇ ਹਵਾਲੇ ਕਰਕੇ ਆਖਿਆ, ‘‘ਕਰ ਧੀ ਦਾ ਨਾਤਾ ਗੱਜ ਵੱਜ ਕੇ… ਦੇਖੀਂ ਕਿਤੇ ਕਿਸੇ ਹੋਰ ਪਾਸੇ ਵਰਤ ਲਏਂ।’’

ਅੱਜ ਦੇ ਸਮੇਂ ਇਹ ਹਜ਼ਾਰਾਂ ਰੁਪਏ ਦੀ ਰਾਸ਼ੀ ਸੀ। ਜੱਟ ਜੀਊਣੇ ਮੌੜ ਦੀ ਸਖਾਵਤ ਦੇ ਵਾਰੇ ਵਾਰੇ ਜਾ ਰਿਹਾ ਸੀ।
ਹੋਰ ਵੀ ਅਨੇਕਾਂ ਕਿੱਸੇ ਜੀਊਣੇ ਮੌੜ ਦੇ ਨਾਂ ਨਾਲ ਜੁੜੇ ਹੋਏ ਹਨ। ਉਸ ਦੀ ਬਹਾਦਰ, ਸੂਰਮਗਤੀ, ਦਰਿਆਦਿਲੀ ਅਤੇ ਸਖਾਵਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਵਿਚ ਕੀਤਾ ਹੈ:-

ਜੀਊਣਾ ਮੌੜ ਸਾਧ, ਗਊ-ਗ਼ਰੀਬ ਦੀ ਕਰੇ ਸੇਵਾ,
ਖੱਬੀਖਾਨਾਂ ਦੀ ਅਲਖ ਮੁਕਾਉਂਦਾ ਜੀ।
ਜੇਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ,
ਪਰਚਾ ਛਾਪ ਕੇ ਪਹਿਲਾਂ ਲਗਾਉਂਦਾ ਜੀ।
ਸ਼ੀਹਣੀ ਮਾਂ ਨੇ ਜੰਮਿਆ ਸ਼ੇਰ ਜੀਊਣਾ,
ਨਹੀਂ ਲੁਕ ਕੇ ਵਕਤ ਲੰਘਾਉਂਦਾ ਜੀ।
(ਭਗਵਾਨ ਸਿੰਘ)

ਜਿਸ ਮਕਸਦ ਲਈ ਜੀਊਣਾ ਡਾਕੂ ਬਣਿਆ ਸੀ, ਉਹ ਅਜੇ ਪੂਰਾ ਨਹੀਂ ਸੀ ਹੋਇਆ। ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਾਨਾ ਉਹਦੇ ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ ’ਤੇ ਹੀ ਉਹਦੇ ਕਾਲਜੇ ਠੰਢ ਪੈਣੀ ਸੀ।

ਇਕ ਦਿਨ ਘੋੜੇ ’ਤੇ ਸਵਾਰ ਹੋ ਕੇ ਜੀਊਣਾ ਮੌੜ ਅਹਿਮਦ ਡੋਗਰ ਦੇ ਪਿੰਡ ਡਸਕੇ ਜਾ ਪੁੱਜਾ। ਉਹਨੇ ਇਕ ਪਾਲੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ, ‘‘ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਐ… ਤੈਂ ਮੇਰੇ ਭਾਈ ਨੂੰ ਧੋਖੇ ਨਾਲ ਫੜਾਇਆ ਸੀ… ਜੇ ਤੂੰ ਅਸਲੀ ਬਾਪ ਦਾ ਤੁਖਮ ਐਂ ਤਾਂ ਸਾਹਮਣੇ ਆ ਜਾ। ਪਾਜੀਆ ਫੇਰ ਨਾ ਆਖੀਂ।’’
ਜੀਊਣੇ ਮੌੜ ਦਾ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ ਵਿਚ ਲਾਲ ਸੂਹੇ ਡੋਰੇ ਡਲ੍ਹਕ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ ਲਮਕਾਈ ਤੇ ਹੱਥ ’ਚ ਰਫਲ ਫੜ ਕੇ ਘੋੜੇ ’ਤੇ ਸਵਾਰ ਹੁੰਦਾ ਬੋਲਿਆ, ‘‘ਜਦੋਂ ਗਿੱਦੜ ਦੀ ਮੌਤ ਆਉਂਦੀ ਐ ਉਹ ਨਿਆਈਆਂ ਵੱਲ ਨੂੰ ਭੱਜਦੈ। ਅੱਜ ਵੱਡਾ ਸੂਰਮਾ ਜੀਊਣਾ ਮੇਰੇ ਕੋਲੋਂ ਬੱਚ ਕੇ ਨ੍ਹੀਂ ਜਾ ਸਕਦਾ।’’

ਡੋਗਰ ਦੀ ਘਰਵਾਲੀ ਨੇ ਉਹਨੂੰ ਰੋਕਿਆ ਵੀ ਪਰ ਡੋਗਰ ਦੇ ਸਿਰ ਖੂਨ ਸਵਾਰ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿਚ ਜਾ ਪੁੱਜਾ ਜਿਥੇ ਖੜ੍ਹਾ ਜੀਊਣਾ ਮੌੜ ਖੋਰੂ ਪਾ ਰਿਹਾ ਸੀ।
ਜੀਊਣੇ ਨੇ ਡੋਗਰ ਨੂੰ ਲਲਕਾਰਿਆ, ‘‘ਡੋਗਰਾ ਮੈਂ ਤੇਰੇ ਅਰਗਾ ਪਾਜੀ ਨੀ। ਸੂਰਮਾ ਕਿਸੇ ਨੂੰ ਧੋਖੇ ਨਾਲ ਨੀ ਮਾਰਦਾ। ਪਹਿਲਾ ਵਾਰ ਤੇਰੈ।’’

ਡੋਗਰ ਨੇ ਪਹਿਲਾ ਫਾਇਰ ਕੀਤਾ। ਜੀਊਣੇ ਦੀ ਘੋੜੀ ਧਰਤੀ ’ਤੇ ਲਿਫ ਗਈ, ਗੋਲੀ ਉਪਰੋਂ ਲੰਘ ਗਈ। ਦੂਜਾ ਫਾਇਰ ਵੀ ਫੋਕਾ ਹੀ ਗਿਆ। ਜੀਊਣੇ ਮੌੜ ਨੇ ਅਜਿਹੀ ਸਿਸਤ ਬੰਨ੍ਹੀ ਕਿ ਪਹਿਲੇ ਫਾਇਰ ਨਾਲ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ।
ਡੋਗਰ ਦੀ ਲਾਸ਼ ਧਰਤੀ ’ਤੇ ਪਈ ਤੜਪ ਰਹੀ ਸੀ। ਡੋਗਰ ਦੇ ਘਰ ਹਾਹਾਕਾਰ ਮੱਚ ਗਈ।
ਕਿਸੇ ਮੌੜੀਂ ਜਾ ਦੱਸਿਆ, ‘‘ਜੀਊਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਿਐ।’’ ਸਾਰਾ ਪਿੰਡ ਉਸ ਦੇ ਬਲਿਹਾਰੇ ਜਾ ਰਿਹਾ ਸੀ।

ਡੋਗਰ ਦੇ ਮਾਰਨ ਦੀ ਖਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਘਰ ਘਰ ਜੀਊਣੇ ਮੌੜ ਦੀਆਂ ਗੱਲਾਂ ਹੋ ਰਹੀਆਂ ਸਨ…। ਹਰ ਕੋਈ ਉਸ ਅਣਖੀ ਸੂਰਮੇ ਦੀਆਂ ਬਾਤਾਂ ਪਾ ਰਿਹਾ ਸੀ।

ਘਰ-ਘਰ ਪੁੱਤਰ ਜੰਮਦੇ,
ਜੀਊਣਾ ਮੌੜ ਨੀ ਕਿਸੇ ਬਣ ਜਾਣਾ।

ਬੁਢਲਾਡੇ ਦੀ ਪੁਲੀਸ ਨੇ ਜੀਊਣੇ ਮੌੜ ਨੂੰ ਫੜਨ ਦੀ ਸਿਰਤੋੜ ਕੋਸ਼ਿਸ਼ ਕੀਤੀ ਪਰ ਉਹ ਹੱਥ ਆਉਣ ਵਾਲਾ ਕਿੱਥੇ ਸੀ। ਪੁਲੀਸ ਤਾਂ ਉਸ ਪਾਸੋਂ ਥਰ-ਥਰ ਕੰਬਦੀ ਸੀ। ਉਹਦੇ ਸਾਹਮਣੇ ਹੋਣ ਦਾ ਹੌਸਲਾ ਨਹੀਂ ਸੀ ਕਰਦੀ। ਪੂਰੀ ਸ਼ਾਨ ਨਾਲ ਜੀਊਣਾ ਆਪਣੇ ਇਲਾਕੇ ਵਿਚ ਵਿਚਰ ਰਿਹਾ ਸੀ।

ਜੀਊਣਾ ਅਲਬੇਲੇ ਸੁਭਾਅ ਦਾ ਮਾਲਕ ਸੀ, ਅੱਲੋਕਾਰ ਗੱਲਾਂ ਕਰਨ ਵਾਲਾ। ਇਕ ਵਾਰ ਉਸ ਨੂੰ ਕੀ ਸੁੱਝੀ ਉਹਨੇ ਨਾਭੇ ਦੇ ਰਾਜੇ ਹੀਰਾ ਸਿੰਘ ਦੇ ਤਬੇਲੇ ’ਚੋਂ ਜਾ ਕੇ ਘੋੜੀ ਖੋਲ੍ਹ ਲਈ। ਉਸ ਨੇ ਸੰਤਰੀ ਨੂੰ ਆਖਿਆ, ‘‘ਕਹਿ ਦੀਂ ਆਪਣੇ ਰਾਜੇ ਨੂੰ ਜੀਊਣਾ ਮੌੜ ਲੈ ਗਿਆ ਤੇਰੀ ਘੋੜੀ।’’

ਲੋਕੀਂ ਵਾਰੇ-ਵਾਰੇ ਜਾ ਰਹੇ ਸਨ ਜੀਊਣੇ ਮੋੜ ਦੇ ਜਿਸ ਨੇ ਰਾਜੇ ਦੀ ਘੋੜੀ ਖੋਲ੍ਹ ਲਈ ਸੀ। ਰਾਜੇ ਨੇ ਆਪਣੀ ਪੁਲੀਸ ਉਹਦੇ ਮਗਰ ਲਾ ਦਿੱਤੀ। ਆਖਰ ਸੁੱਤਾ ਪਿਆ ਜੀਊਣਾ ਮੌੜ ਫੜਿਆ ਗਿਆ। ਉਸ ਨੂੰ ਨਾਭਾ ਜੇਲ੍ਹ ਵਿਚ ਡੱਕ ਦਿੱਤਾ ਗਿਆ। ਪਰ ਉਹ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਭੱਜ ਆਇਆ।

ਜੀਊਣਾ ਮੌੜ ਨੈਣਾ ਦੇਵੀ ਦਾ ਸ਼ਰਧਾਲੂ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸ ਦੀ ਹਰ ਪਲ ਰੱਖਿਆ ਕਰਦੀ ਹੈ। ਉਹਨੇ ਨੈਣਾ ਦੇਣੀ ਦੇ ਮੰਦਰ ’ਤੇ ਜਾ ਕੇ ਸੋਨੇ ਦਾ ਛਤਰ ਚੜ੍ਹਾਉਣ ਦਾ ਐਲਾਨ ਕਰ ਦਿੱਤਾ:

ਉਸ ਨੇ ਖ਼ਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ,
ਨੈਣਾ ਦੇਵੀ ਦੇ ਮੰਦਰ ’ਤੇ ਜਾਊਂਗਾ ਮੈਂ।
ਜੀਹਦੇ ਆਸਰੇ ਫ਼ੌਜਾਂ ਦੇ ਨੱਕ ਮੋੜੇ,
ਛਤਰ ਸੋਨੇ ਦਾ ਚਾੜ੍ਹ ਕੇ ਆਊਂਗਾ ਮੈਂ।
ਜ਼ੋਰ ਲਾ ਕੇ ਆ ਜਿਓ ਫੜਨ ਮੈਨੂੰ,
ਨਹੀਂ ਮਰਨ ਤੋਂ ਮੁੱਖ ਭਵਾਉਂਗਾ ਮੈਂ। (ਭਗਵਾਨ ਸਿੰਘ)

ਨੈਣਾ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜੀਊਣੇ ਮੌੜ ਨੇ ਪਟਿਆਲਾ ਸ਼ਹਿਰ ਵਿਚ ਜਾ ਕੇ ਪੁਲੀਸ ਦੇ ਹੌਲਦਾਰ ਦੀ ਵਰਦੀ ਪਾ ਕੇ ਕਿਲਾ ਮੁਬਾਰਕ ਦੀ ਕੰਧ ’ਤੇ ਲਿਖ ਕੇ ਕਾਗਜ਼ ਲਾ ਦਿੱਤਾ, ‘ਜੀਊਣਾ ਮੌੜ ਅਦਾਲਤ ਬਾਜ਼ਾਰ ਵਿਚ ਫਿਰਦੈ, ਫੜ ਲਓ ਆਥਣੇ ਸੱਤ ਵਜੇ ਉਹ ਨੈਣਾ ਦੇਵੀ ਨੂੰ ਜਾਣ ਲਈ ਗੱਡੀ ਚੜੂਗਾ।’
ਥਾਂ-ਥਾਂ ਪੁਲੀਸ ਟੱਕਰਾਂ ਮਾਰਦੀ ਰਹੀ ਪਰ ਜਿਊਣਾ ਮੌੜ ਸਾਧੂ ਦਾ ਭੇਸ ਧਾਰ ਕੇ ਨੈਣਾ ਦੇਵੀ ਲਈ ਰੇਲ ਗੱਡੀ ’ਤੇ ਸਵਾਰ ਹੋ ਗਿਆ। ਰੇਲ ਦੇ ’ਕੱਲੇ-’ਕੱਲੇ ਡੱਬੇ ਵਿਚ ਭਾਲ ਕੀਤੀ ਗਈ ਪਰ ਸਾਧ ਬਣਿਆ ਜੀਊਣਾ ਮੌੜ ਕਿਸੇ ਤੋਂ ਪਛਾਣ ਨਾ ਹੋਇਆ।

ਇਸੇ ਭੇਸ ਵਿਚ ਨੈਣਾ ਦੇਵੀ ਦੇ ਮੰਦਰ ਪੁੱਜ ਗਿਆ। ਪੁਲੀਸ ਭੇਸ ਬਦਲ ਕੇ ਮੰਦਰ ਦੇ ਅੰਦਰ-ਬਾਹਰ ਚੌਕਸ ਖੜੋਤੀ ਹੋਈ ਸੀ। ਜੀਊਣੇ ਮੌੜ ਨੇ ਸਾਧੂ ਦੇ ਭੇਸ ਵਿਚ ਨੈਣਾ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ ਅਤੇ ਸ਼ਰਧਾ ਠਾਠ ਨਾਲ ਸੋਨੇ ਦਾ ਛਤਰ ਦੇਵੀ ਦੀ ਮੂਰਤੀ ’ਤੇ ਚੜ੍ਹਾ ਦਿੱਤਾ। ਜੀਊਣੇ ਮੌੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇਕ ਸਿਪਾਹੀ ਨੇ ਉਹਦੇ ਨੱਕ ਦੇ ਨਿਸ਼ਾਨ ਤੋਂ ਉਸ ਨੂੰ ਪਛਾਣ ਲਿਆ। ਪੁਲੀਸ ਨੇ ਘੇਰਾ ਤੰਗ ਕਰਕੇ ਉਸ ਨੂੰ ਘੇਰ ਲਿਆ। ਨਿਹੱਥਾ ਹਥਿਆਰਬੰਦ ਪੁਲੀਸ ਦਾ ਮੁਕਾਬਲਾ ਉਹ ਕਦੋਂ ਤਕ ਕਰਦਾ। ਅਖੀਰ ਜੀਊਣਾ ਮੌੜ ਪੁਲੀਸ ਦੇ ਕਾਬੂ ਆ ਗਿਆ। ਬੇਵੱਸ ਸ਼ੇਰ ਦਹਾੜਦਾ ਰਿਹਾ।

ਜੀਊਣੇ ਮੌੜ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿਚ ਡੱਕ ਦਿੱਤਾ ਗਿਆ। ਮੁਕੱਦਮਾ ਚੱਲਿਆ। ਵਲਾਇਤ ਦੀ ਮਲਕਾ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਇਕ ਸੂਰਬੀਰ ਅਣਖੀਲਾ ਯੋਧਾ ਅਣਖ ਅਤੇ ਗ਼ੈਰਤ ਲਈ ਆਪਣੀ ਜ਼ਿੰਦੜੀ ਘੋਲ ਘੁਮਾ ਗਿਆ। ਉਹ ਹੱਸਦਿਆਂ-ਹੱਸਦਿਆਂ ਫਾਂਸੀ ਦੇ ਤਖ਼ਤੇ ’ਤੇ ਝੂਲ ਗਿਆ। ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ ’ਚ ਪਰੋਇਆ ਹੈ ਤੇ ਪੰਜਾਬ ਦਾ ਲੋਕ ਮਾਣਸ ਉਸ ਦੀਆਂ ਪਾਈਆਂ ਪੈੜਾਂ ਨੂੰ ਬਾਰਮ-ਬਾਰ ਪ੍ਰਣਾਮ ਕਰਦਾ ਹੈ।

Governor of the Punjab

Caption: The accident which befell Sir Donald McLeod, formerly Lieutenant-Governor of the Punjab (1865-70), at Gloucester Road underground station, 1872, and its aftermath. Sir Donald Friell McLeod CB KCSI (6 May 1810 – 28 November 1872) was a Lieutenant Governor of British Punjab. He died from the effects of an accident on the London Underground. The picture shows him being carried off the railway line, with a cut leg, then being attended to, and finally, his spirit being taken...

ਬੋਲੀਆਂ – 5

ਪਰਦੇਸਾਂ ਦੇ ਵਿੱਚ ਲਾਏ ਡੇਰੇਸਿੱਖ ਕੇ ਨਿਹੁੰ ਦੀ ਰੀਤਤੂੰ ਕਿਹੜਾ ਚੰਨ ਪੁੰਨੂੰਆਮਨ ਮਿਲ ਗਏ ਦੀ ਪ੍ਰੀਤਤੇਰੇ ਪਿੱਛੇ ਮੈਂ ਬਣਿਆ ਭੌਰਾਛੱਡ ਕੇ ਲੁੱਕ ਲੁਕਾਈਸ਼ੀਸ਼ੇ ਵਿੱਚ ਵੇਖ ਸੱਸੀਏਮੇਰੀ ਤੇਰੇ ਨਾਲੋਂ ਜੋਤ ਸਵਾਈਦੱਸ ਵੇ ਥਲਾ ਕਿਤੇ ਵੇਖੀ ਹੋਵੇਮੇਰੇ ਪੁੰਨੂੰ ਦੀ ਡਾਚੀ ਕਾਲੀਜਿੱਥੇ ਮੇਰਾ ਪੁੰਨੂੰ ਮਿਲੇਉਹ ਧਰਤੀ ਨਸੀਬਾਂ ਵਾਲੀਥਲ ਵੀ ਤੱਤਾ, ਮੈਂ ਵੀ ਤੱਤੀਤੱਤੇ ਨੈਣਾਂ ਦੇ ਡੇਲੇਰੱਬਾ 'ਕੇਰਾਂ ਦੱਸ ਤਾਂ ਸਹੀਕਦ ਹੋਣਗੇ ਪੁੰਨੂੰ ਨਾਲ ਮੇਲੇਮੈਂ ਪੁੰਨੂੰ ਦੀ, ਪੁੰਨੂੰ ਮੇਰਾਸਾਡਾ ਪਿਆ ਵਿਛੋੜਾ ਭਾਰਾਦੱਸ ਰੱਬਾ ਕਿੱਥੇ ਗਿਆਮੇਰੇ ਨੈਣਾਂ ਦਾ ਵਣਜਾਰਾ

ਜ਼ਾਬਤਾ

ਅੱਜ ਮੈੱਕਸਲ ਦਾ ਜਨਮ ਦਿਨ ਹੈ ਤੇ ਇਸ ਸੰਬੰਧ ਵਿਚ ਖੂਬ ਜਸ਼ਨ ਮਨਾਏ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਉਸ ਦੇ ਜਸ਼ਨਾਂ ਵਾਸਤੇ ਤਿਆਰੀ ਚੱਲ ਰਹੀ ਹੈ। ਹਰ ਰੋਜ਼ ਉਸ ਨੂੰ ਨੁਹਾ ਧੁਆ ਕੇ ਲਿਸ਼ਕਾਇਆ ਸ਼ਿੰਗਾਰਿਆ ਜਾਂਦਾ ਰਿਹਾ ਹੈ। ਉਸ ਦੇ ਦੰਦਾਂ ਦੀ ਫਲਾਸ ਕਰ ਕੇ ਦੰਦ ਲਿਸ਼ਕਾਏ ਜਾਂਦੇ ਹਨ। ਵਾਲ ਭਰਵੱਟੇ ਕੱਟ ਕੇ ਉਸ ਨੂੰ ਨਿਹਾਰਿਆ ਜਾਂਦਾ ਹੈ। ਪੈਰਾਂ ਦੇ ਮਖਮਲੀ ਮੌਜੇ ਸਪੈਸ਼ਲ ਸਾਈ ਦੇ ਕੇ ਬੁਟੀਕ ਕੋਲੋਂ ਬਣਵਾਏ ਗਏ ਹਨ।ਇਸ ਘਰ ਪੈਰ ਪਾਇਆਂ ਅੱਜ ਉਸ ਨੂੰ...