12.2 C
Los Angeles
Wednesday, December 4, 2024

ਲੋਕ ਨਾਇਕ – ਜੱਗਾ ਸੂਰਮਾ

[ਨੂਰ ਮੁਹੰਮਦ ‘ਨੂਰ’]

‘ਪੰਜਾਬੀ ਸਾਹਿਤ ਸੰਦਰਭ ਕੋਸ਼’ ਵਿਚ ਡਾਕਟਰ ਰਤਨ ਸਿੰਘ ਜੱਗੀ ਲਿਖਦੇ ਨੇ, ‘ਜੱਗਾ ਪੰਜਾਬ ਦਾ ਇਕ ਪ੍ਰਸਿੱਧ ਧਾੜਵੀ ਲੋਕ ਨਾਇਕ ਸੀ, ਜਿਸ ਦੀ ਬਹਾਦਰੀ ਦੀਆਂ ਅਨੇਕਾਂ ਦੰਦ-ਕਥਾਵਾਂ ਪ੍ਰਚਲਿਤ ਹਨ। ਇਹ ਆਮ ਤੌਰ ‘ਤੇ ਜਗੀਰਦਾਰਾਂ ਅਤੇ ਸ਼ਾਹੂਕਾਰਾਂ ਜਾਂ ਧਨਵਾਨਾਂ ਨੂੰ ਲੁੱਟਦਾ ਅਤੇ ਲੁੱਟ ਵਿਚ ਪ੍ਰਾਪਤ ਹੋਏ ਧਨ ਨੂੰ ਗਰੀਬਾਂ ਵਿਚ ਵੰਡ ਕੇ ਅਤੇ ਦੁਖੀਆਂ ਦੀ ਸਹਾਇਤਾ ਕਰਕੇ ਜਸ ਖਟਦਾ ਸੀ। ਇਸ ਨੇ ਕਈ ਲੋੜਵੰਦ ਕੁੜੀਆਂ ਦੇ ਵਿਆਹ ਕੀਤੇ। ਧੀਆਂ-ਭੈਣਾਂ ਨੂੰ ਬੇਇਜ਼ਤ ਕਰਨ ਵਾਲਿਆਂ ਲਈ ਇਹ ਹਊਆ ਸੀ ਅਤੇ ਲੋੜਵੰਦਾਂ ਦਾ ਮਸੀਹਾ ਸੀ।’

ਲਾਹੌਰ ਤੋਂ ਲੋਕ ਤਵਾਰੀਖ ਦੇ ਲੇਖਕ ਸ਼ਨਾਵਰ ਚੱਧਰ ਪ੍ਰਸਿੱਧ ਪੰਜਾਬੀ ਸਾਹਿਤਕਾਰ ਰਾਜਾ ਰਸਾਲੂ ਦੇ ਹਵਾਲੇ ਨਾਲ ਲਿਖਦੇ ਨੇ ‘ਪੰਜਾਬ ਦੇ ਹਰ ਗ਼ੈਰਤਮੰਦ ਜਣੇ ਨੂੰ ਧਾੜਵੀਆਂ ਭਾਵ ਬਾਹਰੋਂ ਆ ਕੇ ਰਾਜ ਕਰਨ ਵਾਲਿਆਂ ਨੇ ਬਾਗੀ ਅਤੇ ਡਾਕੂ ਆਖ ਕੇ ਫਾਂਸੀ ਚਾੜ੍ਹਿਆ। ਦੁੱਲਾ ਭੱਟੀ, ਅਹਿਮਦ ਖਾਂ ਖਰਲ, ਮੁਰਾਦ ਫਤਿਆਨਾ, ਇਮਾਮ ਦੀਨ ਗੋਹਾਨਾ ਅਤੇ ਭਗਤ ਸਿੰਘ ਇਸ ਦੀਆਂ ਮਿਸਾਲਾਂ ਹਨ। ਪੈਰ ਪੈਰ ਉਤੇ ਇਥੇ ਜਾਨ ਦੀ ਕੁਰਬਾਨੀ ਦਿੱਤੀ ਗਈ। ਜੱਗੇ ਜੱਟ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਉਹਦੇ ਖਿਲਾਫ਼ ਸਮਾਜ ਦੇ ਚੌਧਰੀਆਂ ਨੇ ਕੁਝ ਅਜਿਹੇ ਨਫ਼ਰਤ ਦੇ ਬੀਜ ਬੀਜੇ ਕਿ ਲੋਕ ਅੱਜ ਵੀ ਉਹਨੂੰ ਜੱਗਾ ਡਾਕੂ ਹੀ ਆਖਦੇ ਹਨ। ਪਰ ਜੱਗੇ ਦੀ ਕਹਾਣੀ ਜਿਹੜੇ ਦੋ ਵਸੀਲਿਆਂ ਨਾਲ ਮੇਰੇ ਤੱਕ ਪਹੁੰਚੀ ਉਸ ਨੂੰ ਪੜ੍ਹ ਕੇ ਪਤਾ ਚਲਦਾ ਹੈ ਕਿ ਉਹ ਡਾਕੂ ਨਹੀਂ ਲੋਕ ਨਾਇਕ ਸੀ।’

ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਲਾਹੌਰ ਵਿਚ ਰਹਿੰਦੇ ਰਾਈਟਰਜ਼ ਗਿਲਡ ਆਫ਼ ਪਾਕਿਸਤਾਨ ਦੇ ਸਕੱਤਰ ਰਾਜਾ ਰਸਾਲੂ ਦੱਸਦੇ ਹਨ ਕਿ ਅੱਜ ਤੋਂ ਤੀਹ-ਬੱਤੀ ਸਾਲ ਪਹਿਲਾਂ ਮੈਂ ਕਸੂਰ ਸਬ ਡਵੀਜ਼ਨ ਦੇ ਪਿੰਡ ਰਾਮ ਥੰਮਨ ਗਿਆ ਜਿਥੇ ਵਿਸਾਖੀ ਦਾ ਤਕੜਾ ਮੇਲਾ ਲੱਗਦਾ ਹੈ। ਉਥੇ ਮੇਰੀ ਮੁਲਾਕਾਤ ਬਾਵਾ ਹਰੀ ਦਾਸ ਨਾਲ ਹੋਈ। ਹਰੀ ਦਾਸ ਉਹ ਬੰਦਾ ਸੀ, ਜਿਸ ਦੇ ਪਿਓ ਨੂੰ ਮੁਖਬਰੀ ਕਰਨ ਦੇ ਦੋਸ਼ ਵਿਚ ਜੱਗੇ ਨੇ ਉਹਦੀ ਹੀ ਹਵੇਲੀ ਦੀ ਕੰਧ ਨਾਲ ਖੜ੍ਹਾ ਕਰਕੇ ਗੋਲੀ ਮਾਰੀ ਸੀ। ਜੱਗੇ ਬਾਰੇ ਦੂਜੀ ਦੱਸ ਮੈਨੂੰ ਬਰਕਤ ਅਲੀ ਖੋਖਰ ਨੇ ਪਾਈ ਜੀਹਦਾ ਚਾਚਾ ਸ਼ੇਰ ਮੁਹੰਮਦ ਰਾਮ ਥੰਮਣ ਵਿਚ ਹਕੀਮ ਸੀ।

ਬਰਕਤ ਅਲੀ ਨੇ ਆਪਣੇ ਚਾਚੇ ਸ਼ੇਰ ਮੁਹੰਮਦ ਤੋਂ ਸੁਣੀ ਗੱਲਬਾਤ ਦਾ ਹਵਾਲਾ ਦਿੰਦਿਆਂ ਦੱਸਿਆ, ‘ਇਕ ਹਨੇਰੀ ਰਾਤ ਨੂੰ ਉਸ ਦੇ ਚਾਚੇ ਹਕੀਮ ਸ਼ੇਰ ਮੁਹੰਮਦ ਦਾ ਬੂਹਾ ਖੜਕਿਆ। ਜਦ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਆਉਣ ਵਾਲਿਆਂ ਨੇ ਉਸ ਨੂੰ ਝਪਟ ਕੇ ਘੋੜੀ ਉਤੇ ਸੁੱਟ ਲਿਆ ਅਤੇ ਉਸ ਦਾ ਦਵਾਈਆਂ ਵਾਲਾ ਥੈਲਾ ਚੁੱਕ ਕੇ, ਚੁੱਪ-ਚਾਪ ਨਾਲ ਜਾਣ ਲਈ ਆਖ ਕੇ ਲੈ ਤੁਰੇ। ਉਨ੍ਹਾਂ ਨੇ ਕਈ ਮੀਲ ਦਾ ਪੈਂਡਾ ਤੈਅ ਕਰਨ ਪਿਛੋਂ ਉਸ ਨੂੰ ਇਕ ਘਣੀ ਰੱਖ ਵਿਚ ਜਾ ਉਤਾਰਿਆ, ਜਿਥੇ ਉਨ੍ਹਾਂ ਦਾ ਸਾਥੀ ਛਵੀ ਦੇ ਫਟ ਨਾਲ ਤੜਪ ਰਿਹਾ ਸੀ। ਸ਼ੇਰ ਮੁਹੰਮਦ ਨੇ ਉਹਦੀ ਮਰ੍ਹਮ ਪੱਟੀ ਕੀਤੀ ਅਤੇ ਇਲਾਜ ਲਈ ਉਸ ਨੂੰ ਕਈ ਦਿਨ ਉਥੇ ਹੀ ਰੁਕਣਾ ਪਿਆ। ਜਦ ਜ਼ਖ਼ਮ ਠੀਕ ਹੋ ਗਿਆ ਤਾਂ ਉਹ ਸ਼ੇਰ ਮੁਹੰਮਦ ਨੂੰ ਘਰ ਛੱਡ ਗਏ। ਫਿਰ ਕਈ ਵਾਰ ਉਸ ਨੂੰ ਰੱਖ ਵਿਚ ਮਰ੍ਹਮ ਪੱਟੀ ਲਈ ਲਿਜਾਇਆ ਗਿਆ। ਇਕ ਵਾਰ ਜਦ ਉਸ ਨੇ ਘਰ ਜਾਣ ਦੀ ਇਜਾਜ਼ਤ ਮੰਗੀ ਤਾਂ ਪਿੱਛੋਂ ਆਵਾਜ਼ ਆਈ, ‘ਖਲੋਤਾ ਰਹੁ ਓਏ ਉਥੇ ਈ।’

ਸ਼ੇਰ ਮੁਹੰਮਦ ਦੇ ਮੂੰਹੋਂ ਡਰਦੇ ਮਾਰਿਆਂ ਸਿਰਫ਼ ਐਨਾ ਹੀ ਨਿਕਲਿਆ, ‘ਜੋ ਹੁਕਮ ਹਜ਼ੂਰ।’
‘ਤੂੰ ਸਾਡੇ ਸੱਜਣ ਦਾ ਇਲਾਜ ਕੀਤਾ ਏ, ਖਾਲੀ ਹੱਥ ਕਿਵੇਂ ਜਾ ਸਕਨਾ ਏਂ’, ਨਾਲ ਈ ਰੁਪਈਆਂ ਦੀ ਛਣਕਾਰ ਨਾਲ ਰਕਮ ਦਾ ਢੇਰ ਲੱਗ ਗਿਆ।
‘ਇਹ ਤੇਰਾ ਇਨਾਮ ਏ, ਅੱਜ ਤੋਂ ਤੈਨੂੰ ਇਥੇ ਆਉਣਾ ਦੀ ਲੋੜ ਨਹੀਂ। ਅਸੀਂ ਕਿਸੇ ਦਿਨ ਆਪ ਤੇਰੇ ਪਿੰਡ ਆ ਕੇ ਤੈਨੂੰ ਭਾਜੀ ਦੇ ਦਿਆਂਗੇ’, ਨਾਲ ਹੀ ਉਸ ਨੇ ਆਪਣੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਸਾਡੇ ਇਸ ਮਿੱਤਰ ਨੂੰ ਇਹਦੇ ਪਿੰਡ ਹਿਫ਼ਾਜ਼ਤ ਨਾਲ ਛੱਡ ਆਓ।

ਇਹ ਕਿੱਸਾ ਸੁਣਾਇਆ ਸੀ ਹਕੀਮ ਸ਼ੇਰ ਮੁਹੰਮਦ ਦੇ ਭਤੀਜੇ ਬਰਕਤ ਅਲੀ ਨੇ। ਅੱਗੇ ਬਾਬਾ ਹਰੀ ਦਾਸ ਦੀ ਦੱਸੀ ਕਹਾਣੀ ਨੂੰ ਬਿਆਨ ਕਰਦਿਆਂ ਰਾਜਾ ਰਸਾਲੂ ਆਖਦਾ ਹੈ, ‘ਜੱਗਾ ਜੱਟ ਕਸੂਰ ਦੇ ਇਕ ਪਿੰਡ ਬੁਰਜ ਵਿਚ ਜਨਮਿਆ। ਇਹ ਪਿੰਡ ਥਾਣਾ ਠੈਂਗਮੋੜ ਤਹਿਸੀਲ ਚੂਨੀਆ ਵਿਚ ਪੈਂਦਾ ਹੈ। ਜੱਗੇ ਦੇ ਜਨਮ ਤੇ ਉਹਦੇ ਪਿਓ ਨੇ ਰੱਜ ਕੇ ਖੁਸ਼ੀ ਮਨਾਈ ਜੀਹਦੇ ਲਈ ਉਸ ਨੂੰ ਸ਼ਾਹੂਕਾਰ ਤੋਂ ਉਧਾਰ ਪੈਸਾ ਚੁੱਕਣਾ ਪਿਆ। ਵਕਤ ਨਾਲ ਜੱਗੇ ਦੇ ਪਿਓ ਦੇ ਹਾਲਾਤ ਵਿਗੜਦੇ ਗਏ। ਜੱਗਾ ਅਜੇ ਜਵਾਨ ਹੋ ਹੀ ਰਿਹਾ ਸੀ ਕਿ ਸ਼ਾਹੂਕਾਰ ਉਹਦੇ ਪਿਓ ਤੋਂ ਰਕਮ ਵਸੂਲਣ ਲਈ ਉਹਦੇ ਘਰ ਗੇੜੇ ਮਾਰਨ ਲੱਗਾ ਪਿਆ। ਰਕਮ ਨਾ ਮਿਲਦੀ ਦੇਖ ਕੇ ਸ਼ਾਹੂਕਾਰ ਨੇ ਕਈ ਵਾਰ ਜੱਗੇ ਦੇ ਪਿਓ ਦੀ ਬੇਇਜ਼ਤੀ ਵੀ ਕੀਤੀ। ਜੱਗਾ ਦੇਖਦਾ ਤਾਂ ਉਹਦੇ ਤੋਂ ਸਹਾਰਿਆ ਨਾ ਜਾਂਦਾ। ਅਖੀਰ ਇਕ ਦਿਨ ਜੱਗੇ ਦਾ ਘਰ ਸ਼ਾਹੂਕਾਰ ਨੇ ਕੁਰਕ ਕਰਵਾ ਦਿੱਤਾ। ਪੁਲਿਸ ਆ ਗਈ ਅਤੇ ਸਰਕਾਰੀ ਪਿਆਦੇ ਉਹਦੇ ਘਰ ਦੀ ਇਕ-ਇਕ ਚੀਜ਼ ਉਹਦੇ ਸਾਹਮਣੇ ਚੁੱਕ ਕੇ ਲੈ ਗਏ। ਇਸ ਦੁੱਖ ਪਾਰੋਂ ਜੱਗੇ ਦਾ ਪਿਓ ਮਰ ਗਿਆ। ਬਸ ਇਥੋਂ ਈ ਸ਼ਾਹੂਕਾਰਾਂ ਨਾਲ ਜੱਗੇ ਦੀ ਟਿਕ ਭਿੜ ਗਈ।

ਇਕ ਦਿਨ ਜੱਗੇ ਨੇ ਉਸ ਸ਼ਾਹੂਕਾਰ ਨੂੰ ਕਤਲ ਕਰ ਦਿੱਤਾ ਜਿਸ ਨੇ ਉਹਦਾ ਘਰ-ਬਾਰ ਕੁਰਕ ਕਰਵਾਇਆ ਸੀ। ਇਹ ਜੱਗੇ ਦਾ ਪਹਿਲਾ ਕਤਲ ਸੀ। ਇਸ ਕਤਲ ਦੀ ਇਤਲਾਹ ਬਾਵਾ ਹਰੀ ਦਾਸ ਦੇ ਪਿਓ ਬਾਵਾ ਸੁਰਜਨ ਦਾਸ ਨੇ ਪੁਲਿਸ ਨੂੰ ਦਿੱਤੀ, ਜਿਹੜਾ ਪਿੰਡ ਦਾ ਨੰਬਰਦਾਰ ਸੀ। ਪੁਲਿਸ ਨੇ ਬਾਵਾ ਸੁਰਜਨ ਦਾਸ ਦੇ ਨਾਲ ਬਾਵਾ ਮੇਲਾ ਰਾਮ ਨੂੰ ਵੀ ਇਸ ਕਤਲ ਦਾ ਗਵਾਹ ਬਣਾ ਲਿਆ। ਨਾਲ ਈ ਪੁਲਿਸ ਜੱਗੇ ਨੂੰ ਲੱਭਣ ਲੱਗ ਪਈ।

ਜੱਗਾ ਦਿਨ ਵੇਲੇ ਰੁੱਖਾਂ ਪਿੱਛੇ ਅਤੇ ਰਾਤੀਂ ਦੁਸ਼ਮਣਾਂ ਪਿੱਛੇ ਹੁੰਦਾ। ਉਨ੍ਹਾਂ ਦਿਨਾਂ ਵਿਚ ਹੀ ਸਿੱਖਾਂ ਅਤੇ ਮਹੰਤਾਂ ਵਿਚਕਾਰ ਗੁਰਦੁਆਰਿਆਂ ‘ਤੇ ਕਬਜ਼ੇ ਦਾ ਬਖੇੜਾ ਸ਼ੁਰੂ ਹੋ ਗਿਆ ਕਿਉਂ ਜੋ ਮਹੰਤ ਜਿਹੜੇ ਗੁਰਦੁਆਰਿਆਂ ‘ਤੇ ਕਾਬਜ਼ ਸਨ, ਉਹ ਸਿੱਖਾਂ ਨੂੰ ਉਨ੍ਹਾਂ ਗੁਰਦੁਆਰਿਆਂ ਵਿਚ ਵੜਨ ਨਹੀਂ ਸਨ ਦਿੰਦੇ। ਜਦੋਂ ਸਿੱਖਾਂ ਨੇ ਇਹਦਾ ਵਿਰੋਧ ਕੀਤਾ ਤਾਂ ਜੱਗਾ ਵੀ ਸਿੱਖਾਂ ਦੀ ਤਰਫ਼ੋਂ ਮਹੰਤਾਂ ਨਾਲ ਲੜਿਆ।

ਇਕ ਦਿਨ ਜੱਗੇ ਨੇ ਪਿੰਡ ਰਾਮ ਥੰਮਣ ਜਾ ਕੇ ਬਾਵਾ ਸੁਰਜਨ ਦਾਸ ਨੂੰ ਕਤਲ ਕਰ ਦਿੱਤਾ ਜੀਹਦੀ ਭਿਣਕ ਬਾਵਾ ਮੇਲਾ ਰਾਮ ਨੂੰ ਵੀ ਪੈ ਗਈ। ਉਹ ਭੱਜ ਕੇ ਆਪਣੇ ਘਰ ਜਾ ਵੜਿਆ। ਜੱਗੇ ਨੇ ਬੂਹਾ ਖੜਕਾ ਕੇ ਉਸ ਨੂੰ ਬਾਹਰ ਨਿਕਲਣ ਲਈ ਆਖਿਆ ਪਰ ਉਸ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਜੱਗੇ ਨੇ ਉਹਦੇ ਘਰ ਉਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਜਿਸ ਵਿਚ ਮੇਲਾਰਾਮ ਦੇ ਨਾਲ-ਨਾਲ ਉਹਦਾ ਸਾਰਾ ਟੱਬਰ ਸੜ ਕੇ ਸੁਆਹ ਹੋ ਗਿਆ। ਉਸ ਪਿੱਛੋਂ ਜੱਗੇ ਨੇ ਰਾਮ ਥੰਮਣ ਨੇੜਲੀ ਬਸਤੀ ਕਾਲੂਖਾਰਾ ਦੇ ਠਾਕੁਰ ਸਿੰਘ ਜੱਟ ਨੂੰ ਕਤਲ ਕਰ ਦਿੱਤਾ। ਉਸ ਪਿੱਛੋਂ ਉਸ ਨੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਮਹੰਤ ਨਾਰਾਇਣ ਸਿੰਘ ਦੇ ਭਣੇਵੇਂ ਅਰਜਨ ਦਾਸ ਦੀ ਹਵੇਲੀ ਉਤੇ ਵੀ ਹੱਲਾ ਬੋਲ ਦਿੱਤਾ। ਅਰਜਨ ਦਾਸ ਪਹਿਲਾਂ ਹੀ ਹਵੇਲੀ ਛੱਡ ਕੇ ਭੱਜ ਗਿਆ ਹੋਇਆ ਸੀ। ਜੱਗਾ ਉਹਦੀਆਂ ਦੋ ਘੋੜੀਆਂ ਖੋਲ੍ਹ ਕੇ ਆਪਣੇ ਨਾਲ ਲੈ ਗਿਆ। ਜੱਗੇ ਦੀਆਂ ਰੋਜ਼ ਰੋਜ਼ ਦੀਆਂ ਲੁੱਟਾਂ-ਮਾਰਾਂ ਤੋਂ ਤੰਗ ਆ ਕੇ ਸਰਕਾਰ ਨੇ ਜੱਗੇ ਦੀ ਗ੍ਰਿਫਤਾਰੀ ਦਾ ਇਨਾਮ ਇਕ ਹਜ਼ਾਰ ਰੁਪਈਆ ਰੱਖ ਦਿੱਤਾ। ਜੱਗਾ ਇਨ੍ਹਾਂ ਇਨਾਮਾਂ ਤੋਂ ਨਿਸ਼ਚਿੰਤ ਸ਼ਾਹੂਕਾਰਾਂ ਦੀ ਜਾਨ ਦਾ ਵੈਰੀ ਬਣਿਆ ਹੋਇਆ ਸੀ ਕਿ ਉਸ ਨੂੰ ਮੌਤ ਨੇ ਆ ਘੇਰਿਆ।

ਜੱਗਾ ਰੱਖ ਸਿੱਧੂ ਪੁਰ ਵਿਚ ਇਕ ਰਾਤ ਆਪਣੇ ਬੇਲੀਆਂ ਨਾਲ ਇਕ ਮਿਲਣ ਵਾਲੇ ਦੇ ਡੇਰੇ ‘ਤੇ ਗਿਆ। ਸਾਰੀ ਰਾਤ ਗਿਲਾਸੀ ਖੜਕਦੀ ਰਹੀ। ਜਦ ਉਹ ਬੇਸੁਰਤ ਹੋ ਗਏ ਤਾਂ ਮਿਜਮਾਨਾਂ (ਘਰ ਵਾਲਿਆਂ) ਨੇ ਇਨਾਮ ਦੇ ਲਾਲਚ ਵਿਚ ਜੱਗਾ ਅਤੇ ਉਸ ਦੇ ਸਾਥੀਆਂ ਨੂੰ ਕਤਲ ਕਰਕੇ ਪੁਲਿਸ ਨੂੰ ਮੁਖਬਰੀ ਕਰ ਦਿੱਤੀ।

ਜੱਗੇ ਬਾਰੇ ਉਪਰੋਕਤ ਬਿਆਨ ਕੀਤੀ ਕਹਾਣੀ ਪੱਛਮੀ ਪੰਜਾਬ ਦੀਆਂ ਲੋਕ ਅਖਾਣਾਂ ਵਿਚ ਮਿਲਦੀ ਹੈ ਪਰ ਜੱਗੇ ਦੇ ਪਿਛੋਕੜ ਬਾਰੇ ਬਹੁਤਾ ਕੁਝ ਨਹੀਂ ਮਿਲਦਾ। ਉਹ ਕੌਣ ਸੀ, ਕਦੋਂ ਜੰਮਿਆ, ਉਸ ਦਾ ਧਰਮ ਕੀ ਸੀ ਇਸ ਦਾ ਸਹੀ ਜ਼ਿਕਰ ਕਿਧਰੇ ਨਹੀਂ ਮਿਲਦਾ। ਹਾਲਾਂਕਿ ਜੱਗਾ ਜਿਸ ਧਰਤੀ ਨਾਲ ਸਬੰਧਤ ਸੀ, ਉਹ ਪੱਛਮੀ ਪੰਜਾਬ ਵਿਚ ਹੀ ਲਾਹੌਰ ਦੇ ਬਿਲਕੁਲ ਨੇੜੇ ਲਗਦੀ ਹੈ। ਪੂਰਬੀ ਪੰਜਾਬ ਵਿਚ ਵੀ ਹੁਣ ਤੱਕ ਜੱਗੇ ਬਾਰੇ ਕਈ ਦੰਦ ਕਥਾਵਾਂ ਪ੍ਰਚਲਿਤ ਸਨ। ਕਈਆਂ ਨੇ ਤਾਂ ਉਸ ਨੂੰ ਮੁਸਲਮਾਨ ਵੀ ਦਰਸਾਇਆ ਹੈ। ਕਈਆਂ ਦਾ ਖਿਆਲ ਹੈ ਕਿ ਉਸ ਨੂੰ ਫਾਂਸੀ ਦਿੱਤੀ ਗਈ ਸੀ। ਪਰ ਇਨ੍ਹਾਂ ਸਾਰੀਆਂ ਪ੍ਰਚਲਿਤ ਰਾਵਾਂ ਨੂੰ ਝੁਠਲਾਉਣ ਲਈ ਸਰਦਾਰ ਗੁਰਸੇਵਕ ਸਿੰਘ ਪ੍ਰੀਤ ਹੋਰਾਂ ਨੇ ਇਸ ਲੋਕ ਨਾਇਕ ਦੀ ਜਿਊਂਦੀ-ਜਾਗਦੀ ਅਤੇ ਆਪਣੇ ਪਰਿਵਾਰ ਵਿਚ ਘੁਗ ਵਸਦੀ ਧੀ ਗੁਲਾਬ ਕੌਰ ਦੀ ਖੋਜ ਕਰਕੇ ਕਹਾਣੀ ਦੀਆਂ ਸਾਰੀਆਂ ਘਟਨਾਵਾਂ ਨੂੰ ਨਿਖਾਰ ਦਿੱਤਾ ਹੈ।

ਸਰਦਾਰ ਗੁਰਸੇਵਕ ਸਿੰਘ ਪ੍ਰੀਤ ਜੀ ਗੁਲਾਬ ਕੌਰ ਦੇ ਪਿੰਡ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ ਮੁਕਤਸਰ ਸਾਹਿਬ ਤੋਂ ਚੁਰੰਜਾ ਕਿਲੋਮੀਟਰ ਪੂਰਬ ਵੱਲ ਮਲੋਟ ਡੱਬਵਾਲੀ ਮਾਰਗ ਉਤੇ ਪਿੰਡ ਬਨਵਾਲਾ ਅਨੂ ਸਥਿਤ ਹੈ। ਇਸ ਦਾ ਵਿਧਾਨ ਸਭਾ ਹਲਕਾ ਲੰਬੀ ਹੈ। ਮਲਵਈ ਦਿੱਖ ਵਾਲੇ ਇਸ ਪਿੰਡ ਦੀ ਜ਼ਮੀਨ ਚੰਗੀ ਉਪਜਾਊ ਹੈ। ਕਹਿੰਦੇ ਨੇ ਇਸ ਪਿੰਡ ਦੀ ਮੂਹੜੀ ਅਨੂ ਮੁਹੰਮਦ ਨਾਂਅ ਦੇ ਮੁਸਲਮਾਨ ਜਗੀਰਦਾਰ ਨੇ ਗੱਡੀ ਸੀ। ਉਸ ਦੇ ਦੋ ਪੁੱਤਰ ਸਨ। ਬਾਅਦ ਵਿਚ ਵੱਡੇ ਮੁੰਡੇ ਦੇ ਹਿੱਸੇ ਦੀ ਜ਼ਮੀਨ ਭਗਤਾ ਭਾਈਕਾ ਦੇ ਜੱਟਾਂ ਨੇ ਖਰੀਦ ਲਈ। ਪਾਕਿਸਤਾਨ ਬਣਨ ਤੋਂ ਬਾਅਦ ਇਥੇ ਸਿੱਧੂ ਗੋਤ ਦੇ ਲੋਕ ਆਬਾਦ ਹੋ ਗਏ।

ਲੇਖਕ ਲਿਖਦਾ ਹੈ ਕਿ ਜਦੋਂ ਮੈਂ ਜੱਗੇ ਜੱਟ ਦੀ ਧੀ ਗੁਲਾਬ ਕੌਰ ਨੂੰ ਮਿਲਣ ਗਿਆ ਤਾਂ ਉਹ ਖੁੱਲ੍ਹੇ-ਡੁੱਲ੍ਹੇ ਪੇਂਡੂ ਦਿੱਖ ਵਾਲੇ ਘਰ ਦੇ ਵਿਹੜੇ ਵਿਚ ਆਪਣੇ ਪੋਤਰੇ ਨਾਲ ਬੈਠੀ ਧੁੱਪ ਸੇਕ ਰਹੀ ਸੀ। ਮੈਂ ਦੇਖਦਿਆਂ ਹੀ ਸਮਝ ਗਿਆ ਕਿ ਇਹੋ ਉਹ ਔਰਤ ਹੋਵੇਗੀ, ਜਿਸ ਦਾ ਬਾਪੂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਲੋਕ ਗੀਤਾਂ ਦੀ ਸ਼ਾਨ ਜੱਗਾ ਸੂਰਮਾ ਹੈ। ਉਸ ਨੇ ਆਪਣੇ ਬਾਰੇ ਦੱਸਿਆ ਕਿ ਉਸ ਦਾ ਬਚਪਨ ਦਾ ਨਾਂਅ ਗੁਲਾਬ ਕੌਰ ਸੀ, ਜਿਸ ਨੂੰ ਘਰ ਵਿਚ ਗਾਬੋ ਜਾਂ ਗੱਭੋ ਵੀ ਆਖਿਆ ਜਾਂਦਾ ਸੀ। ਜਦ ਉਹ ਵਿਆਹ ਕੇ ਸਹੁਰੇ ਘਰ ਆਈ ਤਾਂ ਰੇਸ਼ਮ ਕੌਰ ਨਾਂਅ ਰੱਖਿਆ ਗਿਆ। ਉਸ ਦੀ ਉਮਰ ਤਕਰੀਬਨ 86 ਸਾਲ ਦੇ ਨੇੜੇ ਹੈ। ਸਿਹਤ ਚੰਗੀ ਹੈ ਅਤੇ ਨਜ਼ਰ ਵੀ ਠੀਕ-ਠਾਕ ਹੈ ਪਰ ਥੋੜ੍ਹਾ ਉੱਚੀ ਸੁਣਦਾ ਹੈ। ਉਸ ਨੇ ਮਾਪਿਆਂ ਵੱਲੋਂ ਦਾਜ ਵਿਚ ਦਿੱਤੀ ਦੋਹਰ (ਘਰ ਦੇ ਕੱਤੇ ਸੂਤ ਦੀ ਚਾਦਰ ਜਿਸ ਨੂੰ ਦੂਹਰੀ ਕਰਕੇ ਵਿਛਾਇਆ ਜਾਂਦਾ ਸੀ) ਅਜੇ ਵੀ ਰੱਖੀ ਹੋਈ ਹੈ। ਉਸ ਨੇ ਆਪਣੇ ਬਾਪੂ ਜੱਗੇ ਦੀ ਦੁੱਧ ਪੀਣ ਵਾਲੀ ਪਿੱਤਲ ਦੀ ਗਿਲਾਸੀ ਜਿਹੜੀ ਉਸ ਨੂੰ ਸ਼ੂਸ਼ਕ ਵਿਚ ਨਾਨਕਿਆਂ ਨੇ ਦਿੱਤੀ ਸੀ, ਅਜੇ ਵੀ ਸੰਭਾਲ ਕੇ ਰੱਖੀ ਹੋਈ ਹੈ। ਉਹ ਆਖਦੀ ਹੈ ਕਿ ਗਿਲਾਸੀ ਦੇ ਨਾਲ ਇਕ ਗੜਵੀ ਵੀ ਹੁੰਦੀ ਸੀ, ਜਿਹੜੀ ਕੋਈ ਰਿਸ਼ਤੇਦਾਰ ਲੈ ਕੇ ਮੁੱਕਰ ਗਿਆ।

ਜੱਗੇ ਜੱਟ ਦਾ ਜਨਮ 1903 ਦੇ ਨੇੜੇ-ਤੇੜੇ ਦਾ ਮੰਨਿਆ ਜਾ ਸਕਦਾ ਹੈ। ਉਸ ਦੀ ਧੀ ਗੁਲਾਬ ਕੌਰ ਦੀ ਉਮਰ ਇਸ ਵੇਲੇ 86 ਸਾਲ ਦੇ ਨੇੜੇ ਹੈ। ਉਹ ਦੱਸਦੀ ਹੈ ਕਿ ਉਦੋਂ ਉਹ ਨੌਂ ਸਾਲ ਦੀ ਸੀ ਜਦੋਂ ਜੱਗੇ ਦੀ ਮੌਤ ਹੋਈ। ਉਸ ਨੂੰ ਤੀਹ ਕੁ ਸਾਲ ਦੀ ਉਮਰ ਵਿਚ ਮਾਰ ਦਿੱਤਾ ਗਿਆ ਸੀ। ਜੱਗੇ ਦਾ ਨਾਂਅ ਜਗਤ ਸਿੰਘ ਸੰਧੂ ਸੀ। ਉਸ ਦਾ ਜਨਮ ਪਿੰਡ ਰਣ ਸਿੰਘ ਤਹਿਸੀਲ ਚੂਨੀਆਂ ਜ਼ਿਲ੍ਹਾ ਲਾਹੌਰ ਵਿਚ ਸਰਦਾਰ ਮੱਖਣ ਸਿੰਘ ਦੇ ਘਰ ਮਾਤਾ ਭਾਗਣ ਦੀ ਕੁੱਖੋਂ ਹੋਇਆ। ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰ ਉਸ ਦੀ ਧੀ ਗੁਲਾਬ ਕੌਰ ਨੇ ਦੱਸਿਆ ਕਿ ਉਸ ਦੀ ਦਾਦੀ ਨੇ ਛੇ ਬੱਚਿਆਂ ਨੂੰ ਜਨਮ ਦਿੱਤਾ ਪਰ ਕੁਝ ਨਿਆਣੇ ਅੱਠ ਮਹੀਨਿਆਂ ਬਾਅਦ ਮਰਦੇ ਰਹੇ। ਜੱਗੇ ਦੇ ਦੂਜੇ ਭਰਾ ਦਾ ਨਾਂਅ ਰੂਪ ਸਿੰਘ ਸੀ। ਜੱਗੇ ਹੋਰੀਂ ਦੋ ਭੈਣਾਂ ਅਤੇ ਦੋ ਭਰਾ ਜਿਊਂਦੇ ਰਹੇ। ਭੂਆ ਜੀਵਾਂ ਮੁਕਲਾਵੇ ਤੋਂ ਬਾਅਦ ਕੱਤੇ ਦੀ ਬਿਮਾਰੀ ਨਾਲ ਸਹੁਰੇ ਘਰ ਮਰ ਗਈ। ਉਹ ਰਾਇਵਿੰਡ ਵਿਆਹੀ ਸੀ। ਦੂਜੀ ਭੂਆ ਸਾਮੋ ਸਰਹਾਲੀ ਭੁੱਲਰਾਂ ਵਿਖੇ, ਕਸੂਰ ਲਲਿਆਣੀ ਦੇ ਨੇੜੇ ਵਿਆਹੀ। ਵੰਡ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਾਗੇ ਪਿੰਡ ਘਰਿਆਲੇ ਵਿਖੇ ਜ਼ਮੀਨ ਅਲਾਟ ਹੋਈ ਪਰ ਬਾਅਦ ‘ਚ ਉਹ ਸਾਈਆਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪੱਕੀ ਵਸ ਗਈ। ਮੇਰੀ ਮਾਂ ਮਾਪਿਆਂ ਦੀ ਇਕਲੌਤੀ ਧੀ ਸੀ ਜਿਸ ਕਰਕੇ ਉਸ ਦੀ ਜ਼ਮੀਨ ਜ਼ਿਲ੍ਹਾ ਮਾਨਸਾ ਵਿਚ ਅਲਾਟ ਹੋਈ ਸੀ, ਜਿਹੜੀ ਮੈਂ ਵੇਚ ਕੇ ਪਿੰਡ ਬਰਵਾਲਾ ਅਨੂ ਵਿਖੇ ਖਰੀਦ ਲਈ।

ਗੁਲਾਬ ਕੌਰ ਦੱਸਦੀ ਹੈ ਕਿ ਉਹ ਅਜੇ ਨੌਂ ਕੁ ਸਾਲ ਦੀ ਹੀ ਸੀ ਜਦੋਂ ਉਸ ਦੇ ਬਾਪੂ (ਜੱਗਾ ਸੂਰਮਾ) ਨੂੰ ਮਾਰ ਦਿੱਤਾ ਗਿਆ ਪਰ ਉਸ ਦੇ ਨੈਣ-ਨਕਸ਼ ਅਜੇ ਵੀ ਮੈਨੂੰ ਯਾਦ ਨੇ। ਉਹ ਗਾਇਕ ਮੁਹੰਮਦ ਸਦੀਕ ਕੁੱਪ ਵਾਲੇ ਵਾਂਗ ਤੁਰਲੇ ਵਾਲੀ ਪੱਗ ਬੰਨ੍ਹਦਾ ਸੀ, ਜਿਹੜੀ ਚਿੱਟੇ ਰੰਗ ਦੀ ਹੁੰਦੀ ਸੀ। ਉਸ ਦੀਆਂ ਮੁੱਛਾਂ ਕੁੰਢੀਆਂ ਅਤੇ ਛਾਤੀ ਚੌੜੀ ਸੀ। ਰੰਗ ਭਾਵੇਂ ਪੱਕਾ ਸੀ ਪਰ ਨੈਣ-ਨਕਸ਼ ਸੁੰਦਰ ਸਨ। ਨੱਕ ਤਿੱਖਾ ਅਤੇ ਅੱਖਾਂ ਚਮਕੀਲੀਆਂ ਸਨ। ਉਹ ਧਰਤੀ ਉਤੇ ਘਿਸੜਵਾਂ ਚਾਦਰਾ ਬੰਨ੍ਹਦਾ ਸੀ ਅਤੇ ਉਸ ਨੂੰ ਘੁਲਣ ਦਾ ਸ਼ੌਕ ਵੀ ਸੀ। ਉਸ ਵੱਲ ਝਾਕਣਾ ਮਾੜੇ-ਧੀੜੇ ਦੇ ਵਸ ਦੀ ਬਾਤ ਨਹੀਂ ਸੀ। ਜੱਗੇ ਦਾ ਬਾਪ ਮੱਖਣ ਸਿੰਘ ਤਕੜਾ ਸਰਦਾਰ ਸੀ। ਉਸ ਕੋਲ ਤਕੜੀ ਪੈਲੀ ਸੀ, ਜਿਸ ਵਿਚੋਂ 65 ਕਿੱਲਿਆਂ ‘ਤੇ ਵਾਹੀ ਹੁੰਦੀ ਸੀ ਅਤੇ ਬਾਕੀ ਖਾਲੀ ਪਈ ਸੀ। ਦਾਦੇ ਦੇ ਤੁਰ ਜਾਣ ਪਿੱਛੋਂ ਚਾਚੇ ਨੇ ਬਾਪੂ ਨੂੰ ਖੇਤਾਂ ਵਿਚ ਕੰਮ ਕਰਨ ‘ਤੇ ਨਾ ਲਾਇਆ। ਬਾਪੂ ਦਾ ਕੰਮ ਚੰਗਾ ਖਾਣਾ ਚੰਗਾ ਪਹਿਨਣਾ ਅਤੇ ਵਿਹਲਾ ਫਿਰਨਾ ਸੀ।

ਉਨ੍ਹਾਂ ਦਿਨਾਂ ਵਿਚ ਹੀ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰਿਆ ਜਦੋਂ ਸਿੱਖਾਂ ਨੂੰ ਜੰਡਾਂ ਨਾਲ ਬੰਨ੍ਹ ਕੇ ਮਾਰਿਆ ਗਿਆ। ਬਾਅਦ ਵਿਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਮਹੰਤ ਨਰੈਣ ਦਾਸ ਨੇ ਕਈ ਸਿੱਖ ਸਾੜ ਦਿੱਤੇ। ਅੰਗਰੇਜ਼ ਸਰਕਾਰ ਨੇ ਮਹੰਤਾਂ ਨੂੰ ਸ਼ਹਿ ਦਿੱਤੀ। ਬਾਪੂ ਵੀ ਦੂਜੀ ਵਾਰ ਜਥੇ ਨਾਲ ਗਿਆ। ਅਜਿਹੀਆਂ ਘਟਨਾਵਾਂ ਦੇਖ ਕੇ ਜੱਗੇ ਦੇ ਮਨ ਵਿਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਹੋ ਗਈ। ਇਕ ਦਿਨ ਪੁਲਿਸ ਵਾਲੇ ਇਕ ਕੁੜੀ ਨੂੰ ਚੁੱਕ ਕੇ ਲੈ ਗਏ। ਬਾਪੂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੈਰੀ ਬਣ ਗਈ। ਨੇੜਲੇ ਪਿੰਡ ਕਲਮੋਕਲ ਦਾ ਜ਼ੈਲਦਾਰ ਬਾਪੂ ਨਾਲ ਖਹਿ ਖਾਣ ਲੱਗ ਪਿਆ। ਉਸ ਨੇ ਝੂਠਾ ਕੇਸ ਪਵਾ ਕੇ ਬਾਪੂ ਨੂੰ ਚਾਰ ਸਾਲ ਦੀ ਕੈਦ ਕਰਵਾ ਦਿੱਤੀ। ਬਾਪੂ ਜੇਲ੍ਹ ‘ਚੋਂ ਭੱਜ ਨਿਕਲਿਆ ਅਤੇ ਦੁਬਾਰਾ ਪੁਲਿਸ ਦੇ ਫੜੇ ਜਾਣ ਤੋਂ ਬਚਣ ਲਈ ਘਰੋਂ ਚਲਿਆ ਗਿਆ। ਉਸ ਨੇ ਕੰਗਣ ਪੁਰ ਵਿਖੇ ਪੁਲਿਸ ਦੇ ਇਕ ਸਿਪਾਹੀ ਤੋਂ ਬੰਦੂਕ ਖੋਹ ਲਈ ਅਤੇ ਉਸ ਨੂੰ ਮਾਰ ਦਿੱਤਾ। ਫਿਰ ਉਸ ਨੇ ਪਿੰਡ ਆਚਲ ਜਾ ਕੇ ਆਤਮਾ ਸਿੰਘ ਤੋਂ ਬੰਦੂਕ ਅਤੇ ਕਾਰਤੂਸ ਲੈ ਲਏ। ਆਤਮਾ ਸਿੰਘ ਉਸ ਦਾ ਹਮ-ਪਿਆਲਾ ਸੀ ਪਰ ਬਾਪੂ ਦੇ ਕਹੇ ਤੋਂ ਲੋਕ ਵਿਖਾਵੇ ਲਈ ਆਪਣੀ ਜ਼ਨਾਨੀ ਨੂੰ ਕੋਠੇ ਚੜ੍ਹਾ ਕੇ ਰੌਲਾ ਪਵਾ ਦਿੱਤਾ ਤਾਂ ਜੋ ਪੁਲਿਸ ਉਸ ਨੂੰ ਬਾਅਦ ਵਿਚ ਤੰਗ ਨਾ ਕਰੇ। ਡਾਕੂ ਬਣਨ ਤੋਂ ਬਾਅਦ ਬਾਪੂ ਇਕ ਵਾਰ ਘਰ ਆਇਆ ਸੀ ਅਤੇ ਆਪਣੇ ਬੇਲੀ ਕੇਹਰ ਸਿੰਘ ਨੂੰ ਮਿਲਣ ਦਾ ਸੁਨੇਹਾ ਦੇ ਕੇ ਚਲਿਆ ਗਿਆ ਸੀ। ਕੇਹਰ ਸਿੰਘ ਨੂੰ ਮਿਲ ਕੇ ਬਾਪੂ ਨੇ ਮੇਰੇ ਰਿਸ਼ਤੇ ਦੀ ਗੱਲ ਤੋਰੀ ਪਰ ਉਸ ਦੇ ਪੁੱਤਰ ਨਿਆਣੇ ਸਨ। ਉਸ ਨੇ ਦੋਸਤੀ ਨਿਭਾਉਂਦਿਆਂ ਮੇਰਾ ਰਿਸ਼ਤਾ ਆਪਣੇ ਭਤੀਜੇ ਅਵਤਾਰ ਸਿੰਘ ਨਾਲ ਕਰ ਦਿੱਤਾ।

ਬਾਪੂ ਹੋਰਾਂ ਨੇ ਸਾਹੀਵਾਲ ਵਿਚ ਹਥਿਆਰ ਲੁੱਟਣ ਲਈ ਡਾਕਾ ਮਾਰਿਆ। ਸਾਰੇ ਇਲਾਕੇ ਵਿਚ ਜੱਗੇ ਡਾਕੂ ਦੀ ਦਹਿਸ਼ਤ ਫੈਲ ਗਈ। ਇਕ ਵਾਰ ਫਿਰ ਬਾਪੂ ਮੇਰੇ ਸਹੁਰੇ ਗੁਲਾਬ ਸਿੰਘ ਨੂੰ ਸੱਦ ਕੇ ਆਖਿਆ ਕਿ ਮੈਂ ਹੁਣ ਡਾਕੂ ਬਣ ਗਿਆ ਹਾਂ। ਜੇ ਤੂੰ ਹੁਣ ਵੀ ਚਾਹੇਂ ਤਾਂ ਰਿਸ਼ਤੇ ਨੂੰ ਨਾਂਹ ਕਰ ਸਕਦਾ ਏਂ ਪਰ ਮੇਰੇ ਸਹੁਰੇ ਨੇ ਰਿਸ਼ਤਾ ਤੋੜਨ ਦੀ ਥਾਂ ਛੇਤੀ ਜੋੜ ਲਿਆ। ਉਸ ਸਮੇਂ ਮੈਂ ਛੇ ਸਾਲ ਦੀ ਸਾਂ। ਬਾਪੂ ਦੀ ਮੌਤ ਤੋਂ ਬਾਅਦ ਉਸ ਦੇ ਬੇਲੀ ਪਿੰਡ ਕੁਲਮੋਕਰ ਦੇ ਸਰਦਾਰ ਨੇ ਆਪਣੀ ਕੀਮਤੀ ਘੋੜੀ ‘ਹੀਰੀ’ ਮੈਨੂੰ ਦਾਜ ਵਿਚ ਦਿੱਤੀ, ਜਿਹੜੀ ਢੋਲ ਦੀ ਤਾਲ ‘ਤੇ ਨਾਚ ਕਰਦੀ ਸੀ। ਬਾਪੂ ਮਲੰਗੀ ਫਕੀਰ ਦਾ ਯਾਰ ਸੀ ਅਤੇ ਬਹੁਤਾ ਸਮਾਂ ਉਹਦੇ ਡੇਰੇ ‘ਤੇ ਹੀ ਰਹਿੰਦਾ ਸੀ, ਜਿਹੜਾ ਸਿੱਧੂਪੁਰਾ ਵਿਖੇ ਸੀ। ਮਲੰਗੀ ਆਪ ਵੀ ਪ੍ਰਸਿੱਧ ਡਾਕੂ ਸੀ ਜਿਸ ਬਾਰੇ ਕਹਾਵਤ ਪ੍ਰਚਲਿਤ ਸੀ ਕਿ ‘ਦਿਨੇ ਰਾਜ ਫਰੰਗੀ ਦਾ ਰਾਤੀਂ ਰਾਜ ਮਲੰਗੀ ਦਾ।’

ਜੱਗੇ ਨੇ ਆਪਣੇ ਡੇਰੇ ਉਤੇ ਅੰਨ-ਪਾਣੀ ਬਣਾਉਣ ਲਈ ਲਾਖੂਕੇ ਪਿੰਡ ਦੇ ਨਾਈਆਂ ਦਾ ਇਕ ਮੁੰਡਾ ਰੱਖਿਆ ਹੋਇਆ ਸੀ ਜਿਸ ਦਾ ਨਾਂਅ ਲਾਲੂ ਨਾਈ ਸੀ। ਜੱਗੇ ਦੇ ਡਾਕਿਆਂ ਤੋਂ ਤੰਗ ਆ ਕੇ ਅੰਗਰੇਜ਼ ਸਰਕਾਰ ਨੇ ਉਸ ਦੇ ਸਿਰ ਦਾ ਇਨਾਮ ਇਕ ਲੱਖ ਰੁਪਈਆ, ਇਕ ਘੋੜੀ ਅਤੇ ਜ਼ਮੀਨ (ਗੁਲਾਬ ਕੌਰ ਦੇ ਕਹੇ ਅਨੁਸਾਰ) ਰੱਖਿਆ। ਲਾਲੂ ਨਾਈ ਇਨਾਮ ਦੇ ਲਾਲਚ ਵਿਚ ਆ ਗਿਆ। ਉਸ ਦੇ ਪੰਜ ਭਰਾ ਸਨ, ਜਿਹੜੇ ਸ਼ਰਾਬ ਕੱਢਣ ਅਤੇ ਵੇਚਣ ਦਾ ਕੰਮ ਕਰਦੇ ਸਨ। ਲਾਲੂ ਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ, ਜਿਹੜੇ ਸ਼ਰਾਬ ਵਿਚ ਧਤੂਰਾ ਰਲਾ ਕੇ ਲੈ ਆਏ। ਜੱਗਾ ਅਤੇ ਸੋਹਣ ਤੇਲੀ ਦਾਰੂ ਪੀਣ ਲੱਗ ਗਏ ਅਤੇ ਬੰਤ ਸਿੰਘ ਥੋੜ੍ਹੀ ਦਾਰੂ ਪੀ ਕੇ ਆਪਣੇ ਪਿੰਡ ਨੂੰ ਚੱਲ ਪਿਆ। ਜਦੋਂ ਜੱਗਾ ਅਤੇ ਸੋਹਣ ਤੇਲੀ ਬੇਹੋਸ਼ ਹੋ ਗਏ ਤਾਂ ਨਾਈ ਨੇ ਗੋਲੀਆਂ ਮਾਰ ਕੇ ਦੋਵਾਂ ਨੂੰ ਮਾਰ ਦਿੱਤਾ। ਜਦੋਂ ਗੋਲੀਆਂ ਦੀ ਆਵਾਜ਼ ਸੁਣ ਕੇ ਬੰਤ ਸਿੰਘ ਵਾਪਸ ਆਇਆ ਤਾਂ ਉਸ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ ਅਤੇ ਤਿੰਨੋਂ ਸਾਥੀ ਉਥੇ ਹੀ ਪੂਰੇ ਹੋ ਗਏ।

ਅੰਗਰੇਜ਼ਾਂ ਦਾ ਰਾਜ ਸੀ। ਜੇਲ੍ਹ ਵਿਚ ਬਹੁਤੇ ਕੈਦੀ ਸਰਕਾਰ ਦੇ ਦੁਸ਼ਮਣ ਜਾਂ ਕ੍ਰਾਂਤੀਕਾਰੀ ਹੀ ਹੁੰਦੇ ਸਨ। ਲਾਲੂ ਨੂੰ ਵੀ ਡਾਕੂਆਂ ਦਾ ਸਾਥੀ ਹੋਣ ਕਰਕੇ ਜੇਲ੍ਹ ਹੋ ਗਈ। ਕਿਹਾ ਜਾਂਦਾ ਹੈ ਕਿ ਜੇਲ੍ਹ ਵਿਚ ਜਦੋਂ ਦੂਜੇ ਕੈਦੀਆਂ ਨੂੰ ਲਾਲੂ ਦੀ ਕਮੀਨਗੀ ਬਾਰੇ ਪਤਾ ਲੱਗਿਆ ਕਿ ਇਹ ਜੱਗੇ ਦਾ ਕਾਤਲ ਹੈ ਤਾਂ ਉਨ੍ਹਾਂ ਨੇ ਸ਼ਾਮ ਸਵੇਰੇ ਲਾਲੂ ਨਾਈ ਨੂੰ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਜ਼ਖ਼ਮਾਂ ਵਿਚ ਕੀੜੇ ਪੈ ਕੇ ਮਰਿਆ। ਜਦੋਂ ਬਾਪੂ ਦੀ ਮੌਤ ਹੋਈ ਤਾਂ ਫੱਗਣ ਦੇ ਮਹੀਨੇ ਦੇ ਦੋ ਦਿਨ ਰਹਿੰਦੇ ਸਨ ਅਤੇ ਉਸ ਦਾ ਸੰਸਕਾਰ ਚੇਤ ਦੀ ਪਹਿਲੀ ਤਾਰੀਖ ਨੂੰ ਕੀਤਾ ਗਿਆ। ਇਕ ਮਹੀਨੇ ਬਾਅਦ ਪੁਲਿਸ ਵਾਲਿਆਂ ਨੇ ਬਾਪੂ ਦਾ ਸਮਾਨ ਘਰ ਭੇਜਿਆ ਸੀ, ਜਿਸ ਵਿਚ ਇਕ ਹਾਥੀ ਦੰਦ ਦੀ ਬਣੀ ਡੰਡੀ ਵਾਲਾ ਚਾਕੂ, ਇਕ ਕੰਘਾ ਅਤੇ ਚਾਂਦੀ ਦੀ ਬਣੀ ਹੋਈ ਡੱਬੀ ਸੀ।

ਛੱਲਾ

ਛੱਲਾ ਉਤਲੀ ਹੋ ਵੇ, ਵੋ ਛੱਲਾ ਉਤਲੀ ਹੋ ਵੇ।ਨੀਂਗਰ ਚੱਕੀ ਝੋ ਵੇ, ਬੁੰਦਿਆਂ ਲਾਈ ਠੋਹ ਵੇ।ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ।(ਉਤਲੀ ਹੋ= ਉਤਾਂਹ ਹੋ ਗਿਆ, ਲਾਈ ਠੋਹ ਵੇ= ਆਪਸ ਵਿਚ ਹਿਲ ਹਿਲ ਕੇ ਖਹਿੰਦੇ ਹਨ)ਛੱਲਾ ਉਤਲੀ ਟਾਂਗੂ, ਵੋ ਛੱਲਾ ਉਤਲੀ ਟਾਂਗੂ।ਰੋਂਦੀ ਬੱਦਲਾਂ ਵਾਗੂ, ਨਹੀਂ ਮਿਲਿਆ ਰਾਂਝੂ।ਉੱਡ ਵਾਂਗ ਕਾਂਵਾਂ, ਲਿਖਾਂ ਯਾਰ ਦਾ ਨਾਵਾਂ।(ਉਤਲੀ ਟਾਂਗੂ=ਉੱਚੀ ਥਾਂ ਟੰਗਿਆ ਹੋਇਆ ਹੈ)ਛੱਲਾ ਉਤਲੇ ਪਾਂ ਦੂੰਲਦੇ ਯਾਰ ਗੁਵਾਂਢੂੰ,ਰੁਨੀਂ ਬਦਲੀ ਵਾਂਗੂੰ ।ਸੁਣ ਮੇਰਾ ਮਾਹੀ ਵੇ,ਛੱਲੇ ਧੂੜ ਜਮਾਈ ਵੇ ।ਛੱਲਾ ਆਇਆ ਪਾਰ ਦਾ, ਵੋ ਛੱਲਾ...

Brick maker

Kitāb-i Tashrih al-aqvam (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar District and is now a part of the British Library. Caption: A brickmaker ਇੱਟਾਂ ਬਣਾਉਣ ਵਾਲਾ। Download Complete Book ਕਰਨਲ ਜੇਮਜ਼ ਸਕਿਨਰ ਵੱਲੋਂ ਸਾਂਝੇ ਪੰਜਾਬ ਦੀਆਂ ਕੁਝ ਸੰਪਰਦਾਵਾਂ, ਜਾਤਾਂ...

Two Sikh Guards

'Bodyguard of Ranjit Singh. Two horsemen on richly caparisoned mounts. Inscribed in Persian characters: 'Sawardan i khass'; in English 'Lahore Life Guards 1838'